.

“ਜੇ ਸਕਤਾ ਸਕਤੇ ਕਉ ਮਾਰੇ. .”

ਅਤੇ

"ਜਮੁ ਕਰਿ ਮੁਗਲੁ ਚੜਾਇਆ…"

(ਭਾਗ ਪਹਿਲਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਸੰਮਤ 1578 (ਸੰ: ੧੫੨੧) `ਚ ਬਾਬਰ ਦਾ ਭਾਰਤ `ਤੇ ਤੀਜਾ ਤੇ ਆਖ਼ਰੀ ਹਮਲਾ ਸੀ। ਉਸ ਦੇ ਇਸ ਹਮਲੇ ਦੌਰਾਨ ਇਥੇ ਵੱਡੀ ਕਤਲੋਗ਼ਾਰਤ ਹੋਈ। ਨਤੀਜਾ ਸੀ ਕਿ ਭਾਰਤ `ਚ ਲੋਧੀ ਖਾਨਦਾਨ ਭਾਵ ਅਫ਼ਗ਼ਾਨੀਆਂ ਅਥਵਾ ਪਠਾਣਾ ਦੇ ਰਾਜ ਦਾ ਖ਼ਾਤਮਾ ਹੋਇਆ ਅਤੇ ਮੁਗ਼ਲ ਰਾਜ ਸਥਾਪਤ ਹੋ ਗਿਆ। ਇਹ ਵੀ ਕਿ ਗੁਰਬਾਣੀ `ਚ ਭਾਰਤ `ਤੇ ਬਾਬਰ ਦੇ ਇਸ ਅੰਤਮ ਹਮਲੇ ਨਾਲ ਸੰਬੰਧਤ ਚਾਰ ਸ਼ਬਦ ਆਏ ਹੈ ਜਿਨ੍ਹਾਂ ਦਾ ਨੰਬਰਵਾਰ ਪਰ ਅਤੀ ਸੰਖੇਪ ਵੇਰਵਾ ਇਸ ਤਰ੍ਹਾਂ ਹੈ:-

(੧) "ਜੈਸੀ ਮੈ ਆਵੈ ਖਸਮ ਕੀ ਬਾਣੀ. . - ਪਹਿਲਾ ਸ਼ਬਦ ਪੰ: ੭੨੨ `ਤੇ ਤਿਲੰਗ ਰਾਗ `ਚ "ਜੈਸੀ ਮੈ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨੁ ਵੇ ਲਾਲੋ" ਹੈ। ਸ਼ਬਦ ਦਾ ਮੂਲ ਵਿਸ਼ਾ ਹੈ, ਆਖ਼ਿਰ ਇਹ ਕਤਲੋਗ਼ਾਰਤ ਹੋਈ ਵੀ ਤਾਂ ਕਿਉਂ? ਗੁਰਦੇਵ ਨੇ ਇਹ ਸ਼ਬਦ ਭਾਈ ਲਾਲੋ ਨੂੰ ਸੰਬੋਧਨ ਕਰਕੇ ਉਚਾਰਣ ਕੀਤਾ ਹੋਇਆ ਹੈ। ਸ਼ਬਦ `ਚ ਗੁਰਦੇਵ ਫ਼ੁਰਮਾਉਂਦੇ ਹਨ, ਭਾਈ ਲਾਲੋ! ਮੈਂ ਉਹੀ ਕਹਿ ਰਿਹਾਂ ਹਾਂ ਜੋ ਕਰਤੇ ਵੱਲੋਂ ਪ੍ਰੇਰਣਾ ਹੋਈ ਹੈ। ਇੱਕ ਪਾਸੇ ਬਾਬਰ ਹੈ ਜਿਹੜਾ ਹਮਲੇ ਲਈ ਵੱਡੀ ਤਿਆਰੀ ਕਰਕੇ "ਪਾਪ ਕੀ ਜੰਞ ਲੈ ਕਾਬਲਹੁ ਧਾਇਆ…" ਕਾਬਲ ਤੋਂ ਆਇਆ ਹੈ ਤੇ ਅੰਧਾ ਧੁੰਦ ਕਤਲੋਗ਼ਾਰਤ ਕਰ ਰਿਹਾ ਹੈ। ਦੂਜੇ ਪਾਸੇ ਜਿਨ੍ਹਾਂ ਨੂੰ ਇਹ ਸਭ ਭੋਗਣਾ ਪੈ ਰਿਹਾ ਹੈ ਉਹ ਇਸ ਲਈ, ਕਿ ਇਨ੍ਹਾਂ ਨੇ ਸਮੇਂ ਸਿਰ ਆਪਣੇ-ਆਪਣੇ ਫ਼ਰਜ਼ਾਂ ਦੀ ਪਹਿਚਾਣ ਨਹੀਂ ਸੀ ਕੀਤੀ।

ਬੇਸ਼ੱਕ ਹਮਲੇ ਤੋਂ ਪਹਿਲਾਂ ਹੀ ਭਾਰੀ ਦਹਿਸ਼ਤ ਤੇ ਸਹਿਮ ਦਾ ਵਾਤਵਰਣ ਸੀ। ਸਭ ਨੂੰ ਪਤਾ ਕਿ ਇਸ ਵਾਰ ਬਾਬਰ ਵੱਡੀ ਤਿਆਰੀ ਨਾਲ ਆ ਰਿਹਾ ਤੇ ਭਾਰੀ ਤਬਾਹੀ ਕਰੇਗਾ। ਤਾਂ ਵੀ (੧) ਜੇ ਕਾਜ਼ੀਆਂ, ਬ੍ਰਾਮਣਾਂ ਆਦਿ ਧਾਰਮਿਕ ਆਗੂਆਂ ਦੀ ਗੱਲ ਕਰੀਏ ਤਾਂ ਉਹ ਜਾਤ ਵਰਣ-ਧਰਮ- ਮਜ਼੍ਹਬਾਂ ਦੇ ਪੁਆੜੇ ਪਾ ਕੇ ਆਖ਼ਰੀ ਸਮੇਂ ਤੀਕ ਧਰਮ ਦੇ ਨਾਂ `ਤੇ ਹਰ ਪੱਖੋਂ ਲੋਕਾਈ ਦੀ ਲੁੱਟ-ਖਸੁੱਟ `ਚ ਮਸਤ ਰਹੇ। (੨) ਜੇ ਰਾਜਸ਼ਾਹੀ ਦੀ ਗੱਲ ਕਰੋ! ਰਾਜਸ਼ਾਹੀ ਦਾ ਕੰਮ ਪਹਿਲਾਂ ਤੋਂ ਤਿਆਰੀ ਕਰਣੀ ਤੇ ਅੱਗੇ ਹੋ ਕੇ ਹਮਲੇ ਦਾ ਟਾਕਰਾ ਕਰਣਾ ਹੁੰਦਾ ਹੈ। ਇਸ ਤਰ੍ਹਾਂ ਉਨ੍ਹਾਂ ਦੇਸ਼ ਤੇ ਜੰਤਾ ਦੀ ਰਾਖੀ ਕਰਣੀ ਹੁੰਦੀ ਹੈ ਜਦਕਿ ਉਹ ਵੀ ਆਖ਼ਰੀ ਸਮੇਂ ਤੀਕ ਰੰਗਰਲੀਆਂ ਤੇ ਮਜ਼ਲੂਮਾ ਦੇ ਸ਼ੋਸ਼ਣ `ਚ ਰੁਝੇ ਰਹੇ। (੩) ਤੀਜਾ, ਆਮ ਲੋਕਾਈ ਦੀ ਗੱਲ ਕਰੋ! ਉਹ ਵੀ ਆਪਣੇ ਮਨੁੱਖਾ ਜੀਵਨ ਦੇ ਮੂਲ ਮਕਸਦ ਨੂੰ ਭੁਲਾਅ ਕੇ ਰੰਗ ਤਮਾਸ਼ਿਆਂ, ਧੰਨ ਦੌਲਤ ਤੇ ਜੁਆਨੀ ਦੇ ਨਸ਼ੇ `ਚ ਚੂਰ ਸੀ। ਇਸ ਤਰ੍ਹਾਂ ਸਾਰੇ ਪਾਸੇ "ਸਰਮੁ ਧਰਮੁ ਦੁਇ ਛਪਿ ਖਲੋਏ ਕੂੜੁ ਫਿਰੈ ਪਰਧਾਨੁ ਵੇ ਲਾਲੋ" ਕੂੜ ਦਾ ਪਸਾਰਾ ਹੋਇਆ ਪਿਆ ਸੀ। ਹਰੇਕ ਵਰਗ ਕੁਰਾਹੇ ਪਿਆ ਹੋਇਆ ਆਪਣੇ ਮਨੁੱਖੀ ਤੇ ਇਲਾਹੀ, ਸਭ ਤਰਹਾਂ ਦੇ ਫ਼ਰਜ਼ਾ ਨੂੰ ਵਿਸਾਰੀ ਬੈਠਾ ਸੀ। ਇਨ੍ਹਾਂ ਸਾਰਿਆਂ ਦੇ ਮਨਾਂ ਚੋਂ ਜਿਵੇਂ ਕਿ ਰੱਬ ਦਾ ਨਿਰਮਲ ਭਉ, ਉੱਕਾ ਹੀ ਮੁੱਕਾ ਪਿਆ ਸੀ, ਸਾਰੇ ਪਾਸੇ ਮਨਮੱਤ, ਹੂੜਮੱਤ ਤੇ ਆਪਹੁੱਦਰੇਪਣ ਦੲ ਹੀ ਬੋਲ-ਬਾਲਾ ਸੀ।

ਸਮਾਂ ਰਹਿੰਦੇ ਤਾਂ ਸਾਰਿਆਂ ਨੇ ਪ੍ਰਭੂ ਨੂੰ ਭੁਲਾਈ ਰਖਿਆ, ਫ਼ਿਰ ਕਤਲੋਗ਼ਾਰਤ ਦੌਰਾਨ, ਇਹੀ ਚਾਹੁਣ ਤਾਂ ਵੀ ਰੱਬ ਨੂੰ ਚੇਤੇ ਕਰਨਾ ਸੌਖਾ ਨਹੀਂ ਸੀ। ਸਾਰੇ ਪਾਸੇ ਸਰੀਰਾਂ ਦੇ ਟੁਕੜੇ-ਟੁਕੜੇ ਤੇ ਲਾਸ਼ਾਂ ਦੇ ਢੇਰ ਲੱਗੇ ਹੋਏ ਹਨ, ਭਿਅੰਕਰ ਨਜ਼ਾਰਾ ਸੀ। "ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ" ਗੁਰਦੇਵ ਫ਼ੁਰਮਾਉਂਦੇ ਹਨ ਇਸ ਮਾਸਪੁਰੀ `ਚ ਖਲੋ ਕੇ ਵੀ ਮੈਂ ਅਕਾਲਪੁਰਖ ਦੇ ਹੀ ਗੁਣ ਗਾ ਰਿਹਾ ਹਾਂ ਤੇ ਇਸ ਭਿਆਣਕ ਦੁਰਘਟਣਾ ਲਈ ਵੀ ਪ੍ਰਭੂ ਨੂੰ ਉਲ੍ਹਾਮਾ ਨਹੀਂ ਦੇ ਰਿਹਾ।

ਫ਼ੁਰਮਾਨ ਹੈ, "ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ॥ ਕਾਇਆ ਕਪੜੁ ਟੁਕੁ ਟੁਕੁ ਹੋਸੀ ਹਿਦੁਸਤਾਨੁ ਸਮਾਲਸੀ ਬੋਲਾ॥ ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ॥ ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ" ਭਾਵ ਸੈਦਪੁਰ ਦੇ ਕਤਲੇਆਮ ਵਾਲੀ ਇਹ ਦੁਰਘਟਨਾ ਬੜੀ ਭਿਆਨਕ ਹੈ, ਪਰ ਇਹ ਵੀ ਕਿ ਸੰਸਾਰ `ਚ ਸਭ ਕੁੱਝ ਮਾਲਕ-ਪ੍ਰਭੂ ਦੀ ਰਜ਼ਾ `ਚ ਹੀ ਹੋ ਰਿਹਾ ਹੁੰਦਾ ਹੈ। ਪ੍ਰਭੂ ਨੇ ਇਸ ਤ੍ਰੈ ਗੁਣੀ ਸੰਸਾਰ ਦੀ ਰਚਨਾ ਵੀ ਆਪ ਕੀਤੀ ਹੋਈ ਹੈ ਅਤੇ ਆਪ ਨਿਰਲੇਪ ਰਹਿ ਕੇ ਉਹ ਅਜਿਹੀਆਂ ਦੁਰ-ਘਟਨਾਵਾਂ ਨੂੰ ਦੇਖਦਾ ਵੀ ਆਪ ਹੀ ਹੈ ਭਾਵ ਇਹ ਵੀ ਉਸਦੇ ਸੱਚ ਨਿਆਂ ਤੋਂ ਬਾਹਿਰ ਨਹੀਂ ਹੋ ਰਿਹਾ ਹੁੰਦਾ।

ਪ੍ਰਭੂ ਤਾਂ ਸਦਾ ਹੀ ਸੱਚ ਨਿਆਂ ਤੇ ਅਟੱਲ ਨਿਯਮਾਂ ਵਾਲਾ ਹੈ, ਉਸ ਦਾ ਵੀ ਨਿਆਂ ਸਦਾ ਸੱਚਾ ਤੇ ਅਟੱਲ ਹੁੰਦਾ ਹੈ ਤੇ ਰਵੇਗਾ ਵੀ। ਇਸ ਲਈ ਭਾਈ ਲਾਲੋ! ਤੂੰ ਵੀ ਪ੍ਰਭੂ ਦੇ ਇਸ ਅਟੱਲ ਨਿਯਮ ਦੀ ਪਹਿਚਾਣ ਕਰ। ਚੇਤੇ ਰੱਖ! ਜਦੋਂ-ਜਦੋਂ ਮਨੁੱਖ ਕਰਤੇ ਨੂੰ ਵਿਸਾਰ ਕੇ ਅਤੇ ਰਚਨਾ `ਚ ਖੱਚਤ ਹੋ ਕੇ ਆਪਹੁੱਦਰਾ ਤੇ ਹੂੜਮਤੀਆ ਹੋ ਜਾਂਦਾ ਹੈ ਤਾਂ ਅਜਿਹੀਆਂ ਦੁਰਘਟਣਾਵਾਂ ਵਾਪਰਦੀਆਂ ਹਨ; ਵਾਪਰਦੀਆਂ ਆਈਆਂ ਹਨ ਤੇ ਵਾਪਰਦੀਆਂ ਰਹਿਣਗੀਆਂ ਵੀ। ਬੇਸ਼ੱਕ ਆਪਣੇ ਆਪ `ਚ ਇਹ ਅਜਿਹੀ ਭਿਆਣਕ ਦੁਰਘਟਨਾ ਹੈ ਕਿ ਜਿਸ ਨੂੰ ਹਿੰਦੁਸਤਾਨ ਭੁਲਾਅ ਨਹੀਂ ਸਕੇਗਾ।

ਸ਼ਬਦ ਵਿੱਚਲੀ ਸ਼ਬਦਾਵਲੀ ਸਾਬਤ ਕਰਦੀ ਹੈ ਕਿ ਜਦੋਂ ਹਮਲਾ ਹੋਣਾ ਸੀ ਅਤੇ ਇਸ ਬਾਰੇ ਸਾਰੇ ਪਾਸੇ ਭਰਵੇਂ ਸਹਿਮ ਦਾ ਵਾਤਾਵਰਣ ਸੀ, ਗੁਰਦੇਵ ਉਸ ਸਮੇਂ ਵੀ ਸਤਿਸੰਗਾਂ ਦੌਰਾਨ ਉਪ੍ਰੋਕਤ ਵਰਗਾਂ ਨੂੰ ਇਸ ਦੀ ਭਿਅੰਕਰਤਾ ਬਾਰੇ ਸੁਚੇਤ ਕਰਦੇ ਰਹੇ; ਕਾਸ਼, ਇਹ ਲੋਕ ਓਦੋਂ ਹੀ ਕੁੱਝ ਸੰਭਲ ਜਾਂਦੇ। ਅੱਜ ਸਾਰੇ ਪਾਸੇ ਭਰਵੀਂ ਦਹਿਸ਼ਤ ਤੇ ਖੂਨ ਖਰਾਬਾ ਹੋ ਰਿਹਾ ਹੈ, ਕਾਰਣ ਜਿਹੜੇ ਸਮੇਂ ਨਾਲ ਫ਼ਰਜ਼ਾਂ ਦੀ ਪਹਿਚਾਣ ਨਹੀਂ ਕਰਦੇ, ਸਮਾਂ ਵਿਹਾਜਣ `ਤੇ ਉਨ੍ਹਾਂ ਨੂੰ ਅਜਿਹਾ ਸਭ ਭੋਗਣਾ ਵੀ ਪੈਂਦਾ ਹੈ।

ਇਹ ਵੀ ਕਿ ਸੰਮਤ ੧੫੭੮ ਅਜੇ ਹਮਲਾ ਹੋਣਾ ਸੀ ਤਾਂ ਵੀ ਹਮਲੇ ਸੰਬੰਧੀ ਵੱਡਾ ਸਹਿਮ ਤੇ ਡਰ ਦਾ ਵਾਤਾਵਰਣ ਸੀ। ਉਪ੍ਰੰਤ ਕਤਲੋਗ਼ਾਰਤ ਤੇ ਤਬਾਹੀ ਤੋਂ ਬਾਅਦ ਤਾਂ ਲੋਕਾਈ ਦੇ ਮਨਾ `ਤੇ ਦਹਿਸ਼ਤ ਹੋਰ ਗਹਿਰੀ ਹੋ ਗਈ ਸੀ। ਘਬਰਾਹਟ ਸੀ ਕਿ ਇਹ ਹਾਲਾਤਾਂ ਦੀ ਭਿੰਅਕਰਤਾ ਕਦੇ ਟਲੇਗੀ ਵੀ ਜਾਂ ਨਹੀਂ। ਉਪ੍ਰੰਤ ਇਸੇ ਸ਼ਬਦ `ਚ ਹੀ ਗੁਰਦੇਵ ਨੇ ਸਪਸ਼ਟ ਉਸ ਬਾਰੇ ਵੀ ਕੀਤਾ "ਆਵਨਿ ਅਠਤਰੈ ਜਾਨਿ ਸਤਾਨਵੈ ਹੋਰੁ ਭੀ ਉਠਸੀ ਮਰਦ ਕਾ ਚੇਲਾ" (ਪੰ: ੭੨੨) ਭਾਵ ਬਾਬਰ, ਜਿਹੜਾ ਬੜੀ ਕਤਲੋਗ਼ਾਰਤ ਕਰਕੇ ਅੱਜ ਸੰਮਤ ੧੫੭੮ `ਚ ਭਾਰਤ `ਤੇ ਕਾਬਿਜ਼ ਹੋਇਆ ਹੈ।

ਕਰਤਾਰ ਦੇ ਅਟੱਲ ਨਿਯਮ `ਚ ਅਜਿਹੇ ਭਿਅੰਕਰ ਹਾਲਾਤ ਵੀ ਸਦਾ ਲਈ ਨਹੀਂ ਰਹਿੰਦੇ ਅਤੇ ਇਨ੍ਹਾਂ `ਚ ਫ਼ਿਰ ਤੋਂ ਸੁਖਾਵਾਂ ਬਦਲਾਵ ਆਉਣਾ ਵੀ, ਕਰਤੇ ਦੇ ਸਦਾ ਤੋਂ ਚਲਦੇ ਆ ਰਹੇ ਅਟੱਲ ਨਿਯਮ `ਚ ਹੀ ਹੈ। ਇਸ ਲਈ "ਸਚ ਕੀ ਬਾਣੀ ਨਾਨਕੁ ਆਖੈ ਸਚੁ ਸੁਣਾਇਸੀ ਸਚ ਕੀ ਬੇਲਾ" (ਪੰ: ੭੨੨) ਅਨੁਸਾਰ ਪ੍ਰਭੂ ਵੱਲੋਂ ਬਾਬਰਕਿਆਂ ਨੂੰ ਭਾਂਜ ਦੇਣ ਵਾਲਾ ਮਰਦ ਸੂਰਮਾ ਵੀ ਸੰਮਤ ੧੫੯੭ `ਚ ਆ ਰਿਹਾ ਹੈ ਜਿਸਤੋਂ ਲੋਕਾਈ ਵਿੱਚਲੇ ਇਸ ਸਹਿਮ ਨੂੰ ਠੱਲ ਪਵੇਗੀ ਅਤੇ ਅਜਿਹਾ ਹੋਣਾ ਵੀ ਪ੍ਰਭੂ ਦੇ ਅਟੱਲ ਨਿਯਮ `ਚ ਹੀ ਹੈ। (ਇਤਿਹਾਸ ਗੁਆਹ ਕਿ ਇਹ ਸ਼ੇਰਸ਼ਾਹ ਸੂਰੀ ਸੀ ਜਿਸਨੇ ਬਾਬਰਕਿਆਂ ਨੂੰ ਸੰਮਤ ੧੫੯੭ `ਚ ਭਾਂਜ ਦਿੱਤੀ ਤੇ ਕੁੱਝ ਵਰ੍ਹੇ ਧਰਮ ਦਾ ਰਾਜ ਕਮਾਇਆ)

(੨) "ਖੁਰਾਸਾਨ ਖਸਮਾਨਾ ਕੀਆ. ."- ਬਾਬਰ ਦੇ ਹਮਲੇ ਨਾਲ ਸੰਬੰਧਤ ਉਨ੍ਹਾਂ ਚਾਰ ਸ਼ਬਦਾਂ ਦੀ ਲੜੀ `ਚ ਦੂਜਾ ਸ਼ਬਦ ਹੈ "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ" ਜਿਹੜਾ ਆਸਾ ਰਾਗ `ਚ ਪੰ: ੩੬੦ `ਤੇ ਦਰਜ ਹੈ। ਇਸ ਸ਼ਬਦ `ਚ ਗੁਰਦੇਵ ਦੱਸਦੇ ਹਨ, ਜਦੋਂ-ਜਦੋਂ ਵੀ ਮਨੁੱਖ ਆਪਣੇ ਜੀਵਨ ਰਾਹ ਤੋਂ ਭਟਕ ਜਾਂਦਾ ਹੈ ਤਾਂ ਪ੍ਰਭੂ ਉਸ ਨੂੰ ਉਸ ਦੇ ਉਨ੍ਹਾਂ ਕੁਕਰਮਾਂ ਦੀ ਸਜ਼ਾ ਵੀ ਆਪ ਦਿੰਦਾ ਹੈ ਪਰ ਇਸ ਦੇ ਲਈ ਪ੍ਰਮਾਤਮਾ ਆਪਣੇ `ਤੇ ਦੋਸ਼ ਨਹੀਂ ਲੈਂਦਾ। ਇਹੀ ਕਾਰਣ ਹੈ ਕਿ ਅਜੋਕੇ ਹਾਲਾਤ `ਚ ਉਸਨੇ ਖੁਰਾਸਾਨ ਤੋਂ "ਜਮੁ ਕਰਿ ਮੁਗਲੁ ਚੜਾਇਆ" ਮੁਗ਼ਲਾਂ ਨੂੰ ਇਨ੍ਹਾਂ ਦੀ ਮੌਤ ਬਣਾ ਕੇ ਭੇਜ ਦਿੱਤਾ ਹੈ।

ਇਹ ਵੀ ਕਿ ਇੰਨੀ ਤਬਾਹੀ ਤੇ ਖੂਨ ਖਰਾਬੇ ਦੇ ਬਾਵਜੂਦ ਕਰਤੇ ਨੂੰ ਇਸ `ਤੇ ਤਰਸ ਨਹੀਂ ਆਇਆ। ਕਾਰਣ "ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰ, ਤਾ ਮਨਿ ਰੋਸੁ ਨ ਹੋਈ" ਭਾਵ ਜਿਹੜੀਆਂ ਧਿਰਾਂ ਵਿੱਚਕਾਰ ਟਾਕਰਾ ਸੀ, ਦੋਵੇਂ ਆਪਣੀ-ਆਪਣੀ ਤਾਕਤ ਦੇ ਨਸ਼ੇ `ਚ ਚੂਰ ਸਨ। ਇਸ ਲਈ ਜਦੋਂ ਇੱਕ ਤਾਕਤ ਦੇ ਨਸ਼ੇ `ਚ ਅੰਨ੍ਹਾ, ਦੂਜੇ ਤਾਕਤ ਦੇ ਨਸ਼ੇ `ਚ ਅੰਨ੍ਹੇ ਨਾਲ ਟਕਰਾਏ ਤਾਂ ਦੋਸ਼ ਕਿਸ ਨੂੰ? ਬਾਕੀ ਰਹੀ ਗੱਲ ਖੂਨ-ਖਰਾਬੇ ਦੀ, ਜੀਵਾਂ ਦਾ ਮਿਲਨਾ ਤੇ ਵਿੱਛੜਣਾ "ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ" ਤਾਂ ਹੈ ਹੀ ਕਰਤੇ ਦੇ ਅੱਟਲ ਨਿਯਮ `ਚ। ਕਰਤੇ ਦਾ ਮੁੱਢ ਕਦੀਮੀ ਨਿਯਮ ਹੈ ਤੇ ਆਦਿ ਕਾਲ ਤੋਂ ਇਸੇ ਤਰ੍ਹਾਂ ਚਲਦਾ ਆ ਰਿਹਾ ਹੈ ਤੇ ਚਲਦਾ ਰਵੇਗਾ।

ਗੁਰਦੇਵ ਫ਼ੁਰਮਾਉਂਦੇ ਹਨ, ਇਥੇ ਵਿਸ਼ਾ ਕੁੱਝ ਹੋਰ ਵੀ ਹੈ। ਉਹ ਇਹ ਕਿ, ਜਦੋਂ ਭੇਡਾਂ ਦੇ ਕਿਸੇ ਵੱਗ `ਤੇ ਕੋਈ ਖੂੰਖਾਰ ਸ਼ੇਰ ਹਮਲਾ ਕਰ ਦਿੰਦਾ ਹੈ ਤਾਂ ਭੇਡਾਂ ਦੇ ਮਾਲਿਕ ਦਾ ਫ਼ਰਜ਼ ਬਣਦਾ ਹੈ, ਕਿ ਉਹ ਆਪਣੀਆਂ ਭੇਡਾਂ ਦੀ ਰਾਖੀ ਕਰੇ। ਇਸੇਤਰ੍ਹਾਂ "ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ" ਪ੍ਰਭੂ ਵੀ ਆਪਣੇ ਪਿਆਰਿਆਂ ਦੀ ਖੁੰਖਾਰ ਹੰਕਾਰੀਆਂ ਦੇ ਚੁੰਗਲ `ਚੋਂ ਰਾਖੀ ਕਰਣ ਲਈ, ਕੇਵਲ ਇੱਕ ਜਾਂ ਦੂਜਾ ਬਹਾਨਾ ਬਨਾਂਦਾ ਹੈ। ਅਜਿਹਾ ਢੰਗ ਜਿਸਤੋਂ ਪ੍ਰਭੂ ਪਿਆਰਿਆਂ ਦੀ ਬਹੁੜੀ ਵੀ ਹੋ ਜਾਵੇ ਅਤੇ ਨਾਲ-ਨਾਲ ਕੁਰਾਹੇ ਪਿਆਂ ਨੂੰ ਆਪਣੇ ਕੀਤੇ ਦੀ ਸਜ਼ਾ ਵੀ ਮਿਲ ਜਾਏ।

ਇਸ ਤਰ੍ਹਾਂ ਸੰਸਾਰ `ਚ ਜਨਮ ਲੈ ਕੇ ਜਿਹੜੇ ਰਤਨਾਂ-ਹੀਰਿਆਂ ਤੋਂ ਮਹਿੰਗੇ ਮਨੁੱਖਾ ਜਨਮ ਨੂੰ ਅਜ਼ਾਈਂ ਗੁਆ ਦਿੰਦੇ ਹਨ, "ਰਤਨ ਵਿਗਾੜਿ ਵਿਗੋਏ ਕੁਤੀਂ ਮੁਇਆ ਸਾਰ ਨ ਕਾਈ॥ ਆਪੇ ਜੋੜਿ ਵਿਛੋੜੇ ਆਪੇ ਵੇਖੁ ਤੇਰੀ ਵਡਿਆਈ॥ ੨ ਜੇ ਕੋ ਨਾਉ ਧਰਾਏ ਵਡਾ ਸਾਦ ਕਰੇ ਮਨਿ ਭਾਣੇ॥ ਖਸਮੈ ਨਦਰੀ ਕੀੜਾ ਆਵੈ ਜੇਤੇ ਚੁਗੈ ਦਾਣੇ" ਉਨ੍ਹਾਂ ਨੂੰ ਸਦਾ ਤੋਂ ਅਜਿਹੀਆਂ ਤਬਾਹੀਆਂ ਭੋਗਣੀਆਂ ਪੈਂਦੀਆਂ ਹਨ ਤੇ ਮਨੁੱਖਾ ਜਨਮ ਬਿਰਥਾ ਕਰਣ ਕਰਕੇ ਉਨ੍ਹਾਂ ਨੂੰ ਮੁੜ ਉਨ੍ਹਾਂ ਹੀ ਬਾਰ-ਬਾਰ ਦੇ ਜਨਮਾਂ-ਜੂਨਾਂ, ਗਰਭਾਂ ਦੇ ਗੇੜ `ਚ ਪੈਣਾ ਪੈਂਦਾ ਹੈ। ਤਾਂ ਤੇ ਲੋੜ ਹੈ ਮਨੁੱਖ, "ਮਰਿ ਮਰਿ ਜੀਵੈ ਤਾ ਕਿਛੁ ਪਾਏ, ਨਾਨਕ ਨਾਮੁ ਵਖਾਣੇ" ਆਪਣੇ ਪ੍ਰਾਪਤ ਮਨੁੱਖਾ ਜਨਮ ਦੇ ਮਕਸਦ ਦੀ ਪਹਿਚਾਣ ਕਰੇ ਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜੇ ਤਾ ਕਿ ਇਸ ਬਾਰ-ਬਾਰ ਦੀ ਸਜ਼ਾ ਤੋਂ ਸਦਾ ਲਈ ਬੱਚ ਜਾਵੇ।

(੩) "ਜਿਨ ਸਿਰਿ ਸੋਹਨਿ ਪਟੀਆ, ਮਾਂਗੀ ਪਾਇ ਸੰਧੂਰੁ. ."- ਉਪ੍ਰੰਤ ਇਸ ਲੜੀ `ਚ ਰਾਗ ਆਸਾ ਪੰ: ੪੧੭ `ਤੇ ਤੀਜਾ ਸ਼ਬਦ ਹੈ "ਜਿਨ ਸਿਰਿ ਸੋਹਨਿ ਪਟੀਆ, ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿੑ, ਗਲ ਵਿਚਿ ਆਵੈ ਧੂੜਿ…"। ਸ਼ਬਦ `ਚ ਗੁਰਦੇਵ ਨੇ ਉਸ ਭਿਅੰਕਰ ਤੱਬਾਹੀ ਦਾ ਜ਼ਿਕਰ ਕੀਤਾ ਹੈ ਜਿਹੜੀ ਬਾਬਰ ਦੇ ਹਮਲੇ ਕਾਰਣ ਹੋਈ। ਖੂਬੀ ਇਹ ਕਿ ਗੁਰਦੇਵ ਨੇ ਸ਼ਬਦ `ਚ ਹਰ ਵਾਰ ਤੱਬਾਹੀ ਦਾ ਜ਼ਿਕਰ ਕਰਦੇ ਹੋਏ, ਹਰ ਕੱਦਮ `ਤੇ ਕਰਤਾਰ ਦੀ ਕਰਨੀ ਨੂੰ ਕੇਵਲ ਉਸਦੀ ਰਜ਼ਾ ਤੇ ਸੱਚ ਨਿਆਂ ਹੀ ਬਿਆਣਿਆ ਹੈ। ਗੁਰਦੇਵ ਨੇ ਪ੍ਰਭੂ ਨੂੰ ਉਸ ਦੀ ਉਸ ਕਰਣੀ ਲਈ ਕਿਧਰੇ ਤੇ ਇੱਕ ਵਾਰ ਵੀ ਉਲ੍ਹਾਮਾ ਨਹੀਂ ਦਿਤਾ ਜਿਵੇਂ:-

"ਆਦੇਸੁ ਬਾਬਾ ਆਦੇਸੁ॥ ਆਦਿ ਪੁਰਖ ਤੇਰਾ ਅੰਤੁ ਨ ਪਾਇਆ, ਕਰਿ ਕਰਿ ਦੇਖਹਿ ਵੇਸ" ਹੋਰ

"ਜੇ ਤਿਸੁ ਭਾਵੈ ਦੇ ਵਡਿਆਈ, ਜੇ ਭਾਵੈ ਦੇਇ ਸਜਾਇ॥ ੪ ॥" ਪੁਨਾ

"ਜੋ ਤਿਸੁ ਭਾਵੈ ਸੋ ਥੀਐ, ਨਾਨਕ ਕਿਆ ਮਾਨੁਖ"

ਫ਼ਿਰ ਇਤਨਾ ਹੀ ਨਹੀਂ, ਗੁਰਦੇਵ ਇਸ ਤਬਾਹੀ ਦੇ ਕਾਰਣਾਂ ਨੂੰ ਵੀ ਬਿਆਣਦੇ ਹਨ ਜਿਵੇਂ:-

"ਅਗੋ ਦੇ ਜੇ ਚੇਤੀਐ, ਤਾਂ ਕਾਇਤੁ ਮਿਲੈ ਸਜਾਇ" ਬਲਕਿ ਇਹ ਵੀ

"ਧਨੁ ਜੋਬਨੁ ਦੁਇ ਵੈਰੀ ਹੋਏ, ਜਿਨੀੑ ਰਖੇ ਰੰਗੁ ਲਾਇ…" ਹੋਰ

"ਰਾਮੁ ਨ ਕਬਹੂ ਚੇਤਿਓ, ਹੁਣਿ ਕਹਣਿ ਨ ਮਿਲੈ ਖੁਦਾਇ" ਆਦਿ।

(੪) "ਕਹਾ ਸੁ ਖੇਲ ਤਬੇਲਾ ਘੋੜੇ, ਕਹਾ ਭੇਰੀ ਸਹਨਾਈ. ."- ਫ਼ਿਰ ਪੰ: ੪੧੭ `ਤੇ ਆਸਾ ਰਾਗ `ਚ ਹੀ, ਇਸ ਲੜੀ ਦੇ ਅੰਤਮ ਤੇ ਚੌਥੇ ਸ਼ਬਦ "ਕਹਾ ਸੁ ਖੇਲ ਤਬੇਲਾ ਘੋੜੇ, ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ, ਕਹਾ ਸੁ ਲਾਲ ਕਵਾਈ" `ਚ ਵੀ ਇਸ ਹਮਲੇ ਕਾਰਣ ਹੋਈ ਤਬਾਹੀ ਦਾ ਭਰਵਾਂ ਵਰਨਣ ਹੈ। ਤੀਜੇ ਸ਼ਬਦ ਦੀ ਨਿਆਈਂ ਇਸ ਸ਼ਬਦ `ਚ ਵੀ ਗੁਰਦੇਵ ਨੇ ਇਸ ਤਬਾਹੀ ਨੂੰ ਵੀ ਕਰਤੇ ਦੇ ਨਿਆਂ ਤੇ ਰਜ਼ਾ `ਚ ਹੀ ਬਿਆਣਿਆ ਹੈ ਜਿਵੇਂ:-

"ਜਿਨੑ ਕੀ ਚੀਰੀ ਦਰਗਹ ਪਾਟੀ, ਤਿਨਾੑ ਮਰਣਾ ਭਾਈ" ਹੋਰ

"ਆਪੇ ਕਰੇ ਕਰਾਏ ਕਰਤਾ, ਕਿਸ ਨੋ ਆਖਿ ਸੁਣਾਈਐ॥ ਦੁਖੁ ਸੁਖੁ ਤੇਰੈ ਭਾਣੈ ਹੋਵੈ, ਕਿਸ ਥੈ ਜਾਇ ਰੂਆਈਐ॥ ਹੁਕਮੀ ਹੁਕਮਿ ਚਲਾਏ ਵਿਗਸੈ, ਨਾਨਕ ਲਿਖਿਆ ਪਾਈਐ"।

ਗੁਰਦੇਵ ਨੇ ਪੂਰੇ ਸ਼ਬਦ `ਚ ਇਨਸਾਨ ਦੀਆਂ ਉਨ੍ਹਾਂ ਅਗਿਆਨਤਾਂਵਾਂ ਨੂੰ ਵੀ ਬਿਆਣਿਆ ਹੈ ਜਿਨ੍ਹਾਂ ਕਾਰਣ ਸੰਸਾਰ ਦੇ ਵੱਖ ਵੱਖ ਭਾਗਾਂ `ਚ ਅਤੇ ਸਮੇਂ ਸਮੇਂ `ਤੇ ਅਜਿਹੀਆਂ ਤਬਾਹੀਆਂ ਹੁੰਦੀਆਂ ਰਹਿੰਦੀਆਂ ਹਨ। ਇਸ ਤਰਾਂ ਸੁਚੇਤ ਕੀਤਾ ਕਿ ਜੇ ਮਨੁੱਖ ਇਹ ਸਭ ਕੁੱਝ ਜਾਨਣ ਦੇ ਬਾਵਜੂਦ ਵੀ ਨਾ ਸੰਭਲੇ ਤਾਂ ਉਹ ਅਜਿਹੀਆਂ ਤਬਾਹੀਆਂ ਤੋਂ ਵੀ ਕਦੇ ਨਹੀਂ ਬੱਚ ਸਕਦਾ। ਸਪਸ਼ਟ ਹੈ ਅਜਿਹੇ ਖੁਨ ਖਰਾਬੇ ਤੇ ਕਤਲੋਗ਼ਾਰਤਾਂ ਟੱਲ ਸਕਦੀਆਂ ਹਨ ਤਾਂ ਕੇਵਲ ਇੱਕ ਤਰੀਕੇ- ਜਦੋਂ ਰਾਜਸ਼ਾਹੀ, ਧਾਰਮਿਕ ਸ਼੍ਰੇਣੀ ਤੇ ਆਮ ਲੋਕਾਈ ਸਮਾਜ ਦੇ ਇਹ ਤਿੰਨੇ ਵਰਗ ਆਪਣੇ-ਆਪਣੇ ਫ਼ਰਜ਼ਾਂ ਨੂੰ ਪਹਿਚਾਨਣ।

ਤਾਂ ਤੇ ਉਨ੍ਹਾਂ ਤਿੰਨਾਂ ਵਰਗਾਂ ਲਈ ਸਾਵਧਾਨੀਆਂ ਕੀ ਹਨ? ਉਨ੍ਹਾਂ ਵੱਲੋਂ ਹੋਣ ਵਾਲੀਆਂ ਕੋਤਾਹੀਆਂ ਕਿਹੜੀਆਂ ਹਨ? ਉਨ੍ਹਾਂ ਦੇ ਮੂਲ ਫ਼ਰਜ਼ ਕੀ ਹਨ? ਇਸ ਵਿਸ਼ੇ `ਤੇ ਇਨ੍ਹਾਂ ਚਾਰ ਸ਼ਬਦਾਂ ਦੇ ਆਧਾਰ `ਤੇ ਕੁੱਝ ਹੋਰ ਵੇਰਵਾ ਦੇਣ ਤੋਂ ਪਹਿਲਾਂ:-

ਦੇਖ ਚੁੱਕੇ ਹਾਂ ਕਿ ਸੰਮਤ 1578 `ਚ ਬਾਬਰ ਦਾ ਭਾਰਤ `ਤੇ ਇਹ ਤੀਜਾ ਤੇ ਅੰਤਮ ਹਮਲਾ ਸੀ, ਇਸ ਹਮਲੇ ਦਾ ਨਤੀਜਾ ਸੀ ਜੋ ਭਾਰਤ `ਚ ਲੋਧੀ ਖਾਨਦਾਨ (ਅਫ਼ਗ਼ਾਨੀਆਂ-ਪਠਾਣਾ) ਦੇ ਰਾਜ ਦਾ ਅੰਤ ਹੋ ਗਿਆ ਤੇ ਬਦਲੇ `ਚ ਮੁਗ਼ਲ ਰਾਜ ਸ਼ਥਾਪਤ ਹੋ ਗਿਆ। ਇਹ ਜ਼ਿਕਰ ਵੀ ਆ ਚੁੱਕਾ ਹੈ ਕਿ ਉਸ ਹਮਲੇ ਨਾਲ ਸੰਬੰਧਤ, ਗੁਰਬਾਣੀ `ਚ ਚਾਰ ਸ਼ਬਦ ਆਏ ਹਨ ਜਿਨ੍ਹਾਂ ਦਾ ਸੰਖੇਪ ਵੇਰਵਾ ਦੇ ਚੁੱਕੇ ਹਾਂ। ਸ਼ਬਦਾਂ ਦੀ ਸੌਖੀ ਪਹਿਚਾਣ ਆ ਜਾਵੇ, ਨੰਬਰਵਾਰ ਉਹ ਚਾਰ ਸ਼ਬਦ ਹਨ:-

1. ਤਿਲੰਗ ਮਹਲਾ ੧॥" ਜੈਸੀ ਮੈ ਆਵੈ ਖਸਮ ਕੀ ਬਾਣੀ ਤੈਸੜਾ ਕਰੀ. ." (ਪੰ: 722)

2. "ਆਸਾ ਮਹਲਾ ੧॥" ਖੁਰਾਸਾਨ ਖਸਮਾਨਾ ਕੀਆ, ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ" (ਪੰ: 360)

3. ਰਾਗੁ ਆਸਾ ਮਹਲਾ ੧ ਅਸਟਪਦੀਆ ਘਰੁ ੩ ੴ ਸਤਿਗੁਰ ਪ੍ਰਸਾਦਿ॥ ਜਿਨ ਸਿਰਿ ਸੋਹਨਿ ਪਟੀਆ ਮਾਂਗੀ ਪਾਇ ਸੰਧੂਰੁ॥ ਸੇ ਸਿਰ ਕਾਤੀ ਮੁੰਨੀਅਨਿੑ …." (ਪੰ: 417)

4. ਆਸਾ ਮਹਲਾ ੧॥" ਕਹਾ ਸੁ ਖੇਲ ਤਬੇਲਾ ਘੋੜੇ, ਕਹਾ ਭੇਰੀ ਸਹਨਾਈ॥ ਕਹਾ ਸੁ ਤੇਗਬੰਦ ਗਾਡੇਰੜਿ, ਕਹਾ ਸੁ ਲਾਲ ਕਵਾਈ …." (ਪੰ: 417)

ਸ਼ਬਦ "ਬਾਬਰਵਾਣੀ ਦੇ’ ਨਹੀਂ ਹਨ- ਕੁੱਝ ਵਿਦਵਾਨਾਂ ਰਾਹੀਂ ਬਾਬਰ ਦੇ ਹਮਲੇ ਨਾਲ ਸੰਬੰਧਤ ਸ਼ਬਦਾਂ ਨੂੰ ‘ਬਾਬਰਵਾਣੀ ਦੇ ਸ਼ਬਦ ਦਸਣਾ’ ਜਾਂ ਕਹਿਣਾ ਬਿਲਕੁਲ ਗ਼ਲਤ ਹੈ। ਦਰਅਸ਼ਲ ਇਨ੍ਹਾਂ ਸ਼ਬਦਾਂ ਲਈ ਲਫ਼ਜ਼ "ਬਾਬਰਵਾਣੀ ਦੇ ਸ਼ਬਦ’ ਪ੍ਰਚਲਤ ਹੋ ਜਾਣ ਦਾ ਮੁੱਖ ਕਾਰਣ ਇਨ੍ਹਾਂ ਸ਼ਬਦਾਂ `ਚ ਗੁਰਦੇਵ ਰਾਹੀਂ "ਬਾਬਰਵਾਣੀ ਫਿਰਿ ਗਈ ਕੁਇਰੁ ਨ ਰੋਟੀ ਖਾਇ" ਵਾਲੀ ਪੰਗਤੀ `ਚ ਲਫ਼ਜ਼ ‘ਬਾਬਰਵਾਣੀ’ ਦੀ ਵਰਤੋਂ ਹੈ। ਉਸੇ ਤੋਂ ਇਨ੍ਹਾਂ ਸ਼ਬਦਾਂ ਨੂੰ "ਬਾਬਰਵਾਣੀ ਦੇ ਸ਼ਬਦ" ਕਹਿ ਦੇਣਾ’, ਇਹ ਸਾਡੀ ਵੱਡੀ ਭੁੱਲ ਹੈ।

ਸਿਦਕਦਿਲੀ ਨਾਲ ਘੋਖਿਆ ਜਾਵੇ ਤਾਂ "ਬਾਬਰਵਾਣੀ ਫਿਰਿ ਗਈ …" ਅਤੇ ‘ਬਾਬਰਵਾਣੀ ਦੇ ਸ਼ਬਦ" ਦੋਨਾਂ ਸ਼ਬਦਾਵਲੀਆਂ ਦੇ ਅਰਥਾਂ `ਚ ਜ਼ਮੀਨ ਤੇ ਅਸਮਾਨ ਦਾ ਫ਼ਰਕ ਹੈ। ਜਦਕਿ ਮੁਗ਼ਲ ਸਮ੍ਰਾਟ ਬਾਬਰ ਦੀ ਇੱਕ ਵੀ ਪੰਕਤੀ, ਬਾਣੀ `ਚ ਨਹੀਂ, ਤਾਂ "ਬਾਬਰਵਾਣੀ ਦੇ ਸ਼ਬਦ’ ਕਿਵੇ? ਦੂਜੇ ਪਾਸੇ "ਬਾਬਰਵਾਣੀ ਫਿਰਿ ਗਈ…" ਦੇ ਅਰਥ ਹਨ ਹਮਲੇ ਦੌਰਾਨ ਬਾਬਰ ਦਾ ਹੀ ਹੁਕਮ ਚੱਲਿਆ।

ਇਤਿਹਾਸ ਨਹੀਂ, ਇਤਿਹਾਸਕ ਹਵਾਲਾ- ਇਸ ਵਿਸ਼ੇ `ਤੇ ਵੀ ਵਿਸ਼ੇਸ਼ ਧਿਆਨ ਦੇਣਾ ਹੈ। ਗੁਰਬਾਣੀ, ਇਤਿਹਾਸ ਨਹੀਂ, ਜੀਵਨ ਜਾਚ ਦਾ ਖਜ਼ਾਨਾ ਹੈ। ਪਾਤਸ਼ਾਹ ਵੱਲੋਂ ਇਨ੍ਹਾਂ ਚਾਰ ਸ਼ਬਦਾਂ `ਚ ਹੀ ਨਹੀਂ, ਬਲਕਿ ਬਾਣੀ `ਚ ਹੋਰ ਵੀ ਬਹੁਤ ਥਾਵੇਂ ਇਤਿਹਾਸਕ ਤੇਂ ਮਿਥਿਹਾਸਕ ਹਵਾਲੇ ਵਰਤੇ ਹੋਏ ਹਨ। ਜਦਕਿ ‘ਗੁਰਬਾਣੀ `ਚ ਉਨ੍ਹਾਂ ਇਤਿਹਾਸਕ - ਮਿਥਿਹਾਸਕ ਹਵਾਲਿਆਂ ਦਾ ਮਕਸਦ’ ਗੁਰਦੇਵ ਰਾਹੀਂ ਕਿਧਰੇ ਵੀ ਇਤਿਹਾਸ ਦੇਣਾ ਜਾਂ ਮਿਥਿਹਾਸਕ ਘਟਣਾਵਾਂ ਦੀ ਪ੍ਰੌੜਤਾ ਕਰਣਾ ਨਹੀਂ। ਬਲਕਿ ਉਥੇ ਕਿਸੇ ਨਾ ਕਿਸੇ ਗੁਰਮੱਤ ਸਿਧਾਂਤ ਨੂੰ ਪ੍ਰਗਟ ਕਰਣਾ ਜਾਂ ਕੋਈ ਮਿਸਾਲ ਦੇਣ ਲਈ ਵਰਤਣਾ ਜਾਂ ਫ਼ਿਰ ਕਿਸੇ ਅਮੁੱਕੇ ਪ੍ਰਚਲਣ ਨੂੰ ਖੰਡਣ ਵਜੋਂ ਵਰਤਣਾ ਹੀ ਹੁੰਦਾ ਹੈ। ਉਸੇ ਤਰ੍ਹਾਂ ਬਾਬਰ ਦੇ ਹਮਲੇ ਨਾਲ ਸੰਬੰਧਤ ਸ਼ਬਦਾਂ ਦਾ ਮਕਸਦ ਵੀ ਹਮਲੇ ਦਾ ਹਵਾਲਾ ਦੇ ਕੇ ਗੁਰਮੱਤ ਦੇ ਬਹੁਤ ਵੱਡੇ ਸਿਧਾਂਤ ਨੂੰ ਉਜਾਗਰ ਕਰਣਾ ਹੈ, ਨਾ ਕਿ ਇਤਿਹਾਸਕ ਵੇਰਵੇ ਦੇਣੇ।

ਇਥੇ ਕੁੱਝ ਵੇਖ ਆਏ ਹਓ ਤੇ ਕੁੱਝ ਹੋਰ ਵੀ ਦੇਖਣਾ ਹੈ ਕਿ ਜੀਵਨ ਦਾ ਉਹ ਕਿਹੜਾ ਸਿਧਾਂਤ ਹੈ, ਜਿਹੜਾ ਇਨ੍ਹਾਂ ਸ਼ਬਦਾਂ ਰਾਹੀਂ ਗੁਰਦੇਵ ਪ੍ਰਗਟ ਕਰ ਰਹੇ ਹਨ? ਜਿਉਂ ਜਿਉਂ ਗਹਿਰਾਈ ਤੋਂ ਸਮਝਣ ਦਾ ਯਤਨ ਕਰਾਂਗੇ, ਵਿਸ਼ਾ ਆਪਣੇ ਆਪ ਖੁੱਲਦਾ ਜਾਵੇਗਾ। ਦਰਅਸਲ ਇਨ੍ਹਾਂ ਚਾਰ ਸ਼ਬਦਾਂ `ਚ ਗੁਰਦੇਵ ਨੇ ਮਨੁੱਖਾ ਜੀਵਨ ਦੇ ਉਸ ਇਲਾਹੀ ਸਿਧਾਂਤ ਨੂੰ ਪ੍ਰਗਟ ਕਰਣ ਲਈ, ਸੰਪੂਰਣ ਮਨੁੱਖ ਸਮਾਜ ਨੂੰ ਚਾਰ ਵਰਗਾਂ `ਚ ਵੰਡਿਆ ਹੈ। ਤਾਂ ਤੇ ਨੰਬਰਵਾਰ ਉਹ ਚਾਰ ਵਰਗ ਹਨ:-

(੧) ਰਾਜਸੀ ਆਗੂ

(੨) ਧਾਰਮਿਕ ਆਗੂ

(੩) ਸਾਧਾਰਣ ਲੋਕਾਈ

(੪) ਪ੍ਰਭੂ ਪਿਆਰੇ (ਸਹੀ ਅਰਥਾਂ `ਚ)। ਸੁਆਲ ਪੈਦਾ ਹੁੰਦਾ ਹੈ ਤਾਂ ਪ੍ਰਭੂ ਪਿਆਰੇ ਰਹਿੰਦੇ ਕਿੱਥੇ ਹਨ? ਦਰਅਸਲ ਪ੍ਰਭੂ ਪਿਆਰਿਆਂ ਦੀ ਹੋਂਦ ਇਨ੍ਹਾਂ ਤਿੰਨਾ ਵਰਗਾਂ `ਚ ਫ਼ੈਲੀ ਹੁੰਦੀ ਹੈ, ਬਾਕੀ ਤਿੰਨਾਂ ਵਰਗਾਂ ਵਾਂਙ ਇਹ ਉਸ ਤਰ੍ਹਾਂ ਦਾ ਵੱਖਰਾ ਵਰਗ ਨਹੀਂ। ਤਾਂ ਤੇ ਵਾਰੀ ਵਾਰੀ:-

(1) ਰਾਜਸੀ ਆਗੂ ਅਥਵਾ ਰਾਜਸ਼ਾਹੀ-ਪ੍ਰਭੂ ਨੇ ਰਾਜਸੀ ਆਗੂਆਂ ਨੂੰ ਇਸ ਪੱਦ ਤੀਕ ਪਹੁੰਚਾਇਆ ਹੁੰਦਾ ਹੈ ਤਾ ਕਿ ੳੇੁਹ ਜੰਤਾ ਦੀ ਹਰ ਯੋਗ ਢੰਗ ਨਾਲ ਸੰਭਾਲ ਤੇ ਸੇਵਾ ਕਰਣ ਲਈ ਸਦਾ ਤਤਪਰ ਰਹਿਣ। ਜੰਤਾ ਦੀਆਂ ਜ਼ਰੂਰਤਾਂ, ਖਾਣ-ਪਾਣ ਤੇ ਉਨ੍ਹਾਂ ਦੀਆਂ ਸਮਸਿਆਵਾਂ ਦਾ ਸਮਾਧਾਨ ਕਰਣ। ਫ਼ਿਰ ਜੇ ਬਾਹਰੋਂ ਕੋਈ ਜਰਵਾਨਾ, ਹਮਲਾਆਵਰ ਹੋ ਕੇ ਉਨ੍ਹਾਂ ਦੇ ਦੇਸ਼ ਤੇ ਜੰਤਾ `ਤੇ ਚੜ੍ਹ ਆਵੇ ਤਾਂ ਉਨ੍ਹਾਂ ਤੋਂ ਆਪਣੇ ਦੇਸ਼ ਅਤੇ ਜੰਤਾ ਦੀ ਰਾਖੀ ਲਈ ਸਦਾ ਤਿਆਰ ਰਹਿਣ।

(2) ਦੂਜੇ ਨੰਬਰ `ਤੇ ਧਾਰਮਿਕ ਆਗੂ ਅਥਵਾ ਪੁਜਾਰੀ ਸ਼੍ਰੇਣੀ- ਧਾਰਮਿਕ ਆਗੂਆਂ ਦਾ ਕਰਤਾਰ ਵੱਲੋਂ ਰੁੱਤਬਾ ਇਸ ਲਈ ਉੱਚਾ ਹੁੰਦਾ ਹੈ ਕਿ ਇਹ ਲੋਕ, ਲੋਕਾਈ ਦੇ ਜੀਵਨ ਦੀ ਸਦਾਚਾਰਕਂ ਸੰਭਾਲ ਕਰਣ। ਆਪ ਵੀ ਪ੍ਰਭੂ ਦੇ ਨੁਮਾਇੰਦੇ ਬਣ ਕੇ ਨੇਕਦਿਲੀ ਨਾਲ ਵਿਚਰਣ ਤੇ ਲੋਕਾਈ ਦੇ ਜੀਵਨ ਨੂੰ ਵੀ ਉੱਚਾ ਚੁੱਕਣ। ਲੋਕਾਈ ਅੰਦਰ ਰੱਬੀ ਗੁਣਾਂ ਦੀ ਸਿੰਚਾਈ ਕਰਣ ਤੇ ਉਸ ਨੂੰ ਵਹਿਮਾਂ-ਭਰਮਾਂ ਤੇ ਅੰਧਵਿਸ਼ਵਾਸਾਂ ਆਦਿ ਤੋਂ ਬਚਾਉਣ। ਇਸ ਤਰ੍ਹਾਂ ਇਹ ਧਾਰਮਿਕ ਆਗੂ ਪ੍ਰਭੂ ਅਤੇ ਲੋਕਾਈ ਦੇ ਵਿਚੋਲੇ ਬਣ ਕੇ ਵਿਚਰਣ। ਆਪ ਵੀ ਪ੍ਰਭੂ ਦੇ ਨਿਰਮਲ ਭਉ `ਚ ਰਹਿਣ ਅਤੇ ਦੂਜਿਆਂ ਨੂੰ ਵੀ ਪ੍ਰਭੂ ਦੇ ਨਿਰਮਲ ਭਉ ਰਹਿਣ ਅਤੇ ਸੱਚ ਦੇ ਮਾਰਗ `ਤੇ ਚਲਾਉਣ।

(3) ਤੀਜੇ, ਸਾਧਰਨ ਲੋਕਾਈ- ਇਸ ਤੋਂ ਇਲਾਵਾ ਆਪਣੇ-ਆਪਣੇ ਫ਼ਰਜ਼ਾਂ ਦੀ ਗੱਲ ਕੇਵਲ ਰਾਜਸੀ ਅਤੇ ਧਾਰਮਿਕ ਆਗੂਆਂ ਤੱਕ ਹੀ ਸੀਮਤ ਨਹੀਂ। ਇਸ ਤੋਂ ਅੱਗੇ, ਮਨੁੱਖਾ ਜਨਮ ਹੋਣ ਨਾਤੇ, ਲੋਕਾਈ ਦਾ ਵੀ ਫ਼ਰਜ਼ ਹੈ, ਜੇਕਰ ਰਾਜਸੀ ਅਤੇ ਧਾਰਮਿਕ ਆਗੂ, ਆਪੋ ਆਪਣੇ ਫ਼ਰਜ਼ਾਂ ਨੂੰ ਨਹੀਂ ਸੰਭਾਲਦੇ ਤਾਂ ਵੀ "ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ" ਕਰਤੇ ਦੀ ਦਰਗਾਹ `ਚ ਹਰੇਕ ਨੇ ਆਪਣਾ ਲੇਖਾ ਆਪ ਦੇਣਾ ਹੈ। ਉਸਦੇ ਨਿਆਂ `ਚ ਤਾਂ ਕਿਸੇ ਦੇ ਜੀਵਨ ਤੇ ਕਰਣੀ ਲਈ ਕੋਈ ਦੂਜਾ ਜੁਆਬਦੇਹ ਨਹੀਂ ਹੁੰਦਾ, ਇਸ ਲਈ ਉਹ ਵੀ ਆਪਣਾ ਮਨੁੱਖੀ ਫ਼ਰਜ਼ ਪਹਿਚਾਨਣ।

(੪) ਉਪ੍ਰੰਤ ਚੌਥਾ ਵਰਗ-ਗੱਲ ਕਰਦੇ ਹਾਂ ਚੌਥੇ ਵਰਗ ਦੀ-ਇਨ੍ਹਾਂ ਤਿੰਨਾਂ ਦੇ ਉਲਟ, ਸੰਸਾਰ ਭਰ ਦੇ ਕਿਸੇ ਵੀ ਭਾਗ `ਚ ਵਸਦੇ ਜਦੋਂ ਰਾਜਸੀ ਤੇ ਧਾਰਮਿਕ ਆਗੂ ਬਲਕਿ ਆਮ ਲੋਕਾਈ ਵੀ ਆਪਣੇ ਇਲਾਹੀ ਫ਼ਰਜ਼ਾਂ ਨੂੰ ਭੁਲਾ ਕੇ ਕੁਰਾਹੇ ਪੈ ਜਾਵੇ। ਉਸ ਦਾ ਨਤੀਜਾ ਹੁੰਦਾ ਹੈ ਕਿ ਇਨ੍ਹਾਂ ਤਿੰਨਾਂ ਵਿੱਚਕਾਰ ਵੱਸ ਰਿਹਾ `ਤੇ ਹਰ ਪਾਸੇ ਫੈਲਿਆ ਹੋਇਆ ਸੱਚ ਧਰਮ ਦਾ ਮੁਤਲਾਸ਼ੀ ਇਹ ਚੋਥਾ ਵਰਗ, ਉਨ੍ਹਾਂ ਤਿੰਨਾਂ ਦੇ ਦਬਾਅ ਹੇਠ ਪਿਸਨਾ ਸ਼ੁਰੂ ਹੋ ਜਾਂਦਾ ਹੈ। ਅਜਿਹੇ ਹਾਲਾਤ `ਚ "ਖਸਮੈ ਸਾ ਪੁਰਸਾਈ" ਅਕਾਲਪੁਰਖ ਆਪ ਕੋਈ ਕਾਰਣ ਬਣਾਉਂਦਾ ਹੈ ਜਿਸ ਤੋਂ ਚੋਥੇ ਵਰਗ ਦੀ ਰਾਖੀ ਹੁੰਦੀ ਹੈ ਅਤੇ ਪਹਿਲੇ ਤਿੰਨਾਂ ਵਰਗਾਂ ਨੂੰ ਆਪਣੇ-ਆਪਣੇ ਕੀਤੇ ਦੀ ਸਜ਼ਾ ਮਿਲਦੀ ਹੈ। ਤਾਂ ਤੇ ਬੇਸ਼ੱਕ ਗੱਲ ਨੂੰ ਪੂਰੀ ਤਰ੍ਹਾਂ ਸਮਝਣ ਲਈ ਵਿਸ਼ੇ ਸੰਬੰਧੀ ਅੱਗੇ ਕੁੱਝ ਹੋਰ ਜ਼ਿਕਰ ਵੀ ਕਰਾਂਗੇ। ਤਾਂ ਤੇ:-

ਅਕਾਲਪੁਰਖ ਦਾ ਮੁੱਢ-ਕਦੀਮੀ ਬਿਰਧ, ਤਸਵੀਰ ਦਾ ਦੂਜਾ ਪਾਸਾ- ਥੋੜੇ ਲਫ਼ਜ਼ਾਂ `ਚ ਬਿਆਣਨਾ ਹੋਵੇ ਤਾਂ ਇਨ੍ਹਾਂ ਚੋਹਾਂ ਸ਼ਬਦਾਂ ਰਾਹੀਂ ਗੁਰਦੇਵ ਨੇ ਚੇਤਾਵਨੀ ਦਿੱਤੀ ਹੈ ਕਿ ਸੰਸਾਰ `ਚ ਜਦੋਂ ਤੇ ਜਿੱਥੇ ਵੀ ਪਹਿਲੇ ਤਿੰਨ ਵਰਗ, ਆਪਣੇ-ਆਪਣੇ ਇਲਾਹੀ ਫ਼ਰਜ਼ਾਂ ਨੂੰ ਭੁਲਾ ਕੇ ਜੀਵਨ ਦੇ ਪੁੱਠੇ ਰਾਹ ਪੈ ਜਾਂਦੇ ਹਨ, ਤਾਂ ਤੇ ਵਾਰੀ ਵਾਰੀ:-

ਰਾਜਸੀ ਆਗੂ ਤੇ ਰਾਜਸ਼ਾਹੀ- ਰਾਜਸੀ ਆਗੂ ਜਦੋਂ ਜੰਤਾ ਦੀ ਭਲਾਈ, ਮੁੱਖ ਲੋੜਾਂ ਪਾਲਨਾ ਤੇ ਦੇਸ਼ ਦੀ ਹਿਫ਼ਾਜ਼ਤ ਆਦਿ ਪੱਖੋਂ ਲਾਪਰਵਾਹ ਹੋ ਜਾਂਦੇ ਹਨ। ਇਸ ਤਰ੍ਹਾਂ ਅਤੇ ਆਪਣੇ ਮੂਲ ਫ਼ਰਜ਼ਾਂ ਨੂੰ ਭੁਲਾਅ ਕੇ ਐਸ਼ੋ-ਇਸ਼ਰਤ ਤੇ ਰੰਗਰਲੀਆਂ ਦਾ ਸ਼ਿਕਾਰ ਹੋ ਜਾਂਦੇ ਹਨ। ਲੋਕਾਈ ਨਾਲ ਜ਼ੁਲਮ-ਧੱਕਾ, ਵੱਢੀ ਖੋਰੀ ਅਤੇ ਮਜ਼ਲੂਮ ਜੰਤਾ ਦਾ ਸੋਸ਼ਨ ਆਦਿ ਇਨ੍ਹਾ ਦੇ ਕਰਮ ਬਣ ਜਾਂਦੇ ਹਨ।

ਧਾਰਮਿਕ ਆਗੂ-ਧਾਰਮਿਕ ਸ਼੍ਰੇਣੀ, ਲੋਕਾਈ `ਚ ਆਪ ਹੀ ਵਹਿਮਾਂ-ਭਰਮਾਂ ਦਾ ਜਾਲ ਵਿਛਾਉਣ ਲਗ ਜਾਂਦੀ ਹੈ। ਲੋਕਾਈ ਨੂੰ ਕਰਮ ਕਾਂਡਾ `ਚ ਉਲਝਾ ਕੇ ਆਪਣੀ ਅਰਚਾ-ਪੂਜਾ ਤੇ ਲੁੱਟ-ਖੌਹ `ਚ ਪੈ ਕੇ ਕਰਤਾਰ ਨਾਲ ਜੋੜਣ ਦੀ ਬਜਾਏ, ਪ੍ਰਭੂ ਨਾਲੋਂ ਤੋੜਣ ਵਾਲੀ ਖੇਡ `ਚ ਰੁੱਝ ਜਾਂਦੀ ਹੈ।

ਸਾਧਾਰਣ ਲੋਕਾਈ- ਆਮ ਲੋਕਾਈ, ਜਿਸਦੇ ਅਮੁਲੇ ਜਨਮ ਨਾਲ ਇਹ ਦੋਵੇਂ ਵਰਗ ਖਿਲਵਾੜ ਕਰ ਰਹੇ ਹੁੰਦੇ ਹਨ, ਉਪ੍ਰੰਤ ਉਹ ਆਪ ਵੀ ਜਦੋਂ ਆਪਣੇ ਮੱਨੁਖਾ ਜਨਮ ਨਾਲ ਨਿਆਂ ਕਰਣ ਦੀ ਬਜਾਏ, ਧਨ-ਦੌਲਤ ਤੇ ਜੁਆਨੀ ਦੇ ਨਸ਼ੇ `ਚ ਮਖਮੂਰ ਹੋ ਕੇ ਆਪਣੇ ਆਤਮਕ ਜੀਵਨ ਦੀ ਸੰਭਾਲ ਕਰਣੀ ਤਾਂ ਦੂਰ ਉਸ ਦੀ ਪਹਿਚਾਣ ਵੀ ਭੁੱਲ ਜਾਂਦੀ ਹੈ।

ਅਜਿਹੇ ਹਾਲਾਤ `ਚ, ਮਨੁੱਖ ਸਮਾਜ ਵਿਚਾਲੇ ਚੌਥਾ ਵਰਗ ਵੀ ਹੁੰਦਾ ਹੈ ਜਿਸ ਦੀ ਮੌਜੂਦਗੀ ਹਰੇਕ ਵਰਗ ਵਿੱਚਕਾਰ ਹੁੰਦੀ ਹੈ। ਉਪਰਲੇ ਤਿੰਨਾਂ ਵਰਗਾਂ ਦੇ ਕੁਰਾਹੇ ਪੈਣ `ਤੇ, ਸੱਚ ਧਰਮ ਦਾ ਪਾਂਧੀ ਹੁੰਦਾ ਹੋਇਆ ਵੀ, ਇਹ ਵਰਗ ਤ੍ਰਾਸਦੀ ਦੇ ਹਾਲਾਤ `ਚ ਜੀਅ ਰਿਹਾ ਹੁੰਦਾ ਹੈ।

ਇਨ੍ਹਾਂ ਸ਼ਬਦਾਂ `ਚ ਹੀ ਗੁਰਦੇਵ ਇਸ ਚੌਤੇ ਵਰਗ ਬਾਰੇ ਸਪਸ਼ਟ ਕਰਦੇ ਹਨ, ਫ਼ੁਰਮਾਨ ਹੈ "ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ" (ਪੰ: 360) ਅਤੇ "ਸਾਹਿਬ ਕੇ ਗੁਣ ਨਾਨਕੁ ਗਾਵੈ ਮਾਸ ਪੁਰੀ ਵਿਚਿ ਆਖੁ ਮਸੋਲਾ॥ ਜਿਨਿ ਉਪਾਈ ਰੰਗਿ ਰਵਾਈ ਬੈਠਾ ਵੇਖੈ ਵਖਿ ਇਕੇਲਾ॥ ਸਚਾ ਸੋ ਸਾਹਿਬੁ ਸਚੁ ਤਪਾਵਸੁ ਸਚੜਾ ਨਿਆਉ ਕਰੇਗੁ ਮਸੋਲਾ. ." ਅਨੁਸਾਰ ਅਕਾਲਪੁਰਖ ਆਪਣੇ ਇਨ੍ਹਾਂ ਪਿਆਰਿਆਂ ਦੀ ਰਾਖੀ ਲਈ ਆਪ ਕੋਈ ਖੇਡ ਵਰਤਾਂਦਾ ਹੈ ਜਿਸ ਤੋਂ ਕੁਰਾਹੇ ਪਏ ਉਨ੍ਹਾਂ ਤਿੰਨਾ ਵਰਗਾਂ ਨੂੰ ਆਪਣੇ ਕੀਤੇ ਦੀ ਸਜ਼ਾ ਮਿਲਦੀ ਹੈ ਅਤੇ ਇਸ ਚੋਥੇ ਵਰਗ ਨੂੰ ਰਾਹਤ ਮਿਲਦੀ ਹੈ। ਜਦਕਿ ਇਨ੍ਹਾਂ ਸ਼ਬਦਾਂ ਇਹ ਵੀ ਅਕਾਲਪੁਰਖ ਦਾ ਹੀ ਮੁੱਢਕਦੀਮੀ ਨਿਯਮ ਹੂ ਅਤੇ ਸਦਾ ਤੋਂ ਚਲਦਾ ਆ ਰਿਹਾ ਹੈ।

"ਜਮੁ ਕਰਿ ਮੁਗਲੁ ਚੜਾਇਆ" - (ਪੰ: 360) ਤਾਂ ਤੇ ਪ੍ਰਭੂ ਦੀ ਇਸ ਇਲਾਹੀ ਖੇਡ ਅਤੇ ਪ੍ਰਭੂ ਦੇ ਉਸ ਮੁੱਢ-ਕਦੀਮੀ ਸਿਧਾਂਤ ਨੂੰ ਸਮਝਾਉਣ ਲਈ ਹੀ ਗੁਰਦੇਵ ਨੇ ਬਾਬਰ ਦੇ ਹਮਲੇ ਦਾ ਇਤਿਹਾਸ ਨਹੀਂ ਬਲਕਿ ਬਾਬਰ ਦੇ ਹਮਲੇ ਦਾ ਹਵਾਲਾ ਦੇ ਕੇ ਇਸ ਨੂੰ ਕੇਵਲ ਮਿਸਾਲ ਵਜੋਂ ਹੀ ਵਰਤਿਆ ਹੈ। ਨਾਲ-ਨਾਲ ਚੇਤਾਵਨੀ ਦਿੱਤੀ ਹੈ "ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ" (ਪੰ: 417)। ਭਾਵ ਜੇ ਇਹ ਤਿੰਨੇ ਵਰਗ ਆਪਣੇ-ਆਪਣੇ ਫ਼ਰਜ਼ਾਂ ਨੂੰ ਪਹਿਚਾਣ ਕੇ ਚੱਲਣ ਤਾਂ ਸੰਸਾਰ `ਚ ਕਿੱਧਰੇ ਵੀ ਬਾਬਰ ਦੇ ਹਮਲੇ ਵਰਗੇ ਹਾਲਾਤ ਪੈਦਾ ਹੀ ਨਹੀਂ ਹੋ ਸਕਦੇ। ਉਹ ਹਾਲਾਤ ਜਿਹੜੇ ਬਾਬਰ ਦੇ ਹਮਲੇ ਕਾਰਣ ਪੈਦਾ ਹੋਏ ਤੇ ਜਿਹੜੇ ਇਨ੍ਹਾਂ ਸ਼ਬਦਾਂ `ਚ ਬਿਆਣੇ ਹੋਏ ਹਨ।

ਚੇਤੇ ਰਹੇ! "ਜਮੁ ਕਰਿ ਮੁਗਲੁ ਚੜਾਇਆ" `ਚ ਜਮ ਦਾ ਅਰਥ ਹੈ ਮੌਤ, ਨਾ ਕਿ ਬ੍ਰਾਹਮਣੀ ਜਮ। ਬਲਕਿ ਇਥੇ ਜਮ ਦੇ ਗੁਰਮੱਤ ਅਰਥ ਆਤਮਕ ਮੌਤ ਜਾਂ ਮੌਤ ਤੋਂ ਬਾਅਦ ਵਾਲੇ ਮੁੜ ਜਨਮ-ਮਰਨ ਦਾ ਗੇੜ ਵੀ ਨਹੀਂ ਹਨ। ਇਥੇ ਜਮ ਦਾ ਅਰਥ ਕੇਵਲ ਤੇ ਕੇਵਲ ਮੌਤ ਹੀ ਹੈ। ਭਾਵ ਅਕਾਲਪੁਰਖ ਨੇ ਬਾਬਰ ਨੂੰ ਇਨ੍ਹਾਂ ਕੁਰਾਹੇ ਪਏ ਤਿੰਨਾਂ ਵਰਗਾਂ ਦੀ ਮੌਤ ਬਣਾ ਕੇ ਭੇਜ ਦਿੱਤਾ। ਇਸ ਤਰ੍ਹਾਂ ਕੁਲ ਮਿਲਾਕੇ ਇਨ੍ਹਾਂ ਚਾਰ ਸ਼ਬਦਾਂ ਰਾਹੀਂ ਗੁਰਦੇਵ ਨੇ ਸਪਸ਼ਟ ਕੀਤਾ ਹੈ:-

ਪਹਿਲਾ- ਜਦੋਂ ਜਦੋਂ ਵੀ ਉਪ੍ਰੋਕਤ ਤਿੰਨ ਵਰਗ ਆਪਣੇ ਰੱਬੀ ਫ਼ਰਜ਼ਾਂ ਨੂੰ ਭੁਲਾ ਕੇ ਜੀਵਨ ਉਲਟੇ ਰਾਹ ਪੈ ਜਾਂਦੇ ਹਨ ਅਤੇ ਬਦਲੇ `ਚ ਚੌਥੇ ਵਰਗ ਦਾ ਜੀਵਨ ਦੂਭਰ ਹੋ ਜਾਂਦਾ ਹੈ।

ਦੂਜਾ-ਗੁਰਦੇਵ ਨੇ ਵੇਰਵੇ ਨਾਲ ਸਪਸ਼ਟ ਕੀਤਾ ਹੈ "ਕਰਤਾ ਤੂੰ ਸਭਨਾ ਕਾ ਸੋਈ॥ ਜੇ ਸਕਤਾ ਸਕਤੇ ਕਉ ਮਾਰੇ ਤਾ ਮਨਿ ਰੋਸੁ ਨ ਹੋਈ॥ ੧ ॥ ਰਹਾਉ॥ ਸਕਤਾ ਸੀਹੁ ਮਾਰੇ ਪੈ ਵਗੈ ਖਸਮੈ ਸਾ ਪੁਰਸਾਈ…" (ਪ: ੰ੩੬੦) ਸਪਸ਼ਟ ਹੈ ਉਸ ਚੌਥੇ ਵਰਗ ਦੀ ਰਾਖੀ ਲਈ ਹੀ, ਅਕਾਲ ਪੁਰਖ ਨੇ ਕੁਰਾਹੇ ਪਏ ਉਨ੍ਹਾਂ ਤਿੰਨਾਂ ਵਰਗਾਂ ਲਈ ਬਾਬਰ ਨੂੰ ਉਨ੍ਹਾਂ ਦੀ ਮੌਤ (ਜਮ) ਬਣਾ ਕੇ ਭੇਜ ਦਿੱਤਾ। ਜਦਕਿ ਗਹੁ ਨਾਲ ਵਿਚਾਰਿਆਂ ਇਨ੍ਹਾਂ ਸ਼ਬਦਾ `ਚ ਹੀ ਇਸ ਸਾਰੇ ਦਾ ਵੀ ਵੇਰਵਾ ਮੌਜੂਦ ਹੈ।

ਤੀਜਾ- ਗੁਰਦੇਵ ਨੇ ਇਥੇ ਉਸ ਪੁਰਾਤਨ ਵਿਸ਼ਵਾਸ ਦਾ ਵੀ ਭਰਵਾਂ ਖੰਡਣ ਕੀਤਾ ਹੈ ਕਿ ਜਦੋਂ-ਜਦੋਂ ਧਰਮ ਦੀ ਹਾਨੀ ਹੁੰਦੀ ਹੈ ਭਗਵਾਨ ਧਰਮੀਆਂ ਦੀ ਰਾਖੀ ਲਈ ਆਪ ਜਨਮ ਲੈਂਦਾ ਹੈ (ਸ੍ਰੀ ਕ੍ਰਿਸ਼ਨ ਅਤੇ ਦਸ਼ਰਥ ਸੁਤ ਸ੍ਰੀ ਰਾਮ ਆਦਿ ਦੀਆਂ ਕਥਾਵਾਂ ਇਸੇ ਵਿਸ਼ਵਾਸ ਦੀ ਪ੍ਰੌੜਤਾ `ਚ ਮਿਲਦੀਆਂ ਹਨ)। ਉਸਦੇ ਉਲਟ ਗੁਰਦੇਵ ਨੇ ਗੁਰਬਾਣੀ `ਚ ਅਨੇਕਾਂ ਵਾਰ ਸ਼ਪਸ਼ਟ ਕੀਤਾ ਜਿਵੇ:-

"ਜਨਮ ਮਰਣ ਤੇ ਰਹਤ ਨਾਰਾਇਣ" ਭਾਵ ਪ੍ਰਭੂ ਅਜੂਨੀ ਹੈ ਬਲਕਿ ਇਥੋਂ ਤੀਕ

"ਸੋ ਮੁਖੁ ਜਲੳ, ੁ ਜਿਤੁ ਕਹਹਿ ਠਾਕੁਰ ਜੋਨੀ॥ ੩ ॥ ਜਨਮਿ ਨ ਮਰੈ ਨ ਆਵੈ ਨ ਜਾਇ॥ ਨਾਨਕ ਕਾ ਪ੍ਰਭੁ, ਰਹਿਓ ਸਮਾਇ" (ਪੰ: ੧੧੩੬) ਅਤੇ ਬੇਅੰਤ ਫ਼ੁਰਮਾਨ।

ਇਸ ਤਰ੍ਹਾਂ ਗੁਰਦੇਵ ਨੇ ਇਥੇ ‘ਪ੍ਰਮਾਤਮਾ ਆਪ ਜਨਮ ਲੈ ਕੇ ਆਉਂਦਾ ਹੈ’ ਵਾਲੀ ਸੋਚਣੀ ਦਾ ਸਦਾ ਲਈ ਕੇਵਲ ਭੋਗ ਹੀ ਨਹੀਂ ਪਾਇਆ ਬਲਕਿ ਸਪਸ਼ਟ ਕੀਤਾ ਕਿ ਕਰਤਾਰ ਨੂੰ ਜਨਮ ਲੈਣ ਦੀ ਲੋੜ ਨਹੀਂ। ਕਰਤਾ ਤਾਂ ਹਰ ਸਮੇਂ, ਜ਼ਰੇ-ਜ਼ਰੇ `ਚ ਵਿਆਪਕ ਅਤੇ ਰੂਪ ਰੰਗ ਰੇਖ ਤੋਂ ਨਿਆਰਾ ਹੈ।

ਇਹ ਵੱਖਰੀ ਗੱਲ ਹੈ ਕਿ ਪ੍ਰਭੂ ਆਪ ਬਹੁੜੀ ਕਰਦਾ ਹੈ ਅਤੇ ਆਪਣੀ ਕੋਈ ਨਾ ਕੋਈ ਖੇਡ ਵਰਤਾ ਕੇ ਜਿਵੇਂ "ਖੁਰਾਸਾਨ ਖਸਮਾਨਾ ਕੀਆ ਹਿੰਦੁਸਤਾਨੁ ਡਰਾਇਆ॥ ਆਪੈ ਦੋਸੁ ਨ ਦੇਈ ਕਰਤਾ ਜਮੁ ਕਰਿ ਮੁਗਲੁ ਚੜਾਇਆ" (ਪੰ: ੩੬੦) ਅਨੁਸਾਰ "ਬਾਬਰ ਦਾ ਹਮਲਾ" ਜਿਹੜਾ ਕਿ ਇਥੇ ਇਸ ਗੁਰਮੱਤ ਸਚਾਈ ਦਾ ਸਬੂਤ ਹੈ ਅਤੇ ਜਿਸਦਾ ਜ਼ਿਕਰ ਵੀ ਚੱਲ ਰਿਹਾ ਹੈ। (ਚਲਦਾ) #417 P-I.124s07.02.16#

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਅਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋ ਚੁੱਕੀ ਲੜੀ-ਇਨ੍ਹਾਂ ਸਾਰੀਆਂ ਲਿਖਤਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.417P-I

"ਜੇ ਸਕਤਾ ਸਕਤੇ ਕਉ ਮਾਰੇ. ."

ਅਤੇ

"ਜਮੁ ਕਰਿ ਮੁਗਲੁ ਚੜਾਇਆ…"

(ਭਾਗ ਪਹਿਲਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org




.