.

ਉਪਰੇਸ਼ਨ ਬਲੂ-ਸਟਾਰ ਕਾਰਵਾਈ ਦਾ ਸੱਚ

(ਕਿਸ਼ਤ ਦੂਜੀ)

1979 ਈਸਵੀ ਵਿੱਚ ਹੋਈਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵਿੱਚ ਕਾਂਗਰਸ ਅਤੇ ਦਲ ਖਾਲਸਾ ਵੱਲੋਂ ਮਿਲੀ ਵਿਸ਼ੇਸ਼ ਮਦਦ ਦੇ ਬਾਵਜੂਦ 140 ਸੀਟਾਂ ਵਿੱਚੋਂ 4 ਸੀਟਾਂ ਉੱਤੇ ਹੀ ਜਰਨੈਲ ਸਿੰਘ ਭਿੰਡਰਾਂਵਾਲੇ ਦਾ ਸਮਰਥਨ ਪਰਾਪਤ ਕਰਨ ਵਾਲੇ ਉਮੀਦਵਾਰ ਸਫਲ ਹੋਏ। ਹੋਰ ਮਹੱਤਵਪੂਰਨ ਤੱਥ ਜੋ ਮਾਰਕ ਟੱਲੀ ਅਤੇ ਸਤੀਸ਼ ਜੈਕਬ ਦੀ ਵਿਚਾਰ-ਅਧੀਨ ਪੁਸਤਕ ਵਿੱਚ ਸ਼ਾਮਲ ਹਨ ਉਹ ਇਹ ਹਨ ਕਿ 1980 ਈਸਵੀ ਵਿੱਚ ਕੇਂਦਰ ਵਿੱਚ ਜਨਤਾ ਪਾਰਟੀ ਦੀ ਸਰਕਾਰ ਟੁੱਟ ਜਾਣ ਤੋਂ ਬਾਦ ਹੋਈਆਂ ਆਮ ਚੋਣਾਂ ਵਿੱਚ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਤਿੰਨ ਹਲਕਿਆਂ ਵਿੱਚ ਕਾਂਗਰਸ ਲਈ ਸਰਗਰਮੀ ਨਾਲ ਪਰਚਾਰ ਕੀਤਾ। ਦੋ ਉਮੀਦਵਾਰਾਂ ਨੇ ਤਾਂ ਉਸ ਦੀ ਮਦਦ ਪਰਾਪਤ ਹੋਣ ਦਾ ਦਾਵਾ ਕਰਨ ਵਾਲੇ ਇਸ਼ਤਿਹਾਰ ਵੀ ਛਪਵਾ ਕੇ ਵੰਡ ਛੱਡੇ ਸਨ। ਉਸ ਨੇ ਪੰਜਾਬ ਪਰਦੇਸ਼ ਕਾਂਗਰਸ ਦੇ ਪਰਧਾਨ ਰਘੁਨੰਦਨ ਲਾਲ ਭਾਟੀਆ ਦੀ ਵੀ ਡੱਟਵੀਂ ਮਦਦ ਕੀਤੀ ਅਤੇ ਉਸ ਨੇ ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਉਚ ਪੁਲਿਸ-ਅਧਿਕਾਰੀ ਪ੍ਰੀਤਮ ਸਿੰਘ ਭਿੰਡਰ ਦੀ ਪਤਨੀ ਹਰਬੰਸ ਕੌਰ ਭਿੰਡਰ ਦੀ ਵੀ ਨੇ ਡੱਟ ਕੇ ਮਦਦ ਕੀਤੀ।

1980 ਈਸਵੀ ਦੀਆਂ ਆਮ ਚੋਣਾ ਵਿੱਚ ਕਾਂਗਰਸ ਦੀ ਫਿਰ ਜਿੱਤ ਹੋ ਗਈ ਅਤੇ ਗਿਆਨੀ ਜ਼ੈਲ ਸਿੰਘ ਨੂੰ ਕੇਂਦਰ ਵਿੱਚ ਗ੍ਰਹਿ-ਮੰਤਰੀ ਬਣਾ ਦਿੱਤਾ ਗਿਆ ਜਿਸ ਉਪਰੰਤ ਪੰਜਾਬ ਵਿੱਚ ਹੋਈਆਂ ਮੱਧ-ਕਾਲੀ ਚੋਣਾਂ ਵਿੱਚ ਕਾਂਗਰਸ ਦੀ ਹੋਈ ਜਿੱਤ ਸਦਕਾ ਦਰਬਾਰਾ ਸਿੰਘ ਪੰਜਾਬ ਦਾ ਮੁੱਖ-ਮੰਤਰੀ ਬਣ ਗਿਆ। ਗਿਆਨੀ ਜ਼ੈਲ ਸਿੰਘ ਦਰਬਾਰਾ ਸਿੰਘ ਦਾ ਕੱਟੜ ਵਿਰੋਧੀ ਸੀ ਅਤੇ ਉਸ ਨੇ ਦਰਬਾਰਾ ਸਿੰਘ ਲਈ ਪਰੇਸ਼ਾਨੀਆਂ ਪੈਦਾ ਕਰਨ ਲਈ ਵੀ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਉਭਾਰਨਾ ਜਾਰੀ ਰੱਖਿਆ। ਅਪਰੈਲ 24, 1980 ਈਸਵੀ ਨੂੰ ਨਿਰੰਕਾਰੀ ਮੁੱਖੀ ਗੁਰਬਚਨ ਸਿੰਘ ਦੇ ਦਿੱਲੀ ਵਿਖੇ ਹੋਏ ਕਤਲ ਸਬੰਧੀ ਦਰਜ ਹੋਈ ਰਿਪੋਰਟ ਵਿੱਚ ਭਿੰਡਰਾਂਵਾਲੇ ਦਾ ਨਾਮ ਸ਼ਾਮਲ ਸੀ ਪਰੰਤੂ ਉਸ ਦੇ ਵਿਰੁਧ ਕੋਈ ਕਾਰਵਾਈ ਨਹੀਂ ਸੀ ਹੋਈ। ਸਤੰਬਰ 9, 1981 ਈਸਵੀ ਨੂੰ ਲੁਧਿਆਣਾ ਨੇੜੇ ਹੋਏ ਲਾਲਾ ਜਗਤ ਨਰਾਇਣ ਦੇ ਕਤਲ ਦੇ ਸਬੰਧ ਵਿੱਚ ਪਹਿਲਾਂ ਭਿੰਡਰਾਂਵਾਲੇ ਨੂੰ ਚੌਕ ਮਹਿਤਾ ਵਿਖੇ ਆਤਮ-ਸਮਰਪਣ ਕਰਨ ਵੇਲੇ ਵੱਡੇ ਇਕੱਠ ਵਿੱਚੋਂ ਸਤੰਬਰ 20, 1981 ਈਸਵੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਫਿਰ ਗਿਆਨੀ ਜ਼ੈਲ ਸਿੰਘ ਵੱਲੋਂ ਉਸ ਦੇ ਹੱਕ ਵਿੱਚ ਦਿੱਤੀ ਗਈ ਸਫਾਈ ਮਗਰੋਂ ਉਸ ਨੂੰ ਅਕਤੂਬਰ 25, 1981 ਈਸਵੀ ਨੂੰ ਰਿਹਾ ਵੀ ਕਰ ਦਿੱਤਾ ਗਿਆ। ਗੱਲ ਕੀ, ਅਕਾਲੀਆਂ ਦੇ ਧੀਮੇ ਸੁਰਾਂ ਦੇ ਮੁਕਾਬਲੇ ਤੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਬੋਲਾਂ ਦੇ ਗਰਮ ਸੁਰ, ਅਕਾਲੀਆਂ ਦੀ ਢਿੱਲ-ਮੱਠ ਵਾਲੀ ਨੀਤੀ ਦੇ ਮੁਕਾਬਲੇ ਤੇ ਭਿੰਡਰਾਂਵਾਲੇ ਦੀ ਵੰਗਾਰੂ ਸ਼ਖਸੀਅਤ, ਭਿੰਡਰਾਂਵਾਲੇ ਵੱਲੋਂ ਨਿਭਾਏ ਜਾ ਰਹੇ ਨਿਰੰਕਾਰੀਆਂ ਦੇ ਡੱਟਵੇਂ ਵਿਰੋਧ, ਚੌਕ ਮਹਿਤਾ ਵਿਖੇ ਲੱਖਾਂ ਦੀ ਭੀੜ ਵਿੱਚ ਹੋਈ ਉਸ ਦੀ ਗ੍ਰਿਫਤਾਰੀ, ਉਸ ਉਪਰੰਤ ਛੇਤੀ ਹੀ ਜੇਲ ਵਿੱਚੋਂ ਹੋਈ ਉਸ ਦੀ ਰਿਹਾਈ ਆਦਿਕ ਨੇ ਭਿੰਡਰਾਂਵਾਲੇ ਨੂੰ ਹੀਰੋ ਦਾ ਰੁਤਬਾ ਪਰਦਾਨ ਕਰ ਦਿੱਤਾ।

ਜਰਨੈਲ ਸਿੰਘ ਭਿੰਡਰਾਂਵਾਲੇ ਦੀ ਸਤੰਬਰ 20, 1981 ਨੂੰ ਹੋਈ ਗ੍ਰਿਫਤਾਰੀ ਪਿੱਛੋਂ ਪੰਜਾਬ ਵਿੱਚ ਹਿੰਸਕ ਕਾਰਵਾਈਆਂ ਦਾ ਦੌਰ ਸ਼ੁਰੂ ਹੋ ਗਿਆ ਸੀ ਅਤੇ ਇੰਡੀਅਨ ਏਅਰਲਾਈਨਜ਼ ਦਾ ਹਵਾਈ ਜਹਾਜ ਤਕ ਅਗਵਾ ਕਰ ਲਿਆ ਗਿਆ। ਇਸ ਗ੍ਰਿਫਤਾਰੀ ਤੋਂ 35 ਦਿਨਾਂ ਪਿੱਛੋਂ ਕੀਤੀ ਗਈ ਭਿੰਡਰਾਂਵਾਲੇ ਦੀ ਰਿਹਾਈ ਦਾ ਮਕਸਦ ਇਹਨਾਂ ਹਿੰਸਕ ਕਾਰਵਾਈਆਂ ਨੂੰ ਠੱਲ੍ਹ ਪਾਉਣਾ ਜਾਪਦਾ ਸੀ ਪਰੰਤੂ ਰਿਹਾਈ ਹੁੰਦਿਆਂ ਸਾਰ ਹੀ ਭਿੰਡਰਾਂਵਾਲੇ ਵੱਲੋਂ ਹੰਕਾਰ ਵਿੱਚ ਆ ਕੇ ਦਿੱਲੀ ਵਿੱਚ ਆਪਣੀ ਖਾੜਕੂ ਤਾਕਤ ਦੀਆਂ ਪਰਦਰਸ਼ਨੀਆਂ ਕਰ ਦਿੱਤੀਆਂ ਗਈਆਂ। ਭਿੰਡਰਾਂਵਾਲਾ ਪੰਜਾਬ ਪੁਲਿਸ ਵੱਲੋਂ ਹਰਿਆਣੇ ਵਿੱਚ ਚੰਦੋ ਕਲਾਂ ਵਿਖੇ ਜਾ ਕੇ ਸਿਖ ਧਾਰਮਿਕ ਗ੍ਰੰਥ ਸਾੜੇ ਜਾਣ ਉੱਤੇ ਡਾਢੇ ਕਰੋਧ ਵਿੱਚ ਆ ਚੁੱਕਾ ਸੀ। ਨਾਲ ਹੀ ਕਾਂਗਰਸੀ ਨੇਤਾਵਾਂ ਅਤੇ ਕਾਂਗਰਸ ਸਰਕਾਰਾਂ ਵੱਲੋਂ ਕੀਤੀ ਜਾ ਰਹੀ ਨਿਰੰਕਾਰੀਆਂ ਦੀ ਲੋੜੋਂ ਵੱਧ ਪੁਸ਼ਤ-ਪਨਾਹੀ ਨੇ ਭਿੰਡਰਾਂਵਾਲੇ ਦੇ ਮਨ ਵਿੱਚ ਕਾਂਗਰਸੀ ਨੇਤਾਵਾਂ ਪ੍ਰਤੀ ਰੋਸ ਭਰਨਾ ਸ਼ੁਰੂ ਕਰ ਦਿੱਤਾ ਸੀ। ਇਹ ਰੋਸ ਆਪਣੀ ਚਰਮ-ਸੀਮਾਂ ਤੇ ਉਦੋਂ ਪਹੁੰਚ ਗਿਆ ਜਦੋਂ ਕੁੱਝ ਫੌਜਦਾਰੀ ਸ਼ਿਕਾਇਤਾਂ ਦੇ ਅਧਾਰ ਤੇ ਉਸ ਦੇ ਅਤੀ ਨਜ਼ਦੀਕੀ ਸਾਥੀ ਭਾਈ ਅਮਰੀਕ ਸਿੰਘ (ਪਰਧਾਨ, ਆਲ ਇੰਡੀਆਂ ਸਿਖ ਸਟੂਡੈਂਟਸ ਫੈਡਰੇਸ਼ਨ) ਅਤੇ ਬਾਬਾ ਥਾਰ੍ਹਾ ਸਿੰਘ (ਪ੍ਰਬੰਧਕ, ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼, ਚੌਕ ਮਹਿਤਾ) ਨੂੰ ਜੁਲਾਈ 17, 1982 ਨੂੰ ਗ੍ਰਿਫਤਾਰ ਕਰ ਲਿਆ ਗਿਆ। ਹੁਣ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਮਨ ਵਿੱਚ ਇਹ ਡਰ ਪੈਦਾ ਹੋ ਗਿਆ ਕਿ ਉਸ ਦੀ ਆਪਣੀ ਗ੍ਰਿਫਤਾਰੀ ਕਿਸੇ ਵਕਤ ਵੀ ਹੋ ਸਕਦੀ ਹੈ। ਸੋ ਉਸ ਨੇ ਚੌਕ ਮਹਿਤਾ ਨੂੰ ਛੱਡ ਕੇ ਦਰਬਾਰ ਸਹਿਬ ਅੰਮ੍ਰਿਤਸਰ ਦੇ ਇਲਾਕੇ ਵਿੱਚ ਸਥਿਤ ਗੁਰੂ ਨਾਨਕ ਨਿਵਾਸ ਦੇ ਕਮਰਾ ਨੰਬਰ 47 ਵਿੱਚ ਆਪਣਾ ਡੇਰਾ ਜਮਾ ਲਿਆ ਅਤੇ ਨਾਲ ਹੀ ਉਸ ਨੇ ਜਨਤਕ ਹਮਦਰਦੀ ਪਰਾਪਤ ਕਰਨ ਹਿਤ ਇਸ ਸਥਾਨ ਤੋਂ ਭਾਈ ਅਮਰੀਕ ਸਿੰਘ ਅਤੇ ਬਾਬਾ ਥਾਰ੍ਹਾ ਸਿੰਘ ਦੀ ਰਿਹਾਈ ਲਈ ਮੋਰਚਾ ਅਰੰਭ ਦਿੱਤਾ।

ਉੱਧਰ, ਅਗਸਤ 04, 1982 ਈਸਵੀ ਨੂੰ, ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਤੋਂ ਸੰਤ ਹਰਚੰਦ ਸਿੰਘ ਦੀ ਅਗਵਾਈ ਵਿੱਚ ਅਕਾਲੀਆਂ ਦਾ ‘ਧਰਮ ਯੁਧ’ ਮੋਰਚਾ ਵੀ ਚਾਲੂ ਹੋ ਗਿਆ। ਭਿੰਡਰਾਂਵਾਲਾ ਆਪਣੇ ਨਜ਼ਦੀਕੀ ਸਾਥੀਆਂ ਦੀ ਗ੍ਰਿਫਤਾਰੀ ਪ੍ਰਤੀ ਬੜੇ ਹੀ ਜ਼ੋਰ-ਸ਼ੋਰ ਨਾਲ ਰੋਸ ਪਰਗਟ ਕਰਦਾ ਆ ਰਿਹਾ ਸੀ ਜਿਸ ਦੇ ਸਾਹਮਣੇ ਆਪਣਾ ਮੋਰਚਾ ਫਿੱਕਾ ਪੈਂਦਾ ਵੇਖ ਕੇ ਅਕਾਲੀਆਂ ਨੇ ਦੋਵ੍ਹਾਂ ਮੋਰਚਿਆਂ ਦੇ ਰਲੇਵੇਂ ਦਾ ਸੁਝਾ ਦੇ ਦਿੱਤਾ। ਭਿੰਡਰਾਂਵਾਲੇ ਦੇ ਮੋਰਚੇ ਦੀ ਮੰਗ ਸੀਮਿਤ ਅਤੇ ਜਾਤੀ ਕਿਸਮ ਦੀ ਹੋਣ ਕਰਕੇ ਉਸ ਨੇ ਵੀ ਰਲੇਵੇਂ ਵਿੱਚ ਹੀ ਆਪਣੀ ਭਲਾਈ ਸਮਝੀ। ਸਾਂਝੇ ਸਿਖ ਮੋਰਚੇ ਦਾ ਡਿਕਟੇਟਰ ਹਰਚੰਦ ਸਿੰਘ ਲੌਂਗੋਵਾਲ ਬਣਿਆਂ ਪਰੰਤੂ ਭਿੰਡਰਾਂਵਾਲਾ ਵੀ ਵਿੱਚੋਂ-ਵਿੱਚੋਂ ਮੰਜੀ ਸਹਿਬ ਤੋਂ ਤਿੱਖੇ ਸੁਰ ਵਾਲੀ ਬਿਆਨਬਾਜ਼ੀ ਕਰਦਾ ਰਹਿੰਦਾ ਸੀ। ਪਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੇ ਸਿੱਖਾਂ ਦੀਆਂ ਮੰਗਾਂ ਵੱਲ ਕਦੀ ਵੀ ਲੋੜੀਂਦਾ ਧਿਆਨ ਦੇਣ ਦੀ ਜ਼ਰੂਰਤ ਨਾ ਸਮਝੀ ਜਿਸ ਦੇ ਸਿੱਟੇ ਵਜੋਂ ਭਿੰਡਰਾਂਵਾਲੇ ਦਾ ਤਿੱਖਾ ਸੁਰ ਹੋਰ ਵੀ ਤਿੱਖਾ ਹੁੰਦਾ ਗਿਆ ਅਤੇ ਪੰਜਾਬ ਵਿੱਚ ਹਿੰਸਕ ਕਾਰਵਾਈਆਂ ਵਿੱਚ ਚੋਖਾ ਵਾਧਾ ਹੋ ਗਿਆ। ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਇਹਨਾਂ ਅੱਤਵਾਦੀ ਕਾਰਵਾਈਆਂ ਦੇ ਨਾਲ ਆਪਣਾ ਜਾਂ ਆਪਣੇ ਸਾਥੀਆਂ ਦਾ ਨਾਮ ਜੁੜਦੇ ਰਹਿਣ ਦੀ ਉੱਕਾ ਹੀ ਪਰਵਾਹ ਨਹੀਂ ਜਾਪਦੀ ਸੀ। ਨਾਲ ਹੀ ਭਿੰਡਰਾਂਵਾਲੇ ਦੇ ਇਰਦ-ਗਿਰਦ ਕਾਫੀ ਗਿਣਤੀ ਵਿੱਚ ਦਹਿਸ਼ਤਗਰਦ, ਅਪਰਾਧੀ ਕਿਸਮ ਦੇ ਅਨਸਰ ਅਤੇ ਬੇਰੁਜ਼ਗਾਰ ਨੌਜਵਾਨ ਇਕੱਠੇ ਹੋ ਗਏ ਸਨ ਅਤੇ ਉਹ ਤਰ੍ਹਾਂ–ਤਰ੍ਹਾਂ ਦੀਆਂ ਹਿੰਸਕ ਕਾਰਵਾਈਆਂ ਨੂੰ ਬੇਖੌਫ ਹੋ ਕੇ ਅੰਜਾਮ ਦੇਣ ਲੱਗੇ ਸਨ। ਇੱਕ ਤਰ੍ਹਾਂ ਨਾਲ ਇਹ ਟੋਲਾ ਕਾਨੂੰਨ ਦੀ ਪਹੁੰਚ ਤੋਂ ਬਾਹਰ ਹੋ ਗਿਆ ਲਗਦਾ ਸੀ। ਅਪਰੈਲ 25, 1983 ਨੂੰ ਦਰਬਾਰ ਸਾਹਿਬ ਵਿੱਚ ਮੱਥਾ ਟੇਕ ਕੇ ਵਾਪਸ ਜਾ ਰਹੇ ਪੰਜਾਬ ਪੁਲਿਸ ਦੇ ਡੀ. ਆਈ. ਜੀ. ਅਵਤਾਰ ਸਿੰਘ ਅਟਵਾਲ ਨੂੰ ਘੰਟਾ-ਘਰ ਦੀ ਡਿਉਢੀ ਵਿੱਚ ਹੀ ਗੋਲੀ ਦਾ ਨਿਸ਼ਾਨਾ ਬਣਾ ਦਿੱਤਾ ਗਿਆ ਅਤੇ ਕਾਤਲ ਵਜੋਂ ਸ਼ਕ ਦੀ ਸੂਈ ਭਿੰਡਰਾਂਵਾਲੇ ਦੇ ਡਰਾਈਵਰ ਦਾਰਾ ਸਿੰਘ ਵੱਲ ਗਈ। ਨਾਲ ਹੀ ਭਿੰਡਰਾਂਵਾਲੇ ਦੇ ਪੈਰੋਕਾਰਾਂ ਵਿੱਚ ਰਲੇ ਹੋਏ ਅਟਵਾਲ ਦੇ ਇੱਕ ਸੂਹੀਏ ਨੂੰ ਵੀ ਤਸੀਹੇ ਦੇ ਕੇ ਕਤਲ ਕਰਨ ਪਿੱਛੋਂ ਟੋਟੇ-ਟੋਟੇ ਕੀਤੀ ਹੋਈ ਉਸਦੀ ਲਾਸ਼ ਨੂੰ ਗੁਰੂ ਨਾਨਕ ਨਿਵਾਸ ਦੇ ਇੱਕ ਹਿੱਸੇ ਵਿੱਚ ਪਰਦਰਸ਼ਿਤ ਕਰ ਦਿੱਤਾ ਗਿਆ। ਸਾਰੇ ਦੇਸ਼ ਵਿੱਚ ਇਹਨਾਂ ਕਤਲਾਂ ਤੇ ਸਹਿਮ ਅਤੇ ਅਚੰਭੇ ਦਾ ਪ੍ਰਗਟਾਵਾ ਕੀਤਾ ਗਿਆ, ਫਿਰ ਵੀ ਭਿੰਡਰਾਂਵਾਲੇ ਨੂੰ ਗੁਰੂ ਨਾਨਕ ਨਿਵਾਸ ਅੰਮ੍ਰਿਤਸਰ ਵਿੱਚੋਂ ਗ੍ਰਿਫਤਾਰ ਨਾ ਕੀਤਾ ਗਿਆ। ਹੁਣ ਜਿੱਥੇ ਦਰਬਾਰ ਸਾਹਿਬ ਕੰਪਲੈਕਸ ਦੇ ਅੰਦਰ ਹੋ ਰਹੇ ਕਤਲਾਂ ਦੇ ਸਬੂਤ ਮਿਲ ਰਹੇ ਸਨ ਅਤੇ ਕੰਪਲੈਕਸ ਤੋਂ ਬਾਹਰ ਪੰਜਾਬ ਵਿੱਚ ਹਿੰਸਕ ਕਾਰਵਾਈਆਂ ਵਿੱਚ ਚੋਖਾ ਵਾਧਾ ਹੋ ਗਿਆ ਹੋਇਆ ਸੀ ਜਿਹਨਾਂ ਵਿੱਚੋਂ ਕੁੱਝ ਕੁ ਦਾ ਸ਼ਿਕਾਰ ਸਿੱਧੇ ਤੌਰ ਤੇ ਹਿੰਦੂ ਬਣ ਰਹੇ ਸਨ, ਉੱਥੇ ਇਸ ਦੇ ਸਿੱਟੇ ਵਜੋਂ ਅਕਤੂਬਰ 06, 1983 ਈਸਵੀ ਨੂੰ ਪੰਜਾਬ ਵਿੱਚ ਦਰਬਾਰਾ ਸਿੰਘ ਦੀ ਸਰਕਾਰ ਭੰਗ ਕਰ ਦਿੱਤੀ ਗਈ। ਪੰਜਾਬ ਵਿੱਚ ਲਾਗੂ ਹੋਇਆ ਰਾਸ਼ਟਰਪਤੀ ਰਾਜ ਵੀ (ਗਿਆਨੀ ਜ਼ੈਲ ਸਿੰਘ ਦੇ ਰਾਸ਼ਟਰਪਤੀ ਹੋਣ ਕਰ ਕੇ) ਭਿੰਡਰਾਂਵਾਲੇ ਨੂੰ ਗ੍ਰਿਫਤਾਰ ਕਰਨ ਵਿੱਚ ਢਿੱਲ-ਮੱਠ ਵਿਖਾਉਂਦਾ ਰਿਹਾ। ਆਖਰ ਭਾਰਤੀ ਪਾਰਲੀਮੈਂਟ ਵਿੱਚ ਦੋਵ੍ਹਾਂ ਧਿਰਾਂ ਦੇ ਮੈਂਬਰਾਂ ਨੇ ਭਿੰਡਰਾਂਵਾਲੇ ਦੇ ਖਿਲਾਫ ਕੇਸ ਦਰਜ ਹੋਏ ਹੋਣ ਕਰ ਕੇ ਉਸ ਦੀ ਗ੍ਰਿਫਤਾਰੀ ਦੀ ਮੰਗ ਨੂੰ ਉਠਾਇਆ। ਹੁਣ ਭਿੰਡਰਾਂਵਾਲੇ ਨੂੰ ਆਪਣੀ ਗ੍ਰਿਫਤਾਰੀ ਸਪਸ਼ਟ ਨਜ਼ਰ ਆਉਣ ਲੱਗੀ ਅਤੇ ਉਸ ਨੇ ਇਸ ਸਬੰਧ ਵਿੱਚ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਤੋਂ ਮਦਦ ਮੰਗੀ ਤਾਂ ਕਿ ਗ੍ਰਿਫਤਾਰੀ ਤੋਂ ਬਚਣ ਲਈ ਗੁਰੂ ਨਾਨਕ ਨਿਵਾਸ ਨਾਲੋਂ ਕੋਈ ਵਧੇਰੇ ਸੁਰਖਿਅਤ ਟਿਕਾਣਾ ਲੱਭਿਆ ਜਾ ਸਕੇ (ਗੁਰੂ ਨਾਨਕ ਨਿਵਾਸ ਦਰਬਾਰ ਸਾਹਿਬ ਕੰਪਲੈਕਸ ਤੋਂ ਬਾਹਰਵਾਰ ਹੋਣ ਕਰਕੇ)। ਜੱਥੇਦਾਰ ਟੌਹੜਾ ਨੇ ਦਰਬਾਰ ਸਾਹਿਬ ਕੰਪਲੈਕਸ ਦੇ ਇੰਚਾਰਜ ਹੋਣ ਦੇ ਨਾਤੇ (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪਰਧਾਨ ਦੀ ਹੈਸੀਅਤ ਵਿਚ) ਭਿੰਡਰਾਂਵਾਲੇ ਅਤੇ ਉਸ ਦੇ ਸਾਥੀਆਂ ਦਾ 15. 12. 1983 ਈਸਵੀ ਨੂੰ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿੱਚ ਸਥਿਤ ਅਕਾਲ-ਤਖਤ ਇਮਾਰਤ ਵਿਖੇ ਟਿਕਾਣਾ ਕਰਵਾ ਦਿੱਤਾ (ਕੁਝ ਲੋਕ ਭਿੰਡਰਾਂਵਾਲੇ ਦਾ ਗੁਰੂ ਨਾਨਕ ਨਿਵਾਸ ਵਿੱਚੋਂ ਨਿਕਲ ਕੇ ‘ਅਕਾਲ-ਤਖਤ’ ਇਮਾਰਤ ਵਿੱਚ ਟਿਕਾਣਾ ਬਣਾ ਲੈਣ ਦੀ ਕਾਰਵਾਈ ਨੂੰ ਉਸ ਲਈ ‘ਬੱਬਰ ਖਾਲਸਾ’ ਜੱਥੇਬੰਦੀ ਵੱਲੋਂ ਬਣੇ ਖਤਰੇ ਨਾਲ ਵੀ ਜੋੜਦੇ ਹਨ)। ਜਰਨੈਲ ਸਿੰਘ ਭਿੰਡਰਾਂਵਾਲਾ ਮੁੱਢਲੇ ਤੌਰ ਤੇ ਇੱਕ ਮਨਮੱਤੀ ਡੇਰੇ ਦਾ ਮੁੱਖੀ ਸੀ ਅਤੇ ਜੱਥਦਾਰ ਟੌਹੜਾ ਇੱਕ ਕਾਮਰੇਡ ਸੀ, ੳਹਨਾਂ ਦੋਵ੍ਹਾਂ ਨੂੰ ਸਿਖ ਪ੍ਰੰਪਰਾਵਾਂ ਦੀ ਪਵਿੱਤਰਤਾ ਦੀ ਬਹੁਤੀ ਪਰਵਾਹ ਨਹੀਂ ਸੀ, ਨਹੀਂ ਤਾਂ ਅਕਾਲ-ਤਖਤ ਵਰਗੇ ਸਿਖ ਭਾਈਚਾਰੇ ਵੱਲੋਂ ਸਤਿਕਾਰਿਤ ਸਮਝੇ ਜਾਂਦੇ ਅਸਥਾਨ ਉੱਤੇ ਭਿੰਡਰਾਂਵਾਲੇ ਅਤੇ ਉਸ ਦੇ ਪੰਜਾਹ ਕੁ ਪੈਰੋਕਾਰਾਂ ਦੀ ਰਿਹਾਇਸ਼ ਸਥਾਪਤ ਨਹੀਂ ਸੀ ਕੀਤੀ ਜਾ ਸਕਣੀ। ਉਸ ਵੇਲੇ ਦੇ ਅਕਾਲ-ਤਖਤ ਜੱਥੇਦਾਰ ਕਿਰਪਾਲ ਸਿੰਘ ਨੇ ਪਹਿਲਾਂ ਤਾਂ ਇਸ ਕਦਮ ਦੀ ਡੱਟਵੀਂ ਵਿਰੋਧਤਾ ਕੀਤੀ ਪਰੰਤੂ ਭਿੰਡਰਾਂਵਾਲੇ ਅਤੇ ਜੱਥੇਦਾਰ ਟੌਹੜਾ ਵੱਲੋਂ ਉਸ ਨੂੰ ਡਰਾ-ਧਮਕਾ ਕੇ ਚੁੱਪ ਕਰਾ ਲਿਆ ਗਿਆ। ਅਕਾਲ-ਤਖਤ ਇਮਾਰਤ ਵਿੱਚ ਰਿਹਾਇਸ਼ ਰੱਖਣ ਦਾ ਅਰਥ ਇਹ ਸੀ ਕਿ ਨੇੜੇ ਹੀ ਪੈਂਦੇ ਦਰਬਾਰ ਸਾਹਿਬ ਵਿੱਚ ਸਥਾਪਤ ਗੁਰਬਾਣੀ-ਗ੍ਰੰਥ ਦਾ ਨਿਰਾਦਰ ਕਰਨਾ ਅਤੇ ਅਕਾਲ ਤਖਤ ਇਮਾਰਤ ਦੀ ਪਹਿਲੀ ਮੰਜ਼ਿਲ ਤੇ ਸਥਿਤ ਗੁਰਦੁਆਰਾ ਅਕਾਲ ਬੁੰਗਾ ਅਤੇ ਕੋਠਾ ਸਾਹਿਬ ਦੇ ਐਨ ਉੱਪਰ ਵਾਲੀਆਂ ਮੰਜ਼ਿਲਾਂ ਵਿੱਚ ਮਾਨਵ-ਵਿਰੋਧੀ ਕਾਰਵਾਈਆਂ ਦੀ ਯੋਜਨਾਬੰਦੀ, ਤਸੀਹਾ-ਕੇਂਦਰ ਦੀ ਸਥਾਪਤੀ, ਹਥਿਆਰਾਂ ਦੇ ਭੰਡਾਰ ਦੀ ਮੌਜੂਦਗੀ, ਆਧੁਨਿਕ ਹਥਿਆਰ ਚਲਾਉਣ ਦਾ ਸਿਖਲਾਈ ਪ੍ਰਬੰਧ ਅਤੇ ਇੱਕੋ ਥਾਂ ਪੰਜਾਹ ਕੁ ਬੰਦਿਆਂ ਦੀ ਮੌਜੂਦਗੀ ਨਾਲ ਪੈਦਾ ਹੋਏ ਪਰਦੂਸ਼ਣ ਦੇ ਮਾਹੌਲ ਆਦਿਕ ਨੂੰ ਹੋਂਦ ਵਿੱਚ ਲਿਆਉਣਾ। ਇੱਥੇ ਇਹ ਧਿਆਨਦੇਣ ਯੋਗ ਹੈ ਕਿ ਜੱਥੇਦਾਰ ਗੁਰਚਰਨ ਸਿੰਘ ਟੌਹੜਾ ਨੂੰ ਸਦਾ ਹੀ ਸਿਖ-ਸਮਾਜ ਵਿੱਚ ਪਲਾਂਟ ਕੀਤੇ ਹੋਏ ਇੱਕ ਕਮਿਊਨਿਸਟ ਏਜੰਟ ਵਜੋਂ ਵੇਖਿਆ ਜਾਂਦਾ ਰਿਹਾ ਹੈ ਅਤੇ ਭਿੰਡਰਾਂਵਾਲੇ ਨੂੰ ਅਕਾਲ-ਤਖਤ ਇਮਾਰਤ ਵਿੱਚ ਪਨਾਹ ਦੁਆਉਣ ਵਿੱਚ ਜੱਥੇਦਾਰ ਟੌਹੜਾ ਦੀ ਭੂਮਿਕਾ ਨੂੰ ਸੋਵੀਅਤ ਰੂਸ ਦੀ ਸਾਜ਼ਿਸ਼ ਦੇ ਹਿੱਸੇ ਦੇ ਤੌਰ ਤੇ ਵੀ ਲਿਆ ਜਾ ਸਕਦਾ ਹੈ।

ਅਕਾਲ-ਤਖਤ ਇਮਾਰਤ ਵਿੱਚ ਟਿਕਾਣਾ ਕਰਨ ਉਪਰੰਤ ਜਰਨੈਲ ਸਿੰਘ ਭਿੰਡਰਾਂਵਾਲਾ ਛੱਤਾਂ ਉੱਤੋਂ ਦੀ ਲਾਂਘਾ ਬਣਾ ਕੇ ਰੋਜ਼ਾਨਾਂ ਲੰਗਰ-ਹਾਲ ਦੀ ਛੱਤ ਉੱਤੇ ਆਪਣਾ ਦਰਬਾਰ ਲਗਾਉਂਦਾ ਜਿੱਥੇ ਹੁਣ ਉਹ ਆਪਣੇ ਭਾਸ਼ਣਾ ਵਿੱਚ ਨਿਸ਼ੰਗ ਹੋ ਕੇ ਅੱਗ ਉਗਲਦਾ। ਉਹ ਇੱਕੋ ਸਾਹੇ ਨਿਰੰਕਾਰੀਆਂ, ਅਕਾਲੀਆਂ, ਕਾਂਗਰਸੀ ਨੇਤਾਵਾਂ, ਕਾਂਗਰਸੀ ਸਰਕਾਰਾਂ, ਪੰਜਾਬ ਪੁਲਿਸ, ਸ੍ਰੀਮਤੀ ਇੰਦਰਾ ਗਾਂਧੀ ਅਤੇ ਹਿੰਦੂ ਭਾਈਚਾਰੇ ਪ੍ਰਤੀ ਅਪਸ਼ਬਦਾਂ ਦੀ ਵਰਤੋਂ ਕਰਦਾ। ਗਾਲੀ-ਗਲੋਚ ਭਰੇ ਆਪਣੇ ਭਾਸ਼ਣਾਂ ਵਿੱਚ ਉਹ ਆਪਣੀ ਸ਼ਬਦਾਵਲੀ ਨੂੰ ਕਾਫੀ ਹਲਕੇ ਪੱਧਰ ਤੇ ਲੈ ਆਉਂਦਾ (ਉਂਜ ਉਹ ਕੇਸਾਂ ਦੀ ਬੇਅਦਬੀ ਅਤੇ ਨਸ਼ਿਆਂ ਦੀ ਵਰਤੋਂ ਦੀ ਅਲੋਚਨਾ ਵੀ ਕਰਦਾ)। ਉੱਧਰ ਪੰਜਾਬ ਵਿੱਚ ਨਿੱਤ-ਪ੍ਰਤੀ ਵੱਧ ਰਹੀਆਂ ਹਿੰਸਕ ਅਤੇ ਅੱਤਵਾਦੀ ਕਾਰਵਾਈਆਂ ਨੂੰ ਭਿੰਡਰਾਂਵਾਲੇ ਦੇ ਪੈਰੋਕਾਰ ਵੀ ਅੰਜਾਮ ਦਿੰਦੇ ਸਨ, ਸਰਕਾਰੀ ਏਜੰਸੀਆਂ ਦੇ ਕਾਰਕੁੰਨ ਵੀ, ਪਾਕਿਸਤਾਨੀ ਏਜੰਟ ਵੀ, ਪੰਜਾਬ ਪੁਲਿਸ ਦੇ ਕਰਮਚਾਰੀ ਵੀ, ਬੇਰੁਜ਼ਗਾਰ ਨੌਜਵਾਨ ਵੀ ਅਤੇ ਬਦਮਾਸ਼ ਅਨਸਰ ਵੀ; ਪਰੰਤੂ ਭਿੰਡਰਾਂਵਾਲੇ ਦੀ ਬੋਲ-ਬਾਣੀ ਦੇ ਮੱਦਿ-ਨਜ਼ਰ ਇਹਨਾਂ ਸਾਰੀਆਂ ਕਾਰਵਾਈਆਂ ਦੀ ਜ਼ਿੰਮੇਵਾਰੀ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਉਸਦੇ ਸਾਥੀਆਂ ਦੇ ਸਿਰ ਮੜ੍ਹੀ ਜਾ ਰਹੀ ਸੀ। ਭਿੰਡਰਾਂਵਾਲਾ ਨੌਜਵਾਨ ਸਿਖ ਗਭਰੂਆਂ ਨੂੰ ਮੋਟਰ-ਸਾਈਕਲ ਅਤੇ ਨਵੀਨ ਕਿਸਮ ਦੇ ਹਥਿਆਰ ਪਰਾਪਤ ਕਰਨ ਲਈ ਪਰੇਰਦਾ ਅਤੇ ਇਹ ਵੀ ਕਹਿੰਦਾ ਕਿ ਭਾਰਤ ਵਿੱਚ ‘ਇਕ ਸਿਖ ਦੇ ਹਿੱਸੇ ਪੈਂਤੀ ਹਿੰਦੂ ਆਉਂਦੇ ਹਨ’ (ਭਿੰਡਰਾਂਵਾਲਾ ਚਾਹੁੰਦਾ ਸੀ ਕਿ ਹਿੰਦੂ ਪੰਜਾਬ ਨੂੰ ਛੱਡ ਕੇ ਭਾਰਤ ਦੇ ਦੂਸਰੇ ਹਿੱਸਿਆਂ ਵਿੱਚ ਚਲੇ ਜਾਣ ਅਤੇ ਇਸ ਸਬੰਧੀ ਹਿੰਦੂ ਪ੍ਰਤੀਕਰਮ ਹੋਣ ਤੇ ਬਾਹਰਲੇ ਸੂਬਿਆਂ ਵਿੱਚ ਰਹਿ ਰਹੇ ਸਿਖ ਪੰਜਾਬ ਵਿੱਚ ਆ ਕੇ ਵੱਸ ਜਾਣ ਤਾਂ ਜੋ ਪੰਜਾਬ ਵਿੱਚ ਉਸ ਦਾ ਦਬਦਬਾ ਹੋਰ ਪੱਕਾ ਹੋ ਜਾਵੇ)। ਭਿੰਡਰਾਂਵਾਲੇ ਵੱਲੋਂ ਤਿਆਰ ਕੀਤੀ ਹੋਈ ‘ਹਿੱਟ-ਲਿਸਟ’ ਦੇ ਚਰਚੇ ਵੀ ਆਮ ਹੀ ਸਨ ਅਤੇ ਇਸ ਲਿਸਟ ਨਾਲ ਸਬੰਧਤ ਕਈ ਕਹਾਣੀਆਂ ਪਰਚਲਤ ਹੋ ਗਈਆਂ ਸਨ। ਸਿੱਟੇ ਵਜੋਂ ਦੇਸ-ਵਿਦੇਸ਼ ਦੇ ਮੀਡੀਆ ਰਾਹੀਂ ਅਕਾਲ-ਤਖਤ ਦੀ ਇਮਾਰਤ ਨੂੰ ਹਥਿਆਰਾਂ ਦੇ ਜ਼ਖੀਰੇ, ਸਮਾਜ ਅਤੇ ਕਾਨੂਨ ਵਿਰੋਧੀ ਗਤੀਵਿਧੀਆਂ ਦੇ ਕੇਂਦਰ ਅਤੇ ਭਿੰਡਰਾਂਵਾਲੇ ਦੀ ਅਗਵਾਈ ਵਾਲੇ ਅੱਤਵਾਦੀਆਂ ਦੇ ਅੱਡੇ ਵਜੋਂ ਪਰਚਾਰਿਆ ਜਾਣ ਲੱਗਾ। ਆਖਰ ਸੋਵੀਅਤ ਰੂਸ ਦੇ ਦਬਾਅ ਹੇਠ ਸ੍ਰੀਮਤੀ ਇੰਦਰਾ ਗਾਂਧੀ ਨੇ ‘ਉਪਰੇਸ਼ਨ ਬਲੂ-ਸਟਾਰ’ ਦੀ ਕਾਰਵਾਈ ਕਰਵਾ ਦਿੱਤੀ। ਸੋਵੀਅਤ ਰੂਸ ਦੀ ਸਿੱਖਾਂ ਪ੍ਰਤੀ ਉਲੀਕੀ ਗਈ ਅਤੇ ਲੰਬੇ ਸਮੇਂ ਵਿੱਚ ਨਿਭਾਈ ਗਈ ਸਮੁੱਚੀ ਯੋਜਨਾ ਕੁੱਝ ਹੇਠਾਂ ਦਿੱਤੇ ਅਨੁਸਾਰ ਬਣਦੀ ਹੈ:

ਜਰਨੈਲ ਸਿੰਘ ਭਿੰਡਰਾਂਵਾਲੇ ਵਰਗੇ ਹਉਮੇ ਦੀ ਭਾਵਨਾ ਅਤੇ ਰਾਜਨੀਤਕ ਆਕਾਂਖਿਆਵਾਂ ਵਿੱਚ ਜਕੜੇ ਹੋਏ ਕਿਸੇ ਸਿਖ ਅਖਵਾਉਂਦੇ ਵਿਅਕਤੀ ਨੂੰ ਅੱਤਵਾਦੀ ਦੇ ਤੌਰ ਤੇ ਉਭਾਰਨਾ; ਜੱਗੇ ਡਾਕੂ, ਸੁੱਚੇ ਸੂਰਮੇ ਅਤੇ ਜਿਊਣੇ ਮੌੜ ਦੀ ਤਰਜ਼ ਤੇ ਅਜਿਹੇ ਖਾੜਕੂ ਕਿਸਮ ਦੇ ਬੰਦੇ ਦੇ ਨਾਮ ਦੇ ਨਾਲ ਬਹਾਦਰੀ ਦੇ ਕਿੱਸੇ ਜੋੜ ਕੇ ਉਸ ਨੂੰ ਸਿਖ-ਸਮਾਜ ਵਿੱਚ ਹੀਰੋ ਦਾ ਰੁਤਬਾ ਦੁਆਉਣਾ; ਉਸ ਨੂੰ ਗ੍ਰਿਫਤਾਰੀ ਤੋਂ ਬਚਾਉਣ ਲਈ ਸਿਖ ਭਾਈਚਾਰੇ ਦੇ ਸਰਵਉੱਚ ਸਮਝੇ ਜਾਂਦੇ ਅਸਥਾਨ ਅਕਾਲ-ਤਖਤ ਦੀ ਇਮਾਰਤ ਵਿੱਚ ਪਨਾਹ ਦੁਆ ਦੇਣੀ; ਅਕਾਲ-ਤਖਤ ਇਮਾਰਤ ਵਿੱਚ ਰਿਹਾਇਸ਼ੀ ਟਿਕਾਣਾ ਬਣਾ ਲੈਣ ਉਪਰੰਤ ਇਸ ਖੂੰ-ਖਾਰ ਸਿਖ ਅਤਵਾਦੀ ਦੇ ਤੌਰ ਤੇ ਉੱਭਰੇ ਵਿਅਕਤੀ ਵੱਲੋਂ ਆਪਣੀਆਂ ਘਿਨਾਉਣੀਆਂ ਅੱਤਵਾਦੀ ਕਾਰਵਾਈਆਂ ਦੇ ਘੇਰੇ ਨੂੰ ਹੋਰ ਫੈਲਾਉਣ ਵਿੱਚ ਸਫਲਤਾ ਪਰਾਪਤ ਕਰ ਲੈਣੀ; ਇਸ ਪਿੱਛੋਂ ਭਾਰਤ ਸਰਕਾਰ ਵੱਲੋਂ ਆਪਣੀ ਫੌਜੀ ਤਾਕਤ ਦੀ ਦੁਰਵਰਤੋਂ ਕਰਦੇ ਹੋਏ ਕਾਨੂੰਨ ਤੋਂ ਆਕੀ ਇਸ ਅਤਿਵਾਦੀ ਅਤੇ ਉਸਦੇ ਸਾਥੀਆਂ ਤੋਂ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਨੂੰ ਮੁਕਤ ਕਰਵਾਉਣ ਦੇ ਬਹਾਨੇ ਅਕਾਲ-ਤਖਤ ਦੀ ਇਮਾਰਤ ਨੂੰ ਢਹਿ-ਢੇਰੀ ਕਰਨਾ; ਸਰਕਾਰ ਵੱਲੋਂ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿੱਚ ਕੀਤੀ ਗਈ ਇਸ ਜ਼ਾਲਿਮਾਨਾ ਕਾਰਵਾਈ ਸਬੰਧੀ ਪ੍ਰਤੀਕਰਮ ਵਜੋਂ ਸਾਰੇ ਪੰਜਾਬ ਪਰਾਂਤ ਵਿੱਚ ਸਿੱਖਾਂ ਵੱਲੋਂ ਹਿੰਦੂਆਂ ਦੀ ਮਾਰ-ਕਾਟ ਸ਼ੁਰੂ ਕਰਵਾ ਦੇਣੀ; ਇਸ ਸਥਿਤੀ ਵਿੱਚ ਬਹਾਨੇ ਨਾਲ ਫੌਜੀ ਬਲਾਂ ਦੇ ਹੱਥੀਂ ਪੰਜਾਬ ਵਿਚਲੇ ਸਾਰੇ ਸਿਖ ਭਾਈਚਾਰੇ ਦਾ ਮੁੱਢੋਂ ਹੀ ਸਫਾਇਆ ਕਰ ਦੇਣਾ; ਨਾਲ ਹੀ ਪੰਜਾਬੋਂ ਬਾਹਰ ਰਹਿੰਦੇ ਸਿਖ ਭਾਈਚਾਰੇ ਦੇ ਲੋਕਾਂ ਉੱਤੇ ਹਿੰਦੂਆਂ ਦੇ ਕਾਤਲ ਹੋਣ ਦਾ ਦੋਸ਼ ਲਗਾ ਕੇ ਵਿਸ਼ੇਸ਼ ਸਿਖਲਾਈ ਪਰਾਪਤ ਅਨਸਰਾਂ ਦੇ ਹੱਥੋਂ ਇਕ-ਵੱਢਿਓਂ ਖਤਮ ਕਰਵਾ ਦੇਣਾ।

ਇਸ ਤਰ੍ਹਾਂ ਭਾਰਤ ਸਰਕਾਰ ਵੱਲੋਂ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿੱਚ ਜੂਨ 1984 ਈਸਵੀ ਵਿੱਚ ਕੀਤੀ ਗਈ ‘ਉਪਰੇਸ਼ਨ ਬਲੂ-ਸਟਾਰ’ ਨਾਮੀ ਕਾਰਵਾਈ ਅਸਲ ਵਿੱਚ ਸੋਵੀਅਤ ਰੂਸ ਵੱਲੋਂ ਘੜੀ ਗਈ ਸਿੱਖਾਂ ਦੀ ਪੂਰਨ ਨਸਲਕੁਸ਼ੀ ਦੀ ਯੋਜਨਾ ਨੂੰ ਸਿਰੇ ਚਾੜ੍ਹਨ ਦਾ ਇੱਕ ਕੋਝਾ ਯਤਨ ਸੀ।

ਜੂਨ 1984 ਈਸਵੀ ਵਿੱਚ ਭਾਰਤੀ ਫੌਜ ਦੇ ਹੱਥੋਂ ਅਕਾਲ-ਤਖਤ ਇਮਾਰਤ ਦਾ ਢਹਿ ਜਾਣਾ ਆਪਣੇ-ਆਪ ਨੂੰ ਸਿਖ ਅਖਵਾਉਣ ਵਾਲੇ ਲੋਕਾਂ ਲਈ ਭਾਰੀ ਸਦਮੇ ਦਾ ਕਾਰਨ ਬਣਿਆਂ। ਇਸ ਉੱਤੇ ਉਹਨਾਂ ਨੇ ਰੋ-ਕੁਰਲਾ ਤਾਂ ਲਿਆ ਪਰੰਤੂ ਉਹਨਾਂ ਨੇ ਰੋਹ ਵਿੱਚ ਆ ਕੇ ਜਾਂ ਕਿਸੇ ਉਕਸਾਹਟ ਹੇਠ ਪੰਜਾਬ ਦੇ ਹਿੰਦੂਆਂ ਦੇ ਉਲਟ ਕੋਈ ਕਾਰਵਾਈ ਨਹੀਂ ਸੀ ਕੀਤੀ। ਫਿਰ ਵੀ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿਖੇ ਫੌਜੀ ਕਾਰਵਾਈ ਦੀ ਖਬਰ ਸੁਣ ਕੇ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਟੇਪਾਂ ਰਾਹੀਂ ਪਹਿਲਾਂ ਅੱਪੜੇ ਹੋਏ ਉਕਸਾਊ ‘ਪਰਵਚਨਾਂ’ ਦੇ ਅਸਰ ਹੇਠ ਜਦੋਂ ਅਨੇਕਾਂ ਪਿੰਡਾਂ ਵਿੱਚੋਂ ਲੋਕ ਜੱਥੇ ਬਣਾ ਕੇ ਅੰਮ੍ਰਿਤਸਰ ਵਲ ਵਧੇ ਤਾਂ ਉਹਨਾਂ ਨੂੰ ਫੌਜੀਆਂ ਵੱਲੋਂ ਰਾਹ ਵਿੱਚ ਹੀ ਮੌਤ ਦੇ ਘਾਟ ਉਤਾਰ ਦਿੱਤਾ ਗਿਆ। ਇਹ ਇਸ ਗੱਲ ਦਾ ਸਪਸ਼ਟ ਸੰਕੇਤ ਸੀ ਕਿ ਸਿੱਖਾਂ ਵੱਲੋਂ ਹਿੰਦੂਆਂ ਦੀ ਮਾਰ-ਕਾਟ ਕੀਤੇ ਜਾਣ ਦੀ ਸੂਰਤ ਵਿੱਚ ਕਿਸ ਤਰ੍ਹਾਂ ਪੰਜਾਬ ਵਿਚਲੇ ਸਿੱਖਾਂ ਦਾ ਸਫਾਇਆ ਹੋ ਜਾਣਾ ਸੀ। ਪੰਜਾਬ ਤੋਂ ਬਾਹਰ ਵੱਸਦੇ ਸਿੱਖਾਂ ਦਾ ਖਾਤਮਾ ਕਿਸ ਤਰ੍ਹਾਂ ਕੀਤਾ ਜਾਣਾ ਸੀ ਇਸ ਦੀ ਝਲਕ ਬਾਦ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਤੋਂ ਪਿੱਛੋਂ ਦਿੱਲੀ ਵਿੱਚ ਅਤੇ ਹੋਰਨਾਂ ਥਾਵਾਂ ਤੇ ਆਯੋਜਿਤ ਹੋਏ ਸਿੱਖਾਂ-ਵਿਰੋਧੀ ਦੰਗਿਆਂ ਤੋਂ ਭਲੀ-ਭਾਂਤ ਮਿਲ ਜਾਂਦੀ ਹੈ ਭਾਵ ਨਿਹੱਥੇ ਸਿੱਖਾਂ ਨੂੰ ਮਾਰ–ਮੁਕਾਉਣ ਦੀ ਯੋਜਨਾ ਉਪਰੇਸ਼ਨ ਬਲੂ-ਸਟਾਰ ਕਾਰਵਾਈ ਦੇ ਹਿੱਸੇ ਦੇ ਤੌਰ ਤੇ ਵਿਸ਼ੇਸ਼ ਸਿਖਲਾਈ ਪਰਾਪਤ ਅਨਸਰ ਤਿਆਰ ਕਰਕੇ ਪਹਿਲਾਂ ਹੀ ਸਿਰੇ ਚਾੜ੍ਹੀ ਹੋਈ ਸੀ ਅਤੇ ਜਿਸ ਨੂੰ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਵੇਲੇ ਸੌਖਿਆਂ ਹੀ ਵਰਤ ਲਿਆ ਗਿਆ। ਇਸ ਸਮੁੱਚੀ ਸਥਿਤੀ ਨੂੰ ਪੈਦਾ ਕਰਨ ਅਤੇ ਨਿਭਾਉਣ ਦਾ ਮੁੱਖ-ਪਾਤਰ ਜਰਨੈਲ ਸਿੰਘ ਭਿੰਡਰਾਂਵਾਲਾ ਹੀ ਸੀ ਭਾਵੇਂ ਕਿ ਸੋਵੀਅਤ ਰੂਸ, ਥਰਡ ਏਜੰਸੀ, ਸ੍ਰੀਮਤੀ ਇੰਦਰਾ ਗਾਂਧੀ, ਗਿਆਨੀ ਜ਼ੈਲ ਸਿੰਘ ਅਤੇ ਗੁਰਚਰਨ ਸਿੰਘ ਟੌਹੜਾ ਵੀ ਇਸ ਵਿੱਚ ਪੂਰੀ ਤਰ੍ਹਾਂ ਸ਼ਾਮਲ ਸਨ।

ਹੁਣ ਅਸੀਂ ‘ਉਪਰੇਸ਼ਨ ਬਲੂ-ਸਟਾਰ’ ਕਾਰਵਾਈ ਸਬੰਧੀ ਉੱਠਦੇ ਮੁੱਢਲੇ ਸਵਾਲ ਵੱਲ ਆਉਂਦੇ ਹਾਂ: ਕੀ ਦਰਬਾਰ ਸਾਹਿਬ ਕੰਪਲੈਕਸ ਵਿਖੇ ਭਾਰਤੀ ਫੌਜ ਵੱਲੋਂ ਨਿਭਾਈ ਗਈ ‘ਉਪਰੇਸ਼ਨ ਬਲੂ-ਸਟਾਰ’ ਨਾਮੀ ਕਾਰਵਾਈ ਟਲ ਸਕਦੀ ਸੀ। ਉੱਤਰ ਹੈ: ਬੜੀ ਅਸਾਨੀ ਨਾਲ, ਜੇਕਰ ਜਰਨੈਲ ਸਿੰਘ ਭਿੰਡਰਾਂਵਾਲਾ ਸ਼ੁਰੂ ਤੋਂ ਹੀ ਸੂਝ ਦੀ ਵਰਤੋਂ ਕਰਦਾ ਅਤੇ ਸੁਹਿਰਦ ਹੋ ਕੇ ਦੂਸਰੀਆਂ ਸੁਹਿਰਦ ਧਿਰਾਂ ਨੂੰ ਸਹਿਯੋਗ ਦਿੰਦਾ। ਪਹਿਲਾਂ ਤਾਂ ਉਸ ਨੂੰ ਦਮਦਮੀ ਟਕਸਾਲ ਦੇ ਮੁੱਖੀ ਹੋਣ ਦੇ ਨਾਤੇ ਆਪਣੀ ਕਿਸੇ ਧਾਰਮਿਕ ਜਾਂ ਰਾਜਨੀਤਕ ਕਾਰਵਾਈ ਲਈ ਚੌਕ ਮਹਿਤਾ ਛੱਡ ਕੇ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿੱਚ ਆਉਣਾ ਹੀ ਨਹੀਂ ਸੀ ਚਾਹੀਦਾ ਵਿਸ਼ੇਸ਼ ਕਰ ਕੇ ਇਸ ਸਥਿਤੀ ਵਿੱਚ ਕਿ ਚੌਕ ਮਹਿਤਾ ਅੰਮ੍ਰਿਤਸਰ ਤੋਂ ਚਾਲੀ ਕਿਲੋਮੀਟਰ ਤੋਂ ਘਟ ਦੇ ਫਾਸਲੇ ਤੇ ਪੈਂਦਾ ਹੈ। ਦੂਸਰਾ, ਅਕਤੂਬਰ 25, 1981 ਈਸਵੀ ਨੂੰ ਫਿਰੋਜ਼ਪੁਰ ਜੇਲ ਵਿੱਚੋਂ ਹੋਈ ਰਿਹਾਈ ਤੋਂ ਪਿੱਛੋਂ ਭਿੰਡਰਾਂਵਾਲੇ ਨੂੰ ਦਰਬਾਰ ਸਾਹਿਬ ਕੰਪਲੈਕਸ ਵਿੱਚ ਗੁਰੂ ਨਾਨਕ ਨਿਵਾਸ ਵਿੱਚ ਟਿਕ ਜਾਣ ਦੀ ਪੇਸ਼ਕਸ਼ ਸਵੀਕਾਰ ਨਹੀਂ ਕਰਨੀ ਚਾਹੀਦੀ ਸੀ। ਜਦੋਂ ਕਿ ਭਿੰਡਰਾਂਵਾਲਾ ਆਪਣੇ ਆਪ ਨੂੰ ‘ਸੰਤ’ ਅਖਵਾਉਂਦਾ ਸੀ ਅਤੇ ਦਮਦਮੀ ਟਕਸਾਲ ਦਾ ਉਹ ਮੁੱਖੀ ਵੀ ਸੀ, ਉਸ ਨੂੰ ਟਕਸਾਲ ਦੇ ਹੈਡ-ਕੁਆਰਟਰ ਚੌਕ-ਮਹਿਤਾ ਵਿਖੇ ਟਿਕ ਕੇ ਟਕਸਾਲ ਵੱਲੋਂ ਮਿੱਥੇ ਹੋਏ ਧਰਮ-ਪਰਚਾਰ ਦੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਸੀ ਨਾ ਕਿ ਆਪਣੇ ਹਥਿਆਰਾਂ ਦੀਆਂ ਪਰਦਰਸ਼ਨੀਆਂ ਕਰਦੇ ਫਿਰਨ ਵੱਲ। ਇੱਕ ਧਾਰਮਿਕ ਸ਼ਖਸੀਅਤ ਹੋਣ ਦੇ ਨਾਤੇ ਭਿੰਡਰਾਂਵਾਲਾ ਨੂੰ ਲੋਕਾਂ ਦੇ ਮਨ ਜਿੱਤਣੇ ਚਾਹੀਦੇ ਸਨ ਨਾ ਕਿ ਲੋਕਾਂ ਦੀਆਂ ਜਾਨਾਂ ਲੈਣੀਆਂ ਚਾਹੀਦਆਂ ਸਨ। ਭਿੰਡਰਾਂਵਾਲਾ ਨਿਰੰਕਾਰੀਆਂ ਅਤੇ ਹੋਰ ਧਿਰਾਂ ਪ੍ਰਤੀ ਆਪਣੇ ਪ੍ਰਤੀਕਰਮ ਚੌਕ-ਮਹਿਤਾ ਵਿਖੇ ਰਹਿ ਕੇ ਮੀਡੀਆ ਅਤੇ ਲਿਖਤਾਂ ਰਾਹੀਂ ਵੀ ਭਲੀ-ਭਾਂਤ ਵਿਅਕਤ ਕਰ ਸਕਦਾ ਸੀ ਨਾ ਕਿ ਖੂਨੀ ਟਕਰਾਓ ਦਾ ਮਾਹੌਲ ਪੈਦਾ ਕਰਨ ਰਾਹੀਂ। ਗੁਰੂ ਦਾ ਸਿਖ ਹੋਣ ਦਾ ਦਾਵ੍ਹਾ ਕਰਨ ਵਾਲੇ ਭਿੰਡਰਾਂਵਾਲੇ ਨੂੰ ਗਿਆਨੀ ਜ਼ੈਲ ਸਿੰਘ ਵਰਗੇ ਮਨਮੱਤੀਏ ਅਤੇ ਨੀਵੀਂ ਪੱਧਰ ਦੇ ਮਨੁੱਖ ਕੋਲੋਂ ਕੋਈ ਲਾਭ ਪਰਾਪਤ ਕਰਨ ਦੀ ਚੇਸ਼ਟਾ ਨਹੀਂ ਸੀ ਕਰਨੀ ਚਾਹੀਦੀ। ਭਿੰਡਰਾਂਵਾਲੇ ਨੂੰ ਜੁਲਾਈ 1982 ਈਸਵੀ ਵਿੱਚ ਹੋਈ ਭਾਈ ਅਮਰੀਕ ਸਿੰਘ ਅਤੇ ਬਾਬਾ ਥਾਰ੍ਹਾ ਸਿੰਘ ਦੀ ਗ੍ਰਿਫਤਾਰੀ ਪ੍ਰਤੀ ਰੋਸ ਚੌਕ-ਮਹਿਤਾ ਵਿਖੇ ਰਹਿ ਕੇ ਹੀ ਪਰਗਟ ਕਰਨਾ ਚਾਹੀਦਾ ਸੀ ਅਤੇ ਇਸ ਸਮੱਸਿਆ ਸਬੰਧੀ ਮੋਰਚਾ ਵੀ ਉਸ ਨੂੰ ਦਮਦਮੀ ਟਕਸਾਲ ਦੇ ਹੈਡ-ਕੁਆਰਟਰ ਤੋਂ ਹੀ ਚਲਾਉਣਾ ਚਾਹੀਦਾ ਸੀ। ਭਿੰਡਰਾਂਵਾਲੇ ਨੂੰ ਪੰਜਾਬ ਦੀ ਰਾਜਨੀਤਕ ਪਾਰਟੀ ਅਕਾਲੀ ਦਲ ਦੇ ਪ੍ਰਬੰਧ ਅਤੇ ਪਰੋਗਰਾਮਾਂ ਵਿੱਚ ਖਾਹ-ਮੁਖਾਹ ਟੰਗ ਨਹੀਂ ਅੜਾਉਣੀ ਚਾਹੀਦੀ ਸੀ ਅਤੇ ਨਾ ਹੀ ਇਸ ਪਾਰਟੀ ਦੇ ਅਹੁਦੇਦਾਰਾਂ ਨਾਲ ਬੇਮਤਲਬ ਉਲਝਣਾ ਚਾਹੀਦਾ ਸੀ। ਭਿੰਡਰਾਂਵਾਲੇ ਨੂੰ ਅਪਹੁਦਰੇ ਤੌਰ ਤੇ ਸਿਖ-ਸਮਾਜ ਦੇ ਮਸਲਿਆਂ ਨੂੰ ਉਭਾਰ ਕੇ ਪੇਸ਼ ਕਰਨ ਵਾਲੇ ਸਪੋਕਸਮੈਨ ਦੀ ਜ਼ਿੰਮੇਵਾਰੀ ਆਪਣੇ ਸਿਰ ਨਹੀਂ ਲੈਣੀ ਚਾਹੀਦੀ ਸੀ। ਭਿੰਡਰਾਂਵਾਲੇ ਨੂੰ ਗੁਰਮੱਤ ਦੇ ਪਰਚਾਰ ਵੱਲ ਰੁਚਿਤ ਹੋਣਾ ਚਾਹੀਦਾ ਸੀ ਅਤੇ ਉਸ ਨੂੰ ਰਾਜਨੀਤਕ ਤਾਕਤ ਹਾਸਲ ਕਰਨ ਦੀਆਂ ਆਕੰਖਿਆਵਾਂ ਨਹੀਂ ਸਨ ਪਾਲਣੀਆਂ ਚਾਹੀਦੀਆਂ। ਭਿੰਡਰਾਂਵਾਲੇ ਨੂੰ ਗੁਰਮੱਤ ਦੀ ਸਿੱਖਿਆ ਦੇ ਉਲਟ ਅੱਤਵਾਦੀ ਕਾਰਵਾਈਆਂ ਕਰਨ ਵਿੱਚ ਖੱਚਿਤ ਨਹੀਂ ਹੋਣਾ ਚਾਹੀਦਾ ਸੀ। ਭਿੰਡਰਾਂਵਾਲੇ ਨੂੰ ਗੁਰਮੱਤ ਦੀ ਸਿੱਖਿਆ ਦੇ ਵਿਪਰੀਤ ਜਾਂਦੇ ਹੋਏ ਖਾਲਿਸਤਾਨ ਦੀ ਮੰਗ ਨਹੀਂ ਖੜੀ ਕਰਨੀ ਚਾਹੀਦੀ ਸੀ। ਜਦੋਂ ਭਿੰਡਰਾਂਵਾਲੇ ਦੀ ਅਟਵਾਲ ਕਤਲ ਕੇਸ ਦੇ ਸਬੰਧ ਵਿੱਚ ਗ੍ਰਿਫਤਾਰੀ ਨਿਸਚਤ ਜਾਪਦੀ ਸੀ ਤਾਂ ਉਸ ਨੂੰ ਅਕਾਲ-ਤਖਤ ਇਮਾਰਤ ਵਿੱਚ ਰਿਹਾਇਸ਼ ਲੈ ਜਾਣ ਦੀ ਬਜਾਇ ਦਮਦਮੀ ਟਕਸਾਲ ਦੇ ਹੈਡਕੁਆਰਟਰ ਚੌਕ ਮਹਿਤਾ ਆ ਕੇ ਟਿਕ ਜਾਣਾ ਚਾਹੀਦਾ ਸੀ ਅਤੇ ਸਥਿਤੀ ਦਾ ਬਹਾਦਰੀ ਨਾਲ ਸਾਹਮਣਾ ਕਰਨਾ ਚਾਹੀਦਾ ਸੀ। ਆਖਰ ਵਿੱਚ ਜਦੋਂ ਦਰਬਾਰ ਸਾਹਿਬ ਇਲਾਕੇ ਵਿੱਚ ਫੌਜ ਦੀ ਆਮਦ ਦਾ ਹੋਣਾ ਨਿਸਚਤ ਹੋ ਗਿਆ ਸੀ, ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਚਾਹੀਦਾ ਸੀ ਕਿ ਸਿੱਖਾਂ ਦੇ ਅਤੀ ਪਵਿੱਤਰ ਸਮਝੇ ਜਾਂਦੇ ਅਸਥਾਨਾਂ ਦਰਬਾਰ ਸਾਹਿਬ ਅਤੇ ਅਕਾਲ-ਤਖਤ ਨੂੰ ਬੇਹੁਰਮਤੀ ਤੋਂ ਬਚਾਉਣ ਖਾਤਰ ਉਹ ਫੌਜ ਅੱਗੇ ਆਤਮ-ਸਮਰਪਣ ਕਰ ਦਿੰਦਾ (ਜਦੋਂ ਕਿ ਉਸ ਦੇ ਅਤੇ ਉਸਦੇ ਸਾਥੀਆਂ ਦੇ ਜ਼ਿੰਦਾ ਬਚ ਜਾਣ ਦੇ ਅਸਾਰ ਹੁਣ ਖਤਮ ਹੋ ਚੁੱਕੇ ਸਨ)। ਗੱਲ ਕੀ, ਜੇਕਰ ਭਿੰਡਰਾਂਵਾਲਾ ਗੁਰਮੱਤ ਅਧਾਰਿਤ ਜੀਵਨ-ਸ਼ੈਲੀ ਅਪਣਉਂਦਾ ਹੋਇਆ ਰਾਜਨੀਤਕ ਆਕੰਖਿਆਵਾਂ ਨੂੰ ਧਾਰਨ ਨਾ ਕਰਦਾ, ਅਕਾਲੀ ਦਲ ਦੇ ਮਾਮਲਿਆਂ ਤੋਂ ਨਿਰਲੇਪ ਰਹਿੰਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰ ਖੇਤਰ ਵਿੱਚ ਦਖਲ-ਅੰਦਾਜ਼ੀ ਨਾ ਕਰਦਾ ਅਤੇ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਤੋਂ ਦੂਰੀ ਬਣਾਈ ਰੱਖਦਾ ਤਾਂ ਉਸ ਨੂੰ ਸਾਥੀਆਂ ਸਮੇਤ ਅਕਾਲ-ਤਖਤ ਦੀ ਇਮਾਰਤ ਵਿੱਚ ਸ਼ਰਨ ਲੈਣ ਦੀ ਲੋੜ ਹੀ ਨਾ ਪੈਂਦੀ। ਉਸ ਦੇ ਅਕਾਲ-ਤਖਤ ਇਮਾਰਤ ਤੋਂ ਦੂਰ ਚੌਕ ਮਹਿਤਾ ਵਿਖੇ ਟਿਕੇ ਹੋਣ ਤੇ ਦਰਬਾਰ ਸਾਹਿਬ ਇਲਾਕੇ ਵਿੱਚ ਕਿਸੇ ਪੁਲਿਸ, ਨੀਮ ਫੌਜੀ ਜਾਂ ਫੌਜੀ ਕਾਰਵਾਈ ਕੀਤੇ ਜਾਣ ਦੀ ਲੋੜ ਹੀ ਨਹੀਂ ਸੀ ਉਤਪੰਨ ਹੋਣੀ ਅਤੇ ਸੋਵੀਅਤ ਰੂਸ ਵੱਲੋਂ ਸਿਖ ਨਸਲਕੁਸ਼ੀ ਦੀ ਘਿਨਾਉਣੀ ਕਾਰਵਾਈ ਕਰਨ ਦੀ ਨੌਬਤ ਨਹੀਂ ਸੀ ਆਉਣੀ। ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸੱਤ ਸਾਲਾਂ ਲਈ ਦਮਦਮੀ ਟਕਸਾਲ ਦੇ ਮੁੱਖੀ ਰਹਿਣ ਸਮੇਂ ਪੰਜਾਬ ਖਿੱਤੇ ਦੇ ਰਾਜਨੀਤਕ, ਧਾਰਮਿਕ, ਸਮਾਜਿਕ ਅਤੇ ਪ੍ਰਬੰਧਕੀ ਖੇਤਰਾਂ ਵਿੱਚ ਹੜਕੰਪ ਮਚਾ ਛੱਡਿਆ ਪਰੰਤੂ ਕੀ ਕੋਈ ਸਮਝਾ ਸਕਦਾ ਹੈ ਕਿ ਭਿੰਡਰਾਂਵਾਲੇ ਨੇ ਇਸ ਸਮੇਂ ਵਿੱਚ ਕਿਹੜਾ ਹਾਂ-ਪੱਖੀ ਯੋਗਦਾਨ ਦਿੱਤਾ ਜਿਸ ਦਾ ਸਿਖ ਮੱਤ, ਸਿਖ ਭਾਈਚਾਰੇ ਜਾਂ ਮਾਨਵਤਾ ਨੂੰ ਕੋਈ ਲਾਭ ਪਹੁੰਚਿਆ ਹੋਵੇ?

ਇਸ ਸਥਿਤੀ ਵਿੱਚ ਸਾਨੂੰ ਸਾਰਿਆਂ ਨੂੰ ਇਸ ਅਸਲੋਂ ਝੂਠੇ ਦਾਵ੍ਹੇ ਤੋਂ ਕਿਨਾਰਾ ਕਰਨਾ ਹੀ ਪਵੇਗਾ ਕਿ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਅਕਾਲ-ਤਖਤ ਇਮਾਰਤ ਦੀ ਭਾਰਤੀ ਫੌਜ ਤੋਂ ਰੱਖਿਆ ਕਰਦੇ ਹੋਏ ਆਪਣੇ ਪ੍ਰਾਣ ਦਿੱਤੇ ਸਨ ਜਦੋਂ ਕਿ ਅਸਲੀਅਤ ਇਹ ਹੈ ਕਿ ਡੀ. ਆਈ. ਜੀ. ਅਵਤਾਰ ਸਿੰਘ ਅਟਵਾਲ ਦੇ ਕਤਲ ਦੇ ਇਲਜ਼ਾਮ ਕਰਕੇ ਸੁਰੱਖਿਆ ਬਲਾਂ ਹੱਥੋਂ ਹੋਣ ਵਾਲੀ ਆਪਣੀ ਗ੍ਰਿਫਤਾਰੀ ਤੋਂ ਬਚਣ ਲਈ (ਜਾਂ ‘ਬੱਬਰ ਖਾਲਸਾ’ ਜੱਥੇਬੰਦੀ ਤੋਂ ਬਚਾ ਕਰਨ ਖਾਤਰ) ਉਸ ਨੇ ਅਕਾਲ-ਤਖਤ ਦੀ ਇਮਾਰਤ ਵਿੱਚ ਜਾ ਸ਼ਰਨ ਲਈ ਸੀ। ਇਸ ਤਰ੍ਹਾਂ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਅਕਾਲ-ਤਖਤ ਦੀ ਇਮਾਰਤ ਨੂੰ ਗ੍ਰਿਫਤਾਰੀ ਜਾਂ ‘ਬੱਬਰਾਂ’ ਤੋਂ ਬਚਣ ਲਈ ਬਲੈਕਮੇਲਿੰਗ ਦੇ ਢੰਗ-ਤਰੀਕੇ ਰਾਹੀਂ ਆਪਣੇ ਸਵਾਰਥ ਹਿਤ ਵਰਤਣ ਦਾ ਯਤਨ ਕੀਤਾ ਜੋ ਕਿ ਨੈਤਿਕ ਪੱਖੋਂ ਬਹੁਤ ਹੀ ਨੀਵੇਂ ਪੱਧਰ ਦੀ ਕਾਰਵਾਈ ਬਣਦੀ ਹੈ (ਇਹ ਬਿਲਕੁਲ ਉਹੋ ਜਿਹਾ ਹੀ ਢੰਗ-ਤਰੀਕਾ ਹੈ ਜੋ ਮੱਧ-ਕਾਲ ਵਿੱਚ ਭਾਰਤ ਵਿੱਚ ਆਉਂਦੇ ਬਦੇਸ਼ੀ ਹਮਲਾਵਰ ਅਪਣਾਉਂਦੇ ਸਨ ਜਦੋਂ ਉਹ ਆਪਣੇ ਨਾਲ-ਨਾਲ ਵਿਰੋਧੀ ਹਿੰਦੂ ਫੌਜਾਂ ਵਾਲੇ ਪਾਸੇ ਗਊਆਂ ਦੇ ਵੱਗ ਤੋਰ ਲੈਂਦੇ ਸਨ ਤਾਂ ਕਿ ਹਿੰਦੂ ਫੌਜੀ ਵਿਚਾਲੇ ਆਉਂਦੀਆਂ ਗਊਆਂ ਦੇ ਬਚਾਅ ਦੀ ਖਾਤਰ ਬਦੇਸ਼ੀ ਹਮਲਾਵਰਾਂ ਤੇ ਵਾਰ ਨਾ ਕਰਨ ਅਤੇ ਹਮਲਾਵਰ ਫੌਜਾਂ ਅਸਾਨੀ ਨਾਲ ਅੱਗੇ ਵੱਧਦੀਆਂ ਜਾਣ)।

ਸੋ, ਜਿਸ ਸਚਾਈ ਨੂੰ ਸਵੀਕਾਰ ਕਰਨ ਦਾ ਨੈਤਿਕ ਹੌਸਲਾ ਸਿਖ ਭਾਈਚਾਰੇ ਨੂੰ ਵਿਖਾਉਣਾ ਚਾਹੀਦਾ ਹੈ ਉਹ ਇਹ ਹੈ ਕਿ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿੱਚ ਜੂਨ 1984 ਵਿੱਚ ਹੋਈ ‘ਉਪਰੇਸ਼ਨ ਬਲੂ-ਸਟਾਰ’ ਦੀ ਕਾਰਵਾਈ ਲਈ ਮੌਕਾ ਪੈਦਾ ਕਰਨ ਲਈ ਆਪਣੀ ਹਉਮੇ ਅਤੇ ਆਪਣੀਆਂ ਅਕਾਂਖਿਆਵਾਂ ਵਿੱਚ ਜਕੜਿਆ ਹੋਇਆ ਜਰਨੈਲ ਸਿੰਘ ਭਿੰਡਰਾਂਵਾਲਾ ਹੀ ਸਿੱਧੇ ਤੌਰ ਤੇ ਜ਼ਿੰਮੇਵਾਰ ਸੀ ਅਤੇ ਇਸ ਤਰ੍ਹਾਂ ਬਾਦ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਦੇ ਕਤਲ ਦੇ ਪਿੱਛੋਂ ਦਿੱਲੀ ਅਤੇ ਭਾਰਤ ਵਿੱਚ ਹੋਰਨਾ ਥਾਵਾਂ ਤੇ ਹੋਏ ਸਿਖ-ਵਿਰੋਧੀ ਦੰਗਿਆਂ ਦੀ ਜ਼ਿੰਮੇਵਾਰੀ ਵੀ ਉਸ ਦੇ ਸਿਰ ਹੀ ਜਾਂਦੀ ਹੈ। ਇਹਨਾਂ ਦੋ ਕਾਰਵਾਈਆਂ ਦੇ ਫਲਸਰੂਪ ਸਿਖ ਭਾਈਚਾਰਾ ਸਦੀਆਂ ਤੀਕਰ ਸਿਰ ਉਠਾਉਣ ਦੇ ਕਾਬਲ ਨਹੀਂ ਰਿਹਾ।

ਜਰਨੈਲ ਸਿੰਘ ਭਿੰਡਰਾਂਵਾਲਾ ਆਪ ਵੀ ਡੁੱਬਿਆ ਅਤੇ ਉਸ ਨੇ ਸਮੁੱਚੇ ਸਿਖ ਭਾਈਚਾਰੇ ਨੂੰ ਵੀ ਡੋਬ ਕੇ ਰੱਖ ਦਿੱਤਾ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।
.