.

ਪ੍ਰਿੰ: ਗੁਰਬਚਨ ਸਿੰਘ ਪੰਨਵਾਂ , ਥਾਈਲੈਂਡ ਵਾਲੇ

ਨਾਨਕਾਣਾ ਸਾਹਿਬ ਵਲ ਨੂੰ ਰਵਾਨਗੀ

ਸਰਹੱਦ ਤੇ ਲੱਗੇ ਹੋਏ ਸਾਰੇ ਛਾਨਣਿਆਂ ਵਿਚਦੀ ਲੰਘ ਕੇ ਆਰਜ਼ੀ ਕੈਂਪ ਵਿਚ ਆ ਗਏ। ਏੱਥੇ ਸਵਾਦਿਸਟ ਲੰਗਰ ਛੱਕਿਆ ਤੇ ਵਿਹਲੀਆਂ ਜੇਹੀਆਂ ਕੁਰਸੀਆਂ ਦੇਖ ਕੇ ਅਸੀਂ ਬੈਠ ਗਏ। ਪੰਜ ਠੰਡੀਆਂ ਬੱਸਾਂ ਤੇ ਇੱਕੀ ਵੈਨਾਂ ਸਾਡੀ ਉਡੀਕ ਕਰ ਰਹੀਆਂ ਕਤਾਰਾਂ ਵਿਚ ਸਾਹਮਣੇ ਖੜੀਆਂ ਦਿਸਦੀਆਂ ਸਨ। ਇਹਨਾਂ ਵਿਚੋਂ ਅਜੇ ਕੁਝ ਵੈਨਾਂ ਆਉਣੀਆਂ ਸਨ। ਜ਼ਿਆਦਾ ਜ਼ਿੰਮੇਵਾਰ ਵਿਅਕਤੀਆਂ ਲਈ ਕਾਰਾਂ ਦਾ ਪ੍ਰਬੰਧ ਕੀਤਾ ਹੋਇਆ ਸੀ। ਅਜੇ ਯਾਤਰੂ ਸੜਕੀ ਰੇਲ ਰਾਂਹੀਂ ਆ ਰਹੇ ਸਨ। ਅਸੀਂ ਏਦਾਂ ਵੀ ਸੋਚ ਰਹੇ ਸੀ ਕਿ ਸ਼ਾਇਦ ਜਿਹੜੇ ਪਹਿਲਾਂ ਆ ਗਏ ਹਨ ਉਹਨਾਂ ਨੂੰ ਪਹਿਲਾਂ ਤੋਰ ਦਿੱਤਾ ਜਾਏਗਾ। ਥੋੜੇ ਚਿਰ ਬਾਅਦ ਪਤਾ ਲੱਗਾ ਕਿ ਸੁਰੱਖਿਆ ਕਾਰਨਾ ਕਰਕੇ ਸਾਰਾ ਜੱਥਾ ਇਕੋ ਵਾਰ ਹੀ ਤੋਰਿਆ ਜਾਣਾ ਹੈ। ਏੱਥੇ ਬਾਥਰੂਮ ਦਾ ਕੋਈ ਵਧੀਆ ਪ੍ਰਬੰਧ ਨਹੀਂ ਸੀ। ਇਹ ਇਕ ਹਵੇਲ ਜੇਹਾ ਹੀ ਸੀ।
ਏੱਥੇ ਕਈ ਮਹਿਕਮਿਆਂ ਦੇ ਛੱਟੇ ਵੱਡੇ ਅਫ਼ਸਰ ਆਪਣੀ ਆਪਣੀ ਜ਼ਿੰਮੇਵਾਰੀ ਬੜੀ ਬਰੀਕੀ ਨਾਲ ਨਿਭਾਉਂਦੇ ਨਜ਼ਰ ਆ ਰਹੇ ਸਨ। ਹੱਥ ਵਾਲੇ ਸਪੀਕਰ ਤੋਂ ਅਵਾਜ਼ ਆਈ ਕਿ ਆਪਣਾ ਆਪਣਾ ਨੰਬਰ ਦੇਖ ਕੇ ਬੱਸ ਜਾਂ ਵੈਨ ਵਿਚ ਸਵਾਰ ਹੋ ਜਾਓ। ਅਸੀਂ ਵੀ ਆਪਣੀ ਵੈਨ ਲੱਭ ਰਹੇ ਸੀ ਪਰ ਸਾਡੀ ਵੈਨ ਅਜੇ ਆਈ ਨਹੀਂ ਸੀ। ਦਿੱਲੀ ਤੋਂ ਗਏ ਜੱਥੇ ਦੇ ਇਕ ਪ੍ਰਬੰਧਕ ਆਗੂ ਨੇ ਸਾਨੂੰ ਖਲੋਤਿਆਂ ਦੇਖ ਕੇ ਕਿਸੇ ਹੋਰ ਵੈਨ ਵਿਚ ਬੈਠਣ ਦਾ ਪ੍ਰਬੰਧ ਕਰ ਦਿੱਤਾ। ਇਸ ਵੈਨ ਵਿਚ ਲੱਗ-ਪਗ ਇਕ ਹੀ ਪਰਵਾਰ ਨਾਲ ਸਬੰਧਿਤ ੧੫ ਕੁ ਜੀਅ ਬੈਠੇ ਹੋਏ ਸਨ। ਇਹਨਾਂ ਦੇ ਆਗੂ ਭਾਈ ਦੇਵਿੰਦਰ ਸਿੰਘ ਜੀ ਕਵਾਤਰਾ ਦਿੱਲੀ ਵਾਲਿਆਂ ਨੇ ਸਾਨੂੰ ਜੀ ਆਇਆ ਅਖਿਆ। ਇਹਨਾਂ ਸਾਡੇ ਨਾਲ ਏੰਨੀ ਅਪਣੱਤ ਦਿਖਾਈ ਜਿਵੇਂ ਸਾਨੂੰ ਚਿਰਾਂ ਦੇ ਜਾਣਦੇ ਹੋਣ। ਕੁਝ ਸੀਟਾਂ ਖਾਲੀ ਸਨ ਪਰ ਅਸੀਂ ਮਗਰਲੀ ਸੀਟ 'ਤੇ ਬੈਠ ਗਏ। ਥੋੜੇ ਚਿਰ ਉਪਰੰਤ ਦਿੱਲੀ ਵਾਲੇ ਜੱਥੇ ਦਾ ਇਕ ਹੋਰ ਪ੍ਰਬੰਧਕ ਆਇਆ ਤੇ ਉਸ ਨੇ ਕਿਹਾ ਕਿ ਧੂੰਦਾ ਜੀ ਮੈਂ ਤੂਹਾਨੂੰ ਹੀ ਲੱਭ ਰਿਹਾ ਸੀ। ਤੁਹਾਡੀ ਵੈਨ ਤਾਂ ਦੂਜੀ ਹੈ। ਵੈਨ ਵਿਚ ਬੈਠੇ ਪਰਵਾਰਾਂ ਨੇ ਕਿਹਾ ਕਿ ਇਹਨਾਂ ਨੂੰ ਹੁਣ ਏੱਥੇ ਹੀ ਬੈਠੇ ਰਹਿਣ ਦਿਓ। ਆਇਆ ਵੀਰ ਕਹਿਣ ਲੱਗਾ ਚਲੋ ਕੋਈ ਗੱਲ ਨਹੀਂ ਓੱਥੇ ਹੋਰ ਯਾਤਰੂ ਬਿਠਾ ਦੇਂਦੇ ਹਾਂ। ਹੌਲ਼ੀ ਹੌਲ਼ੀ ਬੱਸਾਂ ਵੈਨਾਂ ਨੂੰ ਨੰਬਰਾਂ ਅਨੁਸਾਰ ਕਤਾਰਾਂ ਵਿਚ ਲਾਈ ਜਾ ਰਹੇ ਸਨ ਤੇ ਨਾਲ ਦੀ ਨਾਲ ਗਿਣਤੀ ਵੀ ਕਰੀ ਜਾ ਰਹੇ ਸਨ। ਹੱਥ ਵਾਲੇ ਸਪੀਕਰ ਤੇ ਐਲਾਨ ਕਰਨ ਵਾਲਾ, ਬੱਸਾਂ ਵਿਚਲੀ ਗਿਣਤੀ ਕਰਨ ਵਾਲਾ ਤੇ ਕੁਝ ਹੋਰ ਮੁਲਾਜ਼ਮ ਪੱਕੇ ਤੌਰ ਤੇ ਹੀ ਸਾਰਾ ਸਮਾਂ ਜੱਥੇ ਦੇ ਨਾਲ ਰਹੇ ਸਨ।
ਕਮਾਂਡੋ ਫੋਰਸ ਤੇ ਕਈ ਹੋਰ ਫੋਰਸ ਦੀਆਂ ਗੱਡੀਆਂ ਜੱਥੇ ਦੇ ਨਾਲ ਤਾਇਨਾਤ ਕੀਤੀ ਹੋਈਆਂ ਸਨ। ਅਣ-ਸੁਖਵੀਂ ਘਟਨਾ ਲਈ ਅੱਗ ਬਝਾਊ ਗੱਡੀ ਤੇ ਐਂਬੂਲੈਂਸ ਤਿਆਰ-ਬਰ-ਤਿਆਰ ਨਾਲ ਚਲਣ ਲਈ ਖੜੀਆਂ ਸਨ। ਬੱਸਾਂ ਵੈਨਾਂ ਦੀ ਹਾਲਤ ਬਹੁਤ ਵਧੀਆ ਸੀ। ਸਾਡੀ ਵੈਨ ਵਿਚ ਇਕ ਬਹੁਤ ਹੀ ਉਤਸਾਹੀ ਵੀਰ ਬੈਠਾ ਸੀ ਜੋ ਹਰ ਵਾਰੀ ਤੁਰਨ ਸਮੇਂ ਤੇ ਗੁਰਦੁਆਰਾ ਪਹੁੰਚਣ ਸਮੇਂ, ਪੰਜ ਜੈਕਾਰੇ ਲਗਾਉਂਦਾ ਸੀ। ਜਿਉਂ ਹੀ ਯਾਤਰੂਆਂ ਦਾ ਜੱਥਾ ਵੱਡੀ ਸੜਕ ਵਲ ਨੂੰ ਵੱਧਿਆ ਪੁਲੀਸ ਦੀਆਂ ਗੱਡੀਆਂ ਦੇ ਹੁਟਰਾਂ ਨੇ ਭਿਆਨਕ ਜੇਹੀਆਂ ਅਵਾਜ਼ਾ ਕੱਢੀਆਂ, ਗੜਗੜਾਹਟ ਪੈਦਾ ਹੋਈ, ਪੁਲੀਸ ਦੀਆਂ ਗੱਡੀਆਂ ਲਾਲ ਬੱਤੀਆਂ ਨਾਲ ਜਗ ਮਗਾ ਉੱਠੀਆਂ। ਆਲੇ ਦੁਆਲੇ ਨੇ ਕੰਨ ਚੁੱਕੇ, ਉਤਸੁਕਤਾ ਵੱਧੀ। ਕਮਾਂਡੋ ਫੋਰਸ ਪੂਰੀ ਤਿਆਰੀ ਵਿਚ ਆਪਣੇ ਮੋਰਚੇ ਸੰਭਾਲ ਕੇ ਅੱਗੇ ਵੱਧਣ ਲੱਗੇ। ਸਾਨੂੰ ਮਹਿਸੂਸ ਹੋਇਆ ਕਿ ਅਸੀਂ ਹੁਣ ਆਮ ਆਦਮੀ ਨਹੀਂ ਰਹੇ ਸਗੋਂ ਪਾਕਿਸਤਾਨ ਸਰਕਾਰ ਦੇ ਸਰਕਾਰੀ ਮਹਿਮਾਨ ਹਾਂ। ਬੱਸਾਂ ਵੈਨਾਂ ਨੇ ਸਪੀਡ ਪਕੜੀ ਪੁਲੀਸ ਦੀਆਂ ਗੱਡੀਆਂ ਦੇ ਹੂਟਰਾਂ ਦੀ ਅਵਾਜ਼ ਸੁਣਦਿਆਂ ਹੀ ਲੋਕ ਰਾਹ ਛੱਡ ਕੇ ਪਰੇ ਹੋਈ ਜਾ ਰਹੇ ਸਨ। ਮੈਂ ਜਿੰਨੀ ਵਾਰੀ ਵੀ ਬਾਹਰ ਗਿਆਂ ਹਾਂ ਤਾਂ ਇਕ ਤਮੰਨਾ ਰਹਿੰਦੀ ਹੈ ਕਿ ਕੁਦਰਤ ਦੇ ਨਜ਼ਾਰਿਆਂ ਨੂੰ ਤੱਕਿਆ ਜਾਏ। ਫਿਰ ਆਪਣੇ ਹੀ ਪੰਜਾਬ ਦਿਆਂ ਖੇਤਾਂ ਨੂੰ ਦੇਖਣ ਦਾ ਚਾਅ ਵੱਖਰਾ ਹੀ ਸੀ। ਸੜਕ 'ਤੇ ਗੱਡੀਆਂ ਪੂਰੀ ਤੇਜ਼ੀ ਨਾਲ ਦੌੜ ਰਹੀਆਂ ਸਨ। ਸੜਕ ਦੇ ਕਿਨਾਰਿਆਂ 'ਤੇ ਲੋਕ ਆਪਣੇ ਹੱਥ ਹਿਲਾ ਕੇ ਪੂਰਾ ਸਤਿਕਾਰ ਦੇ ਰਹੇ ਸਨ। ਸਾਡੇ ਕਾਫਲੇ ਦੇ ਅੱਗੇ ਪਿੱਛੇ ਤੇ ਨਾਲ ਨਾਲ ਕਮਾਂਡੋ ਫੋਰਸ ਜਾ ਰਹੀ ਸੀ। ਪੰਜਾਬ ਪੁਲੀਸ ਸਾਰੀ ਅਵਾਜਾਈ ਨੂੰ ਬੜੇ ਸੁਚਾਰੂ ਢੰਗ ਨਾਲ ਚਲਾ ਰਹੀ ਸੀ। ਬਿਨਾ ਰੋਕ ਟੋਕ ਦੇ ਕਾਫਲਾ ਅੱਗੇ ਵਧੀ ਜਾ ਰਿਹਾ ਸੀ। ਲਾਹੌਰ ਦੇ ਬਾਈ ਪਾਸ ਵਾਲੇ ਚੌਂਕ ਵਿਚ ਖਲੋਤੀ ਆਵਾਜਾਈ ਦੇਖ ਕੇ ਅੰਮ੍ਰਿਤਸਰ ਦੇ ਚੌਂਕ ਯਾਦ ਆ ਰਹੇ ਸਨ। ਮੋਟਰ ਸਾਇਕਲ 'ਤੇ ਲਗ-ਪਗ ਤਿੰਨ ਤਿੰਨ ਸਵਾਰੀਆਂ ਆਮ ਦੇਖੀਆਂ ਜਾ ਸਕਦੀਆਂ ਸਨ। ਕਈਆਂ ਨੇ ਤਾਂ ਪੂਰਾ ਪਰਵਾਰ ਹੀ ਬੈਠਾਇਆ ਹੁੰਦਾ ਦਿਸਦਾ ਸੀ।
ਜਿੱਥੇ ਕਿਤੇ ਮਾੜੀ ਜੇਹੀ ਆਵਾਜਾਈ ਰੁਕਦੀ ਓਸੇ ਵੇਲੇ ਹੀ ਕਮਾਂਡੋ ਫੋਰਸ ਵਾਲੇ ਬੜੀ ਮੁਸਤੈਦੀ ਨਾਲ ਆਪਣੀਆਂ ਗੱਡੀਆਂ ਵਿਚੋਂ ਬਾਹਰ ਆ ਕੇ ਬੜੀ ਸਾਵਧਾਨੀ ਨਾਲ ਮੋਰਚੇ ਸੰਭਾਲ ਲੈਂਦੇ ਸਨ। ਜਦੋਂ ਦੀ ਹੋਸ਼ ਸੰਭਾਲ਼ੀ ਹੈ ਓਦੋਂ ਤੋਂ ਹੀ ਗੁਰੂ ਨਾਨਕ ਸਾਹਿਬ ਜੀ ਦਾ ਜੀਵਨ ਪੜ੍ਹਦਿਆਂ ਜ਼ਿਲ੍ਹਾ ਸ਼ੇਖੂਪੁਰਾ ਪੜ੍ਹਨ ਸੁਣਨ ਨੂੰ ਮਿਲਦਾ ਸੀ ਕਿ ਲਾਹੌਰ ਤੋਂ ੪੮ ਮੀਲ ਦੀ ਦੂਰੀ ਤੇ ਸਥਿੱਤ ਹੈ। ਪਰ ਅੱਜ ਅਸੀਂ ਸ਼ੇਖੂਪੁਰਾ ਦੇ ਵਿਚ ਦੀ ਲੰਘ ਕੇ ਅੱਗੇ ਜਾ ਰਹੇ ਸੀ। ਕਿਤੇ ਨਵੇਂ ਪੁਰਾਣੇ ਘਰ, ਵੱਡੀਆਂ ਕੋਠੀਆਂ, ਪਬਲਿਕ ਸਕੂਲਾਂ ਦੀਆਂ ਇਮਾਰਤਾਂ ਤੇ ਕਿਤੇ ਕਾਰਖਾਨੇ ਧੂੰਆਂ ਕੱਢਦੇ ਦਿਸਦੇ ਸਨ। ਇੰਜ ਮਹਿਸੂਸ ਹੋ ਰਿਹਾ ਸੀ ਜਿਵੇਂ ਅੰਮ੍ਰਿਤਸਰ ਦੇ ਬਾਈਪਾਸ ਦੀ ਲੰਘ ਰਹੇ ਹੋਈਏ। ਕਿੰਨੇ ਪਿੰਡ ਦੇਖੇ ਜੋ ਗਿਣਤੀ ਤੋਂ ਬਾਹਰ ਸਨ। ਆਪਸ ਵਿਚ ਗੱਲਾਂ ਕਰਦਿਆਂ ਨਨਕਾਣਾ ਸਾਹਿਬ ਸ਼ਹਿਰ ਦੀ ਹੱਦ ਸ਼ੁਰੂ ਹੋ ਗਈ। ਮੁੱਖ ਸੜਕ ਤੋਂ ਮੁੜਦਿਆਂ ਹੀ ਬਹੁਤ ਖੂਬਸੂਰਤ ਗੇਟ ਬਣਿਆ ਹੋਇਆ ਸੀ ਜਿਸ ਤੇ ਪੰਜਾਬੀ ਵਿਚ ਜੀ ਆਇਆਂ ਲਿਖਿਆ ਹੋਇਆ ਸੀ। ਹੋਰ ਵੀ ਬਹੁਤ ਸਾਰੇ ਬੋਰਡ ਪੰਜਾਬੀ ਵਿਚ ਲਿਖੇ ਹੋਏ ਦੇਖਣ ਵਿਚ ਆਏ ਸਨ। ਨਨਕਾਣਾ ਸਾਹਿਬ ਬਜ਼ਾਰ ਵਿਚ ਦਾਖਲ ਹੁੰਦਿਆਂ ਦੇਖਿਆ ਗਿਆ ਕਿ ਸਾਰਾ ਬਜ਼ਾਰ ਬੰਦ ਕੀਤਾ ਹੋਇਆ ਹੈ। ਖਾਲੀ ਬਜ਼ਾਰ ਵਿਚ ਸਾਰਾ ਕਾਫਲਾ ਰੁੱਕ ਗਿਆ ਤੇ ਡ੍ਰਾਈਵਰ ਗੱਡੀਆਂ ਬੱਸਾਂ 'ਤੇ ਚੜ੍ਹ ਕੇ ਯਾਤਰੂਆਂ ਦਾ ਸਮਾਨ ਉਤਾਰ ਕੇ ਦੇ ਰਹੇ ਸਨ। ਅਸੀਂ ਵੀ ਆਪਣਾ ਸਮਾਨ ਲਿਆ ਤੇ ਗੁਰਦੁਆਰਾ ਸਾਹਿਬ ਵਲ ਨੂੰ ਚਲ ਪਏ।
ਜ਼ਮਾਨਾ ਬਦਲਣ ਨਾਲ ਕਈ ਤੌਰ ਤਰੀਕੇ ਵੀ ਬਦਲ ਜਾਂਦੇ ਹਨ। ੧੯੭੯ ਵਿਚ ਜਦੋਂ ਮੈਂ ਇਸ ਅਸਥਾਨ ਤੇ ਆਇਆ ਸੀ ਤਾਂ ਓਦੋਂ ਰੇਲ ਗੱਡੀ ਰਾਂਹੀ ਆਏ ਸੀ। ਰੇਲਵੇ ਸ਼ਟੇਸ਼ਨ 'ਤੇ ਗੱਡੀ ਮਗਰੋਂ ਖਲੋਤੀ ਸੀ ਪਰ ਜਾਣਕਾਰ ਯਾਤਰੂ ਪਹਿਲਾਂ ਹੀ ਛਾਂਲਾਂ ਮਾਰ ਕੇ ਭੱਜ ਤੁਰੇ ਸਨ। ਮੈਂ ਭਾਈ ਦਰਸ਼ਨ ਸਿੰਘ ਮੰਡੀ ਵਾਲਿਆਂ ਨੂੰ ਪੁੱਛਿਆ ਕਿ ਇਹਨਾਂ ਨੂੰ ਕੀ ਹੋ ਗਿਆ ਹੈ, ਗੱਡੀ ਅਜੇ ਰੁਕੀ ਵੀ ਨਹੀਂ ਹੈ ਤੇ ਇਹ ਪਹਿਲਾ ਹੀ ਛਾਲਾਂ ਮਾਰ ਕੇ ਭੱਜ ਨਿਕਲੇ ਹਨ। ਉਹ ਕਹਿੰਦੇ ਸਾਰੇ ਰੌਲ਼ਾ ਪਿਆ ਹੋਇਆ ਕਿ ਛੇਤੀ ਛੇਤੀ ਜਾ ਕੇ ਕਮਰੇ ਮਲ ਲਈਏ। ਇਸ ਲਈ ਇਹ ਸਾਰੇ ਭੱਜ ਭੱਜ ਕੇ ਕਮਰਿਆਂ 'ਤੇ ਕਬਜ਼ਾ ਕਰਨ ਲਈ ਜਾ ਰਹੇ ਹਨ। ਮੈਂ ਕਿਹਾ ਫਿਰ ਆਪਣਾ ਕੀ ਬਣੂੰਗਾ? ਕਹਿੰਦੇ ਚੁੱਪ ਕਰਕੇ ਸਮਾਨ ਚੁੱਕੋ ਕੋਈ ਨਾ ਕੋਈ ਢੋਅ ਢੁੱਕ ਜਾਏਗਾ ਆਪਾਂ ਦਰਸ਼ਨ ਦੀਦਾਰੇ ਕਰਨ ਆਏ ਹਾਂ। ਜਿੱਥੇ ਜਗ੍ਹਾ ਮਿਲੂ ਓੱਥੇ ਹੀ ਰਾਤ ਕੱਟ ਲਵਾਂਗੇ। ਮੈਂ ਓਦੋਂ ਰਾਮਗੜ੍ਹੀਆ ਸੀਨੀਅਰ ਸੈਕੰਡਰੀ ਸਕੂਲ ਮਿਲਰ ਗੰਜ ਲੁਧਿਆਣਾ ਵਿਖੇ ਪੜ੍ਹਾਉਂਦਾ ਸੀ। ਮਾਸਟਰ ਦਰਸ਼ਨ ਸਿੰਘ ਮੰਡੀ ਵਾਲੇ ਵੀ ਏਸੇ ਸਕੂਲ ਵਿਚ ਪੜ੍ਹਾਉਂਦੇ ਸਨ। ਸਾਡਾ ਆਪਸ ਵਿਚ ਭਰਾਵਾਂ ਵਾਲਾ ਰਿਸ਼ਤਾ ਬਣ ਗਿਆ ਸੀ ਜੋ ਅੱਜ ਤੀਕ ਨਿੰਰਤਰ ਚੱਲ ਰਿਹਾ ਹੈ। ਛੁੱਟੀਆਂ ਵਿਚ ਅਸੀਂ ਕਈ ਥਾਂਈ ਇਕੱਠਿਆਂ ਯਾਤਰਾ ਕੀਤੀ ਹੈ।
ਇਸ ਵਾਰੀ ਸਾਰਾ ਕੁਝ ਤਰਤੀਬ ਨਾਲ ਚੱਲ ਰਿਹਾ ਨਜ਼ਰ ਆ ਰਿਹਾ ਸੀ। ਮੁੱਖ ਦਰਵਾਜ਼ਾ ਸੁਰੱਖਿਆ ਨੂੰ ਮੁੱਖ ਰੱਖ ਕੇ ਬੰਦ ਕੀਤਾ ਹੋਇਆ ਸੀ। ਪੰਜਾਬ ਪੁਲੀਸ ਤੇ ਕਮਾਂਡੋ ਜਵਾਨ ਛਾਤੀਆਂ ਤਾਣੀ ਖਲੋਤੇ ਹੋਏ ਦਿਸਦੇ ਸਨ। ਇਹ ਸਾਰਾ ਕੁਝ ਯਾਤਰੂਆਂ ਦੀ ਸੁਰੱਖਿਆ ਲਈ ਕੀਤਾ ਹੋਇਆ ਸੀ। ਏੱਥੇ ਭਾਈ ਮਨਿੰਦਰ ਸਿਘ ਮੈਂਬਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਓਕਾਫ਼ ਬੋਰਡ ਦੇ ਅਧਿਕਾਰੀ ਅਤੇ ਹੋਰ ਪਤਵੰਤੇ ਸੱਜਣਾਂ ਨੇ ਆਏ ਯਾਤਰੂਆਂ ਨੂੰ ਜੀ ਆਇਆਂ ਕਿਹਾ। ਭਾਈ ਮਨਿੰਦਰ ਸਿੰਘ ਜੀ ਦੀ ਧੂੰਦਾ ਜੀ ਨਾਲ ਅਕਸਰ ਗੱਲਬਾਤ ਹੁੰਦੀ ਰਹਿੰਦੀ ਸੀ। ਵਾਹਗਾ ਸਰਹੱਦ ਤੋਂ ਵੀ ਉਹਨਾਂ ਦਾ ਟੈਲੀਫੂਨ ਆਇਆ ਸੀ ਕਿ ਅਸੀਂ ਤੁਹਾਡਾ ਇੰਤਜ਼ਾਰ ਕਰ ਰਹੇ ਹਾਂ। ਵੈਨ ਵਿਚੋਂ ਉਤਰ ਦਿਆਂ ਉਹ ਭਾਈ ਧੂੰਦਾ ਜੀ ਨੂੰ ਆਪਣੇ ਨਾਲ ਅੱਗੇ ਲੈ ਗਏ।
ਮੁੱਖ ਦਰਵਾਜ਼ੇ ਦੇ ਅੱਗੇ ਜਾ ਕੇ ਇਕ ਛੱਟਾ ਜੇਹਾ ਦਰਵਾਜ਼ਾ ਰੱਖਿਆ ਹੋਇਆ ਸੀ। ਬੀਬੀਆਂ ਦੀ ਵੱਖਰੀ ਕਤਾਰ ਤੇ ਭਾਈਆਂ ਦੀ ਵੱਖਰੀ ਕਤਾਰ ਲੱਗੀ ਹੋਈ ਸੀ। ਜ਼ਨਾਨਾ ਪੁਲੀਸ ਦਾ ਵੀ ਪੂਰਾ ਪ੍ਰਬੰਧ ਸੀ। ਹਰ ਕਰਮਚਾਰੀ ਬੜੇ ਸਲੀਕੇ ਨਾਲ ਪੇਸ਼ ਆਉਂਦਾ ਸੀ। ਦਰਵਾਜ਼ੇ ਤੇ ਇਕ ਕਾਲੇ ਰੰਗ ਦੀ ਮਸ਼ੀਨ ਲੱਗੀ ਹੋਈ ਸੀ। ਇਹ ਮਸ਼ੀਨ ਸਾਡੇ ਸਮਾਨ ਦੀ ਧੁਰ ਤੱਕ ਦੀ ਤਲਾਸ਼ੀ ਲੈ ਕੇ ਆਪਣੀ ਪੂਰੀ ਤਸੱਲੀ ਕਰਨ ਉਪਰੰਤ ਹੀ ਅੱਗੇ ਜਾਣ ਦੇਂਦੀ ਸੀ। ਹਰੇਕ ਯਾਤਰੂ ਥੱਕਿਆ ਹੋਇਆ ਹੋਣ ਕਰਕੇ ਕਾਹਲ ਵਿਚ ਸੀ। ਮਸ਼ੀਨ ਵਲੋਂ ਵਿਹਲੇ ਹੁੰਦਿਆਂ ਹੀ ਗੁਰਦੁਆਰਾ ਸਾਹਿਬ ਦੇ ਵਿਹੜੇ ਵਿਚ ਆ ਗਏ। ਇਸ ਵਿਹੜੇ ਵਿਚ ਕੁਝ ਅਧਿਕਾਰੀ ਖੜੇ ਸਨ। ਏੱਥੇ ਇਕ ਫਾਰਮ ਤੇ ਉਸ ਉੱਪਰ ਫੋਟੋ ਲਗਾ ਕੇ ਦੇਣੀ ਸੀ। ਦੋ ਕੁ ਮਿੰਟਾਂ ਵਿਚ ਅਸਾਂ ਫਾਰਮ ਭਰ ਕੇ ਅਧਿਕਾਰੀਆਂ ਨੂੰ ਦਿੱਤੇ ਤੇ ਅਸੀਂ ਦਰਬਾਰ ਸਾਹਿਬ ਦੇ ਦਰਵਾਜ਼ੇ ਅੱਗੇ ਖੜੇ ਹੋ ਗਏ। ਮੁੱਖ ਦਰਵਾਜ਼ੇ ਵਲੋਂ ਜਾਂਦਿਆਂ ਸੱਜੇ ਹੱਥ ਵਕਫ ਬੋਰਡ ਦਾ ਦਫ਼ਤਰ ਸੀ। ਓੱਥੇ ਇਕ ਕੈਸਟ ਲੱਗੀ ਹੋਈ ਸੀ ''ਮੇਰੇ ਨੈਨ ਤਰਸਦੇ ਨਨਕਾਣੇ ਨੂੰ'' ਜੋ ਮਹੌਲ ਨੂੰ ਭਾਵਕ ਬਣਾਈ ਜਾ ਰਿਹਾ ਸੀ ਇਹਨਾਂ ਸਤਰਾਂ ਨੇ ਮੇਰੇ ਮਨ ਨੂੰ ਭਾਵਕ ਕਰ ਦਿੱਤਾ। ਮੈਂ ਕਿੰਨਾ ਚਿਰ ਸੋਚਦਾ ਰਿਹਾ ਕਿ ਜਿਥੇ ਮੈਂ ਖੜਾ ਹਾਂ ਏੱਥੇ ਗੁਰੁ ਨਾਨਕ ਸਾਹਿਬ ਜੀ ਨੇ ਆਪਣਾ ਬਚਪਨਾ ਗ਼ੁਜ਼ਾਰਿਆ ਸੀ। ਘਰ ਵਿਚ ਇਕ ਖੂਹ ਸੀ ਜਿੱਥੇ ਅੱਜ ਕਲ੍ਹ ਪਾਣੀ ਵਾਲੀ ਮੋਟਰ ਲੱਗੀ ਹੋਈ ਹੈ। ਇਸ ਖੂਹ ਤੇ ਹਾਣੀਆਂ ਨਾਲ ਖੇਲੇ ਸਨ। ਮਾਂ ਤ੍ਰਿਪਤਾ ਨੇ ਆਪਣੇ ਹੱਥਾਂ ਨਾਲ ਬਾਲਕ ਨਾਨਕ ਨੂੰ ਰੋਟੀ ਖੁਆਈ ਏ। ਬੇਬੇ ਨਾਨਕੀ ਦੇ ਅਥਾਹ ਪਿਆਰ ਨੂੰ ਕਿੰਨੇ ਪਿਆਰ ਨਾਲ ਮਾਣਿਆ। ਘਰੋਂ ਤਿਆਰ ਹੋ ਕੇ ਪਾਠਸ਼ਾਲ ਤੇ ਮਦਰੱਸੇ ਜਾਂਦੇ ਰਹੇ ਸੀ। ਮੈਨੂੰ ਪਿੰਸੀਪਲ ਸੁਤਬੀਰ ਸਿੰਘ ਜੀ ਦੀ ਇਕ ਗੱਲ ਯਾਦ ਆਈ ਜਿਹੜੀ ਉਹਨਾਂ ਨੇ ਬੈਂਕਾਕ ਵਿਖੇ ਆਪਣਾ ਲੈਕਚਰ ਦੇਂਦਿਆਂ ਕਹੀ ਸੀ ਕਿ ਅੰਮ੍ਰਿਤਸਰ ਜਾਣ ਵਾਲਿਆ ਜਦੋਂ ਤੂੰ ਦਰਬਾਰ ਸਾਹਿਬ ਦੀਆਂ ਪ੍ਰਕਰਮਾਂ ਕਰੇਂਗਾ ਤਾਂ ਬੜੇ ਸਹਿਜ ਨਾਲ ਆਪਣੇ ਪੈਰ ਰੱਖੀਂ। ਜਿੱਥੇ ਤੂੰ ਤੁਰ ਰਿਹਾਂ ਏਂ ਪਤਾ ਨਹੀਂ ਏੱਥੇ ਕਿੰਨਿਆਂ ਸ਼ਹੀਦਾਂ ਨੇ ਆਪਣਾ ਖੂਨ ਰੋੜਿਆ ਹੈ। ''ਮੇਰੇ ਨੈਨ ਤਰਸਦੇ ਨਨਕਾਣੇ ਵਾਲਾ'' ਗੀਤ ਇਕ ਅਜੀਬ ਕਿਸਮ ਦੀ ਭਾਵਕਤਾ ਪੈਦਾ ਕਰ ਰਿਹਾ ਸੀ, ਜਿਹੜੀ ਸ਼ਬਦਾਂ ਵਿਚ ਬਿਆਨ ਨਹੀਂ ਕੀਤੀ ਜਾ ਸਕਦੀ, ਦਿਖਾਈ ਨਹੀਂ ਜਾ ਸਕਦੀ ਤੇ ਨਾ ਹੀ ਲਿਖਣ ਵਿਚ ਆਉਂਦੀ ਹੈ ਇਹ ਸਿਰਫ ਆਤਮਿਕ ਤਲ਼ ਤੇ ਮਾਣੀ ਹੀ ਜਾ ਸਕਦੀ ਹੈ।
ਥੋੜਾ ਚਿਰ ਰੁਕਦਿਆਂ ਭਾਈ ਮਨਿੰਦਰ ਸਿੰਘ ਮੈਂਬਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਭੇਜਿਆ ਹੋਇਆ ਇਕ ਨੌਜਵਾਨ ਆਇਆ ਤੇ ਕਹਿਣ ਲੱਗਾ ਭਾਈ ਸਾਹਿਬ ਜੀ ਆਓ ਮੈਂ ਤੂਹਾਨੂੰ ਤੁਹਾਡੇ ਕਮਰੇ ਤੱਕ ਛੱਡ ਆਵਾਂ ਤੇ ਓਥੇ ਹੀ ਆਪ ਜੀ ਨੂੰ ਸਾਰੇ ਉਡੀਕ ਰਹੇ ਹਨ। ਅਸੀਂ ਆਪਣਾ ਸਮਾਨ ਲਿਆ ਤੇ ਕਮਰਿਆਂ ਵਲ ਨੂੰ ਚੱਲ ਪਏ। ੧੯੭੯ ਵਿਚ ਇਸ ਥਾਂ 'ਤੇ ਆਰਜ਼ੀ ਪਾਖਾਨੇ ਬਣਾਏ ਹੋਏ ਸਨ। ਅੱਜ ਕਲ੍ਹ ਬਾਹਰਲੇ ਮੁਲਕਾਂ ਦੀਆਂ ਸੰਗਤਾਂ ਤੇ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਇਕ ਆਲੀਸ਼ਾਨ ਸਰਾਂ ਬਣਾਈ ਹੋਈ ਹੈ। ਸ਼ਹੀਦ ਦਲੀਪ ਸਿੰਘ ਨਾਲ ਵਾਲੀ ਜ਼ਮੀਨ ਦੇ ਨੇੜੇ ਵੀ ਇਕ ਆਲੀਸ਼ਾਨ ਸਰਾਂ ਬਣੀ ਹੋਈ ਹੈ। ਅਸੀਂ ਕਮਰੇ ਵਿਚ ਪਹੁੰਚੇ ਤਾਂ ਅੱਗੇ ਬਹੁਤ ਸਾਰੇ ਵੀਰ ਬੈਠੇ ਹੋਏ ਸਨ। ਵੀਰਾਂ ਨੇ ਚਾਹ ਆਦ ਪਿਲਾਈ। ਸ਼ਾਮ ਦਾ ਸਮਾਂ ਵੀ ਆਪਣੀ ਚਾਲ ਚੱਲ ਰਿਹਾ ਸੀ। ਦਿੱਲੀ ਤੋਂ ਆਏ ਰਾਗੀ ਜੱਥੇ ਨੇ ਕੀਰਤਨ ਸ਼ੂਰੂ ਕਰ ਦਿੱਤਾ ਸੀ। ਪਾਕਿਸਤਾਨ ਵਾਲੇ ਵੀਰ ਢੇਰ ਸਾਰੀਆਂ ਗੱਲਾਂ ਵੀ ਕਰਨੀਆਂ ਚਹੁੰਦੇ ਸਨ ਤੇ ਦੂਸਰੇ ਪਾਸੇ ਕਥਾ ਦਾ ਵੀ ਸਮਾਂ ਹੁੰਦਾ ਜਾ ਰਿਹਾ ਸੀ। ਅਸੀਂ ਤਿਆਰ ਹੋ ਕੇ ਗੱਲਾਂ ਬਾਤਾਂ ਕਰਦਿਆਂ ਦਰਬਾਰ ਸਾਹਿਬ ਵਲ ਨੂੰ ਤੁਰ ਪਏ। ਗੁਰੂ ਸਾਹਿਬ ਜੀ ਦੇ ਜਨਮ ਅਸਥਾਨ ਵਾਲੀ ਭੂਮੀ ਤੇ ਤੁਰਦਿਆਂ ਇਕ ਇਲਾਹੀ ਜੇਹਾ ਸਰੂਰ ਆ ਰਿਹਾ ਸੀ। ਬਹੁਤ ਸਾਰੀਆਂ ਸੰਗਤਾਂ ਦਰਬਾਰ ਹਾਲ ਤੇ ਬਾਹਰਲੇ ਪਾਸੇ ਬੈਠੀਆਂ ਹੋਈਆਂ ਸਨ। ਗੁਰੂ ਨਾਨਕ ਸਾਹਿਬ ਜੀ ਦੇ ਉਸ ਅਸਥਾਨ ਵਲ ਨੂੰ ਜਾ ਰਹੇ ਸੀ ਜਿੱਥੇ ਗੁਰੂ ਸਾਹਿਬ ਜੀ ਦਾ ਆਗਮਨ ਹੋਇਆ ਸੀ। ਅਤੀਤ ਵਲ ਜਾਂਦਿਆਂ ਇੰਜ ਮਹਿਸੂਸ ਹੋ ਰਿਹਾ ਸੀ ਕਿ ਕਦੇ ਏੱਥੇ ਕੁਝ ਕਮਰਿਆਂ ਵਾਲਾ ਘਰ ਸੀ, ਜਿੱਥੇ ਆਂਢ ਗਵਾਂਢ ਦੇ ਲੋਕ ਮਾਂ ਤ੍ਰਿਪਤਾ ਪਾਸੋਂ ਆਪਣੀਆਂ ਕਈ ਲੋੜਾਂ ਪੂਰੀਆਂ ਕਰਦੇ ਸਨ। ਉਸ ਦੇ ਅੱਗੇ ਇਕ ਰਸੋਈ ਸੀ ਜਿੱਥੇ ਬੇਬੇ ਨਾਨਕੀ ਤੇ ਛੋਟਾ ਵੀਰ ਨਾਨਕ ਪੀੜ੍ਹੀਆਂ ਤੇ ਬੈਠ ਕੇ ਗਰਮ ਗਰਮ ਪ੍ਰਸ਼ਾਦਾ ਛੱਕਦੇ ਸਨ। ਖੁਲ੍ਹੇ ਵਿਹੜੇ ਵਿਚ ਕਈ ਜ਼ਿੰਮੀਦਾਰ ਪਿਤਾ ਕਲਿਆਣ ਦਾਸ ਜੀ ਮਹਿਤਾ ਤੋਂ ਆਪਣਿਆਂ ਖੇਤਾਂ ਸਬੰਧੀ ਜਾਣਕਾਰੀ ਲੈਂਦੇ ਹੋਣਗੇ। ਇਸ ਵਿਹੜੇ ਵਿਚ ਬਾਲਕ ਨਾਨਕ ਆਪਣੇ ਹਾਣੀਆਂ ਨਾਲ ਖੇਡਦੇ ਰਹੇ ਸਨ। ਅੱਜ ਇਸ ਮਹਾਨ ਧਰਤੀ ਤੇ ਤੁਰਦਿਆਂ ਸਾਰਾ ਇਤਿਹਾਸ ਅੱਖਾਂ ਸਾਹਮਣੇ ਘੁੰਮ ਰਿਹਾ ਸੀ।
ਦਰਬਾਰ ਹਾਲ ਵਿਚ ਜਾ ਕੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਮਸਕਾਰ ਕੀਤੀ ਤੇ ਦੀਵਾਨ ਹਾਲ ਵਿਚ ਬੈਠ ਗਏ। ਭਾਈ ਤਰਸੇਮ ਸਿੰਘ ਜੀ ਸਾਬਕਾ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਦਿੱਲੀ ਵਾਲੇ ਦੀਵਾਨ ਦੀ ਹਾਜ਼ਰੀ ਭਰ ਰਹੇ ਸਨ। ਉਹਨਾਂ ਦੇ ਪਾਸ ਹੀ ਬੈਠ ਗਏ। ਰਾਗੀ ਜੱਥਾ ਜੀ ਨੇ ਕੀਰਤਨ ਦੀ ਸਮਾਪਤੀ ਕੀਤੀ ਤੇ ਧੂੰਦਾ ਜੀ ਨੇ ਸ਼ਬਦ ਦੀਆਂ ਵਿਚਾਰਾਂ ਕੀਤੀਆਂ। ਸੰਗਤਾਂ ਨੇ ਬਹੁਤ ਹੀ ਧਿਆਨ ਨਾਲ ਗੁਰਬਾਣੀ ਵਿਚਾਰਾਂ ਨੂੰ ਸਰਵਣ ਕੀਤਾ। ਕਥਾ ਦੀ ਸਮਾਪਤੀ ਉਪਰੰਤ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਭਾਈ ਤਰਸੇਮ ਸਿੰਘ ਜੀ ਨੇ ਸਵੇਰ ਦੇ ਪ੍ਰੋਗਰਾਮ ਦੀ ਸਾਰੀ ਰੂਪ ਰੇਖਾ ਦੱਸੀ ਕਿ ਸਵੇਰੇ ਦਸ ਵਜੇ ਸਾਰੇ ਯਾਤਰੂ ਗੁਰਦੁਆਰਾ ਸੱਚਾ ਸੌਦਾ ਨੂੰ ਰਵਾਨਗੀ ਲੈਣਗੇ ਤੇ ਫਿਰ ਗੁਰਦੁਆਰਾ ਪੰਜਾ ਸਾਹਿਬ ਵਲ ਨੂੰ ਸਾਰੇ ਯਾਤਰੂ ਜਾਣਗੇ। ਪ੍ਰਬੰਧਕ ਕਮੇਟੀ ਨੇ ਸਾਨੂੰ ਗੁਰਦੁਆਰਾ ਸਾਹਿਬ ਦੇ ਦਫਤਰ ਵਿਚ ਆਉਣ ਲਈ ਕਿਹਾ। ਦਫਤਰ ਵਿਚ ਮੀਡੀਏ ਵਾਲੇ ਗੱਲਬਾਤ ਕਰਨ ਲਈ ਤਿਆਰ ਬੈਠੇ ਸਨ। ਭਾਈ ਮਨਮੋਹਨ ਸਿੰਘ ਜੀ ਯੂ ਕੇ ਵਾਲੇ ਵੀ ਬੈਠੇ ਹੋਏ ਸਨ। ਇੰਟਰਵਿਊ ਦੇਂਦਿਆਂ ਕਾਫੀ ਸਮਾਂ ਲੱਗ ਗਿਆ। ਲਗ-ਪਗ ਸਾਰੀਆਂ ਸੰਗਤਾਂ ਨੇ ਲੰਗਰ ਛੱਕ ਲਿਆ ਹੋਇਆ ਸੀ। ਕੇਵਲ ਅਸੀਂ ਹੀ ਅਖੀਰ ਵਿਚ ਲੰਗਰ ਛੱਕਿਆ। ਲੰਗਰ ਬਹੁਤ ਵਧੀਆ ਬਣਿਆ ਹੋਇਆ ਹੈ।
ਜੋੜੈ ਉਤਾਰਨ ਲੱਗਿਆਂ ਐਵੇਂ ਇਕ ਦੂਜੇ ਨੂੰ ਕਹਿ ਰਹੇ ਸੀ ਕਿ ਜੋੜਾ ਚੁੱਕਦਾ ਤਾਂ ਕੋਈ ਨਹੀਂ ਹੈ ਪਰ ਏਧਰ ਓਧਰ ਜ਼ਰੂਰ ਹੋ ਜਾਂਦੇ ਹਨ। ਗੁਰਜੰਟ ਸਿੰਘ ਕਹਿੰਦਾ ਜੋੜੇ ਟਿਕਾਣੇ ਲਾਹਿਆ ਜੇ ਫਿਰ ਲੱਭਦੇ ਫਿਰੋਗੇ। ਬੱਸ ਏਹੀ ਕੁਝ ਦੀਵਾਨ ਦੀ ਸਮਾਪਤੀ ਉਪਰੰਤ ਸਾਡੇ ਨਾਲ ਹੋਇਆ। ਭਾਈ ਸੁਖਵਿੰਦਰ ਸਿੰਘ ਨੂੰ ਆਪਣਾ ਜੋੜਾ ਨਾ ਲੱਭਿਆ। ਅਸੀਂ ਸਾਰਿਆਂ ਨੇ ਇਕ ਵਾਰ ਲੱਭਣ ਦੀ ਕੋਸ਼ਿਸ਼ ਕੀਤੀ ਪਰ ਜੋੜਾ ਅੱਖਾਂ ਤੋਂ ਓਹਲੇ ਹੀ ਹੋ ਗਿਆ। ਪਾਕਿਸਤਾਨ ਵਾਲੇ ਵੀਰਾਂ ਨੇ ਬਹੁਤ ਜ਼ੋਰ ਲਗਾਇਆ ਕਿ ਆ ਜੋੜਾ ਪਾ ਲਓ ਪਰ ਭਾਈ ਸਾਹਿਬ ਜੀ ਕਹਿਣ ਲੱਗੇ ਕਿ ਕੋਈ ਗੱਲ ਨਹੀਂ ਮੈਨੂੰ ਸਗੋਂ ਗੁਰੂ ਦੇ ਦਰ ਏਦਾਂ ਤੁਰਿਆਂ ਸਕੂਨ ਮਿਲਦਾ ਹੈ। ਸਵੇਰੇ ਅਸੀਂ ਨਵਾਂ ਜੋੜਾ ਲੈ ਲਿਆ ਕੁਦਰਤੀ ਇਕੋ ਹੀ ਦੁਕਾਨ ਖੁਲ੍ਹੀ ਸੀ।
ਰਾਤ ਦੇ ਸਮੇਂ ਵੀ ਪਾਕਿਸਤਾਨ ਵਾਲੇ ਨੌਜਵਾਨ ਵੀਰ ਗੱਲਾਂ ਬਾਤਾਂ ਕਰਦੇ ਰਹੇ। ਉਹਨਾਂ ਨੇ ਬਹੁਤ ਹੀ ਮਾਣ ਦਿੱਤਾ। ਸਮਾਂ ਥੋੜਾ ਹੋਣ ਕਰਕੇ ਪੂਰੀ ਮਿਲਣੀ ਨਹੀਂ ਹੋ ਸਕੀ। ਰਾਤ ਡੂੰਘੀ ਹੋ ਗਈ ਸੀ ਅਖੀਰ ਇਹ ਕਹਿ ਕੇ ਚਲੇ ਗਏ ਕਿ ਸਵੇਰੇ ਨਾਸਤਾ ਅਸੀਂ ਲੈ ਕੇ ਆਉਣਾ ਹੈ ਪਰ ਨਾਸ਼ਤੇ ਵਾਸਤੇ ਵੀਰ ਮਨਿੰਦਰ ਸਿੰਘ ਮੈਂਬਰ ਪਕਿਸਤਾਨ ਕਮੇਟੀ ਵਾਲਿਆਂ ਨੇ ਕਿਹਾ ਸੀ ਕਿ ਨਾਸ਼ਤਾ ਮੇਰੇ ਘਰ ਹੋਏਗਾ। ਗਰਮੀ ਦੀ ਬਹਾਰ ਹੋਣ ਕਰਕੇ ਕਈ ਪਾਰਕ ਵਿਚ ਹੀ ਸੌਂ ਗਏ ਸਨ। ਗੁਰਦੁਆਰਾ ਸਾਹਿਬ ਤੋਂ ਸਪੀਕਰ ਦੀ ਅਵਾਜ਼ ਆਉਣ ਤੇ ਹੀ ਸਾਡੀ ਜਾਗ ਖੁਲ੍ਹ ਗਈ। ਵਾਰੀ ਵਾਰੀ ਸਾਰਿਆਂ ਨੇ ਇਸ਼ਨਾਨ ਕੀਤਾ। ਸਾਡੇ ਤਿਆਰ ਹੁੰਦਿਆਂ ਹੁੰਦਿਆਂ ਹੀ ਵੀਰ ਚਾਹ ਲੈ ਕੇ ਆ ਗਏ। ਚਾਹ ਪੀ ਕੇ ਅਸੀਂ ਜਿਉਂ ਹੀ ਸਰਾਂ ਵਿਚੋਂ ਬਾਹਰ ਆਏ ਤਾਂ ਭਾਈ ਦਲੀਪ ਸਿੰਘ ਜੀ ਸ਼ਹੀਦ ਦੇ ਨਾਂ ਦੀ ਪਾਰਕ ਬਣੀ ਹੋਈ ਦੇਖੀ ਸੀ। ਨਨਕਾਣੇ ਸਾਹਿਬ ਦੇ ਗੁਰਦੁਆਰਾ ਅੰਦਰ ਭਾਈ ਲਛਮਣ ਸਿੰਘ ਜੀ ਧਾਰੋਵਾਲੀ ਨੂੰ ਜਿਸ ਜੰਡ ਨਾਲ ਬੰਨ੍ਹ ਕਿ ਸ਼ਹੀਦ ਕੀਤਾ ਸੀ। ਗਾਥਾ ਸੁਣ ਕੇ ਰੌਂਗਟੇ ਖੜੇ ਹੁੰਦੇ ਹਨ।




.