.

ਉਪਰੇਸ਼ਨ ਬਲੂ-ਸਟਾਰ ਕਾਰਵਾਈ ਦਾ ਸੱਚ

(ਕਿਸ਼ਤ ਪਹਿਲੀ)

ਸਿਖ ਭਾਈਚਾਰੇ ਵਿੱਚ ਕਈ ਸਿਹਤਮੰਦ ਪਰੰਪਰਾਵਾਂ ਹੋਣ ਦੇ ਨਾਲ-ਨਾਲ ਇਸ ਭਾਈਚਾਰੇ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਵੱਡੇ-ਵੱਡੇ ਝੂਠ ਬੋਲਣਾ ਅਤੇ ਮਨਘੜਤ ਕਹਾਣੀਆਂ ਨੂੰ ਇਤਹਾਸ ਮੰਨ ਲੈਣਾ ਵੀ ਆਮ ਗੱਲਾਂ ਹਨ। ਜੂਨ 1984 ਈਸਵੀ ਵਿੱਚ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿਖੇ ਹੋਈ ‘ਉਪਰੇਸ਼ਨ ਬਲੂ-ਸਟਾਰ’ ਕਾਰਵਾਈ ਵਾਲੀ ਅਤੀ ਮੰਦਭਾਗੀ ਘਟਨਾ ਦੇ ਵਾਪਰਨ ਤੋਂ ਪਿੱਛੋਂ ਬੱਤੀ ਸਾਲ ਗੁਜ਼ਰ ਚੁੱਕੇ ਹਨ। ਉਸ ਵਕਤ ਸਿਖ ਭਾਈਚਾਰੇ ਦੇ ਇਸ ਘਟਨਾ ਤੋਂ ਅੱਠ ਸਾਲ ਪਹਿਲਾਂ ਤਕ ਦੇ ਜਨਮੇ ਬੱਚਿਆਂ ਵਿੱਚ ਇਸ ਦੇ ਬਾਰੇ ਵਿੱਚ ਸੋਚਣ ਦੀ ਸਮਰੱਥਾ ਨਹੀਂ ਸੀ। ਇਸ ਕਰਕੇ ਅਜ ਦੇ ਸਿਖ ਭਾਈਚਾਰੇ ਦੇ ਚਾਲੀ ਸਾਲ ਜਾਂ ਇਸ ਤੋਂ ਘਟ ਉਮਰ ਦੇ ਤਬਕੇ ਨੂੰ ਇਸ ਘਟਨਾ ਸਬੰਧੀ ਮਿਲਣ ਵਾਲੀ ਜਾਣਕਾਰੀ ਦਾ ਸਰੋਤ ਕੇਵਲ ਸੁਣੀਆਂ-ਸੁਣਾਈਆਂ ਗੱਲਾਂ ਹੀ ਹਨ। ਇਹ ਵੇਖਣ ਵਿੱਚ ਆਉਂਦਾ ਹੈ ਕਿ ਆਮ ਕਰਕੇ ਇਹ ਜਾਣਕਾਰੀ ਤੱਥ-ਆਧਾਰਿਤ ਨਹੀਂ ਹੁੰਦੀ ਜਿਸ ਕਰਕੇ ਇਹ ਅਜੋਕੇ ਸਿਖ ਭਾਈਚਾਰੇ ਲਈ ਬੇਹੱਦ ਗੁਮਰਾਹ-ਕੁੰਨ ਸਾਬਤ ਹੋ ਰਹੀ ਹੈ। ਜਦੋਂ ਕਿ ਸਿਖ ਭਾਈਚਾਰੇ ਦਾ ਭਵਿਖ ਵੀ ਇੱਸੇ ਤਬਕੇ ਦੀ ਸੋਚ ਉੱਤੇ ਨਿਰਭਰ ਹੈ, ਇਸ ਤਬਕੇ ਨੂੰ ਵਿਚਾਰ-ਅਧੀਨ ਘਟਨਾ ਸਬੰਧੀ ਸਹੀ ਤੱਥਾਂ ਤੋਂ ਜਾਣੂ ਕਰਵਾਉਣਾ ਅਤੀ ਜ਼ਰੂਰੀ ਹੋ ਜਾਂਦਾ ਹੈ।

ਇਸ ਲੇਖ ਵਿੱਚ ਕੀਤੀ ਜਾਣ ਵਾਲੀ ਗੱਲ-ਬਾਤ ਦੇ ਦੋ ਪੱਖ ਹਨ। ਪਹਿਲੇ ਪੱਖ ਵਿੱਚ ਉਹ ਆਧਾਰ-ਰਹਿਤ ਅਤੇ ਤਰਕਹੀਣ ਦਾਵੇ ਆਉਂਦੇ ਹਨ ਜੋ ਸਿਖ ਭਾਈਚਾਰੇ ਵੱਲੋਂ ਇਸ ‘ਉਪਰੇਸ਼ਨ ਬਲੂ-ਸਟਾਰ’ ਨਾਮੀ ਕਾਰਵਾਈ ਸਬੰਧੀ ਆਮ ਕਰਕੇ ਪੇਸ਼ ਕੀਤੇ ਜਾਂਦੇ ਹਨ ਜਿਵੇਂ ਕਿ ਇਹ ਕਾਰਵਾਈ ਅੰਮ੍ਰਿਤਸਰ ਵਿਖੇ ‘ਦਰਬਾਰ ਸਾਹਿਬ’ ਉੱਤੇ ਕੀਤੀ ਗਈ ਸੀ, ਇਹ ਕਾਰਵਾਈ ਇੱਕ ਫੌਜੀ ‘ਹਮਲਾ’ ਸੀ ਅਤੇ ਇਹ ਕਾਰਵਾਈ ‘ਤੀਸਰਾ ਘੱਲੂਘਾਰਾ’ ਸੀ। ਅਸੀਂ ਵੇਖਾਂਗੇ ਕਿ ਇਹ ਕਾਰਵਾਈ ‘ਦਰਬਾਰ ਸਾਹਿਬ’ ਉੱਤੇ ਨਹੀਂ ਕੀਤੀ ਗਈ ਸੀ ਸਗੋਂ ਇਹ ਦਰਬਾਰ ਸਾਹਿਬ ਕੰਪਲੈਕਸ ਵਿੱਚ ਸਥਿਤ ‘ਅਕਾਲ-ਤਖਤ’ ਕਰਕੇ ਜਾਣੀ ਜਾਂਦੀ ਇਮਾਰਤ ਉੱਤੇ ਨਜਾਇਜ਼ ਤੌਰ ਤੇ ਕਾਬਜ਼ ਕਾਨੂੰਨ ਤੋਂ ਆਕੀ ਕੁੱਝ ਲੋਕਾਂ ਨੂੰ ਭਾਰਤੀ ਫੌਜ ਅਤੇ ਹੋਰ ਸੁਰੱਖਿਆ ਦਲਾਂ ਵੱਲੋਂ ਖਦੇੜ ਕੇ ਬਾਹਰ ਕੱਢਣ ਜਾਂ ਕਾਬੂ ਕਰਨ ਦੀ ਮਨਸ਼ਾ ਨਾਲ ਕੀਤੀ ਗਈ ਸੀ ਜਦੋਂ ਕਿ ਇਸ ਕਾਰਵਾਈ ਨੂੰ ਆਧਾਰ ਪਰਦਾਨ ਕਰਨ ਦੀ ਸਿੱਧੀ ਜ਼ਿੰਮੇਵਾਰੀ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸਿਰ ਬਣਦੀ ਹੈ। ਇਸ ਕਾਰਵਾਈ ਵਿੱਚ ਦਰਬਾਰ ਸਾਹਿਬ ਕੰਪਲੈਕਸ ਵਿੱਚ ਠਹਿਰੇ ਹੋਏ ਕਾਫੀ ਗਿਣਤੀ ਵਿੱਚ ਬੇਗੁਨਾਹ ਲੋਕ ਵੀ ਮਾਰੇ ਗਏ ਸਨ ਪਰੰਤੂ ਕਿਸੇ ਤਰ੍ਹਾਂ ਵੀ ਇਹ ਘਟਨਾ ਸਿਖ ਭਾਈਚਾਰੇ ਦੇ ਇਤਹਾਸ ਵਿੱਚ ਪਹਿਲਾਂ ਵਾਪਰੇ ਦੋ ਘੱਲੂਘਾਰਿਆਂ ਵਰਗੀ ਘਟਨਾ ਨਹੀਂ ਸੀ। ਇਸ ਗੱਲ-ਬਾਤ ਦਾ ਦੂਸਰਾ ਪੱਖ ਇਸ ਨੁਕਤੇ ਉੱਤੇ ਵਿਚਾਰ ਕਰਨ ਦਾ ਹੈ ਕਿ ਭਾਵੇਂ 1947 ਈਸਵੀ ਤੋਂ ਲੈਕੇ ਭਾਰਤ ਸਰਕਾਰ ਉੱਤੇ ਕਾਬਜ਼ ਧਿਰਾਂ ਦਾ ਸਿਖ ਭਾਈਚਾਰੇ ਪ੍ਰਤੀ ਵਿਰੋਧਤਾ ਵਾਲਾ ਵਤੀਰਾ ਚੱਲਿਆ ਆ ਰਿਹਾ ਸੀ 1984 ਈਸਵੀ ਵਿੱਚ ਕੀਤੀ ਗਈ ਇਸ ਕਾਰਵਾਈ ਦਾ ਤਤਕਾਲੀਨ (immediate) ਕਾਰਨ ਭਾਰਤ ਸਰਕਾਰ ਉੱਤੇ ਕਮਿਊਨਿਸਟ ਦੇਸ ਸੋਵੀਅਤ ਰੂਸ ਵੱਲੋਂ ਪਾਇਆ ਗਿਆ ਨਜਾਇਜ਼ ਅਤੇ ਅਟੱਲ (irresistible) ਦਬਾ ਸੀ।

ਇੱਥੇ ਅਸੀਂ ਪਹਿਲਾਂ ਗੱਲ-ਬਾਤ ਦੇ ਦੂਸਰੇ ਪੱਖ ਨੂੰ ਹੀ ਲਵਾਂਗੇ ਅਤੇ ਪਹਿਲਾ ਪੱਖ ਇਸ ਘਟਨਾ ਦੇ ਸਮੁੱਚੇ ਬਿਰਤਾਂਤ ਵਿੱਚੋਂ ਆਪਣੇ-ਆਪ ਹੀ ਉੱਘੜ ਕੇ ਸਾਹਮਣੇ ਆ ਜਾਵੇਗਾ।

‘ਉਪਰੇਸ਼ਨ ਬਲੂ-ਸਟਾਰ’ ਨਾਮੀ ਕਾਰਵਾਈ ਦਾ ਸੋਵੀਅਤ ਰੂਸ ਨਾਲ ਜੋੜਨ ਦਾ ਅਰਥ ਇਸ ਨੂੰ ਸਿੱਧੇ ਤੌਰ ਤੇ ਕਮਿਊਨਿਸਟ ਵਿਚਾਰਧਾਰਾ ਵਾਲੇ ਲੋਕਾਂ ਦੀਆਂ ਸਿੱਖਾਂ ਪ੍ਰਤੀ ਵਿਖਾਈਆਂ ਜਾਂਦੀਆਂ ਸਾੜੇ, ਨਫਰਤ ਅਤੇ ਦੁਸ਼ਮਣੀ ਵਾਲੀਆਂ ਭਾਵਨਾਵਾਂ ਨਾਲ ਸਬੰਧਤ ਕਰਨਾ ਹੈ। ਕਮਿਊਨਿਸਟ ਵਿਚਾਰਧਾਰਾ ਵਾਲੇ ਲੋਕਾਂ ਵੱਲੋਂ ਸਿੱਖਾਂ ਪ੍ਰਤੀ ਵਿਖਾਈਆਂ ਜਾਂਦੀਆਂ ਨਾਂਹ-ਪੱਖੀ ਭਾਵਨਾਵਾਂ ਉੱਤੇ ਆਧਾਰਿਤ ਵਰਤਾਓ ਨੂੰ ਮਨੋਵਿਗਿਆਨਕ ਪੱਖੋਂ ਵੇਖਣ ਅਤੇ ਸਮਝਣ ਦੀ ਵੀ ਲੋੜ ਹੈ। ਭਾਵੇਂ ਕਿ ਕਮਿਊਨਿਸਟ ਵਿਚਾਰਧਾਰਾ ਇੱਕ ਨਾਸਤਿਕਤਾ-ਆਧਾਰਿਤ ਵਿਚਾਰਧਾਰਾ ਹੈ, ਇਸ ਦੀ ਵਿਵਹਾਰਕ ਤੌਰ ਤੇ ਹਾਂ-ਪੱਖੀ ਅਤੇ ਕਲਿਆਣਕਾਰੀ ਵਿਵਸਥਾ ਦੇ ਤੌਰ ਤੇ ਕਦਰ ਕਰਨੀ ਬਣਦੀ ਹੈ ਕਿਉਂਕਿ ਇਸ ਦਾ ਮੁੱਢਲਾ ਨਿਸ਼ਾਨਾ ਮਨੁੱਖੀ ਸਮਾਜ ਵਿੱਚ ਤਰਕਸ਼ੀਲਤਾ ਦੇ ਪਾਸਾਰ ਦੇ ਨਾਲ-ਨਾਲ ਸਮਾਜਿਕ ਇਕਸਾਰਤਾ, ਆਰਥਿਕ ਬਰਾਬਰੀ ਅਤੇ ਸਰਵ-ਸਾਂਝੀ ਕਲਿਆਣਕਾਰੀ ਰਾਜਨੀਤਕ ਵਿਵਸਥਾ ਦੀ ਸਥਾਪਤੀ ਹਿਤ ਸੰਘਰਸ਼ ਕਰਨਾ ਹੈ। ਉੱਧਰ, ਗੁਰੂ ਨਾਨਕ ਜੀ ਵੱਲੋਂ ਪਰੀਭਾਸ਼ਿਤ ਕੀਤੀ ਹੋਈ ਸਿਖ ਵਿਚਾਰਧਾਰਾ ਦਾ ਧੁਰਾ ਮਾਨਵਵਾਦ (ਮਨੁੱਖੀ ਸ਼ਾਨ ਦੀ ਬਹਾਲੀ, ਮਨੁੱਖੀ ਹੱਕਾਂ ਦੀ ਰਖਵਾਲੀ, ਮਨੁੱਖੀ ਭਲਾਈ ਦੇ ਕਾਰਜ, ਨੈਤਕਿਤਾ ਦਾ ਪਾਸਾਰ ਆਦਿਕ) ਹੈ ਜਿਸ ਦੇ ਕਲਾਵੇ ਵਿੱਚ ਕਮਿਊਨਿਸਟ ਵਿਚਾਰਧਾਰਾ ਦੇ ਮਾਨਵੀ ਸਰੋਕਾਰ ਸੁਤੇ-ਸਿਧ ਹੀ ਆ ਸ਼ਾਮਲ ਹੁੰਦੇ ਹਨ। ਗੁਰਮੱਤ ਦੀ ਤਰਕਸ਼ੀਲਤਾ-ਆਧਾਰਿਤ ਆਸਤਿਕਤਾ ਇਸ ਦੀ ਵਿਚਾਰਧਾਰਾ ਨੂੰ ਵਿਸ਼ਵ-ਚਿੰਤਨ ਵਿੱਚ ਇਤਨੀ ਬੁਲੰਦੀ ਵਾਲਾ ਸਥਾਨ ਪਰਦਾਨ ਕਰਵਾ ਦਿੰਦੀ ਹੈ ਕਿ ਕਮਿਊਨਿਸਟ ਵਿਚਾਰਧਾਰਾ ਇਸ ਦੇ ਨੇੜੇ-ਤੇੜੇ ਵੀ ਪਹੁੰਚਦੀ ਵਿਖਾਈ ਨਹੀਂ ਦਿੰਦੀ। ਸਿਖ ਗੁਰੂ ਸਾਹਿਬਾਨ ਦੀ ਅਗਵਾਈ ਵਿੱਚ ਚਲਾਏ ਗਏ ਦੋ ਸਦੀਆਂ ਤੋਂ ਵੱਧ ਦੇ ਸਮੇਂ ਦੇ ਮਾਨਵੀਵਾਦੀ ਸੰਘਰਸ਼ ਦਾ ਇਤਹਾਸ ਸੰਸਾਰ ਦੀਆਂ ਕਮਿਊਨਿਸਟ ਲਹਿਰਾਂ ਦੇ ਇਤਹਾਸ ਨਾਲੋਂ ਕਿਤੇ ਵੱਧ ਗੌਰਵਮਈ ਬਣਦਾ ਹੈ। ਸਿਖ ਮੱਤ ਦੇ ਪੈਰੋਕਾਰਾਂ ਦਾ ਅਠਾਰ੍ਹਵੀਂ ਸਦੀ ਦੇ ਅਰੰਭ ਤੋਂ ਲੈ ਕੇ ਕੀਤਾ ਗਿਆ ਸੰਘਰਸ਼ ਭਾਵੇਂ ਕਿ ਗੁਰਮੱਤ ਦੇ ਮੁੱਢਲੇ ਅਸੂਲਾਂ ਤੋਂ ਬਹੁਤ ਹਟ ਕੇ ਚੱਲਿਆ ਸੀ ਪਰੰਤੂ ਇਸ ਉੱਤੇ ਵੀ ਗੁਰਮੱਤ ਦੇ ਕੁੱਝ ਸੰਕਲਪਾਂ ਦਾ ਡੂੰਘਾ ਪਰਭਾਵ ਬਣਿਆ ਹੀ ਰਿਹਾ। ਇਹਨਾਂ ਵਿੱਚੋਂ ਇੱਕੋ-ਇਕ ‘ਘਾਲਿ ਖਾਇ ਕਿਛੁ ਹਥਹੁ ਦੇਇ॥’ ਉੱਤੇ ਆਧਾਰਿਤ ‘ਕਿਰਤ ਕਰੋ ਅਤੇ ਵੰਡ ਛਕੋ’ ਦੇ ਵਿਵਹਾਰਕ ਸੰਕਲਪ ਦੇ ਸਾਹਮਣੇ ਸਮੁੱਚੀ ਕਮਿਊਨਿਸਟ ਵਿਚਾਰਧਾਰਾ ਫਿੱਕੀ ਪੈਂਦੀ ਪਰਤੀਤ ਹੁੰਦੀ ਹੈ। ਗੁਰਮੱਤ ਦੀ ਵਿਚਾਰਧਾਰਾ ਅਤੇ ਕਮਿਊਨਿਸਟ ਵਿਚਾਰਧਾਰਾ ਵਿਚਲੀ ਤੁਲਨਾਤਮਿਕ ਸਥਿਤੀ ਦਾ ਇੱਕ ਅਤੀ ਮਹੱਤਵਪੂਰਨ ਪਹਿਲੂ ਇਹ ਉਭਰਕੇ ਸਾਹਮਣੇ ਆਉਂਦਾ ਹੈ ਕਿ ਗੁਰਮੱਤ ਦੀ ਵਿਚਾਰਧਾਰਾ ਗੁਰੂ ਨਾਨਕ ਜੀ ਦੇ ਸਮੇਂ ਭਾਵ ਪੰਦਰਵੀਂ ਸਦੀ ਈਸਵੀ ਦੇ ਅੰਤ ਤਕ ਪਰਗਟ ਹੋ ਗਈ ਸੀ ਜਦੋਂ ਕਿ ਕਮਿਊਨਿਸਟ ਵਿਚਾਰਧਾਰਾ ਦਾ ਸੰਕਲਪ ਇਸ ਤੋਂ ਚਾਰ ਸੌ ਸਾਲ ਤੋਂ ਵੱਧ ਦੇ ਸਮੇਂ ਬਾਦ ਜਰਮਨੀ ਦੇ ਉੱਘੇ ਦਾਰਸ਼ਨਿਕ ਕਾਰਲ ਮਾਰਕਸ ਵੱਲੋਂ ਉਨ੍ਹੀਵੀਂ ਸਦੀ ਈਸਵੀ ਦੇ ਮੱਧ ਵਿੱਚ ਜਾ ਕੇ ਪੇਸ਼ ਕੀਤੇ ਗਏ ਫਲਸਫੇ ਨੂੰ ਵਿਗਾੜ ਕੇ ਸੋਵੀਅਤ ਰੂਸ ਵਿਚਲੀ ਕਮਿਊਨਿਸਟ ਵਿਵਸਥਾ ਦੇ ਰੂਪ ਵਿੱਚ 1922 ਈਸਵੀ ਵਿੱਚ ਸਥਾਪਤ ਹੋਇਆ (ਭਾਵੇਂ ਕਿ ਰੂਸੀ ਇਨਕਲਾਬ 1917 ਈਸਵੀ ਵਿੱਚ ਵਾਪਰ ਚੁੱਕਾ ਸੀ)। ਜਦੋਂ ਸੋਵੀਅਤ ਰੂਸ ਨੇ ਕਮਿਊਨਿਸਟ ਵਿਚਾਰਧਾਰਾ ਦੇ ਪਾਸਾਰ ਦੀ ਆਪਣੀ ਰਾਜਨੀਤਕ ਨੀਤੀ ਅਨੁਸਾਰ ਇਸ ਵਿਚਾਰਧਾਰਾ ਨੂੰ ਭਾਰਤ ਸਮੇਤ ਦੂਸਰੇ ਦੇਸ਼ਾਂ ਵਿੱਚ ਫੈਲਾਉਣ ਦੇ ਯਤਨ ਅਰੰਭੇ ਤਾਂ ਭਾਰਤ ਅਤੇ ਸੋਵੀਅਤ ਰੂਸ ਦੇ ਕਮਿਊਨਿਸਟ ਚਿੰਤਕਾਂ ਨੂੰ ਅਹਿਸਾਸ ਹੋਇਆ ਕਿ ਭਾਰਤ ਦੇ ਪੰਜਾਬ ਖਿੱਤੇ ਵਿੱਚ ਕਮਿਊਨਿਸਟ ਵਿਚਾਰਧਾਰਾ ਦੇ ਮਾਨਵਵਾਦੀ ਸਰੋਕਾਰ ਤਾਂ ਗੁਰਮੱਤ ਵਿਚਾਰਧਾਰਾ ਦੇ ਰਾਹੀਂ ਸਦੀਆਂ ਪਹਿਲਾਂ ਤੋਂ ਹੀ ਸਥਾਪਤ ਹੋ ਚੁੱਕੇ ਹੋਏ ਹਨ ਅਤੇ ਗੁਰਮੱਤ ਦੇ ਆਸਤਿਕਤਾ ਵਾਲੇ ਅਧਾਰ ਦੇ ਸਾਹਮਣੇ ਨਾਸਤਿਕਤਾ-ਅਧਾਰਿਤ ਕਮਿਊਨਿਸਟ ਵਿਚਾਰਧਾਰਾ ਕਦੀ ਵੀ ਟਿਕਣ ਅਤੇ ਫੈਲਣ ਨਹੀਂ ਲੱਗੀ। ਵੀਹਵੀਂ ਸਦੀ ਈਸਵੀ ਦੇ ਸੱਠਵਿਆਂ ਦੇ ਅੰਤ ਤਕ ਹੀ ਕਮਿਊਨਿਸਟ ਨੇਤਾਵਾਂ ਦਾ ਇਸ ਸਥਿਤੀ ਸਬੰਧੀ ਪੰਜਾਬ ਖਿੱਤੇ ਦਾ ਤਜਰਬਾ ਕਾਫੀ ਕੌੜਾ ਸਾਬਤ ਹੋਇਆ ਸੀ। ਅਜਿਹੀਆਂ ਨਿਰਾਸ਼ਾਜਨਕ ਪ੍ਰਸਥਿਤੀਆਂ ਵਿੱਚੋਂ ਗੁਜ਼ਰਦਿਆਂ ਕਮਿਊਨਿਸਟ ਵਿਚਾਰਧਾਰਾ ਵਾਲੇ ਲੋਕਾਂ ਦੇ ਮਨਾਂ ਵਿੱਚ ਉਪਜੀ ਹੀਣ-ਭਾਵਨਾ ਕਰਕੇ ਉਹਨਾਂ ਦੇ ਮਨਾਂ ਵਿੱਚ ਸਿਖ ਭਾਈਚਾਰੇ ਪ੍ਰਤੀ ਸਾੜੇ, ਨਫਰਤ ਅਤੇ ਦੁਸ਼ਮਣੀ ਵਾਲੇ ਭਾਵਾਂ ਦਾ ਉਤਪੰਨ ਹੋ ਜਾਣਾ ਸੁਭਾਵਕ ਹੀ ਸੀ। ਮਨੋ-ਵਿਗਿਆਨਕ ਦ੍ਰਿਸ਼ਟੀ ਤੋਂ ਕੁਦਰਤੀ ਭਾਸਦੇ ਇਸ ਵਰਤਾਰੇ ਦੇ ਮੱਦਿ-ਨਜ਼ਰ ਕਮਿਊਨਿਸਟ ਵਿਚਾਰਧਾਰਾ ਵਾਲੇ ਲੋਕ ਸਿਖ ਭਾਈਚਾਰੇ ਦੇ ਲੋਕਾਂ ਪ੍ਰਤੀ ਸਾੜੇ/ਨਫਰਤ/ਦੁਸ਼ਮਣੀ ਵਾਲੇ ਆਪਣੇ ਵਿਵਹਾਰ ਤੋਂ ਕਦੀ ਛੁਟਕਾਰਾ ਨਹੀਂ ਪਾ ਸਕਣਗੇ ਅਤੇ ਉਹਨਾਂ ਵਿਚਲੇ ਕੱਟੜਤਾਵਾਦੀ ਤੱਤ ਸਦਾ ਸਿਖ ਭਾਈਚਾਰੇ ਨੂੰ ਖਤਮ ਕਰ ਦੇਣ ਦੀਆਂ ਸਾਜ਼ਿਸ਼ਾਂ ਘੜਦੇ ਰਹਿਣਗੇ ਜਿਹਨਾਂ ਪ੍ਰਤੀ ਸਿਖ ਭਾਈਚਾਰੇ ਨੂੰ ਹਮੇਸ਼ਾ ਸਾਵਧਾਨ ਰਹਿਣ ਦੀ ਲੋੜ ਹੈ। ਨਾਲ ਹੀ ਸਿਖ ਭਾਈਚਾਰੇ ਨੂੰ ਚਾਹੀਦਾ ਹੈ ਕਿ ਉਹ ਇਸ ਤੱਥ ਨੂੰ ਧਿਆਨ ਵਿੱਚ ਰੱਖੇ ਕਿ ਕੇਵਲ ਕਮਿਊਨਿਸਟ ਧਿਰ ਵਿਚਲੇ ਕੱਟੜਤਾਵਾਦੀ ਤੱਤ ਹੀ ਉਸ ਦੇ ਖਾਤਮੇ ਦੀ ਚੇਸ਼ਟਾ ਨਹੀਂ ਕਰਦੇ ਸਗੋਂ ਅਜਿਹੀ ਅਕਾਂਖਿਆ ਰੱਖਣ ਵਾਲੀਆਂ ਹੋਰ ਵੀ ਬਥੇਰੀਆਂ ਧਿਰਾਂ ਹਨ ਜਿਹਨਾਂ ਦੀ ਪਛਾਣ ਕਰ ਲੈਣਾ ਕੋਈ ਔਖਾ ਕਾਰਜ ਨਹੀਂ।

ਉੱਪਰ ਦਿੱਤੇ ਵਿਸ਼ਲੇਸ਼ਣ ਨੂੰ ਸਾਹਮਣੇ ਰੱਖਦਿਆਂ ਆਪਣੇ ਆਪ ਨੂੰ ਸਿਖ ਅਖਵਾਉਣ ਵਾਲੇ ਸੱਜਣਾ ਨੂੰ ਸਿਖ ਭਾਈਚਾਰੇ ਦੇ ਕਿਸੇ ਪਹਿਲੂ ਦੀ ਸਥਿਤੀ ਸਬੰਧੀ ਕਿਸੇ ਦੇਸੀ ਜਾਂ ਬਦੇਸ਼ੀ ਕਮਿਊਨਿਸਟ ਕਾਰਕੁੰਨ ਵੱਲੋਂ ਕੀਤੀਆਂ ਆਲੋਚਨਾਤਮਕ ਟਿੱਪਣੀਆਂ ਦਾ ਗੁੱਸਾ ਬਿਲਕੁਲ ਨਹੀਂ ਕਰਨਾ ਚਾਹੀਦਾ। ਸਗੋਂ ਕਿਸੇ ਵੀ ਧਿਰ ਵੱਲੋਂ ਆ ਰਹੀ ਆਲੋਚਨਾ ਦੀ ਸਥਿਤੀ ਵਿੱਚ ਉਹਨਾਂ ਨੂੰ ਚਾਹੀਦਾ ਹੈ ਕਿ ਉਹ ਸਵੈ-ਪੜਚੋਲ ਦਾ ਰਸਤਾ ਅਖਤਿਆਰ ਕਰਨ ਕਿਉਂਕਿ ਗੁਰੂ-ਕਾਲ ਤੋਂ ਪਿੱਛੋਂ ਸਿਖ ਭਾਈਚਾਰਾ ਖੁਦ ਹੀ ਗੁਰਮੱਤ ਵੱਲੋਂ ਮੂੰਹ ਮੋੜ ਕੇ ਚਲਦਾ ਆ ਰਿਹਾ ਹੈ। ਫਿਰ ਵੀ ਅੱਜ ਸਿਖ ਭਾਈਚਾਰਾ ਕਈ ਪੱਖਾਂ ਤੋਂ ਅੰਤਰ-ਰਾਸ਼ਟਰੀ ਪੱਧਰ ਤੇ ਫੋਕਸ ਵਿੱਚ ਹੈ ਅਤੇ ਇਸ ਨਾਲ ਸਬੰਧਤ ਲੋਕਾਂ ਨੂੰ ਚਾਹੀਦਾ ਹੈ ਕਿ ਉਹ ਆਪਣੀ ਪੀੜ੍ਹੀ ਥੱਲੇ ਸੋਟਾ ਫੇਰਨ ਦੀ ਨੀਤੀ ਨੂੰ ਗੰਭੀਰਤਾ ਨਾਲ ਅਪਣਾਉਣ ਅਤੇ ਸਚਾਈ ਦਾ ਸਾਹਮਣਾ ਕਰਦੇ ਹੋਏ ਆਪਣੇ ਵਿਅਕਤੀਗਤ ਅਤੇ ਸਮੂਹਿਕ ਵਿਵਹਾਰ ਵਿਚਲੇ ਔਗੁਣਾਂ ਅਤੇ ਗਲਤੀਆਂ ਨੂੰ ਸਵੀਕਾਰਨ ਲਈ ਨੈਤਿਕ ਹੌਸਲੇ (moral courage) ਦੇ ਗੁਣ ਨੂੰ ਅਪਣਾਉਣ।

ਹੁਣ ਅਸੀਂ ‘ਉਪਰੇਸ਼ਨ ਬਲੂ-ਸਟਾਰ’ ਕਾਰਵਾਈ ਦੀ ਇਤਹਾਸਿਕ ਸਥਿਤੀ ਉੱਤੇ ਧਿਆਨ ਮਾਰਦੇ ਹਾਂ। ਇਸ ਸਥਿਤੀ ਦੇ ਕੇਂਦਰ ਤੇ ਜਰਨੈਲ ਸਿੰਘ ਭਿੰਡਰਾਂਵਾਲਾ ਹੈ ਅਤੇ ਉਸ ਦੇ ਵਿਰੋਧ ਵਿੱਚ ਖੜੋਤੀ ਧਿਰ ਵਜੋਂ ਭਾਰਤ ਦਾ ਰਾਜ-ਪ੍ਰਬੰਧ ਮੌਜੂਦ ਹੈ। ਇਸ ਸਥਿਤੀ ਦੇ ਘਟਨਾਕ੍ਰਮ ਅਨੁਸਾਰ ਭਾਰਤ ਦੀ ਪ੍ਰਧਾਨ-ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਦੇ ਆਦੇਸ਼ ਉੱਤੇ ਆਰਮਡ ਗੱਡੀਆਂ ਅਤੇ ਟੈਂਕਾਂ ਨਾਲ ਲੈਸ ਭਾਰਤੀ ਫੌਜ ਦੀਆਂ ਸੱਤ ਡਿਵੀਯਨਾਂ ਅਤੇ ਕਮਾਂਡੋਆਂ ਦੀਆਂ ਦੋ ਬਟਾਲੀਅਨਾਂ ਮੇਜਰ-ਜਨਰਲ ਕੁਲਦੀਪ ਸਿੰਘ ਬਰਾੜ ਦੀ ਕਮਾਂਡ ਹੇਠ ਅਕਾਲ-ਤਖਤ ਦੀ ਇਮਾਰਤ ਵਿੱਚੋਂ ਸਰਕਾਰ ਵੱਲੋਂ ਅੱਤਵਾਦੀ ਤੱਤ ਗਰਦਾਨੇ ਗਏ ਜਰਨੈਲ ਸਿੰਘ ਭਿੰਡਰਾਂਵਾਲਾ ਅਤੇ ਉਸਦੇ ਚਾਲੀ-ਪੰਜਾਹ ਸਾਥੀਆਂ ਨੂੰ ਬਾਹਰ ਕੱਢਣ ਹਿਤ ਦਰਬਾਰ ਸਾਹਿਬ ਕੰਪਲੈਕਸ ਦੀ ਜੂਨ 1984 ਦੇ ਪਹਿਲੇ ਹਫਤੇ ਵਿੱਚ ਘੇਰਾਬੰਦੀ ਕਰਦੀਆਂ ਹਨ ਅਤੇ ਇਸ ਘੇਰਾਬੰਦੀ ਨੂੰ ਤੋੜਨ ਅਤੇ ਆਪਣੇ-ਆਪ ਦਾ ਬਚਾਅ ਕਰਨ ਹਿਤ ਸਾਰੇ ਕੰਪਲੈਕਸ ਅਤੇ ਵਿਸ਼ੇਸ਼ ਕਰਕੇ ਅਕਾਲ-ਤਖਤ ਦੀ ਇਮਾਰਤ ਵਿੱਚ ਮੋਰਚੇ ਸੰਭਾਲੀ ਬੈਠੇ ਜਰਨੈਲ ਸਿੰਘ ਭਿੰਡਰਾਂਵਾਲਾ ਦੀ ਕਮਾਂਡ ਹੇਠ ਉਸ ਦੇ ਸਾਥੀ ਪੂਰੇ ਸਾਹਸ ਨਾਲ ਆਪਣੇ ਹਥਿਆਰਾਂ ਰਾਹੀਂ ਭਾਰਤੀ ਫੌਜ ਨਾਲ ਟੱਕਰ ਲੈਂਦੇ ਹਨ। ਇਸ ਫੌਜੀ ਕਾਰਵਾਈ ਜਿਸ ਨੂੰ ਭਾਰਤੀ ਫੌਜ ਵੱਲੋਂ ‘ਉਪਰੇਸ਼ਨ ਬਲੂ ਸਟਾਰ’ ਦਾ ਨਾਮ ਦਿੱਤਾ ਗਿਆ ਸੀ ਦੇ ਦੌਰਾਨ ਫੌਜ ਦਾ ਭਾਰੀ ਜਾਨੀ ਅਤੇ ਮਾਲੀ ਨੁਕਸਾਨ ਹੁੰਦਾ ਹੈ, ਅਕਾਲ-ਤਖਤ ਇਮਾਰਤ ਤਬਾਹ ਹੋ ਜਾਂਦੀ ਹੈ, ਦਰਬਾਰ ਸਾਹਿਬ ਭਵਨ ਉੱਤੇ ਵੀ ਗੋਲੇ ਡਿੱਗਦੇ ਹਨ, ਜਰਨੈਲ ਸਿੰਘ ਭਿੰਡਰਾਂਵਾਲਾ, ਜਨਰਲ ਸ਼ੁਬੇਗ ਸਿੰਘ, ਭਾਈ ਅਮਰੀਕ ਸਿੰਘ ਅਤੇ ਉਹਨਾਂ ਦੇ ਲਗ-ਭਗ ਸਾਰੇ ਸਾਥੀ ਭਾਰਤੀ ਫੌਜ ਦਾ ਮੁਕਾਬਲਾ ਕਰਦੇ ਹੋਏ ਆਪਣੀਆਂ-ਆਪਣੀਆਂ ਜਾਨਾਂ ਗਵਾ ਬੈਠਦੇ ਹਨ, ਸੰਤ ਹਰਚੰਦ ਸਿੰਘ ਲੌਂਗੋਵਾਲ ਅਤੇ ਸ. ਗੁਰਚਰਨ ਸਿੰਘ ਟੌਹੜਾ ਫੌਜ ਦੇ ਸਾਹਮਣੇ ਹੱਥ ਖੜੇ ਕਰ ਕੇ ਆਪਣਾ ਬਚਾਅ ਕਰ ਲੈਂਦੇ ਹਨ, ਸੈਂਕੜੇ ਸਿਖ ਸ਼ਰਧਾਲੂ ਜੋ ਗੁਰੂ ਅਰਜਨ ਜੀ ਦੇ ਸ਼ਹੀਦੀ ਪੁਰਬ ਦੇ ਸਬੰਧ ਵਿੱਚ ਦਰਬਾਰ ਸਾਹਿਬ ਇਲਾਕੇ ਵਿੱਚ ਮੌਜੂਦ ਸਨ, ਮਾਰੇ ਜਾਂਦੇ ਹਨ ਜਾਂ ਕੈਦ ਕਰ ਲਏ ਜਾਂਦੇ ਹਨ। ਭਾਰਤ ਸਰਕਾਰ ਦੀ ਫੌਜ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਵਿੱਚ ‘ਉਪਰੇਸ਼ਨ ਬਲੂ-ਸਟਾਰ’ ਕਾਰਵਾਈ 1984 ਈਸਵੀ ਦੇ ਜੂਨ 4, ਜੂਨ 5 ਅਤੇ ਜੂਨ 5-6 ਦੀ ਵਿਚਕਾਰਲੀ ਰਾਤ ਨੂੰ ਕੀਤੀ ਗਈ। ਇਸ ਕਾਰਵਾਈ ਦੌਰਾਨ ਦਰਬਾਰ ਸਾਹਿਬ ਕੰਪਲੈਕਸ ਵਿੱਚ ਹੋਏ ਨੁਕਸਾਨ ਦੀਆਂ ਅਨੇਕਾਂ ਹੋਰ ਉਦਾਹਰਨਾਂ ਹਨ ਜਿਹਨਾਂ ਦਾ ਪੂਰਾ ਵੇਰਵਾ ਇੱਥੇ ਦਿੱਤਾ ਨਹੀਂ ਜਾ ਸਕਦਾ। ‘ਉਪਰੇਸ਼ਨ ਬਲੂ-ਸਟਾਰ’ ਦੀ ਕਾਰਵਾਈ ਤੋਂ ਸਦਮੇ ਦੀ ਹਾਲਤ ਵਿੱਚ ਪਹੁੰਚੇ ਸਿੱਖਾਂ ਦੇ ਆਮ ਵਿਸ਼ਵਾਸ ਅਨੁਸਾਰ ਸ੍ਰੀਮਤੀ ਇੰਦਰਾ ਗਾਂਧੀ ਵੱਲੋਂ ਦਰਬਾਰ ਸਾਹਿਬ ਕੰਪਲੈਕਸ ਉੱਤੇ ਕਰਵਾਏ ਗਏ ਇਸ ਫੌਜੀ ਕਾਰਵਾਈ ਦਾ ਨਿਸ਼ਾਨਾ ਸਿਖ ਭਾਈਚਾਰੇ ਦੀ ਹੇਠੀ ਕਰਨਾ ਅਤੇ ਉਸਨੂੰ ਨੀਵਾਂ ਦਿਖਾਉਣ ਦਾ ਸੀ।

ਇੱਥੇ ਇਸ ਸਵਾਲ ਦਾ ਪੈਦਾ ਹੋਣਾ ਲਾਜ਼ਮੀ ਹੋ ਜਾਂਦਾ ਹੈ ਕਿ ਕੀ ਸ੍ਰੀਮਤੀ ਇੰਦਰਾ ਗਾਂਧੀ ਦੇ ਮਨ ਵਿੱਚ ਸਿਖ ਭਾਈਚਾਰੇ ਪ੍ਰਤੀ ਕੋਈ ਅਜਿਹੀ ਜਾਤੀ ਰੰਜਸ਼ ਵੀ ਮੌਜੂਦ ਸੀ ਜਿਸ ਕਰਕੇ ਉਸ ਨੇ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਉੱਤੇ ਵਿਚਾਰ-ਅਧੀਨ ਫੌਜੀ ਕਾਰਵਾਈ ਹਮਲਾ ਸਿਖ ਭਾਈਚਾਰੇ ਕੋਲੋਂ ਬਦਲਾ ਲੈਣ ਜਾਂ ਉਸ ਨੂੰ ਨੀਵਾ ਵਿਖਾਉਣ ਦੇ ਮਨਸ਼ੇ ਨਾਲ ਕਰਵਾਈ ਹੋਵੇ। ਤੱਥਾਂ ਨੂੰ ਘੋਖਣ ਤੇ ਪਤਾ ਲਗਦਾ ਹੈ ਕਿ 1975 ਈਸਵੀ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਨੇ ਅਲਾਹਾਬਾਦ ਹਾਈ ਕੋਰਟ ਵੱਲੋਂ ਉਸਦੇ ਖਿਲਾਫ ਚੋਣ ਜ਼ਾਬਤਿਆਂ ਨੂੰ ਭੰਗ ਕਰਨ ਦੇ ਕੇਸਾਂ ਸਬੰਧੀ ਦਿੱਤੇ ਗਏ ਫੈਸਲੇ ਉਪਰੰਤ ਭਾਰਤ ਦੇ ਉਸ ਵਕਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣ ਦੀ ਬਜਾਏ ਭਾਰਤ ਵਿੱਚ ਐਮਰਜੈਂਸੀ ਲਗਾ ਦਿੱਤੀ ਸੀ। ਉਧਰ ਸਾਰੇ ਭਾਰਤ ਵਿੱਚ ਪੰਜਾਬ ਦੀ ਸੂਬਾ-ਪੱਧਰੀ ਇੱਕੋ-ਇਕ ਅਕਾਲੀ ਪਾਰਟੀ ਹੀ ਸੀ ਜਿਸ ਨੇ ਐਮਰਜੈਂਸੀ ਦੇ ਖਿਲਾਫ ਨਿਰੰਤਰ ਮੋਰਚਾ ਲਗਾਈ ਰੱਖਿਆ ਸੀ ਜਿਸ ਦੇ ਅਸਰ ਹੇਠ ਸ੍ਰੀਮਤੀ ਇੰਦਰਾ ਗਾਂਧੀ ਨੂੰ 1977 ਈਸਵੀ ਵਿੱਚ ਐਮਰਜੈਂਸੀ ਹਟਾਕੇ ਆਮ ਚੋਣਾਂ ਕਰਵਾਉਣੀਆਂ ਪਈਆਂ ਸਨ ਜਿਹਨਾਂ ਵਿੱਚ ਉਸ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਕੇਂਦਰ ਵਿੱਚ ਜਨਤਾ ਪਾਰਟੀ ਦੇ ਸ਼ਾਸਨ-ਕਾਲ (1977 ਈਸਵੀ ਤੋਂ 1980 ਈਸਵੀ) ਵਿੱਚ ਸ੍ਰੀਮਤੀ ਇੰਦਰਾ ਗਾਂਧੀ ਨੂੰ ਹੱਥਕੜੀ ਵੀ ਲੱਗੀ ਸੀ ਅਤੇ ਉਸ ਨੂੰ ਕੁੱਝ ਦਿਨ ਦੀ ਕੈਦ ਵੀ ਕੱਟਣੀ ਪਈ ਸੀ। ਸ੍ਰੀਮਤੀ ਇੰਦਰਾ ਗਾਂਧੀ ਇਹਨਾਂ ਸਾਰੀਆਂ ਅਣਸੁਖਾਵੀਆਂ ਪ੍ਰਸਥਿਤੀਆਂ ਲਈ ਮੁੱਖ ਤੌਰ ਤੇ ਸਿੱਖਾਂ ਨੂੰ ਦੋਸ਼ੀ ਮੰਨਦੀ ਸੀ ਕਿਉਂਕਿ ਉਸ ਵਕਤ ਅਕਾਲੀ ਪਾਰਟੀ ਕੇਵਲ ਸਿੱਖਾਂ ਦੀ ਪ੍ਰਤੀਨਿਧਤਾ ਕਰਦੀ ਮੰਨੀਂ ਜਾਂਦੀ ਸੀ ਅਤੇ ਸ੍ਰੀਮਤੀ ਗਾਂਧੀ ਸਿੱਖਾਂ ਨੂੰ ਸਬਕ ਸਿਖਾਉਣ ਦੇ ਅੱਡ-ਅੱਡ ਮਨਸੂਬੇ ਘੜਨ ਅਤੇ ਨਿਭਾਉਣ ਵੱਲ ਗੰਭੀਰਤਾ ਨਾਲ ਲਗੀ ਹੋਈ ਸੀ। ਪਰੰਤੂ ਇੱਥੇ ਇਸ ਸੰਭਾਵਨਾ ਦੀ ਉੱਕਾ ਹੀ ਗੁੰਜਾਇਸ਼ ਨਹੀਂ ਕਿ ਜੂਨ 1984 ਵਿੱਚ ਭਾਰਤੀ ਫੌਜ ਵੱਲੋਂ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿਖੇ ਕੀਤੀ ਗਈ ਫੌਜੀ ਕਾਰਵਾਈ ਕਿਸੇ ਇਹੋ ਜਿਹੇ ਮਨਸੂਬੇ ਦਾ ਹਿੱਸਾ ਸੀ। ਇਸ ਦਾਵੇ ਦਾ ਸਬੂਤ ਇਹ ਹੈ ਕਿ 02 ਜੂਨ 1984 ਈਸਵੀ ਦੀ ਸ਼ਾਮ ਨੂੰ ਭਾਵ ‘ਉਪਰੇਸ਼ਨ ਬਲੂ-ਸਟਾਰ’ ਦੀ ਕਾਰਵਾਈ ਕੀਤੇ ਜਾਣ ਤੋਂ ਦੋ ਕੁ ਦਿਨ ਪਹਿਲਾਂ ਜੋ ਭਾਸ਼ਣ ਸ੍ਰੀਮਤੀ ਇੰਦਰਾ ਗਾਂਧੀ ਨੇ ਰੇਡੀਓ/ਟੀ. ਵੀ. ਉੱਤੇ ਕੀਤਾ ਸੀ ਉਸ ਵਿੱਚੋਂ ਉਸਦੀ ਅੱਤ ਦੀ ਘਬਰਾਹਟ ਅਤੇ ਕੰਬਦੀ ਅਵਾਜ਼ ਤੋਂ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਨਹੀਂ ਸੀ ਕਿ ਉਹ ਦਰਬਾਰ ਸਾਹਿਬ ਇਲਾਕੇ ਵਿੱਚ ਅਗਲੇ ਦਿਨਾਂ ਦੀ ਕਾਰਵਾਈ ਕਿਸੇ ਬਾਹਰੀ ਦਬਾ ਹੇਠ ਕਰ ਰਹੀ ਸੀ। ਮੇਜਰ-ਜਨਰਲ ਕੁਲਦੀਪ ਸਿੰਘ ਬਰਾੜ ਨੇ ਵੀ ਆਪਣੀ ਪੁਸਤਕ ‘ਉਪਰੇਸ਼ਨ ਬਲੂ ਸਟਾਰ: ਅਸਲ ਕਹਾਣੀ’ ਵਿੱਚ ਸ੍ਰੀਮਤੀ ਇੰਦਰਾ ਗਾਂਧੀ ਦੀ ਅਜਿਹੀ ਘਬਰਾਹਟ ਦਾ ਵਿਸ਼ੇਸ਼ ਤੌਰ ਤੇ ਜ਼ਿਕਰ ਕੀਤਾ ਹੈ। ਇਸ ਸਥਿਤੀ ਬਾਰੇ ਉਹ ਹੇਠਾਂ ਦਿੱਤੇ ਅਨੁਸਾਰ ਲਿਖਦਾ ਹੈ:

"…. . ਮੈਂਨੂੰ ਪਤਾ ਲੱਗਾ ਕਿ ਰਾਤ ਨੂੰ ਅੱਠ ਵਜੇ ਟੈਲੀਵੀਜ਼ਨ ਉਤੇ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਰਾਸ਼ਟਰ ਨੂੰ ਸੰਬੋਧਨ ਕਰਨਗੇ। ………. ਸ੍ਰੀਮਤੀ ਇੰਦਰਾ ਗਾਂਧੀ ਨੂੰ ਦੇਰ ਹੋ ਗਈ। ਲਖਾਂ ਹੀ ਦਰਸ਼ਕ ਜਦੋਂ ਬੇਸਬਰੀ ਨਾਲ ਉਹਨਾਂ ਦਾ ਭਾਸ਼ਣ ਸੁਣਨ ਦੀ ਉਡੀਕ ਵਿੱਚ ਬੈਠੇ ਸਨ, ਤਾਂ ਟੀ. ਵੀ. ਵਾਲਿਆਂ ਨੇ ਇਸ ਖਾਮੋਸ਼ੀ ਨੂੰ ਤੋੜਨ ਲਈ ਦੋ ਗੀਤ ਸੁਣਵਾਏ: ‘ਸਾਰੇ ਜਹਾਂ ਸੇ ਅੱਛਾ ਹਿੰਦੋਸਤਾਂ ਹਮਾਰਾ’ ਅਤੇ ‘ਸਰਸਵਤੀ ਵੰਦਨਾ’। ……. . ਅਖੀਰ ਸ੍ਰੀਮਤੀ ਗਾਂਧੀ ਨੇ ਰਾਤੀਂ ਨੌਂ ਵਜ ਕੇ ਪੰਦਰਾਂ ਮਿੰਟ ਉਤੇ ਆਪਣਾ ਪ੍ਰਸਾਰਨ ਸ਼ੁਰੂ ਕੀਤਾ। ਉਹ ਦੁਖੀ ਅਤੇ ਥੱਕੇ ਹੋਏ ਲਗ ਰਹੇ ਸਨ ਅਤੇ ਉਹਨਾਂ ਦਾ ਗੱਚ ਭਰਿਆ ਹੋਇਆ ਸੀ" (ਪੰਨਾਂ 61-62)।

ਆਖਰ ਜਰਨੈਲ ਸਿੰਘ ਭਿੰਡਰਾਂਵਾਲਾ ਸ੍ਰੀਮਤੀ ਇੰਦਰਾ ਗਾਂਧੀ ਦੇ ਚਹੇਤੇ ਸਿਆਸੀ ਮੋਹਰੇ ਗਿਆਨੀ ਜ਼ੈਲ ਸਿੰਘ ਦਾ ਹੀ ਉਭਾਰਿਆ ਹੋਇਆ ਸੀ ਅਤੇ ਉਸ ਨੂੰ ਕਾਬੂ ਕਰਨ ਦੀ ਕਾਹਲ ਸ੍ਰੀਮਤੀ ਇੰਦਰਾ ਗਾਂਧੀ ਨੂੰ ਨਹੀਂ ਹੋ ਸਕਦੀ ਸੀ। ਸਿਖ ਭਾਈਚਾਰੇ ਦੇ ਘਰ ਵਿੱਚ ਲੱਗੀ ਹੋਈ ਉਂਜ ਵੀ ਸ੍ਰੀਮਤੀ ਇੰਦਰਾ ਗਾਂਧੀ ਲਈ ਬਸੰਤਰ ਹੀ ਸੀ ਅਤੇ ਉਹ ਅਕਾਲੀਆਂ ਨੂੰ ਗੁੱਠੇ ਲਾ ਕੇ ਰੱਖਣ ਵਿੱਚ ਕਾਮਯਾਬ ਸੀ। ਪੰਜਾਬ ਨਾਲ ਕੀ ਬੀਤਦੀ ਹੈ ਇਸ ਦਾ ਸ੍ਰੀਮਤੀ ਇੰਦਰਾ ਗਾਂਧੀ ਨੇ ਕਦੀ ਕੋਈ ਫਿਕਰ ਨਹੀਂ ਕੀਤਾ ਸੀ। ਸ੍ਰੀਮਤੀ ਇੰਦਰਾ ਗਾਂਧੀ ਨੇ ਭਾਰਤ ਵਿੱਚ ਐਮਰਜੈਂਸੀ ਲਗਾਉਣ ਦਾ ਕਰੜਾ ਫੈਸਲਾ ਲੈਣ ਦਾ ਹੀਆ ਵੀ ਵਿਖਾ ਲਿਆ ਹੋਇਆ ਸੀ। ਉਹ ਹਾਲੇ ਜਰਨੈਲ ਸਿੰਘ ਭਿੰਡਰਾਂਵਾਲੇ ਨਾਲ ਸਬੰਧਤ ਸਥਿਤੀ ਨਾਲ ਨਿਪਟਣ ਲਈ ਬਹੁਤੀ ਗੰਭੀਰ ਨਹੀਂ ਵਿਖਾਈ ਦਿੰਦੀ ਸੀ। ਇਸ ਲਈ ਭਾਰਤੀ ਫੌਜ ਨੂੰ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਵਿੱਚ ਭੇਜ ਕੇ ਅਕਾਲ-ਤਖਤ ਦੀ ਇਮਾਰਤ ਨੂੰ ਮਲੀਆਮੇਟ ਕਰਨ ਦਾ ਅਤੇ ਪੰਜਾਬ ਦੇ ਹੋਰਨਾਂ ਗੁਰਦੁਆਰਿਆਂ ਦੀ ਘੇਰਾਬੰਦੀ ਕਰਨ ਦਾ ਇੱਕ ਦੰਮ ਲਿਆ ਗਿਆ ਫੈਸਲਾ ਨਿਸਚੇ ਹੀ ਸ੍ਰੀਮਤੀ ਇੰਦਰਾ ਗਾਂਧੀ ਦਾ ਆਪਣਾ ਫੈਸਲਾ ਨਹੀਂ ਲਗਦਾ। ਕਾਹਲੀ ਵਿੱਚ ਲਏ ਗਏ ਇਸ ਫੈਸਲੇ ਬਾਰੇ ਉਸ ਨੇ ਗਿਆਨੀ ਜ਼ੈਲ ਸਿੰਘ ਤੋਂ ਉਸ ਦੇ ਜੁਲਾਈ 1982 ਈਸਵੀ ਤੋਂ ਬਣੇ ਆ ਰਹੇ ਭਾਰਤ ਦੇ ਰਾਸ਼ਟਰਪਤੀ ਦੇ ਤੌਰ ਤੇ, ਕੋਈ ਇਜਾਜ਼ਤ ਨਹੀਂ ਲਈ ਸੀ (ਰਾਸ਼ਟਰਪਤੀ ਭਾਰਤੀ ਫੌਜ ਦਾ ਸੁਪਰੀਮ ਕਮਾਂਡਰ ਹੁੰਦਾ ਹੈ ਅਤੇ ਕਿਸੇ ਖੇਤਰ ਵਿੱਚ ‘ਸਿਵਿਲ ਅਧਿਕਾਰੀਆਂ ਦੀ ਸਹਾਇਤਾ’ ਲਈ ਭਾਰਤੀ ਫੌਜ ਦੇ ਕਿਸੇ ਵਿਸ਼ੇਸ਼ ਹਿੱਸੇ ਨੂੰ ਤਾਇਨਾਤ ਕਰਨ ਲਈ ਵੀ ਰਾਸ਼ਟਰਪਤੀ ਕੋਲੋਂ ਇਜਾਜ਼ਤ ਲੈਣੀ ਜ਼ਰੂਰੀ ਹੁੰਦੀ ਹੈ)। ਖਤਰਨਾਕ ਅਤਵਾਦੀਆਂ, ਸਮਾਜ-ਵਿਰੋਧੀ ਤੱਤਾਂ ਅਤੇ ਅਪਰਾਧੀ ਕਿਸਮ ਦੇ ਅਨਸਰਾਂ ਦਾ ਅਕਾਲ-ਤਖਤ ਇਮਾਰਤ ਵਿੱਚ ਜੰਮ ਕੇ ਬੈਠੇ ਹੋਣਾ ਅਕਾਲ-ਤਖਤ ਇਮਾਰਤ ਨੂੰ ਢਹਿ-ਢੇਰੀ ਕਰਨ ਦਾ ਸੋਵੀਅਤ ਰੂਸ ਲਈ ਸੁਨਹਿਰੀ ਮੌਕਾ ਸੀ ਜੋ ਕਿਸੇ ਵੇਲੇ ਵੀ ਹੱਥੋਂ ਜਾ ਸਕਦਾ ਸੀ। ਇਸ ਲਈ ‘ਉਪਰੇਸ਼ਨ ਬਲੂ-ਸਟਾਰ’ ਦੀ ਕਾਰਵਾਈ ਰਾਹੀਂ ਸਿਖ ਭਾਈਚਾਰੇ ਦਾ ਸਫਾਇਆ ਕਰਨ ਲਈ ਸ੍ਰੀਮਤੀ ਇੰਦਰਾ ਗਾਂਧੀ ਉੱਤੇ ਸੋਵੀਅਤ ਰੂਸ ਦਾ ਦਬਾ ਇੱਕ ਦਮ ਹਾਵੀ ਹੋ ਗਿਆ ਸੀ ਜਿਸ ਦੇ ਕਾਰਨ ਸ੍ਰੀਮਤੀ ਇੰਦਰਾ ਗਾਂਧੀ ਬੇਬਸੀ ਅਤੇ ਘਬਰਾਹਟ ਦੀ ਹਾਲਤ ਵਿੱਚੋਂ ਗੁਜ਼ਰ ਰਹੀ ਸੀ। ਸੋਵੀਅਤ ਰੂਸ ਵੱਲੋਂ ਸ੍ਰੀਮਤੀ ਇੰਦਰਾ ਗਾਂਧੀ ਉੱਤੇ ਅਜਿਹਾ ਅਟੱਲ ਦਬਾ ਪਾ ਸਕਣ ਦੇ ਸਮਰੱਥ ਸੀ ਇਸ ਦੇ ਕੁੱਝ ਸਪਸ਼ਟ ਅਤੇ ਠੋਸ ਕਾਰਨ ਮੌਜੂਦ ਹਨ ਜਿਹਨਾ ਦਾ ਵੇਰਵਾ ਇੱਥੇ ਨਹੀਂ ਦਿੱਤਾ ਜਾ ਸਕਦਾ। ਉੱਧਰ ਜਦੋਂ ਸ੍ਰੀਮਤੀ ਇੰਦਰਾ ਗਾਂਧੀ ਦਰਬਾਰ ਸਾਹਿਬ ਕੰਪਲੈਕਸ ਵਿੱਚ ਫੌਜੀ ਕਾਰਵਾਈ ਕਰ ਹੀ ਬੈਠੀ ਸੀ ਤਾਂ ਉਹ ਇਸ ਮੌਕੇ ਨੂੰ ਸਿਖ ਭਾਈਚਾਰੇ ਦਾ ਵੱਧ ਤੋਂ ਵੱਧ ਨੁਕਸਾਨ ਕਰਨ ਲਈ ਵਰਤਣ ਵੱਲ ਨਿਸ਼ੰਗ ਹੋ ਕੇ ਤੁਰ ਪਈ ਸੀ।

ਅਗਲਾ ਸਵਾਲ ਜੋ ਇੱਥੇ ਉਭਰਕੇ ਸਾਹਮਣੇ ਆਉਂਦਾ ਹੈ ਉਹ ਇਹ ਹੈ ਕਿ ਕੀ ਕਿਸੇ ਤਰਾਂ ਦਰਬਾਰ ਸਾਹਿਬ ਕੰਪਲੈਕਸ, ਅੰਮ੍ਰਿਤਸਰ ਉੱਤੇ ਭਾਰਤੀ ਫੌਜ ਵੱਲੋਂ ਕੀਤਾ ਗਿਆ ਹਮਲਾ ਟਾਲਿਆ ਵੀ ਜਾ ਸਕਦਾ ਸੀ? (ਇਸ ਹਮਲੇ ਦੇ ਟਲ ਜਾਣ ਨਾਲ ਇੰਦਰਾ ਗਾਂਧੀ ਦਾ ਸਿਖ ਸੁਰੱਖਿਆ ਗਾਰਡਾਂ ਹੱਥੋਂ ਕਤਲ ਨਹੀਂ ਹੋਣਾ ਸੀ ਅਤੇ ਦਿੱਲੀ ਅਤੇ ਹੋਰਨਾਂ ਥਾਵਾਂ ਦੇ ਸਿਖ-ਵਿਰੋਧੀ ਦੰਗੇ ਵੀ ਆਪਣੇ-ਆਪ ਹੀ ਟਲ ਜਾਣੇ ਸਨ।) ਇਸ ਸਵਾਲ ਦਾ ਉੱਤਰ ਤਾਂ ਬੜਾ ਹੀ ਅਸਾਨ ਹੈ ਪਰੰਤੂ ਇਹ ਫੌਜੀ ਹਮਲਾ ਟਲਿਆ ਨਹੀਂ ਸੀ। ਇਸ ਲਈ ਇਸ ਸੰਦਰਭ ਵਿੱਚ ਜਰਨੈਲ ਸਿੰਘ ਭਿੰਡਰਾਂਵਾਲਾ ਵੱਲੋਂ 1977 ਈਸਵੀ ਤੋਂ ਲੈ ਕੇ ਜੂਨ 1984 ਈਸਵੀ ਤਕ ਦੇ ਸਮੇਂ ਦੌਰਾਨ ਸਿਖ ਇਤਹਾਸ ਦੇ ਸੰਦਰਭ ਵਿੱਚ ਨਿਭਾਈ ਗਈ ਭੂਮਿਕਾ ਦਾ ਵਿਸ਼ਲੇਸ਼ਣ ਕਰਨਾ ਜ਼ਰੂਰੀ ਹੋ ਜਾਂਦਾ ਹੈ ਜਿਸ ਨਾਲ ਭਿੰਡਰਾਂਵਾਲੇ ਦੀ ਮਨੋਵਿਗਿਆਨਕ ਦਸ਼ਾ ਵੀ ਉਭਰਕੇ ਸਾਹਮਣੇ ਆ ਜਾਵੇਗੀ। ਅਜੋਕੇ ਸਮੇਂ ਵਿੱਚ ਸਿਖ ਭਾਈਚਾਰੇ ਲਈ ਅਸਲੀ ਮੁੱਦਾ ਇਹ ਨਹੀਂ ਰਹਿ ਜਾਂਦਾ ਕਿ ‘ਉਪਰੇਸ਼ਨ ਬਲੂ-ਸਟਾਰ’ ਦੀ ਕਾਰਵਾਈ ਸੋਵੀਅਤ ਰੂਸ ਨੇ ਕਰਵਾਈ ਸੀ ਜਾਂ ਕਿਸੇ ਹੋਰ ਨੇ। ਅਸਲੀ ਮੁੱਦਾ ਤਾਂ ਇਹ ਹੈ ਕਿ ਇਸ ਸਥਿਤੀ ਦੀ ਕੇਂਦਰੀ ਧਿਰ ਅਤੇ ਸਬੰਧਤ ਘਟਨਾਕ੍ਰਮ ਦੇ ਮੁੱਖ ਪਾਤਰ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਭੂਮਿਕਾ ਦਾ ਸੱਚ ਕੀ ਹੈ।

ਜਰਨੈਲ ਸਿੰਘ ਭਿੰਡਰਾਂਵਾਲਾ ਚੌਕ ਮਹਿਤਾ ਸਥਿਤ ‘ਦਮਦਮੀ ਟਕਸਾਲ’ ਦਾ 1977 ਈਸਵੀ ਵਿੱਚ ਮੁੱਖੀ ਨਿਯੁਕਤ ਹੋਇਆ ਅਤੇ ‘ਦਮਦਮੀ ਟਕਸਾਲ’ ਦੀ ਰਵਾਇਤ ਅਨੁਸਾਰ ਆਪਣੇ-ਆਪ ਨੂੰ ‘ਸੰਤ’ ਅਖਵਾਉਣ ਲੱਗਾ। ਦਮਦਮੀ ਟਕਸਾਲ ਇੱਕ ਮਨਮੱਤੀ ਕਿਸਮ ਦਾ ਡੇਰਾ ਹੈ ਜਿਸ ਦਾ ਹੈਡਕੁਆਰਟਰ ਅੰਮ੍ਰਿਤਸਰ ਤੋਂ ਅਠੱਤੀ ਕਿਲੋਮੀਟਰ ਦੀ ਦੂਰੀ ਤੇ ਚੌਕ-ਮਹਿਤਾ ਵਿਖੇ ਬਣੇ ਹੋਏ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਸਥਿਤ ਹੈ। ਇਸ ਡੇਰੇ ਵਿੱਚ ਸਿਹਤਮੰਦ ਸਿਖ ਪ੍ਰੰਪਰਾਵਾਂ ਨੂੰ ਸੁਹਿਰਦਤਾ ਨਾਲ ਨਹੀਂ ਨਿਭਾਇਆ ਜਾਂਦਾ। ਅੰਮ੍ਰਿਤ ਛਕਣ, ਕੇਸਾਂ ਦੀ ਬੇਅਦਬੀ ਨਾ ਕਰਨ ਅਤੇ ਨਸ਼ਿਆਂ ਦਾ ਤਿਆਗ ਕਰਨ ਵਰਗੀਆਂ ਸਿਖਿਆਵਾਂ ਦੇਣ ਤੋਂ ਇਲਾਵਾ ਦਮਦਮੀ ਟਕਸਾਲ ਕੋਲ ਗੁਰਮੱਤ (ਗੁਰਬਾਣੀ ਦੇ ਸੰਦੇਸ਼) ਦੇ ਪਰਚਾਰ ਲਈ ਨਾ ਕੋਈ ਸੁਹਿਰਦ ਸੇਧ ਹੈ ਨਾ ਕੋਈ ਠੋਸ ਪਰੋਗਰਾਮ। ਦਮਦਮੀ ਟਕਸਾਲ ਦੀ ਆਪਣੀ ਹੀ ਨਿਵੇਕਲੀ ਰਹਿਤ-ਮਰਿਆਦਾ ਹੈ ਅਤੇ ਇਹ ਅਖੌਤੀ ‘ਦਸਮ ਗ੍ਰੰਥ’ ਨੂੰ ਵੀ ਮਾਨਤਾ ਦਿੰਦੀ ਹੈ। ਗੁਰਮੱਤ ਵੱਲੋਂ ਮੂੰਹ ਮੋੜ ਕੇ ਚੱਲਣ ਵਾਲੇ ਇਸ ਡੇਰੇ ਦਾ ਸਿਖ ਭਾਈਚਾਰੇ ਦੇ ਇਤਹਾਸਿਕ ਸੰਦਰਭ ਵਿੱਚ ਕੋਈ ਵਿਸ਼ੇਸ਼ ਸਥਾਨ ਨਹੀਂ। ਦਮਦਮੀ ਟਕਸਾਲ ਸਬੰਧੀ ਕੀਤੇ ਜਾਂਦੇ ਇਹ ਦਾਵੇ ਕਿ ਇਸ ਦੀ ਸਥਾਪਨਾ ਗੁਰੂ ਗੋਬਿੰਦ ਸਿੰਘ ਨੇ ਕੀਤੀ ਸੀ ਅਤੇ ਬਾਬਾ ਦੀਪ ਸਿੰਘ ਇਸ ਦਾ ਪਹਿਲਾ ਮੁੱਖੀ ਸੀ, ਸਹੀ ਨਹੀਂ। ਕੁੱਝ ਵਿਦਵਾਨ ਤਾਂ ‘ਦਮਦਮੀ ਟਕਸਾਲ’ ਵਾਲੇ ਨਾਮ ਨੂੰ 1977 ਈਸਵੀ ਦੇ ਸਮੇਂ ਦੀ ਹੀ ਕਾਢ ਮੰਨਦੇ ਹਨ। ਇਸ ਸਥਿਤੀ ਵਿੱਚੋਂ ਵੇਖਿਆ ਜਾ ਸਕਦਾ ਹੈ ਕਿ ਪੜ੍ਹਾਈ-ਲਿਖਾਈ ਤੋਂ ਕੋਰਾ ਜਰਨੈਲ ਸਿੰਘ ਭਿੰਡਰਾਂਵਾਲਾ ਸੱਤ ਸਾਲ ਦੇ ਅਰਸੇ ਲਈ ਬਤੌਰ ਮੁੱਖੀ ਦਮਦਮੀ ਟਕਸਾਲ (1977 ਈਸਵੀ ਤੋਂ 1984 ਈਸਵੀ ਤਕ) ਸਿਖ ਭਾੲਚਾਰੇ ਵਿੱਚ ਗੁਰਮੱਤ ਨੂੰ ਖੋਰਾ ਲਾਉਣ ਅਤੇ ਮਨਮੱਤ ਫੈਲਾਉਣ ਦੇ ਕਾਰਜ ਦੀ ਸਰਪਰਸਤੀ ਕਰਦਾ ਰਿਹਾ ਸੀ। 1977 ਈਸਵੀ ਵਿੱਚ ਦਮਦਮੀ ਟਕਸਾਲ ਦੇ ਮੁੱਖੀ ਦੇ ਤੌਰ ਤੇ ਨਿਯੁਕਤੀ ਹੁੰਦਿਆ ਸਾਰ ਹੀ ਜਰਨੈਲ ਸਿੰਘ ਭਿੰਡਰਾਂਵਾਲਾ ਨੇ ਰਾਜਨੀਤਕ ਆਕੰਖਿਆਵਾਂ ਪਾਲ ਲਈਆਂ ਸਨ। ਨਿਰੰਕਾਰੀ ਫਿਰਕੇ ਅਤੇ ਦਮਦਮੀ ਟਕਸਾਲ ਵਿਚਕਾਰ ਕਸ਼ਮਕਸ਼ ਪਹਿਲਾਂ ਤੋਂ ਹੀ ਚਲਦੀ ਆ ਰਹੀ ਸੀ ਪਰੰਤੂ 1978 ਈਸਵੀ ਦੀ ਵਿਸਾਖੀ ਵਾਲੇ ਦਿਨ ਉਸ ਨੇ ਨਿਰੰਕਾਰੀਆਂ ਨਾਲ ਸਿੱਧੀ ਟੱਕਰ ਲੈਣ ਦਾ ਵਿਖਾਵਾ ਕੀਤਾ ਜਦੋਂ ਉਸਨੇ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਇਲਾਕੇ ਤੋਂ ਤਕਰੀਬਨ ਪੰਜ ਕਿਲੋਮੀਟਰ ਦੀ ਦੂਰੀ ਤੇ ਆਯੋਜਿਤ ਹੋ ਰਹੇ ਨਿਰੰਕਾਰੀਆਂ ਦੇ ਸਾਲਾਨਾ ਸਮਾਗਮ ਨੂੰ ਰੋਕਣ ਹਿਤ ਅਖੰਡ-ਕੀਰਤਨੀ ਜੱਥੇ ਦੇ ਫੌਜਾ ਸਿੰਘ ਦੇ ਆਦਮੀਆਂ ਦੇ ਨਾਲ ਕੁੱਝ ਆਪਣੇ ਪੈਰੋਕਾਰਾਂ ਨੂੰ ਰਲਾਉਂਦੇ ਹੋਏ ਰੋਸ-ਜਲੂਸ ਦੀ ਸ਼ਕਲ ਵਿੱਚ ਨਿਰੰਕਾਰੀਆਂ ਦੇ ਸਮਾਗਮ ਵਾਲੀ ਜਗਹ ਵੱਲ ਤੋਰ ਦਿੱਤਾ ਅਤੇ ਆਪ ਉਸ ਨੇ ਫੌਜਾ ਸਿੰਘ ਨਾਲ ਮਿਲ ਕੇ ਇਸ ਜਲੂਸ ਦੀ ਅਗਵਾਈ ਕੀਤੀ। ਰੋਸ-ਜਲੂਸ ਦੇ ਸਮਾਗਮ ਵਾਲੀ ਜਗਹ ਤੇ ਪਹੁੰਚਣ ਤੇ ਜਲੂਸ ਵਿੱਚ ਸ਼ਾਮਲ ਸਿੰਘਾਂ ਦੀ ਨਿਰੰਕਾਰੀਆਂ ਨਾਲ ਖੂਨੀ ਝੜਪ ਹੋ ਗਈ ਜਿਸ ਵਿੱਚ ਫੌਜਾ ਸਿੰਘ ਸਮੇਤ 12 ਸਿੰਘ ਜਾਨਾਂ ਗਵਾ ਬੈਠੇ ਅਤੇ ਨਿਰੰਕਾਰੀਆਂ ਦੇ ਤਿੰਨ ਬੰਦੇ ਮਾਰੇ ਗਏ। ਮਰਨ ਵਾਲੇ ਸਿੰਘਾਂ ਵਿੱਚੋਂ ਦੋ ਜਣੇ ਦਮਦਮੀ ਟਕਸਾਲ ਨਾਲ ਸਬੰਧਤ ਸਨ। ਇਸ ਮੰਦਭਾਗੀ ਘਟਨਾ ਤੋਂ ਪਿੱਛੋਂ ਫੌਜਾ ਸਿੰਘ ਦੀ ਵਿਧਵਾ ਅਮਰਜੀਤ ਕੌਰ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਲਗਾਤਾਰ ਇਹ ਦੋਸ਼ ਲਗਾਉਂਦੀ ਰਹੀ ਹੈ ਕਿ ਉਹ ਬੁਜ਼ਦਿਲੀ ਵਿਖਾਉਂਦੇ ਹੋਏ ਨਿਰੰਕਾਰੀ ਸਮਾਗਮ ਵਾਲੀ ਜਗਹ ਉੱਤੇ ਪਹੁੰਚਣ ਤੋਂ ਪਹਿਲਾਂ ਹੀ ਕਿਸੇ ਹੋਰ ਪਾਸੇ ਵੱਲ ਖਿਸਕ ਗਿਆ ਸੀ। ਅਮਰਜੀਤ ਕੌਰ ਜਿਸ ਨੇ ਬਾਦ ਵਿੱਚ ਲੰਬਾ ਸਮਾਂ ਦਰਬਾਰ ਸਾਹਿਬ ਇਲਾਕੇ ਦੀ ਇੱਕ ਸਰਾਂ ਵਿੱਚ ਹੀ ਆਪਣੀ ਰਿਹਾਇਸ਼ ਕਾਇਮ ਰੱਖੀ ਸੀ, ਆਪਣੇ ਪਤੀ ਫੌਜਾ ਸਿੰਘ ਦੀ ਮੌਤ ਲਈ ਭਿੰਡਰਵਾਲੇ ਨੂੰ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾਉਂਦੀ ਸੀ। ਅਖੰਡ-ਕੀਰਤਨੀ ਜੱਥੇ ਦੀ ਸਰਪਰਸਤੀ ਵਾਲੀ ਬੱਬਰ ਖਾਰਸਾ ਇੰਟਰਨੈਸ਼ਨਲ ਜੱਥੇਬੰਦੀ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਇਸ ਕਥਿਤ ਤੌਰ ਤੇ ਬੁਜ਼ਦਿਲੀ ਅਤੇ ਧੋਖਾਬਾਜ਼ੀ ਵਾਲੀ ਕਾਰਵਾਈ ਸਬੰਧੀ ਪ੍ਰਤੀਕਰਮ ਵਜੋਂ ਹੀ ਹੋਂਦ ਵਿੱਚ ਆਈ ਸੀ। ਫਿਰ ਵੀ ਭਿੰਡਰਾਂਵਾਲੇ ਨੇ ਨਿਰੰਕਾਰੀਆਂ ਦੀ ਜ਼ੋਰਦਾਰ ਵਿਰੋਧਤਾ ਜਾਰੀ ਰੱਖੀ ਜਿਸ ਤੋਂ ਸਪਸ਼ਟ ਸੀ ਕਿ ਇਸ ਵਿਰੋਧਤਾ ਦਾ ਅਸਲੀ ਨਿਸ਼ਾਨਾ ਸਿਆਸੀ ਲਾਹਾ ਲੈਣ ਦਾ ਸੀ ਕਿਉਂਕਿ ਭਿੰਡਰਾਂਵਾਲਾ ਆਪ ਵੀ ਨਿਰੰਕਾਰੀਆਂ ਦੀ ਪਿੱਠ ਠੋਕਣ ਵਾਲੀ ਰਾਜਨੀਤਕ ਪਾਰਟੀ ਕਾਂਗਰਸ ਤੋਂ ਸਿਆਸੀ ਸਰਪਰਸਤੀ ਪਰਾਪਤ ਕਰਦਾ ਆ ਰਿਹਾ ਸੀ। ਉੱਧਰ, ਅਕਾਲੀ ਦਲ ਨਿਰੰਕਾਰੀਆਂ ਦੀ ਵਿਰੋਧਤਾ ਕਰਨ ਵਿੱਚ ਢਿੱਠ-ਮੱਠ ਵਰਤ ਰਿਹਾ ਸੀ ਪਰੰਤੂ ਜਰਨੈਲ ਸਿੰਘ ਭਿੰਡਰਾਂਵਾਲਾ ਆਪਣੇ ਗਰਮ ਸੁਰ ਰਾਹੀਂ ਅਕਾਲੀਆਂ ਨੂੰ ਗੁੱਠੇ ਲਾ ਕੇ ਕਾਂਗਰਸ ਦੀ ਮਦਦ ਨਾਲ ਸਿਆਸੀ ਉਭਾਰ ਪਰਾਪਤ ਕਰਨ ਦੇ ਨਿਸ਼ਾਨੇ ਦੀ ਪਰਾਪਤੀ ਵੱਲ ਕਾਮਯਾਬੀ ਨਾਲ ਵੱਧ ਰਿਹਾ ਸੀ। ਗੁਰੂ ਨਾਨਕ ਦੇਵ ਮਿਸ਼ਨ, ਪਟਿਆਲਾ ਦੇ ਸਕੱਤਰ ਨਰੈਣ ਸਿੰਘ ਨੇ ਆਪਣੀ ਪੁਸਤਕ ‘ਕਿਉਂ ਕੀਤੋ ਵੇਸਾਹੁ?’ ਵਿੱਚ ਇਸ ਸਥਿਤੀ ਨੂੰ ਹੇਠਾਂ ਦਿੱਤੇ ਅਨੁਸਾਰ ਬਿਆਨਿਆਂ ਹੈ:

"……. . ਸਰਕਾਰ (ਪੰਜਾਬ ਅਤੇ ਕੇਂਦਰ ਦੋਵ੍ਹਾਂ ਥਾਵਾਂ ਤੇ ਕਾਂਗਰਸ ਦੀ) ਸ਼ਰੋਮਣੀ ਅਕਾਲੀ ਦਲ ਦੇ ਮੁਕਾਬਲੇ ਤੇ ਕੋਈ ਸਮਰੱਥ ਪਾਰਟੀ ਖੜੀ ਕਰਨਾ ਚਾਹੁੰਦੀ ਸੀ, ਜਿਸ ਦੇ ਲਈ ਗਿਆਨੀ ਜ਼ੈਲ ਸਿੰਘ, ਜੋ ਤਦੋਂ ਪੰਜਾਬ ਦੇ ਚੀਫ ਮਿਨਿਸਟਰ ਸਨ, ਨੇ ਭਿੰਡਰਾਂਵਾਲੇ ਨੂੰ ਅਗੇ ਲਿਆਂਦਾ, ਜਿਸ ਦਾ ਸਬੂਤ ਬਿਆਸ ਜ਼ਿਲਾ ਅੰਮ੍ਰਿਤਸਰ ਦੀ ਸੀਟ ਤੋਂ ਅਕਾਲੀ ਦਲ ਦੇ ਵਿਰੋਧ ਵਿੱਚ ਲੜੀ ਅਸੈਂਬਲੀ ਦੀ ਸੀਟ, ਫਿਰ ਸ਼ਰੋਮਣੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਸਨ, ਜਿਨ੍ਹਾਂ ਵਿੱਚ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਨੇ ਅਕਾਲੀਆਂ ਦੇ ਉਲਟ ਡਟ ਕੇ ਕੰਮ ਕੀਤਾ। ਐਸੇ ਹੀ ਹੋਰ ਵਾਕਿਆਤ ਹਨ, ਜਿਨ੍ਹਾਂ ਤੋਂ ਇਨ੍ਹਾਂ ਦੇ ਸਰਕਾਰ ਨਾਲ ਸਬੰਧ ਪਰਗਟ ਹਨ, ਜਿਹਾ ਕਿ ਗਿ. ਜ਼ੈਲ ਸਿੰਘ ਕਾਲ ਵਿੱਚ ਹੀ ਭਿੰਡਰਾਂਵਾਲੇ ਅਤੇ ਉਨ੍ਹਾਂ ਦੇ ਆਦਮੀਆਂ ਨੂੰ ਅਨੇਕ ਤਰ੍ਹ੍ਹਾਂ ਦੇ ਮਾਰੂ ਹਥਿਆਰਾਂ ਅਤੇ ਗੋਲੀ ਸਿੱਕੇ ਦੇ ਖੁਲ੍ਹੇ ਲਾਇਸੈਂਸ ਦੇਣਾ, ਭਿੰਡਰਾਂਵਾਲੇ ਦਾ ਅਜਿਹੇ ਸ਼ਸਤਰਧਾਰੀ ਜਥੇ ਸਮੇਤ ਦਿਲੀ ਅਤੇ ਬੰਬਈ ਜਿਹੇ ਵੱਡੇ ਸ਼ਹਿਰਾਂ ਵਿੱਚ ਆਪਣੀ ਸਮਰੱਥਾ ਦੀਆਂ ਪਰਦਰਸ਼ਨੀਆਂ ਕਰਨੀਆਂ, ਚੰਦੋ ਕਲਾਂ ਦੇ ਫਸਾਦ ਵਿਚੋਂ ਭਿੰਡਰਾਂਵਾਲੇ ਨੂੰ ਹਰਿਆਣਾ ਸਰਕਾਰ ਦਾ ਅਮਨ ਅਮਾਨ ਕਢ ਲੈ ਜਾਣਾ, ਮਹਿਤੇ ਚੌਕ ਵਿੱਚ ਇਨ੍ਹਾਂ ਦੀਆਂ ਪਰਦਰਸ਼ਨੀਆਂ, ਭਿੰਡਰਾਂਵਾਲੇ ਦਾ ਦਫਾ 302 ਦਾ ਦੋਸ਼ੀ ਕਰਾਰ ਦਿਤੇ ਜਾ ਕੇ ਫੜੇ ਅਤੇ ਫਿਰ ਰਿਹਾ ਕੀਤਾ ਜਾਣਾ, ਇਉਂ ਹੀ ਭਾਈ ਅਮਰੀਕ ਸਿੰਘ ਤੇ ਬਾਬਾ ਥਾਰਾ ਸਿੰਘ ਦਾ ਲੰਬਾ ਕਾਲ ਹਵਾਲਾਤ ਅੰਦਰ ਰਖੇ ਜਾਣ ਪਿਛੋਂ ਛਡੇ ਜਾਣਾ, ਆਦਿ।" (ਪੰਨਾਂ 111-112)

ਕੁਝ ਅਜਿਹਾ ਹੀ ਬਿਰਤਾਂਤ ਮਾਰਕ ਟੱਲੀ ਅਤੇ ਸਤੀਸ਼ ਜੈਕਬ ਦੀ ਪੁਸਤਕ ‘ਅੰਮ੍ਰਿਤਸਰ: ਸ਼੍ਰੀ ਮਤੀ ਗਾਂਧੀ ਦੀ ਅੰਤਲੀ ਲੜਾਈ’ ਦੇ ਪੰਨਾਂ 55-57 ਉੱਤੇ ਪੜ੍ਹਨ ਨੂੰ ਮਿਲਦਾ ਹੈ। ਇੱਕ ਮਹੱਤਵਪੂਰਨ ਵਾਧਾ ਜੋ ਮਾਰਕ ਟੱਲੀ ਅਤੇ ਸਤੀਸ਼ ਜੈਕਬ ਦੀ ਇਸ ਵਿਚਾਰ-ਅਧੀਨ ਪੁਸਤਕ ਵਿੱਚ ਵੇਖਣ ਨੂੰ ਮਿਲਦਾ ਹੈ ਉਹ ਇਹ ਹੈ ਕਿ ਕਿਵੇਂ ਅਪਰੈਲ 6, 1978 ਈਸਵੀ ਨੂੰ ਗਿਆਨੀ ਜ਼ੈਲ ਸਿੰਘ ਦੇ ਨਿਰਦੇਸ਼ਾਂ ਹੇਠ ਚੰਡੀਗੜ੍ਹ ਵਿਖੇ ‘ਦਲ ਖਾਲਸਾ’ ਨਾਮੀ ਰਾਜਨੀਤਕ ਇਕਾਈ ਦਾ ਸੰਗਠਨ ਕੀਤਾ ਗਿਆ। ਪੰਜਾਬ ਯੂਨੀਵਰਸਿਟੀ, ਚੰਡੀਗੜ੍ਹ ਵਿੱਚ ਨਿਯੁਕਤ ਇੱਕ ਕਾਂਗਰਸ ਦੇ ਚਹੇਤੇ ਪੰਜਾਬੀ ਵਿਸ਼ੇ ਦੇ ਪਰੋਫੈਸਰ ਦਾ ਸਟੈਨੋ-ਕਲਰਕ ‘ਦਲ ਖਾਲਸਾ’ ਦਾ ਮੁੱਖ-ਪੰਚ ਐਲਾਨਿਆ ਗਿਆ (ਇਹ ਪਰੋਫੈਸਰ ਕਾਂਗਰਸ-ਮਨੋਨਿਤ ਰਾਜ ਸਭਾ ਦਾ ਮੈਂਬਰ ਸੀ ਅਤੇ ਬਾਦ ਵਿੱਚ ਉਹ ‘ਖਾੜਕੂਆਂ’ ਦੀ ਗੋਲੀ ਦਾ ਸ਼ਿਕਾਰ ਹੋ ਗਿਆ ਸੀ)। ਚੰਡੀਗੜ੍ਹ ਵਿੱਚ ਆਯੋਜਿਤ ਕੀਤੇ ਗਏ ‘ਦਲ ਖਾਲਸਾ’ ਦੇ ਪਲੇਠੇ ਸਮਾਗਮ ਵਿੱਚ ਖਾਲਿਸਤਾਨ (ਸਿਖ ਕੌਮ ਦੀ ਪ੍ਰਭੂਤਾ ਵਾਲੇ ਖਿੱਤੇ) ਦੀ ਸਥਾਪਤੀ ਨੂੰ ‘ਦਲ ਖਾਲਸਾ’ ਇਕਾਈ ਦੇ ਮੁੱਖ ਨਿਸ਼ਾਨੇ ਦੇ ਤੌਰ ਤੇ ਦਰਸਾਇਆ ਗਿਆ ਅਤੇ ਇਸ ‘ਮੁਖ-ਪੰਚ’ ਨੇ ‘ਖਾਲਿਸਤਾਨ’ ਦੇ ਵਿਸ਼ੇ ਉੱਤੇ ਇੱਕ ਕਿਤਾਬਚਾ ਵੀ ਤਿਆਰ ਕਰ ਕੇ ਵੰਡਿਆ। ਗਿਆਨੀ ਜ਼ੈਲ ਸਿੰਘ ਵੱਲੋਂ ਨਿਭਾਏ ਗਏ ਵਿਸ਼ੇਸ਼ ਪਰਚਾਰ-ਕਾਰਜ ਰਾਹੀਂ ‘ਦਲ ਖਾਲਸਾ’ ਦੀ ਪਾਰਟੀ ਨੂੰ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਮ ਨਾਲ ਪੱਕੇ ਤੌਰ ਤੇ ਜੋੜ ਦਿੱਤਾ ਗਿਆ ਅਤੇ ਸੰਤ ਭਿੰਡਰਾਂਵਾਲੇ ਵੱਲੋਂ ਕਦੀ ਵੀ ਇਸ ਦਾਵੇ ਦਾ ਖੰਡਨ ਨਹੀਂ ਸੀ ਕੀਤਾ ਗਿਆ। ਸਗੋਂ ਜਨਵਰੀ 26, 1984 ਈਸਵੀ ਨੂੰ ਦਰਬਾਰ ਸਾਹਿਬ ਇਲਾਕੇ ਵਿੱਚ ਇੱਕ ਇਮਾਰਤ ਉੱਤੇ ਭਿੰਡਰਾਂਵਾਲੇ ਦੇ ਸਮਰਥਕਾਂ ਵੱਲੋਂ ‘ਖਾਲਿਸਤਾਨ’ ਦਾ ਝੰਡਾ ਲਹਿਰਾ ਦਿੱਤਾ ਗਿਆ ਸੀ। ਅਜ-ਕਲ ਉਹ ‘ਮੁੱਖ-ਪੰਚ’ ਹੋਰ ਕਈ ਗਰਮ-ਖਿਆਲੀ ਸੱਜਣਾ ਵਾਂਗ ‘ਮੁੱਖ-ਧਾਰਾ’ ਵਿੱਚ ਸ਼ਾਮਲ ਹੈ ਅਤੇ ਸੇਵਾ ਸਿੰਘ ਤਰਮਾਲਾ ਵਾਂਗ ਲੋਕਾਂ ਨੂੰ ਬ੍ਰਹਮ-ਗਿਆਨ ਦੀ ਜਾਣਕਾਰੀ ਅਤੇ ਗੁਰਮੱਤ ਦੀ ਸਿੱਖਿਆ ਪਰਦਾਨ ਕਰਨ ਵਿੱਚ ਰੁੱਝਿਆ ਹੋਇਆ ਹੈ ਅਤੇ ਨਾਲ-ਨਾਲ ਅਖੌਤੀ ਅਕਾਲ-ਤਖਤ ਦੇ ਅਖੌਤੀ ‘ਜੱਥੇਦਾਰ’ ਦੇ ਅਹੁਦੇ ਨੂੰ ਹੱਥ ਮਾਰਨ ਲਈ ਵੀ ਯਤਨਸ਼ੀਲ ਹੈ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ




.