.

ਗੁਰਮਤਿ ਦੇ ਮੂਲ ਸਿੱਧਾਂਤ

ਇਸ਼ਟ

(1)

ਧਾਰਮਿਕ ਵਿਸ਼ਵਾਸ ਦੀ ਆਧਾਰ-ਸ਼ਿਲਾ ਅਤੇ ਕੇਂਦਰ-ਬਿੰਦੂ ਹੋਣ ਕਾਰਣ, ਇਸ਼ਟ ਇੱਕ ਗੰਭੀਰ, ਚਿੰਤਨਸ਼ੀਲ ਤੇ ਮਹੱਤਵਪੂਰਨ ਵਿਸ਼ਾ ਹੈ। ਇਸ ਮਹੱਤਵਪੂਰਨ ਵਿਸ਼ੇ ਉੱਤੇ ਗੁਰਮਤਿ ਅਨੁਸਾਰ ਵਿਚਾਰ ਕਰਨ ਤੋਂ ਪਹਿਲਾਂ ਇਸ਼, ਇਸ਼ਟ, ਈਸ਼ ਅਤੇ ਈਸ਼ਵਰ ਦੇ ਸ਼ਾਬਦਿਕ ਅਰਥ ਜਾਣ ਕੇ, ਇਸ (ਇਸ਼ਟ) ਦੇ ਪਿਛੋਕੜ ਉੱਤੇ ਸਰਸਰੀ ਜਿਹੀ ਪੰਛੀ-ਝਾਤ ਮਾਰ ਲੈਣਾ ਜ਼ਰੂਰੀ ਹੈ।

ਇਸ਼:-ਸੰ: ਸੰਸਕ੍ਰਿਤ ਦਾ ਸ਼ਬਦ ਹੈ ਜਿਸ ਦੇ ਅਰਥ ਹਨ: ਕਾਮਨਾ ਕਰਨਾ, ਚਾਹਨਾ, (ਕਿਸੇ ਵਾਸਤੇ) ਪ੍ਰਬਲ ਇੱਛਾ ਹੋਣਾ।

ਇਸ਼ਟ:-ਸੰ: ਕਾਮਨਾ ਕੀਆ ਗਿਆ, ਚਾਹਾ ਗਿਆ, ਅਭਿਲਾਸ਼ਿਤ; ਪਿਆਰਾ, ਪੂਜਯ, ਸਨਮਾਨਿਤ; ਯੱਗੋਂ ਮੇਂ ਪੂਜਾ ਗਿਆ, ਪੂਜਯ-ਦੇਵ, ਜਿਸ ਦੀ ਉਪਾਸਨਾ-ਭਗਤੀ ਕੀਤੀ ਜਾਵੇ…ਆਦਿ।

ਈਸ਼:-ਸੰ: ਸਵਾਮੀ, ਮਾਲਿਕ, ਸ਼ਕਤੀਸ਼ਾਲੀ…ਆਦਿ।

ਈਸ਼ਵਰ:-ਸੰ: ਸਰਵਸ਼ਕਤੀਮਾਨ, ਸਮਰੱਥ, ਮਰਮੇਸ਼ਰ, ਮਾਲਿਕ, ਸਵਾਮੀ…ਆਦਿਕ।

ਜਦੋਂ ਤੋਂ ਸ੍ਰਿਸ਼ਟੀ, ਸੰਸਾਰ ਅਤੇ ਇਸ ਵਿੱਚ ਵਿਚਰਦੀ ਮਨੁੱਖਤਾ ਹੋਂਦ ਵਿੱਚ ਆਏ ਹਨ, ਓਦੋਂ ਤੋਂ ਹੀ ਕੁਦਰਤੀ ਕ੍ਰਿਸ਼ਮਿਆਂ ਨੇ ਮਨੁੱਖ ਨੂੰ ਚੱਕਰਾਂ ਵਿੱਚ ਪਾਇਆ ਹੋਇਆ ਸੀ। ਇਹ ਕੁਦਰਤੀ ਕ੍ਰਿਸ਼ਮੇ ਹਨ: ਬ੍ਰਹਮਾਂਡ, ਅੰਤਰਿਕਸ਼, ਤਾਰਾ-ਮੰਡਲ, ਸੂਰਜ-ਮੰਡਲ, ਖ਼ਲਾਅ, ਗ੍ਰਹਿ, ਵਰਖਾ, ਧੁੱਪ, ਬਹਾਰ, ਹਵਾ, ਅਗਨੀ, ਅਨ੍ਹੇਰੀ, ਝੱਖੜ, ਗੜੇਮਾਰ, ਬਾੜ੍ਹ/ਹੜ੍ਹ, ਔੜ, ਜਵਾਰਭਾਟਾ, ਸਮੁੰਦਰੀ ਤੂਫ਼ਾਨ, ਜਵਾਲਾਮੁਖੀ ਦਾ ਫ਼ੱਟਣਾ, ਭੂਚਾਲ, ਜੰਗਲ ਦੀ ਅੱਗ, ਆਸਮਾਨੀ ਬਿਜਲੀ ਅਤੇ ਮਹਾਂਮਾਰੀ {ਵਿਆਪਕ ਰੋਗ (epidemics)} … ਵਗੈਰਾ ਵਗੈਰਾ। ਕਈ ਕੁਦਰਤੀ ਕ੍ਰਿਸ਼ਮੇ ਮਨੁੱਖਤਾ ਵਾਸਤੇ ਵਰ ਹਨ ਅਤੇ ਕਈ ਸ਼ਰਾਪ। ਇਹ ਕ੍ਰਿਸ਼ਮੇ ਕਲਿਆਣਕਾਰੀ ਵੀ ਹਨ ਅਤੇ ਵਿਨਾਸ਼ਕਾਰੀ ਵੀ। ਕੁਦਰਤ ਦੇ ਨਿਯਮਾਂ ਤੋਂ ਅਣਜਾਣ ਮਨੁੱਖ ਨੂੰ ਇਨ੍ਹਾਂ ਪ੍ਰਾਕ੍ਰਿਤਿਕ ਚਮਤਕਾਰਾਂ ਪਿੱਛੇ ਕੰਮ ਕਰ ਰਹੀ ਅਗਿਆਤ ਗ਼ੈਬੀ ਸ਼ਕਤੀ ਦੇ ਸਵਾਮੀ/ਮਾਲਿਕ ਨੂੰ ਜਾਣਨ, ਦੇਖਣ ਤੇ ਮਿਲਨ ਦੀ ਪ੍ਰਬਲ ਇੱਛਾ ਹਮੇਸ਼ਾ ਤੋਂ ਰਹੀ ਹੈ।

ਮਨੁੱਖ ਦੀ ਇਸ ਪ੍ਰਬਲ ਇੱਛਾ ਦੀ ਕੁੱਖੋਂ ਹੀ ਕੁਦਰਤ ਦੇ ਕਾਦਰ, ਸਿਰਜਨਾ ਦੇ ਸਿਰਜਨਹਾਰ ਅਤੇ ਖ਼ਲਕਤ ਦੇ ਖ਼ਾਲਿਕ ਦੇ ਸੰਕਲਪ ਦਾ ਜਨਮ ਹੋਇਆ। ਉਸ ਸੂਖਮ, ਅਸਥੂਲ਼ ਅਤੇ ਅਲਖ ਸਿਰਜਨਹਾਰ ਨੂੰ ਸੰਸਾਰ ਦੀਆਂ ਅਲਗ ਅਲਗ ਭਾਸ਼ਾਵਾਂ ਵਿੱਚ ਵੱਖ ਵੱਖ ਨਾਂਵਾਂ ਨਾਲ ਜਾਣਿਆ ਜਾਂਦਾ ਰਿਹਾ ਹੈ, ਜਿਵੇਂ: ਹਰਿ, ਪ੍ਰਭੂ, ਰਾਮ, ਈਸ਼ਵਰ, ਭਗਵਾਨ, ਗੌਡ (God, The Deity), ਅੱਲਾ, ਰਬ, ਖ਼ੁਦਾ, ਅਕਾਲ, ਕਰਤਾਰ, ਸਤਿਗੁਰ ਆਦਿ। ਬਾਬਾ ਆਦਮ ਦੇ ਜ਼ਮਾਨੇ ਤੋਂ ਹੀ ਮਨੁੱਖ ਉਸ ਅਲੌਕਿਕ ਅਦ੍ਰਿਸ਼ਟ ਸਮਰੱਥ ਸ਼ਕਤੀ ਵਿੱਚ ਸ਼੍ਰੱਧਾ/ਯਕੀਨ/ਵਿਸ਼ਵਾਸ ਰੱਖਣ ਅਤੇ ਉਸ ਦੀ ਰਜ਼ਾ ਵਿੱਚ ਰਹਿਣ ਅਰਥਾਤ ਉਸ ਦੇ ਭਾਣੇ ਨੂੰ ਸਿਰ-ਮੱਥੇ ਮੰਨਣ ਨੂੰ ਹੀ ਆਪਣਾ ਧਰਮ ਸਮਝਦਾ ਰਿਹਾ ਹੈ। ਇਸ ਵਿਸ਼ਵਾਸ ਦੇ ਕਾਰਣ ਕੁਦਰਤ ਦੇ ਕਾਦਰ ਦੇ ਦਰਸ਼ਨਾਂ ਦੀ ਅਭਿਲਾਸ਼ਾ ਮਨੁੱਖ ਦੇ ਮਨ ਵਿੱਚ ਹਮੇਸ਼ਾ ਖੁਟਕਦੀ ਰਹੀ ਹੈ।

ਆਤਮਿਕ ਪੱਖੋਂ ਕਮਜ਼ੋਰ ਮਨੁੱਖ ਨੂੰ ਜਨਮ-ਜੀਵਨ-ਮੌਤ ਦੇ ਦੁੱਖ- ਸੰਤਾਪ ਵੀ ਹਮੇਸ਼ਾ ਸਤਾਉਂਦੇ ਰਹਿੰਦੇ ਸਨ/ਹਨ। ਸੰਸਾਰਕ ਸੁੱਖਾਂ ਦਾ ਸੈਦਾਈ ਮਨੁੱਖ ਸੁੱਖਾਂ ਦੀ ਪ੍ਰਾਪਤੀ ਅਤੇ ਦੁੱਖਾਂ-ਦਰਿਦ੍ਰਾਂ ਦੀ ਨਿਵਿਰਤੀ ਲਈ ਸਦਾ ਤੜਪਦਾ ਰਹਿੰਦਾ ਅਤੇ ਉਸ ਅਗਿਆਤ ਅਲੌਕਿਕ ਸਮਰਥ ਹਸਤੀ ਨੂੰ ਭਾਲਦਾ ਰਹਿੰਦਾ ਤਾਂ ਜੋ ਉਹ ਦੁੱਖਾਂ-ਦਰਿਦ੍ਰਾਂ ਤੋਂ ਛੁਟਕਾਰਾ ਪਾਉਣ ਵਾਸਤੇ ਉਸ ਹਸਤੀ ਅੱਗੇ ਰਹਿਮ ਦੀ ਅਪੀਲ, ਅਤੇ ਉਸ ਦੀਆਂ ਦਿੱਤੀਆਂ ਬਖ਼ਸ਼ਿਸ਼ਾਂ ਲਈ ਉਸ ਦਾ ਸ਼ੁਕਰਾਨਾ ਵੀ ਕਰ ਸਕੇ!

ਅਗਿਆਨਮਤੀ ਲਾਚਾਰ ਮਨੁੱਖਾਂ ਦੀ ਇਸ ਮਨੋ-ਦਸ਼ਾ ਨੂੰ ਭਾਂਪਦਿਆਂ, ਗ਼ੈਬੀ ਸ਼ਕਤੀ ਵਾਲੀ ਬੁਝਾਰਤ ਨੂੰ ਬੁੱਝਣ ਅਤੇ ਉਸ ਸ਼ਕਤੀ ਦੇ ਦਰਸ਼ਨ ਕਰਾਉਣ ਵਾਸਤੇ ਮਨੁੱਖਾ ਸਮਾਜ ਵਿੱਚ ਕਈ ਸਵਾਰਥੀ, ਸ਼ਾਤਰ ਤੇ ਸ਼ੈਤਾਨ ਕਿਸਮ ਦੇ ਬੁਝੱਕੜ ਨਾਥ * ਰੂੜੀ ਦੀਆਂ ਖੁੰਬਾਂ ਵਾਂਗ ਉਮਡ ਆਏ। (ਨੋਟ:-ਪਾਂਡੇ, ਪੁਜਾਰੀ, ਜੋਤਸ਼ੀ, ਸੰਤ, ਮਹੰਤ, ਬਾਬੇ ਅਤੇ ਡੇਰੇਦਾਰ ਆਦਿਕ ਉਨ੍ਹਾਂ ਬੁਝੱਕੜ ਨਾਥਾਂ ਦੇ ਹੀ ਵੰਸ਼ਜ/ਜਾਨਸ਼ੀਨ ਹਨ)! ਕਪਟੀ ਬੁਝੱਕੜ ਨਾਥਾਂ ਦੀ ਟੋਲੀ ਨੇ ਅਗਿਆਨਤਾ ਦੇ ਅਨ੍ਹੇਰੇ ਵਿੱਚ ਠੇਡੇ ਖਾ ਰਹੇ ਲੋਕਾਂ ਨੂੰ ਮੂਰਖ ਬਣਾ ਕੇ ਲੁੱਟਣ ਵਾਸਤੇ, ਪਰਮੇਸ਼ਰ ਨੂੰ ਲਾਂਭੇ ਕਰਕੇ, ਕਈ ਹੋਰ ਅਦ੍ਰਿਸ਼ਟ ਤੇ ਮਿਥਿਹਾਸਿਕ ਸ਼ਕਤੀਆਂ (ਇਸ਼ਟ), {ਦੇਵੀ-ਦੇਵਤੇ (gods, goddesses / deities), ਸੁਰ, ਧਰਮਰਾਜ, ਫ਼ਰਿਸ਼ਤੇ, ਪੈਗ਼ੰਬਰ, ਏਂਜਲਜ਼ (angels), ਅਤੇ ਗ੍ਰਹਿ (ਸੂਰਜ, ਸ਼ਨੀ ਮੰਗਲ ਵਗੈਰਾ)}, ਈਜਾਦ ਕਰਕੇ ਉਨ੍ਹਾਂ ਦੇ ਫ਼ਰਜ਼ੀ ਨਾਮ ਵੀ ਘੜ ਲਏ ਅਤੇ ਉਨ੍ਹਾਂ ਨੂੰ ਕੁਦਰਤ ਦੇ ਵੱਖ ਵੱਖ ਵਿਭਾਗਾਂ ਦਾ ਮੁਖੀ ਵੀ ਨਿਯੁਕਤ ਕਰ ਦਿੱਤਾ: ਤਿੰਨ ਵੱਡੇ ਵਿਭਾਗਾਂ (ਸਿਰਜਣਾ, ਪਾਲਣ-ਪੋਸਨ ਤੇ ਨਿਆਂ) ਦੇ ਮੁਖੀਏ ਬ੍ਰਹਮਾ, ਵਿਸ਼ਨੂ ਤੇ ਸ਼ਿਵ ਥਾਪ ਦਿੱਤੇ ਗਏ, ਵਰਖਾ-ਵਿਭਾਗ ਇੰਦਰ ਦੇ ਹਵਾਲੇ ਕੀਤਾ, ਸ਼ਕਤੀ ਦਾ ਮਹਿਕਮਾ ਭਗਉਤੀ/ਦੁਰਗਾ ਦਾ, ਵਿੱਦਿਆ ਦਾ ਵਿਭਾਗ ਸਰਸਵਤੀ ਕੋਲ ਅਤੇ ਮਾਇਆ ਦਾ ਮਹਿਕਮਾ ਮਾਂ ਲਕਸ਼ਮੀ ਦੇਵੀ ਦਾ……ਵਗੈਰਾ ਵਗੈਰਾ। ਕਾਲਪਨਿਕ ਸ਼ਕਤੀਆਂ ਦੇ ਕਲਪ ਦੇ ਆਧਾਰ `ਤੇ ਸਮੇਂ ਦੇ ਲਿਖਾਰੀਆਂ ਨੇ, ਉਸ ਜ਼ਮਾਨੇ ਦੇ ਵਿਆਪਕ ਵਿਸ਼ਵਾਸਾਂ ਅਨੁਸਾਰ, ਕਈ ਮਿਥਿਹਾਸਿਕ ਗ੍ਰੰਥਾਂ ਦੀ ਰਚਨਾ ਕਰ ਦਿੱਤੀ। ਇਨ੍ਹਾਂ ਗ੍ਰੰਥਾਂ ਦੇ ਨਾਇਕ ਪਾਤਰ ਦੇਵੀ ਦੇਵਤੇ ਤੇ ਗ੍ਰਹਿ ਆਦਿ ਹੀ ਬਣਾਏ ਗਏ। ਗ੍ਰੰਥਾਂ ਨੂੰ ਰੌਚਕ ਅਤੇ ਇਨ੍ਹਾਂ ਗ੍ਰੰਥਾਂ ਦੇ ਅਲੌਕਿਕ ਪਾਤ੍ਰਾਂ ਨੂੰ ਉਘਾੜ ਕੇ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਕਈ ਖਲਨਾਇਕ ਪਾਤਰ (ਰਾਖਸ, ਰਾਖਸਨੀਆਂ, ਦੈਂਤ, ਦੈਂਤਨੀਆਂ, ਅਸੁਰ, ਸ਼ੈਤਾਨ (satan), ਅਪਸਰਾਂ/ਹੂਰਾਂ, ਯਮਰਾਜ, ਜਿੱਨ ਅਤੇ ਭੂਤ-ਪ੍ਰੇਤ ਅਦਿ) ਵੀ ਘੜ ਲਏ ਗਏ। ਮਿਥਿਹਾਸਿਕ ਨਾਇਕਾਂ ਦੇ ਵਿਚਰਨ ਵਾਸਤੇ ਸਵਰਗ {ਜੱਨਤ, ਬਹਿਸ਼ਤ (Heaven)} ਦਾ ਸੰਕਲਪ ਅਤੇ ਖਲਨਾਇਕਾਂ ਦੇ ਰਹਿਣ ਲਈ ਅਤਿਅੰਤ ਦੁੱਖ-ਸੰਤਾਪ ਵਾਲੇ ਨਰਕ {ਜਹੱਨਮ/ਦੋਜ਼ਖ (hell)} ਦਾ ਵਿਕਲਪ ਵੀ ਮਨੁੱਖ ਦੀ ਝੋਲੀ ਪਾ ਦਿੱਤੇ ਗਏ। ਹੌਲੀ ਹੌਲੀ ਇਨ੍ਹਾਂ ਗ੍ਰੰਥਾਂ ਦੇ ਪਾਠ ਦੁਆਰਾ ਮਨੁੱਖਾਂ ਦੀ ਮਾਨਸਿਕਤਾ ਵਿੱਚ ਦੇਵੀ-ਦੇਵਤਿਆਂ, ਦੈਂਤਾਂ ਅਤੇ ਸਵਰਗ-ਨਰਕ ਪ੍ਰਤਿ ਅਟੁੱਟ ਵਿਸ਼ਵਾਸ (ਦਰਅਸਲ ਅੰਧਵਿਸ਼ਵਾਸ) ਘਰ ਕਰ ਗਿਆ। ਇਸ ਵਿਸ਼ਵਾਸ ਦੀਆਂ ਜੜ੍ਹਾਂ ਪੱਕੀਆਂ ਕਰਨ ਵਾਸਤੇ ਇਨ੍ਹਾਂ ਹਵਾਈ ਹੋਂਦਾਂ ਦੀਆਂ ਕਾਲਪਨਿਕ ਮੂਰਤੀਆਂ ਬਣਾ ਲਈਆਂ ਗਈਆਂ। ਮੂਰਤੀਆਂ ਦੀ ਸਥਾਪਨਾ ਵਾਸਤੇ ਦੇਵ-ਮੰਦਿਰ/ਇਸ਼ਟ-ਘਰ ਉਸਾਰ ਲਏ ਗਏ। ਇਨ੍ਹਾਂ ਮੰਦਿਰਾਂ/ਇਸ਼ਟਦੇਵ-ਘਰਾਂ ਅੰਦਰ ਯੋਜਨਾ-ਬੱਧ ਢੰਗ ਨਾਲ ਮੂਰਤੀਆਂ ਦੀ ਪੂਜਾ-ਭਗਤੀ ਦੀ ਸਦੀਵੀ ਪਰੰਪਰਾ ਹੋਂਦ ਵਿੱਚ ਲਿਆਂਦੀ ਗਈ। ਹੌਲੀ ਹੌਲੀ, ਮਿਥਿਹਾਸਿਕ ਹੋਂਦਾਂ ਦੀਆਂ ਕਾਲਪਨਿਕ ਮੂਰਤੀਆਂ ਦੀ ਪੂਜਾ ਵਿੱਚ ਲੋਕਾਂ ਦਾ ਅੰਧਵਿਸ਼ਵਾਸ ਇਤਨਾ ਪੱਕਾ ਹੋ ਗਿਆ ਕਿ ਅੱਜ ਸਾਹ-ਸਤ-ਹੀਣ ਸਥੂਲ ਮੂਰਤੀਆਂ ਨੂੰ ਹੀ ਇਸ਼ਟ ਸਮਝਿਆ/ਮੰਨਿਆ ਜਾਂਦਾ ਹੈ! ਮੂਰਤੀਆਂ ਦੀ ਪੂਜਾ-ਅਰਚਨਾ ਕਰਨ/ਕਰਵਾਉਣ ਵਾਸਤੇ ਪੁਜਾਰੀ ਸ਼੍ਰੇਣੀ ਹੋਂਦ ਵਿੱਚ ਆਈ। ਇਸ ਸ਼੍ਰੇਣੀ ਨੇ ਆਪਣੇ ਸੁਆਰਥ ਤੇ ਮਨੁੱਖ ਦੇ ‘ਕਲਿਆਣ’ ਲਈ ਕਈ ਕਰਮਕਾਂਡ (ਧਰਮ-ਕਰਮ) ਪ੍ਰਚੱਲਿਤ ਕਰ ਦਿੱਤੇ ਜੋ ਅੱਜ ਤੀਕ ਪ੍ਰਚੱਲਿਤ ਹਨ। ਗੁਰਬਾਣੀ ਵਿੱਚ ਇਸ ਸਾਰੇ ਖਿਲਾਰੇ ਨੂੰ ਮਾਇਆ ਦੀ ਖੇਡ ਦੱਸਿਆ ਗਿਆ ਹੈ:

ਦੇਵੀ ਦੇਵਾ ਮੂਲੁ ਹੈ ਮਾਇਆ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ॥

ਕਾਮੁ ਕ੍ਰੋਧੁ ਪਸਰਿਆ ਸੰਸਾਰੇ ਆਇ ਜਾਇ ਦੁਖੁ ਪਾਵਣਿਆ॥ ਮ: ੩

ਉਕਤ ਵਿਚਾਰੇ ਸਾਰੇ ਖਲਜਗਣ ਨੂੰ ਦਵੈਤਵਾਦ, ਬਹੁਦੇਵ ਪੂਜਾਵਾਦ ਜਾਂ ਬਹੁ-ਇਸ਼ਟ ਪੂਜਾਵਾਦ (polytheism) ਦਾ ਨਾਮ ਦਿੱਤਾ ਗਿਆ ਹੈ। ਜਿਤਨੇ ਮਿਥਿਹਾਸਿਕ ਇਸ਼ਟ, ਉਤਨੀਆਂ ਹੀ ਸਿਰਜਨਹਾਰ ਦੀ ਸਿਰਜੀ ਮਨੁੱਖਤਾ ਵਿੱਚ ਘਾਤਿਕ ਵੰਡ ਦੀਆਂ ਸਦੀਵੀ ਲਕੀਰਾਂ, ਉਤਨਾ ਹੀ ਧਰਮ ਦੇ ਨਾਮ `ਤੇ ਖ਼ੂਨ-ਖ਼ਰਾਬਾ, ਭ੍ਰਸ਼ਟਾਚਾਰ ਅਤੇ ਲੁੱਟ-ਖਸੁਟ! ਇਤਿਹਾਸ ਸਾਖੀ ਹੈ ਕਿ ਮਨੁੱਖ ਹਮੇਸ਼ਾ ਤੋਂ ਹੀ ਸ਼ਾਤਰ ਪੁਜਾਰੀ ਦੇ ਇਸ ਕਾਰੇ ਦਾ ਸੰਤਾਪ ਭੁਗਤਦਾ ਰਿਹਾ ਹੈ, ਅੱਜ ਵੀ ਭੁਗਤ ਰਿਹਾ ਹੈ ਅਤੇ ਹਮੇਸ਼ਾ ਭੁਗਤਦਾ ਰਹੇ ਗਾ! !

ਪ੍ਰਾਚੀਨ ਧਰਮ-ਗ੍ਰੰਥਾਂ ਦੇ ਲਿਖਾਰੀਆਂ ਨੇ ਇੱਕ ਹੋਰ ਅਮਾਨਵੀ ਖੇਡ ਖੇਡੀ: ਮਨੁੱਖ ਨੂੰ ਮਾਨਸਿਕ ਤੌਰ `ਤੇ ਗ਼ੁਲਾਮ ਬਣਾ ਕੇ ਲੁੱਟਣ ਲਈ ਮਨੁੱਖਤਾ ਨੂੰ ਧਰਮ ਦੇ ਨਾਮ ਉੱਤੇ ਚਾਰ ਵਰਣਾਂ (ਬ੍ਰਾਹਮਣ, ਖੱਤਰੀ, ਵੈਸ਼ ਤੇ ਸ਼ੂਦਰ) ਵਿੱਚ ਵੰਡ ਦਿੱਤਾ। (ਨੋਟ:-ਇਹ ਅਮਾਨਵੀ ਵੰਡ, ਕਿਸੇ ਨਾ ਕਿਸੇ ਰੂਪ ਵਿੱਚ, ਹੋਰ ਸੰਸਾਰਕ ਧਰਮਾਂ ਵਿੱਚ ਵੀ ਦਿਖਾਈ ਦਿੰਦੀ ਹੈ)। ਧਰਮ-ਗ੍ਰੰਥਾਂ, ਧਰਮ-ਸਥਾਨਾਂ ਅਤੇ ਧਰਮ-ਕਰਮਾਂ ਦੇ ਸਾਰੇ ਅਧਿਕਾਰ ਪੰਡਿਤ/ਪੁਜਾਰੀ ਨੇ ਆਪਣੇ ਕੋਲ ਰੱਖੇ; ਪੁਜਾਰੀਆਂ ਦੀ ਰੱਖਿਆ ਕਰਨ ਤੇ ਕਿਰਤੀਆਂ ਤੋਂ ਉਨ੍ਹਾਂ ਦੀ ਕਮਾਈ ਜਬਰਨ ਖੋਹ ਕੇ ਧਰਮ ਦੇ ਨਾਂ `ਤੇ ਦਾਨ ਦੇਣ ਦਾ ਦੁਸ਼-ਕਰਮ ਖੱਤਰੀ ਦੇ ਸਪੁਰਦ ਕਰ ਦਿੱਤਾ; ਵਣਜ-ਵਪਾਰ ਅਤੇ ਖੇਤੀ ਵੈਸ਼ ਦੇ ਹਵਾਲੇ ਕਰ ਦਿੱਤੇ ਗਏ; ਅਤੇ ਇਨ੍ਹਾਂ ਤਿੰਨਾਂ ਲੋਟੂ ਸ਼੍ਰੇਣੀਆਂ ਦੀ ਸੇਵਾ ਦਾ ਜ਼ਿੰਮਾ ਦਲਿਤ ਸ਼ੂਦਰ ਦੇ ਸਿਰ ਮੜ੍ਹ ਦਿੱਤਾ। ਪਾਂਡੇ/ਪੁਜਾਰੀਆਂ ਦਾ ਸਿਰਜਨਹਾਰ ਦੀ ਸਿਰਜੀ ਮਾਨਵਤਾ ਵਿੱਚ ਅਮਾਨਵੀ ਤੇ ਅਨੈਤਿਕ ਵੰਡੀਆਂ ਪਾਉਣ ਦਾ ਇਹ ਦੂਜਾ ਕਾਰਾ ਸੀ।

ਧਰਮ-ਖੇਤ੍ਰ ਦੇ ਸਾਰੇ ਅਧਿਕਾਰ ਰਾਖਵੇਂ ਕਰਕੇ ਪੁਜਾਰੀ ਨੇ ਸਵਰਗ ਤੇ ਨਰਕ ਦਾ ਜੋ ਕਾਲਪਨਿਕ ਸ਼ੜਯੰਤ੍ਰ ਰਚਿਆ, ਉਸ ਅਨੁਸਾਰ ਦੁਰਲੱਭ ਤੇ ਦੁਰਗਮ ਸਵਰਗ ਵਿੱਚ ਦਾਖ਼ਿਲ ਹੋਣ ਦਾ ਵੀਜ਼ਾ ਦੇਣ ਦਾ ਹੱਕ ਵੀ ਪੁਜਾਰੀ ਨੇ ਆਪਣਾ ਰਾਖਵਾਂ ਕਰ ਲਿਆ। ਅਤੇ ਨਰਕ ਦੇ ਕਸ਼ਟਦਾਇਕ ਭਾਂਬੜਾਂ ਤੋਂ ਬਚਣ ਦੀ ਜੁਗਤੀ ਦਾ ਭੇਦ ਵੀ ਪੁਜਾਰੀ ਨੇ ਆਪਣੇ ਕੋਲ ਗੁਪਤ ਰੱਖ ਲਿਆ! ! ਸਵਰਗ ਦਾ ਵੀਜ਼ਾ ਜਾਰੀ ਕਰਨ ਦੀ ਫ਼ੀਸ ਤੇ ਨਰਕ ਵਿੱਚ ਸੁੱਟੇ ਜਾਣ ਤੋਂ ਬਚਾਓ ਲਈ ਕੀਤੇ ਜਾਣ ਵਾਲੇ ਉਪਾਓ ਦਾ ਖ਼ਰਚਾ, ਦਾਨ-ਭੇਟਾ ਦੇ ਨਾਮ `ਤੇ, ਵਸੂਲਣ ਦਾ ਹੱਕ ਵੀ ਪੁਜਾਰੀ ਨੇ ਆਪਣੇ ਕੋਲ ਹੀ ਰੱਖਿਆ! ਇਸ ਤਰ੍ਹਾਂ ਪੁਜਾਰੀ, ਇਸ਼ਟ-ਦੇਵ ਅਤੇ ਮਨੁੱਖ ਵਿਚਾਲੇ, ਵਿਚੋਲੇ ਦੀ ਲਾਭਕਾਰੀ ਭੂਮਿਕਾ ਨਿਭਾਉਣ ਦਾ ਸਦੀਵੀ ਠੇਕੇਦਾਰ ਬਣ ਬੈਠਾ। ਸੋ, ਪੁਜਾਰੀ ਨੇ ਸਾਰੇ ਮਨੁੱਖਾਂ ਨੂੰ ਮਾਨਸਿਕ ਤੌਰ `ਤੇ ਆਪਣਾ ਗ਼ੁਲਾਮ ਬਣਾ ਕੇ ਉਨ੍ਹਾਂ ਦੀ ਕਿਰਤ-ਕਮਾਈ ਨੂੰ ਧਰਮ ਦੇ ਨਾਮ `ਤੇ ਬਟੋਰ ਕੇ ਖਾਣ ਦਾ ਆਪਣਾ ਅਮਾਨਵੀ ਰਾਹ ਪੱਧਰਾ ਕਰ ਲਿਆ। ਗੁਰਬਾਣੀ ਵਿੱਚ ਦੂਸਰਿਆਂ ਦੀ ਕਿਰਤ-ਕਮਾਈ ਠੱਗ ਕੇ ਖਾਣ ਨੂੰ ਹਰਾਮ-ਖ਼ੋਰੀ ਜਾਂ ਮੁਰਦਾਰ-ਖ਼ੋਰੀ ਕਿਹਾ ਗਿਆ ਹੈ!

ਦੂਜੇ ਪਾਸੇ, ਸ਼ਾਸਕ ਸ਼੍ਰੇਣੀ ਵੀ ਹਮੇਸ਼ਾ ਤੋਂ ਮਨੁੱਖਤਾ ਦੀ ਵੈਰਨ ਹੈ। ਰਾਜ ਕਰਨ ਦੀ ਪ੍ਰਬਲ ਇੱਛਾ ਨੇ ਮਨੁੱਖ ਨੂੰ ਖ਼ੂਨਖ਼ਵਾਰ ਦਰਿੰਦਾ ਬਣਾ ਰੱਖਿਆ ਸੀ/ਹੈ। ਰਾਜ-ਸਿੰਘਾਸਨ ਦੀ ਪ੍ਰਾਪਤੀ ਅਤੇ ਜ਼ੁਲਮ ਤੇ ਦਹਿਸ਼ਤ ਨਾਲ ਪ੍ਰਾਪਤ ਕੀਤੇ ਸਿੰਘਾਸਨ ਨੂੰ ਪੁਸ਼ਤਾਂ ਤੀਕ ਆਪਣੇ ਹੀ ਕਬਜ਼ੇ ਵਿੱਚ ਰੱਖਣ ਲਈ ਅਣਗਿਣਤ ਮਾਅਸੂਮ ਮਨੁੱਖਾਂ ਦੀ ਬਲੀ ਦਿੱਤੀ ਜਾਂਦੀ ਰਹੀ ਹੈ। ਨਿਰਦਈ ਰਾਜੇ ਆਪਣੀ ਐਸ਼-ਪਰਸਤੀ ਤੇ ਸੁੱਖ-ਆਰਾਮ ਵਾਸਤੇ ਜਨਤਾ ਦਾ ਖ਼ੂਨ ਪੀਂਦੇ ਤੇ ਬਹਾਉਂਦੇ ਰਹੇ ਸਨ/ਹਨ। ਨਿਰਦਈ ਮੁਰਦਾਰਖ਼ੋਰ ਸ਼ਾਸਕ ਕਿਰਤੀ ਮਨੁੱਖਾਂ ਦੀ ਕਿਰਤ-ਕਮਾਈ ਕਰ (tax) ਦੇ ਨਾਮ `ਤੇ ਜਬਰਨ ਖੋਹ ਕੇ ਖਾਂਦੇ ਰਹੇ ਹਨ। ਗੁਰੁਬਾਣੀ ਵਿੱਚ ਹੱਡ-ਰੱਖ ਪੁਜਾਰੀਆਂ ਤੇ ਸ਼ਾਸਕਾਂ ਨੂੰ ਮਾਣਸਾਂ ਦੀ ਰਤ ਪੀਣ ਵਾਲੇ ਮਾਣਸ ਖਾਣੇ ਕਿਹਾ ਗਿਆ ਹੈ!

ਪੁਜਾਰੀਆਂ ਨੂੰ ਆਪਣੇ ਠੱਗੀ ਦੇ ਅੱਡੇ ਚਲਾਉਣ ਵਾਸਤੇ ਸ਼ਾਸਕਾਂ ਦੇ ਸਹਿਯੋਗ ਦੀ ਲੋੜ ਹੈ; ਅਤੇ ਸ਼ਾਸਕਾਂ ਨੂੰ ਆਪਣੀ ਗੱਦੀ ਹੱਥਿਆਉਣ ਤੇ ਇਸ ਗੱਦੀ ਨੂੰ ਬਚਾ ਕੇ ਰੱਖਣ ਵਾਸਤੇ ਪੁਜਾਰੀ ਦੀ ਮਦਦ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਦੋਹਾਂ ਦੀ ਜੁੰਡੀ ਦਾ ਗਠਜੋੜ ਸਦਾ ਤੋਂ ਹੈ ਅਤੇ ਹਮੇਸ਼ਾ ਰਹੇਗਾ! ! ! ਜਿਸ ਕਿਸੇ ਨੇ ਵੀ ਇਨ੍ਹਾਂ ਦੋਨਾਂ ਵਿੱਚੋਂ ਕਿਸੇ ਇੱਕ ਦੇ ਵਿਰੁੱਧ ਅਵਾਜ਼ ਉਠਾਈ, ਇਨ੍ਹਾਂ ਦੋਨਾਂ ਮਾਣਸ-ਖਾਣਿਆਂ ਨੇ ਰਲ ਕੇ ਉਸ ਦਾ ਜੋ ਹਸ਼ਰ ਕੀਤਾ ਉਹ ਇਨ੍ਹਾਂ ਹੰਕਾਰੀਆਂ ਦੀ ਰਾਖ਼ਸ਼ਿਸ਼ ਬਿਰਤੀ ਦਾ ਸਬੂਤ ਹੈ। ਇਸ ਤੱਥ ਦੇ ਅਨੇਕ ਪ੍ਰਮਾਣ ਇਤਿਹਾਸ ਵਿੱਚੋਂ ਮਿਲਦੇ ਹਨ:- ਪੁਜਾਰੀਆਂ ਵੱਲੋਂ ਪ੍ਰਚਾਰੇ ਜਾਂਦੇ (ਅੰਧ-) ਵਿਸ਼ਵਾਸ ਦੇ ਵਿਰੁੱਧ, ਆਤਮਾ ਦੀ ਸਦੀਵਤਾ ਦੇ ਸਮਰਥਕ ਸੁਕਰਾਤ ਨੂੰ ਸਨਾਤਨ ਧਰਮ ਦੇ ਪਾਖੰਡਾਂ ਵਿਰੁੱਧ ਆਵਾਜ਼ ਉਠਾਉਣ ਦੇ ‘ਦੋਸ਼’ ਦੀ ਸਜ਼ਾ ਜ਼ਹਿਰ ਦਾ ਪਿਆਲਾ ਸੀ! ਆਤਮਗਿਆਨੀ ਮਨਸੂਰ ਨੇ ਅਨਾਲ ਹੱਕ انالحق /ਅਹੰ ਬ੍ਰਹਮਾਸਮਿ/ I am the God ਕਿਹਾ ਤਾਂ ਉਸ ਨੂੰ ਸੂਲੀ ਉੱਤੇ ਬਿਠਾ ਦਿੱਤਾ ਗਿਆ! ਗ਼ਜ਼ਨੀ ਦੇ ਫ਼ਕੀਰ ਸ਼ਮਸ ਤਬਰੇਜ਼ ਨੇ ਵੀ ਮਨਸੂਰ ਵਾਲੀ ‘ਗ਼ਲਤੀ’ ਕੀਤੀ ਤਾਂ, ਮੌਲਵੀ ਦੇ ਉਕਸਾਉਣ `ਤੇ, ਰਾਜੇ ਨੇ ਉਸ ਰੱਬ ਦੇ ਬੰਦੇ ਦੀ ਖੱਲ ਉਤਰਵਾ ਦਿੱਤੀ! ਪੁਜਾਰੀਆਂ ਦੇ ਪਾਖੰਡ-ਜਾਲ ਵਿੱਚੋਂ ਨਿਕਲ ਕੇ ਸੱਚੇ ਸਾਹ ਦਾ ਦੀਵਾਨਾ ਹੋਣ ਵਾਲੇ ਬਾਬੇ ਨਾਨਕ ਨੂੰ ਪੁਜਾਰੀਆਂ ਅਤੇ ਉਨ੍ਹਾਂ ਮਗਰ ਲੱਗੇ ਅੰਧਵਿਸ਼ਵਾਸੀ ਕਰਮਕਾਂਡੀਆਂ ਨੇ ਭੂਤਨਾ ਤੇ ਬੇਤਾਲਾ ਕਹਿਣਾ ਸ਼ੁਰੂ ਕਰ ਦਿੱਤਾ! ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ……! ਖਗੋਲ-ਵਿਗਿਆਨੀ ਨਿਕੋਲਸ ਕੌਪਰਨੀਕਸ (Nicolaus Copernicus) ਨੇ ਪ੍ਰਚੱਲਿਤ ਧਾਰਮਿਕ ਅੰਧਵਿਸ਼ਵਾਸ ਦੇ ਉਲਟ ਕਹਿ ਦਿੱਤਾ ਕਿ ਸੂਰਜ ਸਥਿਰ ਹੈ ਅਤੇ ਧਰਤੀ ਸੂਰਜ ਦੁਆਲੇ ਗੇੜੇ ਕੱਢਦੀ ਹੈ ਤਾਂ ਉਸ ਤਾਰਕਿਕ ਖੋਜੀ ਨੂੰ ਪੁਜਾਰੀਆਂ ਦੀਆਂ ਅਮਾਨਵੀ ਧਮਕੀਆਂ ਦਾ ਸਾਹਮਣਾ ਕਰਨਾ ਪਿਆ। ਅਤੇ ਕੌਪਰਨੀਕਸ ਦੀ ਅਦੁੱਤੀ ਖੋਜ ਦਾ ਸਮਰਥਨ ਕਰਨ ਵਾਲੇ ਗੇਲਿਲੀਓ (Galileo) ਨੂੰ ਘਰ ਦੀ ਕੈਦ (house arrest) ਦੀ ਜ਼ਲੀਲ ਜ਼ਿੰਦਗੀ ਗੁਜ਼ਾਰਨੀ ਪਈ! ! ਸੰਸਾਰ ਦੇ ਇਤਿਹਾਸ ਵਿੱਚ ਅਜਿਹੇ ਅਣਗਿਣਤ ਬਿਰਤਾਂਤ ਹੋ ਚੁੱਕੇ ਹਨ ਅਤੇ ਹਰ ਰੋਜ਼ ਹੋ ਰਹੇ ਹਨ ਅਤੇ ਹੁੰਦੇ ਰਹਿਣ ਗੇ! ! ! ਇਤਿਹਾਸ ਇਸ ਸੱਚ ਦੀ ਗਵਾਹੀ ਵੀ ਭਰਦਾ ਹੈ ਕਿ ਸੰਸਾਰ ਦੀਆਂ ਸਾਰੀਆਂ ਜੰਗਾਂ ਤੇ ਮਾਨਵਤਾ ਦੀ ਤਬਾਹੀ ਦਾ ਮੁਖ ਕਾਰਣ ਬਹੁਇਸ਼ਟ-ਪੂਜਾ-ਵਾਦ ਅਤੇ ਰਾਜ ਦੀ ਸਥਾਪਨਾ ਤੇ ਪਸਾਰ ਹੀ ਸੀ/ਹੈ!

ਸਪਸ਼ਟ ਹੈ ਕਿ ਧਰਮ-ਸਥਾਨਾਂ ਦੇ ਪਾਖੰਡੀ ਪੁਜਾਰੀ ਅਤੇ ਖ਼ੂੰਖਵਾਰ ਨਿਰਦਈ ਸ਼ਾਸਕ ਇੱਕੋ ਚੱਕੀ ਦੇ ਦੋ ਪੁੜ ਹਨ ਜਿਨ੍ਹਾਂ ਵਿਚਾਲੇ ਮਾਅਸੂਮ ਮਾਨਵਤਾ ਹਮੇਸ਼ਾ ਤੋਂ ਹੀ ਬੜੀ ਬੇਰਹਿਮੀ ਨਾਲ ਦਰੜੀ ਜਾ ਰਹੀ ਹੈ। ਇਹ ਵੀ ਸੱਚ ਹੈ ਕਿ ਇਨ੍ਹਾਂ ਦੋਨਾਂ ਨੇ ਆਪਣੇ ਸਵਾਰਥ ਦੀ ਖ਼ਾਤਿਰ ਜਨਤਾ ਨੂੰ ਧਰਮ-ਇਸ਼ਟ ਦੇ ਨਾਮ `ਤੇ ਆਪਸ ਵਿੱਚ ਹੀ ਲੜਾ ਲੜਾ ਕੇ ਮਰਵਾਇਆ ਹੈ, ਹਰ ਦਿਨ ਮਰਵਾ ਰਹੇ ਹਨ ਅਤੇ ਹਮੇਸ਼ਾ ਮਰਵਾਉਂਦੇ ਰਹਿਣ ਗੇ! … …

ਚਲਦਾ……

ਗੁਰਇੰਦਰ ਸਿੰਘ ਪਾਲ

ਅਪ੍ਰੈਲ 17, 2016.

*ਬੁਝੱਕੜ ਨਾਥ: ਬੁਝਾਰਤਾਂ ਬੁੱਝਣ ਵਾਲਾ, ਅੜਾਉਣੀ/ਗੁੰਝਲ ਸੁਲਝਾਉਣ ਵਾਲਾ। ਬੁਝੱਕੜ ਨਾਥ ਦਾ ਘਿਣਾਉਣਾ ਕਿਰਦਾਰ ਦਰਸਾਉਂਦੀ ਇੱਕ ਲੋਕ-ਕਥਾ:-

ਇਹ ਕਥਾ ਉਸ ਜ਼ਮਾਨੇ ਦੀ ਹੈ ਜਦ ਲੋਕ ਆਪਣੇ ਸੀਮਿਤ ਆਲੇ ਦੁਆਲੇ ਵਿੱਚ ਹੀ ਕੈਦ ਹੋਣ ਕਾਰਣ ਅਬੋਧ ਸਨ। ਕਿਸੇ ਪਿੰਡ ਦੇ ਵਸਨੀਕਾਂ ਨੇ ਕਦੇ ਊਠ ਨਹੀਂ ਸੀ ਵੇਖਿਆ। ਇੱਕ ਰਾਤ ਪਿੰਡ ਲਾਗਿਓਂ ਊਠ ਗੁਜ਼ਰਿਆ ਜਿਸ ਦੀ ਪੈੜ ਪਿੰਡ ਦੇ ਕੱਚੇ ਪਹੇ ਉੱਤੇ ਬਣ ਗਈ। ਦਿਨ ਚੜ੍ਹੇ ਪਿੰਡ ਦੇ ਭੋਲੇ ਲੋਕ ਅਜੀਬ ਪੈੜ ਦੇਖ ਕੇ ਭੈ-ਭੀਤ ਹੋ ਕੇ ਉਲਝਣ ਵਿੱਚ ਪੈ ਗਏ ਕਿ ਇਹ ਪੈੜ ਕਿਸ ਬਲਾ ਦੀ ਹੋ ਸਕਦੀ ਹੈ! ਉਸ ਪਿੰਡ ਵਿੱਚ ਵੀ ਇੱਕ ਬੁਝੱਕੜ ਨਾਥ ਰਹਿੰਦਾ ਸੀ। ਉਸ ਨੂੰ ਇਹ ਉਲਝਣ ਸੁਲਝਾਉਣ ਲਈ ਲਿਆਂਦਾ ਗਿਆ। ਉਸ ਨੇ ਆਉਂਦੇ ਹੀ ਭੋਲੇ ਲੋਕਾਂ ਦੀ ਭੀੜ ਨੂੰ ਪਾਸੇ ਧੱਕ ਕੇ ਪੈੜ ਨੂੰ ਗਹੁ ਨਾਲ ਦੇਖਿਆ। ਥੋੜ੍ਹੀ ਦੇਰ ਬਾਅਦ ਆਪਣੀ ਸਿਆਣਪ ਦਾ ਜਨਾਜ਼ਾ ਕੱਢਦਾ ਹੋਇਆ ਉਹ ਉਚਰਿਆ:

"ਬੂਝੇ ਤੋ ਬੂਝੇ ਬੁਝੱਕੜ ਨਾਥ, ਅਵਰ ਨਾ ਬੂਝੈ ਕੋਏ।

ਪਗ ਮੇਂ ਚੱਕੀ ਬਾਂਧ ਕਰ ਹਰਨਾ ਨਾਚਾ ਕੋਏ"।

ਸਾਰੇ ਪੇਂਡੂਆਂ ਨੇ ਬੁਝੱਕੜ ਨਾਥ ਜੀ ਦੇ ‘ਗਿਆਨ’ ਦੀ ਜੈ ਜੈ ਕਾਰ ਬੁਲਾ ਦਿੱਤੀ! ਬੁਝੱਕੜ ਨਾਥ ਆਪਣੀ ਵਾਹ ਵਾਹ ਸੁਣ ਕੇ ਤੇ ਆਪਣੀ ‘ਸਿਆਣਪ’ ਦੀ ਦੱਛਣਾ ਲੈ, ਲੋਕਾਂ ਦੇ ਭੋਲੇਪਣ ਉੱਤੇ ਖੱਚਰਿਆਂ ਵਾਂਗ ਮੁਸਕਰਾਉਂਦਾ ਹੋਇਆ ਚਲਦਾ ਬਣਿਆ! !

** ** ** ** ** ** ** ** ** ** ** ** **
.