.

ਪਉੜੀ 21

ਤੀਰਥੁ ਤਪੁ ਦਇਆ ਦਤੁ ਦਾਨੁ ॥

ਅਸਲੀ ਤੀਰਥ - ਸਤਿਗੁਰ ਭਾਵ ਸੱਚ ਦੇ ਗਿਆਨ ਰੂਪੀ ਦਰਿਆ ਵਿਚ ਖਿਆਲਾਂ ਨੂੰ ਇਸ਼ਨਾਨ ਕਰਾਉਣ ਨਾਲ ਅੰਤਰ ਦੀ ਗਤੀ।

ਅਸਲੀ ਤਪ: ਸਤਿਗੁਰ (ਗਿਆਨ) ਰਾਹੀਂ ਕੂੜ ਤੋਂ ਛੁੱਟਣ ਲਈ ਮਿਹਨਤ ਕਰਕੇ ਅੰਤਰ ਆਤਮੇ ਵਿਚ ਕੰਚਨ ਵਰਗੀ ਪਵਿੱਤ੍ਰਤਾ ਹਾਸਲ ਕਰਨੀ।

ਅਸਲੀ ਦਇਆ: ਮਨ ਦੀ ਕੂੜ ਕਾਰਨ ਖੁਆਰੀ ਵਾਲੀ ਅਵਸਥਾ ਤੋਂ ਛੁੱਟਣ ਲਈ ਉੱਦਮ ਕਰਨਾ ਹੀ ਦਇਆ ਹੈ।

ਅਸਲੀ ਦਤ: ਵਾਹ-ਵਾਹ ਦੀ ਭੁੱਖ ਤੋਂ ਬਿਨਾ ਵਧ ਤੋਂ ਵਧ ਅਵਗੁਣ ਤਿਆਗ ਸਕਣ ਦੀ ਭਾਵਨਾ।

ਅਸਲੀ ਦਾਨ: ਮਨ ਦੀ ਕੂੜ ਅਤੇ ਅਵਗੁਣੀ ਸੁਭਾਅ ਨੂੰ ਸਤਿਗੁਰ ਦੀ ਮੱਤ ਅੱਗੇ ਸਮਰਪਿਤ ਕਰਨਾ।

ਅੰਤਰ ਦੀ ਗਤੀ ਲਈ ਸਤਿਗੁਰ ਦੇ ਗਿਆਨ ਰੁਪੀ ਤੀਰਥ ਤੇ ਇਸ਼ਨਾਨ ਕਰਕੇ, ਅਵਗੁਣਾਂ ਤੋਂ ਛੁੱਟਣ ਦੀ ਘਾਲਣਾ ਕਰਨੀ, ਅਵਗੁਣਾਂ ਦੀ ਖੁਆਰੀ ਅਵਸਥਾ ਤੋਂ ਛੁੱਟਣ ਲਈ ਆਪਣੇ ’ਤੇ ਦਇਆ ਕਰਨੀ ਅਤੇ ਦਿਖਾਵੇ ਤੋਂ, ਵਾਹ-ਵਾਹ ਦੀ ਭੁੱਖ ਤੋਂ ਉੱਪਰ ਹੋ ਕੇ ਅਵਗੁਣੀ ਮੱਤ, ਸੁਭਾਅ ਨੂੰ ਤਿਆਗ (ਦਾਨ) ਦੀ ਸੋਝੀ ਹੋ ਜਾਂਦੀ ਹੈ।

ਜੇ ਕੋ ਪਾਵੈ ਤਿਲ ਕਾ ਮਾਨੁ ॥

ਕੋ: ਵਿਰਲਾ ਮਨ, ਤਿਲ ਕਾ ਮਾਨੁ: ਸਤਿਗੁਰ ਦੀ ਮੱਤ ਦਾ ਤੱਤ ਗਿਆਨ, ਤਿਲ ਮਾਤਰ।

ਜਦੋਂ ਸਤਿਗੁਰ ਦੀ ਮੱਤ ਦਾ ਤੱਤ ਗਿਆਨ ਵਿਰਲੇ ਮਨ ਨੂੰ ਪ੍ਰਾਪਤ ਹੁੰਦਾ ਹੈ ਤਦੋਂ ਹੀ ਅੰਤਰ ਦੀ ਗਤੀ ਦੀ ਸੋਝੀ ਹੁੰਦੀ ਹੈ।

ਸੁਣਿਆ ਮੰਨਿਆ ਮਨਿ ਕੀਤਾ ਭਾਉ ॥

ਨਿਜਘਰ ਦੇ ਰੱਬੀ ਸੁਨੇਹੇ ਨੂੰ ਨਿਮਰਤਾ ਦੇ ਭਾਉ ਨਾਲ ਸੁਣ ਕੇ, ਮੰਨ ਕੇ ...

ਅੰਤਰਗਤਿ ਤੀਰਥਿ ਮਲਿ ਨਾਉ ॥

ਆਪਣੇ ਵਿਕਾਰਾਂ ਤੋਂ ਮੁਕਤੀ (ਗਤੀ) ਹੀ ਤੀਰਥ ਹੈ। ਕੂੜਿਆਰ ਤੋਂ ਸਚਿਆਰ ਹੋਣ ਨਾਲ ਹੀ ਗਤੀ ਹੁੰਦੀ ਹੈ।

ਸਭਿ ਗੁਣ ਤੇਰੇ ਮੈ ਨਾਹੀ ਕੋਇ ॥

ਵਿਰਲੇ ਮਨ ਨੂੰ ਦ੍ਰਿੜ ਹੋ ਗਿਆ ਕਿ ਮਨ ਕੀ ਮੱਤ ਨਾਲ ਨਹੀਂ ਬਲਕਿ ਸਤਿਗੁਰ ਦੀ ਮੱਤ ਨਾਲ ਚੰਗੇ ਗੁਣ ਮਿਲਦੇ ਹਨ। ਮਨ ਕੀ ਮੱਤ ਨਾਲ ਤੇ ਜੋ ਵੀ ਗੁਣ ਚੰਗੇ ਜਾਂ ਮੰਦੇ ਸੁਭਾ ’ਚ ਹੋਣ ਉਹ ਹਉਮੈ ਹੈ।

ਵਿਣੁ ਗੁਣ ਕੀਤੇ ਭਗਤਿ ਨ ਹੋਇ ॥

ਨੋਟ: ਸਤਿਗੁਰ ਦੀ ਮੱਤ ਦਾ ਤੱਤ ਗਿਆਨ ਜਦੋਂ ਵਿਰਲਾ ਮਨ ਲੈ ਕੇ ਸਾਰੇ ਰੋਮ-ਰੋਮ, ਸੁਰਤ, ਮੱਤ, ਮਨ ਬੁਧ ਨੂੰ, ਇੰਦ੍ਰੀਆਂ ਅਤੇ ਗਿਆਨ ਇੰਦ੍ਰੀਆਂ ਨੂੰ ਵੰਡਦਾ ਹੈ ਤਾਂ ਇਸੇ ਅਵਸਥਾ ਨੂੰ "ਭਗਤਿ" ਕਹਿੰਦੇ ਹਨ।

ਵਿਰਲੇ ਮਨ ਨੂੰ ਸਮਝ ਪੈ ਜਾਂਦੀ ਹੈ ਕਿ ਸਤਿਗੁਰ ਦੀ ਮਤ ਰਾਹੀਂ ਰੱਬੀ ਗੁਣਾਂ ਰੂਪੀ ਅੰਮ੍ਰਿਤ (ਦੁਧ) ਲੈ ਕੇ ਸਾਰੇ ਸੁਰਤ, ਮੱਤ, ਮਨ, ਬੁਧ, ਇੰਦ੍ਰੀਆਂ, ਗਿਆਨ ਇੰਦ੍ਰੀਆਂ ਭਾਵ ਸਾਰੇ ਤਨ ਅਤੇ ਰੋਮ-ਰੋਮ ਨੂੰ ਵੰਡੇ ਬਿਨਾ ਭਗਤੀ ਨਹੀਂ ਹੋ ਸਕਦੀ।

ਸੁਅਸਤਿ ਆਥਿ ਬਾਣੀ ਬਰਮਾਉ ॥

ਸੁਅਸਤਿ: ਅਟਲ ਅਤੇ ਸਦੀਵੀ ਆਸਰਾ ਲੈਣਾ, ਤੱਤ ਗਿਆਨ। ਆਥਿ: ਧਨ (ਕੁਸ਼ਲ, ਬਿਬੇਕ ਬੁਧ)

ਕੁਸ਼ਲ ਬਿਬੇਕ ਬੁਧ ਹੀ ਅਸਲ ਧਨ ਹੈ ਜਿਸਦਾ ਸਦੀਵੀ ਆਸਰਾ ਲੈਣਾ ਹੁੰਦਾ ਹੈ।

ਸਤਿ ਸੁਹਾਣੁ ਸਦਾ ਮਨਿ ਚਾਉ ॥

ਰੱਬ ਜੀ (ਸਤਿ) ਦੇ ਗਿਆਨ ਰਾਹੀਂ ਵਿਰਲੇ ਮਨ ਨੂੰ ਪਵਿਤਰਤਾ ਮਿਲਦੀ ਹੈ ਜਿਸਦੇ ਸਦਕੇ ਸਦੀਵੀ ਚੰਗੇ ਗੁਣਾਂ ਦੀ ਸੁੰਦਰਤਾ ਵਿਚ ਜਿਊਣ ਦਾ ਚਾਉ ਬਣਿਆ ਰਹਿੰਦਾ ਹੈ।

ਕਵਣੁ ਸੁ ਵੇਲਾ ਵਖਤੁ ਕਵਣੁ ਕਵਣ ਥਿਤਿ ਕਵਣੁ ਵਾਰੁ ॥

ਵਿਰਲੇ ਮਨ ਨੂੰ ਸੂਝ ਪੈਂਦੀ ਹੈ ਕਿ ਚੰਗੇ ਗੁਣਾ ਦਾ ਆਕਾਰ (ਸ੍ਰਿਸ਼ਟੀ - ਸੋਚਨੀ ਦਾ ਢੰਗ) ਪ੍ਰਾਪਤ ਕਰਨਾ ਕਿਸੀ ਵੇਲੇ, ਮਹੂਰਤ, ਥਿਤ ਜਾਂ ਵਾਰ ਦਾ ਮੁਥਾਜ ਨਹੀਂ।

ਕਵਣਿ ਸਿ ਰੁਤੀ ਮਾਹੁ ਕਵਣੁ ਜਿਤੁ ਹੋਆ ਆਕਾਰੁ ॥

ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਨਵਾ ਚੰਗੇ ਗੁਣਾਂ ਦਾ ਆਕਾਰ ਪ੍ਰਾਪਤ ਕਰਨ ਲਈ ਰੁਤ, ਮਹੀਨੇ ਦੀ ਮੁਥਾਜੀ ਵੀ ਨਹੀਂ।

ਵੇਲ ਨ ਪਾਈਆ ਪੰਡਤੀ ਜਿ ਹੋਵੈ ਲੇਖੁ ਪੁਰਾਣੁ ॥

ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਨਵਾਂ ਚੰਗੇ ਗੁਣਾਂ ਦਾ ਆਕਾਰ ਪ੍ਰਾਪਤ ਕਰਨ ਲਈ ਧਾਰਮਿਕ ਗ੍ਰੰਥਾਂ ’ਚੋਂ ਹਾਸਿਲ ਕੀਤੇ ਗਿਆਨ ਦੀ ਵੀ ਮੁਥਾਜੀ ਨਹੀਂ ਹੈ। ਭਾਵ ਕਿਸੇ ਫਿਰਕੇ ਜਾਂ ਕਿਸੇ ਵੀ ਮਜ਼ਹਬ ਦੇ ਗ੍ਰੰਥ ਪੜ੍ਹ ਲੈਣ ਜਾਂ ਘੋਖ ਲੈਣ ਨਾਲ ਚੰਗੇ ਗੁਣਾਂ ਦੀ ਨਵੀ ਸਿਰਜਨਾ ਦਾ ਦਾਹਵਾ ਨਹੀਂ ਕਰ ਸਕਦੇ।

ਵਖਤੁ ਨ ਪਾਇਓ ਕਾਦੀਆ ਜਿ ਲਿਖਨਿ ਲੇਖੁ ਕੁਰਾਣੁ ॥

ਮਨ ਨੂੰ ਚੰਗੇ ਗੁਣਾਂ ਦਾ ਆਕਾਰ ਮਿਲਣਾ ਕਿਸੇ ਧਾਰਮਕ ਗ੍ਰੰਥ ਨੂੰ ਪੜ੍ਹ ਕੇ, ਰਟਨ ਕਰਕੇ, ਬਿਆਨ ਕਰਨ ਦਾ ਮੁਥਾਜ ਨਹੀਂ ਹੈ।

ਥਿਤਿ ਵਾਰੁ ਨਾ ਜੋਗੀ ਜਾਣੈ ਰੁਤਿ ਮਾਹੁ ਨਾ ਕੋਈ ॥

ਆਪਣੇ ਅੰਦਰ ਰੱਬੀ ਗੁਣਾਂ ਦਾ ਆਕਾਰ ਪ੍ਰਾਪਤ ਹੋਣਾ ਕਿਸੇ ਜੋਗ ਮੱਤ ਨੂੰ ਹਾਸਿਲ ਕਰ ਲੈਣ ਅਤੇ ਥਿਤਾਂ ਜਾਂ ਮਹੀਨਿਆਂ ਦੇ ਦਿਨਾਂ ਦਾ ਵੀ ਮੁਥਾਜ ਨਹੀਂ ਹੈ।

ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ॥

ਵਿਰਲਾ ਮਨ ਚੰਗੇ ਗੁਣਾ ਦੀ ਸ੍ਰਿਸ਼ਟੀ ਪ੍ਰਾਪਤ ਕਰਕੇ ਨਿਮਰਤਾ ’ਚ ਰਹਿੰਦਾ ਹੈ। ਕਿਸੀ ਚੰਗੇ ਗੁਣ ਦਾ ਹੰਕਾਰ ਨਹੀਂ ਕਰਦਾ।

ਕਿਵ ਕਰਿ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ॥

ਵਿਰਲਾ ਮਨ ਚੰਗੇ ਗੁਣਾਂ ਦੀ ਨਵੀਂ ਸ੍ਰਿਸ਼ਟੀ ਪ੍ਰਾਪਤ ਕਰਦਾ ਹੈ ਤੇ ਕਹਿੰਦਾ ਹੈ ਕਿ ਇਹ ਪ੍ਰਾਪਤੀ ਮਨ ਕੀ ਮੱਤ ਨਾਲ ਨਹੀਂ ਸੀ ਹੋ ਸਕਦੀ। ਬਲਕਿ ਸਤਿਗੁਰ ਕੀ ਮੱਤ ਸਦਕਾ ਕਿਵੇਂ ਮੈਨੂੰ ਬਖ਼ਸ਼ਿਸ਼ ਪ੍ਰਾਪਤ ਹੋਈ, ਮੇਰੇ ਬਿਆਨ ਤੋਂ ਪਰੇ ਹੈ।

ਨਾਨਕ ਆਖਣਿ ਸਭੁ ਕੋ ਆਖੈ ਇਕ ਦੂ ਇਕੁ ਸਿਆਣਾ ॥

ਮਨ ਕੀ ਮੱਤ ਕਾਰਨ ਸੁਰਤ, ਮੱਤ, ਮਨ, ਬੁਧ, ਇੰਦ੍ਰੀਆਂ, ਗਿਆਨ ਇੰਦ੍ਰੀਆਂ ਸਾਰੇ ਆਪਣੇ ਆਪ ਨੂੰ ਸਿਆਣਾ ਸਮਝਦੇ ਹਨ। ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਰੱਬ ਸਤਿਗੁਰ ਹੀ ਸੁਜਾਣ ਹੈ ਜਿਸ ਸਦਕਾ ਕੂੜਿਆਰ ਤੋਂ ਸਚਿਆਰ ਬਣਕੇ ਚਤੁਰਾਈਆਂ ਚਲਾਕੀਆਂ ਸਿਆਣਪਾਂ ਤੋਂ ਛੁਟਦੇ ਹਾਂ।

ਵਡਾ ਸਾਹਿਬੁ ਵਡੀ ਨਾਈ ਕੀਤਾ ਜਾ ਕਾ ਹੋਵੈ ॥

ਵਿਰਲੇ ਮਨ ਨੂੰ ਸਤਿਗੁਰ ਦੀ ਮੱਤ ਰਾਹੀਂ ਸੂਝ ਪੈਂਦੀ ਹੈ ਕਿ ਸਤਿਗੁਰ ਹੀ ਵੱਡਾ ਹੈ। ਸਤਿਗੁਰ ਦੀ ਮੱਤ ਰਾਹੀਂ ਚੰਗੇ ਗੁਣਾਂ ਦੀ ਸ੍ਰਿਸ਼ਟੀ ਦੀ ਰਜ਼ਾ ਹੁਕਮ ਵੀ ਸਦੀਵੀ ਅਟਲ ਤੇ ਸੱਚ ਹੈ।

ਨਾਨਕ ਜੇ ਕੋ ਆਪੌ ਜਾਣੈ ਅਗੈ ਗਇਆ ਨ ਸੋਹੈ ॥21॥

ਨ ਸੋਹੈ:ਪ੍ਰਫੁਲਤਾ ਨਹੀਂ ਬਣਦੀ।

ਅਦ੍ਵੈਤ ਅਵਸਥਾ ਵਿਚ ਪਹੁੰਚਿਆਂ ਭਾਵ ਸਮਰਪਣ ਦੀ ਅਵਸਥਾ ਵਿਚ ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਹਉਮੈ ਵਾਲੀ ਬਿਰਤੀ ਦੇ ਰਹਿੰਦਿਆਂ (ਆਪੌ ਜਾਣੈ) ਅੰਤਰ ਆਤਮੇ ਵਿਚ ਪ੍ਰਫੁਲਤਾ ਨਹੀਂ ਬਣਦੀ।

ਵੀਰ ਭੁਪਿੰਦਰ ਸਿੰਘ




.