.

ਸੁਖਮਈ ਜੀਵਨ ਅਹਿਸਾਸ (ਭਾਗ-18)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 1 ਤੋਂ 17 ਪੜੋ ਜੀ।

ਧਰਮ ਇੱਕ ਜੀਵਨ ਜਾਚ ਹੈ। ਧਰਮੀ ਮਨੁੱਖ ਅਖਵਾਉਣ ਦਾ ਹੱਕਦਾਰ ਕੇਵਲ ਉਹੀ ਹੋ ਸਕਦਾ ਹੈ ਜਿਸਦੀ ਜੀਵਨ ਸ਼ੈਲੀ ਭਾਵ ਕਰਮਾਂ ਵਿੱਚ ਧਰਮ ਹੋਵੇ। ਜੇ ਅਮਲੀ ਰੂਪ ਅੰਦਰ ਇਸ ਤਰਾਂ ਨਾ ਹੋਵੇ ਤਾਂ ਐਸਾ ਮਨੁੱਖ ਧਰਮੀ ਨਹੀਂ ਸਗੋਂ ਭੇਖੀ ਹੀ ਅਖਵਾਏਗਾ। ਸਿੱਖ ਵਿਚਾਰਧਾਰਾ ਅੰਦਰ ਇਸ ਪੱਖ ਨੂੰ ਪ੍ਰੈਕਟੀਕਲ ਰੂਪ ਦੇ ਕੇ ਦਿਖਾਇਆ ਗਿਆ ਕਿ ਗੁਰੂ ਨਾਨਕ ਸਾਹਿਬ ਦੇ ਆਗਮਨ 1469 ਈ. ਤੋਂ ਲੈ ਕੇ ਖਾਲਸੇ ਦੀ ਸਾਜਨਾ 1699 ਈ. ਤਕ 230 ਸਾਲ ਸਿੱਖ ਦੇ ਜੀਵਨ ਅੰਦਰ ਬਾਣੀ ਨੂੰ ਵਸਾਇਆ ਗਿਆ ਅਤੇ ਫਿਰ ਬਾਣੀ ਦੇ ਗੁਣਾਂ ਅਨੁਸਾਰੀ ਜੀਵਨ ਜਾਚ ਦੀ ਸੰਭਾਲ ਲਈ ਵਾੜ ਰੂਪ ਅੰਦਰ ਪੰਜ ਕਕਰਾਂ ਵਾਲੇ ਬਾਣੇ ਦੀ ਬਖਸ਼ਿਸ਼ ਕੀਤੀ ਗਈ। ਕਲਗੀਧਰ ਪਾਤਸ਼ਾਹ ਨੇ ਸਪਸ਼ਟ ਕਰ ਦਿਤਾ ਕਿ ਸਹੀ ਅਰਥਾਂ ਵਿੱਚ ਖਾਲਸਾ ਅਖਵਾਉਣ ਦਾ ਹੱਕਦਾਰ ਉਹੀ ਬਣੇਗਾ ਜੋ ਬਾਣੀ ਅਤੇ ਬਾਣੇ ਦਾ ਧਾਰਨੀ ਹੋਵੇਗਾ, ਬਾਣੀ ਅਤੇ ਬਾਣੇ ਦੇ ਸਹੀ ਸੁਮੇਲ ਵਾਲੇ (ਜੀਵਨ ਜਾਚ ਬਾਣੀ ਅਨੁਸਾਰ, ਬਾਹਰ ਪੰਜ ਕਕਾਰੀ ਬਾਣਾ) ਹੀ ਖਾਲਸਾ ਅਖਵਾਏ। ਗੁਰੂ ਦੇ ਸਿੱਖ ਕੋਲ ਕੇਵਲ ਬਾਹਰੀ ਭੇਖ ਨਾ ਹੋਵੇ, ਅੰਦਰ ਸਿੱਖੀ ਜੀਵਨ ਜਾਚ ਵੀ ਹੋਵੇ, ਇਸ ਪੱਖ ਪ੍ਰਤੀ ਸੁਚੇਤ ਕਰਨ ਹਿਤ ਦਸਮ ਪਾਤਸ਼ਾਹ ਜੀ ਨੇ ਅਨੰਦਪੁਰ ਸਾਹਿਬ ਦੀ ਧਰਤੀ ਉਪਰ ‘ਖੋਤੇ ਤੇ ਸ਼ੇਰ ਦੀ ਖਲ` ਪਾਉਣ ਵਾਲੀ ਗੁਹਜ ਭਰਪੂਰ ਸਾਖੀ ਵਰਤਾ ਕੇ ਦਿਖਾ ਦਿਤੀ ਸੀ ਕਿ ਸਿੱਖ ਅੰਦਰੋਂ ਬਾਹਰੋਂ ਇੱਕ ਹੀ ਭਾਵ ਸ਼ੇਰ ਹੀ ਹੋਵੇ, ਕਿਤੇ ਅੰਦਰੋਂ ਗਧਾ ਬਿਰਤੀ ਨਾ ਹੋਵੇ।

ਸਿੱਖ ਦੇ ਜੀਵਨ ਅੰਦਰ ‘ਸੁਖਮਈ ਜੀਵਨ ਅਹਿਸਾਸ` ਬਣੇ ਰਹਿਣ ਦੀ ਆਸ ਤਾਂ ਹੀ ਕੀਤੀ ਜਾ ਸਕਦੀ ਹੈ, ਜੇਕਰ ਇਸਦੇ ਪੱਲੇ ਗੁਰੂ ਗਿਆਨ ਦੀ ਰੋਸ਼ਨੀ ਅੰਦਰ ਚੱਲਣ ਵਾਲੀ ਜੀਵਨ ਜਾਚ ਹੋਵੇ। ਕੇਵਲ ਬਾਹਰੀ ਭੇਖ ਨੇ ਮਨੁੱਖਾ ਜੀਵਨ ਦੀ ਪ੍ਰਭੂ ਪ੍ਰਾਪਤੀ ਰੂਪੀ ਮੰਜ਼ਿਲ ਤਕ ਨਹੀਂ ਲਿਜਾ ਸਕਣਾ, ਸਗੋਂ ਵਿਸ਼ੇ ਵਿਕਾਰਾਂ ਭਰਪੂਰ ਗੰਦਗੀ ਵਿੱਚ ਹੀ ਪ੍ਰਵਤਿਤ ਕਰਕੇ ਜੀਵਨ ਖਰਾਬ ਕਰ ਦੇਣਾ ਹੈ। ਸਤਿਗੁਰੂ ਦੀ ਸੱਚੀ ਸਿਖਿਆ ਅਨੁਸਾਰ ਚੱਲਣ ਵਾਲਿਆਂ ਨੇ ਹੀ ਆਪਣਾ ਜੀਵਨ ਸਫਲ ਕਰਨਾ ਹੈ-

-ਬਹੁ ਭੇਖ ਕਰਿ ਭਰਮਾਈਐ ਮਨਿ ਹਿਰਦੈ ਕਪਟੁ ਕਮਾਇ।।

ਹਰਿ ਕਾ ਮਹਲੁ ਨ ਪਾਵਈ ਮਰਿ ਵਿਸਟਾ ਮਾਹਿ ਸਮਾਇ।।

(ਸਿਰੀਰਾਗੁ ਮਹਲਾ ੩-੨੬)

- ਅਕਲ ਕਲਾ ਨਹ ਪਾਈਐ ਪ੍ਰਭੁ ਅਲਖ ਅਲੇਖੰ।।

ਖਟੁ ਦਰਸਨ ਭ੍ਰਮਤੇ ਫਿਰਹਿ ਨਹ ਮਿਲੀਐ ਭੇਖੰ।।

(ਵਾਰ ਮਾਰੂ- ਮਹਲਾ ੫-੧੦੯੮)

- ਸਤਿਗੁਰਿ ਮਿਲਿਐ ਭੁਖ ਗਈ ਭੇਖੀ ਭੁਖ ਨ ਜਾਇ।।

ਦੁਖਿ ਲਗੈ ਘਰਿ ਘਰਿ ਫਿਰੈ ਅਗੈ ਦੂਣੀ ਮਿਲੈ ਸਜਾਇ।।

(ਵਾਰ ਵਡਹੰਸ -ਮਹਲਾ ੩-੫੮੬)

ਭਗਤ ਕਬੀਰ ਜੀ ਨੇ ਬਹੁਤ ਹੀ ਸੁੰਦਰ ਤਰੀਕੇ ਨਾਲ ਦ੍ਰਿਸਟਾਂਤ ਦਿੰਦੇ ਹੋਏ ਸਮਝਾਉਣ ਦਾ ਯਤਨ ਕੀਤਾ ਹੈ ਕਿ ਜੇਕਰ ਬਾਹਰੀ ਭੇਖ ਧਾਰਨ ਕੀਤਿਆਂ ਪ੍ਰਾਪਤੀ ਹੋਣਾ ਮੰਨ ਲਿਆ ਜਾਵੇ ਤਾਂ ਇਸ ਪੱਖ ਉਪਰ ਪ੍ਰਾਪਤੀ ਕਿਸ-ਕਿਸ ਦੇ ਹਿੱਸੇ ਵਿੱਚ ਆਉਣੀ ਚਾਹੀਦੀ ਹੈ। ਜਿਵੇਂ -ਜੇਕਰ ਨੰਗੇ ਰਹਿਣ ਵਾਲਾ ਭੇਖ ਧਾਰਨ ਕਰਨ ਨਾਲ ਰੱਬ ਮਿਲਦਾ ਹੋਵੇ ਤਾਂ ਜੰਗਲਾਂ ਵਿੱਚ ਰਹਿਣ ਵਾਲੇ ਹਿਰਨ (ਅਤੇ ਹੋਰ ਪਸ਼ੂ) ਜੋ ਆਦਿ ਤੋਂ ਅੰਤ ਤਕ ਆਪਣਾ ਸਾਰਾ ਜੀਵਨ ਨੰਗੇ ਹੀ ਬਤੀਤ ਕਰਦੇ ਹਨ, ਰੱਬ ਪਹਿਲਾਂ ਉਹਨਾਂ ਨੂੰ ਮਿਲਣਾ ਚਾਹੀਦਾ ਹੈ। ਜੇਕਰ ਰੂੰਡ-ਮੂੰਡ ਸੰਨਿਆਸੀ -ਸਾਧੂ ਬਨਣ ਨਾਲ ਰੱਬ ਮਿਲਦਾ ਹੋਵੇ ਤਾਂ ਜੀਵਨ ਕਾਲ ਅੰਦਰ ਕਈ ਵਾਰ ਉਨ ਲਾਹ ਕੇ ਰੋਡ-ਮੋਡ ਕੀਤੀ ਜਾਂਦੀ ਭੇਡ ਨੂੰ ਰੱਬ ਪਹਿਲਾ ਮਿਲਣਾ ਚਾਹੀਦਾ ਹੈ। ਜੇਕਰ ਜਤੀ-ਸਤੀ ਬਨਣ ਨਾਲ ਰੱਬ ਮਿਲਦਾ ਹੋਵੇ ਤਾਂ ਪ੍ਰਮੇਸ਼ਰ ਦੀ ਸਾਜੀ ਸ਼੍ਰਿਸ਼ਟੀ ਅੰਦਰ ਖੁਸਰੇ ਨੂੰ ਰੱਬ ਪਹਿਲਾਂ ਮਿਲਣਾ ਚਾਹੀਦਾ ਹੈ ਕਿਉਂ ਕਿ ਉਸਨੂੰ ਤਾਂ ਪ੍ਰਮੇਸ਼ਰ ਨੇ ਹੀ ਪੱਕੇ ਤੌਰ ਤੇ ਜਤੀ- ਸਤੀ ਪੈਦਾ ਕੀਤਾ ਹੋਇਆ ਹੈ। ਇਹਨਾਂ ਬਾਹਰੀ ਕਰਮਕਾਂਡੀ ਭੇਖਾਂ ਨਾਲ ਰੱਬ ਦੀ ਪ੍ਰਾਪਤੀ ਲੱਭਣ ਦੀ ਥਾਂ ਆਪਣੇ ਅੰਦਰ ਵੱਸਦੇ ਸੱਚ ਰੂਪੀ ਪ੍ਰਮੇਸ਼ਰ ਨਾਲ ਸਾਂਝ ਪਾਉਂਦੇ ਹੋਏ ਜੀਵਨ ਨੂੰ ਸਚਿਆਰ ਬਣਾਉਣ ਦੀ ਲੋੜ ਹੈ-

ਨਗਨ ਫਿਰਤ ਜੌ ਪਾਈਐ ਜੋਗੁ।।

ਬਨ ਕਾ ਮਿਰਗੁ ਮੁਕਤਿ ਸਭੁ ਹੋਗੁ।। ੧।।

ਕਿਆ ਨਾਗੇ ਕਿਆ ਬਾਧੇ ਚਾਮ।।

ਜਬ ਨਹੀ ਚੀਨਸਿ ਆਤਮ ਰਾਮ।। ੧।। ਰਹਾਉ।।

ਮੂਡ ਮੁੰਡਾਏ ਜੌ ਸਿਧਿ ਪਾਈ।।

ਮੁਕਤੀ ਭੇਡ ਨ ਗਈਆ ਕਾਈ।। ੨।।

ਬਿੰਦੁ ਰਾਖਿ ਜੌ ਤਰੀਐ ਭਾਈ।।

ਖੁਸਰੈ ਕਿਉ ਨ ਪਰਮ ਗਤਿ ਪਾਈ।। ੩।।

ਕਹੁ ਕਬੀਰ ਸੁਨਹੁ ਨਰ ਭਾਈ।।

ਰਾਮ ਨਾਮ ਬਿਨੁ ਕਿਨਿ ਗਤਿ ਪਾਈ।। ੪।।

(ਗਉੜੀ ਕਬੀਰ ਜੀ-੩੨੪)

ਇਸੇ ਹੀ ਪੱਖ ਉਪਰ ਬਾਬਾ ਬੁੱਲੇ ਸ਼ਾਹ ਨੇ ਵੀ ਬਹੁਤ ਸੁੰਦਰ ਸੇਧ ਦਿਤੀ ਹੈ-

ਜੇ ਰੱਬ ਮਿਲਦਾ ਨਾਤਿਆਂ ਧੋਤਿਆਂ, ਮਿਲਦਾ ਡੱਡੀਆਂ ਮੱਛੀਆਂ।

ਜੇ ਰੱਬ ਮਿਲਦਾ ਜੰਗਲ ਬੇਲੇ, ਮਿਲਦਾ ਗਾਈਆਂ ਵੱਛੀਆਂ।

ਜੇ ਰੱਬ ਮਿਲਦਾ ਮੜ੍ਹੀ ਮਸਾਣੀ, ਮਿਲਦਾ ਚਾਮ ਚੜਿੱਕੀਆਂ।

ਬੁੱਲੇ ਸ਼ਾਹ ਰੱਬ ਉਨ੍ਹਾਂ ਨੂੰ ਮਿਲਦਾ, ਨੀਅਤਾਂ ਜਿਨ੍ਹਾਂ ਦੀਆਂ ਅੱਛੀਆਂ।

ਕੇਵਲ ਬਾਹਰਲੇ ਭੇਖ ਧਾਰਨ ਕਰਨ ਨੂੰ ਹੀ ਧਰਮ ਦੀ ਪ੍ਰੀਭਾਸ਼ਾ ਉਪਰ ਖਰੇ ਸਮਝਣ ਵਾਲਿਆਂ ਨੇ ਗੁਰੂ ਨਾਨਕ ਸਾਹਿਬ ਨੂੰ ‘ਦੁਧ ਵਿੱਚ ਕਾਂਜੀ ਪਾਉਣ ਵਾਲਾ` ਆਖਦੇ ਹੋਏ ਨੀਵੇਂ ਦਿਖਾਉਣ ਦਾ ਯਤਨ ਕੀਤਾ। ਕਿਉਂਕਿ ਗੁਰੂ ਸਾਹਿਬ ਨੇ ਸੁਮੇਰ ਪਰਬਤ ਤੇ ਸਿੱਧਾਂ ਨਾਲ ਪਹਿਲੀ ਮੁਲਾਕਾਤ ਸਮੇਂ ਉਦਾਸੀਆਂ ਵਾਲੇ ਗੇਰੂਏ ਰੰਗ ਦੇ ਬਸਤਰ ਪਹਿਨੇ ਸਨ, ਹੁਣ ਅਚਲ ਵਟਾਲੇ ਦੀ ਧਰਤੀ ਤੇ ਦੂਜੀ ਮੁਲਾਕਾਤ ਸਮੇਂ ਗ੍ਰਿਹਸਥੀਆਂ ਵਾਲੇ ਸੰਸਾਰੀ ਬਸਤਰ ਧਾਰਨ ਕੀਤੇ ਹੋਏ ਸਨ। ਸਿੱਧਾਂ ਨੇ ਇਸ ਦੇ ਨਾਲ ਹੀ ਗ੍ਰਿਹਸਥੀਆਂ ਪ੍ਰਤੀ ਅਪਸ਼ਬਦਾਂ ਦੀ ਵਰਤੋਂ ਕਰਨ ਤੋਂ ਵੀ ਸੰਕੋਚ ਨਹੀਂ ਕੀਤਾ। ਸੰਸਾਰ ਦੇ ਇਤਿਹਾਸ ਅੰਦਰ ਮਹਾਨ ਤਰਕਸ਼ੀਲ ਗੁਰੂ ਨਾਨਕ ਸਾਹਿਬ ਨੇ ਉੱਤਰ ਦਿਤਾ ਕਿ - ਜੋਗੀਓ! ਤੁਹਾਡੀ ਪਹਿਚਾਣ ਹੀ ਬਸਤਰਾਂ ਤੋਂ ਹੈ, ਗੁਰੂ ਨਾਨਕ ਦੀ ਪਹਿਚਾਣ ਬਸਤਰ ਨਹੀਂ ਸਗੋਂ ਉਸਦੀ ਜੀਵਨ ਜਾਚ ਹੈ, ਤੁਸੀਂ ਜੋਗੀਆਂ ਵਾਲੇ ਗੇਰੂਏ ਬਸਤਰ ਉਤਾਰ ਕੇ ਮੰਗਣ ਜਾਉ ਤੁਹਾਡੇ ਕਰਮੰਡਲ ਵਿੱਚ ਕੋਈ ਖੈਰ ਵੀ ਨਹੀਂ ਪਾਵੇਗਾ। ਜੇ ਤੁਹਾਡੀ ਨਜ਼ਰ ਅੰਦਰ ਗ੍ਰਹਿਸਥੀ ਮਾੜੇ ਹਨ ਤਾਂ ਫਿਰ ਠੂਠਾ ਫੜ੍ਹ ਕੇ ਇਹਨਾਂ ਗ੍ਰਿਹਸਥੀਆਂ ਦੇ ਦਰਾਂ ਉਪਰ ਮੰਗਣ ਲਈ ਕਿਉਂ ਜਾਂਦੇ ਹੋ, ਤੁਹਾਨੂੰ ਸ਼ਰਮ ਕਿਉਂ ਨਹੀਂ ਆਉਂਦੀ?

ਇਸ ਵਿਸ਼ੇ ਉਪਰ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਘਰ-ਬਾਰ ਤਿਆਗ ਕੇ ਉਪਜੀਵਕਾ ਹਿਤ ਬਾਹਰੀ ਭੇਖ ਧਾਰਨ ਕਰਨ ਵਾਲਿਆਂ ਨਾਲੋਂ ਤਾਂ ਗ੍ਰਿਹਸਥੀ ਹੀ ਚੰਗੇ ਹਨ, ਜਿਥੋਂ ਕਿਸੇ ਲੋੜਵੰਦ ਦੀ ਉਦਰ ਪੂਰਤੀ ਹਿਤ ਅੰਨ ਮਿਲਦਾ ਹੈ। ਜੀਵਨ ਸਫਲ ਕਰਨ ਦੇ ਅਸਲ ਮਾਰਗ ਦੀ ਸੋਝੀ ਤਾਂ ਪੂਰੇ ਸਤਿਗੁਰੂ ਦੇ ਉਪਦੇਸ਼ ਨੂੰ ਜੀਵਨ ਅੰਦਰ ਕਮਾਉਣ ਨਾਲ ਹੀ ਮਿਲਦੀ ਹੈ, ਜਿਸ ਦੁਆਰਾ ਅੰਦਰਲੀ ਚਿੰਤਾਂ ਤੋਂ ਵੀ ਮੁਕਤੀ ਮਿਲ ਸਕਦੀ ਹੈ-

-ਇਸ ਭੇਖੈ ਥਾਵਹੁ ਗਿਰਹੋ ਭਲਾ ਜਿਥਹੁ ਕੋ ਵਰਸਾਇ।।

ਸਬਦਿ ਰਤੇ ਤਿਨਾ ਸੋਝੀ ਪਈ ਦੂਜੈ ਭਰਮਿ ਭੁਲਾਇ।।

(ਵਾਰ ਵਡਹੰਸ-ਮਹਲਾ ੩-੫੮੬)

- ਐ ਜੀ ਬਹੁਤੇ ਭੇਖ ਕਰਹਿ ਭਿਖਿਆ ਕਉ ਕੇਤੇ ਉਦਰੁ ਭਰਨ ਕੈ ਤਾਈ।।

ਬਿਨੁ ਹਰਿ ਭਗਤਿ ਨਾਹੀ ਸੁਖੁ ਪ੍ਰਾਨੀ ਬਿਨੁ ਗੁਰ ਗਰਬੁ ਨ ਜਾਈ।।

(ਗੂਜਰੀ ਮਹਲਾ ੧-੫੦੪)

-ਭੇਖੀ ਅਗਨਿ ਨ ਬੁਝਈ ਚਿੰਤਾ ਹੈ ਮਨ ਮਾਹਿ।।

ਵਰਮੀ ਮਾਰੀ ਸਾਪੁ ਨ ਮਰੈ ਤਿਉ ਨਿਗੁਰੇ ਕਰਮ ਕਮਾਹਿ।।

(ਵਾਰ ਵਡਹੰਸ-ਮਹਲਾ ੩-੫੮੮)

-ਮਨ ਰੇ ਗਹਿਓ ਨ ਗੁਰ ਉਪਦੇਸੁ।।

ਕਹਾ ਭਇਓ ਜਉ ਮੂਡ ਮੁਡਾਇਓ ਭਗਵਉ ਕੀਨੋ ਭੇਸੁ।।

(ਸੋਰਠਿ ਮਹਲਾ ੯-੬੩੩)

ਭਾਈ ਕਾਨ੍ਹ ਸਿੰਘ ਨਾਭਾ ਵਲੋਂ ਵੀ ਗੁਰੁਮਤ ਮਾਰਤੰਡ -ਪੰਨਾ ੩੪੦ ਉਪਰ ਦਿਤੇ ਫੁਟ ਨੋਟ ਰਾਹੀਂ ਸੁਚੇਤ ਕੀਤਾ ਗਿਆ ਹੈ ਕਿ- ‘ਸਿੱਖੀ ਦੇ ਭੇਸ ਵਿੱਚ ਆ ਕੇ ਕਪਟ ਭੇਖ- ਧਾਰੀ ਅਨਯਮਤੀਏ ਬਹੁਤਾ ਨੁਕਸਾਨ ਕਰ ਸਕਦੇ ਹਨ ਇਸ ਲਈ ਉਨ੍ਹਾਂ ਤੋਂ ਸਾਵਧਾਨ ਰਹਿਣਾ ਚਾਹੀਏ, ਐਸਿਆਂ ਦੇ ਵਿਸ਼ਯ ਹੀ ਭਾਈ ਗੁਰਦਾਸ ਜੀ ਨੇ ਕਬਿਤ ਲਿਖਿਆ ਹੈ-`

ਗਊ ਮੁਖ ਬਾਘ ਜੈਸੇ ਬਸੈ ਮ੍ਰਿਗ ਮਾਲ ਬਿਖੈ

ਕੰਗਨਾ ਪਹਿਰ ਜਯੋਂ ਬਿਲੈਯਾ ਖਗ ਮੋਹਈ।

ਜੈਸੇ ਬਗ ਧਯਾਨ ਧਾਰ ਕਰਤ ਅਹਾਰ ਮੀਨ

ਗਨਿਕਾ ਸਿੰਗਾਰ ਸਾਜ ਬਿਭਚਾਰ ਜੋਹਈ।

ਪੰਥ ਬਟਵਾਰੋ ਭੇਖਧਾਰੀ ਜਯੋਂ ਸੰਗਾਤੀ ਹੋਇ

ਅੰਤ ਫਾਂਸੀ ਡਾਰ ਮਾਰੇ ਦੋਹ ਕਰ ਦ੍ਰੋਹਈ।

ਕਪਟ ਸਨੇਹ ਕੈ ਮਿਲਤ ਸਾਧੁ ਸੰਗਤਿ ਮੈ

ਚੰਦਨ ਸੁੰਗਧਿ ਬਾਂਸ ਗਠਿਲੋ ਨ ਬੋਹਈ।। ੨੪੦।।

ਅਜੋਕ ਸਮੇਂ ਸਾਡੇ ਸਿੱਖ ਸਮਾਜ ਅੰਦਰ ਵੀ ਕਈ ਹਨ ਜਿਨ੍ਹਾਂ ਨੇ ਸਿੱਖੀ ਨੂੰ ਕੇਵਲ ਖੇਡ ਬਣਾ ਲਿਆ ਹੈ, ਕਦੀ ਬਾਣਾ ਪਾ ਲਿਆ ਕਦੀ ਲਾਹ ਦਿਤਾ, ਜਿਸ ਨੂੰ ਵੇਖ ਕੇ ਲੋਕਾਂ ਲਈ ਹਾਸੇ ਦਾ ਕਾਰਣ ਬਣਕੇ ਸਾਹਮਣੇ ਆਉਂਦੇ ਹਨ। ਇਸ ਦੇ ਉਲਟ ਸਾਡੇ ਵਿੱਚ ਹੀ ਕਈ ਐਸੇ ਵੀ ਹਨ, ਜਿਨ੍ਹਾਂ ਨੇ ਬਾਹਰੀ ਭੇਖ ਦੀ ਦ੍ਰਿੜਤਾ ਨੂੰ ਹੀ ਵਧੀਆ ਸਿੱਖੀ ਸਮਝ ਲਿਆ ਹੈ ਅਤੇ ਇਸ ਸਬੰਧੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ‘ਰੱਬ ਨੇੜੇ ਕਿ ਘਸੁੰਨ` ਅਨੁਸਾਰੀ ਹੁੰਦੇ ਹੋਏ ਦੂਜਿਆਂ ਉਪਰ ਧੱਕਾ ਕਰਨ ਤੋਂ ਵੀ ਨਹੀਂ ਝਿਜਕਦੇ। ਐਸੇ ਸਿੱਖਾਂ ਨੂੰ ਵੇਖ ਕੇ ਬਹੁਤ ਸਾਰੇ ਡਰਦੇ ਹੀ ਸਿੱਖੀ ਤੋਂ ਦੂਰ ਜਾ ਰਹੇ ਹਨ।

ਦਾਸ ਨੂੰ ਇਸ ਸਬੰਧੀ ਇੱਕ ਬਹੁਤ ਹੀ ਭਾਵ-ਪੂਰਤ ਕਹਾਣੀ ਪੜਣ ਨੂੰ ਮਿਲੀ- ਅਫਗਾਨਿਸਤਾਨ ਦੀ ਧਰਤੀ ਤੇ ਰਹਿਣ ਵਾਲੇ ਹਿੰਦੂ ਪਤੀ-ਪਤਨੀ ਕਾਰ ਵਿੱਚ ਜਾ ਰਹੇ ਸਨ। ਕੱਟੜਪੰਥੀ ਤਾਲਿਬਾਨਾਂ ਨੇ ਉਨ੍ਹਾਂ ਦੀ ਕਾਰ ਨੂੰ ਰੋਕ ਲਿਆ ਅਤੇ ਸਵਾਲ ਕੀਤਾ- ਤੁਸੀਂ ਕੌਣ ਹੋ, ਕਿਸ ਧਰਮ ਨਾਲ ਸਬੰਧ ਰੱਖਦੇ ਹੋ? ਪਤੀ ਨੇ ਜਵਾਬ ਦੇਣ ਤੋਂ ਪਹਿਲਾਂ ਇਸ ਵਿਚੋਂ ਨਿਕਲਣ ਵਾਲੇ ਰਿਜ਼ਲਟ ਤੋਂ ਡਰਦੇ ਹੋਏ ਆਖਿਆ ਕਿ ਅਸੀਂ ਮੁਸਲਮਾਨ ਹਾਂ। ਤਾਲਿਬਾਨ ਨੇ ਪਰਖ ਕਰਨ ਹਿਤ ਕਿਹਾ- ਜੇ ਤੁਸੀਂ ਮੁਸਲਮਾਨ ਹੋ ਤਾਂ ਕੁਰਾਨ ਦੀਆਂ ਆਇਤਾਂ ਸੁਣਾਉ। ਪਤੀ ਨੇ ਉਨ੍ਹਾਂ ਦੇ ਆਦੇਸ਼ ਦੀ ਪਾਲਣਾ ਕਰ ਦਿੱਤੀ। ਤਾਲਿਬਾਨ ਨੇ ਉਨ੍ਹਾਂ ਤੋਂ ਸੰਤੁਸ਼ਟ ਹੁੰਦੇ ਹੋਏ ਜਾਣ ਦੀ ਇਜ਼ਾਜ਼ਤ ਦੇ ਦਿਤੀ। ਕੁੱਝ ਦੂਰੀ ਤੇ ਕਾਰ ਜਾਣ ਉਪਰ ਪਤਨੀ ਨੇ ਪੁਛਿਆ ਕਿ ਪਤੀ ਦੇਵ! ਤੁਸੀਂ ਤਾਂ ਉਨ੍ਹਾਂ ਨੂੰ ਕੁਰਾਨ ਦੀਆਂ ਆਇਤਾਂ ਦੀ ਜਗ੍ਹਾ ਗੀਤਾ ਦੇ ਸਲੋਕ ਹੀ ਸੁਣਾ ਦਿਤੇ। ਪਤੀ ਦਾ ਜਵਾਬ ਸੀ ਕਿ ਉਨ੍ਹਾਂ ਨੇ ਕਿਹੜਾ ਕੁਰਾਨ ਪੜੀ ਹੋਈ ਹੈ। ਪਤਨੀ ਨੇ ਆਪਣੇ ਮਨ ਦਾ ਅਗਲਾ ਸ਼ੰਕਾ ਪ੍ਰਗਟ ਕਰਦੇ ਹੋਏ ਆਖਿਆ ਕਿ ਜੇਕਰ ਉਨ੍ਹਾਂ ਨੇ ਕੁਰਾਨ ਪੜੀ ਹੁੰਦੀ ਤਾਂ ਫਿਰ ਰਿਜ਼ਲਟ ਕੀ ਹੁੰਦਾ, ਸਾਡਾ ਬਚਣਾ ਅਸੰਭਵ ਸੀ। ਪਤੀ ਨੇ ਜਵਾਬ ਦਿਤਾ- ਜੇਕਰ ਉਨ੍ਹਾਂ (ਤਾਲਿਬਾਨ) ਨੇ ਕੁਰਾਨ ਪੜ੍ਹੀ ਹੁੰਦੀ ਤਾਂ ਉਹ ਐਸੇ ਕੰਮ ਹੀ ਨਾ ਕਰਦੇ। ਇਹ ਜਵਾਬ ਅੱਜ ਧਰਮ ਦੀ ਦੁਨੀਆਂ ਵਿੱਚ ਬਾਹਰੀ ਭੇਖ, ਕੱਟੜਵਾਦ ਨੂੰ ਹੀ ਧਰਮ ਸਮਝਣ ਵਾਲੇ ਧਰਮ ਦੇ ਅਖੌਤੀ ਠੇਕੇਦਾਰਾਂ ਦੀਆਂ ਅੱਖਾਂ ਖੋਲ੍ਹਣ ਵਾਲਾ ਹੈ।

ਆਉ! ਅਸੀਂ ਸਾਰੇ ਉਪਰੋਕਤ ਵਿਚਾਰਾਂ ਤੋਂ ਸਿਖਿਆ ਗ੍ਰਹਿਣ ਕਰੀਏ ਕਿ ਗੁਰਬਾਣੀ ਉਪਦੇਸ਼ ‘ਭੇਖੀ ਪ੍ਰਭੂ ਨ ਲਭਈ ਵਿਣੁ ਸਚੀ ਸਿਖੰ ` (੧੦੯੮) ਨੂੰ ਮੁੱਖ ਰੱਖਦੇ ਹੋਏ ਸੱਚੇ ਗੁਰੂ ਦੀ ਸਿਖਿਆ ਅਨੁਸਾਰ ਜੀਵਨ ਜਾਚ ਬਣਾਉਂਦੇ ਹੋਏ ਮਨ ਦੀ ਭਟਕਣਾ ਤੋਂ ਰਹਿਤ ਹੋ ਕੇ ਬਾਹਰੀ ਭੇਖਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਹਿਤ ਵਿਅਰਥ ਕਰਮਕਾਂਡਾਂ ਤੋਂ ਪਾਸੇ ਹੁੰਦੇ ਹੋਏ ਗੁਰੂ ਦੀ ਮਤਿ ਦੇ ਧਾਰਨੀ ਬਣ ਕੇ ਜੀਵਨ ਬਤੀਤ ਕਰੀਏ ਤਾਂ ਜੋ ਸਦੀਵੀਂ ‘ਸੁਖਮਈ ਜੀਵਨ ਅਹਿਸਾਸ` ਬਣਿਆ ਰਹਿ ਸਕੇ-

- ਕਬੀਰ ਮਨੁ ਮੂੰਡਿਆ ਨਹੀ ਕੇਸ ਮੁੰਡਾਏ ਕਾਇ।।

ਜੋ ਕਿਛੁ ਕੀਆ ਸੋ ਮਨ ਕੀਆ ਮੂੰਡਾ ਮੂੰਡੁ ਅਜਾਇ।। ੧੦੧।।

(ਸਲੋਕ ਕਬੀਰ ਜੀ- ੧੩੬੯)

- ਅੰਤਰੁ ਮਲਿ ਨਿਰਮਲੁ ਨਹੀ ਕੀਨਾ ਬਾਹਰਿ ਭੇਖਿ ਉਦਾਸੀ।।

ਹਿਰਦੈ ਕਮਲੁ ਘਟਿ ਬ੍ਰਹਮੁ ਨ ਚੀਨਾ ਕਾਹੇ ਭਇਆ ਸੰਨਿਆਸੀ।।

(ਗੂਜਰੀ ਤ੍ਰਿਲੋਚਨ ਜੀ-੫੨੫)

=========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.