.

ਬਾਣੀ ਬਿਉਰਾ

"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"

(ਭਾਗ ਦੂਜਾ)

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਗੁਰਬਾਣੀ `ਚ ਮਿਲਵੇਂ ਰਾਗ- ਪਿਛੇ ਦੇਖ ਆਏ ਹਾਂ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਅੰਦਰ ਕੁੱਲ ੩੧ ਰਾਗਾਂ `ਚ ਬਾਣੀ ਦਰਜ ਹੋਈ ਹੈ। ਤਾਂ ਵੀ ਕਈ ਰਾਗਾਂ `ਚ ਕੁੱਝ ਅਜਿਹੇ ਸ਼ਬਦ ਹਨ, ਜੋ ਦੋ ਦੋ ਮਿਲਵੇਂ ਰਾਗਾਂ `ਚ ਹਨ। ਇਸ ਤੋਂ ਇਲਾਵਾ ਕਈ ਰਾਗਾਂ ਦੀਆਂ ਉਸ ਤੋਂ ਅੱਗੇ ਹੋਰ-ਹੋਰ ਕਿਸਮਾਂ ਵੀ ਹਨ। ਇਸ ਲਈ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" `ਚ ਦਿੱਤੇ ਰਾਗਾਂ ਸੰਬੰਧੀ ਇਹ ਦੋਵੇਂ ਨਿਸ਼ੇ ਜਾਨਣੇ ਹੋਰ ਵੀ ਜ਼ਰੂਰੀ ਹਨ।

ਕੁਝ ਰਾਗਾਂ ਦੀਆਂ ਵੱਖ-ਵੱਖ ਤੇ ਵਾਧੂ ਕਿਸਮਾਂ? ਜਿਵੇਂ:-

ਗਉੜੀ ਰਾਗ ਦੀਆਂ ਗੁਆਰੇਰੀ, ਚੇਤੀ, ਬੈਰਾਗਣਿ, ਪੂਰਬੀ, ਮਾਲਵਾ ਅਤੇ ਦੱਖਣੀ

ਰਾਗ ਵਡਹੰਸ ਦੀ ਦੱਖਣੀ,

ਰਾਗ ਬਿਲਾਵਲ ਦੀ ਦੱਖਣੀ, ਮਾਰੂ ਦੱਖਣੀ, ਪ੍ਰਭਾਤੀ ਦੱਖਣੀ, ਰਾਮਕਲੀ ਦੱਖਣੀ।

ਦੇਖਣ ਦਾ ਵਿਸ਼ਾ ਇੱਕ ਹੋਰ ਵੀ ਹੈ ਕਿ ਰਾਗ ਗਉੜੀ, ਵਡਹੰਸ, ਬਿਲਾਵਲ, ਮਾਰੂ ਤੇ ਪ੍ਰਭਾਤੀ `ਚ ਕੁੱਝ ਸ਼ਬਦ, ਅਸ਼ਟਪਦੀਆਂ ਤੇ ਛੰਤ ਉਹ ਵੀ ਹਨ ਜਿਹੜੇ ਕੇਵਲ ਗਉੜੀ ਗੁਆਰੇਰੀ, ਗਉੜੀ ਚੇਤੀ, ਗਉੜੀ ਪੂਰਬੀ, ਗਉੜੀ ਮਾਲਵਾ, ਵਡਹੰਸ ਦੱਖਣੀ, ਮਾਰੂ ਦੱਖਣੀ ਆਦਿ ਰਾਗਾਂ `ਚ ਹੀ ਮਿਲਦੇ ਹਨ ਗੁਰਬਾਣੀ `ਚ ਹੋਰ ਕਿੱਧਰੇ ਨਹੀਂ ਮਿਲਦੇ।

ਤਾਂ ਵੀ ‘ਰਾਮਕਲੀ ਦੱਖਣੀ’ `ਚ ਇੱਕ ਲੰਮੀ ਬਾਣੀ ਹੈ ਤੇ ਨਾਮ ਹੈ ‘ਓਅੰਕਾਰੁ’। ਜਦਕਿ ਸੰਗਤਾਂ ਵਿਚਾਲੇ ਇਸ ਦਾ ਨਾਮ ‘ਦੱਖਣੀ ਓਅੰਕਾਰੁ’ ਪ੍ਰਸਿੱਧ ਹੋ ਚੁੱਕਾ ਹੈ। ਕਿਉਂਕਿ ਇਥੇ ਲਫ਼ਜ਼ ‘ਦੱਖਣੀ’ ਨੂੰ ‘ਰਾਮਕਲੀ’ ਨਾਲੋਂ ਹਟਾ ਕੇ ਬਾਣੀ ਦੇ ਮੂਲ ਨਾਮ ‘ਓਅੰਕਾਰੁ’ ਨਾਲ ਵਰਤਿਆ ਜਾ ਰਿਹਾ ਹੈ, ਜਿਹੜਾ ਗ਼ਲਤ ਹੈ। ਜਿਵੇਂ ਬਾਕੀ ਰਾਗਾਂ `ਚ ਦੇਖ ਚੁੱਕੇ ਹਾਂ ਉਸੇ ਤਰ੍ਹਾਂ ਇਥੇ ਵੀ ਵਡਹੰਸ ਦੱਖਣੀ, ਮਾਰੂ ਦੱਖਣੀ ਆਦਿ ਵਾਂਙ ਰਾਗ ਦਾ ਹੀ ਨਾਮ ਹੈ ‘ਰਾਮਕਲੀ ਦੱਖਣੀ’ ਅਤੇ ਅੱਗੇ ਬਾਣੀ ਦਾ ਨਾਮ ਹੈ ‘ਓਅੰਕਾਰੁ’ ਨਾ ਕਿ ‘ਦੱਖਣੀ ਓਅੰਕਾਰੁ’। ਉਂਝ ਵਿਸ਼ੇ ਦਾ ਨਿਰਣਾ ਕਰਣ ਲਈ, ਇਸ ਨਾਲ ਸੰਬੰਧਤ ਗੁਰਬਾਣੀ `ਚੋਂ ਹੀ ਅਤੇ ਠੀਕ ਇਨ੍ਹਾਂ ਹੀ ਲੀਹਾਂ `ਤੇ ਕੁੱਝ ਹੋਰ ਪ੍ਰਮਾਣ ਲੈ ਰਹੇ ਹਾਂ ਜਿਵੇਂ:-

(੧) ‘ਗਉੜੀ ਮਹਲਾ ੧ ਦੱਖਣੀ’ - (ਸ਼ਬਦ ਨੰ: ੫, ਪੰ: ੧੫੨) ਉਪ੍ਰੰਤ ‘ਗਉੜੀ ਮਹਲਾ ੧ ਦੱਖਣੀ’ ਹੀ ਨਹੀਂ ਬਲਕਿ ਇਸੇ ਤਰ੍ਹਾਂ ਰਾਗ ਗਉੜੀ ਦੀਆਂ ਕੁੱਝ ਹੋਰ ਕਿਸਮਾਂ `ਚ ਵੀ ਹਨ ਜਿਵੇਂ:-

ਗਉੜੀ ਚੇਤੀ ਮ: ੧, ਗਉੜੀ ਗੁਆਰੇਰੀ ਮ: ੩, ਗਉੜੀ ਮ: ੩, ਗੁਆਰੇਰੀ, ਮ: ੩, ਗਉੜੀ ਬੈਰਾਗਣਿ ਅਤੇ ਉਸੇ ਤਰ੍ਹਾਂ ਇਥੇ ਵੀ ਮੂਲ ਰੂਪ `ਚ ਇਹ ਸਿਰਲੇਖ ਹੈ ‘ਗਉੜੀ ਦੱਖਣੀ’

(ੑ੨) ਵਡਹੰਸ ਮਹਲਾ ੧ ਦੱਖਣੀ (ਅਲਾਹਣੀਆਂ ਨੰ: ੩ ਪੰਨਾ ੫੮੦)

(੩) ਬਿਲਾਵਲ ਮਹਲਾ ੧ ਛੰਤ ਦੱਖਣੀ-ਛੰਤ ਨੰ: ੧, ਪੰਨਾ ੮੪੩,

(੪) ਮਾਰੂ ਮ: ੧ ਦੱਖਣੀ-ਸੋਲਹੇ ਨੰ: ੧੩, ਪੰਨਾ ੧੦੩੩,

(੫) ਪ੍ਰਭਾਤੀ ਮ: ੧ ਦੱਖਣੀ-ਅਸ਼ਟਪਦੀ ਨੰ: ੪, ਪੰਨਾ ੧੩੪੩ ਅੰਤ ਇਸੇਾਰ੍ਹਾਂ:-

(੬) ਰਾਮਕਲੀ ਮ: ੧ ਦੱਖਣੀ ‘ਓਅੰਕਾਰੁ’, ਪੰਨਾ ੯੨੯।

ਤਾਂ ਤੇ ਲਫ਼ਜ਼ ਦੱਖਣੀ ਬਾਰੇ ਕੁੱਝ ਵਿਸ਼ੇਸ਼ ਨੁੱਕਤੇ- ਲਫ਼ਜ਼ ਦੱਖਣੀ ਬਾਰੇ ਵਿਸ਼ੇਸ਼ ਧਿਆਣ ਮੰਗਦੇ ਨੁੱਕਤੇ ਕੁੱਝ ਹੋਰ ਵੀ ਹਨ ਜਿਵੇਂ:-

(੧) ਕੇਵਲ ਗੁਰੂ ਨਾਨਕ ਪਾਤਸ਼ਾਹ ਨੇ ਹੀ ਰਾਗਾਂ `ਚ ‘ਦੱਖਣੀ’ ਵਾਲਾ ਢੰਗ ਵਰਤਿਆ ਹੈ, ਦੂਜੇ ਗੁਰੂ ਸਰੂਪਾਂ `ਚੋੰ ਕਿਸੇ ਵੀ ਹੋਰ ਪਾਤਸ਼ਾਹ ਨੇ ਇਹ ਢੰਗ ਨਹੀਂ ਵਰਤਿਆ।

(੨) ਪੰਨਾ ੧੫੨ `ਤੇ ‘ਗਉੜੀ ਮਹਲਾ ੧ ਦਖਣੀ’ ਦਾ ਕਿਸੇਤਰ੍ਹਾਂ ਵੀ ਇਹ ਭਾਵ ਨਹੀਂ ਕਿ ਸੰਬੰਧਤ ਸ਼ਬਦ ਨੰ: ੫ ਦੀ ਕਿਸਮ ‘ਦੱਖਣੀ’ ਹੈ ਬਲਕਿ ਇਥੇ ਮਿਲਵਾਂ ਰਾਗ ‘ਗਉੜੀ ਦਖਣੀ’ ਹੈ।

(੩) ਪੰਨਾ ਨੰ: ੫੮੦ `ਤੇ ‘ਵਡਹੰਸ ਮਹਲਾ ੧ ਦੱਖਣੀ’ ਦਾ ਭਾਵ ਵੀ ਇਹ ਨਹੀਂ ਕਿ ‘ਅਲਾਹਣੀਆਂ’ ਬੰਦ ਨੰ: ੩’ ‘ਦੱਖਣੀ’ ਹੈ। ਦਰਅਸਲ ਇਥੇ ਵੀ ਰਾਗ ਦਾ ਮਿਲਵਾਂ ਨਾਮ ‘ਵਡਹੰਸ ਦੱਖਣੀ’ ਹੀ ਹੈ।

(੪) ਪੰਨਾ ਨੰ: ੮੪੩ `ਤੇ ‘ਬਿਲਾਵਲ ਮਹਲਾ ੧ ਛੰਤ ਦਖਣੀ’ ਦਾ ਵੀ ਇਹ ਭਾਵ ਨਹੀਂ ਕਿ ਚਲਦੀ ਲੜੀ `ਚ ਇਹ ‘ਛੰਤ’ ਨੰ: ੧ ‘ਦੱਖਣੀ’ ਹੈ ਜਿਵੇਂ ਬਾਣੀ "ਓਅੰਕਾਰੁ" ਬਾਰੇ ਬੇਸ਼ੱਕ ਅਨਜਾਣੇ `ਚ ਹੀ ਸਹੀ ਪਰ ਅੱਜ ਲਫ਼ਜ਼ "ਦੱਖਣੀ ਓਅੰਕਾਰ" ਪ੍ਰਚਲਤ ਹੋ ਗਿਆ ਹੈ। ਬਲਕਿ ਇਥੇ ਵੀ ਰਾਗ ਦਾ ਹੀ ਮੂਲ ਤੇ ਮਿਲਵਾਂ ਨਾਮ ਹੈ ‘ਬਿਲਾਵਲ ਦਖਣੀ’।

(੫) ਪੰਨਾ ਨੰ: ੧੦੩੩ `ਤੇ ‘ਮਾਰੂ ਮਹਲਾ ੧ ਦਖਣੀ’ ਤੋਂ ਵੀ ਇਹ ਮਤਲਬ ਨਹੀਂ ਕਿ ਉਥੇ ‘ਸੋਲਹਾ’ ਨੰ: ੧੩ ‘ਦੱਖਣੀ’ ਹੈ। ਬਲਕਿ ਉਥੇ ਵੀ ਰਾਗ ਦਾ ਮਿਲਵਾ ਨਾਮ ਹੀ ‘ਮਾਰੂ ਦਖਣੀ’ ਹੈ।

(੬) ਪੰਨਾ ੧੩੪੩ `ਤੇ ‘ਪ੍ਰਭਾਤੀ ਮਹਲਾ ੧ ਦਖਣੀ’ ਦਾ ਵੀ ਇਹ ਭਾਵ ਨਹੀਂ ਕਿ ‘ਅਸ਼ਟਪਦੀ’ ਨੰ: ੪ ‘ਦੱਖਣੀ’ ਹੈ। ਬਲਕਿ ਇਥੇ ਵੀ ਰਾਗ ਦਾ ਹੀ ਮਿਲਵਾਂ ਨਾਮ ਹੈ ‘ਪ੍ਰਭਾਤੀ ਦਖਣੀ’ ਉਪ੍ਰੰਤ ਇਸੇ ਲੜੀ `ਚ ਤੇ ਇਸੇਤਰ੍ਹਾਂ:-

(੭) ਪੰਨਾ ੯੨੯ `ਤੇ ‘ਰਾਮਕਲੀ ਮਹਲਾ ੧ ਦਖਣੀ, ‘ਓਅੰਕਾਰ’ ਦਾ ਵੀ ਇਹ ਭਾਵ ਨਹੀਂ ਕਿ ਬਾਣੀ ‘ਓਅੰਕਾਰੁ’ ‘ਦੱਖਣੀ’ ਹੈ। ਬਲਕਿ ਉਸੇਤਰ੍ਹਾਂ ਇਥੇ ਵੀ ਰਾਗ ਦਾ ਮਿਲਵਾਂ ਨਾਮ ‘ਰਾਮਕਲੀ ਦਖਣੀ, ਹੈ ਅਤੇ ਅੱਗੇ ਅਰੰਭ ਹੋ ਰਹੀ ਬਾਣੀ ਦਾ ਨਾਮ ਹੈ ‘ਓਅੰਕਾਰ’ ਨਾ ਕਿ ‘ਦਖਣੀ ਓਅੰਕਾਰ’।

ਤਾਂ ਤੇ ਦੌਹਰਾ ਦੇਵੀਏ-ਜਿਵੇਂ ਰਾਗ ‘ਗਉੜੀ’ `ਚ ਦੇਖ ਆਏ ਹਾਂ ‘ਗਉੜੀ ਗੁਆਰੇਰੀ ਮਹਲਾ ੩’ ਤੇ ‘ਗਉੜੀ ਮਹਲਾ ੩ ਗੁਆਰੇਰੀ’ ਦਾ ਇਕੋ ਹੀ ਭਾਵ ਹੈ।

ਉਸੇ ਤਰ੍ਹਾਂ ਪ੍ਰਮਣਾਂ ਵਜੋਂ ਉਪਰ ਲਏ ਸਿਰਲੇਖਾਂ ਦਾ ਮੂਲ ਰੂਪ ਹੈ, ਗਉੜੀ ਦਖਣੀ ਮਹਲਾ ੧, ਵਡਹੰਸ ਦਖਣੀ ਮਹਲਾ ੧, ਬਿਲਾਵਲ ਦਖਣੀ ਮਹਲਾ ੧, ਮਾਰੂ ਦਖਣੀ ਮਹਲਾ ੧, ਬਿਲਾਵਲ ਦਖਣੀ ਮਹਲਾ ੧, ਪ੍ਰਭਾਤੀ ਦਖਣੀ ਮਹਲਾ ੧

ਅੰਤ ਇਸੇਤਰ੍ਹ੍ਰਾ ‘ਰਾਮਕਲੀ ਮਹਲਾ ੧ ਦਖਣੀ, ‘ਓਅੰਕਾਰ’ `ਚ ਰਾਮਕਲੀ ਦਖਣੀ ਰਾਗ ਦਾ ਮਿਲਵਾਂ ਨਾਮ ਹੈ `ਚ ਜਦਜਿ ‘ਓਅੰਕਾਰੁ’ ਬਾਣੀ ਦਾ ਨਾਮ ਹੈ, ‘ਦਖਣੀ ਓਅੰਕਾਰੁ’ ਨਹੀਂ।

ਹੋਰ ਵੱਡਾ ਸਬੂਤ ਇਹ ਹੈ ਕਿ ਸੰਬੰਧਤ ਬਾਣੀ ‘ਓਅੰਕਾਰੁ’ ਦੀ ਪਹਿਲੀ ਪਾਉੜੀ `ਚ ਵੀ ਬਾਣੀ ਦਾ ਨਾਮ ਬਾਰ ਬਾਰ ‘ਓਅੰਕਾਰੁ’ ਹੀ ਵਰਤਿਆ ਹੋਇਆ ਹੈ, ‘ਦਖਣੀ ਓਅੰਕਾਰੁ’ ਨਹੀਂ। ਤਾਂ ਤੇ ਸੰਬੰਧਤ ਬਾਣੀ ‘ਓਅੰਕਾਰੁ’ ਦੀ ਪਹਿਲੀ ਪਾਉੜੀ ਹੈ; -

"ਓਅੰਕਾਰਿ ਬ੍ਰਹਮਾ ਉਤਪਤਿ॥ ਓਅੰਕਾਰੁ ਕੀਆ ਜਿਨਿ ਚਿਤਿ॥ ਓਅੰਕਾਰਿ ਸੈਲ ਜੁਗ ਭਏ॥ ਓਅੰਕਾਰ ਬੇਦ ਨਿਰਮਏ॥ ਓਅੰਕਾਰਿ ਸਬਦਿ ਉਧਰੇ॥ ਓਅੰਕਾਰਿ ਗੁਰਮੁਖ ਤਰੇ॥ ੧॥"

ਜਦਕਿ ਇਸ ਸੰਪੂਰਣ ਰਚਨਾ `ਚ ਵੀ ਜੁੜਵਾਂ ਲਫ਼ਜ਼ ‘ਦੱਖਣੀ ਓਅੰਕਾਰਿ’ ਕਿੱਧਰੇ ਇੱਕ ਵਾਰ ਵੀ ਨਹੀਂ ਆਇਆ। ਜਿੱਥੇ ਵੀ ਆਇਆ ਹੈ ਕੇਵਲ ‘ਓਅੰਕਾਰੁ’ ਹੀ ਆਇਆ ਹੈ, ਜਿਵੇਂ ਪਹਿਲੀ ਪਉੜੀ `ਚ। ਸਪਸ਼ਟ ਹੈ, ਪਾਤਸ਼ਾਹ ਨੇ ਇਸ ‘ਬਾਣੀ’ ਦੇ ਸਿਰਲੇਖ ਨੂੰ ਹੀ ਸਮੂਚੀ ਰਚਨਾ `ਚ ਵੀ ‘ਓਅੰਕਾਰੁ’ ਭਾਵ ਉਸੇ ਰੂਪ `ਚ ਹੀ ਵਰਤਿਆ ਹੋਇਆ ਹੈ।

ਗੁਰਬਾਣੀ `ਚ ਦੋ-ਦੋ ਮਿਲਵੇਂ ਰਾਗ ਵੀ- ਗੁਰਬਾਣੀ `ਚ ਦੋ-ਦੋ ਮਿਲਵੇਂ ਰਾਗ ਵੀ ਆਏ ਹੋਏ ਹਨ ਜਿਵੇਂ:-

(੧) ਗਉੜੀ ਮਾਝ (੨) ਆਸਾ ਕਾਫੀ (੩) ਤਿਲੰਗ ਕਾਫੀ (੪) ਸੂਹੀ ਕਾਫੀ (੫) ਸੂਹੀ ਲਲਿਤ (੬) ਬਿਲਾਵਲ ਗੌਂਡ (੭) ਮਾਰੂ ਕਾਫੀ (੮) ਬਸੰਤ ਹਿੰਡੋਲ (੯) ਕਲਿਆਣ ਭੋਪਾਲੀ (੧੦) ਪ੍ਰਭਾਤੀ ਬਿਭਾਸ (੧੧) ਅਤੇ ਰਾਗ ਆਸਾ `ਚ ‘ਆਸਾਵਰੀ’ ਆਪਣੇ ਤੌਰ `ਤੇ ਇਕੱਲਾ ਰਾਗ ਵੀ।

ਇਸ ਤਰ੍ਹਾਂ ਗੁਰਬਾਣੀ `ਚ ਕੁਲ ਮਿਲਾ ਕੇ ਉਪ੍ਰੋਕਤ ਛੇ ਰਾਗ ਵੀ ਆਏ ਹਨ। ਤਾਂ ਤੇ ਉਹ ਛੇ ਰਾਗ ਹਨ - ਲਲਿਤ, ਆਸਾਵਰੀ, ਹਿੰਡੋਲ, ਭੋਪਾਲੀ, ਬਿਭਾਸ ਤੇ ਕਾਫੀ

‘ਸ੍ਰੀ ਗੁਰੂ ਗ੍ਰੰਥ ਸਾਹਿਬ’ ਵਿੱਚਲੀਆਂ ੨੨ ਵਾਰਾਂ ਦਾ ਵੇਰਵਾ- "ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" `ਚ ਵਾਰਾਂ ਦੀ ਕੁਲ ਗਿਣਤੀ ੨੨ ਹੈ। ਜਿਨ੍ਹਾਂ `ਚੋਂ:-

(ੳ) ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦੀਆਂ ਤਿੰਨ (੩) ਵਾਰਾਂ ਹਨ- ਮਾਝ, ਆਸਾ ਤੇ ਮਲਾਰ ਰਾਗ `ਚ।

(ਅ) ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਦੀਆਂ ਚਾਰ (੪) ਵਾਰਾਂ ਹਨ-ਗੂਜਰੀ, ਸੂਹੀ, ਰਾਮਕਲੀ ਤੇ ਮਾਰੂ ਰਾਗ `ਚ।

(ੲ) ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੀਆਂ ਅੱਠ (੮) ਵਾਰਾਂ ਹਨ- ਸਿਰੀ ਰਾਗ, ਗਉੜੀ, ਬਿਹਾਗੜਾ, ਵਡਹੰਸ, ਸੋਰਠਿ, ਬਿਲਾਵਲ, ਸਾਰੰਗ, ਤੇ ਕਾਨੜਾ ਰਾਗ `ਚ।

(ਸ) ਪੰਜਵੇਂ ਪਾਤਸ਼ਾਹ ਗੁਰੂ ਅਰਜਨ ਸਾਹਿਬ ਦੀਆਂ ਛੇ (੬) ਵਾਰਾਂ ਹਨ -ਗਉੜੀ, ਗੂਜਰੀ, ਜੈਤਸਰੀ, ਰਾਮਕਲੀ, ਮਾਰੂ, ਤੇ ਬਸੰਤ ਰਾਗ `ਚ।

ਇਨ੍ਹਾਂ ਤੋਂ ਇਲਾਵਾ ਰਾਮਕਲੀ ਰਾਗ `ਚ ਇੱਕ (੧) ਵਾਰ ਰਬਾਬੀ "ਸੱਤਾ ਤੇ ਬਲਵੰਡ" ਦੀ ਵੀ ਹੈ ਜਿਸਦਾ ਸਿਰਲੇਖ ਹੈ "ਰਾਮਕਲੀ ਕੀ ਵਾਰ ਰਾਇ ਬਲਵੰਡ ਤਥਾ ਸਤੈ ਡੂਮ ਆਖੀ" (pM:966)। ਇਸ ਤਰ੍ਹਾਂ ਇਨ੍ਹਾਂ ਸਮੂਹ ਵਾਰਾਂ ਦਾ ਕੁਲ ਜੋੜ ੨੨ (ਬਾਈ) ਹੈ।

ਇਨ੍ਹਾਂ ‘ਵਾਰਾਂ’ ਦਾ ਵੇਰਵਾ, ਰਾਗਾਂ ਅਨੁਸਾਰ- ਰਾਗ ਗਉੜੀ ਦੀਆਂ ੨ ਵਾਰਾਂ, ਰਾਗ ਗੂਜਰੀ `ਚ ੨ ਵਾਰਾਂ, ਰਾਮਕਲੀ ਰਾਗ `ਚ ੩ ਵਾਰਾਂ, ਮਾਰੂ ਰਾਗ `ਚ ੨ ਵਾਰਾਂ ਜੋੜ ੯।

ਜਦਕਿ ਸਿਰੀ ਰਾਗ, ਮਾਝ, ਆਸਾ, ਬਿਹਾਗੜਾ, ਵਡਹੰਸ, ਸੋਰਠਿ, ਜੈਤਸਰੀ, ਸੂਹੀ, ਬਿਲਾਵਲ, ਬਸੰਤ, ਸਾਰੰਗ, ਮਲਾਰ ਤੇ ਕਾਨੜਾ ਇਨ੍ਹਾਂ ਤੇਰ੍ਹਾਂ (੧੩) ਰਾਗਾਂ `ਚ –ਇਕ-ਇਕ ਵਾਰ ਹੈ।

ਵਾਰਾਂ `ਚ ਸਲੋਕ- ਭਾਈ "ਸੱਤਾ ਤੇ ਬਲਵੰਡ" ਰਬਾਬੀਆਂ ਦੀ ‘ਵਾਰ’ ਅਤੇ ਰਾਗ-ਬਸੰਤ ਕੀ ‘ਵਾਰ’ ਮ: ੫, ਇਨ੍ਹਾਂ ਦੋ ਵਾਰਾਂ ਤੋਂ ਛੁੱਟ ਬਾਕੀ ਵ੍ਹੀ (੨੦) ‘ਵਾਰਾਂ’ ਦੀਆਂ ਪਉੜੀਆਂ ਨਾਲ ਦੋ ਤੋਂ ਸੱਤ ਤੀਕ ਦੀ ਗਿਣਤੀ `ਚ ਪਹਿਲੇ ਪੰਜ ਗੁਰੂ ਪਾਤਸ਼ਾਹੀਆਂ ਦੇ ਸਲੋਕ ਵੀ ਹਨ।

ਵੇਰਵਾ, ਬਾਣੀ ਭਗਤਾਂ ਕੀ - ‘ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ’ ਦੇ ੩੧ ਰਾਗਾਂ `ਚੋਂ ੨੨ ਰਾਗਾਂ `ਚ ਭਗਤਾਂ ਦੀ ਬਾਣੀ ਵੀ ਦਰਜ ਹੈ। ਉਪ੍ਰੰਤ ਭਗਤਾਂ ਦੇ ਸ਼ਬਦਾਂ ਦਾ ਜੋੜ ੩੪੯ ਹੈ। ਜਦਕਿ ਭਗਤ-ਬਾਣੀ `ਚ ੩ (ਤਿੰਨ) ਸ਼ਬਦ ਗੁਰੂ ਅਰਜਨ ਸਾਹਿਬ ਦੇ ਵੀ ਹਨ। ਇਸ ਤਰ੍ਹਾਂ ਉਨ੍ਹਾ ਸਮੇਤ ਭਗਤ ਬਾਣੀ ਦੇ ਸ਼ਬਦਾਂ ਦਾ ਜੋੜ ੩੫੨ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਵੇਰਵਾ ਇਸ ਤਰ੍ਹਾਂ ਹੈ:-

ਕਬੀਰ ਜੀ ਦੇ ੨੨੪ ਸ਼ਬਦ,

ਨਾਮਦੇਵ ਜੀ ਦੇ ੬੧ ਸ਼ਬਦ,

ਰਵਿਦਾਸ ਜੀ ਦੇ ੪੦ ਸ਼ਬਦ,

ਤ੍ਰਿਲੋਚਨ ਜੀ ਦੇ ੪ ਸ਼ਬਦ,

ਫਰੀਦ ਜੀ ਦੇ ੪ ਸ਼ਬਦ,

ਬੇਣੀ ਜੀ ਦੇ ੩ ਸ਼ਬਦ,

ਧੰਨਾ ਜੀ ਦੇ ੩ ਸ਼ਬਦ,

ਜੈਦੇਵ ਜੀ ਦੇ ੨ ਸ਼ਬਦ,

ਭੀਖਨ ਜੀ ਦੇ ੨ ਸ਼ਬਦ,

ਉਪ੍ਰੰਤ ਸੂਰਦਾਸ ਜੀ ਦੀ ਕੇਵਲ ੧ ਤੁੱਕ ਹੈ ਜਿਹੜੀ ਕਿ ਪੂਰੇ ਸ਼ਬਦ ਦੀ ਗਿਣਤੀ `ਚ ਹੈ। ਉਸ ਤੋਂ ਇਲਾਵਾ ਪਰਮਾਨੰਦ ਜੀ, ਸੈਣ ਜੀ, ਪੀਪਾ ਜੀ, ਸਧਨਾ ਜੀ, ਰਾਮਾਨੰਦ ਜੀ ਇਨ੍ਹਾਂ ਸਾਰੇ ਭਗਤਾਂ ਦਾ ਕੇਵਲ ਇਕ-ਇਕ ਸ਼ਬਦ ਹੈ। ਫ਼ਿਰ ਭਗਤ ਬਾਣੀ `ਚ ਹੀ ਗੁਰੂ ਅਰਜਨ ਸਾਹਿਬ ਦੇ ਆਪਣੇ ੩ ਸ਼ਬਦ ਵੀ ਹਨ, ਇਸ ਤਰ੍ਹਾਂ ਪੰਚਮ ਪਾਤਸਾਹ ਦੇ ਉਨ੍ਹਾਂ ਤਿੰਨ ਸ਼ਬਦਾਂ ਨੂੰ ਜੋੜ ਕੇ ਭਗਤ ਬਾਣੀ ਦੇ ਸ਼ਬਦਾਂ ਦਾ ਕੁਲ ਜੋੜ ੩੪੯ + ੩=੩੫੨ ਬਣਦਾ ਹੈ।

ਭਗਤ ਬਾਣੀ ਦੇ ਸ਼ਬਦਾਂ ਦੇ ਉਪ੍ਰੋਕਤ ਵੇਰਵੇ ਤੋਂ ਇਲਾਵਾ:-

ਗਉੜੀ ਰਾਗ `ਚ ਭਗਤ ਕਬੀਰ ਜੀ ਦੀਆਂ ੩ ਬਾਣੀਆਂ ਹੋਰ ਵੀ ਹਨ ਅਤੇ ਉਹ ੩ ਬਾਣੀਆਂ ਹਨ- ਬਾਵਨ ਅਖਰੀ (ਪੰ: ੩੪੦), ਪੰਦ੍ਰਹ ਥਿੰਤੀ (ਪੰ: ੩੪੩), ਸਤ ਵਾਰ (ਪੰ: ੩੪੪)।

ਇਸ ਤੋਂ ਇਲਾਵਾ ਕਬੀਰ ਜੀ ਦੇ ੨੪੩ ਸਲੋਕਾਂ ਅਤੇ ਸ਼ੇਖ ਫ਼ਰੀਦ ਸਾਹਿਬ ਦੇ ੧੩੦ ਸਲੋਕਾਂ ਦੇ ਦੋ ਵੱਖ-ਵੱਖ ਸੰਗ੍ਰਹ ਵੀ ਹਨ। ਜਦਕਿ ਫ਼ਰੀਦ ਸਾਹਿਬ ਅਤੇ ਕਬੀਰ ਸਾਹਿਬ ਦੇ ਸਲੋਕਾਂ ਵਿਚਾਲੇ ਬਾਕਾਇਦਾ ਮਹਲਾ ਨੰਬਰ ਦੇ-ਦੇ ਕੇ ਕੁੱਝ ਸਲੋਕ ਗੁਰੂ-ਹਸਤੀਆਂ ਦੇ ਵੀ ਹਨ। ਯਯਯਯਯ

ਭਗਤ ਸੁੰਦਰ ਜੀ- ‘ਬਾਣੀ ਸਦੁ’ ਦੇ ਸਿਰਲੇਖ ਹੇਠ, ਰਾਮਕਲੀ ਰਾਗ `ਚ (ਪੰਨਾ ੯੨੩-੨੪) `ਤੇ ਭਗਤ ਸੁੰਦਰ ਜੀ ਦੀਆਂ ੬ ਪਉੜੀਆਂ ਹਨ। ਭਗਤ ਸੁੰਦਰ ਜੀ ਰਿਸ਼ਤੇ `ਚ ਤੀਜੇ ਪਾਤਸ਼ਾਹ ਗੁਰੁ ਅਮਰਦਾਸ ਜੀ ਦੇ ਪੜਪੌਤੇ ਸਨ। ਗੁਰੁ ਅਕਮਦਾਸ ਜੀ ਦੇ ਸਪੁਤ੍ਰ ਸਨ ਬਾਬਾ ਮੋਹਰੀ ਜੀ, ਬਾਬਾ ਮੋਹਰੀ ਜੀ ਦੇ ਸਪੁਤ੍ਰ ਬਾਬਾ ਅਨੰਦ ਜੀ ਤੇ ਆਨੰਦ ਜੀ ਦੇ ਸਪੁਤ੍ਰ ਸਨ ਬਾਬਾ ਸੁੰਦਰ ਜੀ।

ਪ੍ਰਾਣੀ ਦੇ ਚਲਾਣੇ ਉਪ੍ਰੰਤ, ਗੁਰੂ ਕੀਆਂ ਸੰਗਤਾਂ ਨੇ ਕੀ ਕਰਣਾ ਤੇ ਕੀ ਨਹੀਂ ਕਰਣਾ ਉਹ ਸਭ "ਬਾਣੀ ਸਦੁ" `ਚ ਤੀਜੇ ਪਾਤਸ਼ਾਹ ਵੱਲੋਂ ਹਿਦਾਇਤਾਂ ਹਨ। ਦਰਅਸਲ ਗੁਰਦੇਵ ਵੱਲੋਂ "ਬਾਣੀ ਸਦੁ" ਵਿੱਚਲੀਆਂ, ਗੁਰੂ ਕੀਆਂ ਸੰਗਤਾਂ ਲਈ ਇਹ ਹਿਦਾਇਤਾਂ ਤੀਜੇ ਪਾਤਸ਼ਾਹ, ਗੁਰੁ ਅਮਰਦਾਸ ਜੀ ਵਲੋਂ ਮੂਲ ਰੂਪ `ਚ ਵਾਰਤਕ ਸਨ ਜਿਨ੍ਹਾਂ ਨੂੰ ਉਨ੍ਹਾਂ ਦੇ ਪੜਪੌਤੇ ਭਗਤ ਸੁੰਦਰ ਜੀ ਨੇ ਕਾਵਿ ਰੂਪ ਦਿੱਤਾ। ਉਪ੍ਰੰਤ "ਆਦਿ ਬੀੜ’ ਦੀ ਸੰਪਾਦਨਾ ਤੇ ਗੁਰਬਾਣੀ ਨੂੰ ਤਰਤੀਬ ਦੇਣ ਸਮੇਂ ਪੰਚਮ ਪਿਤਾ, ਗੁਰੂ ਅਰਜਨ ਸਾਹਿਬ ਨੇ ਉਸ ਨੂੰ "ਬਾਣੀ ਸਦੁ" ਦੇ ਸਿਰਲੇਖ ਹੇਠ ਦਰਜ ਕਰ ਦਿੱਤਾ।

ਭੱਟਾਂ ਦੇ ਸਵਯੇ- ਭੱਟਾਂ ਦੀ ਕੁਲ ਗਿਣਤੀ ੧੧ ਸੀ ਅਤੇ ਉਨ੍ਹਾਂ ਦੇ ਸਵਯਾਂ ਦੀ ਗਿਣਤੀ ੧੨੩। ਭੱਟਾਂ ਦੇ ਸਵਯਾਂ ਵਾਲੀ ਬਾਣੀ ਦੇ ਆਰੰਭ ਹੋਣ ਤੋਂ ਪਹਿਲਾਂ "ਸ੍ਰੀ ਮੁਖਬਾਕ੍ਹ ਮ: ੫" ਦੇ ਸਿਲੇਖ ਹੇਠ ਪੰਜਵੇ ਪਾਤਸ਼ਾਹ ਦੇ (੧੧+੯) ੨੦ ਸਵਯੇ ਪੰਨਾ ੧੩੮੯ ਤੋਂ ੧੩੯੫ `ਤੇ ਦਰਜ ਹਨ।

ਉਪ੍ਰੰਤ ਪੰਨਾਂ ੧੩੯੫ ਤੋਂ ੧੪੦੯ ਤੱਕ ੧੧ ਭੱਟਾਂ ਦੇ ਸਵਯੇ ਹਨ ਜਿਨ੍ਹਾਂ ਦੀ ਗਿਣਤੀ ੧੨੩ ਹੈ। ਭਟਾਂ ਦੇ ਸਵਯਾਂ ਵਾਲੀ ਉਸ ਲੜੀ `ਚ ਕ੍ਰਮਵਾਰ:-

ਸਵਯੇ ਮਹਲੇ ਪਹਿਲੇ ਕੇ-੧੦ ਸਵਈਏ ਭੱਟ ਕਲਸਹਾਰ ਜੀ ਦੇ, ਫ਼ਿਰ

ਸਵਯੇ ਮਹਲੇ ਦੂਜੇ ਕੇ ੧੦ ਸਵਈਏ ਵੀ ਭੱਟ ਕਲਸਹਾਰ ਜੀ ਦੇ ਹੀ ਹਨ। ਇਥੇ ‘ਕਲ੍ਯ੍ਯਸਹਾਰ’ ਦੇ ਦੋ ਬਦਲਵੇਂ ਨਾਮ ‘ਕਲ੍ਯ੍ਯ’ ਤੇ ‘ਟਲ੍ਯ੍ਯ’ ਵੀ ਆਏ ਹਨ। ਉਸ ਤੋਂ ਬਾਅਦ:-

ਸਵਯੇ ਮਹਲੇ ਤੀਜੇ ਕੇ ਇਹ ਗਿਣਤੀ `ਚ ੨੨ ਹਨ ਜਿਨ੍ਹਾਂ ਦਾ ਵੇਰਵਾ-ਕਲ੍ਯ੍ਯਸਹਾਰ/੯-ਜਾਲਪ/੫-ਕੀਰਤ/੪-ਭਿਖਾ/੨-ਸਲ੍ਯ੍ਯ/੧-ਭਲ੍ਯ੍ਯ/੧-ਜੋੜ=੨੨) ਉਪ੍ਰੰਤ

ਸਵਯੇ ਮਹਲੇ ਚੌਥੇ ਕੇ ਇਨ੍ਹਾਂ ਦੀ ਗਿਣਤੀ ੬੦ ਹੈ ਅਤੇ ਇਨ੍ਹਾ ਦਾ ਵੇਰਵਾ:- ਕਲਸਹਾਰ/੧੩, ਨਲ੍ਯ੍ਯ/੧੬, ਗਯੰਦ/੧੩, ਮਥੁਰਾ/੭, ਬਲ੍ਯ੍ਯ/੫, ਕੀਰਤ/੪, ਸਲ੍ਯ੍ਯ/੨-ਜੋੜ ੬੦। ਅੰਤ `ਚ

ਸਵਯੇ ਮਹਲੇ ਪੰਜਵੇਂ ਕੇ ਇਨ੍ਹਾਂ ਦੀ ਗਿਣਤੀ ੨੧ ਤੇ ਵੇਰਵਾ ਕਲਹਸਾਰ/੧੨, ਮਥੁਰਾ /੭, ਹਰਿਬੰਸ/੨ ਜੋੜ ੨੧)।

ਇਸ ਤਰ੍ਹਾਂ ਭੱਟਾਂ ਦੇ ਸਵਯਾਂ ਦੀ ਕੁਲ ਗਿਣਤੀ ੧੦+੧੦+੨੨+੬੦+੨੧ ੧੨੩ ਹੈ।

ਉਪ੍ਰੰਤ ਭੱਟਾਂ ਦੇ ਸਵਯਾਂ ਦਾ ਸੰਖੇਪ ਵੇਰਵਾ ਇਸ ਤਰ੍ਹਾਂ ਹੈ-– ਭੱਟਾਂ ਵੱਲੋਂ ਉਚਾਰਣ ਕੀਤੇ ਸਵਯੈ-ਮਹਲੇ ਪਹਿਲੇ ਕੇ-੧੦, ਮਹਲੇ ਦੂਜੇ ਕੇ -੧੦, ਮਹਲੇ ਤੀਜੇ ਕੇ-੨੨, ਮਹਲੇ ਚੌਥੇ ਕੇ ੬੦, ਕੁਲ ਜੋੜ= ੧੨੩।

ਜਿਨ੍ਹਾਂ `ਚੋਂ ਕਲਸਹਾਰ ਦੇ (੧੦+੧੦+੯+੧੩+੧੨) ੫੪, ਜਾਲਪ-੫, ਕੀਰਤ- (੪+੪) ੮, ਭਿਖਾ-੨, ਸਲ੍ਯ੍ਯ- (੧+੨) ੩, ਭਲ੍ਯ੍ਯ-੧, ਨਲ੍ਯ੍ਯ-੧੬, ਗਯੰਦ- ੧੩, ਮਥੁਰਾ- (੭+੭) ੧੪, ਬਲ੍ਯ੍ਯ-੫, ਹਰਿਬੰਸ -੨ ਜੋੜ = ੧੨੩। ਜਦਕਿ ਅਰੰਭਕ ਪੰਜਵੇਂ ਪਾਤਸ਼ਾਹ ਦੇ ੨੦ ਸਵਯੈ ਮਿਲਾ ਕੇ ਇਨ੍ਹਾਂ ਸਵਯਾਂ ਦਾ ਕੁਲ ਜੋੜ ੨੦+੧੨੩=੧੪੩ ਹੈ।

"ੴ ਸਤਿਗੁਰ ਪ੍ਰਸਾਦਿ॥ ਸਲੋਕ ਮਹਲਾ ੯॥" - ਉਪ੍ਰੰਤ ਪੰਜਵੇਂ ਪਾਤਸ਼ਾਹ ਦੇ ਸਮਾਪਤੀ ਸੂਚਕ ਦੋ ਸਲੋਕਾਂ "ਮੁੰਦਾਵਣੀ ਮਹਲਾ ੫॥ ਥਾਲ ਵਿਚਿ ਤਿੰਨਿ ਵਸਤੂ ਪਈਓ…" ਅਤੇ "ਸਲੋਕ ਮਹਲਾ ੫॥ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋਗੁ ਕੀਤੋਈ. ." ਤੋਂ ਪਹਿਲਾਂ ਅਜੋਕੀਆਂ ੧੪੩੦ ਪੰਨਿਆਂ ਵਾਲੀਆਂ ਬੀੜਾ ਦੇ ਪੰਨਾ ੧੪੨੬ `ਤੇ "ੴ ਸਤਿਗੁਰ ਪ੍ਰਸਾਦਿ॥ ਸਲੋਕ ਮਹਲਾ ੯॥" ਦੇ ਸਿਰਲੇਖ ਹੇਠ ੫੭ ਸਲੋਕ ਨੌਵੇਂ ਪਾਤਸ਼ਾਹ ਦੇ ਹਨ। ਇਹ ਸਲੋਕ ਕ੍ਰਮ ਅਨੁਸਾਰ ਦਸਮੇਸ਼ ਜੀ ਨੇ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਣ ਸਮੇ ਦਰਜ ਕੀਤੇ।

ਬਾਣੀ `ਚ ਕਾਫੀਆਂ, ਛੰਦ ਨਹੀਂ ਬਲਕਿ ਉਹ ਵੀ ਰਾਗ ਹਨ- ਕੁੱਝ ਵਿਦਵਾਨ ਜਿਵੇਂ ਬਾਣੀ ‘ਓਅੰਕਾਰੁ’ ਨੂੰ ‘ਦਖਣੀ ਓਅੰਕਾਰੁ’ ਲਿਖਣ ਵਾਲਾ ਟੱਪਲਾ ਖਾ ਗਏ ਤਿਵੇਂ ‘ਕਾਫੀ’ ਨੂੰ ਵੀ ‘ਰਾਗ’ ਸਮਝਣ ਦੇ ਥਾਂ ‘ਛੰਦ’ ਹੀ ਮੰਨ ਰਹੇ ਹਨ। ਉਨ੍ਹਾਂ ਅਨੁਸਾਰ ‘ਪੰਜਾਬੀ `ਚ ਸਭ ਤੋਂ ਪਹਿਲਾਂ ‘ਕਾਫੀਆਂ’ ਗੁਰੂ ਨਾਨਕ ਸਾਹਿਬ ਨੇ ਲਿਖੀਆਂ ਸਨ"। ਆਪਣੇ ਇਸ ਵਿਚਾਰ ਦੀ ਪ੍ਰੋੜ੍ਹਤਾ `ਚ ਉਹ ਲੋਕ "ਸ੍ਰੀ ਗੁਰੂ ਗ੍ਰੰਥ ਸਾਹਿਬ" `ਚੋਂ ਕੁੱਝ ਸ਼ਬਦ ਵੀ ਪੇਸ਼ ਕਰਦੇ ਹਨ।

ਜਦਕਿ ਇਸ ਬਾਰੇ ਨਿਰਣਾ ਵੀ ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਟੀ ਪ੍ਰੌਫ਼ੈਸਰ ਸਾਹਿਬ ਸਿੰਘ ਜੀ ਦੇ ਹਿੱਸੇ ਹੀ ਆਇਆ ਹੈ। ਉਂਝ ਇਸ ਤੋਂ ਪਹਿਲਾਂ ੩੧ ਰਾਗਾਂ ਤੋਂ ਬਾਅਦ ਛੇ ਉਪ ਰਾਗਾਂ ਦਾ ਵੇਰਵਾ ਦੇਣ ਸਮੇਂ ਕਾਫ਼ੀ ਤੇ ਰਾਗ ਦਾ ਜ਼ਿਕਰ ਕਰ ਚੁੱਕੇ ਹਾਂ। ਜੇ ਵਿਚਾਰੀ*ਏ ਤਾਂ ਵੀ ਸਾਬਤ ਹੋ ਜਾਂਦਾ ਹੈ ਕਿ ਬਾਣੀ `ਚ ਕਾਫ਼ੀ, ਛੰਦ ਵਜੋਂ ਨਹੀਂ ਮੂਲ਼ ਰੂਪ `ਚ ਉਹ ਰਾਗ ਵਜੋਂ ਹੀ ਹੈ

‘ਕਾਫੀ’, ਛੰਦ ਹੈ ਜਾਂ ਰਾਗ? -ਹੇਠ ਲਿਖੇ ਅਨੁਸਾਰ ਲਫ਼ਜ਼ ‘ਕਾਫੀ’ ਇਨ੍ਹਾਂ ਹੇਠ ਦਿੱਤੇ ਸਿਰਲੇਖਾਂ `ਚ ਮਿਲਦਾ ਹੈ ਜਿਵੇਂ:-

(੧) ਰਾਗ ਆਸਾ ਘਰੁ ੮ ਕੇ ਕਾਫੀ ਮਹਲਾ ੪- (ਪੰ: ੩੬੯) ਇਸ ਸਿਰਲੇਖ ਹੇਠ ੨ ਸ਼ਬਦ ਆਏ ਹਨ। ਸਿਰਲੇਖ ਦਾ ਲਫ਼ਜ਼ ‘ਕੇ’ ਵਿਆਕਰਨ ਅਨੁਸਾਰ ‘ਪੁਲਿੰਗ, ਬਹੁ-ਵਚਨ’ ਹੈ; ‘ਛੰਦ’ ਦਾ ਲਫ਼ਜ਼ ‘ਕਾਫੀ’ ਇਸਤ੍ਰੀ ਲਿੰਗ ਇਕ-ਵਚਨ ਹੈ।

ਲਫ਼ਜ਼ ‘ਕਾਫੀ’ ਦਾ ਹੇਠਲਾ ਅੰਕ ੨ ਦੱਸਦਾ ਹੈ ਕਿ ਇਸ ਸਿਰਲੇਖ ਹੇਠ ਦੋ (੨) ਸ਼ਬਦ ਹਨ। ਜੇਕਰ ਇਹ ‘ਕਾਫੀਆਂ’ ਇਸਤ੍ਰੀਲਿੰਗ ਹੁੰਦੀਆਂ ਤਾਂ ਸਿਰ-ਲੇਖ `ਚ ‘ਕੇ’ ਦੇ ਥਾਂ ‘ਕੀਆਂ’ ਹੁੰਦਾ ਅਤੇ ‘ਕਾਫੀ’ ਦੇ ਥਾਂ ‘ਕਾਫ਼ੀਆਂ’ ਹੁੰਦਾ

(੨) ਆਸਾ ਘਰੁ ੮ ਕਾਫੀ ਮਹਲਾ ੫- (ਪੰ: ੩੯੬ ਤੋਂ ੪੦੧) ਇਸ ਸਿਰਲੇਖ ਹੇਠ ੧੮ ਸ਼ਬਦ ਹਨ। ਜੇ ਲਫ਼ਜ਼ ‘ਕਾਫੀ’ ਛੰਦ ਹੁੰਦਾ ਤਾਂ ਇਥੇ ‘ਕਾਫੀ’ ਤੋਂ ਬਹੁ-ਵਚਨ ‘ਕਾਫੀਆਂ’ ਹੁੰਦਾ, ਜਿਵੇਂ ‘ਅਸ਼ਟਪਦੀ’ ਤੋਂ ‘ਅਸ਼ਟਪਦੀਆਂ’ ਹੁੰਦਾ ਹੈ। ਤਾਂ ਤੇ ਇਸ ਸਿਰਲੇਖ ਦਾ ਮੂਲ ਰੂਪ ਹੈ- "ਆਸਾ ਕਾਫੀ ਮਹਲਾ ੫ ਘਰੁ ੮" ਭਾਵ ਇਥੇ ਲਫ਼ਜ਼ ਰਾਗ ਆਸਾ ਦਾ ਹੀ ਰੂਪ ਹੈ "ਆਸਾ ਕਾਫੀ" ਨਾ ਕਿ ਕਾਫ਼ੀ ਕਿਸੇ ਛੰਦ ਲਈ ਉਂਝ ਵਿਸ਼ਾ ਅੱਗੇ ਅੰਕ ੩ `ਚ ਪੂਰੀ ਤਰ੍ਹਾਂ ਸਪਸ਼ਟ ਹੋ ਜਾਂਦਾ ਹੈ ਜਿਵੇਂ:-

(੩) ‘ਆਸਾ ਕਾਫੀ ਮਹਲਾ ੧ ਘਰੁ ੮ ਅਸ਼ਟਪਦੀਆਂ’ - ਇਥੇ ਤਾਂ ਕਿਸੇ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਰਹਿ ਜਾਂਦੀ ਕਿ ‘ਆਸਾ ਕਾਫੀ’ ਆਪਣੇ ਆਪ `ਚ ਇੱਕ ਮਿਲਵਾਂ ਰਾਗ ਹੀ ਹੈ

(੪) ‘ਤਿਲੰਗ ਮਹਲਾ ੯ ਕਾਫੀ’ (ਪੰ: ੭੨੬-੨੭) ਉਸ ਤਰ੍ਹਾਂ ਇਥੇ ਵੀ ਲਫ਼ਜ਼ ‘ਕਾਫੀ’ ਨਹੀਂ ‘ਕਾਫੀਆਂ’ ਹੁੰਦਾ-ਕਿਉਂਕਿ ਇਥੇ ਵੀ ਲੜੀ `ਚ ਇੱਕ ਨਹੀਂ ਤਿੰਨ ਬੰਦ ਹਨ ਤੇ ਬਾਕੀ ਦੋਨਾਂ `ਤੇ ਸਿਰਲੇਖ ਹੈ "ਤਿਲੰਗ ਮਹਲਾ ੯"। ਤਾਂ ਤੇ ਮੂਲ਼ ਰੂਪ `ਚ ਇਹ ਤਿਲੰਗ-ਕਾਫੀ ਮ: ੯ ਹੀ ਹੈ।

(੫) ‘ਸੂਹੀ ਮਹਲਾ ੯ ਕਾਫੀ ਘਰੁ ੧੦’ - ਇਸ ਸਿਰ-ਲੇਖ ਹੇਠ ੩ ‘ਅਸ਼ਟਪਦੀਆਂ’ ਹਨ। ਅੰਕ ਨੰ: ੩ ਵਾਂਙ ਇਸ ਦਾ ਵੀ ਭਾਵ ਹੈ ‘ਸੂਹੀ-ਕਾਫੀ ਮਹਲਾ ੧ ਘਰੁ ੧੦’।

(੬) ‘ਰਾਗੁ ਸੂਹੀ ਮਹਲਾ ੫ ਅਸ਼ਟਪਦੀਆਂ ਘਰੁ ੧੦ ਕਾਫੀ’ - (ਪੰ: ੭੫੧-੫੨) ਇਥੇ ਦੋ ਅਸ਼ਟਪਦੀਆਂ ਹਨ, ਪਰ ਲਫ਼ਜ਼ ‘ਕਾਫੀ’ ਹੀ ਹੈ ਜਿਹੜਾ ਇਕ-ਵਚਨ ਹੈ। ਇਸ ਤਰ੍ਹਾਂ ਸਪਸ਼ਟ ਹੈ ਕਿ ਇਥੇ ਇਹ ਵੀ ਮਿਲਵਾਂ ਰਾਗ ‘ਸੂਹੀ-ਕਾਫੀ’ ਹੀ ਹੈ।

(੭) ‘ਮਾਰੂ ਕਾਫੀ ਮਹਲਾ ੧ ਘਰ ੨ (ਪੰ: ੧੦੧੪) ਇਥੇ ੩ ਅਸ਼ਟਪਦੀਆਂ ਹਨ। ਜਦਕਿ ਲਫ਼ਜ਼ ‘ਕਾਫੀ’ ਇਕ-ਵਚਨ ਹੈ। ਇਥੇ ਵੀ ਜੇ ਲਫ਼ਜ਼ ਕਾਫ਼ੀ ਕਿਸੇ ਛੰਦ ਵਾਸਤੇ ਹੁੰਦਾ ਤਾਂ ਇਥੇ ਵੀ ਗਿਣਤੀ ੩ ਲਈ ਲਫ਼ਜ਼ ਕਾਫ਼ੀਆਂ ਹੋਣਾ ਸੀ ਨਾ ਕਿ ਇੱਕ ਵਚਨ "ਕਾਫੀ"।

ਬਲਕਿ ਵਿਸ਼ੇ ਨੂੰ ਹੋਰ ਸਪਸ਼ਟ ਕਰਣ ਲਈ ਅਸ਼ੀਂ ਪੰਨਾ ੧੦੧੯ `ਤੇ ਵੀ ਦੇਖਦੇ ਹਾਂ। ਪੰਨਾ ੧੦੧੯ `ਤੇ ਸਿਰਲੇਖ ਹੈ ‘ਮਾਰੂ ਮਹਲਾ ੫ ਘਰੁ ੮ ਅੰਜੁਲੀਆ’। ਜਦਕਿ ‘ਅੰਜੁਲੀ’ ਇਕ-ਵਚਨ ਹੈ ਅਤੇ ‘ਅੰਜੁਲੀਆ’ ਬਹੁ-ਵਚਨ।

ਠੀਕ ਇਸੇਤਰ੍ਹਾਂ ਪੰ: ੧੦੧੪ `ਤੇ ਲਫ਼ਜ਼ ‘ਕਾਫੀ’ ਜੇ ਕਿਸੇ ਛੰਦ ਲਈ ਹੁੰਦਾ ਤਾਂ ਇਥੇ ਵੀ ਲਫ਼ਜ਼ ਕਾਫ਼ੀ ਤੋਂ ਬਹੁ ਵਚਨ ‘ਕਾਫੀਆਂ’ ਹੀਣਾ ਸੀ। ਜਿਵੇਂ ‘ਅੰਜੁਲੀ’ ਤੋਂ ‘ਅੰਜੁਲੀਆ’ ਹੋ ਗਿਆ ਹੈ। ਸਪਸ਼ਟ ਹੈ ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ‘ਜੀ ਅੰਦਰ ਲਫ਼ਜ਼ ‘ਕਾਫੀ’ ਰਾਗ ਨਾਲ ਰਾਗ ਦਾ ਹੀ ਲਖਾਇਕ ਹੈ ਜਿਵੇਂ ‘ਮਾਰੂ ਕਾਫੀ, ‘ਆਸਾ ਕਾਫੀ ਆਦਿ ਨਾ ਕਿ ਕਾਵ ਰਚਨਾ ਦੇ ਦੂਜੇ ਚੋਪਈ, ਦੋਹਿਰਾ, ਸਲੋਕ, ਅਸ਼ਟਪਟੀ ਆਦਿ ਬਹੁਤੇਰੇ ਢੰਗਾਂ ਵਾਂਙ ਛੰਤ।

ਗੁਰਬਾਣੀ ਦਾ ਵੇਰਵਾ (੩੧ ਰਾਗਾਂ ਚ) -

ਸ਼ਬਦ ਅਸ਼ਟਪਦੀਆਂ ਛੰਤ ਜੋੜ

ਮਹਲਾ ੧- ੨੦੯ ੧੨੩ ੨੫ ੩੫੭

ਮਹਲਾ ੩- ੧੭੨ ੭੯ ੧੯ ੨੭੦

ਮਹਲਾ ੪- ੨੬੪ ੫੮ ੩੮ ੩੬੦

ਮਹਲਾ ੫- ੧੩੨੨ ੪੫ ੬੩ ੧੪੩੦

ਮਹਲਾ ੯- ੫੯ ੫੯

ਕੁਲ ਜੋੜ ੨੦੨੬ ੩੦੫ ੧੪੫ ੨੪੭੬

ਅੰਤਕਾ- ‘ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ’ ਜੀ ਦੁਨੀਆਂ ਭਰ ਦਾ ਇਕੋ-ਇਕ ਅਜਿਹਾ ਗ੍ਰੰਥ ਹੈ ਜਿਸ `ਚ ਗੁਰੂ ਸਰੂਪਾਂ ਸਮੇਤ ੩੫ ਲਿਖਾਰੀ ਹਨ। ੧੪੩੦ ਪੰਨਿਆਂ ਦੇ ਇੰਨੇ ਵੱਡੇ ਆਕਾਰ ਦੇ ਬਾਵਜੂਦ, ਇੱਥੇ ਕਿੱਧਰੇ ਵੀ ਵਿਚਾਰ ਅੰਤਰ ਜਾਂ ਸਿਧਾਂਤ ਵਿਰੋਧ ਨਹੀਂ। ਇਥੇ ਸਮੂਚੇ ਤੌਰ `ਤੇ "ਇਕਾ ਬਾਣੀ ਇਕੁ ਗੁਰੁ, ਇਕੋ ਸਬਦੁ ਵੀਚਾਰਿ॥ ਸਚਾ ਸਉਦਾ, ਹਟੁ ਸਚੁ, ਰਤਨ ਭਰੇ ਭੰਡਾਰ" (ਪੰ: ੬੪੬) ਵਾਲਾ ਸਿਧਾਂਤ ਤੇ ਨਿਯਮ ਹੀ ਕੰਮ ਕਰ ਰਿਹਾ ਹੈ।

ਇਥੋਂ ਤੀਕ ਕਿ ਲਿਖਾਰੀਆਂ ਨੂੰ ਨਾਲ ਲੈਣ ਸਮੇਂ ਗੁਰਦੇਵ ਨੇ ਉਨ੍ਹਾਂ ਦੀ ਜਨਮ-ਜਾਤ-ਕੁਲ-ਦੇਸ਼ ਆਦਿ ਨੂੰ ਮੁੱਖ ਨਹੀਂ ਰਖਿਆ। ਗੁਰਦੇਵ ਨੇ ਇਥੇ ਬਿਨਾ ਵਿੱਤਕਰਾ ਅਖੌਤੀ ਸ਼ੂਦਰਾਂ, ਕਹੇ ਜਾਂਦੇ ਉੱਚ ਜਾਤੀ ਬ੍ਰਾਹਮਣਾਂ ਅਤੇ ਮੁਸਲਮਾਨਾਂ ਚੋਂ ਵੀ ਲਿਖਾਰੀ ਲਏ ਹਨ ਜਿਵੇਂ ਸ਼ੇਖ਼ ਫ਼ਰੀਦ ਜੀ ਨੂੰ ਪਾਕਪਟਣ ਤੋਂ। ਆਪ ਜੀ ਨੇ ਇਸ ਦੇ ਲਈ ਕੇਵਲ ਸਮੂਚੀ ਮਨੁੱਖਤਾ ਅਤੇ "ਪੰਚਾ ਕਾ ਗੁਰੁ ਏਕੁ ਧਿਆਨੁ" (ਬਾਣੀ ਜਪੁ) ਵਾਲੇ ਇਲਾਹੀ ਸੱਚ ਦੇ ਸਿਧਾਂਤ ਨੂੰ ਹੀ ਮੁੱਖ ਰਖਿਆ ਹੈ।

ਇਹ ਵੀ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦੀ ਸੰਪਾਦਨਾ ਤੇ ਸੰਪੂਰਣ ਬਾਣੀ ਨੂੰ ਤਰਤੀਬ ਵੀ ਪੰਜਵੇਂ ਪਾਤਸ਼ਾਹ ਨੇ ਆਪ ਦਿੱਤੀ। ਫ਼ਿਰ ਇਹ ਵੀ ਇਤਿਹਾਸਕ ਸੱਚ ਹੈ ਕਿ ਆਪ ਨੇ ਅਮ੍ਰਿਤਸਰ ਰਾਮਸਰ ਸਰੋਵਰ ਦੇ ਕਿਨਾਰੇ "ਆਦਿ ਬੀੜ" ਭਾਈ ਗੁਰਦਾਸ ਜੀ ਤੋਂ ਲਿਖਵਾਈ ਸੀ

ਇਸ ਤਰ੍ਹਾਂ "ਆਦਿ ਬੀੜ" ਦੀ ਸੰਪਾਦਨਾ ਅਤੇ ਇਸ `ਚ ਸੰਪੂਰਣ ਬਾਣੀ ਨੂੰ ਤਰਤੀਬ ਦੇਣ ਵਾਲਾ ਮਹਾਨ ਕਾਰਜ ਭਾਦੋਂ ਵਦੀ ਏਕਮ ਸੰਮਤ 1661 (ਸੰਨ 1604) ਨੂੰ ਮੁਕੰਮਲ ਹੋਇਆ ਅਤੇ ਭਾਦੋਂ ਸੁਦੀ ਏਕਮ (ਠੀਕ 15 ਦਿਨ ਬਾਅਦ) ਤਤਕਰਾ ਮੁਕੰਮਲ ਕਰਣ ਉਪ੍ਰੰਤ ਆਪ ਨੇ ਇਸੇ ਉਦੇਸ਼ ਲਈ, ਨਵੇਂ ਤਿਆਰ ਕੀਤੇ ਅੰਮ੍ਰਿਤਸਰ ਸਰੋਵਰ ਦੇ ਵਿੱਚਕਾਰ "ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ" ਵਿਖੇ ਇਸਦਾ ਪ੍ਰਥਮ ਪ੍ਰਕਾਸ਼ ਕੀਤਾ। ਉਸ ਸਮੇਂ ਆਪ ਨੇ ਬਾਬਾ ਬੁੱਢਾ ਜੀ ਤੋਂ ਗੁਰਬਾਣੀ ਦੇ ਪ੍ਰਥਮ ਸੰਪੂਰਣ ਪਾਠ ਦੀ ਸੇਵਾ ਤੇ ਆਦਿ ਬੀੜ ਦੇ ਪ੍ਰਥਮ ਮੁੱਖ ਸੇਵਾਦਾਰ ਦੀ ਸੇਵਾ ਵੀ ਉਨ੍ਹਾਂ ਨੂੰ ਸੌਂਪੀ।

ਬਾਅਦ `ਚ ਦਸਮੇਸ਼ ਜੀ ਨੇ ਉਸੇ ਕ੍ਰਮ `ਚ ਨੌਵੇਂ ਪਾਤਸ਼ਾਹ ਦੀ ਬਾਣੀ ਨੂੰ ਜੋੜ ਕੇ ਉਸ "ਆਦਿ ਬੀੜ" ਨੂੰ ਹੀ ਸੰਪੂਰਣ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਵਾਲਾ ਅਜੋਕਾ ਸਰੂਪ ਪ੍ਰਦਾਨ ਕੀਤਾ। ਉਪ੍ਰੰਤ ਦਸਮੇਸ਼ ਜੀ ਨੇ ਹੀ ੬ ਅਕਤੂਬਰ ਸੰਨ ੧੭੦੮ ਨੂੰ ਪੰਥ ਰੂਪ ਪੰਜ ਪਿਆਰਿਆਂ ਨੂੰ ਤਾਬਿਆ ਖੜਾ ਕਰਕੇ ਕੇ ਇਸ ਸੰਪੂਰਣ ਹੋ ਚੁੱਕੇ ਗ੍ਰੰਥ ਗੁਰਗੱਦੀ `ਤੇ ਬਿਰਜਮਾਨ ਕਰ ਦਿੱਤਾ।

ਇਲਾਹੀ ਤੇ ਰੱਬੀ ਸੱਚ ਇਹੀ ਹੈ ਕਿ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਦਾ ਪ੍ਰਕਾਸ਼ ਸੰਸਾਰ ਭਰ ਦੇ ਂ ਕਿਸੇ ਵੀ ਦੇਸ਼ ਜਾਂ ਕੋਣੇ `ਚ ਕਰ ਦਿੱਤਾ ਜਾਵੇ ਅਥਵਾ ਕਰ ਦਿਓ, ਇਥੇ ਬਿਨਾ ਵਿੱਤਕਰਾ ਰੰਗ-ਨਸਲ, ਇਸਤ੍ਰੀ-ਪੁਰਖ, ਬੱਚਾ-ਬਿਰਧ, ਸਥਾਨ, ਦਿਸ਼ਾ, ਸਮਾਂ, ਥਿਤ, ਵਾਰ, ਊਚ-ਨੀਚ, ਜਾਤ-ਵਰਣ, ਬੋਲੀ-ਭਾਸ਼ਾ-ਧਰਮ, ਇਸ ਵਿੱਚਲੀ ਗੁਰਬਾਣੀ ਦੇ ਸਿਧਾਂਤ; ਸਰਬ ਸੰਸਾਰ ਦੀ ਇਕੋ ਜਿਹੀ ਸਦੀਵਕਾਲੀ ਲੋੜ ਅਤੇ ਅਗਵਾਈ ਕਰਣ ਦੇ ਸਮ੍ਰੱਥ ਵੀ ਹਨ ਅਤੇ ਜੁਗੋ-ਜੁਗ ਅਟੱਲ ਵੀ ਹਨ। ਫ਼ਿਰ ਇਹੀ ਨਹੀਂ, ਇਥੋਂ ਹਰੇਕ ਮਨੁੱਖ ਨੂੰ ਸੁਚੱਜਾ-ਸ਼ਾਂਤ ਤੇ ਸਰਬ-ਮਨੁੱਖੀ ਪਿਆਰ ਨਾਲ ਭਰਪੂਰ ਜੀਵਨ ਵੀ ਪ੍ਰਾਪਤ ਹੋ ਸਕਦਾ ਹੈ।

ਅੰਤ `ਚ ਅਤੀ ਧੰਨਵਾਦਿ ਹਾਂ "ਪੰਥ ਦੀ ਚਲਦੀ ਫ਼ਿਰਦੀ ਯੂਨੀਵਰਸਿਟੀ ਪ੍ਰੋਫ਼ੈਸਰ ਸਾਹਿਬ ਸਿੰਘ ਜੀ" ਦਾ, ਕਿੳਂਕਿ ਬਹੁਤਾ ਕਰਕੇ ਜਿਨ੍ਹਾਂ ਦੀ ਲਿਖਤ ਦਸ ਭਾਗ "ਗੁਰੂ ਗ੍ਰੰਥ ਸਾਹਿਬ ਦਰਪਣ" `ਤੇ ਆਧਾਰਿਤ, ਦੋ ਭਾਗਾਂ `ਚ ਹੱਥਲਾ ਗੁਰਮੱਤ ਪਾਠ ਨੰ: ੪੧੫ ਬਾਣੀ ਬਿਉਰਾ "ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ" ਗੁਰੂ ਕੀਆਂ ਸੰਗਤਾਂ ਵਿੱਚਕਾਰ ਪੁੱਜ ਸਕਿਆ#415.148s6.02s08RJ1##k

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠਾਂ’, ਪੁਸਤਕਾ ਅਤੇ ਹੁਣ ਗੁਰਮੱਤ ਸੰਦੇਸ਼ਾ ਵਾਲੀ ਅਰੰਭ ਹੋ ਚੁੱਕੀ ਲੜੀ-ਇਨ੍ਹਾਂ ਸਾਰੀਆਂ ਲਿਖਤਾਂ ਦਾ ਮਕਸਦ ਇਕੋ ਹੀ ਹੈ-ਤਾ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ ‘ਗੁਰੂ ਗ੍ਰੰਥ ਸਾਹਿਬ’ ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this Self Learning Gurmat Lesson No.415 P-II

ਬਾਣੀ ਬਿਉਰਾ

"ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ"

(ਭਾਗ ਦੂਜਾ)

For all the Self Learning Gurmat Lessons (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps

with intention of Gurmat Parsar, at quite nominal printing cost i.e. mostly Rs 350/-(but in rare cases Rs. 450/-) per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.