.

ਸੁਖਮਈ ਜੀਵਨ ਅਹਿਸਾਸ (ਭਾਗ-20)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 1 ਤੋਂ 19 ਪੜੋ ਜੀ।

ਸੰਸਾਰਕ ਜੀਵਨ ਵਿੱਚ ਵਿਚਰਦਿਆਂ ਹੋਇਆਂ ਅਸੀਂ ਕਿਸੇ ਨਾ ਕਿਸੇ ਰੂਪ ਵਿਚ, ਕਦੀ ਨਾ ਕਦੀ ਸਰੀਰਕ ਮਾਨਸਿਕ ਪੱਧਰ ਤੇ ਬਿਮਾਰ ਹੋ ਜਾਂਦੇ ਹਾਂ, ਐਸਾ ਹੋਣਾ ਸੁਭਾਵਿਕ ਹੀ ਹੈ। ਇਸ ਦਾ ਸਹੀ ਇਲਾਜ ਤਾਂ ਹੀ ਸੰਭਵ ਹੋਣ ਦੀ ਆਸ ਕੀਤੀ ਜਾ ਸਕਦੀ ਹੈ ਜੇ ਅਸੀਂ ਸਹੀ ਡਾਕਟਰ ਕੋਲ ਪਹੁੰਚ ਕਰੀਏ। ਇਲਾਜ ਸ਼ੁਰੂ ਕਰਨ ਤੋਂ ਪਹਿਲਾਂ ਸਿਆਣਾ ਡਾਕਟਰ ਰੋਗ ਪੈਦਾ ਹੋਣ ਦੇ ਕਾਰਣ, ਰੋਗ ਦੇ ਪੱਧਰ ਸਬੰਧੀ ਲੱਛਣਾਂ ਆਦਿ ਤਕ ਸਹੀ ਪਹੁੰਚ ਕਰਨ ਲਈ ਮੈਡੀਕਲ ਲੈਬਾਰਟਰੀ ਤੋਂ ਟੈਸਟ ਕਰਵਾਉਂਦਾ ਹੈ ਅਤੇ ਉਸ ਰਿਜ਼ਲਟ ਅਨੁਸਾਰ ਇਲਾਜ ਸ਼ੁਰੂ ਕਰਕੇ ਅਰੋਗਤਾ ਦੀ ਮੰਜ਼ਿਲ ਤਕ ਪਹੁੰਚਾਉਣ ਦੇ ਸਮਰੱਥ ਹੋ ਜਾਂਦਾ ਹੈ। ਠੀਕ ਇਸੇ ਤਰਾਂ ਜੀਵਨ ਅੰਦਰ ਵਿਚਰਦਿਆਂ ਕਈ ਤਰਾਂ ਦੇ ਅਉਗਣ ਸਾਡੇ ਸੁਖਮਈ ਜੀਵਨ ਭਾਵ ਅਧਿਆਤਮਕ ਮਾਰਗ ਦੇ ਰਸਤੇ ਵਿੱਚ ਰੁਕਾਵਟ ਬਣਦੇ ਹਨ। ਇਹਨਾਂ ਦੀ ਸਹੀ ਪਹਿਚਾਣ ਨਾ ਹੋਣ ਕਾਰਣ ਅਸੀਂ ਭਟਕਣਾ ਵਿੱਚ ਪੈ ਕੇ ਕਈ ਤਰਾਂ ਸਰੀਰਕ, ਆਰਥਿਕ, ਮਾਨਸਿਕ, ਇਜੱਤ ਦੀ ਲੁੱਟ ਆਦਿ ਦਾ ਸ਼ਿਕਾਰ ਹੋ ਜਾਂਦੇ ਹਾਂ। ਇਸ ਮਾਰਗ ਉਪਰ ਚਲਦੇ ਹੋਏ ਠੀਕ ਪਹਿਚਾਣ ਕਰਨ ਲਈ ਪੂਰੇ ਗੁਰੂ ਦਾ ਸਾਥ ਹੋਣਾ ਜਰੂਰੀ ਹੈ। ਜਿਵੇਂ ਹਰ ਚੰਗੀ ਚੀਜ ਦੀ ਨਕਲ ਮੌਜੂਦ ਹੁੰਦੀ ਹੈ, ਠੀਕ ਇਸੇ ਤਰਾਂ ਪੂਰੇ ਗੁਰੂ ਦੀ ਨਕਲ ਕੱਚੇ ਗੁਰੂ ਬੇਅੰਤਤਾ ਵਿੱਚ ਮਿਲਦੇ ਹਨ। ਜੇ ਗਲਤ ਦੁਨਿਆਵੀ ਡਾਕਟਰ ਦੀ ਚੋਣ ਕਰਾਂਗੇ ਤਾਂ ਸਹੀ ਇਲਾਜ ਸੰਭਵ ਨਹੀਂ, ਜੇ ‘ਮੇਰਾ ਬੈਦੁ ਗੁਰੂ ਗੋਵਿੰਦਾ` (੬੧੮) ਸਹੀ ਗੁਰੂ ਦੀ ਚੋਣ ਨਹੀਂ ਕਰਾਂਗੇ ਤਾਂ ‘ਸੁਖਮਈ ਜੀਵਨ ਅਹਿਸਾਸ` ਦੀ ਪ੍ਰਾਪਤੀ ਹੋਣੀ ਵੀ ਸੰਭਵ ਨਹੀਂ ਹੋਵੇਗੀ।

ਅਜੋਕੇ ਸਮੇਂ ਧਰਮ ਦੀ ਦੁਨੀਆਂ ਵਿੱਚ ਸਭ ਤੋਂ ਵੱਧ ਠੱਗਬਾਜ਼ੀ ਦਾ ਦੌਰ ਹੈ ਜਿਨ੍ਹਾਂ ਦੀ ਅਗਵਾਈ ਇਹ ਕੱਚੇ- ਪਿੱਲੇ ਗੁਰੂ, ਸਾਧ, ਬਾਬੇ, ਡੇਰੇਦਾਰ, ਜੋਤਸ਼ੀ, ਤਾਂਤ੍ਰਿਕ ਆਦਿ ਦੇ ਰੂਪ ਵਿੱਚ ਹਰ ਪਾਸੇ ਕਰਦੇ ਦਿਖਾਈ ਦਿੰਦੇ ਹਨ।

ਅਸੀਂ ਸ਼ਬਦ ਗੁਰੂ ਦੇ ਸਿੱਖ ਤਾਂ ਹੀ ਅਖਵਾਉਣ ਦੇ ਹੱਕਦਾਰ ਤਾਂ ਜੇਕਰ ਸ਼ਬਦ ਦੁਆਰਾ ਦਿੱਤੇ ਗਏ ਗਿਆਨ ਦੀ ਰੋਸ਼ਨੀ ਵਿੱਚ ਚਲਦੇ ਹੋਏ ਸੱਚੇ ਅਤੇ ਕੱਚੇ ਗੁਰੂ ਦੀ ਪਹਿਚਾਣ ਕਰਨ ਦੇ ਸਮਰੱਥ ਬਣ ਸਕੀਏ। ਸਾਨੂੰ ਸਰੀਰਾਂ ਦੀ ਬਜਾਏ ਸ਼ਬਦ ਨਾਲ ਜੋੜਿਆ ਹੀ ਤਾਂ ਗਿਆ ਹੈ ਕਿਉਂਕਿ ‘ਸੋ ਗੁਰੁ ਕਰਹੁ ਜਿ ਬਹੁਰਿ ਨ ਕਰਨਾ` (੩੨੭) ਅਥਵਾ ‘ਕੇਤੇ ਗੁਰ ਚੇਲੇ ਫੁਨਿ ਹੂਆ।। ਕਾਚੇ ਗੁਰ ਤੇ ਮੁਕਤਿ ਨ ਹੂਆ` (੯੩੨) ਦੀ ਕਸਵੱਟੀ ਉਪਰ ਦੇਹਧਾਰੀ ਗੁਰੂ ਕਦੀ ਪੂਰੇ ਉਤਰ ਹੀ ਨਹੀਂ ਸਕਦੇ।

ਭਾਈ ਕਾਨ੍ਹ ਸਿੰਘ ਨਾਭਾ ਨੇ ਬਹੁਤ ਹੀ ਸਪਸ਼ਟ ਸ਼ਬਦਾਂ ਅੰਦਰ ਇਸ ਵਿਸ਼ੇ ਉਪਰ ਚਾਨਣਾ ਪਾਇਆ ਹੈ-

ਜੋ ਨਾਮ ਮਾਤ੍ਰ ਦੇ ਗੁਰੂ, ਪ੍ਰਪੰਚ ਕੇ ਲੋਕਾਂ ਦਾ ਤਨ ਮਨ ਧਨ ਸ੍ਵਾਰਥ ਵਸ਼ ਹੋ ਕੇ ਆਪਣੇ ਲਾਭ ਲਈ ਵਰਤਣਾ ਲੋੜਦੇ ਹਨ, ਉਨ੍ਹਾਂ ਨੂੰ ਤਨ ਮਨ ਧਨ ਅਰਪਣਾ ਆਪਣੀ ਅਤੇ ਦੇਸ਼ ਦੀ ਤਬਾਹੀ ਕਰਨਾ ਹੈ।

(ਗੁਰੁਮਤ ਮਾਰਤੰਡ- ਪੰਨਾ ੪੪੪)

ਸ੍ਰੀ ਗੁਰੂ ਗ੍ਰੰਥ ਸਾਹਿਬ ਅੰਦਰ ਦਰਜ ਬਾਣੀ ਰਾਹੀਂ ਸਾਨੂੰ ਬਾਰ-ਬਾਰ ਸੁਚੇਤ ਕੀਤਾ ਗਿਆ ਹੈ ਕਿ ਅਧੂਰੇ ਕੱਚੇ-ਪਿੱਲੇ, ਅਗਿਆਨੀ, ਅੰਧੇ, ਸਵਾਰਥੀ, ਠੱਗਬਾਜ਼, ਲੁਟੇਰੇ, ਆਪੂੰ ਬਣੇ ਅੰਧ ਵਿਸ਼ਵਾਸ਼ੀ ਗੁਰੂਆਂ ਦੇ ਪਿੱਛੇ ਤੁਰਨ ਵਾਲਿਆਂ ਦਾ ਕਦੀ ਵੀ ਭਲਾ ਨਹੀਂ ਸਕਦਾ, ਸਗੋਂ ਨੁਕਸਾਨ ਹੀ ਉਠਾਉਣਾ ਪਵੇਗਾ, ਕਿਉਂਕਿ ਜਿਹੜੇ ਅਜੇ ਆਪ ਹੀ ਸਹੀ ਸੱਚ ਦੇ ਮਾਰਗ ਦੇ ਪਾਂਧੀ ਨਹੀਂ ਬਣੇ, ਉਹ ਆਪਣੇ ਪਿੱਛੇ ਲੱਗਣ ਵਾਲਿਆਂ ਨੂੰ ਜੀਵਨ ਮੰਜ਼ਿਲ ਤਕ ਕਿਵੇਂ ਪਹੁੰਚਾਉਣ ਦੇ ਸਮਰੱਥ ਹੋਣਗੇ। ਲੋੜ ਹੈ ਕਿ ਅਸੀਂ ਗੁਰਬਾਣੀ ਗਿਆਨ ਦੀ ਰੋਸ਼ਨੀ ਵਿੱਚ ਸੁਜਾਖੇ (ਭਾਵ ਗਿਆਨਵਾਨ) ਬਣੀਏ ਤਾਂ ਜੋ ਕੋਈ ਵੀ ਸਾਨੂੰ ਭਰਮਾ ਕੇ ਗਲਤ ਪਾਸੇ ਨਾ ਲਿਜਾ ਸਕੇ-

- ਗੁਰੂ ਜਿਨਾ ਕਾ ਅੰਧੁਲਾ ਚੇਲੇ ਨਾਹੀ ਠਾਉ।।

(ਸਿਰੀਰਾਗੁ ਮਹਲਾ ੧-੫੮)

- ਅੰਧੇ ਗੁਰੂ ਤੇ ਭਰਮੁ ਨ ਜਾਈ।। ਮੂਲੁ ਛੋਡਿ ਲਾਗੇ ਦੂਜੈ ਭਾਈ।।

ਬਿਖੁ ਕਾ ਮਾਤਾ ਬਿਖੁ ਮਾਹਿ ਸਮਾਈ।।

(ਗਉੜੀ ਮਹਲਾ ੩-੨੩੨)

- ਗੁਰੂ ਸਦਾਏ ਅਗਿਆਨੀ ਅੰਧਾ ਕਿਸੁ ਓੁਹ ਮਾਰਗਿ ਪਾਏ।।

(ਗੂਜਰੀ ਮਹਲਾ ੩-੪੯੧)

-ਗੁਰੂ ਜਿਨਾ ਕਾ ਅੰਧੁਲਾ ਸਿਖ ਭੀ ਅੰਧੇ ਕਰਮ ਕਰੇਨਿ।।

ਓਇ ਭਾਣੈ ਚਲਨਿ ਆਪਣੈ ਨਿਤ ਝੂਠੋ ਝੂਠ ਬੋਲੇਨਿ।।

(ਵਾਰ ਰਾਮਕਲੀ- ਮਹਲਾ ੩-੯੫੧)

- ਜੋ ਡੁਬੰਦੋ ਆਪਿ ਸੋ ਤਰਾਏ ਕਿਨ ਖੇ।।

ਤਾਰੇਦੜੋ ਭੀ ਤਾਰਿ ਨਾਨਕ ਪਿਰ ਸਿਉ ਰਤਿਆ।।

(ਵਾਰ ਮਾਰੂ- ਮਹਲਾ ੫-੧੧੦੧)

ਸਿੱਖ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਦਸ ਗੁਰੂ ਸਾਹਿਬਾਨ ਨੇ ਆਪਣੇ -ਆਪਣੇ ਕਾਰਜਕਾਲ ਦੌਰਾਨ ਸਮੇਂ ਦੀ ਲੋੜ ਨੂੰ ਮੁੱਖ ਰੱਖਦੇ ਹੋਏ ਪ੍ਰਚਾਰ ਦੇ ਯੋਗ ਸਾਧਨਾਂ ਦੀ ਵਰਤੋਂ ਕੀਤੀ। ਉਦਾਸੀਆਂ ਰਾਹੀਂ ਧਰਮ ਪ੍ਰਚਾਰ ਦੌਰੇ ਕੀਤੇ ਗਏ, ਸਖਤ ਤੋਂ ਸਖਤ ਤਸੀਹੇ ਸਹਿੰਦੇ ਹੋਏ ਸ਼ਾਂਤਮਈ ਸ਼ਹਾਦਤ ਦਿੱਤੀ ਗਈ, ਮੀਰੀ -ਪੀਰੀ ਦਾ ਸਿਧਾਂਤ ਦਿਤਾ ਗਿਆ, ਧਰਮ ਦੀ ਸੁਤੰਤਰਤਾ ਲਈ ਸੀਸ ਚੌਰਾਹੇ ਵਿੱਚ ਕਟਵਾਇਆ ਗਿਆ, ਪੂਰਾ ਸਰਬੰਸ ਕੁਰਬਾਨ ਕੀਤਾ ਗਿਆ। ਗੁਰੂ ਇਤਿਹਾਸ ਦੇ ਦੋ ਪੜਾਵਾਂ ਪਹਿਲਾ-ਗੁਰੂ ਅਰਜਨ ਸਾਹਿਬ ਦੀ ਸ਼ਹਾਦਤ, ਦੂਜਾ-ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਬਾਅਦ ਸ਼ਸ਼ਤਰਬੱਧ ਸੰਘਰਸ਼ ਦਾ ਰਸਤਾ ਚੁਣਿਆ ਗਿਆ, ਇਨ੍ਹਾਂ ਦੋਵਾਂ ਸਮਿਆਂ ਅੰਦਰ ਆਪਣੇ ਆਪ ਨੂੰ ਦੇਹਧਾਰੀ ਗੁਰੂ ਅਖਵਾਉਣ ਵਾਲੇ ਮਾਨੋ ਅਲੋਪ ਹੀ ਹੋ ਗਏ। ਪੰਜਾਬ ਦੀ ਧਰਤੀ ਉਪਰ ਅਜੋਕੇ ਸਮੇਂ 1978 ਤੋਂ 1995 ਈ. ਤਕ ਇੰਨਾਂ ਕਤਲੇਆਮ ਹੋਇਆ, ਇਸ ਸਮੇਂ ਵੀ ਆਪਣੀਆਂ -ਆਪਣੀਆਂ ਗੱਦੀਆਂ ਚਲਾਉਣ ਵਾਲਿਆਂ ਵਿਚੋਂ ਕੋਈ ਵੀ ਬਾਹਰ ਨਹੀਂ ਆਇਆ ਅਤੇ ਨਾ ਹੀ ਇਸ ਦੇ ਖਿਲਾਫ ਕੋਈ ਆਵਾਜ਼ ਹੀ ਉਠਾਈ, ਭੋਰਿਆਂ ਵਿੱਚ ਹੀ ਦੁਬਕ ਕੇ ਬੈਠੇ ਰਹੇ।

ਲੋੜ ਹੈ ਕਿ ਐਸੇ ਪਾਖੰਡੀਆਂ ਦੇ ਪਾਖੰਡ ਦਾ ਭਾਂਡਾ ਚੌਰਾਹੇ ਵਿੱਚ ਭੰਨਣ ਲਈ ਭਗਤ ਕਬੀਰ ਜੀ ਵਲੋਂ ਦਰਸਾਏ ਮਾਰਗ ਉਪਰ ਪਹਿਚਾਣ ਕਰਨ ਦੀ ਕਿ ਜਿਸ ਅਗਿਆਨੀ ਗੁਰੂ ਨਾਲ ਮਿਲ ਕੇ ਮਨ ਦੇ ਭਰਮ ਦੀ ਨਵਿਰਤੀ ਨਾ ਹੋਵੇ, ਉਸ ਨੂੰ ਐਸਾ ਅਧੂਰਾ ਗਿਆਨ ਦੇਣ ਵਾਲੀ ਗੁਰੂ ਰੂਪੀ ਮਾਂ ਦਾ ਸਿਰ ਮੁੰਨ ਦੇਣਾ ਚਾਹੀਦਾ ਹੈ ਕਿਉਂ ਕਿ ਐਸਾ ਪਖੰਡੀ ਆਪ ਤਾਂ ਡੁਬਦਾ ਹੀ ਹੈ ਆਪਣੇ ਪਿੱਛੇ ਲੱਗਣ ਵਾਲੇ ਚੇਲੇ ਚਾਟੜਿਆਂ ਨੂੰ ਵੀ ਮੰਝਧਾਰ ਵਿੱਚ ਹੀ ਡੋਬ ਦੇਵੇਗਾ-

ਕਬੀਰ ਮਾਇ ਮੂੰਡਉ ਤਿਹ ਗੁਰੂ ਕੀ ਜਾ ਤੇ ਭਰਮੁ ਨ ਜਾਇ।।

ਆਪ ਡੁਬੇ ਚਹੁ ਬੇਦ ਮਹਿ ਚੇਲੇ ਦੀਏ ਬਹਾਇ।। ੧੦੪।।

(ਸਲੋਕ ਕਬੀਰ ਜੀ- ੧੩੬੯)

ਇਸ ਵਿਸ਼ੇ ਉਪਰ ਹੋਰ ਸਪਸ਼ਟਤਾ ਦੇਣ ਲਈ ਅਜੋਕੇ ਸਮੇਂ ਦੇ ਪਾਖੰਡੀ ਗੁਰੂਆਂ ਦੇ ਭੇਖ ਨੂੰ ਪ੍ਰਗਟ ਕਰਨ ਹਿਤ ਨਿਮਨਲਿਖਤ ਘਟਨਾ ਤੋਂ ਸੇਧ ਲੈਣ ਦੀ ਜ਼ਰੂਰਤ ਹੈ-

ਕਹਿੰਦੇ! ਲਾਹੌਰ ਦੇ ਇਲਾਕੇ ਅੰਦਰ ਇੱਕ ਪਾਖੰਡੀ ਬਾਬਾ ਹੰਕਾਰ ਵੱਸ ਇਹ ਆਖਣ ਲੱਗ ਪਿਆ ਕਿ ‘ਹਮ ਕਿਸੀ ਸੇ ਕਮ ਨਹੀਂ `। ਉਸ ਦੇ ਚੇਲੇ ਚਾਟੜਿਆਂ ਵਲੋਂ ਇਸ ਨੂੰ ਪ੍ਰਵਾਨ ਕਰਦੇ ਹੋਏ ਕੀਤੀ ਜਾਂਦੀ ਖੁਸ਼ਾਮਦ ਨੇ ਉਸ ਦੇ ਹੰਕਾਰ ਨੂੰ ਹੋਰ ਵਧਾ ਦਿਤਾ। ਹੁਣ ਉਹ ਇਥੋਂ ਤਕ ਕਹਿਣ ਪਿਆ ਕਿ- ‘ਹਮ ਗੁਰੂ ਅਰਜਨ ਸੇ ਭੀ ਕਮ ਨਹੀਂ। ` ਇਹ ਸੁਣ ਕੇ ਸਿੱਖ ਹਿਰਦੇ ਵਲੂੰਧਰੇ ਗਏ। ਲੱਖ ਸਮਝਾਉਣ ਦੇ ਯਤਨ ਕਰਨ ਦੇ ਬਾਜਵੂਦ ਵੀ ਪਾਖੰਡੀ ਤੇ ਕੋਈ ਅਸਰ ਨਹੀਂ ਹੋਇਆ। ਸਿੱਖਾਂ ਨੇ ਦੂਸਰੇ ਪਾਸੇ ਪਾਸਾ ਪਲਟਚੇ ਹੋਏ ਬਾਬੇ ਦੀਆਂ ਚੌਂਕੀਆਂ ਭਰਨੀਆਂ ਸ਼ੁਰੂ ਕਰ ਦਿੱਤੀਆਂ। ਸਿੱਖਾਂ ਨੇ ਬਾਬੇ ਦਾ ਵਿਸ਼ਵਾਸ ਜਿੱਤਣ ਉਪਰੰਤ ਇੱਕ ਦਿਨ ਗੁ: ਡੇਹਰਾ ਸਾਹਿਬ ਲਾਹੌਰ ਦੇ ਦੀਵਾਨ ਵਿੱਚ ਹਾਜ਼ਰੀ ਭਰਨ ਲਈ ਬੇਨਤੀ ਕੀਤੀ। ਨਿਰਧਾਰਤ ਦਿਨ, ਸਮੇਂ ਤੇ ਬਾਬੇ ਦੇ ਪਹੁਚੰਣ ਉਪਰ ਸਿੱਖਾਂ ਨੇ ਅੱਗਲਵਾਂਢੀ ਹੋ ਕੇ ਜੀ ਆਇਆਂ ਆਖਦੇ ਹੋਏ ਆਉਣ ਲਈ ਧੰਨਵਾਦ ਕੀਤਾ ਅਤੇ ਬਾਬੇ ਨੂੰ ਆਪਣੀ ਕ੍ਰਿਪਾ ਦ੍ਰਿਸ਼ਟੀ, ਚਰਨ ਗੁਰੂ ਦੇ ਲੰਗਰ ਵਿੱਚ ਪਾਉਣ ਲਈ ਬੇਨਤੀ ਕੀਤੀ। ਬਾਬੇ ਨੂੰ ਗੁਰੂ ਕੇ ਲੰਗਰ ਵਿੱਚ ਲਿਜਾ ਕੇ ਚਲਦੇ ਪੱਲਦੇ ਲੰਗਰ ਦੇ ਵੱਖ-ਵੱਖ ਪੱਖਾਂ ਤੋਂ ਜਾਣੂ ਕਰਵਾਇਆ, ਅਤੇ ਨਾਲ-ਨਾਲ ਬਾਬੇ ਦਾ ਧੰਨਵਾਦ ਕਰਦੇ ਹੋਏ ਲੋਹ ਦੇ ਕੋਲ ਲਿਜਾ ਕੇ ਚਾਰ ਸਿੱਖਾਂ ਨੇ ਬਾਬੇ ਨੂੰ ਲੱਤਾਂ ਅਤੇ ਬਾਹਾਂ ਤੋਂ ਫੜ ਕੇ ਚੁੱਕ ਲਿਆ। ਬਾਬਾ ਪੁੱਛਦਾ ਐਸਾ ਕਿਉਂ ਕਰ ਰਹੇ ਹੋ? ਸਿੱਖਾਂ ਜਵਾਬ ਦਿੱਤਾ- ਬਾਬਾ ਜੀ! ਤੁਸੀ ਕਹਿੰਦੇ ਸੀ ਮੈਂ ਗੁਰੂ ਅਰਜਨ ਤੋਂ ਘੱਟ ਨਹੀਂ, ਤੁਹਾਨੂੰ ਤੱਤੀ ਲੋਹ ਤੇ ਬਿਠਾ ਕੇ ਵੇਖਣਾ ਹੈ ਕਿ ਵਾਕਿਆ ਤੁਸੀਂ ਪੰਚਮ ਪਾਤਸ਼ਾਹ ਤੋਂ ਘਟ ਤਾਂ ਨਹੀਂ। ਬਾਬਾ ਛਟਪਟਾ ਉਠਿਆ ਅਤੇ ਸਰਾਪ ਦੇਣ ਦੀ ਧਮਕੀ ਦੇਣ ਲੱਗਾ। ਸਿੱਖ ਕਹਿੰਦੇ- ਬਾਬਾ ਜੀ! ਡਰੋ ਨਾ, ਤੁਹਾਡਾ ਲਿਹਾਜ਼ ਰੱਖਾਂਗੇ, ਕੇਵਲ ਲੋਹ ਤੇ ਬਿਠਾਉਣਾ ਹੀ ਹੈ, ਤੱਤੀ ਰੇਤਾ ਸਿਰ ਵਿੱਚ ਨਹੀਂ ਪਾਵਾਂਗੇ। ਬਾਬੇ ਨੇ ਹੁਣ ਜਦੋਂ ਵੇਖਿਆ ਕਿ ਛੁਟਕਾਰੇ ਦਾ ਰਸਤਾ ਬਾਕੀ ਨਹੀਂ, ਚੇਲੇ ਚਾਟੜੇ ਵੀ ਡਰਦੇ ਸਾਥ ਛੱਡ ਕੇ ਨੱਸ ਚੁਕੇ ਹਨ, ਡਰਦਾ ਹੋਇਆ। ਕੰਨਾਂ ਨੂੰ ਹੱਥ ਲਾ ਕੇ ਬਾਰ-ਬਾਰ ਆਖਦਾ ਹੈ ਕਿ ਮੇਰੇ ਪਿਉ, ਦਾਦੇ, ਪੜਦਾਦੇ, ਕਕੜਦਾਦੇ ਦੀ ਤੋਬਾ ਮੈਨੂੰ ਛੱਡ ਦਿਉ, ਮੈਂ ਤਾਂ ਗੁਰੂ ਅਰਜਨ ਸਾਹਿਬ ਦੇ ਚਰਨਾਂ ਦੀ ਖਾਕ ਵਰਗਾ ਵੀ ਨਹੀਂ।

ਲੋੜ ਹੈ ਇਸ ਘਟਨਾ ਤੋਂ ਸਿੱਖਿਆ ਲੈ ਕੇ ਅਜੋਕੇ ਪਾਖੰਡੀਆਂ ਦੇ ਪਾਖੰਡ ਦਾ ਭਾਂਡਾ ਭੰਨਦੇ ਹੋਏ ਮਨੱਖਤਾ ਨੂੰ ਔਝੜੇ ਪੈਣ ਤੋਂ ਬਚਾਉਣ ਲਈ ਯਥਾਯੋਗ ਉਪਰਾਲੇ ਕੀਤੇ ਜਾਣ।

ਸਾਡੇ ਜੀਵਨ ਅੰਦਰ ‘ਸੁਖਮਈ ਜੀਵਨ ਅਹਿਸਾਸ` ਬਣ ਸਕੇ, ਇਸ ਲਈ ਚਾਹੀਦਾ ਹੈ ਕਿ ਕੱਚੇ ਪਾਖੰਡੀ ਗੁਰੂਆਂ ਦਾ ਸਾਥ ਛੱਡ ਕੇ ਪੂਰੇ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਫੜ ਲਈਏ।

- ਐਸਾ ਸਤਗੁਰੁ ਲੋੜਿ ਲਹੁ ਜਿਦੂ ਪਾਈਐ ਸਚੁ ਸੋਇ।।

(ਸਿਰੀ ਰਾਗੁ ਮਹਲਾ ੩-੩੦)

- ਸੋ ਗੁਰ ਕਰਉ ਜਿ ਸਾਚੁ ਦ੍ਰਿੜਾਵੈ।।

(ਧਨਾਸਰੀ ਮਹਲਾ ੧-੬੮੬)

- ਐਸੇ ਗੁਰ ਕਉ ਬਲਿ ਬਲਿ ਜਾਈਐ ਆਪਿ ਮੁਕਤੁ ਮੋਹਿ ਤਾਰੈ।।

(ਕਾਨੜਾ ਮਹਲਾ ੫-੧੩੦੧)

- ਦਾਤਾ ਓਹੁ ਨ ਮੰਗੀਐ ਫਿਰਿ ਮੰਗਣਿ ਜਾਈਐ।

ਹੋਛਾ ਸਾਹੁ ਨ ਕੀਚ ਈ ਫਿਰਿ ਪਛੋਤਾਈਐ।

ਸਾਹਿਬ ਓਹੁ ਨ ਸੇਵੀਐ ਜਮ ਤੰਡੁ ਸਹਾਈਐ।

ਹਉਮੈ ਰੋਗੁ ਨ ਕਟਈ ਓਹੁ ਵੈਦੁ ਨ ਲਾਈਐ।

ਦੁਰਮਤਿ ਮੈਲੁ ਨ ਉਤਰੋ ਕਿਉਂ ਤੀਰਥਿ ਨਾਈਐ।

ਪੀਰ ਮੁਰੀਦਾਂ ਪਿਰਹੜੀ ਸੁਖ ਸਹਜਿ ਸਮਾਈਐ।। ੧੫।।

(ਭਾਈ ਗੁਰਦਾਸ ਜੀ- ਵਾਰ ੨੭ ਪਉੜੀ ੧੫)

======== =

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.