.

ਪੰਥ ਗੁਰੂ ਅਤੇ ਗ੍ਰੰਥ ਗੁਰੂ

ਹਾਕਮ ਸਿੰਘ

ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਿੱਖ ਧਾਰਮਕ ਜੀਵਨ ਦਾ ਆਧਾਰ ਹੈ। ਇਸ ਲਈ ਸਿੱਖ ਧਰਮ ਦੇ ਹਰ ਅਨੁਯਾਈ ਨੂੰ ਗੁਰਬਾਣੀ ਦੇ ਮੂਲ ਉਪਦੇਸ਼ ਦੀ ਜਾਂ ਮਹੱਤਵਪੂਰਨ ਸੰਕਲਪਾਂ ਦੀ ਸਮਝ ਹੋਣੀ ਚਾਹੀਦੀ ਹੈ ਤਾਂ ਜੋ ਗੁਰਬਾਣੀ ਉਪਦੇਸ਼ ਦੀ ਪਾਲਣਾ ਕਰਨ ਵਿਚ ਕੋਈ ਭੁੱਲ ਨਾ ਹੋਵੇ। ਗੁਰਬਾਣੀ ਨੂੰ ਸਮਝਣ ਲਈ ਵੀ ਉਸ ਵਿਚ ਆਏ ਸੰਕਲਪਾਂ ਬਾਰੇ ਸਪੱਸ਼ਟਤਾ ਹੋਣੀ ਬਹੁਤ ਜ਼ਰੂਰੀ ਹੈ। ਗੁਰਬਾਣੀ ਦੇ ਸੰਕਲਪ ਗੁਰਬਾਣੀ ਵਿਚ ਹੀ ਪਰਿਭਾਸ਼ਿਤ ਕੀਤੇ ਗਏ ਹਨ। ਵੇਖਣ ਵਿਚ ਆਇਆ ਹੈ ਕਿ ਗੁਰਬਾਣੀ ਦੇ ਕਈ ਮਹੱਤਵਪੂਰਨ ਸੰਕਲਪਾਂ ਨੂੰ ਸੂਝ ਦੀ ਘਾਟ ਕਾਰਨ ਜਾਂ ਜਾਣ ਬੁਝ ਕੇ ਗੁਰਬਾਣੀ ਉਪਦੇਸ਼ ਦੇ ਉਲਟ ਪ੍ਰਚਾਰਿਆ ਅਤੇ ਵਰਤਿਆ ਜਾਂਦਾ ਹੈ। ਇਸ ਪੱਖੋਂ ਗੁਰਬਾਣੀ ਦੇ ਤਿੰਨ ਸੰਕਲਪਾਂ: ਪੰਥ, ਗ੍ਰੰਥ ਅਤੇ ਗੁਰੂ ਨੂੰ ਵਿਚਾਰਨ ਦਾ ਯਤਨ ਕਰਦੇ ਹਾਂ।
ਪੰਥ: ਸਿੱਖ ਜਗਤ ਵਿਚ ਪੰਥ ਸ਼ਬਦ ਆਮ ਹੀ ਵਰਤਿਆ ਜਾਂਦਾ ਹੈ। ਸਿੱਖ ਧਾਰਮਕ ਵਿਚਾਰਧਾਰਾ ਦੇ ਅਨੁਯਾਈਆਂ ਦੇ ਸਮੂਹ ਜਾਂ ਸੰਗਠਨ ਨੂੰ ਪੰਥ ਦਾ ਨਾਂ ਦਿੱਤਾ ਗਿਆ ਹੈ ਅਤੇ ਫਿਰ ਉਸ ਸਮੂਹ ਨੂੰ ਇਕ ਸੰਗਠਿਤ ਸਖਸ਼ੀਅਤ
(corporate personality) ਮੰਨ ਕੇ ਗੁਰੂ ਪਦਵੀ ਦਾ ਹੱਕਦਾਰ ਸਮਝ ਲਿਆ ਗਿਆ ਹੈ। ਉਸ ਨੂੰ ਖਾਲਸਾ ਪੰਥ ਜਾਂ ਸਿੱਖ ਪੰਥ ਆਖਿਆ ਜਾਂਦਾ ਹੈ ਅਤੇ ਉਸ ਲਈ ਗੁਰੂ ਪੰਥ ਅਤੇ ਪੰਥ ਗੁਰੂ ਸ਼ਬਦ ਜੋੜ ਵੀ ਵਰਤੇ ਜਾਂਦੇ ਹਨ। ਕਈ ਵਿਦਵਾਨਾਂ ਨੇ ਗੁਰੂ ਗ੍ਰੰਥ ਪੰਥ ਸ਼ਬਦ ਜੋੜ ਵੀ ਵਰਤਿਆ ਹੈ। ਪਰ ਗੁਰਬਾਣੀ ਵਿਚ ਪੰਥ ਕਿਸੇ ਸਮਾਜ ਸਮੂਹ ਜਾਂ ਸੰਗਠਨ ਲਈ ਨਹੀਂ ਵਰਤਿਆ ਗਿਆ ਹੈ। ਗੁਰਬਾਣੀ ਵਿਚ ਪੰਥ ਅਧਿਆਤਮਿਕ ਮਾਰਗ ਦਾ ਵਰਨਣ ਕਰਦਾ ਹੈ। ਖਾਲਸਾ ਪੰਥ ਅਤੇ ਗੁਰਬਾਣੀ ਦਾ ਪੰਥ ਦੋ ਵਖਰੇ ਅਤੇ ਵਿਪਰੀਤ ਸੰਕਲਪ ਹਨ। ਖਾਲਸਾ ਜਾਂ ਸਿੱਖ ਪੰਥ ਤਿੰਨ ਧਾਰਨਾਵਾਂ ਦੇ ਮਿਸ਼ਰਣ ਦੀ ਉਪਜ ਹੈ ਅਤੇ ਇਹ ਤਿੰਨੋਂ ਧਾਰਨਾਵਾਂ ਅਧਿਆਤਮਿਕ ਮਾਰਗ ਦੇ ਵਿਪਰੀਤ ਹਨ। ਉਹ ਤਿੰਨ ਧਾਰਨਾਵਾਂ ਹਨ: ਇਕ ਵਿਸ਼ੇਸ਼ ਸਮਾਜ ਸਮੂਹ ਜਾਂ ਸੰਗਠਨ ਜੋ ਗੁਰਮਤਿ ਦਾ ਧਾਰਨੀ ਹੈ ਅਤੇ ਗੁਰੂ ਦੇ ਗੁਣਾਂ ਦਾ ਅਧਿਕਾਰੀ ਹੈ।
ਪੰਥ ਦੀ ਪਰਿਭਾਸ਼ਾ ਸਿੱਖ ਜਗਤ ਵਿਚ ਪੰਥ ਸ਼ਬਦ ਦੇ ਅਰਥਾਂ ਵਿਚ ਹੋਏ ਪਰੀਵਰਤਨ ਨੂੰ ਵਿਚਾਰਨ ਤੋਂ ਪਹਿਲੋਂ ਗੁਰਬਾਣੀ ਵਿਚ ਪੰਥ ਦੀ ਪਰਿਭਾਸ਼ਾ ਬਾਰੇ ਸਪਸ਼ਟ ਹੋਣਾ ਜ਼ਰੂਰੀ ਹੈ। ਗੁਰਬਾਣੀ ਵਿਚ ਪੰਥ ਮਾਰਗ, ਰਾਹ ਜਾਂ ਰਸਤੇ ਲਈ ਹੀ ਵਰਤਿਆ ਗਿਆ ਹੈ। ਇਸ ਦੀ ਵਰਤੋਂ ਸਮਾਜ ਸਮੂਹ ਜਾਂ ਸੰਗਠਨ ਲਈ ਨਹੀਂ ਕੀਤੀ ਗਈ ਹੈ। ਪੰਥ ਤੇ ਚਲਣ ਵਾਲੇ ਵਿਅਕਤੀਆਂ ਨੂੰ ਗੁਰਬਾਣੀ ਵਿਚ ਪੰਥੀ ਆਖਿਆ ਗਿਆ ਹੈ। ਕਬੀਰ ਜੀ ਦਾ ਕਥਨ ਹੈ: ''ਕਬੀਰ ਰੋੜਾ ਹੂਆ ਤੋ ਕਿਆ ਭਇਆ ਪੰਥੀ ਕਉ ਦੁਖੁ ਦੇਇ॥ ਐਸਾ ਤੇਰਾ ਦਾਸੁ ਹੈ ਜਿਊ ਧਰਨੀ ਮਹਿ ਖੇਹ॥'' (ਪੰ: 1372)। ਪੰਥ ਬਾਰੇ ਗੁਰਬਾਣੀ ਦੇ ਕੁੱਝ ਕਥਨ ਹਨ: ''ਨਾਇ ਮੰਨਿਐ ਪੰਥੁ ਪਰਗਟਾ ਨਾਮੇ ਸਭ ਲੋਈ॥'' (ਪੰ: 1241); ''ਸਾਹਿਬੁ ਸਮਾਲਿਹ ਪੰਥੁ ਨਿਹਾਲਿਹ ਅਸਾ ਭੀ ਓਥੈ ਜਾਣਾ॥ ਜਿਸ ਕਾ ਕੀਆ ਤਿਨ ਹੀ ਲੀਆ ਹੋਆ ਤਿਸੈ ਕਾ ਭਾਣਾ॥'' (ਪੰ: 579); ''ਪੰਥੁ ਨਿਹਾਰੈ ਕਾਮਨੀ ਲੋਚਨ ਭਰੀਲੇ ਉਸਾਸਾ॥ ਉਰ ਨ ਭੀਜੈ ਪਗੁ ਨ ਖਿਸੈ ਹਰਿ ਦਰਸਨ ਕੀ ਆਸਾ'' (337-8); ''ਮਰਣੁ ਨ ਮੰਦਾ ਲੋਕਾ ਆਖੀਐ ਜੇ ਮਰਿ ਜਾਣੈ ਐਸਾ ਕੋਇ॥ ਸੇਵਿਹੁ ਸਾਹਿਬੁ ਸੰਮ੍ਰਥੁ ਆਪਣਾ ਪੰਥੁ ਸੁਹੇਲਾ ਆਗੈ ਹੋਇ॥'' (ਪੰ: 579) ਅਤੇ ''ਖਿਨੁ ਨਾਹਿ ਟਰੀਐ ਪ੍ਰੀਤਿ ਹਰੀਐ ਸੀਗਾਰ ਹਭਿ ਰਸ ਅਰਪੀਐ॥ ਜਹ ਦੂਖੁ ਸੁਣੀਐ ਜਮ ਪੰਥੁ ਭਣੀਐ ਤਹ ਸਾਧ ਸੰਗਿ ਨ ਡਰਪੀਐ॥'' (ਪੰ: 454)। ਗੁਰਬਾਣੀ ਵਿਚ ਮਾਰਗ ਅਤੇ ਪੰਥ, ਜਿਨ੍ਹਾਂ ਦਾ ਇਕੋ ਅਰਥ ਹੈ, ਇਕਿੱਠੇ ਵੀ ਵਰਤੇ ਗਏ ਹਨ, ਜਿਵੇਂ: ''ਮੁੰਧ ਨੈਣ ਭਰੇਦੀ ਗੁਣ ਸਾਰੇਦੀ ਕਿਉੇ ਪ੍ਰਭ ਮਿਲੈ ਪਿਆਰੇ॥ ਮਾਰਗੁ ਪੰਥੁ ਨ ਜਾਣਉ ਵਿਖੜਾ ਕਿਉ ਪਾਈਐ ਪਿਰੁ ਪਾਰੇ॥ (ਪੰ: 1111); ''ਮਾਰਗਿ ਪੰਥਿ ਚਲੇ ਗੁਰ ਸਤਿਗੁਰ ਸੰਗਿ ਸਿਖਾ'' (ਪੰ: 1116) ਅਤੇ ''ਮੰਨੈ ਮਗੁ ਨ ਚਲੈ ਪੰਥੁ॥ ਮੰਨੈ ਧਰਮ ਸੇਤੀ ਸਨਬੰਧੁ'' (ਪੰ: 3)। ਗੁਰਬਾਣੀ ਵਿਚ ਪੰਥ ਜ਼ਿਆਦਾ ਤਰ ਅਧਿਆਤਮਿਕ ਮਾਰਗ ਲਈ ਵਰਤਿਆ ਗਿਆ ਹੈ ਕਿਸੇ ਸੰਸਾਰਕ ਇਕਾਈ ਜਾਂ ਸਮਾਜਕ ਜੀਵਨ ਦੇ ਢੰਗ ਲਈ ਨਹੀਂ। ਪ੍ਰਭੂ ਮਿਲਾਪ ਦਾ ਅਧਿਆਤਮਿਕ ਮਾਰਗ ਸੰਸਾਰਕ ਪ੍ਰਾਪਤੀ ਦੀ ਵਿਧੀ ਨਹੀਂ ਹੈ। ਇਸ ਮਾਰਗ ਦੇ ਪਾਂਧੀਆਂ ਦੇ ਸਮੂਹ ਨੂੰ ਗੁਰਬਾਣੀ ਸੰਗਤ ਦਾ ਨਾਂ ਦਿੰਦੀ ਹੈ: ''ਸਤ ਸੰਗਤਿ ਕੈਸੀ ਜਾਣੀਐ॥ ਜਿਥੈ ਏਕੋ ਨਾਮੁ ਵਖਾਣੀਐ'' (ਪੰ: 72) ਅਤੇ ''ਸਤਸੰਗਤਿ ਮੇਲਾਪੁ ਜਿਥੈ ਹਰਿ ਗੁਣ ਸਦਾ ਵਖਾਣੀਐ॥'' (ਪੰ: 1280)। ਸੰਗਤ ਸਾਧਾਰਣ ਸਮਾਜ ਸਮੂਹ ਨਹੀਂ ਹੁੰਦੀ ਗੁਰਬਾਣੀ ਅਨੁਸਾਰ ਉਹ ਸਾਧਾਂ ਅਤੇ ਸੰਤਾਂ ਦਾ ਪ੍ਰਭੂ ਦੇ ਨਾਮ ਸਿਮਰਨ ਵਿਚ ਜੁੜਿਆ ਇਕੱਠ ਹੁੰਦਾ ਹੈ ਸੰਸਾਰਕ ਧੰਦਿਆਂ, ਰਾਜਸੀ ਆਕਾਸ਼ਾਵਾਂ ਅਤੇ ਵਿਵਾਦਾਂ ਵਿਚ ਸਫਲਤਾਵਾਂ ਲਈ ਯਤਨਸ਼ੀਲ ਸੰਗਠਨ ਨਹੀਂ। ਸੰਗਤ ਅਧਿਆਤਮਿਕ ਅਸਤਿਤਵ ਹੁੰਦੀ ਹੈ ਸੰਸਾਰਕ ਇਕਾਈ ਨਹੀਂ।
ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਗਿਆਨ ਨਾਲ ਸਬੰਧਿਤ ਲਿਖਤਾਂ ਵਿਚ ਪਰਿਭਾਸ਼ਿਕ ਸ਼ਬਦਾਵਲੀ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਜੋ ਕੋਈ ਭੁਲੇਖਾ ਨਾ ਪਵੇ ਅਤੇ ਸ਼ਬਦਾਂ ਦੇ ਅਰਥਾਂ ਨੂੰ ਬਦਲਣ ਦੀ ਸੰਭਾਵਨਾ ਨਾ ਰਹੇ। ਪਰ ਸਰਬ ਲੋਹ ਗ੍ਰੰਥ, ਰਹਿਤਨਾਮਿਆਂ ਅਤੇ ਗੁਰਬਿਲਾਸ ਪਾਤਸ਼ਾਹੀ ੧੦ ਵਿਚ ਖਾਲਸੇ ਦੇ ਸਮਾਜਕ ਸਮੂਹ ਨੂੰ ਪੰਥ ਗਰਦਾਨ ਕੇ ਅਧਿਆਤਮਿਕ ਮਾਰਗ ਦਾ ਪਾਂਧੀ ਹੋਣ ਦਾ ਭਰਮ ਪਾਇਆ ਗਿਆ ਹੈ। ਖੰਡੇ ਦੀ ਪਾਹੁਲ ਛਕਣ ਨਾਲ ਕੋਈ ਵਿਅਕਤੀ ਗੁਰਬਾਣੀ ਦੇ ਅਧਿਆਤਮਿਕ ਮਾਰਗ ਦਾ ਪਾਂਧੀ ਨਹੀਂ ਬਣ ਜਾਂਦਾ ਅਤੇ ਨਾ ਹੀ ਕਿਸੇ ਸਮਾਜ ਸਮੂਹ ਨਾਲ ਪੰਥ ਸ਼ਬਦ ਜੋੜਨ ਨਾਲ ਉਹ ਗੁਰੂ ਪੰਥ ਬਣ ਜਾਂਦਾ ਹੈ।
ਗੁਰਬਾਣੀ ਕਿਸੇ ਵੀ ਸਮਾਜ ਸਮੂਹ ਜਾਂ ਸੰਗਠਨ ਨੂੰ ਅਧਿਆਤਮਿਕ ਪੰਥ ਆਖਣ ਦੀ ਆਗਿਆ ਨਹੀਂ ਦਿੰਦੀ ਕਿਉਂਕਿ ਗੁਰਬਾਣੀ ਅਨੁਸਾਰ ਸਮਾਜ ਅਤੇ ਅਧਿਆਤਮਿਕ ਜੀਵਨ ਦੋ ਵਖਰੀਆਂ ਅਤੇ ਕਈ ਪੱਖਾਂ ਤੋਂ ਵਿਰੋਧੀ ਧਰਾਤਲਾਂ ਤੇ ਵਿਚਰਦੇ ਹਨ। ਗੁਰਬਾਣੀ ਸੰਸਾਰ ਨੂੰ, ਜਿਸ ਦਾ ਸਮਾਜ ਭਾਗ ਹੁੰਦਾ ਹੈ, ਮਾਇਆ ਦੇ ਵਿਆਪਕ ਪ੍ਰਭਾਵ ਕਾਰਨ ਅਧਿਆਤਮਿਕ ਪੰਥ ਦਾ ਵਿਰੋਧੀ ਦੱਸਦੀ ਹੈ।''ਇਹੁ ਸੰਸਾਰੁ ਤੇ ਤਬ ਹੀ ਛੂਟਉ ਜਉ ਮਾਇਆ ਨਹ ਲਪਟਾਵਉ॥ ਮਾਇਆ ਨਾਮੁ ਗਰਭ ਜੋਨਿ ਕਾ ਤਿਹ ਤਜਿ ਦਰਸਨੁ ਪਾਵਉ॥'' (ਪੰ: 693)। ਸੰਸਾਰ ਵਿਚ ਮਾਇਆ ਪ੍ਰਭੂ ਨੇ ਆਪ ਪਾਈ ਹੈ: ''ਮਾਇਆ ਮਮਤਾ ਕਰਤੈ ਲਾਈ॥ ਏਹੁ ਹੁਕਮੁ ਕਰਿ ਸ੍ਰਿਸਟਿ ਊਪਾਈ॥'' (ਪੰ:1261)। ਮਾਇਆ ਦੇ ਪ੍ਰਭਾਵ ਅਧੀਨ ਹੁੰਦੇ ਹੋਏ ਸਮਾਜ ਕਦੇ ਵੀ ਗੁਰਬਾਣੀ ਦਾ ਅਧਿਆਤਮ ਪੰਥ ਨਹੀਂ ਬਣ ਸਕਦਾ। ਇਸ ਲਈ ਖਾਲਸਾ ਜਾਂ ਸਿੱਖ ਸਮਾਜ ਨੂੰ ਗੁਰੂ ਪੰਥ ਆਖਣਾ ਗੁਰਬਾਣੀ ਉਪਦੇਸ਼ ਬਾਰੇ ਅਗਿਆਨਤਾ ਦਾ ਪ੍ਰਗਟਾਵਾ ਕਰਨਾ ਅਤੇ ਭੁਲੇਖੇ ਪਾਉਣਾ ਹੀ ਆਖਿਆ ਜਾ ਸਕਦਾ ਹੈ। ਗੁਰਬਾਣੀ ਅਨੁਸਾਰ ਸੰਸਾਰ (ਜਾਂ ਸਮਾਜ) ਅਧਿਆਤਮਿਕ ਮਾਰਗ ਨਹੀਂ ਹੈ ਬਲਕਿ ਪ੍ਰਭੂ ਵਲੋਂ ਅਧਿਆਤਮਿਕ ਜੀਵਨ ਦਾ ਵਿਰੋਧ ਕਰਨ ਲਈ ਰਚੀ ਮੋਹ ਮਾਇਆ ਦੀ ਖੇਡ ਹੈ, ਜਿਸ ਨੂੰ ਗੁਰਬਾਣੀ ਤ੍ਰੈਗੁਣੀ, ਦੂਜੀ ਅਤੇ ਕੁਦਰਤ ਆਖਦੀ ਹੈ। ''ਆਪੀ ਨੇ ਆਪੁ ਸਾਜਿਓ ਆਪੀਨੈ ਰਚਿਓ ਨਾਉ॥ ਦੁਯੀ ਕੁਦਰਤਿ ਸਾਜੀਐ ਕਰਿ ਆਸਣੁ ਡਿਠੋ ਚਾਉ॥'' (ਪੰ: 463) ਅਤੇ ''ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹੁ ਤੇਰੀ ਸਭ ਮਾਇਆ॥'' (ਪੰ: 1123)। ਗੁਰਬਾਣੀ ਵਿਚ ਸੰਸਾਰਕ ਖੇਡ ਦੀ ਅਸਲੀਅਤ ਨੂੰ ਵਿਸਥਾਰ ਪੂਰਬਕ ਬਿਆਨ ਕੀਤਾ ਗਿਆ ਹੈ। ਗੁਰਬਾਣੀ ਸੰਸਾਰ ਨੂੰ ਤ੍ਰੈਗੁਣੀ ਮਾਇਆ ਤੋਂ ਪ੍ਰਭਾਵਤ, ਝੂਠਾ, ਸੁਪਨਾ, ਭਰਮ, ਦੂਜਾ ਭਾਉ, ਗਤੀਸ਼ੀਲ, ਬਿਨਸਣਹਾਰ ਅਤੇ ਆਵਾਗਉਣ ਆਖਦੀ ਹੈ। ''ਜਗ ਰਚਨਾ ਸਭ ਝੂਠ ਹੈ ਜਾਨਿ ਲਿਹੁ ਰੇ ਮੀਤ॥'' (ਪੰ: 1428); ''ਜਿਉ ਜਲ ਊਪਰਿ ਫੇਨੁ ਬੁਦਬੁਦਾ॥ ਤੈਸਾ ਇਹੁ ਸੰਸਾਰਾ॥'' (ਪੰ: 1257); ''ਜੈਸਾ ਸੁਪਨਾ ਰੈਨਿ ਕਾ ਤੈਸਾ ਸੰਸਾਰ॥'' (ਪੰ: 808); ''ਇਹੁ ਸੰਸਾਰ ਸਗਲ ਹੈ ਸੁਪਨੋ ਦੇਖਿ ਕਹਾ ਲੋਭਾਵੈ॥'' (ਪੰ: 1231); ''ਇਹੁ ਜਗੁ ਧੂਏ ਕਾ ਪਹਾਰ॥'' (ਪੰ: 1186); ''ਤਿਹੁ ਗੁਣ ਮਹਿ ਵਰਤੈ ਸੰਸਾਰਾ॥'' (ਪੰ: 389); ''ਹਉਮੈ ਮੈਲਾ ਇਹੁ ਸੰਸਾਰਾ॥'' (ਪੰ: 230); ''ਦੂਜਾ ਭਾਉ ਰਚਾਇਉਨੁ ਤ੍ਰੈ ਗੁਣ ਵਰਤਾਰਾ॥'' (ਪੰ: 948); ''ਦੂਜੈ ਭਾਇ ਸੁਤੇ ਕਬਹੁ ਨ ਜਾਗਿਹ ਮਾਇਆ ਮੋਹੁ ਪਿਆਰੁ॥'' (ਪੰ: 852); ''ਦੂਜੀ ਮਾਇਆ ਜਗਤ ਚਿਤ ਵਾਸੁ॥'' (ਪੰ: 223) ਅਤੇ ''ਏਹੁ ਜੀਉ ਬਹੁਤੇ ਜਨਮ ਭਰੰਮਿਆ'' (ਪੰ: 465), ਆਦਿ।
ਇਥੇ ਪ੍ਰਸ਼ਨ ਉਠਦਾ ਹੈ ਕਿ ਜੇਕਰ ਗੁਰਬਾਣੀ ਸੰਸਾਰ ਨੂੰ ਝੂਠਾ, ਸੁਪਨਾ ਅਤੇ ਭਰਮ ਆਖਦੀ ਹੈ ਤਾਂ ਫਿਰ ਉਸ ਨੂੰ ਸੱਚਾ ਅਤੇ ਪ੍ਰਭੂ ਦਾ ਰੂਪ ਕਿਊਂ ਸਮਝਦੀ ਹੈ? ਗੁਰਬਾਣੀ ਦਾ ਹੀ ਕਥਨ ਹੈ: ''ਇਹੁ ਜਗੁ ਸਚੇ ਕੀ ਹੈ ਕੋਠੜੀ ਸਚੇ ਕਾ ਵਿਚਿ ਵਾਸੁ॥'' (ਪੰ: 463) ਅਤੇ ''ਏਹੁ ਵਿਸੁ ਸੰਸਾਰ ਤੁਮ ਦੇਖਦੇ ਇਹੁ ਹਰਿ ਕਾ ਰੂਪ ਹੈ ਹਰਿ ਰੂਪ ਨਦਰੀ ਆਇਆ॥'' (ਪੰ: 922)। ਇਸ ਤੋਂ ਤਾਂ ਇਹੋ ਸਿੱਧ ਹੁੰਦਾ ਹੈ ਕਿ ਗੁਰਬਾਣੀ ਸੰਸਾਰ ਨੂੰ ਝੂਠਾ ਵੀ ਮੰਨਦੀ ਹੈ ਅਤੇ ਸੱਚਾ ਵੀ। ਪਰ ਸੰਸਾਰ ਤੇ ਇਕ ਹੈ ਇਸ ਦੇ ਦੋ ਪਰਸਪਰ ਵਿਰੋਧੀ ਰੂਪ ਕਿਵੇਂ ਹੋ ਸਕਦੇ ਹਨ, ਅਤੇ ਜੇਕਰ ਹਨ ਤਾਂ ਸੱਚੇ ਅਤੇ ਝੂਠੇ ਸੰਸਾਰ ਦੇ ਫਰਕ ਨੂੰ ਗੁਰਬਾਣੀ ਵਿਚ ਕਿਵੇਂ ਸਪਸ਼ਟ ਕੀਤਾ ਗਿਆ ਹੈ? ਗੁਰਬਾਣੀ ਸੰਸਾਰ ਨੂੰ ਸੱਚਾ ਆਖਦੀ ਹੈ ਕਿਉਂਕਿ ਇਸ ਵਿਚ ਪ੍ਰਭੂ ਵਿਆਪਕ ਹੈ ਅਤੇ ਕੇਵਲ ਪ੍ਰਭੂ ਹੀ ਸਤਿ ਹੈ। ਪਰ ਮਨੁੱਖ ਨੂੰ ਸੰਸਾਰ ਵਿਚ ਵਿਆਪਕ ਪ੍ਰਭੂ ਦਿਖਾਈ ਨਹੀਂ ਦਿੰਦਾ। ਗੁਰਬਾਣੀ ਅਨੁਸਾਰ ਮਨੁੱਖ ਜਨਮ ਤੋਂ ਹੀ ਤ੍ਰੈਗੁਣੀ ਸੰਸਾਰ ਦੇ ਝਮੇਲਿਆਂ ਵਿਚ ਏਨਾ ਰੁੱਝ ਜਾਂਦਾ ਹੈ ਕਿ ਉਸ ਦਾ ਪ੍ਰਭੂ ਵਲ ਧਿਆਨ ਹੀ ਨਹੀਂ ਜਾਂਦਾ ਕਿਉਂਕਿ ''ਦੁਨੀਆਂ ਧੰਧੈ ਲਾਇ ਆਪੁ ਛੁਪਾਇਆ॥'' (ਪੰ: 1279)। ਅਤੇ ਪ੍ਰਭੂ ਤੋਂ ਬਿਨਾ ਨਜ਼ਰ ਆਉਣ ਵਾਲਾ ਸਮਾਜ ਝੂਠਾ, ਸੁਪਨਾ ਅਤੇ ਭਰਮ ਹੀ ਰਹਿ ਜਾਂਦਾ ਹੈ। ਪ੍ਰਭੂ ਨੂੰ ਦੇਖਣ ਲਈ ਮਨੁੱਖ ਨੂੰ ਆਪਣੀ ਹਉਮੈ ਅਤੇ ਸੰਸਾਰ ਦੀ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਦੀ ਲੋੜ ਹੁੰਦੀ ਹੈ। ਨਿਰਾ ਭੇਖ ਕਰਨ ਨਾਲ ਪ੍ਰਭੂ ਮਿਲਾਪ ਦੇ ਮਾਰਗ ਦੇ ਪਾਂਧੀ ਬਨਣਾ ਸੰਭਵ ਨਹੀਂ ਹੁੰਦਾ। ਗੁਰਬਾਣੀ ਦਾ ਫੁਰਮਾਨ ਹੈ: ''ਹਉਮੈ ਭਗਤਿ ਕਰੇ ਸਭੁ ਕੋਇ॥ ਨਾ ਮਨੁ ਭੀਜੈ ਨਾ ਸੁਖੁ ਹੋਇ॥ ਕਹਿ ਕਹਿ ਕਹਣੁ ਆਪੁ ਜਣਾਏ॥ ਬਿਰਥੀ ਭਗਤਿ ਸਭੁ ਜਨਮੁ ਗਵਾਏ॥'' (ਪੰ: 1277)।
ਗੁਰਬਾਣੀ ਦੇ ਇਨ੍ਹਾਂ ਕਥਨਾਂ ਤੋਂ ਦੋ ਤੱਥ ਸਪਸ਼ਟ ਹੋ ਜਾਂਦੇ ਹਨ: (1) ਸੰਸਾਰ ਪ੍ਰਭੂ ਤੋਂ ਵਖਰਾ: ਕੁਦਰਤ, ਮਾਇਆ ਦੇ ਅਧੀਨ ਜਾਂ ਦੂਜਾ ਹੈ, ਅਤੇ (2) ਪ੍ਰਭੂ ਸੰਸਾਰ ਵਿਚ ਵਿਆਪਕ ਹੈ ਪਰ ਮਨੁੱਖ ਨੂੰ ਨਜ਼ਰ ਨਹੀਂ ਆਉਂਦਾ। ਜੇਕਰ ਪ੍ਰਭੂ ਸੰਸਾਰ ਵਿਚ ਵਿਆਪਕ ਹੈ ਤਾਂ ਉਹ ਮਨੁੱਖ ਨੂੰ ਨਜ਼ਰ ਕਿਉਂ ਨਹੀਂ ਆਉਂਦਾ? ਗੁਰਬਾਣੀ ਪ੍ਰਭੂ ਨੂੰ ''ਰੂਪ ਨ ਰੇਖ ਨ ਰੰਗ ਕਿਛੁ ਤ੍ਰਿਹੁ ਗੁਣ ਤੇ ਪ੍ਰਭ ਭਿੰਨ॥'' (ਪੰ: 283) ਅਤੇ ''ਨਾ ਤਿਸੁ ਰੂਪੁ ਨ ਰੇਖ ਵਰਣ ਸਬਾਇਆ॥'' (ਪੰ: 1279) ਆਖਦੀ ਹੈ। ਪ੍ਰਭੂ ਦਾ ਕੋਈ ਆਕਾਰ ਨਾ ਹੋਣ ਕਾਰਨ ਉਸ ਨੂੰ ਅਨੁਭਵ ਹੀ ਕੀਤਾ ਜਾ ਸਕਦਾ ਹੈ। ਉਸ ਨੂੰ ਅਨੁਭਵ ਕਰਨ ਦੀ ਵਿਧੀ ਗੁਰਬਾਣੀ ਵਿਚ ਇਸ ਪ੍ਰਕਾਰ ਦੱਸੀ ਗਈ ਹੈ: ''ਜਨ ਕੀ ਮਹਿਮਾ ਕਥੀ ਨ ਜਾਇ॥ ਪਾਰਬ੍ਰਹਮੁ ਜਨੁ ਰਹਿਆ ਸਮਾਇ॥'' (ਪੰ: 194) ਅਤੇ ''ਸਭਨਾਂ ਮਹਿ ਏਕੋ ਏਕੁ ਵਖਾਣੈ॥ ਜਾਂ ਏਕੋ ਵੇਖੈ ਤਾਂ ਏਕੋ ਜਾਣੈ॥'' (ਪੰ: 1261)। ਪ੍ਰਭੂ ਸਰਬ ਵਿਆਪਕ ਅਤੇ ਹਰ ਇਕ ਜਨ ਵਿਚ ਸਮਾਇਆ ਹੋਇਆ ਹੈ। ਜੋ ਵਿਅਕਤੀ ਪ੍ਰਭੂ ਦੀ ਕਾਇਨਾਤ ਅਤੇ ਮਨੁੱਖਤਾ ਨਾਲ ਪ੍ਰੇਮ ਅਤੇ ਸੱਚੇ ਦਿਲੋਂ ਸੇਵਾ ਕਰਨ ਦਾ ਯਤਨ ਕਰਦਾ ਹੈ ਉਸ ਨੂੰ ਮਨੁੱਖਤਾ ਵਿਚ ਵਸ ਰਹੇ ਪ੍ਰਭੂ ਦਾ ਅਨੁਭਵ ਹੁੰਦਾ ਹੈ। ਗੁਰਬਾਣੀ ਦਾ ਕਥਨ ਹੈ: ''ਬਿਸਰਿ ਗਈ ਸਭ ਤਾਤਿ ਪਰਾਈ॥ ਜਬ ਤੇ ਸਾਧਸੰਗਤਿ ਮੋਹਿ ਪਾਈ॥ਰਹਾੳੇ॥ ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ॥੧॥ ਜੋ ਪ੍ਰਭ ਕੀਨੋ ਸੋ ਭਲ ਮਾਨਿਓ ਏਹ ਸੁਮਤਿ ਸਾਧੂ ਤੇ ਪਾਈ॥੨॥ ਸਭ ਮਹਿ ਰਵਿ ਰਹਿਆ ਪ੍ਰਭੁ ਏਕੈ ਪੇਖਿ ਪੇਖਿ ਨਾਨਕ ਬਿਗਸਾਈ॥'' (ਪੰ: 1299)। ਪ੍ਰਭੂ ਦੀ ਯਾਦ ਅਤੇ ਮਨੁੱਖਤਾ ਦੀ ਸੇਵਾ ਹੀ ਪ੍ਰਭੂ ਨੂੰ ਅਨੁਭਵ ਕਰਨ ਦਾ ਨਿਵੇਕਲਾ ਧਾਰਮਕ ਮਾਰਗ ਹੈ। ਮਨੁੱਖਤਾ ਦੀ ਸੇਵਾ ਨਿਸ਼ਕਾਮ ਕਰਮ ਦਾ ਨਾਂ ਹੈ। ''ਵਿਚਿ ਦੁਨੀਆ ਸੇਵ ਕਮਾਈਐ॥ ਤਾ ਦਰਗਹ ਬੈਸਣੁ ਪਾਈਐ॥ (ਪੰ: 26); ''ਸੇਵਾ ਕਰਤ ਹੋਇ ਨਿਹਕਾਮੀ॥ ਤਿਸ ਕਉ ਹੋਤ ਪਰਾਪਤ ਸੁਆਮੀ॥'' (ਪ: 286); ''ਬਿਨੁ ਸੇਵਾ ਫਲੁ ਕਬਹੁ ਨ ਪਾਵਸਿ ਸੇਵਾ ਕਰਣੀ ਸਾਰੀ॥'' (ਪੰ: 992) ਅਤੇ ''ਮਤੁ ਕੋ ਜਾਣੈ ਅਗੈ ਪਾਇਸੀ॥ ਜੇਹੇ ਕਰਮ ਕਮਾਇ ਤੇਹਾ ਹੋਇਸੀ॥'' (ਪ: 730)। ਜੋ ਵਿਅਕਤੀ ਨਿਸ਼ਕਾਮ ਹੋ ਆਪਣੇ ਕਿੱਤੇ ਨੂੰ ਧਰਮ ਜਾਣ ਕੇ ਕਰਦਾ ਹੈ ਉਸ ਦੇ ਕੰਮ ਦੀ ਹੀ ਸੇਵਾ ਵਜੋਂ ਪ੍ਰਵਾਨਗੀ ਹੋਣ ਦੀ ਸੰਭਾਵਨਾ ਹੁੰਦੀ ਹੈ। ਕਿਰਤ ਕਰ ਰਹੀ ਮਨੁੱਖਤਾ ਲਈ ਗੁਰਬਾਣੀ ਦਾ ਇਹੋ ਮਹਾਨ ਮਾਨਵਵਾਦੀ ਉਪਦੇਸ਼ ਹੈ।
ਸਮਾਜ ਸਮੂਹ ਜਾਂ ਸੰਗਠਨ ਅਧਿਆਤਮਿਕ ਪੰਥ ਨਹੀਂ ਹੁੰਦਾ ਅਤੇ ਉਸ ਵਿਚ ਮੋਹ ਮਾਇਆ ਦਾ ਵਿਆਪਕ ਪ੍ਰਭਾਵ ਹੋਣ ਕਾਰਨ ਉਹ ਗੁਰਮਤਿ ਦਾ ਧਾਰਨੀ ਨਹੀਂ ਹੋ ਸਕਦਾ। ਜੋ ਗੁਰਮਤਿ ਦਾ ਧਾਰਨੀ ਨਹੀਂ ਬਣ ਸਕਦਾ ਉਹ ਗੁਰੂ ਕਿਵੇਂ ਹੋ ਸਕਦਾ ਹੈ? ਦੂਜਾ, ਗੁਰੂ ਅਧਿਆਤਮਿਕ ਗਿਆਨ ਪ੍ਰਦਾਨ ਕਰਦਾ ਹੈ। ''ਗੁਰ ਤੇ ਗਿਆਨ ਊਪਜੈ ਮਹਾ ਤਤੁ ਬੀਚਾਰਾ॥ ਗੁਰ ਤੇ ਘਰੁ ਦਰੁ ਪਾਇਆ ਭਗਤੀ ਭਰੇ ਭੰਡਾਰਾ॥'' (ਪੰ: 424)। ਖਾਲਸਾ ਜਾਂ ਸਿੱਖ ਸਮਾਜ ਸਮੂਹ ਵਿਚ ਗਿਆਨ ਪ੍ਰਦਾਨ ਕਰਨ ਦੀ ਯੋਗਤਾ ਨਹੀਂ ਹੁੰਦੀ ਕਿਊਂਕੇ ਨਾ ਤੇ ਉਹ ਗਿਆਨ ਦਾ ਸੋਮਾ ਹੈ ਅਤੇ ਨਾ ਹੀ ਸਿੱਖਿਆ ਅਦਾਰਾ। ਸਮਾਜ ਤੋਂ ਤੇ ਸਭਿਆਚਾਰ ਅਤੇ ਪਰੰਪਰਾ ਦੀ ਸੂਝ ਮਿਲਦੀ ਹੈ। ਇਨ੍ਹਾਂ ਦੋਨਾਂ ਦਾ ਅਧਿਆਤਮਿਕ ਮਾਰਗ ਨਾਲ ਕੋਈ ਸਬੰਧ ਨਹੀਂ ਹੈ। ਇਸ ਲਈ ਪੰਥ ਨੂੰ ਗੁਰੂ ਆਖਣਾ ਉਚਿਤ ਨਹੀਂ ਹੈ।
ਗ੍ਰੰਥ:- ਗੁਰਬਾਣੀ ਵਿਚ ਗ੍ਰੰਥ ਨੂੰ ਗੁਰੂ ਨਹੀਂ ਆਖਿਆ ਗਿਆ ਹੈ। ਗੁਰਬਾਣੀ ਗ੍ਰੰਥ ਸਾਹਿਬ ਨੂੰ ''ਪੋਥੀ ਪਰਮੇਸਰ ਕਾ ਥਾਨੁ॥ ਸਾਧਸੰਗ ਗਾਵਿਹ ਗੁਣ ਗੋਬਿੰਦ ਪੂਰਨ ਬ੍ਰਹਮ ਗਿਆਨ॥'' (ਪੰ: 1226)'' ਆਖਦੀ ਹੈ। ਪੋਥੀ ਅਧਿਆਤਮਿਕ ਗਿਆਨ ਦਾ ਭੰਡਾਰ ਹੈ। ਗੁਰਬਾਣੀ ਕੇਵਲ ਬਾਣੀ ਜਾਂ ਸ਼ਬਦ ਨੂੰ ਹੀ ਗੁਰੂ ਦੀ ਪਦਵੀ ਪ੍ਰਦਾਨ ਕਰਦੀ ਹੈ, ਗ੍ਰੰਥ ਅਤੇ ਵਿਅਕਤੀ ਨੂੰ ਨਹੀਂ। ''ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ॥ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤਖ ਗੁਰੂ ਨਿਸਤਾਰੇ॥'' (ਪੰ: 982); ''ਸਬਦੁ ਗੁਰੂ ਪੀਰਾ ਗਹਿਰ ਗੰਭੀਰਾ ਬਿਨੁ ਸਬਦੈ ਜਗੁ ਬਉਰਾਨਂ॥'' (ਪੰ: ੬੩੫); ''ਸਬਦੁ ਗੁਰੂ ਸੁਰਤਿ ਧੁਨਿ ਚੇਲਾ॥'' (ਪੰ: 943); ''ਸਤਿਗੁਰੁ ਅੰਮ੍ਰਿਤ ਬਿਰਖੁ ਹੈ ਅੰਮ੍ਰਿਤ ਰਸਿ ਫਲਿਆ॥ ਜਿਸ ਪਰਾਪਤਿ ਸੋ ਲਹੈ ਗੁਰ ਸਬਦੀ ਮਿਲਿਆ॥'' (ਪੰ:1245) ਅਤੇ ''ਸੋ ਗੁਰੁ ਕਰਉ ਜਿ ਸਾਚੁ ਦ੍ਰਿੜਾਵੈ॥ ਅਕਥ ਕਥਾਵੈ ਸਬਦਿ ਮਿਲਾਵੈ॥'' (ਪੰ: 686}। ਆਮ ਧਾਰਨਾ ਇਹ ਬਣੀ ਹੋਈ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਤਾ ਗ੍ਰੰਥ ਸਾਹਿਬ ਨੂੰ ਦਿੱਤੀ ਸੀ। ਇਸ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਗੁਰੂ ਸਾਹਿਬ ਨੇ ਸੰਮਤ 1765 ਬਿ: ਵਿਚ ਗੁਰਤਾ ਦਾ ਅਧਿਕਾਰੀ ਕਿਸ ਨੂੰ ਥਾਪਿਆ ਸੀ, ਗ੍ਰੰਥ ਸਾਹਿਬ ਨੂੰ ਜਾਂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ ਨੂੰ? ਗ੍ਰੰਥ ਲਿਖਤੀ ਰਚਨਾ ਹੈ ਅਤੇ ਗੁਰਬਾਣੀ ਪਵਿਤਰ ਬੋਲਾਂ ਦਾ ਸੰਗ੍ਰਹਿ। ਜੇਕਰ ਗ੍ਰੰਥ ਗੁਰਤਾ ਦਾ ਅਧਿਕਾਰੀ ਹੁੰਦਾ ਤਾਂ ਗੁਰਬਾਣੀ, ਜੋ ਸੰਪੂਰਨ ਗਿਆਨ ਹੈ, ਇਸ ਦਾ ਵਰਨਣ ਜ਼ਰੂਰ ਕਰਦੀ। ਇਹ ਤੱਥ ਤੇ ਮੰਨਣਯੋਗ ਹੈ ਕਿ ਗੁਰਬਾਣੀ ਵਿਚ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਨਹੀਂ ਦਿੱਤੀ ਗਈ ਹੈ। ਗੁਰਬਾਣੀ ਵਿਚ ਤੇ ਸ਼ਬਦ-ਗੁਰੂ ਦਾ ਸੰਕਲਪ ਹੈ, ਗ੍ਰੰਥ ਗੁਰੂ ਦਾ ਨਹੀਂ। ਜਦੋਂ ਗੁਰਬਾਣੀ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਨਹੀਂ ਦਿੰਦੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਬਾਣੀ ਉਪਦੇਸ਼ ਦੇ ਵਿਰੁਧ ਗ੍ਰੰਥ ਨੂੰ ਗੁਰੂ ਦੀ ਪਦਵੀ ਕਿਉਂ ਦੇਣੀ ਸੀ? ਹਾਂ, ਗੁਰੂ ਸਾਹਿਬਾਨ ਦੇ ਪ੍ਰਵਾਰਕ ਅਤੇ ਹੋਰ ਵਿਰੋਧੀ ਗ੍ਰੰਥ ਸਾਹਿਬ ਅਤੇ ਗੁਰਗੱਦੀ ਨੂੰ ਹੀ ਧਰਮ ਦੇ ਅਸਲੀ ਚਿੰਨ੍ਹ ਮੰਨਦੇ ਸਨ ਜਿਨ੍ਹਾਂ ਤੋਂ ਬਗੈਰ ਉਨ੍ਹਾਂ ਲਈ ਧਰਮ ਅਰਥਹੀਣ ਸੀ। ਉਨ੍ਹਾਂ ਨੇ ਇਹ ਝੂਠਾ ਪ੍ਰਚਾਰ ਕੀਤਾ ਹੈ ਕਿ ਗ੍ਰੰਥ ਸਾਹਿਬ ਨੂੰ ਗੁਰੂ ਦੀ ਪਦਵੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਦਿੱਤੀ ਗਈ ਸੀ। ਆਮ ਸਿੱਖ ਸ਼ਰਧਾਲੂ ਗੁਰਬਾਣੀ ਅਤੇ ਗ੍ਰੰਥ ਦੇ ਸੂਖਮ ਅੰਤਰ ਨੂੰ ਨਹੀਂ ਸਮਝਦੇ ਉਨ੍ਹਾਂ ਲਈ ਗੁਰਬਾਣੀ ਦੀ ਥਾਂ ਗ੍ਰੰਥ ਨੂੰ ਗੁਰੂ ਪ੍ਰਵਾਨ ਕਰ ਲੈਣਾ ਔਖਾ ਨਹੀਂ ਸੀ।
ਗ੍ਰੰਥ ਨੂੰ 'ਗੁਰ ਬਿਲਾਸ ਪਾਤਸ਼ਾਹੀ ੬' ਵਿਚ ਗੁਰੂ ਲਿਖਿਆ ਗਿਆ ਹੈ। ''ਗੁਰੁ ਦਰਸ ਜਿਹ ਦੇਖਨਾਂ ਸ੍ਰੀ ਗ੍ਰੰਥ ਦਰਸਾਇ॥ ਬਾਤ ਕਰਨਿ ਗੁਰ ਸੇਂ ਚਹੈ ਪੜ੍ਹ ਗ੍ਰੰਥ ਮਨ ਲਾਇ॥੪੧੩॥'' (ਅਧਿਯਾਯ ੪)। ਭਾਈ ਪ੍ਰਹਿਲਾਦ ਸਿੰਘ ਦੇ ਰਹਿਤਨਾਮੇ ਨੇ ਵੀ ਪੰਥ ਅਤੇ ਗ੍ਰੰਥ ਨੂੰ ਗੁਰਤਾ ਦੇ ਅਧਿਕਾਰੀ ਘੋਸ਼ਿਤ ਕਰ ਦਿੱਤਾ ਸੀ। ''ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟ ਚਲਾਯੋ ਪੰਥ। ਸਭ ਸਿੱਖਨ ਕੋ ਬਚਨ ਹੈ ਗੁਰੂ ਮਾਨੀਅਹੁ ਗ੍ਰੰਥ।''। ਸਰਵ ਲੋਹ ਗ੍ਰੰਥ ਵਿਚ ਵੀ ਪੰਥ ਅਤੇ ਗ੍ਰੰਥ ਨੂੰ ਗੁਰੂ ਆਖਿਆ ਗਿਆ ਹੈ। ''ਗੁਰੂ ਅਪਨ ਮੌ ਖਾਲਸੇ ਦੀਨਾ ਦੁਤਿਯ ਰੁਪ ਸਤਿਗੁਰ ਗੁਰੁ ਗ੍ਰੰਥਾ''। ਜੋ ਦੋਹਰਾ ਅਰਦਾਸ ਉਪਰੰਤ ਗੁਰਦੁਆਰਿਆਂ ਵਿਚ ਅਕਸਰ ਪੜ੍ਹਿਆ ਜਾਂਦਾ ਹੈ ਉਹ ਗਿਆਨੀ ਗਿਆਨ ਸਿੰਘ ਦੇ ਪੰਥ ਪ੍ਰਕਾਸ਼ ਵਿਚ ਦਰਜ ਹੈ। ਗ੍ਰੰਥ ਨੂੰ ਗੁਰੂ ਦੀ ਪਦਵੀ ਗੁਰਮਤਿ ਵਿਰੋਧੀਆਂ ਨੇ ਦਿੱਤੀ ਹੈ ਅਤੇ ਆਪਣੀ ਕਾਰਵਾਈ ਨੂੰ ਸਿੱਖ ਸ਼ਰਧਾਲੂਆਂ ਵਿਚ ਪ੍ਰਵਾਨ ਕਰਵਾਉਣ ਲਈ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਵਰਤਿਆ ਹੈ। ਉਨ੍ਹਾਂ ਗੁਰੂ ਸਾਹਿਬ ਨੂੰ ਗੁਰਬਾਣੀ ਦਾ ਵਿਰੋਧੀ ਸਿਧ ਕਰਨ ਦਾ ਯਤਨ ਵੀ ਕੀਤਾ ਹੈ।
ਗੁਰਬਾਣੀ ਵਿਚ ਸ਼ਬਦ, ਬਾਣੀ ਜਾਂ ਵਿਸ਼ੇਸ਼ ਬੋਲ ਨੂੰ ਗੁਰੂ ਪਦਵੀ ਨਾਲ ਨਿਵਾਜਿਆ ਗਿਆ ਹੈ, ਲਿਖਤ ਨੂੰ ਨਹੀਂ। ਬੋਲ ਨੂੰ ਸੁਨਣ, ਮੰਨਣ ਅਤੇ ਉਸ ਦੀ ਓਟ ਲੈਣ ਨਾਲ ਮਨ ਨੂੰ ਮਾਰਨ ਦੀ ਸੰਭਾਵਨਾ ਬਣਦੀ ਹੈ। ਬੋਲਾਂ ਰਾਹੀਂ ਹੀ ਪ੍ਰਭੂ ਦੀ ਕੀਰਤੀ ਕੀਤੀ ਜਾਂਦੀ ਹੈ। ਗ੍ਰੰਥ ਗੁਰਬਾਣੀ ਸੰਚਾਰ ਦਾ ਮਾਧਿਅਮ ਹੈ। ਇਹ ਮਾਧਿਅਮ ਗੁਰੂ ਨਹੀਂ ਹੈ ਕਿਉਂਕਿ ਲਿਖਤ ਕਿਰਿਆਸ਼ੀਲ ਨਹੀਂ ਬਲਕਿ ਅਕਰਮਕ ਮਾਧਿਅਮ ਹੁੰਦੀ ਹੈ। ਇਸ ਮਾਧਿਅਮ ਨੂੰ ਵਿਅਕਤੀ ਕਿਰਿਆਸ਼ੀਲ ਬਣਾਉਂਦਾ ਹੈ ਪਰ ਸ਼ਬਦ ਅਤੇ ਬਾਣੀ ਦੇ ਬੋਲਾਂ ਵਿਚ ਗਿਆਨ ਪ੍ਰਦਾਨ ਕਰਨ ਵਾਲੇ ਗੁਰੂ ਵਾਲੀ ਯੋਗਤਾ ਹੈ। ਕਿਉਂਕਿ ਗ੍ਰੰਥ ਸ਼ਬਦ ਗੁਰੂ ਦਾ ਨਿਵਾਸ ਸਥਾਨ ਹੈ, ਗ੍ਰੰਥ ਦਾ ਵੀ ਪੂਰਾ ਸਤਕਾਰ ਕੀਤਾ ਜਾਣਾ ਬਣਦਾ ਹੈ।
ਕੇਵਲ ਸਿੱਖ ਧਰਮ ਵਿਚ ਹੀ ਪਵਿਤਰ ਗ੍ਰੰਥ ਸਾਹਿਬ ਨੂੰ ਗੁਰੂ ਗਰਦਾਨਿਆ ਗਿਆ ਹੈ। ਦੂਜੇ ਧਰਮਾਂ ਵਿਚ ਪਵਿਤਰ ਗ੍ਰੰਥਾਂ ਦਾ ਪੂਰਾ ਸਤਕਾਰ ਕੀਤਾ ਜਾਂਦਾ ਹੈ, ਪਰ ਗ੍ਰੰਥ ਨੂੰ ਗੁਰੂ ਦੀ ਪਦਵੀ ਨਹੀਂ ਦਿੱਤੀ ਜਾਂਦੀ। ਪਦਾਰਥਕ ਵਸਤੂ ਹੋਣ ਕਾਰਨ ਗ੍ਰੰਥ ਸਾਹਿਬ ਦੇ ਸਰੂਪ ਅਤੇ ਵਰਤਾਰੇ ਵਿਚ ਆਏ ਪਰੀਵਰਤਨ ਨੇ ਗ੍ਰੰਥ ਸਾਹਿਬ ਦੀ ਗੁਰੂ ਪਦਵੀ ਨੂੰ ਅਸੁਰਖਿਅਤ ਬਣਾ ਦਿੱਤਾ ਹੈ। ਪੱਤਿਆਂ ਅਤੇ ਕਾਗਜਾਂ ਤੇ ਹੱਥ ਲਿਖਤ ਗੁਰਬਾਣੀ ਗ੍ਰੰਥ, ਪੱਥਰ ਛਾਪੇ, ਮਸ਼ੀਨੀ ਛਾਪੇ ਤੋਂ ਹੁੰਦੇ ਹੋਏ, ਗ੍ਰਾਮੋਫੋਨ ਰਿਕਾਰਡਾਂ, ਟੇਪਾਂ, ਕੰਮਪੈਕਟ ਡਿਸਕਾਂ, ਕੰਪਯੂਟਰ ਸਾਫਟਵੇਅਰ ਅਤੇ ਟੈਲੀਵੀਜ਼ਨਾਂ ਰਾਹੀਂ ਰੂਪਮਾਨ ਹੋਣ ਲੱਗ ਪਏ ਹਨ। ਗੁਰਬਾਣੀ ਗੁਰੂ ਦੇ ਵਿਕਸਤ ਹੋਏ ਮਾਧਿਅਮਾਂ ਵਿਚ ਵੀ ਗ੍ਰੰਥ ਸਾਹਿਬ ਦੀ ਇਕ ਵਿਸ਼ੇਸ਼ ਥਾਂ ਬਰਕਰਾਰ ਰਹੀ ਹੈ।

ਗ੍ਰੰਥ ਸਾਹਿਬ ਦੀ ਛਪਾਈ ਅਤੇ ਪ੍ਰਕਾਸ਼ਨ ਨੇ ਇਸ ਨੂੰ ਇਕ ਵਪਾਰਕ ਵਸਤੂ ਵਿਚ ਬਦਲ ਦਿੱਤਾ ਹੈ। ਪ੍ਰਕਾਸ਼ਕ ਗ੍ਰੰਥ ਸਾਹਿਬ ਦੀ ਛਪਾਈ ਵਿਚ ਮਨ ਮਰਜ਼ੀ ਕਰਦੇ ਹਨ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਗ੍ਰੰਥ ਸਾਹਿਬ ਦੇ ਪ੍ਰਕਾਸ਼ਨ ਅਤੇ ਵਪਾਰ ਦਾ ਏਕਾ ਅਧਿਕਾਰੀ ਬਨਣ ਨਾਲ ਗੁਰਬਾਣੀ ਦੇ ਸਾਰ ਦਾ ਨਿਰਨਾ ਕਰਤਾਰਪੁਰੀ ਬੀੜ ਦੇ ਗੁਰੂ ਸਾਹਿਬ ਵਿਰੋਧੀ ਮਾਲਕ ਧੀਰ ਮੱਲ ਦੇ ਵਾਰਸ ਕਰਨ ਲੱਗ ਪਏ ਹਨ। ਸ਼੍ਰੋਮਣੀ ਕਮੇਟੀ ਵਿਚ ਤੇ ਕੰਪੋਜ਼ੀਟਰਾਂ ਦੀਆਂ ਗਲਤੀਆਂ ਅਤੇ ਹੋਰ ਉਕਾਈਆਂ ਸੁਧਾਰਨ ਦਾ ਸਾਹਸ ਵੀ ਨਹੀਂ ਹੈ। ਗ੍ਰੰਥ ਸਾਹਿਬ ਦਾ ਵਪਾਰ ਸਿੱਖ ਸ਼ਰਧਾਲੂਆਂ ਲਈ ਵਿਆਕੁਲਤਾ ਦਾ ਕਾਰਨ ਬਣਿਆ ਹੋਇਆ ਹੈ, ਕਿਉਂਕਿ ਜਿਸ ਗ੍ਰੰਥ ਨੂੰ ਸ਼ਰਧਾਲੂ ਗੁਰੂ ਮੰਨਦੇ ਹਨ ਉਸ ਦੀ ਸ਼ੁੱਧਤਾ ਬਾਰੇ ਬੇਰੁਖ਼ੀ ਅਤੇ ਉਸ ਨੂੰ ਵਪਾਰਕ ਵਸਤੂ ਬਣਾ ਕੇ ਵੇਚਣਾ ਗੁਰੂ ਦੀ ਪਦਵੀ ਨੂੰ ਅਪਮਾਨਿਤ ਕਰਨ ਦੇ ਤੁੱਲ ਹਨ। ਗੁਰਬਾਣੀ ਵੀ ਐਸੇ ਵਪਾਰ ਨੂੰ ਨਿੰਦਦੀ ਹੈ। ਗੁਰਬਾਣੀ ਦਾ ਕਥਨ ਹੈ: ''ਮਾਇਆ ਕਾਰਨ ਬਿਦਿਆ ਬੇਚਹੁ ਜਨਮੁ ਅਬਿਰਥਾ ਜਾਈ॥'' (ਪੰ: 1103)।
ਗੁਰੂ ਗੋਬਿੰਦ ਸਿੰਘ ਜੀ ਨੇ ਦਮਦਮੀ ਬੀੜ ਦਾ ਸੰਕਲਣ ਕਰਕੇ ਗ੍ਰੰਥ ਸਾਹਿਬ ਵਿਚ ਗੁਰਬਾਣੀ ਦੇ ਸ਼ਬਦਾਂ ਦੀ ਸੀਮਾ ਨਿਰਧਾਰਤ ਕਰ ਦਿੱਤੀ ਸੀ ਅਤੇ ਗੁਰਬਾਣੀ ਨੂੰ ਕੱਚੀਆਂ ਰਚਨਾਵਾਂ ਅਤੇ ਮਿਥੇ ਗ੍ਰੰਥਾਂ ਨਾਲ ਰਲਗੱਡ ਕਰਨ ਦੀ ਪਰਥਾ ਨੂੰ ਖਤਮ ਕਰ ਦਿੱਤਾ ਸੀ। ਪਰ ਧਰਮ ਦੇ ਵਪਾਰੀਆਂ ਨੇ ਅਗਿਆਨੀ ਸਿੱਖਾਂ ਦੀ ਅਗਿਆਨਤਾ ਦਾ ਲਾਭ ਉਠਾਉਂਦੇ ਹੋਏ ਨਕਲੀ ਗ੍ਰੰਥਾਂ ਨੂੰ ਵੀ ਗੁਰਬਾਣੀ ਦਾ ਦਰਜਾ ਦੇਣ ਦੀ ਸਾਜ਼ਿਸ਼ ਰਚ ਲਈ ਹੈ।
ਇਹ ਸੱਚ ਹੈ ਕਿ ਅਜੋਕੇ ਸਿੱਖ ਧਰਮ ਦੀ ਮੁੱਖ ਧਾਰਾ ਗੁਰੂ ਸਾਹਿਬਾਨ ਵੱਲੋਂ ਪ੍ਰਚਲਤ ਕੀਤੀ ਗੁਰਮਤਿ ਨਹੀਂ ਹੈ। ਅਜੋਕਾ ਸਿੱਖ ਧਰਮ ਗੁਰੂ ਸਾਹਿਬਾਨ ਦੇ ਵਿਰੋਧੀਆਂ ਵੱਲੋਂ ਪਰਚਲਤ ਕੀਤਾ ਸਮਾਜਕ ਕਰਮ ਕਾਂਡ ਹੈ ਜਿਸ ਨੂੰ ਉਨ੍ਹਾਂ ਵੱਲੋਂ ਸਿੱਖ ਧਰਮ ਜਾਂ ਖਾਲਸਾ ਦਾ ਨਾਂ ਦੇ ਦਿੱਤਾ ਗਿਆ ਹੈ। ਕਈ ਚਿੰਤਕ ਗੁਰੂ ਸਾਹਿਬਾਨ ਵੱਲੋਂ ਪ੍ਰਚਲਤ ਕੀਤੀ ਗੁਰਮਤਿ ਨੂੰ ਅਜੋਕੇ ਖਪਤਕਾਰੀ ਅਤੇ ਜਾਣਕਾਰੀ ਯੁਗ ਵਿਚ ਅਵਿਹਾਰਕ ਵੀ ਆਖਦੇ ਹਨ। ਪਰ ਗੁਰਬਾਣੀ ਦਾ ਉਪਦੇਸ਼ ਤੇ ਸਦੀਵੀ ਸੱਚ ਹੈ, ਮੰਨਣ ਜਾਂ ਨਾ ਮੰਨਣ ਦੀ ਹਰ ਵਿਅਕਤੀ ਨੂੰ ਖੁਲ੍ਹ ਹੈ।




.