.

ਪੰਡੀਆ ਕਵਨ ਕੁਮਤਿ ਤੁਮ ਲਾਗੇ॥ ……

ਬ੍ਰਹਮ ਗਿਆਨੀ ਬਾਣੀਕਾਰਾਂ ਨੇ ਪ੍ਰਭੂ ਨਾਲ ਇਕਸੁਰਤਾ ਪ੍ਰਾਪਤ ਕਰਨ ਲਈ ਹਰਿਨਾਮ-ਸਿਮਰਨ ਨੂੰ ਉੱਚਤਮ ਸੰਸਕਾਰ ਦੱਸਿਆ ਹੈ। ਪ੍ਰਾਚੀਨ ਧਰਮ-ਗ੍ਰੰਥਾਂ ਵਿੱਚ ਵੀ ਇਸ ਸਿੱਧਾਂਤ ਦਾ ਸਮਰਥਨ ਮਿਲਦਾ ਹੈ। ਪਰੰਤੂ, ਆਦਿ ਕਾਲ ਤੋਂ ਹੀ ਮਨੁੱਖਤਾ ਦੀ ਇਹ ਬਦਕਿਸਮਤੀ ਰਹੀ ਹੈ ਕਿ ਗ੍ਰੰਥਾਂ ਉੱਤੇ ਕੁੰਡਲੀ ਮਾਰੀ ਬੈਠੇ, ਆਤਮ ਗਿਆਨ ਤੋਂ ਸੱਖਣੇ, ਗ੍ਰੰਥ-ਗਿਆਨੀ ਪੁਜਾਰੀਆਂ ਨੇ ਲੋਕਾਂ ਨੂੰ ਸੰਸਾਰਕ ਸੰਸਕਾਰਾਂ (ਕਰਮਕਾਂਡਾਂ) ਵਿੱਚ ਇਤਨਾ ਉਲਝਾਇਆ ਹੋਇਆ ਹੈ ਕਿ ਨਾਮ-ਸਿਮਰਨ ਦੇ ਪਵਿੱਤਰ ਤੇ ਕਲਿਆਣਕਾਰੀ ਸਿੱਧਾਂਤ ਦਾ ਕਿਸੇ ਨੂੰ ਚਿਤ-ਚੇਤਾ ਹੀ ਨਹੀਂ ਰਿਹਾ। ਗੁਰਬਾਣੀ ਵਿੱਚ ਬਾਣੀਕਾਰਾਂ ਨੇ, ਸੁਆਰਥ ਤੇ ਮਾਇਆ ਦੀ ਖ਼ਾਤਿਰ ਕੁਰਾਹੇ ਪਏ ਹੋਏ, ਪਾਖੰਡੀ ਪਾਂਡੇ-ਪੁਜਾਰੀਆਂ ਨੂੰ ਉਨ੍ਹਾਂ ਦੀ ਕੁਮਤਿ ਦਾ ਬੜੇ ਸਖ਼ਤ ਸ਼ਬਦਾਂ ਵਿੱਚ ਅਹਿਸਾਸ ਕਰਾਉਂਦਿਆ ਉਨ੍ਹਾਂ ਨੂੰ ਕੁਮਤਿ, ਕਪਟ ਅਤੇ ਠੱਗੀ ਦਾ ਨਿਖਿੱਧ ਰਸਤਾ ਤਿਆਗ ਕੇ ਨਾਮ-ਸਿਮਰਨ ਦੇ ਰਾਹ ਪੈਣ ਲਈ ਪ੍ਰੇਰਿਆ ਹੈ। ਇਸੇ ਸੰਬੰਧ ਵਿੱਚ, ਪਾਂਡਿਆਂ/ਪੁਰੋਹਿਤਾਂ ਨੂੰ ਸੰਬੋਧਿਤ ਹੋ ਕੇ ਲਿਖੇ ਕਬੀਰ ਜੀ ਦੇ ਇੱਕ ਸ਼ਬਦ `ਤੇ ਵਿਚਾਰ ਕਰਦੇ ਹਾਂ। ਕਬੀਰ ਜੀ ਫ਼ਰਮਾਉਂਦੇ ਹਨ:-

ਪੰਡੀਆ ਕਵਨ ਕੁਮਤਿ ਤੁਮ ਲਾਗੇ॥

ਬੂਡਹੁਗੇ ਪਰਵਾਰ ਸਕਲ ਸਿਉ ਰਾਮੁ ਨ ਜਪਹੁ ਅਭਾਗੇ॥ ੧॥ ਰਹਾਉ॥

ਬੇਦ ਪੁਰਾਨ ਪੜੇ ਕਾ ਕਿਆ ਗੁਨੁ ਖਰ ਚੰਦਨ ਜਸ ਭਾਰਾ॥

ਰਾਮ ਨਾਮ ਕੀ ਗਤਿ ਨਹੀ ਜਾਨੀ ਕੈਸੇ ਉਤਰਸਿ ਪਾਰਾ॥ ੧॥

ਜੀਅ ਬਧਹੁ ਸੁ ਧਰਮੁ ਕਰਿ ਥਾਪਹੁ ਅਧਰਮੁ ਕਹਹੁ ਕਤ ਭਾਈ॥

ਆਪਸ ਕਉ ਮੁਨਿਵਰ ਕਰਿ ਥਾਪਹੁ ਕਾ ਕਉ ਕਹਹੁ ਕਸਾਈ॥ ੨॥

ਮਨ ਕੇ ਅੰਧੇ ਆਪਿ ਨ ਬੂਝਹੁ ਕਾਹਿ ਬੁਝਾਵਹੁ ਭਾਈ॥

ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥ ੩॥

ਨਾਰਦ ਬਚਨ ਬਿਆਸੁ ਕਹਤ ਹੈ ਸੁਕ ਕਉ ਪੂਛਹੁ ਜਾਈ॥

ਕਹਿ ਕਬੀਰ ਰਾਮੈ ਰਮਿ ਛੂਟਹੁ ਨਾਹਿ ਤ ਬੂਡੇ ਭਾਈ॥ ੪॥

ਸ਼ਬਦ ਅਰਥ:-ਪੰਡੀਆ: ਪੰਡਿਤ, ਵਿਦਵਾਨ, ਗ੍ਰੰਥਾਂ ਦਾ ਗਿਆਤਾ ਜੋ ਦੂਸਰਿਆਂ ਨੂੰ ਧਰਮ-ਕਰਮਾਂ ਦੀ ਸਿੱਖਿਆ ਦਿੰਦਾ ਹੈ, ਪੁਰੋਹਿਤ। (ਨੋਟ:- ਕੁਮਤਿ ਦੇ ਪ੍ਰਚਾਰਕ ਪੰਡਤ ਨੂੰ ਤਨਜ਼ ਨਾਲ ਪੰਡੀਆ ਕਿਹਾ ਜਾਂਦਾ ਸੀ/ਹੈ; ਇਸੇ ਤਰ੍ਹਾਂ, ਗੁਰਮਤਿ-ਪ੍ਰੇਮੀ ਸੁਚੇਤ ਬੀਬੀਆਂ ਗੁਰਮਤਿ ਦੇ ਪਵਿੱਤਰ ਵਾਤਾਵਰਣ ਨੂੰ ਕੁਮਤਿ ਨਾਲ ਪ੍ਰਦੂਸ਼ਿਤ ਕਰਨ ਵਾਲੇ ਭੇਖੀ ਪੁਜਾਰੀਆਂ ਨੂੰ ਚੌਰਾ ਕਹਿੰਦੀਆਂ ਹਨ।) ਕਵਨ: ਕਿਹੜੀ। ਕੁਮਤਿ: ਪੁੱਠੀ ਮਤਿ, ਉਹ ਮਤਿ ਜੋ ਪੁੱਠੇ ਰਸਤੇ ਪਾਵੇ, ਨੀਚ ਸੋਚਨੀ। ਬੂਡਹੁਗੇ: ਬੂੜਨਾ=ਡੁੱਬਣਾ, (ਸੰਸਾਰ ਸਾਗਰ ਵਿੱਚ) ਹੀ ਡੁੱਬ ਜਾਵੇਂਗਾ। ਸਕਲ: ਸਗਲ, ਸਾਰਾ। ਸਿਉ: ਸਮੇਤ, ਨਾਲ। ੧। ਰਹਾਉ। ਬੇਦ ਪੁਰਾਨ: ਵੇਦ ਆਦਿ ਪ੍ਰਾਚੀਨ ਗ੍ਰੰਥ। ਕਿਆ ਗੁਨੁ: ਕੀ ਫ਼ਾਇਦਾ। ਖਰ: ਵੱਡੇ ਮੂੰਹ ਵਾਲਾ, ਖੋਤਾ, ਗਧਾ ਜਿਸ ਦਾ ਹੀਂਗਨਾ ਕਿਰਕਰਾ ਹੁੰਦਾ ਹੈ। ਚੰਦਨ: ਇੱਕ ਖ਼ੁਸ਼ਬੂਦਾਰ ਗੁਣਕਾਰੀ ਲੱਕੜੀ। ਜਸ: ਜਿਵੇਂ। ਭਾਰਾ: ਬੋਝ, ਲੱਦ। ਰਾਮ ਨਾਮ ਕੀ ਗਤਿ: ਨਾਮ ਸਿਮਰਨ ਤੋਂ ਹੋਣ ਵਾਲੇ ਲਾਭ, ਪ੍ਰਭੂ-ਪ੍ਰਾਪਤੀ ਦੀ ਰਹਿਤ, ਮੁਕਤੀ ਦੀ ਜੁਗਤੀ, ਗਿਆਨ। ਕੈਸੇ ਉਤਰਸਿ ਪਾਰਾ: ਤੇਰਾ ਪਾਰਉਤਾਰਾ ਕਿਵੇਂ ਹੋਵੇਗਾ। ੧।

ਜੀਅ: ਪ੍ਰਾਣ, ਪ੍ਰਾਣ ਧਾਰੀ ਜੀਵ। ਬਧਹੁ: ਬਧ=ਕਿਸੇ ਦੀ ਜਾਨ ਲੈਣ ਦਾ ਕਰਮ, ਮਾਰਦਾ ਹੈਂ। ਸੁ: ਉਸ ਨੂੰ। ਧਰਮ ਕਰਿ ਥਾਪਹੁ: ਜੀਵਾਂ ਦੀ ਬਲੀ ਨੂੰ ਧਰਮ ਅਨੁਸਾਰ ਜਾਇਜ਼/ਉਚਿਤ ਠਹਿਰਾਉਂਦਾ ਹੈਂ। ਅਧਰਮ: ਧਰਮ ਦੇ ਉਲਟ, ਪਾਪ। ਕਾ ਕਉ: ਕਿਸ ਨੂੰ। ਮੁਨੀ=ਮਨ ਦੇ ਦੁੱਖਾਂ/ਵਿਕਾਰਾਂ ਤੋਂ ਮੁਕਤ ਵਿਅਕਤੀ, ਸੰਤ, ਸਾਧ; ਵਰ=ਸ੍ਰੇਸ਼ਟ, ਉੱਤਮ; ਮੁਨਿਵਰ: ਉੱਤਮ ਸੰਤ। ਕਸਾਈ: ਨਿਰਦਈ, ਉਹ ਵਿਅਕਤੀ ਜੋ ਆਪਣੇ ਜੀਭ ਦੇ ਚਸਕੇ ਅਤੇ ਮਾਇਆ ਦੀ ਖ਼ਾਤਿਰ ਜੀਵਾਂ ਨੂੰ ਮਾਰ ਕੇ ਉਨ੍ਹਾਂ ਦਾ ਮਾਸ ਖਾਂਦਾ ਤੇ ਵੇਚਦਾ ਹੈ। ੨।

ਮਨ ਕੇ ਅੰਧੇ: ਆਤਮਿਕ ਪੱਖੋਂ ਅੰਨ੍ਹਾਂ, ਅਗਿਆਨੀ, ਮਰੀ ਹੋਈ ਆਤਮਾ/ਜ਼ਮੀਰ ਵਾਲਾ। ਬੂਝਹੁ: ਸਮਝਣਾ, ਗਿਆਨ ਹੋਣਾ। ਬੁਝਾਵਹੁ: ਸਮਝਾਉਣਾ, ਗਿਆਨ ਦੇਣਾ। ਅਬਿਰਥਾ: ਬੇਅਰਥ, ਬੇ ਫ਼ਾਇਦਾ। ੩।

ਨਾਰਦ: ਰਿਗ ਵੇਦ ਦੇ ਲਿਖਾਰੀਆਂ ਵਿੱਚੋਂ ਇੱਕ ਰਿਖੀ। ਬਿਆਸ: ਇੱਕ ਰਿਸ਼ੀ ਦਾ ਨਾਮ ਜੋ ਵੇਦਾਂ ਪੁਰਾਣਾਂ ਦਾ ਗਿਆਤਾ ਸੀ। ਸੁਕ: ਸੁਕਦੇਵ ਜਾਂ ਸੁਖਦੇਵ ਇੱਕ ਰਿਸ਼ੀ ਦਾ ਨਾਮ। ਰਾਮੈ ਰਮਿ: ਸ੍ਰਿਸ਼ਟੀ ਵਿੱਚ ਰਮੇ ਹੋਏ ਰਾਮ ਦਾ ਨਾਮ ਜਪ ਕੇ। ਛੂਟਹੁ: ਮੁਕਤੀ ਮਿਲ ਸਕਦੀ ਹੈ। ਬੂਡੇ: ਡੁੱਬੇ, ਸੰਸਾਰ-ਸਾਗਰ `ਚ ਗ਼ਰਕੇ। ੪।

ਭਾਵ ਅਰਥ:- ਹੇ (ਨਾਮਧਰੀਕ) ਪੰਡਿਤ! ਤੂੰ ਕਿਹੜੀ ਮੰਦੀ ਮੱਤ ਦੇ ਮਗਰ ਲੱਗਿਆਂ ਹੋਇਆ ਹੈਂ? (ਇਸ ਪੁੱਠੀ ਮਤਿ ਕਾਰਣ) ਤੂੰ ਕਦੇ ਹਰਿਨਾਮ-ਸਿਮਰਨ ਨਹੀਂ ਕੀਤਾ। (ਨਤੀਜਤਨ, ਨਿਸ਼ਚੇ ਹੀ) ਤੂੰ ਆਪਣੇ ਪਰਿਵਾਰ ਸਮੇਤ ਸੰਸਾਰ-ਸਾਗਰ ਵਿੱਚ ਗ਼ਰਕ ਹੋਵੇਂ ਗਾ। ੧। ਰਹਾਉ।

ਬੇਦ ਆਦਿ ਪ੍ਰਾਚੀਨ ਗ੍ਰੰਥਾਂ ਨੂੰ ਪੜ੍ਹਨ ਦਾ ਕੀ ਫ਼ਾਇਦਾ ਜੇ ਤੂੰ ਇਨ੍ਹਾਂ ਤੋਂ ਲੋੜੀਂਦਾ ਆਤਮਿਕ ਗਿਆਨ ਪ੍ਰਾਪਤ ਨਹੀਂ ਕੀਤਾ ਤਾਂ? (ਹੇ ਪਾਂਡੇ/ਪੁਜਾਰੀ!) ਤੇਰੀ ਹਾਲਤ ਉਸ ਖੋਤੇ ਵਰਗੀ ਹੈ ਜਿਸ ਨੇ ਖ਼ੁਸ਼ਬੂਦਾਰ ਤੇ ਗੁਣਕਾਰੀ ਚੰਦਨ ਦਾ ਬੋਝ ਤਾਂ ਚੁੱਕਿਆ ਹੋਇਆ ਹੈ ਪਰੰਤੂ ਆਪ (ਉਹ ਖੋਤਾ) ਇਸ (ਚੰਦਨ) ਦੀ ਸੁਖਦਾਈ ਸੁਗੰਧੀ ਅਤੇ ਕੀਮੀਆਈ ਗੁਣਾਂ ਤੋਂ ਵਾਂਜਿਆਂ ਰਹਿੰਦਾ ਹੈ। ੧।

(ਪਾਂਡੇ) ਤੂੰ (ਆਪਣੇ ਜਜਮਾਨਾਂ ਦੇ ਕਲਿਆਣ ਲਈ ਯੱਗ ਕਰਨ ਸਮੇਂ ਦੇਵ-ਮੂਰਤੀ ਅੱਗੇ) ਜੀਵਾਂ ਦੀ ਬਲੀ ਚੜ੍ਹਾਉਣ ਨੂੰ ਧਰਮ-ਕਰਮ ਦੱਸਦਾ ਹੈਂ; ਜੇ ਜੀਵਾਂ ਦੀ ਬਲੀ ਪੁੰਨ-ਕਰਮ ਹੈ ਤਾਂ ਫ਼ਿਰ ਤੂੰ ਪਾਪ-ਕਰਮ ਕਿਸ ਨੂੰ ਕਹਿੰਦਾ ਹੈਂ? ਹੇ ਚਤੁਰ ਪੰਡੀਏ! (ਤੂੰ ਆਪਣੇ ਸੁਆਦ ਤੇ ਸੁਆਰਥ ਵਾਸਤੇ ਮੂਰਤੀਆਂ ਅੱਗੇ ਬੇਜ਼ੁਬਾਨ ਜੀਵਾਂ ਦੀ ਬਲੀ ਚੜ੍ਹਵਾਉਂਦਾ ਹੈਂ ਅਤੇ ਇਸ ਦੁਸ਼ਕਰਮ ਨੂੰ ਜਾਇਜ਼ ਠਹਿਰਾਉਂਦਾ ਹੈਂ, ਤਾਂ ਫਿਰ) ਰੁਜ਼ਗਾਰ ਵਾਸਤੇ ਜੀਵਾਂ ਨੂੰ ਮਾਰ ਕੇ ਉਨ੍ਹਾਂ ਦਾ ਮਾਸ ਵੇਚਣ ਵਾਲੇ ਨੂੰ ਤੂੰ ਕਸਾਈ ਕਿਵੇਂ ਕਹਿ ਸਕਦਾ ਹੈਂ? । ੨। {ਨੋਟ:-ਪੁਰਾਣੇ ਸਮਿਆਂ ਵਿੱਚ, ਪਾਂਡਿਆਂ ਦੇ ਦੱਸੇ ਅਨੁਸਾਰ, ਕੁਦਰਤੀ ਕਹਿਰ ਤੋਂ ਬਚਣ, ਰੱਬੀ ਰਹਮਤ ਦੀ ਪ੍ਰਾਪਤੀ ਵਾਸਤੇ ਅਤੇ ਜਾਣੇ-ਅਣਜਾਣੇ ਕੀਤੇ ਪਾਪ-ਕਰਮਾਂ ਦੇ ਪਛਤਾਵੇ (atonement) ਵਜੋਂ ਮੰਦਿਰਾਂ ਵਿੱਚ ਦੇਵੀਆਂ ਦੀਆਂ ਮੂਰਤੀਆਂ ਅੱਗੇ ਬੱਕਰੇ, ਝੋਟੇ ਤੇ ਗੈਂਡੇ ਆਦਿ ਦੀ ਬਲੀ ਦਿੱਤੀ ਜਾਂਦੀ ਸੀ। (…ਗੈਂਡਾ ਮਾਰਿ ਹੋਮ ਜਗ ਕੀਏ ਦੇਵਤਿਆਂ ਕੀ ਬਾਣੇ॥ …ਮ: ੧) ਬਲੀ ਵਾਸਤੇ ਨਿਰਦਯਤਾ ਨਾਲ ਮਾਰੇ ਜਾਂਦੇ ਜੀਵਾਂ ਦਾ ਮਾਸ ਪਾਂਡੇ ਆਦਿ ਆਪ ਖਾਇਆ ਕਰਦੇ ਸਨ। ਕਈ ਮੰਦਿਰਾਂ, ਖਾਸ ਕਰਕੇ ਪਹਾੜੀ ਇਲਾਕੇ ਦੇ ਮੰਦਿਰਾਂ, ਵਿੱਚ ਜੀਵਾਂ ਦੀ ਬਲੀ ਦਾ ਰਿਵਾਜ ਅੱਜ ਵੀ ਪ੍ਰਚੱਲਿਤ ਹੈ।}

ਆਤਮਿਕ ਅਕਲ ਦੇ ਅੰਨ੍ਹੇ ਪਾਂਡੇ! ਅਧਿਆਤਮਿਕ ਗਿਆਨ ਦੀ ਤੈਨੂੰ ਆਪ ਨੂੰ ਹੀ ਸਮਝ ਨਹੀਂ ਤਾਂ ਫਿਰ ਤੂੰ ਦੂਜਿਆਂ ਨੂੰ ਕਿਉਂ ਸਮਝਾਉਂਦਾ ਹੈਂ? ਮਾਇਆ ਦੀ ਖ਼ਾਤਿਰ ਤੂੰ (ਗ੍ਰੰਥ-) ਗਿਆਨ ਵੇਚਦਾ ਹੈਂ, ਇਸ ਤਰ੍ਹਾਂ ਤੂੰ ਵੱਡਮੁੱਲਾ ਮਾਨਵ-ਜੀਵਨ ਬੇਅਰਥ ਗਵਾ ਰਿਹਾ ਹੈਂ! ੩।

ਕਬੀਰ ਕਥਨ ਕਰਦਾ ਹੈ ਕਿ ਸ੍ਰਿਸ਼ਟੀ ਵਿੱਚ ਰਮੇ ਹੋਏ ਰਾਮ ਦਾ ਸਿਮਰਨ ਕਰਕੇ ਹੀ ਮੁਕਤੀ ਮਿਲ ਸਕਦੀ ਹੈ; (ਜੇ ਸਿਮਰਨ ਨਹੀਂ ਕਰਨਾ ਤਾਂ) ਹੇ ਭਾਈ! ਆਪਣੇ ਆਪ ਨੂੰ ਸੰਸਾਰ ਸਾਗਰ ਵਿੱਚ ਡੁੱਬਿਆ ਸਮਝੋ। ਨਾਰਦ ਵੀ ਇਹੋ ਉਪਦੇਸ਼ ਕਰਦਾ ਹੈ, ਵਿਆਸ ਵੀ ਇਹੀ ਕਹਿੰਦਾ ਹੈ ਅਤੇ ਸੁਕਦੇਵ ਰਿਖੀ ਦੀ ਵੀ ਇਹੋ ਸਿੱਖਿਆ ਹੈ (ਕਿ ਨਾਮ-ਸਿਮਰਨ ਤੋਂ ਬਿਨਾਂ ਮਨੁੱਖ ਦਾ ਪਾਰ-ਉਤਾਰਾ ਨਹੀਂ ਹੋ ਸਕਦਾ।)। ੪।

ਉਪਰੋਕਤ ਵਿਚਾਰੇ ਸ਼ਬਦ ਵਿੱਚ ਧਰਮ-ਸਥਾਨਾਂ ਦੇ ਪੁਜਾਰੀਆਂ ਨੂੰ ਹੇਠ ਲਿਖੀ ਸਿੱਖਿਆ ਦਿੱਤੀ ਗਈ ਹੈ:-

  • ਸੰਸਾਰ-ਸਾਗਰ ਤੋਂ ਪਾਰ-ਉਤਾਰਾ ਕਰਨ (ਜੀਵਨ-ਮੁਕਤ ਹੋਣ) ਵਾਸਤੇ ਸਰਬਵਿਆਪਕ ਪਰਮਾਤਮਾ ਦੇ ਗੁਣਾਂ ਦਾ ਚਿੰਤਨ ਕਰਨਾ ਜ਼ਰੂਰੀ ਹੈ। ਜੋ ਇਹ ਸਿੱਧਾਂਤਕ ਕਰਮ ਨਹੀਂ ਕਰਦਾ, ਉਹ ਨਿਸ਼ਚੇ ਹੀ ਸੰਸਾਰ-ਸਾਗਰ ਵਿੱਚ ਡੁੱਬਦਾ ਹੈ।
  • ਆਤਮ-ਗਿਆਨ ਤੋਂ ਬਿਨਾਂ ਗ੍ਰੰਥ-ਗਿਆਨ ਨਿਸ਼ਫ਼ਲ ਹੈ।
  • ਅੰਤਰ-ਗਿਆਨ-ਹੀਣੇ ਗ੍ਰੰਥ-ਗਿਆਨੀ ਦਾ ਜੀਵਨ ਉਸ ਖੋਤੇ ਵਰਗਾ ਹੁੰਦਾ ਹੈ ਜਿਸ ਉੱਤੇ ਚੰਦਨ ਦਾ ਬੋਝ ਲੱਦਿਆ ਹੋਵੇ, ਪ੍ਰੰਤੂ ਉਹ ਆਪ ਚੰਦਨ ਦੇ ਕੀਮੀਆਈ ਗੁਣਾਂ ਤੋਂ ਕੋਈ ਲਾਭ ਨਾ ਲੈ ਸਕੇ।
  • ਗ੍ਰੰਥ-ਗਿਆਨ ਵੇਚਣਾ ਮਹਾਂ ਪਾਪ ਹੈ।
  • ਧਰਮ ਦੇ ਨਾਮ `ਤੇ ਕੀਤੇ/ਕਰਵਾਏ ਜਾਂਦੇ ਕਰਮਕਾਂਡ ਪੁੰਨ-ਕਰਮ ਨਹੀਂ ਸਗੋਂ ਪਾਪ-ਕਰਮ ਹਨ। ਇਨ੍ਹਾਂ ਪਾਪ-ਕਰਮਾਂ ਦੇ ਭਾਰ ਕਾਰਣ ਪੁਜਾਰੀ ਸੰਸਾਰ-ਸਾਗਰ ਵਿੱਚ ਡੁੱਬਣੋਂ ਬਚ ਨਹੀਂ ਸਕਦਾ।
  • ਇਸ਼ਟ-ਦੇਵ ਨੂੰ ਕਥਿਤ ਤੌਰ ਤੇ ਖ਼ੁਸ਼ ਕਰਨ ਵਾਸਤੇ ਬਣਾਈ ਗਈ ਜੀਵਾਂ ਦੀ ਬਲੀ ਚੜ੍ਹਾਉਣ ਦੀ ਧਰਮ-ਰੀਤੀ ਦਰਅਸਲ ਇੱਕ ਅਨੈਤਿਕ ਤੇ ਅਧਾਰਮਿਕ ਦੁਸ਼ਕਰਮ ਹੈ।

ਇਹ ਸੱਚ ਕਿਤਨਾ ਕਸ਼ਟ-ਦਾਇਕ ਹੈ ਕਿ ਧਰਮਸ਼ਾਲਾਵਾਂ (ਗੁਰੂਦਵਾਰਿਆਂ) ਵਿੱਚ ਗੁਰਮਤਿ ਦਾ ਪ੍ਰਚਾਰ ਕਰਨ ਦਾ ਦਾਅਵਾ ਕਰਨ ਵਾਲੇ (ਗ੍ਰੰਥੀ, ਭਾਈ, ਪੁਜਾਰੀ, ਰਾਗੀ, ਕੀਰਤਨੀਏਂ, ਜਥੇਦਾਰ ਤੇ ਤਾਨਾਸ਼ਾਹ ਪ੍ਰਬੰਧਕ ਆਦਿ) ਉਕਤ ਗੁਰੁ-ਹੁਕਮਾਂ ਦਾ ਪਾਲਨ ਤੇ ਪ੍ਰਚਾਰ ਕਰਨ ਦੀ ਬਜਾਏ, ਇਨ੍ਹਾਂ ਗੁਰੁ-ਹੁਕਮਾਂ ਦੀ ਨਿਸੰਗ ਹੋ ਕੇ ਅਵੱਗਿਆ ਕਰ ਰਹੇ ਹਨ। ਪ੍ਰਭੂ ਦੀ ਸਿਫ਼ਤ-ਸਾਲਾਹ ਅਤੇ ਇਸ ਤੋਂ ਪ੍ਰਾਪਤ ਹੋਣ ਵਾਲਾ ਆਤਮ-ਗਿਆਨ ਕਿਧਰੇ ਦਿਖਾਈ ਨਹੀਂ ਦਿੰਦੇ। ਧਰਮ ਦੇ ਠੇਕੇਦਾਰ ਬਣ ਬੈਠੇ ਇਹ ਲੋਕ ਧਰਮ ਦੇ ਨਾਮ ਉੱਤੇ, ਹਰ ਗੁਰੂਦਵਾਰੇ ਵਿੱਚ ਕਰਮਕਾਂਡ (ਸੰਸਾਰਕ ਸੰਸਕਾਰ) ਹੀ ਕਰਵਾਈ ਤੇ ਕਰੀ ਜਾ ਰਹੇ ਹਨ। ਧਰਮਸ਼ਾਲਾਵਾਂ ਦੇ ਆਪੂੰ ਬਣੇ ਇਹ ‘ਰਖਵਾਲੇ’ ਅਧਿਆਤਮਿਕ ਗਿਆਨ ਤੋਂ ਸੱਖਣੇ, ਸਿਰਫ਼ ਗ੍ਰੰਥ-ਗਿਆਨੀ ਹਨ, ਅਤੇ ਇਸ ਗਿਆਨ ਨੂੰ ਵੇਚਣ ਵਿੱਚ ਪਾਂਡਿਆਂ ਤੋਂ ਵੀ ਵੱਧ ਮਾਹਿਰ ਹਨ। ਇਹ ਛੂਛੇ ਗ੍ਰੰਥ-ਗਿਆਨੀ ਪ੍ਰਚਾਰਕ, ਕਰਮਕਾਂਡਾਂ ਦਾ ਵਾਪਾਰ ਕਰਨ ਵਿੱਚ ਵੀ ਪਾਂਡਿਆਂ ਨੂੰ ਮਾਤ ਪਾਉਂਦੇ ਹਨ।

ਨਾਦੇੜ ਦੇ ਗੁਰੂਦਵਾਰੇ, ਜਿਸ ਨੂੰ "ਸੱਚ ਖੰਡ ਸ੍ਰੀ ਹਜ਼ੂਰ ਸਾਹਿਬ" ਕਿਹਾ ਜਾਂਦਾ ਹੈ, ਦੇ ਪਵਿੱਤਰ ਵਿਹੜੇ ਵਿੱਚ ਆਨੇ ਬਹਾਨੇ ਬੱਕਰੇ ਦੀ ਬਲੀ ਦਿੱਤੀ ਜਾਂਦੀ ਹੈ ਅਤੇ ਉਸ ਬਲੀ ਦੇ ਬੱਕਰੇ ਦਾ ਮਾਸ ਉੱਥੋਂ ਦੇ ਪੁਜਾਰੀ ਛਕਦੇ ਹਨ। ਇਹ ਰੀਤ ਕੁੱਝ ਹੋਰ ਗੁਰੂਦਵਾਰਿਆਂ ਵਿੱਚ ਹੁੰਦੀ ਵੀ ਸੁਣੀ ਗਈ ਹੈ!

ਉਪਰੋਕਤ ਸੱਚਾਈ ਦੀ ਰੌਸ਼ਨੀ ਵਿੱਚ, ਨਿਰਸੰਕੋਚ, ਕਿਹਾ ਜਾ ਸਕਦਾ ਹੈ ਕਿ ਮੰਦਿਰ ਦੇ ਪੰਡੀਏ ਅਤੇ ਗੁਰੂਦਵਾਰੇ ਦੇ ਪੁਜਾਰੀ ਵਿੱਚ ਕੋਈ ਫ਼ਰਕ ਨਹੀਂ ਰਿਹਾ। ਜੇ ਕੋਈ ਫ਼ਰਕ ਹੈ ਤਾਂ ਸਿਰਫ਼ ‘ਸੂਰਤ’ ਦਾ!

ਸਾਡੀ ਮਾਨਸਿਕ ਦੁਰਦਸ਼ਾ ਦਾ ਕਾਰਣ ਹੈ, ਸਾਡੇ ਵਿੱਚ ਗੁਰਮਤਿ-ਗਿਆਨ ਦੀ ਅਣਹੋਂਦ ਅਤੇ ਲੋਭੀ ਪੁਜਾਰੀਆਂ ਉੱਤੇ ਅੰਨ੍ਹਾ ਵਿਸ਼ਵਾਸ। ਜਦ ਤੀਕ ਅਸੀਂ ਆਪ ਗੁਰਬਾਣੀ ਵਿੱਚੋਂ ਸੱਚਾ ਗਿਆਨ ਹਾਸਿਲ ਕਰਕੇ ਅੰਧਵਿਸਵਾਸ ਦਾ ਤਿਆਗ ਨਹੀਂ ਕਰਦੇ, ਸਾਡੀ ਦਸ਼ਾ ਬਦ ਤੋਂ ਬਦਤਰ ਹੁੰਦੀ ਜਾਵੇਗੀ!

ਗੁਰਇੰਦਰ ਸਿੰਘ ਪਾਲ

ਮਾਰਚ 6, 2016.
.