.

ਲੜੀ ਵਾਰ (ਸੰ: ੩੦ ਤੋਂ ੩੩) (ਭਾਗ ਸਤਵਾਂ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

"ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ…"

ਰਾਗੁ ਗਉੜੀ ਪੂਰਬੀ ਮਹਲਾ ੫॥

(ਸੰ: ੩੦) "ਕਰਉ ਬੇਨੰਤੀ, ਸੁਣਹੁ ਮੇਰੇ ਮੀਤਾ, ਸੰਤ ਟਹਲ ਕੀ ਬੇਲਾ॥ ਈਹਾ ਖਾਟਿ ਚਲਹੁ ਹਰਿ ਲਾਹਾ, ਆਗੈ ਬਸਨੁ ਸੁਹੇਲਾ॥ ੧॥ ਅਉਧ ਘਟੈ ਦਿਨਸੁ ਰੈਣਾ ਰੇ॥ ਮਨ, ਗੁਰ ਮਿਲਿ ਕਾਜ ਸਵਾਰੇ॥ ੧॥ ਰਹਾਉ॥ ਇਹੁ ਸੰਸਾਰੁ ਬਿਕਾਰੁ ਸੰਸੇ ਮਹਿ, ਤਰਿਓ ਬ੍ਰਹਮ ਗਿਆਨੀ॥ ਜਿਸਹਿ ਜਗਾਇ ਪੀਆਵੈ ਇਹੁ ਰਸ, ਅਕਥ ਕਥਾ ਤਿਨਿ ਜਾਨੀ॥ ੨॥ ਜਾ ਕਉ ਆਏ ਸੋਈ ਬਿਹਾਝਹੁ, ਹਰਿ ਗੁਰ ਤੇ ਮਨਹਿ ਬਸੇਰਾ॥ ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ, ਬਹੁਰਿ ਨ ਹੋਇਗੋ ਫੇਰਾ॥ ੩॥ ਅੰਤਰਜਾਮੀ ਪੁਰਖ ਬਿਧਾਤੇ, ਸਰਧਾ ਮਨ ਕੀ ਪੂਰੇ॥ ਨਾਨਕ ਦਾਸੁ ਇਹੈ ਸੁਖੁ ਮਾਗੈ, ਮੋ ਕਉ ਕਰਿ ਸੰਤਨ ਕੀ ਧੂਰੇ॥ ੪॥ {ਪੰ: ੧੩}

ਅਰਥ : —ਹੇ ਮਿੱਤਰੋ ! ਸੁਣੋ ! ਮੈਂ ਬੇਨਤੀ ਕਰਦਾ ਹਾਂ ਕਿ ਮਨੁੱਖਾ ਜਨਮ, ਸਤਸੰਗੀਆਂ ਨਾਲ ਮਿਲ ਕੇ ਪ੍ਰਭੂ ਦੀ ਸਿਫ਼ਤ ਸਲਾਹ ਕਰਣ ਲਈ ਮਿਲਿਆ ਹੈ। ਜੇ ਅਜਿਹਾ ਕਰੋਗੇ, ਤਾਂ ਤੁਹਾਡਾ ਇਹ ਜਨਮ ਵੀ ਸਫ਼ਲ ਹੋਵੇਗਾ ਤੇ ਤੁਹਾਡਾ ਪ੍ਰਲੋਕ ਵੀ ਸੌਖਾ ਹੋ ਜਾਵੇਗਾ ਭਾਵ ਤੁਸੀਂ ਪ੍ਰਭੂ ਦੇ ਦਰ `ਤੇ ਕਬੂਲ ਹੋ ਜਾਵੋਗੇ ਤੁਹਾਡੇ ਜਨਮਾਂ-ਜੂਨਾਂ ਵਾਲੇ ਚਲਦੇ ਆ ਰਹੇ ਗੇੜ ਸਦਾ ਲਈ ਮੁੱਕ ਜਾਣਗੇ ਅਤੇ ਪ੍ਰਾਪਤ ਮਨੁੱਖਾ ਜਨਮ ਵੀ ਸਫ਼ਲਾ ਹੋ ਜਾਵੇਗਾ। ੧।

ਐ ਮੇਰੇ ਮਨ! ਦਿਨ ਤੇ ਰਾਤ ਕਰਕੇ ਉਮਰ ਘੱਟ ਰਹੀ ਹੈ। ਤੂੰ ਸ਼ਬਦ-ਗੁਰੂ ਦੀ ਸ਼ਰਣ `ਚ ਆ, ਸ਼ਬਦ ਗੁਰੂ ਦੀ ਕਮਾਈ ਕਰ ਅਤੇ ਆਪਣੇ ਪ੍ਰਾਪਤ ਮਨੁੱਖਾ ਜਨਮ ਨੂੰ ਸਫ਼ਲਾ ਕਰ ਲੈ। ਰਹਾਉ।

ਇਹ ਸੰਸਾਰ ਵਿਕਾਰਾਂ ਨਾਲ ਭਰਿਆ ਹੋਇਆ ਹੈ, ਇਸੇ ਤੋਂ ਜੀਵ ਵੀ ਤੌਖ਼ਲਿਆਂ `ਚ ਹੀ ਡੁੱਬ ਰਹੇ ਹਨ ਤੇ ਵਿਰਲੇ ਹੀ ਸੰਭਲਦੇ ਹਨ।

ਇਸਤਰ੍ਹਾਂ ਜਿਹੜਾ ਜੀਵਨ ਜੀਂਦੇ ਜੀਅ ਆਪਣੇ ਅਸਲੇ ਪ੍ਰਭੂ `ਚ ਅਭੇਦ ਹੋ ਜਾਂਦਾ ਹੈ; ਅਜਿਹੇ ਹਉਮੈ ਰਹਿਤ ਹੋਏ ਜੀਵ ਨੂੰ ਪ੍ਰਭੂ ਆਪ ਹੀ ਮਾਇਆ ਦੀ ਨੀਂਦ `ਚੋਂ ਜਗਾ ਕੇ ਨਾਮ-ਅੰਮ੍ਰਿਤ ਪਿਲਾਂਦਾ ਹੈ ਅਤੇ ਉਹ ਮਨੁੱਖ ਅਕੱਥ ਪ੍ਰਭੂ ਦੇ ਗੁਣ ਗਾਉਂਦਾ ਹੈ। ੨।

ਹੇ ਭਾਈ! ਜਿਸ ਮਕਸਦ ਦੀ ਪ੍ਰਾਪਤੀ ਲਈ ਤੂੰ ਇਹ ਮਨੁਖਾ ਜਨਮ ਪਾਇਆ ਹੈ, ਕੇਵਲ ਉਸੇ ਮਕਸਦ ਦਾ ਹੀ ਵਣਜ ਕਰੋ। ਪ੍ਰਭੂ ਦੀ ਸਿਫ਼ਤ ਸਲਾਹ ਵਾਲਾ ਮਾਰਗ, ਸ਼ਬਦ-ਗੁਰੂ ਦੀ ਕਮਾਈ ਨਾਲ ਹੀ ਮਿਲਦਾ ਹੈ।

ਜੇ ਸ਼ਬਦ-ਗੁਰੂ ਦੇ ਆਦੇਸ਼ਾਂ ਦਾ ਪਾਲਣ ਕਰਾਂਗੇ ਤਾਂ ਜੀਵਨ ਦਾ ਸਹੀ ਅਨੰਦ ਅਤੇ ਆਤਮਕ ਅਡੋਲਤਾ ਨੂੰ ਪ੍ਰਾਪਤ ਹੋਵਾਂਗੇ।

"ਨਿਜ ਘਰਿ ਮਹਲੁ ਪਾਵਹੁ ਸੁਖ ਸਹਜੇ" ੇ, ਇਸ ਤਰ੍ਹਾਂ ਜੀਂਦੇ ਜੀਅ ਪ੍ਰਭੂ `ਚ ਅਭੇਦ ਹੋ ਜਾਵੋਗੇ ਅਤੇ ਮੌਤ ਤੋਂ ਬਾਅਦ ਵੀ ਪ੍ਰਭੂ `ਚ ਹੀ ਸਮਾ ਜਾਵੋਗੇ। "ਬਹੁਰਿ ਨ ਹੋਇਗੋ ਫੇਰਾ" ਤੁਹਾਨੂੰ ਫ਼ਿਰ ਤੋਂ ਜਨਮਾਂ-ਜੂਨਾਂ ਤੇ ਭਿੰਨ-ਭਿੰਨ ਗਰਭਾਂ ਵਾਲੇ ਗੇੜ `ਚ ਨਹੀਂ ਪੈਣਾ ਪਵੇਗਾ, ਕਿਉਂਕਿ ਪ੍ਰਾਪਤ ਜਨਮ ਹੀ ਸਫ਼ਲ ਹੋ ਜਾਵੇਗਾ। ੩।

ਤਾਂ ਤੇ ਹੇ ਹਰੇਕ ਦਿਲ ਦੀ ਜਾਨਣ ਵਾਲੇ ਸਰਬ-ਵਿਆਪਕ ਸਿਰਜਨਹਾਰ ! ਮੇਰੇ ਮਨ ਦੀ ਇੱਛਾ ਪੂਰੀ ਕਰ। ਤੇਰਾ ਦਾਸ ਨਾਨਕ ਵੀ ਪ੍ਰਭੂ ਦੇ ਦਰ ਤੋਂ ਇਹੀ ਸੁਖ ਮੰਗਦਾ ਹੈ ਕਿ ਹੇ ਪ੍ਰਭੂ! ਤੂੰ ਮੈਨੂੰ ਵੀ ਸੰਤਾਂ ਦੇ ਚਰਨਾਂ ਦੀ ਧੂੜ ਬਣਾ ਦੇ, ਭਾਵ ਮੈਨੂੰ ਵੀ ਸਤਿਸੰਗੀਆਂ ਦਾ ਮਿਲਾਪ ਬਖ਼ਸ਼। ੪। ੫। {ਪੰ: ੧੩}

"ਜਿਨਿ ਏਹੁ ਲੇਖਾ ਲਿਖਿਆ, ਸੋ ਹੋਆ ਪਰਵਾਣੁ"

(ਸੰ: ੩੧) "ਏਹੁ ਸਭੁ ਕਿਛੁ ਆਵਣ ਜਾਣੁ ਹੈ, ਜੇਤਾ ਹੈ ਆਕਾਰੁ॥ ਜਿਨਿ ਏਹੁ ਲੇਖਾ ਲਿਖਿਆ, ਸੋ ਹੋਆ ਪਰਵਾਣੁ॥ ਨਾਨਕ ਜੇ ਕੋ ਆਪੁ ਗਣਾਇਦਾ, ਸੋ ਮੂਰਖੁ ਗਾਵਾਰੁ॥ ੧॥" {ਪੰ: ੫੧੬}

(ਮਨੁੱਖ ਸਮੇਤ, ਸਮੂਚੀ ਰਚਨਾ ਪ੍ਰਭੂ ਦੀ ਬਣਾਈ ਹੋਈ ਹੈ, ਸਿਵਾਏ ਪ੍ਰਭੂ ਦੇ) ਇਸ ਸਮੂਚੀ ਰਚਨਾ `ਤੇ, ਪ੍ਰਭੂ ਦਾ ਬਣਾਇਆ ਹੋਇਆ ਨਿਯਮ (ਜਨਮ, ਬਚਪਣ, ਜੁਆਨੀ, ਬੁਢਾਪਾ, ਅੰਤ ਭਾਵ) ਘੱਟਣ-ਵੱਧਣ, ਬਦਲਾਵ ਤੇ ਆਉਣ-ਜਾਣ ਵਾਲਾ ਸਿਲਸਿਲਾ ਹਰ ਪਲ ਚੱਲਦਾ ਰਹਿੰਦਾ ਹੈ।

"ਸੋ ਹੋਆ ਪਰਵਾਣੁ" - ਤਾਂ ਤੇ ਮਨੁੱਖਾ ਜਨਮ ਪਾ ਕੇ ਜਿਹੜੇ ਪ੍ਰਭੂ ਦੀ ਰਚਨਾ ਦੇ ਇਸ ਸੱਚ ਨੂੰ ਪਛਾਣ ਲੈਂਦੇ ਤੇ ਸਮਝ ਲੈਂਦੇ ਹਨ ਉਹ ਜੀਂਦੇ ਜੀਅ ਪ੍ਰਭੂ `ਚ ਅਭੇਦ ਰਹਿ ਕੇ ਅਨੰਦਤ ਜੀਵਨ ਬਤੀਤ ਕਰਦੇ ਹਨ ਅਤੇ ਸਰੀਰਕ ਮੌਤ ਤੋਂ ਬਾਅਦ ਵੀ, ਉਹ ਪ੍ਰਭੂ `ਚ ਹੀ ਸਮਾਅ ਜਾਂਦੇ ਹਨ, ਮੁੜ ਜਨਮ-ਮਰਨ, ਜੂਨਾਂ-ਗਰਭਾਂ `ਚ ਨਹੀਂ ਆਉਂਦੇ। ਉਨ੍ਹਾਂ ਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ।

"ਨਾਨਕ, ਜੇ ਕੋ ਆਪੁ ਗਣਾਇਦਾ … "-ਪਰ ਹੇ ਨਾਨਕ, ਮਨੁੱਖਾ ਜਨਮ ਪਾ ਕੇ ਜਿਹੜੇ ਆਪਣੀ ਹੋਂਦ (ਹਉਂ), ਧਨ-ਮਾਲ, ਰਾਜ-ਮਿਲਖ-ਸਿਕਦਾਰੀਆਂ ਜਾਂ ਕਿਸੇ ਵੀ ਤਰ੍ਹਾਂ ਦੀ ਅਪਣਤ ਵਾਲਾ ਭਰਮ ਪਾਲ ਲੈਂਦੇ ਹਨ, ਉਹ ਮੂਰਖ ਤੇ ਗਵਾਰ ਹਨ। (ਕਿਉਂਕਿ ਨਾ ਤਾਂ ਉਨ੍ਹਾਂ ਦੀਆਂ ਉਹ ਸੰਸਾਰਕ ਪ੍ਰਾਪਤੀਆਂ ਨੇ ਉਨ੍ਹਾਂ ਪਾਸ ਰਹਿਣਾ ਹੁੰਦਾ ਹੈ ਤੇ ਨਾ ਉਨ੍ਹਾਂ ਨੇ ਆਪ ਬਲਕਿ ਇਸਤਰ੍ਹਾਂ ਉਹ ਮੁੜ ਚਲਦੇ ਆ ਰਹੇ ਜਨਮਾਂ-ਜੂਨਾਂ ਦੇ ਉਸੇ ਗੇੜ `ਚ ਹੀ ਪਏ ਰਹਿੰਦੇ ਹਨ)। {ਪੰ: ੫੧੬}

"ਮਹਾ ਬਿਕਟ ਜਮ ਭਇਆ"

(ਸੰ: ੩੨) ਅੰਤਰਿ ਬਾਹਰਿ ਰਵਿ ਰਹਿਆ, ਤਿਸ ਨੋ ਜਾਣੈ ਦੂਰਿ॥ ਤ੍ਰਿਸਨਾ ਲਾਗੀ ਰਚਿ ਰਹਿਆ, ਅੰਤਰਿ ਹਉਮੈ ਕੂਰਿ॥ ਭਗਤੀ ਨਾਮ ਵਿਹੂਣਿਆ, ਆਵਹਿ ਵੰਞਹਿ ਪੂਰ॥ ੩॥ ਰਾਖਿ ਲੇਹੁ ਪ੍ਰਭ ਕਰਣਹਾਰ, ਜੀਅ ਜੰਤ ਕਰਿ ਦਇਆ॥ ਬਿਨੁ ਪ੍ਰਭ ਕੋਇ ਨ ਰਖਨਹਾਰੁ, ਮਹਾ ਬਿਕਟ ਜਮ ਭਇਆ॥ ਨਾਨਕ ਨਾਮੁ ਨ ਵੀਸਰਉ, ਕਰਿ ਅਪੁਨੀ ਹਰਿ ਮਇਆ॥ ੪॥ (ਪੰ: ੪੭)

ਅਰਥ-ਮੂਰਖ ਮਨੁੱਖ ਪ੍ਰਮਾਤਮਾ ਨੂੰ ਕਿਤੇ ਦੂਰ ਹੀ ਵੱਸਦਾ ਸਮਝਦਾ ਹੈ। ਉਸ ਪ੍ਰਭੂ ਨੂੰ, ਜਿਹੜਾ ਇਸ ਦੇ ਆਪਣੇ ਅੰਦਰ ਤੇ ਬਾਹਰ, ਭਾਵ ਹਰ ਜਗ੍ਹਾ ਮੌਜੂਦ ਹੈ।

ਕਾਰਣ ਜੀਵ ਨੂੰ ਮਾਇਕ ਤ੍ਰਿਸ਼ਨਾ ਚੰਬੜੀ ਹੋਈ ਹੈ ਤੇ ਇਹ ਮਾਇਕ ਪਦਾਰਥਾਂ ਦੇ ਮੋਹ `ਚ ਮਸਤ ਰਹਿੰਦਾ ਹੈ। ਬਿਨਸਨਹਾਰ ਮਾਇਕ ਪਦਾਰਥਾਂ ਦੀ ਇਸੇ ਪਕੜ ਦਾ ਨਤੀਜਾ, ਇਸ ਜੀਵ ਅੰਦਰ ਝੂਠੀ ਹਉਮੈ ਟਿਕੀ ਰਹਿੰਦੀ ਹੈ

ਉਸ ਝੂਠੀ ਹਉਮੈ ਦੀ ਪਕੜ ਕਾਰਣ, ਇਹ ਪ੍ਰਭੂ ਦੀ ਸਿਫ਼ਤ ਸਲਾਹ ਵਿਹੂਣਾ ਰਹਿੰਦਾ ਹੈ। ਉਸੇ ਦਾ ਨਤੀਜਾ, ਸੰਸਾਰ `ਚ ਪੂਰਾਂ ਦੇ ਪੂਰ ਆਉਂਦੇ ਹਨ ਤੇ ਖ਼ਾਲੀ ਹੱਥ ਵਾਪਿਸ ਚਲੇ ਜਾਂਦੇ ਹਨ।

ਭਾਵ ਉਹ ਮੁੜ ਉਨ੍ਹਾਂ ਹੀ ਜਨਮਾਂ-ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਗੇੜ `ਚ ਪੈਂਦੇ ਹਨ। ਜਨਮਾਂ-ਜੂਨਾਂ ਤੇ ਭਿੰਨ ਭਿੰਨ ਗਰਭਾਂ ਦੇ ਉਸੇ ਗੇੜ `ਚ ਜਿਸ ਗੇੜ `ਚੋਂ ਕੱਢ ਕੇ, ਪ੍ਰਭੂ ਨੇ ਜੀਵ ਨੂੰ ਫ਼ਿਰ ਤੋਂ ਇਸ ਮਨੁੱਖਾ ਜਨਮ ਵਾਲਾ ਅਵਸਰ ਬਖ਼ਸ਼ਿਆ ਹੁੰਦਾ ਹੈ। ਪਰ ਉਨ੍ਹਾਂ ਦਾ ਇਹ ਮਨੁੱਖਾ ਜਨਮ ਵੀ ਸਫ਼ਲ ਨਹੀਂ ਹੁੰਦਾ। ੩।

ਆਪਣੀ ਝੂਠੀ ਹਉਮੈ ਕਾਰਣ, ਜੀਵ ਮਾਇਆ ਦੇ ਟਾਕਰੇ `ਤੇ ਬੇ-ਬਸ ਹੁੰਦੇ ਹਨ। ਤਾਂ ਤੇ ਹੇ ਪ੍ਰਭੂ ! ਤੂੰ ਆਪ ਆਪਣੀ ਮਿਹਰ ਕਰ ਤੇ ਇਨ੍ਹਾਂ ਜੀਵਾਂ ਨੂੰ ਇਸ ਤ੍ਰਿਸ਼ਨਾ ਦੀ ਅੱਗ ਤੋਂ ਬਚਾਅ।

ਹੇ ਪ੍ਰਭੂ! ਤੈਥੋਂ ਬਿਨਾ ਹੋਰ ਕੋਈ ਵੀ ਇਨ੍ਹਾਂ ਦੀ ਰੱਖਿਆ ਨਹੀਂ ਕਰ ਸਕਦਾ।

"ਮਹਾ ਬਿਕਟ ਜਮ ਭਇਆ" ਭਾਵ ਜੀਵਾਂ ਦੇ ਮੁਕਾਬਲੇ `ਤੇ ਮਹਾ ਬਲੀ ਭਿਅੰਕਰ ਵਿਕਾਰ ਹੁੰਦੇ ਹਨ। ਇਸ ਲਈ ਹੇ ਨਾਨਕ! ਅਰਦਾਸ ਕਰ ਤੇ ਕਿਹ, ਹੇ ਹਰੀ! ਤੂੰ ਆਪਣੀ ਮਿਹਰ ਕਰ ਤੇ ਮੈਂ ਤੇਰੀ ਸਿਫ਼ਤ ਸਲਾਹ ਕਰਾਂ (ਇਸ ਤਰ੍ਹਾਂ ਮੈਂ ਇਨ੍ਹਾਂ ਬਹੁ ਬਲੀ ਵਿਕਾਰਾਂ ਦਾ ਟਾਕਰਾ ਕਰ ਸਕਾਂ)। ੪। (ਪੰ: ੪੭)

"ਗੁਰੁ ਦਾਤਾ ਜੁਗ ਚਾਰੇ ਹੋਈ"

(ਸੰ: ੩੩) "ਮਨਮੁਖਿ ਡੰਫੁ ਬਹੁਤੁ ਚਤੁਰਾਈ॥ ਜੋ ਕਿਛੁ ਕਮਾਵੈ ਸੁ ਥਾਇ ਨ ਪਾਈ॥ ਆਵੈ ਜਾਵੈ ਠਉਰ ਨ ਕਾਈ॥ ੫ ॥ ਮਨਮੁਖ ਕਰਮ ਕਰੇ ਬਹੁਤੁ ਅਭਿਮਾਨਾ॥ ਬਗ ਜਿਉ ਲਾਇ ਬਹੈ ਨਿਤ ਧਿਆਨਾ॥ ਜਮਿ ਪਕੜਿਆ ਤਬ ਹੀ ਪਛੁਤਾਨਾ॥ ੬ ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ॥ ਗੁਰ ਪਰਸਾਦੀ ਮਿਲੈ ਹਰਿ ਸੋਈ॥ ਗੁਰੁ ਦਾਤਾ ਜੁਗ ਚਾਰੇ ਹੋਈ" (ਪੰ: ੨੩੦)

ਅਰਥ- ਮਨਮੁਖ ਦਿਖਾਵੇ ਦੇ ਧਰਮ-ਕਰਮ ਤਾਂ ਬਹੁਤੇਰੇ ਕਰਦਾ ਹੈ ਅਤੇ ਆਪਣੇ ਆਪ ਲਈ ਚਤੁਰ-ਸਿਆਣਾ ਹੋਣ ਦਾ ਵੱਡਾ ਪ੍ਰਭਾਵ (ਡੰਫੁ) ਵੀ ਦਿੰਦਾ ਹੈ।

ਗੁਰਦੇਵ ਫ਼ੁਰਮਾਉਂਦੇ ਹਨ, ਆਪਹੁੱਦਰਾ ਹੋਣ ਕਾਰਣ, ਉਸ ਵਿਦਵਾਨ ਪੰਡਿਤ (ਮਨਮੁਖ) ਦੇ ਅਮਲ ਪ੍ਰਭੂ ਦੇ ਦਰ `ਤੇ ਕਬੂਲ ਨਹੀਂ ਹੁੰਦੇ। ਉਸ ਨੂੰ ਆਵੈ ਜਾਵੈ ਠਉਰ ਨ ਕਾਈ ਭਾਵ ਉਸਨੂੰ ਜੀਂਦੇ ਜੀਅ ਸੁਭਾਅ ਕਰਕੇ ਤੇ ਸਰੀਰਕ ਮੌਤ ਬਾਅਦ ਵੀ ਮੁੜ ਬਾਰ ਬਾਰ ਦੇ ਜਨਮਾਂ-ਜੂਨਾਂ ਦੇ ਗੇੜ `ਚ ਹੀ ਪੈਣਾ ਪੈਂਦਾ ਹੈ। ੫।

ਦਰਅਸਲ ਹਉਮੈ ਕਾਰਣ, ਪ੍ਰਭੂ ਦੇ ਸੱਚ ਨਿਆਂ `ਚ ਮਨਮੁਖ ਦੇ ਸਮੂਚੇ ਅਮਲ ਤੇ ਉਹ ਧਾਰਮਿਕ ਕਰਮ ਬਗੁਲੇ ਦੀ ਨਿਆਈਂ ਤੇ ਉਸ ਦੇ ਆਪਣੇ ਲਈ ਕਰਮਾਂ ਦਾ ਜਾਲ ਹੀ ਹੁੰਦੇ ਹਨ।

ਇਸੇ ਤੋਂ "ਜਮਿ ਪਕੜਿਆ ਤਬ ਹੀ ਪਛੁਤਾਨਾ" ਮਨਮੁਖ ਲਈ ਜੀਂਦੇ ਜੀਅ ਵੀ ਵਿਕਾਰਾਂ ਦੀ ਮਾਰ ਤੇ ਖੁਆਰੀਆਂ ਹੁੰਦੀਆਂ ਹਨ। ਉਪ੍ਰੰਤ ਮੌਤ ਤੋਂ ਬਾਅਦ ਵੀ ਕੀਤੇ ਕਰਮਾਂ ਅਨੁਸਾਰ ਉਸ ਮਨਮੁਖ ਵਿਦਵਾਨ ਪੰਡਿਤ ਨੂੰ ਫ਼ਿਰ ਤੋਂ ਉਹੀ ਜਨਮਾਂ-ਜੂਨਾਂ ਦੇ ਗੇੜ ਤੇ ਕੋਠਰੀਆਂ ਰੂਪ ਭਿੰਨ ਭਿੰਨ ਗਰਭ ਹੀ ਭੋਗਣੇ ਪੈਂਦੇ ਹਨ, ਜਦਕਿ ਓਦੋਂ ਬੀਤੇ ਸਮੇਂ ਲਈ ਪਛਤਾਉਣ ਤੋਂ ਸਿਵਾ ਜੀਵ ਕੋਲ ਹੋਰ ਕੋਈ ਵੀ ਦੂਜਾ ਰਾਹ ਜਾਂ ਚਾਰਾ ਨਹੀਂ ਹੁੰਦਾ। ੬।

"ਬਿਨੁ ਸਤਿਗੁਰ ਸੇਵੇ ਮੁਕਤਿ ਨ ਹੋਈ" ਤਾਂ ਤੇ ਫ਼ੈਸਲਾ ਹੈ ਕਿ ਸ਼ਬਦ ਗੁਰੂ ਦੀ ਕਮਾਈ ਤੋਂ ਬਿਨਾ ਹਉਮੈ ਭਰੇ ਦਿਖਾਵੇ ਦੇ ਮਨਮੁਖੀ ਕਰਮਾਂ ਤੋਂ ਛੁਟਕਾਰਾ ਹੀ ਸੰਭਵ ਨਹੀਂ।

ਉਪ੍ਰੰਤ ਕਲਜੁਗ ਆਦਿ ਕਿਸੇ ਜੁਗ ਦਾ ਪ੍ਰਭਾਵ ਕਹਿ-ਕਿਹ ਕੇ ਵੀ ਅਜਿਹਾ ਮਨਮੁਖ ਆਪਣੇ ਪ੍ਰਾਪਤ ਮਨੁੱਖਾ ਜਨਮ ਨੂੰ ਬਿਰਥਾ ਹੋਣ ਤੋਂ ਨਹੀਂ ਬਚਾਅ ਸਕਦਾ।

"ਗੁਰੁ ਦਾਤਾ ਜੁਗ ਚਾਰੇ ਹੋਈ" ਮਨੁੱਖਾ ਜਨਮ ਦੀ ਸਫ਼ਲਤਾ ਤਾਂ ਸਮਾਂ ਤੇ ਜੁਗ ਚਾਹੇ ਕੋਈ ਕਿਉਂ ਨਾ ਹੋਵੇ, ਸਦਾ ਸ਼ਬਦ-ਗੁਰੂ ਦੀ ਕਮਾਈ ਨਾਲ ਹੀ ਸੰਭਵ ਹੈ। (ਪੰ: ੨੩੦)

ਕਾਰਣ ਮਨੁੱਖਾ ਜਨਮ ਦੀ ਸਫ਼ਲਤਾ ਲਈ ਕੇਵਲ ਸ਼ਬਦ- ਗੁਰੂ ਦੀ ਕਮਾਈ ਦਾ ਇਕੋ ਇੱਕ ਰਾਹ ਹੈ ਤੇ ਦੂਜਾ ਕੋਈ ਰਾਹ ਨਹੀਂ।

(ਨੋਟ-ਪ੍ਰਕਰਣ ਅਨੁਸਾਰ ਇਥੇ ਮਨੁੱਖ, ਵਿਦਵਾਨ ਪੰਡਿਤ ਤਾਂ ਹੈ ਪਰ ਹੈ ਮਨਮੁਖ। ਡੰਫ-ਦਿਖਾਵੇ ਦੇ ਧਰਮ-ਕਰਮ)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠ’ ਪੁਸਤਕਾਂ ਤੇ ਹੋਰ ਲਿਖ਼ਤਾਂ ਜਿਵੇਂ ਹੁਣ ਨਵੀਂ ਅਰੰਭ ਕੀਤੀ ਗਈ ਗੁਰਮੱਤ ਸੰਦੇਸ਼ਾਂ ਵਾਲੀ ਸੀਰੀਜ਼, ਸਭ ਦਾ ਮਕਸਦ ਇਕੋ ਹੀ ਹੈ। ਉਹ ਮਕਸਦ ਹੈ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ "ਗੁਰੂ ਗ੍ਰੰਥ ਸਾਹਿਬ" ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this ਗੁਰਮੱਤ ਸੰਦੇਸ਼

ਲੜੀ ਵਾਰ (ਸੰ: ੩੦ ਤੋਂ ੩੩) (ਭਾਗ ਸਤਵਾਂ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ




.