.

ਪਉੜੀ 16

‘ਪੰਚ ਪਰਵਾਣ’ ਦਾ ਮਤਲਬ ਗਿਣਤੀ ਵਾਲੇ ਪੰਜ ਨਹੀਂ ਹੁੰਦਾ। ਪੰਚ ਦਾ ਮਤਲਬ ਬੇਅੰਤ ਚੰਗੇ-ਚੰਗੇ ਰੱਬੀ ਗੁਣ ਹੁੰਦਾ ਹੈ। ਸੰਤੋਖ, ਦਇਆ, ਧਰਮ, ਹਿੰਮਤ, ਨਿਮਰਤਾ, ਮਿਠਾਸ, ਸਬਰ ਆਦਿ ਬੇਅੰਤ ਚੰਗੇ ਗੁਣ ਹੀ ਪੰਚ ਹਨ। ਕਾਮ, ਕ੍ਰੋਧ, ਮੋਹ ਅਤੇ ਹੰਕਾਰ ਦੀ ਦੁਰਵਰਤੋ ਅਵਗੁਣ (ਕੂੜ) ਬਣ ਜਾਂਦੀ ਹੈ। ਪੰਚ ਦਾ ਅਰਥ ਕਈ ਥਾਵਾਂ ਤੇ ਵਿਕਾਰ ਵੀ ਹੁੰਦਾ ਹੈ ਪਰ ਇਸ ਪਉੜੀ ’ਚ ਚੁਣ-ਚੁਣ ਕੇ ਚੰਗੇ-ਚੰਗੇ ਰੱਬੀ ਗੁਣਾਂ ਨੂੰ ਹੀ ਵਿਚਾਰਿਆ ਗਿਆ ਹੈ ਕਿਉਂਕਿ ਹੁਣ ਮਨ ਸਚਿਆਰ ਬਣਨਾ ਚਾਹੁੰਦਾ ਹੈ। ਕੂੜੇ ਮੰਦੇ ਖਿਆਲਾਂ ਤੋਂ ਛੁੱਟਣ ਨਾਲ ਹੀ ਨਿਜਘਰ ਰੱਬੀ ਦਰਗਾਹ ਵਿਚ ਪਰਵਾਨ ਹੋਈਦਾ ਹੈ ਅਤੇ ਵਿਰਲਾ ਮਨ ਸੁਭਾਉ ਵਿਚ ਦ੍ਰਿੜ ਇਸ ਸੱਚ ਨੂੰ ਹੋਰ ਦ੍ਰਿੜ ਕਰਦਾ ਹੈ।

ਪੰਚ ਪਰਵਾਣ ਪੰਚ ਪਰਧਾਨੁ ॥

ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਜੇਕਰ ਅੰਤਹਕਰਣ ਵਿਚ ਚੰਗੇ ਗੁਣਾਂ ਦੀ ਅਗਵਾਈ (ਪਰਧਾਨਤਾ) ’ਚ ਚਲੋ ਤਾਂ ਰੱਬੀ ਇਕਮਿਕਤਾ ਭਾਵ ਰੱਬੀ ਦਰਗਾਹ ਤੇ ਪਰਵਾਨ ਹੋ ਸਕੀਦਾ ਹੈ।

ਪੰਚੇ ਪਾਵਹਿ ਦਰਗਹਿ ਮਾਨੁ ॥

ਮਨ ਵਿਚ ਚੰਗੇ ਗੁਣਾਂ ਦੀ ਵਰਤੋਂ ਕਰਦੇ ਰਹਿਣ ਨਾਲ ਅੰਤਰਆਤਮੇ ਵਿਚ ਖੇੜਾ ਬਣਿਆ ਰਹਿੰਦਾ ਹੈ।

ਪੰਚੇ ਸੋਹਹਿ ਦਰਿ ਰਾਜਾਨੁ ॥

ਸੋਹਹਿ: ਸ਼ੋਭਾ; ਰਾਜਾਨੁ: ਭਰਪੂਰਤਾ।

ਨਿਰਮਲ ਖਿਆਲ ਜਦੋਂ ਸਾਡੀ ਸੋਚਨੀ ਦੀ ਸ਼ੋਭਾ ਬਣਦੇ ਹਨ ਤਾਂ ਇਹ ਮਨ ਭਰਪੂਰਤਾ ਦਾ ਅਹਿਸਾਸ ਮਾਣਦਾ ਹੈ।

ਪੰਚਾ ਕਾ ਗੁਰੁ ਏਕੁ ਧਿਆਨੁ ॥

ਮਿਲਵਰਤਨ, ਸਹਨਸ਼ੀਲਤਾ, ਵੰਡ ਛੱਕਣਾ, ਹਲੀਮੀ ਆਦਿ ਜੈਸੇ ਚੰਗੇ ਗੁਣਾਂ ਦਾ ਸ੍ਰੋਤ ਸਤਿਗੁਰ ਦੀ ਮਤ ਰਾਹੀਂ ਦ੍ਰਿੜ ਸੁਭਾ ਸਦਕਾ ਸੁਚੇਤਤਾ ਬਣੇ ਰਹਿਣਾ ਹੀ ‘ਏਕੁ ਧਿਆਨੁ’ ਦਾ ਪ੍ਰਤੀਕ ਹੈ।

ਜੇ ਕੋ ਕਹੈ ਕਰੈ ਵੀਚਾਰੁ ॥

ਯਤਨਸ਼ੀਲ ਮਨ ਇਨ੍ਹਾਂ ਗੁਣਾਂ ਨੂੰ ਸਿਖ-ਸਿਖ ਕੇ ਅਮਲੀ ਜੀਵਨ ਵਿਚ ਜਿਊਂਦਾ ਵੀ ਹੈ।

ਕਰਤੇ ਕੈ ਕਰਣੈ ਨਾਹੀ ਸੁਮਾਰੁ ॥

ਵਿਰਲਾ ਮਨ ਜਦੋਂ ਚੰਗੇ ਗੁਣਾਂ ਦੀ ਵਿਚਾਰ ਸੁਣ ਕੇ ਸੁਰਤ, ਮੱਤ, ਮਨ, ਬੁਧ ਨੂੰ ਵੰਡਦਾ ਹੈ ਤਾਂ ਜੋ ਨਵੀਂ ਸ੍ਰਿਸ਼ਟੀ ਦੀ ਰਚਨਾ ਹੁੰਦੀ ਹੈ ਭਾਵ ਚੰਗੇ-ਚੰਗੇ ਗੁਣਾਂ ਦਾ ਸੁਭਾ ਪ੍ਰਾਪਤ ਹੁੰਦਾ ਹੈ। ਵਿਰਲਾ ਮਨ ਵਿਸਮਾਦਤ ਹੋ ਉਠਦਾ ਹੈ ਕਿ ਕਿਤਨੇ ਬੇਸ਼ੁਮਾਰ ਚੰਗੇ ਗੁਣ ਬਿਆਨੋ ਬਾਹਰ ਹਨ।

ਧੌਲੁ ਧਰਮੁ ਦਇਆ ਕਾ ਪੂਤੁ ॥

ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਅਵਗੁਣਾਂ ਕਾਰਨ ਖੁਆਰੀ ਤੋਂ ਛੁਟਣਾ ਹੀ ਆਪਣੇ ਤੇ ਦਇਆ ਕਰਨਾ ਹੈ (ਭਾਵ ਆਪਣੇ ਜੀਅ ਤੇ ਦਇਆ) ਤਾਂ ਚੰਗੇ ਗੁਣਾਂ ਵਾਲੇ ਪੁਤਰ ਰੂਪੀ ਮਨ ਦੀ ਪ੍ਰਾਪਤੀ ਹੁੰਦੀ ਹੈ। ਧੋਲ ਰੂਪੀ ਵਿਰਲਾ ਮਨ ਇਨ੍ਹਾਂ ਚੰਗੇ ਗੁਣਾਂ ਨੂੰ ਆਪਣੀ ਮਨ ਰੂਪੀ ਧਰਤੀ ਦਾ ਆਧਾਰ (ਸੱਚ ਤੇ ਆਧਾਰਿਤ ਜੀਵਨ) ਬਣਾਉਂਦਾ ਹੈ।

ਸੰਤੋਖੁ ਥਾਪਿ ਰਖਿਆ ਜਿਨਿ ਸੂਤਿ ॥

ਸੂਤਿ: ਸਾਰੇ ਇੰਦ੍ਰੇ, ਗਿਆਨ-ਇੰਦ੍ਰੇ, ਸੁਰਤ, ਮੱਤ, ਬੁਧ, ਰੋਮ-ਰੋਮ ਸਭ ਇਕੋ ਸੰਤੋਖ ਦੇ ਧਾਗੇ ’ਚ ਪ੍ਰੋਤੇ ਜਾਂਦੇ ਹਨ।

ਜਦੋਂ ਵਿਰਲਾ ਮਨ ਆਪਣੇ ਮਨ (ਧੋਲ-ਧਵਲ) ਦੀ ਧਰਤੀ ਚੰਗੇ ਗੁਣਾਂ ਦੇ ਆਧਾਰ ਤੇ ਰੱਖਦਾ ਹੈ ਤਾਂ ਸੰਤੋਖ ਦੀ ਅਵਸਥਾ ਪ੍ਰਾਪਤ ਹੁੰਦੀ ਹੈ।

ਜੇ ਕੋ ਬੁਝੈ ਹੋਵੈ ਸਚਿਆਰੁ ॥

ਸਤਿਗੁਰ ਦੀ ਮੱਤ ਨਾਲ ਵਿਰਲਾ ਮਨ ਦਇਆ ਅਤੇ ਸੰਤੋਖ ਨੂੰ ਪ੍ਰਾਪਤ ਕਰਦਾ ਹੈ ਤੇ ਸਚਿਆਰ ਹੁੰਦਾ ਜਾਂਦਾ ਹੈ।

ਧਵਲੈ ਉਪਰਿ ਕੇਤਾ ਭਾਰੁ ॥

ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਅਵਗੁਣੀ ਮਨ ਦੀ ਧਰਤੀ ਉੱਤੇ ਵਿਕਾਰਾਂ ਦੀ ਕੂੜ ਦਾ ਭਾਰ ਹੀ ਸੀ। ਉਹ ਕੂੜ ਦੀ ਗੰਠੜੀ ਦਾ ਭਾਰ ਨਹੀਂ ਰਿਹਾ।

ਧਰਤੀ ਹੋਰੁ ਪਰੈ ਹੋਰੁ ਹੋਰੁ ॥

ਧਰਤੀ: ਖਿਆਲ।

ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਮਨੁੱਖੀ ਸੁਭਾ ਵਿਚ ਅਨੇਕਾਂ ਖਿਆਲ ਹਨ ਜਿਨ੍ਹਾਂ ਵਿਚੋਂ ਚੰਗੇ ਗੁਣ ਕਮਾਏ ਜਾ ਸਕਦੇ ਹਨ।

ਤਿਸ ਤੇ ਭਾਰੁ ਤਲੈ ਕਵਣੁ ਜੋਰੁ ॥

ਵਿਰਲਾ ਮਨ ਇਹ ਵੀਚਾਰਕੇ ਵਿਸਮਾਦਤ ਹੁੰਦਾ ਹੈ ਕਿ ਇਸ ਚੰਗੇ ਖਿਆਲਾਂ (ਗੁਣਕਾਰੀ ਸੁਭਾ) ਦਾ ਆਧਾਰ (ਜੋਰੁ) ਤਾਂ ਧਰਮ ਭਾਵ ਨਿਜਘਰ ਤੋਂ ਮਿਲੀ ਸਤਿਗੁਰ ਦੀ ਮੱਤ ਹੀ ਹੈ।

ਜੀਅ ਜਾਤਿ ਰੰਗਾ ਕੇ ਨਾਵ ॥

ਜੀਅ ਜਾਤਿ: ਕਰਤੇ ਦੀ ਕਿਰਤ।

ਵਿਰਲਾ ਮਨ ਕਰਤੇ ਦੀ ਕਿਰਤ ਵਿਚ ਵਰਤ ਰਹੇ ਨਿਯਮਾਂ ਅਧੀਨ, ਜੀਆਂ-ਜੰਤਾਂ ਦੇ ਬੇਅੰਤ ਰੰਗ (ਉਨ੍ਹਾਂ ਦੇ ਚੰਗੇ-ਚੰਗੇ ਗੁਣ) ਆਪਣੇ ਅੰਦਰ ਵੀ ਵਿਕਸਿਤ ਕਰਨ ਦੀ ਤਾਂਘ ਬਣਾਈ ਰੱਖਦਾ ਹੈ।

ਸਭਨਾ ਲਿਖਿਆ ਵੁੜੀ ਕਲਾਮ ॥

ਸਭਨਾ: ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ; ਵੁੜੀ ਕਲਾਮ: ਨਿਜਘਰ ਵਿਚੋਂ ਮਿਲਿਆ ਸੁਨੇਹਾ।

ਕਰਮ ਇੰਦਰੀਆਂ ਅਤੇ ਗਿਆਨ ਇੰਦਰੀਆਂ ਨੇ ਨਿਜਘਰ ਵਿਚੋਂ ਮਿਲਿਆ ਸੁਨੇਹਾ ਲੈਕੇ ਲਿਖ ਲਿਆ ਭਾਵ ਸੁਭਾ ਪਕਾ ਲਿਆ ਹੈ।

ਏਹੁ ਲੇਖਾ ਲਿਖਿ ਜਾਣੈ ਕੋਇ ॥

ਵਿਰਲਾ ਮਨ ਸਮਝ ਜਾਂਦਾ ਹੈ ਕਿ ਸਤਿਗੁਰ ਦੀ ਮੱਤ ਅਨੁਸਾਰ ਜਿਊਣਾ ਹੀ ਅਸਲੀ ਲੇਖਾ ਲਿਖਣਾ ਹੈ।

ਲੇਖਾ ਲਿਖਿਆ ਕੇਤਾ ਹੋਇ ॥

ਸਤਿਗੁਰ ਦੀ ਮੱਤ ਰਾਹੀਂ ਵਿਰਲਾ ਮਨ ਅਮਲੀ ਜੀਵਨ ਤੇ ਮਿਹਨਤ ਕਰਦਾ ਹੈ ਜਿਸ ਕਾਰਨ ਜੰਮਾਂ ਵਿਕਾਰਾਂ ਵਾਲਾ ਲੇਖਾ ਲਿਖਣਾ ਰਹਿੰਦਾ ਹੀ ਨਹੀਂ।

ਕੇਤਾ ਤਾਣੁ ਸੁਆਲਿਹੁ ਰੂਪੁ ॥

ਸਤਿਗੁਰ ਦੀ ਮੱਤ ਨਾਲ ਵਿਰਲਾ ਮਨ ਚੰਗੇ ਗੁਣਾਂ ਦਾ ਸੁੰਦਰ ਰੂਪ ਅਤੇ ਵਿਕਾਰਾਂ ਨਾਲ ਜੂਝਣ (ਅਵਗੁਣ, ਕੂੜ ਦੂਰ ਕਰਨ) ਦਾ ਬਲ ਪ੍ਰਾਪਤ ਕਰਨ ਜੋਗ ਹੋ ਜਾਂਦਾ ਹੈ।

ਕੇਤੀ ਦਾਤਿ ਜਾਣੈ ਕੌਣੁ ਕੂਤੁ ॥

ਕੌਣੁ: ਕਉਣ, ਭਾਵ ਕੋਈ ਨਹੀਂ; ਕੂਤੁ: ਮਾਪ, ਅੰਦਾਜ਼ਾ।

ਸਤਿਗੁਰ ਦੀ ਮੱਤ ਰਾਹੀਂ ਮਿਲੇ ਚੰਗੇ ਗੁਣਾਂ ਦੀ ਦਾਤ ਹੀ ਵਿਰਲੇ ਮਨ ਦਾ ਰਿਜ਼ਕ ਹੁੰਦਾ ਹੈ। ਜਿਸਨੂੰ ਵਰਤ ਕੇ ਕੂੜ ਮੁਕਤ ਹੋ ਜਾਈਦਾ ਹੈ। ਪਰ ਚੰਗੇ ਗੁਣਾਂ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ ਹੈ।

ਕੀਤਾ ਪਸਾਉ ਏਕੋ ਕਵਾਉ ॥

ਪਸਾਉ: ਪੋਸ਼ਾਕ; ਕਵਾਉ: ਨਿਰਮਲ ਉਪਦੇਸ਼।

ਵਿਰਲੇ ਮਨ ਨੂੰ ਸਮਝ ਪੈਂਦੀ ਹੈ ਕਿ ਚੰਗੇ ਖਿਆਲਾਂ ਤੇ ਸੱਚ ਦੇ ਨਿਰਮਲ ਉਪਦੇਸ਼ਾਂ ਦੀ ਪੋਸ਼ਾਕ ਪਾਇਆਂ ਹੀ ਵਿਕਾਰੀ ਮੱਤ ਤੋਂ ਢਕੇ ਰਹਿੰਦਾ ਹੈ।

ਤਿਸ ਤੇ ਹੋਏ ਲਖ ਦਰੀਆਉ ॥

ਚੰਗੇ ਗੁਣਾਂ ਵਾਲੀ ਵਾਤ ਦੇ ਕਵਾਉ ਸਦਕਾ ਬੇਅੰਤ ਦਰਿਆ ਭਾਵ ਚੰਗੇ ਖਿਆਲਾਂ ਦੇ ਵਹਿਣ ਵਗਣ ਲਗ ਪੈਂਦੇ ਹਨ। ਭਾਵ ਅੰਮ੍ਰਿਤ ਦੇ ਚਸ਼ਮੇ ਫੁਟ ਪੈਂਦੇ ਹਨ।

ਕੁਦਰਤਿ ਕਵਣ ਕਹਾ ਵੀਚਾਰੁ ॥

ਵਿਰਲਾ ਮਨ ਚੰਗੇ ਗੁਣਾਂ ਦੇ ਬਲ ਦਾ ਅੰਦਾਜ਼ਾ ਲਗਾਉਣ (ਵਿਚਾਰ ਕਰਨ) ਤੋਂ ਅਸਮਰਥਤਾ ਵਿਚ ਵਿਸਮਾਦਤ ਹੋ ਕੇ ਸਮਰਪਣ ਦੀ ਅਵਸਥਾ ਨੂੰ ਮਾਣਦਾ ਹੈ।

ਵਾਰਿਆ ਨ ਜਾਵਾ ਏਕ ਵਾਰ ॥

ਵਿਰਲਾ ਮਨ ਚੰਗੇ ਗੁਣਾਂ ਦੇ ਬਲ ਦਾ ਅੰਦਾਜ਼ਾ ਲਗਾਉਣ (ਵਿਚਾਰ ਕਰਨ) ਤੋਂ ਅਸਮਰਥਤਾ ਵਿਚ ਵਿਸਮਾਦਤ ਹੋ ਕੇ ਸਮਰਪਣ ਦੀ ਅਵਸਥਾ ਨੂੰ ਮਾਣਦਾ ਹੈ।

ਜੋ ਤੁਧੁ ਭਾਵੈ ਸਾਈ ਭਲੀ ਕਾਰ ॥

ਭਾਵੈ: ਪਸੰਦ।

ਵਿਰਲੇ ਮਨ ਨੂੰ ਸੂਝ ਪੈਂਦੀ ਹੈ ਕਿ ਸਤਿਗੁਰ ਦੀ ਮੱਤ ਨੂੰ ਪਸੰਦ ਕਰੋ ਅਤੇ ਉਸ ਅਨੁਸਾਰ ਜੀਵੋ ਤਾਂ ਭਲਾ ਹੀ ਹੈ। ਭਾਵ ਸਚਿਆਰ ਬਣਨ ਵਾਲੇ ਮਨ ਲਈ ਸਤਿਗੁਰ ਦੀ ਮੱਤ ਅਨੁਸਾਰ ਜਿਊਣਾ ਹੀ ਭਲੀਕਾਰ ਹੈ।

ਤੂ ਸਦਾ ਸਲਾਮਤਿ ਨਿਰੰਕਾਰ ॥16॥

ਸਤਿਗੁਰ ਦੀ ਮੱਤ ਤੋਂ ਪ੍ਰਾਪਤ ਸਲਾਮਤੀ ਸੁਨੇਹਿਆਂ ਨੂੰ ਸਦੀਵੀ ਸੁਭਾ ’ਚ ਦ੍ਰਿੜ ਕਰਕੇ ਮਨ ਕੀ ਮੱਤ ਤੋਂ ਛੁੱਟ ਜਾਈਦਾ ਹੈ।

ਨੋਟ: ਪਉੜੀ ਨੰਬਰ 16 ਤੋਂ 19 ਦੇ ਅਖੀਰ ਤੇ ਦਰਜ ਪੰਕਤੀਆਂ ‘ਵਾਰਿਆ ਨ ਜਾਵਾ ਏਕ ਵਾਰ ॥ ਜੋ ਤੁਧੁ ਭਾਵੈ ਸਾਈ ਭਲੀ ਕਾਰ ॥ ਤੂ ਸਦਾ ਸਲਾਮਤਿ ਨਿਰੰਕਾਰ ॥’ ਰਹਾਉ ਵਾਂਗੂੰ ਕੇਂਦਰੀ ਭਾਵ ਹਨ।

ਨੋਟ: ‘ਤੂ ਸਦਾ’ ਦਾ ਭਾਵ ਹੈ ਕਿ ਕੂੜ ਖਿਆਲਾਂ ਤੋਂ ਮੁਕਤ ਮਨ। ਸਤਿਗੁਰ ਦਾ ਰੱਬੀ ਸੁਨੇਹਾ ਹੀ ਸਦੀਵੀ ਸਲਾਮਤ ਰੱਖਣ ਵਾਲਾ ਹੈ। ਅਨੇਕਾਂ ਚੰਗੇ ਖਿਆਲ ਸਤਿਗੁਰੁ ਦੀ ਮੱਤ ਰਾਹੀਂ ਆਉਂਦੇ ਹਨ। ਮਨ ਕੀ ਮੱਤ ਕਾਰਨ ਅਨੇਕਾਂ ਮੰਦੇ ਖਿਆਲ ਵੀ ਉਪਜਦੇ ਹਨ। ਅਗਲੀਆਂ ਪਉੜੀਆਂ ਵਿਚ 17, 18, 19 ਵਿਚ ਚੰਗੇ ਮੰਦੇ ਖਿਆਲ ਵਿਚਾਰੇ ਹਨ।

ਵੀਰ ਭੁਪਿੰਦਰ ਸਿੰਘ




.