.

"ਜੇ ਸਕਤਾ ਸਕਤੇ ਕਉ ਮਾਰੇ. ."

ਅਤੇ

"ਜਮੁ ਕਰਿ ਮੁਗਲੁ ਚੜਾਇਆ…"

(ਭਾਗ ਦੂਜਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਆਵਨਿ ਅਠਤਰੈ ਜਾਨਿ ਸਤਾਨਵੈ. ."-ਇਸ ਤੋਂ ਇਲਾਵਾ ਗੁਰਦੇਵ ਨੇ ਬਾਬਰ ਦੇ ਹਮਲੇ ਨਾਲ ਸੰਬੰਧਤ ਚਾਰ ਸ਼ਬਦਾਂ ਦੀ ਲੜੀ ਦੇ ਪਹਿਲੇ ਹੀ ਸ਼ਬਦ `ਚ, ਇੱਕ ਹੋਰ ਗੁਰਮੱਤ ਸਿਧਾਂਤ ਨੂੰ ਵੀ ਬੜਾ ਖੁੱਲ ਕੇ ਪ੍ਰਗਟ ਕੀਤਾ ਹੋਇਆ ਹੈ ਜਿਸਨੂੰ ਸਮਝਣ ਤੇ ਪਛਾਨਣ ਦੀ ਵੱਡੀ ਲੋੜ ਹੈ। ਬੇਸ਼ੱਕ ਅਰੰਭ `ਚ ਉਸਦੀ ਝਲਕ ਆ ਚੁੱਕੀ ਹੈ ਤਾਂ ਵੀ ਲੋੜ ਹੈ ਉਸ ਗੁਰਮੱਤ ਸਿਧਾਂਤ ਨੂੰ ਠੀਕ ਤਰ੍ਹਾਂ ਸਮਝਣ ਦੀ।

ਗੁਰਦੇਵ ਨੇ ਉਥੇ ਸਪਸ਼ਟ ਕੀਤਾ ਹੈ ਕਿ ਅਜਿਹੇ ਕਹਿਰੀ ਤੇ ਦਰਿੰਦਗੀ ਭਰਪੂਰ ਤੇ ਕਤਲੋਗ਼ਾਰਤ ਵਾਲੇ ਭਿਅੰਕਰ ਹਾਲਾਤਾਂ ਚੋਂ ਨਿਕਲਣ ਬਾਅਦ ਬਹੁਤਾ ਕਰਕੇ, ਜਦੋਂ ਇੱਕ ਪਾਸੇ ਜਰਵਾਨਾ ਇਤਨਾ ਵੱਧ ਹੰਕਾਰਿਆ ਜਾ ਚੁੱਕਾ ਹੋਵੇ ਤੇ ਮੰਨ ਬੈਠਾ ਹੋਵੇ ਕਿ ਸ਼ਾਇਦ ਉਸ ਤੋਂ ਵੱਧ ਕੋਈ ਦੂਜਾ ਤਾਕਤਵਰ ਹੈ ਹੀ ਨਹੀਂ। ਇਸੇ ਤਰ੍ਹਾਂ ਦੂਜੇ ਪਾਸੇ ਆਮ ਲੋਕਾਈ, ਜਿਸ ਨੂੰ ਅਜਿਹੇ ਭਿਅੰਕਰ ਹਾਲਾਤਾਂ `ਚੋਂ ਨਿਕਲਣਾ ਪਿਆ ਹੋਵੇ, ਉਸ ਦੇ ਮਨਾ `ਚ ਵੀ, ਬੇਅੰਤ ਦਹਿਸ਼ਤ ਤੇ ਸਹਿਮ ਪੈਦਾ ਹੋ ਜਾਂਦਾ ਹੈ। ਸਾਰੇ ਪਾਸੇ ਸਹਿਮ ਹੀ ਸਹਿਮ ਹੁੰਦਾ ਹੈ ਕਿ ਪਤਾ ਨਹੀਂ ਹੁਣ ਇਹ ਹਾਲਾਤ ਕਦੇ ਸੁਖਾਵੇਂ ਹੋਣਗੇ ਵੀ ਜਾਂ ਨਹੀਂ।

ਗੁਰਦੇਵ ਸਪਸ਼ਟ ਕਰਦੇ ਹਨ, ਅਜਿਹੇ ਹਾਲਾਤ `ਚ ਪ੍ਰਭੂ ਫ਼ਿਰ ਤੋਂ ਆਪਣੀ ਕੋਈ ਨਾ ਕੋਈ ਕਲਾ ਵਰਤਾਉਂਦਾ ਹੈ, ਅਜਿਹੀ ਕਲਾ ਜਿਸਤੋਂ ਇੱਕ ਪਾਸੇ ਜਰਵਾਨਿਆਂ ਦਾ ਹੰਕਾਰ ਟੁੱਟਦਾ ਹੈ ਤੇ ਦੂਜੇ ਪਾਸੇ ਲੋਕਾਈ `ਚੋਂ ਉਸ ਦਹਿਸ਼ਤ ਤੇ ਸਹਿਮ ਦਾ ਖ਼ਾਤਮਾ ਹੁੰਦਾ ਹੈ। ਇਸ ਤਰ੍ਹਾਂ ਅਮੁੱਕੇ ਪ੍ਰਭਾਵਤ ਦੇਸ਼ ਤੇ ਸਮਾਜ `ਚ ਮੁੜ ਸੁਖਾਵਾਂ ਵਾਤਾਵਰਣ ਜਨਮ ਲੈ ਲੈਂਦਾ ਅਤੇ ਉਹੀ ਚਹਿਲ-ਪਹਿਲ ਨਜ਼ਰ ਆਉਣ ਲੱਗ ਜਾਂਦੀ ਹੈ।

ਗੁਰਦੇਵ ਨੇ ਫ਼ੁਰਮਾਇਆ, ਭਾਵੇਂ ਇਹ ਹਮਲਾ ਸੰਮਤ 1578 `ਚ ਹੋਇਆ ਹੈ, ਪਰ ਸੰਮਤ 1597 `ਚ, ਭਾਵ ਨੌ ਸਾਲ ਬਾਅਦ ਇੱਕ ਅਜਿਹਾ ਮਨੁੱਖ ਵੀ ਉਭਰੇਗਾ ਜਿਸਦੇ ਹਮਲੇ ਦਾ ਨਤੀਜਾ, ਇਹ ਦੋਵੇਂ ਵਿਸ਼ੇ ਆਪਣੇ ਆਪ ਹੱਲ ਹੋ ਜਾਣਗੇ। ਉਸ ਤੋਂ ਜਰਵਾਣਿਆਂ ਦਾ ਹੰਕਾਰ ਵੀ ਟੁੱਟ ਜਾਵੇਗਾ ਤੇ ਲੋਕਾਈ `ਚੋਂ ਅਜੋਕਾ ਸਹਿਮ ਵੀ ਆਪਣੇ ਆਪ ਸਮਾਪਤ ਹੋ ਜਾਵੇਗਾ; ਲੋਕਾਈ ਰਾਹਤ ਮਹਿਸੂਸ ਕਰੇਗੀ।

ਗੁਰਦੇਵ ਨੇ ਇਥੋਂ ਤੀਕ ਸਪਸ਼ਟ ਕਰ ਦਿੱਤਾ ਕਿ ਹਾਲਾਤ `ਚ ਮੁੜ ਅਜਿਹੇ ਬਦਲਾਵ ਦਾ ਹੋਣਾ ਵੀ ਪ੍ਰਭੂ ਦਾ ਸਦੀਵੀ, ਅਟੱਲ ਤੇ ਮੁਢ ਕਦੀਮੀ ਨਿਯਮ ਹੈ। ਇਸ ਲਈ ਅਕਾਲਪੁਰਖ ਦੇ ਉਸ ਅਟੱਲ ਤੇ ਸਦੀਵੀ ਨਿਯਮ ਦਾ ਸੱਚ ਵੀ ਆਪਣੇ ਸਮੇ ਨਾਲ ਆਪਣੇ ਆਪ ਪ੍ਰਗਟ ਹੋ ਜਾਵੇਗਾ। ਫ਼ੁਰਮਾਨ ਹੈ:-

"ਆਵਨਿ ਅਠਤਰੈ ਜਾਨਿ ਸਤਾਨਵੈ, ਹੋਰੁ ਭੀ ਉਠਸੀ ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ" (ਪੰ: 722)

ਸਪਸ਼ਟ ਹੈ "ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ" ਗੁਰਬਾਣੀ ਦਾ ਇਹ ਸਦੀਵੀ ਸੱਚ ਬੇਸ਼ੱਕ ਪਹਿਲੀ ਵਾਰ ਸੰਮਤ 1597 `ਚ ਸ਼ੇਰ ਸ਼ਾਹ ਸੂਰੀ ਦੇ ਹਮਲੇ ਦੇ ਰੂਪ `ਚ ਪ੍ਰਗਟ ਹੌ ਗਿਆ। ਇਤਿਹਾਸਕ ਸਚਾਈ ਹੈ ਕਿ ਸੰਮਤ ੧੫੭੮ ਤੋਂ ਬਾਅਦ ੧੫੯੭ `ਚ ਸ਼ੇਰ ਸ਼ਾਹ ਸੂਰੀ ਨੇ ਬਾਬਰਕਿਆਂ ਨੂੰ ਹੁਮਾਯੂ ਦੇ ਰੂਪ `ਚ ਭਾਂਜ ਦਿੱਤੀ। ਜਿਸ ਤੋਂ ਜਰਵਾਣਿਆ ਦਾ ਹੰਕਾਰ ਵੀ ਟੁੱਟਾ ਅਤੇ ਲੋਕਾਈ ਚੋਂ ਵੀ ਸਹਿਮ ਛੱਟ ਗਿਆ, ਰਾਹਤ ਦੇ ਨਾਲ ਸਮਾਜ `ਚ ਫ਼ਿਰ ਤੋਂ ਟਿਕਾਅ ਵੀ ਆਇਆ।

"ਸਚੁ ਸੁਣਾਇਸੀ ਸਚ ਕੀ ਬੇਲਾ" -ਜਦਕਿ ਇਹ ਵੀ ਪੱਕਾ ਕਰਕੇ ਸਮਝਣਾ ਹੈ ਕਿ "ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ" ਦੇ ਅਰਥ ਵੀ ਕੇਵਲ ੧੫੯੭ ਵਾਲੇ ਸ਼ੇਰਸ਼ਾਹ ਸੂਰੀ ਦੇ ਹਮਲੇ ਤੱਕ ਹੀ ਸੀਮਤ ਨਹੀਂ, ਬਲਕਿ ਸਦੀਵਕਾਲੀ ਹਨ। ਇਸ ਤਰ੍ਹਾਂ ਸੰਬੰਧਤ ਤੇ ਉਸ ਪੂਰੇ ਸਿਧਾਂਤਕ ਬੰਦ "ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ ……ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ" `ਚ ਬਿਆਣੇ ਹੋਏ ਬਾਕੀ ਵੇਰਵੇ ਤੇ ਗੁਰਮੱਤ ਸਿਧਾਂਤ ਦਾ, ਇਹ ਵੀ ਹਿੱਸਾ ਹੈ। ਭਾਵ ਸੰਸਾਰ ਭਰ `ਚ ਅਰੰਭ ਤੋਂ ਵਾਪਰ ਚੁੱਕੀਆਂ ਤੇ ਅਗੋਂ ਸਦਾ ਵਾਪਰਣ ਵਾਲੀਆਂ ਅਜਿਹੀਆਂ ਸਮੂਚੀਆਂ ਦੁਰ-ਘਟਣਾਵਾਂ ਲਈ, ਅਕਾਲਪੁਰਖ ਦਾ "ਸਚ ਕੀ ਬਾਣੀ ਨਾਨਕੁ ਆਖੈ, ਸਚੁ ਸੁਣਾਇਸੀ ਸਚ ਕੀ ਬੇਲਾ" ਵੀ ਸਦੀਵ ਕਾਲੀਨ ਤੇ ਜੁਗੋ-ਜੁਗ ਅਟੱਲ ਨਿਯਮ ਤੇ ਸਿਧਾਂਤ ਹੈ। ਜਦਕਿ ਇਸ ਪੂਰੇ ਬੰਦ ਦੇ ਅਰਥ ਵੀ ਦੇ ਆਏ ਹਾਂ, ਉਨ੍ਹਾਂ ਨੂੰ ਫ਼ਿਰ ਤੋਂ ਪੜ੍ਹ ਲਿਆ ਜਾਵ ਜੀ।

ਮਨੁੱਖ ਸਮਾਜ ਵਿੱਚਲੇ ਚਾਰ ਮੁੱਖ ਵਰਗ? - ਇਸ ਤੋਂ ਬਾਅਦ ਵਿਸ਼ਾ ਲੈ ਰਹੇ ਹਾਂ ਮਨੁੱਖ ਸਮਾਜ ਦੇ ਉਨ੍ਹਾਂ ਚਾਰ ਮੁੱਖ ਵਰਗਾਂ ਦਾ ਜਿਨ੍ਹਾਂ ਦਾ ਕੁੱਝ ਵੇਰਵਾ ਪਹਿਲਾਂ ਵੀ ਆ ਚੁੱਕਾ ਹੈ। ਮਨੁੱਖ ਸਮਾਜ ਦੇ ਉਹ ਮੂਲ ਚਾਰ ਵਰਗ, ਗੁਰਦੇਵ ਨੇ ਜਿਨ੍ਹਾਂ ਦਾ ਖਾਸ ਤੌਰ `ਤੇ, ਬਾਬਰ ਦੇ ਹਮਲੇ ਨਾਲ ਸੰਬੰਧਤ ਇਨ੍ਹਾਂ ਚੋਹਾਂ ਸ਼ਬਦਾਂ `ਚ ਜ਼ਿਕਰ ਕੀਤਾ ਹੋਇਆ ਹੈ। ਬਲਕਿ ਜਿਨ੍ਹਾਂ ਬਾਰੇ ਸਮੂਹਿਕ ਤੌਰ `ਤੇ ਫ਼ੁਰਮਾਇਆ "ਸਚਾ ਸੋ ਸਾਹਿਬੁ ਸਚੁ ਤਪਾਵਸੁ, ਸਚੜਾ ਨਿਆਉ ਕਰੇਗੁ ਮਸੋਲਾ॥ ਕਾਇਆ ਕਪੜੁ ਟੁਕੁ ਟੁਕੁ ਹੋਸੀ, ਹਿਦੁਸਤਾਨੁ ਸਮਾਲਸੀ ਬੋਲਾ" ਅਰਥ ਹਨ- "ਪ੍ਰਭੂ ਸਦਾ ਨਿਆਂਕਾਰੀ ਹੈ ਤੇ ਉਸਦੇ ਨਿਯਮ ਵੀ ਅਟੱਲ ਹਨ। ਤਾਂ ਤੇ ਹੇ ਭਾਈ ਲਾਲੋ! ਤੂੰ ਵੀ ਪ੍ਰਭੂ ਦੇ ਇਸ ਅਟੱਲ ਨਿਯਮ ਦੀ ਪਛਾਣ ਕਰ ਤੇ ਆਖ ਭਾਵ ਇਨ੍ਹਾਂ ਨੂੰ ਆਪਣੇ ਹਿਰਦੇ ਅੰਦਰ ਦ੍ਰਿੜ ਕਰ ਲੈ। ਭਾਈ ਲਾਲੋ ਚੇਤੇ ਰੱਖ! ਜਦੋਂ-ਜਦੋਂ ਵੀ ਮਨੁੱਖ, ਪ੍ਰਭੂ ਨੂੰ ਵਿਸਾਰ ਕੇ ਸੰਸਾਰ ਦੀ ਮੋਹ ਮਾਇਆ `ਚ ਖੱਚਤ ਹੋ ਕੇ ਆਪਹੁੱਦਰਾ ਤੇ ਹੂੜਮਤੀਆ ਹੋ ਜਾਂਦਾ ਹੈ ਤਾਂ ਅਜਿਹੀਆਂ ਦੁਰਘਟਣਾਵਾਂ ਸਦਾ ਵਾਪਰਦੀਆਂ ਆਈਆਂ ਹਨ ਅਤੇ ਅਗੋਂ ਵਾਪਰਦੀਆਂ ਰਹਿਣਗੀਆਂ ਵੀ"। ਦਰਅਸਲ ਇਹੀ ਮੂਲ ਵਿਸ਼ਾ ਹੈ ਬਾਬਰ ਦੇ ਹਮਲੇ ਨਾਲ ਸੰਬੰਧਤ ਇਨ੍ਹਾਂ ਚੋਹਾਂ ਸ਼ਬਦਾਂ `ਚੋਂ ਘੋਖਣ ਤੇ ਪਹਿਚਾਨਣ ਦਾ। ਤਾਂ ਤੇ ਉਨ੍ਹਾਂ ਚਾਰ ਵਰਗਾਂ ਬਾਰੇ ਫ਼ਿਰ ਤੋਂ ਨੰਬਰਵਾਰ ਵਿਸ਼ਾ ਸਪਸ਼ਟ ਕਰ ਰਹੇ ਹਾਂ:-

(੧) ਪਹਿਲੇ ਨੰਬਰ `ਤੇ ਰਾਜਸੀ ਆਗੂ ਅਥਵਾ ਰਾਜ ਸ਼ਾਹੀ- ਇਸ ਸੰਦਰਭ `ਚ ਪਹਿਲਾ ਨੰਬਰ ਹੈ ਰਾਜਸੀ ਆਗੂਆਂ ਅਥਵਾ ਰਾਜਸ਼ਾਹੀ ਦਾ। ਆਪਣੇ ਅਕਾਲਪੁਰਖੀ ਫ਼ਰਜ਼ਾਂ ਨੂੰ ਨਿਭਾਉਣ ਲਈ ਅਕਾਲਪੁਰਖ ਵੱਲੋਂ ਜੋ ਬੇਅੰਤ ਵਸੀਲੇ ਰਾਜਸ਼ਾਹੀ ਨੂੰ ਪ੍ਰਾਪਤ ਹੁੰਦੇ ਹਨ। ਸਤਾ `ਤੇ ਕਾਬਿਜ਼, ਇਹ ਲੋਕ, ਬਹੁਤਾ ਕਰਕੇ ਪ੍ਰਭੂ ਦੀਆਂ ਉਨ੍ਹਾਂ ਬੇਅੰਤ ਬਖ਼ਸ਼ਿਸ਼ਾਂ ਨੂੰ ਭੁਲਾਅ ਕੇ, ਵਸੀਲਿਆਂ ਦੀ ਦੁਰਵਰਤੋਂ `ਚ ਲੱਗ ਜਾਂਦੇ ਹਨ। ਉਨ੍ਹਾਂ ਰਾਜਸੀ ਆਗੂਆਂ ਦਾ ਜੀਵਨ ਜਦੋਂ ਨਿਰਾ ਪੁਰਾ ਐਸ਼ੋ-ਇਸ਼ਰਤ, ਸ਼ਾਹੀ ਠਾਠ-ਬਾਠ, ਜ਼ੁਲਮ-ਧੱਕੇ, ਵਿੱਭਚਾਰ, ਮਜ਼ਲੂਮਾ ਦਾ ਸ਼ੋਸ਼ਣ, ਲੁੱਟ-ਖੋਹ, ਵੱਢੀ-ਖੋਰੀ ਆਦਿ ਹੀ ਰਹਿ ਜਾਂਦਾ ਹੈ ਤਾਂ ਉਨ੍ਹਾਂ ਦੀ ਹਾਲਤ "ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ" (ਪੰ: 360) ਵਾਲੀ ਹੋ ਜਾਂਦੀ ਹੈ।

ਇਸ ਤਰ੍ਹਾਂ ਇਸ ਦੌੜ `ਚ ਜਦੋਂ ਇਹ ਰਾਜਸੀ ਤਾਕਤਾਂ ਦਾ ਅਨੰਦ ਮਾਣ ਰਹੇ ਅਤੇ ਵੱਡੇ-ਵੱਡੇ ਰੁਤਬਿਆਂ ਦੇ ਬੈਠੇ ਹੋਏ ਇਹ ਲੋਕ, ਕਰਤਾਰ ਦੀਆਂ ਦਾਤਾਂ ਵੱਲੋਂ ਅਵੇਸਲੇ ਹੋ ਕੇ, ਉਨ੍ਹਾਂ ਵਸੀਲਿਆਂ ਨੂੰ ਆਪਣੀ ਹੀ ਤਾਕਤ ਸਮਝ ਕੇ ਤੇ ਕੁਰਾਹੇ ਪੈ ਕੇ, ਉਨ੍ਹਾਂ ਦੀ ਦੁਰਵਰਤੋਂ ਤੇ ਮਨਮਾਨੀਆਂ ਕਰਣ ਲੱਗ ਜਾਂਦੇ ਹਨ। ਤਾਕਤ ਦੇ ਨਸ਼ੇ `ਚ ਹਰ ਪਖੋਂ ਆਪਹੁੱਦਰਾਪਣ ਤੇ ਜ਼ੁਲਮ-ਧੱਕਾ, ਜਦੋਂ ਉਨ੍ਹਾਂ ਦਾ ਜੀਵਨ ਬਣ ਜਾਂਦਾ ਹੈ। ਓਦੋਂ ਉਨ੍ਹਾਂ ਦੇ ਹਰਮਾਂ ਦੀਆਂ ਉਚਾਈਆਂ ਤੇ ਰੰਗੀਨੀਆਂ ਇੰਨੀਆਂ ਉੱਚੀਆ ਹੋ ਜਾਂਦੀਆਂ ਹਨ ਕਿ:-

"ਇਕੁ ਲਖੁ ਲਹਨਿੑ ਬਹਿਠੀਆ ਲਖੁ ਲਹਨਿੑ ਖੜੀਆ॥ ਗਰੀ ਛੁਹਾਰੇ ਖਾਂਦੀਆ ਮਾਣਨਿੑ ਸੇਜੜੀਆ" (ਪੰ: ੪੧੭) ਇਸ ਤਰ੍ਹਾਂ ਹੋਰ ਬਹੁਤ ਕੁੱਝ ਜਿਸਦਾ ਵਰਣਨ ਇਨ੍ਹਾਂ ਸ਼ਬਦਾਂ `ਚ ਵੀ ਹੈ।

ਗੁਰਦੇਵ ਫ਼ੁਰਮਾਂਉਦੇ ਹਨ, ਅਜਿਹੇ ਵਿਗਾੜ ਕਾਰਣ ਉਹ ਲੋਕ ਆਪਣੇ ਆਪ `ਚ ਭਾਵੇਂ "ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ" (ਪੰ: ੩੬੦) ਆਪਣੇ ਆਪ `ਚ ਹੰਕਾਰੇ ਹੋਣ। ਪਰ ਪ੍ਰਭੂ ਦੇ ਨਿਆਂ `ਚ ਉਹ ਲੋਕ ਕੇਵਲ "ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ" (ਪੰ: ੩੬੦) ਹੀ ਹੁੰਦੇ ਹਨ ਇਸ ਤੋਂ ਵੱਧ ਨਹੀਂ। ਬਲਕਿ ਅਜਿਹੇ ਹਾਲਾਤ ਸਮੇਂ ਉਨ੍ਹਾਂ ਨੂੰ ਤਾਂ ਇਹ ਵੀ ਸਮਝ ਲੈਣਾ ਚਾਹੀਦਾ ਹੈ ਕਿ ਪ੍ਰਭੂ ਦੇ ਨਿਆਂ `ਚ ਉਨ੍ਹਾਂ ਦਾ ਹੰਕਾਰ ਵੀ ਟੁੱਟਣ ਦੇ ਕਗਾਰ `ਤੇ ਹੈ ਅਤੇ ਉਨ੍ਹਾਂ ਦੀਆਂ ਮਨਮਾਨੀਆਂ ਤੇ ਇਸ ਦਾ ਤੋੜ, ਹੁਣ ਕਰਤੇ ਦੀ ਕੋਈ ਨਾ ਕੋਈ ਕਲਾ ਵਰਤਣ ਹੀ ਵਾਲੀ ਹੈ। ਜਦਕਿ ਹਮਲੇ ਤੋਂ ਬਅਦ:-

"ਕਹਾ ਸੁ ਖੇਲ ਤਬੇਲਾ ਘੋੜੇ, ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ, ਕਹਾ ਸੁ ਲਾਲ ਕਵਾਈ॥ ਕਹਾ ਸੁ ਆਰਸੀਆ ਮੁਹ ਬੰਕੈ, ਐਥੈ ਦਿਸਹਿ ਨਾਹੀ" (ਪੰ: ੪੧੭)

"ਕਹਾਂ ਸੁ ਘਰ ਦਰ ਮੰਡਪ ਮਹਲਾ, ਕਹਾ ਸੁ ਬੰਕ ਸਰਾਈ॥ ਕਹਾਂ ਸੁ ਸੇਜ ਸੁਖਾਲੀ ਕਾਮਣਿ, ਜਿਸੁ ਵੇਖਿ ਨੀਦ ਨ ਪਾਈ॥ ਕਹਾ ਸੁ ਪਾਨ ਤੰਬੋਲੀ ਹਰਮਾ, ਹੋਈਆ ਛਾਈ ਮਾਈ" (ਪੰ: ੪੧੭) ਆਦਿ।

(੨) ਦੂਜੇ ਨੰਬਰ `ਤੇ ਧਾਰਮਿਕ ਆਗੂ ਅਥਵਾ ਪੁਜਾਰੀ ਸ਼੍ਰੇਣੀ- ਇਸ ਸੰਦਰਭ `ਚ ਜਦੋਂ ਧਾਰਮਿਕ ਆਗੂ ਤੇ ਧਾਰਮਿਕ ਸ਼੍ਰੇਣੀ ਵੀ ਲੋਕਾਈ ਵਿੱਚਕਾਰ ਆਪਣੀ ਬਣ ਚੁੱਕੀ ਭੱਲ, ਬਣ ਚੁੱਕੇ ਵਿਸ਼ਵਾਸ ਤੇ ਸ਼ਰਧਾ ਦਾ ਲਾਭ ਲੈ ਕੇ, ਆਪਣੇ ਬਣ ਚੁੱਕੇ ਧਾਰਮਿਕ ਪ੍ਰਭਾਵ ਦੀ ਕੁਵਰਤੋਂ ਕਰਕੇ, ਲੋਕਾਈ ਨੂੰ ਜੀਵਨ ਦੇ ਉਲਟੇ ਰਾਹ ਪਾਉਣਾ ਸ਼ੁਰੂ ਕਰ ਦਿੰਦੇ ਹਨ। ਆਪਣੀ ਲੁੱਟ-ਖੋਹ `ਚ ਪਏ ਹੋਏ ਇਹ ਲੋਕ ਲੋਕਾਈ ਦਾ ਖੂਨ ਚੂਸਦੇ ਤੇ ਸ਼ੋਸ਼ਨ ਕਰਦੇ ਹਨ। ਲੋਕਾਈ `ਚੋਂ ਅਗਿਆਣਤਾ ਦਾ ਨਾਸ ਕਰਣ ਅਤੇ ਉਨ੍ਹਾਂ ਦੇ ਜੀਵਨ `ਚ ਗਿਆਨ ਦਾ ਪ੍ਰਕਾਸ਼ ਕਰਣ ਦੀ ਬਜਾਏ, ਉਲਟਾ ਲੋਕਾਈ ਅੰਦਰ ਡਰ-ਸਹਿਮ, ਸਰਾਪ-ਕ੍ਰੋਪੀਆਂ, ਉਪਾਵਾਂ-ਤਸਬੀਆਂ, ਹਵਨਾਂ, ਯਗਾਂ, ਭਿੰਨ-ਭਿੰਨ ਪ੍ਰਾਪਤੀਆਂ ਲਈ ਵੱਖ-ਵੱਖ ਮੰਤ੍ਰਾਂ ਦੇ ਜਾਪ ਤੇ ਰਟਣ ਵਰਗੇ ਜਾਲ ਬੁੰਣ ਰਹੇ ਹੁੰਦੇ ਹਨ। ਇਸਤਰ੍ਹਾਂ ਲੋਕਾਈ ਵਿੱਚਕਾਰ ਅਗਿਆਣਤਾ ਦਾ ਬੋਲਬਾਲਾ ਕਰਣ `ਚ ਸਭ ਤੋਂ ਅਗਲੀ ਕਤਾਰ `ਚ ਅਸਲ `ਚ ਓਦੋਂ ਇਹੀ ਲੋਕ ਹੁੰਦੇ ਹਨ।

ਇਹ ਲੋਕ ਉਦੋਂ ਧਾਰਮਿਕ ਆਗੂ ਨਾ ਰਹਿ ਕੇ, ਆਪਣੇ ਆਪ `ਚ ਸਮੇਂ ਦੇ ਖੂੰਖਾਰ, ਡਾਕੂਆਂ ਤੇ ਲੁਟੇਰਿਆਂ ਦਾ ਹੀ ਵੱਡਾ ਗਰੋਹ ਸਾਬਤ ਹੋ ਰਹੇ ਹੁੰਦੇ ਹਨ। ਓਦੋਂ ਇਨ੍ਹਾਂ ਅਖੌਤੀ ਧਾਰਮਿਕ ਆਗੂਆਂ ਦੀਆਂ ਕਰਣੀਆਂ ਦਾ ਨਤੀਜਾ, ਲੋਕਾਈ `ਚ ਵਹਿਮਾਂ- ਭਰਮਾਂ, ਸਹਿਮਾ-ਡਰਾਂ ਦੀ ਭਰਮਾਰ ਤੇ ਦੁਚਿੱਤਾ ਪਣ ਆਦਿ ਦਾ ਬੋਲਬਾਲਾ ਸ਼ਿਖਰਾਂ `ਤੇ ਪੁੱਜਿਆ ਹੁੰਦਾ ਹੈ।

ਹੁਣ ਇਨ੍ਹਾਂ ਸ਼ਬਦਾਂ `ਚੋਂ ਬਾਬਰ ਦੇ ਹਮਲੇ ਨਾਲ ਸੰਬੰਧਤ ਹਾਲਾਤ ਦੇਖੋ! ਓਦੋਂ, ਜਦੋਂ ਜਰਵਾਣਿਆਂ ਦਾ ਹਮਲਾ ਬਿਲਕੁਲ ਹੋਣ ਵਾਲਾ ਤੇ ਸਿਰ `ਤੇ ਸੀ, ਸਾਰੇ ਪਾਸੇ ਹਾਏ ਤੋਬਾ ਮੱਚੀ ਪਈ ਸੀ, ਸਹਿਮ ਸੀ। ਬਜਾਏ ਇਸ ਦੇ ਕਿ ਆਪਣੀ ਭੱਲ ਬਣੇ ਇਹ ਧਾਰਮਿਕ ਆਗੂ ਲੋਕਾਈ ਅੰਦਰੋਂ ਕਾਇਰਤਾ ਦਾ ਨਾਸ ਕਰਦੇ ਤੇ ਉਨ੍ਹਾਂ ਅੰਦਰ ਨਿਰਭੈਤਾ, ਆਤਮ-ਵਿਸ਼ਵਾਸ ਤੇ ਦਲੇਰੀ ਆਦਿ ਭਰਦੇ।

ਪਰ ਅਸਲੋਂ ਸਮੇਂ ਦੇ ਇਹ ਵੱਡੇ ਠੱਗ, ਇਸਦੇ ਉਲਟ, ਆਪਣੀ ਹੀ ਲੁੱਟ-ਖੋਹ ਦਾ ਬਾਜ਼ਾਰ ਗਰਮ ਕਰਣ `ਚ ਮਸਤ ਤੇ ਸਾਰਿਆਂ ਤੋਂ ਅੱਗੇ ਸਨ। ਇਹ ਲੋਕ ਇਥੋਂ ਤੀਕ ਆਫਰੇ ਹੋਏ ਤੇ ਕਹਿੰਦੇ ਸਨ, ਜਾਓ ਅਸੀਂ ਤੁਹਾਡੇ ਲਈ, ਯਗ ਕਰ ਦੇਵਾਂਗੇ, ਤਸਬੀਆਂ ਪੜ੍ਹ ਦਿਆਂਗੇ, ਹਵਣ ਕਰ ਦਿਆਂਗੇ, ਪਾਠ ਕਰ ਦਿਆਂਦੇ ਆਦਿ। ਤੁਸੀਂ ਕੇਵਲ ਸਾਡੇ ਲਈ ਦਾਨ-ਦੱਛਣਾ ਦੇ ਪ੍ਰਬੰਧ ਕਰੋ ਅਸੀਂ ਤੁਹਾਡੇ ਲਈ ਇੰਨੇ ਲੱਖ ਮੰਤ੍ਰਾਂ ਦੇ ਜਾਪ ਕਰ ਦੇਵਾਂਗੇ, ਉਪਾਅ ਕਰ ਦੇਵਾਂਗੇ ਆਦਿ ਤੇ ਇਸੇ ਤਰ੍ਹਾਂ ਹੋਰ ਬਥੇਰੇ ਖੇਖਣ।

ਅਜਿਹੀ ਹਾ! ਹਾ! ਕਾਰ ਅਤੇ ਤ੍ਰਾਸਦੀ ਸਮੇਂ, ਅੱਲਾ ਤੇ ਰਾਮ ਦੇ ਠੇਕੇਦਾਰ ਬਣੇ ਬੈਠੇ ਪਰ ਅਸਲੋਂ ਡਕੈਤ, ਇਹ ਲੋਕਾਈ ਨੂੰ ਕਹਿੰਦੇ ਤੁਸੀਂ ਸਾਡੇ ਲਈ ਇੰਝ ਕਰ ਦੇਵੋ ਤੇ ਸਾਡੇ ਲਈ ਉਂਝ ਕਰ ਦੇਵੋ। ਅਸੀਂ ਰੱਬ, ਅਲ੍ਹਾ, ਰਾਮ, ਖੁਦਾ, ਦੇਵੀਆਂ-ਦੇਵਤਿਆਂ ਅੱਗੇ ਤੁਹਾਡੇ ਲਈ ਦੁਆ ਕਰਾਂਗੇ। ਇਸ ਤਰ੍ਹਾਂ ਇਹ ਸਭ ਠੀਕ ਹੋ ਜਾਵੇਗਾ। ਇਹ ਕਹਿੰਦੇ ਮੁਗ਼ਲ ਸੀਮਾਂ ਵੀ ਪਾਰ ਨਹੀਂ ਕਰ ਸਕਣ ਗੇ ਜਾਂ ਸੀਮਾਂ `ਤੇ ਹੀ ਅੰਨ੍ਹੇ ਹੋ ਜਾਣਗੇ ਆਦਿ। ਗੁਰਦੇਵ ਇਨ੍ਹਾਂ ਦੇ ਪਾਜ ਨੂੰ ਉਘੇੜਦੇ ਹਨ ਤੇ ਫ਼ੁਰਮਾਂਉਦੇ ਹਨ:-

"ਕੋਟੀ ਹੂ ਪੀਰ ਵਰਜਿ ਰਹਾਏ, ਜਾ ਮੀਰੁ ਸੁਣਿਆ ਧਾਇਆ॥ ਥਾਨ ਮੁਕਾਮ ਜਲੇ ਬਿਜ ਮੰਦਰ, ਮੁਛਿ ਮੁਛਿ ਕੁਇਰ ਰੁਲਾਇਆ॥ ਕੋਈ ਮੁਗਲੁ ਨ ਹੋਆ ਅੰਧਾ, ਕਿਨੈ ਨ ਪਰਚਾ ਲਾਇਆ" (ਪੰ: 417) ਹੋਰ

"ਇਕ ਹਿੰਦਵਾਣੀ ਅਵਰ ਤੁਰਕਾਣੀ ਭਟਿਆਣੀ ਠਕੁਰਾਣੀ॥ ਇਕਨਾੑ ਪੇਰਣ ਸਿਰ ਖੁਰ ਪਾਟੇ ਇਕਨਾੑ ਵਾਸੁ ਮਸਾਣੀ॥ ਜਿਨੑ ਕੇ ਬੰਕੇ ਘਰੀ ਨ ਆਇਆ ਤਿਨੑ ਕਿਉ ਰੈਣਿ ਵਿਹਾਣੀ" (ਪੰ: ੪੧੭)

ਬਲਕਿ ਇਥੋਂ ਤੀਕ, ਜਿਹੜੇ ਧਾਰਮਿਕ ਆਗੂ, ਬੱਚੇ-ਬਚੀਆਂ ਦੇ ਵਿਆਹ-ਨਿਕਾਹ ਕਰਵਾਉਣ ਸਮੇਂ ਗ਼ਰੀਬਾਂ ਤੇ ਅਮੀਰਾਂ ਵਿੱਚਕਾਰ ਵੀ ਤਮੀਜ਼ ਨਹੀਂ ਸਨ ਕਰ ਰਹੇ। ਕਿੱਧਰੇ ਤਾਰੇ ਡੁੱਬੇ-ਚੜ੍ਹੇ ਦੇ ਢੋਂਗ ਸਨ ਕਿਧਰੇ ਰਾਹੂ-ਕੇਤੂ, ਨਛਤ੍ਰਾਂ ਆਦਿ ਦੇ ਚੱਕਰਵਿਉ ਤੇ ਕਿੱਧਰੇ ਕੁੱਝ ਹੋਰ। ਹਮਲਾ ਸਿਰ `ਤੇ ਸੀ ਪਰ ਇਨ੍ਹਾਂ ਨੂੰ ਕੀ? ਇਹ ਤਾਂ ‘ਸਾਹਿਆਂ’, ਰਾਹੂ-ਕੇਤੂ ਤੇ ਆਪਣੇ ਉਪਾਵਾਂ ਆਦਿ ਦੇ ਵਿਸ਼ਵਾਸ ਪੱਕੇ ਕਰਕੇ ਆਪਣੀ ਲੁੱਟ-ਖੋਹ ਦਾ ਬਾਜ਼ਾਰ ਗਰਮ ਕਰੀ ਬੈਠੇ ਸਨ। ਗੁਰਦੇਵ ਨੇ ਸਮੇਂ ਨਾਲ ਚੇਤਾਵਣੀਆਂ ਵੀ ਦਿੱਤੀਆਂ ਕਿ ਐ ਧਾਰਮ ਦੇ ਆਗੂਓ! ਅਜੇ ਵੀ ਸਮਾਂ ਹੈ ਜੇ ਸੰਭਲ ਜਾਵੋ ਤਾਂ। ਪਰ ਹਮਲੇ ਤੋਂ ਬਾਅਦ:-

ਦੇਖ਼ਦੇ ਦੇਖ਼ਦੇ "ਮੁਸਲਮਾਨੀਆ ਪੜਹਿ ਕਤੇਬਾ, ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥ ਜਾਤਿ ਸਨਾਤੀ ਹੋਰਿ ਹਿਦਵਾਣੀਆ, ਏਹਿ ਭੀ ਲੇਖੈ ਲਾਇ ਵੇ ਲਾਲੋ ਕਾਜੀਆ ਬਾਮਣਾ ਕੀ ਗਲ ਥਕੀ, ਅਗਦੁ ਪੜੈ ਸੈਤਾਨੁ ਵੇ ਲਾਲੋ" (ਪੰ: 722) ਵਾਲੇ ਹਾਲਾਤ ਬਣ ਗਏ। ਇਹ ਲੋਕ ਦੂਜਿਆਂ ਦੀ ਤਾਂ ਕੀ ਆਪਣੇ ਆਪ ਦੀ ਸੰਭਾਲ ਦੇ ਵੀ ਕਾਬਿਲ ਨਾ ਰਹੇ। ਜਦੋਂ ਕਰਤੇ ਵਲੋਂ, ਬਾਬਰ ਦੇ ਹਮਲੇ ਵਾਲੀ ਖੇਡ ਵਰਤ ਗਈ ਤਾਂ ਅੱਜ ਉਨ੍ਹਾਂ ਦੀਆਂ ਸਗਨਾਂ-ਅਪਸਗਨਾਂ ਆਦਿ ਵਾਲੀਆਂ ਬੇਲਗਾਮ ਕਰਣੀਆਂ ਦੇ ਬਦਲੇ, ਹਮਲੇ ਤੋਂ ਬਾਅਦ "ਖੂਨ ਕੇ ਸੋਹਿਲੇ ਗਾਵੀਅਹਿ ਨਾਨਕ ਰਤੁ ਕਾ ਕੁੰਗੂ ਪਾਇ ਵੇ ਲਾਲੋ" ਵਾਲੇ ਹਾਲਾਤ ਬਣ ਗਏ।

(੩) ਤੀਜੇ ਨੰਬਰ `ਤੇ, ਆਮ ਲੋਕਾਈ- ਅਜਿਹੇ ਹਾਲਾਤ `ਚ ਜਦੋਂ ਰਾਜਸੀ ਅਤੇ ਧਾਰਮਿਕ ਆਗੂ, ਦੋਵੇਂ ਵਰਗ ਆਪਣੇ-ਆਪਣੇ ਫ਼ਰਜ਼ਾਂ ਤੋਂ ਕੁਰਾਹੇ ਪਏ ਹੁੰਦੇ ਹਨ ਤਾਂ ਬਾਕੀ ਗੱਲ ਰਹਿ ਜਾਂਦੀ ਹੈ ਕਿ ਸ਼ਾਧਾਰਣ ਲੋਕਾਈ ਦੀ, ਕਿ ਉਹ ਕਿੱਥੇ ਖੜੀ ਹੈ? ਹਮਲਾ ਹੋਣ ਤੀਕ ਉਥੇ ਵੀ ਕਿਸੇ ਨੂੰ ਚੇਤਾ ਨਹੀਂ ਸੀ ਕਿ ਮਨੁੱਖਾ ਜਨਮ ਅਮੋਲਕ ਹੈ ਅਤੇ ਇਸਦੀ ਸੰਭਾਲ ਸਤਿਗੁਰੂ ਦੀ ਸ਼ਰਣ `ਚ ਪੈ ਕੇ, ਮਨੁੱਖ ਨੇ ਆਪਣੀ, ਆਪ ਹੀ ਕਰਣੀ ਹੈ। ਕਿਉਂਕਿ ਕਿਸੇ ਦੇ ਨਿੱਜੀ ਜੀਵਨ ਦੀ ਸੰਭਾਲ ਦਾ ਠੇਕਾ ਨਾ ਧਾਰਮਿਕ ਆਗੂਆਂ ਕੋਲ ਹੁੰਦਾ ਹੈ ਅਤੇ ਨਾ ਰਾਜਸੀ ਆਗੂਆਂ ਕੋਲ। ਆਪਣੇ ਜੀਵਨ ਦੀ ਸੰਭਾਲ ਤਾਂ:-

"ਜਿਸ ਕੇ ਜੀਅ ਪਰਾਣ ਹਹਿ ਕਿਉ ਸਾਹਿਬੁ ਮਨਹੁ ਵਿਸਾਰੀਐ॥ ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ" (ਪੰ: 474) ਅਤੇ

"ਮਤੁ ਕੋ ਜਾਣੈ ਜਾਇ ਅਗੈ ਪਾਇਸੀ॥ ਜੇਹੇ ਕਰਮ ਕਮਾਇ ਤੇਹਾ ਹੋਇਸੀ" (ਪੰ: 730) ਆਦਿ ਗੁਰਬਾਣੀ `ਚੋਂ ਇਸ ਗੁਰਮੱਤ ਸਿਧਾਂਤ ਨਾਲ ਸੰਬੰਧਤ ਵੀ ਬੇਅੰਤ ਫੁਰਮਾਣ ਹਨ।

ਪਰ ਓਥੇ ਵੀ ਧਨ ਜੋਬਣ ਦੇ ਨਸ਼ੇ `ਚ ਕੇਵਲ ਦਿਖਾਵਾ, ਐਸ਼ੋ-ਇਸ਼ਰਤ, ਝੂਠ-ਫ਼ਰੇਬ-ਠੱਗੀਆਂ-ਵਿਭਚਾਰ-ਨਸ਼ਿਆਂ ਤੇ ਹੂੜਮਤੀ ਕਰਮਾਂ ਆਦਿ ਦੀ ਭਰਮਾਰ ਹੀ ਰਹਿ ਚੁੱਕੀ ਸੀ। ਜਦਕਿ ਹਮਲੇ ਤੋਂ ਬਾਅਦ ਫ਼ਿਰ ਉਸ ਸਮਾਜ ਦਾ ਜਿਹੜਾ ਰੰਗ ਬੱਝਾ ਤਾ ਇਨ੍ਹਾਂ ਸ਼ਬਦਾਂ `ਚ ਉਸਦਾ ਵੀ ਵਰਣਨ ਹੈ ਜਿਵੇਂ:-

"ਧਨੁ ਜੋਬਨੁ ਦੁਇ ਵੈਰੀ ਹੋਏ ਜਿਨੀੑ ਰਖੇ ਰੰਗੁ ਲਾਇ॥ ਦੂਤਾ ਨੋ ਫੁਰਮਾਇਆ ਲੈ ਚਲੇ ਪਤਿ ਗਵਾਇ" (ਪੰ: 417)। ਅਥਵਾ

"ਮੁਸਲਮਾਨੀਆ ਪੜਹਿ ਕਤੇਬਾ ਕਸਟ ਮਹਿ ਕਰਹਿ ਖੁਦਾਇ ਵੇ ਲਾਲੋ॥ ਜਾਤਿ ਸਨਾਤੀ ਹੋਰਿ ਹਿਦਵਾਣੀਆ ਏਹਿ ਭੀ ਲੇਖੈ ਲਾਇ ਵੇ ਲਾਲੋ" (ਪੰ: ੭੨੨) ਅਤੇ

"ਇਕ ਹਿੰਦਵਾਣੀ ਅਵਰ ਤੁਰਕਾਣੀ, ਭਟਿਆਣੀ ਠਕੁਰਾਣੀ॥ ਇਕਨਾੑ ਪੇਰਣ ਸਿਰ ਖੁਰ ਪਾਟੇ, ਇਕਨਾੑ ਵਾਸੁ ਮਸਾਣੀ॥ ਜਿਨੑ ਕੇ ਬੰਕੇ ਘਰੀ ਨ ਆਇਆ, ਤਿਨੑ ਕਿਉ ਰੈਣਿ ਵਿਹਾਣੀ" (ਪੰ: ੪੧੭)

ਇਸ ਤਰ੍ਹਾਂ ਪ੍ਰਭੂ ਨੂੰ ਭੁੱਲੇ ਹੋਣ ਕਾਰਣ, ਇਨ੍ਹਾਂ ਤਿੰਨਾਂ ਵਰਗਾਂ ਵਿੱਚਕਾਰ ਅਸਲੋਂ ਜੋ ਖੇਡ ਵਰਤ ਰਹੀ ਸੀ ਇਨ੍ਹਾਂ ਸ਼ਬਦਾਂ `ਚ ਗੁਰਦੇਵ ਨੇ ਉਸਦਾ ਮੂਲ ਕਾਰਣ ਵੀ ਸਪਸ਼ਟ ਕੀਤਾ ਹੋਇਆ ਹੈ ਜਿਵੇਂ:-

"ਇਸੁ ਜਰ ਕਾਰਣਿ ਘਣੀ ਵਿਗੁਤੀ, ਇਨਿ ਜਰ ਘਣੀ ਖੁਆਈ॥ ਪਾਪਾ ਬਾਝਹੁ ਹੋਵੈ ਨਾਹੀ, ਮੁਇਆ ਸਾਥਿ ਨ ਜਾਈ" (ਪੰ: 417) ਕਿਉਂਕਿ

"ਜਿਸ ਨੋ ਆਪਿ ਖੁਆਏ ਕਰਤਾ, ਖੁਸਿ ਲਏ ਚੰਗਿਆਈ" (ਪੰ: 417) ਬਲਕਿ ਯੁਧ ਖੇਤ੍ਰ `ਚ:-

"ਮੁਗਲ ਪਠਾਣਾ ਭਈ ਲੜਾਈ ਰਣ ਮਹਿ ਤੇਗ ਵਗਾਈ॥ ਓਨੀੑ ਤੁਪਕ ਤਾਣਿ ਚਲਾਈ ਓਨੀੑ ਹਸਤਿ ਚਿੜਾਈ॥ ਜਿਨੑ ਕੀ ਚੀਰੀ ਦਰਗਹ ਪਾਟੀ ਤਿਨਾੑ ਮਰਣਾ ਭਾਈ" (੪੧੭) ਆਦਿ।

"ਜੇ ਸਕਤਾ ਸਕਤੇ ਕਉ ਮਾਰੇ. ."- ਹੁਣ ਉਸ ਮੁਕਾਮ `ਤੇ ਪੁੱਜ ਚੁੱਕੇ ਹਾਂ ਜਿੱਥੇ ਗੁਰਦੇਵ ਨੇ ਸਪਸ਼ਟ ਕੀਤਾ ਹੈ, ਆਖਿਰ ਉਹ ਕੀ ਕਾਰਣ ਸਨ, ਅਕਾਲਪੁਰਖ ਨੇ ਇਨ੍ਹਾਂ ਤਿੰਨਾ ਵਰਗਾਂ ਨੂੰ ਉਨ੍ਹਾਂ ਦੇ ਕੀਤੇ ਦੀ ਸਜ਼ਾ ਦੇਣ ਲਈ ਬਾਬਰ ਦੇ ਹਮਲੇ ਵਾਲੀ ਖੇਡ ਵਰਤੀ। ਦਰਅਸਲ ਅਰੰਭ ਤੋਂ ਅੰਤ ਤੀਕ ਇਨ੍ਹਾਂ ਸ਼ਬਦਾਂ `ਚ ਪ੍ਰਗਟਾਏ ਇਲਾਹੀ ਸਿਧਾਂਤਾਂ ਨੂੰ ਸਮਝਣ ਦੀ ਲੋੜ ਹੈ। ਗੁਰਦੇਵ ਸਪਸ਼ਟ ਕਰਦੇ ਹਨ, ਜਦੋਂ ਜਦੋਂ ਵੀ ਸਮਾਜ ਦੇ ਉਪ੍ਰੋਕਤ ਤਿੰਨੇ ਵਰਗ ਕੁਰਾਹੇ ਪੈ ਜਾਂਦੇ ਅਤੇ ਜੀਵਨ ਦੇ ਅਸਲ ਰਾਹ ਤੋਂ ਭੱਟਕ ਜਾਂਦੇ ਹਨ। ਬਦਲੇ `ਚ ਸੱਚ ਦੇ ਮਾਰਗ ਦੇ ਚੱਲਣ ਵਾਲਿਆਂ ਦਾ ਜੀਉਣਾ ਦੂਭਰ ਹੋ ਜਾਂਦਾ ਹੈ। ਅਜਿਹੇ ਸਮੇਂ ਕਰਤਾਰ, ਉਸ ਚੌਥੇ ਵਰਗ ਭਾਵ ਪ੍ਰਭੂ ਪਿਆਰਿਆਂ ਦੀ ਆਪ ਬਹੁੜੀ ਕਰਦਾ ਹੈ। ਉਸ ਤੋਂ ਉਨ੍ਹਾਂ ਤਿੰਨਾਂ ਵਰਗਾਂ ਨੂੰ ਉਨ੍ਹਾ ਦੇ ਕੀਤੇ ਦੀ ਸਜ਼ਾ ਮਿਲਦੀ ਹੈ ਤੇ ਚੌਥੇ ਵਰਗ ਦੀ ਬਹੁੜੀ ਹੁੰਦੀ ਹੈ, ਜਿਵੇਂ:-

"ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ॥ ਏਤੀ ਮਾਰ ਪਈ ਕਰਲਾਣੇ ਤੈਂ ਕੀ ਦਰਦੁ ਨ ਆਇਆ॥   ॥ ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ, ਤਾ ਮਨਿ ਰੋਸੁ ਨ ਹੋਈ॥   ॥ ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ॥ ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥   ॥ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ॥ ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ॥   ॥ ." (ਪੰ; ੩੬੦) ਤਾਂ ਤੇ ਗੁਰਦੇਵ ਨੇ ਨੰਬਰਵਾਰ ਇਸ ਸ਼ਬਦ `ਚ ਫ਼ੁਰਮਾਇਆ ਹੈ:-

(ੳ) "ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ, ਤਾ ਮਨਿ ਰੋਸੁ ਨ ਹੋਈ" - ਹੇ ਕਰਤਾਰ! ਤੂੰ ਸਭਨਾਂ ਦੀ ਸਾਰ ਲੈਂਦਾ ਹੈਂ ਭਾਵ ਤੂੰ ਕਿਸੇ ਨਾਲ ਵਿੱਤਕਰਾ ਨਹੀਂ ਕਰਦਾ। ਫ਼ਿਰ ਜਦੋਂ ਆਪਣੀ ਤਾਕਤ ਦੇ ਨਸ਼ੇ `ਚ ਅੰਨ੍ਹੀਂ ਹੋਈ ਇੱਕ ਜ਼ੋਰਾਵਰ ਧਿਰ, ਦੂਜੀ ਜੋਰਾਵਰ ਅਤੇ ਆਪਣੀ ਤਾਕਤ ਦੇ ਨਸ਼ੇ `ਚ ਚੂਰ ਹੋਈ ਧਿਰ `ਤੇ ਹਮਲਾ-ਆਵਰ ਹੋ ਜਾਂਦੀ ਹੈ ਤਾਂ "ਬਾਬਰ ਦੇ ਹਮਲੇ" ਵਰਗੀਆਂ ਦੁਰਘਟਣਾਵਾਂ ਵੀ ਤੇਰੇ ਅਟੱਲ ਨਿਯਮ `ਚ ਹੀ ਵਾਪਰਦੀਆਂ ਹਨ। ਇਸ ਲਈ ਅਜਿਹੀਆਂ ਦੁਰਘਟਣਾਵਾਂ ਤੇ ਕਤਲੋਗ਼ਾਰਤ ਲਈ ਜੇ ਕਿਸੇ ਦੇ ਮਨ `ਚ ਪ੍ਰਭੂ ਲਈ ਰੋਸ ਆਵੇ ਵੀ ਤਾਂ ਕਿਉਂ? ਕਿਉਂਕਿ ਦੋਸ਼ੀ ਤਾਂ ਉਹ ਦੋਵੇਂ ਧਿਰਾਂ ਬਰਾਬਰ ਦੀਆਂ ਅਤੇ ਆਪ ਹੁੰਦੀਆਂ ਹਨ, ਨਾ ਕਿ ਪ੍ਰਭੂ।

(ਅ) "ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ" - ਗੁਰਦੇਵ ਫ਼ੁਰਮਾਉਂਦੇ ਹਨ, ਬਾਬਰ ਰਾਹੀਂ ਖੁਰਾਸਾਨ ਤੋਂ ਹਮਲਾ-ਆਵਰ ਹੋ ਕੇ ਆਉਣਾ ਤੇ ਇਸ ਨਾਲ ਹਿੰਦੋਸਤਾਨ `ਚ ਸਾਰੇ ਪਾਸੇ ਸਹਿਮ ਛਾ ਜਾਣਾ, ਅਜਿਹਾ ਸਭ ਕਰਤੇ ਦੇ ਅਟੱਲ ਨਿਯਮ ਤੇ ਰਜ਼ਾ `ਚ ਹੀ ਵਾਪਰਿਆ ਹੈ।

ਫ਼ੁਰਮਾਉਂਦੇ ਹਨ ਜਦੋਂ ਜਦੋਂ ਵੀ (ਰਾਜਸ਼ਾਹੀ, ਪੂਜਾਰੀ ਸ਼੍ਰੇਣੀ, ਤੇ ਸਾਧਾਰਨ ਲੋਕਾਈ) ਸਮਾਜ ਦੇ ਇਹ ਤਿੰਨੇ ਮੁੱਖ ਵਰਗ ਕੁਰਾਹੇ ਪੈ ਕੇ ਆਪਣੀ-ਆਪਣੀ ਤਾਕਤ ਤੇ ਜੁਆਨੀ ਆਦਿ ਦੇ ਨਸ਼ੇ `ਚ ਚੂਰ ਹੋ ਕੇ, ਮਨਮਾਨੀਆਂ ਤੇ ਆਪਹੁੱਦਰੇਪਣ `ਤੇ ਉਤਰ ਆਉਂਦੇ ਹਨ। ਅਕਾਲਪੁਰਖ ਉਨ੍ਹਾਂ ਦੀਆਂ ਅਜਿਹੀਆਂ ਮਨਮਾਨੀਆਂ ਤੇ ਆਹੁੱਦਰੇਪਣ ਦੀ ਉਨ੍ਹਾਂ ਨੂੰ ਸਜ਼ਾ ਦੇਣ ਲਈ, ਕੋਈ ਅਜਿਹੀ ਕਲਾ ਵਰਤਾਉਂਦਾ ਹੈ। ਅਜਿਹੀ ਕਲਾ, ਜਿਸਤੋਂ ਉਨ੍ਹਾਂ ਨੂੰ ਆਪਣੇ-ਆਪਣੇ ਕੀਤੇ ਦੀ ਸਜ਼ਾ ਮਿਲਦੀ ਹੈ। ਦਰਅਸਲਾ ਇਸ ਹਮਲੇ ਰਾਹੀਂ "ਜਮੁ ਕਰਿ ਮੁਗਲੁ ਚੜਾਇਆ" ਬਾਬਰ ਦਾ ਉਨ੍ਹਾਂ ਦੀ ਮੌਤ ਬਣ ਕੇ ਅਤੇ ਹਮਲਾਆਵਰ ਹੋ ਕੇ ਆਉਣਾ ਵੀ ਕਰਤੇ ਦੇ ਉਸੇ ਅਟੱਲ ਨਿਯਮ `ਚ ਹੈ। ਉਂਝ ਇਹ ਵੀ ਕਿ ਅਜਿਹੀਆਂ ਦੁਰਘਟਣਾਵਾਂ ਲਈ ਕਰਤਾਰ ਆਪਣੇ `ਤੇ ਕਦੇ ਦੋਸ਼ ਨਹੀਂ ਲੈਂਦਾ, ਪ੍ਰਭੂ ਤਾ ਕੇਵਲ ਕੋਈ ਕਲਾ ਹੀ ਵਰਤਾਉਂਦਾ ਹੈ।

"ਆਪੈ ਦੋਸੁ ਨ ਦੇਈ ਕਰਤਾ" ਇਥੇ ਇਹ ਵੀ ਸਮਝਣਾ ਹੈ ਕਿ ਸਮੇਂ ਸਮੇਂ ਨਾਲ ਵਾਪਰਣ ਵਾਲੀਆਂ ਅਜਿਹੀਆਂ ਦੁਰਘਟਣਾਵਾਂ ਲਈ ਪ੍ਰਭੂ ਕਦੇ ਆਪਣੇ `ਤੇ ਦੋਸ਼ ਨਹੀਂ ਲੈਂਦਾ। ਕਿਉਂਕਿ ਇਹ ਤਾਂ ਉਨ੍ਹਾਂ ਦੀਆਂ ਬਦਮਸਤੀਆਂ ਤੇ ਮਨਮਾਨੀਆਂ ਦੀ, ਉਨ੍ਹਾ ਨੂੰ ਸਜ਼ਾ ਹੁੰਦੀ ਹੈ। ਇਸਲਈ ਜਦੋਂ ਜਦੋਂ ਵੀ ਸਮਾਜ ਵਿਚਲੇ ਇਹ ਤਿੰਨੇ ਮੁੱਖ ਵਰਗ ਬੇ-ਲਗਾਮ `ਤੇ ਆਪਹੁੱਦਰੇ ਹੋ ਜਾਂਦੇ ਹਨ ਤਾਂ ਉਨ੍ਹਾਂ ਕੁਰਾਹੇ ਪਇਆਂ ਨੂੰ ਜੀਵਨ ਦੇ ਸਿਧੇ ਰਾਹ ਪਾਉਣ ਲਈ, ਉਨ੍ਹਾਂ ਦੇ ਦੇਸ਼ਰਕਰਮਾਂ ਦੀ ਉਨ੍ਹਾਂ ਨੂੰ ਸਜ਼ਾ ਦੇਣ ਲਈ ਅਜਿਹੀਆਂ ਦੁਰਘਟਣਾਵਾਂ ਦਾ ਵਾਪਰਣਾ, ਇਹ ਪ੍ਰਭੂ ਦੇ ਅਟੱਲ ਨਿਯਮ ਤੇ ਉਸ ਦੀ ਰਜ਼ਾ `ਚ ਹੁੰਦਾ ਹੈ।

(ੲ) "ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ" - ਸਮੇਂ ਸਮੇਂ ਨਾਲ ਵਾਪਰਣ ਵਾਲੀਆਂ ਅਜਿਹੀਆਂ ਦੁਰਘਟਣਾਵਾਂ ਜਿਵੇਂ ਬਾਬਰ ਦਾ ਹਮਲਾ, ਇਨ੍ਹਾਂ ਪਿੱਛੇ ਕਾਰਣ ਇੱਕ ਹੋਰ ਵੀ ਹੁੰਦਾ ਹੈ। ਉਹ ਕਿ ਜਿਵੇਂ ਕਿਸੇ ਗਉਂਆਂ ਦੇ ਵੱਗ `ਤੇ ਜੇ ਕੋਈ ਖੂੰਖਾਰ ਸ਼ੇਰ ਆ ਪਵੇ ਤਾਂ ਉਸ ਵੱਗ ਦੇ ਮਾਲਿਕ ਦਾ ਫ਼ਰਜ਼ ਹੁੰਦਾ ਹੈ ਕਿ ਉਹ ਆਪਣੀਆਂ ਗਉਆਂ ਦੀ ਰਾਖੀ ਕਰੇ।

ਇਸੇ ਤਰ੍ਹਾਂ ਕੁਰਾਹੇ ਪੈ ਚੁੱਕੇ ਉਪ੍ਰੋਕਤ ਤਿੰਨਾਂ ਵਰਗਾਂ ਦੇ ਆਪਹੁੱਦਰੇਪਣ ਤੋਂ, ਜਦੋਂ ਚੌਥਾ ਵਰਗ, ਪ੍ਰਭੂ ਪਿਆਰੇ ਜਿਹੜੇ ਇਨ੍ਹਾਂ ਤਿੰਨਾਂ ਵਰਗਾਂ ਵਿਚਾਲੇ ਫੈਲੇ ਹੁੰਦੇ ਤੇ ਇਨ੍ਹਾਂ ਤਿੰਨਾਂ ਵਰਗਾਂ ਦੇ ਦੁਸ਼ਮਰਮਾਂ, ਹੰਕਾਰ, ਮਨਮਾਨੀਆਂ ਤੇ ਆਪਹੁੱਦਰੇਪਣ ਕਾਰਣ ਪਿਸ ਰਹੇ ਹੁੰਦੇ ਹਨ, ਤਾਂ ਉਸ ਛੌਥੇ ਵਰਗ ਨੂੰ ਰਾਹਤ ਦੇਣ ਲਈ ਹੀ ਸਮੇਂ ਸਮੇਂ ਨਾਲ ਅਜਿਹੀਆਂ ਦੁਰਘਟਣਾਵਾਂ ਦਾ ਵਾਪਰਣਾ ਵੀ ਪ੍ਰ੍ਰਭੂ ਦੇ ਅਟੱਲ ਨਿਯਮ ਤੇ ਰਜ਼ਾ `ਚ ਹੀ ਹੁੰਦੀਆਂ ਹਨ।

ਸਪਸ਼ਟ ਹੈ, ਸਮੇਂ ਸਮੇਂ ਨਾਲ ਵਾਪਰਣ ਵਾਲੀਆਂ ਅਜਿਹੀਆਂ ਦੁਰਘਟਣਾਵਾਂ ਦਾ ਮੂਲ ਕਾਰਣ, ਇੱਕ ਪਾਸੇ ਆਪਹੁੱਦਰੇ ਹੋ ਚੁੱਕੇ ਤੇ ਕੁਰਾਹੇ ਪਏ ਤਿੰਨਾਂ ਵਰਗਾਂ ਨੂੰ ਉਨ੍ਹਾਂ ਦੀਆਂ ਦੁਸ਼ਕਰਣੀਆਂ ਦੀ ਸਜ਼ਾ ਦੇਣੀ ਤੇ ਨਾਲ ਉਨ੍ਹਾਂ ਦੇ ਦਬਾਅ ਹੇਠ ਪਿੱਸ ਰਹੇ ਚੌਥੇ ਵਰਗ, "ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ" ਪ੍ਰਭੂ ਪਿਆਰਿਆਂ ਨੂੰ ਰਾਹਤ ਪ੍ਰਦਾਨ ਕਰਣੀ, ਇਹ ਵੀ ਖਸਮ-ਪ੍ਰਭੂ ਦਾ ਅਟੱਲ ਨਿਯਮ ਹੈ।

(ਸ) "ਰਤਨ ਵਿਗਾੜਿ ਵਿਗੋਏ ਕੁਤੀਂ, ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ, ਵੇਖੁ ਤੇਰੀ ਵਡਿਆਈ" -ਸੰਸਾਰ `ਚ ਜੀਵਾਂ ਦੇ ਮਿਲਾਪ ਅਤੇ ਵਿਛੋੜੇ ਵਾਲੀ ਖੇਡ ਵੀ ਪ੍ਰਭੂ ਦਾ ਅਟੱਲ ਤੇ ਸਦੀਵਕਾਲੀ ਨਿਯਮ ਹੈ। ਜਦਕਿ ਅਜਿਹੀਆਂ ਦੁਰਘਟਣਾਵਾਂ ਸਮੇ ਵੱਡੀ ਪਧਰ `ਤੇ, ਪ੍ਰਭੂ ਦੀ ਇਸ ਖੇਡ ਦਾ ਵਾਪਰ ਜਾਣਾ ਵੀ, ਪ੍ਰਭੂ ਦੀ ਰਜ਼ਾ `ਚ ਹੁੰਦਾ ਹੈ। ਇਸ ਵਾਸਤੇ ਹੇ ਪ੍ਰਭੂ! "ਆਪੇ ਜੋੜਿ ਵਿਛੋੜੇ ਆਪੇ, ਵੇਖੁ ਤੇਰੀ ਵਡਿਆਈ" ਤੇਰੇ ਇਹ ਕ੍ਰਿਸ਼ਮੇ ਕਿਸ ਤਰ੍ਹਾਂ ਦੇ ਅਤੇ ਕੀ ਹਨ ਇਹ ਵੀ ਤੂੰ ਆਪ ਜਣਦਾ ਹੈ ਤੇ ਇਹ ਵੀ ਤੇਰੀਆਂ ਹੀ ਵਡਿਅਈਆਂ ਹਨ।

ਫ਼ਿਰ ਜਿਹੜੇ ਲੋਕ ਹੀਰੇ ਵਰਗਾ ਅਮੁੱਲਾ ਤੇ ਦੁਰਲਭ ਮਨੁੱਖਾ ਜਨਮ ਪਾ ਕੇ ਵੀ ਇਸ ਨੂੰ ਵਿਗਾੜ ਦਿੰਦੇ ਹਨ। ਇਸ ਵਿਸ਼ੇਸ਼ ਜਨਮ ਦੀ ਦੁਰਲੱਭਤਾ ਤੇ ਅਮੁੱਲਤਾ ਦੀ ਵੀ ਪਛਾਣ ਨਹੀਂ ਕਰਦੇ। ਉਹ ਇਸ ਅਮੁੱਲੇ ਜਨਮ ਵੀ ਨੂੰ ਕੁੱਤੇ ਗਵਾਈਂ ਭਾਵ ਬਿਰਥਾ ਕਰਕੇ ਜਾਂਦੇ ਹਨ ਤੇ ਮੁੜ ਉਨ੍ਹਾਂ ਹੀ ਜੂਨਾਂ-ਗਰਭਾਂ ਦੇ ਗੇੜ `ਚ ਪੈਂਦੇ ਹਨ। ਅਜਿਹੇ ਜਨਮ, ਸਫ਼ਲ ਨਹੀਂ ਹੁੰਦੇ, ਮਨੁੱਖਾ ਜਨਮ ਪਾ ਕੇ ਵੀ ਉਹ ਪ੍ਰਭੂ `ਚ ਅਭੇਦ ਨਹੀਂ ਹੁੰਦੇੇ। ਇਸ ਤਰ੍ਹਾਂ ਉਨ੍ਹਾਂ ਦਾ ਪ੍ਰਭੂ ਤੋਂ ਵਿਛੋੜਾ, ਪਹਿਲਾਂ ਵਾਂਙ ਹੀ ਬਣਿਆ ਰਹਿੰਦਾ ਹੈ।

ਜਿਵੇਂ "ਕੁੱਤੇ ਓਪਰੇ ਕੁੱਤਿਆਂ ਨੂੰ ਵੇਖ ਕੇ ਜਰ ਨਹੀਂ ਸਕਦੇ, ਅਤੇ ਉਨਾਂ ਨੂੰ ਪਾੜ ਖਾਂਦੇ ਹਨ। ਠੀਕ ਇਸੇ ਤਰ੍ਹਾਂ ਬਾਬਰ ਦੇ ਇਸ ਹਮਲੇ ਤੇ ਕਤਲੋਗ਼ਾਰਤ ਦੌਰਾਨ, ਸੈਦਪੁਰ `ਚ ਮਨੁੱਖਾਂ ਨੂੰ ਪਾੜ ਕੇ ਖਾਣ ਵਾਲੇ ਇਨ੍ਹਾਂ ਮਨੁੱਖ-ਰੂਪ ਬਾਬਰ ਦੇ ਮੁਗ਼ਲ ਕੁੱਤਿਆਂ ਨੇ, ਤੇਰੇ ਬਣਾਏ ਹੋਏ ਸੋਹਣੇ ਬੰਦਿਆਂ ਨੂੰ ਵੀ ਮਾਰ- ਮਾਰ ਕੇ ਮਿੱਟੀ `ਚ ਰੋਲ ਦਿੱਤਾ ਹੈ, ਅਤੇ ਇਨ੍ਹਾਂ ਮਰੇ ਪਿਆਂ ਦੀ ਸਾਰ ਲੈਣ ਵਾਲਾ ਵੀ ਕੋਈ ਨਹੀਂ ਸੀ।

(ਹ) "ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ" - ਧਨ ਪਦਾਰਥਾਂ ਤੇ ਹਕੂਮਤ ਆਦਿ ਦੇ ਨਸ਼ੇ `ਚ ਮਨੁੱਖ ਆਪਣੀ ਅਸਲੀਅਤ ਭੁੱਲ ਜਾਂਦਾ ਹੈ ਤੇ ਆਕੜ ਵਿਖਾ-ਵਿਖਾ ਕੇ ਹੋਰਨਾਂ ਨੂੰ ਦੁੱਖ ਦਿੰਦਾ ਹੈ। ਉਹ ਇਹ ਨਹੀਂ ਸਮਝਦਾ ਕਿ ਜੇ ਕੋਈ ਮਨੁੱਖ ਸੰਸਾਰ `ਚ ਆਪਣੇ ਆਪ ਨੂੰ ਵੱਡਾ ਅਖਵਾ ਵੀ ਲਏ, ਜੇ ਮਨ-ਮੰਨੀਆਂ ਰੰਗ-ਰਲੀਆਂ ਵੀ ਮਾਣ ਲਵੇ, ਤਾਂ ਵੀ ਖਸਮ-ਪ੍ਰਭੂ ਦੀਆਂ ਨਜ਼ਰਾਂ `ਚ ਉਸ ਦੀ ਕੀਮਤ ਧਰਤੀ ਦੇ ਕਿਸੇ ਕੀੜੇ ਤੋਂ ਵੱਧ ਨਹੀਂ ਹੁੰਦੀ। ਉਹ ਕੀੜਾ, ਜਿਹੜਾ ਧਰਤੀ ਤੋਂ ਕੇਵਲ ਦਾਣੇ ਚੁਗ ਚੁਗ ਕੇ ਹੀ ਆਪਣਾ ਗੁਜ਼ਾਰਾ ਕਰਦਾ ਹੈ ਭਾਵ ਅਜਿਹਾ ਮਨੁੱਖ ਆਪਣੀ ਹਉਮੈ ਦੀ ਬਦ-ਮਸਤੀ `ਚ ਹੀ ਆਪਣਾ ਕੀਮਤੀ ਮਨੁੱਖਾ ਜਨਮ ਵੀ ਅਜਾਈਂ ਗੁਆ ਜਾਂਦਾ ਹੈ ਅਤੇ ਮੁੜ ਉਨ੍ਹਾਂ ਹੀ ਭਿੰਨ ਭਿੰਨ ਜੂਨਾਂ ਤੇ ਗਰਭਾਂ ਦੀ ਵਿਸ਼ਟਾ `ਚ ਹੀ ਪੈਂਦਾ ਹੈ।

(ਕ) "ਮਰਿ ਮਰਿ ਜੀਵੈ ਤਾ ਕਿਛੁ ਪਾਏ ਨਾਨਕ ਨਾਮੁ ਵਖਾਣੇ" - ਲੋੜ ਹੈ ਕਿ ਮਨੁੱਖਾ ਜਨਮ ਪਾਉਣ ਬਾਅਦ, ਮਨੁੱਖ ਇਸ ਵਿਸ਼ੇਸ਼ ਜਨਮ ਦੀ ਅਮੁੱਲਤਾ ਤੇ ਇਸਦੇ ਇਕੋ ਇੱਕ ਮਕਸਦ ਦੀ ਪਹਿਚਾਣ ਕਰੇ। ਪ੍ਰਾਪਤ ਮਨੁੱਖਾ ਜਨਮ ਦੀ ਸਫ਼ਲਤਾ ਲਈ "ਮਰਿ ਮਰਿ ਜੀਵੈ" ਸੰਸਾਰਕ ਮੋਹ ਮਾਇਆ ਤੇ ਵਿਕਾਰਾਂ ਆਦਿ ਵੱਲੋਂ ਮਨ ਨੂੰ ਮਾਰੇ। ਉਸਦੇ ਬਦਲੇ `ਚ "ਨਾਨਕ ਨਾਮੁ ਵਖਾਣੇ" ਉਹ ਆਪਣੇ ਜੀਵਨ ਨੂੰ ਸ਼ਬਦ-ਗੁਰੂ ਦੇ ਰੰਙ `ਚ ਰੰਙੇ। ਇਸ ਤਰ੍ਹਾਂ ਉਹ "ਤਾ ਕਿਛੁ ਪਾਏ" ਜੀਂਦੇ ਜੀਅ ਵੀ ਆਤਮਕ ਜੀਵਨ ਜੀਏ, ਅਨੰਦ ਮਾਨੇ ਤੇ ਸਰੀਰ ਨੂੰ ਤਿਆਗਣ ਬਾਅਦ ਵੀ ਅਸਲੇ ਪ੍ਰਭੂ `ਚ ਹੀ ਅਭੇਦ ਹੋ ਜਾਵੇ, ਅਕਾਲਪੁਰਖ `ਚ ਹੀ ਸਮਾਅ ਜਾਵੇ, ਮੁੜ ਜਨਮਾਂ-ਜੂਨਾਂ ਦੇ ਗੇੜ `ਚ ਨਾ ਆਵੇ। (ਚਲਦਾ) #417 P-II.124s07.03.16#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਅਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋ ਚੁੱਕੀ ਲੜੀ-ਇਨ੍ਹਾਂ ਸਾਰੀਆਂ ਲਿਖਤਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.417P-II

"ਜੇ ਸਕਤਾ ਸਕਤੇ ਕਉ ਮਾਰੇ. ."

ਅਤੇ

"ਜਮੁ ਕਰਿ ਮੁਗਲੁ ਚੜਾਇਆ…"

(ਭਾਗ ਦੂਜਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org




.