.

ਪਉੜੀ 20

ਰੱਬੀ ਹੁਕਮ, ਰਜ਼ਾ ਅਨੁਸਾਰ ਚੱਲ ਕੇ ਭਟਕਣਾ (ਆਵਣ-ਜਾਵਣ) ਤੋਂ ਛੁੱਟ ਸਕੀਦਾ ਹੈ। ਮਨ ਕੀ ਮੱਤ ਅਤੇ ਕੁਦਰਤ ਦੇ ਨਿਯਮਾਂ ਤੋਂ ਉਲਟ ਚੱਲ ਕੇ ਇਹ ਭਟਕਣਾ ਨਹੀਂ ਮੁੱਕਦੀ।

ਭਰੀਐ ਹਥੁ ਪੈਰੁ ਤਨੁ ਦੇਹ ॥

ਜੇਕਰ ਹੱਥਾਂ-ਪੈਰਾਂ ਨੂੰ ਜਾਂ ਤਨ ਨੂੰ ਖੇਹ ਦਾ ਲੇਪਨ ਲੱਗ ਜਾਵੇ।

ਪਾਣੀ ਧੋਤੈ ਉਤਰਸੁ ਖੇਹ ॥

ਉਹ ਖੇਹ ਹੱਥਾਂ-ਪੈਰਾਂ ਤੋਂ ਪਾਣੀ ਨਾਲ ਧੋ ਕੇ ਉਤਾਰੀ ਜਾ ਸਕਦੀ ਹੈ।

ਮੂਤ ਪਲੀਤੀ ਕਪੜੁ ਹੋਇ ॥

ਪਰ ਜੇਕਰ ਕੱਪੜਾ ਮਲ ਮੂਤਰ ਨਾਲ ਮਲੀਨ ਹੋ ਜਾਏ

ਦੇ ਸਾਬੂਣੁ ਲਈਐ ਓਹੁ ਧੋਇ ॥

ਤਾਂ ਸਾਬਣ ਨਾਲ ਧੋ ਕੇ ਮਲੀਨਤਾ ਉਤਾਰ ਲਈ ਜਾਂਦੀ ਹੈ।

ਭਰੀਐ ਮਤਿ ਪਾਪਾ ਕੈ ਸੰਗਿ ॥

ਜੇਕਰ ਮੱਤ ਨਿੰਦਕ ਮੰਦ ਸੋਚ (ਪਾਪਾਂ) ਨਾਲ ਭਰ ਜਾਵੇ ਭਾਵ ਮਨ ਜਦੋਂ ਕੂੜੀ ਮੱਤ ਦਾ ਸੰਗ ਕਰੇ ਤਾਂ !!!

ਓਹੁ ਧੋਪੈ ਨਾਵੈ ਕੈ ਰੰਗਿ ॥

ਮਨ ਦੀ ਕੂੜੀ ਮੱਤ ਵਾਲੀ ਅਪਵਿਤ੍ਰਤਾ ਕੇਵਲ ਰੱਬੀ ਸੁਨੇਹੇ, ਰੱਬੀ ਭਾਣੇ (ਸਤਿਗੁਰ ਦੇ ਤਤ ਗਿਆਨ) ਨਾਲ ਹੀ ਉਤਾਰੀ ਜਾ ਸਕਦੀ ਹੈ। (ਮਨ ਕੀ ਮੱਤ ਦਾ ਕੱਚਾ (ਕੁਸੁੰਭੇ ਦਾ) ਰੰਗ ਛੱਡ ਕੇ ਸਤਿਗੁਰ ਦੀ ਮੱਤ ਦਾ ਪੱਕਾ, ਮਜੀਠ ਰੰਗ ਚੜ੍ਹਾਉਣਾ।)

ਪੁੰਨੀ ਪਾਪੀ ਆਖਣੁ ਨਾਹਿ ॥

ਕਿਸੀ ਨੂੰ ਵੀ ਪੁੰਨੀ-ਪਾਪੀ ਨਹੀਂ ਆਖ ਸਕਦੇ ਹਾਂ। ਵਿਰਲੇ ਮਨ ਨੂੰ ਇਹ ਸਮਝ ਪੈਂਦੀ ਹੈ ਕਿ ਰੱਬੀ ਰਜ਼ਾ ਤੋਂ ਉਲਟ ਕੂੜਾ ਜੀਵਨ ਜੀਵੋ ਉਹ ਪਾਪ ਹੈ ਅਤੇ ਜੇ ਰੱਬੀ ਰਜ਼ਾ ਅਨੁਸਾਰ ਜੀਵੋ ਤਾਂ ਉਹ ਪੁੰਨ ਹੈ।

ਕਰਿ ਕਰਿ ਕਰਣਾ ਲਿਖਿ ਲੈ ਜਾਹੁ ॥

ਦਰਅਸਲ ਮਨ ਜਿਸ-ਜਿਸ ਤਰ੍ਹਾਂ ਦੇ ਗੁਣਾਂ, ਖਿਆਲਾਂ ਦਾ ਸੰਗ ਕਰਦਾ ਹੈ ਵੈਸਾ ਹੀ ਖਿਆਲ ਅਤੇ ਸੁਭਾਅ ਮਨ ਉੱਤੇ ਉਕਰਿਆ (ਲਿਖਿਆ) ਜਾਂਦਾ ਹੈ।

ਆਪੇ ਬੀਜਿ ਆਪੇ ਹੀ ਖਾਹੁ ॥

ਬੀਜਿ:ਸੰਗ।

ਜੈਸੇ ਖਿਆਲਾਂ ਦਾ ਮਨ ਸੰਗ ਕਰਦਾ ਹੈ ਓਹੀ ਮਨ ਦਾ ਬੀਜਿਆ ਸਾਰੇ ਸਰੀਰ ਦੇ ਅੰਗਾਂ ਤੇ ਇੰਦਰੀਆਂ ਨੂੰ ਖਾਣਾ-ਹੰਢਾਉਣਾ ਪੈਂਦਾ ਹੈ।

ਨਾਨਕ ਹੁਕਮੀ ਆਵਹੁ ਜਾਹੁ ॥20॥

ਆਵਹੁ:;ਰੱਬੀ ਇਕਮਿਕਤਾ ਦਾ ਨਵੇਕਲਾ ਸਚਿਆਰਾ ਜੀਵਨ (ਰੱਬੀ ਨੇੜਤਾ);ਜਾਹੁ:ਰੱਬੀ ਵਿਛੋੜੇ (ਰੱਬ ਤੋਂ ਦੂਰੀ) ਦਾ ਮਨ ਕੀ ਮੱਤ ਵਾਲਾ ਕੂੜਿਆਰ ਜੀਵਨ।

ਨਾਨਕ ਜੀ ਆਖਦੇ ਹਨ ਸਤਿਗੁਰ ਦੀ ਮੱਤ ਅਨੁਸਾਰ ਚੰਗੇ ਗੁਣਾਂ ਦਾ ਜੀਵਨ ਹੀ ਰੱਬੀ ਇਕਮਿਕਤਾ‘ਆਵਹੁ’ ਹੈ ਅਤੇ ਰੱਬੀ ਵਿਛੋੜੇ ਕਾਰਨ ਭਟਕਨਾ ਦਾ ਦੁਖ ਸਹਣਾ‘ਜਾਹੁ’ ਹੈ।

ਵੀਰ ਭੁਪਿੰਦਰ ਸਿੰਘ




.