.

ਸੁਖਮਈ ਜੀਵਨ ਅਹਿਸਾਸ (ਭਾਗ-10)

(ਸੁਖਜੀਤ ਸਿੰਘ ਕਪੂਰਥਲਾ)

ਸੰਸਾਰ ਵਿੱਚ ਪੈਦਾ ਹੋ ਕੇ ਵਿਚਰ ਰਹੇ ਹਰੇਕ ਮਨੁੱਖ ਦੇ ਅੰਦਰ ਗੁਣ ਅਤੇ ਅਉਗਣ ਦੋਵੇਂ ਹਰ ਸਮੇਂ ਮੌਜੂਦ ਰਹਿੰਦੇ ਹਨ। ਗੁਣਾਂ ਦੀ ਬਹੁਤਾਤ ਵਾਲਾ ਜੀਵਨ ਸੁਖਮਈ ਅਤੇ ਅਉਗਣਾਂ ਦੀ ਬਹੁਤਾਤ ਵਾਲਾ ਜੀਵਨ ਦੁਖਮਈ ਹੁੰਦਾ ਹੈ। ਜੀਵਨ ਵਿਚਲੇ ਗੁਣ- ਅਉਗਣ ਸੰਸਾਰ ਦੇ ਲੋਕਾਂ ਸਾਹਮਣੇ ਪ੍ਰਗਟ ਹੋਣ ਦਾ ਸਭ ਤੋਂ ਪਹਿਲਾ ਸਾਧਨ ਬੋਲਣਾ ਹੈ।

ਸੰਸਾਰ ਪ੍ਰਸਿੱਧ ਸੂਫੀ ਵਿਦਵਾਨ ‘ਸ਼ੇਖ ਸਾਅਦੀ` ਦੇ ਬਚਨ-

ਤਾਂ ਮਰਦ ਸੁਖ਼ੰਨ ਨ ਗੁਫ਼ਤਾ ਬਾਸ਼ਦ।

ਐਬੋ ਹੁਨਰਸ਼ ਨਿਹੁਫ਼ਤਾ ਬਾਸ਼ਦ।

ਭਾਵ ਜਦੋਂ ਤਕ ਮਨੁੱਖ ਬੋਲਦਾ ਨਹੀਂ, ਉਸ ਦੇ ਗੁਣ-ਅਉਗਣ ਦੋਵੇਂ ਸੰਸਾਰ ਦੇ ਸਾਹਮਣੇ ਪ੍ਰਗਟ ਨਹੀਂ ਹੁੰਦੇ। ਪਰ ਜਦੋਂ ਬੋਲਦਾ ਹੈ ਤਾਂ ਉਸ ਦੇ ਗੁਣਵਾਨ ਜਾਂ ਮੂਰਖ ਹੋਣ ਦਾ ਸੰਸਾਰ ਦੇ ਲੋਕਾਂ ਨੂੰ ਪਤਾ ਲਗ ਜਾਂਦਾ ਹੈ। ਇਸ ਲਈ ਚੰਗੇ ਮਨੁੱਖ ਨੂੰ ਚਾਹੀਦਾ ਹੈ ਕਿ ਉਸ ਦੇ ਬੋਲਣ ਵਿੱਚ ਐਸੀ ਗਿਆਨਵਾਨਤਾ, ਸਮਝ ਪ੍ਰਗਟ ਹੋਵੇ ਜਿਸ ਤੋਂ ਉਸ ਦੇ ਭਲੇ ਮਨੁੱਖ ਵਾਲੇ ਗੁਣ ਆਪਣੇ ਆਪ ਪ੍ਰਗਟ ਹੋ ਜਾਣ।

ਇਸ ਵਿਸ਼ੇ ਉਪਰ ਵਿਦਵਾਨਾਂ ਦੇ ਬਹੁਤ ਭਾਵਪੂਰਤ, ਗਿਆਨ-ਵਰਧਕ ਸ਼ਬਦ ਹਨ-

- ਮਧੁਰ ਬਚਨ ਸਮਸਰ ਨ ਪੁਜਸ ਮਧੁ ਕਰਕ ਸਬਦ ਸਮ ਬਿਖ ਬਿਖ ਨ ਬਿਖਮ ਹੈ।

ਮਧੁਰ ਬਚਨ ਸੀਤਲਤਾ ਮਿਸ਼ਟਾਨ ਪਾਨ ਕਰਕ ਸਬਦ ਸਤਪਤ ਕਟੁ ਸਮ ਹੈ।

ਮਧੁਰ ਬਚਨ ਕਰ ਤ੍ਰਿਪਤਿ ਸੰਤੋਖ ਸਾਂਤਿ ਕਰਕ ਸਬਦ ਅਸੰਤੋਖ ਰੋਖ ਸ਼੍ਰਮ ਹੈ।

ਮਧੁਰ ਬਚਨ ਲਗ ਅਗਮ ਸੁਗਮ ਹੋਇ ਕਰਕ ਸਬਦ ਲਗ ਸੁਗਮ ਅਗਮ ਹੈ।। ੨੫੬।।

(ਕਬਿਤ-ਭਾਈ ਗੁਰਦਾਸ ਜੀ)

ਭਾਵ ਅਰਥ- ਕੌੜੇ ਬਚਨਾਂ ਦੇ ਬਰਾਬਰ ਦੁਨੀਆਂ ਵਿੱਚ ਹੋਰ ਕੋਈ ਜ਼ਹਿਰ- (ਹਿਰਦਾ ਤਪਾਉਣ ਵਾਲਾ, ਸਭ ਤੋਂ ਕੌੜਾ, ਕ੍ਰੋਧ- ਕਲੇਸ਼ਦਾਇਕ- ਅਸੰਤੋਖ-ਮੁਸ਼ਕਲਾਂ ਪੈਦਾ ਕਰਨ ਵਾਲਾ) ਨਹੀਂ ਹੈ ਅਤੇ ਮਿੱਠੇ ਬਚਨਾਂ ਦੇ ਬਰਾਬਰ ਹੋਰ ਕੋਈ ਵੀ ਅੰਮ੍ਰਿਤ- (ਸ਼ਹਿਦ ਵਾਂਗ ਮਿੱਠਾ, ਸੰਤੋਖ ਪੈਦਾ ਕਰਨ ਵਾਲਾ, ਮੁਸ਼ਕਲਾਂ ਹੱਲ ਕਰਨ ਵਾਲਾ, ਸਵਾਦਿਸ਼ਟ) ਨਹੀਂ ਹੈ।

- ‘ਬੋਲਣ ਦੀ ਸਿਖਿਆ ਮਾਤਾ ਪਿਤਾ, ਧਰਮ ਅਸਥਾਨ ਅਤੇ ਪਾਠਸ਼ਾਲਾ ਤੋਂ ਮਿਲਦੀ ਹੈ, ਟਕਸਾਲ ਦੇ ਸਿੱਖੇ ਲੋਕ ਆਪਣੀ ਬਾਣੀ ਨਾਲ ਸਭ ਨੂੰ ਪ੍ਰਸੰਨ ਕਰਦੇ ਹਨ। ਅਸਭਯ ਲੋਕ ਦੁਖਦਾਈ ਵਚਨਾਂ ਨਾਲ ਹੋਰਨਾਂ ਦੇ ਦਿਲ ਦੁਖਾ ਕੇ ਆਪ ਬੇਅੰਤ ਦੁੱਖ ਭੋਗਦੇ ਹਨ। `

(ਭਾਈ ਕਾਨ੍ਹ ਸਿੰਘ ਨਾਭਾ- ਗੁਰੁਮਤ ਮਾਰਤੰਡ ਪੰਨਾ ੩੧੧)

ਚੱਲ ਰਹੇ ਵਿਸ਼ੇ ਦੇ ਸਬੰਧ ਵਿੱਚ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ‘ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਵਿੱਚ ਮੰਦਾ -ਕੌੜਾ ਬੋਲਣਾ ‘ਟੂਟਿ ਪਰੀਤਿ ਗਈ ਬੁਰ ਬੋਲਿ` (੯੩੩) ਵੀ ਇੱਕ ਅਉਗਣ ਰੂਪੀ ਰੁਕਾਵਟ ਹੈ, ਜਦੋਂ ਕਿ ਇਸ ਦੇ ਉਲਟ ਚੰਗਾ-ਮਿੱਠਾ ਬੋਲਣਾ ‘ਗੰਢੁ ਪ੍ਰੀਤੀ ਮਿਠੇ ਬੋਲ` (੧੪੩) ਪ੍ਰਮੇਸ਼ਰ ਦੇ ਮਿਲਾਪ ਰੂਪੀ ਜੀਵਨ ਮੰਜ਼ਿਲ ਦੀ ਪ੍ਰਾਪਤੀ ਵਿੱਚ ਸਹਾਇਕ ਗੁਣ ਹੈ। ਲੋੜ ਤੋਂ ਵੱਧ ਬੇ-ਸਿਰ ਪੈਰ ਬੋਲਣਾ ‘ਬਹੁਤਾ ਬੋਲਣੁ ਝਖਣੁ ਹੋਇ` (੬੬੧) ਛੱਡ ਕੇ ਕਈ ਵਾਰ ‘ਜਿਥੈ ਬੋਲਣਿ ਹਾਰੀਐ ਤਿਥੈ ਚੰਗੀ ਚੁਪ` (੧੪੯) ਨਾ ਬੋਲਣਾ ਵੀ ਜੀਵਨ ਅੰਦਰ ਚੰਗੇਪਣ ਦੀ ਨਿਸ਼ਾਨੀ ਬਣ ਜਾਂਦਾ ਹੈ।

ਕਿਸੇ ਨੇ ਪ੍ਰਸ਼ਨ ਕੀਤਾ ਕਿ ਮਨੁੱਖੀ ਸਰੀਰ ਦਾ ਸਭ ਤੋਂ ਚੰਗਾ ਅੰਗ ਅਤੇ ਸਭ ਤੋਂ ਮਾੜਾ ਅੰਗ ਕਿਹੜਾ ਹੈ? ਗਿਆਨਵਾਨ ਪੁਰਸ਼ ਦਾ ਉੱਤਰ ਇਕੋ ਸੀ- ਜੀਭ। ਕਿਉਂ ਕਿ ਜੀਭ ਦੁਆਰਾ ਬੋਲੇ ਗਏ ਚੰਗੇ ਬਚਨ ਸਮਾਜ, ਗੁਰੂ ਦਰ, ਪ੍ਰਮੇਸ਼ਰ ਦੇ ਦਰ ਅੰਦਰ ਇਜ਼ਤ ਸ਼ੋਭਾ ਦਿਵਾਉਂਦੇ ਹਨ, ਇਸ ਦੇ ਉਲਟ ਮੰਦੇ ਬੋਲ ਬੇ-ਇਜ਼ਤ ਕਰਵਾਉਂਦੇ ਹੋਏ ਸੰਸਾਰ ਅੰਦਰ ਕਲੇਸ਼ ਵੀ ਖੜਾ ਕਰ ਦਿੰਦੇ ਹਨ। ਜਿਵੇਂ ਪਾਡਵਾਂ ਦੇ ਮਹੱਲ ਅੰਦਰ ਗਲਤੀ ਨਾਲ ਪਾਣੀ ਨੂੰ ਖੁਸ਼ਕ ਥਾਂ ਸਮਝ ਕੇ ਡਿਗ ਪਏ ਦੁਰਯੋਧਨ ਨੂੰ ਦਰੋਪਦੀ ਵਲੋਂ ਕਹੇ ਗਏ ਮੰਦੇ ਬਚਨ ‘ਅੰਨੇ ਦਾ ਪੁੱਤਰ ਅੰਨਾ` ਹੀ ਮਹਾਂਭਾਰਤ ਦੇ ਯੁੱਧ ਦਾ ਕਾਰਣ ਬਣ ਗਏ।

ਕੋਇਲ ਅਤੇ ਕਾਂ ਦੋਵਾਂ ਦਾ ਰੰਗ ਰੂਪ ਲਗਭਗ ਇਕੋ ਜਿਹਾ ਹੁੰਦਾ ਹੈ। ਪਰ ਕੋਇਲ ਹਰ ਸਮੇਂ ਸਤਿਕਾਰ ਪਾਉਂਦੀ ਹੈ ਅਤੇ ਕਾਂ ਹਮੇਸ਼ਾਂ ਆਪਣਾ ਨਿਰਾਦਰ ਹੀ ਕਰਾਉਂਦਾ ਰਹਿੰਦਾ ਹੈ। ਐਸਾ ਕਿਉਂ? ਕੋਇਲ ਦੀ ਮਿੱਠੀ ਆਵਾਜ਼ ਸਭ ਤੋਂ ਪਿਆਰ ਲੈਂਦੀ ਹੈ, ਕਾਂ ਦੀ ਕਾਂ-ਕਾਂ ਨੂੰ ਪਸੰਦ ਤਾਂ ਕੀ ਉਲਟਾ ਪੱਥਰ ਮਾਰ ਕੇ ਉਡਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਇੱਕ ਵੱਡੇ ਦਰਖਤ ਉਪਰ ਆਪਣਾ ਆਲਣਾ ਬਣਾ ਕੇ ਰਹਿੰਦੇ ਕਾਂ ਨੇ ਇਲਾਕਾ ਛੱਡ ਕੇ ਜਾਣ ਦਾ ਆਪਣਾ ਫੈਸਲਾ ਸੁਣਾਉਂਦੇ ਹੋਏ ਕਾਰਨ ਦੱਸਿਆ ਕਿ ਇਥੇ ਦੇ ਲੋਕ ਮੇਰੇ ਰਾਗ-ਬੱਧ ਸੰਗੀਤ ਦੇ ਕਦਰਦਾਨ ਨਹੀਂ ਹਨ, ਕਿਸੇ ਹੋਰ ਜਗ੍ਹਾ ਤੇ ਜਿਥੇ ਕਦਰਦਾਨ ਹੋਣਗੇ ਮੈਂ ਉਥੇ ਜਾ ਰਿਹਾ ਹਾਂ। ਕੋਇਲ ਨੇ ਤਰਕ ਭਰਪੂਰ ਜਵਾਬ ਦਿਤਾ ਕਿ ਭਰਾਵਾ! ਸੰਗੀਤ ਅਤੇ ਕਾਵਾਂ-ਰੌਲੀ ਦੇ ਫਰਕ ਨੂੰ ਸਮਝਣ ਵਾਲੇ ਹਰ ਜਗ੍ਹਾ ਇਕੋ ਜਿਹੇ ਲੋਕ ਹੀ ਵਸਦੇ ਹਨ, ਤੂੰ ਜਿਥੇ ਮਰਜ਼ੀ ਚਲਾ ਜਾ, ਤੇਰੇ ਕੁਰਖੱਤ ਬੋਲਣ ਕਾਰਣ ਹਰ ਜਗ੍ਹਾ ਤੇਰੇ ਪੱਥਰ ਹੀ ਪੈਣੇ ਹਨ, ਕਸੂਰ ਲੋਕਾਂ ਦਾ ਨਹੀਂ ਤੇਰੀ ਬੋਲ ਬਾਣੀ ਦਾ ਹੈ।

ਗੁਰਬਾਣੀ ਗਿਆਨ ਅਨੁਸਾਰ ਜਿਸ ਲਈ ‘ਲੋਕ ਸੁਖੀਏ` ਨਹੀਂ ਹੋ ਸਕਿਆ, ਉਸ ਲਈ ‘ਪਰਲੋਕ ਸੁਹੇਲੇ` ਹੋਣ ਦੀ ਆਸ ਕਰਨਾ ਬਿਲਕੁਲ ਨਿਰਰਥਕ ਹੈ। ਭਾਵ ਜਿਹੜਾ ਜਿਊਂਦੇ ਜੀਅ ਪ੍ਰਮੇਸ਼ਰ ਨਾਲ ਪਿਆਰ ਨਹੀਂ ਪਾ ਸਕਿਆ, ਉਸ ਨੇ ਮਰਨ ਉਪਰੰਤ ਵੀ ਕੀ ਖੱਟ ਲੈਣਾ ਹੈ। ਪ੍ਰਮੇਸ਼ਰ ਕੋਈ ਆਕਾਰ ਰੂਪ ਤਾਂ ਹੈ ਨਹੀਂ ਸਗੋਂ ਗੁਣ ਰੂਪ ਹੈ। ਪ੍ਰਮੇਸ਼ਰ ਦੇ ਬੇਅੰਤ ਗੁਣਾਂ ਵਿਚੋਂ ਇੱਕ ਗੁਣ -

ਮਿਠ ਬੋਲੜਾ ਜੀ ਹਰਿ ਸਜਣੁ ਸੁਆਮੀ ਮੋਰਾ।।

ਹਉ ਸੰਮਲਿ ਥਕੀ ਜੀ ਓਹੁ ਕਦੇ ਨ ਬੋਲੈ ਕਉਰਾ।।

(ਸੂਹੀ ਮਹਲਾ ੫-੭੮੪)

ਉਸ ਦਾ ਮਿੱਠ ਬੋਲੜਾ ਹੋਣਾ ਵੀ ਹੈ। ਜੇ ਅਸੀਂ ‘ਕੋਮਲ ਬਾਣੀ ਸਭ ਕਉ ਸੰਤੋਖੈ` (੨੯੯) ਵਾਲੇ ਮਿੱਠਾ ਬੋਲਣ ਰੂਪੀ ਗੁਣ ਦੇ ਧਾਰਨੀ ਬਣਾਂਗੇ ਤਾਂ ਅੱਵਸ਼ ਹੀ ਪ੍ਰਮੇਸ਼ਰ ਦੇ ਨੇੜੇ ਹੋਣ ਰੂਪੀ ਪ੍ਰਾਪਤੀ ਸੰਭਵ ਹੋਣ ਦੀ ਆਸ ਕੀਤੀ ਜਾ ਸਕਦੀ ਹੈ। ਪ੍ਰਮੇਸ਼ਰ ਸੱਚ ਸਰੂਪ ਹੈ ਪਰ ਅਸੀਂ ਝੂਠ ਦਾ ਪੱਲਾ ਫੜ ਕੇ ਮੰਦਾ ਬੋਲੀ ਜਾਂਦੇ ਹਾਂ। ਜੇ ਅਸੀਂ ਧਰਮੀ ਬਨਣਾ ਚਾਹੁੰਦੇ ਹਾਂ ਤਾਂ ‘ਬੋਲੀਐ ਸਚੁ ਧਰਮੁ ਝੂਠ ਨ ਬੋਲੀਐ` (੪੮੮) ਵਾਲੀ ਜੀਵਨ ਜਾਚ ਬਣਾਉਂਦੇ ਹੋਏ ਝੂਠ ਦੀ ਜਗਾ ਸੱਚ ਬੋਲਣ ਦੀ ਆਦਤ ਪਾਉਣੀ ਪੈਣੀ ਹੈ। ਸੱਚੇ ਬੋਲ ਕਈ ਵਾਰ ਕੁਨੈਣ ਦਵਾਈ ਵਾਂਗ ਸੁਨਣ ਵਾਲੇ ਨੂੰ ਕਉੜੇ ਜ਼ਰੂਰ ਲੱਗਦੇ ਹਨ, ਪਰ ਮਲੇਰੀਆ ਰੂਪੀ ਝੂਠ ਬੋਲਣ ਵਾਲੇ ਰੋਗ ਦਾ ਸੰਪੂਰਨ ਇਲਾਜ ਕਰਨ ਦੇ ਸਮਰੱਥ ਵੀ ਹੁੰਦੇ ਹਨ। ਦੂਜਿਆਂ ਪ੍ਰਤੀ ਮੰਦ ਬੋਲਣ ਰੂਪੀ ਅਉਗਣ ‘ਮੰਦਾ ਕਿਸੈ ਨਾ ਆਖਿ ਝਗੜਾ ਪਾਵਣਾ` (੫੬੬) ਅਨੁਸਾਰ ਝਗੜਾਲੂ ਦੀ ਸ਼੍ਰੇਣੀ ਵਿੱਚ ਹੀ ਸਾਨੂੰ ਖੜਾ ਕਰ ਦੇਵੇਗਾ। ਇਸ ਅਉਗਣ ਤੋਂ ਬਚਣ ਲਈ ਭਗਤ ਕਬੀਰ ਜੀ ਸਾਨੂੰ ਅਗਵਾਈ ਦਿੰਦੇ ਹਨ ਕਿ ਭਲੇ ਪੁਰਸ਼ਾਂ ਨਾਲ ਤਾਂ ਕੋਈ ਬਚਨ ਬਿਲਾਸ ਜ਼ਰੂਰ ਕਰ ਲਈਏ ਕਿਉਂਕਿ ਉਹਨਾਂ ਕੋਲੋਂ ਕੋਈ ਨਾ ਕੋਈ ਚੰਗਾ ਗੁਣ ਗ੍ਰਹਿਣ ਕਰਨ ਲਈ ਮਿਲ ਸਕਦਾ ਹੈ, ਇਸ ਦੇ ਉਲਟ ਮੰਦੇ ਜੀਵਾਂ ਨਾਲ ਬੋਲਣ ਦੀ ਥਾਂ ਚੁੱਪ ਰਹਿ ਕੇ ਪਾਸੇ ਹੋ ਜਾਣ ਵਿੱਚ ਹੀ ਸਾਡੀ ਭਲਾਈ ਹੈ-

ਸੰਤੁ ਮਿਲੈ ਕਿਛੁ ਸੁਣੀਐ ਕਹੀਐ।।

ਮਿਲੈ ਅਸੰਤੁ ਮਸਟਿ ਕਰਿ ਰਹੀਐ।।

(ਗੋਂਡ ਕਬੀਰ ਜੀ-੮੭੦)

ਜੀਵਨ ਅੰਦਰ ਮੰਦਾ/ ਫਿੱਕਾ ਬੋਲਣ ਰੂਪੀ ਬੁਰਾਈ ਪ੍ਰਤੀ ਸੁਚੇਤਤਾ ਲਈ ਨਿਮਨਲਿਖਤ ਗਾਥਾ ਵਾਚਣੀ ਲਾਹੇਵੰਦ ਰਹੇਗੀ-

ਕਹਿੰਦੇ ਇੱਕ ਮੰਦਾ ਬੋਲਣ ਦੀ ਬੁਰੀ ਆਦਤ ਦਾ ਸ਼ਿਕਾਰ ਮਨੁੱਖ ਆਪਣੇ ਘਰ ਤੋਂ ਤੀਰਥ ਯਾਤਰਾ ਲਈ ਨਾਲ ਤੁਰਨ ਸਮੇਂ ਰਸਤੇ ਦੀ ਖਰਚ ਪੂੰਜੀ ਵਜੋਂ ਕੁੱਝ ਚਾਵਲ ਅਤੇ ਦਾਲ ਪੱਲੇ ਬੰਨ ਕੇ ਤੁਰਿਆ। ਰਸਤੇ ਵਿਰ ਰਾਤ ਇੱਕ ਪਿੰਡ ਅੰਦਰ ਬਜ਼ੁਰਗ ਮਾਤਾ ਦੇ ਘਰ ਰੁਕਣ ਤੇ ਖਿਚੜੀ ਬਨਾਉਣ ਲਈ ਆਪਣੇ ਪੱਲੇ ਤੋਂ ਦਾਲ ਚਾਵਲ ਦਿਤੇ। ਮਾਤਾ ਨੇ ਚੁੱਲੇ ਵਿੱਚ ਅੱਗ ਬਾਲ ਕੇ ਖਿਚੜੀ ਰਿੰਨਣ ਲਈ ਧਰ ਦਿਤੀ। ਇਸੇ ਸਮੇਂ ਦੌਰਾਨ ਉਸ ਨੇ ਮਾਤਾ ਤੇ ਸਵਾਲ ਕੀਤਾ- ਮਾਤਾ! ਤੇਰੇ ਪਤੀ ਜਿਊਂਦੇ ਹਨ ਜਾਂ ਮਰ ਗਏ ਹਨ? ਮਾਤਾ ਨੇ ਕਿਹਾ- ਪ੍ਰਮੇਸ਼ਰ ਦੀ ਕ੍ਰਿਪਾ ਨਾਲ ਸਲਾਮਤ ਹਨ। ਅਗਲਾ ਸਵਾਲ ਕੀਤਾ- ਮਾਤਾ! ਤੇਰੇ ਕਿੰਨੇ ਪੁੱਤਰ ਹਨ, ਕੀ ਸਾਰੇ ਠੀਕ ਠਾਕ ਹਨ? ਹਾਂ! ਚਾਰੇ ਠੀਕ ਠਾਕ ਹਨ। ਮਾਤਾ ਦਾ ਜਵਾਬ ਸੀ। ਉਸ ਨੇ ਫਿਰ ਪੁਛਿਆ- ਮਾਤਾ! ਇਹ ਘਰ ਅੰਦਰ ਕਿੱਲੇ ਨਾਲ ਬੱਝੀ ਮੱਝ ਤੇਰੀ ਆਪਣੀ ਹੀ ਹੈ? ਮਾਤਾ ਨੂੰ ਥੋੜੀ ਖਿੱਝ ਜ਼ਰੂਰ ਆਈ ਪਰ ਫਿਰ ਵੀ ਜਵਾਬ ਦਿਤਾ - ਹਾਂ! ਮੇਰੀ ਹੀ ਹੈ। ਤੂੰ ਕਿਉਂ ਪੁੱਛ ਰਿਹਾ ਹੈ? ਮਾਤਾ ਨੇ ਉਲਟਾ ਸਵਾਲ ਕੀਤਾ। ਕਹਿੰਦਾ -ਮਾਤਾ! ਮੈਂ ਇਹ ਸੋਚ ਰਿਹਾ ਹਾਂ ਜੇ ਤੇਰੀ ਮੱਝ ਮਰ ਜਾਵੇ ਤਾਂ ਤੇਰੇ ਘਰ ਦਾ ਬਾਹਰ ਵਾਲਾ ਦਰਵਾਜ਼ਾ ਛੋਟਾ ਹੈ। ਇਸ ਮਰੀ ਮੱਝ ਨੂੰ ਬਾਹਰ ਕਿਵੇਂ ਕੱਢੇਗੀ? ਮਾਤਾ ਦੇ ਸਬਰ ਦਾ ਬੰਨ ਟੁੱਟ ਗਿਆ। ਮਾਤਾ ਕਹਿੰਦੀ ਆਪਣੇ ਲੱਕ ਨਾਲ ਬੰਨੇ ਪਰਨੇ ਨੂੰ ਖੋਹਲ ਕੇ ਦੋਵੇਂ ਹੱਥਾਂ ਨਾਲ ਫੜ ਕੇ ਮੇਰੇ ਸਾਹਮਣੇ ਕਰ। ਜਦੋਂ ਉਸ ਨੇ ਐਸਾ ਕੀਤਾ ਤਾਂ ਮਾਤਾ ਨੇ ਅੱਧ ਰਿੱਧੀ ਖਿਚੜੀ ਉਸ ਦੇ ਪੱਲੇ ਪਾ ਦਿੱਤੀ। ਜਿਸ ਦਾ ਰਸ ਪਰਨੇ ਵਿਚੋਂ ਚੋ-ਚੋ ਕੇ ਉਸਦੇ ਪੈਰਾਂ ਦੇ ਜਦੋਂ ਡਿੱਗਾ ਤਾਂ ਚੀਕ ਕੇ ਕਹਿਣ ਲੱਗਾ- ਮਾਤਾ! ਇਹ ਕੀ ਕੀਤਾ ਈ, ਇਹ ਕੀ ਚੋ ਰਿਹਾ ਹੈ, ਜਿਸਨੇ ਮੇਰੇ ਪੈਰ ਸਾੜ ਦਿੱਤੇ ਹਨ? ਮਾਤਾ ਸਿਆਣੀ ਸਮਝਦਾਰ ਸੀ, ਉਸਨੇ ਠਰੰਮੇ ਨਾਲ ਜਵਾਬ ਦਿਤਾ- ਇਹ ਤੇਰੀ ਆਪਣੀ ਜਬਾਨ ਦਾ ਰਸ ਹੀ ਚੋ-ਚੋ ਕੇ ਤੇਰੇ ਪੈਰ ਸਾੜ ਰਿਹਾ ਹੈ। ਜੇ ਤੂੰ ਤੀਰਥ ਯਾਤਰਾ ਕਰਕੇ ਕੁੱਝ ਖੱਟਣਾ ਚਾਹੁੰਦਾ ਹੈ ਤਾਂ ਪਹਿਲਾਂ ਚੰਗਾ ਬੋਲਣ ਦੀ ਜਾਚ ਸਿੱਖ ਕੇ ਘਰ ਤੋਂ ਤੁਰ ਤਾਂ ਹੀ ਤੇਰੀ ਤੀਰਥ ਯਾਤਰਾ/ ਜੀਵਨ ਯਾਤਰਾ ਵਿੱਚ ਕੁੱਝ ਲਾਭ ਖੱਟਣ ਦੀ ਆਸ ਕੀਤੀ ਜਾ ਸਕਦੀ ਹੈ। ਇਸ ਤਰਾਂ ਤੂੰ ਸਮਾਂ ਤੇ ਮਿਹਨਤ ਦੋਵੇਂ ਹੀ ਵਿਅਰਥ ਗਵਾ ਰਿਹਾ ਹੈਂ।

ਇਸ ਗਾਥਾ ਨੂੰ ਸਾਹਮਣੇ ਰੱਖਦੇ ਹੋਏ ਸਾਨੂੰ ਆਪਣੇ ਜੀਵਨ ਦੀ ਸਵੈ-ਪੜਚੋਲ ਕਰਕੇ ਵੇਖਣ ਦੀ ਲੋੜ ਹੈ ਕਿ ਕਿਤੇ ਅਸੀਂ ਆਪਣੇ ਆਪ ਨੂੰ ਧਰਮੀ ਅਖਵਾਉਣ/ ਸਮਝਣ ਵਾਲੇ ਵੀ ਇਸ ਬੁਰਾਈ ਦੇ ਸ਼ਿਕਾਰ ਤਾਂ ਨਹੀਂ ਬਣੇ ਹੋਏ।

ਮਾਝ ਕੀ ਵਾਰ ਅੰਦਰ ਗੁਰੂ ਨਾਨਕ ਸਾਹਿਬ ਨੇ ਤੁੰਮੀ, ਤੁੰਮਾ, ਜ਼ਹਿਰ, ਅੱਕ, ਧਤੂਰਾ ਅਤੇ ਨਿੰਮ ਫਲ ਰੂਪੀ ਛੇ ਤਰਾਂ ਦੇ ਕੌੜੇ ਜ਼ਹਿਰਾਂ ਦਾ ਜ਼ਿਕਰ ਕਰਦੇ ਹੋਏ ਸਮਝਾਇਆ ਹੈ ਕਿ ਇਹਨਾਂ ਵਿਚੋਂ ਹਰੇਕ ਜ਼ਹਿਰ ਹੀ ਇੱਕਲੇ-ਇੱਕਲੇ ਰੂਪ ਵਿੱਚ ਮਨੁੱਖੀ ਜਿੰਦਗੀ ਲਈ ਘਾਤਕ ਹੈ, ਪਰ ਜਿਸ ਮਨੁੱਖ ਦੇ ਜੀਵਨ ਅੰਦਰ ਪ੍ਰਮੇਸ਼ਰ ਦਾ ਮਿੱਠਾ ਬੋਲਣ ਰੂਪੀ ਗੁਣ ਮੌਜੂਦ ਨਹੀਂ, ਪ੍ਰਮੇਸ਼ਰ ਨਾਲ ਸਾਂਝ ਨਹੀਂ, ਉਸ ਦੇ ਬੋਲਣ, ਵਰਤੋਂ-ਵਿਹਾਰ ਵਿੱਚ ਮਿਠਾਸ ਰੂਪੀ ਸੁੰਦਰਤਾ ਨਾ ਹੋਣ ਕਰਕੇ ਰੱਬੀ ਪਿਆਰ ਤੋਂ ਖਾਲੀ ਰਹਿ ਜਾਂਦਾ ਹੈ ਅਤੇ ਇਹ ਛੇ ਦੇ ਛੇ ਜ਼ਹਿਰਾਂ ਉਸਦੇ ਜੀਵਨ ਵਿੱਚ ਲਗਾਤਾਰ ਇੱਕ ਰਸ ਵਾਸਾ ਪਾ ਕੇ ਬੈਠੀਆਂ ਹਨ, ਐਸੇ ਮਨਮੁੱਖ ਦੇ ਜੀਵਨ ਅੰਦਰ ‘ਸੁਖਮਈ ਜੀਵਨ ਅਹਿਸਾਸ` ਦੀ ਕਲਪਨਾ ਵੀ ਕਿਵੇਂ ਕੀਤੀ ਜਾ ਸਕਦੀ ਹੈ-

ਤੁਮੀ ਤੁਮ ਵਿਸੁ ਅਕੁ ਧਤੂਰਾ ਨਿੰਮ ਫਲੁ।।

ਮਨਿ ਮੁਖਿ ਵਸਹਿ ਤਿਸੁ ਜਿਸੁ ਤੂੰ ਚਿਤਿ ਨ ਆਵਹੀ।।

(ਵਾਰ ਮਾਝ- ਮਹਲਾ ੧-੧੪੭)

ਗੁਰੂ ਸਾਹਿਬਾਨ ਚਾਹੁੰਦੇ ਹਨ ਕਿ ਸਾਡੇ ਜੀਵਨ ਅੰਦਰ ਹਮੇਸ਼ਾਂ ‘ਸੁਖਮਈ ਜੀਵਨ ਅਹਿਸਾਸ` ਬਣਿਆ ਰਹੇ, ਇਸ ਲਈ ਸਾਨੂੰ ਆਪਣੀ ਸੁਰਤ ਨੂੰ ਸ਼ਬਦ ਗੁਰੂ ਦੇ ਗਿਆਨ ਰਸ ਨਾਲ ਸ਼ਰਸ਼ਾਰ ਕਰਦੇ ਹੋਏ ‘ਜਿਥੈ ਜਾਇ ਬਹੀਐ ਭਲਾ ਕਹੀਐ ਸੁਰਤਿ ਸਬਦੁ ਲਿਖਾਈਐ` (੫੬੬) ਦਾ ਉਪਦੇਸ਼ ਜੀਵਨ ਅੰਦਰ ਧਾਰਨ ਕਰਨ ਲਈ ਹੇਠ ਲਿਖੇ ਗੁਰਬਾਣੀ ਫੁਰਮਾਣ ਧਿਆਨ ਗੋਚਰੇ ਰੱਖ ਲੈਣੇ ਲਾਹੇਵੰਦ ਰਹਿਣਗੇ -

ਨਾਨਕ ਫਿਕੈ ਬੋਲੀਐ ਤਨੁ ਮਨੁ ਫਿਕਾ ਹੋਇ।।

ਫਿਕੋ ਫਿਕਾ ਸਦੀਐ ਫਿਕੋ ਫਿਕੀ ਸੋਇ।।

ਫਿਕਾ ਦਰਗਹ ਸਟੀਐ ਮੁਹਿ ਥੁਕਾ ਫਿਕੇ ਪਾਇ।।

ਫਿਕਾ ਮੂਰਖੁ ਆਖੀਐ ਪਾਣਾ ਲਹੈ ਸਜਾਇ।।

(ਵਾਰ ਆਸਾ -ਮਹਲਾ ੧- ੪੭੩)

- ਇੱਕ ਫਿਕਾ ਨ ਗਾਲਾਇ ਸਭਨਾ ਮੈ ਸਚਾ ਧਣੀ।।

ਹਿਆਉ ਨ ਕੈਹੀ ਠਾਹਿ ਮਾਣਕ ਸਭ ਅਮੋਲਵੈ।। ੧੨੯।।

-ਸਭਨਾ ਮਨ ਮਾਨਿਕ ਠਾਹਣੁ ਮੂਲਿ ਮਚਾਂਗਵਾ।।

ਜੇ ਤਉ ਪਿਰੀਆ ਦੀ ਸਿਕ ਹਿਆਉ ਨ ਠਾਹੇ ਕਹੀਦਾ।। ੧੩੦।।

(ਸਲੋਕ ਫਰੀਦ ਜੀ- ੧੩੮੪)

-ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ।।

ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ।।

(ਸਿਰੀ ਰਾਗ ਮਹਲਾ ੧-੧੫)

-ਅੰਮ੍ਰਿਤ ਫਲ ਤਿਨ ਜਨ ਕਉ ਲਾਗੇ ਜੋ ਬੋਲਹਿ ਅੰਮ੍ਰਿਤ ਬਾਤਾ ਹੇ।।

(ਮਾਰੂ ਸੋਲਹੇ ਮਹਲਾ ੩-੧੦੫੧)

ਆਉ! ਅਸੀਂ ਆਪਣੇ ਜੀਵਨ ਅੰਦਰ ਬੋਲਣ ਰੂਪੀ ਕਲਾ ਵਿੱਚ ਸੁਧਾਰ ਲਿਆਉਣ ਦੀ ਕੋਸ਼ਿਸ਼ ਕਰੀਏ। ਜੇ ਅਸੀਂ ਐਸਾ ਕਰਨ ਵਿੱਚ ਨਾ-ਕਾਮਯਾਬ ਰਹੇ ਤਾਂ ਮੰਦ ਬੋਲੇ ਦੇ ਨੀਵੇਂ ਲਕਬ ਨਾਲ ਦੁਰਕਾਰੇ ਜਾਵਾਂਗੇ, ਇਸ ਮਾੜੇ ਕਰਮ ਦੇ ਫਲਸਰੂਪ ਪੱਲੇ ਰੋਣਾ-ਧੋਣਾ ਹੀ ਪਵੇਗਾ, ਇਸ ਦੇ ਉਲਟ ਜੇਕਰ ਗੁਰੂ ਦੀ ਮਤਿ ਦੇ ਧਾਰਨੀ ਬਣਦੇ ਹੋਏ ‘ਪਹਿਲਾ ਤੋਲੋ ਫਿਰ ਬੋਲੋ` ਦੇ ਮਾਰਗ ਉੱਪਰ ਚੱਲ ਕੇ ਬਾਣੀ ਗੁਰੂ ਦੀ ਅਗਵਾਈ ਅਨੁਸਾਰ ਸੁਚੱਜਾ ਬੋਲਣ ਦੀ ਜਾਚ ਸਿੱਖ ਲਵਾਂਗੇ ਤਾਂ ਸੰਸਾਰ ਅੰਦਰ ਉੱਤਮ ਪੁਰਸ਼ਾਂ ਦੀ ਸੰਗਿਆ ਮਿਲੇਗੀ ਅਤੇ ਗੁਰੂ ਪ੍ਰਮੇਸ਼ਰ ਦੇ ਦਰ ਉੱਪਰ ਵੀ ਇੱਜ਼ਤ-ਮਾਣ ਦੇ ਹੱਕਦਾਰ ਬਣ ਜਾਵਾਂਗੇ-

ਬਾਬਾ ਬੋਲੀਐ ਪਤਿ ਹੋਇ।।

ਊਤਮ ਸੇ ਦਰਿ ਊਤਮਿ ਕਹੀਅਹਿ ਨੀਚ ਕਰਮ ਬਹਿ ਰੋਇ।।

(ਸਿਰੀ ਰਾਗ ਮਹਲਾ ੧-੧੫)

=========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.