.

ਸੁਖਮਈ ਜੀਵਨ ਅਹਿਸਾਸ (ਭਾਗ-14)

(ਸੁਖਜੀਤ ਸਿੰਘ ਕਪੂਰਥਲਾ)

ਨੋਟ:- ਲੜੀ ਜੋੜਣ ਲਈ ਲੇਖ ਲੜੀ ਦੂਜੀ ਵਿੱਚ ਭਾਗ 1 ਤੋਂ 13 ਪੜੋ ਜੀ।

ਸੰਸਾਰ ਵਿੱਚ ਵਿਚਰਣ ਵਾਲਾ ਹਰ ਪ੍ਰਾਣੀ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਜ਼ਰੂਰ ਹੈ। ਐਸਾ ਹੋਣ ਦੇ ਕਾਰਣਾਂ ਵਲ ਝਾਤੀ ਮਾਰਦੇ ਹੋਇਆਂ ਸਵੈ-ਪੜਚੋਲ ਕਰਨ ਦੀ ਥਾਂ ਤੇ ਦੂਸਰਿਆਂ ਨੂੰ ਇਸ ਸਬੰਧੀ ਦੋਸ਼ੀ ਠਹਿਰਾ ਕੇ ਆਪ ਸੁਰਖਰੂ ਹੋਣ ਦੇ ਯਤਨ ਕਰਦਾ ਪ੍ਰਤੀਤ ਹੁੰਦਾ ਹੈ। ਪ੍ਰੰਤੂ ਗੁਰਬਾਣੀ ਸਾਨੂੰ ਗਿਆਨ ਦਿੰਦੀ ਹੈ ਕਿ ਸਾਨੂੰ ਆਪਣੇ ਕਰਮਾਂ ਵੱਲ ਵੇਖਣ ਦੀ ਲੋੜ ਹੈ, ਜਦੋਂ ਅਸੀਂ ਪ੍ਰਮੇਸ਼ਰ ਨੂੰ ਭੁੱਲ ਕੇ ਉਸਦੇ ਬਣਾਏ ਗਏ ਨਿਯਮਾਂ ਤੋਂ ਉਲਟ ਕਰਮ ਕਰਦੇ ਹਾਂ ਤਾਂ ਉਸ ਦਾ ਨਤੀਜਾ ਦੁੱਖ ਵਿੱਚ ਨਿਕਲਣਾ ਸੁਭਾਵਿਕ ਹੀ ਹੈ। ਜਿਹੜੇ ਦੁਨਿਆਵੀ ਪਦਾਰਥ ਪਹਿਲਾਂ ਸੁਖਦਾਈ ਭਾਸਦੇ ਸਨ, ਉਹੀ ਦੁੱਖ ਪੈਦਾ ਕਰਨ ਦੇ ਕਾਰਣ ਵਜੋਂ ਸਾਹਮਣੇ ਆਉਂਦੇ ਹਨ-

ਕਤਿਕਿ ਕਰਮ ਕਮਾਵਣੇ ਦੋਸੁ ਨ ਕਾਹੂ ਜੋਗੁ।।

ਪਰਮੇਸਰ ਤੇ ਭੁਲਿਆ ਵਿਆਪਨਿ ਸਭੇ ਰੋਗ।।

ਵੇਮੁਖ ਹੋਏ ਰਾਮ ਤੇ ਲਗਨਿ ਜਨਮ ਵਿਜੋਗ।।

ਖਿਨ ਮਹਿ ਕਉੜੇ ਹੋਇ ਗਏ ਜਿਤੜੇ ਮਾਇਆ ਭੋਗ।।

(ਬਾਰਹਮਾਹਾ ਮਾਝ ਮਹਲਾ ੫-੧੩੫)

ਅਜੋਕੇ ਸਮੇਂ ਦੌਰਾਨ ਅਸੀਂ ਸੁੱਖਾਂ ਦੀ ਭਾਲ ਵਾਲੇ ਅਸਲ ਮਾਰਗ ਉਪਰੋਂ ਭਟਕੇ ਹੋਏ ਹਾਂ। ਅਸੀਂ ਮਾਇਆ ਨਾਲ ਖਰੀਦੇ ਜਾ ਸਕਣ ਵਾਲੀਆਂ ਸਹੂਲਤਾਂ ਵਿਚੋਂ ਸੁੱਖ ਲੱਭਦੇ ਹਾਂ ਅਤੇ ਇਹ ਸਹੂਲਤਾਂ ਗਵਾਚਣ ਉਪਰ ਦੁਖੀ ਹੋ ਜਾਂਦੇ ਹਾਂ। ਜੇ ਐਸਾ ਹੋਣਾ ਠੀਕ ਮੰਨ ਲਿਆ ਜਾਵੇ-ਗਰੀਬ ਤਾਂ ਦੁਖੀ ਹੋਵੇ ਅਮੀਰ ਵੀ ਦੁਖੀ ਕਿਉਂ? ਦੁਨਿਆਵੀ ਧਨ ਕਮਾਉਣ ਵਿੱਚ ਦੁੱਖ, ਸੰਭਾਲਣ ਵਿੱਚ ਵੀ ਦੁੱਖ ਅਤੇ ਗਵਾਚਣ ਉਪਰ ਵੀ ਦੁੱਖ, ਭਾਵ ਹਰ ਪਾਸੇ ਦੁੱਖ ਹੀ ਦੁੱਖ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਾਮਲ ਬਾਣੀ ਗੁਰੂ ਰੂਪ ਅੰਦਰ ਦਰਜ ਭਗਤ ਸਾਹਿਬਾਨ ਬਾਹਰੀ ਤੌਰ ਤੇ ਇਹਨਾਂ ਮਾਇਆਵੀ ਸੁੱਖਾਂ ਤੋਂ ਲਗਭਗ ਵਾਂਝੇ ਸਨ, ਪੰਤੂ ਦੁਖੀ ਨਹੀਂ ਸਨ। ਮਾਇਆ ਨਾਲ ਵਧੀਆ ਐਨਕ, ਬਿਸਤਰਾ ਦਵਾਈਆਂ, ਕਿਤਾਬਾਂ ਆਦਿ ਤਾਂ ਖਰੀਦੀਆਂ ਜਾ ਸਕਦੀਆਂ ਹਨ ਪਰ ਅਸਲ ਸੁਖਦਾਇਕ ਨਜ਼ਰ, ਨੀਂਦਰ, ਅਰੋਗਤਾ ਵਿਦਿਆ ਆਦਿ ਨਹੀਂ ਖਰੀਦੀਆਂ ਜਾ ਸਕਦੀਆਂ।

ਕਾਫੀ ਸਮਾਂ ਪਹਿਲਾਂ ਦਾਸ ਨੇ ਇਸ ਵਿਸ਼ੇ ਉਪਰ ਅਖਬਾਰ ਅੰਦਰ ਛਪੀ ਇੱਕ ਮਿੰਨੀ ਕਹਾਣੀ ਪੜੀ, ਜਿਸ ਦਾ ਸਿਰਲੇਖ ਸੀ- ‘ਰੁੱਖੀ ਮਿੱਸੀ`। ਕਹਾਣੀਕਾਰ ਲਿਖਦਾ ਹੈ ਕਿ - ਮੈਂ ਆਪਣੇ ਇੱਕ ਗਰੀਬ ਦੋਸਤ ਦੇ ਘਰ ਗਿਆ ਤਾਂ ਉਹ ਆਪਣੀ ਗਰੀਬੀ ਦਾ ਰੋਣਾ ਰੋਂਦਾ ਹੈ ਕਿ ਆਮਦਨ ਘੱਟ ਅਤੇ ਅਤਿ ਦੀ ਮਹਿੰਗਾਈ ਕਾਰਣ ਖਰਚਾ ਵੱਧ ਹੋ ਜਾਣ ਕਾਰਣ ਮਸਾਂ ਰੁੱਖੀ ਮਿੱਸੀ ਖਾ ਕੇ ਹੀ ਗੁਜ਼ਾਰਾ ਕਰਨਾ ਪੈਂਦਾ ਹੈ। ਕਹਾਣੀਕਾਰ ਅੱਗੇ ਲਿਖਦਾ ਹੈ ਕਿ- ਮੈਂ ਰਸਤੇ ਵਿੱਚ ਇੱਕ ਅਮੀਰ ਦੋਸਤ ਦੇ ਘਰ ਰੁਕਿਆ। ਉਹ ਅਪਣੀ ਅਮੀਰੀ ਦਾ ਰੋਣਾ ਰੋਣ ਲੱਗ ਪਿਆ ਕਿ ਰੱਬ ਦਾ ਦਿਤਾ ਹੋਇਆ ਬਹੁਤ ਕੁੱਝ ਹੈ, ਪਰ ਕੀ ਕਰੀਏ ਡਾਕਟਰ ਕੁੱਝ ਖਾਣ ਹੀ ਨਹੀਂ ਦਿੰਦੇ ਮਸਾਂ ਰੁੱਖੀ ਮਿੱਸੀ ਖਾ ਕੇ ਹੀ ਗੁਜ਼ਾਰਾ ਕਰਨ ਪੈਂਦਾ ਹੈ।

ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਦੀ ਰੁਕਾਵਟ ਰੂਪ ਅੰਦਰ ਸਾਹਮਣੇ ਆੳ਼ੁਂਦੀ ਇਸ ਮਾਇਆ ਦੀ ਖਿੱਚ ਪ੍ਰਤੀ ਗੁਰਬਾਣੀ ਸਾਨੂੰ ਵਿਚਕਾਰਲਾ ਮਾਰਗ ਅਪਨਾਉਣ ਦੀ ਸਿਖਿਆ ਦਿੰਦੀ ਹੈ-

ਜਿਸੁ ਗ੍ਰਿਹਿ ਬਹੁਤੁ ਤਿਸੈ ਗ੍ਰਿਹ ਚਿੰਤਾ।।

ਜਿਸ ਗ੍ਰਿਹਿ ਥੋਰੀ ਸੁ ਫਿਰੈ ਭਰਮੰਤਾ।।

ਦੁਹੂ ਬਿਵਸਥਾ ਤੇ ਜੋ ਮੁਕਤਾ ਸੋਈ ਸੁਹੇਲਾ ਭਾਲੀਐ।।

(ਮਾਰੂ ਮਹਲਾ ੫-੧੦੧੯)

ਸੰਸਾਰਕ ਪੱਧਰ ਤੇ ਆਮ ਤੌਰ ਉਪਰ ਵੇਖਣ ਨੂੰ ਮਿਲਦਾ ਹੈ ਕਿ ਸਮਾਜ ਅੰਦਰ ਇੱਜ਼ਤ ਦਾ ਮਾਪਦੰਡ ਮਾਇਆ ਆਧਾਰਤ ਹੀ ਨਿਰਧਾਰਤ ਕੀਤਾ ਜਾਂਦਾ ਹੈ ਜਿਵੇਂ ਜਿਸ ਪੱਲੇ ਗਰੀਬੀ ਗੁਰਬਤ ਹੋਵੇ ਤਾਂ ਉਸ ਨੂੰ ‘ਪਰਸੂ` ਨਾਮ ਨਾਲ, ਥੋੜੀ ਮਾਇਆ ਆਉਣ ਤੇ ਉਹੀ ‘ਪਰਸਾ` ਅਤੇ ਮਾਇਆ ਦੀ ਬਹੁਤਾਤ ਹੋਣ ਤੇ ਉਹੀ ‘ਪਰਸ ਰਾਮ ਜੀ` ਇੱਜਤਦਾਰ ਬਣਦੇ ਅਕਸਰ ਵੇਖਣ ਨੂੰ ਮਿਲਦੇ ਹਨ। (ਮਾਇਆ ਤੇਰੇ ਤੀਨ ਨਾਮ-ਪਰਸੂ, ਪਰਸਾ, ਪਰਸ ਰਾਮ) ਇਸ ਸਬੰਧੀ ਗੁਰਬਾਣੀ ਅੰਦਰ ਵੀ ਸੇਧ ਮਿਲਦੀ ਹੈ-

-ਆਥਿ ਸੈਲ ਨੀਚ ਘਰ ਹੋਇ।। ਆਥਿ ਦੇਖਿ ਨਿਵੈ ਜਿਸੁ ਦੋਇ।।

ਆਥਿ ਹੋਇ ਤਾ ਮੁਗਧੁ ਸਿਆਨਾ।। ਭਗਤਿ ਬਿਹੂਨਾ ਜਗੁ ਬਉਰਾਨਾ।।

(ਰਾਮਕਲੀ ਮਹਲਾ ੧ ਓਅੰਕਾਰ-੯੩੧)

- ਨਿਰਧਨ ਆਦਰੁ ਕੋਈ ਨ ਦੇਇ।। ਲਾਖ ਜਤਨ ਕਰੈ ਓਹੁ ਚਿਤਿ ਨ ਧਰੇਇ।। ੧।। ਰਹਾਉ।।

ਜਉ ਨਿਰਧਨੁ ਸਰਧਨ ਕੈ ਜਾਇ।। ਅਗੇ ਬੈਠਾ ਪੀਠਿ ਫਿਰਾਇ।। ੧।।

ਜਉ ਸਰਧਨੁ ਨਿਰਧਨ ਕੈ ਜਾਇ।। ਦੀਆ ਆਦਰੁ ਲੀਆ ਬੁਲਾਇ।। ੨।।

(ਭੈਰਉ ਕਬੀਰ ਜੀ-੧੧੫੯)

ਗੁਰਮਤਿ ਅੰਦਰ ਜਿਥੇ ਮਾਇਆ ਨੂੰ- ਮਮਤਾ ਮੋਹਣੀ, ਨਾਗਨੀ, ਛਲ ਨਾਗਨਿ, ਮਾਇਆ ਛਲ, ਮੋਹ ਪਰੇਤੁ, ਮੋਹੁ ਅਗਿਆਨੁ, ਠਗਵਾਰੀ ਆਦਿ ਕਿਹਾ ਗਿਆ ਹੈ। ਉਸ ਦੇ ਨਾਲ-ਨਾਲ ਇਸ ਦੀ ਸਹੀ ਪ੍ਰੀਭਾਸ਼ਾ ਨੂੰ ਗੁਰਮਤਿ ਦਾਇਰੇ ਅੰਦਰ ਰਹਿ ਕੇ ਸਮਝਣ ਦੀ ਲੋੜ ਹੈ। ਸਿੱਖ ਧਰਮ ਅੰਦਰ ਮਾਇਆ ਦਾ ਤਿਆਗ ਨਹੀਂ ਸਗੋ ਮਾਇਆ ਦੇ ਲੋਭ ਨੂੰ ਤਿਆਗਣ ਦਾ ਸਿਧਾਂਤ ਦਰਸਾਇਆ ਗਿਆ ਹੈ। ਇਸ ਪੱਖ ਨੂੰ ਸਪਸ਼ਟ ਤੌਰ ਤੇ ਸਮਝਣ ਲਈ ਵਿਚਾਰਵਾਨਾਂ ਵਲੋਂ ਬਹੁਤ ਹੀ ਭਾਵਪੂਰਤ ਸੇਧ ਦਿਤੀ ਗਈ ਹੈ-

- ਰੁਪਏ ਪੈਸੇ ਦਾ ਨਾਉਂ ਮਾਇਆ ਨਹੀ, ਅਰ ਨਾ ਇਸ ਦਾ ਤਯਾਗ ਕਰ ਕੇ ਮਾਯਾ ਦਾ ਤਯਾਗੀ ਹੋ ਸਕਦਾ ਹੈ।

- ਗੁਰਮਤ ਵਿੱਚ ਧਨ ਦਾ ਤਯਾਗ ਨਿੰਦਿਤ ਹੈ, ਸਗੋਂ ਉੱਦਮ ਨਾਲ ਧਨ ਪੈਦਾ ਕਰਨ ਦਾ ਉਪਦੇਸ਼ ਹੈ, ਯਥਾ- ‘ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ।। ` (੫੨੨) ਪਰ ਧਨ ਨੂੰ ਆਪਣੇ ਜਨਮ ਦਾ ਮੁੱਖ ਉਦੇਸ਼ ਜਾਣਨਾ, ਜ਼ੁਲਮ ਅਤੇ ਪਾਪ ਨਾਲ ਧਨ ਕਮਾਉਣਾ, ਹੰਕਾਰ ਵਿੱਚ ਅੰਨ੍ਹਾ ਹੋ ਕੇ ਕਰਤਾਰ ਨੂੰ ਭੁਲਾ ਦੇਣਾ, ਸਿੱਖੀ ਨਿਯਮਾਂ ਤੋਂ ਵਿਰੁੱਧ ਹੈ।

(ਭਾਈ ਕਾਨ੍ਹ ਸਿੰਘ ਨਾਭਾ -ਗੁਰੁਮਤ ਮਾਰਤੰਡ ਪੰਨਾ ੭੬੬-੬੦੦)

- ਗੁਰਮਤ ਨੇ ਮਾਯਾ ਨੂੰ ਅਨਾਦੀ ਜਾਂ ਸੁਤੰਤਰ ਸ਼ਕਤੀ ਨਾ ਮੰਨਦਿਆਂ ਰੱਬ ਦੀ ਇੱਕ ਖੇਡ ਦਸਿਆ ਹੈ। ਮਾਯਾ ਰੱਬ ਦੇ ਹੁਕਮ ਵਿੱਚ ਹੋਣ ਕਰਕੇ ਉਸਦੇ ਅਧੀਨ ਹੈ। ਪਰ ਮਨੁੱਖ ਅਗਿਆਨਤਾ ਕਾਰਣ

ਚੇਰੀ ਕੀ ਸੇਵਾ ਕਰਹਿ ਠਾਕੁਰੁ ਨਹੀ ਦੀਸੈ।।

(ਗਉੜੀ ਮਹਲਾ ੧-੨੨੯)

ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ ਮਨੁੱਖ ਰੱਬ ਨੂੰ ਭੁੱਲ ਜਾਂਦਾ ਹੈ-

ਲਿਵ ਛੁੜਕੀ ਲਗੀ ਤ੍ਰਿਸਨਾ ਮਾਇਆ ਅਮਰ ਵਰਤਾਇਆ।।

ਏਹ ਮਾਇਆ ਜਿਤੁ ਹਰਿ ਵਿਸਰੈ ਮੋਹੁ ਉਪਜੈ ਭਾਉ ਦੂਜਾ ਲਾਇਆ।।

ਕਹੈ ਨਾਨਕੁ ਗੁਰ ਪਰਸਾਦੀ ਜਿਨਾ ਲਿਵ ਲਾਗੀ ਤਿਨੀ ਵਿਚੇ ਮਾਇਆ ਪਾਇਆ।।

(ਰਾਮਕਲੀ ਮਹਲਾ ੩ ਅਨੰਦ-੯੨੧)

ਇਸ ਹਾਲਤ ਵਿੱਚ ਮਾਯਾ ਨਾਗਣੀ ਹੈ, ਬਿਖ ਹੈ। ਪਰ ਇਹੀ ਮਾਇਆ ਅਕਾਲਪੁਰਖ ਦੀ ਸ਼ਕਤੀ ਵਜੋਂ ਸਹਾਇਤਾ ਵੀ ਕਰਦੀ ਹੈ। ਕਿਰਤ ਕਰਨੀ ਸਿੱਖੀ ਦਾ ਨਿਯਮ ਹੈ। ਮਾਯਾ ਦੇ ਅੰਬਾਰ ਇਕੱਠੇ ਕਰ ਲੈਣ ਵਾਲੇ ਨੂੰ ‘ਮਾਇਆਧਾਰੀ` ਕਹਿ ਕੇ ਨਿੰਦਿਆ ਹੈ। ਪਰ ਜੇ ਦੌਲਤ ਨੂੰ ਸਮਾਜ ਦੇ ਵਿਕਾਸ ਲਈ ਖਰਚ ਕੀਤਾ ਜਾਵੇ ਤਾਂ ਮਨੁੱਖ ਪਰਉਪਕਾਰੀ ਹੋ ਜਾਂਦਾ ਹੈ। ਸਿੱਖ ਨੇ ਦੌਲਤ ਕਮਾਉਣ ਨੂੰ ਨਿਸ਼ਾਨਾ ਨਹੀ ਬਨਾਉਣਾ। ਸਮਾਜਿਕ ਖੁਸ਼ਹਾਲੀ ਜਾਂ ਸਰਬੱਤ ਦੇ ਭਲੇ ਵਿਚੋਂ ਨਿੱਜੀ ਖੁਸ਼ਹਾਲੀ ਵੇਖਣੀ, ਸਿੱਖ ਚਰਿੱਤਰ ਦਾ ਲੱਛਣ ਹੈ।

(ਡਾ. ਗੁਰਸ਼ਰਨ ਜੀਤ ਸਿੰਘ- ਗੁਰਮਤ ਨਿਰਣਯ ਕੋਸ਼-ਪੰਨਾ ੧੫੨)

ਸਿੱਖ ਇਤਿਹਾਸ ਦੇ ਪੰਨਿਆਂ ਉਪਰ ਸਪਸ਼ਟ ਤੌਰ ਤੇ ਜ਼ਿਕਰ ਮਿਲਦਾ ਹੈ ਕਿ ਗੁਰੂ ਸਾਹਿਬਾਨ ਨੇ ਵੱਖ-ਵੱਖ ਇਲਾਕਿਆਂ ਵਿਚੋਂ ਸੰਗਤਾਂ ਪਾਸੋਂ ਦਸਵੰਧ ਦੀ ਮਾਇਆ ਇਕੱਤਰ ਕਰ ਕੇ ਗੁਰੂ ਘਰ ਪਹੁੰਚਾਉਣ ਲਈ ਯੋਗ ਮੁਖੀ ਸਿੱਖਾਂ ਨੂੰ ਮਸੰਦ ਦੀ ਪਦਵੀ ਤੇ ਨਿਯੁਕਤ ਕੀਤਾ ਗਿਆ ਸੀ। ਇਹੀ ਮਸੰਦ ਜਦੋਂ ਗੁਰੂ ਘਰ ਵਲੋਂ ਦਿਤੇ ਗਏ ਫਰਜ਼ਾਂ ਦੀ ਪੂਰਤੀ ਵਿੱਚ ਅਣਗਿਹਲੀ ਵਰਤਦੇ ਹੋਏ ਮਾਯਾ ਦੇ ਲੋਭ ਅਧੀਨ ਗੁਰੂ ਦਰਸਾਏ ਮਾਰਗ ਤੋਂ ਭਟਕ ਗਏ ਤਾਂ ਦਸਮ ਪਾਤਸ਼ਾਹ ਵਲੋਂ ਤੁਰੰਤ ਬਿਨਾ ਕਿਸੇ ਦੇਰੀ ਤੋਂ ਇਸ ਪ੍ਰਥਾ ਨੂੰ ਬੰਦ ਵੀ ਕਰ ਦਿਤਾ ਗਿਆ। ਗੁਰੂ ਘਰ ਅੰਦਰ ਤਾਂ- ‘ਔਰਤ ਈਮਾਨ, ਪੁੱਤਰ ਨਿਸ਼ਾਨ, ਦੌਲਤ ਗੁਜ਼ਰਾਨ` ਦਾ ਸਿਧਾਂਤ ਹੈ।

ਗੁਰਬਾਣੀ ਅੰਦਰ ਮਾਇਆ ਦੇ ਪ੍ਰਭਾਵ ਅਧੀਨ ਜੀਵਨ ਦੇ ਮਾਰਗ ਤੋਂ ਭਟਕੇ ਜੀਵ ਲਈ ਜਿਥੇ ‘ਮਾਇਆਧਾਰੀ ਅਤਿ ਅੰਨਾ ਬੋਲਾ` (੩੧੩) ਕਿਹਾ ਗਿਆ ਹੈ ਉਥੇ ਮਾਇਆ ਨੂੰ ‘ਗ੍ਰਿਹਿ ਸੋਭਾ` (੮੭੧) ਵੀ ਕਿਹਾ ਗਿਆ ਹੈ ਕਿਉਂਕਿ ਜਿਸ ਘਰ ਵਿੱਚ ਮਾਇਆ ਰੂਪੀ ਸ਼ੋਭਾ ਨਹੀਂ ਹੋਵੇਗੀ, ਉਸ ਘਰ ਵਿੱਚ ਆਸ ਲੈ ਕੇ ਆਇਆ ਲੋੜਵੰਦ ਵੀ ਭੁੱਖਾ ਹੀ ਵਾਪਸ ਚਲਾ ਜਾਵੇਗਾ।

ਭਗਰ ਕਬੀਰ ਜੀ ਨੇ ਬਹੁਤ ਹੀ ਸੁੰਦਰ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਇਹ ਮਾਇਆ ਸਦ ਸੁਹਾਗਣ ਹੀ ਰਹਿੰਦੀ ਹੈ ਕਿਉਂਕਿ ਜਦੋਂ ਮਾਇਆ ਦਾ ਪਹਿਲਾ ਮਾਲਕ/ ਪਤੀ ਸਰੀਰ ਤਿਆਗ ਜਾਂਦਾ ਹੈ ਤਾਂ ਇਸ ਦੇ ਹੋਰ ਨਵੇਂ ਖਸਮ ਬਣ ਜਾਂਦੇ ਹਨ, ਫਿਰ ਇਹ ਮਾਇਆ ਆਪਣੇ ਦੂਜੇ ਨਵੇਂ ਖਸਮ ਦਾ ਵੀ ਸ਼ਿਕਾਰ ਕਰਕੇ ਹੋਰ ਨਵਾਂ ਖਸਮ ਬਣਾ ਲੈਂਦੀ ਹੈ, ਇਹ ਮਾਇਆ ਹਮੇਸ਼ਾ ਹੀ ਸੋਹਾਗਣ ਬਣ ਕੇ ਸੰਸਾਰ ਨੂੰ ਪਿਆਰੀ ਲਗਦੀ ਰਹਿੰਦੀ ਹੈ। ਪਰ ਗੁਰਮੁਖ ਜਨ ਇਸ ਦੇ ਜਹਿਰੀਲੇ ਨੱਕ, ਕੰਨ ਆਦਿ ਕੱਟਕੇ ਟੋਟੇ-ਟੋਟੇ ਕਰਕੇ ਚਰਨਾਂ ਦੀ ਦਾਸੀ ਬਣਾ ਕੇ ਰੱਖਦੇ ਹਨ-

-ਖਸਮ ਮਰੈ ਤਉ ਨਾਰਿ ਨ ਰੋਵੈ।। ਉਸ ਰਖਵਾਰਾ ਅਉਰੋ ਹੋਵੈ।।

ਰਖਵਾਰੈ ਕਾ ਹੋਇ ਬਿਨਾਸ।। ਆਗੈ ਨਰਕੁ ਈਹਾ ਭੋਗ ਬਿਲਾਸ।। ੧।।

ਏਕ ਸੁਹਾਗਨਿ ਜਗਤ ਪਿਆਰੀ।। ਸਗਲੇ ਜੀਅ ਜੰਤ ਕੀ ਨਾਰੀ।। ੧।। ਰਹਾਉ।।

(ਗੌਂਡ ਕਬੀਰ ਜੀ- ੮੭੧)

- ਨਾਕਹੁ ਕਾਟੀ ਕਾਨਹੁ ਕਾਟੀ ਕਾਟਿ ਕੂਟਿ ਕੈ ਡਾਰੀ।।

ਕਹੁ ਕਬੀਰ ਸੰਤਨ ਕੀ ਬੈਰਨਿ ਤੀਨਿ ਲੋਕ ਕੀ ਪਿਆਰੀ।।

(ਆਸਾ ਕਬੀਰ ਜੀ-੪੭੬)

ਸੰਸਾਰ ਅੰਦਰ ਵਿਚਰਦਿਆਂ ਹਮੇਸ਼ਾ ‘ਸੁਖਮਈ ਜੀਵਨ ਅਹਿਸਾਸ` ਬਣਿਆ ਰਹੇ ਇਸ ਲਈ ਸਾਨੂੰ ਦੁਨਿਆਵੀ ਮਾਇਆ ਦੀ ਦੌੜ ਤੋਂ ਬਚਦੇ ਹੋਏ ਗੁਰਬਾਣੀ-ਇਤਿਹਾਸ ਰਾਹੀਂ ਦਰਸਾਏ ਗਏ ਮਾਰਗ ਦਰਸ਼ਨ ਅਨੁਸਾਰ ਚੱਲਣ ਦੀ ਜ਼ਰੂਰਤ ਹੈ-

- ਇਸ ਜਰ ਕਾਰਣਿ ਘਣੀ ਵਿਗੁਤੀ ਇਨਿ ਜਰ ਘਣੀ ਖੁਆਈ।।

ਪਾਪਾ ਬਾਝਹੁ ਹੋਵੈ ਨਾਹੀ ਮੁਇਆ ਸਾਥਿ ਨ ਜਾਈ।।

(ਆਸਾ ਮਹਲਾ ੧-੪੧੭)

- ਧਾਇ ਧਾਇ ਕ੍ਰਿਪਨ ਸ੍ਰਮ ਕੀਨੋ ਇਕਤ੍ਰ ਕਰੀ ਹੈ ਮਾਇਆ।।

ਦਾਨੁ ਪੁੰਨੁ ਨਹੀ ਸੰਤਨ ਸੇਵਾ ਕਿਤ ਹੀ ਕਾਜਿ ਨ ਆਇਆ।।

(ਟੋਡੀ ਮਹਲਾ ੫-੭੧੨)

-ਬਾਬਾ ਮਾਇਆ ਸਾਥਿ ਨ ਹੋਇ।।

ਇਨਿ ਮਾਇਆ ਜਗ ਮੋਹਿਆ ਵਿਰਲਾ ਬੂਝੈ ਕੋਇ।।

(ਸੋਰਠਿ ਮਹਲਾ ੧- ੫੯੫)

-ਸੰਗਿ ਨ ਚਾਲਸਿ ਤੇਰੈ ਧਨਾ।। ਤੂ ਕਿਆ ਲਪਟਾਵਹਿ ਮੂਰਖ ਮਨਾ।।

(ਗਉੜੀ ਸੁਖਮਨੀ ਮਹਲਾ ੫-੨੮੮)

- ਕਰਿ ਅਨਰਥ ਦਰਬੁ ਸੰਚਿਆ ਸੋ ਕਾਰਜਿ ਕੇਤੁ।।

(ਵਾਰ ਜੈਤਸਰੀ-ਮਹਲਾ ੫-੭੦੬)

-ਕਰਿ ਕਰਿ ਪਾਪੁ ਦਰਬੁ ਕੀਆ ਵਰਤਣ ਕੈ ਤਾਈ।।

ਮਾਟੀ ਸਿਉ ਮਾਟੀ ਰਲੀ ਨਾਗਾ ਉਠਿ ਜਾਈ।।

(ਬਿਲਾਵਲ ਮਹਲਾ ੫-੮੦੯)

- ਲੈਦਾ ਬਦ ਦੁਆਇ ਤੂੰ ਮਾਇਆ ਕਰਹਿ ਇਕਤ।।

ਜਿਸਨੋ ਤੂੰ ਪਤੀਆਇਦਾ ਸੋ ਸਣੁ ਤੁਝੈ ਅਨਿਤ।।

(ਸਿਰੀ ਰਾਗੁ ਮਹਲਾ ੫-੪੨)

ਉਪਰੋਕਤ ਸਾਰੀ ਵਿਚਾਰ ਤੋਂ ਸਪਸ਼ਟ ਹੈ ਕਿ ਯੋਗ ਤਰੀਕੇ ਨਾਲ ਬਿਨਾਂ ਕਿਸੇ ਦਾ ਹੱਕ ਮਾਰੇ ਸੱਚੀ ਸੁੱਚੀ ਮਿਹਨਤ ਨਾਲ ਧਨ- ਮਾਇਆ ਕਮਾਉਣ ਤੋਂ ਗੁਰਮਤਿ ਮਨ੍ਹਾ ਨਹੀਂ ਕਰਦੀ ਹੈ ਸਗੋਂ ‘ਘਾਲਿ ਖਾਇ ਕਿਛੁ ਹਥਹੁ ਦੇਇ।। ਨਾਨਕ ਰਾਹੁ ਪਛਾਣਹਿ ਸੇਇ।। ` (੧੨੪੫) ਦਾ ਸਹੀ ਮਾਰਗ ਦੱਸਦੀ ਹੈ। ਜਿਹੜੇ ਗੁਰਸਿੱਖ ਗੁਰੂ ਦਰਸਾਈ ਜੀਵਨ ਜੁਗਤਿ ਕੇ ਅਨੁਸਾਰੀ ਬਣ ਜਾਂਦੇ ਹਨ, ਉਹਨਾਂ ਦੁਆਰਾ, ਮਾਇਆ ਰਾਹੀਂ ਪੈਦਾ ਕੀਤੇ ਸਾਰੇ ਸੁੱਖ ਸਾਧਨ ਵੀ ਪਵਿੱਤਰ ਹੀ ਗਿਣੇ ਜਾਂਦੇ ਹਨ ਕਿਉਂਕਿ ਉਹ ਫਿਰ ਜੋ ਵੀ ਕਰਦੇ ਹਨ, ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਰਹਿ ਕੇ ਹੀ ਕਰਦੇ ਹਨ, ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿ ਕੇ ਖੰਭ ਪਾਣੀ ਨਾਲ ਭਿੱਜਣ ਨਹੀਂ ਦਿੰਦੀ, ਕਮਲ ਦਾ ਫੁੱਲ ਚਿੱਕੜ ਵਿੱਚ ਪੈਦਾ ਹੋ ਕੇ ਉਥੋਂ ਹੀ ਖੁਰਾਕ ਲੈ ਕੇ ਆਪਣੇ ਆਪ ਨੂੰ ਚਿੱਕੜ ਦੀ ਗੰਦਗੀ ਤੋਂ ਉਪਰ ਰੱਖਦਾ ਹੈ। ਗੁਰਮੁਖ ਜਨ ਦੁਨਿਆਵੀ ਮਾਇਆ ਨਾਲ ਖਰੀਦ ਕੇ ਪੈਦਾ ਕੀਤੀਆਂ ਸੁੱਖ ਸਹੂਲਤਾਂ ਨੂੰ ਮਾਣਦੇ ਹੋਏ ਸਦੀਵੀ ਤੌਰ ਤੇ ‘ਸੁਖਮਈ ਜੀਵਨ ਅਹਿਸਾਸ` ਦੇ ਧਾਰਨੀ ਬਣੇ ਰਹਿੰਦੇ ਹਨ-

- ਤਿਨ ਕਾ ਖਾਧਾ ਪੈਧਾ ਮਾਇਆ ਸਭੁ ਪਵਿਤੁ ਹੈ ਜੋ ਨਾਮਿ ਹਰਿ ਰਾਤੇ।।

ਤਿਨ ਕੇ ਘਰ ਮੰਦਰ ਮਹਲ ਸਰਾਈ ਸਭਿ ਪਵਿਤੁ ਹਹਿ

ਜਿਨੀ ਗੁਰਮੁਖਿ ਸੇਵਕ ਸਿਖ ਅਭਿਆਗਤ ਜਾਇ ਵਰਸਾਤੇ।।

ਤਿਨ ਕੇ ਤੁਰੇ ਜੀਨ ਖੁਰਗੀਰ ਸਭਿ ਪਵਿਤੁ ਹਹਿ

ਜਿਨੀ ਗੁਰਮੁਖਿ ਸਿਖ ਸਾਧ ਸੰਤ ਚੜਿ ਜਾਤੇ।।

ਤਿਨ ਕੇ ਕਰਮ ਧਰਮ ਕਾਰਜ ਸਭਿ ਪਵਿਤੁ ਹਹਿ

ਜੋ ਬੋਲਹਿ ਹਰਿ ਹਰਿ ਰਾਮ ਨਾਮੁ ਹਰਿ ਸਾਤੇ।।

(ਵਾਰ ਸੋਰਠਿ-ਮਹਲਾ ੪-੬੪੮)

-ਨਾਨਕ ਹਰਿ ਨਾਮੁ ਜਿਨੀ ਆਰਾਧਿਆ ਅਨਦਿਨੁ ਹਰਿ ਲਿਵ ਤਾਰ।।

ਮਾਇਆ ਬੰਦੀ ਖਸਮ ਕੀ ਤਿਨ ਅਗੇ ਕਮਾਵੈ ਕਾਰ।।

(ਵਾਰ ਸਿਰੀ ਰਾਗੁ- ਮਹਲਾ ੩-੯੦)

=========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.