.

ਸੁਖਮਈ ਜੀਵਨ ਅਹਿਸਾਸ (ਭਾਗ-16)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 1 ਤੋਂ 15 ਪੜੋ ਜੀ।

ਸੰਸਾਰ ਅੰਦਰ ਵਿਚਰਦਿਆਂ ਹੋਇਆਂ ਹਰ ਪ੍ਰਾਣੀ ਨੂੰ ਆਪਣੇ ਜੀਵਨ ਅੰਦਰ ‘ਸੁਖ ਅਤੇ ਦੁੱਖ` ਦੋਵੇਂ ਹੀ ਅਵਸਥਾਵਾਂ ਵਿਚੋਂ ਅਵੱਸ਼ ਹੀ ਗੁਜ਼ਰਨਾ ਪੈਂਦਾ ਹੈ। ਕੋਈ ਵੀ ਐਸਾ ਨਹੀਂ ਮਿਲੇਗਾ ਜੋ ਕੇਵਲ ਸੁਖੀ ਜਾਂ ਕੇਵਲ ਦੁਖੀ ਹੋਵੇ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਸਾਨੂੰ ‘ਜੋ ਨਰੁ ਦੁਖ ਮਹਿ ਦੁਖੁ ਨਹੀਂ ਮਾਨੈ` (੬੩੩) ਵਾਲੀ ਅਵਸਥਾ ਵਿੱਚ ਵਿਚਰਣ ਦੀ ਪ੍ਰੇਰਣਾ ਮਿਲਦੀ ਹੈ। ਮਨ ਵਿੱਚ ਪ੍ਰਸ਼ਨ ਪੈਦਾ ਹੁੰਦਾ ਹੈ- ਕੀ ਐਸੀ ਅਵਸਥਾ ਬਣ ਸਕਦੀ ਹੈ ਕਿ ਦੁੱਖ ਹੋਵੇ ਪਰ ਦੁਖੀ ਨਾ ਹੋਈਏ? ਇਸ ਦਾ ਜਵਾਬ ਸਿੱਖ ਸ਼ਹਾਦਤਾਂ ਦੇ ਇਤਿਹਾਸ ਵਿੱਚ ਇੱਕ ਨਹੀਂ ਅਨੇਕਾਂ ਘਟਨਾਵਾਂ ਰਾਹੀਂ ਰੂਪਮਾਨ (Practical) ਕਰਕੇ ਦਿਤਾ ਗਿਆ ਹੈ। ਜਾਲਮਾਂ ਨੇ ਵੱਖ-ਵੱਖ ਤਰੀਕਿਆਂ ਨਾਲ ਸਰੀਰਕ ਕਸ਼ਟ ਦੇ ਕੇ ਦੁਖੀ ਕਰਨ ਦੇ ਹਰ ਤਰਾਂ ਦੇ ਯਤਨ ਕੀਤੇ, ਪਰ ਉਹ ਕਸ਼ਟ ਸਹਿੰਦੇ ਹੋਏ ਵੀ ਦੁਖੀ ਨਹੀਂ ਹੋਏ, ਜਵਾਨ ਵਿਚੋਂ ਹਾਏ-ਹਾਏ ਦੀ ਥਾਂ ਤੇ ਪ੍ਰਮੇਸ਼ਰ ਦਾ ਸ਼ੁਕਰਾਨਾ ਹੀ ਨਿਕਲਦਾ ਰਿਹਾ। ਤੱਤੀ ਤੱਵੀ ਤੇ ਬੈਠ ਕੇ, ਸੀਸ ਵਿੱਚ ਤੱਤੀ ਰੇਤਾ ਪਵਾ ਕੇ, ਦੇਗ ਵਿੱਚ ਉਬਾਲੇ ਖਾ ਕੇ ਗੁਰੂ ਅਰਜਨ ਸਾਹਿਬ ਨੇ `ਤੇਰਾ ਕੀਆ ਮੀਠਾ ਲਾਗੈ` (੩੯੪) ਰੂਪੀ ਪੂਰਨੇ ਹੀ ਐਸੇ ਪਾਏ ਸਨ। ਗੁਰਬਾਣੀ ਰੂਪੀ ਸੱਚ ਦੇ ਮਾਰਗ ਤੇ ਚਲਦੇ ਹੋਏ ਪ੍ਰਮ ਪਿਤਾ ਪ੍ਰਮੇਸ਼ਰ ਨਾਲ ਜੁੜਿਆਂ ਦੀ ਸੰਗਤ ਵਿਚੋਂ ਐਸੀ ਅਵਸਥਾ ਦੀ ਪ੍ਰਾਪਤੀ ਕਰ ਸਕਣੀ ਸੰਭਵ ਸੀ, ਹੈ ਅਤੇ ਰਹੇਗੀ।

ਗੁਰਬਾਣੀ ਜਿਥੇ ਸਾਨੂੰ ‘ਸੁਖਮਈ ਜੀਵਨ ਅਹਿਸਾਸ` ਦੇ ਧਾਰਨੀ ਬਣੇ ਰਹਿਣ ਲਈ ਗੁਰਮੁਖਾਂ ਦੀ ਸੰਗਤ ਕਰਨ ਦੀ ਪ੍ਰੇਰਣਾ ਦਿੰਦੀ ਹੈ, ਉਸ ਦੇ ਨਾਲ-ਨਾਲ ਰੱਬ ਨਾਲੋਂ ਟੁੱਟ ਕੇ ਕੇਵਲ ਸੰਸਾਰੀ ਪੱਧਰ ਤੇ ਜੀਵਨ ਜੀਊਣ ਵਾਲੇ ਸਾਕਤਾਂ (ਮਨਮੁਖਾਂ) ਦੀ ਸੰਗਤ ਤੋਂ ਬਚਕੇ ਰਹਿਣ ਵਾਲੀ ਤਾੜਣਾ ਵੀ ਕਰਦੀ ਹੈ।

ਭਾਈ ਕਾਨ੍ਹ ਸਿੰਘ ਨਾਭਾ ਵਲੋਂ ‘ਸਾਕਤ` ਦੀ ਪ੍ਰੀਭਾਸ਼ਾ ਸਪਸ਼ਟ ਕੀਤੀ ਗਈ ਹੈ-

ਜੋ ਧਰਮ ਅਤੇ ਅਖਲਾਕ ਤੋਂ ਪਤਿਤ ਅਰੁ ਕਰਤਾਰ ਤੋਂ ਵਿਮੁਖ ਹੋ ਕੇ ਵਿਕਾਰਾਂ ਵਿੱਚ ਪ੍ਰਵਿਤਦਾ ਹੈ, ਉਸ ਦਾ ਨਾਉਂ ਸਾਕਤ ਹੈ। `

(ਗੁਰੁਮਤ ਮਾਰਤੰਡ-ਪੰਨਾ ੧੩੫)

ਭਗਤ ਕਬੀਰ ਜੀ ਨੇ ਆਪਣੇ ਸਲੋਕਾਂ ਅੰਦਰ ਸਾਕਤ ਮਨੁੱਖ ਦੇ ਵੱਖ-ਵੱਖ ਲੱਛਣ ਦਸਤੇ ਹੋਏ ਉਸਦੀ ਮਾੜੀ ਸੰਗਤ ਤੋਂ ਬਚਣ ਸਬੰਧੀ ਬਹੁਤ ਸੁੰਦਰ ਤਰੀਕੇ ਨਾਲ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ। ਸਾਕਤ ਮਨੁੱਖ ਦਾ ਜੀਵਨ ਐਸਾ ਹੈ ਜੋ ਪ੍ਰਗਟ ਹੋਣ ਤੋਂ ਰਹਿ ਨਹੀਂ ਸਕਦਾ ਜਿਵੇਂ ਲਸਨ ਨੂੰ ਜਿੰਨਾਂ ਮਰਜੀ ਲੁਕ ਛਿਪ ਕੇ ਕਿਉਂ ਨਾ ਖਾਧਾ ਜਾਵੇ, ਉਸ ਦਾ ਖਾਧਾ ਜਾਣਾ, ਖਾਣ ਵਾਲੇ ਦੇ ਮੂੰਹ ਵਿਚੋਂ ਆਉਂਦੀ ਗੰਧ ਤੋਂ ਹੀ ਪਹਿਚਾਣ ਹੋ ਜਾਂਦੀ ਹੈ। ਸਾਕਤ ਮਨੁੱਖ ਨਾਲੋਂ ਅਤੇ ਉਸ ਨੂੰ ਭੈੜੀ ਮੱਤ ਦੇਣ ਰੂਪੀ ਮਾਂ ਦੇ ਨਾਲੋਂ ਤਾਂ ਭਲੇ ਪੁਰਸ਼ਾਂ ਦੀ ਕੁੱਤੀ ਹੀ ਚੰਗੀ ਹੈ, ਜੋ ਪ੍ਰਮੇਸ਼ਰ ਦਾ ਨਾਮ ਸੁਨਦੀ ਹੈ, ਪ੍ਰੰਤੂ ਸਾਕਤ ਮਨੁੱਖ ਆਪਣੀ ਮਾੜੀ ਬਿਰਤੀ ਅਨੁਸਾਰ ਮੰਦੇ ਪਾਸੇ ਹੀ ਜਾਵੇਗਾ। ਸਾਕਤ ਮਨੁੱਖ ਦੀ ਸੰਗਤ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਜਿਵੇਂ ਕਾਲਖ ਨਾਲ ਭਰੇ ਭਾਂਡੇ ਕੋਲ ਜਾਣ ਤੇ ਬਸਤਰਾਂ, ਸਰੀਰ ਨੂੰ ਨਾ ਚਾਹੁੰਦੇ ਹੋਏ ਵੀ ਕਾਲਖ ਲੱਗ ਜਾਂਦੀ ਹੈ। ਸਾਕਤ ਮਨੁੱਖ ਨਾਲੋਂ ਤਾਂ ਨਗਰ ਵਿੱਚ ਰਹਿਣ ਵਾਲਾ ਸੂਰ ਹੀ ਚੰਗਾ ਹੈ ਕਿਉਂ ਕਿ ਉਹ ਨਗਰ ਵਿਚੋਂ ਗੰਦਗੀ ਨੂੰ ਖਾ ਕੇ ਸਫਾਈ ਕਰਨ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ, ਪਰ ਸਾਕਤ ਮਨੁੱਖ ਦੇ ਮਰ ਜਾਣ ਤੇ ਵੀ ਉਸ ਨੂੰ ਕੋਈ ਸਤਿਕਾਰ ਨਾਲ ਚੇਤੇ ਨਹੀਂ ਕਰਦਾ। ਭਲੇ ਪੁਰਸ਼ਾਂ ਦੀ ਸੰਗਤ ਵਿੱਚ ਭਾਵੇਂ ਖਾਣ ਨੂੰ ਸਵਾਦਲੇ ਪਦਾਰਥ ਨਾਂ ਵੀ ਮਿਲਣ, ਰਿਜਲਟ ਕੁੱਝ ਵੀ ਹੋਵੇ, ਪਰ ਸਾਕਤ ਮਨੁੱਖ ਦੀ ਸੰਗਤ ਤੋਂ ਹਰ ਹਾਲਤ ਵਿੱਚ ਪ੍ਰਹੇਜ਼ ਕਰਨਾ ਬਿਹਤਰ ਹੈ-

-ਕਬੀਰ ਸਾਕਤੁ ਐਸਾ ਹੈ ਜੈਸੀ ਲਸਨ ਕੀ ਖਾਨਿ।।

ਕੋਨੇ ਬੈਠੇ ਖਾਈਐ ਪਰਗਟ ਹੋਇ ਨਿਦਾਨ।। ੧੭।।

-ਕਬੀਰ ਬੈਸਨਉ ਕੀ ਕੂਕਰਿ ਭੁਲੀ ਸਾਕਤ ਕੀ ਬੁਰੀ ਮਾਇ।।

ਉਹ ਨਿਤ ਸੁਨੈ ਹਰਿਨਾਮੁ ਜਸੁ ਉਹ ਪਾਪ ਬਿਸਾਹਨ ਜਾਇ।। ੫੨।।

-ਕਬੀਰ ਸਾਧੂ ਕੀ ਸੰਗਤਿ ਰਹਉ ਜਉ ਕੀ ਭੂਸੀ ਖਾਉ।।

ਹੋਨਹਾਰੁ ਸੋ ਹੋਇਹੈ ਸਾਕਤ ਸੰਗਿ ਨ ਜਾਉ।। ੯੯।।

(ਸਲੋਕ ਕਬੀਰ ਜੀ- ੧੩੬੫-੬੭-੬੯-੭੧-੭੨)

-ਕਬੀਰ ਸਾਕਤ ਸੰਗੁ ਨ ਕੀਜੀਐ ਦੂਰਹਿ ਜਾਈਐ ਭਾਗਿ।।

ਬਾਸਨੁ ਕਾਰੋ ਪਰਸੀਐ ਤਉ ਕਛੁ ਲਾਗੈ ਦਾਗੁ।। ੧੩੧।।

-ਕਬੀਰ ਸਾਕਤ ਤੇ ਸੂਕਰ ਭਲਾ ਰਾਖੈ ਆਛਾ ਗਾਉ।।

ਉਹੁ ਸਾਕਤੁ ਬਪੁਰਾ ਮਰਿ ਗਇਆ ਕੋਇ ਨ ਲੈਹੈ ਨਾਉ।। ੧੪੩।।

ਸਿੱਖ ਇਤਿਹਾਸ ਦੇ ਪੰਨਿਆਂ ਉਪਰ ਇਸ ਸਬੰਧ ਵਿੱਚ ਜ਼ਿਕਰ ਮਿਲਦਾ ਹੈ ਕਿ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸੰਗਤਾਂ ਨੂੰ ਸਾਕਤ ਮਨੁੱਖ ਦੀ ਸੰਗਤ ਤੋਂ ਬਚਣ ਲਈ ਇੱਕ ਹਵਾਲਾ ਦੇ ਕੇ ਸੁਚੇਤ ਕੀਤਾ ਕਿ ਜੇ ਕਿਤੇ ਜੰਗਲੀ ਰਸਤੇ ਉਪਰ ਚਲਦਿਆਂ ਇੱਕ ਪਾਸੇ ਤੋਂ ਸਾਕਤ ਆ ਰਿਹਾ ਹੋਵੇ ਅਤੇ ਦੂਜੇ ਪਾਸੇ ਕੋਈ ਖੂੰਖਾਰ ਜੰਗਲੀ ਜਾਨਵਾਰ ਆ ਰਿਹਾ ਹੋਵੇ ਤਾਂ ਗੁਰਸਿੱਖ ਨੂੰ ਚਾਹੀਦਾ ਹੈ ਕਿ ਉਹ ਜੰਗਲੀ ਜਾਨਵਰ ਵੱਲ ਜਾਣਾ ਮਨਜ਼ੂਰ ਕਰ ਲਏ, ਭਾਵ ਖਤਰਾ ਭਾਵੇਂ ਮੁੱਲ ਲੈ ਲਵੇ, ਪਰ ਸਾਕਤ ਮਨੁੱਖ ਦੇ ਮੱਥੇ ਨਾ ਲੱਗੇ ਤਾਂ ਬਿਹਤਰ ਹੈ।

ਸੁਖਮਈ ਜੀਵਨ ਅਹਿਸਾਸ` ਜੀਵਨ ਅੰਦਰ ਬਣੇ ਰਹਿਣ ਲਈ ਜ਼ਰੂਰੀ ਹੈ ਕਿ ਮਨੁੱਖ ਆਪਣੀ ਸੰਗਤ ਦੀ ਪੜਚੋਲ ਕਰੇ। ਕਿਉਂਕਿ ਮਨੁੱਖੀ ਮਨ ਦਾ ਸਭਾਉ ਹੈ ਕਿ ਇਹ ਮਾੜੀ ਸੰਗਤ ਦਾ ਅਸਰ ਕਬੂਲਦਾ ਹੋਇਆ ਨਿਵਾਨ ਵੱਲ ਬਹੁਤ ਛੇਤੀ ਚਲਾ ਜਾਂਦਾ ਹੈ। ਇਸ ਲਈ ਚਾਹੀਦਾ ਹੈ ਕਿ ਰੱਬ ਨਾਲੋਂ ਟੁਟਿਆਂ ਸਾਕਤਾਂ ਦੀ ਸੰਗਤ (ਜਿਸ ਵਿਚੋਂ ਆਪਣੇ ਗੁਣ ਗਵਾਚਣ ਅਤੇ ਅਉਗਣ ਗ੍ਰਹਿਣ ਕੀਤੇ ਜਾਣ ਦਾ ਖਦਸ਼ਾ ਬਣਿਆ ਰਹੇਗਾ) ਨੂੰ ਛੱਡਦੇ ਹੋਏ ਭਲੇ ਪੁਰਸ਼ਾਂ- ਗੁਰਮੁਖਾਂ (ਜਿਸ ਵਿੱਚ ਆਪਣੇ ਅਉਗਣਾਂ ਦੀ ਪਹਿਚਾਣ ਕਰਦੇ ਹੋਏ ਛੱਡਣ ਅਤੇ ਗੁਣ ਗ੍ਰਹਿਣ ਕਰਨ ਦੀ ਪ੍ਰੇਰਣਾ ਮਿਲਗੀ) ਦੀ ਸੰਗਤ ਕਰੀਏ।

-ਕਬੀਰ ਮਨੁ ਪੰਖੀ ਭਇਓ ਉਡਿ ਉਡਿ ਦਹ ਦਿਸ ਜਾਇ।।

ਜੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲੁ ਖਾਇ।। ੮੬।।

-ਕਬੀਰ ਸੰਗਤਿ ਕਰੀਐ ਸਾਧ ਕੀ ਅੰਤਿ ਕਰੈ ਨਿਰਬਾਹੁ।।

ਸਾਕਤ ਸੰਗੁ ਨ ਕੀਜੀਐ ਜਾ ਤੇ ਹੋਇ ਬਿਨਾਹੁ।। ੯੩।।

(ਸਲੋਕ ਕਬੀਰ ਜੀ - ੧੩੬੯)

-ਊਤਮ ਸੰਗਤਿ ਊਤਮੁ ਹੋਵੈ।।

ਗੁਣ ਕਉ ਧਾਵੈ ਅਵਗਣ ਧੋਵੈ।।

(ਆਸਾ ਮਹਲਾ ੧-੪੧੪)

ਪ੍ਰਮੇਸ਼ਰ ਦੀ ਯਾਦ ਤੋਂ ਧੁੰਝਿਆ ਮਨੁੱਖ ਸਾਕਤ ਰੂਪ ਵਿੱਚ ਆਪਣਾ ਜੀਵਨ ਅਜਾਂਈ ਹੀ ਗਵਾਈ ਜਾਂਦਾ ਹੈ। ਜਿਵੇਂ ਚੂਹਾ ਲਾਇਬਰੇਰੀ ਅੰਦਰ ਦਾਖਲ ਹੋ ਕੇ ਵਧੀਆ ਤੋਂ ਵਧੀਆ ਗ੍ਰੰਥ-ਕਿਤਾਬਾਂ ਟੁੱਕ-ਟੁੱਕ ਕੇ ਢੇਰੀਆਂ ਲਾਈ ਜਾਂਦਾ ਹੈ, ਜੋ ਉਸ ਦੇ ਆਪਣੇ ਕਿਸੇ ਵੀ ਅਰਥ ਨਹੀਂ ਅਤੇ ਦੂਜਿਆਂ ਲਈ ਵੀ ਬੇਅਰਥ ਕਰ ਦਿੰਦਾ ਹੈ। ਇਸ ਮਾਰਗ ਤੇ ਚੱਲਣ ਵਾਲੇ ਮਨੁੱਖ ਦੀ ਜੀਵਨ ਜਾਚ ਉਲਟੀ ਹੋ ਜਾਂਦੀ ਹੈ, ਨਾਮ ਅੰਮ੍ਰਿਤ ਉਸਨੂੰ ਕੌੜਾ ਲਗਦਾ ਹੈ ਨਾਮ ਦੀ ਗੱਲ ਕਰਨੀ ਸੁਨਣੀ ਉਸ ਨੂੰ ਬਿੱਛੂ ਦੇ ਡੰਗ ਵਾਂਗ ਬੁਰੀ ਪ੍ਰਤੀਤ ਹੁੰਦੀ ਹੈ, ਜੀਵਨ ਨੂੰ ਬਰਬਾਦ ਕਰਨ ਵਾਲੇ ਝੂਠ, ਠੱਗੀ, ਅਹੰਕਾਰ ਰੂਪੀ ਜ਼ਹਿਰ ਉਸਨੂੰ ਚੰਗੇ ਲੱਗਣ ਲੱਗ ਪੈਂਦੇ ਹਨ। ਐਸਾ ਮਨੁੱਖ ਜ਼ਹਿਰੀਲੇ ਸੱਪ ਦੀ ਤਰਾਂ ਆਪਣੇ ਅੰਦਰ ਦੇ ਜ਼ਹਿਰ ਤੋਂ ਦੁਖੀ ਹੋ ਕੇ ਜੀਵਨ ਵਿੱਚ ਦੁੱਖ ਹੀ ਦੁੱਖ ਭੋਗਦਾ ਹੈ। ਪ੍ਰਮੇਸ਼ਰ ਦੇ ਨਾਮ ਰੂਪੀ ਸੁਆਦ ਤੋਂ ਸੱਖਣਾ ਰਹਿ ਕੇ ਅਹੰਕਾਰ ਰੂਪੀ ਕੰਡੇ ਦੀ ਚੁਭਣ ਕਾਰਣ ਹਰ ਸਮੇਂ ਦੁਖੀ ਰਹਿਣਾ ਉਸਦਾ ਭਾਗ ਬਣ ਜਾਂਦਾ ਹੈ-

-ਸਾਕਤ ਕੀ ਆਵਰਦਾ ਜਾਇ ਬ੍ਰਿਥਾਰੀ।।

ਜੈਸੇ ਕਾਗਦ ਕੇ ਭਾਰ ਮੂਸਾ ਟੂਕਿ ਗਵਾਵਤ ਕਾਮਿ ਨਹੀ ਗਾਵਾਰੀ।।

(ਧਨਾਸਰੀ ਮਹਲਾ ੫-੬੮੧)

- ਅੰਮ੍ਰਿਤ ਕਉਰਾ ਬਿਖਿਆ ਮੀਠੀ।। ਸਾਕਤ ਕੀ ਬਿਧਿ ਨੈਨਹੁ ਡੀਠੀ।।

ਕੂੜਿ ਕਪਟਿ ਅੰਹਕਾਰਿ ਰੀਝਾਨਾ।। ਨਾਮੁ ਸੁਨਤ ਜਨੁ ਬਿਛੂਅ ਫਸਾਨਾ।।

(ਰਾਮਕਲੀ ਮਹਲਾ ੫-੮੯੨)

-ਬਿਨ ਸਿਮਰਨ ਜੈਸੇ ਸਰਪ ਆਰਜਾਰੀ।।

ਤਿਉ ਜੀਵਹਿ ਸਾਕਤ ਨਾਮੁ ਬਿਸਾਰੀ।।

(ਗਉੜੀ ਮਹਲਾ ੫-੨੩੯)

-ਸਾਕਤ ਹਰਿ ਰਸ ਸਾਦ ਨ ਜਾਣਿਆ ਤਿਨ ਅੰਤਰਿ ਹਉਮੈ ਕੰਡਾ ਹੇ।।

ਜਿਉ ਜਿਉ ਚਲਹਿ ਢੁਭੈ ਦੁਖੁ ਪਾਵਹਿ ਜਮਕਾਲੁ ਸਹਹਿ ਸਿਰਿ ਡੰਡਾ ਹੇ।।

(ਗਉੜੀ ਪੂਰਬੀ ਮਹਲਾ ੪-੧੩)

ਸਾਕਤ ਕੀ ਐਸੀ ਹੈ ਰੀਤਿ।।

ਜੋ ਕਿਛੁ ਕਰੈ ਸਗਲ ਬਿਪਰੀਤਿ।।

(ਗਉੜੀ ਮਹਲਾ ੫-੧੯੫)

-ਸਾਕਤ ਕਉ ਅੰਮ੍ਰਿਤ ਬਹੁ ਸਿੰਚਹੁ ਸਕ ਡਾਲ ਫੂਲ ਬਿਸੁਕਾਰੇ।।

ਜਿਉ ਜਿਉ ਨਿਵਹਿ ਸਾਕਤ ਨਰ ਸੇਤੀ ਛੇੜਿ ਛੇੜਿ ਕਢੈ ਬਿਖੁ ਖਾਰੇ।।

(ਨਟ ਮਹਲਾ ੪-੯੮੩)

ਸਾਡੇ ਜੀਵਨ ਅੰਦਰ ਹਮੇਸ਼ਾਂ ਲਈ ‘ਸੁਖਮਈ ਜੀਵਨ ਅਹਿਸਾਸ` ਬਣਿਆ ਰਹੇ ਇਸ ਨਹੀ ਮਨਮੁਖਤਾ ਵਾਲੇ ਮਾਰਗ ਨੂੰ ਤਿਆਗਣ ਦੀ ਲੋੜ ਹੈ, ਇਹ ਤਾਂ ਹੀ ਸੰਭਵ ਹੋਵੇਗਾ ਜੇ ਅਸੀਂ ਮਨਮੁਖਾਂ ਦੀ ਪਹਿਚਾਣ ਕਰਦੇ ਹੋਏ ਉਹਨਾਂ ਦੀ ਬੁਰੀ ਸੰਗਤ ਦਾ ਤਿਆਗ ਕਰਾਂਗੇ। ਸਾਕਤ ਦੀਆਂ ਗੱਲਾਂ ਵਿੱਚ ਭਰਮਣ ਤੋਂ ਬਚੀਏ, ਉਹਨਾਂ ਉਪਰ ਅੰਧ ਵਿਸ਼ਵਾਸ ਕਰਨ ਤੋਂ ਬਚੀਏ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਣ ਗੁਰਬਾਣੀ ਦੀ ਰੋਸ਼ਨੀ ਵਿੱਚ ਗਿਆਨ ਮਾਰਗ ਦੇ ਪਾਂਧੀ ਬਣ ਜਾਈਏ-

-ਸਾਕਤ ਕਾ ਬਕਨਾ ਹਿਉ ਜਾਨਉ ਜੈਸੇ ਪਵਨੁ ਝੁਲਾਈ।।

(ਸੋਰਠਿ ਮਹਲਾ ੫-੬੦੯)

-ਸਾਕਤ ਸੰਗੁ ਨ ਕੀਜਈ ਪਿਆਰੇ ਜੇ ਕਾ ਪਾਰਿ ਵਸਾਇ।।

(ਸੋਰਠਿ ਮਹਲਾ ੫-੬੪੧)

-ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗੁ।।

ਓਹੁ ਬਿਖਈ ਓਸੁ ਰਾਮ ਕੋ ਰੰਗੁ।। ੧।। ਰਹਾਉ।।

(ਗਉੜੀ ਮਹਲਾ ੫-੧੯੮)

-ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ।।

ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੈ।।

(ਨਟ ਮਹਲਾ ੪-੯੮੧)

-ਸੰਤਨ ਕਾ ਦਾਨਾ ਰੂਖਾ ਸੋ ਸਰਬ ਨਿਧਾਨ।।

ਗ੍ਰਿਹਿ ਸਾਕਤ ਛਤੀਹ ਪ੍ਰਕਾਰ ਤੇ ਬਿਖੂ ਸਮਾਨ।। ੨।।

ਭਗਤ ਜਨਾ ਕਾ ਲੂਗਰਾ ਓਢਿ ਨਗਨ ਨ ਹੋਈ।।

ਸਾਕਤ ਸਿਰਪਾਉ ਰੇਸਮੀ ਪਹਿਰਤ ਪਤਿ ਖੋਈ।। ੩।।

ਸਾਕਤ ਸਿਉ ਮੁਖਿ ਜੋਰਿਐ ਅਧ ਵੀਚਹੁ ਟੂਟੈ।।

ਹਰਿ ਜਨ ਕੀ ਸੇਵਾ ਜੋ ਕਰੇ ਇਤ ਊਤਹਿ ਛੂਟੈ।। ੪।।

(ਬਿਲਾਵਲੁ ਮਹਲਾ ੪-੮੧੧)

-ਮੇਰੇ ਮੋਹਨ ਸ੍ਰਵਨੀ ਇਹ ਨ ਸੁਨਾਏ।।

ਸਾਕਤ ਗੀਤ ਨਾਦ ਧੁਨਿ ਗਾਵਤ ਬੋਲਤ ਬੋਲ ਅਜਾਏ।।

(ਬਿਲਾਵਲ ਮਹਲਾ ੫-੮੨੦)

=========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.