.

ਦਾਦਰ ਤੂ ਕਬਹਿ ਨ ਜਾਨਸਿ ਰੇ॥ ……

ਸਿਰਜਨਹਾਰ ਦੇ ਸਿਰਜੇ ਸੰਸਾਰ ਵਿੱਚ ਅਣਗਿਣਤ ਜੀਵ ਹਨ। ਇਨ੍ਹਾਂ ਜੀਵਾਂ ਦੇ ਸੁੱਖ-ਆਨੰਦ ਅਤੇ ਕਲਿਆਣ ਲਈ ਦਾਤੇ ਨੇ, ਵਿਸ਼ੇ-ਵਿਕਾਰਾਂ ਦੀ ਖੇਹ/ਗੰਦਗੀ ਨਾਲ ਭਰੇ, ਸੰਸਾਰ-ਸਾਗਰ ਵਿੱਚ ਕਈ ਅੰਮ੍ਰਿਤ ਦਾਤਾਂ ਵੀ ਪਾਈਆਂ ਹੋਈਆਂ ਹਨ। ਕਈ ਇੱਕ ਸੁਭਾਗੇ ਜੀਵ ਆਪਣੀ ਅੰਤਰ-ਪ੍ਰੇਰਣਾ ਸਦਕਾ (intutionally), ਸੰਸਾਰਕ ਗੰਦਗੀ ਤੋਂ ਅਛੋਹ ਰਹਿੰਦੇ ਹੋਏ, ਅੰਮ੍ਰਿਤ ਦਾਤਾਂ ਤੋਂ ਲਾਭ ਉਠਾਉਂਦੇ ਹਨ। ਇਸ ਦੇ ਵਿਪਰੀਤ, ਗਿਆਨ-ਵਿਹੂਣੇ ਕਈ ਜੀਵ ਅੰਮ੍ਰਿਤ-ਦਾਤਾਂ ਵਿੱਚ ਰਹਿੰਦੇ ਹੋਏ ਵੀ ਇਨ੍ਹਾਂ ਅਨੰਦਮਈ ਤੇ ਕਲਿਆਣਕਾਰੀ ਦਾਤਾਂ ਤੋਂ ਲਾਭ ਉਠਾਉਣ ਦੀ ਬਜਾਏ, ਦਾਤਾਰ ਦੀਆਂ ਬਖ਼ਸ਼ੀਆਂ ਗੁਣਕਾਰੀ ਦਾਤਾਂ ਦੇ ਦੁਆਲੇ ਖਿਲਰੀ, ਖੇਹ (ਗੰਦਗੀ) ਹੀ ਖਾ ਕੇ ਖ਼ੁਸ਼ ਰਹਿੰਦੇ ਹਨ। ਇਹ ਕਹਿਣ ਦੀ ਲੋੜ ਨਹੀਂ ਕਿ ਖੇਹ ਫੱਕਣ ਵਾਲੇ ਜੀਵਾਂ ਵਿੱਚ ਮੋਹਰੀ ਮਨੁੱਖ ਹੀ ਹੈ! !

ਬਖ਼ਸ਼ਨਹਾਰ ਦੀਆਂ ਬਖ਼ਸ਼ੀਆਂ ਅਨਮੋਲ ਅੰਮ੍ਰਿਤ ਦਾਤਾਂ ਦੀ ਸੋਝੀ ਆਤਮ-ਗਿਆਨ ਨਾਲ ਪ੍ਰਾਪਤ ਹੁੰਦੀ ਹੈ; ਅਤੇ ਆਤਮ-ਗਿਆਨ ਪ੍ਰਾਪਤ ਹੁੰਦਾ ਹੈ ਹਰਿ-ਨਾਮ-ਸਿਮਰਨ ਨਾਲ। ਇਸ ਵਾਸਤੇ ਮਨੁੱਖ ਨੂੰ ਨਾਮ-ਸਿਮਰਨ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ। ਇਸੇ ਪਰਥਾਏ ਗੁਰੂ ਨਾਨਕ ਦੇਵ ਜੀ ਦੇ ਰਚੇ ਇੱਕ ਸ਼ਬਦ ਦੀ ਵਿਚਾਰ ਕਰਦੇ ਹਾਂ। ਆਪ ਫ਼ਰਮਾਉਂਦੇ ਹਨ:

ਬਿਮਲ ਮਝਾਰਿ ਬਸਸਿ ਨਿਰਮਲ ਜਲ ਪਦਮਨਿ ਜਾਵਲ ਰੇ॥

ਪਦਮਨਿ ਜਾਵਲ ਜਲ ਰਸ ਸੰਗਤਿ ਸੰਗਿ ਦੋਖ ਨਹੀ ਰੇ॥ ੧॥

ਦਾਦਰ ਤੂ ਕਬਹਿ ਨ ਜਾਨਸਿ ਰੇ॥

ਭਖਸਿ ਸਿਬਾਲੁ ਬਸਸਿ ਨਿਰਮਲ ਜਲ ਅੰਮ੍ਰਿਤੁ ਨ ਲਖਸਿ ਰੇ॥ ੧॥ ਰਹਾਉ॥ ੧॥

ਬਸੁ ਜਲ ਨਿਤ ਨ ਵਸਤ ਅਲੀਅਲ ਮੇਰ ਚਚਾ ਗੁਨ ਰੇ॥

ਚੰਦ ਕੁਮੁਦਨੀ ਦੂਰਹੁ ਨਿਵਸਸਿ ਅਨਭਉ ਕਾਰਨਿ ਰੇ॥ ੨॥

ਅੰਮ੍ਰਿਤ ਖੰਡੁ ਦੂਧਿ ਮਧੁ ਸੰਚਸਿ ਤੂ ਬਨ ਚਾਤੁਰ ਰੇ॥

ਅਪਨਾ ਆਪੁ ਤੂ ਕਬਹੁ ਨ ਛੋਡਸਿ ਪਿਸਨ ਪ੍ਰੀਤਿ ਜਿਉ ਰੇ॥ ੩॥

ਪੰਡਿਤ ਸੰਗਿ ਵਸਹਿ ਜਨ ਮੂਰਖ ਆਗਮ ਸਾਸ ਸੁਨੇ॥

ਅਪਨਾ ਆਪੁ ਤੂ ਕਬਹੁ ਨ ਛੋਡਸਿ ਸੁਆਨ ਪੂਛਿ ਜਿਉ ਰੇ॥ ੪॥

ਇਕਿ ਪਾਖੰਡੀ ਨਾਮਿ ਨ ਰਾਚਹਿ ਇਕਿ ਹਰਿ ਹਰਿ ਚਰਣੀ ਰੇ॥

ਪੂਰਬਿ ਲਿਖਿਆ ਪਾਵਸਿ ਨਾਨਕ ਰਸਨਾ ਨਾਮੁ ਜਪਿ ਰੇ॥ ੫॥ ਮਾਰੂ ਮ: ੧

ਸ਼ਬਦ ਅਰਥ:- ਬਿਮਲ: ਬਿਨਾਂ ਮੈਲ ਦੇ, ਪਵਿਤ੍ਰ। ਮਝਾਰਿ: ਵਿੱਚ, ਅੰਦਰ। ਬਸਸਿ: ਵਸਦਾ ਹੈ, ਰਹਿੰਦਾ ਹੈਂ। ਪਦਮਨਿ: ਛੋਟਾ/ਨੰਨ੍ਹਾ ਕਮਲ। ਜਾਵਲ: ਜਾਲਾ, ਕਾਈ, ਪਾਣੀ ਉੱਤੇ ਆਈ ਹਰੀ ਉੱਲੀ; ਵਿਕਾਰਾਂ ਦੀ ਕਾਈ/ਮੈਲ। ਰਸ: ਪਾਣੀ। ਜਾਵਲ ਰਸ: ਪਾਣੀ ਦਾ ਜਾਲਾ, ਕਾਈ। ਦੋਖ: ਦੋਸ਼, ਬੁਰਾਈ। ਰੇ: ਅਰੇ, ਓ, ਓਏ; ਹੋਛੇ ਹੀਣੇ ਨੂੰ ਹੀਣਤਾ ਨਾਲ ਸੰਬੋਧਨ ਕਰਨ ਲਈ ਵਰਤਿਆ ਜਾਂਦਾ ਹੈ। ੧। ਦਾਦਰ: ਡੱਡੂ, ਮੇਂਡਕ। ਭਖਸਿ: ਖਾਂਦਾ ਹੈਂ। ਸਿਬਾਲੁ: ਸ਼ੇਵਾਲ, ਜਾਲਾ, ਕਾਈ; ਵਿਕਾਰਾਂ ਦੀ ਕਾਈ। ਬਸਸਿ: ਵਸਦਾ ਹੈਂ, ਰਹਿੰਦਾ ਹੈਂ। ਲਖਸਿ: ਦੇਖੇਗਾ, ਜਾਣੇ ਗਾ। ੧। ਰਹਾਉ। ਅਲੀ: ਭੰਵਰੀ/ਭੌਰੀ। ਅਲ: ਅਲਿ, ਭੰਵਰਾ। ਅਲੀ ਅਲ: ਭੰਵਰੀ ਤੇ ਭੰਵਰਾ। ਮੇਰ: ਮਗਨ, ਮਸਤ, ਖ਼ੁਸ਼। ਚਚਾ: ਚਰਚਾ, (ਪਾਣੀ ਅਤੇ ਇਸ ਵਿੱਚ ਉੱਗੇ ਕਮਲ ਦੇ ਫੁੱਲ ਦੇ ਉਪਕਾਰੀ ਗੁਣਾਂ ਦੀ) ਚਰਚਾ। ਗੁਨ: ਉਪਕਾਰ। ਕੁਮੁਦਨੀ: ਚੰਦ ਦੀ ਚਾਂਦਨੀ ਵਿੱਚ ਰਾਤ ਨੂੰ ਖਿੜਣ ਵਾਲਾ ਛੋਟਾ ਕਮਲ। ਨਿਵਸਸਿ: ਨਿਉਂ ਕੇ ਨਮਸਕਾਰ ਕਰਦਾ ਹੈ। ਅਨਭਉ: ਅਨੁਭਵ, ਅੰਤਰਪ੍ਰੇਰਣਾ। ੨। ਮਧੁ: ਫੁੱਲਾਂ ਦਾ ਮਿੱਠਾ ਰਸ, ਸ਼ਹਿਦ। ਸੰਚਸਿ: ‘ਕੱਠਾ ਕਰਦਾ ਹੈ, ਇਕਤ੍ਰ ਕਰੇ ਗਾ। ਬਨ: ਵਨ=ਪਾਣੀ, ਜਲ। ਚਾਤੁਰ: ਚਤੁਰ, ਸਿਆਣਾ। ਪਿਸਨ: ਚਿੱਚੜ। ੩। ਪੰਡਿਤ: ਵੇਦਾਂ ਦਾ ਗਿਆਤਾ, ਅਧਿਆਤਮ ਗਿਆਨੀ, ਜਿਸ ਨੇ ਗਿਆਨ ਨਾਲ ਇੰਦ੍ਰੀਆਂ ਉੱਤੇ ਕਾਬੂ ਪਾ ਲਿਆ ਹੈ। ਆਗਮ: ਵੇਦ, ਧਰਮ-ਗ੍ਰੰਥ। ਸਾਸ: ਸ਼ਾਸਤ੍ਰ। ਸੁਆਨ: ਕੁੱਤਾ, ਕੂਕਰ। ੪। ਇਕਿ: ਕਈ ਇਕ। ਨਾਮਿ ਨ ਰਾਚਹਿ: ਨਾਮ-ਸਿਮਰਨ ਵਿੱਚ ਲੀਨ ਨਹੀਂ ਹੁੰਦੇ। ਪੂਰਬਿ ਲਿਖਿਆ: ਕਰਮਾਂ ਅਨੁਸਾਰ ਪਹਿਲਾਂ ਤੋਂ ਲਿਖਿਆ। ਪਾਵਸਿ: ਪਾਵੇਗਾ, ਪ੍ਰਾਪਤ ਕਰੇਗਾ। ੫।

ਭਾਵ ਅਰਥ:- ਓ ਡੱਡੂ! ਨੰਨ੍ਹਾ ਨਿਰਮੈਲ ਕਮਲ ਅਤੇ ਮੈਲੀ ਕਾਈ ਦੋਵੇਂ ਸਾਫ਼ ਪਾਣੀ ਦੀ ਸੰਗਤ ਵਿੱਚ ਰਹਿੰਦੇ ਹਨ। ਛੋਟਾ ਕਮਲ ਪਾਣੀ ਦੀ ਕਾਈ/ਜਾਲੇ ਦੀ ਸੰਗਤ ਵਿੱਚ ਰਹਿੰਦਾ ਹੋਇਆ ਵੀ ਉਸ (ਕਾਈ) ਦੇ ਬੁਰੇ ਗੁਣਾਂ ਤੋਂ ਅਛੋਹ ਤੇ ਅਭਿੱਜ ਰਹਿੰਦਾ ਹੈ। ੧।

ਓਏ ਡੱਡੂਆ! ਤੂੰ ਵੀ ਉਸੇ ਸਾਫ਼-ਸੁਥਰੇ ਪਾਣੀ ਵਿੱਚ ਹੀ ਵਸਦਾ ਹੈਂ, ਪਰ (ਕਮਲ ਦੀ ਚੰਗੀ ਖਾਸੀਅਤ ਦੇ ਉਲਟ) ਤੈਨੂੰ ਅੰਮ੍ਰਿਤ ਵਰਗੇ ਜਲ ਦੇ ਗੁਣ ਨਜ਼ਰ ਨਹੀਂ ਆਉਂਦੇ ਤੇ ਤੂੰ ਉਸ ਪਾਣੀ ਦੇ ਉੱਤੇ ਆਈ ਉੱਲੀ/ਜਾਲਾ/ਕਾਈ ਹੀ ਖਾਂਦਾ ਰਹਿੰਦਾ ਹੈਂ। ੧। ਰਹਾਉ।

ਅਰੇ ਡੱਡੂ! ਤੂੰ ਸਦਾ ਪਾਣੀ ਵਿੱਚ ਹੀ ਰਹਿੰਦਾ ਹੈਂ (ਤਾਂ ਵੀ ਤੂੰ ਪਾਣੀ ਦੇ ਗੁਣਾਂ ਨੂੰ ਨਹੀਂ ਸਮਝਦਾ)। ਭੰਵਰੀ ਤੇ ਭੰਵਰਾ ਪਾਣੀ ਵਿੱਚ ਨਹੀਂ ਰਹਿੰਦੇ, ਫਿਰ ਵੀ ਉਹ ਪਾਣੀ ਅਤੇ ਪਾਣੀ ਵਿੱਚ ਉੱਗੇ ਕਮਲ ਦੇ ਪਰਉਪਕਾਰੀ ਗੁਣਾਂ ਦੀ ਚਰਚਾ ਕਰਕੇ ਖ਼ੁਸ਼ ਹੁੰਦੇ ਰਹਿੰਦੇ ਹਨ। ਚੰਦ ਦੀ ਚਾਂਦਨੀ ਵਿੱਚ ਖਿੜਨ ਵਾਲਾ ਨੰਨ੍ਹਾ ਕਮਲ, ਆਪਣੀ ਅੰਤਰ ਪ੍ਰੇਰਣਾ ਸਦਕਾ, ਚਾਂਦਨੀ ਦੇਣ ਵਾਲੇ ਚੰਦ ਨੂੰ (ਉਸ ਦੇ ਉਪਕਾਰ ਲਈ ਧੰਨਵਾਦ ਵਜੋਂ) ਦੂਰੋਂ ਹੀ ਝੁਕ ਕੇ ਨਮਸਕਾਰ ਕਰਦਾ ਹੈ। ੨।

ਭੰਵਰਾ (ਜਲ ਤੇ ਕਮਲ ਦੁਆਲੇ ਦੀ ਗੰਦਗੀ ਤੋਂ ਨਿਰਲੇਪ ਰਹਿੰਦਾ ਹੈ ਤੇ ਸਿਰਫ਼) ਕਮਲ-ਫੁੱਲ ਤੋਂ ਮਿੱਠਾ ਸ਼ਹਿਦ ਹੀ ‘ਕੱਠਾ ਕਰਦਾ ਹੈ। (ਇਸ ਦੇ ਉਲਟ ਲਵੇਰੇ ਪਸ਼ੂ ਦੇ ਥਨ ਨੂੰ ਚੰਬੜਿਆ ਹੋਇਆ) ਚਿੱਚੜ, ਖੰਡ ਵਰਗੇ ਮਿੱਠੇ ਦੁੱਧ-ਅੰਮ੍ਰਿਤ ਨੂੰ ਨਜ਼ਰਅੰਦਾਜ਼ ਕਰਕੇ, ਖ਼ੂਨ ਹੀ ਚੂਸਦਾ ਹੈ। ਓਏ ਡੱਡੂ! ਇਨ੍ਹਾਂ ਦੋਨਾਂ (ਭੰਵਰੇ ਤੇ ਚਿੱਚੜ ਦੀ ਉਦਾਹਰਣ ਤੋਂ ਸਿੱਖਿਆ ਲੈ ਕੇ) ਤੂੰ ਵੀ (ਭੰਵਰੇ ਵਾਂਗ) ਸਿਆਣਾ ਬਣ। (ਪਰ ਲਗਦਾ ਇਉਂ ਹੈ ਕਿ) ਜਿਵੇਂ ਚਿੱਚੜ ਬੇਗਾਨੇ ਲਹੂ ਨਾਲ ਆਪਣਾ ਪ੍ਰੇਮ ਨਹੀਂ ਛੱਡ ਸਕਦਾ, ਉਵੇਂ ਤੂੰ ਵੀ ਆਪਣੀ (ਖੇਹ ਖਾਣ ਦੀ) ਫ਼ਿਤਰਤ/ਆਦਤ ਕਦੇ ਨਹੀਂ ਛੱਡੇਂ ਗਾ! ੩।

(ਖੇਹ ਖਾਣ ਦਾ ਆਦੀ) ਮੂਰਖ ਮਨੁੱਖ ਆਤਮ-ਗਿਆਨੀ ਦੀ ਸੰਗਤ ਵਿੱਚ ਰਹਿੰਦਾ ਹੈ ਤੇ ਵੇਦਾਂ ਸ਼ਾਸਤ੍ਰਾਂ ਦਾ ਪਾਠ ਸੁਣਦਾ ਹੈ। (ਪਰ) ਜਿਵੇਂ ਕੁੱਤੇ ਦੀ ਟੇਢੀ ਪੂਛ ਕਿਸੇ ਵੀ ਤਰਕੀਬ ਨਾਲ ਸਿੱਧੀ ਨਹੀਂ ਹੁੰਦੀ, ਤਿਵੇਂ ਮੂਰਖ ਮਨੁੱਖ (ਗਿਆਨ-ਗ੍ਰੰਥਾਂ ਦੇ ਪਾਠ ਪੜ੍ਹ-ਸੁਣ ਕੇ ਵੀ) ਖੇਹ ਖਾਣ ਦਾ ਆਪਣਾ ਘ੍ਰਿਣਿਤ ਵਿਕਾਰੀ ਸੁਭਾਉ ਕਦੀ ਨਹੀਂ ਛੱਡਦਾ। ੪।

ਕਈ (ਗਿਆਨ-ਗ੍ਰੰਥਾਂ ਦੀ ਸ਼ਰਣ ਵਿੱਚ ਰਹਿੰਦੇ) ਦੰਭੀ ਲੋਕ ਨਾਮ ਵਿੱਚ ਲੀਨ ਨਹੀਂ ਹੁੰਦੇ; ਅਤੇ ਕਈ ਸੁਭਾਗੇ ਅਜਿਹੇ ਵੀ ਹਨ ਜੋ (ਵਿਸ਼ੇ ਵਿਕਾਰਾਂ ਦੀ ਦਲਦਲ ਤੋਂ ਨਿਰਲੇਪ ਰਹਿ ਕੇ) ਹਰਿ-ਚਰਣਾਂ ਵਿੱਚ ਚਿਤ ਜੋੜੀ ਰੱਖਦੇ ਹਨ। ਹੇ ਨਾਨਕ! ਹਰ ਇੱਕ ਬੰਦੇ ਨੇ ਆਪਣੇ ਕੀਤੇ ਕਰਮਾਂ ਅਨੁਸਾਰ ਪਹਿਲਾਂ ਤੋਂ ਲਿਖਿਆ ਹੀ ਪਾਉਣਾ ਹੈ; ਇਸ ਲਈ ਤੂੰ ਆਪਣੀ ਜੀਭ ਨਾਲ ਹਰਿ-ਨਾਮ ਦਾ ਸਿਮਰਨ ਕਰਿਆ ਕਰ। ੫।

ਉਪਰ ਵਿਚਾਰਿਆ ਸ਼ਬਦ ਗੁਰੂ ਨਾਨਕ ਦੇਵ ਜੀ ਨੇ ਡੱਡੂ ਨੂੰ ਸੰਬੋਧਿਤ ਹੋ ਕੇ ਉਚਾਰਿਆ ਹੈ; ਪਰ ਦਰਅਸਲ, ਇਹ ਉਨ੍ਹਾਂ ਮਨਮੁੱਖਾਂ ਲਈ ਹੈ ਜਿਹੜੇ ਦੁਰਲੱਭ ਮਨੁੱਖੀ ਜਾਮੇ ਵਿੱਚ ਵਿਚਰਦੇ ਹੋਏ ਵੀ ਡੱਡੂਆਂ ਤੇ ਚਿੱਚੜਾਂ ਵਾਲੀ ਗ਼ਲੀਜ਼ ਜ਼ਿੰਦਗੀ ਜਿਊ ਰਹੇ ਹਨ। ਇਸ ਸੱਚ ਨੂੰ ਸੁੰਦਰ ਢੰਗ ਨਾਲ ਸਾਕਾਰ ਕਰਨ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਜੋ ਰੂਪਕ (metaphors) ਵਰਤੇ ਹਨ, ਉਨ੍ਹਾਂ ਦਾ ਸੰਖੇਪ ਵੇਰਵਾ ਹੇਠ ਲਿਖੇ ਅਨੁਸਾਰ ਹੈ:

ਜਲ ਅੰਮ੍ਰਿਤ: ਆਤਮ-ਗਿਆਨੀ ਤੇ ਗਿਆਨ-ਗ੍ਰੰਥ ਦੀ ਸੰਗਤ ਤੋਂ ਪ੍ਰਾਪਤ ਹੋਣ ਵਾਲਾ ਗਿਆਨ ਰੂਪੀ ਅੰਮ੍ਰਿਤ।

ਡੱਡੂ: ਉਕਤ ਤਿੰਨਾਂ (ਗਿਆਨ-ਅੰਮ੍ਰਿਤ, ਗਿਆਨੀ ਅਤੇ ਗਿਆਨ-ਗ੍ਰੰਥ) ਦੀ ਸੰਗਤ ਵਿੱਚ ਰਹਿੰਦੇ ਹੋਏ ਵੀ ਵਿਸ਼ੇ-ਵਿਕਾਰਾਂ ਦੀ ਗੰਦਗੀ ਚੱਟਣ ਤੋਂ ਬਾਜ ਨਾ ਆਉਣ ਵਾਲਾ ਦੰਭੀ ਮਨੁੱਖ। (ਪੁਜਾਰੀ ਲਾਣਾ, ਗੋਲਕਾਂ ਦੇ ਗੁਲਾਮ ਤੇ ਹਉਮੈਂ-ਰੋਗ ਦੇ ਰੋਗੀ ਪ੍ਰਬੰਧਕ ਅਤੇ ਪੱਥਰਾਂ ਤੇ ਗੋਲਕਾਂ ਅੱਗੇ ਮੱਥੇ ਰਗੜਣ ਵਾਲੇ ਸਵਾਰਥੀ ਤੇ ਅੰਧਵਿਸ਼ਵਾਸੀ ਲੋਕ!)

ਪਿਸਨ/ਚਿੱਚੜ: ਉਹ ਗ਼ਲੀਜ਼ ਮਨੁੱਖ ਜੋ ਕਲਿਆਣਕਾਰੀ ਗਿਆਨ-ਅੰਮ੍ਰਿਤ ਦਾ ਆਨੰਦ ਮਾਨਣ ਦੀ ਬਜਾਏ ਹੋਰਾਂ ਦਾ ਖ਼ੂਨ (ਦੂਸਰਿਆਂ ਦੀ ਕਿਰਤ-ਕਮਾਈ) ਚੂਸਦਾ ਹੈ।

ਕਮਲ: ਵਿਸ਼ੇ-ਵਿਕਾਰਾਂ ਦੇ ਗੰਦੇ ਚਿੱਕੜ ਤੋਂ ਨਿਰਲੇਪ ਮਨੁੱਖ।

ਅਲੀ ਅਲਿ ਅਰਥਾਤ ਭੌਰਾ ਅਤੇ ਭੌਰੀ: ਉਹ ਮਨੁੱਖ ਜੋ ਵਿਸ਼ੇ-ਵਿਕਾਰਾਂ ਤੋਂ ਅਭਿੱਜ ਰਹਿ ਕੇ ਰੱਬ ਦੇ ਗੁਣ ਗਾਉਂਦੇ ਅਤੇ ਉਸ ਦੀਆਂ ਬਖ਼ਸ਼ੀਆਂ ਅੰਮ੍ਰਿਤ ਦਾਤਾਂ ਦਾ ਆਨੰਦ ਮਾਣਦੇ ਰਹਿੰਦੇ ਹਨ।

ਕੁਮੁਦਨੀ: ਰੱਬ ਦੇ ਉਹ ਸ਼ੁਕਰ ਗੁਜ਼ਾਰ ਬੰਦੇ ਜੋ ਅੰਮ੍ਰਿਤ ਦਾਤਾਂ ਦੇ ਦਾਤਾਰ ਪ੍ਰਭੂ ਅੱਗੇ, ਸ਼ੁਕਰਾਨੇ ਵਜੋਂ, ਨਮਰਤਾ ਨਾਲ ਸਿਰ ਝੁਕਾਉਂਦੇ ਰਹਿੰਦੇ ਹਨ।

ਉਪਰ ਵਿਚਾਰੇ ਸ਼ਬਦ ਅਤੇ ਰੂਪਕਾਂ ਦੀ ਵਿਚਾਰ ਨੂੰ ਧਿਆਨ ਵਿੱਚ ਰੱਖਦਿਆਂ, ਮਨੁੱਖਾ ਸਮਾਜ ਦੇ ਅਸੀਮ ਧਾਰਮਿਕ ਖੇਤ੍ਰ ਉੱਤੇ ਨਿਗਾਹ ਮਾਰੀਏ ਤਾਂ ਦੂਰ ਦੂਰ ਤੀਕ ਸਭ ਪਾਸੇ ਡੱਡੂ ਹੀ ਡੱਡੂ ਤੇ ਚਿੱਚੜ ਹੀ ਚਿੱਚੜ ਨਜ਼ਰ ਆਉਂਦੇ ਹਨ! ! ! ਕਮਲ, ਭੰਵਰੇ ਅਤੇ ਕੁਮੁਦਨੀਆਂ ਘੱਟ ਹੀ ਦਿਖਾਈ ਦਿੰਦੇ ਹਨ। ਗੁਰਮਤਿ ਦੇ ਪਵਿੱਤਰ ਵਿਹੜੇ ਦਾ ਹਾਲ ਸਭ ਤੋਂ ਮਾੜਾ ਹੈ! ! ! ਕਲਿਆਣਕਾਰੀ ਗਿਆਨ-ਅੰਮ੍ਰਿਤ (ਗੁਰੂ-ਗ੍ਰੰਥ) ਦੇ ਆਲੇ ਦੁਆਲੇ ਡੱਡੂਆਂ ਤੇ ਚਿੱਚੜਾਂ ਨੇ ਝੁਰਮਟ ਪਾ ਰੱਖਿਆ ਹੈ; ਇਸ ਝੁਰਮਟ ਵਿੱਚ ਕਮਲ, ਕੁਮੁਦਨੀਆਂ ਤੇ ਭੰਵਰਿਆਂ (ਸੱਚੇ ਸ਼੍ਰੱਧਾਲੂਆਂ) ਦਾ ਦਮ ਘੁਟਦਾ ਹੈ! !

ਇੱਥੇ ਇਹ ਖ਼ੁਲਾਸਾ ਕਰ ਦੇਣਾ ਵੀ ਜ਼ਰੂਰੀ ਹੈ ਕਿ ਡੱਡੂਆਂ ਅਤੇ ਚਿੱਚੜਾਂ ਦੀ, ਅੰਮ੍ਰਿਤ ਛੱਡ ਕੇ, ਗੰਦਗੀ ਖਾਣ ਦੀ ਆਦਤ ਉਨ੍ਹਾਂ ਦਾ ਜਨਮਜਾਤ/ਕੁਦਰਤੀ ਸੁਭਾਉ ਹੈ, ਇਸ ਲਈ ਉਨ੍ਹਾਂ ਨੂੰ ਇਸ ਆਦਤ ਦਾ ਦੋਸ਼ ਦੇਣਾ ਠੀਕ ਨਹੀਂ! ਪਰੰਤੂ ਜਦ ਕੋਈ ਮਨੁੱਖ ਜਾਣ-ਬੁਝ ਕੇ ਡੱਡੂਆਂ ਵਾਂਗ ਗੰਦਗੀ ਖਾਂਦਾ ਤੇ ਚਿੱਚੜਾਂ ਵਾਂਗ ਦੂਸਰਿਆਂ ਦਾ ਖ਼ੂਨ ਚੂਸਦਾ ਹੈ ਤਾਂ ਉਹ, ਨਿਰਸੰਦੇਹ, ਧਿੱਕਾਰ-ਯੋਗ ਹੈ! ! !

ਗੁਰਇੰਦਰ ਸਿੰਘ ਪਾਲ

ਅਪ੍ਰੈਲ 24, 2016.
.