.

ਊਹਾਂ ਤਉ ਜਾਈਐ ਜੋ ਈਹਾਂ ਨ ਹੋਇ॥ ……

ਰੱਬ ਦਾ ਸੰਕਲਪ ਅਤੇ ਰੱਬ ਦੀ ਹੋਂਦ ਵਿੱਚ ਵਿਸ਼ਵਾਸ ਉਤਨਾ ਹੀ ਪੁਰਾਣਾ ਹੈ ਜਿਤਨੀ ਪੁਰਾਣੀ ਰੱਬ ਦੀ ਸਿਰਜੀ ਮਨੁੱਖਤਾ। ਗੁਰਮਤਿ ਅਨੁਸਾਰ ਰੱਬ ਸਰਬਵਿਆਪਕ ਹੈ ਜੋ ਅਸੀਮ ਸ੍ਰਿਸ਼ਟੀ ਦੀਆਂ ਸਾਰੀਆਂ ਚੇਤਨ ਤੇ ਜੜ ਹੋਂਦਾਂ ਦੇ ਕਣ ਕਣ ਵਿੱਚ ਰਮਿਆ ਹੋਇਆ ਹੈ। ਤ੍ਰੈ ਗੁਣ ਅਤੀਤ, ਅਸਥੂਲ ਅਤੇ ਅਦ੍ਰਿਸ਼ਟ ਅਕਾਲ ਪੁਰਖ ਸਰੀਰਕ ਅੱਖਾਂ ਨਾਲ ਨਹੀਂ ਦੇਖਿਆ ਜਾ ਸਕਦਾ ਸਗੋਂ ਨਿਰਮਲ ਮਨ ਦੀਆਂ ਸੁਜਾਖੀਆਂ ਅੱਖਾਂ ਨਾਲ ਮਹਿਸੂਸਿਆ ਜਾ ਸਕਦਾ ਹੈ! ਮਨ ਨੂੰ ਨਿਰਮਲ ਬਣਾਉਣ ਵਾਸਤੇ ਗਿਆਨ-ਗੁਰੂ ਦੇ ਦੱਸੇ ਰਾਹ ਉੱਤੇ ਤੁਰਨਾ ਜ਼ਰੂਰੀ ਹੈ।

ਮਨੁੱਖ ਦੀ ਬਦਕਿਸਮਤੀ ਨੂੰ ਮਨੁੱਖਤਾ ਵਿੱਚ, ਆਦਿ ਕਾਲ ਤੋਂ ਹੀ, ਇੱਕ ਅਜਿਹੀ ਸ਼੍ਰੇਣੀ ਬਣੀ ਚਲੀ ਆ ਰਹੀ ਹੈ ਜਿਸ ਨੂੰ ਪੁਜਾਰੀ ਸ਼੍ਰੇਣੀ ਕਿਹਾ ਜਾਂਦਾ ਹੈ। ਇਸ ਸ਼੍ਰੇਣੀ ਦੇ ਮਲੀਨ ਮਨ ਵਾਲੇ ਮਾਇਆ-ਦਾਸ ਮੱਕਾਰ ਲੋਕ ਆਪਣੀ ਮੱਕਾਰੀ ਨਾਲ ਰੱਬ ਦੀ ਅਗਿਆਨਮਤੀ ਅੰਧਵਿਸ਼ਵਾਸੀ ਜਨਤਾ ਨਾਲ ਵਿਵਸਥਿਤ ਢੰਗ ਨਾਲ ਵਿਸ਼ਵਾਸਘਾਤ ਕਰਕੇ ਉਨ੍ਹਾਂ ਦੀ ਕਿਰਤ-ਕਮਾਈ ਰੱਬ ਦੇ ਹੀ ਨਾਂ `ਤੇ ਲੁੱਟਦੇ ਆ ਰਹੇ ਹਨ। ਸਰਬਵਿਆਪਕ ਪ੍ਰਭੂ ਤੋਂ ਬੇਮੁਖ ਹੋ ਕੇ ਲਿਖੇ ਗਏ ਗ੍ਰੰਥ, ਇਨ੍ਹਾਂ ਗ੍ਰੰਥਾਂ ਦੇ ਮਿਥਿਹਾਸਿਕ ਦੇਵੀ-ਦੇਵਤੇ, ਦੇਵੀ-ਦੇਵਤਿਆਂ ਦੀਆਂ ਕਾਲਪਨਿਕ ਮੂਰਤੀਆਂ, ਮੂਰਤੀਆਂ ਦੀ ਸਥਾਪਨਾ ਵਾਸਤੇ ਪਾਣੀਆਂ (ਦਰਿਆਵਾਂ, ਨਦੀਆਂ ਆਦਿ) ਕਿਨਾਰੇ ਉਸਾਰੇ ਪੱਥਰਾਂ ਦੇ ਆਲੀਸ਼ਾਨ ਮੰਦਿਰ, ਮੰਦਿਰਾਂ ਅੰਦਰ ਸਥਾਪਿਤ ਮੂਰਤੀਆਂ ਦੀ ਕਰਮ-ਕਾਂਡੀ ਪੂਜਾ ਦੀ ਪਰੰਪਰਾ ਅਤੇ ਇਸ ਪਰੰਪਰਾ ਦੇ ਪਰਦੇ ਓਹਲੇ ਭੋਲੀ-ਭਾਲੀ ਜਨਤਾ ਦੀ ਲੁੱਟ……। ਇਉਂ ਪੁਜਾਰੀਆਂ ਨੇ ਇੱਕ ਯੋਜਨਾਬੱਧ ਢੰਗ ਨਾਲ ਸਰਬਵਿਆਪਕ, ਸੱਚੇ ਤੇ ਅਸਥੂਲ ਸਿਰਜਨਹਾਰ ਪ੍ਰਭੂ ਨੂੰ ਉਸ ਦੇ ਕਥਿਤ ਘਰਾਂ (ਮੰਦਿਰ ਆਦਿ) ਵਿੱਚ ਸਥੂਲ ਰੂਪ ਵਿੱਚ ਸਥਾਪਿਤ ਕਰਕੇ ਮਨੁੱਖਤਾ ਨੂੰ ਸਰੀਰਕ ਅੱਖਾਂ ਨਾਲ ਹੀ ਉਸ ਦੇ ਦਰਸਨ ਕਰਵਾ ਦਿੱਤੇ। ਫਲਸਰੂਪ, ਮਨੁੱਖਤਾ ਔਝੜਾਂ ਉੱਤੇ ਠੇਡੇ ਖਾ ਰਹੀ ਹੈ।

ਮੱਧ ਕਾਲ ਵਿੱਚ ਵਿਚਰੇ ਮਾਨਵਵਾਦੀ ਸੁਚੇਤ ਬਾਣੀਕਾਰਾਂ ਨੇ ਅੰਧਵਿਸ਼ਵਾਸੀ ਮਨੁੱਖਤਾ ਨੂੰ ਚੰਟ ਪੁਜਾਰੀਆਂ ਦੇ ਵਿਛਾਏ ਉਪਰੋਕਤ ਭਰਮ-ਜਾਲ ਵਿੱਚੋਂ ਕੱਢ ਕੇ ਸਰਬਵਿਆਪਕ ਪ੍ਰਭੂ ਦੀ ਉਪਾਸਨਾ-ਭਗਤੀ ਹਿਰਦੇ-ਘਰ ਵਿੱਚ ਹੀ ਕਰਨ ਦਾ ਸੰਦੇਸ਼ ਦਿੱਤਾ। ਇਥੇ ਅਸੀਂ ਇਸੇ ਪ੍ਰਸੰਗ ਵਿੱਚ ਲਿਖੇ ਰਾਮਾ ਨੰਦ ਜੀ ਦੇ ਇੱਕ ਸ਼ਬਦ ਦੀ ਵਿਚਾਰ ਕਰਦੇ ਹਾਂ। ਰਾਮਾ ਨੰਦ ਜੀ ਫ਼ਰਮਾਉਂਦੇ ਹਨ:

ਕਤ ਜਾਈਐ ਰੇ ਘਰਿ ਲਾਗੋ ਰੰਗਿ॥ ਮੇਰਾ ਚਿਤ ਨ ਚਲੇ ਮਨੁ ਭਇਓ ਪੰਗੁ॥ ੧॥ ਰਹਾਉ॥

ਏਕ ਦਿਵਸ ਮਨਿ ਭਈ ਉਮੰਗ॥

ਘਸਿ ਚੰਦਨ ਚੋਆ ਬਹੁ ਸੁਗੰਧ॥

ਪੂਜਨ ਚਾਲੀ ਬ੍ਰਹਮ ਠਾਇ॥

ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹਿ॥ ੧॥

ਜਹਾ ਜਾਈਐ ਤਹ ਜਲ ਪਖਾਨ॥

ਤੂ ਪੂਰਿ ਰਹਿਓ ਹੈ ਸਭ ਸਮਾਨ॥

ਬੇਦ ਪੁਰਾਨ ਸਭ ਦੇਖੇ ਜੋਇ॥

ਊਹਾਂ ਤਉ ਜਾਈਐ ਜੋ ਈਹਾਂ ਨ ਹੋਇ॥ ੨॥

ਸਤਿਗੁਰ ਮੈ ਬਲਿਹਾਰੀ ਤੋਰ॥

ਜਿਨਿ ਸਕਲ ਬਿਕਲ ਕਾਟੇ ਮੋਰ॥

ਰਾਮਾਨੰਦ ਸੁਆਮੀ ਰਮਤ ਬ੍ਰਹਮ॥

ਗੁਰ ਕਾ ਸਬਦੁ ਕਾਟੈ ਕੋਟਿ ਕਰਮ॥ ੩॥ ੧॥

ਸ਼ਬਦ ਅਰਥ:- ਕਤ: (ਹੋਰ) ਕਿਤੇ, ਕਿੱਥੇ। ਘਰਿ: (ਹਿਰਦੇ) ਘਰ ਵਿੱਚ। ਰੰਗੁ: ਪ੍ਰੇਮ, ਆਨੰਦ। ਚਿਤ: ਮਨ। ਨ ਚਲੈ: ਚਲਦਾ ਨਹੀਂ ਅਰਥਾਤ ਭਟਕਣ ਮੁੱਕ ਗਈ ਹੈ। ਪੰਗੁ: ਪਿੰਗਲਾ, ਜੋ ਭਟਕਦਾ ਨਹੀਂ, ਸਹਿਜ ਅਵਸਥਾ ਵਿੱਚ ਪਹੁੰਚ ਗਿਆ ਹੈ। ੧। ਰਹਾਉ।

ਦਿਵਸ: ਦਿਨ। ਉਮੰਗ: ਉਤਸ਼ਾਹ, ਆਨੰਦ ਦੀ ਲਹਿਰ। ਘਸਿ: ਰਗੜ ਕੇ। ਚੋਆ: ਚੋਇਆ ਹੋਇਆ: ਅਰਕ, ਸਤ ਜਾਂ ਤੇਲ। ਬ੍ਰਹਮ: ਸਰਵਉੱਚ ਅਕਾਲਪੁਰਖ, ਪਰਮਾਤਮਾ। ਠਾਇ: ਥਾਂ, ਸਥਾਨ। ਬ੍ਰਹਮ ਠਾਇ: ਰੱਬ ਦੇ ਨਾਂ `ਤੇ ਬਣਾਏ ਸਥਾਨ (ਮੰਦਿਰ, ਮਸਜਿਦ, ਗੁਰੂਦਵਾਰੇ ਆਦਿ)। ੧।

ਜਹਾ: ਜਹਾਂ, ਜਿੱਥੇ ਵੀ। ਤਹ: ਉੱਥੇ। ਜਲ: ਪਾਣੀ ਅਰਥਾਤ ਤੀਰਥ। ਪਖਾਨ: ਪੱਥਰ ਅਰਥਾਤ ਕੀਮਤੀ ਪੱਥਰਾਂ ਨਾਲ ਉਸਾਰੇ ਮੰਦਿਰ ਅਤੇ ਉਨ੍ਹਾਂ ਵਿੱਚ ਸਥਾਪਿਤ ਪੱਥਰ ਦੀਆਂ ਹੀ ਕਾਲਪਣਿਕ ਮੂਰਤੀਆਂ ਜਿਨ੍ਹਾਂ ਦੀ ਪੂਜਾ ਕੀਤੀ/ਕਰਵਾਈ ਜਾਂਦੀ ਹੈ। ਪੂਰਿ ਰਹਿਓ: ਵਿਆਪਕ ਹੈ। ਜੋਇ: ਖੋਜ ਕੇ, ਜਿਹੜਾ। ਊਹਾਂ: ਉੱਥੇ (ਤੀਰਥਾਂ ਉੱਤੇ ਅਤੇ ਮੰਦਿਰਾਂ ਵਿੱਚ)। ਤਉ: ਤਾਂ। ਈਹਾਂ: ਇੱਥੇ, ਹਿਰਦੇ ਵਿੱਚ। ੨।

ਤੋਰ: ਤੇਰੇ ਤੋਂ। ਸਕਲ: ਸਗਲ, ਸਾਰੇ। ਬਿਕਲ: ਮਨ ਤਨ ਨੂੰ ਢਹਿੰਦੀਆਂ ਕਲਾਂ ਵੱਲ ਲਿਜਾਣ ਵਾਲੇ। ਭ੍ਰਮ: ਵਹਿਮ-ਭਰਮ, ਭੁਲੇਖੇ, ਸ਼ੰਕੇ। ਮੋਰ: ਮੇਰੇ। ਸੁਆਮੀ: ਮਾਲਿਕ, ਪ੍ਰਭੂ। ਰਮਤ: ਰਮਿਆ ਹੋਇਆ, ਵਿਆਪਕ। ਕੋਟਿ: ਕਰੋੜਾਂ, ਅਣਗਿਣਤ। ਕਰਮ: (ਬੁਰੇ) ਕੰਮ। ੩॥

ਭਾਵ ਅਰਥ:- ਹੇ ਭਾਈ! ਹੁਣ ਮੈਨੂੰ ਹੋਰ ਕਿਤੇ (ਤੀਰਥਾਂ ਉੱਤੇ ਅਤੇ ਮੰਦਿਰਾਂ ਵਿੱਚ) ਜਾਣ ਦੀ ਲੋੜ ਨਹੀਂ ਰਹੀ, (ਕਿਉਂਕਿ) ਮੇਰੇ ਹਿਰਦੇ-ਘਰ ਵਿੱਚ ਹੀ ਪ੍ਰਭੂ-ਪ੍ਰੇਮ ਅਤੇ ਇਸ ਤੋਂ ਮਿਲਨ ਵਾਲਾ ਆਨੰਦ ਪੈਦਾ ਹੋ ਗਿਆ ਹੈ। (ਮਨ ਵਿੱਚ ਉਪਜੇ ਪ੍ਰਭੂ-ਪ੍ਰੇਮ ਤੇ ਇਸ ਤੋਂ ਪ੍ਰਾਪਤ ਆਤਮਾਨੰਦ ਸਦਕਾ) ਮੇਰਾ ਮਨ ਅਡੋਲ ਅਵਸਥਾ ਵਿੱਚ ਪਹੁੰਚ ਗਿਆ ਹੈ, ਅਤੇ ਇਸ ਦੀ ਭਟਕਨ ਵੀ ਮੁੱਕ ਗਈ ਹੈ। ੧। ਰਹਾਉ।

ਇਕ ਦਿਨ ਮੈਂ ਉਤਸਾਹਿਤ ਹੋ ਚੰਦਨ ਆਦਿ ਸੁਗੰਧੀਆਂ ਰਗੜ ਕੇ, ਸੁਗੰਧੀਆਂ ਦਾ ਰਸ ਲੈ ਕੇ ਰੱਬ ਦੇ (ਕਹੇ ਜਾਂਦੇ) ਘਰ (ਮੰਦਿਰ) ਵਿੱਚ ਉਸ ਦੀ ਪੂਜਾ ਕਰਨ ਵਾਸਤੇ ਗਿਆ। (ਪਰੰਤੂ ਮੈਨੂੰ ਮੇਰੇ ਗਿਆਨ-) ਗੁਰੂ ਨੇ ਦੱਸਿਆ ਕਿ ਜਿਸ ਦੀ ਪੂਜਾ ਕਰਨ ਲਈ ਮੈਂ ਮੰਦਿਰ ਜਾਂਦਾ ਹਾਂ, ਉਹ ਪਰਮਾਤਮਾ ਤਾਂ ਮੇਰੇ ਹਿਰਦੇ-ਘਰ ਵਿੱਚ ਹੀ ਵੱਸਦਾ ਹੈ। ੧।

(ਬ੍ਰਾਹਮਣਾਂ/ਪੁਜਾਰੀਆਂ ਦੇ ਕਹੇ ਅਨੁਸਾਰ ਇਸ਼ਟ-ਦੇਵ ਦੀ ਭਾਲ ਵਿੱਚ) ਜਿੱਥੇ ਵੀ ਜਾਓ, ਓਥੇ ਜਾਂ ਤਾਂ ਪਾਣੀ (ਜਿਸ ਨੂੰ ਤੀਰਥ ਕਿਹਾ ਜਾਂਦਾ ਹੈ) ਹੈ, ਅਤੇ ਜਾਂ (ਪੱਥਰਾਂ ਨਾਲ ਉਸਾਰੇ ਮੰਦਿਰਾਂ ਵਿੱਚ) ਪੱਥਰ ਦੀਆਂ ਮੂਰਤੀਆਂ ਹਨ। (ਪਰੰਤੂ ਸੱਚਾ ਇਸ਼ਟ-ਦੇਵ ਪਰਮਾਤਮਾ ਕਿਧਰੇ ਵੀ ਨਜ਼ਰ ਨਹੀਂ ਆਉਂਦਾ)। ਐ ਪਰਮਾਤਮਾ! ਤੂੰ ਤਾਂ ਇਕਸਾਰ ਤੇ ਇਕਰਸ ਸਰਬਵਿਆਪਕ ਹੈਂ। ਵੇਦ ਪੁਰਾਣ ਆਦਿ ਧਰਮ-ਗ੍ਰੰਥ ਵੀ ਮੈਂ ਖੋਜ ਕੇ ਵੇਖ ਲਏ ਹਨ (ਉਨ੍ਹਾਂ ਵਿੱਚ ਵੀ ਰੱਬ ਨਜ਼ਰ ਨਹੀਂ ਆਇਆ)। ਗ੍ਰੰਥਾਂ ਵਿੱਚ, ਤੀਰਥਾਂ ਉੱਤੇ ਅਤੇ ਮੰਦਿਰਾਂ ਵਿੱਚ (ਪ੍ਰਭੂ ਦੀ ਭਾਲ ਕਰਨ) ਮੈਂ ਤਾਂ ਜਾਂਵਾਂ ਜੇ ਰੱਬ ਇੱਥੇ ਮੇਰੇ ਹਿਰਦੇ-ਘਰ ਵਿੱਚ ਨਾ ਹੋਵੇ। ੨।

ਹੇ ਮੇਰੇ ਸੱਚੇ (ਗਿਆਨ-) ਗੁਰੂ! ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ ਕਿਉਂਕਿ ਤੂੰ ਮਨ/ਆਤਮਾ ਨੂੰ ਨਿਢਾਲ ਕਰਨ ਵਾਲੇ ਮੇਰੇ ਸਾਰੇ ਸ਼ੰਕੇ ਤੇ ਭਰਮ-ਭੁਲੇਖੇ ਮਿਟਾ ਦਿੱਤੇ ਹਨ। ਰਾਮਾਨੰਦ ਕਹਿੰਦਾ ਹੈ ਕਿ ਸ੍ਰਿਸ਼ਟੀ ਦਾ ਸਾਹਿਬ ਸਭ ਥਾਂ ਰਮਿਆ ਹੋਇਆ ਹੈ ਅਰਥਾਤ ਸਰਬਵਿਆਪਕ ਹੈ। ਗੁਰੂ ਦਾ ਗਿਆਨ (ਬ੍ਰਾਹਮਣਾਂ/ ਪੁਜਾਰੀਆਂ ਦੁਆਰਾ ਰਬ ਬਾਰੇ ਪਾਏ ਗਏ) ਸ਼ੰਕਿਆਂ ਤੋਂ ਨਿਵਿਰਤ ਕਰਕੇ ਕ੍ਰੋੜਾਂ ਕੀਤੇ ਬੁਰੇ ਕਰਮਾਂ ਤੋਂ ਮੁਕਤ ਕਰ ਦਿੰਦਾ ਹੈ। ੩।

ਉਪਰ ਵਿਚਾਰੇ ਸ਼ਬਦ ਦਾ ਸੰਖੇਪ ਅਤੇ ਸਰਲ ਸਾਰੰਸ਼:- ਗਿਆਨ-ਗੁਰੂ ਦੀ ਸਿੱਖਿਆ ਅਨੁਸਾਰ, ਪਰਮਾਤਮਾ ਸਰਬਵਿਆਪਕ ਹੈ। ਪਰਮਾਤਮਾ, ਉਸ ਦੇ ਨਾਮ `ਤੇ ਉਸਾਰੇ ਕਥਿਤ ਘਰਾਂ ਅਤੇ ਤੀਰਥਾਂ ( "ਬ੍ਰਹਮ ਠਾਇ", ਪੱਥਰ ਦੀਆਂ ਮੂਰਤੀਆਂ ਅਤੇ ਮੰਦਿਰਾਂ ਆਦਿ) ਵਿੱਚ ਨਹੀਂ ਹੈ। ਇਸ ਲਈ, ਰੱਬ ਦੇ ਕਥਿਤ ਘਰਾਂ ਵਿੱਚ ਸੁਗੰਧੀਆਂ, ਜੋਤਾਂ ਅਤੇ ਮਾਇਕ ਤੇ ਪਦਾਰਥਕ ਭੇਟਾਵਾਂ ਨਾਲ ਕੀਤੀ/ਕਰਵਾਈ ਜਾਂਦੀ ਕਰਮਕਾਂਡੀ ਪੂਜਾ-ਅਰਚਨਾ ਨਿਰਾਰਥਕ ਹੈ। ਪ੍ਰਭੂ ਮਿਥਿਹਾਸਿਕ ਗ੍ਰੰਥਾਂ ਵਿੱਚ ਵੀ ਦਿਖਾਈ ਨਹੀਂ ਦਿੰਦਾ। ਸੋ, ਮਿਥਿਹਾਸਕ ਗ੍ਰੰਥਾਂ ਵਿੱਚ ਵਿਸ਼ਵਾਸ ਕਰਕੇ ਰੱਬ ਦੇ ਕਥਿਤ ਘਰਾਂ ਵਿੱਚ ਭਟਕਨ ਦੀ ਬਜਾਏ ਸਰਬਵਿਆਪਕ ਅਕਾਲ ਪੁਰਖ ਨੂੰ ਹਿਰਦੇ-ਘਰ ਵਿੱਚ ਹੀ ਖੋਜਣਾ ਲੋੜੀਏ। ਮਨ-ਮੰਦਿਰ ਅੰਦਰ ਕੀਤੀ ਪ੍ਰਭੂ-ਭਗਤੀ ਦੁਆਰਾ ਹੀ ਮਨ/ਆਤਮਾ ਦੇ ਰੋਗਾਂ ਤੋਂ ਮੁਕਤੀ ਪਾਈ ਜਾ ਸਕਦੀ ਹੈ।

ਗੁਰਮਤਿ ਦੇ ਉਕਤ ਵਿਚਾਰੇ ਸਿੱਧਾਂਤ ਅਨੁਸਾਰ ਅੱਜ ਦੇ ਗੁਰੂਦਵਾਰਿਆਂ ਅਤੇ ਮੰਦਿਰਾਂ ਵਿੱਚ ਕੋਈ ਖ਼ਾਸ ਫ਼ਰਕ ਨਜ਼ਰ ਨਹੀਂ ਆਉਂਦਾ! ਗੁਰੂ-ਕਾਲ ਦੀਆਂ ਧਰਮਸ਼ਾਲਾਵਾਂ ਅਤੇ ਮੰਦਿਰਾਂ ਵਿੱਚ ਵੱਡਾ ਫ਼ਰਕ ਇਹ ਸੀ ਕਿ ਜਿੱਥੇ ਮੰਦਿਰਾਂ ਅੰਦਰ ਭਾਂਤ ਭਾਂਤ ਦੀਆਂ ਮੂਰਤੀਆਂ ਸਥਾਪਤ ਸਨ/ਹਨ, ਉੱਥੇ ਗੁਰਮਤਿ ਨਾਲ ਸੰਬੰਧਿਤ ਧਰਮ-ਸ਼ਾਲਾਵਾਂ ਵਿੱਚ ਗਿਆਨ-ਗੁਰੂ ਦਾ ਪ੍ਰਕਾਸ਼ ਹੋਇਆ ਕਰਦਾ ਸੀ। ਅੱਜ ਦੇ ਗੁਰੂਦਵਾਰਿਆਂ ਵਿੱਚ ਗਿਆਨ-ਗੁਰੂ (ਗੁਰੂ ਗ੍ਰੰਥ) ਨੂੰ ਮੂਰਤੀ ਬਣਾ, ਉਸ ਦੇ ਦੈਵੀ ਪ੍ਰਕਾਸ਼ ਨੂੰ ਰੇਸ਼ਮੀ ਰੁਮਾਲਿਆਂ ਨਾਲ ਢਕ ਕੇ ਉਸ ਦੀ ਮੂਰਤੀਆਂ ਵਾਂਗ ਹੀ ਕਰਮਕਾਂਡੀ ਪੂਜਾ ਕੀਤੀ ਤੇ ਕਰਵਾਈ ਜਾ ਰਹੀ ਹੈ! ਜੋਤਾਂ ਜਗਾਈਆਂ ਜਾਂਦੀਆਂ ਹਨ, ਧੂਪਾਂ ਧੁਖਾਈਆਂ ਜਾਂਦੀਆਂ ਹਨ ਅਤੇ ਮਾਇਕ ਤੇ ਪਦਾਰਥਕ ਭੇਟਾਵਾਂ ਅਰਪਿਤ ਕੀਤੀਆਂ/ਕਰਵਾਈਆਂ ਜਾਂਦੀਆਂ ਹਨ……!

ਦੂਜਾ ਵੱਡਾ ਅੰਤਰ ਇਹ ਸੀ ਕਿ ਪ੍ਰਾਚੀਨ ਗ੍ਰੰਥਾਂ ਵਿੱਚ ਅਧਿਕਤਰ ਮਿਥਿਹਾਸ ਹੈ ਅਤੇ ਕਰਮਕਾਂਡ ਕਰਨ/ਕਰਵਾਉਣ ਦੀ ਹਦਾਇਤ ਵੀ ਹੈ; ਇਸ ਦੇ ਉਲਟ, ਗੁਰੂ ਗ੍ਰੰਥ ਵਿੱਚ ਮਿਥਿਹਾਸ ਦਾ ਪੂਰਨ ਅਭਾਵ ਹੈ ਅਤੇ ਕਰਮਕਾਂਡਾਂ ਦਾ ਪੁਰਜ਼ੋਰ ਖੰਡਨ ਹੈ। ਪਰੰਤੂ ਗੁਰੂ ਗ੍ਰੰਥ ਉੱਤੇ ਕਾਬਿਜ਼ ਮਾਇਆਧਾਰੀ ਪੁਜਾਰੀਆਂ ਅਤੇ ਮਲਿਕ ਭਾਗੋਆਂ ਨੇ ਬਾਣੀਕਾਰਾਂ ਦੇ ਮਾਨਵਵਾਦੀ ਫ਼ਲਸਫ਼ੇ ਅਤੇ ਗੁਰੂ-ਕਾਲ ਦੇ ਇਤਿਹਾਸ ਨੂੰ ਹਾਸੋਹੀਣੇ ਮਿਥਿਹਾਸ ਵਿੱਚ ਬਦਲ ਦਿੱਤਾ ਹੈ ਅਤੇ ਕਈ ਪ੍ਰਕਾਰ ਦੇ ਲੋਕਾਚਾਰੀ ਕਰਮਕਾਂਡ ਵੀ ਪ੍ਰਚੱਲਿਤ ਕਰ ਦਿੱਤੇ ਹਨ। ਦੇਸ ਦੇ ਲਗ ਪਗ ਸਾਰੇ ਗੁਰੂਦਵਾਰੇ ਅਤੇ ਉਨ੍ਹਾਂ ਵਿੱਚ ਪ੍ਰਚਾਰੇ ਜਾਣ ਵਾਲੇ ਪਵਿਤ੍ਰ ਤੇ ਮਾਨਵਵਾਦੀ ਗੁਰੁ-ਸਿੱਧਾਂਤ ਮਿਥਿਹਾਸਕ ਕਹਾਣੀਆਂ ਅਤੇ ਕਰਮਕਾਂਡਾਂ ਥੱਲੇ ਦੱਬੇ ਨਜ਼ਰ ਆਉਂਦੇ ਹਨ!

ਗੁਰਬਾਣੀ ਵਿੱਚ ਤੀਰਥ ਅਤੇ ਤੀਰਥ-ਯਾਤ੍ਰਾ ਦਾ ਵੀ ਖੰਡਨ ਹੈ। ਇਸ ਸਿੱਧਾਂਤ ਦੇ ਬਿਲਕੁਲ ਉਲਟ ਦੇਸ ਦਾ ਲਗ ਪਗ ਹਰ ਗੁਰੂਦਵਾਰਾ ਤੀਰਥ ਬਣਾ ਦਿੱਤਾ ਗਿਆ ਹੈ। ਗੁਰੂਦਵਾਰਿਆਂ ਨਾਲ ਬਣਾਏ ਤਾਲਾਬ (ਜਿਨ੍ਹਾਂ ਨੂੰ ਸਰੋਵਰ ਕਿਹਾ ਜਾਂਦਾ ਹੈ), ਬਾਉਲੀਆਂ, ਖੂਹੀਆਂ, ਝਰਣੇ ਤੇ ਚਬੱਚੇ ਆਦਿ ਦੇ ਪਾਣੀਆਂ ਨੂੰ ਅੰਮ੍ਰਿਤ ਦੱਸਦਿਆਂ ਤਰ੍ਹਾਂ ਤਰ੍ਹਾਂ ਦੇ ਦੁਨਿਆਵੀ ਲਾਲਚ ਦਿੱਤੇ ਜਾਂਦੇ ਹਨ; ਅਤੇ ਦੁਨਿਆਵੀ ਲਾਲਸਾਵਾਂ ਦੀ ਕੁੰਡੀ ਵਿੱਚ ਫਸ ਕੇ ‘ਤੀਰਥ-ਯਾਤ੍ਰਾ’ ਉੱਤੇ ਆਈ ਜਨਤਾ ਨੂੰ ਇਨ੍ਹਾਂ ਅਖੌਤੀ ਤੀਰਥ-ਸਥਾਨਾਂ ਉੱਤੇ ਲੁੱਟਿਆ ਜਾਂਦਾ ਹੈ। ਇਸ ਲੁੱਟ ਨਾਲ ਭੇਖੀ ਪੁਜਾਰੀ ਅਤੇ ਇਨ੍ਹਾਂ ਦੇ ਸਰਪ੍ਰਸਤ ਮਾਇਆ-ਧਾਰੀ ਦੰਭੀ ਪ੍ਰਬੰਧਕ ਤੇ ਭ੍ਰਸ਼ਟ ਨੇਤਾ (ਅੱਜ ਦੇ ਮਲਿਕ ਭਾਗੋ) ਜੋ ਅਯਾਸ਼ੀ ਕਰਦੇ ਹਨ, ਉਸ ਦੀਆਂ ਖ਼ਬਰਾਂ ਹਰ ਰੋਜ਼ ਮੀਡੀਏ ਵਿੱਚ ਆਉਂਦੀਆਂ ਹੀ ਰਹਿੰਦੀਆਂ ਹਨ!

ਗੁਰਿੰਦਰ ਸਿੰਘ ਪਾਲ

ਫ਼ਰਵਰੀ 21, 2016.




.