.

ਗੁਰਮੱਤ ਬਨਾਮ ਗੀਤਾ-ਉਪਦੇਸ਼

‘ਗੀਤਾ’ ਨਾਮ ਦੀ ਕਾਵਿ-ਰਚਨਾ ਦੀ ਧਾਰਮਿਕ ਗ੍ਰੰਥ ਦੇ ਤੌਰ ਤੇ ਹਿੰਦੂ ਭਾਈਚਾਰੇ ਵਿੱਚ ਭਾਰੀ ਮਹਿਮਾ ਹੈ। ਉਂਜ ਤਾਂ ਹਿੰਦੂ ਮੱਤ ਦੇ ਫਲਸਫੇ ਵਿੱਚ ਕਈ ਤਰ੍ਹਾਂ ਦੇ ਸੰਕਲਪ ਸ਼ਾਮਲ ਹਨ ਅਤੇ ਇਹਨਾਂ ਵਿੱਚੋਂ ਕਈ ਇੱਕ ਦੂਸਰੇ ਨੂੰ ਕੱਟਦੇ ਵੀ ਹਨ ਪਰੰਤੂ ਹਿੰਦੂ ਭਾਈਚਾਰੇ ਦੇ ਬੁੱਧੀਜੀਵੀ ਲੋਕਾਂ ਨੇ ਦੇਸ਼-ਵਿਦੇਸ਼ ਵਿੱਚ ‘ਗੀਤਾ’ ਦਾ ਇਸ ਢੰਗ ਨਾਲ ਪਰਚਾਰ ਕਰ ਛੱਡਿਆ ਹੈ ਕਿ ਇਸ ਰਚਨਾ ਨੇ ਹਿੰਦੂ ਫਲਸਫੇ ਦੇ ਪ੍ਰਤੀਨਿਧ ਦਸਤਾਵੇਜ਼ ਵਜੋਂ ਮਾਨਤਾ ਪਰਾਪਤ ਕਰ ਲਈ ਹੋਈ ਹੈ। ਇੱਥੇ ਹੀ ਬੱਸ ਨਹੀਂ ਅਜੋਕੇ ਸਮੇਂ ਵਿੱਚ ਭਗਵਾਕਰਨ ਨੂੰ ਸਮਰਪਿਤ ਹਿੰਦੂ ਕੱਟੜਵਾਦੀ ਧਿਰਾਂ ਇਸ ਰਚਨਾ ਨੂੰ ਸਮੁੱਚੇ ਭਾਰਤੀ ਅਧਿਆਤਮਿਕ ਅਤੇ ਨੈਤਿਕ ਫਲਸਫੇ ਦੇ ਪ੍ਰਗਟਾਵੇ ਦੇ ਤੌਰ ਤੇ ਸਥਾਪਤ ਕਰਨ ਲਈ ਪੱਬਾਂ ਭਾਰ ਹੋਈਆਂ ਪਈਆਂ ਹਨ।

ਸਿਰਲੇਖ ‘ਗੀਤਾ’ ਅਸਲ ਵਿੱਚ ‘ਭਗਵਦ ਗੀਤਾ’ ਦਾ ਛੋਟਾ ਰੂਪ ਹੈ ਜੋ ਰਿਸ਼ੀ ਵੇਦ ਵਿਆਸ ਦੀ ਰਚੀ ਹੋਈ ਮੰਨੀਂ ਜਾਂਦੀ ਅਤੀ ਵੱਡ-ਅਕਾਰੀ ਸੰਸਕ੍ਰਿਤ ਕਾਵਿ-ਰਚਨਾ ‘ਮਹਾਂਭਾਰਤ’ ਦਾ ਇੱਕ ਹਿੱਸਾ ਹੈ। ‘ਮਹਾਂਭਾਰਤ’ ਕੁਰੂ ਖਾਨਦਾਨ ਦੇ ਕੌਰਵਾਂ ਅਤੇ ਉਹਨਾਂ ਦੇ ਚਚੇਰੇ ਭਰਾ ਪਾਂਡਵਾਂ ਵਿਚਕਾਰ ਹਸਤਿਨਾਪੁਰ ਰਾਜਧਾਨੀ ਵਾਲੇ ਪਰਾਚੀਨ ਉੱਤਰ-ਭਾਰਤੀ ਰਾਜ ਦੀ ਪਾਂਡਵਾਂ ਵੱਲੋਂ ਹਿੱਸਾ-ਪਰਾਪਤੀ ਨੂੰ ਲੈਕੇ ਕੁਰੂਕਸ਼ੇਤਰ ਦੇ ਸਥਾਨ ਤੇ ਲੜੇ ਗਏ ਆਪਸੀ ਯੁਧ ਦਾ ਮਿਥਹਾਸਿਕ ਬਿਰਤਾਂਤ ਹੈ (ਕੌਰਵ ਧਰਿਤਰਾਸ਼ਟਰ ਅਤੇ ਪਾਂਡਵਾਂ ਦਾ ਬਾਪ ਪਾਂਡੂ ਇੱਕੋ ਪਤੀ ਦੀਆਂ ਦੋ ਵਿਧਵਾ ਪਤਨੀਆਂ ਦੇ ਪੁੱਤਰ ਮੰਨੇ ਜਾਂਦੇ ਹਨ ਅਤੇ ਇਹਨਾਂ ਦੋਵ੍ਹਾਂ ਦਾ ਬਾਪ ਰਿਸ਼ੀ ਵੇਦ ਵਿਆਸ ਦਸਿੱਆ ਜਾਂਦਾ ਹੈ)। ‘ਮਹਾਂਭਾਰਤ’ ਦੇ ਲਿਖੇ ਜਾਣ ਦਾ ਪੱਕਾ ਸਮਾਂ ਤਾਂ ਨੀਯਤ ਨਹੀਂ ਹੋ ਸਕਿਆ ਪਰੰਤੂ ਅਜੋਕੇ ਸਾਹਿਤਕ ਆਲੋਚਕ ਇਸ ਨੂੰ ਅਜ ਤੋਂ 2000 ਤੋਂ 2500 ਸਾਲ ਪਹਿਲਾਂ ਦੇ ਸਮੇਂ ਦੀ ਰਚਨਾ ਮੰਨਦੇ ਹਨ। ‘ਮਹਾਂਭਾਰਤ’ ਇੱਕ ਮਹਾਂਕਾਵਿ (epic) ਵੰਨਗੀ ਦੀ ਸਾਹਿਤਕ ਰਚਨਾ ਹੈ ਜਿਸ ਦੇ ਸਭ ਤੋਂ ਵੱਡੇ ਰੂਪ ਵਿੱਚ ਸ਼ਾਮਲ ਸਲੋਕਾਂ ਦੀ ਗਿਣਤੀ ਦਸ ਲਖ (ਵੀਹ ਲੱਖ ਸਤਰਾਂ) ਦੱਸੀ ਜਾਂਦੀ ਹੈ। ਸਾਹਿਤਕ ਤੌਰ ਤੇ ‘ਮਹਾਂਭਾਰਤ’ ਇੱਕ ਮਿਥਹਾਸ ਆਧਾਰਿਤ ਤਮਸੀਲ (allegory) ਹੈ ਜਿਸ ਰਾਹੀਂ ਮਨੁੱਖਤਾ ਨੂੰ ਨੈਤਿਕ ਅਤੇ ਅਧਿਆਤਮਿਕ ਉਪਦੇਸ਼ ਦੇਣ ਦਾ ਯਤਨ ਕੀਤਾ ਗਿਆ ਹੈ। ਉਂਜ ਇਸਦੇ ਪਾਤਰਾਂ ਅਤੇ ਇਸ ਦੀਆਂ ਘਟਨਾਵਾਂ ਦੀ ਯਥਾਰਥ ਨਾਲੋਂ ਟੁੱਟੀ ਹੋਈ ਪੇਸ਼ਕਾਰੀ ਇਸ ਨੂੰ ਮਹਾਂਕਾਵਿ ਨਾਲੋਂ ਮਜ਼ਾਕ-ਪ੍ਰਸੰਗ (mock-heroic poem) ਬਣਾ ਕੇ ਪੇਸ਼ ਕਰਦੀ ਵਿਖਾਈ ਦਿੰਦੀ ਹੈ।

ਕਾਵਿ-ਰਚਨਾ ‘ਮਹਾਂਭਾਰਤ’ ਦੇ 18 ਪਰਵ ਭਾਵ ਮੁੱਖ-ਭਾਗ (books) ਹਨ ਜਿਹਨਾਂ ਵਿੱਚੋਂ ਛੇਵਾਂ ‘ਭੀਸ਼ਮ ਪਰਵ’ ਹੈ ਜਿਸ ਵਿੱਚ 25 ਤੋਂ 42 ਤੱਕ ਦੇ 18 ਅਧਿਆਇ ‘ਗੀਤਾ’ ਸਿਰਲੇਖ ਹੇਠ ਰੱਖੇ ਜਾਂਦੇ ਹਨ (ਸੰਸਕ੍ਰਿਤ ਵਿੱਚ ‘ਗੀਤ’ ਦਾ ਉਚਾਰਨ ‘ਗੀਤਾ’ ਹੈ, ਕੰਨੇ ਦੀ ਧੁਨੀ ਨੂੰ ਲਗ-ਭਗ ਅੱਧਾ ਕਰਕੇ)। ਉਂਜ 700 ਸਲੋਕਾਂ ਦਾ ਇਹ ਹਿੱਸਾ ਕਾਵਿਕ ਬਣਤਰ ਪੱਖੋਂ ‘ਗੀਤ’ ਨਹੀਂ ਅਖਵਾ ਸਕਦਾ, ਨਾ ਹੀ ਸਬੰਧਤ ਪਰਵ ਵਿੱਚ ਕਿਧਰੇ ‘ਗੀਤਾ’ ਜਾਂ ‘ਭਗਵਦ ਗੀਤਾ’ ਸਿਰਲੇਖ ਦੀ ਵਰਤੋਂ ਹੋਈ ਹੈ। ‘ਭਗਵਦ ਗੀਤਾ’ ਦਾ ਅਰਥ ਹੈ ‘ਭਗਵਾਨ ਦਾ ਗੀਤ’। ਇੱਥੇ ਭਗਵਾਨ ਤੋਂ ਭਾਵ ‘ਵਿਸ਼ਨੂੰ-ਅਵਤਾਰ’ ਕਰਕੇ ਜਾਣੇ ਜਾਂਦੇ ਕ੍ਰਿਸ਼ਨ ਤੋਂ ਹੈ। ਉਂਜ ਕ੍ਰਿਸ਼ਨ (ਪੂਰਾ ਨਾਮ ਕ੍ਰਿਸ਼ਨ ਵਾਸੂਦੇਵ) 5000 ਸਾਲ ਤੋਂ ਪਹਿਲਾਂ ਦੇ ਸਮੇਂ ਵਿੱਚ ਹੋਇਆ ਯਾਦਵ ਵੰਸ਼ (ਯਦੂ ਤੋਂ) ਨਾਲ ਸਬੰਧਤ ਚਤੁਰ ਸਿਆਸਤਦਾਨ ਮੰਨਿਆਂ ਜਾਂਦਾ ਹੈ ਜਿਸ ਨੇ ਪਹਿਲਾਂ ਆਪਣੇ ਮਾਮੇ ਕੰਸ ਨੂੰ ਮਾਰ ਕੇ ਆਪਣੇ ਨਾਨੇ ਉਗਰਸੈਨ ਨੂੰ ਮਥਰਾ ਦਾ ਰਾਜ ਵਾਪਸ ਕਰਵਾਇਆ ਅਤੇ ਫਿਰ ਯਾਦਵ ਵਿਰੋਧੀ ਮਗਧ ਦੇ ਰਾਜਾ ਜਰਾਸੰਧਾ ਦੇ ਵਧੇ ਦਬਾ ਥੱਲੇ ਓਥੋਂ ਹਟ ਕੇ ਗੁਜਰਾਤ ਦੇ ਖਿੱਤੇ ਵਿੱਚ ਦਵਾਰਕਾ ਨਾਮੀ ਰਾਜ ਕਾਇਮ ਕੀਤਾ (ਕੰਸ ਜਰਾਸੰਧਾ ਦਾ ਜਵਾਈ ਵੀ ਸੀ)। ਕ੍ਰਿਸ਼ਨ ਨੇ ਪਹਿਲਾਂ ਪਾਂਡਵਾਂ ਨਾਲ ਨੇੜਤਾ ਕਰਕੇ ਉਹਨਾਂ ਦੀ ਮਦਦ ਨਾਲ ਜਰਾਸੰਧਾ ਨੂੰ ਹਰਾਇਆ ਅਤੇ ਫਿਰ ਅਹਿਸਾਨ ਚੁਕਾਉਣ ਹਿਤ ਉਹਨਾਂ ਦੀ ਮਦਦ ਕਰਕੇ ਵਿੰਗੇ-ਟੇਢੇ ਢੰਗ ਅਪਣਾਉਂਦੇ ਹੋਏ ਉਹਨਾਂ ਨੂੰ ਕੁਰੂਕਸ਼ੇਤਰ ਦੇ ਮੈਦਾਨ ਵਿੱਚ ਕੌਰਵਾਂ ਵਿਰੁਧ ਜੰਗ ਜਿਤਵਾ ਕੇ ਰਾਜ ਦਿਵਾਇਆ ਜਿਸ ਦੀ ਰਾਜਧਾਨੀ ਇੰਦਰਪ੍ਰਸਤ (ਅਜੋਕੀ ਦਿੱਲੀ ਦੇ ਨੇੜੇ) ਬਣੀ। ‘ਭੀਸ਼ਮ ਪਰਵ’ ਵਿੱਚ 18 ਦਿਨ ਦੇ ਯੁਧ ਦੇ ਪਹਿਲੇ 10 ਦਿਨਾਂ ਦਾ ਵਰਨਣ ਹੈ ਜਿਸ ਦੀ ਸਮਾਪਤੀ ਕੌਰਵ ਸੈਨਾਪਤੀ ਭੀਸ਼ਮ ਦੀ ਮੌਤ ਨਾਲ ਹੋ ਜਾਂਦੀ ਹੈ।

ਇਸ ਤਰ੍ਹਾਂ ‘ਗੀਤਾ’ ਨਾਮ ਵਾਲੀ ਰਚਨਾ ਮਹਾਂਕਾਵਿ ‘ਮਹਾਂਭਾਰਤ’ ਦੇ ਛੇਵੇਂ ਮੁੱਖ ਹਿੱਸੇ ‘ਭੀਸ਼ਮ ਪਰਵ’ ਦਾ ਅੱਗੋਂ ਇੱਕ ਹਿੱਸਾ ਬਣਦੀ ਹੈ। ਇਹ ਰਚਨਾ ਪਾਂਡਵ ਅਰਜਨ ਅਤੇ ‘ਭਗਵਾਨ’ ਕ੍ਰਿਸ਼ਨ ਦਾ ਆਪਸੀ ਵਾਰਤਾਲਾਪ ਹੈ ਜਿਸ ਦੇ ਨਾਲ ਯੁਧ ਦੇ ਇੱਕ ਵੱਡੇ ਹਿੱਸੇ ਦਾ ਨਾਟਕੀ ਵਰਨਣ ਵੀ ਸ਼ਾਮਲ ਹੈ। ਇਸ ਸਮੁੱਚੇ ਘਟਨਾਕਰਮ ਦੇ ਚਾਰ ਮੁੱਖ ਪਾਤਰ ਹਨ: ਨੇਤਰਹੀਣ ਕੌਰਵ ਨਾਇਕ ਧਰਿਤਰਾਸ਼ਟਰ, ਉਸਦਾ ਸਲਾਹਕਾਰ ਅਤੇ ਰਥਵਾਨ ਸੰਜੇ, ਪਾਂਡਵ ਨਾਇਕ ਅਰਜਨ ਅਤੇ ਕ੍ਰਿਸ਼ਨ ਜੋ ਅਰਜਨ ਦਾ ਰਥਵਾਨ, ਸਲਾਹਕਾਰ ਅਤੇ ਅਧਿਆਤਮਿਕ ਗੁਰੂ ਹੈ। ਅਰਜਨ ਅਤੇ ਕ੍ਰਿਸ਼ਨ ਦੇ ਆਪਸੀ ਵਾਰਤਾਲਾਪ ਅਤੇ ਯੁਧ ਦੇ ਦ੍ਰਿਸ਼ਾਂ ਦੇ ਵਰਣਨ ਨੂੰ ਸੰਜੇ ਅੱਗੇ ਧਰਿਤਰਾਸ਼ਟਰ ਤਕ ਪਹੁੰਚਾਉਂਦਾ ਵਿਖਾਇਆ ਜਾਂਦਾ ਹੈ। ਘਟਨਾ ਅਨੁਸਾਰ ਅਰਜਨ ਇਸ ਯੁਧ ਦੇ ਅਰੰਭ ਹੋਣ ਤੋਂ ਪਹਿਲਾਂ ਇਹ ਸੋਚ ਕੇ ਦੁਚਿੱਤੀ ਵਿੱਚ ਪਏ ਜਾਂਦਾ ਹੈ ਕਿ ਯੁਧ ਵਿੱਚ ਦੋਵ੍ਹਾਂ ਧਿਰਾਂ ਦੇ ਸੈਨਿਕਾਂ ਤੋਂ ਇਲਾਵਾ ਉਸਦੇ ਕਈ ਨਜ਼ਦੀਕੀ ਰਿਸ਼ਤੇਦਾਰ, ਗੁਰੂ-ਜਨ ਅਤੇ ਮਿੱਤਰ ਵੀ ਮਾਰੇ ਜਾਣਗੇ। ਕ੍ਰਿਸ਼ਨ ਇੱਕ ਲਮੇਰੀ ਦਲੀਲਬਾਜ਼ੀ ਰਾਹੀਂ ਅਤੇ ਅਰਜਨ ਨੂੰ ਸਮੋਹਿਕ ਕਰਕੇ ਵਿਸ਼ਨੂੰ ਅਵਤਾਰ ਵਜੋਂ ਆਪਣਾ ਵਿਸ਼ਵਰੂਪ (ਬ੍ਰਹਮੰਡੀ ਪਾਸਾਰ) ਵਿਖਾਉਂਦੇ ਹੋਏ ਉਸ ਦਾ ਮੱਤ-ਪਰੀਵਰਤਨ (brainwashing) ਕਰ ਦਿੰਦਾ ਹੈ ਅਤੇ ਉਸਨੂੰ ਯੁਧ ਲੜਨ ਲਈ ਤਿਆਰ ਕਰ ਲੈਂਦਾ ਹੈ। ਇਸ ਤਰ੍ਹਾਂ ਇਸ ਦਲੀਲਬਾਜ਼ੀ ਅਤੇ ਯੁਧ ਦੀਆਂ ਘਟਨਾਵਾਂ ਦੇ ਵਿਸਥਾਰ ਨੂੰ ਸੰਜੇ ਦੀ ਜ਼ੁਬਾਨੀ ਪਾਠਕਾਂ ਤੱਕ ਪਹੁੰਚਦਾ ਵਿਖਾਇਆ ਗਿਆ ਹੈ।

‘ਗੀਤਾ’ ਦੀ ਅਸਲੀ ਮਹੱਤਤਾ ਕ੍ਰਿਸ਼ਨ ਅਤੇ ਅਰਜਨ ਵਿਚਲੇ ਆਪਸੀ ਵਾਰਤਾਲਾਪ ਦੇ ‘ਅਧਿਆਤਮਿਕਤਾ ਅਤੇ ਨੈਤਿਕਤਾ’ ਦੇ ਨਾਮ ਤੇ ਪੇਸ਼ ਕੀਤੇ ਉਸ ਸੰਦੇਸ਼ ਕਰਕੇ ਹੈ ਜੋ ਕ੍ਰਿਸ਼ਨ ਅਰਜਨ ਦੇ ਸਾਹਵੇਂ ਪਰੋਸਦਾ ਹੈ। ਕ੍ਰਿਸ਼ਨ ਦਾ ਇਹ ਸੰਦੇਸ਼ ਹੀ ਗੀਤਾ-ਉਪਦੇਸ਼ ਹੈ। ਇਸ ਸੰਦੇਸ਼ ਵਿੱਚ ‘ਧਰਮ’ ਦੇ ਬ੍ਰਾਹਮਣੀ ਸੰਕਲਪ, ਵੇਦਾਂਤ ਫਲਸਫਾ, ਪ੍ਰਭੂ-ਭਗਤੀ, ਗਿਆਨ-ਭਗਤੀ-ਕਰਮ ਰਾਹੀਂ ਹੁੰਦੀ ਮੁਕਤੀ-ਪਰਾਪਤੀ, ਰਾਜ ਯੋਗ, ਸਾਂਖ ਵਿਚਾਰਧਾਰਾ ਆਦਿਕ ਦਾ ਮਿਸ਼ਰਣ ਪੇਸ਼ ਕੀਤਾ ਗਿਆ ਹੈ। ‘ਗੀਤਾ’ ਦੇ ਵਿੱਚ ਇਸ ਵਿਚਾਰਧਾਰਾਇਕ ਮਿਲਗੋਭਾ ਹੋਣ ਦੇ ਬਾਵਜੂਦ ਇਸ ਗੱਲ ਦੇ ਪਰਚਾਰ ਨੇ ਦੇਸ਼-ਵਿਦੇਸ਼ ਵਿੱਚ ਇਸ ਨੂੰ ਲੋਕਪ੍ਰੀਅਤਾ ਦਿਵਾਈ ਹੈ ਕਿ ਇਸ ਦਾ ਵਿਸ਼ਾ-ਵਸਤੂ (theme) ਮਨੁੱਖ ਦੇ ਜੀਵਨ ਦੇ ਕਸ਼ਟਾਂ ਅਤੇ ਦਵੰਦ ਭਰੀਆਂ ਪ੍ਰਸਥਿਤੀਆਂ ਵਿੱਚੋਂ ਗੁਜ਼ਰਦਿਆਂ ਹੋਇਆਂ ਵੀ ਮੁਕਤੀ-ਪਰਾਪਤੀ ਦੇ ਯੋਗ ਬਣਨ ਦਾ ਹੈ। ਮੋਟੇ ਤੌਰ ਤੇ ਗੀਤਾ-ਉਪਦੇਸ਼ ਦੇ ਉੱਘੜਵੇਂ ਪੱਖ ਹੇਠਾਂ ਦਿੱਤੇ ਅਨੁਸਾਰ ਬਣਦੇ ਹਨ।

1-ਪਰੀਵਰਤਨ ਬ੍ਰਹਿਮੰਡ ਦਾ ਅਟੱਲ ਨਿਯਮ ਹੈ।

2-ਜਿਸ ਸਥਿਤੀ ਨੂੰ ਮੌਤ ਦਾ ਨਾਮ ਦਿੱਤਾ ਜਾਂਦਾ ਹੈ ਉਹ ਅਸਲ ਵਿੱਚ ਜੀਵਨ ਹੈ।

3-ਸਰੀਰ ਮਨੁੱਖ ਦਾ ਆਪਣਾ ਨਹੀਂ ਅਤੇ ਨਾ ਹੀ ਸਰੀਰ ਦਾ ਮਨੁੱਖ ਨਾਲ ਕੋਈ ਸਰੋਕਾਰ ਹੁੰਦਾ ਹੈ।

4-ਮਨੁੱਖ ਨੂੰ ਚਾਹੀਦਾ ਹੈ ਕਿ ਉਹ ਪਰਮਾਤਮਾ ਨੂੰ ਸਦਾ ਹੀ ਸਮਰਪਿਤ ਰਵ੍ਹੇ ਕਿਉਂਕਿ ਆਖਰਕਾਰ ਉਸ ਨੂੰ ਪਰਮਾਤਮਾ ਕੋਲੋਂ ਹੀ ਆਸਰਾ ਪਰਾਪਤ ਹੋਣਾ ਹੁੰਦਾ ਹੈ।

5-ਮਨੁੱਖ ਇਸ ਸੰਸਾਰ ਵਿੱਚ ਆਪਣੇ ਨਾਲ ਕੁੱਝ ਨਹੀਂ ਲੈਕੇ ਆਉਂਦਾ। ਇਸ ਲਈ ਮਨੁੱਖ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਕਰਨਾ ਚਾਹੀਦਾ ਕਿ ਉਸ ਕੋਲੋਂ ਕੁੱਝ ਖੁੱਸ ਗਿਆ ਹੈ।

6-ਬਿਨਾ ਕਾਰਨ ਹੀ ਕੋਈ ਚਿੰਤਾ ਜਾਂ ਡਰ ਮਹਿਸੂਸ ਕਰਨ ਦੀ ਲੋੜ ਨਹੀਂ।

7-ਮਨੁੱਖ ਨੂੰ ਕੋਈ ਮਾਰ ਨਹੀਂ ਸਕਦਾ ਕਿਉਂਕਿ ਆਤਮਾ ਨਾ ਜੰਮਦੀ ਹੈ ਅਤੇ ਨਾ ਹੀ ਇਸ ਨੂੰ ਮੌਤ ਆਉਂਦੀ ਹੈ।

8-ਮਨੁੱਖ ਦਾ ਧਰਮ ਕੇਵਲ ਆਪਣਾ ਕਰਮ ਨਿਭਾਉਣਾ ਹੈ।

9-ਮਨੁੱਖ ਨੂੰ ਆਪਣੇ ਕਿਸੇ ਕਰਮ ਦੇ ਫਲ ਦੀ ਇੱਛਾ ਕਰਨ ਦਾ ਹੱਕ ਪਰਾਪਤ ਨਹੀਂ।

10-ਕਰਮ ਦੇ ਫਲ ਦੀ ਇੱਛਾ ਦਾ ਤਿਆਗ ਕੀਤੇ ਜਾਣ ਦਾ ਅਰਥ ਇਹ ਨਹੀਂ ਕਿ ਕਰਮ ਨੂੰ ਨਿਭਾਉਣ ਵੱਲੋਂ ਮੂੰਹ ਮੋੜ ਲਿਆ ਜਾਵੇ।

ਹੁਣ ਅਸੀਂ ਵੇਖਾਂਗੇ ਕਿ ਗੁਰਮੱਤ ਦੇ ਪੱਖੋਂ ਗੀਤਾ-ਉਪਦੇਸ਼ ਦੇ ਉੱਪਰ ਦੱਸੇ ਪੱਖਾਂ ਦੀ ਸਥਿਤੀ ਕੀ ਹੈ। ‘ਗੁਰਮੱਤ’ ਤੋਂ ਭਾਵ ਉਹ ਫਲਸਫਾ ਹੈ ਜਿਸ ਦਾ ਸਿਖ ਗੁਰੂਆਂ ਨੇ ਲੰਬਾ ਸਮਾਂ ਪਰਚਾਰ ਕੀਤਾ ਅਤੇ ਉਸ ਫਲਸਫੇ ਨੂੰ ਗੁਰਬਾਣੀ ਰਾਹੀਂ ਦਸਤਾਵੇਜ਼ੀ ਰੂਪ ਦਿੱਤਾ।

1. ਗੁਰਮੱਤ ‘ਗੀਤਾ’ ਦੇ ਇਸ ਵਿਚਾਰ ਨਾਲ ਸਹਿਮਤ ਹੈ ਕਿ ਬ੍ਰਹਿਮੰਡ ਵਿੱਚ ਪਰੀਵਰਤਨ ਦਾ ਵਾਪਰਦੇ ਰਹਿਣਾ ਇੱਕ ਅਟੱਲ ਨਿਯਮ ਹੈ। ਪਰੰਤੂ ਗੁਰਮੱਤ ਇਸ ਪਰੀਵਰਤਨ ਦੀ ਵਿਆਖਿਆ ਲਈ ਵਧੇਰੇ ਵਿਗਿਆਨਕ ਢੰਗ ਅਪਣਾਉਂਦੀ ਹੈ। ਅਸਲ ਵਿੱਚ ਗੁਰਮੱਤ ਪਰੀਵਰਤਨ ਦੇ ਨਿਯਮ ਨੂੰ ਦੋ ਰੂਪਾਂ ਵਿੱਚ ਮੰਨਦੀ ਹੈ: ਇੱਕ ਰੂਪ ਕਿਸੇ ਸਜੀਵ ਹੋਂਦ ਦੇ ਉਪਜਣ, ਵਿਗਸਣ ਅਤੇ ਮਰ ਜਾਣ ਦੀ ਪ੍ਰੀਕਿਰਿਆ ਹੈ ਅਤੇ ਦੂਸਰਾ ਕਿਸੇ ਸਜੀਵ ਜਾਂ ਨਿਰਜੀਵ ਹੋਂਦ ਦੇ ਪਦਾਰਥਕ ਰੂਪ ਦਾ ਬ੍ਰਹਿਮੰਡ ਵਿਚਲੇ ਪੰਜਾਂ ਤੱਤਾਂ (ਪਾਣੀ, ਹਵਾ, ਧਰਤੀ, ਅੱਗ ਅਤੇ ਆਕਾਸ਼) ਵਿੱਚ ਸੰਮਿਲਤ ਹੋ ਜਾਣ ਦਾ ਹੈ। ਪਹਿਲੀ ਸਥਿਤੀ ਸਬੰਧੀ ਗੁਰਮੱਤ ਵਿਗਸਣ ਦੀ ਪ੍ਰੀਕਿਰਿਆ ਉੱਤੇ ਬਲ ਦਿੰਦੀ ਹੈ ਅਤੇ ਮਨੁੱਖ ਦੇ ਸਬੰਧ ਵਿੱਚ ‘ਵਿਗਸਣਾ’ ਪਰਮਾਨੰਦ ਦੀ ਪਰਾਪਤੀ ਹੈ ਜੋ ਮੁਕਤੀ ਦੀ ਅਵਸਥਾ ਹੈ ਅਤੇ ਇਹ ਜਿਉਂਦੇ ਜੀ ਹੀ ਪਰਾਪਤ ਹੋਣੀ ਹੈ। ‘ਗੀਤਾ’ ਅਜਿਹੇ ਵਿਗਿਆਨਕ ਸੰਕਲਪਾਂ ਨੂੰ ਮੰਨਣ ਦੀ ਬਜਾਇ ਕਾਲਪਨਿਕ ਮਾਨਤਾਵਾਂ ਨੂੰ ਤਰਜੀਹ ਦਿੰਦੀ ਹੈ। ਪਰੰਤੂ ਗੁਰਬਾਣੀ-ਗ੍ਰੰਥ ਵਿਚਲੀ ਰਚਨਾ ਇਸ ਸਾਰੀ ਸਥਿਤੀ ਨੂੰ ਸਪਸ਼ਟ ਕਰਦੇ ਹੋਏ ਦੱਸਦੀ ਹੈ ਕਿ

ਨ ਸੂਰ ਸਸਿ ਮੰਡਲੋ॥ ਨ ਸਪਤ ਦੀਪ ਨਹ ਜਲੋ॥

ਅੰਨ ਪਉਣ ਥਿਰੁ ਨ ਕੁਈ॥ ਏਕ ਤੁਈ ਏਕ ਤੁਈ॥ (144)

(ਇੱਥੇ ‘ਅੰਨ’ ਦਾ ਅਰਥ ‘ਪਦਾਰਥਕ ਰੂਪ ਵਾਲਾ ਹੋਰ ਸਭ ਕੁਝ’ ਹੈ)

ਜਗ ਰਚਨਾ ਸਭ ਝੂਠ ਹੈ ਜਾਨਿ ਲੇਹੁ ਰੇ ਮੀਤ॥

ਕਹਿ ਨਾਨਕ ਥਿਰੁ ਨਾ ਰਹੈ ਜਿਉ ਬਾਲੂ ਕੀ ਭੀਤਿ॥ (1429)

ਭਾਵ ਜਿਹੜੇ-ਜਿਹੜੇ ਵੀ ਪਦਾਰਥਕ ਰੂਪ, ਸਜੀਵ ਜਾਂ ਨਿਰਜੀਵ, ਧਰਤੀ ਉੱਤੇ ਜਾਂ ਬ੍ਰਹਿਮੰਡ ਵਿੱਚ ਸ਼ਾਮਲ ਹਨ ਉਹਨਾਂ ਵਿੱਚੋਂ ਕਿਸੇ ਦਾ ਵੀ ਰੂਪ ਸਥਿਰ ਨਹੀਂ ਕਿਉਂਕਿ ਆਪਣੇ-ਆਪਣੇ ਸਮੇਂ ਤੇ ਸਭਨਾਂ ਨੇ ਅਲੋਪ ਹੋ ਜਾਣਾ ਹੈ। ਤਰਕ ਪੱਖੋਂ ਵਿਚਾਰਦਿਆਂ ਅਸੀਂ ਵੇਖਦੇ ਹਾਂ ਕਿ ਸਰੀਰਕ ਮੌਤ ਰਾਹੀਂ ਬ੍ਰਹਿਮੰਡ ਵਿੱਚ ਸ਼ਾਮਲ ਪ੍ਰਾਣੀਆਂ ਦੇ ਰੂਪ ਬਦਲਦੇ ਰਹਿੰਦੇ ਹਨ। ਜੀਵਨ ਕਿਸੇ ਪ੍ਰਾਣੀ ਦੇ ਜਨਮ ਤੋਂ ਲੈ ਕੇ ਉਸ ਮੌਕੇ ਤਕ ਦਾ ਸਮਾਂ ਹੈ ਜਦੋਂ ਉਸ ਪ੍ਰਾਣੀ ਦੇ ਸਰੀਰ ਵਿੱਚ ਜਾਨ ਨਹੀਂ ਰਹਿੰਦੀ ਅਤੇ ਉਸਦੇ ਸਵੈ ਦੀ ਹੋਂਦ ਸਮਾਪਤੀ ਤੇ ਆ ਜਾਂਦੀ ਹੈ। ਇਸ ਮੌਕੇ ਤੋਂ ਪਿੱਛੋਂ ਪ੍ਰਾਣੀ ਦੇ ਸਰੀਰ ਦੇ ਨਸ਼ਟ ਹੋਣ ਦੀ ਪ੍ਰੀਕਿਰਿਆ ਆਰੰਭ ਹੋ ਜਾਂਦੀ ਹੈ ਅਤੇ ਸਮਾਂ ਬੀਤਣ ਤੇ ਇਸ ਸਰੀਰ ਦੇ ਕਿਸੇ ਭਾਗ ਦੀ ਪਹਿਲੇ ਰੂਪ ਵਿੱਚ ਪਦਾਰਥਕ ਹੋਂਦ ਕਾਇਮ ਨਹੀਂ ਰਹਿੰਦੀ। ਇਸ ਤਰ੍ਹਾਂ ਮੌਤ ਕਿਸੇ ਪ੍ਰਾਣੀ ਦੀ ਹੋਂਦ ਦੇ ਕਾਲ ਨੂੰ ਦੋ ਭਾਗਾਂ ਵਿੱਚ ਵੰਡ ਦਿੰਦੀ ਹੈ ਜੋ ਹੇਠਾਂ ਦਿੱਤੇ ਅਨੁਸਾਰ ਹਨ:

i.ਪ੍ਰਾਣੀ ਦੀ ਜੀਵ-ਵਿਗਿਆਨਕ (biological) ਹੋਂਦ ਦਾ ਜਨਮ ਤੋਂ ਲੈਕੇ ਮੌਤ ਤਕ ਦਾ ਵਕਫਾ।

ii.ਮੌਤ ਤੋਂ ਅਗਲਾ ਸਮਾਂ ਜਦੋਂ ਪ੍ਰਾਣ-ਰਹਿਤ ਸਰੀਰ ਦੇ ਅੱਡ-ਅੱਡ ਅੰਸ਼ਾਂ ਨੇ ਕਦੀ ਮੁੜ ਕੇ ਪਹਿਲੀ ਵਾਲੀ ਅਵਸਥਾ ਵਿੱਚ ਨਹੀਂ ਆਉਣਾ ਹੁੰਦਾ ਕਿਉਂਕਿ ਜਾਂ ਤਾਂ ਸਰੀਰ ਨੂੰ ਅਗਨ-ਭੇਟ ਕਰ ਦਿੱਤਾ ਜਾਂਦਾ ਹੈ ਅਤੇ ਜਾਂ ਇਸ ਨੇ ਉਂਜ ਹੀ ਗਲ-ਸੜ ਜਾਣਾ ਹੁੰਦਾ ਹੈ। ਪਰੰਤੂ ਗੁਰਮੱਤ ਅਨੁਸਾਰ ਸਰੀਰ ਦੇ ਅੱਡ-ਅੱਡ ਅੰਸ਼ਾਂ ਦੇ ਅਲੋਪ ਹੋ ਜਾਣ ਪਿੱਛੋਂ ਵੀ ਇਹ ਅੰਸ਼ ਕਿਸੇ ਨਾ ਕਿਸੇ ਰੂਪ ਵਿੱਚ ਮੌਜੂਦ ਰਹਿੰਦੇ ਹਨ ਜਦੋਂ ਤਕ ਉਹਨਾਂ ਨੇ ਕਿਸੇ ਹੋਰ ਸਜੀਵ ਜਾਂ ਨਿਰਜੀਵ ਰੂਪ ਦਾ ਹਿੱਸਾ ਨਹੀਂ ਬਣ ਜਾਣਾ ਹੁੰਦਾ। ਇਸ ਅਵਸਥਾ ਨੂੰ ਪੇਸ਼ ਕਰਦੀਆਂ ਗੁਰਬਾਣੀ ਗ੍ਰੰਥ ਵਿੱਚੋਂ ਹੇਠਾਂ ਦਿੱਤੀਆਂ ਸਤਰਾਂ ਵੇਖੀਆਂ ਜਾ ਸਕਦੀਆਂ ਹਨ:

ਪਾਂਚ ਤਤ ਕੋ ਤਨੁ ਰਚਿਓ ਜਾਨਹੁ ਚਤੁਰ ਸੁਜਾਨ॥

ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈ ਮਾਨੁ॥ (ਪੰਨਾਂ 1427)

2. ਗੁਰਬਾਣੀ ‘ਗੀਤਾ’ ਦੇ ਇਸ ਵਿਚਾਰ ਨੂੰ ਨਹੀਂ ਮੰਨਦੀ ਕਿ ਜਿਸ ਸਥਿਤੀ ਨੂੰ ਮੌਤ ਦਾ ਨਾਮ ਦਿੱਤਾ ਜਾਂਦਾ ਹੈ ਉਹ ਅਸਲ ਵਿੱਚ ਜੀਵਨ ਹੈ। ਇੱਥੇ ਇੱਕ ਤਾਂ ਇਹ ਸਮਝਣਾ ਜ਼ਰੂਰੀ ਹੈ ਕਿ ਮੌਤ ਉਪਰੰਤ ਸਰੀਰ ਦੀ ਦਸ਼ਾ ਮੌਤ ਤੋਂ ਪਹਿਲਾਂ ਵਾਲੀ ਭਾਵ ਜੀਵਨ ਦੇ ਸਮੇਂ ਵਾਲੀ ਦਸ਼ਾ ਨਾਲੋਂ ਬਿਲਕੁਲ ਭਿੰਨ ਹੋ ਜਾਂਦੀ ਹੈ ਅਤੇ ਮੁਰਦਾ ਸਰੀਰ ਦੀ ਹਾਲਤ ਤੋਂ ਇੱਕ ਆਮ ਵਿਅਕਤੀ ਵੀ ਭਲੀ-ਭਾਂਤ ਵਾਕਿਫ ਹੁੰਦਾ ਹੈ। ਇੱਸੇ ਕਰਕੇ ਹਰ ਵਿਅਕਤੀ ਮੌਤ ਤੋਂ ਅਗਲੀ ਅਵਸਥਾ ਵਿੱਚ ਜਾਣ ਤੋਂ ਤਰਿਹੰਦਾ ਹੈ। ਮਨੁੱਖ ਦਾ ਇਹ ਵਰਤਾਰਾ ਬਿਲਕੁਲ ਯਥਾਰਥਕ (realistic) ਅਤੇ ਤਰਕਸੰਗਤ ਹੈ। ‘ਗੀਤਾ’ ਮਨੁੱਖੀ ਮਨ ਦੇ ਇਸ ਪ੍ਰਤੀਕਰਮ ਬਾਰੇ ਨਾ ਕੇਵਲ ਚੁੱਪ ਹੈ ਸਗੋਂ ਮੌਤ ਨੂੰ ਜੀਵਨ ਕਹਿੰਦੀ ਹੋਈ ਇਹ ਆਤਮਾ (ਰੂਹ) ਦੇ ਪਰਮਾਤਮਾ ਨਾਲ ਮੇਲ, ਅਗਲੇ ਜਨਮ ਦੀ ਹੋਂਦ ਅਤੇ ਸਵਰਗ ਦੀ ਪਰਾਪਤੀ ਵਰਗੇ ਕਾਲਪਨਿਕ ਅਤੇ ਗੈਰਯਥਾਰਥਕ ਸੁਪਨੇ ਪੇਸ਼ ਕਰਕੇ ਮਨੁੱਖ ਨੂੰ ਅਸਲੀਅਤ ਤੋਂ ਮੂੰਹ ਮੋੜ ਲੈਣ ਦਾ ਪਾਠ ਪੜ੍ਹਾਉਂਦੀ ਹੈ। ਗੁਰਮੱਤ ਹਰ ਸਰੀਰਕ ਮੌਤ ਨੂੰ ਸਬੰਧਤ ਪ੍ਰਾਣੀ ਦੇ ਜੀਵਨ ਦੀ ਸਮਾਪਤੀ ਹੀ ਮੰਨਦੀ ਹੈ ਪਰੰਤੂ ਸਰੀਰਕ ਮੌਤ ਨੂੰ ਸਰੀਰ ਦਾ ਅੰਤ ਨਹੀਂ ਮੰਨਦੀ ਕਿਉਂਕਿ ਸਰੀਰ ਦੇ ਪੰਜ ਤੱਤਾਂ ਦਾ ਕਦੀ ਖਾਤਮਾ ਨਹੀਂ ਹੁੰਦਾ। ਇਸ ਤਰ੍ਹਾਂ ਗੁਰਮੱਤ ਅਨੁਸਾਰ ਮੌਤ ਜੀਵਨ ਨਹੀਂ ਸਗੋਂ ਪੰਜ ਤੱਤਾਂ ਦੇ ਰੂਪ ਨੂੰ ਬਦਲ ਦੇਣ ਦਾ ਇੱਕ ਵਸੀਲਾ ਹੈ। ਸਪਸ਼ਟ ਤੌਰ ਤੇ ਜੀਵਨ-ਮੌਤ-ਸਰੀਰ ਨੂੰ ਲੈ ਕੇ ਗੁਰਮੱਤ ਅਤੇ ‘ਗੀਤਾ’ ਦੇ ਸਿਧਾਂਤ ਇੱਕ ਦੂਜੇ ਤੋਂ ਉਲਟ ਦਿਸ਼ਾ ਵੱਲ ਚੱਲਦੇ ਹਨ: ‘ਗੀਤਾ’ ਅਨੁਸਾਰ ਮੌਤ ਸਰੀਰ ਦਾ ਅੰਤ ਹੈ ਜੀਵਨ ਦਾ ਨਹੀਂ ਅਤੇ ਗੁਰਮੱਤ ਅਨੁਸਾਰ ਮੌਤ ਜੀਵਨ ਦਾ ਅੰਤ ਹੈ ਸਰੀਰ ਦਾ ਨਹੀਂ।

3. ਮਨੁੱਖ ਅਤੇ ਉਸ ਦੇ ਸਰੀਰ ਦੇ ਆਪਸੀ ਸਬੰਧ ਬਾਰੇ ਵੀ ਗੁਰਮੱਤ ਦਾ ਵਿਚਾਰ ‘ਗੀਤਾ’ ਵਿੱਚ ਦਿੱਤੇ ਵਿਚਾਰ ਨਾਲੋਂ ਭਿੰਨ ਹੈ। ‘ਗੀਤਾ’ ਕਹਿੰਦੀ ਹੈ ਕਿ ਸਰੀਰ ਮਨੁੱਖ ਦਾ ਆਪਣਾ ਨਹੀਂ ਅਤੇ ਨਾ ਹੀ ਸਰੀਰ ਦਾ ਮਨੁੱਖ ਨਾਲ ਕੋਈ ਸਰੋਕਾਰ ਹੁੰਦਾ ਹੈ। ਪਰੰਤੂ ਗੁਰਮੱਤ ਸਰੀਰ ਨੂੰ ਬਹੁਤ ਮਹੱਤਵ ਦਿੰਦੀ ਹੈ ਜਿਵੇਂ ਕਿ ਗੁਰਬਾਣੀ-ਗ੍ਰੰਥ ਵਿੱਚ ਦਰਜ ਹੈ

ਭਈ ਪਰਾਪਤਿ ਮਾਨੁਖ ਦੇਹੁਰੀਆ॥

ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ॥ (ਪੰਨਾਂ 12)

ਪੰਚ ਤਤੁ ਮਿਲਿ ਇਹੁ ਤਨੁ ਕੀਆ॥

ਆਤਮ ਰਾਮ ਪਾਏ ਸੁਖੁ ਥੀਆ॥ (ਪੰਨਾਂ 1073)

(ਇੱਥੇ ‘ਆਤਮ’ ਦਾ ਅਰਥ ‘ਮਨੁੱਖੀ ਸਵੈ’ ਤੋਂ ਹੈ)

ਗੁਰਬਾਣੀ ਗ੍ਰੰਥ ਵਿੱਚ ਮਨੁੱਖੀ ਸਵੈ (ਮਨ/ਘਟ) ਨੂੰ ਖੂਬ ਵਡਿਆਇਆ ਗਿਆ ਹੈ ਜਿਵੇਂ

ਮਨ ਮਹਿ ਮਾਣਕੁ ਲਾਲੁ ਨਾਮੁ ਰਤਨੁ ਪਦਾਰਥੁ ਹੀਰੁ॥

ਸਚੁ ਵਖਰੁ ਧਨੁ ਨਾਮੁ ਹੈ ਘਟਿ ਘਟਿ ਗਹਿਰ ਗੰਭੀਰੁ॥ (ਪੰਨਾਂ 22)

ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ॥

ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗ ਮਾਣੁ॥ (ਪੰਨਾਂ 441)

ਪਰੰਤੂ ਸਵੈ (ਮਨ) ਦਾ ਨਿਵਾਸ ਤਾਂ ਸਰੀਰ ਵਿੱਚ ਹੀ ਹੁੰਦਾ ਹੈ ਅਤੇ ਇਸ ਕਰਕੇ ਮਨੁੱਖੀ ਸਰੀਰ ਦਾ ਰੁਤਬਾ ਬਹੁਤ ਉੱਚਾ ਹੋ ਜਾਂਦਾ ਹੈ। ਗੁਰਬਾਣੀ ਸਰੀਰ ਨੂੰ ਪਿਆਰ ਕਰਨ ਦੀ ਪਰੇਰਨਾ ਦਿੰਦੀ ਹੈ ਅਤੇ ਇਸ ਨੂੰ ਸਾਫ-ਸੁਥਰਾ ਅਤੇ ਤੰਦਰੁਸਤ ਰੱਖਣ ਲਈ ਕਈ ਸੁਝਾ ਵੀ ਦਿੰਦੀ ਹੈ।

4. ਗੁਰਮੱਤ ‘ਗੀਤਾ’ ਵਾਂਗ ਇਹ ਮੰਨਦੀ ਹੈ ਕਿ ਮਨੁੱਖ ਨੂੰ ਪ੍ਰਭੂ-ਪਰਮੇਸ਼ਵਰ ਪ੍ਰਤੀ ਸਮਰਪਿਤ ਹੋ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਪਰੰਤੂ ਗੁਰਮੱਤ ਵਿਚਲਾ ਪ੍ਰਭੂ-ਪਰਮੇਸ਼ਵਰ ਦਾ ਸੰਕਲਪ ‘ਗੀਤਾ’ ਵਾਲਾ ਨਹੀਂ ਭਾਵ ਗੁਰਬਾਣੀ ਪ੍ਰਭੂ-ਪਰਮੇਸ਼ਵਰ ਨੂੰ ਉਸ ਰੂਪ ਵਿੱਚ ਨਹੀਂ ਮੰਨਦੀ ਜਿਸ ਰੂਪ ਵਿੱਚ ‘ਗੀਤਾ’ ਮੰਨਦੀ ਹੈ। ‘ਗੀਤਾ’ ਵਿੱਚ ਪ੍ਰਭੂ-ਪਰਮੇਸ਼ਵਰ ਦੇ ਸੰਕਲਪ ਸਬੰਧੀ ਕਾਫੀ ਭੰਬਲਭੂਸਾ ਹੈ। ਇਹ ਅਦਵੈਤ ਵਾਲੇ ਰੂਪ ਨੂੰ ਵੀ ਮੰਨਦੀ ਹੈ ਜਿਸ ਵਿੱਚ ਆਤਮਾ ਬ੍ਰਹਮ (ਪਰਮ ਆਤਮਾ) ਦਾ ਹਿੱਸਾ ਹੀ ਹੁੰਦੀ ਹੈ, ਇਹ ਦਵੈਤ (ਭੇਦ) ਵਾਲੇ ਰੂਪ ਨੂੰ ਵੀ ਮੰਨਦੀ ਹੈ ਜਿਸ ਵਿੱਚ ਆਤਮਾ ਬ੍ਰਹਮ ਤੋਂ ਅਲੱਗ ਹੋ ਕੇ ਵਿਚਰਦੀ ਹੈ ਅਤੇ ਯੋਗ ਰਾਹੀਂ ਮਨੁੱਖਾ ਜੀਵਨ ਵਿੱਚ ਅਤੇ ਪ੍ਰਭੂ-ਭਗਤੀ ਰਾਹੀਂ ਮੌਤ ਪਿੱਛੋਂ ਪਰਮਾਤਮਾ ਨਾਲ ਮੇਲ ਪਰਾਪਤ ਕਰਦੀ ਹੈ, ਇਹ ਮਿਲਗੋਭਾ ਸੰਕਲਪ ਭੇਦਅਭੇਦ/ਵਸ਼ਿਸ਼ਟਅਦਵੈਤ ਨੂੰ ਵੀ ਮਾਨਤਾ ਦਿੰਦੀ ਹੈ, ਇਹ ਪ੍ਰਭੂ-ਪਰਮੇਸ਼ਵਰ ਨੂੰ ਸ਼ਖਸੀ ਰੂਪ ਵਿੱਚ ਵੀ ਕਿਆਸਦੀ ਹੈ ਅਤੇ ਪ੍ਰਭੂ-ਪਰਮੇਸ਼ਵਰ ਨੂੰ ਬ੍ਰਹਮਾ, ਵਿਸ਼ਨੂੰ ਅਤੇ ਮਹੇਸ਼ ਦੇਵਤਿਆਂ ਰਾਹੀਂ ਪਰਗਟ ਹੁੰਦਾ ਵੀ ਮੰਨਦੀ ਹੈ ਵਿਸ਼ੇਸ਼ ਕਰਕੇ ਵਿਸ਼ਨੂੰ ਦੇਵਤੇ ਰਾਹੀਂ ਜਿਸਨੂੰ ਸਰਵੋਤਮ ਮੰਨਦੇ ਹੋਏ ਉਹ ਕ੍ਰਿਸ਼ਨ ਨੂੰ ਵਿਸ਼ਨੂੰ ਦੇ ਅਵਤਾਰ ਦੇ ਤੌਰ ਤੇ ਪੇਸ਼ ਕਰਦੀ ਹੈ। ਪਰੰਤੂ ਗੁਰਮੱਤ ਪ੍ਰਭੂ-ਪਰਮੇਸ਼ਵਰ ਨੂੰ ਗੈਰ-ਸ਼ਖਸੀ ਨਿਰੰਕਾਰ ਦੇ ਤੌਰ ਤੇ ਕਿਆਸਦੀ ਹੈ ਅਤੇ ਆਤਮਾ ਦੀ ਹੋਂਦ ਨੂੰ ਦਰਕਿਨਾਰ ਕਰਦੇ ਹੋੇਏ ਪ੍ਰਭੂ-ਪਰਮੇਸ਼ਵਰ ਦੇ ‘ਪਰਮ ਆਤਮਾ’ ਭਾਵ ਸਰਵਸ੍ਰੇਸ਼ਟ ਰੂਹ (supreme soul) ਵਾਲੇ ਸੰਕਲਪ ਨੂੰ ਨਕਾਰਦੀ ਹੈ। ਗੁਰਮੱਤ ਕਿਸੇ ਦੇਵੀ-ਦੇਵਤੇ ਨੂੰ ਮਾਨਤਾ ਨਹੀਂ ਦਿੰਦੀ ਅਤੇ ਨਾ ਹੀ ਅਵਤਾਰਵਾਦ ਨੂੰ ਸਵੀਕਾਰਦੀ ਹੈ। ਗੁਰਮੱਤ ਮਨੁੱਖ ਦੇ ਸਰੀਰ ਤੋਂ ਇਲਾਵਾ ਕੇਵਲ ਮਨੁੱਖ ਦੇ ‘ਸਵੈ’ ਨੂੰ ਹੀ ਮਾਨਤਾ ਦਿੰਦੀ ਹੈ ਅਤੇ ਪ੍ਰਭੂ-ਪਰਮੇਸ਼ਵਰ ਨੂੰ ‘ਵਡੇਰਾ ਸਵੈ’ ਦੇ ਤੌਰ ਤੇ ਸਵੀਕਾਰਦੀ ਹੈ। ਗੁਰਮੱਤ ਅਨੁਸਾਰ ਪ੍ਰਭੂ-ਪਰਮੇਸ਼ਵਰ ਪ੍ਰਤੀ ਸਮਰਪਿਤ ਹੋਣ ਦਾ ਅਰਥ ਹੈ ਕਿ ਮਨੁੱਖ ਆਪਣੇ ‘ਸਵੈ’ ਅਤੇ ‘ਵਡੇਰੇ ਸਵੈ’ ਵਿਚਲੇ ਸਹਿਹੋਂਦ (symbiotic) ਦੇ ਸਬੰਧ ਨੂੰ ਸਮਝੇ, ਉਹ ਆਪਣੇ ‘ਸਵੈ’ ਦੇ ‘ਵਡੇਰੇ ਸਵੈ’ ਨਾਲ ਜੁੜੇ ਹੋਣ ਦੀ ਸਥਿਤੀ ਨੂੰ ਹਰ ਵਕਤ ਮਹਿਸੂਸ ਕਰਦਾ ਰਵ੍ਹੇ ਅਤੇ ਜੀਵਨ ਦੀ ਹਰ ਪ੍ਰਸਥਿਤੀ ਨੂੰ ਪ੍ਰਭੂ-ਪਰਮੇਸ਼ਵਰ ਦਾ ਭਾਣਾ ਸਮਝਦੇ ਹੋਏ ਸਵੀਕਾਰ ਕਰੇ। ਇਹਯੋ ਹੀ ਪ੍ਰਭੂ-ਸਿਮਰਨ ਹੈ, ਇਹਯੋ ਹੀ ਨਾਮ-ਜਪਣਾ ਹੈ ਅਤੇ ਇਹਯੋ ਹੀ ਪ੍ਰਭੂ-ਭਗਤੀ ਹੈ। ਮਨੁੱਖ ਅਤੇ ਪ੍ਰਭੂ-ਪਰਮੇਸ਼ਵਰ ਦੇ ਆਪਸੀ ਸਬੰਧ ਨੂੰ ਦਰਸਾਉਂਦਾ ਗੁਰਮੱਤ ਦਾ ਸਿਧਾਂਤ ਅਦਵੈਤ ਕਿਸਮ ਦਾ ਪਰਤੀਤ ਹੁੰਦਾ ਹੈ ਪਰੰਤੂ ਇਹ ਵੇਦਾਂਤ ਦੇ ਅਦਵੈਤ ਸਿਧਾਂਤ ਤੋਂ ਭਿੰਨ ਹੈ ਜੋ ਆਤਮਾ ਭਾਵ ਰੂਹ ਨੂੰ ਬ੍ਰਹਮ ਦਾ ਅੰਸ਼ ਮੰਨਦਾ ਹੈ ਅਤੇ ਬ੍ਰਹਮ ਨੂੰ ‘ਪਰਮਾਤਮਾ’ ਦਾ ਨਾਮ ਦਿੰਦਾ ਹੈ (ਗੁਰਬਾਣੀ ਵਿੱਚ ‘ਪਰਮਾਤਮਾ’ ਸ਼ਬਦ ਦੀ ਵਰਤੋਂ ਨਹੀਂ ਹੋਈ ਅਤੇ ਜਿੱਥੇ ਕਿਤੇ ਵੀ ‘ਆਤਮ’ ਜਾਂ ‘ਆਤਮਾ’ ਸ਼ਬਦਾਂ ਦੀ ਵਰਤੋਂ ਹੋਈ ਹੈ ਇਹ ‘ਸਵੈ’ ਦੇ ਅਰਥਾਂ ਵਿੱਚ ਪੁਲਿੰਗ ਰੂਪ ਵਿੱਚ ਹੈ)। ਵੇਦਾਂਤੀ ਸਿਧਾਂਤ ਕਿਤਨਾ ਹਾਸੋਹੀਣਾ ਹੈ ਇਸਦਾ ਇਸ ਗੱਲ ਤੋਂ ਪਤਾ ਚੱਲਦਾ ਹੈ ਕਿ ਇਸ ਵਿੱਚ ‘ਆਤਮਾ’ ਇਸਤਰੀਲਿੰਗ ਹੈ ਪਰੰਤੂ ‘ਪਰਮਾਤਮਾ’ (ਪਰਮ+ਆਤਮਾ) ਪੁਲਿੰਗ। ਗੁਰਮੱਤ ਵਿੱਚ ਪ੍ਰਭੂ-ਪਰਮੇਸ਼ਵਰ ਨੂੰ ਸਮਰਪਿਤ ਹੋਣ ਦਾ ਅਰਥ ਹੈ ਆਪਣੀ ਹਉਮੈ ਨੂੰ ਕਾਬੂ ਵਿੱਚ ਰੱਖਦੇ ਹੋਏ ਭਾਣਾ ਮੰਨਣ ਦਾ ਗੁਣ ਅਪਣਾਉਣਾ। ਉਂਜ ਗੁਰਮੱਤ ‘ਗੀਤਾ’ ਦੇ ਇਸ ਵਿਚਾਰ ਨਾਲ ਸਹਿਮਤ ਹੈ ਕਿ ਪ੍ਰਭੂ-ਪਰਮੇਸ਼ਵਰ ਸਦਾ-ਸਦਾ ਮਿਹਰਬਾਨ ਅਤੇ ਸਹਾਈ ਹੈ ਅਤੇ ਮਨੁੱਖ ਦਾ ਅੰਤਿਮ ਸਹਾਰਾ ਹੈ। ਪਰੰਤੂ ਗੁਰਮੱਤ ਪ੍ਰਭੂ-ਪਰਮੇਸ਼ਵਰ ਨੂੰ ਖੁਸ਼ ਕਰਨ ਲਈ ਜਾਂ ਉਸ ਨਾਲ ਮਿਲਾਪ ਦੀ ਪਰਾਪਤੀ ਲਈ ਕਿਸੇ ਪੂਜਾ-ਵਿਧੀ, ਕਰਮ-ਕਾਂਡ, ਭੇਖ-ਦਿਖਾਵਾ, ਤਪੱਸਿਆ-ਕਾਰਜ, ਸੰਨਿਆਸ ਧਾਰਨ, ਬ੍ਰਹਮਚਾਰੀ ਜੀਵਨ, ਸਰੀਰਕ ਮੁਦਰਾਵਾਂ, ਯੋਗ-ਕਿਰਿਆਵਾਂ ਆਦਿਕ ਅਪਣਾਉਣ ਤੋਂ ਮਨ੍ਹਾਂ ਕਰਦੀ ਹੈ ਅਤੇ ਕੇਵਲ ਪ੍ਰਭੂ-ਪਰਮੇਸ਼ਵਰ ਦੇ ਸਿਮਰਨ ਅਤੇ ਉਸ ਦੀ ਵਡਿਆਈ ਕਰਨ (ਵਿਸ਼ੇਸ਼ ਕਰਕੇ ਪਾਠ ਅਤੇ ਕੀਰਤਨ ਰਾਹੀਂ) ਨੂੰ ਹੀ ਜ਼ਰੂਰੀ ਸਮਝਦੀ ਹੈ। ਗੁਰਮੱਤ ਕੇਵਲ ਪ੍ਰਭੂ-ਪਰਮੇਸ਼ਵਰ ਨੂੰ ਹੀ ਅਧਿਆਤਮਿਕ ਗੁਰੂ ਮੰਨਦੀ ਹੈ ਅਤੇ ਕਿਸੇ ਅਵਤਾਰ ਜਾਂ ਪੁਜਾਰੀ ਦੀ ਵਿਚੋਲਗਿਰੀ ਨੂੰ ਮਾਨਤਾ ਨਹੀਂ ਦਿੰਦੀ (ਕਿਸੇ ਮਨੁੱਖ ਨੂੰ ਕੇਵਲ ਅਧਿਆਪਕ ਜਾਂ ਪੱਥਪਰਦਰਸ਼ਕ ਦੇ ਤੌਰ ਤੇ ਹੀ ‘ਗੁਰੂ’ ਮੰਨਿਆਂ ਜਾ ਸਕਦਾ ਹੈ)।

5. ਗੁਰਮੱਤ ‘ਗੀਤਾ’ ਦੇ ਇਸ ਉਦਾਸੀਨਤਾ ਭਰੇ ਵਿਚਾਰ ਦੀ ਪਰੋੜਤਾ ਨਹੀਂ ਕਰਦੀ ਕਿ ਮਨੁੱਖ ਇਸ ਸੰਸਾਰ ਵਿੱਚ ਆਪਣੇ ਨਾਲ ਕੁੱਝ ਨਹੀਂ ਲੈਕੇ ਆਉਂਦਾ ਅਤੇ ਮਨੁੱਖ ਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਕਰਨਾ ਚਾਹੀਦਾ ਕਿ ਉਸ ਕੋਲੋਂ ਕੁੱਝ ਖੁੱਸ ਗਿਆ ਹੈ। ਇੱਕ ਤਾਂ ਗੁਰਮੱਤ ਮਨੁੱਖ ਨੂੰ ਜਨਮ ਰਾਹੀਂ ਪਰਾਪਤ ਹੋਏ ਸਰੀਰ ਨੂੰ ਬਹੁਤ ਮਹੱਤਤਾ ਦਿੰਦੀ ਹੈ ਅਤੇ ਇਸ ਦੇ ਸਦਉਪਯੋਗ ਦੀ ਪਰੇਰਨਾ ਦਿੰਦੀ ਹੈ ਜਿਵੇਂ ਕਿ ਗੁਰਬਾਣੀ-ਗ੍ਰੰਥ ਵਿੱਚ ਦਰਜ ਹੈ

ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ॥

ਮਨਮੁਖ ਮੂਲੁ ਨਾ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ॥ (ਪੰਨਾਂ 1346)

ਨਾਲ ਹੀ ਗੁਰਮੱਤ ਸਰੀਰ ਰਾਹੀਂ ਸੱਚੀ-ਸੁੱਚੀ ਕਿਰਤ ਕਰਨ ਅਤੇ ਮਾਨਵਤਾਵਾਦੀ ਯੋਗਦਾਨ ਦੇਣ ਦੀ ਪਰੇਰਨਾ ਵੀ ਦਿੰਦੀ ਹੈ:

ਘਾਲਿ ਖਾਇ ਕਿਛੁ ਹਥਹੁ ਦੇਇ॥

ਨਾਨਕ ਰਾਹੁ ਪਛਾਣਹਿ ਸੇਇ॥ (ਗੁਰਬਾਣੀ ਗ੍ਰੰਥ ਪੰਨਾਂ 1245)

ਗੁਰਮੱਤ ਮਨੁੱਖ ਨੂੰ ਮਾਨਵਵਾਦੀ ਆਦਰਸ਼ਾਂ ਲਈ ਕਿਰਿਆਵਾਦੀ (activist) ਬਣ ਕੇ ਜੀਣ ਦੀ ਸਿਖਿਆ ਦਿੰਦੀ ਹੈ ਅਤੇ ਜੰਗਾਂ-ਯੁਧਾਂ ਰਾਹੀਂ ਬਰਬਾਦੀ ਕਰਕੇ ਰਾਜ-ਪਰਾਪਤੀ ਕਰਨ ਦੀ ਪਰੋੜਤਾ ਨਹੀਂ ਕਰਦੀ। ਗੁਰਮੱਤ ਸਮੁੱਚੀ ਮਾਨਵਤਾ ਨੂੰ ਇੱਕ ਪਰਿਵਾਰ ਵਜੋਂ ਮਾਨਤਾ ਦਿੰਦੀ ਹੈ ਕਿਉਂਕਿ ਇਹ ‘ਏਕੁ ਪਿਤਾ ਏਕਸ ਕੇ ਹਮ ਬਾਰਿਕ’ ਅਤੇ ‘ਨਾ ਕੋ ਬੈਰੀ ਨਹੀਂ ਬਿਗਾਨਾ ਸਗਲ ਸੰਗਿ ਹਮ ਕਉ ਬਨ ਆਈ’ ਦਾ ਸੰਦੇਸ਼ ਦਿੰਦੀ ਹੈ। ਕੁੱਝ ਲੋਕ ਇੱਥੇ ਗੁਰੂ ਸਾਹਿਬਾਨ ਵੱਲੋਂ ਲੜੀਆਂ ਜੰਗਾਂ ਦਾ ਅਤੇ ਗੁਰਬਾਣੀ ਗ੍ਰੰਥ ਵਿੱਚ ਸ਼ਾਮਲ ਹੇਠਾਂ ਦਿੱਤੇ ਕਥਨ ਦਾ ਹਵਾਲਾ ਦੇਣਾ ਚਾਹੁਣਗੇ:

ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤੁ॥

ਪੁਰਜਾ ਪੁਰਜਾ ਕਟ ਮਰੈ ਕਬਹੁੰ ਨਾ ਛਾਡੇ ਖੇਤ॥ (ਪੰਨਾਂ 1105)

ਪਰੰਤੂ ਇਹ ਸਮਝਣ ਦੀ ਲੋੜ ਹੈ ਕਿ ਗੁਰੂ ਸਾਹਿਬਾਨ ਨੇ ਕੇਵਲ ਮਨੁੱਖੀ ਹੱਕਾਂ ਦੀ ਰਾਖੀ ਲਈ ਯੁਧ ਲੜੇ ਸਨ ਰਾਜ ਪਰਾਪਤੀ ਲਈ ਨਹੀਂ ਅਤੇ ਉੱਪਰ ਆਈਆਂ ਸਤਰਾਂ ਵਿਚਲੇ ਸ਼ਬਦ ‘ਦੀਨ’ ਦਾ ਅਰਥ ਰਿਲੀਜਨ/ਮਜ਼ਹਬ ਭਾਵ ਸੰਸਥਾਗਤ ਧਰਮ ਵਜੋਂ ਨਹੀਂ ਸਗੋਂ ਮਾਨਵਵਾਦੀ ਵਿਚਾਰਧਾਰਾ ਵਜੋਂ ਹੈ।

6.’ਗੀਤਾ’ ਦੇ ਇਸ ਵਿਚਾਰ ਨੂੰ ਹਰ ਸੂਝਵਾਨ ਵਿਅਕਤੀ ਸਮਝਦਾ ਹੈ ਕਿ ਬਿਨਾ ਕਾਰਨ ਹੀ ਕੋਈ ਚਿੰਤਾ ਜਾਂ ਡਰ ਮਹਿਸੂਸ ਕਰਨ ਦੀ ਲੋੜ ਨਹੀਂ। ਪਰੰਤੂ ਹਕੀਕਤ ਇਹ ਹੈ ਕਿ ਆਮ ਮਨੁੱਖ ਡਰ ਤੇ ਚਿੰਤਾ ਦਾ ਸਹਿਜੇ ਹੀ ਸ਼ਿਕਾਰ ਹੋ ਜਾਂਦਾ ਹੈ। ਮਨੁੱਖੀ ਡਰ ਅਤੇ ਚਿੰਤਾ ਦਾ ਹਲ ਇਹ ਨਹੀਂ ਜੋ ‘ਗੀਤਾ’ ਇਹ ਕਹਿਕੇ ਦੱਸਦੀ ਹੈ ਕਿ ਸਰੀਰ ਮਨੁੱਖ ਦਾ ਆਪਣਾ ਨਹੀਂ ਅਤੇ ਸਰੀਰ ਦਿਆਂ ਸਰੋਕਾਰਾਂ ਨੂੰ ਮੁੱਖ ਰੱਖ ਕੇ ਤਨਾਵ ਨਹੀਂ ਮਹਿਸੂਸ ਕਰਨਾ ਚਾਹੀਦਾ। ਗੁਰਮੱਤ ਸਰੀਰ ਅਤੇ ਉਸਦੇ ਸਰੋਕਾਰਾਂ ਨੂੰ ਮਾਨਤਾ ਦਿੰਦੀ ਹੋਈ ਡਰ ਅਤੇ ਚਿੰਤਾ ਤੋਂ ਬਚਣ ਦਾ ਵਾਜਬ ਰਸਤਾ ਵਿਖਾਉਂਦੀ ਹੈ ਜਿਵੇਂ ਕਿ ਗੁਰਬਾਣੀ ਗ੍ਰੰਥ ਵਿੱਚ ਸ਼ਾਮਲ ਹੇਠਾਂ ਦਿੱਤੀਆਂ ਪੰਕਤੀਆਂ ਤੋਂ ਸਪਸ਼ਟ ਹੈ:

ਨਿਡਰੇ ਕਉ ਕੈਸਾ ਡਰ ਕਵਨੁ॥

ਸਬਦਿ ਪਛਾਨੈ ਤੀਨੇ ਭਉਨ॥ (ਪੰਨਾਂ 220)

ਚਰਨ ਕਮਲ ਅਰਾਧਿ ਭਗਵੰਤਾ॥

ਹਰਿ ਸਿਮਰਨ ਤੇ ਮਿਟੀ ਮੇਰੀ ਚਿੰਤਾ॥ (ਪੰਨਾਂ 189)

7. ਗੁਰਮੱਤ ‘ਗੀਤਾ’ ਦੇ ਇਸ ਵਿਚਾਰ ਦੀ ਪਰੋੜਤਾ ਨਹੀਂ ਕਰਦੀ ਕਿ ਮਨੁੱਖ ਨੂੰ ਕੋਈ ਮਾਰ ਨਹੀਂ ਸਕਦਾ। ‘ਗੀਤਾ’ ਦਾ ਆਪਣਾ ਨਿਰਨਾ ਇਸ ਵਿਚਾਰ ਤੇ ਆਧਾਰਿਤ ਹੈ ਕਿ ਮਨੁੱਖ ਦੀ ਹੋਂਦ ਸਰੀਰ ਕਰਕੇ ਨਹੀਂ ਆਤਮਾ ਕਰਕੇ ਹੈ ਅਤੇ ਸਰੀਰ ਦਾ ਮਰਨਾ ਮੌਤ ਨਹੀਂ ਕਿਉਂਕਿ ਆਤਮਾ ਦੇ ਅਮਰ ਹੋਣ ਕਰਕੇ ਇਸ ਨੂੰ ਮੌਤ ਆਉਣੀ ਹੀ ਨਹੀਂ। ਜਿਵੇਂ ਅਸੀਂ ਉੱਪਰ ਵੇਖ ਆਏ ਹਾਂ ਕਿ ਗੁਰਮੱਤ ‘ਆਤਮਾ’ ਨੂੰ ਰੂਹ ਜਾਂ ਸੋਲ (soul) ਦੇ ਅਰਥਾਂ ਵਿੱਚ ਮਾਨਤਾ ਹੀ ਨਹੀਂ ਦਿੰਦੀ (ਗੁਰਬਾਣੀ ਵਿੱਚ ਸ਼ਬਦ ‘ਆਤਮਾ’ ਦੀ ਵਰਤੋਂ ਤਾਂ ਹੋਈ ਹੈ ਪਰੰਤੂ ਇਹ ਪੁਲਿੰਗ ਰੂਪ ਵਿੱਚ ਹੈ ਜਿਸ ਦਾ ਅਰਥ ਹੈ ਮਨੁੱਖ ਦਾ ‘ਸਵੈ’ ਜਾਂ ‘ਆਪਣਾ-ਆਪ’ )। ਗੀਤਾ-ਉਪਦੇਸ਼ ਦਾ ‘ਆਤਮਾ’ ਵਾਲਾ ਸਿਧਾਂਤ ਕਿੰਨਾ ਖੋਖਲਾ ਹੈ ਇਹ ਅੱਗੇ ਦਿੱਤੇ ਉਹਨਾਂ ਤਿੰਨ ਸਵਾਲਾਂ ਤੋਂ ਸਾਬਿਤ ਹੋ ਜਾਂਦਾ ਹੈ ਜਿਹਨਾਂ ਦਾ ਉੱਤਰ ਗੀਤਾ-ਉਪਦੇਸ਼ ਵਿੱਚ ਸ਼ਾਮਲ ਨਹੀਂ: ਵਿਗਿਆਨਕ ਤੌਰ ਤੇ ‘ਆਤਮਾ’ ਭਾਵ ਰੂਹ ਦਾ ਵਜੂਦ ਅਤੇ ਬਣਤਰ ਕੀ ਹੈ, ਕਿਸੇ ਪਸ਼ੂ-ਪੰਛੀ ਵਿੱਚ ‘ਆਤਮਾ’ ਮੌਜੂਦ ਕਿਉਂ ਨਹੀਂ ਹੁੰਦੀ ਅਤੇ ਪਿਛਲੇ ਸੱਠ ਸਾਲਾਂ ਵਿੱਚ ਇੱਕਲੇ ਭਾਰਤ ਵਿੱਚ ਹੀ ਆਉਣ ਵਾਲੀਆਂ ਸੱਠ ਕਰੋੜ ਨਵੀਆਂ ‘ਆਤਮਾਵਾਂ’ ਕਿਹੜੀ ਫੈਕਟਰੀ ਵਿੱਚ ਬਣੀਆਂ ਹਨ। ਗੁਰਮੱਤ ਸਰੀਰ ਦੇ ਅੰਦਰ ‘ਆਤਮਾ’ (ਰੂਹ) ਦੀ ਬਜਾਇ ‘ਸਵੈ’ ਦੀ ਮੌਜੂਦਗੀ ਨੂੰ ਸਵੀਕਾਰਦੀ ਹੈ। ਪਹਿਲਾਂ ਤਾਂ ਗੁਰਮੱਤ ਸਰੀਰ ਨੂੰ ਪੰਜ ਤੱਤਾਂ ਦਾ ਬਣਿਆ ਹੋਇਆ ਮੰਨਦੀ ਹੈ ਜੋ ਪ੍ਰਭੂ-ਪਰਮੇਸ਼ਵਰ ਦੇ ਬ੍ਰਹਮੰਡੀ ਰੂਪ ਵਿੱਚੋਂ ਹੀ ਪਰਾਪਤ ਹੁੰਦੇ ਹਨ ਅਤੇ ਵਾਪਸ ਉੱਸੇ ਵਿੱਚ ਸਮਾ ਜਾਂਦੇ ਹਨ। ਫਿਰ ਗੁਰਮੱਤ ਮਨੁੱਖ ਦੇ ਮਨ ਭਾਵ ਸਵੈ ਦੀ ਉਪਜ ਵੀ ਪੰਜ ਤੱਤਾਂ ਵਿੱਚੋਂ ਹੋਈ ਮੰਨਦੀ ਹੈ ਜਿਵੇਂ ਕਿ ਗੁਰਬਾਣੀ-ਗ੍ਰੰਥ ਵਿੱਚ ਦਰਜ ਹੈ:

ਇਹੁ ਮਨੁ ਕਰਮਾ ਇਹੁ ਮਨੁ ਧਰਮਾ॥

ਇਹੁ ਮਨੁ ਪੰਚ ਤਤੁ ਤੇ ਜਨਮਾ॥ (ਪੰਨਾਂ 415)

ਇਸ ਤਰ੍ਹਾਂ ਸਰੀਰ ਦੀ ਮੌਤ ਪਿੱਛੋਂ ਸਵੈ ਵੀ ਸਰੀਰ ਦੇ ਨਾਲ ਹੀ ਪੰਜ ਤੱਤਾਂ ਵਿੱਚ ਲੀਨ ਹੋ ਜਾਂਦਾ ਹੈ। ਗੁਰਮੱਤ ਵਿਚਲੇ ‘ਸਵੈ’ (ਮਾਨਸਿਕ ਅਵਸਥਾ) ਦੇ ਵਜੂਦ ਅਤੇ ਬਣਤਰ ਦੀ ਵਿਗਿਆਨਕ ਵਿਆਖਿਆ ਸਹਿਜੇ ਹੀ ਪੇਸ਼ ਕੀਤੀ ਜਾ ਸਕਦੀ ਹੈ। ਦੂਸਰੇ ਪਾਸੇ ਗੁਰਬਾਣੀ ਇਸਤਰੀਲਿੰਗ ਰੂਪ ਦੀ ‘ਆਤਮਾ’ ਭਾਵ ਰੂਹ ਜਾਂ ਸੋਲ ਦੇ ਅਮਰ ਹੋਣ ਦੀ ਕੋਈ ਗੱਲ ਨਹੀਂ ਕਰਦੀ। ਪਰੰਤੂ ਅਜੋਕੀ ਵਿਗਿਆਨਕ ਖੋਜ ਵੀ ਇਹ ਸਵੀਕਾਰਦੀ ਹੈ ਕਿ ਮਨੁੱਖੀ ਸਵੈ ਵੱਲੋਂ ਨਿਭਾਏ ਕਰਮਾਂ ਦੇ ਨੈਤਿਕ ਪੱਖੋਂ ਚੰਗੇ ਜਾਂ ਮਾੜੇ ਅੰਸ਼ ਮਨੁੱਖੀ ਸਭਿਆਚਾਰ ਦਾ ਹਿੱਸਾ ਬਣ ਜਾਂਦੇ ਹਨ ਅਤੇ ਔਲਾਦ ਵਾਲੇ ਲੋਕਾਂ ਦੇ ਜੀਨਜ਼ (genes) ਰਾਹੀਂ ਅਗਲੀਆਂ ਪੀੜ੍ਹੀਆਂ ਵਿੱਚ ਵੀ ਚਲਦੇ ਰਹਿੰਦੇ ਹਨ। ਚੰਗੇ ਕਰਮ ਕਰਨ ਵਾਲੇ ਲੋਕਾਂ ਸਬੰਧੀ ਗੁਰਬਾਣੀ ਦੇ ਕਥਨ ‘ਕੇਤੀ ਛੁਟੀ ਨਾਲਿ’ ਦਾ ਭਾਵ ਇਹਯੋ ਹੀ ਲਿਆ ਜਾ ਸਕਦਾ ਹੈ।

8.’ਗੀਤਾ’ ਦਾ ਇਹ ਉਪਦੇਸ਼ ਬੜਾ ਮਸ਼ਹੂਰ ਹੈ ਕਿ ਮਨੁੱਖ ਦਾ ਹੱਕ ਕੇਵਲ ਉਸ ਵੱਲੋਂ ਕਿਸੇ ਵਿਸ਼ੇਸ਼ ਸਥਿਤੀ ਵਿੱਚ ਕੀਤੇ ਜਾਣ ਵਾਲੇ ਕਰਮ ਤੇ ਹੈ ਜਿਸ ਕਰਕੇ ਮਨੁੱਖ ਦਾ ਫਰਜ਼ ਕੇਵਲ ਆਪਣਾ ਕਰਮ ਨਿਭਾਉਣਾ ਹੈ। ਪਹਿਲੀ ਨਜ਼ਰੇ ਇਹ ਵਿਚਾਰ ਆਮ ਮਨੁੱਖ ਦੇ ਮਨ ਉੱਤੇ ਡੁੰਘਾ ਪਰਭਾਵ ਪਾਉਂਦਾ ਹੈ। ਪਰੰਤੂ ਇਸ ਵਿਚਾਰ ਸਬੰਧੀ ਡੂੰਘੀ ਪੜਚੋਲ ਤੇ ਪਤਾ ਲੱਗੇਗਾ ਕਿ ਸਿਧਾਂਤਕ ਪੱਖੋਂ ਇਹ ਵਿਚਾਰ ਬਿਲਕੁਲ ਖੋਖਲਾ ਹੈ ਅਤੇ ‘ਕਰਮ/ਧਰਮ’ ਦੇ ਵਿਸ਼ੇ ਤੇ ਗੁਰਬਾਣੀ ਦਾ ਦ੍ਰਿਸ਼ਟੀਕੋਣ ਇਸ ਨਾਲੋਂ ਕਾਫੀ ਅਗਾਂਹਵਧੂ ਹੈ। ‘ਗੀਤਾ’ ਵਿੱਚ ਪੇਸ਼ ਕੀਤਾ ਗਿਆ ‘ਧਰਮ’ ਕੇਵਲ ‘ਕਸ਼ੱਤਰੀ ਧਰਮ’ ਹੈ ਕਿਉਂਕਿ ਕ੍ਰਿਸ਼ਨ ਅਰਜਨ ਅੱਗੇ ਇਹ ਦਲੀਲ ਦਿੰਦਾ ਹੈ ਕਿ ‘ਕਸ਼ਤਰੀ’ ਹੋਣ ਕਰਕੇ ਉਸਦਾ ਧਰਮ ਕੇਵਲ ਯੁਧ ਕਰਨਾ ਹੈ ਯੁਧ ਦੇ ਚੰਗੇ/ਮਾੜੇ ਪ੍ਰਭਾਵ ਸਬੰਧੀ ਸੋਚਣਾ ਉਸਦਾ ਕੰਮ ਨਹੀਂ। ਅਸਲ ਵਿੱਚ ‘ਗੀਤਾ’ ਵਿਚਲਾ ‘ਧਰਮ’ ਦਾ ਇਹ ਸੰਕਲਪ ਸਮਾਜ ਦੀ ਵਰਣ-ਵੰਡ ਉੱਤੇ ਆਧਾਰਿਤ ਹੈ ਭਾਵ ਕ੍ਰਿਸ਼ਨ ਅਰਜਨ ਦੇ ਕਸ਼ੱਤਰੀ ਹੋਣ ਕਰਕੇ ਹੀ ਉਸ ਨੂੰ ਯੁਧ ਕਰਨ ਲਈ ਪਰੇਰਨਾ ਦੇ ਰਿਹਾ ਹੈ। ਇਸ ਦਾ ਅਰਥ ਇਹ ਹੈ ‘ਗੀਤਾ’ ਦੇ ‘ਧਰਮ’ ਰਾਹੀਂ ਕਿਸੇ ‘ਸ਼ੂਦਰ’ ਨੂੰ ਆਪਣੇ ਕੰਮੀ-ਕਮੀਣਾ ਵਾਲੇ ਕਿੱਤੇ ਪ੍ਰਤੀ ਸੁਹਿਰਦਤਾ ਨਾਲ ਜੁੜੇ ਰਹਿਣ ਦੀ ਹੀ ਸਲਾਹ ਦਿੱਤੀ ਜਾਵੇਗੀ ਭਾਵ ਕਥਿਤ ‘ਦਲਿਤ’ ਵਰਗ ਵਿੱਚ ਕਦੀ ਇਸ ਸੋਚ ਨੂੰ ਪੈਦਾ ਨਹੀਂ ਹੋਣ ਦਿੱਤਾ ਜਾਵੇਗਾ ਕਿ ਉਹਨਾਂ ਨੂੰ ਆਪਣੀ ਦਸ਼ਾ ਨੂੰ ਸੁਧਾਰਨ ਦੀ ਲੋੜ ਹੈ। ਗੁਰਮੱਤ ਵਰਣ-ਵੰਡ ਜਾਂ ਜਾਤੀ-ਵੰਡ ਨੂੰ ਕੋਈ ਮਾਨਤਾ ਨਹੀਂ ਦਿੰਦੀ ਅਤੇ ਇਸ ਨੂੰ ‘ਧਰਮ’ ਦੇ ਸੰਕਲਪ ਨਾਲ ਨਹੀਂ ਜੋੜਦੀ। ਸਗੋਂ ਗੁਰਬਾਣੀ ਗ੍ਰੰਥ ਵਿੱਚ ‘ਧਰਮ’ ਨੂੰ ਹੇਠਾਂ ਦਿੱਤੇ ਢੰਗ ਨਾਲ ਪ੍ਰੀਭਾਸ਼ਿਤ ਕੀਤਾ ਗਿਆ ਹੈ:

ਸਰਬ ਧਰਮ ਮਹਿ ਸ੍ਰੇਸਟ ਧਰਮ॥

ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ (ਪੰਨਾਂ 266)

ਪਰਤੱਖ ਹੈ ਕਿ ਗੁਰਮੱਤ ‘ਧਰਮ’ ਦੇ ਤੌਰ ਤੇ ਕੇਵਲ ‘ਨਿਰਮਲ ਕਰਮ’ ਨੂੰ ਮਾਨਤਾ ਦਿੰਦੀ ਹੈ ਵਰਣ-ਆਧਾਰਿਤ ਜਾਂ ਜਾਤੀ-ਆਧਾਰਿਤ ਕਰਮ ਨੂੰ ਨਹੀਂ।

9.’ਗੀਤਾ’ ਵਿਚਲਾ ਕਰਮ ਦੇ ਫਲ ਵਾਲਾ ਵਿਚਾਰ ਵੀ ਬੜਾ ਮਨ-ਲੁਭਾਉਣਾ ਹੈ ਪਰੰਤੂ ਵਿੱਚੋਂ ਬਿਲਕੁਲ ਖੋਖਲਾ ਹੈ ਅਤੇ ਗੁਰਮੱਤ ਦੀ ਰੋਸ਼ਨੀ ਵਿੱਚ ਨਿਰਮੂਲ ਸਾਬਿਤ ਹੋ ਜਾਂਦਾ ਹੈ। ‘ਗੀਤਾ’ ਕਰਮ ਦੀ ਗੱਲ ਕਰਦੀ ਹੋਈ ਜ਼ੋਰ ਦਿੰਦੀ ਹੈ ਕਿ ਮਨੁੱਖ ਨੂੰ ਆਪਣੇ ਕਰਮ ਦੇ ਫਲ ਤੇ ਕੋਈ ਹੱਕ ਨਹੀਂ। ਪਰੰਤੂ ਗੁਰਮੱਤ ਕਰਮ ਦੇ ਫਲ ਨੂੰ ਪੂਰੀ ਮਾਨਤਾ ਦਿੰਦੀ ਹੈ ਅਤੇ ‘ਨਿਰਮਲ ਕਰਮ’ ਨੂੰ ਅਪਣਾਉਣ ਦੀ ਸਲਾਹ ਦਿੰਦੀ ਹੋਈ ਮਨੁੱਖ ਨੂੰ ਸੁਚੇਤ ਕਰਦੀ ਹੈ ਕਿ ‘ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰਿ’ ਭਾਵ ਮਨੁੱਖੀ ਕਰਮ ਦਾ ਅਸਲੀ ਫਲ ਪ੍ਰਭੂ-ਪਰਮੇਸ਼ਵਰ ਨਾਲ ਮੇਲ ਹੋਣ ਵਿੱਚ ਹੈ। ਪਰਤੱਖ ਹੈ ਕਿ ਜੇਕਰ ਮਨੁੱਖ ਗੁਰਮੱਤ ਦਾ ਅਨੁਸਾਰੀ ਹੋਕੇ ਸੁਹਿਰਦਤਾ ਨਾਲ ‘ਨਿਰਮਲ ਕਰਮ’ ਦਾ ਰਸਤਾ ਅਪਣਾਉਂਦਾ ਹੈ ਤਾਂ ਫਲ ਸਦਾ ਹੀ ਚੰਗਾ ਹੋਣਾ ਹੈ। ਪਰੰਤੂ ਗੁਰਮੱਤ ਮਨੁੱਖ ਨੂੰ ਵਿਪਰੀਤ ਪ੍ਰਸਥਿਤੀਆਂ ਵਿੱਚ ਵੀ ਪ੍ਰਭੂ-ਪਰਮੇਸ਼ਵਰ ਦੇ ਭਾਣੇ ਨੂੰ ਮੰਨਣ ਲਈ ਸਦਾ ਹੀ ਤਿਆਰ ਰਹਿਣ ਦੀ ਪਰੇਰਨਾ ਦਿੰਦੀ ਹੈ। ‘ਗੀਤਾ’ ਦਾ ਫਲ ਦੀ ਇੱਛਾ ਨਾ ਰੱਖਣ ਦਾ ਵਿਚਾਰ ਕਿਤਨਾ ਭੁਲੇਖਾਪਾਊ ਹੈ ਇਹ ਇਸ ਗੱਲ ਤੋਂ ਜ਼ਾਹਰ ਹੋ ਜਾਂਦਾ ਹੈ ਕਿ ਜਦੋਂ ਕੌਰਵਾਂ-ਪਾਂਡਵਾਂ ਦਾ ਰਾਜ-ਸੱਤਾ ਦੀ ਪਰਾਪਤੀ ਦੇ ਮੁੱਦੇ ਨੂੰ ਲੈ ਕੇ ਆਪਸੀ ਝਗੜਾ ਚੱਲ ਰਿਹਾ ਹੁੰਦਾ ਹੈ ਤਾਂ ਇਸ ਝਗੜੇ ਵਿੱਚ ਕ੍ਰਿਸ਼ਨ ਦੀ ਦਖਲਅੰਦਾਜ਼ੀ ਕੇਵਲ ਪਾਂਡਵਾਂ ਨੂੰ ਰਾਜ-ਸੱਤਾ ਦੁਆਉਣ ਦੇ ਮਨਸ਼ੇ ਨਾਲ ਹੀ ਹੁੰਦੀ ਹੈ। ਕੌਰਵਾਂ-ਪਾਂਡਵਾਂ ਉੱਤੇ ਮਹਾਂਭਾਰਤ ਯੁਧ ਨੂੰ ਠੋਸਣ ਦਾ ਸਿਹਰਾ ਕ੍ਰਿਸ਼ਨ ਦੇ ਸਿਰ ਜਾਂਦਾ ਹੈ ਅਤੇ ਇਸ ਯੁਧ ਦਾ ਨਿਸ਼ਾਨਾ ਫਲ ਦੀ ਪਰਾਪਤੀ ਹੀ ਹੈ। ਕ੍ਰਿਸ਼ਨ ਕਿਧਰੇ ਵੀ ਅਰਜਨ ਨੂੰ ਇਹ ਸਲਾਹ ਦਿੰਦਾ ਵਿਖਾਈ ਨਹੀਂ ਦਿੰਦਾ ਕਿ ਯੁਧ ਜਿੱਤ ਲੈਣ ਦੀ ਸਥਿਤੀ ਵਿੱਚ ਰਾਜ ਨੂੰ ਆਮ ਪਰਜਾ ਦੇ ਹਵਾਲੇ ਕਰ ਦਿੱਤਾ ਜਾਵੇ। ਯੁਧ ਦੀ ਸਮਾਪਤੀ ਉੱਤੇ ਰਾਜ-ਸੱਤਾ ਪਾਂਡਵ ਪਰਿਵਾਰ ਦੇ ਹੱਥ ਹੀ ਜਾਂਦੀ ਹੈ ਅਤੇ ਉਹਨਾਂ ਰਾਹੀਂ ਭਾਰਤ ਦੇ ਇਸ ਖਿੱਤੇ ਵਿੱਚ ਕੋਈ ਸਦੀਵੀ ‘ਧਰਮੀ ਰਾਜ’ ਭਾਵ ਮਾਨਵਵਾਦੀ ਆਦਰਸ਼ਕ ਰਾਜ (ਭਗਤ ਰਵੀਦਾਸ ਦੇ ਸ਼ਬਦਾਂ ਵਿੱਚ ‘ਬੇਗਮਪੁਰਾ’ ਅਤੇ ਭਾਈ ਨੰਦ ਲਾਲ ਦੇ ਸ਼ਬਦਾਂ ਵਿੱਚ ‘ਖਾਲਸਾ’ ਰਾਜ) ਸਥਾਪਤ ਹੋਏ ਹੋਣ ਦਾ ਹਵਾਲਾ ਨਾ ਤਾਂ ‘ਮਹਾਂਭਾਰਤ’ ਵਿੱਚ ਦਰਜ ਹੈ ਅਤੇ ਨਾ ਹੀ ਕਿਧਰੇ ਭਾਰਤੀ ਇਤਹਾਸ ਵਿਚ। ਸਪਸ਼ਟ ਹੈ ਕਿ ਕ੍ਰਿਸ਼ਨ ਦਾ ਅਰਜਨ ਨੂੰ ਫਲ ਦੀ ਇੱਛਾ ਨਾ ਕਰਨ ਦਾ ਉਪਦੇਸ਼ ਪੂਰੀ ਤਰ੍ਹਾਂ ਆਪਾ-ਵਿਰੋਧੀ ਹੈ।

10.’ਗੀਤਾ’ ਦਾ ਉਪਦੇਸ਼ ਹੈ ਕਿ ਕਰਮ ਦੇ ਫਲ ਦੀ ਇੱਛਾ ਦਾ ਤਿਆਗ ਕਰਨ ਬਾਦ ਵੀ ਕਰਮ ਨੂੰ ਨਿਭਾਉਣਾ ਜਾਰੀ ਰੱਖਿਆ ਜਾਵੇ। ਉੱਪਰ ਅਸੀਂ ‘ਗੀਤਾ’ ਅਤੇ ਗੁਰਮੱਤ ਵਿਚਕਾਰਲੇ ਕਰਮ ਅਤੇ ਫਲ ਦੇ ਨੁਕਤਿਆਂ ਉੱਤੇ ਵਿਚਾਰਾਂ ਦਾ ਅੰਤਰ ਵੇਖ ਆਏ ਹਾਂ। ਗੁਰਮੱਤ ਮਨੁੱਖ ਨੂੰ ਨਿਰਮਲ ਕਰਮ ਦੇ ਘੇਰੇ ਵਿੱਚ ਰਹਿ ਕੇ ਸਦਾ ਕਰਮਸ਼ੀਲ ਬਣੇ ਰਹਿਣ ਦੀ ਪਰੇਰਨਾ ਦਿੰਦੀ ਹੈ ਜਿਸ ਦਾ ਫਲ ਵਿਕਾਰਾਂ ਤੋਂ ਛੁਟਕਾਰੇ ਦੇ, ਪ੍ਰਭੂ-ਪਰਮੇਸ਼ਵਰ ਨਾਲ ਮਿਲਾਪ ਦੇ ਅਤੇ ਪਰਮਾਨੰਦ ਦੀ ਪਰਾਪਤੀ ਦੇ ਰੂਪ ਵਿੱਚ ਮਿਲਣਾ ਹੀ ਮਿਲਣਾ ਹੈ, ਉਹ ਵੀ ਇੱਸੇ ਜਨਮ ਵਿਚ। ਇਸ ਤਰ੍ਹਾਂ ਗੁਰਮੱਤ ਕਰਮ ਦੇ ਫਲ ਦੀ ਉਮੀਦ ਦਾ ਤਿਆਗ ਕਰਨ ਦਾ ਮੁੱਦਾ ਹੀ ਨਹੀਂ ਉਠਾਉਂਦੀ ਅਤੇ ਇਸ ਕਰਕੇ ਗੁਰਮੱਤ ਦੇ ਸੰਦਰਭ ਵਿੱਚ ਫਲ ਦੇ ਪੱਖੋਂ ਸੋਚ ਕੇ ਕਰਮ ਵੱਲੋਂ ਮੂੰਹ ਮੋੜ ਲੈਣ ਦੀ ਸਥਿਤੀ ਉਤਪੰਨ ਨਹੀਂ ਹੁੰਦੀ। ਗੁਰਮੱਤ ਅਨੁਸਾਰ ਕਿਸੇ ਸਥਿਤੀ ਵਿੱਚ ਫਲ ਦੇ ਅਨੁਕੂਲ ਨਾ ਹੋਣ ਤੇ ਵੀ ਪ੍ਰਭੂ-ਪਰਮੇਸ਼ਵਰ ਦਾ ਸ਼ੁਕਰਾਨਾ ਕਰਨਾ ਅਤੇ ਭਾਣੇ ਵਿੱਚ ਰਹਿਣਾ ਹੈ ਕਿਉਂਕਿ ਗੁਰਮੱਤ ਦੁਖ ਨੂੰ ਵੀ ‘ਏਹਿ ਭਿ ਦਾਤਿ ਤੇਰੀ ਦਾਤਾਰ’ ਕਰਕੇ ਸਵੀਕਾਰਨ ਦਾ ਸੰਦੇਸ਼ ਦਿੰਦੀ ਹੈ।

ਇਸ ਤਰ੍ਹਾਂ ਅਸੀਂ ਵੇਖਦੇ ਹਾਂ ਕਿ ਗੁਰਮੱਤ ਦਾ ਫਲਸਫਾ ਬਿਲਕੁਲ ਸਪਸ਼ਟ, ਤਰਕ-ਅਧਾਰਿਤ ਅਤੇ ਨਵੀਨ ਹੈ ਜਦੋਂ ਕਿ ਗੀਤਾ-ਉਪਦੇਸ਼ ਦਾ ਤਾਣਾ-ਬਾਣਾ ਪੂਰੀ ਤਰ੍ਹਾਂ ਉਲਝਿਆ ਹੋਇਆ ਹੈ। ‘ਗੀਤਾ’ ਦੀ ਪਿੱਠਭੂਮੀ ਵਜੋਂ ‘ਮਹਾਂਭਾਰਤ’ ਮਹਾਂ-ਕਾਵਿ ਦਾ ਸਮੁੱਚਾ ਮਾਹੌਲ ਵੇਖਣਾ ਬਣਦਾ ਹੈ ਜੋ ਮਿਥਹਾਸ, ਕਰਾਮਾਤ, ਆਤਮਾ-ਸਿਧਾਂਤ, ਅਵਤਾਰਵਾਦ, ਸਵਰਗ-ਨਰਕ, ਵਰ-ਸਰਾਪ, ਜਨਮ ਚੱਕਰ, ਕਰਮ-ਕਾਂਡ, ਨਾਰੀ-ਅਪਮਾਨ, ਕਾਮੁਕਤਾ ਵਿਕਾਰ, ਜੂਆਬਾਜ਼ੀ, ਛਡਯੰਤਰ, ਕੂਟਨੀਤੀ ਆਦਿਕ ਉੱਤੇ ਆਧਾਰਿਤ ਹੈ। ਅਜਿਹੇ ਮਾਹੌਲ ਦੀ ਮੌਜੂਦਗੀ ‘ਗੀਤਾ’ ਰਾਹੀਂ ਪਰਚਾਰੀ ਜਾਣ ਵਾਲੀ ਨੈਤਿਕਤਾ ਅਤੇ ਅਧਿਆਤਮਿਕਤਾ ਨੁੰ ਪਰਭਾਵਹੀਣ ਕਰਕੇ ਰੱਖ ਦਿੰਦੀ ਹੈ। ਇਹ ਵੱਖਰੀ ਗੱਲ ਹੈ ਕਿ ਅਜੋਕੇ ਸਮੇਂ ਵਿੱਚ ਕੱਟੜਵਾਦੀ ਹਿੰਦੂ ਧਿਰਾਂ ਵੱਲੋਂ ਗੀਤਾ-ਉਪਦੇਸ਼ ਨੂੰ ਭਾਰਤੀ ਸਭਿਆਚਾਰ ਦੇ ਮਾਡਲ ਵਜੋਂ ਪੇਸ਼ ਕਰਨ ਦਾ ਸਿਰਤੋੜ ਯਤਨ ਕੀਤਾ ਜਾ ਰਿਹਾ ਹੈ। ਪਰੰਤੂ ਵਡੇਰੇ ਦੁੱਖ ਦੀ ਗੱਲ ਇਹ ਹੈ ਕਿ ‘ਸਿਖ’ ਭਾਈਚਾਰੇ ਦੇ ਲਗ-ਭਗ ਸਾਰੇ ਲੋਕ (ਆਪਣੇ-ਆਪ ਨੂੰ ‘ਜਾਗਰੂਕ’ ਅਖਵਾਉਣ ਵਾਲੇ ਸੱਜਣਾ ਸਮੇਤ) ਗੁਰਮੱਤ ਅਤੇ ਗੀਤਾ-ਉਪਦੇਸ਼ ਵਿਚਲੇ ਅੰਤਰ ਤੋਂ ਅਣਜਾਣ ਹਨ। ਸਿੱਟੇ ਦੇ ਤੌਰ ਤੇ ਉਹਨਾਂ ਵਿੱਚੋਂ ਬਹੁਤੇ ਗੁਰਮੱਤ ਨੂੰ ਛੱਡ ਕੇ ਗੀਤਾ-ਉਪਦੇਸ਼ ਨੂੰ ਹੀ ਅਪਣਾਈ ਬੈਠੇ ਹਨ। ਉਂਜ ਉਹ ਦਾਵਾ ਕਰਦੇ ਹਨ ਕਿ "ਹਮ ਹਿੰਦੂ ਨਹੀਂ" ! !

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।
.