.

"ਜੇ ਸਕਤਾ ਸਕਤੇ ਕਉ ਮਾਰੇ. ."

ਅਤੇ

"ਜਮੁ ਕਰਿ ਮੁਗਲੁ ਚੜਾਇਆ…"

(ਭਾਗ ਤੀਜਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਹੁਕਮੀ ਹੁਕਮਿ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ" -ਦਰ ਅਸਲ ਬਾਬਰ ਦੇ ਹਮਲੇ ਨਾਲ ਸੰਬੰਧਤ ਇਨ੍ਹਾਂ ਚਾਰਾਂ ਸ਼ਬਦਾਂ ਦਾ ਸਿੱਟਾ ਕੀ ਹੈ ਅਤੇ ਗੁਰਦੇਵ ਨੂੰ ਇਹ ਇਤਿਹਾਸਕ ਹਵਾਲਾ ਕਿਉਂ ਦੇਣਾ ਪਿਆ। ਗੁਰਦੇਵ ਨੇ ਇਸ ਸੰਬੰਧੀ ਆਪਣਾ ਨਿਰਣਾ ਵੀ ਇਸ ਲੜੀ ਦੇ ਪਹਿਲੇ ਪੇਸ਼ੀਨਗੋਈ ਵਾਲੇ ਅਤੇ ਅੰਤਮ ਫ਼ੈਸਲਾਕੁਣ ਚੌਥੇ ਸ਼ਬਦ ਦੇ ਅੰਤਮ ਬੰਦ `ਚ ਦਿੱਤਾ ਹੋਇਆ ਹੈ।

ਇਸ ਤਰ੍ਹਾਂ ਇਨ੍ਹਾਂ `ਚੋਂ ਪਹਿਲਾ ਸ਼ਬਦ, ਗੁਰਦੇਵ ਨੇ ਭਾਈ ਲਾਲੋ ਨੂੰ ਸੰਬੋਧਨ ਕਰਕੇ ਉਚਾਰਿਆ। ਉਸ ਸ਼ਬਦ `ਚ ਫ਼ੁਰਮਾਇਆ "ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ" (ਪੰ: ੭੨੨) ਜਦਕਿ ਇਹ ਆਪਣੇ ਆਪ `ਚ ਗੁਰਮੱਤ ਦਾ ਸਦੀਵਕਾਲੀ ਸਿਧਾਂਤ ਵੀ ਹੈ ਅਤੇ ਇਨ੍ਹਾਂ ਚਾਰ ਸ਼ਬਦਾਂ ਸੰਬੰਧੀ ਨਿਰਣਾਇਕ ਫ਼ੈਸਲਾ ਵੀ। ਉਂਝ ਲੜੀ ਵਿੱਚਲੇ ਇਸ ਪਹਿਲੇ ਸ਼ਬਦ ਸੰਬੰਧੀ ਪੂਰਾ ਵੇਰਵਾ ਅਸੀਂ ਪਹਿਲਾਂ ਦੇ ਆਏ ਹਾਂ ਇਸ ਲਈ ਇਥੇ ਦੌਰਾਨ ਦੀ ਲੋੜ ਨਹੀਂ।

ਉਪ੍ਰੰਤ ਇਸ ਲੜੀ ਦੇ ਚੌਥੇ ਸ਼ਬਦ "ਆਸਾ ਮਹਲਾ ੧॥ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ…" (ਪੰ: ੪੧੭) ਵਾਲੇ ਸ਼ਬਦ ਦੇ ਅੰਤਮ ਬੰਦ `ਚ ਵਿਸ਼ੇ ਸੰਬੰਧੀ ਨਿਰਣਾ ਵੀ ਹੈ ਜਿਵੇਂ:-

"ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ"

ਅਰਥ ਹਨ-ਬਾਬਰ ਦਾ ਹਮਲਾ, ਉਸ ਤੋਂ ਬਾਅਦ ਕਤਲੋ ਗ਼ਾਰਤ ਅਤੇ ਮਨੁੱਖੀ ਮਨਾਂ `ਚ ਕਾਂਬਾ ਛੇੜਣ ਵਾਲੀ ਭਾਰੀ ਤਬਾਹੀ ਦੀ ਦਰਦ-ਭਰੀ ਕਹਾਣੀ, ਆਖ਼ਿਰ ਕਿਸ ਨੂੰ ਸੁਣਾਈ ਜਾਏ? ਕਿਉਂਕਿ ਇਹ ਸਭ ਕਰਣ ਵਾਲਾ ਵੀ ਕਰਤਾਰ ਹੈ ਅਤੇ ਜੀਵਾਂ ਤੋਂ ਕਰਵਾਉਂਦਾ ਵੀ ਉਹ ਆਪ ਹੀ ਹੈ। ਇਸ ਲਈ:-

ਹੇ ਕਰਤਾਰ! ਦੁਖ ਹੋਣ ਭਾਵੇਂ ਸੁਖ, ਉਹ ਸਭ ਤੇਰੀ ਰਜ਼ਾ `ਚ ਵਾਪਰਦੇ ਹਨ। ਇਸ ਲਈ ਆਪਣੇ ਉਹ ਦੁੱਖ ਤੈਥੋਂ ਬਿਨਾ ਫਰੋਲੀਏ ਤੇ ਕਹੀਏ ਵੀ, ਤਾਂ ਹੋਰ ਕਿਸ ਨੂੰ ਕਿ ਸਾਡੇ ਨਾਲ ਕੀ ਵਾਪਰਿਆ ਹੈ?

ਹੇ ਨਾਨਕ! ਸੱਚ ਇਹ ਹੈ ਕਿ ਰਜ਼ਾ ਦਾ ਮਾਲਕ ਪ੍ਰਭੂ, ਆਪਣੀ ਰਜ਼ਾ `ਚ ਹੀ ਸੰਸਾਰ ਦੀ ਸਮੁਚੀ ਕਾਰ ਨੂੰ ਚਲਾ ਰਿਹਾ ਹੈ। ਫ਼ਿਰ ਇਤਨਾ ਹੀ ਨਹੀਂ, ਪ੍ਰਭੂ ਆਪਣੀ ਇਸ ਕਾਰ ਨੂੰ ਦੇਖ-ਦੇਖ ਕੇ ਸੰਤੁਸ਼ਟ ਵੀ ਹੋ ਰਿਹਾ ਹੈ। ਭਾਵ ਇਸ ਸਮੂਚੀ ਕਰਣੀ ਦੌਰਾਨ ਕੁੱਝ ਵੀ ਉਸ ਦੇ ਨਿਆਂ ਤੇ ਉਸ ਦੀ ਰਜ਼ਾ ਤੋਂ ਬਾਹਿਰ ਨਹੀਂ ਹੁੰਦਾ। ਜਦਕਿ ਇਹ ਸਭ ਕੇਵਲ ਜੀਵਾਂ ਦੇ ਆਪੋ ਆਪਣੇ ਕੀਤੇ ਕਰਮਾਂ ਤੋਂ ਬਣੇ ਹੋਏ ਸੰਸਕਾਰਾਂ ਅਨੁਸਾਰ ਹੀ ਹਰੇਕ ਰਾਹੀਂ ਆਪਣੇ-ਆਪਣੇ ਲੇਖਾਂ ਨੂੰ ਕੇਵਲ ਭੋਗਣਾ ਹੀ ਹੁੰਦਾ ਹੈ।

"ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ. ."- ਵਿਸ਼ੇ ਵੱਲ ਅੱਗੇ ਵਧਣ ਤੋਂ ਪਹਿਲਾਂ ਸਾਨੂੰ ਹੇਠਾਂ (ੳ) ਤੇ (ਅ) ਵਾਲੀ ਵੰਡ `ਚ ਦਿੱਤੇ ਕੁੱਝ ਗੁਰ-ਫ਼ੁਰਮਾਨਾਂ ਨੂੰ ਵੀ ਵਿਚਾਰ ਸਹਿਤ ਬੜੇ ਧਿਆਨ ਨਾਲ ਪੜ੍ਹਣ ਦੀ ਵੱਡੀ ਲੋੜ ਹੈ। ਜਦਕਿ ਇਹ ਸਮੁਚੇ ਗੁਰ-ਫ਼ੁਰਮਾਨ ਕੇਵਲ ਬਾਬਰ ਦੇ ਹਮਲੇ ਨਾ ਸੰਬੰਧਤ ਉਨ੍ਹਾਂ ਚਾਰ ਸ਼ਬਦਾਂ `ਚੋਂ ਹੀ ਲਏ ਗਏ ਹਨ, ਕਿਧਰੋਂ ਬਾਹਿਰੋਂ ਨਹੀਂ। ਤਾਂ ਤੇ:-

(ੳ) ੧."ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ" (ਪੰ: ੭੨੨)

੨."ਆਦੇਸੁ ਬਾਬਾ ਆਦੇਸੁ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ॥ ੧ ॥ ਰਹਾਉ॥" (ਪੰ: ੪੧੭)

੩."ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ" (ਪੰ: ੪੧੭)

੪."ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ (ਪੰ: ੪੧੭)

੫."ਇਹੁ ਜਗੁ ਤੇਰਾ ਤੂ ਗੋਸਾਈ॥ ਏਕ ਘੜੀ ਮਹਿ ਥਾਪਿ ਉਥਾਪੇ, ਜਰੁ ਵੰਡਿ ਦੇਵੈ ਭਾਂਈ॥ ੧ ॥ ਰਹਾਉ॥ (ਪੰ: ੪੧੭)

੬."ਜਿਨੑ ਕੀ ਚੀਰੀ ਦਰਗਹ ਪਾਟੀ ਤਿਨਾੑ ਮਰਣਾ ਭਾਈ (ਪੰ: ੪੧੭)

(ਅ) ੧."ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ" (ਪੰ: ੭੨੨)

੨."ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥ ੧ ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ. ." (ਪੰ: ੩੬੦)

੩."ਆਪੇ ਜੋੜਿ ਵਿਛੋੜੇ ਆਪੇ, ਵੇਖੁ ਤੇਰੀ ਵਡਿਆਈ॥ ੨ ॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ" (ਪੰ: ੩੬੦)

੪."ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ" (ਪੰ: ੪੧੭)

੫."ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ" (ਪੰ: ੪੧੭)

ਇਸ ਲਈ ਬੜੇ ਠਰੰਮੇ ਨਾਲ ਸਮਝਣ ਦੀ ਲੋੜ ਹੈ ਕਿ ਇਹ ਸਾਰੇ ਗੁਰ-ਫ਼ੁਰਮਾਨ ਸਪਸ਼ਟ ਗਵਾਹੀ ਭਰ ਰਹੇ ਹਨ ਕਿ ਸਮੁਚੀ ਦੁਰਘਟਣਾ ਪ੍ਰਭੂ ਦੀ ਰਜ਼ਾ `ਚ, ਉਸ ਦੇ ਨਿਆਂ `ਚ ਅਤੇ ਆਪਣੇ ਸਮੇਂ ਨਾਲ "ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ" (ਪੰ: ੭੨੨) ਵਾਲੇ ਅਰੰਭਕ ਤੇ ਇਸ ਲੜੀ ਦੇ ਪਹਿਲੇ ਸ਼ਬਦ `ਚ ਬਿਆਣੇ ਸਦੀਵਕਾਲੀ ਗੁਰ-ਫ਼ਰਮਾਨ ਦਾ ਪ੍ਰਗਟਾਵਾ ਵੀ ਸੀ।

"ਏਤੀ ਮਾਰ ਪਈ ਕਰਲਾਣੇ…" -ਇਸ ਤਰ੍ਹਾਂ "ਜੇ ਸਕਤਾ ਸਕਤੇ ਕਉ ਮਾਰੇ. ." ਅਤੇ "ਜਮੁ ਕਰਿ ਮੁਗਲੁ ਚੜਾਇਆ…" ਚਲਦੇ ਆ ਰਹੇ ਗੁਰਮੱਤ ਪਾਠ `ਚ ਹੁਣ ਤੀਕ ਆ ਚੁੱਕੇ ਵੇਰਵੇ ਤੋਂ ਪੂਰੀ ਤਰ੍ਹਾਂ ਸਾਫ਼ ਹੈ ਕਿ ਸਮੇਂ ਨਾਲ ਭ੍ਰਸ਼ਟ ਹੋ ਚੁੱਕੇ, ਕੁਰਾਹੇ ਪਏ ਹੋਏ ਸਮਾਜ ਦੇ ਤਿੰਨਾਂ ਮੁੱਖ ਵਰਗਾਂ (ਰਾਜਸ਼ਾਹੀ, ਪੂਜਾਰੀ ਸ਼੍ਰੇਣੀ ਤੇ ਧੰਨ ਜੋਬਨ ਦੇ ਨਸ਼ੇ `ਚ ਮਤੀ ਹੋਈ ਸਾਧਾਰਨ ਲੋਕਾਈ) ਨੂੰ "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ, ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ" (ਪੰ: ੩੬੦) " ਪ੍ਰਭੂ ਵੱਲੋਂ ਬਾਬਰ ਦਾ ਹਮਲਾ "ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ" (ਪੰ: ੪੧੭) ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇਣ ਲਈ ਕੇਵਲ ਇੱਕ ਬਹਾਨਾ ਮਾਤ੍ਰ ਹੀ ਸੀ।

ਫ਼ਿਰ ਉਸ ਦੇ ਨਾਲ ਨਾਲ ਇਹ ਵੀ ਦੇਖ ਚੁੱਕੇ ਹਾਂ ਗੁਰਦੇਵ ਨੇ ਇਹ ਵੀ ਸਪਸਟ ਕੀਤਾ ਹੋਇਆ ਹੈ ਕਿ ਇਹ ਸਭ ਪ੍ਰਭੂ ਦੇ ਸੱਚ ਨਿਆਂ `ਚ ਹੋਇਆ ਹੈ। ਗੁਰਦੇਵ ਦਾ ਫ਼ੁਰਮਾਨ, "ਜਮੁ ਕਰਿ ਮੁਗਲੁ ਚੜਾਇਆ" ਅਨੁਸਾਰ, ਬਾਬਰ ਜਿਹੜਾ ਉਨ੍ਹਾਂ ਦੀ ਮੌਤ ਬਣ ਕੇ ਹਿੰਦੁਸਤਾਨ `ਤੇ ਹਮਲਾ-ਆਵਰ ਹੋਇਆ ਉਹ ਵੀ "ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ" (ਪੰ: ੭੨੨) ਅਨੁਸਾਰ ਪ੍ਰਭੂ ਦੀ ਰਜ਼ਾ ਤੇ ਸੱਚ ਨਿਆਂ `ਚ ਹੀ ਸੀ।

ਜਦਕਿ ਇਥੇ ਪ੍ਰਭੂ ਦੀ ਇਸ ਕਲਾ ਤੇ ਖੇਡ `ਚ "ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ" (ਪੰ: ੩੬੦) ਵਾਲਾ ਨਿਯਮ ਵੀ, ਜ਼ਿਕਰ ਆ ਚੁੱਕਾ ਹੈ ਕਿ ਆਪ ਮੁਹਾਰੇ ਨਾਲੋ ਨਾਲ ਵਰਤਿਆ ਸੀ ਕਿਉਂਕਿ ਜੇਕਰ ਇਸ ਪਾਸੇ ਧਿਆਨ ਨਾ ਦਿੱਤਾ ਤਾਂ ਵੀ ਵਿਸ਼ਾ ਪੂਰੀ ਤਰ੍ਹਾਂ ਸਮਝ `ਚ ਨਹੀਂ ਆਵੇਗਾ।

ਇਸ ਲਈ "ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ" (ਪੰ: ੩੬੦) ਭਾਵ ਇਹ ਦੋਵੇਂ ਕਾਰਣ ਸਨ ਕਿ ਇੰਨੀ ਵੱਧ ਤਬਾਹੀ ਹੋਈ, ਤਾਂ ਵੀ ਪ੍ਰਭੂ-ਪ੍ਰਮਾਤਮਾ ਨੂੰ ਤਰਸ ਨਾ ਆਇਆ। ਜਦਕਿ ਇਸ ਇਲਾਹੀ ਸੱਚ ਦੀ ਪ੍ਰੌੜਤਾ `ਚ ਸੰਬੰਧਤ ਚਾਰ ਸ਼ਬਦਾਂ `ਚੋਂ ਗੁਰ-ਫ਼ੁਰਮਾਨ ਉਪਰ ਦੇ ਆਏ ਹਾਂ, ਲੋੜ ਕੈ ਇਕ-ਇਕ ਕਰਕੇ ਉਨ੍ਹਾਂ ਨੂੰ ਮੁੜ ਵਿਚਾਰ ਸਹਿਤ ਪੜ੍ਹ ਲਿਆ ਜਾਵੇ, ਵਿਸ਼ਾ ਸਾਫ਼ ਹੋ ਜਾਵੇਗਾ।

ਤਾਂ ਵੀ ਇਹ ਕਹਿਣਾ, ਪ੍ਰਚਾਰਣਾ ਜਾਂ "ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ" ਵਾਲੀ ਪੰਗਤੀ ਦੇ ਆਪ ਮਿੱਥੇ ਅਰਥ ਲੈਣੇ ਕਿ ਪਾਤਸ਼ਾਹ ਨੇ ਅਕਾਲਪੁਰਖ ਨੂੰ ਉਲ੍ਹਾਮਾ ਦਿੱਤਾ, ਗੁਰਮੱਤ ਸਿਧਾਂਤ ਨਾਲ ਮੇਲ ਨਹੀਂ ਖਾਂਦੇ। ਬਲਕਿ ਇਹ ਤਾਂ ਇੱਕ ਤਰੀਕੇ ਪ੍ਰਭੂ ਨੂੰ ਭੁਲਣਹਾਰ ਦੱਸਨਾ ਤੇ ਉਲ੍ਹਾਮਾ ਦੇਣਾ ਵੀ ਹੈ ਜਿਹੜਾ ਤਿੰਨ ਕਾਲ ਸੰਭਵ ਨਹੀਂ। ਜਦਕਿ ਸੰਬੰਧਤ ਸ਼ਬਦਾਂ ਦੀ ਲੋੜ ਅਨੁਸਾਰ ਹੁਣ ਤੀਕ ਵਿਚਾਰ ਕਰਦੇ ਹੋਏ ਤੇ ਉਪ੍ਰੋਕਤ ਉਭਾਰੇ ਹੋਏ ਗੁਰ-ਪ੍ਰਮਾਣਾਂ ਰਾਹੀਂ ਇਹ ਭਲੀ ਪ੍ਰਕਾਰ ਦੇਖ ਚੁੱਕੇ ਹਾਂ ਇਸ ਦੁਰਘਟਣਾ ਨੂੰ ਗੁਰਦੇਵ ਨੇ ਪ੍ਰਭੂ ਦੀ ਰਜ਼ਾ ਤੇ ਪ੍ਰਭੂ ਦੇ ਸੱਚ ਨਿਆਂ `ਚ ਕੇਵਲ ਇੱਕ ਵਾਰੀ ਨਹੀਂ ਬਲਕਿ ਬਹੁਤ ਵਾਰੀ ਤੇ ਬਾਰ-ਬਾਰ ਬਿਆਣਿਆ ਹੈ। ਜਦਕਿ ਇਨ੍ਹਾਂ ਸ਼ਬਦਾਂ `ਚ ਗੁਰਦੇਵ ਨੇ ਕਿੱਧਰੇ ਇੱਕ ਵਾਰ ਵੀ ਇਸ ਦੁਰਘਟਣਾ ਲਈ ਪ੍ਰਭੂ ਨੂੰ ਉਲ੍ਹਾਮਾਂ ਨਹੀਂ ਦਿੱਤਾ।

ਤਾਂ ਫ਼ਿਰ ਕੇਵਲ ਇਸ ਪੰਗਤੀ ਰਾਹੀਂ ਹੀ ਅਜਿਹਾ ਕਰਣ ਦੀ ਕਿਉਂ ਲੋੜ ਪਈ। ਦਰਅਸਲ ਲੋੜ ਹੈ "ਏਤੀ ਮਾਰ ਪਈ ਕਰਲਾਣੇ, ਤੈਂ ਕੀ ਦਰਦੁ ਨ ਆਇਆ" ਵਾਲੀ ਪੰਕਤੀ ਦੇ ਵੀ ਪ੍ਰਕਰਣ ਅਨੁਸਾਰ ਅਰਥਾਂ ਨੂੰ ਲੈਣ ਤੇ ਸਮਝਣ ਦੀ। ਹੋਰ ਤਾਂ ਹੋਰ, ਗੁਰਦੇਵ ਨੇ ਤਾਂ ਇਨ੍ਹਾਂ ਸ਼ਬਦਾਂ `ਚ ਚਲਦੇ ਪ੍ਰਕਰਣ `ਚ ਉਨ੍ਹਾਂ ਦੋਨਾਂ ਵਿਰੋਧੀ ਪੱਖਾਂ ਸੰਬੰਧੀ, ਜਿਹੜੀ ਸਾਂਝੀ ਸ਼ਬਦਾਵਲੀ ਵਰਤੀ ਹੈ ਉਸ ਅਨੁਸਾਰ ਇਸ ਸਾਰੀ ਦੁਰਘਟਣਾ ਲਈ ਦੋਨਾਂ ਵਿਰੋਧੀ ਪੱਖਾਂ ਨੂੰ ਹੀ ਬਰਾਬਰ ਦਾ ਜ਼ਿੰਮੇਵਾਰ ਠਹਿਰਾਇਆ ਹੈ। ਸੰਬੰਧਤ ਫ਼ੁਰਮਾਨ ਹੈ:-

"ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥  ॥ ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ"॥ ੨ ॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ…" (ਪੰ: 360)

ਜਦਕਿ ਇਸ ਗੁਰ ਫ਼ੁਰਮਾਨ ਦੇ ਅਰਥ ਪਹਿਲਾਂ ਵੀ ਦੇ ਆਏ ਹਾਂ ਉਥੋਂ ਪੜ੍ਹ ਲਏ ਜਾਣ।

"ਖੁਰਾਸਾਨ ਖਸਮਾਨਾ ਕੀਆ. ." (ਪੰ: 360) -ਉਪ੍ਰੰਤ ਇਸ ਸ਼ਬਦ ਨੂੰ ਲੈ ਕੇ ਵੀ ਸਾਡੇ ਬਹੁਤੇ ਵਿਦਵਾਨਾਂ, ਲਿਖਾਰੀਆਂ ਤੇ ਖਾਸ ਕਰ ਕੁੱਝ ਨਾਮਵਰ, ਗੁੱਡੀ ਚੜ੍ਹੇ ਕਥਾ-ਵਾਚਕਾਂ ਤੀਕ ਨੇ ਵੀ ਕਿੱਧਰੇ ਆਪ ਟੱਪਲਾ ਖਾਧਾ ਤੇ ਕਿੱਧਰੇ ਰੱਜਵਾਂ ਬਵੰਡਰ ਵੀ ਮਚਾਇਆ ਹੈ। ਉਨ੍ਹਾਂ ਇਥੋਂ ਤੀਕ ਕਿਹਾ ਹੈ ਕਿ ਬਾਬਰ ਤਾਂ ਹੈ ਹੀ ਜਮ ਸੀ। ਉਸਦੀ ਸਾਰੀ ਫੌਜ ਹੀ ਦੁਸ਼ਟਾਂ ਦੀ ਬਰਾਤ ਸੀ ਅਤੇ ਹੋਰ ਬਹੁਤ ਕੁਝ।

ਅਸਲ `ਚ ਇਥੇ ਗੁਰਦੇਵ ਬਾਬਰ ਦੀ ਤਾਰੀਫ਼ ਜਾਂ ਬਦਖੋਈ ਨਹੀਂ ਕਰ ਰਹੇ ਬਲਕਿ ਸਾਰੀ ਤਬਾਹੀ ਪਿੱਛੇ "ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ" (ਪੰ: ੩੬੦) ਅਤੇ "ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ" (ਪੰ: ੭੨੨) ਵਾਲੀਆਂ ਰੱਬੀ ਸਚਾਈਆਂ ਨੂੰ ਹੀ ਬਿਆਣ ਅਤੇ ਪ੍ਰਗਟ ਕਰ ਰਹੇ ਹਨ। ਅਰਥ ਹਨ, "ਜਦੋਂ ਇੱਕ ਤਾਕਤ `ਚ ਅੰਨ੍ਹਾਂ, ਦੂਜੇ ਤਾਕਤ `ਚ ਅੰਨ੍ਹੇ ਨੂੰ ਮਾਰੇ ਤਾਂ ਮਨ `ਚ ਰੋਸ ਕਾਹਦਾ?" ਦੂਜਾ "ਰਬੀ ਸਚਾਈਆਂ ਸਮੇ ਸਮੇਂ ਨਾਲ ਆਪਣਾ ਰੂਪ ਧਾਰ ਕੇ ਆਪਣੇ ਆਪ ਪ੍ਰਗਟ ਹੋ ਜਾਂਦੀਆਂ ਹਨ"। ਸਪਸ਼ਟ ਹੈ-ਇਕ ਪਾਸੇ ਇਹ ਅਫ਼ਗ਼ਾਨੀ (ਲੋਧੀ ਵੰਸ਼) ਰਾਜਸੀ ਆਗੂ, ਦੂਜੇ ਧਾਰਮਿਕ ਸ਼੍ਰੇਣੀ ਤੇ ਤੀਜੇ ਆਮ ਲੁਕਾਈ ਜਿਸ ਨੂੰ ਆਪਣੇ ਅਮੁਲੇ ਮਨੁੱਖਾ ਜਨਮ ਦੀ ਕੀਮਤ ਭੁੱਲੀ ਪਈ ਸੀ; ਧਨ-ਜੁਆਨੀ ਦੇ ਨਸ਼ੇ `ਚ ਮਖਮੂਰ, ਬਦ-ਮਸਤ ਤਿੰਨੇਂ ਆਪ-ਹੁੱਦਰੇ ਹੋਏ ਪਏ ਸਨ।

ਇਸੇ ਲਈ ਗੁਰਦੇਵ ਨੇ ਇਨ੍ਹਾਂ ਤਿੰਨਾਂ ਵਰਗਾਂ ਲਈ ਇਥੋਂ ਤੀਕ ਫ਼ੁਰਮਾਇਆ "ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ, ਵੇਖੁ ਤੇਰੀ ਵਡਿਆਈ" (ਪੰ: ੩੬੦) ਭਾਵ (ਬੇਸ਼ਕ) ਜੀਵਾਂ ਦਾ ਮਿਲਨਾ ਤੇ ਵਿਛੜਣਾ, ਕਰਤਾਰ ਦੇ ਅਟੱਲ ਨਿਯਮ `ਚ ਹੈ। ਫ਼ਿਰ ਜਿਹੜੇ ਰਤਨਾ-ਹੀਰਿਆਂ ਤੋਂ ਵੱਧ ਕੀਮਤੀ ਤੇ ਅਮੁੱਲਾ ਮਨੁੱਖਾ ਜਨਮ ਪਾ ਕੇ ਵੀ ਇਸ ਦੀ ਕੀਮਤ ਨੂੰ ਨਹੀਂ ਸਮਝਦੇ। "… ਸਾਦ ਕਰੇ ਮਨਿ ਭਾਣੇ" ਮਨਮਾਨੀਆਂ ਕਰਦੇ ਹਨ, ਦੂਜਿਆਂ ਨਾਲ ਜ਼ਿਆਦਤੀਆਂ- ਧੱਕੇ ਕਰਦੇ ਹਨ, ਮਜ਼ਲੂਮਾ ਦਾ ਸ਼ੋਸਨ ਕਰਦੇ ਅਤੇ ਮਨ ਭਾਉਂਦੇ ਹੁਕਮ ਚਲਾਉਂਦੇ ਤੇ ਜ਼ੁਲਮ ਕਰਦੇ ਹਨ ਉਹ ਚੇਤੇ ਰਖਣ ਕਿ "ਖਸਮੈ ਨਦਰੀ ਕੀੜਾ ਆਵੈ, ਜੇਤੇ ਚੁਗੈ ਦਾਣੇ" (ਪੰ: ੩੬੦), ਪ੍ਰਭੂ ਦੇ ਨਿਆਂ `ਚ ਉਨ੍ਹਾਂ ਦੀ ਔਕਾਤ ਧਰਤੀ `ਤੇ ਚੱਲ ਰਹੇ ਕੀੜਿਆਂ ਤੋਂ ਵੱਧ ਨਹੀਂ। ਫ਼ਿਰ ਇਸ ਦੇ ਨਾਲ ਨਾਲ:-

ਦੂਜੇ ਪਾਸੇ ਬਾਬਰ, ਜੋ ਆਪਣੇ ਆਪ `ਚ ਇਥੋਂ ਦਾ ਰਾਜਪਾਟ ਹਥਿਆਉਣ ਲਈ ਵੱਡਾ ਲੁਟੇਰਾ ਤੇ ਆਪਣੀ ਤਾਕਤ ਦੇ ਨਸ਼ੇ `ਚ ਅੰਨ੍ਹਾ ਹੋਇਆ ਅੱਜ ਇਨ੍ਹਾਂ ਦੀ ਮੌਤ ਬਣ ਕੇ ਕਤਲੋਗਾਰਤ ਮਚਾਈ ਬੈਠਾ ਹੈ। ਇਸ ਤਰ੍ਹਾਂ ਇਹ ਦੋਵੇਂ ਧਿਰਾਂ, ਆਪਣੀ-ਆਪਣੀ ਤਾਕਤ ਦੇ ਨਸ਼ੇ `ਚ ਅੰਨ੍ਹੀਆਂ ਹੋਈਆਂ ਪਈਆਂ ਹਨ। ਇਸ ਲਈ ਇਹ ਸਭ ਅਤੇ ਦੁਪਾਸੀ ਕੇਵਲ ਪ੍ਰਭੂ ਨੂੰ ਭੁਲਿਆਂ ਦੀ ਆਹਮਣੇ-ਸਾਹਮਣੇ ਦੀ ਆਂਪਸੀ ਜੰਗ ਹੀ ਹੋ ਰਹੀ ਹੈ। ਸਾਰੇ ਪਾਸੇ ਲਾਸ਼ਾਂ ਦੇ ਢੇਰ ਲੱਗੇ ਹਨ ਤੇ ਇਨ੍ਹਾਂ ਦੀ ਸਾਰ ਲੈਣ ਵਾਲਾ ਵੀ ਕੋਈ ਨਹੀਂ ਪਰ "ਹੇ ਕਰਤਾਰ "ਆਪੇ ਜੋੜਿ ਵਿਛੋੜੇ ਆਪੇ, ਵੇਖੁ ਤੇਰੀ ਵਡਿਆਈ" ਇਹ ਵੀ ਤੇਰੀ ਰਜ਼ਾ `ਚ ਹੈ ਅਤੇ ਇਹ ਸਭ ਵੀ ਤੇਰੀਆਂ ਵਡਿਆਈਆਂ ਦੇ ਹੀ ਕ੍ਰਿਸ਼ਮੇ ਹਨ"।

"ਜਮੁ ਕਰਿ ਮੁਗਲੁ ਚੜਾਇਆ" - ਇਥੋਂ ਤੀਕ ਕਿ ਇਨ੍ਹਾਂ ਸ਼ਬਦਾਂ `ਚ ਗੁਰਦੇਵ ਨੇ ਇਹ ਵੀ ਬਿਆਣਿਆ ਹੈ ਕਿ ਕਰਤਾਰ ਨੇ ਜਦੋਂ ਕੋਈ ਅਜਿਹੀ ਖੇਡ ਵਰਤਾਉਣੀ ਹੁੰਦੀ ਜਾਂ ਕਿਸੇ ਨੂੰ ਉਸ ਦੇ ਕੀਤੇ ਦੀ ਸਜ਼ਾ ਦੇਣੀ ਹੁੰਦੀ ਹੈ ਤਾਂ ਕਰਤਾ ਕੇਵਲ ਉਸ ਲਈ ਕੋਈ ਬਹਾਨਾ ਬਨਾਉਂਦਾ ਤੇ ਆਪਣੀ ਕਲਾ ਹੀ ਵਰਤਾਉਂਦਾ ਹੈ। ਜੇਕਰ ਕੇਵਲ ਇਨ੍ਹਾਂ ਸ਼ਬਦਾਂ `ਚੋਂ ਹੀ ਗਹੁ ਨਾਲ ਦਰਸ਼ਨ ਕਰੀਏ ਤਾਂ ਗੁਰਦੇਵ ਇਹੀ ਫ਼ੁਰਮਾਅ ਰਹੇ ਹਨ "ਆਪੈ ਦੋਸੁ ਨ ਦੇਈ ਕਰਤਾ, ਜਮੁ ਕਰਿ ਮੁਗਲੁ ਚੜਾਇਆ" (ਪੰ: ੩੬੦) ਭਾਵ ਇਨ੍ਹਾਂ ਨੂੰ ਇਨ੍ਹਾਂ ਦੇ ਕੀਤੇ ਦੀ ਸਜ਼ਾ ਦੇਣ ਲਈ ਪ੍ਰਭੂ ਨੇ ਮੁਗ਼ਲਾਂ ਨੂੰ ਜਮ ਭਾਵ ਉਨ੍ਹਾਂ ਦੀ ਮੌਤ ਬਣਾ ਕੇ ਭੇਜ ਦਿੱਤਾ, ਜਿਹੜਾ ਕਿ ਪ੍ਰਭੂ ਵੱਲੋ ਕੇਵਲ ਇੱਕ ਬਹਾਨਾ ਮਾਤ੍ਰ ਤੇ ਪ੍ਰਭੂ ਦੀ ਕਲਾ ਹੀ ਸੀ।

"ਜਿਸ ਨੋ ਆਪਿ ਖੁਆਏ ਕਰਤਾ" -ਦੂਜਾ ਪ੍ਰਭੂ ਨੇ ਜਿਸ ਨੂੰ ਉਸਦੇ ਕੀਤੇ ਦੀ ਸਜ਼ਾ ਦੇਣੀ ਹੁੰਦੀ ਹੈ ਤਾਂ ਪ੍ਰਭੂ ਪਹਿਲਾਂ ਉਸ ਦੇ ਗੁਣ-ਤਾਕਤ, "ਜਿਸ ਨੋ ਆਪਿ ਖੁਆਏ ਕਰਤਾ, ਖੁਸਿ ਲਏ ਚੰਗਿਆਈ" (ਪੰ: ੪੧੭) ਵੀ ਆਪ ਖੋਹ ਲੈਂਦਾ ਤੇ ਉਸ ਦੀ ਮੱਤ ਨੂੰ ਪੁੱਠੇ ਪਾਸੇ ਪਾ ਦਿੰਦਾ ਹੈ।

ਇਸ ਤਰ੍ਹਾਂ ਕਰਤਾਰ ਨੇ ਜਦੋਂ ਤੇ ਜਿਸ ਨੂੰ ਉਸਦੇ ਕੀਤੇ ਦੀ ਸਜ਼ਾ ਦੇਣੀ ਹੁੰਦੀ ਹੈ ਤਾਂ ਪ੍ਰਭੂ ਉਸ ਲਈ ਢੰਗ ਵੀ ਆਪ ਹੀ ਬਣਾ ਦਿੰਦਾ ਹੈ ਜਿਵੇਂ "ਮੁਗਲ ਪਠਾਣਾ ਭਈ ਲੜਾਈ, ਰਣ ਮਹਿ ਤੇਗ ਵਗਾਈ॥ ਓਨੀੑ ਤੁਪਕ ਤਾਣਿ ਚਲਾਈ ਓਨੀੑ ਹਸਤਿ ਚਿੜਾਈ॥ ਜਿਨੑ ਕੀ ਚੀਰੀ ਦਰਗਹ ਪਾਟੀ ਤਿਨਾੑ ਮਰਣਾ ਭਾਈ" (ਪੰ: ੪੧੭) ਇਥੇ ਜੰਗ `ਚ ਮੁਗ਼ਲਾਂ ਦੀਆਂ ਤੋਪਾਂ ਤਾਂ ਉਨ੍ਹਾਂ ਦੇ ਵੈਰੀਆਂ `ਤੇ ਲਗਾਤਾਰ ਮਾਰ ਕਰ ਰਹੀਆਂ ਹਨ, ਪਰ ਪਠਾਣ ਜਿਹੜੇ ਪਹਿਲਾਂ ਆਪਣੇ ਹਰਮਾਂ ਅਤੇ ਐਸ਼ੋ-ਇਸ਼ਰਤ `ਚ ਮਸਤ ਰਹੇ। ਜਿਨ੍ਹਾਂ ਨੇ ਸਮੇਂ ਸਿਰ ਫ਼ਰਜ਼ਾਂ ਨੂੰ ਨਹੀਂ ਸੀ ਸੰਭਾਲਿਆ, ਤਿਆਰੀ ਨਹੀਂ ਸੀ ਕੀਤੀ, ਅੱਜ ਲੜਾਈ ਸਮੇਂ, ਉਨ੍ਹਾਂ ਦੀਆਂ ਤੋਪਾਂ, ਹੱਥਾਂ `ਚ ਹੀ ਚਿੜ-ਚਿੜ ਕਰ ਰਹੀਆਂ ਹਨ ਤੇ ਉਹ ਲਾਸ਼ਾਂ ਦੇ ਢੇਰ ਬਣਦੇ ਜਾ ਰਹੇ ਹਨ।

ਇਸ ਤਰ੍ਹਾਂ ਪਾਤਸ਼ਾਹ ਨੇ ਇਸ ਸਦੀਵੀ ਅਤੇ ਰੱਬੀ ਸਿਧਾਂਤ ਨੂੰ ਸਮਝਾਉਣ ਲਈ ਬਾਬਰ ਦੇ ਹਮਲੇ ਦਾ ਇਥੇ ਕੇਵਲ ਹਵਾਲਾ ਹੀ ਦਿੱਤਾ ਹੈ, ਇਤਿਹਾਸ ਨਹੀਂ ਬਿਆਣਿਆ। ਇਥੇ ਦੌਰਾਨ ਦੀ ਲੋੜ ਹੈ ਕਿ ਗੁਰਬਾਣੀ ਜੀਵਨ-ਜਾਚ ਦਾ ਖਜ਼ਾਨਾ ਹੈ, ਇਤਿਹਾਸ ਨਹੀਂ। ਭਾਵੇਂ ਕਿ ਇਹ ਤਾਂ ਵੀ ਵੱਖਰੀ ਗੱਲ ਹੈ ਕਿ ਇਹ ਜੋ ਦੁਰਘਟਣਾ, ਕਤਲੋਗ਼ਾਰਤ ਤੇ ਤਬਾਹੀ ਹੋਈ ਉਹ ਆਪਣੇ ਆਪ `ਚ ਲੂੰ-ਕੰਡੇ ਖੜੇ ਕਰ ਦੇਣ ਵਾਲੀ ਸੀ ਅਤੇ ਇਨ੍ਹਾਂ ਚਾਰ ਸ਼ਬਦਾਂ ਦੇ ਅਰਥ ਸਮਝਿਆਂ ਹੀ ਇਸ ਸੰਬੰਧੀ ਪਤਾ ਲਗਦਾ ਹੈ।

ਫ਼ਿਰ ਵੀ ਇਥੇ ਗੁਰਦੇਵ ਨੇ ਇਨ੍ਹਾਂ ਚਾਰਾਂ ਹੀ ਸ਼ਬਦਾਂ `ਚ ਇਸ ਗੱਲ ਨੂੰ ਪੱਕਾ ਕੀਤਾ ਹੈ ਕਿ ਇਹ ਸਾਰੀ ਤੱਬਾਹੀ ਵੀ ਕਰਤਾਰ ਦੇ ਹੁਕਮ ਅਤੇ ਨਿਆਂ `ਚ ਹੀ ਹੋਈ। ਬਲਕਿ ਇਹ ਕਰਤੇ ਦਾ ਆਦਿ ਕਾਲ ਤੋਂ ਚਲਦੇ ਆ ਰਹੇ ਨਿਯਮ "ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ" (ਪੰ: ੭੨੨) ਅਤੇ "ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ" (ਪੰ: ੩੬੦) ਦਾ ਹੁਣ ਵੀ ਪ੍ਰਗਟਾਵਾ ਹੀ ਹੈ ਜੋ ਸਦਾ ਤੋਂ ਚਲਦਾ ਆਇਆ ਹੈ ਤੇ ਸਦਾ ਲਈ ਚਲਦਾ ਰਵੇਗਾ ਵੀ।

"ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰ" - ਵਿਸ਼ੇਸ਼ ਧਿਆਨ ਦੇਣਾ ਹੈ, ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਪਹਿਲੇ ਪਾਤਸ਼ਾਹ ਦਾ ਇਹ ਸਲੋਕ "ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ" ਵੀ ਇਕੱਲਾ ਦਰਜ ਨਹੀਂ ਹੋਇਆ। ਉਥੇ "ਸਲੋਕ ਵਾਰਾਂ ਤੇ ਵਧੀਕ" (ਪੰ: ੧੪੧੨) ਦੇ ਸਿਰਲੇਖ ਹੇਠ ਦੋ ਜੁੜਵੇਂ ਸਲੋਕ ਦਰਜ ਹੋਏ ਹਨ ਅਤੇ ਉਨ੍ਹਾਂ ਦੋਨਾਂ ਸਲੋਕਾਂ ਦੇ ਅਰਥ ਵੀ ਜੁੜਵੇਂ ਤੇ ਸ਼ੰਬੰਧਤ ਹਨ। ਉਪ੍ਰੰਤ ਉਥੇ ਇਨ੍ਹਾਂ ਸਲੋਕਾਂ ਦਾ ਰੂਪ ਇਸ ਪ੍ਰਕਾਰ ਹੈ:-

"ਮਃ ੧॥ ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ ੨੭ 

ਮਹਲਾ ੩॥ ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ॥ ੨੮ ॥" (ਪੰ: ੧੪੧੨)

ਚਲਦੇ ਪ੍ਰਕਰਣ `ਚ ਬਾਬਰ ਦੇ ਹਮਲੇ ਨਾਲ ਸੰਬੰਧਤ ਜਿਹੜੇ ਚਾਰ ਸ਼ਬਦਾਂ ਦਾ ਜ਼ਿਕਰ ਚੱਲ ਰਿਹਾ ਹੈ, ਦਰਅਸਲ ਪਹਿਲੇ ਪਾਤਸ਼ਾਹ ਦੇ ਸਲੋਕ "ਮਃ ੧॥ ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ॥ ੨੭ ਦਾ ਸੰਬੰਧ ਵੀ, ਬਾਬਰ ਦੇ ਹਮਲੇ ਸਮੇਂ ਲਗਾਤਾਰ ਸਵਾ ਪਹਿਰ (ਲਗਭਗ ਚਾਰ ਘੰਟੇ) ਲਾਹੌਰ `ਚ ਕੀਤੀ ਉਸੇ ਕਤਲੋਗ਼ਾਰ ਤੇ ਵਾਪਰੀ ਉਸੇ ਦੁਰਘਟਣਾ ਨਾਲ ਹੀ ਸੰਬੰਧਤ ਹੈ।

ਦੇਖ ਚੁੱਕੇ ਹਾਂ ਕਿ ਸੰਮਤ ੧੫੭੮ (ਸੰਨ ੧੫੨੪) `ਚ ਭਾਰਤ `ਤੇ ਬਾਬਰ ਦਾ ਲਗਾਤਾਰ ਚੌਥਾ, ਆਖ਼ਰੀ ਤੇ ਭਿਅੰਕਰ ਹਮਲਾ ਹੋਇਆ ਸੀ। ਉਸ ਸਮੇਂ ਭਾਰਤ `ਚ ਲੋਧੀ ਵੰਸ਼ (ਅਫ਼ਗਾਨੀਆਂ) ਦਾ ਰਾਜ ਸੀ। ਉਸ ਹਮਲੇ ਦਾ ਸਿੱਟਾ, ਭਾਰਤ `ਚ ਲੋਧੀ ਵੰਸ਼ ਭਾਵ ਅਫ਼ਗਾਨੀਆਂ ਦੇ ਰਾਜ ਦਾ ਖ਼ਾਤਮਾ ਹੋਇਆ ਸੀ ਤੇ ਮੁਗ਼ਲ ਰਾਜ ਸਥਾਪਤ ਹੋਇਆ ਸੀ। ਬਾਬਰ ਦੇ ਹਮਲੇ ਦੌਰਾਨ ਲਾਹੌਰ `ਚ ਲਗਾਤਾਰ ਸਵਾ ਪਹਿਰ, (ਲਗਭਗ ਚਾਰ ਘੰਟੇ) ਵੱਡੀ ਕਤਲੋਗ਼ਾਰਤ ਹੋਈ ਸੀ। ਫ਼ਿਰ ਹੁਣ ਤੀਕ ਬਾਬਰ ਦੇ ਉਸ ਹਮਲੇ ਨਾਲ ਸੰਬੰਧਤ ਜਿਹੜੇ ਚਾਰ ਸ਼ਬਦਾਂ ਦਾ ਜ਼ਿਕਰ ਚੱਲ ਰਿਹਾ ਹੈ, ਗੁਰਦੇਵ ਨੇ ਉਪ੍ਰੋਕਤ ਸਲੋਕ ਨੰ: ੨੭ "ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ" `ਚ ਵੀ, ਉਸੇ ਦੁਰਘਟਣਾ ਨੂੰ ਹੀ ਪਰ ਅਤੀ ਸੰਖੇਪ ਰੂਪ `ਚ ਬਿਆਣਿਆ ਹੋਇਆ ਹੈ।

ਇਹ ਵੀ ਦੇਖ ਚੁੱਕੇ ਹਾਂ ਕਿ ਇਹ ਸਲੋਕ, "ਸਲੋਕ ਵਾਰਾਂ ਦੇ ਵਧੀਕ" ਦੇ ਸਿਰਲੇਖ ਹੇਠ ਦਰਜ ਹੋਇਆ ਹੈ। ਇਥੇ ਖਾਸ ਧਿਆਨ ਦੇਣਾ ਹੈ ਕਿ ਉਥੇ "ਸਲੋਕ ਵਾਰਾਂ ਦੇ ਵਧੀਕ" ਦੇ ਸਿਲੇਖ ਹੇਠ, ਉਸ ਸਮੇਂ ਸਲੋਕ ਤਾਂ ਚੱਲ ਰਹੇ ਹਨ ਪਹਿਲੇ ਪਾਤਸ਼ਾਹ ਦੇ, ਪਰ ਪੰਚਮ ਪਾਤਸ਼ਾਹ ਨੇ ਸੰਪਾਦਨਾ ਸਮੇਂ ਅਚਾਣਕ ਹੀ ਪਹਿਲੇ ਪਾਤਸ਼ਾਹ ਦੇ ਉਨ੍ਹਾਂ ਸਲੋਕਾਂ `ਚ ਸਲੋਕ ਨੰ: ੨੭ ਤੋਂ ਬਾਅਦ, ਸਲੋਕ ਨੰ: ੨੮ "ਲਾਹੌਰ ਸਹਰੁ ਅੰਮ੍ਰਿਤ ਸਰੁ ਸਿਫਤੀ ਦਾ ਘਰੁ" (ਪੰ: ੧੪੧੨) ਜਿਹੜਾ ਕਿ ਤੀਜੇ ਪਾਤਸ਼ਾਹ ਦਾ ਹੈ, ਦਰਜ ਕਰ ਦਿੱਤਾ, ਤਾਂ ਕਿਉਂ? ਇਹ ਵਿਸ਼ਾ ਖਾਸ ਧਿਆਂਨ ਮੰਗਦਾ ਹੈ। ਸਪਸ਼ਟ ਹੈ, ਕਿ ਪੰਜਵੇਂ ਪਾਤਸਾਹ ਅਨੁਸਾਰ ਸਲੋਕ ਨੰ: ੨੮ ਉਸੇ ਸਲੋਕ ਨੰ: ੨੭ ਦੇ ਵਿਸ਼ੇ ਨਾਲ ਹੀ ਸੰਬੰਧਤ ਸੀ ਅਤੇ ਇਹ ਵੀ ਉਸੇ ਲੜੀ `ਚ ਸੀ। ਨਹੀਂ ਤਾਂ ਪੰਜਵੇਂ ਪਾਤਸ਼ਾਹ ਕਦੇ ਵੀ ਅਜਿਹਾ ਨਾ ਕਰਦੇ।

ਦੋਨਾਂ ਸਲੋਕਾਂ ਵਿੱਚਕਾਰ ਮਿਲਵੀਂ ਸ਼ਬਦਾਵਲੀ, ਗੁਰਦੇਵ ਰਾਹੀਂ ਉਚੇਚਾ ਦੋਨਾਂ ਸਲੋਕਾਂ ਨੂੰ ਆਪ ਇਕੱਠੇ ਕਰਣਾ, ਉਪ੍ਰੰਤ ਦੋਨਾਂ ਸਲੋਕਾਂ ਵਿੱਚਲੇ ਦੋਵੇਂ ਵਿਰੋਧੀ ਵਿਸ਼ੇ ਤੇ ਮਜ਼ਮੂਨ-ਇਹ ਸਭ ਵਿਚਾਰਣ ਯੋਗ ਨੁੱਕਤੇ ਹਨ ਅਤੇ ਵਿਸ਼ੇ ਨੂੰ ਸਮਝਣ ਲਈ ਜ਼ਰੂਰੀ ਵੀ ਹਨ। ਗਹੁ ਨਾਲ ਵਿਚਾਰੀਏ ਤਾਂ ਸਲੋਕ ਨੰ: ੨੮ `ਚ ਤੀਜੇ ਪਾਤਸ਼ਾਹ ਫ਼ੁਰਮਾਅ ਰਹੇ ਹਨ ਕਿ ਉਹੀ ਲਾਹੌਰ ਸ਼ਹਿਰ ਜਿੱਥੇ ਬਾਬਰ ਦੇ ਹਮਲੇ ਸਮੇਂ ਲਗਾਤਾਰ ਸਵਾ ਪਹਿਰ ਕਹਿਰ ਵਰਤਿਆ ਸੀ, ਕਤਲੋਗ਼ਾਰਤ ਹੋਈ ਤੇ ਜ਼ੁਲਮ ਦਾ ਨੰਗਾ ਨਾਚ ਹੋਇਆ ਸੀ। ਉਸੇ ਲਾਹੌਰ `ਚ ਗੁਰੂ ਨਾਨਕ ਪਾਤਸ਼ਾਹ ਦੇ ਆਗਮਨ ਤੋਂ ਬਾਅਦ ਜਦੋਂ ਗੁਰਬਾਣੀ ਅੰਮ੍ਰਿਤ ਦੀ ਬਰਖਾ ਆਰੰਭ ਹੋ ਗਈ, ਤਾਂ ਉਹੀ ਲਾਹੌਰ, ਜਹਰੁ ਕਹਰੁ ਤੋਂ ਬਦਲ ਕੇ "ਅੰਮ੍ਰਿਤ ਸਰੁ ਸਿਫਤੀ ਦਾ ਘਰੁ" ਭਾਵ ਨਾਮ ਬਾਣੀ ਅਤੇ ਸਾਧਸੰਗਤ ਦੇ ਸਰੋਵਰ `ਚ ਤਬਦੀਲ ਹੋ ਗਿਆ।

ਇਸ ਤਰ੍ਹਾਂ, ਸਲੋਕ ਨੰ: ੨੭ ਤੇ ਸਲੋਕ ਨੰ: ੨੮ ਜੁੜਵੇਂ ਤੇ ਇੱਕ ਦੂਜੇ ਨਾਲ ਸ਼ੰਬੰਧਤ ਹਨ। ਇੱਕ ਦਾ ਸੰਬੰਧ ਹਮਲੇ ਸਮੇਂ ਹੋਈ ਕਤਲੋਗ਼ਾਰਤ, ਤੱਬਾਹੀ ਤੇ ਕਤਲੋਗ਼ਾਰਤ ਨਾਲ ਹੈ ਜਦਕਿ ਸਲੋਕ ਨੰ: ੨੮ ਰਾਹੀਂ ਸਪਸ਼ਟ ਕੀਤਾ ਹੈ ਕਿ ਸਥਾਨ ਚਾਹੇ ਕੋਈ ਵੀ ਹੋਵੇ; ਜੇ ਉਸੇ ਸਥਾਨ `ਤੇ ਗੁਰਬਾਣੀ ਰਾਹੀਂ ਅੰਮ੍ਰਿਤ ਨਾਮ ਦੀ ਵਰਖਾ ਅਰੰਭ ਹੋ ਜਾਵੇ ਤਾਂ ਉਥੇ ‘ਜ਼ਹਿਰ ਕਹਰ’ ਵਾਲੀ ਗੱਲ ਆਪਣੇ ਆਪ ਮੁੱਕ ਜਾਂਦੀ ਹੈ। ਉਪ੍ਰੰਤ ਉਹੀ ਸਥਾਨ ‘ਅੰਮ੍ਰਿਤਸਰ’ ਭਾਵ ਨਾਮ-ਬਾਣੀ ਤੇ ਸਾਧ-ਸੰਗਤ ਦੇ ਸਰੋਵਰ `ਚ ਤਬਦੀਲ ਹੋ ਜਾਂਦਾ ਹੈ। ਜਦਕਿ ਇਹ ਵੀ ਗੁਰਮੱਤ ਦਾ ਵੱਕਤੀ ਸ਼ਿਧਾਂਤ ਨਹੀਂ, ਬਲਕਿ ਸਦੀਵਕਾਲੀ ਸਿਧਾਂਤ ਹੈ।

ਉਪ੍ਰੰਤ "ਮਹਾਨ ਕੋਸ਼ ਅਨੁਸਾਰ ਵੀ- ਪੰਥ ਦੇ ਮਹਾਨ ਵਿਦਵਾਨ ਭਾਈ ਕਾਨ੍ਹ ਸਿੰਘ ਜੀ ਨਾਭਾ ਇਸ ਸਲੋਕ "ਲਾਹੋਰ ਸਹਰੁ ਜਹਰੁ ਕਹਰੁ ਸਵਾ ਪਹਰੁ" ਬਾਰੇ ਲਿਖਦੇ ਹਨ:- "ਲਵਪੁਰ, ਲਾਹੌਰ. ਦੇਖੋ, ਲਹੌਰ. { "ਲਾਹੋਰ ਸਹਰੁ ਜਹਰੁ ਕਹਰੁ ਸਵਾ ਪਹਰੁ" (ਸਲੋਕ ਮਃ ੧) "ਲਾਹੋਰ ਸਹਰੁ ਅਮ੍ਰਿਤਸਰ ਸਿਫਤੀ ਦਾ ਘਰ," (ਸਲੋਕ ਮਃ ੩) ਸ਼੍ਰੀ ਗੁਰੂ ਨਾਨਕ ਦੇਵ ਜੀ ਜਿਸ ਸਮੇਂ ਲਹੌਰ ਪਧਾਰੇ, ਤਾਂ ਉਥੋਂ ਦੇ ਹਾਕਮਾਂ ਅਤੇ ਲੋਕਾਂ ਨੂੰ ਕੁਕਰਮਾਂ ਵਿੱਚ ਲੀਨ ਅਰ ਕਰਤਾਰ ਤੋਂ ਵਿਮੁਖ ਦੇਖ ਕੇ ਇਹ ਵਾਕ ਉਚਾਰਿਆ, ਜਿਸ ਦਾ ਫਲ ਇਹ ਹੋਇਆ ਕਿ ਬਾਬਰ ਨੇ ਹਿੰਦੁਸਤਾਨ ਪੁਰ ਚੌਥਾ ਹੱਲਾ ਸੰਨ ੧੫੨੪ (ਹਿਜਰੀ ੯੩੦) ਵਿੱਚ ਕਰਕੇ ਲਹੌਰ ਨੂੰ ਅੱਗ ਲਾਈ ਅਤੇ ਸਵਾ ਪਹਰ ਕਹਰ ਵਰਤਾਇਆ। ਇਸ ਘਟਨਾ ਦਾ ਜ਼ਿਕਰ ਤੁਜਕਬਾਬਰੀ ਅਤੇ ਸੇਯਦ ਮੁਹੰਮਦ ਲਤੀਫ ਦੀ ‘ਤਵਾਰੀਖ ਲਹੌਰ" ਵਿੱਚ ਸਾਫ ਦਰਜ ਹੈ। ਸਤਿਗੁਰੂ ਦੀ ਇਹ ਪੇਸ਼ੀਨਗੋਈ ਸੈਦਪੁਰ (ਏਮਨਾਬਾਦ) ਕਹੇ ਸ਼ਬਦ- "ਖੂਨ ਕੇ ਸੋਹਿਲੇ ਗਾਵੀਅਹਿ ਨਾਨਕ, ਰਤੁ ਕਾ ਕੁੰਗੂ ਪਾਇ ਵੇ ਲਾਲੋ!" ਤੁੱਲ ਹੀ ਸੀ।

ਜਦ ਗੁਰੂ ਅਮਰਦਾਸ ਜੀ ਨੇ ਸੰਗਤਿ ਦੀ ਬੇਨਤੀ ਅਨੁਸਾਰ ਲਹੌਰ ਚਰਣ ਪਾਏ, ਤਾਂ ਗੁਰੂ ਨਾਨਕ ਸ੍ਵਾਮੀ ਦੀ ਕ੍ਰਿਪਾ ਕਰਕੇ ਸਤਿਸੰਗ ਅਤੇ ਨਾਮ ਕੀਰਤਨ ਦਾ ਪ੍ਰਚਾਰ ਦੇਖ ਕੇ ਫੁਰਮਾਇਆ ਕਿ ਜੋ ਲਹੌਰ ਸ਼ਹਿਰ ਜ਼ਹਿਰ ਕਹਿਰ ਦਾ ਅਧਿਕਾਰੀ ਸੀ, ਹੁਣ ਸਿਫਤੀ ਦਾ ਘਰ ਹੋਣ ਕਰਕੇ ਅਮ੍ਰਿਤ ਸਰੋਵਰ ਹੋ ਗਿਆ ਹੈ"।

ਇਸ ਤੋਂ ਬਾਅਦ ਤਾਂ ਆਪਣੇ ਆਪ ਸਪਸ਼ਟ ਹੋ ਜਾਣਾ ਚਾਹੀਦਾ ਹੈ ਕਿ ਇਨ੍ਹਾਂ ਸਲੋਕਾਂ ਜਾਂ ਸਲੋਕ ਨੰ: ੨੭ "ਲਾਹੌਰ ਸਹਰੁ ਜਹਰੁ ਕਹਰੁ ਸਵਾ ਪਹਰੁ" ਸੰਬੰਧੀ ਜਿਵੇਂ ਕਿ ਕੁੱਝ ਸੱਜਨਾਂ ਨੇ ਟੱਪਲਾ ਖਾਧਾ ਹੈ ਪਰ ਇਥੇ ਬੱਕਰਿਆਂ, ਮੁਰਗਿਆਂ ਆਦਿ ਦੇ ਕੱਟਣ ਦਾ ਕੋਈ ਵਿਸ਼ਾ ਹੈ ਹੀ ਨਹੀਂ; ਕਿ ਜਿਵੇਂ ਸਾਡੇ ਕੁੱਝ ਲਿਖਾਰੀ, ਬੁਲਾਰੇ ਤੇ ਵਿਦਵਾਨ ਆਮ ਤੌਰ `ਤੇ ਅਜਿਹਾ ਜ਼ਿਕਰ ਕਰਦੇ ਹਨ। ਬਲਕਿ ਇਥੇ ਕੇਵਲ ਬਾਬਰ ਦੀਆਂ ਫ਼ੌਜਾਂ ਰਾਹੀਂ ਉਸ ਮਨੁੱਖੀ ਕਤਲੋਗ਼ਾਰਤ ਦਾ ਹੀ ਵੇਰਵਾ ਹੈ।

ਇਸ ਤਰ੍ਹਾਂ ਗੁਰਬਾਣੀ ਚੋਂ ਕਿਸੇ ਇਕ-ਅੱਧੀ ਪੰਕਤੀ ਨੂੰ ਚੁੱਕ ਕੇ ਉਪ੍ਰੰਤ ਉਸ ਨੂੰ ਪ੍ਰਕਰਣ ਤੋਂ ਅੱਡ ਕਰਕੇ ਆਪਣੇ ਮਨ-ਮਰਜ਼ੀ ਦੇ ਅਰਥ ਲੈ ਲੈਣਾ ਜਾ ਕਰਣ ਦਾ ਸਾਨੂੰ ਹੱਕ ਨਹੀਂ ਬਣਦਾ। ਕਿਉਂਕਿ ਅਜਿਹਾ ਕਰਣਾ ਗੁਰਬਾਣੀ ਦੀ ਸਰਾਸਰ ਬੇਅਦਬੀ ਹੈ। ਇਸ ਤਰ੍ਹਾਂ ਜੇਕਰ ਅਸੀਂ ਸਲੋਕ ਨੰ: ੨੭ ਤਾਂ ਲੈ ਲਵੀਏ ਪਰ ਫ਼ਿਰ ਜੇ ਉਸ ਨਾਲ ਸਲੋਕ ਨੰ: ੨੮, ਜਿਸ ਨੂੰ ਪੰਜਵੇਂ ਪਾਤਸ਼ਾਹ ਨੇ ਆਪ ਸਲੋਕ ਨੰ: ੨੭ ਨਾਲ ਸੰਬੰਧਤ ਕੀਤਾ ਹੋਇਆ ਹੈ, ਨਾ ਲਵੀਏ ਤਾਂ ਕੁਦਰਤੀ ਤੌਰ `ਤੇ ਅਸੀਂ ਆਪ ਵੀ ਕੁਰਾਹੇ ਪਵਾਂਗੇ।

ਫ਼ਿਰ ਜੇ ਇਥੋਂ ਵੀ ਅੱਗੇ ਟੱਪ ਕੇ, ਇਹ ਕੀਤਾ ਕਿ ਅਸਾਂ ਸੰਬੰਧਤ ਪੂਰਾ ਸਲੋਕ ਹੀ ਛੱਡ ਦਿੱਤਾ ਤੇ ਉਸ `ਚੋਂ ਕੇਵਲ ਕੁੱਝ ਹੀ ਲਫ਼ਜ਼ ਚੁੱਕ ਲਏ ਜਿਵੇਂ "ਜਹਰੁ ਕਹਰੁ ਸਵਾ ਪਹਰੁ" ਜਾਂ "ਅੰਮ੍ਰਿਤ ਸਰੁ ਸਿਫਤੀ ਦਾ ਘਰੁ"। ਇਸ ਤਰ੍ਹਾਂ ਮੂਲ ਪ੍ਰਕਰਣ ਤੋਂ ਹੱਟ ਕੇ ਅਸਾਂ ਇਸ ਦੇ ਆਪਣੇ ਮਨ ਮਰਜ਼ੀ ਦੇ ਅਰਥ ਲੈਣੇ ਜਾਂ ਕਰਣੇ ਅਰੰਭ ਕਰ ਦਿੱਤੇ ਤਾਂ ਇਸ ਤਰ੍ਹਾਂ ਵੀ ਯਕੀਨਣ ਅਸੀਂ ਗੁਰਬਾਣੀ ਦੀ ਘੋਰ ਬੇਅਦਬੀ ਕਰਣ ਦੇ ਦੋਸ਼ੀ ਹੋਵਾਂਗੇ। ਉਂਜ ਪੂਰੇ ਵਿਸ਼ੇ "ਲਾਹੋਰ ਸਹਰੁ ਜਹਰੁ ਕਹਰੁ ਸਵਾ ਪਹਰੁ" ਨੂੰ ਅਸੀਂ ਕਿਸੇ ਵੱਖਰੇ ਗੁਰਮੱਤ ਪਾਠ `ਚ ਵੱਖਰੇ ਤੌਰ `ਤੇ ਵੀ ਦੇ ਰਹੇ ਹਾਂ। ਜਦਕਿ ਇਥੇ ਇਸਦਾ ਵੇਰਵਾ, ਕੇਵਲ ਲੋੜ ਅਨੁਸਾਰ ਹੀ ਦਿੱਤਾ ਗਿਆ ਹੈ।

ਬਾਬਰ ਦੇ ਹਮਲੇ ਨਾਲ ਸੰਬੰਧਤ ਚਾਰੇ ਸ਼ਬਦ- ਪਾਠਕਾਂ ਦੀ ਵਧੇਰੀ ਜਾਣਕਾਰੀ ਲਈ ਅੰਤ `ਚ ਬਾਬਰ ਦੇ ਹਮਲੇ ਨਾਲ ਸੰਬੰਧਤ ਚਾਰੇ ਸ਼ਬਦ ਵੀ ਦੇ ਰਹੇ ਹਾਂ। ਤਾਂ ਤੇ:-

(੧) "ਤਿਲੰਗ ਮਹਲਾ ੧॥ ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨੁ ਵੇ ਲਾਲੋ॥ ਪਾਪ ਕੀ ਜੰਞ ਲੈ ਕਾਬਲਹੁ ਧਾਇਆ ਜੋਰੀ ਮੰਗੈ ਦਾਨੁ ਵੇ ਲਾਲੋ॥ ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ॥ ਕਾਜੀਆ ਬਾਮਣਾ ਕੀ ਗਲ ਥਕੀ ਅਗਦੁ ਪੜੈ ਸੈਤਾਨੁ ਵੇ ਲਾਲੋ॥ ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ॥ ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ॥ ੧ ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ॥ ੨ " (ਪੰ: ੭੨੨)

(੨) "ਆਸਾ ਮਹਲਾ ੧॥ ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥  ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥ ੧ ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥ ੨ ॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ॥ ੩ ॥" (ਪੰ: ੩੬੦)

(੩) ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ੴ ਸਤਿਗੁਰ ਪ੍ਰਸਾਦਿ॥ ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿੑ ਗਲ ਵਿਚਿ ਆਵੈ ਧੂੜਿ॥ ਮਹਲਾ ਅੰਦਰਿ ਹੋਦੀਆ ਹੁਣਿ ਬਹਣਿ ਨ ਮਿਲਨਿੑ ਹਦੂਰਿ॥ ੧ ਆਦੇਸੁ ਬਾਬਾ ਆਦੇਸੁ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ ਕਰਿ ਕਰਿ ਦੇਖਹਿ ਵੇਸ॥ ੧ ॥ ਰਹਾਉ॥ ਜਦਹੁ ਸੀਆ ਵੀਆਹੀਆ ਲਾੜੇ ਸੋਹਨਿ ਪਾਸਿ॥ ਹੀਡੋਲੀ ਚੜਿ ਆਈਆ ਦੰਦ ਖੰਡ ਕੀਤੇ ਰਾਸਿ॥ ਉਪਰਹੁ ਪਾਣੀ ਵਾਰੀਐ ਝਲੇ ਝਿਮਕਨਿ ਪਾਸਿ॥ ੨ ॥ ਇਕੁ ਲਖੁ ਲਹਨਿੑ ਬਹਿਠੀਆ ਲਖੁ ਲਹਨਿੑ ਖੜੀਆ॥ ਗਰੀ ਛੁਹਾਰੇ ਖਾਂਦੀਆ ਮਾਣਨਿੑ ਸੇਜੜੀਆ॥ ਤਿਨੑ ਗਲਿ ਸਿਲਕਾ ਪਾਈਆ ਤੁਟਨਿੑ ਮੋਤਸਰੀਆ॥ ੩ ॥ ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀੑ ਰਖੇ ਰੰਗੁ ਲਾਇ॥ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ॥ ਜੇ ਤਿਸੁ ਭਾਵੈ ਦੇ ਵਡਿਆਈ ਜੇ ਭਾਵੈ ਦੇਇ ਸਜਾਇ॥ ੪ ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ॥ ਸਾਹਾਂ ਸੁਰਤਿ ਗਵਾਈਆ ਰੰਗਿ ਤਮਾਸੈ ਚਾਇ॥ ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ॥ ੫ ॥ ਇਕਨਾ ਵਖਤ ਖੁਆਈਅਹਿ ਇਕਨਾੑ ਪੂਜਾ ਜਾਇ॥ ਚਉਕੇ ਵਿਣੁ ਹਿੰਦਵਾਣੀਆ ਕਿਉ ਟਿਕੇ ਕਢਹਿ ਨਾਇ॥ ਰਾਮੁ ਨ ਕਬਹੂ ਚੇਤਿਓ ਹੁਣਿ ਕਹਣਿ ਨ ਮਿਲੈ ਖੁਦਾਇ॥ ੬ ॥ ਇਕਿ ਘਰਿ ਆਵਹਿ ਆਪਣੈ ਇਕਿ ਮਿਲਿ ਮਿਲਿ ਪੁਛਹਿ ਸੁਖ॥ ਇਕਨਾੑ ਏਹੋ ਲਿਖਿਆ ਬਹਿ ਬਹਿ ਰੋਵਹਿ ਦੁਖ॥ ਜੋ ਤਿਸੁ ਭਾਵੈ ਸੋ ਥੀਐ ਨਾਨਕ ਕਿਆ ਮਾਨੁਖ॥  ॥ ੧੧ ॥ (ਪੰ: ੪੧੭)

(੪) ਆਸਾ ਮਹਲਾ ੧॥ ਕਹਾ ਸੁ ਖੇਲ ਤਬੇਲਾ ਘੋੜੇ ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ ਕਹਾ ਸੁ ਲਾਲ ਕਵਾਈ॥ ਕਹਾ ਸੁ ਆਰਸੀਆ ਮੁਹ ਬੰਕੈ ਐਥੈ ਦਿਸਹਿ ਨਾਹੀ॥ ੧ ਇਹੁ ਜਗੁ ਤੇਰਾ ਤੂ ਗੋਸਾਈ॥ ਏਕ ਘੜੀ ਮਹਿ ਥਾਪਿ ਉਥਾਪੇ ਜਰੁ ਵੰਡਿ ਦੇਵੈ ਭਾਂਈ॥ ੧ ॥ ਰਹਾਉ॥ ਕਹਾਂ ਸੁ ਘਰ ਦਰ ਮੰਡਪ ਮਹਲਾ ਕਹਾ ਸੁ ਬੰਕ ਸਰਾਈ॥ ਕਹਾਂ ਸੁ ਸੇਜ ਸੁਖਾਲੀ ਕਾਮਣਿ ਜਿਸੁ ਵੇਖਿ ਨੀਦ ਨ ਪਾਈ॥ ਕਹਾ ਸੁ ਪਾਨ ਤੰਬੋਲੀ ਹਰਮਾ ਹੋਈਆ ਛਾਈ ਮਾਈ॥ ੨ ॥ ਇਸੁ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ॥ ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ॥ ਜਿਸ ਨੋ ਆਪਿ ਖੁਆਏ ਕਰਤਾ ਖੁਸਿ ਲਏ ਚੰਗਿਆਈ॥  ॥ ਕੋਟੀ ਹੂ ਪੀਰ ਵਰਜਿ ਰਹਾਏ ਜਾ ਮੀਰੁ ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ ਕਿਨੈ ਨ ਪਰਚਾ ਲਾਇਆ॥ ੪ ॥ ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ॥ ਓਨੀੑ ਤੁਪਕ ਤਾਣਿ ਚਲਾਈ ਓਨੀੑ ਹਸਤਿ ਚਿੜਾਈ॥ ਜਿਨੑ ਕੀ ਚੀਰੀ ਦਰਗਹ ਪਾਟੀ ਤਿਨਾੑ ਮਰਣਾ ਭਾਈ॥  ॥ ਇੱਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ॥ ਇਕਨਾੑ ਪੇਰਣ ਸਿਰ ਖੁਰ ਪਾਟੇ ਇਕਨਾੑ ਵਾਸੁ ਮਸਾਣੀ॥ ਜਿਨੑ ਕੇ ਬੰਕੇ ਘਰੀ ਨ ਆਇਆ ਤਿਨੑ ਕਿਉ ਰੈਣਿ ਵਿਹਾਣੀ॥ ੬ ॥" ਆਪੇ ਕਰੇ ਕਰਾਏ ਕਰਤਾ ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ ਕਿਸ ਥੈ ਜਾਇ ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ"॥  ॥ ੧੨ ॥ (ਪੰ: ੪੧੭) #417-III 124s07.02s07RJ2#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋਈ ਲੜੀ, ਇਨ੍ਹਾਂ ਸਾਰਿਆਂ ਦਾ ਮਕਸਦ ਇਕੋ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No. 417-PIII

"ਜੇ ਸਕਤਾ ਸਕਤੇ ਕਉ ਮਾਰੇ. ."

ਅਤੇ

"ਜਮੁ ਕਰਿ ਮੁਗਲੁ ਚੜਾਇਆ…"

(ਭਾਗ ਤੀਜਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.