.

ਸੈਕਸ, ਡਰੱਗਜ਼, ਇੰਟਰਟੇਨਮੈਂਟ ਬਨਾਮ ਆਤਮਿਕ ਆਨੰਦ!
-ਹਰਚਰਨ ਸਿੰਘ ਪਰਹਾਰ (ਸੰਪਾਦਕ-ਸਿੱਖ ਵਿਰਸਾ)

ਦੁਨੀਆਂ ਭਰ ਵਿੱਚ ਪ੍ਰਚਲਤ ਜਥੇਬੰਧਕ ਧਾਰਮਿਕ ਫਿਰਕਿਆਂ ਦੇ ਪ੍ਰਚਾਰ ਸਾਧਨਾਂ, ਮਰਿਯਾਦਾਵਾਂ ਜਾਂ ਗ੍ਰੰਥਾਂ ਵੱਲ ਨਿਗ੍ਹਾ ਮਾਰੀਏ ਤਾਂ ਦੇਖਣ ਨੂੰ ਲਗਦਾ ਹੈ ਕਿ ਇਹ ਸਭ ਮਨੁੱਖਤਾ ਦੀ ਭਲਾਈ ਲਈ ਜਾਂ ਸਮਾਜ ਨੂੰ ਬਿਹਤਰ ਬਣਾਉਣ ਲਈ, ਆਪਣੇ ਸ਼ਰਧਾਲੂਆਂ ਨੂੰ ਜਿਸ ਢੰਗ ਨਾਲ ਨੈਤਿਕਤਾ ਦਾ ਪਾਠ ਪੜ੍ਹਾ ਰਹੇ ਹਨ, ਇਸ ਨਾਲ ਇਹ ਮਨੁੱਖਤਾ ਦਾ ਬੜਾ ਭਲਾ ਕਰ ਰਹੇ ਹਨ। ਪਰ ਉਨ੍ਹਾਂ ਦੇ ਅਜਿਹੇ ਪ੍ਰਚਾਰ ਨਾਲ ਪਿਛਲ਼ੇ 5000 ਸਾਲ ਦੇ ਇਨ੍ਹਾਂ ਦੇ ਅਖੌਤੀ ਧਰਮ ਪ੍ਰਚਾਰ ਨੇ ਮਨੁੱਖ ਨੂੰ ਅੱਗੇ ਤੋਂ ਅੱਗੇ ਅਨੈਤਿਕ ਹੀ ਬਣਾਇਆ ਹੈ। ਜੇ ਸੰਸਾਰ ਭਰ ਦੇ ਵੱਖ-ਵੱਖ ਦੇਸ਼ਾਂ ਦੇ ਸਮਾਜਾਂ ਬਾਰੇ ਜਾਣਕਾਰੀ ਇਕੱਤਰ ਕੀਤੀ ਜਾਵੇ ਤਾਂ ਇਹ ਗੱਲ ਪ੍ਰਤੱਖ ਸਮਝ ਆਉਂਦੀ ਹੈ ਕਿ ਉਹ ਸਮਾਜ ਵੱਧ ਅਨੈਤਿਕ, ਚਰਿਤਰਹੀਣ ਜਾਂ ਅਸੱਭਿਅਕ ਹਨ, ਜਿਥੇ ਇਨ੍ਹਾਂ ਅਖੌਤੀ ਧਰਮਾਂ ਦਾ ਵੱਧ ਬੋਲ-ਬਾਲਾ ਹੈ ਤੇ ਖਾਸਕਰ ਉਥੇ ਜਿਥੇ ਧਰਮ ਅਧਾਰਿਤ ਰਾਜ ਪ੍ਰਬੰਧ ਹੈ। ਪਿਛਲਾ ਤੇ ਮੌਜੂਦਾ ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ ਕਿ ਧਰਮ ਅਧਾਰਿਤ ਰਾਜ, ਸਭ ਤੋਂ ਨਖਿਧ ਸਾਬਿਤ ਹੋਏ ਹਨ। ਜਿਥੇ ਮਨੁੱਖ ਦਾ ਹੋਣਾ ਕੋਈ ਅਹਿਮੀਅਤ ਨਹੀਂ ਰੱਖਦਾ, ਸਗੋਂ ਗਲ਼ੀਆਂ, ਸੜ੍ਹੀਆਂ ਤੇ ਰੂੜੀਵਾਦੀ ਧਾਰਮਿਕ ਮਰਿਯਾਦਾਵਾਂ ਤੇ ਪ੍ਰੰਪਰਾਵਾਂ ਦੀ ਪ੍ਰਧਾਨਤਾ ਹੈ, ਜਿਸਨੇ ਮਨੁੱਖ ਨੂੰ ਦਵੰਧ ਵਿੱਚ ਪਾ ਕੇ ਸਿਰੇ ਦਾ ਪਾਖੰਡੀ ਬਣਾ ਦਿੱਤਾ ਹੈ। ਬਾਹਰੋਂ ਧਾਰਮਿਕ ਪਹਿਰਾਵੇ ਤੇ ਚਿੰਨ੍ਹਾਂ ਨਾਲ ਲੈਸ ਤੇ ਧਰਮ ਵਿੱਚ ਵੱਧ ਵਿਸ਼ਵਾਸ਼ੀ ਦਿਸਣ ਵਾਲਾ ਮਨੁੱਖ ਹੀ ਸਭ ਤੋਂ ਵੱਧ ਅਧਾਰਮਿਕ ਤੇ ਅਨੈਤਿਕ ਹੁੰਦਾ ਹੈ। ਅਜਿਹੇ ਵਿੱਚ ਬਾਹਰੋਂ ਧਾਰਮਿਕ ਰੀਤਾਂ, ਰਸਮਾਂ ਨਿਭਾਉਂਦਾ ਮਨੁੱਖ, ਅੰਦਰੋਂ ਖੋਖਲਾ ਹੁੰਦਾ ਜਾ ਰਿਹਾ ਹੈ ਤੇ ਲੁਕ-ਛਿਪ ਕੇ ਉਹ ਅਜਿਹਾ ਸਭ ਕੁੱਝ ਕਰ ਰਿਹਾ ਹੈ, ਜਿਸਨੂੰ ਇਹ ਧਾਰਮਿਕ ਫਿਰਕੇ ਸਦੀਆਂ ਤੋਂ ਪੀੜ੍ਹੀ-ਦਰ-ਪੀੜ੍ਹੀ ਅਨੈਤਿਕ ਤੇ ਅਸਭਿਅਕ ਦੱਸ ਰਹੇ ਹਨ। ਆਮ ਤੌਰ ਤੇ ਇਹ ਵੀ ਦੇਖਣ ਵਿੱਚ ਆਉਂਦਾ ਹੈ ਕਿ ਤਕਰੀਬਨ ਸਾਰੇ ਧਾਰਮਿਕ ਫਿਰਕੇ ਸਿੱਧੇ ਜਾਂ ਅਸਿੱਧੇ ਢੰਗ ਨਾਲ ਆਪਣੇ ਪ੍ਰਚਾਰ ਸਾਧਨਾਂ ਰਾਹੀਂ ਕਾਮ (ਸੈਕਸ), ਨਸ਼ੇ (ਡਰੱਗਜ਼), ਮਨੋਰੰਜ਼ਨ (ਇੰਟਰਟੇਨਮੈਂਟ) ਆਦਿ ਦਾ ਵਿਰੋਧ ਕਰਦੇ ਹਨ ਤੇ ਇਸਨੂੰ ਨਾ ਸਿਰਫ ਧਰਮ ਵਿਰੋਧੀ ਗਰਦਾਨਦੇ ਹਨ, ਸਗੋਂ ਇਸਨੂੰ ਮਨੁੱਖਤਾ ਵਿਰੋਧੀ ਕੁਕਰਮ ਕਹਿ ਕੇ ਵੀ ਪ੍ਰਚਾਰ ਕਰਦੇ ਹਨ। ਜਥੇਬੰਧਕ ਧਰਮ ਮਨੁੱਖ ਨੂੰ ਆਪਣੀਆਂ ਨਾਕਾਰਤਮਕ ਤਾਕਤਾਂ (ਨੈਗੇਟਿਵ ਅਨਰਜੀਜ਼) ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਈਰਖਾ, ਦਵੇਸ਼, ਨਫਤਰ ਆਦਿ ਨੂੰ ਸਕਾਰਾਤਮਕ ਬਣਾ ਕੇ ਜੀਵਨ ਨੂੰ ਆਨੰਦਮਾਈ ਬਣਾਉਣ ਦਾ ਰਸਤਾ ਦਿਖਾਉਣ ਦੀ ਥਾਂ, ਉਨ੍ਹਾਂ ਦਾ ਦਮਨ (ਸਪਰੈਸ਼ਨ) ਕਰਨਾ ਸਿਖਾਉਂਦੇ ਹਨ, ਜਿਸ ਨਾਲ ਮਨੁੱਖ ਦੁਬਿਧਾ ਦਾ ਸ਼ਿਕਾਰ ਹੋ ਕੇ ਧਾਰਮਿਕ ਪਾਖੰਡੀ ਬਣ ਜਾਂਦਾ ਹੈ। ਅਜਿਹਾ ਪ੍ਰਚਾਰ ਅੱਜ ਤੋਂ ਨਹੀਂ, ਜਦੋਂ ਤੋਂ ਜਥੇਬੰਧਕ ਧਰਮ ਹੋਂਦ ਵਿੱਚ ਆਏ ਹਨ, ਉਦੋਂ ਤੋਂ ਹੀ ਅਜਿਹਾ ਕਰਦੇ ਆ ਰਹੇ ਹਨ। ਬੇਸ਼ਕ ਮਨੁੱਖ ਇਸ ਧਰਤੀ ਤੇ ਲੱਖਾਂ ਸਾਲਾਂ ਤੋਂ ਇਸ ਰੂਪ ਵਿੱਚ ਵਿਚਰ ਰਿਹਾ ਹੈ, ਪਰ ਮੌਜੂਦਾ ਜਥੇਬੰਧਕ ਧਾਰਮਿਕ ਫਿਰਕਿਆਂ ਦਾ ਇਤਿਹਾਸ 5000 ਸਾਲ ਤੋਂ ਜ਼ਿਆਦਾ ਪੁਰਾਣਾ ਨਹੀਂ ਹੈ ਤੇ ਇਤਿਹਾਸ ਇਸ ਗੱਲ ਦੀ ਵੀ ਗਵਾਹੀ ਭਰਦਾ ਹੈ ਕਿ ਮਨੁੱਖ ਜਿਤਨਾ ਅਨੈਤਿਕ ਇਨ੍ਹਾਂ 5000 ਸਾਲਾਂ ਵਿੱਚ ਹੋਇਆ ਹੈ, ਉਤਨਾ ਅਨੈਤਿਕ ਪਹਿਲਾਂ ਕਦੇ ਵੀ ਨਹੀਂ ਸੀ। ਇਸ ਤੋਂ ਇਹ ਗੱਲ ਬਿਲਕੁਲ ਸਪੱਸ਼ਟ ਹੈ ਕਿ ਮੌਜੂਦਾ ਜਥੇਬੰਧਕ ਧਰਮਾਂ ਨੇ ਮਨੁੱਖ ਦੀ ਨਿੱਜ਼ੀ ਆਜ਼ਾਦੀ ਨੂੰ ਧਰਮ ਦੀਆਂ ਅਖੌਤੀ ਮਰਿਯਾਦਾਵਾਂ ਜਾਂ ਪ੍ਰੰਪਰਾਵਾਂ ਦੇ ਨਾਮ ਤੇ ਕੁਚਲਿਆ ਹੈ ਤੇ ਉਸਦੀ ਸੋਚ ਨੂੰ ਵੀ ਮਾਨਵਤਾਵਾਦੀ ਨਹੀਂ ਰਹਿਣ ਦਿੱਤਾ ਅਤੇ ਉਸਨੂੰ ਫਿਰਕਿਆਂ ਦੀ ਸੰਕੀਰਣ ਸੋਚ ਵਿੱਚ ਬੰਨ੍ਹ ਕੇ ਮਨੁੱਖ ਨੂੰ ਮਨੁੱਖ ਤੋਂ ਤੋੜਿਆ ਹੈ, ਮਨੁੱਖੀ ਸਾਂਝ ਨੂੰ ਬਰਬਾਦ ਕੀਤਾ ਹੈ, ਇਸੇ ਕਰਕੇ ਧਰਮ ਮਨੁੱਖ ਲਈ ਕੱਚ ਦਾ ਸਮਾਨ ਬਣਿਆ ਹੋਇਆ ਹੈ, ਜਿਥੇ ਉਸਦੀਆਂ ਧਾਰਮਿਕ ਭਾਵਨਾਵਾਂ ਛੋਟੀ ਛੋਟੀ ਗੱਲ ਤੇ ਭੜਕ ਸਕਦੀਆਂ ਹਨ, ਮਨੁੱਖ ਨੂੰ ਇਨ੍ਹਾਂ ਜਥੇਬੰਧਕ ਧਾਰਮਿਕ ਫਿਰਕਿਆਂ ਨੇ ਬਹੁਤ ਹੀ ਅਸਹਿਣਸ਼ੀਲ ਬਣਾ ਦਿੱਤਾ ਹੈ। ਮਨੁੱਖ ਧਰਮ ਦੇ ਨਾਮ ਤੇ ਹਮੇਸ਼ਾਂ ਮਰਨ ਮਾਰਨ ਲਈ ਤਿਆਰ ਰਹਿੰਦਾ ਹੈ। ਪੰਜ ਹਜਾਰ ਸਾਲ ਦੇ ਇਤਿਹਾਸ ਵਿੱਚ ਪੰਦਰਾਂ ਹਜ਼ਾਰ ਯੁੱਧ ਧਰਮ ਦੇ ਨਾਮ ਤੇ ਹੋ ਚੁੱਕੇ ਹਨ। ਅੱਜ ਵੀ ਧਰਮ ਦੇ ਨਾਮ ਤੇ ਅੱਤਵਾਦ ਫੈਲਾਇਆ ਜਾ ਰਿਹਾ ਹੈ। ਇਸ ਸਭ ਨਾਲ ਮਨੁੱਖ ਦਾ ਮਾਨਸਿਕ ਵਿਕਾਸ ਨਹੀਂ, ਵਿਨਾਸ਼ ਹੀ ਹੋਇਆ ਹੈ। ਇੱਕ ਪਾਸੇ ਸਾਇੰਸਦਾਨਾਂ ਵਲੋਂ ਬਣਾਏ ਖਤਰਨਾਕ ਹਥਿਆਰਾਂ ਨੂੰ ਧਾਰਮਿਕ ਫਿਰਕੇ ਭੰਡਦੇ ਹਨ, ਦੂਜੇ ਪਾਸੇ ਇਨ੍ਹਾਂ ਖਤਰਨਾਕ ਤੇ ਮਾਰੂ ਹਥਿਆਰਾਂ ਦੀ ਵਰਤੋਂ ਵੀ ਸਭ ਤੋਂ ਵੱਧ ਧਾਰਮਿਕ ਫਿਰਕਿਆਂ ਦੇ ਜਨੂੰਨੀ ਲੋਕ ਹੀ ਕਰ ਰਹੇ ਹਨ। ਬੇਸ਼ਕ ਮਨੁੱਖ ਨੇ ਆਪਣੀ ਮਿਹਨਤ ਤੇ ਦਿਮਾਗ ਨਾਲ ਆਰਥਿਕ ਤੇ ਮਸ਼ੀਨੀ ਤਰੱਕੀ ਕੀਤੀ ਹੈ, ਪਰ ਇਨ੍ਹਾਂ ਧਰਮਾਂ ਨੇ ਮਨੁੱਖ ਦੀ ਇਸ ਖੋਜੀ ਬਿਰਤੀ ਜਾਂ ਵਿਗਿਆਨਕ ਸੋਚ ਨੂੰ ਵੀ ਖੁੰਡਾ ਕਰਨ ਲਈ ਜਾਂ ਇਸ ਤੇ ਰੋਕਾਂ ਲਗਾਉਣ ਵਿੱਚ ਕਦੇ ਕੋਈ ਕਸਰ ਬਾਕੀ ਨਹੀਂ ਛੱਡੀ। ਇਨ੍ਹਾਂ ਜਥੇਬੰਧਕ ਧਰਮਾਂ ਦੇ ਅਨੇਕਾਂ ਵਿਰੋਧਾਂ ਦੇ ਬਾਵਜੂਦ ਵੀ ਮਨੁੱਖ ਨੇ ਆਰਥਿਕ ਤੇ ਵਿਗਿਆਨਕ ਖੇਤਰ ਵਿੱਚ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਹਨ, ਜਿਸ ਨਾਲ ਮਨੁੱਖ ਨੂੰ ਅੱਜ ਹਰ ਖੇਤਰ ਵਿੱਚ ਅਨੇਕਾਂ ਸੁੱਖ-ਸੁਵਿਧਾਵਾਂ ਉਪਲਬਧ ਹੋਈਆਂ ਹਨ ਤੇ ਮਨੁੱਖ ਦੀ ਜਾਨ ਕੁੱਝ ਸੁਖਾਲੀ ਹੋਈ ਹੈ। ਪਰ ਮੌਜੂਦਾ ਧਾਰਮਿਕ ਫਿਰਕਿਆਂ ਦੇ ਇਸ ਨੈਤਿਕਤਾ ਦੇ ਪ੍ਰਚਾਰ ਅਤੇ ਮਨੁੱਖ ਦੀ ਆਰਥਿਕ ਤੇ ਵਿਗਿਆਨਕ ਤਰੱਕੀ ਦੇ ਬਾਵਜੂਦ ਮਨੁੱਖ ਅਨੈਤਿਕ ਹੋਇਆ ਹੈ। ਸੈਕਸ, ਡਰੱਗਜ਼ ਤੇ ਇੰਟਰਟੇਨਮੈਂਟ, ਜਿਸਦਾ ਤਕਰੀਬਨ ਸਾਰੇ ਧਾਰਮਿਕ ਫਿਰਕੇ ਵਿਰੋਧ ਕਰਦੇ ਹਨ, ਇਸਦੇ ਬਾਵਜੂਦ ਮਨੁੱਖ ਇਸ ਵੱਲ ਜ਼ਿਆਦਾ ਉਲਾਰ ਹੋਇਆ ਹੈ। ਅੱਜ ਦੁਨੀਆਂ ਭਰ ਵਿੱਚ ਇਨ੍ਹਾਂ ਤਿੰਨਾਂ ਖੇਤਰਾਂ ਨਾਲ ਸਬੰਧਿਤ ਕਰਾਈਮ ਵਧ ਰਿਹਾ ਹੈ। ਲੋਕ ਦਿਨੋ-ਦਿਨ ਕਾਮ, ਨਸ਼ੇ ਤੇ ਮਨੋਰੰਜ਼ਨ ਵੱਲ ਜ਼ਿਆਦਾ ਅਕਰਸ਼ਿਤ ਹੋ ਰਹੇ ਹਨ। ਪਿਛਲੇ 50 ਕੁ ਸਾਲਾਂ ਵਿੱਚ ਜਥੇਬੰਧਕ ਧਾਰਮਿਕ ਫਿਰਕਿਆਂ ਦਾ ਆਧਾਰ ਵੱਡੀ ਪੱਧਰ ਤੇ ਖੁਰਿਆ ਹੈ। ਪਿਛਲੇ 20-25 ਸਾਲਾਂ ਵਿੱਚ ਪੈਦਾ ਹੋਈ ਨਵੀਂ ਜਨਰੇਸ਼ਨ ਦਾ ਇਨ੍ਹਾਂ ਧਰਮਾਂ ਵਿੱਚ ਕੋਈ ਬਹੁਤਾ ਯਕੀਨ ਨਹੀਂ ਰਿਹਾ, ਬੇਸ਼ਕ ਉਹ ਆਪਣੇ ਮਾਪਿਆਂ ਜਾਂ ਸਮਾਜ ਦੇ ਪ੍ਰਭਾਵ ਵਿੱਚ ਲੋਕ ਦਿਖਾਵੇ ਲਈ ਥੋੜੀ ਬਹੁਤ ਰੁਚੀ ਜਰੂਰ ਦਿਖਾਉਂਦੇ ਹਨ। ਜੇ ਇਹੀ ਵਰਤਾਰਾ ਚਲਦਾ ਰਿਹਾ ਤਾਂ ਆਉਣ ਵਾਲੇ 50 ਕੁ ਸਾਲਾਂ ਵਿੱਚ ਲੋਕਾਂ ਦਾ ਵਿਸ਼ਵਾਸ਼ ਇਨ੍ਹਾਂ ਅਖੌਤੀ ਜਥੇਬੰਧਕ ਨਕਲੀ ਧਰਮਾਂ ਤੋਂ ਉਠ ਜਾਵੇਗਾ।
ਸੋਚਣ ਵਾਲਾ ਵਿਸ਼ਾ ਇਹ ਹੈ ਕਿ ਹਰ ਤਰ੍ਹਾਂ ਦੇ ਵਿਰੋਧ ਤੇ ਪ੍ਰਚਾਰ ਦੇ ਬਾਵਜੂਦ ਲੋਕ ਸੈਕਸ, ਡਰੱਗਜ਼ ਤੇ ਇੰਟਰਟੇਨਮੈਂਟ ਵੱਲ ਉਲਾਰ ਕਿਉਂ ਹੁੰਦੇ ਹਨ। ਉਨ੍ਹਾਂ ਨੂੰ ਇਸ ਵਿਚੋਂ ਕੀ ਮਿਲਦਾ ਹੈ ਕਿ ਉਹ ਪਰਿਵਾਰ, ਸਮਾਜ, ਕਨੂੰਨ ਆਦਿ ਦੇ ਵਿਰੋਧ ਨੂੰ ਝੱਲ ਕੇ ਵੀ ਇਸਦਾ ਸੁਆਦ ਲੈਣਾ ਚਾਹੁੰਦੇ ਹਨ। ਇਸ ਵਿੱਚ ਅਜਿਹਾ ਕੀ ਹੈ ਕਿ ਉਨ੍ਹਾਂ ਨੂੰ ਬਚਪਨ ਤੋਂ ਪੜ੍ਹਾਏ ਗਏ ਨੈਤਿਕਤਾ ਦੇ ਸਾਰੇ ਪਾਠ ਭੁੱਲ ਜਾਂਦੇ ਹਨ, ਇਨ੍ਹਾਂ ਦਾ ਮਜ਼ਾ ਲੈਣ ਲਈ ਕਿਸੇ ਵੀ ਹੱਦ ਤੱਕ ਜਾਣ ਲਈ ਤਿਆਰ ਰਹਿੰਦੇ ਹਨ। ਅੱਜ ਇਨ੍ਹਾਂ ਤਿੰਨਾਂ ਖੇਤਰਾਂ ਨਾਲ ਸਬੰਧਿਤ ਬਹੁਤ ਵੱਡੀ ਇੰਡਸਟਰੀ ਬਣ ਚੁੱਕੀ ਹੈ। ਦੁਨੀਆਂ ਭਰ ਦੇ ਕਰਾਈਮ ਦੇ ਅੰਕੜੇ ਇਸ ਗੱਲ ਦੇ ਗਵਾਹ ਹਨ ਕਿ ਹਰ ਕਰਾਈਮ ਕਿਸੇ ਨਾ ਕਿਸੇ ਢੰਗ ਨਾਲ ਇਨ੍ਹਾਂ ਤਿੰਨਾਂ ਨਾਲ ਹੀ ਸਬੰਧਿਤ ਹੁੰਦਾ ਹੈ। ਅਸਲ ਵਿੱਚ ਮਨੁੱਖ ਦੇ ਅੰਦਰ ਕੁਦਰਤ ਵਲੋਂ ਕੁੱਝ ਅਜਿਹਾ ਪ੍ਰਬੰਧ ਕੀਤਾ ਹੋਇਆ ਹੈ ਕਿ ਉਸਨੂੰ ਆਨੰਦ ਦੀ ਤੀਬਰ ਤਲਾਸ਼ ਹੈ। ਉਹ ਚਾਹੁੰਦਾ ਹੈ ਕਿ ਆਪਣੀ ਦੁਨੀਆਂਦਾਰੀ ਨਿਭਾਉਂਦੇ ਹੋਏ ਵੀ ਉਸ ਕੋਲ ਕੁੱਝ ਪੱਲ ਅਜਿਹੇ ਹੋਣ, ਜਿਸ ਨਾਲ ਉਸਨੂੰ ਸਭ ਕੁੱਝ ਭੁੱਲ ਜਾਵੇ ਤੇ ਉਹ ਆਨੰਦ ਵਿੱਚ ਜੀਅ ਸਕੇ। ਦੁਨੀਆਂਦਾਰੀ ਦੇ ਝਮੇਲਿਆਂ ਵਿੱਚ ਫਸਿਆ ਮਨੁੱਖ ਅਨੇਕਾਂ ਤਰ੍ਹਾਂ ਦੀਆਂ ਚਿੰਤਾਵਾਂ, ਈਰਖਾਵਾਂ, ਲਾਲਸਾਵਾਂ ਵਿੱਚ ਘਿਰਿਆ ਮਹਿਸੂਸ ਕਰਦਾ ਹੈ। ਪਦਾਰਥ ਤੇ ਮਸ਼ੀਨਰੀ ਦੀ ਤਰੱਕੀ ਨੇ ਮਨੁੱਖ ਨੂੰ ਵੀ ਮਸ਼ੀਨ ਬਣਾ ਦਿੱਤਾ ਹੈ। ਉਹ ਇਸ ਮਸ਼ੀਨੀ ਜ਼ਿੰਦਗੀ ਨੂੰ ਕੁੱਝ ਵਕਤ ਲਈ ਭੁੱਲ ਜਾਣਾ ਚਾਹੁੰਦਾ ਹੈ। ਇਸ ਲਈ ਅਨੇਕਾਂ ਤਰ੍ਹਾਂ ਦੀਆਂ ਦੁਬਿਦਾਵਾਂ ਤੇ ਪਾਖੰਡਾਂ ਦੇ ਬਾਵਜੂਦ ਵੀ ਮਨੁੱਖ ਜਥੇਬੰਧਕ ਧਾਰਮਿਕ ਫਿਰਕਿਆਂ ਦੀ ਸੰਗਤ ਵਿੱਚ ਉਸ ਆਨੰਦ ਦੀ ਭਾਲ ਵਿੱਚ ਜਾਂਦਾ ਹੈ, ਜਿਥੇ ਉਸਨੂੰ ਝੂਠੀ ਨੈਤਿਕਤਾ ਤੇ ਕਿਤਾਬੀ (ਗ੍ਰੰਥਾਂ ਆਦਿ ਦੀ) ਜਾਣਕਾਰੀ ਤੋਂ ਵੱਧ ਕੁੱਝ ਹਾਸਿਲ ਨਹੀਂ ਹੁੰਦਾ। ਪਰ ਜਦੋਂ ਉਹ ਸੈਕਸ, ਡਰੱਗਜ਼ ਤੇ ਇੰਟਰਟੇਨਮੈਂਟ ਦੀ ਸ਼ਰਣ ਜਾਂਦਾ ਹੈ ਤਾਂ ਉਸਨੂੰ ਆਨੰਦ ਮਿਲਦਾ ਹੈ, ਸਕੂਨ ਮਿਲਦਾ ਹੈ, ਸੁੱਖ ਮਿਲਦਾ ਹੈ, ਬੇਸ਼ਕ ਉਹ ਵਕਤੀ ਹੀ ਹੁੰਦਾ ਹੈ। ਉਹ ਇਸ ਆਨੰਦ ਵਿੱਚ ਸਦੀਵੀ ਰਹਿਣਾ ਚਾਹੁਣ ਦੇ ਬਾਵਜੂਦ ਰਹਿ ਨਹੀਂ ਸਕਦਾ। ਇਸ ਲਈ ਉਹ ਇਹ ਆਨੰਦ ਮਾਨਣ ਤੋਂ ਬਾਅਦ ਹੋਰ ਦੁਖੀ ਹੁੰਦਾ ਹੈ।
ਆਉ ਦੇਖੀਏ ਕਿ ਅਸਲ ਵਿੱਚ ਆਨੰਦ ਕੀ ਹੈ? ਜਿਸਦੀ ਇਛਾ ਹਰ ਇਨਸਾਨ ਦੇ ਅੰਦਰ ਕਿਸੇ ਨਾ ਕਿਸੇ ਤਰ੍ਹਾਂ ਮੌਜੂਦ ਹੈ। ਉਸ ਆਨੰਦ ਦੀ ਭਾਲ ਮਨੁੱਖ ਜਾਣੇ-ਅਣਜਾਣੇ, ਵੱਖ-ਵੱਖ ਢੰਗਾਂ ਰਾਹੀਂ ਸਾਰੀ ਉਮਰ ਕਰਦਾ ਰਹਿੰਦਾ ਹੈ, ਪਰ ਬਹੁਤ ਵਿਰਲੇ ਹੀ ਮਨੁੱਖ ਹੁੰਦੇ ਹਨ, ਜਿਨ੍ਹਾਂ ਨੂੰ ਉਸ ਆਨੰਦ ਨੂੰ ਮਾਨਣ ਦਾ ਸੁਭਾਗ ਪ੍ਰਾਪਤ ਹੋਵੇ। ਕਈ ਵਾਰ ਅਸੀਂ ਸੁੱਖ ਨੂੰ ਵੀ ਆਨੰਦ ਸਮਝਣ ਦਾ ਭੁਲੇਖਾ ਖਾ ਲੈਂਦੇ ਹਾਂ ਤੇ ਇਸ ਵਿੱਚ ਹੀ ਫਸ ਕੇ ਰਹਿ ਜਾਂਦੇ ਹਾਂ। ਪਰ ਥੋੜੇ ਸੁੱਖਾਂ ਤੋਂ ਬਾਅਦ ਫਿਰ ਦੁੱਖ ਆ ਜਾਂਦੇ ਹਨ ਤੇ ਅਸੀਂ ਮਨ ਨੂੰ ਸਮਝਾਉਂਦੇ ਹਾਂ ਕਿ ਜੀਵਨ ਇਸੇ ਤਰ੍ਹਾਂ ਹੀ ਚਲਦਾ ਹੈ, ਕਦੇ ਸੁੱਖ ਤੇ ਕਦੇ ਦੁੱਖ। ਕੋਈ ਵਿਅਕਤੀ ਨਾ ਹਮੇਸ਼ਾਂ ਸੁੱਖੀ ਰਹਿ ਸਕਦਾ ਹੈ ਤੇ ਨਾ ਹੀ ਹਮੇਸ਼ਾਂ ਦੁੱਖੀ ਰਹਿ ਸਕਦਾ ਹੈ। ਅਜਿਹਾ ਕੁੱਝ ਹੀ ਸਾਡੇ ਧਾਰਮਿਕ ਫਿਰਕੇ ਵੀ ਪ੍ਰਚਾਰ ਕਰਦੇ ਹਨ। ਇਸ ਲਈ ਮਨੁੱਖ ਉਸ ਪਰਮ ਆਨੰਦ ਦੀ ਭਾਲ ਛੱਡ ਦਿੰਦਾ ਹੈ, ਜਿਥੇ ਹਮੇਸ਼ਾਂ ਪਰਮ ਸ਼ਾਂਤੀ ਤੇ ਪਰਮ ਆਨੰਦ ਹੈ। ਫਿਰ ਮਨੁੱਖ ਇਹ ਵੀ ਸੋਚਦਾ ਹੈ ਕਿ ਸ਼ਾਇਦ ਇਸ ਪਰਮ ਸ਼ਾਂਤੀ ਅਤੇ ਪਰਮ ਆਨੰਦ ਤੇ ਅਧਿਕਾਰ ਕੁੱਝ ਗੁਰੂਆਂ, ਭਗਤਾਂ, ਸੰਤਾਂ, ਮਹਾਂਪੁਰਸ਼ਾਂ ਨੂੰ ਹੀ ਹੈ। ਇਸ ਲਈ ਸੋਚਦਾ ਹੈ ਕਿ ਸਾਡੇ ਲਈ ਤੇ ਸੁੱਖ ਬਾਹਰ ਹੀ ਹੈ। ਪਰ ਸੁੱਖ ਅਸਲ ਵਿੱਚ ਦੁੱਖ ਦਾ ਹੀ ਛੋਟਾ ਰੂਪ ਹੈ ਤੇ ਜੋ ਆਨੰਦ ਮਨੁੱਖ ਨੂੰ ਸੈਕਸ, ਡਰੱਗਜ਼ ਤੇ ਇੰਟਰਟੇਨਮੈਂਟ ਤੋਂ ਮਿਲਦਾ ਹੈ, ਉਹ ਸੁੱਖ ਦਾ ਥੋੜਾ ਵੱਡਾ ਰੂਪ ਹੈ। ਜੇ ਥੋੜਾ ਧਿਆਨ ਨਾਲ ਦੇਖੀਏ ਤਾਂ ਕਿਹਾ ਜਾਂਦਾ ਸੁੱਖ, ਅਸਲ ਵਿੱਚ ਦੁੱਖ ਦਾ ਛੋਟਾ ਰੂਪ ਹੁੰਦਾ ਹੈ ਤੇ ਜੇ ਉਸ ਅਖੌਤੀ ਸੁੱਖ ਦੀ ਮਾਤਰਾ ਵਧਾ ਦਿੱਤੀ ਜਾਵੇ ਤਾਂ ਉਹੀ ਸੁੱਖ ਫਿਰ ਦੁੱਖ ਦਾ ਕਾਰਨ ਬਣ ਜਾਂਦਾ ਹੈ। ਉਦਾਹਰਣ ਦੇ ਤੌਰ ਤੇ ਮਨੁੱਖ ਨੂੰ ਨਸ਼ੇ ਵਿਚੋਂ ਸੁੱਖ ਜਾਂ ਆਨੰਦ ਮਿਲਦਾ ਹੈ, ਜੇ ਉਹ ਇਸਨੂੰ ਇੱਕ ਲਿਮਿਟ ਵਿੱਚ ਰਹਿ ਕੇ ਵਰਤਦਾ ਹੈ, ਪਰ ਜੇ ਉਹ ਵੱਧ ਸੁੱਖ ਲੈਣ ਲਈ ਵੱਧ ਨਸ਼ੇ ਕਰਨ ਲੱਗੇ ਤਾਂ ਉਹੀ ਨਸ਼ੇ ਦੁੱਖਾਂ ਦਾ ਕਾਰਨ ਬਣ ਜਾਂਦੇ ਹਨ। ਇਸੇ ਤਰ੍ਹਾਂ ਹੋਰ ਸੁੱਖ ਹਨ। ਜੇ ਅਸੀਂ ਉਨ੍ਹਾਂ ਦੀ ਮਾਤਰਾ ਵਧਾ ਦੇਈਏ ਤਾਂ ਉਹ ਦੁੱਖਾਂ ਦਾ ਕਾਰਨ ਬਣ ਜਾਂਦੇ ਹਨ। ਇਸੇ ਲਈ ਹਰ ਸੁੱਖ, ਦੁੱਖ ਦਾ ਹੀ ਛੋਟਾ ਰੂਪ ਹੂੰਦਾ ਹੈ ਤੇ ਦੁੱਖ-ਸੁੱਖ ਇੱਕ ਹੀ ਸਿੱਕੇ ਦੇ ਦੋ ਪਹਿਲੂ ਹਨ। ਪਰ ਆਨੰਦ ਇਨ੍ਹਾਂ ਤੋਂ ਬਹੁਤ ਉਪਰਲੀ ਅਵਸਥਾ ਦਾ ਨਾਮ ਹੈ। ਆਮ ਤੌਰ ਤੇ ਮਨੁੱਖ ਉਸ ਹਿਰਨ ਵਾਂਗ ਸੁੱਖਾਂ ਜਾਂ ਆਨੰਦ ਦੀ ਭਾਲ ਬਾਹਰ ਵਸਤੂਆਂ, ਦੁਨਿਆਵੀ ਸੁੱਖ-ਸਹੂਲਤਾਂ, ਧੀਆਂ-ਪੁੱਤਰਾਂ, ਪਦਵੀਆਂ, ਧਨ-ਦੌਲਤ, ਸ਼ੋਹਰਤ, ਸਮਾਜ ਸੇਵਾ, ਧਰਮ ਸੇਵਾ, ਦੇਸ਼ ਸੇਵਾ ਆਦਿ ਵਿਚੋਂ ਲੱਭਦਾ ਹੈ, ਜਦਕਿ ਉਸਨੂੰ ਪਤਾ ਨਹੀਂ ਕਿ ਆਨੰਦ ਕਿਤੇ ਬਾਹਰ ਨਹੀਂ, ਇਹ ਤੇ ਸਾਡੇ ਅੰਦਰ ਹੀ ਹੈ। ਜਿਸ ਤਰ੍ਹਾਂ ਹਿਰਨ ਦੇ ਖੁਸ਼ਬੂਦਾਰ ਕਸਤੂਰੀ ਤਾਂ ਅੰਦਰ ਹੀ ਹੁੰਦੀ ਹੈ, ਪਰ ਉਹ ਉਸਦੀ ਭਾਲ ਵਿੱਚ ਜੰਗਲ ਵਿੱਚ ਭਟਕਦਾ ਫਿਰਦਾ ਹੈ। ਇਸੇ ਤਰ੍ਹਾਂ ਮਨੁੱਖ ਸੁੱਖਾਂ ਜਾਂ ਆਨੰਦ ਦੀ ਭਾਲ ਬਾਹਰ ਕਰਦਾ ਹੈ। ਨਕਲੀ ਧਰਮ ਵੀ ਬਾਹਰੀ ਪੂਜਾ ਪਾਠ ਜਾਂ ਕਰਮਕਾਂਡਾਂ ਵਿਚੋਂ ਹੀ ਸੁੱਖਾਂ ਜਾਂ ਆਨੰਦ ਮਿਲਣਾ ਦੱਸਦੇ ਹਨ ਕਿਉਂਕਿ ਉਨ੍ਹਾਂ ਕੋਲ ਵੀ ਆਨੰਦ ਦਾ ਕੋਈ ਅਨੁਭਵ ਨਹੀਂ ਹੈ। ਉਨ੍ਹਾਂ ਨੇ ਵੀ ਉਸ ਆਨੰਦ ਦਾ ਸੁਆਦ ਨਹੀਂ ਚੱਖਿਆ ਹੁੰਦਾ। ਉਸ ਅੰਮ੍ਰਿਤ ਨੂੰ ਨਹੀਂ ਪੀਤਾ ਹੁੰਦਾ, ਜਿਹੜਾ ਅੰਦਰੋਂ ਮਿਲਦਾ ਹੈ।
ਅਜਿਹਾ ਕੀ ਹੈ ਕਿ ਮਨੁੱਖ ਸਭ ਕੁੱਝ ਮਾੜਾ ਸਹਾਰ ਕੇ ਵੀ ਸੈਕਸ, ਨਸ਼ੇ ਤੇ ਮਨੋਰੰਜ਼ਨ ਨੂੰ ਨਹੀਂ ਛੱਡਦਾ। ਇਸ ਵਿਚੋਂ ਅਜਿਹਾ ਕੀ ਮਿਲਦਾ ਹੈ ਕਿ ਉਹ ਸਮਾਜ ਵਿੱਚ ਬਦਨਾਮੀ, ਪਰਿਵਾਰ ਵਲੋਂ ਲਾਹਨਤਾਂ, ਧਨ ਦੀ ਬਰਬਾਦੀ ਆਦਿ ਬਰਦਾਸ਼ਤ ਕਰਨ ਲਈ ਤਿਆਰ ਹੁੰਦਾ ਹੈ, ਪਰ ਇਨ੍ਹਾਂ ਦਾ ਰਸ ਜਰੂਰ ਮਾਨਣਾ ਚਾਹੁੰਦਾ ਹੈ। ਅਸਲ ਵਿੱਚ ਇਨ੍ਹਾਂ ਦੀ ਵਰਤੋਂ ਕਰਕੇ ਉਹ ਆਪਣਾ ਅੱਗਾ ਪਿਛਾ ਭੁੱਲ ਜਾਂਦਾ ਹੈ, ਭਾਵ ਉਸਨੂੰ ਨਾ ਪਿਛੋਕੜ (ਭੂਤਕਾਲ) ਦਾ ਕੋਈ ਦੁੱਖ ਤੇ ਨਾ ਹੀ ਭਵਿੱਖ ਦੀ ਕੋਈ ਚਿੰਤਾ ਰਹਿੰਦੀ ਹੈ। ਆਮ ਤੌਰ ਤੇ ਅਸੀਂ ਭੂਤਕਾਲ ਤੇ ਭਵਿੱਖ ਵਿੱਚ ਜਿਉਂਦੇ ਹਾਂ, ਇਸੇ ਕਰਕੇ ਹੁਣ (ਪਰੈਜੈਂਟ) ਜੋ ਸਾਡੇ ਕੋਲ ਹੈ, ਜੋ ਪਲ ਪਲ ਕਰਕੇ ਸਾਡੇ ਤੋਂ ਖਿਸਕਦਾ ਜਾ ਰਿਹਾ ਹੈ, ਉਸਨੂੰ ਮਾਨਣਾ ਨਹੀਂ ਆਉਂਦਾ। ਤੁਸੀਂ ਕਦੇ ਵੀ ਆਪਣੇ ਆਪ ਨੂੰ ਜਾਗਰੂਕ ਹੋ ਕੇ ਦੇਖੋ, ਹਮੇਸ਼ਾਂ ਪਾਸਟ ਜਾਂ ਫਿਊਚਰ ਵਿੱਚ ਹੀ ਹੁੰਦੇ ਹਾਂ, ਇਹੀ ਸਾਡੇ ਦੁੱਖਾਂ-ਤਕਲੀਫਾਂ ਦਾ ਕਾਰਨ ਹੈ। ਸਾਨੂੰ ਪਰੈਜੈਂਟ ਮੋਮੈਂਟ ਜੀਉਣਾ ਨਹੀਂ ਆਉਂਦਾ। ਸੈਕਸ, ਨਸ਼ੇ ਤੇ ਮਨੋਰੰਜ਼ਨ ਵਿੱਚ ਮਨੁੱਖ ਅਜਿਹਾ ਗੁਆਚਦਾ ਹੈ ਕਿ ਉਸਨੂੰ ਭੂਤ ਤੇ ਭਵਿੱਖ ਭੁੱਲ ਜਾਂਦਾ ਹੈ ਤੇ ਉਹ ਆਪਣੇ ਅੰਦਰ ਸ਼ਾਂਤੀ ਤੇ ਆਨੰਦ ਦਾ ਅਨੁਭਵ ਕਰਦਾ ਹੈ। ਪਰ ਇਹ ਆਨੰਦ ਸਦੀਵੀ ਨਹੀਂ, ਕੁੱਝ ਪਲ ਜਾਂ ਕੁੱਝ ਸਮੇਂ ਦਾ ਹੁੰਦਾ ਹੈ, ਮੁੜ ਕੇ ਮਨੁੱਖ ਫਿਰ ਉਥੇ ਹੀ ਪਹੁੰਚ ਜਾਂਦਾ ਹੈ ਤੇ ਇਸੇ ਤਰ੍ਹਾਂ ਸਾਰੀ ਉਮਰ ਭਟਕਦਾ ਹੈ। ਇਸਦੇ ਉਲਟ ਸੱਚੇ ਧਰਮ ਗਿਆਨੀਆਂ ਜਾਂ ਸੰਤਾਂ ਨੇ ਆਪਣੇ ਅਨੁਭਵ ਨਾਲ ਉਸ ਅੰਦਰ ਦੇ ਆਨੰਦ ਨੂੰ ਮਾਨਣ ਤੋਂ ਬਾਅਦ ਸਾਨੂੰ ਕਿਹਾ ਹੈ ਕਿ ਜੇ ਅਸੀਂ ਉਸ ਆਨੰਦ ਜਾਂ ਪਰਮ ਸ਼ਾਂਤੀ ਨੂੰ ਉਪਲਬਧ ਹੋ ਜਾਈਏ ਤਾਂ ਇਸਦਾ ਨਸ਼ਾ ਕਦੇ ਉਤਰਦਾ ਨਹੀਂ। ਇਹ ਨਸ਼ਾ ਸਦੀਵੀ ਹੈ। ਇਹ ਨਾਮ ਦੀ ਉਹ ਖੁਮਾਰੀ ਹੈ, ਜਿਹੜੀ ਹਮੇਸ਼ਾਂ ਚੜ੍ਹੀ ਰਹਿੰਦੀ ਹੈ। ਇਸ ਪਰਮ ਆਨੰਦ ਦੀ ਅਵਸਥਾ ਨੂੰ ਮਾਣਦਾ ਹੋਇਆ ਮਨੁੱਖ ਦੁੱਖ-ਸੁੱਖ ਤੋਂ ਉਪਰ ਉਠ ਜਾਂਦਾ ਹੈ। ਪਰ ਸਾਡੇ ਅਖੌਤੀ ਨਕਲੀ ਧਰਮਾਂ ਦੇ ਨਕਲੀ ਪੁਜਾਰੀਆਂ ਜਾਂ ਪ੍ਰਚਾਰਕਾਂ ਕੋਲ ਉਸ ਨਾਮ ਦੇ ਨਸ਼ੇ ਦਾ ਕੋਈ ਅਨੁਭਵ ਨਹੀਂ ਹੈ, ਉਨ੍ਹਾਂ ਨੇ ਤਾਂ ਧਾਰਮਿਕ ਗ੍ਰੰਥਾਂ ਦੇ ਸ਼ਬਦ ਯਾਦ ਕੀਤੇ ਹੋਏ ਹਨ ਤੇ ਸਾਨੂੰ ਸੁਣਾਈ ਜਾਂਦੇ ਹਨ। ਵਿਦਵਾਨਾਂ ਨੇ ਧਰਮ ਗ੍ਰੰਥਾਂ ਦੇ ਆਪਣੇ ਦਿਮਾਗ ਨਾਲ ਅਰਥਾਂ ਦੇ ਅਨਰਥ ਕਰਕੇ ਆਪਣੀ ਵਿਦਵਤਾ ਦਾ ਵਿਖਾਵਾ ਹੀ ਕੀਤਾ ਹੁੰਦਾ ਹੈ, ਵਿਚੋਂ ਕੱਢਣ ਪਾਉਣ ਲਈ ਕੁੱਝ ਨਹੀਂ ਹੁੰਦਾ। ਅੱਖਰਾਂ ਜਾਂ ਸ਼ਬਦਾਂ `ਚੋਂ ਕਦੇ ਕਿਸੇ ਨੂੰ ਨਾ ਗਿਆਨ ਮਿਲਿਆ ਹੈ ਤੇ ਨਾ ਹੀ ਆਨੰਦ। ਪਰ ਇਹ ਨਕਲੀ ਧਾਰਮਿਕ ਫਿਰਕੇ ਮਨੁੱਖ ਤੋਂ ਉਹ ਸਭ ਨੈਤਿਕਤਾ ਦੇ ਨਾਮ ਤੇ ਖੋਹਣਾ ਚਾਹੁੰਦੇ ਹਨ, ਜੋ ਮਨੁੱਖ ਨੂੰ ਕੁੱਝ ਪਲ ਲਈ ਸਕੂਨ ਜਾਂ ਆਨੰਦ ਦਿੰਦੇ ਹਨ। ਮੇਰਾ ਇਹ ਮੰਨਣਾ ਹੈ ਕਿ ਦੁਨੀਆਂ ਭਰ ਦੇ ਧਾਰਮਿਕ ਫਿਰਕੇ, ਸਰਕਾਰਾਂ ਜਾਂ ਸਮਾਜ ਸੇਵੀ ਸੰਗਠਨ, ਜਿਤਨਾ ਮਰਜੀ ਪ੍ਰਚਾਰ ਕਰਨ, ਜਿਤਨੀਆਂ ਮਰਜ਼ੀ ਰੋਕਾਂ ਲਗਾਉਣ, ਜਿਤਨੇ ਮਰਜ਼ੀ ਨੈਤਿਕਤਾ ਦੇ ਪਾਠ ਪੜ੍ਹਾਉਣ, ਨਰਕਾਂ ਦੇ ਡਰਾਵੇ ਦੇਣ, ਲੋਕ ਇਨ੍ਹਾਂ ਦੀ ਕਦੇ ਨਹੀਂ ਸੁਣਨਗੇ, ਬੇਸ਼ਕ ਦਿਖਾਵੇ ਲਈ ਬਾਹਰੋਂ ਧਰਮੀ ਭਾਵੇਂ ਬਣੇ ਰਹਿਣ। ਜੇ ਮਨੁੱਖ ਨੂੰ ਕਹੀਆਂ ਜਾਂਦੀਆਂ ਬੁਰਾਈਆਂ ਤੋਂ ਬਚਾਉਣਾ ਹੈ, ਕਾਮ, ਨਸ਼ਿਆਂ ਤੇ ਹੋਰ ਤਰ੍ਹਾਂ ਦੇ ਜ਼ੁਰਮ ਤੋਂ ਬਚਾਉਣਾ ਹੈ ਤਾਂ ਮਨੁੱਖ ਨੂੰ ਇਨ੍ਹਾਂ ਤੋਂ ਮਿਲਣ ਵਾਲੇ ਆਨੰਦ ਜਾਂ ਸੁੱਖ ਤੋਂ ਵੱਡਾ ਸੁੱਖ ਦੇਣਾ ਪਵੇਗਾ। ਵਕਤੀ ਆਨੰਦ ਦੀ ਥਾਂ ਸਦੀਵੀ ਆਨੰਦ ਵਾਲੇ ਨਸ਼ੇ ਦੀ ਚਾਟ ਲਗਾਉਣੀ ਪਵੇਗੀ, ਜਿਸਨੂੰ ਉਹ ਰੋਜ਼ਾਨਾ ਆਪਣੇ ਅੰਦਰੋਂ ਬਿਨਾਂ ਕਿਸੇ ਖਰਚੇ ਦੇ, ਜਦੋਂ ਮਰਜ਼ੀ ਪੀ ਸਕੇ। ਜਦੋਂ ਤੱਕ ਸਾਡੇ ਅਖੌਤੀ ਧਰਮ ਜਾਂ ਧਾਰਮਿਕ ਪ੍ਰਚਾਰਕ ਜਾਂ ਸਮਾਜ ਸੇਵਕ ਜਾਂ ਸਰਕਾਰਾਂ ਅਜਿਹਾ ਆਨੰਦ ਪ੍ਰਦਾਨ ਨਹੀਂ ਕਰ ਸਕਦੇ, ਉਦੋਂ ਤੱਕ ਮਨੁੱਖ ਨੂੰ ਇਨ੍ਹਾਂ ਤੋਂ ਹਟਾਉਣਾ ਅਸੰਭਵ ਹੈ। ਜੇ ਅਸੀਂ ਮਨੁੱਖ ਤੋਂ ਇਹ ਥੋੜ ਚਿਰਾ ਆਨੰਦ ਖੋਹਣ ਦਾ ਯਤਨ ਕਰਾਂਗੇ ਤਾਂ ਨਤੀਜੇ ਹੋਰ ਵੀ ਭਿਆਨਕ ਹੀ ਨਿਕਲਣਗੇ, ਜਿਸ ਤਰ੍ਹਾਂ ਅੱਗੇ ਤੋਂ ਅੱਗੇ ਨਿਕਲ ਰਹੇ ਹਨ। ਜਿਵੇਂ ਜਿਵੇਂ ਸਾਇੰਸਦਾਨ ਕੁਦਰਤ ਦੇ ਭੇਦਾਂ ਨੂੰ ਖੋਜਦੇ ਜਾ ਰਹੇ ਹਨ ਤੇ ਮਨੁੱਖ ਲਈ ਬਾਹਰੀ ਸੁੱਖ-ਸਹੂਲਤਾਂ ਵੀ ਪੈਦਾ ਕਰ ਰਹੇ, ਉਸੇ ਤਰ੍ਹਾਂ ਮਨੁੱਖ ਨਕਲੀ ਧਰਮਾਂ ਵਲੋਂ ਪਾਏ ਗਏ ਭਰਮਾਂ ਤੋਂ ਹੀ ਨਹੀਂ, ਸਗੋਂ ਧਰਮ ਪੁਜਾਰੀਆਂ ਵਲੋਂ ਮਨੁੱਖ ਨੂੰ ਨੈਤਿਕ ਬਣਾਉਣ ਲਈ ਦਿੱਤੇ ਜਾਂਦੇ ਡਰਾਵਿਆਂ ਤੋਂ ਵੀ ਮੁਕਤ ਹੋ ਰਿਹਾ ਹੈ। ਜੇ ਧਰਮ ਨੇ ਅਜਿਹੇ ਅਨੁਭਵੀ ਵਿਅਕਤੀ ਪੈਦਾ ਨਾ ਕੀਤੇ, ਜਿਹੜੇ ਆਪ ਵੀ ਆਨੰਦਤ ਹੋਣ ਤੇ ਦੂਜਿਆਂ ਨੂੰ ਆਨੰਦਤ ਕਰਨ ਦੇ ਕਾਬਿਲ ਹੋਣ, ਧਰਮਾਂ ਦਾ ਕੋਈ ਭਵਿੱਖ ਨਹੀਂ। ਮੈਂ ਤਾਂ ਕਹਿੰਦਾ ਹਾਂ ਕਿ ਅਜਿਹੇ ਧਰਮਾਂ ਤੋਂ ਮਨੁੱਖ ਨੇ ਫਿਰ ਲੈਣਾ ਵੀ ਕੀ ਹੈ, ਜਿਹੜੇ ਉਸਨੂੰ ਡਰਾਉਣ, ਭਰਮਾਉਣ ਤੇ ਸੋਸ਼ਣ ਕਰਨ ਦੇ ਹੀ ਅੱਡੇ ਹਨ। ਸਾਨੂੰ ਇੰਨੀ ਗੱਲ ਜਾਣ ਲੈਣੀ ਚਾਹੀਦੀ ਹੈ ਕਿ ਜਿਥੇ ਪਰਮ ਆਨੰਦ ਤੇ ਪਰਮ ਸ਼ਾਂਤੀ, ਪਰੈਜੈਂਟ ਮੋਮੈਂਟ ਵਿੱਚ ਹੈ, ਉਥੇ ਇਹ ਕਿਤਿਉਂ ਬਾਹਰੋਂ ਨਹੀਂ ਮਿਲ ਸਕਦੀ, ਇਹ ਖਜ਼ਾਨਾ ਸਾਡੇ ਅੰਦਰ ਹੀ ਹੈ। ਇਹ ਭੰਡਾਰ ਸਾਡੇ ਅੰਦਰ ਹੀ ਹੈ। ਇਸਤੇ ਸਾਡਾ ਸਭ ਦਾ ਪੂਰਨ ਹੱਕ ਹੈ। ਅਜਿਹਾ ਨਹੀਂ ਕਿ ਇਸ ਤੇ ਹੱਕ ਕੁੱਝ ਸੱਚੇ ਧਰਮੀ ਮਹਾਂਪੁਰਸ਼ਾਂ ਨੂੰ ਹੀ ਸੀ ਤੇ ਅਸੀਂ ਸਿਰਫ ਉਨ੍ਹਾਂ ਦੀ ਪੂਜਾ ਪਾਠ ਹੀ ਕਰੀਏ ਜਾਂ ਉਨ੍ਹਾਂ ਦੇ ਗ੍ਰੰਥਾਂ ਜਾਂ ਸ਼ਬਦਾਂ ਦਾ ਭਾਰ ਹੀ ਢੋਂਹਦੇ ਰਹੀਏ। ਉਹ ਆਨੰਦ ਕਿਵੇਂ ਮਿਲੇ, ਉਸ ਆਨੰਦ ਦੀ ਝਲਕ ਕਿਵੇਂ ਪਾ ਸਕੀਏ, ਸਾਨੂੰ ਲੋੜ ਹੈ, ਅਜਿਹੇ ਕਿਸੇ ਅਨੁਭਵੀ ਨੂੰ ਖੋਜਣ ਦੀ। ਆਪਣੇ ਅੰਦਰ ਝਾਤੀ ਮਾਰਨ ਦੀ। ਜਥੇਬੰਧਕ ਧਾਰਮਿਕ ਫਿਰਕਿਆਂ ਤੋਂ ਬਾਹਰ ਨਿਕਲਣ ਦੀ, ਤਾਂ ਹੀ ਉਸ ਪਰਮ ਆਨੰਦ ਵੱਲ ਅਸੀਂ ਕੋਈ ਕਦਮ ਵਧਾ ਸਕਦੇ ਹਾਂ। ਆਪਣਾ ਤਜ਼ਰਬਾ ਆਪ ਕੀਤੇ ਬਿਨਾਂ ਉਸ ਆਨੰਦ ਨੂੰ ਨਹੀਂ ਮਾਣਿਆ ਜਾ ਸਕਦਾ। ਦੂਜਿਆਂ ਦਾ ਉਧਾਰਾ ਤੇ ਬਾਸਾ ਗਿਆਨ ਸਾਡੇ ਕਿਸੇ ਕੰਮ ਨਹੀਂ ਆ ਸਕਦਾ। ਜਦੋਂ ਆਨੰਦ ਦਾ ਝਰਨਾ ਸਾਡੇ ਅੰਦਰੋਂ ਫੁੱਟ ਸਕਦਾ ਹੈ?




.