ਦੁੱਖ-ਸੁੱਖ
ਹਰਚਰਨ ਸਿੰਘ
ਪਰਹਾਰ (ਐਡੀਟਰ-ਸਿੱਖ ਵਿਰਸਾ)
403-681-8689 or
[email protected]
ਆਮ ਤੌਰ ਤੇ ਦੁੱਖ-ਸੁੱਖ ਬਾਰੇ ਇਹ
ਪ੍ਰਚਲਤ ਧਾਰਨਾ ਹੈ ਕਿ ਜਿਥੇ ਦੁੱਖ ਹੈ, ਉਥੇ ਸੁੱਖ ਨਹੀਂ ਤੇ ਜਿਥੇ ਸੁੱਖ ਹੈ, ਉਥੇ ਦੁੱਖ ਨਹੀਂ।
ਭਾਵ ਕਿ ਦੁੱਖ ਤੇ ਸੁੱਖ ਇਕੱਠੇ ਨਹੀਂ ਰਹਿੰਦੇ, ਕਦੇ ਦੁੱਖ ਤੇ ਕਦੇ ਸੁੱਖ। ਪਰ ਅਜਿਹਾ ਨਹੀਂ ਹੈ,
ਅਸਲ ਵਿੱਚ ਦੁੱਖ ਤੇ ਸੁੱਖ, ਇਕੋ ਸਿੱਕੇ ਦੇ ਦੋ ਪਹਿਲੂ ਹਨ, ਇਨ੍ਹਾਂ ਨੂੰ ਵੱਖ ਨਹੀਂ ਕੀਤਾ ਜਾ
ਸਕਦਾ। ਜਿਥੇ ਸੁੱਖ ਹੈ, ਉਥੇ ਹੀ ਦੁੱਖ ਹੈ। ਦੁੱਖ ਨੂੰ ਸੁੱਖ ਨਾਲੋਂ ਵੱਖ ਨਹੀਂ ਕੀਤਾ ਜਾ ਸਕਦਾ,
ਅਸਲ ਵਿੱਚ ਜੇ ਡੂੰਘਾਈ ਨਾਲ ਵਿਚਾਰਿਆ ਜਾਵੇ ਤਾਂ ਜਿਸਨੂੰ ਅਸੀਂ ਸੁੱਖ ਸਮਝਦੇ ਹਾਂ, ਉਹ ਦੁੱਖ ਦਾ
ਹੀ ਛੋਟਾ ਰੂਪ ਹੁੰਦਾ ਹੈ। ਇੱਕ ਗੱਲ ਹੋਰ ਵਿਚਾਰਨ ਵਾਲੀ ਹੈ ਕਿ ਦੁੱਖ ਤੇ ਸੁੱਖ ਹਮੇਸ਼ਾਂ ਲਈ ਨਹੀਂ
ਹੁੰਦੇ। ਇਹ ਹਮੇਸ਼ਾਂ ਅਸਥਾਈ ਹੁੰਦੇ ਹਨ। ਨਾ ਕੋਈ ਹਮੇਸ਼ਾਂ ਸੁੱਖੀ ਰਹਿ ਸਕਦਾ ਹੈ ਤੇ ਨਾ ਹੀ ਕੋਈ
ਹਮੇਸ਼ਾਂ ਦੁਖੀ ਰਹਿ ਸਕਦਾ ਹੈ। ਜਿਥੋਂ ਵੀ ਸਾਨੂੰ ਬਾਹਰੀ ਸੁੱਖ ਮਿਲਦਾ ਹੈ, ਜੇ ਉਸੇ ਸੁੱਖ ਦੀ
ਮਾਤਰਾ ਵਧਾ ਦਿੱਤੀ ਜਾਵੇ ਤਾਂ ਉਹੀ ਸੁੱਖ, ਦੁੱਖ ਬਣ ਜਾਂਦਾ ਹੈ। ਕੁੱਝ ਉਦਾਹਰਣਾਂ ਨਾਲ ਸਮਝਣ
ਦਾ ਯਤਨ ਕਰਦੇ ਹਾਂ, ਆਮ ਤੌਰ ਤੇ ਮਨੁੱਖ ਨੂੰ ਮਿੱਠਾ ਚੰਗਾ ਲਗਦਾ ਹੈ, ਸੁਆਦ ਲਗਦਾ ਹੈ, ਉਸ ਵਿਚੋਂ
ਸੁੱਖ ਦਾ ਅਨੁਭਵ ਹੁੰਦਾ ਹੈ, ਇਸਦਾ ਮਤਲਬ ਹੋਇਆ ਕਿ ਜਿਤਨਾ ਅਸੀਂ ਵੱਧ ਮਿੱਠਾ ਖਾਵਾਂਗੇ, ਸਾਨੂੰ
ਉਤਨੇ ਗੁਣਾਂ ਵੱਧ ਸੁੱਖ ਮਿਲੇਗਾ, ਪਰ ਅਜਿਹਾ ਨਹੀਂ, ਸਾਨੂੰ ਸਭ ਨੂੰ ਪਤਾ ਹੈ ਕਿ ਵੱਧ ਮਿੱਠਾ ਖਾ
ਕੇ ਸੁੱਖ ਨਹੀਂ, ਦੁੱਖ ਹੀ ਮਿਲੇਗਾ, ਬੀਮਾਰੀ ਮਿਲੇਗੀ। ਇਸੇ ਤਰ੍ਹਾਂ ਕਾਮ ਕਿਰਿਆ ਮਨੁੱਖ ਨੂੰ ਸੁੱਖ
ਦਿੰਦੀ ਹੈ, ਪਰ ਕਿਸੇ ਹੱਦ ਤੱਕ ਹੀ ਉਹ ਸੁੱਖ ਹੁੰਦਾ ਹੈ, ਅਗਰ ਅਸੀਂ ਉਹ ਹੱਦ ਪਾਰ ਕਰਦੇ ਹਾਂ ਤਾਂ
ਉਹੀ ਦੁੱਖ ਬਣ ਜਾਂਦਾ ਹੈ। ਇੱਕ ਹੋਰ ਉਦਾਹਰਣ ਲੈਂਦੇ ਹਾਂ ਕਿ ਆਮ ਤੌਰ ਤੇ ਜਦੋਂ ਕੋਈ ਮਨੁੱਖ ਨਸ਼ਾ
(ਸ਼ਰਾਬ ਜਾਂ ਕੋਈ ਹੋਰ) ਕਰਦਾ ਹੈ ਤਾਂ ਉਸਨੂੰ ਇਸ ਨਾਲ ਕੁੱਝ ਸਮੇਂ ਲਈ ਸਰੂਰ ਆਉਂਦਾ ਹੈ ਤੇ ਉਹ
ਦੁਨੀਆਂਦਾਰੀ ਭੁੱਲ ਕੇ ਕੁੱਝ ਪਲ ਸੁੱਖ ਦਾ ਅਨੁਭਵ ਕਰਦਾ ਹੈ, ਇਸਦਾ ਭਾਵ ਹੋਇਆ ਕਿ ਉਹ ਜਿਤਨਾ ਵੱਧ
ਨਸ਼ਾ ਕਰੇਗਾ, ਉਤਨਾ ਸਰੂਰ ਜਾਂ ਸੁੱਖ ਵੱਧ ਮਿਲੇਗਾ, ਪਰ ਸਾਨੂੰ ਸਭ ਨੂੰ ਪਤਾ ਹੈ ਕਿ ਵੱਧ ਨਸ਼ਾ ਲੈਣ
ਨਾਲ ਸੁੱਖ ਨਹੀਂ, ਦੁੱਖ ਹੀ ਮਿਲਦਾ, ਇਥੋਂ ਤੱਕ ਕਿ ਬਹੁਤ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ,
ਅਨੇਕਾਂ ਤਰ੍ਹਾਂ ਦੀਆਂ ਬੀਮਾਰੀਆਂ ਵੀ ਲਗਦੀਆਂ ਹਨ, ਪਰਿਵਾਰਾਂ ਵਿੱਚ ਕਲੇਸ਼ ਪੈਂਦੇ ਹਨ, ਨਸ਼ੇ ਦੀ
ਬੇਹੋਸ਼ੀ ਵਿੱਚ ਮਨੁੱਖ ਕਤਲ, ਬਲਾਤਕਾਰ, ਲੜਾਈ-ਝਗੜੇ, ਗਾਲ੍ਹੀ-ਗਲੋਚ ਵੀ ਕਰਦਾ ਹੈ। ਇਸੇ ਤਰ੍ਹਾਂ
ਤੁਸੀਂ ਆਪਣੇ ਵਲੋਂ ‘ਸੁੱਖ’ ਦੀ ਕੋਈ ਉਦਾਹਰਣ ਲੈ ਕੇ ਸੋਚ ਸਕਦੇ ਹੋ ਕਿ ਜਿਥੋਂ ਵੀ ਤੁਹਾਨੂੰ ਸੁੱਖ
ਮਿਲਦਾ ਹੈ, ਅਗਰ ਉਸੇ ਸੁੱਖ ਦੀ ਮਾਤਰਾ ਵਧਾ ਦਿੱਤੀ ਜਾਵੇ ਤਾਂ ਉਹ ਦੁੱਖ ਬਣ ਜਾਂਦਾ ਹੈ, ਜਿਸਦਾ
ਭਾਵ ਇਹੀ ਹੈ ਕਿ ਸਾਡਾ ਅਖੌਤੀ ਸੁੱਖ, ਜਿਸ ਲਈ ਅਸੀਂ ਜੀਵਨ ਭਰ ਭੱਜੇ ਫਿਰਦੇ ਹਾਂ, ਜਦੋਂ ਮਿਲ
ਜਾਂਦਾ ਹੈ ਤੇ ਖਾਸਕਰ ਵੱਧ ਮਾਤਰਾ ਵਿੱਚ ਤਾਂ ਉਹੀ ਸੁੱਖ ਦੁੱਖਾਂ ਦਾ ਕਾਰਨ ਬਣ ਜਾਂਦਾ ਹੈ।
ਧਰਮਾਂ (ਨਕਲੀ) ਵਿੱਚ ਅਕਸਰ ਦੇਖਣ ਨੂੰ ਮਿਲਦਾ ਹੈ ਕਿ ਸ਼ਰਧਾਲੂ ਲੋਕ, ਸੁੱਖਾਂ ਦੀ ਪ੍ਰਾਪਤੀ ਲਈ
ਪੁਜਾਰੀਆਂ ਤੋਂ ਅਰਦਾਸਾਂ ਕਰਾਉਂਦੇ ਹਨ, ਸੁੱਖਣਾ ਸੁੱਖਦੇ ਹਨ, ਪੂਜਾ-ਪਾਠ ਕਰਦੇ ਜਾਂ ਕਰਾਉਂਦੇ ਹਨ?
ਪਰ ਜੇ ਉਨ੍ਹਾਂ ਨੂੰ ਪਤਾ ਹੋਵੇ ਕਿ ਜਿਸ ਬਹੁਤੇ ਸੁੱਖ ਦੀ ਪ੍ਰਾਪਤੀ ਲਈ ਉਹ ਇਤਨਾ ਯਤਨ ਕਰਦੇ ਹਨ,
ਅਗਰ ਉਹ ਮਿਲ ਜਾਵੇ ਤਾਂ ਦੁੱਖਾਂ ਦਾ ਕਾਰਨ ਬਣੇਗਾ ਤਾਂ ਸ਼ਾਇਦ ਅਜਿਹੇ ਵਕਤੀ ਸੁੱਖਾਂ ਲਈ ਮਨੁੱਖ ਕਦੇ
ਵੀ ਆਪਣਾ ਹੀਰੇ ਜੈਸਾ ਅਨਮੋਲ ਜੀਵਨ ਬਰਬਾਦ ਨਾ ਕਰੇ। ਅਸਲੀ ਧਰਮ ਸਾਨੂੰ ਦੁੱਖ-ਸੁੱਖ ਤੋਂ ਪਾਰ, ਪਰਮ
ਸ਼ਾਂਤੀ ਤੇ ਪਰਮ ਆਨੰਦ ਦੀ ਅਵਸਥਾ ਵਿੱਚ ਲਿਜਾਣ ਦਾ ਨਾਮ ਹੈ। ਉਸ ਬਾਰੇ ਉਹੀ ਦੱਸ ਸਕਦਾ ਹੈ, ਜਿਸਨੇ
ਉਸ ਪਰਮ ਆਨੰਦ ਨੂੰ ਮਾਣਿਆ ਹੋਵੇ, ਪਰਮ ਸ਼ਾਂਤੀ ਦਾ ਅਨੁਭਵ ਕੀਤਾ ਹੋਵੇ? ਧੰਦਾ ਕਰਨ ਵਾਲੇ ਪੁਜਾਰੀ
ਤੁਹਾਨੂੰ ਉਸ ਪਰਮ ਆਨੰਦ ਤੱਕ ਨਹੀਂ ਲਿਜਾ ਸਕਦੇ ਕਿਉਂਕਿ ਉਨ੍ਹਾਂ ਨੂੰ ਸੁੱਖ ਤੁਹਾਡੇ ਡਾਲਰਾਂ `ਚੋਂ
ਮਿਲਦਾ ਹੈ।
ਨਕਲੀ ਧਰਮ ਸਾਨੂੰ ਦੁੱਖ-ਸੁੱਖ ਦੇ ਚੱਕਰ ਵਿੱਚ ਉਲਝਾ ਕੇ ਹੀ ਆਪਣਾ ਧੰਦਾ ਚਲਾਉਂਦੇ ਹਨ। ਉਨ੍ਹਾਂ ਦੇ
ਬਹੁਤੇ ਪੂਜਾ ਪਾਠ ਤੇ ਕਰਮਕਾਂਡ ਸੁੱਖਾਂ ਦੀ ਪ੍ਰਾਪਤੀ ਤੇ ਦੁੱਖਾਂ ਦੀ ਨਵਿਰਤੀ ਲਈ ਹੀ ਹੁੰਦੇ ਹਨ।
ਉਨ੍ਹਾਂ ਦੀਆਂ ਅਰਦਾਸਾਂ ਵੀ ਸੁੱਖਾਂ-ਦੁੱਖਾਂ ਬਾਰੇ ਹੀ ਹੁੰਦੀਆਂ ਹਨ। ਉਨ੍ਹਾਂ ਨੂੰ ਪਤਾ ਨਹੀਂ ਕਿ
ਦੁੱਖ-ਸੁੱਖ ਕੀ ਹਨ ਤੇ ਇਹ ਇਕੋ ਸਿੱਕੇ ਦੇ ਦੋ ਪਹਿਲੂ ਕਿਵੇਂ ਹਨ? ਆਮ ਤੌਰ ਤੇ ਮਨੁੱਖ ਸੋਚਦਾ ਹੈ,
ਉਸ ਕੋਲ ਧਨ ਵੱਧ ਆ ਜਾਵੇ, ਵਸਤਾਂ ਵੱਧ ਆ ਜਾਣ ਜਾਂ ਹੋਰ ਜਿਸਨੂੰ ਵੀ ਉਹ ਸੁੱਖ ਸਮਝਦਾ ਹੈ, ਉਸਦੀ
ਵੱਧ ਤੋਂ ਵੱਧ ਪ੍ਰਾਪਤੀ ਲਈ ਯਤਨ ਕਰਦਾ ਹੈ। ਜਦੋਂ ਉਸਨੂੰ ਉਹ ਸੁੱਖ (ਅਖੌਤੀ) ਵੱਧ ਮਾਤਰਾ (ਅਸਲ
ਵਿੱਚ ਦੁੱਖ) ਵਿੱਚ ਮਿਲਦਾ ਜਾਂਦਾ ਹੈ ਤਾਂ ਫਿਰ ਪਤਾ ਲਗਦਾ ਹੈ ਕਿ ਇਹ ਤਾਂ ਦੁੱਖ ਦਾ ਹੀ ਵਿਸਥਾਰ
ਸੀ। ਫਿਰ ਉਹ ਸੋਚਦਾ ਹੈ ਕਿ ਸ਼ਾਇਦ ਇਸਨੂੰ ਛੱਡਣ ਵਿੱਚ ਸੁੱਖ ਹੈ। ਅਸਲੀ ਧਰਮ ਮਨ ਦੀ ਉਹ ਅਵਸਥਾ ਹੈ,
ਜਿਥੇ ਮਨੁੱਖ ਸਹਿਜ ਵਿੱਚ ਜੋ ਛੁੱਟਦਾ ਹੈ, ਉਸਨੂੰ ਛੱਡ ਦਿੰਦਾ ਹੈ ਤੇ ਜੋ ਫੜਨ ਵਾਲਾ ਹੈ, ਉਸਨੂੰ
ਅਪਨਾ ਲੈਂਦਾ ਹੈ, ਪਰ ਕੁੱਝ ਵੀ ਫੜਦਾ ਨਹੀਂ ਤੇ ਕੁੱਝ ਵੀ ਛੱਡਦਾ ਨਹੀਂ। ਸਹਿਜ, ਦੁੱਖ-ਸੁੱਖ ਤੋਂ
ਪਰ੍ਹੇ ਪਰਮ ਆਨੰਦ ਜਾਂ ਪਰਮ ਸ਼ਾਂਤੀ ਦੀ ਅਵਸਥਾ ਵਿਚੋਂ ਹੀ ਪੈਦਾ ਹੋ ਸਕਦਾ ਹੈ। ਧਰਮ ਹੀ ਇੱਕ ਅਜਿਹਾ
ਮਾਰਗ ਹੈ, ਜਿਹੜਾ ਤੁਹਾਨੂੰ ਉਸ ਅਵਸਥਾ ਵਿੱਚ ਲਿਜਾਣ ਦੇ ਸਮਰੱਥ ਹੈ। ਦੁਨਿਆਵੀ ਜਾਂ ਬਾਹਰੀ ਸੁੱਖ
ਸਹੂਲਤਾਂ ਦੁੱਖ ਦੇ ਛੋਟੇ ਰੂਪ ਤੋਂ ਵੱਧ ਕੁੱਝ ਨਹੀਂ ਹਨ। ਇਸ ਲਈ ਇਹ ਸਾਨੂੰ ਸਦੀਵੀ ਆਨੰਦ ਨਹੀਂ ਦੇ
ਸਕਦੀਆਂ। ਆਨੰਦ ਵਸਤੂਆਂ ਜਾਂ ਵਿਸ਼ਿਆਂ-ਵਿਕਾਰਾਂ ਦੇ ਭੋਗ ਵਿੱਚ ਨਹੀਂ, ਨਾ ਹੀ ਇਨ੍ਹਾਂ ਨੂੰ ਛੱਡਣ
ਵਿੱਚ ਹੈ ਤੇ ਨਾ ਹੀ ਨਕਲੀ ਧਰਮਾਂ ਵਲੋਂ ਸਿਖਾਈ ਜਾਂਦੀ ਅਖੌਤੀ ਨੈਤਿਕਤਾ ਵਿੱਚ ਹੈ। ਆਨੰਦ ਮਨ ਦੀ
ਉਹ ਅਵਸਥਾ ਹੈ, ਜਦੋਂ ਤੁਸੀਂ ਮਨ ਤੋਂ ਪਾਰ ਚਲੇ ਜਾਂਦੇ ਹੋ। ਪਰ ਮਨ ਤੋਂ ਪਾਰ ਜਾਣ ਲਈ ਮਨ ਨੂੰ
ਮਾਰਨ ਜਾਂ ਕੰਟਰੋਲ ਕਰਨ ਦੀ ਲੋੜ ਨਹੀਂ, ਜਿਹਾ ਕਿ ਸਾਨੂੰ ਇਨ੍ਹਾਂ ਨਕਲੀ ਧਰਮਾਂ ਵਲੋਂ ਸਿਖਾਇਆ
ਜਾਂਦਾ ਹੈ। ਇਨ੍ਹਾਂ ਵਲੋਂ ਸਿਖਾਇਆ ਜਾਂਦਾ ਝੂਠਾ ਤਿਆਗ ਤੇ ਹਠ, ਮਨੁੱਖ ਅੰਦਰ ਦੁਬੰਧ ਪੈਦਾ ਕਰਦਾ
ਹੈ, ਜਿਸ ਨਾਲ ਮਨੁੱਖ ਬਾਹਰੀ ਕਰਮਕਾਂਡਾਂ, ਪੂਜਾ-ਪਾਠ ਤੇ ਪਹਿਰਾਵੇ ਰਾਹੀਂ ਤਾਂ ਧਰਮੀ (ਨਕਲੀ) ਬਣ
ਜਾਂਦਾ ਹੈ, ਪਰ ਅੰਦਰੋਂ ਆਮ ਮਨੁੱਖ ਤੋਂ ਵੀ ਹੇਠਾਂ ਡਿਗ ਪੈਂਦਾ ਹੈ।
ਇਸੇ ਤਰ੍ਹਾਂ ਸਾਇੰਸ ਦੀਆਂ ਖੋਜਾਂ ਰਾਹੀਂ ਸਾਨੂੰ ਅਨੇਕਾਂ ਤਰ੍ਹਾਂ ਦੀਆਂ ਬਾਹਰੀ ਸੁੱਖ-ਸਹੂਲਤਾਂ
ਮਿਲਦੀਆਂ ਹਨ, ਜਿਨ੍ਹਾਂ ਤੋਂ ਅਸੀਂ ਜੀਵਨ ਦੇ ਹਰ ਖੇਤਰ ਵਿੱਚ ਲਾਭ ਵੀ ਉਠਾਉਂਦੇ ਹਾਂ। ਪਰ ਇਹ ਸੁੱਖ
ਵਕਤੀ ਸੁੱਖ ਹਨ। ਇਨ੍ਹਾਂ ਨਾਲ ਸਾਡੇ ਸਰੀਰ ਨੂੰ ਤੇ ਕੁੱਝ ਚਿਰ ਲਈ ਆਰਾਮ ਮਿਲ ਸਕਦਾ ਹੈ, ਪਰ ਸਾਡੇ
ਮਨ ਨੂੰ ਸ਼ਾਂਤੀ, ਤ੍ਰਿਪਤੀ, ਆਨੰਦ ਨਹੀਂ ਮਿਲ ਸਕਦਾ। ਜਿਸ ਤਰ੍ਹਾਂ ਬਾਹਰੋਂ ਗਰਮੀ ਲਗਦੀ ਹੋਵੇ ਤਾਂ
ਪੱਖੇ, ਕੂਲਰ, ਏਅਰਕੰਡੀਸ਼ਨ ਸਾਨੂੰ ਸਰੀਰਕ ਤੌਰ ਤੇ ਵਕਤੀ ਸੁੱਖ ਤਾਂ ਦੇ ਸਕਦੇ ਹਨ, ਪਰ ਮਨ ਵਿੱਚਲੀ
ਈਰਖਾ, ਦਵੈਸ਼, ਨਫਰਤ ਦੀ ਅੱਗ ਨੂੰ ਇਨ੍ਹਾਂ ਜੰਤਰਾਂ ਨਾਲ ਨਹੀਂ ਬੁਝਾਇਆ ਜਾ ਸਕਦਾ। ਇਸੇ ਤਰ੍ਹਾਂ
ਬਾਹਰਲੀ ਠੰਡ ਤੋਂ ਸਰੀਰ ਨੂੰ ਬਚਾਉਣ ਲਈ ਹੀਟਰ, ਫਾਇਰ ਪਲੇਸ, ਗਰਮ ਕੱਪੜੇ ਤਾਂ ਕੰਮ ਆ ਸਕਦੇ ਹਨ,
ਪਰ ਸਾਡੇ ਅੰਦਰ ਪਿਆਰ ਦਾ ਨਿੱਘ ਜਾਂ ਹੋਰ ਸਦਗੁਣ ਪੈਦਾ ਨਹੀਂ ਕਰ ਸਕਦੇ। ਸਾਨੂੰ ਅਜਿਹਾ ਯਤਨ ਕਰਨ
ਦੀ ਵੀ ਲੋੜ ਹੈ ਕਿ ਅਸੀਂ ਬਾਹਰੀ ਦੁਨਿਆਵੀ ਸੁੱਖ-ਸਹੂਲਤਾਂ ਮਾਣਦੇ ਹੋਏ ਵੀ, ਅੰਦਰਲੇ ਸੁੱਖ, ਪਰਮ
ਸ਼ਾਂਤੀ ਤੇ ਆਨੰਦ ਦੀ ਪ੍ਰਾਪਤੀ ਲਈ ਵੀ ਯਤਨ ਕਰੀਏ। ਉਸ ਬਾਰੇ ਜਾਨਣ ਦੀ ਕੋਸ਼ਿਸ਼ ਵੀ ਕਰੀਏ। ਉਸ ਦਾ ਆਪ
ਅਨੁਭਵ ਕਰੀਏ।