.

ਗੁਰੂ ਗਰੰਥ ਸਾਹਿਬ ਅਨੁਸਾਰ ਅੰਮ੍ਰਿਤੁ ਹਰਿ ਕਾ ਨਾਮੁ ਹੈ

(ਨਾਮੁ, ਭਾਗ ੯)

Amrit is Naam of Akal Purkh according to Guru Granth Sahib

(Naam, Part 9)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਗੁਰਬਾਣੀ ਦੇ ਆਧਾਰ ਤੇ ਨਾਮੁ ਸਬੰਧੀ ਪਹਿਲਾਂ ਸਾਂਝੇ ਕੀਤੇ ਗਏ ਲੇਖ (ਨਾਮੁ, ਭਾਗ ੧ ਤੋਂ ੮) ਸਾਨੂੰ ਵਾਰ ਵਾਰ ਇਹੀ ਸਮਝਾ ਰਹੇ ਹਨ, ਕਿ ਸਿੱਖ ਧਰਮ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਕੋਈ ਦੁਨਿਆਵੀ ਨਾਂ ਦੀ ਤਰ੍ਹਾਂ ਨਹੀਂ ਹੈ, ਜਿਸ ਲਈ ਕੋਈ ਮਿਥੇ ਗਏ ਅੱਖਰ ਜਾਂ ਸਬਦ ਦਾ ਰਟਨ ਕਰਦੇ ਰਹਿਣਾਂ ਹੈ। ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ, ਰਸੁ ਵਾਲਾ ਹੈ, ਅੰਮ੍ਰਿਤ ਹੈ, ਨਿਰਮਲੁ ਜਲ ਦੀ ਤਰ੍ਹਾਂ ਹੈ, ਗੁਪਤ ਰੂਪ ਵਿੱਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਵੀ ਹੋ ਰਿਹਾ ਹੈ। ਸਿੱਖ ਧਰਮ ਅਨੁਸਾਰ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਹੀ ਨਾਮੁ ਹੈ। ਅਕਾਲ ਪੁਰਖੁ ਦਾ ਨਾਮੁ ਹਰੇਕ ਥਾਂ ਤੇ ਵਰਤ ਰਿਹਾ ਹੈ, ਹਰ ਸਮੇਂ ਲਗਾਤਾਰ ਵਰਤ ਰਿਹਾ ਹੈ, ਹਰੇਕ ਜੀਵ ਨਾਮੁ ਦੇ ਆਸਰੇ ਤੇ ਨਾਮੁ ਅਨੁਸਾਰ ਚਲ ਰਿਹਾ ਹੈ, ਦੁਨੀਆਂ ਦੇ ਸਾਰੇ ਪਦਾਰਥ ਨਾਮੁ ਦੇ ਆਸਰੇ ਟਿਕੇ ਹੋਏ ਹਨ। ਨਾਮੁ ਪ੍ਰਾਪਤ ਕਰਨ ਦਾ ਭਾਵ ਹੈ ਕਿ ਅਕਾਲ ਪੁਰਖੁ ਦੇ ਹੁਕਮੁ, ਸਿਸਟਮ, ਰਚਨਾ, ਅਸੂਲਾਂ ਬਾਰੇ ਜਾਣਕਾਰੀ ਹਾਸਲ ਕਰਨਾ ਤੇ ਉਸ ਦੀ ਕੁਦਰਤ ਨਾਲ ਆਪਣੇ ਅੰਦਰ ਪ੍ਰੇਮ ਤੇ ਸਤਿਕਾਰ ਪੈਦਾ ਕਰਨਾ।

http://www.geocities.ws/sarbjitsingh/GurbaniIndexGurmukhi.htm (Naam, Part 1 to 8)

ਜੇਕਰ ਸਿੱਖ ਇਤਿਹਾਸ ਨੂੰ ਵੇਖੀਏ ਤਾਂ ਸਮਾਂ ਪਾ ਬਹੁਤ ਸਾਰੇ ਸਬਦਾਂ ਦੇ ਅਰਥ ਬਦਲ ਦਿਤੇ ਗਏ ਹਨ, ਜਿਨ੍ਹਾਂ ਕਰਕੇ ਅੱਜਕਲ ਦੇ ਲੋਕਾਂ ਨੂੰ ਅਕਸਰ ਭੁਲੇਖੇ ਪੈਂਦੇ ਰਹਿੰਦੇ ਹਨ। ਗੁਰਬਾਣੀ ਅਨੁਸਾਰ ਨਾਮੁ ਦਾ ਭਾਵ ਕੁੱਝ ਹੋਰ ਹੈ ਤੇ ਲੋਕਾਂ ਨੇ ਏਕਾ ਸਬਦੀ ਦੀ ਤਰ੍ਹਾਂ "ਵਾਹਿਗੁਰੂ" ਸਬਦ ਦੇ ਰਟਨ ਨੂੰ ਨਾਂ ਬਣਾ ਦਿਤਾ ਹੈ। ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਸਪੱਸ਼ਟ ਕਰਕੇ ਨਹੀਂ ਕਿਹਾ ਕਿ ਕੋਈ ਇੱਕ ਅੱਖਰ ਜਾਂ ਸਬਦ ਅਕਾਲ ਪੁਰਖੁ ਦਾ ਨਾਂ ਹੈ, ਕਿਉਂਕਿ ਅਕਾਲ ਪੁਰਖੁ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ। ਗੁਰੂ ਸਾਹਿਬਾਂ ਨੇ ਏਕਾ ਸਬਦੀ ਵਾਲਿਆਂ ਨੂੰ ਵੀ ਗੁਰਬਾਣੀ ਅਨੁਸਾਰ ਪ੍ਰਵਾਨ ਨਹੀਂ ਕੀਤਾ ਹੈ "ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ" (੬੫੪)। ਹਾਂ ਅਸੀਂ ਆਪਸੀ ਸਮਝ, ਸਹੂਲਤ ਤੇ ਸਾਂਝ ਕਰਨ ਲਈ ਦੋ ਅੱਖਰੀ ਸਬਦ "ਅਕਾਲ ਪੁਰਖੁ" ਵਰਤ ਸਕਦੇ ਹਾਂ, ਜਿਸ ਤਰ੍ਹਾਂ ਕਿ ਗੁਰੂ ਸਾਹਿਬਾਂ ਨੇ ਵੀ ਗੁਰੂ ਗਰੰਥ ਸਾਹਿਬ ਵਿੱਚ ੨ ਵਾਰੀ ਵਰਤਿਆ ਹੈ।

ਹਰੇਕ ਸਿੱਖ ਲਈ ਨਾਮੁ (ਅੰਮ੍ਰਿਤ), ਮਨ ਅਤੇ ਤਨ ਦੋਵਾਂ ਲਈ ਜਰੂਰੀ ਹੈ। ਮਨ ਅਤੇ ਆਤਮਿਕ ਜੀਵਨ ਲਈ ਗੁਰਬਾਣੀ ਦਾ ਅੰਮ੍ਰਿਤ ਜਰੂਰੀ ਹੈ। ਤਨ ਲਈ ਅਤੇ ਗੁਰੂ ਨਾਲ ਪ੍ਰਣ ਕਰਨ ਲਈ, ਖੰਡੇ ਬਾਟੇ ਕੀ ਪਾਹੁਲ ਜਰੂਰੀ ਹੈ। ਜਿਸ ਤਰ੍ਹਾਂ ਸਕੂਲ ਵਿੱਚ ਦੁਨਿਆਵੀ ਸਿਖਿਆ ਲੈਣ ਲਈ, ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਫਾਰਮ ਭਰ ਕੇ ਦਾਖਲਾ ਲੈਣਾਂ ਜਰੂਰੀ ਹੈ। ਇਸੇ ਤਰ੍ਹਾਂ ਗੁਰੂ ਘਰ ਵਿੱਚ ਦਾਖਲਾ ਲੈਣ ਲਈ ਖੰਡੇ ਬਾਟੇ ਕੀ ਪਾਹੁਲ ਬਹੁਤ ਜਰੂਰੀ ਹੈ। ਇਸ ਦਾ ਸਬੰਧ ਸਿਰਫ ਸੰਸਾਰਕ ਰਿਵਾਇਤ ਤਕ ਹੀ ਸੀਮਿਤ ਨਹੀਂ ਹੈ, ਬਲਕਿ ਗੁਰੂ ਨਾਲ ਪ੍ਰਣ ਕਰਨਾ ਹੈ ਕਿ ਅਸੀਂ ਜਪੁਜੀ ਸਾਹਿਬ ਦੀ ਪਹਿਲੀ ਪਉੜੀ ਵਿੱਚ ਸਿੱਖ ਧਰਮ ਦੇ ਦੱਸੇ ਗਏ ਸਿਧਾਂਤ, ‘ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ’ ਅਨੁਸਾਰ ਜੀਵਨ ਬਤੀਤ ਕਰਾਂਗੇ। ਹਰੇਕ ਧਰਮ ਦੀ ਆਪਣੀ ਆਪਣੀ ਰਿਵਾਇਤ ਹੁੰਦੀ ਹੈ। ਧਰਮ ਵਿੱਚ ਦਾਖਲੇ ਵਾਸਤੇ ਹਿੰਦੂ ਲਈ ਜਨੇਊ, ਮੁਸਲਮਾਨ ਲਈ ਸੁਨੱਤ ਅਤੇ ਕਰਿਸ਼ਚੀਅਨ ਲਈ ਬਾਪੀਟਿਜ਼ਮ ਜਰੂਰੀ ਹੈ। ਇਸੇ ਤਰ੍ਹਾਂ ਸਿੱਖ ਧਰਮ ਵਿੱਚ ਦਾਖਲੇ ਲਈ, ਖੰਡੇ ਬਾਟੇ ਕੀ ਪਾਹੁਲ ਜਰੂਰੀ ਹੈ। ਪਹਿਲੇ ਗੁਰੂ ਸਾਹਿਬਾਂ ਦੇ ਸਮੇਂ ਚਰਨ ਪਾਹੁਲ ਦੀ ਰੀਤ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ੧੬੯੯ ਨੂੰ ਵਿਸਾਖੀ ਵਾਲੇ ਦਿਨ ਖਾਲਸਾ ਪੰਥ ਦੀ ਸਾਜਨਾ ਕੀਤੀ। ਕਿਉਕਿ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰਗੱਦੀ ਪੂਰਨ ਤੌਰ ਤੇ ਸ਼ਬਦ ਗੁਰੂ, ਗੁਰੂ ਗਰੰਥ ਸਾਹਿਬ ਨੂੰ ਦੇਣੀ ਸੀ। ਇਸ ਲਈ ਉਨ੍ਹਾਂ ਨੇ ਚਰਨ ਪਾਹੁਲ ਦੀ ਰੀਤ ਬਦਲ ਕੇ ਖੰਡੇ ਬਾਟੇ ਦੀ ਰਿਵਾਇਤ ਸ਼ੁਰੂ ਕੀਤੀ। ਪੰਜ ਪਿਆਰੇ ਸਾਜਣ ਤੋਂ ਬਾਅਦ, ਗੁਰੂ ਜੀ ਉਨ੍ਹਾਂ ਅੱਗੇ ਹੱਥ ਜੋੜ ਕੇ ਆਪ ਖੜੇ ਹੋ ਗਏ ਅਤੇ ਬੇਨਤੀ ਕੀਤੀ, ਕਿ ਇਹ ਖੰਡੇ ਬਾਟੇ ਕੀ ਪਾਹੁਲ ਮੈਨੂੰ ਵੀ ਬਖ਼ਸ਼ੋ।

ਜਿਸ ਤਰ੍ਹਾਂ ਲੋਕਾਂ ਨੂੰ ਨਾਮੁ ਸਬੰਧੀ ਭੁਲੇਖਾ ਪਿਆ ਹੋਇਆ ਹੈ, ਠੀਕ ਉਸੇ ਤਰ੍ਹਾਂ ਸਾਨੂੰ ਅੰਮ੍ਰਿਤੁ ਸਬੰਧੀ ਵੀ ਬਹੁਤ ਭੁਲੇਖਾ ਪਿਆ ਹੋਇਆ ਹੈ। ਜਿਸ ਤਰ੍ਹਾਂ ਕਿ ਭਾਈ ਗੁਰਦਾਸ ਦੂਜਾ ਦੀ ਰਚਨਾਂ ਤੋਂ ਸੰਕੇਤ ਮਿਲਦਾ ਹੈ ਕਿ ਗੁਰੂ ਘਰ ਵਿੱਚ ਦਾਖਲਾ ਲੈਣ ਲਈ ਖੰਡੇ ਬਾਟੇ ਕੀ ਪਾਹੁਲ (ਖੰਡਧਾਰ) ਜਰੂਰੀ ਹੈ। ਸਮਾਂ ਪਾ ਕੇ ਲੋਕਾਂ ਨੇ ਖੰਡੇ ਬਾਟੇ ਕੀ ਪਾਹੁਲ ਨੂੰ ਅੰਮ੍ਰਿਤੁ ਛਕਣ ਦਾ ਨਾਂ ਦੇ ਦਿਤਾ ਹੈ। ਜਦੋਂ ਕਿ ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਵਾਰ ਵਾਰ ਇਹੀ ਸਮਝਾਇਆ ਗਿਆ ਹੈ ਕਿ "ਅੰਮ੍ਰਿਤੁ ਹਰਿ ਕਾ ਨਾਮੁ" ਹੈ। ਆਓ ਜਰਾ ਗੁਰੂ ਗਰੰਥ ਸਾਹਿਬ ਅਨੁਸਾਰ ਅੰਮ੍ਰਿਤੁ ਸਬੰਧੀ ਸਮਝਣ ਦਾ ਯਤਨ ਕਰੀਏ।

ਜੇਕਰ ਗਿਣਤੀ ਦੇ ਹਿਸਾਬ ਨਾਲ ਹੀ ਵੇਖਿਆ ਜਾਵੇ ਤਾਂ ਅੰਮ੍ਰਿਤੁ ਹਰਿ ਕਾ ਨਾਮੁ ਗੁਰੂ ਗਰੰਥ ਸਾਹਿਬ ਵਿੱਚ ਪੰਜ ਵਾਰੀ ਆਇਆ ਹੈ, ਅੰਮ੍ਰਿਤੁ ਹਰਿ ਕਾ ਨਾਉ ਵੀ ਪੰਜ ਵਾਰੀ ਆਇਆ ਹੈ, ਤੇ ਅੰਮ੍ਰਿਤੁ ਹਰਿ ਕਾ ਨਾਮਾ ਇੱਕ ਵਾਰੀ ਆਇਆ ਹੈ। ਗੁਰੂ ਗਰੰਥ ਸਾਹਿਬ ਵਿੱਚ ਇਤਨੀ ਵਾਰੀ ਸਮਝਾਂਣ ਦੇ ਬਾਅਦ ਵੀ ਜੇਕਰ ਅਸੀਂ ਖੰਡੇ ਬਾਟੇ ਕੀ ਪਾਹੁਲ ਤੇ ਅੰਮ੍ਰਿਤੁ ਵਿੱਚ ਕੋਈ ਫਰਕ ਨਹੀਂ ਸਮਝ ਸਕੇ ਤਾਂ ਕਹਿਣਾਂ ਪਵੇਗਾ ਕਿ ਜਾਂ ਤਾਂ ਅਸੀਂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹਦੇ ਹੀ ਨਹੀਂ, ਤੇ ਜਾਂ ਗੁਰੂ ਗਰੰਥ ਸਾਹਿਬ ਅਨੁਸਾਰ ਆਪਣੇ ਜੀਵਨ ਵਿੱਚ ਵਿਚਰਨ ਤੋਂ ਇਨਕਾਰੀ ਹੋ ਚੁਕੇ ਹਾਂ। ਗੁਰੂ ਗਰੰਥ ਸਾਹਿਬ ਅੱਗੇ ਅਰਦਾਸਾਂ ਵੀ ਬਹੁਤ ਵਾਰੀ ਕਰੀਏ, ਚੜ੍ਹਾਵੇ ਵੀ ਬਹੁਤ ਚੜ੍ਹਾਈਏ ਪਰੰਤੂ ਗੁਰੂ ਗਰੰਥ ਸਾਹਿਬ ਅਨੁਸਾਰ ਆਪਣੇ ਜੀਵਨ ਵਿੱਚ ਚਲੀਏ ਬਿਲਕੁਲ ਨਾ, ਤਾਂ ਫਿਰ ਸਾਡੀ ਅਰਦਾਸ ਕਿਸ ਤਰ੍ਹਾਂ ਪ੍ਰਵਾਨ ਹੋ ਸਕਦੀ ਹੈ, ਸਾਡਾ ਭਲਾ ਕਿਸ ਤਰ੍ਹਾਂ ਹੋ ਸਕਦਾ ਹੈ?

ਹਿਰਦੇ ਨੂੰ ਮਾਇਆ ਦੇ ਮੋਹ ਵਿੱਚ ਗੰਦਾ ਕਰ ਕੇ ਤੇ ਫਿਰ ਆਪਣੇ ਸਰੀਰ ਨੂੰ ਤੀਰਥਾਂ ਉਪਰ ਲਿਜਾ ਕੇ ਇਸ਼ਨਾਨ ਕਰਨ ਨਾਲ ਕੋਈ ਲਾਭ ਨਹੀਂ ਹੋ ਸਕਦਾ। ਉਹੀ ਮਨੁੱਖ ਨ੍ਹਾਤਾ ਹੋਇਆ ਤੇ ਪਵਿਤ੍ਰ ਹੈ, ਜਿਹੜਾ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖੁ ਦੇ ਨਾਮੁ ਦੀ ਕਮਾਈ ਕਰਦਾ ਹੈ। ਪਰ ਅਕਾਲ ਪੁਰਖੁ ਦੇ ਹੁਕਮੁ ਤੋਂ ਬਿਨਾ ਮਨੁੱਖ ਦੀ ਸੁਰਤਿ ਕੂੜ ਵਿਚੋਂ ਨਿਕਲ ਕੇ ਉੱਚੀ ਅਵਸਥਾ ਵਾਲੀ ਨਹੀਂ ਹੋ ਸਕਦੀ। ਨਿਰੀਆਂ ਜ਼ਬਾਨੀ ਗਿਆਨ ਦੀਆਂ ਗੱਲਾਂ ਕਰਨ ਨਾਲ ਤਾਂ ਸਗੋਂ ਆਪਣਾ ਆਤਮਕ ਜੀਵਨ ਹੋਰ ਵੀ ਖ਼ਰਾਬ ਹੋ ਜਾਂਦਾ ਹੈ। ਆਪਣੀ ਸੁਰਤਿ ਵਿੱਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਟਿਕਾਉਣੀ ਚਾਹੀਦੀ ਹੈ। ਇਹ ਸਿਫ਼ਤਿ ਸਾਲਾਹ ਅਕਾਲ ਪੁਰਖੁ ਦੀ ਆਪਣੀ ਬਖ਼ਸ਼ਸ਼ ਹੈ, ਜਦੋਂ ਅਕਾਲ ਪੁਰਖੁ ਆਪ ਪ੍ਰੇਰਨਾ ਕਰਦਾ ਹੈ ਤਾਂ ਹੀ ਮਨੁੱਖ ਉਸ ਦੀ ਸਿਫ਼ਤਿ ਸਾਲਾਹ ਕਰ ਸਕਦਾ ਹੈ। ਅਕਾਲ ਪੁਰਖੁ ਦੀ ਮੇਹਰ ਨਾਲ ਹੀ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਮਨ ਨੂੰ ਪਿਆਰਾ ਲੱਗਦਾ ਹੈ। ਜਦੋਂ ਅਕਾਲ ਪੁਰਖੁ ਦਾ ਨਾਮੁ ਮਨ ਨੂੰ ਮਿੱਠਾ ਲੱਗਦਾ ਹੈ ਤਾਂ ਉਸ ਮਨੁੱਖ ਦੇ ਮਨ ਅੰਦਰੋਂ ਦੁਖਾਂ ਦਾ ਡੇਰਾ ਆਪਣੇ ਆਪ ਚੁੱਕਿਆ ਜਾਂਦਾ ਹੈ। ਜਦੋਂ ਅਕਾਲ ਪੁਰਖੁ ਹੁਕਮੁ ਕਰਦਾ ਤਾਂ ਉਦੋਂ ਹੀ ਮਨੁੱਖ ਦੇ ਮਨ ਵਿੱਚ ਆਤਮਕ ਆਨੰਦ ਆ ਕੇ ਵੱਸ ਸਕਦਾ ਹੈ। ਜਿਸ ਅਕਾਲ ਪੁਰਖੁ ਨੇ ਆਪਣੇ ਆਪ ਨੂੰ ਆਪ ਹੀ ਜਗਤ ਦੇ ਰੂਪ ਵਿੱਚ ਪਰਗਟ ਕੀਤਾ ਹੋਇਆ ਹੈ, ਉਸ ਦੀ ਮਿਹਰ ਦੀ ਨਜਰ ਨਾਲ ਹੀ ਮਨੁੱਖ ਨੂੰ ਅਰਦਾਸ ਕਰਨ ਦੀ ਪ੍ਰੇਰਨਾ ਮਿਲਦੀ ਹੈ, ਤੇ ਤਾਂ ਹੀ ਉਸ ਦੀ ਸਿਫ਼ਤਿ ਸਾਲਾਹ ਕਰ ਸਕਦਾ ਹੈ। ਜਦੋਂ ਅਕਾਲ ਪੁਰਖੁ ਆਪਣੀ ਮੇਹਰ ਦੀ ਨਜ਼ਰ ਕਰਦਾ ਹੈ ਤਾਂ ਹੀ ਮਨੁੱਖ ਉਸ ਦੀ ਸਿਫ਼ਤਿ ਸਾਲਾਹ ਕਰਨ ਲਈ ਅਰਦਾਸ ਕਰਦਾ ਹੈ।

ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ॥ ਅੰਮ੍ਰਿਤੁ ਹਰਿ ਕਾ ਨਾਮੁ ਮੇਰੈ ਮਨਿ ਭਾਇਆ॥ ਨਾਮੁ ਮੀਠਾ ਮਨਹਿ ਲਾਗਾ ਦੂਖਿ ਡੇਰਾ ਢਾਹਿਆ॥ ਸੂਖੁ ਮਨ ਮਹਿ ਆਇ ਵਸਿਆ ਜਾਮਿ ਤੈ ਫੁਰਮਾਇਆ॥ ਨਦਰਿ ਤੁਧੁ ਅਰਦਾਸਿ ਮੇਰੀ ਜਿੰਨਿ ਆਪੁ ਉਪਾਇਆ॥ ਤਾ ਮੈ ਕਹਿਆ ਕਹਣੁ ਜਾ ਤੁਝੈ ਕਹਾਇਆ॥ ੨॥ (੫੬੫, ੫੬੬)

ਸਤਿਗੁਰੂ ਦੀਨਾਂ ਉੱਤੇ ਦਇਆ ਕਰਨ ਵਾਲਾ ਹੈ, ਜਿਸ ਦੀ ਸੰਗਤਿ ਵਿੱਚ ਰਹਿ ਕੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕੀਤੀ ਜਾ ਸਕਦੀ ਹੈ। ਗੁਰੂ ਦੀ ਸੰਗਤਿ ਵਿੱਚ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਿਮਰਿਆ ਜਾ ਸਕਦਾ ਹੈ। ਇਸ ਲਈ ਗੁਰੂ ਦੀ ਸੰਗਤਿ ਵਿੱਚ ਰਹਿ ਕੇ ਇੱਕ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ ਚਾਹੀਦਾ ਹੈ, ਕਿਉਂਕਿ ਨਾਮੁ ਦੀ ਬਰਕਤਿ ਨਾਲ ਹੀ ਜਨਮ ਮਰਨ ਦਾ ਦੁਖ ਦੂਰ ਹੋ ਸਕਦਾ ਹੈ। ਜਿਸ ਮਨੁੱਖ ਦੇ ਮੱਥੇ ਉੱਤੇ ਧੁਰ ਦਰਗਾਹ ਤੋਂ ਸਿਮਰਨ ਕਰਨ ਵਾਸਤੇ ਬਖ਼ਸ਼ਸ਼ ਦਾ ਲੇਖ ਲਿਖਿਆ ਹੁੰਦਾ ਹੈ, ਉਹੀ ਸਦਾ ਥਿਰ ਅਕਾਲ ਪੁਰਖੁ ਦੇ ਨਾਮੁ ਦੀ ਸਿੱਖਿਆ ਗ੍ਰਹਿਣ ਕਰਦਾ ਰਹਿੰਦਾ ਹੈ, ਤੇ ਫਿਰ ਉਸ ਮਨੁੱਖ ਦੀ ਆਤਮਕ ਮੌਤ ਦੀ ਫਾਹੀ ਕੱਟੀ ਜਾਂਦੀ ਹੈ। ਸਿਮਰਨ ਦੀ ਬਰਕਤਿ ਨਾਲ ਸਾਰੇ ਡਰ ਤੇ ਭਰਮ ਦੂਰ ਹੋ ਜਾਂਦੇ ਹਨ, ਮਨ ਵਿੱਚ ਬੱਝੀਆਂ ਹੋਈਆਂ ਵਿਕਾਰਾਂ ਤੇ ਅਗਿਆਨਤਾ ਦੀਆਂ ਗੰਢਾਂ ਖੁਲ੍ਹ ਜਾਂਦੀਆਂ ਹਨ, ਤੇ ਫਿਰ ਉਹ ਮਨੁੱਖ ਆਤਮਕ ਮੌਤ ਸਹੇੜਨ ਵਾਲੇ ਰਸਤੇ ਉਤੇ ਬਿਲਕੁਲ ਨਹੀਂ ਚਲਦਾ। ਗੁਰੂ ਸਾਹਿਬ ਸਮਝਾਂਦੇ ਹਨ ਕਿ ਸਦਾ ਬੇਨਤੀ ਕਰਦੇ ਰਹਿੰਣਾਂ ਚਾਹੀਦਾ ਹੈ, ਕਿ ਹੇ ਅਕਾਲ ਪੁਰਖੁ ਸਾਡੇ ਤੇ ਕਿਰਪਾ ਕਰੋ ਤਾਂ ਜੋ ਅਸੀਂ ਜੀਵ ਤੇਰੀ ਸਿਫ਼ਤਿ ਸਾਲਾਹ ਕਰਦੇ ਰਹੀਏ।

ਧਨਾਸਰੀ ਮਹਲਾ ੫ ਛੰਤ॥ ੴ ਸਤਿਗੁਰ ਪ੍ਰਸਾਦਿ॥ ਸਤਿਗੁਰ ਦੀਨ ਦਇਆਲ ਜਿਸੁ ਸੰਗਿ ਹਰਿ ਗਾਵੀਐ ਜੀਉ॥ ਅੰਮ੍ਰਿਤੁ ਹਰਿ ਕਾ ਨਾਮੁ ਸਾਧਸੰਗਿ ਰਾਵੀਐ ਜੀਉ॥ ਭਜੁ ਸੰਗਿ ਸਾਧੂ ਇਕੁ ਅਰਾਧੂ ਜਨਮ ਮਰਨ ਦੁਖ ਨਾਸਏ॥ ਧੁਰਿ ਕਰਮੁ ਲਿਖਿਆ ਸਾਚੁ ਸਿਖਿਆ ਕਟੀ ਜਮ ਕੀ ਫਾਸਏ॥ ਭੈ ਭਰਮ ਨਾਠੇ ਛੁਟੀ ਗਾਠੇ ਜਮ ਪੰਥਿ ਮੂਲਿ ਨ ਆਵੀਐ॥ ਬਿਨਵੰਤਿ ਨਾਨਕ ਧਾਰਿ ਕਿਰਪਾ ਸਦਾ ਹਰਿ ਗੁਣ ਗਾਵੀਐ॥ ੧॥ (੬੯੧)

ਜੇਹੜੇ ਮਨੁੱਖ ਵੇਦ ਪੁਰਾਣ ਸਿੰਮ੍ਰਿਤੀਆਂ ਆਦਿਕ ਧਰਮ ਪੁਸਤਕਾਂ ਪੜ੍ਹ ਕੇ ਨਾਮੁ ਨੂੰ ਲਾਂਭੇ ਛੱਡ ਕੇ ਕਰਮ ਕਾਂਡ ਆਦਿਕ ਦਾ ਉਪਦੇਸ਼ ਉੱਚੀ ਉੱਚੀ ਸੁਣਾਂਦੇ ਰਹਿੰਦੇ ਹਨ, ਉਹ ਮਨੁੱਖ ਥੋਥੀਆਂ ਗੱਲਾਂ ਕਰਦੇ ਹਨ। ਅਜੇਹੇ ਲੋਕ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਝੂਠਾ ਪਰਚਾਰ ਹੀ ਕਰਦੇ ਰਹਿੰਦੇ ਹਨ। ਅਕਾਲ ਪੁਰਖੁ ਦੇ ਨਾਮੁ ਤੋਂ ਵਿਛੁੜੇ ਹੋਏ ਮਨੁੱਖ ਮਾਇਆ ਦੇ ਝਮੇਲਿਆਂ ਵਿਚ, ਮੋਹ ਦੇ ਬੰਧਨਾਂ ਵਿਚ, ਥੋਥੀਆਂ ਗੱਲਾਂ ਦੇ ਵਾਦ ਵਿਵਾਦ ਵਿਚ, ਤੇ ਆਪਣੇ ਹੰਕਾਰ ਵਿੱਚ ਫਸ ਕੇ ਦੁਖੀ ਹੁੰਦੇ ਰਹਿੰਦੇ ਹਨ। ਅਸਲੀਅਤ ਇਹ ਹੈ ਕਿ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਆਤਮਕ ਆਨੰਦ ਨਹੀਂ ਮਿਲ ਸਕਦਾ ਤੇ ਨਾਮੁ ਤੋਂ ਵਾਂਝੇ ਰਹਿਣ ਵਾਲੇ ਆਪਣੇ ਮਨੁੱਖਾ ਜਨਮ ਦੀ ਬਾਜ਼ੀ ਹਾਰ ਜਾਂਦੇ ਹਨ। ਅਕਾਲ ਪੁਰਖੁ ਦੇ ਨਾਮੁ ਦਾ ਬੇਅੰਤ ਖ਼ਜ਼ਾਨਾ ਅਕਾਲ ਪੁਰਖੁ ਦੇ ਭਗਤਾਂ ਦੇ ਹਿਰਦੇ ਵਿੱਚ ਵੱਸਦਾ ਹੈ। ਗੁਰੂ ਦੀ ਸੰਗਤਿ ਵਿੱਚ ਨਾਮੁ ਜਪਣ ਨਾਲ ਜਨਮ ਮਰਨ ਦੇ ਦੁਖ ਤੇ ਮੋਹ ਆਦਿਕ ਹਰੇਕ ਤਰ੍ਹਾਂ ਦੇ ਕਲੇਸ਼ ਦੂਰ ਹੋ ਜਾਂਦੇ ਹਨ। ਜਿਨ੍ਹਾਂ ਮਨੁੱਖਾਂ ਉਤੇ ਅਕਾਲ ਪੁਰਖੁ ਦਇਆਵਾਨ ਹੁੰਦਾ ਹੈ, ਉਨ੍ਹਾਂ ਨੂੰ ਗੁਰੂ ਦੀ ਸੰਗਤਿ ਪ੍ਰਾਪਤ ਹੁੰਦੀ ਹੈ, ਉਹ ਮਨੁੱਖ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਪੀਂਦੇ ਰਹਿੰਦੇ ਹਨ। ਕੋ੍ਰੜਾਂ ਅਸੰਖਾਂ ਤੇ ਅਨੇਕਾਂ ਹੀ ਪ੍ਰਾਣੀ ਅਕਾਲ ਪੁਰਖੁ ਦੀ ਭਾਲ ਕਰਦੇ ਰਹਿੰਦੇ ਹਨ, ਪਰੰਤੂ ਜਿਸ ਮਨੁੱਖ ਨੂੰ ਅਕਾਲ ਪੁਰਖੁ ਆਪ ਸੋਝੀ ਬਖ਼ਸ਼ਦਾ ਹੈ, ਉਸੇ ਮਨੁੱਖ ਨੂੰ ਅਕਾਲ ਪੁਰਖੁ ਦੀ ਨੇੜਤਾ ਮਿਲਦੀ ਹੈ। ਇਸ ਲਈ ਅਕਾਲ ਪੁਰਖੁ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਹੈ, ਹੇ ਦਾਤਾਰ ! ਮੇਰੇ ਅੰਦਰ ਅਜੇਹੀ ਇਛਾ ਪੈਦਾ ਕਰੋ ਕਿ ਮੈਂ ਦਿਨ ਰਾਤ ਸਦਾ ਆਪ ਦੇ ਗੁਣ ਗਾਇਨ ਕਰਦਾ ਰਹਾਂ, ਤੇ ਮੈਨੂੰ ਆਪਣਾ ਨਾਮੁ ਬਖ਼ਸ਼ੋ ਤਾਂ ਜੋ ਮੈਂ ਤੁਹਾਨੂੰ ਕਦੇ ਵੀ ਆਪਣੇ ਚਿਤ ਵਿਚੋਂ ਨਾ ਭੁਲਾਵਾਂ।

ਜਿਨੑ ਕਉ ਭਏ ਦਇਆਲ ਤਿਨੑ ਸਾਧੂ ਸੰਗੁ ਭਇਆ॥ ਅੰਮ੍ਰਿਤੁ ਹਰਿ ਕਾ ਨਾਮੁ ਤਿਨੀੑ ਜਨੀ ਜਪਿ ਲਇਆ॥ ੬॥ ਖੋਜਹਿ ਕੋਟਿ ਅਸੰਖ ਬਹੁਤੁ ਅਨੰਤ ਕੇ॥ ਜਿਸੁ ਬੁਝਾਏ ਆਪਿ ਨੇੜਾ ਤਿਸੁ ਹੇ॥ ੭॥ ਵਿਸਰੁ ਨਾਹੀ ਦਾਤਾਰ ਆਪਣਾ ਨਾਮੁ ਦੇਹੁ॥ ਗੁਣ ਗਾਵਾ ਦਿਨੁ ਰਾਤਿ ਨਾਨਕ ਚਾਉ ਏਹੁ॥ ੮॥ ੨॥ ੫॥ ੧੬॥ (੭੬੧-੭੬੨)

ਇਸ ਜਗਤ ਦੇ ਕਈ ਲੋਕ ਵੀ ਪਪੀਹੇ ਦੀ ਤਰ੍ਹਾਂ, ਆਮ ਪਾਣੀ ਨੂੰ ਹੀ ਅੰਮ੍ਰਿਤੁ-ਨਾਮੁ ਸਮਝ ਕੇ ਇੱਕ ਦੂਜੇ ਦੇ ਪਿਛੇ ਲਗ ਕੇ ਪੀਣ ਲਈ ਤੁਰ ਪੈਂਦੇ ਹਨ। ਇਹ ਪਪੀਹਾ ਇੱਕ ਜੀਵ ਹੈ, ਜਿਸ ਦਾ ਸੁਭਾਉ ਇੱਕ ਪਸੂ ਦੀ ਤਰ੍ਹਾਂ ਹੈ, ਜਿਸ ਕਰਕੇ ਉਹ ਸਿਰਫ ਦੁਨਿਆਵੀ ਮੀਂਹ ਦੀ ਬੂੰਦ ਨੂੰ ਹੀ ਲੋਚਦਾ ਰਹਿੰਦਾ ਹੈ। ਇਸ ਲਈ ਇਸ ਸਬਦ ਵਿੱਚ ਵਰਤੇ ਗਏ ਪਪੀਹਾ ਲਫ਼ਜ਼ ਸੁਣ ਕੇ ਇਹ ਭੁਲੇਖਾ ਨਹੀਂ ਖਾਣਾਂ ਹੈ ਕਿ ਦੁਨਿਆਵੀ ਪਾਣੀ ਹੀ ਅੰਮ੍ਰਿਤ ਹੈ, ਜਿਸ ਨੂੰ ਪੀਤਿਆਂ ਮਾਇਆ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ। ਇਸ ਲਈ ਹਮੇਸ਼ਾਂ ਸੁਚੇਤ ਰਹਿੰਣਾਂ ਹੈ ਤੇ ਧਿਆਨ ਵਿੱਚ ਰੱਖਣਾ ਹੈ ਕਿ ਸਿਰਫ ਅਕਾਲ ਪੁਰਖੁ ਦਾ ਨਾਮੁ ਹੀ ਐਸਾ ਅੰਮ੍ਰਿਤ ਹੈ, ਜਿਸ ਨੂੰ ਪੀਤਿਆਂ ਮਨੁੱਖ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਿਟ ਸਕਦੀ ਹੈ। ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਨਾਮੁ (ਅੰਮ੍ਰਿਤੁ) ਪੀਤਾ ਹੈ, ਉਨ੍ਹਾਂ ਨੂੰ ਮੁੜ ਕੇ ਮਾਇਆ ਦੀ ਤ੍ਰਿਸ਼ਨਾ ਨਹੀਂ ਰਹਿੰਦੀ।

ਸਲੋਕ ਮਃ ੩॥ ਬਾਬੀਹਾ ਏਹੁ ਜਗਤੁ ਹੈ ਮਤ ਕੋ ਭਰਮਿ ਭੁਲਾਇ॥ ਇਹੁ ਬਾਬੀਂਹਾ ਪਸੂ ਹੈ ਇਸ ਨੋ ਬੂਝਣੁ ਨਾਹਿ॥ ਅੰਮ੍ਰਿਤੁ ਹਰਿ ਕਾ ਨਾਮੁ ਹੈ ਜਿਤੁ ਪੀਤੈ ਤਿਖ ਜਾਇ॥ ਨਾਨਕ ਗੁਰਮੁਖਿ ਜਿਨੑ ਪੀਆ ਤਿਨੑ ਬਹੁੜਿ ਨ ਲਾਗੀ ਆਇ॥ ੧॥ (੧੨੮੩)

ਇਸ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, ਪਰ ਜਿਸ ਮਨੁੱਖ ਨੇ ਬੇਅੰਤ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ ਸ਼ੁਰੂ ਕਰ ਦਿੱਤਾ, ਗੁਰੂ ਨੇ ਉਸ ਨੂੰ ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘਾ ਦਿੱਤਾ, ਗੁਰੂ ਨੇ ਉਸ ਨੂੰ ਪੂਰਨ ਅਕਾਲ ਪੁਰਖੁ ਨਾਲ ਜੋੜ ਦਿੱਤਾ। ਜਦੋਂ ਉਸ ਮਨੁੱਖ ਨੇ ਪੂਰਨ ਅਕਾਲ ਪੁਰਖੁ ਦਾ ਮਿਲਾਪ ਹਾਸਲ ਕਰ ਲਿਆ, ਤਾਂ ਫਿਰ ਉਸ ਦਾ ਜਨਮ ਮਰਨ ਦਾ ਗੇੜ ਵੀ ਮੁੱਕ ਗਿਆ। ਇਹ ਹਮੇਸ਼ਾਂ ਧਿਆਨ ਵਿੱਚ ਰੱਖਣਾ ਹੈ ਕਿ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਿਰਫ ਗੁਰੂ ਤੋਂ ਹੀ ਮਿਲਦਾ ਹੈ।

ਕਹੁ ਨਾਨਕ ਬੇਅੰਤੁ ਬੇਅੰਤੁ ਧਿਆਇਆ॥ ਦੁਤਰੁ ਇਹੁ ਸੰਸਾਰੁ ਸਤਿਗੁਰੂ ਤਰਾਇਆ॥ ਮਿਟਿਆ ਆਵਾ ਗਉਣੁ ਜਾਂ ਪੂਰਾ ਪਾਇਆ॥ ਹਰਿਹਾਂ ਅੰਮ੍ਰਿਤੁ ਹਰਿ ਕਾ ਨਾਮੁ ਸਤਿਗੁਰ ਤੇ ਪਾਇਆ॥ ੬॥ (੧੩੬੨)

ਇਸ ਲਈ ਆਪਣੇ ਮਨ ਨੂੰ ਸਮਝਾਣਾ ਹੈ ਕਿ ਸਾਧ ਸੰਗਤਿ ਵਿੱਚ ਰਹਿ ਕੇ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪ ਤਾਂ ਜੋ ਮਨ ਚਾਹੇ ਫਲ ਪ੍ਰਾਪਤ ਕਰ ਸਕੇ ਤੇ ਆਪਣੇ ਦੁਖਾਂ ਕਲੇਸ਼ਾਂ ਨੂੰ ਦੂਰ ਕਰ ਸਕੇ। ਜਿਸ ਮਨੋਰਥ ਵਾਸਤੇ ਇਹ ਮਨੁੱਖਾ ਜਨਮ ਹਾਸਲ ਕੀਤਾ ਹੈ, ਉਸ ਮਨੋਰਥ ਨੂੰ ਪੂਰਾ ਕਰਨ ਦਾ ਉਪਰਾਲਾ ਕਰ। ਜਿਸ ਮਨੁੱਖ ਦੀ ਪ੍ਰੀਤਿ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਨਾਲ ਬਣ ਜਾਂਦੀ ਹੈ, ਉਸ ਦਾ ਮਨ ਪਵਿਤ੍ਰ ਹੋ ਜਾਂਦਾ ਹੈ, ਉਸ ਦਾ ਸਰੀਰ ਵੀ ਪਵਿਤ੍ਰ ਹੋ ਜਾਂਦਾ ਹੈ, ਉਸ ਦੀਆਂ ਸਾਰੀਆਂ ਗਿਆਨ ਇੰਦ੍ਰੀਆਂ ਵਿਕਾਰਾਂ ਵਲੋਂ ਹਟ ਜਾਂਦੀਆਂ ਹਨ। ਅਕਾਲ ਪੁਰਖੁ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੀ ਅਸਲੀ ਰਤਨ ਜਵਾਹਰ ਤੇ ਮੋਤੀ ਹੈ, ਕਿਉਂਕਿ ਅਕਾਲ ਪੁਰਖੁ ਦੇ ਨਾਮੁ ਦੀ ਬਰਕਤਿ ਨਾਲ ਹੀ ਸੁਖ, ਆਤਮਕ ਅਡੋਲਤਾ ਤੇ ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ, ਇਸ ਲਈ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਣਾਂ ਚਾਹੀਦਾ ਹੈ।

ਰਤਨ ਜਵੇਹਰ ਮਾਣਿਕਾ ਅੰਮ੍ਰਿਤੁ ਹਰਿ ਕਾ ਨਾਉ॥ ਸੂਖ ਸਹਜ ਆਨੰਦ ਰਸ ਜਨ ਨਾਨਕ ਹਰਿ ਗੁਣ ਗਾਉ॥ ੪॥ ੧੭॥ ੮੭॥ (੪੮)

ਜਿਸ ਮਨੁੱਖ ਉਤੇ ਅਕਾਲ ਪੁਰਖੁ ਦੀ ਮੇਹਰ ਦੀ ਨਜ਼ਰ ਹੋ ਜਾਂਦੀ ਹੈ, ਉਸ ਨੂੰ ਬਖ਼ਸ਼ਸ਼ ਵਜੋਂ ਉਸ ਦਾ ਨਾਮੁ ਮਿਲ ਜਾਂਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਅਕਾਲ ਪੁਰਖੁ ਦੀ ਬਖ਼ਸ਼ਸ਼ ਦਾ ਲੇਖ ਧੁਰ ਤੋਂ ਹੀ ਲਿਖਿਆ ਮਿਲ ਜਾਂਦਾ ਹੈ, ਉਨ੍ਹਾਂ ਨੂੰ ਗੁਰੂ ਆ ਕੇ ਮਿਲ ਪੈਂਦਾ ਹੈ। ਗੁਰੂ ਉਨ੍ਹਾਂ ਨੂੰ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਿੱਖਿਆ ਵਜੋਂ ਦੇਂਦਾ ਹੈ, ਅਜੇਹੇ ਮਨੁੱਖ ਜੀਵਨ ਦੇ ਸਫ਼ਰ ਵਿੱਚ ਗੁਰੂ ਦੇ ਦੱਸੇ ਹੋਏ ਮਾਰਗ ਅਨੁਸਾਰ ਚਲਦੇ ਹਨ, ਤੇ ਕਿਸੇ ਹੋਰ ਪਾਸੇ ਵੱਲ ਭਟਕਦੇ ਨਹੀਂ ਫਿਰਦੇ।

ਤਿਨਾੑ ਮਿਲਿਆ ਗੁਰੁ ਆਇ ਜਿਨ ਕਉ ਲੀਖਿਆ॥ ਅੰਮ੍ਰਿਤੁ ਹਰਿ ਕਾ ਨਾਉ ਦੇਵੈ ਦੀਖਿਆ॥ ਚਾਲਹਿ ਸਤਿਗੁਰ ਭਾਇ ਭਵਹਿ ਨ ਭੀਖਿਆ॥ ੨॥ (੭੨੯)

ਉਹੀ ਹਿਰਦਾ ਪਵਿੱਤ੍ਰ ਹੈ, ਜਿਹੜਾ ਉਸ ਅਕਾਲ ਪੁਰਖੁ ਨੂੰ ਚੰਗਾ ਲੱਗਦਾ ਹੈ। ਜੇਕਰ ਮਨੁੱਖ ਦਾ ਹਿਰਦਾ ਅੰਦਰੋਂ ਵਿਕਾਰਾਂ ਨਾਲ ਬਹੁਤ ਗੰਦਾ ਹੋਇਆ ਪਿਆ ਹੈ ਤਾਂ ਸਰੀਰ ਨੂੰ ਬਾਹਰੋਂ ਤੀਰਥਾਂ ਤੇ ਜਾ ਕੇ ਇਸ਼ਨਾਨ ਕਰਵਾਉਂਣ ਨਾਲ ਉਸ ਦਾ ਹਿਰਦਾ ਅੰਦਰੋਂ ਸਾਫ ਨਹੀਂ ਹੋ ਸਕਦਾ। ਜੇਕਰ ਗੁਰੂ ਦੇ ਦਰ ਤੇ ਆਪਣੇ ਆਪ ਨੂੰ ਇੱਕ ਨਿਮਾਣੇ ਦੀ ਤਰ੍ਹਾਂ ਗੁਰੂ ਦੀ ਮਤ ਲੈਂਣ ਲਈ ਪੇਸ਼ ਕਰੀਏ, ਤਾਂ ਹੀ ਹਿਰਦੇ ਨੂੰ ਪਵਿਤ੍ਰ ਕਰਨ ਲਈ ਸੋਝੀ ਮਿਲ ਸਕਦੀ ਹੈ। ਸਬਦ ਗੁਰੂ ਦੇ ਦਰ ਤੇ ਰਹਿ ਕੇ ਹੀ ਵਿਕਾਰਾਂ ਦੀ ਮੈਲ ਧੋਣ ਨਾਲ ਮਨੁੱਖ ਦਾ ਹਿਰਦਾ ਪਵਿਤ੍ਰ ਹੋ ਸਕਦਾ ਹੈ। ਜੇਕਰ ਗੁਰੂ ਦੇ ਦਰ ਤੇ ਟਿਕੇ ਰਹੀਏ ਤਾਂ ਅਕਾਲ ਪੁਰਖੁ ਆਪ ਹੀ ਇਹ ਵਿਚਾਰਨ ਦੀ ਸਮਝ ਬਖ਼ਸ਼ਦਾ ਹੈ ਕਿ ਅਸੀਂ ਚੰਗੇ ਹਾਂ ਜਾਂ ਮੰਦੇ ਹਾਂ; ਕੀ ਠੀਕ ਹੈ ਤੇ ਕੀ ਗਲਤ ਹੈ, ਉਸ ਬਾਰੇ ਸੋਝੀ ਮਿਲ ਜਾਂਦੀ ਹੈ। ਜੇਕਰ ਇਸ ਮਨੁੱਖਾ ਜੀਵਨ ਦੇ ਸਮੇਂ ਵਿੱਚ ਗੁਰੂ ਦਾ ਆਸਰਾ ਨਹੀਂ ਲਿਆ ਤਾਂ ਕੋਈ ਜੀਵ ਇਹ ਨਾ ਸਮਝ ਲਏ ਕਿ ਇਥੋਂ ਖ਼ਾਲੀ ਹੱਥ ਜਾ ਕੇ ਅੱਗੇ ਪਰਲੋਕ ਵਿੱਚ ਜੀਵਨ ਪਵਿਤ੍ਰ ਕਰਨ ਲਈ ਸੂਝ ਮਿਲ ਸਕੇਗੀ। ਇਹ ਇੱਕ ਕੁਦਰਤ ਦਾ ਨਿਯਮ ਹੈ ਕਿ ਮਨੁੱਖ ਇਸ ਜਨਮ ਵਿੱਚ ਜਿਸ ਤਰ੍ਹਾਂ ਦੇ ਕਰਮ ਕਰਦਾ ਹੈ, ਉਹ ਆਪਣੇ ਕਰਮਾਂ ਅਨੁਸਾਰ ਉਸੇ ਤਰ੍ਹਾਂ ਦਾ ਬਣ ਜਾਂਦਾ ਹੈ, ਤੇ ਉਸ ਦੇ ਕਰਮਾਂ ਅਨੁਸਾਰ ਹੀ ਉਸ ਨੂੰ ਫਲ ਮਿਲਦਾ ਹੈ। ਜਿਹੜਾ ਮਨੁੱਖ ਨਿਮਾਣਾਂ ਹੋ ਕੇ ਗੁਰੂ ਦੇ ਦਰ ਤੇ ਡਿੱਗ ਪੈਂਦਾ ਹੈ, ਅਕਾਲ ਪੁਰਖੁ ਉਸ ਨੂੰ ਆਤਮਕ ਜੀਵਨ ਦੇਣ ਵਾਲਾ ਆਪਣਾ ਨਾਮੁ (ਅੰਮ੍ਰਿਤੁ) ਆਪ ਬਖ਼ਸ਼ਦਾ ਹੈ। ਜਿਸ ਮਨੁੱਖ ਨੂੰ ਨਾਮੁ ਦੀ ਇਹ ਦਾਤ ਮਿਲ ਜਾਂਦੀ ਹੈ, ਉਹ ਆਪਣਾ ਮਨੁੱਖਾ ਜਨਮ ਸਵਾਰ ਕੇ, ਇਥੋਂ ਇੱਜ਼ਤ ਖੱਟ ਕੇ ਅੱਗੇ ਜਾਂਦਾ ਹੈ, ਤੇ ਉਹ ਆਪਣੀ ਸੋਭਾ ਦਾ ਵਾਜਾ ਇਥੇ ਵਜਾ ਜਾਂਦਾ ਹੈ। ਵਿਚਾਰਾ ਮਨੁੱਖ ਕੀ ਕਰ ਸਕਦਾ ਹੈ, ਅਕਾਲ ਪੁਰਖੁ ਤਾਂ ਆਪ ਹੀ ਤਿੰਨਾਂ ਲੋਕਾਂ ਵਿੱਚ ਉਸ ਮਨੁੱਖ ਦੀ ਸੋਭਾ ਖਿਲਾਰ ਦਿੰਦਾ ਹੈ। ਉਹ ਮਨੁੱਖ ਆਪ ਸਦਾ ਆਨੰਦ ਦੀ ਅਵਸਥਾ ਵਿੱਚ ਪ੍ਰਸੰਨ ਚਿਤ ਹੋ ਕੇ ਰਹਿੰਦਾ ਹੈ, ਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਵੀ ਤਾਰ ਲੈਂਦਾ ਹੈ।

ਸੂਹੀ ਮਹਲਾ ੧॥ ਭਾਂਡਾ ਹਛਾ ਸੋਇ ਜੋ ਤਿਸੁ ਭਾਵਸੀ॥ ਭਾਂਡਾ ਅਤਿ ਮਲੀਣੁ ਧੋਤਾ ਹਛਾ ਨ ਹੋਇਸੀ॥ ਗੁਰੂ ਦੁਆਰੈ ਹੋਇ ਸੋਝੀ ਪਾਇਸੀ॥ ਏਤੁ ਦੁਆਰੈ ਧੋਇ ਹਛਾ ਹੋਇਸੀ॥ ਮੈਲੇ ਹਛੇ ਕਾ ਵੀਚਾਰੁ ਆਪਿ ਵਰਤਾਇਸੀ॥ ਮਤੁ ਕੋ ਜਾਣੈ ਜਾਇ ਅਗੈ ਪਾਇਸੀ॥ ਜੇਹੇ ਕਰਮ ਕਮਾਇ ਤੇਹਾ ਹੋਇਸੀ॥ ਅੰਮ੍ਰਿਤੁ ਹਰਿ ਕਾ ਨਾਉ ਆਪਿ ਵਰਤਾਇਸੀ॥ ਚਲਿਆ ਪਤਿ ਸਿਉ ਜਨਮੁ ਸਵਾਰਿ ਵਾਜਾ ਵਾਇਸੀ॥ ਮਾਣਸੁ ਕਿਆ ਵੇਚਾਰਾ ਤਿਹੁ ਲੋਕ ਸੁਣਾਇਸੀ॥ ਨਾਨਕ ਆਪਿ ਨਿਹਾਲ ਸਭਿ ਕੁਲ ਤਾਰਸੀ॥ ੧॥ ੪॥ ੬॥ (੭੩੦)

ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਅੰਮ੍ਰਿਤ ਰੂਪੀ ਬਾਣੀ ਹੀ ਅੰਮ੍ਰਿਤ ਦਾ ਸੁਆਦ ਦੇਣ ਵਾਲੀ ਹੈ, ਤੇ ਇਹ ਹੀ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੈ। ਇਸ ਲਈ ਸਤਿਗੁਰੂ ਦੀ ਅੰਮ੍ਰਿਤ ਬਾਣੀ ਦੁਆਰਾ ਅਕਾਲ ਪੁਰਖੁ ਦੇ ਨਾਮੁ ਨੂੰ ਮਨ ਵਿਚ, ਸਰੀਰ ਵਿਚ, ਹਿਰਦੇ ਵਿਚ, ਅੱਠੇ ਪਹਿਰ ਯਾਦ ਕਰਦਾ ਰਹੋ ਤੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਰਹੋ। ਗੁਰੂ ਸਾਹਿਬ ਆਪਣੇ ਗੁਰਸਿੱਖਾਂ ਨੂੰ ਸਮਝਾਂਦੇ ਹਨ ਕਿ ਜੀਵਨ ਦਾ ਅਸਲ ਮਨੋਰਥ ਇਹੀ ਹੈ, ਕਿ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਉਪਦੇਸ਼ ਸੁਣੋ। ਜੇਕਰ ਮਨ ਵਿੱਚ ਅਕਾਲ ਪੁਰਖੁ ਦਾ ਪਿਆਰ ਟਿਕਾ ਲਓਗੇ ਤਾਂ, ਇਹ ਮਨੁੱਖਾ ਜੀਵਨ ਰੂਪੀ ਕੀਮਤੀ ਦਾਤ ਸਫਲ ਹੋ ਜਾਇਗੀ। ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਦੁਖ ਦੂਰ ਹੋ ਜਾਂਦਾ ਹੈ, ਸੁਖ, ਆਤਮਕ ਅਡੋਲਤਾ ਤੇ ਬੇਅੰਤ ਆਨੰਦ ਪ੍ਰਾਪਤ ਹੁੰਦਾ ਹੈ। ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਇਸ ਲੋਕ ਵਿੱਚ ਸੁਖ ਪੈਦਾ ਹੁੰਦਾ ਹੈ, ਤੇ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਵੀ ਥਾਂ ਮਿਲਦੀ ਹੈ।

ਸਲੋਕ ਮਃ ੫॥ ਅੰਮ੍ਰਿਤ ਬਾਣੀ ਅਮਿਉ ਰਸੁ ਅੰਮ੍ਰਿਤੁ ਹਰਿ ਕਾ ਨਾਉ॥ ਮਨਿ ਤਨਿ ਹਿਰਦੈ ਸਿਮਰਿ ਹਰਿ ਆਠ ਪਹਰ ਗੁਣ ਗਾਉ॥ ਉਪਦੇਸੁ ਸੁਣਹੁ ਤੁਮ ਗੁਰਸਿਖਹੁ ਸਚਾ ਇਹੈ ਸੁਆਉ॥ ਜਨਮੁ ਪਦਾਰਥੁ ਸਫਲੁ ਹੋਇ ਮਨ ਮਹਿ ਲਾਇਹੁ ਭਾਉ॥ ਸੂਖ ਸਹਜ ਆਨਦੁ ਘਣਾ ਪ੍ਰਭੁ ਜਪਤਿਆ ਦੁਖੁ ਜਾਇ॥ ਨਾਨਕ ਨਾਮੁ ਜਪਤ ਸੁਖੁ ਊਪਜੈ ਦਰਗਹ ਪਾਈਐ ਥਾਉ॥ ੧॥ (੯੬੩)

ਗੁਰੂ ਸਾਹਿਬ ਸਮਝਾਂਦੇ ਹਨ ਕਿ ਮੈਂ ਤਾਂ ਸਦਾ ਅਕਾਲ ਪੁਰਖੁ ਦੇ ਚਰਨਾਂ ਵਿੱਚ ਧਿਆਨ ਧਰਦਾ ਹਾਂ, ਕਿਉਂਕਿ ਇਹੀ ਮੇਰੇ ਲਈ ਬੈਕੁੰਠ ਹੈ। ਗੁਰੂ ਦੀ ਸੰਗਤਿ ਵਿੱਚ ਟਿਕੇ ਰਹਿਣਾ ਹੀ ਮੇਰੇ ਵਾਸਤੇ ਚੌਹਾਂ ਪਦਾਰਥਾਂ ਵਿਚੋਂ ਸ੍ਰੇਸ਼ਟ ਮੁਕਤੀ ਦਾ ਪਦਾਰਥ ਹੈ। ਅਕਾਲ ਪੁਰਖੁ ਦਾ ਨਾਮੁ ਹੀ ਮੇਰੇ ਲਈ ਆਤਮਕ ਜੀਵਨ ਦੇਣ ਵਾਲਾ ਜਲ (ਅੰਮ੍ਰਿਤੁ) ਹੈ।

ਸਾਰਗ ਮਹਲਾ ੫॥ ਬੈਕੁੰਠ ਗੋਬਿੰਦ ਚਰਨ ਨਿਤ ਧਿਆਉ॥ ਮੁਕਤਿ ਪਦਾਰਥੁ ਸਾਧੂ ਸੰਗਤਿ ਅੰਮ੍ਰਿਤੁ ਹਰਿ ਕਾ ਨਾਉ॥ ੧॥ ਰਹਾਉ॥ (੧੨੨੦, ੧੨੨੧)

ਅਕਾਲ ਪੁਰਖੁ ਸਦਾ ਕਾਇਮ ਰਹਿਣ ਵਾਲਾ ਹੈ, ਸਦਾ ਆਪਣੇ ਤਖ਼ਤ ਉਤੇ ਟਿਕਿਆ ਰਹਿਣ ਵਾਲਾ ਹੈ। ਸਿਰਫ਼ ਉਸ ਦਾ ਦਰਬਾਰ ਹੀ ਸਦਾ ਕਾਇਮ ਰਹਿਣ ਵਾਲਾ ਹੈ। ਇਸ ਲਈ ਮੈਂਨੂੰ ਅਕਾਲ ਪੁਰਖੁ ਦੇ ਆਸਰੇ ਦਾ ਹੀ ਮਾਣ ਹੈ। ਅਕਾਲ ਪੁਰਖੁ ਹੀ ਸਭ ਦੇ ਦਿਲਾਂ ਦੀ ਜਾਨਣ ਵਾਲਾ ਮਾਲਕ ਹੈ, ਸਿਆਣਾ ਹੈ ਤੇ ਸੁਜਾਨ ਹੈ। ਅਕਾਲ ਪੁਰਖੁ ਸਿਆਣਾ ਹੈ, ਸੁਜਾਣ ਹੈ, ਸਦਾ ਮੰਨਿਆ ਪਰਮੰਨਿਆ ਹੈ ਤੇ ਉਸ ਦਾ ਨਾਮੁ ਆਤਮਕ ਜੀਵਨ ਦੇਣ ਵਾਲਾ (ਅੰਮ੍ਰਿਤੁ) ਹੈ। ਜਿਨ੍ਹਾਂ ਮਨੁੱਖਾਂ ਦੇ ਭਾਗ ਜਾਗ ਜਾਂਦੇ ਹਨ, ਉਹ ਅਕਾਲ ਪੁਰਖੁ ਦਾ ਨਾਮੁ ਅੰਮ੍ਰਿਤ ਚੱਖ ਕੇ ਮਾਇਆ ਦੀ ਭੁੱਖ ਵਲੋਂ ਰੱਜ ਜਾਂਦੇ ਹਨ।

ਮਾਣੋ ਪ੍ਰਭ ਮਾਣੋ ਮੇਰੇ ਪ੍ਰਭ ਕਾ ਮਾਣੋ॥ ਜਾਣੋ ਪ੍ਰਭੁ ਜਾਣੋ ਸੁਆਮੀ ਸੁਘੜੁ ਸੁਜਾਣੋ॥ ਸੁਘੜ ਸੁਜਾਨਾ ਸਦ ਪਰਧਾਨਾ ਅੰਮ੍ਰਿਤੁ ਹਰਿ ਕਾ ਨਾਮਾ॥ (੯੨੪

ਗੁਰੂ ਸਾਹਿਬ ਸਮਝਾਂਦੇ ਹਨ ਕਿ ਚੌਰਾਸੀ ਲੱਖ ਜੂਨਾਂ ਵਿੱਚ ਭੌਂਦਿਆਂ ਭੌਦਿਆਂ ਹੁਣ ਤੈਨੂੰ ਕੀਮਤੀ ਮਨੁੱਖਾ ਜਨਮ ਮਿਲਿਆ ਹੈ। ਜਿਸ ਘਰ ਵਿੱਚ ਤੂੰ ਸਦਾ ਰਹਿਣਾ ਤੇ ਵੱਸਣਾ ਹੈ, ਉਹ ਘਰ ਕਦੇ ਤੇਰੇ ਚਿੱਤ ਚੇਤੇ ਵਿੱਚ ਨਹੀਂ ਆਇਆ। ਉਸ ਅਕਾਲ ਪੁਰਖੁ ਦੀ ਕਦੇ ਸਿਫ਼ਤਿ ਸਾਲਾਹ ਨਹੀਂ ਕੀਤੀ, ਜਿਹੜਾ ਸਦਾ ਕਾਇਮ ਰਹਿਣ ਵਾਲਾ ਹੈ, ਅਬਿਨਾਸੀ ਹੈ, ਜਿੰਦ ਦੇਣ ਵਾਲਾ ਹੈ ਤੇ ਸਾਰੇ ਸੁਖ ਦੇਣ ਵਾਲਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਹੇ ਮੇਰੇ ਮੂਰਖ ਮਨ ਤੂੰ ਨਾਸਵੰਤ ਪਦਾਰਥਾਂ ਦੇ ਸੁਆਦ ਵਿੱਚ ਫਸਿਆ ਰਹਿੰਦਾ ਹੈਂ। ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਤੇਰੇ ਅੰਦਰ ਵੱਸਿਆ ਹੋਇਆ ਹੈ, ਤੂੰ ਉਸ ਅੰਮ੍ਰਿਤੁ ਨੂੰ ਛੱਡ ਕੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਨਾਲ ਚੰਬੜਿਆ ਹੋਇਆ ਹੈ।

ਰੇ ਮੂੜੇ ਤੂ ਹੋਛੈ ਰਸਿ ਲਪਟਾਇਓ॥ ਅੰਮ੍ਰਿਤੁ ਸੰਗਿ ਬਸਤੁ ਹੈ ਤੇਰੈ ਬਿਖਿਆ ਸਿਉ ਉਰਝਾਇਓ॥ ੧॥ ਰਹਾਉ॥ (੧੦੧੭)

ਅਕਾਲ ਪੁਰਖੁ ਦਾ ਨਾਮੁ ਇੱਕ ਅਜੇਹਾ ਕੀਮਤੀ ਪਦਾਰਥ ਹੈ, ਜਿਹੜਾ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਪਰੇ ਤੇ ਵੱਖਰਾ ਹੀ ਰਹਿੰਦਾ ਹੈ, ਜੋਗ ਸਾਧਨਾਂ ਕਰਨ ਨਾਲ ਜਾਂ ਜੋਗ ਸਾਧਨ ਕਰਨ ਵਾਲਿਆਂ ਨੂੰ ਵੀ ਅਕਾਲ ਪੁਰਖੁ ਦਾ ਕੀਮਤੀ ਨਾਮੁ ਨਹੀਂ ਮਿਲਦਾ ਹੈ। ਗੁਰੂ ਦੇ ਖ਼ਜ਼ਾਨੇ ਵਿੱਚ ਹੀ ਅਕਾਲ ਪੁਰਖੁ ਦਾ ਨਾਮੁ ਇੱਕ ਅਜੇਹੀ ਕੀਮਤੀ ਚੀਜ਼ ਹੈ, ਜਿਸ ਤਕ ਮਨੁੱਖ ਦੀਆਂ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਕਾਲ ਪੁਰਖੁ ਦੇ ਆਤਮਕ ਜੀਵਨ ਦੇਣ ਵਾਲੇ ਨਾਮੁ (ਅੰਮ੍ਰਿਤੁ) ਦੀ ਕੋਠੜੀ, ਜੋ ਕਿ ਕੀਮਤੀ ਪਦਾਰਥਾ ਨਾਲ ਨਕੋ ਨਕ ਭਰੀ ਹੋਈ ਹੈ, ਉਹ ਸਿਰਫ ਗੁਰੂ ਦੇ ਖ਼ਜ਼ਾਨੇ ਵਿਚੋ ਹੀ ਮਿਲ ਸਕਦੀ ਹੈ।

ਰਾਮਕਲੀ ਮਹਲਾ ੫॥ ਤ੍ਰੈ ਗੁਣ ਰਹਤ ਰਹੈ ਨਿਰਾਰੀ ਸਾਧਿਕ ਸਿਧ ਨ ਜਾਨੈ॥ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ॥ ੧॥ (੮੮੩)

ਜਿਨ੍ਹਾਂ ਮਨੁੱਖਾਂ ਨੂੰ ਅਕਾਲ ਪੁਰਖੁ ਦਾ ਨਾਮੁ ਧਨ ਪ੍ਰਾਪਤ ਹੁੰਦਾ ਹੈ, ਉਨ੍ਹਾਂ ਨੂੰ ਮਾਨੋ ਸਾਰੇ ਸੋਹਣੇ ਪਦਾਰਥ ਮਿਲ ਜਾਂਦੇ ਹਨ। ਸਭ ਦੇ ਮਾਲਕ ਅਕਾਲ ਪੁਰਖੁ ਦੇ ਸੋਹਣੇ ਚਰਨ ਭਗਤ ਜਨਾਂ ਦੇ ਮਨ ਵਾਸਤੇ ਨਿਵਾਸ ਅਸਥਾਨ ਹੁੰਦੇ ਹਨ, ਤੇ ਭਗਤ ਜਨ ਅਕਾਲ ਪੁਰਖੁ ਦੇ ਚਰਨਾਂ ਵਿੱਚ ਟਿਕੇ ਰਹਿਣ ਦੀ ਆਸ ਰੱਖ ਕੇ ਆਪਣਾ ਮਨੁੱਖਾ ਜੀਵਨ ਸਫਲ ਕਰਦੇ ਰਹਿੰਦੇ ਹਨ। ਭਗਤ ਜਨ ਆਪਣੇ ਮਨ ਤੇ ਸਰੀਰ ਦੁਆਰਾ ਅਕਾਲ ਪੁਰਖੁ ਦਾ ਨਾਮੁ ਸਿਮਰ ਸਿਮਰ ਕੇ, ਉਸ ਦੇ ਨਾਮੁ ਵਿੱਚ ਮਸਤ ਰਹਿੰਦੇ ਹਨ, ਤੇ, ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਦਾ ਪੀਂਦੇ ਰਂਿਹੰਦੇ ਹਨ। ਭਗਤ ਜਨ ਸਦਾ ਨਾਮੁ ਅੰਮ੍ਰਿਤ ਪੀਂਦੇ ਰਹਿੰਦੇ ਹਨ ਤੇ ਵਿਸ਼ਿਆਂ ਵਿਕਾਰਾਂ ਵਲੋਂ ਸਦਾ ਅਡੋਲ ਚਿੱਤ ਟਿਕੇ ਰਹਿੰਦੇ ਹਨ। ਅਕਾਲ ਪੁਰਖੁ ਦੇ ਨਾਮੁ ਦੀ ਬਰਕਤਿ ਨਾਲ ਭਗਤ ਜਨਾਂ ਨੇ ਵਿਸ਼ਿਆਂ ਵਿਕਾਰਾਂ ਦੇ ਪਾਣੀ ਨੂੰ ਬੇਸੁਆਦ ਜਾਣ ਲਿਆ ਹੈ। ਭਗਤ ਜਨਾਂ ਉੱਤੇ ਸਭ ਦੀ ਪਾਲਣਾ ਕਰਨ ਵਾਲੇ ਅਕਾਲ ਪੁਰਖੁ ਕਿਰਪਾ ਕਰਦੇ ਰਹਿੰਦੇ ਹਨ, ਤੇ ਸਾਧ ਸੰਗਤਿ ਵਿੱਚ ਰਹਿ ਕੇ ਉਨ੍ਹਾਂ ਦਾ ਮਨ ਅਕਾਲ ਪੁਰਖੁ ਦੇ ਨਾਮੁ ਦੇ ਖ਼ਜ਼ਾਨੇ ਦਾ ਆਨੰਦ ਮਾਣਦਾ ਰਹਿੰਦਾ ਹੈ। ਭਗਤ ਜਨ ਅਕਾਲ ਪੁਰਖੁ ਦੇ ਸ੍ਰੇਸ਼ਟ ਨਾਮੁ ਨੂੰ ਆਪਣੇ ਮਨ ਵਿੱਚ ਪ੍ਰੋਈ ਰੱਖਦੇ ਹਨ, ਅਕਾਲ ਪੁਰਖੁ ਦਾ ਨਾਮੁ ਹੀ ਉਨ੍ਹਾਂ ਵਾਸਤੇ ਸਭ ਤੋਂ ਸ੍ਰੇਸ਼ਟ ਧਨ ਹੈ, ਨਾਮੁ ਵਿਚੋਂ ਹੀ ਉਹ ਅਨੇਕਾਂ ਆਤਮਕ ਸੁਖ ਆਨੰਦ ਮਾਣਦੇ ਹਨ। ਭਗਤ ਜਨਾਂ ਨੂੰ ਅਕਾਲ ਪੁਰਖੁ ਦਾ ਨਾਮੁ, ਜੋ ਕਿ ਪ੍ਰਾਣਾਂ ਦਾ ਆਸਰਾ ਹੈ, ਉਹ ਰਤਾ ਜਿਨ੍ਹੇ ਸਮੇਂ ਲਈ ਵੀ ਨਹੀਂ ਭੁੱਲਦਾ ਤੇ ਉਹ ਅਕਾਲ ਪੁਰਖੁ ਦੇ ਨਾਮੁ ਨੂੰ ਹਰ ਵੇਲੇ ਜਪ ਜਪ ਕੇ ਆਤਮਕ ਜੀਵਨ ਹਾਸਲ ਕਰਦੇ ਰਹਿੰਦੇ ਹਨ।

ਛੰਤੁ॥ ਸੁੰਦਰ ਸੁਆਮੀ ਧਾਮ ਭਗਤਹ ਬਿਸ੍ਰਾਮ ਆਸਾ ਲਗਿ ਜੀਵਤੇ ਜੀਉ॥ ਮਨਿ ਤਨੇ ਗਲਤਾਨ ਸਿਮਰਤ ਪ੍ਰਭ ਨਾਮ ਹਰਿ ਅੰਮ੍ਰਿਤੁ ਪੀਵਤੇ ਜੀਉ॥ ਅੰਮ੍ਰਿਤੁ ਹਰਿ ਪੀਵਤੇ ਸਦਾ ਥਿਰੁ ਥੀਵਤੇ ਬਿਖੈ ਬਨੁ ਫੀਕਾ ਜਾਨਿਆ॥ ਭਏ ਕਿਰਪਾਲ ਗੋਪਾਲ ਪ੍ਰਭ ਮੇਰੇ ਸਾਧਸੰਗਤਿ ਨਿਧਿ ਮਾਨਿਆ॥ ਸਰਬਸੋ ਸੂਖ ਆਨੰਦ ਘਨ ਪਿਆਰੇ ਹਰਿ ਰਤਨੁ ਮਨ ਅੰਤਰਿ ਸੀਵਤੇ॥ ਇਕੁ ਤਿਲੁ ਨਹੀ ਵਿਸਰੈ ਪ੍ਰਾਨ ਆਧਾਰਾ ਜਪਿ ਜਪਿ ਨਾਨਕ ਜੀਵਤੇ॥ ੩॥ (੮੦, ੮੧)

ਗੁਰੂ ਸਾਹਿਬ ਸਮਝਾਂਦੇ ਹਨ ਕਿ ਅਕਾਲ ਪੁਰਖੁ ਦੇ ਸੰਤ ਜਨਾਂ ਨੂੰ ਆਪਣੇ ਭਰਾ ਬਣਾ ਕੇ ਬੇਨਤੀ ਕਰਨੀ ਚਾਹੀਦੀ ਹੈ, ਕਿ ਮੈਨੂੰ ਮਿਲੋ, ਮੈਨੂੰ ਮੇਰੇ ਹਰੀ ਅਕਾਲ ਪੁਰਖੁ ਦੀ ਦੱਸ ਪਾਵੋ, ਮੈਨੂੰ ਉਸ ਦੇ ਦੀਦਾਰ ਦੀ ਭੁੱਖ ਲੱਗੀ ਹੋਈ ਹੈ। ਸਾਰੇ ਜਗਤ ਦੇ ਜੀਵਨ ਦਾਤੇ ਅਕਾਲ ਪੁਰਖੁ ਅੱਗੇ ਇਹੀ ਬੇਨਤੀ ਕਰਨੀ ਹੈ, ਕਿ ਮੇਰੀ ਇਹ ਸਰਧਾ ਪੂਰੀ ਕਰ ਦਿਓ ਕਿ ਤੇਰੇ ਦੀਦਾਰ ਵਿੱਚ ਲੀਨ ਹੋ ਕੇ, ਮੇਰਾ ਮਨ ਤੇਰੇ ਨਾਮੁ ਅੰਮ੍ਰਿਤ ਨਾਲ ਚੰਗੀ ਤਰ੍ਹਾਂ ਭਿਜ ਜਾਏ। ਮੇਰਾ ਮਨ ਇਹੀ ਲੋਚਦਾ ਹੈ, ਕਿ ਸਾਧ ਸੰਗਤਿ ਵਿੱਚ ਮਿਲ ਬੈਠ ਕੇ ਮੈਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਬਾਣੀ ਉਚਾਰਾਂ, ਕਿਉਂਕਿ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀਆਂ ਗੱਲਾਂ ਮੇਰੇ ਮਨ ਨੂੰ ਪਿਆਰੀਆਂ ਲੱਗਦੀਆਂ ਹਨ। ਆਤਮਕ ਜੀਵਨ ਦੇਣ ਵਾਲਾ ਅਕਾਲ ਪੁਰਖੁ ਦਾ ਨਾਮੁ (ਅੰਮ੍ਰਿਤੁ) ਮੇਰੇ ਮਨ ਨੂੰ ਚੰਗਾ ਲਗਦਾ ਹੈ ਤੇ ਇਹ ਨਾਮੁ (ਅੰਮ੍ਰਿਤੁ) ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ। ਵੱਡੇ ਭਾਗਾਂ ਵਾਲੇ ਮਨੁੱਖ ਅਕਾਲ ਪੁਰਖੁ ਦਾ ਮਿਲਾਪ ਕਰਾਣ ਵਾਲੀ ਸਾਧ ਸੰਗਤਿ ਪ੍ਰਾਪਤ ਕਰਦੇ ਹਨ। ਪਰੰਤੂ ਅਭਾਗੇ ਲੋਕ ਭਰਮਾਂ ਕਰਕੇ ਭਟਕਦੇ ਰਹਿੰਦੇ ਹਨ ਤੇ ਵਿਕਾਰਾਂ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ। ਚੰਗੀ ਕਿਸਮਤ ਤੋਂ ਬਿਨਾ ਸਾਧ ਸੰਗਤਿ ਨਹੀਂ ਮਿਲਦੀ ਤੇ ਸਾਧ ਸੰਗਤਿ ਤੋਂ ਬਿਨਾ ਮਨੁੱਖ ਦਾ ਮਨ ਵਿਕਾਰਾਂ ਦੀ ਮੈਲ ਨਾਲ ਭਰਿਆ ਰਹਿੰਦਾ ਹੈ। ਇਸ ਲਈ ਜਗਤ ਨੂੰ ਜੀਵਨ ਦੇਣ ਵਾਲੇ ਪਿਆਰੇ ਅਕਾਲ ਪੁਰਖੁ ਅੱਗੇ ਇਹੀ ਬੇਨਤੀ ਕਰਨੀ ਹੈ ਕਿ ਮੈਨੂੰ ਆ ਕੇ ਮਿਲੋ, ਤੇ ਆਪਣੇ ਮਨ ਵਿੱਚ ਦਇਆ ਧਾਰ ਕੇ ਮੈਨੂੰ ਆਪਣਾ ਨਾਮੁ ਦਿਓ। ਗੁਰੂ ਦੀ ਮਤਿ ਸਦਕਾ ਜਿਸ ਮਨੁੱਖ ਦੇ ਮਨ ਨੂੰ ਅਕਾਲ ਪੁਰਖੁ ਦਾ ਨਾਮੁ ਮਿੱਠਾ ਤੇ ਪਿਆਰਾ ਲੱਗਦਾ ਹੈ, ਉਸ ਦਾ ਮਨ ਸਦਾ ਨਾਮੁ (ਅੰਮ੍ਰਿਤੁ) ਵਿੱਚ ਹੀ ਭਿੱਜਿਆ ਰਹਿੰਦਾ ਹੈ।

ਮਾਝ ਮਹਲਾ ੪॥ ਹਰਿ ਜਨ ਸੰਤ ਮਿਲਹੁ ਮੇਰੇ ਭਾਈ॥ ਮੇਰਾ ਹਰਿ ਪ੍ਰਭੁ ਦਸਹੁ ਮੈ ਭੁਖ ਲਗਾਈ॥ ਮੇਰੀ ਸਰਧਾ ਪੂਰਿ ਜਗਜੀਵਨ ਦਾਤੇ ਮਿਲਿ ਹਰਿ ਦਰਸਨਿ ਮਨੁ ਭੀਜੈ ਜੀਉ॥ ੧॥ ਮਿਲਿ ਸਤਸੰਗਿ ਬੋਲੀ ਹਰਿ ਬਾਣੀ॥ ਹਰਿ ਹਰਿ ਕਥਾ ਮੇਰੈ ਮਨਿ ਭਾਣੀ॥ ਹਰਿ ਹਰਿ ਅੰਮ੍ਰਿਤੁ ਹਰਿ ਮਨਿ ਭਾਵੈ ਮਿਲਿ ਸਤਿਗੁਰ ਅੰਮ੍ਰਿਤੁ ਪੀਜੈ ਜੀਉ॥ ੨॥ ਵਡਭਾਗੀ ਹਰਿ ਸੰਗਤਿ ਪਾਵਹਿ॥ ਭਾਗਹੀਨ ਭ੍ਰਮਿ ਚੋਟਾ ਖਾਵਹਿ॥ ਬਿਨੁ ਭਾਗਾ ਸਤਸੰਗੁ ਨ ਲਭੈ ਬਿਨੁ ਸੰਗਤਿ ਮੈਲੁ ਭਰੀਜੈ ਜੀਉ॥ ੩॥ ਮੈ ਆਇ ਮਿਲਹੁ ਜਗਜੀਵਨ ਪਿਆਰੇ॥ ਹਰਿ ਹਰਿ ਨਾਮੁ ਦਇਆ ਮਨਿ ਧਾਰੇ॥ ਗੁਰਮਤਿ ਨਾਮੁ ਮੀਠਾ ਮਨਿ ਭਾਇਆ ਜਨ ਨਾਨਕ ਨਾਮਿ ਮਨੁ ਭੀਜੈ ਜੀਉ॥ ੪॥ ੪॥ (੯੫)

ਗੁਰੂ ਸਾਹਿਬ ਸਮਝਾਂਦੇ ਹਨ ਕਿ ਅਕਾਲ ਪੁਰਖੁ ਦਾ ਨਾਮੁ ਅੰਮ੍ਰਿਤ ਰੂਪੀ ਖ਼ਜ਼ਾਨਾ ਹੈ, ਇਸ ਅੰਮ੍ਰਿਤ ਨੂੰ ਸਤਿਸੰਗ ਵਿੱਚ ਮਿਲ ਕੇ ਪੀਵੋ। ਉਸ ਨਾਮੁ (ਅੰਮ੍ਰਿਤੁ) ਨੂੰ ਸਿਮਰਿਆਂ ਹੀ ਸੁਖ ਮਿਲਦਾ ਹੈ, ਤੇ ਮਾਇਆ ਦੀ ਸਾਰੀ ਤ੍ਰਿਸ਼ਨਾ ਮਿਟ ਜਾਂਦੀ ਹੈ। ਇਸ ਲਈ ਗੁਰੂ ਅਕਾਲ ਪੁਰਖ ਦੀ ਸੇਵਾ ਕਰ, ਫਿਰ ਮਾਇਆ ਦੀ ਕੋਈ ਭੁਖ ਨਹੀਂ ਰਹਿ ਜਾਵੇਗੀ। ਨਾਮੁ (ਅੰਮ੍ਰਿਤੁ) ਨੂੰ ਸਿਮਰਨ ਨਾਲ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਤੇ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਹੇ ਅਕਾਲ ਪੁਰਖੁ ! ਤੇਰੇ ਬਰਾਬਰ ਦਾ ਤੂੰ ਆਪ ਹੀ ਹੋ ਸਕਦਾ ਹੈ। ਇਸ ਲਈ ਨਾਮੁ (ਅੰਮ੍ਰਿਤੁ) ਦੀ ਦਾਤ ਲੈਣ ਲਈ, ਉਸ ਅਕਾਲ ਪੁਰਖ ਦੀ ਸ਼ਰਨ ਵਿੱਚ ਪੈਣਾ ਚਾਹੀਦਾ ਹੈ।

ਸਲੋਕ ਮਃ ੫॥ ਪਉੜੀ॥ ਅੰਮ੍ਰਿਤੁ ਨਾਮੁ ਨਿਧਾਨੁ ਹੈ ਮਿਲਿ ਪੀਵਹੁ ਭਾਈ॥ ਜਿਸੁ ਸਿਮਰਤ ਸੁਖੁ ਪਾਈਐ ਸਭ ਤਿਖਾ ਬੁਝਾਈ॥ ਕਰਿ ਸੇਵਾ ਪਾਰਬ੍ਰਹਮ ਗੁਰ ਭੁਖ ਰਹੈ ਨ ਕਾਈ॥ ਸਗਲ ਮਨੋਰਥ ਪੁੰਨਿਆ ਅਮਰਾ ਪਦੁ ਪਾਈ॥ ਤੁਧੁ ਜੇਵਡੁ ਤੂਹੈ ਪਾਰਬ੍ਰਹਮ ਨਾਨਕ ਸਰਣਾਈ॥ ੩॥ (੩੧੮)

ਨਾਮੁ ਰੂਪੀ ਅੰਮ੍ਰਿਤ ਹਰੇਕ ਜੀਵ ਦੇ ਹਿਰਦੇ ਰੂਪੀ ਘਰ ਵਿੱਚ ਹੀ ਭਰਿਆ ਹੋਇਆ ਹੈ, ਪਰੰਤੂ ਮਨਮੁਖਾਂ ਨੂੰ ਉਸ ਦਾ ਸੁਆਦ ਨਹੀਂ ਚੰਗਾ ਲਗਦਾ ਹੈ। ਇਹ ਬਿਲਕੁਲ ਉਸੇ ਤਰ੍ਹਾਂ ਹੈ ਜਿਸ ਤਰ੍ਹਾਂ ਕਸਤੂਰੀ ਤਾਂ ਹਿਰਨ ਦੀ ਆਪਣੀ ਨਾਭੀ ਵਿੱਚ ਹੈ, ਪਰੰਤੂ ਹਿਰਨ ਇਹ ਨਹੀਂ ਸਮਝਦਾ ਕਿ ਕਸਤੂਰੀ ਉਸ ਦੀ ਆਪਣੀ ਨਾਭੀ ਵਿੱਚ ਹੀ ਹੈ, ਜਿਸ ਕਰਕੇ ਉਹ ਭਰਮ ਵਿੱਚ ਭੁਲਿਆ ਹੋਇਆ ਇਧਰ ਉਧਰ ਭਟਕਦਾ ਰਹਿੰਦਾ ਹੈ। ਠੀਕ ਉਸੇ ਤਰ੍ਹਾਂ ਇੱਕ ਮਨਮੁਖ ਦੀ ਹਾਲਤ ਹੁੰਦੀ ਹੈ। ਨਾਮੁ ਅੰਮ੍ਰਿਤ ਜੋ ਕਿ ਉਸ ਦੇ ਆਪਣੇ ਅੰਦਰ ਹੈ, ਉਸ ਨੂੰ ਛੱਡ ਕੇ ਉਹ ਮਨਮੁਖ ਵਿਕਾਰਾਂ ਦਾ ਜਹਿਰ ਇਕੱਠਾ ਕਰਦਾ ਰਹਿੰਦਾ ਹੈ। ਪਰੰਤੂ ਉਸ ਮਨੁੱਖ ਦੇ ਵੀ ਕੀ ਵੱਸ ਵਿਚ ਹੈ, ਕਰਤਾਰ ਨੇ ਉਸ ਦੇ ਪਿਛਲੇ ਕੀਤੇ ਕਰਮਾਂ ਅਨੁਸਾਰ, ਉਸ ਨੂੰ ਆਪ ਹੀ ਖੁੰਝਾਇਆ ਹੋਇਆ ਹੈ। ਵਿਰਲੇ ਗੁਰਮੁਖਾਂ ਨੂੰ ਹੀ ਅਜੇਹੀ ਸਮਝ ਪੈਂਦੀ ਹੈ, ਤੇ ਉਨ੍ਹਾਂ ਨੂੰ ਆਪਣੇ ਹਿਰਦੇ ਵਿੱਚ ਹੀ ਅਕਾਲ ਪੁਰਖੁ ਦਿੱਸ ਪੈਂਦਾ ਹੈ। ਫਿਰ ਉਨ੍ਹਾਂ ਦੇ ਮਨ ਤੇ ਸਰੀਰ ਠੰਢੇ ਠਾਰ ਹੋ ਜਾਂਦੇ ਹਨ ਤੇ ਜੀਭ ਨਾਲ ਅਕਾਲ ਪੁਰਖੁ ਦਾ ਨਾਮੁ ਜਪ ਜਪ ਕੇ, ਉਨ੍ਹਾਂ ਨੂੰ ਨਾਮੁ (ਅੰਮ੍ਰਿਤੁ) ਦਾ ਸੁਆਦ ਆ ਜਾਂਦਾ ਹੈ। ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮੁ (ਅੰਮ੍ਰਿਤੁ) ਦਾ ਅੰਕੁਰ ਹਿਰਦੇ ਵਿੱਚ ਉੱਗਦਾ ਹੈ ਤੇ ਸ਼ਬਦ ਦੁਆਰਾ ਹੀ ਅਕਾਲ ਪੁਰਖੁ ਨਾਲ ਮੇਲ ਹੁੰਦਾ ਹੈ। ਸਤਿਗੁਰੂ ਦੇ ਸ਼ਬਦ ਤੋਂ ਬਿਨਾ ਸਾਰਾ ਸੰਸਾਰ ਪਾਗਲ ਹੋਇਆ ਪਿਆ ਹੈ ਤੇ ਮਨੁੱਖਾ ਜਨਮ ਵਿਅਰਥ ਗਵਾ ਰਿਹਾ ਹੈ। ਗੁਰੂ ਸਾਹਿਬ ਸਮਝਾਂਦੇ ਹਨ ਕਿ ਗੁਰੂ ਦਾ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੈ, ਜੋ ਸਤਿਗੁਰੂ ਦੇ ਸਨਮੁਖ ਰਹਿੰਣ ਵਾਲੇ ਗੁਰਮੁਖਾਂ ਨੂੰ ਮਿਲਦਾ ਹੈ।

ਮਃ ੩॥ ਘਰ ਹੀ ਮਹਿ ਅੰਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨ ਪਾਇਆ॥ ਜਿਉ ਕਸਤੂਰੀ ਮਿਰਗੁ ਨ ਜਾਣੈ ਭ੍ਰਮਦਾ ਭਰਮਿ ਭੁਲਾਇਆ॥ ਅੰਮ੍ਰਿਤੁ ਤਜਿ ਬਿਖੁ ਸੰਗ੍ਰਹੈ ਕਰਤੈ ਆਪਿ ਖੁਆਇਆ॥ ਗੁਰਮੁਖਿ ਵਿਰਲੇ ਸੋਝੀ ਪਈ ਤਿਨਾ ਅੰਦਰਿ ਬ੍ਰਹਮੁ ਦਿਖਾਇਆ॥ ਤਨੁ ਮਨੁ ਸੀਤਲੁ ਹੋਇਆ ਰਸਨਾ ਹਰਿ ਸਾਦੁ ਆਇਆ॥ ਸਬਦੇ ਹੀ ਨਾਉ ਊਪਜੈ ਸਬਦੇ ਮੇਲਿ ਮਿਲਾਇਆ॥ ਬਿਨੁ ਸਬਦੈ ਸਭੁ ਜਗੁ ਬਉਰਾਨਾ ਬਿਰਥਾ ਜਨਮੁ ਗਵਾਇਆ॥ ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ॥ ੨॥ (੬੪੪)

ਗੁਰੂ ਦੇ ਸ਼ਬਦ ਦੀ ਸਹਾਇਤਾ ਨਾਲ ਮਨੁੱਖ ਆਪਣਾ ਆਤਮਕ ਜੀਵਨ ਸੋਹਣਾ ਬਣਾ ਸਕਦਾ ਹੈ। ਗੁਰੂ ਦਾ ਸ਼ਬਦ ਆਤਮਕ ਜੀਵਨ ਦੇਣ ਵਾਲੀ (ਅੰਮ੍ਰਿਤੁ) ਬਾਣੀ ਹੈ, ਤੇ ਇਸ ਗੁਰਬਾਣੀ ਨਾਲ ਜੁੜ ਕੇ ਹਰ ਵੇਲੇ ਅਕਾਲ ਪੁਰਖੁ ਦਾ ਨਾਮੁ ਚੇਤੇ ਕਰਨਾ ਚਾਹੀਦਾ ਹੈ। ਜਿਸ ਮਨੁੱਖ ਦੇ ਹਿਰਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖੁ ਵੱਸ ਜਾਂਦਾ ਹੈ, ਫਿਰ ਉਸ ਮਨੁੱਖ ਦਾ ਹਿਰਦਾ ਪਵਿੱਤਰ ਹੋ ਜਾਂਦਾ ਹੈ। ਅਜੇਹੇ ਸੇਵਕ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੀ ਸੇਵਾ ਭਗਤੀ ਕਰਦੇ ਹਨ, ਸਿਫ਼ਤਿ ਸਾਲਾਹ ਕਰਦੇ ਹਨ, ਤੇ ਅਕਾਲ ਪੁਰਖੁ ਦੇ ਪ੍ਰੇਮ ਰੰਗ ਵਿੱਚ ਮਸਤ ਹੋ ਕੇ ਸਦਾ ਅਕਾਲ ਪੁਰਖੁ ਦੇ ਗੁਣ ਗਾਇਨ ਕਰਦੇ ਰਹਿੰਦੇ ਹਨ।

ਗੁਰ ਕਾ ਸਬਦੁ ਅੰਮ੍ਰਿਤ ਹੈ ਬਾਣੀ॥ ਅਨਦਿਨੁ ਹਰਿ ਕਾ ਨਾਮੁ ਵਖਾਣੀ॥ ਹਰਿ ਹਰਿ ਸਚਾ ਵਸੈ ਘਟ ਅੰਤਰਿ ਸੋ ਘਟੁ ਨਿਰਮਲੁ ਤਾਹਾ ਹੇ॥ ੧੦॥ (੧੦੫੭)

ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਅੰਮ੍ਰਿਤੁ ਅਕਾਲ ਪੁਰਖੁ ਦਾ ਨਾਮੁ ਹੀ ਹੈ ਤੇ ਇਹ ਨਾਮੁ (ਅੰਮ੍ਰਿਤੁ) ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ। ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਅੰਮ੍ਰਿਤ ਰੂਪੀ ਬਾਣੀ ਹੀ ਅੰਮ੍ਰਿਤ ਦਾ ਸੁਆਦ ਦੇਣ ਵਾਲੀ ਹੈ, ਤੇ ਇਹ ਹੀ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੈ। ਜੀਵਨ ਦਾ ਅਸਲ ਮਨੋਰਥ ਇਹੀ ਹੈ, ਕਿ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਉਪਦੇਸ਼ ਸੁਣੋ। ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮੁ (ਅੰਮ੍ਰਿਤੁ) ਦਾ ਅੰਕੁਰ ਹਿਰਦੇ ਵਿੱਚ ਉੱਗਦਾ ਹੈ ਤੇ ਸ਼ਬਦ ਦੁਆਰਾ ਹੀ ਅਕਾਲ ਪੁਰਖੁ ਨਾਲ ਮੇਲ ਹੁੰਦਾ ਹੈ।

  • ਗੁਰੂ ਗਰੰਥ ਸਾਹਿਬ ਅਨੁਸਾਰ ਅਕਾਲ ਪੁਰਖੁ ਦਾ ਨਾਮੁ ਹੁਕਮੁ ਹੈ, ਸਬਦ ਹੈ, ਸਚੁ ਹੈ, ਬਹੁਤ ਮਿਠਾ ਹੈ, ਰਸੁ ਵਾਲਾ ਹੈ, ਅੰਮ੍ਰਿਤ ਹੈ, ਨਿਰਮਲੁ ਜਲ ਦੀ ਤਰ੍ਹਾਂ ਹੈ, ਗੁਪਤ ਰੂਪ ਵਿੱਚ ਵਰਤ ਰਿਹਾ ਹੈ ਤੇ ਗੁਰਮੁਖਾਂ ਦੇ ਹਿਰਦੇ ਵਿੱਚ ਪ੍ਰਗਟ ਵੀ ਹੋ ਰਿਹਾ ਹੈ।
  • ਗੁਰੂ ਸਾਹਿਬਾਂ ਨੇ ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਸਪੱਸ਼ਟ ਕਰਕੇ ਨਹੀਂ ਕਿਹਾ ਕਿ ਕੋਈ ਇੱਕ ਅੱਖਰ ਜਾਂ ਸਬਦ ਅਕਾਲ ਪੁਰਖੁ ਦਾ ਨਾਂ ਹੈ, ਕਿਉਂਕਿ ਅਕਾਲ ਪੁਰਖੁ ਨੂੰ ਸੀਮਿਤ ਨਹੀਂ ਕੀਤਾ ਜਾ ਸਕਦਾ।
  • ਗੁਰੂ ਸਾਹਿਬਾਂ ਨੇ ਏਕਾ ਸਬਦੀ ਵਾਲਿਆਂ ਨੂੰ ਵੀ ਗੁਰਬਾਣੀ ਅਨੁਸਾਰ ਪ੍ਰਵਾਨ ਨਹੀਂ ਕੀਤਾ ਹੈ "ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ" (੬੫੪)।
  • ਅਸੀਂ ਆਪਸੀ ਸਮਝ, ਸਹੂਲਤ ਤੇ ਸਾਂਝ ਕਰਨ ਲਈ ਦੋ ਅੱਖਰੀ ਸਬਦ "ਅਕਾਲ ਪੁਰਖੁ" ਵਰਤ ਸਕਦੇ ਹਾਂ, ਜਿਸ ਤਰ੍ਹਾਂ ਕਿ ਗੁਰੂ ਸਾਹਿਬਾਂ ਨੇ ਵੀ ਗੁਰੂ ਗਰੰਥ ਸਾਹਿਬ ਵਿੱਚ ੨ ਵਾਰੀ ਵਰਤਿਆ ਹੈ।
  • ਜਿਸ ਤਰ੍ਹਾਂ ਸਕੂਲ ਵਿੱਚ ਦੁਨਿਆਵੀ ਸਿਖਿਆ ਲੈਣ ਲਈ, ਪੜ੍ਹਾਈ ਸ਼ੁਰੂ ਕਰਨ ਤੋਂ ਪਹਿਲਾਂ ਫਾਰਮ ਭਰ ਕੇ ਦਾਖਲਾ ਲੈਣਾਂ ਜਰੂਰੀ ਹੈ, ਇਸੇ ਤਰ੍ਹਾਂ ਗੁਰੂ ਘਰ ਵਿੱਚ ਦਾਖਲਾ ਲੈਣ ਲਈ ਖੰਡੇ ਬਾਟੇ ਕੀ ਪਾਹੁਲ ਬਹੁਤ ਜਰੂਰੀ ਹੈ।
  • ਜੁਗੋ ਜੁਗ ਅਟੱਲ ਗੁਰੂ ਗਰੰਥ ਸਾਹਿਬ ਵਿੱਚ ਵਾਰ ਵਾਰ ਇਹੀ ਸਮਝਾਇਆ ਗਿਆ ਹੈ ਕਿ "ਅੰਮ੍ਰਿਤੁ ਹਰਿ ਕਾ ਨਾਮੁ" ਹੈ।
  • ਗੁਰੂ ਗਰੰਥ ਸਾਹਿਬ ਵਿੱਚ ਇਤਨੀ ਵਾਰੀ ਸਮਝਾਣ ਦੇ ਬਾਅਦ ਵੀ ਜੇਕਰ ਅਸੀਂ ਖੰਡੇ ਬਾਟੇ ਕੀ ਪਾਹੁਲ ਤੇ ਅੰਮ੍ਰਿਤੁ ਵਿੱਚ ਕੋਈ ਫਰਕ ਨਹੀਂ ਸਮਝ ਸਕੇ ਤਾਂ ਕਹਿਣਾਂ ਪਵੇਗਾ ਕਿ ਜਾਂ ਤਾਂ ਅਸੀਂ ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਬਾਣੀ ਨੂੰ ਪੜ੍ਹਦੇ ਹੀ ਨਹੀਂ, ਤੇ ਜਾਂ ਗੁਰੂ ਗਰੰਥ ਸਾਹਿਬ ਅਨੁਸਾਰ ਆਪਣੇ ਜੀਵਨ ਵਿੱਚ ਵਿਚਰਨ ਤੋਂ ਇਨਕਾਰੀ ਹੋ ਚੁਕੇ ਹਾਂ।
  • ਅਕਾਲ ਪੁਰਖੁ ਦੀ ਮੇਹਰ ਨਾਲ ਹੀ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਮਨ ਨੂੰ ਪਿਆਰਾ ਲੱਗਦਾ ਹੈ।
  • ਗੁਰੂ ਦੀ ਸੰਗਤਿ ਵਿੱਚ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਿਮਰਿਆ ਜਾ ਸਕਦਾ ਹੈ।
  • ਅਕਾਲ ਪੁਰਖੁ ਦੇ ਚਰਨਾਂ ਵਿੱਚ ਇਹੀ ਅਰਦਾਸ ਕਰਨੀ ਹੈ, ਹੇ ਦਾਤਾਰ ! ਮੇਰੇ ਅੰਦਰ ਅਜੇਹੀ ਇਛਾ ਪੈਦਾ ਕਰੋ ਕਿ ਮੈਂ ਦਿਨ ਰਾਤ ਸਦਾ ਆਪ ਦੇ ਗੁਣ ਗਾਇਨ ਕਰਦਾ ਰਹਾਂ।
  • ਇਸ ਜਗਤ ਦੇ ਕਈ ਲੋਕ ਵੀ ਪਪੀਹੇ ਦੀ ਤਰ੍ਹਾਂ, ਆਮ ਪਾਣੀ ਨੂੰ ਹੀ ਅੰਮ੍ਰਿਤੁ-ਨਾਮੁ ਸਮਝ ਕੇ ਇੱਕ ਦੂਜੇ ਦੇ ਪਿਛੇ ਲਗ ਕੇ ਪੀਣ ਲਈ ਤੁਰ ਪੈਂਦੇ ਹਨ। ਸਿਰਫ ਅਕਾਲ ਪੁਰਖੁ ਦਾ ਨਾਮੁ ਹੀ ਐਸਾ ਅੰਮ੍ਰਿਤ ਹੈ, ਜਿਸ ਨੂੰ ਪੀਤਿਆਂ ਮਨੁੱਖ ਦੇ ਅੰਦਰੋਂ ਮਾਇਆ ਦੀ ਤ੍ਰਿਸ਼ਨਾ ਮਿਟ ਸਕਦੀ ਹੈ।
  • ਇਹ ਹਮੇਸ਼ਾਂ ਧਿਆਨ ਵਿੱਚ ਰੱਖਣਾ ਹੈ ਕਿ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਿਰਫ ਗੁਰੂ ਤੋਂ ਹੀ ਮਿਲਦਾ ਹੈ।
  • ਅਕਾਲ ਪੁਰਖੁ ਦਾ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੀ ਅਸਲੀ ਰਤਨ ਜਵਾਹਰ ਤੇ ਮੋਤੀ ਹੈ, ਕਿਉਂਕਿ ਅਕਾਲ ਪੁਰਖੁ ਦੇ ਨਾਮੁ ਦੀ ਬਰਕਤਿ ਨਾਲ ਹੀ ਸੁਖ, ਆਤਮਕ ਅਡੋਲਤਾ ਤੇ ਆਨੰਦ ਦੇ ਰਸ ਪ੍ਰਾਪਤ ਹੁੰਦੇ ਹਨ।
  • ਗੁਰੂ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਿੱਖਿਆ ਵਜੋਂ ਦੇਂਦਾ ਹੈ, ਅਜੇਹੇ ਮਨੁੱਖ ਜੀਵਨ ਦੇ ਸਫ਼ਰ ਵਿੱਚ ਗੁਰੂ ਦੇ ਦੱਸੇ ਹੋਏ ਮਾਰਗ ਅਨੁਸਾਰ ਚਲਦੇ ਹਨ, ਤੇ ਕਿਸੇ ਹੋਰ ਪਾਸੇ ਵੱਲ ਭਟਕਦੇ ਨਹੀਂ ਫਿਰਦੇ।
  • ਸਬਦ ਗੁਰੂ ਦੇ ਦਰ ਤੇ ਰਹਿ ਕੇ ਹੀ ਵਿਕਾਰਾਂ ਦੀ ਮੈਲ ਧੋਣ ਨਾਲ ਮਨੁੱਖ ਦਾ ਹਿਰਦਾ ਪਵਿਤ੍ਰ ਹੋ ਸਕਦਾ ਹੈ।
  • ਜਿਹੜਾ ਮਨੁੱਖ ਨਿਮਾਣਾਂ ਹੋ ਕੇ ਗੁਰੂ ਦੇ ਦਰ ਤੇ ਡਿੱਗ ਪੈਂਦਾ ਹੈ, ਅਕਾਲ ਪੁਰਖੁ ਉਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਆਪ ਬਖ਼ਸ਼ਦਾ ਹੈ।
  • ਗੁਰੂ ਗਰੰਥ ਸਾਹਿਬ ਵਿੱਚ ਅੰਕਿਤ ਅੰਮ੍ਰਿਤ ਰੂਪੀ ਬਾਣੀ ਹੀ ਅੰਮ੍ਰਿਤ ਦਾ ਸੁਆਦ ਦੇਣ ਵਾਲੀ ਹੈ, ਤੇ ਇਹ ਹੀ ਅਕਾਲ ਪੁਰਖੁ ਦਾ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੈ।
  • ਜੀਵਨ ਦਾ ਅਸਲ ਮਨੋਰਥ ਇਹੀ ਹੈ, ਕਿ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਉਪਦੇਸ਼ ਸੁਣੋ।
  • ਅਕਾਲ ਪੁਰਖੁ ਸਿਆਣਾ ਹੈ, ਸੁਜਾਣ ਹੈ, ਸਦਾ ਮੰਨਿਆ ਪਰਮੰਨਿਆ ਹੈ ਤੇ ਉਸ ਦਾ ਨਾਮੁ ਆਤਮਕ ਜੀਵਨ ਦੇਣ ਵਾਲਾ ਅੰਮ੍ਰਿਤੁ ਹੈ।
  • ਗੁਰੂ ਸਾਹਿਬ ਮਨ ਨੂੰ ਸਮਝਾਂਦੇ ਹਨ ਕਿ ਅਟੱਲ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਤੇਰੇ ਅੰਦਰ ਵੱਸਿਆ ਹੋਇਆ ਹੈ, ਤੂੰ ਉਸ ਅੰਮ੍ਰਿਤੁ ਨੂੰ ਛੱਡ ਕੇ ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਨਾਲ ਚੰਬੜਿਆ ਹੋਇਆ ਹੈ।
  • ਗੁਰੂ ਦੇ ਖ਼ਜ਼ਾਨੇ ਵਿੱਚ ਹੀ ਅਕਾਲ ਪੁਰਖੁ ਦਾ ਨਾਮੁ ਇੱਕ ਅਜੇਹੀ ਕੀਮਤੀ ਚੀਜ਼ ਹੈ, ਜਿਸ ਤਕ ਮਨੁੱਖ ਦੀਆਂ ਗਿਆਨ ਇੰਦ੍ਰਿਆਂ ਦੀ ਪਹੁੰਚ ਨਹੀਂ ਹੋ ਸਕਦੀ। ਅਕਾਲ ਪੁਰਖੁ ਦੇ ਆਤਮਕ ਜੀਵਨ ਦੇਣ ਵਾਲੇ ਨਾਮੁ (ਅੰਮ੍ਰਿਤੁ) ਦੀ ਕੋਠੜੀ ਜੋ ਕਿ ਕੀਮਤੀ ਪਦਾਰਥਾ ਨਾਲ ਨਕੋ ਨਕ ਭਰੀ ਹੋਈ ਹੈ, ਉਹ ਸਿਰਫ ਗੁਰੂ ਦੇ ਖ਼ਜ਼ਾਨੇ ਵਿਚੋ ਹੀ ਮਿਲ ਸਕਦੀ ਹੈ।
  • ਭਗਤ ਜਨ ਆਪਣੇ ਮਨ ਤੇ ਸਰੀਰ ਦੁਆਰਾ ਅਕਾਲ ਪੁਰਖੁ ਦਾ ਨਾਮੁ ਸਿਮਰ ਸਿਮਰ ਕੇ, ਉਸ ਦੇ ਨਾਮੁ ਵਿੱਚ ਮਸਤ ਰਹਿੰਦੇ ਹਨ, ਤੇ, ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਸਦਾ ਪੀਂਦੇ ਰਂਿਹੰਦੇ ਹਨ।
  • ਗੁਰੂ ਸਾਹਿਬ ਸਮਝਾਂਦੇ ਹਨ ਕਿ ਆਤਮਕ ਜੀਵਨ ਦੇਣ ਵਾਲਾ ਅਕਾਲ ਪੁਰਖੁ ਦਾ ਨਾਮੁ (ਅੰਮ੍ਰਿਤੁ) ਮੇਰੇ ਮਨ ਨੂੰ ਚੰਗਾ ਲਗਦਾ ਹੈ ਤੇ ਇਹ ਨਾਮੁ (ਅੰਮ੍ਰਿਤੁ) ਸਤਿਗੁਰੂ ਨੂੰ ਮਿਲ ਕੇ ਹੀ ਪੀਤਾ ਜਾ ਸਕਦਾ ਹੈ।
  • ਗੁਰੂ ਦੀ ਮਤਿ ਸਦਕਾ ਜਿਸ ਮਨੁੱਖ ਦੇ ਮਨ ਨੂੰ ਅਕਾਲ ਪੁਰਖੁ ਦਾ ਨਾਮੁ ਮਿੱਠਾ ਤੇ ਪਿਆਰਾ ਲੱਗਦਾ ਹੈ, ਉਸ ਦਾ ਮਨ ਸਦਾ ਨਾਮੁ (ਅੰਮ੍ਰਿਤੁ) ਵਿੱਚ ਭਿੱਜਿਆ ਰਹਿੰਦਾ ਹੈ।
  • ਨਾਮੁ (ਅੰਮ੍ਰਿਤੁ) ਨੂੰ ਸਿਮਰਨ ਨਾਲ ਸਾਰੇ ਮਨੋਰਥ ਪੂਰੇ ਹੋ ਜਾਂਦੇ ਹਨ, ਤੇ ਉੱਚੀ ਆਤਮਕ ਅਵਸਥਾ ਮਿਲ ਜਾਂਦੀ ਹੈ। ਇਸ ਲਈ ਅਕਾਲ ਪੁਰਖੁ ਦੇ ਨਾਮੁ ਅੰਮ੍ਰਿਤ ਰੂਪੀ ਖ਼ਜ਼ਾਨੇ ਨੂੰ ਸਤਿਸੰਗ ਵਿੱਚ ਮਿਲ ਕੇ ਪੀਵੋ।
  • ਸਤਿਗੁਰੂ ਦੇ ਸ਼ਬਦ ਨਾਲ ਹੀ ਨਾਮੁ (ਅੰਮ੍ਰਿਤੁ) ਦਾ ਅੰਕੁਰ ਹਿਰਦੇ ਵਿੱਚ ਉੱਗਦਾ ਹੈ ਤੇ ਸ਼ਬਦ ਦੁਆਰਾ ਹੀ ਅਕਾਲ ਪੁਰਖੁ ਨਾਲ ਮੇਲ ਹੁੰਦਾ ਹੈ।
  • ਗੁਰੂ ਦਾ ਸ਼ਬਦ ਹੀ ਆਤਮਕ ਜੀਵਨ ਦੇਣ ਵਾਲਾ ਨਾਮੁ (ਅੰਮ੍ਰਿਤੁ) ਹੈ, ਜੋ ਸਤਿਗੁਰੂ ਦੇ ਸਨਮੁਖ ਰਹਿੰਣ ਵਾਲੇ ਗੁਰਮੁਖਾਂ ਨੂੰ ਮਿਲਦਾ ਹੈ।

ਜੇਕਰ ਅਸੀਂ ਹਰ ਰੋਜ਼ ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਹੀ ਗੁਣ ਗਾਇਨ ਕਰਾਂਗੇ ਤਾਂ ਇਹ ਗੁਣ ਸਾਡੇ ਅੰਦਰ ਵੀ ਆਪਣੇ ਆਪ ਆਉਂਣੇ ਸ਼ੁਰੂ ਹੋ ਜਾਣਗੇ। ਜਦੋਂ ਅਸੀਂ ਇਹ ਗੁਣ ਦੂਸਰਿਆਂ ਨਾਲ ਸੰਗਤੀ ਰੂਪ ਵਿੱਚ ਸਾਂਝੇ ਕਰਾਂਗੇ ਤਾਂ ਇਸ ਵਿੱਚ ਹੋਰ ਵਾਧਾ ਹੋਣ ਲਗ ਪਵੇਗਾ ਤੇ ਨਾਮੁ (ਅੰਮ੍ਰਿਤੁ) ਦੀ ਦਾਤ ਪ੍ਰਾਪਤ ਹੋਣ ਲਗ ਪਵੇਗੀ।

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"

(Dr. Sarbjit Singh)

RH1 / E-8, Sector-8, Vashi, Navi Mumbai - 400703.

Email = [email protected],

Web= http://www.geocities.ws/sarbjitsingh/

http://www.sikhmarg.com/article-dr-sarbjit.html

(ਡਾ: ਸਰਬਜੀਤ ਸਿੰਘ)

ਆਰ ਐਚ ੧/ਈ - ੮, ਸੈਕਟਰ - ੮, ਵਾਸ਼ੀ, ਨਵੀਂ ਮੁੰਬਈ - ੪੦੦੭੦੩.




.