.

ਲੜੀ ਵਾਰ (ਸੰ: ੪੦ ਤੋਂ੪੨) (ਭਾਗ ਦਸਵਾਂ)

ਗੁਰਮੱਤ ਸੰਦੇਸ਼

ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ. ."

(ਸੰ: ੪੦) ਗਉੜੀ ਮਹਲਾ ੧॥ ਮਾਤਾ ਮਤਿ ਪਿਤਾ ਸੰਤੋਖੁ॥ ਸਤੁ ਭਾਈ ਕਰਿ ਏਹੁ ਵਿਸੇਖੁ॥ ੧॥ ਕਹਣਾ ਹੈ, ਕਿਛੁ ਕਹਣੁ ਨ ਜਾਇ॥ ਤਉ ਕੁਦਰਤਿ ਕੀਮਤਿ ਨਹੀ ਪਾਇ॥ ੧॥ ਰਹਾਉ॥ ਸਰਮ ਸੁਰਤਿ ਦੁਇ ਸਸੁਰ ਭਏ॥ ਕਰਣੀ ਕਾਮਣਿ ਕਰਿ ਮਨ ਲਏ॥ ੨॥ ਸਾਹਾ ਸੰਜੋਗੁ ਵੀਆਹੁ ਵਿਜੋਗੁ॥ ਸਚੁ ਸੰਤਤਿ ਕਹੁ ਨਾਨਕ ਜੋਗੁ॥ ੩॥ ੩॥ (ਪੰ: ੧੫੧-੫੨)

{ਨੋਟ-ਬ੍ਰਾਹਮਣੀ ਵਿਸ਼ਵਾਸਾਂ ਅਧੀਨ ‘ਕੰਨਿਆ ਦਾਨ’ ਸਮੇ ਮਾ- ਪਿਓ, ਭਾਈ-ਭੈਣ ਆਦਿ ਮੇਲ, ਸਾਹਾ, ਸੰਜੋਗ-ਭਿੰਨ ਭਿੰਨ ਕਰਣੀਆਂ ਤੋਂ ਬਾਅਦ ਬੱਚੀ ਦਾ ਆਪਣੇ ਪ੍ਰਵਾਰ ਤੋਂ ਵਿਛੜਣਾ ਤੇ ਉਸਦਾ ਪਤੀ ਨਾਲ ਮਿਲਾਪ ਹੁੰਦਾ ਹੈ। ਇਸ ਤਰ੍ਹਾਂ ‘ਕੰਨਿਆ ਦਾਨ’ ਵਾਲੀ ਕਰਣੀ ਤੋਂ ਬਾਅਦ ਬੱਚੀ ਆਪਣੇ ਨਵੇਂ ਪ੍ਰਵਾਰ `ਚ ਜਾਂਦੀ ਹੈ ਜਿੱਥੇ ਉਸ ਦੇ ਸਸ-ਸਹੁਰਾ ਤੇ ਸੰਤਾਨ ਉਤਪਤੀ ਆਦਿ ਭਾਵ ਨਵੇਂ ਜੀਵਨ ਦਾ ਕ੍ਰਮ…।

ਦਰਅਸਲ ਗੁਰਦੇਵ ਨੇ ਇਸ ਸ਼ਬਦ `ਚ ਉਸੇ ਬ੍ਰਾਂਹਮਣੀ ‘ਕੰਨਿਆ ਦਾਨ’ ਵਾਲੇ ਪ੍ਰਕਰਣ ਨੂੰ ਆਧਾਰ ਬਣਾ ਕੇ ਜੀਵ ਇਸਤ੍ਰੀ ਤੇ ਪ੍ਰਭੂ-ਪਤੀ ਦੇ ਸੰਜੋਗ (ਮਿਲਾਪ) ਦਾ ਹੀ ਜ਼ਿਕਰ ਕੀਤਾ ਹੋਇਆ ਹੈ}

ਅਰਥ- ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਤੇ ਅਨੰਤ ਤਾਕਤਾਂ ਦਾ ਮਾਲਿਕ ਹੈਂ ਜਦਕਿ ਮੈਂ ਇਤਣੀ ਕਮਜ਼ੋਰ ਹਾਂ ਕਿ ਚਾਹੁੰਦੇ ਹੋਏ ਵੀ ਤੇਰੇ ਉਨ੍ਹਾਂ ਅਨੰਤ ਗੁਣਾਂ ਦਾ ਰਤੀ ਭਰ ਵੀ ਵਰਨਣ ਕਰਣ ਜੋਗ ਨਹੀਂ। {ਅਸਲ `ਚ ਇਹ ਹੈ ਜੀਵ ਇਸਤ੍ਰੀ ਦੇ ਮਨ ਦੀ ਪ੍ਰਭੂ ਪਤੀ ਦੇ ਮਿਲਾਪ ਲਈ ਬੇਹਬਲਤਾ, ਉਡੀਕ ਤੇ ਤੀਬ੍ਰਤਾ} (ਰਹਾਉ)

ਉਪ੍ਰੰਤ ਸ਼ਬਦ `ਚ ਜੀਵ ਇਸਤ੍ਰੀ ਨੂੰ ਗੁਰਦੇਵ ਵੱਲੋਂ ਆਦੇਸ਼ ਹੈ:-

"ਐ ਜੀਵ ਇਸਤ੍ਰੀ! ਪ੍ਰਭੂ ਪਤੀ ਦੇ ਚਰਣਾਂ `ਚ ਆਤਮ ਸਮ੍ਰਪਣ (ਕੰਨਿਆ ਦਾਨ) ਤੇ ਪ੍ਰਭੂ ਪਤੀ ਨਾਲ ਮਿਲਾਪ ਲਈ:-

ਤੂੰ ਆਪਣੀ ਚੰਚਲ ਮੱਤ ਨੂੰ, ਮਾਤਾ ਦੀ ਨਿਘੀ ਗੋਦ ਵਾਲੇ ਟਿਕਾਅ `ਚ ਲਿਆ, ਤ੍ਰਿਸ਼ਨਾ ਦੀ ਅੱਗ ਦੇ ਬਦਲੇ, ਅਜਿਹੇ ਆਤਮ ਸਮ੍ਰਪਣ ‘ਕੰਨਿਆ ਦਾਨ’ ਸਮੇ ਤੇਰੇ ਅੰਦਰ ਸੰਤੋਖ ਤੇਰਾ ਪਿਤਾ ਹੋਵੇ ਤੇ ਸਾਰੀ ਖ਼ਲਕਤ ਲਈ ਪਿਆਰ ਤੇਰੇ ਭੈਣ, ਭਾਈ ਆਦਿ ਸੁਚੱਜਾ ਤੇ ਉਚੇਚਾ (ਇਹ ਵਿਸੇਖ) ਮੇਲ ਹੋਵੇ।

ਇਸ ਤਰ੍ਹਾਂ ਤੇਰਾ ਸਹਿਜੇ ਹੀ, ਪ੍ਰਭੂ ਪਤੀ ਨਾਲ ਮਿਲਾਪ ਤੇ ਸੰਜੋਗ ਹੋ ਜਾਵੇਗਾ।

"ਜਿਵੇਂ ਅਣਮਤੀ ‘ਕੰਨਿਆ ਦਾਨ’ ਸਮੇਂ ਬ੍ਰਾਹਮਣ ਰਾਹੀਂ ਕਢਿਆ ਸਾਹਾ ਨਹੀਂ ਟਲਦਾ" ; ਉਵੇਂ ਨਿਯਮ ਨਾਲ ਤੇ ਮਨ ਕਰਕੇ ਸਾਧ ਸੰਗਤ ਦਾ ਮਿਲਾਪ (ਕਰਣੀ ਕਾਮਣਿ) ਤੇਰੇ ਲਈ ਮੋਹ-ਮਾਇਆ ਤੋਂ ਤੋੜ ਵਿਛੋੜੇ (ਵਿਜੋਗ) ਦਾ ਰਾਹ ਬਣਨਗੇ। ਇਸਤਰ੍ਹਾਂ ਮਾਨੋ ਪ੍ਰਭੂ ਮਿਲਾਪ ਵਾਲੇ ਤੇਰੇ ਉਸ ਨਵੇਂ ਜੀਵਨ ਲਈ, ਇਹੀ ਤੇਰੇ ਲਈ "ਸਾਹਾ, ਸੰਜੋਗ ਤੇ ਵਿਆਹ ਆਦਿ" ਹੋਣਗੇ।

ਐ ਜੀਵ ਇਸਤ੍ਰੀ! ਅਜਿਹੇ ਉੱਤਮ ਪ੍ਰਭੂ ਮਿਲਾਪ ਵਾਲੇ ਨਵੇਂ ਜੀਵਨ `ਚ "ਸਰਮ-ਸੁਰਤ" ਅਥਵਾ "ਉੱਦਮ ਤੇ ਉੱਚੀ ਮੱਤ" ਤੇਰੇ ਸਸ-ਸਹੁਰਾ ਹੋਣਗੇ ਅਤੇ ਇਸਤਰ੍ਹਾਂ ਜਿਹੜਾ ਤੂੰ ਹਰ ਸਮੇ ਪ੍ਰਭੂ ਦੇ ਰੰਗ `ਚ ਰੰਗੀ ਰਵੇਂਗੀ ਇਹ ਮਾਨੋ ਤੇਰੀ ਸੰਤਾਨ ਹੋਵੇਗੀ।

ਐ ਜੀਵ ਇਸਤ੍ਰੀ! ਇਹੀ ਹੈ ਤੇਰੇ ਰਾਹੀਂ ਪ੍ਰਭੂ ਪਤੀ ਨੂੰ ਪ੍ਰਣਾਉਣਾ ਤੇ ਮਨੁੱਖਾ ਜਨਮ ਦੇ ਮਕਸਦ ਦੀ ਪ੍ਰਾਪਤੀ ਅਥਵਾ ਤੇਰੇ ਮਨੁੱਖਾ ਜਨਮ ਦੀ ਸਫ਼ਲਤਾ ਦਾ ਇਕੋ-ਇਕ ਰਾਜ਼।

(ਐ ਜੀਵ ਇਸਤ੍ਰੀ! ਇਹੀ ਹੈ ਦਾ ਅਸਲ ‘ਕੰਨਿਆ ਦਾਨ’ ਤੇ ਪ੍ਰਭੂ ਪਤੀ ਨਾਲ ਜੀਵ ਇਸਤ੍ਰੀ ਦਾ ਸਦੀਵੀ ਮਿਲਾਪ)। (ਪੰ: ੧੫੧-੫੨)

"ਸਭੁ ਆਤਮਰਾਮੁ ਪਛਾਣਿਆ,

ਗੁਰਮਤੀ ਨਿਜ ਘਰਿ ਵਾਸੁ…"

(ਸ਼ੰ: ੪੧) ਸਚੁ ਖਾਣਾ ਸਚੁ ਪੈਨਣਾ, ਸਚੇ ਹੀ ਵਿਚਿ ਵਾਸੁ॥ ਸਦਾ ਸਚਾ ਸਾਲਾਹਣਾ, ਸਚੈ ਸਬਦਿ ਨਿਵਾਸੁ॥ ਸਭੁ ਆਤਮਰਾਮੁ ਪਛਾਣਿਆ, ਗੁਰਮਤੀ ਨਿਜ ਘਰਿ ਵਾਸੁ॥ ੩॥

ਸਚੁ ਵੇਖਣੁ ਸਚੁ ਬੋਲਣਾ, ਤਨੁ ਮਨੁ ਸਚਾ ਹੋਇ॥ ਸਚੀ ਸਾਖੀ ਉਪਦੇਸੁ ਸਚੁ, ਸਚੇ ਸਚੀ ਸੋਇ॥ ਜਿੰਨੀ ਸਚੁ ਵਿਸਾਰਿਆ, ਸੇ ਦੁਖੀਏ ਚਲੇ ਰੋਇ॥ ੪॥

ਸਤਿਗੁਰੁ ਜਿਨੀ ਨ ਸੇਵਿਓ, ਸੇ ਕਿਤੁ ਆਏ ਸੰਸਾਰਿ॥ ਜਮ ਦਰਿ ਬਧੇ ਮਾਰੀਅਹਿ, ਕੂਕ ਨ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ, ਮਰਿ ਜੰਮਹਿ ਵਾਰੋ ਵਾਰ॥ ੫॥ (ਪੰ: ੬੯)

ਅਰਥ-ਜਿਨ੍ਹਾਂ ਦੀ ਆਤਮਕ ਖ਼ੁਰਾਕ ਤੇ ਪੁਸ਼ਾਕ, ਸਦਾ-ਥਿਰ ਪ੍ਰਭੂ ਦਾ ਨਾਮ ਹੁੰਦਾ ਹੈ, ਉਹ ਅੰਤਰ ਆਤਮੇ ਪ੍ਰਭੂ `ਚ ਹੀ ਅਭੇਦ ਰਹਿੰਦੇ ਹਨ, ਭਾਵ ਪ੍ਰਭੂ ਦੀ ਸਿਫ਼ਤ ਸਾਲਾਹ ਹੀ ਉਨ੍ਹਾਂ ਦਾ ਜੀਵਨ ਹੁੰਦਾ ਹੈ। ਜਿਹੜੇ ਸੁਰਤ ਕਰਕੇ ਸਦਾ-ਥਿਰ ਪ੍ਰਭੂ ਨਾਲ ਜੁੜੇ ਰਹਿੰਦੇ ਹਨ ਉਨ੍ਹਾਂ ਦਾ ਵਾਸਾ ਸ਼ਬਦ ਗੁਰੂ `ਚ ਹੋ ਜਾਂਦਾ ਹੈ। ਉਹ ਹਰ ਥਾਂ ਸਰਬ ਵਿਆਪਕ ਪ੍ਰਭੂ ਨੂੰ ਜਾਣਦੇ ਹਨ ਤੇ ਗੁਰੂ ਦੀ ਮਤਿ `ਤੇ ਟੁਰ ਕੇ ਜੀਂਦੇ ਜੀਅ ਪ੍ਰਭੂ `ਚ ਅਭੇਦ ਹੋਏ ਰਹਿੰਦੇ ਹਨ। ੩।

ਜਿਹੜਾ ਮਨੁੱਖ ਸਦਾ-ਥਿਰ ਪ੍ਰਭੂ ਨੂੰ ਹਰ ਥਾਂ ਦੇਖਦਾ ਤੇ ਜਿਸ ਨੂੰ ਹਰ ਥਾਂ ਪ੍ਰਭੂ ਹੀ ਬੋਲਦਾ ਮਹਿਸੂਸ ਹੁੰਦਾ ਹੈ, ਉਸ ਦੇ ਮਨ ਤੇ ਤਨ `ਤੇ ਵਿਕਾਰ ਭਾਰੂ ਨਹੀਂ ਹੋ ਸਕਦੇ। ਸ਼ਬਦ-ਗੁਰੂ ਦੀ ਸਿੱਖਿਆ ਤੇ ਉਪਦੇਸ਼ ਨਾਲ ਜੁੜੇ ਰਹਿਣ ਕਰਕੇ ਉਸ ਦੀ ਸ਼ੋਭਾ ਵੀ ਸਦਾ ਲਈ ਅਟੱਲ ਹੋ ਜਾਂਦੀ ਹੈ।

ਪਰ ਜਿਨ੍ਹਾਂ ਨੇ ਜੀਵਨ ਪ੍ਰਯੰਤ ਸਦਾ-ਥਿਰ ਪ੍ਰਭੂ ਨੂੰ ਭੁਲਾਈ ਰੱਖਿਆ, ਉਹ ਇਥੇ ਵੀ ਦੁਖੀ ਹੁੰਦੇ ਤੇ ਭਟਕਦੇ ਰਹਿੰਦੇ ਹਨ। ਉਪ੍ਰੰਤ ਮੌਤ ਤੋਂ ਬਾਅਦ ਵੀ ਦੁਖੀ ਹੁੰਦੇ ਭਾਵ ਮੁੜ ਜਨਮਾਂ-ਗਰਭਾਂ ਦੇ ਗੇੜ `ਚ ਪੈਂਦੇ ਤੇ ਬੀਤੇ ਸਮੇਂ ਲਈ ਪਛਤਾਉਂਦੇ ਹਨ। ੪।

ਜਿਨ੍ਹਾਂ ਨੇ ਜੀਵਨ ਭਰ ਸਤਿਗੁਰੂ ਦਾ ਪੱਲਾ ਨਾ ਫੜਿਆ ਭਾਵ ਜਿਹੜੇ ਜੀਵਨ ਭਰ ਸ਼ਬਦ-ਗੁਰੂ ਦੇ ਅਨੁਸਾਰੀ ਨਹੀਂ ਹੋਏ, ਉਨ੍ਹਾਂ ਦਾ ਸੰਸਾਰ `ਚ ਆਉਣਾ ਵਿਅਰਥ ਹੋ ਗਿਆ।

"ਜਮ ਦਰਿ ਬਧੇ ਮਾਰੀਅਹਿ, ਕੂਕ ਨ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ, ਮਰਿ ਜੰਮਹਿ ਵਾਰੋ ਵਾਰ "ਉਹ ਜੀਂਦੇ ਜੀਅ ਵੀ ਵਿਕਾਰਾਂ ਦੀ ਮਾਰ ਖਾਂਦੇ, ਭਟਕਣਾ `ਚ ਪਏ ਰਹਿੰਦੇ ਤੇ ਖੁਆਰੀਆਂ ਭੋਗਦੇ ਹਨ, ਮੌਤ ਤੋਂ ਬਾਅਦ ਵੀ ਉਹ ਫਿਰ ਤੋਂ ਉਨ੍ਹਾਂ ਹੀ ਭਿੰਨ-ਭਿੰਨ ਜਨਮਾਂ-ਜੂਨਾਂ ਤੇ ਗਰਭਾਂ ਦੇ ਗੇੜ `ਚ ਪੈਂਦੇ ਤੇ ਪਛਤਾਉਂਦੇ ਹਨ, ਪਰ ਉਸ ਸਮੇ ਉਨ੍ਹਾਂ ਦਾ ਕੋਈ ਵੀ ਮਦਦਗਾਰ ਤੇ ਹਮਦਰਦ ਨਹੀਂ ਹੁੰਦਾ ਤੇ ਵਾਤ ਨਹੀਂ ਸੁਣਦਾ। ੫। (ਪੰ: ੬੯)

"ਸਚੀ ਸੰਗਤਿ ਬੈਸਣਾ, ਸਚਿ ਨਾਮਿ ਮਨੁ ਧਰਿ. ."

(ਸੰ: ੪੨) "ਸਤਿਗੁਰਿ ਸੇਵਿਐ ਮਨੁ ਨਿਰਮਲਾ, ਭਏ ਪਵਿਤੁ ਸਰੀਰ॥ ਮਨਿ ਆਨੰਦੁ, ਸਦਾ ਸੁਖੁ ਪਾਇਆ, ਭੇਟਿਆ ਗਹਿਰ ਗੰਭੀਰੁ॥ ਸਚੀ ਸੰਗਤਿ ਬੈਸਣਾ, ਸਚਿ ਨਾਮਿ ਮਨੁ ਧੀਰ॥ ੧॥ ਮਨ ਰੇ, ਸਤਿਗੁਰੁ ਸੇਵਿ ਨਿਸੰਗੁ॥ ਸਤਿਗੁਰ ਸੇਵਿਐ ਹਰਿ ਮਨ ਵਸੈ, ਲਗੈ ਨ ਮੈਲੁ ਪਤੰਗੁ॥ ੧॥ ਰਹਾਉ॥

ਸਚੈ ਸਬਦਿ ਪਤਿ ਊਪਜੈ, ਸਚੇ ਸਚਾ ਨਾਉ॥ ਜਿਨੀ ਹਉਮੈ ਮਾਰਿ ਪਛਾਣਿਆ, ਹਉ ਤਿਨ ਬਲਿਹਾਰੈ ਜਾਉ॥ ਮਨਮੁਖ ਸਚੁ ਨ ਜਾਣਨੀ, ਤਿਨ ਠਉਰ ਨ ਕਤਹੂ ਥਾਉ॥ . ." (ਪੰ: ੬੯)

ਅਰਥ-ਜੇ ਸ਼ਬਦ-ਗੁਰੂ ਦਾ ਪੱਲਾ ਫੜੀ ਰੱਖੀਏ, ਤਾਂ ਮਨ ਤੇ ਸਰੀਰ ਦੋਵੇਂ ਪਵਿਤ੍ਰ ਹੋ ਜਾਂਦੇ ਹਨ ਭਾਵ ਦਸੋਂ ਗਿਆਨ ਤੇ ਕਰਮ ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ। ਜਿਹੜਾ ਮਨੁੱਖ ਸ਼ਬਦ ਗੁਰੂ ਦੀ ਸ਼ਰਣ `ਚ ਆ ਜਾਂਦਾ ਹੈ ਉਸ ਦਾ ਮਨ ਸਦਾ ਅਨਂਦਤ ਰਹਿੰਦਾ ਹੈ।

ਇਸ ਤਰ੍ਹਾਂ ਉਹ ਡੂੰਘੇ ਅਤੇ ਵੱਡੇ ਜਿਗਰੇ ਵਾਲੇ ਪ੍ਰਭੂ ਨਾਲ ਸਦਾ ਅਭੇਦ ਹੋ ਕੇ ਜੀਵਨ ਜੀਊਂਦੇ ਤੇ ਸਦੀਵੀ ਆਤਮਕ ਸੁਖ ਮਾਣਦੇ ਹਨ। ਪ੍ਰਭੂ ਪਿਆਰਿਆਂ ਦੀ ਸੰਗਤਿ `ਚ ਰਿਹਾਂ ਮਨ ਸਦਾ-ਥਿਰ ਅਤੇ ਪ੍ਰਭੂ ਦੇ ਨਾਮ ਅਥਵਾ ਸਿਫ਼ਤ ਸਲਾਹ `ਚ ਟਿਕਿਆ ਰਹਿੰਦਾ ਹੈ। ੧।

ਤਾਂ ਤੇ ਹੇ ਮੇਰੇ ਮਨ! ਤੂੰ ਵੀ ਨਿਸੰਗ ਹੋ ਕੇ ਸ਼ਬਦ-ਗੁਰੂ ਦੀ ਸ਼ਰਣ ਪਉ, ਗੁਰੂ ਦੀ ਸ਼ਰਣ ਪਿਆਂ, ਪ੍ਰਭੂ ਜੀਵ ਦੇ ਮਨ `ਚ ਵੱਸਦਾ ਹੈ ਤੇ ਉਸ ਮਨ ਨੂੰ ਰਤਾ ਭਰ ਵੀ ਵਿਕਾਰਾਂ ਦੀ ਮੈਲ ਨਹੀਂ ਪਹੁੰਦੀ। ੧। ਰਹਾਉ।

ਸ਼ਬਦ-ਗੁਰੂ ਦੀ ਸ਼ਰਣ ਪਿਆਂ ਮਨੁੱਖ ਸਦਾ-ਥਿਰ ਪ੍ਰਭੂ ਦੀ ਸਿਫ਼ਤਿ-ਸਲਾਹ ਨਾਲ ਜੁੜਿਆ ਰਹਿੰਦਾ ਤੇ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਂਦਾ ਹੈ। ਇਸੇ ਤੋਂ ਉਸ ਦਾ ਇਹ ਲੋਕ ਤੇ ਪ੍ਰਲੋਕ ਦੋਵੇਂ ਸੇਹੇਲੇ ਹੋ ਜਾਂਦੇ ਹਨ। ਇਸ ਤਰ੍ਹਾਂ ਜਿਹੜੇ ਆਪਣੇ ਅੰਦਰੋਂ ਹਉਮੈ ਦੂਰ ਕਰ ਕੇ ਪ੍ਰਭੂ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਮੈਂ ਉਨ੍ਹਾਂ ਤੋਂ ਬਲਿਹਾਰੇ ਜਾਂਦਾ ਹਾਂ।

ਮਨਮੁਖ, ਅਸਲੇ ਪ੍ਰਭੂ ਦੀ ਪਛਾਣ ਨਹੀਂ ਕਰਦੇ, ਇਸੇ ਲਈ ਉਨ੍ਹਾਂ ਨੂੰ ਇਥੇ ਤੇ ਕਿੱਧਰੇ ਵੀ ਆਤਮਕ ਟਿਕਾਅ ਨਹੀਂ ਮਿਲਦਾ ਭਾਵ ਉਹ ਜੀਵਨ ਭਰ ਵੀ ਭਟਕਦੇ ਰਹਿੰਦੇ ਹਨ ਤੇ ਖੁਆਰ ਹੁੰਦੇ ਹਨ ਤੇ ਮੌਤ ਤੋਂ ਬਾਅਦ ਵੀ ਪ੍ਰਭੂ `ਚ ਅਭੇਦ ਨਹੀਂ ਹੁੰਦੇ; ਮੁੜ ਜਨਮਾਂ-ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਗੇੜ `ਚ ਹੀ ਪਾਏ ਜਾਂਦੇ ਹਨ। ੨। (ਪੰ: ੬੯)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠ’ ਪੁਸਤਕਾਂ ਤੇ ਹੋਰ ਲਿਖ਼ਤਾਂ ਜਿਵੇਂ ਹੁਣ ਨਵੀਂ ਅਰੰਭ ਕੀਤੀ ਗਈ ਗੁਰਮੱਤ ਸੰਦੇਸ਼ਾਂ ਵਾਲੀ ਸੀਰੀਜ਼, ਸਭ ਦਾ ਮਕਸਦ ਇਕੋ ਹੀ ਹੈ। ਉਹ ਮਕਸਦ ਹੈ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ "ਗੁਰੂ ਗ੍ਰੰਥ ਸਾਹਿਬ" ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this ਗੁਰਮੱਤ ਸੰਦੇਸ਼ (ਭਾਗ ਦਸਵਾਂ)

ਲੜੀ ਵਾਰ (ਸੰ: ੪੦ ਤੋਂ ੪੨) (ਭਾਗ ਦਸਵਾਂ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

For all the Self Learning Gurmat Lessons including recently started "Gurmat Sndesh" Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps etc

with the intention of Gurmat Parsar, at quite nominal printing cost i.e. mostly Rs 350/-(in rare cases Rs. 450/- per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.