.

ਸਰਵੋਤਮ ਧਰਮ ਗ੍ਰੰਥ ਸ੍ਰੀ ਗੁਰੂ ਗ੍ਰੰਥ ਸਾਹਿਬ

ਗੁਰਬਾਣੀ ਪ੍ਰਾਚੀਨ ਗ੍ਰੰਥਾਂ ਦੇ ਦੋਸ਼ਾਂ ਤੋਂ ਰਹਿਤ ਸਿੱਧ ਹੁੰਦੀ ਹੈ। ਇਸ ਬਾਣੀ ਜਿਤਨੀ ਉਤਮ ਬਾਣੀ ਮੈਨੂੰ ਹੋਰ ਕਿਧਰੇ ਨਜ਼ਰ ਨਹੀਂ ਆਈ। ਇਥੇ ਮੈਂ ਪੰਡਿਤ ਰਾਮ ਬਸੰਤ ਸਿੰਘ ਜੀ ਦਾ ਵੀ ਦਿਲੋਂ ਧੰਨਵਾਦ ਕਰਦਾ ਹਾਂ, ਜੋ ਨਿਰਮਲ-ਸੰਤ-ਅਖਾੜੇ ਵਿੱਚ ਕਥਾ ਕਰਦੇ ਸਨ …। ਐਸੀ ‘ਸਰਵੋਤਮ ਬਾਣੀ’ ਨਾਲ ਮੇਰੀ ਪਹਿਚਾਣ ਕਰਾਣ ਲਈ ਉਹ ਸੰਤ-ਬਿਰਤੀ-ਪੁਰਸ਼ ਮੇਰੇ ਧੰਨ ਬਚਨ ਦਾ ਭਾਗੀ ਹੈ। … ਅੰਤ ਵਿੱਚ ਮੈਂ ਇਸ ਆਸ ਨਾਲ ਇਹ ਪੁਸਤਕ ਆਪ ਜੀ ਨੂੰ ਭੇਂਟ ਕਰ ਰਿਹਾ ਹਾਂ ਕਿ ਸੱਚ ਦੇ ਖੋਜੀ ਸੱਜਣ ਇਸ ਦਾ ਸਵਾਗਤ ਕਰਣਗੇ।

ਆਪ ਸਭ ਦਾ ਸਨੇਹੀ, ਰਾਮ ਤੀਰਥ (ਦੰਡੀ ਸੰਨਿਆਸੀ)। ਲੁਧਿਆਣਾ, ਹਰਿਦੁਆਰ 31 ਮਾਰਚ 1974.

(ਨੋਟ: ਸੱਚੀ ਗੁਰਬਾਣੀ ਜਿਸ ਨੇ ਰੁੰਡ-ਮੁੰਡ ਦੰਡੀ ਸੰਨਿਆਸੀ ਨੂੰ ਕੇਸਾਧਾਰੀ, ਦਸਤਾਰਧਾਰੀ ਗੁਰਸਿੱਖ ਬਣਾ ਦਿੱਤਾ)

ਪ੍ਰਾਰਥਨਾ (ਬੇਨਤੀ) :

(1) ਸੁਖਮਨੀ ਸਾਹਿਬ ਪਰਮ-ਸੁਖ ਦੇਣ ਵਾਲੀ ਬਾਣੀ ਹੈ। ਸਵੇਰੇ ਜਪੁ ਜੀ ਸਾਹਿਬ ਨਾਲ ਇਸ ਦਾ ਪੂਰਾ ਜਾਂ ਕੁੱਝ ਅਸ਼ਟਪਦੀਆਂ ਦਾ ਪਾਠ ਜ਼ਰੂਰ ਕਰਨਾ ਚਾਹੀਦਾ ਹੈ।

(2) ਪਸ਼ੂ ਪੰਛੀਆਂ ਵਿੱਚ ਜਨਮ ਪ੍ਰਧਾਨ ਹੈ ਇਸ ਲਈ ਉਹ ਆਪਣੇ ਜੀਵਨ ਵਿੱਚ ਕਿਸੇ ਤਰ੍ਹਾਂ ਦੀ ਤਬਦੀਲੀ ਨਹੀਂ ਲਿਆ ਸਕਦੇ ਪਰ ਮਨੁੱਖ ਜਾਤਿ ਤਾਂ ਕਰਮ ਪ੍ਰਧਾਨ ਹੈ, ਇਸ ਲਈ ਮਨੁੱਖ ਸਤਿਸੰਗ ਜਾਂ ਕੁਸੰਗ, ਬਿਬੇਕ ਜਾਂ ਮੂਰਖਤਾ ਦਾ ਰਾਹ ਅਪਨਾ ਕੇ ਆਪਣੇ ਜੀਵਨ ਵਿੱਚ ਜਿਤਨੀ ਚਾਹੇ ਤਬਦੀਲੀ ਲਿਆ ਸਕਦਾ ਹੈ। ਗੁਰਮਤਿ ਮਨੁੱਖ ਨੂੰ ਉਸ ਦੇ ਚੰਗੇ-ਮਾੜੇ ਕਰਮਾਂ ਨਾਲ ਵੱਡਾ-ਛੋਟਾ ਆਖਦੀ ਹੈ, ਜਨਮ ਕਰ ਕੇ ਨਹੀਂ।

(3) ਗੁਰਬਾਣੀ ਮਰਦ ਜਾਂ ਔਰਤ ਵਿੱਚ ਕੋਈ ਭਿੰਨ-ਭੇਦ ਨਹੀਂ ਮੰਨਦੀ; ਗੁਰਸਿਖਾਂ ਨੂੰ ਦੋਹਾਂ ਧਿਰਾਂ ਦੀ ਬਰਾਬਰੀ ਦਾ ਸਮਰਥਕ ਹੋਣਾ ਚਾਹੀਦਾ ਹੈ।

(4) ਕਿਸੇ ਦੇਵੀ-ਦੇਵਤਾ-ਪੂਜਕ ਨੂੰ ਜਾਂ ਧਰਮ ਦੇ ਨਾਂ ਤੇ ਉਦਰ-ਪੂਰਤੀ ਕਰਣ ਵਾਲੇ ਨੂੰ ਬਾਣੀ ਵਿੱਚ ਚੋਰ ਤੇ ਹਰਾਮਖੋਰ ਕਿਹਾ ਗਿਆ ਹੈ। ਧਰਮੀ ਗੁਰਸਿੱਖਾਂ ਨੂੰ ਅਜਿਹੇ ਲੋਕਾਂ ਦਾ ਸੰਗ ਨਹੀਂ ਕਰਨਾ ਚਾਹੀਦਾ। ਧਰਮ ਦੀ ਕਿਰਤ ਕਰ ਕੇ, ਨਾਮ-ਬਾਣੀ ਵਿੱਚ ਜੁੜ ਕੇ, ਗ੍ਰਹਸਥ ਵਿੱਚ ਰਹਿ ਕੇ ਪਰਿਵਾਰ-ਪਾਲਣਾ ਕਰਣੀ ਚਾਹੀਦੀ ਹੈ।

(5) ਗੁਰਮਤਿ ਅਨੁਸਾਰ ਗ੍ਰਹਸਥ ‘ਉੱਤਮ ਆਸ਼੍ਰਮ’ ਮੰਨਿਆ ਗਿਆ ਹੈ। ਸੰਤ-ਜਨਾਂ (ਸਤਿ-ਸੰਗੀਆਂ) ਨੂੰ ਗੁਰੂ-ਹੁਕਮਾਂ ਦੇ ਉਲਟ ਨਹੀਂ ਚਲਣਾ ਚਾਹੀਦਾ, ਪਰ ਉਲਟ ਚਲਣ ਵਾਲੇ ਅਖੌਤੀ-ਨਿਹਕਲੰਕੀਆਂ ਅਤੇ ਦੰਭੀ-ਪਖੰਡੀ-ਸੰਤਾਂ ਦਾ ਬਿਲਕੁਲ ਕੋਈ ਆਦਰ-ਸਤਿਕਾਰ ਨਹੀਂ ਕਰਨਾ ਚਾਹੀਦਾ।

(6) ਗੁਰੂ-ਸਿੱਖਿਆ ਹੈ ਕਿ ਨੰਗੇ ਜਾਂ ਭੁੱਖੇ ਰਹਣਾ ਕੋਈ ਧਾਰਮਕ ਰਹਤ ਨਹੀਂ, ਪਖੰਡ ਹੈ। ਨਾ ਤਾਂ ਅਸੀਂ ਖੁਦ ਅਜਿਹੇ ਪਖੰਡੀ ਬਣੀਏ ਅਤੇ ਨਾ ਹੀ ਅਜਿਹੇ ਲੋਕਾਂ ਦਾ ਕੋਈ ਮਾਨ-ਸਤਿਕਾਰ ਕਰੀਏ।

(7) ਗੁਰੂ-ਭਗਤ-ਗੁਰਸਿੱਖਾਂ ਨੂੰ ਤਾਮਸੀ ਭੋਜਨ ਅਰਥਾਤ ਸ਼ਰਾਬ, ਤਮਾਕੂ, ਚਰਸ ਆਦਿਕ ਨਸ਼ੀਲੇ ਪਦਾਰਥਾਂ ਦਾ ਉੱਕਾ ਇਸਤੇਮਾਲ ਨਹੀਂ ਕਰਨਾ ਚਾਹੀਦਾ; ਇਨ੍ਹਾਂ ਤੋਂ ਦੂਰ ਹੀ ਰਹਿਣਾ ਚਾਹੀਦਾ ਹੈ। ਗੁਰੂ-ਸਾਹਿਬਾਨ ਨੇ ਸਾਨੂੰ ਬੇਲੋੜੀਆਂ ਪਰੰਪਰਾਵਾਂ ਦੇ ਪਿਛੇ ਜਾਣ ਵਾਲੇ ਬਣਨ ਦੀ ਬਜਾਏ ਬਿਬੇਕਮਈ ਬਿਰਤੀ ਵਾਲੇ ਕਰਮ-ਯੋਗੀ ਹੋਣ ਦੀ ਪ੍ਰੇਰਣਾ ਦਿੱਤੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਸ਼ੁਭ-ਚਿੰਤਕ ਮਹਾਪੁਰਖਾਂ ਦੀ ਇੱਛਾ `ਤੇ ਪੂਰੇ ਉਤਰਣ ਲਈ ਪੁਰਜ਼ੋਰ ਕੋਸ਼ਿਸ਼ ਤੇ ਸੰਘਰਸ਼ ਕਰੀਏ।

ਅਖੀਰ ਤੇ ਮੈਂ ਸਿਰਫ਼ ਇਹੀ ਕਹਿਣਾ ਹੈ ਕਿ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਵੋਤਮਤਾ (ਇਕੋ ਇੱਕ ਪੂਰਨ ਸ਼ੁੱਧ ਰੂਪ ਪਥ-ਪ੍ਰਦਰਸ਼ਕ ਧਰਮ-ਗ੍ਰੰਥ ਹੋਣ ਕਾਰਣ) ਸਿੱਧ ਕਰ ਕੇ ਮੈਂ ਇਹ ਸੰਖੇਪ ਤੇ ਨਿਮਾਣਾ ਜਿਹਾ ਜਤਨ ਕੀਤਾ ਹੈ, ਕਿਉਂਕਿ ਇਸ ਕਲਿਆਣ-ਕਾਰੀ ਬਾਣੀ ਦੀ ਸੰਪੂਰਣ ਉੱਤਮਤਾ ਸਮਝਾ ਸਕਣਾ ਕਠਿਨ ਹੀ ਨਹੀਂ, ਬਿਲਕੁਲ ਹੀ ਅਸੰਭਵ ਹੈ। ਆਪ ਜੀ ਤੋਂ ਇਹੀ ਆਸ ਕਰਦਾ ਹਾਂ ਕਿ ਸਦਾ ਨਿਰਦੋਸ਼ ਤੇ ਪਰਮ-ਸ਼ੁਧ ਗੁਰਬਾਣੀ ਦਾ ਰੋਜ਼ਾਨਾ ਨਿਤਨੇਮ ਪਾਠ ਕਰ ਕੇ ਉਸ ਤੇ ਅਮਲ ਕਰ ਕੇ ਜੀਉਣਾ ਸਿਖੋਗੇ।

ਭਾਈ ਰਾਮ ਤੀਰਥ ਸਿੰਘ

ਗੁਰੂ ਗ੍ਰੰਥ ਸਾਹਿਬ ਜੀ ਬਾਰੇ ਵਿਦੇਸ਼ੀ ਵਿਦਵਾਨਾਂ ਦੇ ਵਿਚਾਰ:

ਮੈਂ ਸਿੱਖ ਕੌਮ ਅਤੇ ਇਸ ਦੇ ਸਭਿਆਚਾਰ ਦੇ ਬਾਰੇ ਬਹੁਤ ਘੱਟ ਜਾਣਦਾ ਸੀ। ਗੁਰੂ ਗ੍ਰੰਥ ਸਾਹਿਬ ਦੇ ਅਨੁਵਾਦ ਵੱਲ ਇੱਕ ਝਾਤ ਮਾਰਿਆਂ ਹੀ ਮੈਂ ਮਹਿਸੂਸ ਕੀਤਾ ਕਿ ਮੈਂ ਕਿਤਨੇ ਕੁਛ ਤੋਂ ਹੁਣ ਤੱਕ ਮਹਿਰੂਮ ਰਿਹਾ ਹਾਂ …

ਅੰਗ੍ਰੇਜੀ ਨਾਵਲਕਾਰ ਈ. ਐਮ. ਫਾਰਸਟਰ

ਲੇਖਕ ਸਵਾਮੀ ਰਾਮ ਤੀਰਥ ਦੰਡੀ ਸੰਨਿਆਸੀ ਅਨੁਵਾਦਕ: ਦਲਬੀਰ ਸਿੰਘ, ਐਮ. ਐਸ. ਸੀ.

ਕਰਨਲ ਗੁਰਦੀਪ ਸਿੰਘ




.