.

ਲੜੀ ਵਾਰ (ਸੰ: ੩੪ ਤੋਂ ੩੬) (ਭਾਗ-ਅਠਵਾਂ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾ `ਤੇ ਆਧਾਰਿਤ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

ਨਾਨਕ ਮਨ ਹੀ ਤੇ ਮਨੁ ਮਾਨਿਆ,

ਨਾ ਕਿਛੁ ਮਰੈ ਨ ਜਾਇ”

(ਸੰ: ੩੪) “ਮਃ ੩॥ ਇਹੁ ਮਨੁ ਕੇਤੜਿਆ ਜੁਗ ਭਰਮਿਆ, ਥਿਰੁ ਰਹੈ ਨ ਆਵੈ ਜਾਇ॥ ਹਰਿ ਭਾਣਾ ਤਾ ਭਰਮਾਇਅਨੁ, ਕਰਿ ਪਰਪੰਚੁ ਖੇਲੁ ਉਪਾਇ॥ ਜਾ ਹਰਿ ਬਖਸੇ ਤਾ ਗੁਰੁ ਮਿਲੈ, ਅਸਥਿਰੁ ਰਹੈ ਸਮਾਇ॥ ਨਾਨਕ ਮਨ ਹੀ ਤੇ ਮਨੁ ਮਾਨਿਆ, ਨਾ ਕਿਛੁ ਮਰੈ ਨ ਜਾਇ” (ਪੰ: ੫੧੩)।

ਤਾਂ ਤੇ ਕੁੱਝ ਵਿਚਾਰ “ਇਹੁ ਮਨੁ ਕੇਤੜਿਆ ਜੁਗ ਭਰਮਿਆ” ਬਾਰੇ- ਅਨੰਤ ਜੂਨਾਂ `ਚ ਭਟਕਦੇ ਹੋਏ ਜੀਵ ਲਈ ਚੇਤਾਇਆ ਹੈ, “ਭਈ ਪਰਾਪਤਿ ਮਾਨੁਖ ਦੇਹੁਰੀਆ।। ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਐ ਭਾਈ! ਤੇਰਾ ਇਹ ਨੁੱਖਾ ਜਨਮ ਇਕੋ ਇੱਕ ਅਜਿਹੀ ਜੂਨ ਬਰੀਆ ਤੇ ਸੁ-ਅਵਸਰ ਹੈ ਜਦੋਂ ਤੂੰ ਸ਼ਬਦ ਗੁਰੂ ਦੀ ਕਮਾਈ ਕਰਕੇ ਵਾਪਿਸ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਸਕਦਾ ਹੈਂ।

ਮਨ ਦੀ ਹਉਮੈ ਕਾਰਣ, ਪਿਛਲਾ ਮਨੁੱਖਾ ਜਨਮ ਬਿਰਥਾ ਹੋਣ `ਤੇ “ਇਹੁ ਮਨੁ ਕੇਤੜਿਆ ਜੁਗ ਭਰਮਿਆ” ਜੀਵ ਪ੍ਰਭੂ ਤੋਂ ਵਿਛੜਿਆ ਹੋਇਆ ਭਿੰਨ ਭਿੰਨ ਜਨਮਾਂ-ਜੂਨਾਂ-ਗਰਭਾਂ ਦੇ ਲੰਮਾਂ ਸਮਾਂ ਦੁਖ ਭੋਗ ਰਿਹਾ ਹੁੰਦਾ ਹੈ ਅਤੇ ਉਸ ਜਨਮ ਦੌਰਾਨ ਆਪਣੇ ਕੀਤੇ ਹੋਏ ਕਰਮਾਂ ਕਾਰਣ ਪਛਤਾਅ ਵੀ ਰਿਹਾ ਹੁੰਦਾ ਹੈ।

ਜਦਕਿ ਉਹੀ ਜੀਵ ਜਦੋਂ ਫ਼ਿਰ ਤੋਂ ਪ੍ਰਾਪਤ ਕਿਸੇ ਮਨੁੱਖਾ ਜਨਮ ਸਮੇਂ ਸ਼ਬਦ-ਗੁਰੂ ਦੀ ਕਮਾਈ ਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਜਾਂਦਾ ਹੈ ਤਾਂ ਇਸਦੀ ਚਿਰਾਂ ਤੋਂ ਪ੍ਰਭੂ ਤੋਂ ਬਣੀ ਹੋਈ ਵਿੱਥ ਤੇ ਵਿਛੌੜੇ ਤੋਂ, ਕਰਤੇ ਦੀ ਬਖ਼ਸ਼ਿਸ਼ ਸਦਕਾ ਸਹਿਜੇ ਹੀ ਛੁਟਕਾਰਾ ਵੀ ਹੋ ਜਾਂਦਾ ਹੈ।

ਦਰਅਸਲ ਇਹੀ ਹੁੰਦਾ ਹੈ ਮਨੁੱਖਾ ਜਨਮ ਦਾ ਇਕੋ-ਇਕ ਮਕਸਦ, ਵਿਸ਼ੇਸ਼ਤਾ, ਅਮੁੱਲਤਾ, ਸਫ਼ਲਤਾ ਜਾਂ ਇਸਦਾ ਸਚਿਆਰਾ ਤੇ ਦੁਰਲਭ ਆਦਿ ਹੋਣਾ। ਮਨੁੱਖਾ ਜਨਮ ਦੇ ਇਸੇ ਮਕਸਦ ਦੀ ਲਈ ਹੀ ਇਸ ਜੂਨ ਸਮੇਂ ਜੀਵ ਨੂੰ ‘ਮਨ’ ਵਾਲੀ ਨਿਵੇਕਲੀ ਦਾਤ ਮਿਲਦੀ ਹੈ। ਉਹ ਮਨ ਜਿਹੜਾ ਮੂਲ ਰੂਪ `ਚ ਪ੍ਰਭੂ ਦੀ ਜੋਤ ਦਾ ਹੀ ਵਿਸਤਾਰ ਹੁੰਦਾ ਹੈ ਅਤੇ ਇਸ ਦਾ ਅੰਤ ਵੀ ਪ੍ਰਭੂ `ਚ ਅਭੇਦ ਹੋ ਕੇ ਅਥਵਾ ਪ੍ਰਭੂ `ਚ ਸਮਾਅ ਕੇ ਹੀ ਹੋਣਾ ਹੁੰਦਾ ਹੈ ਜਿਵੇਂ:-

“ਮਨ ਤੂੰ ਜੋਤਿ ਸਰੂਪੁ ਹੈ, ਆਪਣਾ ਮੂਲੁ ਪਛਾਣੁ॥ ਮਨ ਹਰਿ ਜੀ ਤੇਰੈ ਨਾਲਿ ਹੈ, ਗੁਰਮਤੀ ਰੰਗੁ ਮਾਣੁ” (ਪੰ: ੪੪੧) ਇਸੇ ਲਈ ਤਾਂ ਚੇਤਾਇਆ ਹੈ “ਮਨ ਤੂੰ ਜੋਤਿ ਸਰੂਪੁ ਹੈ … “ ਮਨ! ਤੂੰ ਪ੍ਰਭੂ ਤੋਂ ਵੱਖਰਾ ਨਹੀਂ, ਲੋੜ ਹੈ ਕਿ ਤੂੰ ਆਪਣੀ ਅਸਲੀਅਤ ਦੀ ਪਹਿਚਾਣ ਕਰ। ਨਿਜ ਰੂਪ `ਚ ਆਉਣ ਲਈ “ਗੁਰਮਤੀ ਰੰਗੁ ਮਾਣੁ” “ਤੂੰ ਸ਼ਬਦ-ਗੁਰੂ ਦੀ ਕਮਾਈ ਕਰ `ਤੇ ਸਦੀਵੀ ਅਨੰਦ ਮਾਨ, ਇਸ ਤਰੀਕੇ ਤੂੰ ਆਪਣੇ ਮੂਲ ਪ੍ਰਭੂ `ਚ ਸਮਾਅ ਜਾਵੇਂਗਾ

ਇਸ ਦੇ ਬਾਵਜੂਦ “ਇਹੁ ਮਨੁ ਕੇਤੜਿਆ ਜੁਗ ਭਰਮਿਆ, ਥਿਰੁ ਰਹੈ ਨ ਆਵੈ ਜਾਇ … “ਅਥਵਾ “ਆਵਣੁ ਜਾਣਾ ਜੰਮਣੁ ਮਰਣਾ ਮਨਮੁਖਿ ਪਤਿ ਗਵਾਈ” (ਪੰ: ੩੧) ਆਦਿ ਗੁਰ ਪ੍ਰਮਾਣਾ ਅਨੁਸਾਰ, ਮਨੁੱਖਾ ਜਨਮ ਪਾ ਕੇ ਵੀ ਜਦੋਂ ਮਨ ਸ਼ਬਦ-ਗੁਰੂ ਦੀ ਸ਼ਰਣ `ਚ ਨਹੀਂ ਆਉਂਦਾ। ਇਹ ਹਊਮੈ ਵੱਸ ਆਪਹੁੱਦਰਾ, ਮਨਮਤੀਆ ਹੋ ਕੇ ਚਲਦਾ ਹੈ ਤਾਂ ਇਹ ਆਪਣੇ ਮੂਲ ਪ੍ਰਭੂ ਤੋਂ ਪਹਿਲਾਂ ਵਾਂਙ ਵਿੱਛੜਿਆ ਹੀ ਰਹਿੰਦਾ ਹੈ। ਉਪ੍ਰੋਕਤ ਫ਼ੁਰਮਾਨ ਤੇ ਸਲੋਕ ਉਸੇ ਸੰਬੰਧ `ਚ ਹੈ

ਤਾਂ ਤੇ ਸਮਝਣਾ ਹੈ ਕਿ ਸਰੀਰ ਮਨੁੱਖ ਦਾ ਹੋਵੇ ਜਾਂ ਕੋਈ ਤੇ ਕਿਸੇ ਵੀ ਜੂਨ ਸਮੇ, ਹਰੇਕ ਸਰੀਰ ਦਾ ਅੰਤ ਆਪਣੇ ਸਮੇ ਨਾਲ ਹੋਣਾ ਹੁੰਦਾ ਹੈ। ਜਦਕਿ “ਇਸੁ ਮਨ ਕਉ ਕੋਈ ਖੋਜਹੁ ਭਾਈ॥ ਤਨ ਛੂਟੇ ਮਨੁ ਕਹਾ ਸਮਾਈ?” (ਪੰ: ੩੩੦) ਅਨੁਸਾਰ ਸਰੀਰ ਨਾਲ ਮਨੁੱਖੀ ਮਨ ਦਾ ਅੰਤ ਨਹੀਂ ਹੁੰਦਾ ਜਿਵੇਂ। ਕਿਉਂਕਿ ਗੁਰਬਾਣੀ ਅਨੁਸਾਰ “ਮਨ”, ਹੈ ਹੀ ਸਰੀਰ ਤੋਂ ਬਿਲਕੁਲ ਵੱਖਰਾ ਵਿਸ਼ਾ।

ਬਲਕਿ “ਗੁਰਮੁਖਿ ਲਾਧਾ ਮਨਮੁਖਿ ਗਵਾਇਆ॥ ਤੁਧੁ ਆਪਿ ਵਿਛੋੜਿਆ ਆਪਿ ਮਿਲਾਇਆ” ਵਾਲੇ ਗੁਰ ਫ਼ੁਰਮਾਨ `ਚ ਵੀ ਦੇਖਣਾ ਹੈ “ਗੁਰਮੁਖ” ਤੇ ਭਾਵੇਂ “ਮਨਮੁਖ” ਪਰ ਵਿਸ਼ਾ ਦੋਵੇਂ ਪਾਸੇ ਮਨ ਦਾ ਹੀ ਹੈ। ਫ਼ਰਕ ਹੈ ਤਾਂ ਇਹ ਕਿ ਮਨਮੁਖ ਦਾ “ਮਨ” ਸਰੀਰਕ ਮੌਤ ਤੋਂ ਬਾਅਦ ਵੀ ਖ਼ਤਮ ਨਹੀਂ ਹੁੰਦਾ ਤੇ ਭਿੰਨ ਭਿੰਨ ਜੂਨਾਂ, ਜਨਮਾਂ ਤੇ ਗਰਭਾਂ ਦੇ ਰੂਪ `ਚ ਹੀ ਭਟਕਦਾ ਹੈ।

ਜਦਕਿ “ਸਫਲ ਸਫਲ ਭਈ ਸਫਲ ਜਾਤ੍ਰਾ॥ ਆਵਣ ਜਾਣ ਰਹੇ ਮਿਲੇ ਸਾਧਾ” (ਪੰ: ੬੮੭) ਅਨੁਸਾਰ ਗੁਰਮੁਖ ਦਾ “ਮਨ” ਜੀਂਦੇ ਜੀਅ ਹੀ ਆਪਣੇ ਅਸਲੇ ਤੇ ਮੂਲ ਪ੍ਰਭੂ `ਚ ਸਮਾਅ ਜਾਂਦਾ ਹੈ। ਉਪ੍ਰੰਤ ਸਰੀਰਕ ਮੌਤ ਤੋਂ ਬਾਅਦ ਵੀ “ਗੁਰਮੁਖ” ਮੁੜ ਜਨਮਾਂ-ਜੂਨਾਂ ਤੇ ਗਰਭਾਂ ਦੇ ਗੇੜ `ਚ ਨਹੀਂ ਆਉਂਦਾ, ਪ੍ਰਭੂ ਨਾਲ ਹੀ ਅਭੇਦ ਤੇ ਇਕ-ਮਿੱਕ ਹੋ ਜਾਂਦਾ ਹੈ।

ਇਸ ਤਰ੍ਹਾਂ ਮਨੁੱਖਾ ਸਰੀਰ ਅੰਦਰਲਾ ਮਨ ਜਿਹੜਾ ਪ੍ਰਭੂ ਦੀ ਜੋਤ ਦਾ ਹੀ ਵਿਸਤਾਰ ਹੁੰਦਾ ਹੈ, ਉਸੇ ਮਨ ਲਈ ਫ਼ੁਰਮਾਇਆ ਹੈ, “ਪੁੰਨੀ ਪਾਪੀ, ਆਖਣੁ ਨਾਹਿ॥ ਕਰਿ ਕਰਿ ਕਰਣਾ, ਲਿਖਿ ਲੈ ਜਾਹੁ, ॥ ਆਪੇ ਬੀਜਿ, ਆਪੇ ਹੀ ਖਾਹੁ, ਨਾਨਕ, ਹੁਕਮੀ ਆਵਹੁ ਜਾਹੁ” (ਬਾਣੀ ਜਪੁ) ਭਾਵ ਹਊਮੈ ਵੱਸ ਕੀਤੇ ਚੰਗੇ ਤੇ ਭਾਵੇਂ ਮਾੜੇ, ਸਮੂਹ ਕਰਮਾ ਅਨੁਸਾਰ ਇਸ ਮਨ ਨੂੰ ਮੁੜ ਉਨ੍ਹਾਂ ਹੀ ਭਿੰਨ-ਭਿੰਨ ਜਨਮਾਂ-ਜੂਨਾਂ ਤੇ ਗਰਭਾਂ ਦੇ ਲੰਮੇ ਗੇੜ `ਚ ਪੈਣਾ ਤੇ ਪਛਤਾਉਣਾ ਵੀ ਪੈਂਦਾ ਹੈ। ਤਾਂ ਹੀ ਇਥੇ ਫ਼ੁਰਮਾਇਆ ਹੈ:-

“ਇਹੁ ਮਨੁ ਕੇਤੜਿਆ ਜੁਗ ਭਰਮਿਆ, ਥਿਰੁ ਰਹੈ ਨ ਆਵੈ ਜਾਇ॥ ਹਰਿ ਭਾਣਾ ਤਾ ਭਰਮਾਇਅਨੁ, ਕਰਿ ਪਰਪੰਚੁ ਖੇਲੁ ਉਪਾਇ॥ ਜਾ ਹਰਿ ਬਖਸੇ ਤਾ ਗੁਰੁ ਮਿਲੈ, ਅਸਥਿਰੁ ਰਹੈ ਸਮਾਇ॥ ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ” (ਪੰ: ੫੧੩)। ਇਸ ਤਰ੍ਹਾਂ ਸਪਸ਼ਟ ਕੀਤਾ ਹੋਇਆ ਹੈ:-

“ਅਨੇਕ ਜੂਨੀ ਭਰਮਿ ਆਵੈ ਵਿਣੁ ਸਤਿਗੁਰ ਮੁਕਤਿ ਨ ਪਾਏ॥ ਫਿਰਿ ਮੁਕਤਿ ਪਾਏ ਲਾਗਿ ਚਰਣੀ….” (ਪੰ: ੯੨੦) ਜੂਨਾਂ ਦੇ ਲੰਮੇ ਗੇੜ `ਚ ਪਿਆ ਮਨ, ਜੇ ਫ਼ਿਰ ਤੋਂ ਪ੍ਰਾਪਤ ਕਿਸੇ ਮਨੁੱਖਾ ਜਨਮ ਸਮੇਂ, ਪ੍ਰਭੂ ਦੀ ਬਖ਼ਸ਼ਿਸ਼ ਸਦਕਾ ਸ਼ਬਦ-ਗੁਰੂ ਦੀ ਸ਼ਰਣ `ਚ ਆ ਕੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਜਾਵੇ ਤਾਂ:-

“ਨਾਨਕ ਮਨ ਹੀ ਤੇ ਮਨੁ ਮਾਨਿਆ ਨਾ ਕਿਛੁ ਮਰੈ ਨ ਜਾਇ” ਅਨੁਸਾਰ ਇਸਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। ਮਨ ਵਾਪਿਸ ਅਸਲੇ ਪ੍ਰਭੂ `ਚ ਸਮਾਅ ਜਾਂਦਾ ਹੈ। ਇਹ ਜੀਂਦੇ ਜੀਅ “ਜੋਤੀ ਜੋਤਿ ਮਿਲੀ ਸੁਖੁ ਪਾਇਆ…” (ਪੰ: ੯੭) ਪ੍ਰਭੂ `ਚ ਅਭੇਦ ਹੋ ਜਾਂਦਾ ਹੈ ਤੇ ਸਰੀਰ ਦੇ ਬਿਨਸਨ ਬਾਅਦ ਵੀ ਮਨ ਸਦਾ ਲਈ ਆਪਣੇ ਆਪਣੇ ਮੂਲ ਪ੍ਰਭੂ ਨਾਲ ਇਕ-ਮਿਕ ਹੋ ਜਾਂਦਾ ਹੈ।

ਇਸ ਤਰ੍ਹਾਂ ਇਸ ਦਾ ਲੰਮੇਂ ਸਮੇ ਤੋਂ ਚਲਦਾ ਆ ਰਿਹਾ ਜਨਮ-ਮਰਨ ਤੇ ਜੂਨਾਂ-ਗਰਭਾਂ ਵਾਲਾ ਗੇੜ ਸਦਾ ਲਈ ਖ਼ਤਮ ਹੋ ਜਾਂਦਾ ਹੈ, ਮੁੱਕ ਜਾਂਦਾ ਹੈ, ਸਮਾਪਤ ਹੋ ਜਾਂਦਾ ਹੈ। (ਪੰ: ੫੧੩)

ਅਗੈ ਨਾਉ ਜਾਤਿ ਨ ਜਾਇਸੀ, ਮਨਮੁਖਿ ਦੁਖੁ ਖਾਤਾ

(ਸੰ: ੩੫) ਪਉੜੀ॥ ਏ ਮਨਾ ਅਤਿ ਲੋਭੀਆ, ਨਿਤ ਲੋਭੇ ਰਾਤਾ॥ ਮਾਇਆ ਮਨਸਾ ਮੋਹਣੀ, ਦਹਦਿਸ ਫਿਰਾਤਾ॥ ਅਗੈ ਨਾਉ ਜਾਤਿ ਨ ਜਾਇਸੀ, ਮਨਮੁਖਿ ਦੁਖੁ ਖਾਤਾ॥ ਰਸਨਾ ਹਰਿ ਰਸੁ ਨ ਚਖਿਓ, ਫੀਕਾ ਬੋਲਾਤਾ॥ ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ, ਸੇ ਜਨ ਤ੍ਰਿਪਤਾਤਾ॥ {ਪੰ: ੫੧੪}

ਅਰਥ-ਪਉੜੀ `ਚ ਗੁਰਦੇਵ ਨੇ ਮਨ ਨੂੰ ਚੇਤਾਇਆ ਹੈ ਐ ਲੋਭੀ ਮਨ! ਤੂੰ ਮਨਮੁਖ ਹੈਂ ਇਸੇ ਲਈ ਤੂੰ, ਹਰ ਸਮੇਂ ਮਾਇਕ ਪ੍ਰਾਪਤੀਆਂ ਦੇ ਲੋਭ `ਚ ਡੁੱਬਾ ਤੇ ਮੋਹ ਮਾਇਆ ਦੇ ਚੁੰਗਲ `ਚ ਫ਼ਸਿਆ, ਜੀਵਨ ਭਰ ਭਟਕਦਾ ਰਹਿੰਦਾ ਹੈਂ।

ਬਹੁਤ ਵਾਰੀ ਤਾਂ ਤੈਨੂੰ ਜਾਤ ਤੇ ਨਾਮਨੇ ਆਦਿ ਦਾ ਵੀ ਗ਼ੁਮਾਨ ਹੁੰਦਾ ਹੈ ਜਿਹੜਾ ਤੇਰੇ ਇਸ ਜੀਵਨ ਨੂੰ ਹੋਰ ਵੀ ਗੰਦਾ ਕਰਦਾ ਹੈ। “ਅਗੈ ਨਾਉ ਜਾਤਿ ਨ ਜਾਇਸੀ ਮਨਮੁਖਿ ਦੁਖੁ ਖਾਤਾ” ਪਰ ਪ੍ਰਭੂ ਦੇ ਦਰ `ਤੇ ਕਬੂਲ ਹੋਣ ਲਈ ਪ੍ਰਭੂ ਦੇ ਸੱਚ ਨਿਆਂ `ਚ ਅਜਿਹੀਆਂ ਸੰਸਾਰਕ ਵਡਿਆਈਆਂ ਦਾ ਕੁੱਝ ਮੁੱਲ ਨਹੀਂ।

ਇਹੀ ਨਹੀਂ, ਮਨੁੱਖਾ ਜਨਮ ਸਮੇਂ ਪ੍ਰਭੂ ਦੇ ਗੁਣ ਗਾਉਣ ਲਈ, ਤੈਨੂੰ ਜੀਭ ਵੀ ਮਿਲੀ ਹੁੰਦੀ ਹੈ। “ਰਸਨਾ ਹਰਿ ਰਸੁ ਨ ਚਖਿਓ” ਪਰ ਤੂੰ ਇਸ ਜੀਭ ਨੂੰ ਵੀ ਪ੍ਰਭੂ ਦੇ ਗੁਣ ਗਾਉਣ ਤੇ ਆਪਣੇ ਪ੍ਰਾਪਤ ਜਨਮ ਨੂੰ ਸਫ਼ਲ ਕਰਣ ਲਈ ਨਹੀਂ ਵਰਤਦਾ।

ਬਲਕਿ ਇਸ ਰਸਨਾ ਤੋਂ “ਫੀਕਾ ਬੋਲਾਤਾ” ਤੇਰੇ ਬੋਲਾਂ `ਚ ਵੀ ਹਰ ਸਮੇਂ ਮਾਇਕ ਤੇ ਕੱਚੇ ਰਸ ਹੀ ਭਰਪੂਰ ਰਹਿੰਦੇ ਹਨ। ਮਾਇਕ ਪਦਾਰਥਾਂ ਦੀ ਵਧ ਤੋਂ ਵਧ ਪ੍ਰਾਪਤੀ ਲਈ ਤੇਰੇ ਅੰਦਰਲੀ ਤ੍ਰਿਸ਼ਨਾ ਵਾਲੀ ਅੱਗ, ਇਸ ਲੋਭ ਤੇ ਮੋਹ ਨੂੰ ਹੋਰ ਤੇ ਹੋਰ ਵਧਾਉਂਦੀ ਹੈ। ਤ੍ਰਿਸ਼ਨਾ ਦੀ ਅੱਗ `ਚ ਸੜਦਾ ਰਹਿ ਕੇ ਤੂੰ ਜੀਵਨ ਭਰ ਵਿਕਾਰਾਂ ਦੀ ਮਾਰ ਖਾਂਦਾ ਤੇ ਖੁਆਰੀਆਂ ਭੋਗਦਾ ਹੈ।

“ਅਗੈ…ਮਨਮੁਖਿ ਦੁਖੁ ਖਾਤਾ” ਐ ਮਨਾ ਤੂੰ ਚੇਤੇ ਰਖ! ਇਸੇ ਤੋਂ ਹਰ ਸਮੇਂ ਤੇਰੇ ਜੀਵਨ `ਚ ਭਟਕਣਾ, ਚਿੰਤਾ-ਝੋਰੇ, ਮਾਨਸਿਕ ਉਖਾੜ ਅਦਿ ਭਾਰੂ ਰਹਿੰਦੇ ਹਨ। ਅਜਿਹੇ ਮਨਮੁਖ ਜੀਵ ਦੀ ਪ੍ਰਭੂ ਤੋਂ ਚਲਦੀ ਆ ਰਹੀ ਵਿੱਥ `ਚ ਵੀ ਹੋਰ ਵਾਧਾ ਹੁੰਦਾ ਜਾਂਦਾ ਹੈ। ਇਸ ਤਰ੍ਹਾਂ ਇਸ ਦਾ ਵਿਛੋੜੇ ਵਾਲਾ ‘ਦੁਖੁ’ ਹੋਰ ਤੇ ਹੋਰ ਲੰਮਾਂ ਹੁੰਦਾ ਜਾਂਦਾ ਹੈ।

ਉਸੇ ਦਾ ਨਤੀਜਾ, ਪ੍ਰਭੂ ਦੇ ਸੱਚ ਨਿਆਂ `ਚ ਅਜਿਹਾ ਮਨਮੁਖ, ਮੌਤ ਤੋਂ ਬਾਅਦ ਵੀ, ਪ੍ਰਭੂ ਦੇ ਦਰ `ਤੇ ਕਬੂਲ ਨਹੀਂ ਹੁੰਦਾ। ਉਸ ਦਾ ਪ੍ਰਾਪਤ ਮਨੁੱਖਾ ਜਨਮ ਵੀ ਬਿਰਥਾ ਹੋ ਜਾਂਦਾ ਹੈ। ਪ੍ਰਭੂ `ਚ ਸਮਾਉਣ ਦੀ ਬਜਾਏ ਉਸ ਨੂੰ ਕੀਤੇ ਕਰਮਾਂ ਅਨੁਸਾਰ ਮੁੜ ਉਨ੍ਹਾਂ ਹੀ ਭਿੰਨ ਭਿੰਨ ਜੂਨਾਂ ਤੇ ਗਰਭਾਂ ਦੇ ਗੇੜ `ਚ ਪਾ ਦਿੱਤਾ ਜਾਂਦਾ ਹੈ।

ਇਸ ਦੇ ਉਲਟ, “ਜਿਨਾ ਗੁਰਮੁਖਿ ਅੰਮ੍ਰਿਤੁ ਚਾਖਿਆ, ਸੇ ਜਨ ਤ੍ਰਿਪਤਾਤਾ” ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਨਾਮ-ਅੰਮ੍ਰਿਤ ਚੱਖਿਆ ਹੁੰਦਾ ਹੈ ਉਹ ਰੱਜ ਜਾਂਦੇ ਹਨ, ਤ੍ਰਿਪਤ ਹੋ ਜਾਂਦੇ ਹਨ; ਉਨ੍ਹਾਂ ਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ, ਉਹ ਮੁੜ ਜੂਨਾਂ-ਜਨਮਾਂ ਦੇ ਗੇੜ `ਚ ਨਹੀਂ ਆਉਂਦੇ ਤੇ ਵਾਪਿਸ ਆਪਣੇ ਮੂਲ ਪ੍ਰਭੂ `ਚ ਹੀ ਸਮਾਅ ਜਾਂਦੇ ਹਨ। {ਪੰ: ੫੧੪}

“ਬਰਸਨਾ ਤ ਬਰਸੁ ਘਨਾ, ਬਹੁੜਿ ਬਰਸਹਿ ਕਾਹਿ”

ਤਾਂ ਤੇ ਉਪ੍ਰੋਕਤ ਪੂਰਾ ਸਲੋਕ ਇਸ ਤਰ੍ਹਾਂ ਹੈ:-

“ਖੇਤਿ ਮਿਆਲਾ ਉਚੀਆ ਘਰੁ ਉਚਾ ਨਿਰਣਉ॥ ਮਹਲ ਭਗਤੀ ਘਰਿ ਸਰੈ ਸਜਣ ਪਾਹੁਣਿਅਉ॥ ਬਰਸਨਾ ਤ ਬਰਸੁ ਘਨਾ ਬਹੁੜਿ ਬਰਸਹਿ ਕਾਹਿ॥ ਨਾਨਕ ਤਿਨੑ ਬਲਿਹਾਰਣੈ ਜਿਨੑ ਗੁਰਮੁਖਿ ਪਾਇਆ ਮਨ ਮਾਹਿ” (ਪੰ: ੫੧੭)

ਜਦਕਿ ਉਪ੍ਰੋਕਤ ਪੰਕਤੀ ਇਸ ਪੂਰੇ ਸਲੋਕ ਦਾ ਹੀ ਮੂਲ ਭਾਵ ਹੈ। ਇਥੇ ਜੀਵ ਇਸਤ੍ਰੀ ਵੱਲੋਂ ਸਤਿਗੁਰਾਂ ਦੇ ਚਰਣਾਂ `ਚ ਪ੍ਰਭੂ ਮਿਲਾਪ ਲਈ ਆਪਣੇ ਮਨ ਦੀ ਉਸ ਬੇਹਬਲਤਾ ਦਾ ਪ੍ਰਗਟਾਵਾ ਹੈ ਜਿਹੜੀ “ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ” (ਪੰ: ੧੨੯੨) ਵਾਲੇ ਨਾਮਦੇਵ ਜੀ ਦੇ ਸ਼ਬਦ `ਚ।

ਫ਼ੁਰਮਾਨ ਹੈ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨)। ਫ਼ਿਰ ਇਹ ਅਵਸਰ ਤੇ ਬਰੀਆ ਪਾ ਕੇ ਵੀ ਮਨੁੱਖ ਜਦੋਂ ਸ਼ਬਦ-ਗੁਰੂ ਦੀ ਕਮਾਈ ਨਹੀਂ ਕਰਦਾ, ਪ੍ਰਭੂ ਦੀ ਸਿਫ਼ਤ ਸਲਾਹ ਨਾਲ ਨਹੀਂ ਜੁੜਦਾ ਤਾਂ ਇਸ ਦੀ ਹਾਲਤ “ਜਿਉ ਆਇਆ ਤਿਉ ਜਾਇ ਮਨਮੁਖ ਜਨਮੁ ਬਿਰਥਾ ਗਇਆ, ਕਿਆ ਮੁਹੁ ਦੇਸੀ ਜਾਇ” (ਪੰ: ੩੪) ਵਾਲੀ ਹੀ ਬਣਦੀ ਹੈ, ਉਸਦਾ ਇਹ ਪ੍ਰਾਪਤ ਜਨਮ ਵੀ ਬਿਰਥਾ ਹੋ ਜਾਂਦਾ ਹੈ।

ਜਿਸ ਤੋਂ “ਸਤਿਗੁਰੁ ਜਿਨੀ ਨ ਸੇਵਿਓ, ਸੇ ਕਿਤੁ ਆਏ ਸੰਸਾਰਿ॥ ਜਮ ਦਰਿ ਬਧੇ ਮਾਰੀਅਹਿ ਕੂਕ ਨ ਸੁਣੈ ਪੂਕਾਰ॥ ਬਿਰਥਾ ਜਨਮੁ ਗਵਾਇਆ, ਮਰਿ ਜੰਮਹਿ ਵਾਰੋ ਵਾਰ” (ਪੰ: ੬੯) ਅਨੁਸਾਰ ਜੀਵ ਨੂੰ ਮੁੜ ਉਸੇ ਜਨਮਾਂ-ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਗੇੜ `ਚ ਹੀ ਪੈਣਾ ਪੈਂਦਾ ਹੈ।

ਇਸ ਤਰ੍ਹਾਂ ਜਦੋਂ ਪ੍ਰਾਪਤ ਮਨੁੱਖਾ ਜਨਮ ਵੀ ਬਿਰਥਾ ਚਲਾ ਜਾਵੇ, ਸਫ਼ਲ ਨਾ ਹੋਵੇ ਤਾਂ “ਲਖ ਚਉਰਾਸੀਹ ਫੇਰੁ ਪਇਆ ਕਾਮਣਿ ਦੂਜੈ ਭਾਇ॥ ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ॥ ਬਿਨੁ ਸਬਦੈ ਪਿਰੁ ਨ ਪਾਈਐ ਬਿਰਥਾ ਜਨਮੁ ਗਵਾਇ” (ਪੰ: ੩੧) ਵਾਲੀ ਗੱਲ ਹੀ ਬਣਦੀ ਹੈ। ਉਸ ਲਈ ਜੀਂਦੇ ਜੀਅ ਵੀ ਖੁਆਰੀਆਂ ਤੇ ਸਰੀਰਕ ਮੌਤ ਤੋਂ ਬਾਅਦ ਵੀ ਜਨਮਾਂ-ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਉਹੀ ਗੇੜ ਹੁੰਦੇ ਹਨ।

ਦਰਅਸਲ ਪ੍ਰਭੂ ਵੱਲੋਂ ਜੀਵਨ ਦੀ ਸਫ਼ਲਤਾ ਤੇ ਪ੍ਰਭੂ `ਚ ਅਭੇਦ ਹੋਣ ਲਈ ਇਕੋ ਇੱਕ ਮਨੁੱਖਾ ਜੂਨ ਵਾਲੀ ਬਰੀਆ ਹੀ ਹੁੰਦੀ ਹੈ; ਜਦਕਿ ਬਾਕੀ ਅਨੰਤ ਜੂਨਾਂ ਤੇ ਸਰੀਰ ਕੇਵਲ ਕਰਮ-ਭੋਗੀ ਜੂਨਾਂ ਹੀ ਹੁੰਦੀਆਂ ਹਨ। ਓਦੋਂ ਜੀਵ ਲਈ ਅਜਿਹੀ ਸਫ਼ਲਤਾ ਸੰਭਵ ਹੀ ਨਹਂੀਂ ਹੁੰਦੀ; ਅਸਲ `ਚ ਇਹੀ ਭਾਵ ਹੈ “ਬਹੁੜਿ ਬਰਸਹਿ ਕਾਹਿ” ਦਾ ਜਾਂ “ਮੂਏ ਹੂਏ ਜਉ ਮੁਕਤਿ ਦੇਹੁਗੇ ਮੁਕਤਿ ਨ ਜਾਨੈ ਕੋਇਲਾ” (ਪੰ: ੧੨੯੨) ਦਾ ਵੀ ਭਾਵ ਐ ਪ੍ਰਭੂ! ਬਹੁੜੀ ਕਰ ਤੇ ਮੇਰੇ ਇਸੇ ਜਨਮ ਨੂੰ ਸਫ਼ਲ ਕਰ ਦੇ।

ਜਦਕਿ “ਬਿਨੁ ਗੁਰ ਨੀਦ ਨ ਆਵਈ ਦੁਖੀ ਰੈਣਿ ਵਿਹਾਇ” (ਪੰ: ੩੧) ਅਨੁਸਾਰ ਨਹੀਂ ਤਾਂ ਮਨਮੁਖ ਗੁਰੂ ਵਿਹੂਣੇ ਮਨੁੱਖ ਦਾ ਇਹ ਜਨਮ ਵੀ ਬਾਕੀ ਜੂਨਾਂ ਵਾਂਙ ਕੇਵਲ ਕਰਮ ਭੋਗੀ ਜੂਨ ਬਣ ਕੇ ਹੀ ਰਹਿ ਜਾਂਦਾ ਹੈ। (ਪੰ: ੫੧੭)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠ’ ਪੁਸਤਕਾਂ ਤੇ ਹੋਰ ਲਿਖ਼ਤਾਂ ਜਿਵੇਂ ਹੁਣ ਨਵੀਂ ਅਰੰਭ ਕੀਤੀ ਗਈ ਗੁਰਮੱਤ ਸੰਦੇਸ਼ਾਂ ਵਾਲੀ ਸੀਰੀਜ਼, ਸਭ ਦਾ ਮਕਸਦ ਇਕੋ ਹੀ ਹੈ। ਉਹ ਮਕਸਦ ਹੈ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ “ਗੁਰੂ ਗ੍ਰੰਥ ਸਾਹਿਬ” ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this ਗੁਰਮੱਤ ਸੰਦੇਸ਼ (ਭਾਗ-ਅਠਵਾਂ)

(ਲੜੀ ਵਾਰ (ਸੰ: ੩੪ਤੋਂ ੩੬)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

For all the Self Learning Gurmat Lessons including recently started “Gurmat Sndesh” Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps etc

with the intention of Gurmat Parsar, at quite nominal printing cost i.e. mostly Rs 350/-(in rare cases Rs. 450/- per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.