.

ਸੁਖਮਈ ਜੀਵਨ ਅਹਿਸਾਸ (ਭਾਗ-13)

(ਸੁਖਜੀਤ ਸਿੰਘ ਕਪੂਰਥਲਾ)

ਸਮੁੱਚੀ ਸ੍ਰਿਸ਼ਟੀ ਦੀ ਰਚਨਾ ਪ੍ਰਮੇਸ਼ਰ ਦੇ ਹੁਕਮ ਅੰਦਰ ਹੋਈ ਹੈ ਅਤੇ ਉਸ ਦੇ ਹੁਕਮ ਅੰਦਰ ਹੀ ਚੱਲ ਰਹੀ ਹੈ। ਜੋ ਵੀ ਹੋਇਆ, ਹੋ ਰਿਹਾ ਹੈ, ਜਾਂ ਹੋਵੇਗਾ, ਸਭ ਕੁੱਝ ਉਸ ਦੇ ਭਾਣੇ ਅੰਦਰ ਹੀ ਹੈ। ‘ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ` (੧), ਜਿਉ ਜਿਉ ਤੇਰਾ ਹੁਕਮੁ ਤਿਵੈ ਤਿਵ ਹੋਵਣਾ` (੫੨੩) ਪ੍ਰਮੇਸ਼ਰ ਦੇ ਅਟੱਲ ਨਿਯਮ ਹਨ। ਇਹਨਾਂ ਨਿਯਮਾਂ ਨੂੰ ਬਦਲਣ ਦੀ ਸਮਰੱਥਾ ਕਿਸੇ ਜੀਵ ਦੇ ਅੰਦਰ ਨਹੀਂ ਹੈ। ਜੀਵ ਨੂੰ ਪ੍ਰਮੇਸ਼ਰ ਦੇ ‘ਹੁਕਮੇ ਆਵੈ ਹੁਕਮੇ ਜਾਇ।। ਆਗੈ ਪਾਛੈ ਹੁਕਮਿ ਸਮਾਇ।। ` (੧੫੧) ਅਨੁਸਾਰ ਹਰ ਸਮੇਂ ਉਸਦੇ ਹੁਕਮ ਨੂੰ ਸਮਝ ਕੇ ਚਲਣਾ ਬਣਦਾ ਹੈ, ਪਰ ਆਮ ਵੇਖਣ ਵਿੱਚ ਆਉਂਦਾ ਹੈ ਕਿ ਜੀਵ ਇਸ ਹੁਕਮ ਤੋਂ ਬਾਹਰ ਹੋਣ ਕਾਰਣ ਹੀ ਦੁਖੀ ਦਿਖਾਈ ਦਿੰਦੇ ਹਨ। ਮਨੁੱਖ ਇਹਨਾਂ ਦੁੱਖਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਆਪਣੇ-ਆਪਣੇ ਵਿਤ, ਸਮਝ ਅਨੁਸਾਰ ਯਤਨਸ਼ੀਲ ਹੁੰਦੇ ਹਨ। ਜਦੋਂ ਆਪਣੇ ਦੁੱਖਾਂ ਤੋਂ ਛੁਟਕਾਰਾ ਪਾਉਣ ਦੀ ਆਸ ਵਿੱਚ ਕਿਸੇ ਹੋਰ ਨਾਲ ਆਪਣੇ ਦੁੱਖਾਂ ਦੀ ਸਾਂਝ ਪਾਉਂਦਾ ਹੋਇਆ ਦੂਸਰਿਆਂ ਕੋਲੋਂ ਸੁੱਖ ਭਾਲਦਾ ਹੈ ਤਾਂ ਅਗਲਾ ਆਪਣੇ ਦੁੱਖਾਂ ਦੀ ਪੰਡ ਖੋਲ੍ਹ ਕੇ ਸਾਹਮਣੇ ਰੱਖ ਦਿੰਦਾ ਹੈ। ਸੁੱਖ ਦੀ ਭਾਲ ਵਿੱਚ ਲੱਗੇ ਮਨੁੱਖ ਦੇ ਪੱਲੇ ਹੋਰ ਦੁੱਖ ਵਾਲੀ ਅਵਸਥਾ ਹੀ ਸਾਹਮਣੇ ਬਣ ਆਉਂਦੀ ਹੈ-

ਕਿਸ ਪਹਿ ਖੋਲ੍ਹਉ ਗੰਠੜੀ ਦੂਖੀ ਭਰਿ ਆਇਆ।।

ਦੂਖੀ ਭਰਿ ਆਇਆ ਜਗਤੁ ਸਬਾਇਆ ਕਉਣੁ ਜਾਣੈ ਬਿਧਿ ਮੇਰੀਆ।।

(ਸੂਹੀ ਮਹਲਾ ੫-੭੬੭)

ਦੁੱਖਮਈ ਜੀਵਨ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਮਨੁੱਖ ਹਰ ਤਰਾਂ ਦੇ ਹੱਥ-ਕੰਡੇ ਅਪਣਾਉਂਦਾ ਹੈ। ਇਸ ਮਾਰਗ ਉਪਰ ਚਲਦੇ ਹੋਏ ਨੂੰ ਦੁੱਖਾਂ ਤੋਂ ਛੁਟਕਾਰਾ ਦਿਵਾਉਣ ਲਈ ਬਹੁਤ ਸਾਰੇ ਲੋਟੂ ਬਿਰਤੀ ਵਾਲੇ ਇਸ ਦੀ ਅਗਿਆਨਤਾ ਦਾ ਲਾਭ ਉਠਾਉਂਦੇ ਹਨ ਅਤੇ ਇਸ ਨੂੰ ਕਈ ਤਰਾਂ ਦੇ ਵਹਿਮਾਂ-ਭਰਮਾਂ, ਸ਼ਗਨ- ਅਪਸ਼ਗਨ ਆਦਿ ਦੇ ਚੱਕਰਾਂ ਵਿੱਚ ਭਰਮਾ ਕੇ ਆਪਣੀ ਰੋਟੀ ਰੋਜ਼ੀ ਦਾ ਜੁਗਾੜ ਕਰਦੇ ਵੇਖੇ ਜਾਂਦੇ ਹਨ। ਜਦੋਂ ਕਿ ਗੁਰਬਾਣੀ ਤਾਂ ਦਸੱਦੀ ਹੈ ਕਿ-

-ਸੋ ਸੁਖੀਆ ਜਿਸੁ ਭ੍ਰਮੁ ਗਇਆ।।

(ਬਸੰਤ ਮਹਲਾ ੫-੧੧੮੦)

- ਦੂਖਾ ਤੇ ਸੁਖ ਊਪਜਿਹ ਸੂਖੀ ਹੋਵਹਿ ਦੂਖ।।

(ਪ੍ਰਭਾਤੀ ਮਹਲਾ ੧-੧੩੨੮)

ਭਾਵ ਕਿ ਭ੍ਰਮ ਹੀ ਸਾਰੇ ਦੁੱਖਾਂ ਦਾ ਮੁੱਢ ਹੈ, ਸਹੀ ਗਿਆਨ ਤੋਂ ਬਿਨਾਂ ਐਸੇ ਭਰਮਾਂ ਤੋਂ ਨਵਿਰਤੀ ਨਹੀ ਮਿਲਦੀ। ਮਿਹਨਤ ਅਤੇ ਯਤਨ ਕਰਨ ਨਾਲ ਹੀ ਸੁੱਖ ਮਿਲ ਸਕਦਾ ਹੈ ਇਸ ਦੇ ਉਲਟ ਜੇ ਅਸੀਂ ਅਰਾਮ ਪ੍ਰਸਤ ਹੋ ਗਏ ਤਾਂ ਦੁੱਖਾਂ ਰੂਪੀ ਰਿਜ਼ਲਟ ਸਾਹਮਣੇ ਆਉਣੇ ਸੁਭਾਵਿਕ ਹੀ ਹਨ।

ਇਸ ਸਬੰਧ ਵਿੱਚ ਇੱਕ ਵਿਦਵਾਨ ਨੇ ਬਹੁਤ ਹੀ ਭਾਵਪੂਰਤ ਸੇਧ ਦਿਤੀ ਹੈ ਕਿ ਅਸੀਂ ਕਿਸਮਤ ਤੇ ਝੂਰਣ ਦੀ ਬਜਾਏ ਇਸਦੇ ਭਾਵ ਅਰਥ ਨੂੰ ਸਮਝ ਲਈਏ। ਅੰਗਰੇਜੀ ਭਾਸ਼ਾ ਵਿੱਚ ਕਿਸਮਤ ਨੂੰ LUCK ਕਿਹਾ ਜਾਂਦਾ ਹੈ। ਇਸ ਦੇ ਇਕ-ਇਕ ਅੱਖਰ ਤੋਂ ਸਾਨੂੰ ਸਹੀ ਰੂਪ ਵਿੱਚ ਕਿਸਮਤ ਦੀ ਪ੍ਰੀਭਾਸ਼ਾ ਸਮਝ ਵਿੱਚ ਆ ਜਾਵੇਗੀ-

L- Labour

U- Under

C- Correct

K- Knowledge

ਭਾਵ ਕਿ ਸਹੀ ਗਿਆਨ ਦੁਆਰਾ ਕੀਤੀ ਗਈ ਮਿਹਨਤ ਹੀ ਕਿਸਮਤ ਹੈ। ਜੋ ਇਸ ਮਾਰਗ ਤੇ ਚਲਦੇ ਹੋਏ ਮਿਹਨਤ ਕਰਦੇ ਹਨ ਉਹ ਆਪਣੀ ਕਿਸਮਤ ਆਪ ਘੜਣ ਦੇ ਸਮਰੱਥ ਬਣ ਜਾਂਦੇ ਹਨ।

ਸਾਨੂੰ ਆਪਣੇ ‘ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਦੀ ਭ੍ਰਮ ਰੂਪੀ ਰੁਕਾਵਟ ਨੂੰ ਸਮਝਣ ਲਈ ਇਸ ਦੀ ਜਾਣਕਾਰੀ ਲੈ ਲੈਣੀ ਲਾਹੇਵੰਦ ਰਹੇਗੀ-

- ਮਾਧਵੇ ਕਿਆ ਕਹੀਐ ਭ੍ਰਮ ਐਸਾ।।

ਜੈਸਾ ਮਾਨੀਐ ਹੋਇ ਨ ਤੈਸਾ।।

(ਸੋਰਠਿ ਰਵਿਦਾਸ ਜੀ-੬੫੭)

- ਯਥਾਰਥ ਤੋਂ ਉਲਟ ਸਮਝ ਲੈਣ ਦਾ ਨਾਉਂ ਭਰਮ ਹੈ, ਜਿਸ ਤੋਂ ਵਿਹਾਰ ਅਰ ਪਰਮਾਰਥ ਦਾ ਸਤਯ ਗਯਾਨ ਨਹੀਂ ਹੁੰਦਾ। ਯਥਾਰਥ ਗਯਾਨ ਤੋਂ ਇਸ ਦੀ ਨਿਵ੍ਰਿਤੀ ਹੁੰਦੀ ਹੈ।

(ਭਾਈ ਕਾਨ੍ਹ ਸਿੰਘ ਨਾਭਾ - ਗੁਰੁਮਤ ਮਾਰਤੰਡ ਪੰਨਾ ੭੪੦)

-ਜੋ ਲੋਕ ਭਰਮ ਸਬੰਧੀ ਰਿਵਾਜ਼ ਅਤੇ ਰਸਮਾਂ ਦੇ ਸਮੁੰਦਰ ਵਿੱਚ ਡੁੱਬੇ ਹੋਏ ਹਨ, ਗੁਰੂ ਸਾਹਿਬ ਉਨ੍ਹਾਂ ਦੇ ਵਿਰੁੱਧ ਹਨ, ਅਰ ਜੋ ਵਹਿਮੀ ਖਯਾਲਾਂ ਦੇ ਸਮੁੰਦ੍ਰ ਤੋਂ ਤਰ ਕੇ ਪਾਰ ਹੋਣ ਵਾਲੇ ਹਨ, ਉਨ੍ਹਾਂ ਦੇ ਅਨੁਸਾਰੀ ਹਨ।

(ਭਾਈ ਨੰਦ ਲਾਲ- ਤੌਸ਼ੀਫੋਸਨਾ)

ਵਹਿਮ -ਭਰਮ ਵਿੱਚ ਫਸ ਕੇ ਖੁਆਰ ਹੋ ਰਹੇ ਮਨੁੱਖ ਦੇ ਜੀਵਨ ਵਿੱਚ ਕਦੀ ਵੀ ਸੁੱਖਾਂ ਦੀ ਪ੍ਰਾਪਤੀ ਨਹੀਂ ਹੋ ਸਕਦੀ, ਅਗਿਆਨਤਾ ਦੇ ਸਮੁੰਦਰ ਵਿੱਚ ਗੋਤੇ ਖਾਂਦੇ ਹੋਏ ਐਸੇ ਮਨੁੱਖ ਜੋਤਸ਼ੀਆਂ - ਪਾਂਧਿਆਂ ਦੇ ਹੱਥੋਂ ਆਪਣੀ ਲੁੱਟ ਆਪ ਕਰਾਉਂਦੇ ਹਨ ਅਤੇ ਸ਼ਗਨ-ਅਪਸ਼ਗਨ ਦੇ ਚੱਕਰਾਂ ਵਿੱਚ ਪਾ ਕੇ ਹੋਰ ਖੁਆਰ ਕਰਦੇ ਹਨ।

-ਸ਼ਕੁਨਿ, ਪੰਛੀਆਂ ਦੀ ਬੋਲੀ ਜਾਂ ਹਰਕਤ ਤੋਂ ਮੰਦੇ ਹੋਏ ਸ਼ੁਭ ਅਸ਼ੁਭ ਫਲ ਸ਼ਕੁਨ ਅਥਵਾ ਸ਼ਗਨ ਆਖਦੇ ਹਨ, ਪਰ ਭ੍ਰਮ ਦੇ ਗ੍ਰਸੇ ਹੋਏ ਲੋਕ ਮ੍ਰਿਗ, ਗਧੇ, ਆਦਿਕ ਪਸ਼ੂਆਂ ਅਤੇ ਵਿਧਵਾ ਆਦਿਕ ਇਸਤ੍ਰੀਆਂ ਦੇ ਸੱਜੇ ਖੱਬੇ ਸੰਮੁਖ ਹੋਣ ਤੋਂ ਭੀ ਅਨੇਕ ਨਤੀਜੇ ਮੰਨਦੇ ਹਨ। ਸਿੱਖ ਧਰਮ ਵਿੱਚ ਸ਼ਗਨਾਂ ਦਾ ਭਲਾ ਬੁਰਾ ਫਲ ਮੰਨਣਾ ਨਿਸ਼ੇਧ ਕੀਤਾ ਗਿਆ ਹੈ।

(ਭਾਈ ਕਾਨ੍ਹ ਸਿੰਘ ਨਾਭਾ- ਗੁਰੁਮਤ ਮਾਰਤੰਡ ਪੰਨਾ ੧੧੪)

ਸਿੱਖ ਇਤਿਹਾਸ ਦੇ ਪੰਨਿਆਂ ਵਿਚੋਂ ਸ਼ਗਨ-ਅਪਸ਼ਗਨ ਨਾਲ ਸਬੰਧਿਤ ਬਹੁਤ ਹੀ ਸਿਖਿਆਦਾਇਕ ਘਟਨਾ ਨੂੰ ਸਾਹਮਣੇ ਰੱਖਦੇ ਹੋਏ ਵਾਚਣਾ ਲਾਹੇਵੰਦ ਰਹੇਗਾ-

ਅੰਮ੍ਰਿਤਸਰ ਦੀ ਪਾਵਨ ਧਰਤੀ ਉਪਰ ਗੁਰੂ ਅਰਜਨ ਸਾਹਿਬ ਦੇ ਦਰਬਾਰ ਵਿੱਚ ਬਹੁਤ ਸੰਗਤ ਗੁਰੂ ਉਪਦੇਸ਼ ਸੁਨਣ ਅਤੇ ਹੁਕਮ ਰੂਪ ਸੇਵਾ ਕਮਾਉਣ ਲਈ ਜੁੜਦੀ ਸੀ। ਇਸ ਦੀ ਕਨਸੋਅ ਬਨਾਰਸ ਦੇ ਰਹਿਣ ਵਾਲੇ ਪੰਡਿਤ ਦੇ ਕੰਨੀ ਵੀ ਪੈ ਗਈ। ਉਸ ਨੇ ਆਪਣੇ ਪੁੱਤਰ ਨੂੰ ਨਾਲ ਲੈ ਕੇ ਉਪਜੀਵਕਾ ਕਮਾਉਣ ਦੀ ਆਸ ਵਿੱਚ ਅੰਮ੍ਰਿਤਸਰ ਦੀ ਧਰਤੀ ਉਪਰ ਆ ਕੇ ਪੰਚਮ ਪਾਤਸ਼ਾਹ ਦੇ ਦਰਬਾਰ ਵਿੱਚ ਆਪਣੇ ਨਾਲ ਲਿਆਂਦੇ ਗਏ ਧਰਮ ਗ੍ਰੰਥਾਂ ਦੀ ਕਥਾ ਕਰਨ ਦੀ ਆਗਿਆ ਮੰਗੀ। ਸਤਿਗੁਰੂ ਦੀ ਪ੍ਰਵਾਨਗੀ ਅਨੁਸਾਰ ਕਈ ਦਿਨ ਕਥਾ ਕਰਨ ਤੋਂ ਬਾਦ ਵੀ ਸਿੱਖਾਂ ਉਪਰ ਇਸ ਦਾ ਕੋਈ ਅਸਰ ਨਾਂ ਹੁੰਦਾ ਵੇਖ ਕੇ ਪੰਡਿਤ ਨੇ ਆਪਣੇ ਪੁੱਤਰ ਨੂੰ ਬਨਾਰਸ ਤੋਂ ਹੋਰ ਧਰਮ ਗ੍ਰੰਥ ਮੰਗਵਾਉਣ ਹਿਤ ਕਈ ਤਰਾਂ ਦੀ ਪਾਠ ਪੂਜਾ ਕਰਨ ਉਪਰੰਤ ਸ਼ੁਭ ਮਹੂਰਤ ਕੱਢ ਕੇ ਸ਼ਹਿਰ ਤੋਂ ਬਾਹਰ ਤੋਰਣ ਲਈ ਗਿਆ। ਪ੍ਰੰਤੂ ਕੁੱਝ ਸਮੇਂ ਬਾਦ ਹੀ ਦੋਵੇਂ ਪਿਉ-ਪੁੱਤਰ ਖਾਲੀ ਹੱਥ ਗੁਰੂ ਦਰਬਾਰ ਵਿੱਚ ਵਾਪਸ ਪਰਤ ਆਏ। ਸਤਿਗੁਰਾਂ ਦੇ ਪੁੱਛਣ ਤੇ ਦਸਿਆ ਕਿ ਸ਼ਹਿਰੋਂ ਬਾਹਰ ਜਾਣ ਸਮੇਂ ਸਾਹਮਣੇ ਖੋਤਾ ਹੀਂਗਣ ਲੱਗ ਪਿਆ ਸੀ, ਜਿਸ ਕਾਰਣ ਅਪਸ਼ਗਨ ਹੋ ਗਿਆ ਅਤੇ ਕਢਿਆ ਗਿਆ ਸ਼ੁਭ ਮਹੂਰਤ ਵਿਅਰਥ ਚਲਾ ਗਿਆ ਹੈ। ਪੰਡਿਤ ਦੀ ਇਸ ਥੋਥੀ ਦਲੀਲ ਨੂੰ ਸੁਣ ਕੇ ਸਾਰੀ ਹਾਜ਼ਰ ਸੰਗਤ ਵਿੱਚ ਹਾਸਾ ਮੱਚ ਗਿਆ। ਗੁਰੂ ਸਾਹਿਬ ਨੇ ਪੰਡਿਤ ਨੂੰ ਸਮਝਾਇਆ ਕਿ ਜੇਕਰ ਤੁਹਾਡੇ ਵਲੋਂ ਵੱਖ-ਵੱਖ ਧਰਮ ਗ੍ਰੰਥਾਂ ਨੂੰ ਪੜ ਕੇ ਕਢਿਆ ਗਿਆ ਸ਼ੁਭ ਮਹੂਰਤ ਇੱਕ ਖੋਤੇ ਦੇ ਹੀਂਗਣ ਨਾਲ ਰੱਦ ਹੋ ਗਿਆ ਹੈ ਤਾਂ ਫਿਰ ਖੋਤਾ ਵੱਡਾ ਹੋਇਆ। ਇਸ ਦਾ ਮਤਲਬ ਹੈ ਕਿ ਤੁਹਾਡੇ ਆਪਣੇ ਹੀ ਮਨ ਵਿੱਚ ਇਹਨਾਂ ਧਰਮ ਗ੍ਰੰਥਾਂ ਪ੍ਰਤੀ ਸ਼ਰਧਾ ਤੇ ਪ੍ਰਤੀਤ ਨਹੀ ਹੈ, ਜੇ ਤੁਹਾਡਾ ਇਹ ਹਾਲ ਹੈ ਤਾਂ ਤੁਹਾਡੇ ਕੋਲੋਂ ਸੁਨਣ ਵਾਲਿਆਂ ਦਾ ਕੀ ਹਾਲ ਹੋਵੇਗਾ?

ਅਫਸੋਸ! ਅੱਜ ਸਾਡੇ ਸਿੱਖ ਸਮਾਜ ਅੰਦਰ ਵੀ ਕੁੱਝ ਐਸਾ ਵਾਪਰਦਾ ਵੇਖਣ ਨੂੰ ਮਿਲ ਜਾਂਦਾ ਹੈ। ਗੁਰਬਾਣੀ ਜਿਸ ਨੂੰ ਅਸੀਂ ਗੁਰੂ ਆਖ ਕੇ ਮੱਥਾ ਵੀ ਟੇਕਦੇ ਹਾਂ ਤਾਂ ਸਾਨੂੰ ਸਪਸ਼ਟ ਗਿਆਨ ਦਿੰਦੀ ਹੈ ਕਿ ਜਿਸ-ਜਿਸ ਦੇ ਜੀਵਨ ਅੰਦਰ ਗੁਰਬਾਣੀ ਦਾ ਦਿਤਾ ਗਿਆਨ ਰੂਪੀ ਪ੍ਰਕਾਸ਼ ਹੋਵੇਗਾ, ਉਸ ਦੇ ਜੀਵਨ ਵਿੱਚ ਕਿਸੇ ਵੀ ਤਰਾਂ ਦੇ ਵਹਿਮ-ਭਰਮ, ਸ਼ਗਨ-ਅਪਸ਼ਗਨ ਲਈ ਕੋਈ ਵੀ ਥਾਂ ਨਹੀਂ ਹੋਵੇਗੀ-

-ਸਗੁਨ ਅਪਸਗੁਨ ਤਿਸੁ ਕਉ ਲਗਹਿ ਜਿਸੁ ਚੀਤਿ ਨ ਆਵੈ।।

(ਆਸਾ ਮਹਲਾ ੫- ੪੦੧)

- ਜਬ ਆਪਨ ਆਪੁ ਆਪਿ ਉਰਿ ਧਾਰੈ।।

ਤਉ ਸਗਨ ਅਪਸਗਨ ਕਹਾ ਬੀਚਾਰੈ।।

(ਗਉੜੀ ਸੁਖਮਨੀ ਮਹਲਾ ੫-੨੮੦)

- ਡੀਗਨ ਡੋਲਾ ਤਉ ਲਉ ਜਉ ਮਨ ਕੇ ਭਰਮਾ।।

ਭ੍ਰਮ ਕਾਟੇ ਗੁਰ ਆਪਣੈ ਪਾਏ ਬਿਸਰਾਮਾ।।

(ਆਸਾ ਮਹਲਾ ੫-੪੦੦)

- ਸੋਈ ਸਾਸਤ ਸਉਣ ਸੋਇ ਜਿਤੁ ਜਪੀਐ ਹਰਿ ਨਾਉ।।

(ਸਿਰੀ ਰਾਗੁ ਮਹਲਾ ੫-੪੮)

- ਛਨਿਛਰਵਾਰ ਸਉਣ ਸਾਸਤ ਬੀਚਾਰੁ।। ਹਉਮੈ ਮੇਰਾ ਭਰਮੈ ਸੰਸਾਰੁ।।

ਮਨਮੁਖੁ ਅੰਧਾ ਦੂਜੈ ਭਾਇ।। ਜਮ ਦਰਿ ਬਾਧਾ ਚੋਟਾ ਖਾਇ।।

ਗੁਰ ਪਰਸਾਦੀ ਸਦਾ ਸੁਖੁ ਪਾਏ। ਸਚੁ ਕਰਣੀ ਸਾਚਿ ਲਿਵ ਲਾਏ।।

(ਬਿਲਾਵਲ ਮਹਲਾ ੩- ੮੪੧)

ਇਸ ਵਿਸ਼ੇ ਉਪਰ ਗੁਰਬਾਣੀ ਦੇ ਮਹਾਨ ਵਿਆਖਿਆਕਾਰ ਭਾਈ ਗੁਰਦਾਸ ਜੀ ਨੇ ਪੰਜਵੀਂ ਵਾਰ ਦੀ ਅਠਵੀਂ ਪਉੜੀ ਅੰਦਰ ਬਹੁਤ ਸੁੰਦਰ ਤਰੀਕੇ ਨਾਲ ਸੇਧ ਦਿਤੀ ਹੈ ਕਿ ਜੋਤਸ਼ੀਆਂ ਦੇ ਪਿੱਛੇ ਲੱਗ ਕੇ ਨੌਂ ਗ੍ਰਹਿ, ਬਾਰਾਂ ਰਾਸਾਂ ਦੀ ਵਿਚਾਰ ਕਰਦੇ ਹੋਏ ਇਸਤਰੀਆਂ ਟੂਣੇ ਕਰਦੀਆਂ ਹਨ ਅਤੇ ਔਂਸੀਆਂ (ਜਮੀਨ ਤੇ ਲੀਕਾਂ ਕੱਢ ਕੇ ਟਾਂਕ ਜਿਸਤ ਤੋਂ ਸ਼ੁਭ ਅਸ਼ੁਭ ਫਲ ਕੱਢਣਾ) ਪਾਉਂਦੀਆਂ ਹਨ। ਗਧੇ, ਕੁੱਤੇ, ਬਿੱਲੀਆਂ, ਇੱਲਾਂ, ਸੋਨ ਚਿੜੀ ਦਾ ਬੋਲਣਾ, ਗਿੱਦੜ ਦਾ ਹੀਂਗਣਾ, ਵਰੋਲੇ ਦਾ ਵੇਖਣਾ, ਇਸਤਰੀ ਪੁਰਖ ਦਾ ਪਾਣੀ, ਅੱਗ ਲੈ ਕੇ ਮਿਲਣਾ (ਤੁਰਨ ਸਮੇਂ ਇਸਤਰੀ ਪਾਣੀ ਲੈ ਕੇ ਮਿਲੇ ਤਾਂ ਸ਼ਗਨ, ਤੇ ਜੇ ਮਰਦ ਮਿਲੇ ਅਪਸ਼ਗਨ, ਜੇ ਅਗਨੀ ਲੈ ਕੇ ਮਿਲੇ ਤਾਂ ਦੋਵਾਂ ਹੀ ਹਾਲਤਾਂ ਵਿੱਚ ਅਪਸ਼ਗਨ ਹੈ) ਛਿੱਕ ਵੱਜੇ (ਤੁਰਨ ਲੱਗੇ ਜੇ ਇੱਕ ਛਿੱਕ ਵੱਜੇ ਤਾਂ ਅਪਸ਼ਗਨ ਤੇ ਜੇ ਦੋ ਵੱਜਣ ਤਾਂ ਸ਼ਗਨ) ਪਦ (ਵਾਉਕਾ-ਸਰੀਰ ਵਿਚੋ ਗੰਦੀ ਹਵਾ ਖਾਰਜ ਹੋਣਾ) ਹਿਚਕੀ ਦੇ ਵਰਤਾਰੇ ਨੂੰ ਵਹਿਮ ਰੂਪ ਵਿੱਚ ਸਮਝਣਾ, ਥਿੱਤ, ਵਾਰ, ਦਿਸ਼ਾ ਸੂਲ (ਕਿਸੇ ਦਿਸ਼ਾ ਵੱਲ ਯਾਤਰਾ ਕਰਨ ਲਈ ਕੋਈ ਦਿਨ ਸੂਲ ਦੀ ਤਰਾਂ ਦੁੱਖ ਦੇਣ ਵਾਲਾ, ਜਿਵੇਂ ਪੱਛਮ ਵੱਲ ਜਾਣ ਲਈ ਸ਼ੁੱਕਰ ਅਤੇ ਐਤਵਾਰ, ਉੱਤਰ ਲਈ ਮੰਗਲ ਅਤੇ ਬੁੱਧ, ਪੂਰਬ ਲਈ ਸ਼ਨਿਚਰ ਅਤੇ ਸੋਮ, ਦੱਖਣ ਵੱਲ ਜਾਣ ਲਈ ਵੀਰਵਾਰ) ਦੀ ਵਿਚਾਰ ਕਰਦਿਆਂ ਸੰਸਾਰ ਡਰ ਅਧੀਨ ਪਿਆ ਹੋਇਆ ਹੈ। ਭਾਈ ਸਾਹਿਬ ਇਸ ਪਉੜੀ ਰਾਹੀਂ ਇਹ ਸਿਖਿਆ ਦੇ ਰਹੇ ਹਨ ਕਿ ਜੋ ਲੋਕ ਸ਼ਗਨਾਂ-ਅਪਸ਼ਗਨਾਂ ਨੂੰ ਮੰਨਦੇ ਹੋਏ ਚੱਕਰਾਂ ਵਿੱਚ ਪਏ ਹੋਏ ਹਨ, ਉਹ ਵੇਸਵਾ ਦੀ ਤਰਾਂ ਹਨ, ਜਿਸ ਨੂੰ ਆਪਣੇ ਇੱਕ ਪਤੀ ਤੇ ਭਰੋਸਾ ਹੀ ਨਹੀਂ ਹੁੰਦਾ, ਜੇਕਰ ਅਸਲ ਸੁਹਾਗਣ ਦੀ ਤਰਾਂ ਗੁਰਮੁਖ ਬਣ ਕੇ ਇੱਕ ਪ੍ਰਮੇਸ਼ਰ ਦੀ ਭਗਤੀ ਕੀਤੀ ਜਾਵੇ ਤਾਂ ਸੁੱਖ ਫਲ ਦਾਤੇ ਪ੍ਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ-

ਸਉਣ ਸ਼ਗੁਨ ਵੀਚਾਰਣੇ ਨਉ ਗ੍ਰਿਹ ਬਾਰਹ ਰਾਸਿ ਵੀਚਾਰਾ।

ਕਾਮਣ ਟੂਣੇ ਅਉਸੀਆ ਕਣਸੋਈ ਪਾਸਾਰ ਪਸਾਰਾ।

ਗਦਹੁ ਕੁਤੇ ਬਿਲੀਆ ਇਲ ਮਲਾਲੀ ਗਿਦੜ ਛਾਰਾ।

ਨਾਰਿ ਪੁਰਖੁ ਪਾਣੀ ਅਗਨਿ ਛਿਕ ਪਦ ਹਿਡਕੀ ਵਰਤਾਰਾ।

ਥਿਤਿ ਵਾਰ ਭਦ੍ਰਾ ਭਰਮ ਦਿਸਾਸੂਲ ਸਹਸਾ ਸੈਸਾਰਾ।

ਗੁਰਮੁਖਿ ਸੁਖ ਫਲੁ ਪਾਰ ਉਤਾਰਾ।। ੮।।

(ਭਾਈ ਗੁਰਦਾਸ ਜੀ- ਵਾਰ ੫ ਪਉੜੀ ੮)

ਇਸੇ ਹੀ ਵਿਸ਼ੇ ਉਪਰ ਭਾਈ ਗੁਰਦਾਸ ਜੀ ਨੇ ਵੀਹਵੀਂ ਵਾਰ ਦੀ ਅਠਵੀਂ ਪਉੜੀ ਅੰਦਰ ਸਹੀ ਅਰਥਾਂ ਵਿੱਚ ਗੁਰਸਿੱਖੀ ਅਸੂਲਾਂ ਨੂੰ ਪ੍ਰਣਾਏ ਹੋਏ ਗੁਰਸਿੱਖਾਂ ਦਾ ਜ਼ਿਕਰ ਕੀਤਾ ਹੈ ਕਿ ਉਹ ਗੁਰੂ ਦੀ ਮਤਿ ਅਨੁਸਾਰ ਚਲਦੇ ਹੋਏ ਕਿਸੇ ਵੀ ਕਿਸਮ ਦੇ ਵਹਿਮ ਭਰਮ, ਸ਼ਗਨ-ਅਪਸ਼ਗਨ ਪ੍ਰਤੀ ਮਨ ਵਿੱਚ ਖਿਆਲ ਵੀ ਪੈਦਾ ਨਹੀ ਹੋਣ ਦਿੰਦੇ। ਕਿਉਂਕਿ ਗੁਰੂ ਦੇ ਗਿਆਨ ਨੇ ਉਹਨਾਂ ਦੇ ਜੀਵਨ ਅੰਦਰ ਪ੍ਰਪੱਕ ਕਰ ਦਿਤਾ ਹੈ ਕਿ ਸਭ ਕੁੱਝ ਪ੍ਰਮੇਸ਼ਰ ਦੇ ਹੁਕਮ ਅੰਦਰ ਹੀ ਵਾਪਰਿਆ ਸੀ, ਵਾਪਰ ਰਿਹਾ ਹੈ ਅਤੇ ਵਾਪਰੇਗਾ-

ਸਜਾ ਖਬਾ ਸਉਣੁ ਨ ਮੰਨਿ ਵਸਾਇਆ।

ਨਾਰਿ ਪੁਰਖ ਨੋ ਵੇਖਿ ਨ ਪੈਰੁ ਹਟਾਇਆ।

ਭਾਖ ਸ਼ਭਾਖ ਵੀਚਾਰਿ ਨ ਛਿਕ ਮਨਾਇਆ।

ਦੇਵੀ ਦੇਵ ਨ ਸੇਵਿ ਨ ਪੂਜ ਕਰਾਇਆ।

ਭੰਭਲ ਭੂਸੇ ਖਾਇ ਨ ਮਨੁ ਭਰਮਾਇਆ।

ਗੁਰਸਿਖ ਸਚਾ ਖੇਤੁ ਬੀਜ ਫਲਾਇਆ।। ੮।।

(ਭਾਈ ਗੁਰਦਾਸ ਜੀ- ਵਾਰ ੨੦ ਪਉੜੀ -੮)

ਅਜੋਕੇ ਸਮੇਂ ਵਿਦਿਆ, ਸਾਇੰਸ ਦਾ ਇੰਨਾ ਪਸਾਰਾ ਹੋਣ ਦੇ ਬਾਵਜੂਦ ਵੀ ਮਨੁੱਖਤਾ ਸ਼ਗਨ- ਅਪਸ਼ਗਨ, ਵਹਿਮ-ਭਰਮ, ਆਦਿ ਵਿੱਚ ਫਸੀ ਹੋਈ ਜੋਤਸ਼ੀਆਂ, ਤਾਂਤ੍ਰਿਕਾਂ, ਅਖੌਤੀ ਸਾਧਾਂ-ਬਾਬਿਆਂ ਹੱਥੋਂ ਆਪਣੀ ਆਰਥਿਕ, ਮਾਨਸਿਕ, ਸਰੀਰਕ ਇੱਜ਼ਤ ਆਦਿਕ ਰੂਪੀ ਲੁੱਟ ਕਰਵਾ ਰਹੀ ਦਿਖਾਈ ਦਿੰਦੀ ਹੈ। ਮਨੁੱਖ ਨੇ ਆਪਣੀ ਸਹੂਲਤ ਲਈ ਸਮੇਂ ਦੀ ਵੰਡ (ਸਕਿੰਟ, ਮਿੰਟ, ਘੰਟੇ, ਦਿਨ, ਵਾਰ, ਮਹੀਨੇ, ਸਾਲ, ਸ਼ਤਾਬਦੀ ਆਦਿ) ਕੀਤੀ ਪਰ ਅਫਸੋਸ ਕਿ ਆਪਣੇ ਹੱਥੀਂ ਸਿਰਜੇ ਦਿਨ -ਵਾਰਾਂ, ਸਮੇਂ ਦੇ ਚੰਗੇ -ਮੰਦੇ ਹੋਣ ਦੀ ਵਿਚਾਰ ਵਿੱਚ ਫਸ ਕੇ ਖੁਆਰ ਹੋ ਰਿਹਾ ਹੈ। ਇਸ ਤੋਂ ਵੀ ਵੱਡੇ ਅਫਸੋਸ ਦੀ ਗੱਲ ਤਾਂ ਗੁਰਸਿੱਖ ਅਖਵਾਉਣ ਵਾਲਿਆਂ ਲਈ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਹੋਏ, ਦਸ ਗੁਰੂ ਸਾਹਿਬਾਨ ਨੂੰ ਆਪਣਾ ਆਦਰਸ਼ ਮੰਨਦੇ ਹੋਏ ਵੀ ਵਹਿਮ-ਭਰਮ, ਸ਼ਗਨ-ਅਪਸ਼ਗਨ ਦੇ ਚੱਕਰ ਵਿੱਚ ਪਏ ਅਕਸਰ ਦਿਖਾਈ ਦਿੰਦੇ ਹਨ।

ਆਉ! ਜੇ ਅਸੀਂ ‘ਸੁਖਮਈ ਜੀਵਨ ਅਹਿਸਾਸ` ਦੀ ਪ੍ਰਾਪਤੀ ਕਰਨਾ ਚਾਹੁੰਦੇ ਹਾਂ ਤਾਂ ਇਹਨਾਂ ਭਰਮ ਭੁਲੇਖਿਆਂ ਨੂੰ ਦਰ-ਕਿਨਾਰ ਕਰਦੇ ਹੋਏ ਸਹੀ ਅਰਥਾਂ ਵਿੱਚ ਗੁਰਬਾਣੀ-ਇਤਿਹਾਸ ਦੁਆਰਾ ਦਰਸਾਈ ਹੋਈ ਗਿਆਨ ਭਰਪੂਰ ਜੀਵਨ ਜਾਚ ਦੇ ਧਾਰਨੀ ਬਣੀਏ-

- ਦੇਖੋ ਭਾਈ ਗਯਾਨ ਕੀ ਆਈ ਆਂਧੀ।।

ਸਭੈ ਉਡਾਨੀ ਭ੍ਰਮ ਕੀ ਟਾਟੀ ਰਹੈ ਨ ਮਾਇਆ ਬਾਂਧੀ।।

(ਗਉੜੀ ਕਬੀਰ ਜੀ- ੩੩੧)

-ਦੀਵਾ ਬਲੈ ਅੰਧੇਰਾ ਜਾਇ।। ਬੇਦ ਪਾਠ ਮਤਿ ਪਾਪਾ ਖਾਇ।।

ਉਗਵੈ ਸੂਰੁ ਨ ਜਾਪੈ ਚੰਦੁ।। ਜਹ ਗਿਆਨ ਪ੍ਰਗਾਸੁ ਅਗਿਆਨ ਮਿਟੰਤੁ।।

(ਵਾਰ ਸੂਹੀ-ਮਹਲਾ ੧-੭੯੧)

=========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]




.