.

ਸੁਖਮਈ ਜੀਵਨ ਅਹਿਸਾਸ

(ਭਾਗ-21)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 1 ਤੋਂ 20 ਪੜੋ ਜੀ।

ਅੱਜ ਅਸੀਂ ਸੰਸਾਰ ਅੰਦਰ ਵਿਚਰਦਿਆਂ ਹੋਇਆਂ ਵੇਖਦੇ ਹਾਂ ਕਿ ਸਾਇੰਸਦਾਨਾਂ, ਖੋਜੀਆਂ ਨੇ ਬਹੁਤ ਕੁੱਝ ਨਵਾਂ ਖੋਜ ਕਰਕੇ, ਕਾਢਾਂ ਕੱਢਕੇ ਮਨੁੱਖਾ ਜੀਵਨ ਨੂੰ ਸੁਖਮਈ ਬਨਾਉਣ ਦੇ ਅਨੇਕਾਂ ਸਾਧਨ ਪੈਦਾ ਕਰ ਦਿਤੇ ਹਨ। ਪਰ ਇਹੀ ਸਾਧਨ ਵਰਤਣ ਸਬੰਧੀ ਸਹੀ ਗਿਆਨ ਹੋਣਾ ਜ਼ਰੂਰੀ ਹੈ, ਜੇ ਇਨ੍ਹਾਂ ਸਬੰਧੀ ਅਗਿਆਨਤਾ ਹੋਵੇ ਤਾਂ ਇਹੀ ਸਾਡੇ ਲਈ ਨੁਕਸਾਨਦਾਇਕ ਵੀ ਹੋ ਜਾਂਦੇ ਹਨ। ਅਸੀਂ ਬਜ਼ਾਰ ਵਿਚੋਂ ਕੋਈ ਨਵੀਂ ਚੀਜ਼/ਮਸ਼ੀਨਰੀ ਖਰੀਦ ਕੇ ਲਿਆਉਂਦੇ ਹਾਂ ਤਾਂ ਕੰਪਨੀ ਵਲੋਂ ਚਲਾਉਣ ਦੇ ਗਿਆਨ ਸਬੰਧੀ ਕੈਟਲੌਗ ਵੀ ਨਾਲ ਦਿਤੀ ਜਾਂਦੀ ਹੈ, ਜਿਸ ਦੁਆਰਾ ਦਿਤੇ ਗਿਆਨ ਦੀ ਵਰਤੋਂ ਕਰਕੇ ਅਸੀਂ ਸਹੀ ਲਾਭ ਉਠਾ ਸਕਦੇ ਹਾਂ। ਪਰ ਜੇਕਰ ਅਵੇਸਲੇ ਹੋ ਕੇ, ਅਗਿਆਨਤਾ ਵਸ ਚਲਾਵਾਂਗੇ ਤਾਂ ਉਹੀ ਨੁਕਸਾਨ ਕਰੇਗੀ। ਠੀਕ ਇਸੇ ਤਰਾਂ ਪ੍ਰਮੇਸ਼ਰ ਨੇ ਸਾਨੂੰ ਮਨੁੱਖਾ ਜੀਵਨ ਦਿੰਦੇ ਹੋਏ ਇਸ ਦੀ ਸਹੀ ਵਰਤੋਂ ਲਈ ਗੁਰਬਾਣੀ ਰੂਪੀ ਗਿਆਨ ਵੀ ਦਿਤਾ ਗਿਆ ਹੈ। ਜਿਸ ਦੁਆਰਾ ਗਲਤ ਵਰਤੋਂ ਤੋਂ ਬਚਦੇ ਹੋਏ ਨੁਕਸਾਨ ਉਠਾਉਣ ਤੋਂ ਸੁਚੇਤ ਕਰਦੇ ਹੋਏ ਅਗਿਆਨਤਾ ਸਬੰਧੀ ਜਾਣਕਾਰੀ ਵੀ ਦਿਤੀ ਹੈ। ਹੁਣ ਚੋਣ ਸਾਡੀ ਹੈ ਕਿ ਅਸੀਂ ਗਿਆਨੀ ਬਨਣਾ ਹੈ ਜਾਂ ਅਗਿਆਨੀ। ਸਾਨੂੰ ਇਹ ਗੱਲ ਪੂਰੀ ਤਰਾਂ ਪ੍ਰਪੱਕਤਾ ਨਾਲ ਪੱਲੇ ਬੰਨਣ ਦੀ ਲੋੜ ਹੈ ਕਿ ‘ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਵਿਚਲੇ ਅਉਗਣਾਂ ਦਾ ਮੁੱਖ ਕਾਰਣ ਸਾਡੀ ਅਗਿਆਨਤਾ ਹੀ ਹੈ।

ਭਾਈ ਕਾਨ੍ਹ ਸਿੰਘ ਨਾਭਾ ਵਲੋਂ ‘ਗਯਾਨ ਅਤੇ ਅਗਯਾਨ` ਦੇ ਵਿਸ਼ੇ ਉਪਰ ਬਹੁਤ ਹੀ ਭਾਵਪੂਰਤ ਪ੍ਰੀਭਾਸ਼ਾ ਦਿਤੀ ਗਈ ਹੈ-

ਜਾਣ ਲੈਣ ਦਾ ਨਾਉਂ ਗਯਾਨ ਹੈ, ਪਰ ਇਥੇ ਯਥਾਰਥ ਸਮਝ ਤੋਂ ਭਾਵ ਹੈ, ਜਿਸ ਤੋਂ ਵਿਹਾਰ ਅਤੇ ਪਰਮਾਰਥ

ਦਾ ਆਨੰਦ ਪ੍ਰਾਪਤ ਹੋਂਦਾ ਹੈ। ਇਸ ਤੋਂ ਵਿਰੁੱਧ ਅਗਯਾਨ ਹੈ, ਜੋ ਸਾਰੇ ਕਲੇਸ਼ਾਂ ਦਾ ਮੂਲ ਹੈ। `

(ਗੁਰੁਮਤ ਮਾਰਤੰਡ- ਪੰਨਾ ੪੫੨)

ਅਗਿਆਨਤਾ ਜੀਵਨ ਅੰਦਰ ਇੱਕ ਐਸੀ ਬੁਰਾਈ ਹੈ, ਜੋ ਅਮੀਰ-ਗਰੀਬ, ਰਾਜਾ-ਪਰਜਾ ਆਦਿ ਭਾਵ ਹਰੇਕ ਨੂੰ ਬਰਬਾਦ ਕਰਨ ਵਿੱਚ ਬਰਾਬਰ ਦਾ ਯੋਗਦਾਨ ਪਾ ਕੇ ਪੱਲੇ ਰੋਣਾ-ਧੋਣਾ ਹੀ ਪਾਉਂਦੀ ਹੈ। ਜਿਸ ਮਨੁੱਖ ਦੇ ਜੀਵਨ ਅੰਦਰ ਗਿਆਨ ਦੀ ਅਣਹੋਂਦ ਹੈ, ਉਸ ਅਤੇ ਪਸ਼ੂ ਵਿੱਚ ਕੀ ਅੰਤਰ ਰਹਿ ਜਾਂਦਾ ਹੈ, ਉਹ ਤਾਂ ਸਰੀਰਕ ਤੌਰ ਤੇ ਜਿਊਂਦਾ ਹੋਇਆ ਵੀ ਮਿਰਤਕ ਦੇ ਸਮਾਨ ਹੈ-

- ਅੰਧਕਾਰ ਸੁਖਿ ਕਬਹਿ ਨ ਸੋਈ ਹੈ।।

ਰਾਜਾ ਰੰਕੁ ਦੋਊ ਮਿਲਿ ਰੋਈ ਹੈ।।

(ਗਉੜੀ ਕਬੀਰ ਜੀ- ੩੨੫)

- ਜਿਨ ਕੈ ਭੀਤਰਿ ਹੈ ਅੰਤਰਾ।।

ਜੈਸੇ ਪਸੁ ਤੈਸੇ ਓਇ ਨਰਾ।।

(ਭੈਰਉ ਨਾਮਦੇਵ ਜੀ-੧੧੬੩)

- ਅੰਤਰਿ ਗਿਆਨੁ ਨ ਆਇਓ ਮਿਰਤਕੁ ਹੈ ਸੰਸਾਰਿ।।

(ਵਾਰ ਸਿਰੀਰਾਗ-ਮਹਲਾ ੪-੮੮)

- ਗਿਆਨ ਹੀਣ ਅਗਿਆਨ ਪੂਜਾ ਅੰਧ ਵਰਤਾਰਾ ਭਾਉ ਦੂਜਾ।।

(ਸਲੋਕ ਵਾਰਾ ਤੇ ਵਧੀਕ -ਮਹਲਾ ੧-੧੪੧੨)

ਜਿਹੜਾ ਜੀਵ ਸਰਵੋਤਮ ਮਨੁੱਖਾ ਜਨਮ ਲੈਣ ਉਪੰਰਤ ਦੁਨਿਆਵੀ ਵਿਦਿਆ ਪ੍ਰਾਪਤ ਕਰ ਕੇ ਵੀ ਅਸਲੀਅਤ ਤੋਂ ਦੂਰ ਰਹਿ ਕੇ ਜੀਵਨ ਬਤੀਤ ਕਰਦਾ ਹੋਵੇ, ਐਸੇ ਅਗਿਆਨੀ ਮਨੁੱਖ ਦੇ ਹਿਸੇ ਸੁਖਮਈ ਜੀਵਨ ਕਿਵੇਂ ਆ ਸਕਦਾ ਹੈ। ਜੀਵਨ ਦੀਆਂ ਤਿੰਨ ਅਵਸਥਾਵਾਂ ਬਚਪਨ-ਜਵਾਨੀ-ਬੁਢੇਪਾ ਪ੍ਰਮੇਸ਼ਰ ਦੀ ਕ੍ਰਿਪਾ ਨਾਲ ਆਉਂਦੀਆਂ ਹਨ, ਪਰ ਅਗਿਆਨੀ ਮਨੁੱਖ ਪ੍ਰਮੇਸ਼ਰ ਦੇ ਹੁਕਮ ਨੂੰ ਨਾ ਸਮਝਦਾ ਹੋਇਆ ਆਪਣੀ ਮਤਿ ਉਪਰ ਵੱਧ ਭਰੋਸਾ ਕਰਦਾ ਹੈ, ਜਿਵੇਂ ਇੱਕ ਸ਼ਾਇਰ ਦਾ ਕਥਨ ਹੈ-

ਜਬ ਦਾੜੀ ਨਾ ਆਏ ਤੋ ਦਵਾਈ ਢੂੰਢਤਾ ਹੈ।

ਜਬ ਆ ਜਾਤੀ ਹੈ ਤੋ ਨਾਈ ਢੂੰਢਤਾ ਹੈ।

ਜਬ ਸਫੇਦ ਹੋ ਜਾਏ ਤੋ ਡਾਈ ਢੂੰਢਤਾ ਹੈ।

ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਬਚਪਨ ਦੀ ਅਗਿਆਨਤਾ ਸਬੰਧੀ ਇੱਕ ਬਹੁਤ ਸੁੰਦਰ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਬੱਚਾ ਹਰ ਵਸਤੂ ਸੱਪ, ਅੱਗ ਆਦਿ ਨੂੰ ਖਿਡੌਣਾ ਬਣਾ ਕੇ ਖੇਡਣਾ ਚਾਹੁੰਦਾ ਹੈ। ਮਾਤਾ-ਪਿਤਾ ਚਾਹੁੰਦੇ ਹੋਏ ਵੀ ਬੱਚੇ ਦੀ ਐਸੀ ਇੱਛਾ ਪੂਰੀ ਨਹੀਂ ਕਰਦੇ ਕਿਉਂਕਿ ਉਹ ਬੱਚੇ ਦੇ ਮੁਕਾਬਲੇ ਗਿਆਨਵਾਨ ਹੋਣ ਕਾਰਣ ਜਾਣਦੇ ਹਨ ਕਿ ਇਹ ਮੰਗਾਂ ਸਾਡੇ ਬੱਚੇ ਲਈ ਨੁਕਸਾਨਦਾਇਕ ਹਨ। ਭਾਵ ਕਿ ਅਗਿਆਨਤਾ ਇੱਕ ਬੱਚੇ ਦੀ ਤਰਾਂ ਹੈ ਜੋ ਸਹੀ-ਠੀਕ ਦੀ ਪਹਿਚਾਣ ਕਰਨ ਵਿੱਚ ਅਕਸਰ ਰੁਕਾਵਟ ਬਣਦੀ ਹੈ। ਲੋੜ ਹੈ ਕਿ ਸਿੱਖ ਰੂਪੀ ਬੱਚਾ ਗੁਰੂ ਮਾਤਾ-ਪਿਤਾ ਦੀ ਗਿਆਨਵਰਧਕ ਗਲਵਕੜੀ ਦਾ ਅਨੰਦ ਮਾਣਦਾ ਹੋਇਆ ਸਹਿਜ ਅਵਸਥਾ ਦੀ ਪ੍ਰਾਪਤੀ ਕਰਨ ਵਾਲੇ ਮਾਰਗ ਦਾ ਪਾਂਧੀ ਬਣ ਕੇ ਸੁਖਮਈ ਜੀਵਨ ਰੂਪੀ ਮੰਜ਼ਿਲ ਵਲ ਚੱਲੇ-

ਚੰਚਲ ਮਤਿ ਬਾਰਿਕ ਬਪੁਰੇ ਕੀ ਸਰਪ ਅਗਨਿ ਕਰ ਮੇਲੈ।।

ਮਾਤ ਪਿਤਾ ਕੰਠਿ ਲਾਇ ਰਾਖੈ ਅਨਦ ਸਹਜ ਤਬ ਖੇਲੈ।।

(ਮਲਾਰ ਮਹਲਾ ੫-੧੨੬੬)

ਅਧਿਆਤਮਕ ਮਾਰਗ ਦੇ ਰਸਤੇ ਵਿੱਚ ਅਗਿਆਨਤਾ ਦੀ ਹੋਂਦ ਕਾਰਣ ਮਨੁੱਖ ਧਰਮ ਦੇ ਨਾਮ ਹੇਠ ਐਸੇ -ਐਸੇ ਕਰਮ ਧਾਰਮਿਕ ਸਮਝ ਕੇ ਹੀ ਕਰੀ ਜਾਂਦਾ ਹੈ, ਜਿਹੜੇ ਸਹਾਈ ਹੋਣ ਦੀ ਥਾਂ ਤੇ ਸਗੋਂ ਕਰਮਕਾਂਡ ਬਣਕੇ ਸਪੀਡ ਬਰੇਕਰਾਂ ਦੀ ਭੂਮਿਕਾ ਨਿਭਾਈ ਜਾਂਦੇ ਹਨ। ਐਸੇ ਕਰਮਾਂ ਨੂੰ ਕਰਨ ਨਾਲ ਕਮਾਈ, ਮਿਹਨਤ ਤੇ ਸਮਾਂ ਵਿਅਰਥ ਚਲੇ ਜਾਂਦੇ ਹਨ ਅਤੇ ਮੰਜ਼ਿਲ ਤੋਂ ਪਛੜਦਾ ਹੀ ਜਾਂਦਾ ਹੈ-

- ਨਾਨਕ ਨਾਮੁ ਨ ਚੇਤਨੀ ਅਗਿਆਨੀ ਅੰਧੁਲੇ ਅਵਰੇ ਕਰਮ ਕਮਾਹਿ।।

ਜਮ ਦਰ ਬਧੇ ਮਾਰੀਅਹਿ ਫਿਰਿ ਵਿਸਟਾ ਮਾਹਿ ਪਚਾਹਿ।।

(ਵਾਰ ਸੋਰਠਿ- ਮਹਲਾ ੩-੬੪੮)

-ਅਗਿਆਨੀ ਮਾਨੁਖੁ ਭਇਆ ਜੋ ਨਾਹੀ ਸੋ ਲੋਰੈ।।

ਰੈਣ ਅੰਧਾਰੀ ਕਾਰੀਆ ਕਵਨ ਜੁਗਤਿ ਜਿਤੁ ਭੋਰੈ।।

(ਗਉੜੀ ਮਹਲਾ ੫-੨੧੨)

-ਭਰਮਿ ਭੂਲੇ ਅਗਿਆਨੀ ਅੰਧੁਲੇ ਭ੍ਰਮਿ ਭ੍ਰਮਿ ਫੂਲ ਤੋਰਾਵੈ।।

ਨਿਰਜੀਉ ਪੂਜਹਿ ਮੜਾ ਸਰੇਵਹਿ ਸਭ ਬਿਰਥੀ ਘਾਲ ਗਵਾਵੈ।।

(ਮਲਾਰ ਮਹਲਾ ੪-੧੨੬੪)

‘ਸੁਖਮਈ ਜੀਵਨ ਅਹਿਸਾਸ` ਦੀ ਪ੍ਰਾਪਤੀ ਲਈ ਜ਼ਰੂਰੀ ਹੈ ਕਿ ਦੁੱਖਾਂ ਦੇ ਮੂਲ ਅਗਿਆਨ ਤੋਂ ਸੁੱਖਾਂ ਦੇ ਸਾਗਰ ਗਿਆਨ ਵੱਲ ਤੁਰਿਆ ਜਾਵੇ ਪਰ ਐਸਾ ਹੋਵੇ ਕਿਵੇਂ? ਗੁਰਬਾਣੀ ਇਸ ਸਵਾਲ ਦਾ ਜਵਾਬ ਬਾਰ-ਬਾਰ ਦਿੰਦੀ ਹੈ ਕਿ ਗਿਆਨ ਦਾ ਦਾਤਾ ਕੇਵਲ ਗੁਰੂ ਹੈ, ਜਿਸ ਨਾਲ ਜੁੜਕੇ ਦੁੱਖਾਂ ਨੂੰ ਵੀ ਸੁੱਖਾਂ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਜਿਵੇਂ ਅਗਿਆਨਤਾ ਨੂੰ ਹਨੇਰੇ ਨਾਲ ਸੰਗਿਆ ਦਿਤੀ ਜਾਂਦੀ ਹੈ, ਹਨੇਰੇ ਨੂੰ ਦੂਰ ਕਰਨ ਦਾ ਸਾਧਨ ਪ੍ਰਕਾਸ਼ ਕਰਨਾ ਹੈ, ਜਦੋਂ ਪ੍ਰਕਾਸ਼ ਕਰਾਂਗੇ ਹਨੇਰਾ ਆਪੇ ਹੀ ਅਲੋਪ ਹੋ ਜਾਵੇਗਾ। ਬਸ ਲੋੜ ਗਿਆਨ ਦੇ ਪ੍ਰਕਾਸ਼ ਕਰਨ ਦੀ ਹੈ-

-ਜਿਉ ਅੰਧੇਰੈ ਦੀਪਕੁ ਬਾਲੀਐ ਤਿਉ ਗੁਰ ਗਿਆਨਿ ਅਗਿਆਨੁ ਤਜਾਇ।।

(ਸਿਰੀ ਰਾਗੁ ਮਹਲਾ ੩-੩੯)

- ਦੀਵਾ ਬਲੈ ਅੰਧੇਰਾ ਜਾਇ।। ਬੇਦ ਪਾਠ ਮਤਿ ਪਾਪਾ ਖਾਇ।।

ਉਗਵੈ ਸੂਰੁ ਨ ਜਾਪੈ ਚੰਦੁ।। ਜਹ ਗਿਆਨ ਪ੍ਰਗਾਸੁ ਅਗਿਆਨ ਮਿਟੰਤੁ।।

(ਵਾਰ ਸੂਹੀ- ਮਹਲਾ ੧-੭੯੧)

-ਗਿਆਨ ਅੰਜਨੁ ਗੁਰਿ ਦੀਆ ਅਗਿਆਨ ਅੰਧੇਰ ਬਿਨਾਸੁ।।

ਹਰਿ ਕਿਰਪਾ ਤੇ ਸੰਤ ਭੇਟਿਆ ਨਾਨਕ ਮਨਿ ਪਰਗਾਸੁ।।

(ਗਉੜੀ ਸੁਖਮਨੀ ਮਹਲਾ ੫-੨੯੩)

- ਗਿਆਨ ਰਤਨਿ ਸਭ ਸੋਝੀ ਹੋਇ।।

ਗੁਰ ਪਰਸਾਦਿ ਅਗਿਆਨੁ ਬਿਨਾਸੈ ਅਨਦਿਨੁ ਜਾਗੈ ਵੇਖੈ ਸਚੁ ਸੋਇ।।

(ਆਸਾ ਮਹਲਾ ੩-੩੬੪)

- ਗਣਤ ਗਣਾਵੈ ਅਖਰੀ ਅਗਣਤੁ ਸਾਚਾ ਸੋਇ।।

ਅਗਿਆਨੀ ਮਤਿ ਹੀਣੁ ਹੈ ਗੁਰ ਬਿਨ ਗਿਆਨੁ ਨ ਹੋਇ।।

(ਰਾਮਕਲੀ ਮਹਲਾ ੧- ਓਅੰਕਾਰ-੯੬੪)

ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਕਰਕੇ ਸੁੱਖਾਂ ਤਕ ਪਹੁੰਚਣ ਲਈ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਇਸ ਲਈ ਜ਼ਿੰਮੇਵਾਰ ਅਗਿਆਨਤਾ ਦੇ ਸੋਮੇ ਕੋਈ ਬਾਹਰ ਨਹੀਂ ਸਗੋਂ ਸਾਡੇ ਅੰਦਰ ਹੀ ਹਨ। ਪਹਿਲੀ ਲੋੜ ਇਨ੍ਹਾਂ ਨੂੰ ਸਮਝ ਕੇ ਪਹਿਚਾਣ ਕਰਨ ਦੀ ਹੈ ਅਤੇ ਦੂਜੀ ਲੋੜ ਇਨ੍ਹਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਦੀ ਹੈ। ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਇਸ ਸਭ ਕੁੱਝ ਲਈ ਗੁਰੂ ਨੂੰ ਆਗੂ ਬਣਾ ਕੇ ਉਸਦੀ ਅਗਵਾਈ ਵਿੱਚ ਚੱਲਣ ਦੀ ਜਾਚ ਸਿੱਖ ਲਈਏ ਤਾਂ ਜੀਵਨ ਨੂੰ ਬਰਬਾਦ ਕਰਨ ਵਾਲੇ ਵਿਕਾਰਾਂ ਦੀ ਦਿਸ਼ਾ ਤਬਦੀਲ ਹੋ ਕੇ ‘ਸੁਖਮਈ ਜੀਵਨ ਅਹਿਸਾਸ` ਵਾਲੀ ਮੰਜ਼ਿਲ ਦੀ ਪ੍ਰਾਪਤੀ ਸੰਭਵ ਹੋ ਸਕੇਗੀ-

-ਬਲਿਆ ਗੁਰ ਗਿਆਨੁ ਅੰਧੇਰਾ ਬਿਨਸਿਆ ਹਰਿ ਰਤਨੁ ਪਦਾਰਥੁ ਲਾਧਾ।।

ਹਉਮੈ ਰੋਗ ਗਇਆ ਦੁਖੁ ਲਾਥਾ ਆਪੁ ਆਪੈ ਗੁਰਮਤਿ ਖਾਧਾ।।

(ਸਿਰੀਰਾਗੁ ਮਹਲਾ ੪-੭੮)

-ਅੰਧਿਆਰੈ ਦੀਪਕ ਆਨਿ ਜਲਾਏ ਗੁਰ ਗਿਆਨਿ ਗੁਰੂ ਲਿਵ ਲਾਗੇ।।

ਅਗਿਆਨੁ ਅੰਧੇਰਾ ਬਿਨਸਿ ਬਿਨਾਸਿਓ ਘਰਿ ਵਸਤੁ ਲਹੀ ਮਨ ਜਾਗੇ।।

(ਗਉੜੀ ਮਹਲਾ ੪ -੧੭੨)

-ਮੇਰਾ ਤੇਰਾ ਜਾਨਤਾ ਤਬ ਹੀ ਤੇ ਬੰਧਾ।।

ਗੁਰਿ ਕਾਟੀ ਅਗਿਆਨਤਾ ਤਬ ਛੁਟਕੇ ਫੰਧਾ।।

(ਆਸਾ ਮਹਲਾ ੫-੪੦੦)

- ਏਕ ਨਾਮ ਕੋ ਥੀਓ ਪੂਜਾਰੀ ਮੋ ਕਉ ਅਚਰਜ ਗੁਰਹਿ ਦਿਖਾਇਓ।।

ਭਇਓ ਪ੍ਰਗਾਸੁ ਸਰਬ ਉਜੀਆਰਾ ਗੁਰ ਗਿਆਨੁ ਮਨਹਿ ਪ੍ਰਗਟਾਇਓ।।

(ਗਉੜੀ ਮਹਲਾ ੫-੨੦੯)

- ਗਿਆਨ ਅੰਜਨੁ ਜਾ ਕੀ ਨੇਤ੍ਰੀ ਪੜਿਆ ਤਾ ਕਉ ਸਰਬ ਪ੍ਰਗਾਸਾ।।

ਅਗਿਆਨਿ ਅੰਧੇਰੈ ਸੂਝਸਿ ਨਾਹੀ ਬਹੁੜਿ ਬਹੁੜਿ ਭਰਮਾਤਾ।।

(ਸੋਰਠਿ ਮਹਲਾ ੫-੬੧੦)

============

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.