.

ਨਾਮੁ ਬਹੁਤ ਕੀਮਤੀ ਤੇ ਲਾਭਦਾਇਕ ਹੈ (ਨਾਮੁ, ਭਾਗ ੮)

Naam is highly precious and has numerous advantages (Naam, Part 8)

ਮਨੁੱਖ ਦੇ ਜੀਵਨ ਵਿੱਚ ਪਦਾਰਥ ਦੀ ਬਹੁਤ ਮਹੱਤਤਾ ਹੈ। ਭਾਂਵੇ ਇਹ ਸਾਰੇ ਪਦਾਰਥ ਉਸ ਅਕਾਲ ਪੁਰਖੁ ਨੇ ਹੀ ਦਿਤੇ ਹਨ ਤਾਂ ਵੀ ਮਨੁੱਖ ਦੇ ਮਨ ਅੰਦਰ ਪਦਾਰਥਾਂ ਦੀ ਦੌੜ ਰਹਿੰਦੀ ਹੈ, ਤੇ ਇਹ ਸਭ ਕੁੱਝ ਦੇਣ ਵਾਲਾ ਦਾਤਾਰ ਉਸ ਨੂੰ ਅਕਸਰ ਭੁਲਿਆ ਰਹਿੰਦਾ ਹੈ, ਜਿਸ ਕਰਕੇ ਮਨੁੱਖ ਨੂੰ ਆਪਣੇ ਜੀਵਨ ਵਿੱਚ ਸੁਖ ਤੇ ਸ਼ਾਂਤੀ ਨਹੀਂ ਮਿਲਦੀ ਤੇ ਸਦਾ ਭਟਕਦਾ ਰਹਿੰਦਾ ਹੈ। ਜਿਤਨੇ ਵੀ ਰਾਜੇ ਮਹਾਰਾਜੇ ਜਾਂ ਧਨਾਢ ਵਿਅਕਤੀ ਹੋਏ ਹਨ, ਉਹ ਬਾਹਰੋਂ ਤਾਂ ਭਾਂਵੇਂ ਸੁਖੀ ਲਗਦੇ ਹੋਣ, ਪਰੰਤੂ ਅੰਦਰੋਂ ਬਹੁਤ ਦੁਖੀ ਹੁੰਦੇ ਸਨ। ਗਰੀਬ ਆਦਮੀ ਨੂੰ ਭਾਂਵੇਂ ਮਾਇਕ ਮੁਸ਼ਕਲਾਂ ਹੋਣ, ਪਰੰਤੂ ਅਮੀਰਾਂ ਦੇ ਮੁਕਾਬਲੇ ਜਿਆਦਾ ਸੁਖੀ ਤੇ ਸੰਤੁਸ਼ਟ ਹੋ ਸਕਦੇ ਹਨ। ਦੋਹਾਂ ਤਰ੍ਹਾਂ ਦੇ ਲੋਕਾਂ ਨੂੰ ਸੁਖ ਤੇ ਸ਼ਾਂਤੀ ਤਾਂ ਹੀ ਮਿਲ ਸਕਦੀ ਹੈ, ਜੇ ਕਰ ਉਨ੍ਹਾਂ ਦੇ ਹਿਰਦੇ ਵਿੱਚ ਅਕਾਲ ਪੁਰਖੁ ਦੇ ਨਾਮੁ ਹਮੇਸ਼ਾਂ ਵਸਦਾ ਰਹੇ ਤੇ ਉਹ ਆਤਮਿਕ ਅਡੋਲਤਾ ਵਿੱਚ ਟਿਕੇ ਰਹਿਣ।

ਜੇ ਕਰ ਅਸੀਂ ਆਪਣੇ ਮਨ ਵਿੱਚ ਧਿਆਨ ਨਾਲ ਵਿਚਾਰੀਏ ਤਾਂ ਮਨੁੱਖ ਆਪਣਾ ਹਰੇਕ ਕੰਮ ਆਪਣੇ ਹਉਮੈ ਦੇ ਆਸਰੇ ਹੀ ਕਰਦਾ ਹੈ। ਜੇ ਕਰ ਕੁੱਝ ਕਰਨ ਜਾਂ ਪਾਣ ਦੀ ਚਾਹਤ ਹੈ ਤਾਂ ਉਸ ਦਾ ਆਰੰਭ ਵੀ ਹਉਮੈ ਤੋਂ ਹੀ ਹੁੰਦਾ ਹੈ। ਪਰੰਤੂ ਜਦੋਂ ਇਸ ਹਉਮੈ ਕਰਕੇ ਅਸੀਂ ਆਪਣੇ ਆਪ ਨੂੰ ਸਭ ਕੁੱਝ ਸਮਝਣਾਂ ਸ਼ੁਰੂ ਕਰ ਦਿੰਦੇ ਹਾਂ, ਤਾਂ ਅਸੀਂ ਮੂਰਖ ਬਣ ਜਾਂਦੇ ਹਾਂ। ਇਹ ਦੁਨੀਆਵੀ ਮਾਇਆ ਦਾ ਧਨ ਮਨੁੱਖ ਦੇ ਮਨ ਵਿੱਚ ਬਹੁਤ ਹੰਕਾਰ ਪੈਦਾ ਕਰਦਾ ਹੈ, ਤੇ ਜਿਹੜਾ ਮਨੁੱਖ ਆਪਣੇ ਹੰਕਾਰ ਵਿੱਚ ਡੁੱਬਿਆ ਰਹਿੰਦਾ ਹੈ, ਉਹ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਆਦਰ ਪ੍ਰਾਪਤ ਨਹੀਂ ਕਰ ਸਕਦਾ। ਜੇ ਕਰ ਆਪਣੇ ਹਉਮੈ ਨੂੰ ਆਪਣੇ ਕਾਬੂ ਵਿੱਚ ਕਰ ਲਈਏ ਤਾਂ ਜੀਵਨ ਵਿੱਚ ਸਦਾ ਆਤਮਕ ਆਨੰਦ ਬਣਿਆ ਰਹਿ ਸਕਦਾ ਹੈ। ਅਕਾਲ ਪੁਰਖੁ ਜਿਸ ਮਨੁੱਖ ਨੂੰ ਆਪਣੇ ਸਦਾ ਥਿਰ ਰਹਿੰਣ ਵਾਲੇ ਨਾਮੁ ਵਿੱਚ ਜੋੜਦਾ ਹੈ, ਉਹੀ ਮਨੁੱਖ ਨਾਮੁ ਵਿੱਚ ਆਪਣੀ ਲਗਨ ਲਗਾਂਦਾ ਹੈ, ਅਤੇ ਜਿਹੜਾ ਮਨੁੱਖ ਨਾਮੁ ਵਿੱਚ ਜੁੜ ਜਾਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ।

ਮੂਰਖ ਤੇ ਅੰਜਾਣ ਲੋਕ ਸਿਰਫ਼ ਦੁਨੀਆਵੀ ਧਨ ਹੀ ਜੋੜਦੇ ਰਹਿੰਦੇ ਹਨ, ਜੋ ਕਿ ਨਾਸਵੰਤ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨਮੁੱਖ, ਮਾਇਆ ਦੇ ਮੋਹ ਵਿੱਚ ਅੰਨ੍ਹੇ ਹੋਏ ਰਹਿੰਦੇ ਹਨ ਤੇ ਕੁਰਾਹੇ ਪਏ ਰਹਿੰਦੇ ਹਨ। ਮਾਇਆ ਦੇ ਧਨ ਨਾਲ ਸਦਾ ਦੁਖ ਹੀ ਮਿਲਦਾ ਹੈ। ਇਹ ਧਨ ਨਾ ਤਾਂ ਮਨੁੱਖ ਦੇ ਨਾਲ ਜਾਂਦਾ ਹੈ, ਤੇ, ਨਾ ਹੀ ਇਸ ਨੂੰ ਇਕੱਠਾ ਕਰਕੇ ਕੋਈ ਸੰਤੋਖ ਮਿਲਦਾ ਹੈ। ਜਿਹੜਾ ਮਨੁੱਖ ਗੁਰੂ ਦੀ ਮਤਿ ਅਨੁਸਾਰ ਚਲਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦਾ ਨਾਮੁ ਰੂਪੀ ਧਨ ਪ੍ਰਾਪਤ ਕਰ ਲੈਂਦਾ ਹੈ। ਪਰੰਤੂ ਦੁਨੀਆਵੀ ਧਨ ਜੋ ਕਿ ਨਾਸਵੰਤ ਉਹ ਮਨੁੱਖ ਨੂੰ ਕਦੇ ਮਿਲ ਜਾਂਦਾ ਹੈ, ਤੇ ਕਦੇ ਹੱਥੋਂ ਨਿਕਲ ਜਾਂਦਾ ਹੈ। ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਵਾਲੀ ਗੁਰਬਾਣੀ ਸਦਾ ਹੀ ਆਤਮਕ ਜੀਵਨ ਦੇਣ ਵਾਲਾ ਨਾਮੁ ਵੰਡਦੀ ਹੈ, ਤੇ ਪੂਰੇ ਭਾਗਾਂ ਨਾਲ ਮਨੁੱਖ ਇਸ ਬਾਣੀ ਦੀ ਬਰਕਤਿ ਨਾਲ ਅਕਾਲ ਪੁਰਖੁ ਦੇ ਨਾਮੁ ਵਿੱਚ ਲੀਨ ਹੋ ਜਾਂਦਾ ਹੈ।

ਧਨਾਸਰੀ ਮਹਲਾ ੩॥ ਕਾਚਾ ਧਨੁ ਸੰਚਹਿ ਮੂਰਖ ਗਾਵਾਰ॥ ਮਨਮੁਖ ਭੂਲੇ ਅੰਧ ਗਾਵਾਰ॥ ਬਿਖਿਆ ਕੈ ਧਨਿ ਸਦਾ ਦੁਖੁ ਹੋਇ॥ ਨਾ ਸਾਥਿ ਜਾਇ ਨ ਪਰਾਪਤਿ ਹੋਇ॥ ੧॥ ਸਾਚਾ ਧਨੁ ਗੁਰਮਤੀ ਪਾਏ॥ ਕਾਚਾ ਧਨੁ ਫੁਨਿ ਆਵੈ ਜਾਏ॥ ਰਹਾਉ॥ (੬੬੫, ੬੬੬)

ਇਹ ਬਿਲਕੁਲ ਨਹੀਂ ਦੱਸਿਆ ਜਾ ਸਕਦਾ ਕਿ ਅਕਾਲ ਪੁਰਖੁ ਦਾ ਨਾਮੁ ਕਿਸ ਕੀਮਤ ਨਾਲ ਮਿਲ ਸਕਦਾ ਹੈ, ਤੇ ਇਹ ਨਾਮੁ ਕਿਤਨੀ ਤਾਕਤ ਵਾਲਾ ਹੈ। ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਦੇ ਨਾਮੁ ਵਿੱਚ ਆਪਣੀ ਸੁਰਤਿ ਜੋੜੀ ਹੋਈ ਹੈ, ਉਹ ਭਾਗਾਂ ਵਾਲੇ ਹਨ। ਜਿਹੜਾ ਮਨੁੱਖ ਗੁਰੂ ਦੀ ਮਤਿ ਗ੍ਰਹਿਣ ਕਰਦਾ ਹੈ, ਉਹ ਮਨੁੱਖ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੇ ਗੁਣਾਂ ਦੀ ਵੀਚਾਰ ਆਪਣੇ ਅੰਦਰ ਵਸਾਈ ਰੱਖਦਾ ਹੈ। ਪਰੰਤੂ ਇਹ ਵੀਚਾਰ ਅਕਾਲ ਪੁਰਖੁ, ਉਸ ਮਨੁੱਖ ਨੂੰ ਹੀ ਦਿੰਦਾ ਹੈ, ਜਿਸ ਉਤੇ ਉਹ ਆਪ ਆਪਣੀ ਬਖ਼ਸ਼ਸ਼ ਕਰਦਾ ਹੈ। ਅਕਾਲ ਪੁਰਖੁ ਦਾ ਨਾਮੁ ਬਹੁਤ ਹੈਰਾਨ ਕਰਨ ਵਾਲਾ ਹੈ, ਪਰੰਤੂ ਇਹ ਨਾਮੁ ਅਕਾਲ ਪੁਰਖੁ ਆਪ ਹੀ ਕਿਸੇ ਵਡਭਾਗੀ ਗੁਰਮੁਖਿ ਨੂੰ ਸੁਣਾਂਦਾ ਹੈ। ਇਸ ਕਲਯੁਗ ਦੀ ਅਵਸਥਾ ਵਿੱਚ ਕੂੜ ਨਾਲ ਭਰੇ ਹੋਏ ਵਰਤਮਾਨ ਵਿੱਚ ਉਹੀ ਮਨੁੱਖ ਅਕਾਲ ਪੁਰਖੁ ਦਾ ਨਾਮੁ ਪ੍ਰਾਪਤ ਕਰਦਾ ਹੈ, ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ।

ਧਨਾਸਰੀ ਮਹਲਾ ੩॥ ਨਾਵੈ ਕੀ ਕੀਮਤਿ ਮਿਤਿ ਕਹੀ ਨ ਜਾਇ॥ ਸੇ ਜਨ ਧੰਨੁ ਜਿਨ ਇੱਕ ਨਾਮਿ ਲਿਵ ਲਾਇ॥ ਗੁਰਮਤਿ ਸਾਚੀ ਸਾਚਾ ਵੀਚਾਰੁ॥ ਆਪੇ ਬਖਸੇ ਦੇ ਵੀਚਾਰੁ॥ ੧॥ ਹਰਿ ਨਾਮੁ ਅਚਰਜੁ ਪ੍ਰਭੁ ਆਪਿ ਸੁਣਾਏ॥ ਕਲੀ ਕਾਲ ਵਿਚਿ ਗੁਰਮੁਖਿ ਪਾਏ॥ ੧॥ ਰਹਾਉ॥ (੬੬੬)

ਗੁਰੁ ਸਾਹਿਬ ਸਮਝਾਂਉਂਦੇ ਹਨ ਕਿ ਜਦੋਂ ਮੈਂ ਅਕਾਲ ਪੁਰਖ ਦਾ ਨਾਮੁ ਯਾਦ ਕਰਦਾ ਹਾਂ, ਤਾਂ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਰਹਿੰਦਾ ਹੈ। ਪਰੰਤੂ ਜਦੋਂ ਮੈਨੂੰ ਅਕਾਲ ਪੁਰਖ ਦਾ ਨਾਮੁ ਭੁੱਲ ਜਾਂਦਾ ਹੈ, ਤਾਂ ਮੇਰੀ ਆਤਮਕ ਮੌਤ ਹੋ ਜਾਂਦੀ ਹੈ। ਇਹ ਸਭ ਕੁੱਝ ਪਤਾ ਹੁੰਦਿਆਂ ਹੋਇਆ ਵੀ ਆਮ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦਾ ਨਾਮੁ ਯਾਦ ਕਰਨਾ ਔਖਾ ਲਗਦਾ ਹੈ। ਜਿਸ ਮਨੁੱਖ ਦੇ ਅੰਦਰ ਸਦਾ ਥਿਰ ਰਹਿਣ ਵਾਲੇ ਅਕਾਲ ਪੁਰਖ ਦੇ ਨਾਮੁ ਦੀ ਤਾਂਘ ਪੈਦਾ ਹੋ ਜਾਂਦੀ ਹੈ, ਉਸ ਤਾਂਘ ਦੀ ਬਰਕਤਿ ਨਾਲ, ਅਕਾਲ ਪੁਰਖੁ ਦਾ ਨਾਮੁ, ਭੋਜਨ ਦੀ ਤਰ੍ਹਾਂ ਖਾਣ ਨਾਲ, ਉਸ ਦੇ ਸਾਰੇ ਦੁਖ ਦੂਰ ਹੋ ਜਾਂਦੇ ਹਨ। ਮੁਸ਼ਕਲ ਸਮੇਂ ਅਕਸਰ ਮਨੁੱਖ ਆਪਣੀ ਮਾਂ ਨੂੰ ਯਾਦ ਕਰਦਾ ਹੈ, ਗੁਰੂ ਸਾਹਿਬ ਵੀ ਉਸੇ ਤਰ੍ਹਾਂ ਸੰਬੋਧਨ ਕਰਕੇ ਸਮਝਾਂਉਂਦੇ ਹਨ, ਕਿ ਹੇ ਮੇਰੀ ਮਾਂ! ਅਰਦਾਸ ਕਰ ਕਿ ਉਹ ਅਕਾਲ ਪੁਰਖ ਮੈਨੂੰ ਕਦੇ ਵੀ ਨਾ ਭੁੱਲੇ, ਕਿਉਂਕਿ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਹੈ ਤੇ ਅਕਾਲ ਪੁਰਖ ਦਾ ਨਾਮੁ ਵੀ ਸਦਾ ਕਾਇਮ ਰਹਿਣ ਵਾਲਾ ਹੈ। ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖ ਦੇ ਨਾਮੁ ਦੀ ਥੋੜੀ ਜਿਹੀ ਉਸਤਤ ਵੀ ਬਿਆਨ ਕਰ ਕੇ ਜੀਵ ਥੱਕ ਗਏ ਹਨ, ਕਿਉਂਕਿ ਅਕਾਲ ਪੁਰਖ ਦੀ ਉਪਮਾਂ ਬੇਅੰਤ ਹੈ, ਜਿਹੜੀ ਕਿ ਬਿਆਨ ਨਹੀਂ ਕੀਤੀ ਜਾ ਸਕਦੀ। ਕੋਈ ਵੀ ਜੀਵ ਇਹ ਨਹੀਂ ਦੱਸ ਸਕਿਆ ਕਿ ਅਕਾਲ ਪੁਰਖ ਦੇ ਬਰਾਬਰ ਦੀ ਕਿਹੜੀ ਹਸਤੀ ਹੈ। ਜੇਕਰ ਜਗਤ ਦੇ ਸਾਰੇ ਜੀਵ ਰਲ ਕੇ ਅਕਾਲ ਪੁਰਖ ਦੀ ਵਡਿਆਈ ਬਿਆਨ ਕਰਨ ਦਾ ਯਤਨ ਕਰਨ, ਤਾਂ ਵੀ ਉਹ ਅਕਾਲ ਪੁਰਖ ਆਪਣੇ ਅਸਲੇ ਨਾਲੋਂ ਵੱਡਾ ਨਹੀਂ ਹੋ ਜਾਂਦਾ ਤੇ, ਜੇ ਕੋਈ ਵੀ ਉਸ ਦੀ ਵਡਿਆਈ ਨਾ ਕਰੇ, ਤਾਂ ਵੀ ਉਹ ਅੱਗੇ ਨਾਲੋਂ ਘੱਟ ਨਹੀਂ ਜਾਂਦਾ। ਅਕਾਲ ਪੁਰਖ ਨੂੰ ਆਪਣੀ ਸੋਭਾ ਦਾ ਕੋਈ ਲਾਲਚ ਨਹੀਂ। ਉਹ ਅਕਾਲ ਪੁਰਖ ਨਾ ਕਦੇ ਮਰਦਾ ਹੈ, ਤੇ ਨਾ ਹੀ ਉਸ ਦੀ ਖ਼ਾਤਰ ਸੋਗ ਹੁੰਦਾ ਹੈ। ਉਸ ਦੀ ਵੱਡੀ ਖ਼ੂਬੀ ਇਹ ਹੈ, ਕਿ ਉਸ ਵਰਗਾ ਹੋਰ ਕੋਈ ਨਹੀਂ ਹੈ, ਉਸ ਵਰਗਾ ਅਜੇ ਤਕ ਨਾ ਕੋਈ ਹੋਇਆ ਹੈ, ਨਾ ਹੀ ਕਦੇ ਹੋਵੇਗਾ।

ਆਸਾ ਮਹਲਾ ੧॥ ਆਖਾ ਜੀਵਾ ਵਿਸਰੈ ਮਰਿ ਜਾਉ॥ ਆਖਣਿ ਅਉਖਾ ਸਾਚਾ ਨਾਉ॥ ਸਾਚੇ ਨਾਮ ਕੀ ਲਾਗੈ ਭੂਖ॥ ਉਤੁ ਭੂਖੈ ਖਾਇ ਚਲੀਅਹਿ ਦੂਖ॥ ੧॥ ਸੋ ਕਿਉ ਵਿਸਰੈ ਮੇਰੀ ਮਾਇ॥ ਸਾਚਾ ਸਾਹਿਬੁ ਸਾਚੈ ਨਾਇ॥ ੧॥ ਰਹਾਉ॥ (੯)

ਜਿਹੜੇ ਮਨੁੱਖ ਅਕਾਲ ਪੁਰਖੁ ਦਾ ਨਾਮੁ ਉਚਾਰਦੇ ਹਨ, ਉਹ ਪਵਿਤਰ ਜੀਵਨ ਵਾਲੇ ਬਣ ਜਾਂਦੇ ਹਨ। ਜਿਹੜੇ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਦੇ ਹਨ, ਉਹ ਚੰਗੇ ਭਾਗਾਂ ਵਾਲੇ ਹੋ ਜਾਂਦੇ ਹਨ। ਜਿਹੜੇ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਆਪਣੀ ਹੱਥੀਂ ਲਿਖਦੇ ਹਨ, ਉਹ ਆਪਣੇ ਸਾਰੇ ਖ਼ਾਨਦਾਨ ਨੂੰ ਹੀ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘਾ ਲੈਂਦੇ ਹਨ। ਜਿਨ੍ਹਾਂ ਮਨੁੱਖਾਂ ਨੂੰ ਗੁਰੂ ਦਾ ਮਿਲਾਪ ਪ੍ਰਾਪਤ ਹੁੰਦਾ ਹੈ, ਉਹ ਅਕਾਲ ਪੁਰਖੁ ਦੇ ਨਾਮੁ ਦਾ ਆਨੰਦ ਮਾਣਦੇ ਹਨ, ਉਹ ਅਕਾਲ ਪੁਰਖੁ ਦੀ ਯਾਦ ਨੂੰ ਆਪਣੇ ਮਨ ਵਿੱਚ ਟਿਕਾ ਲੈਂਦੇ ਹਨ। ਜਿਸ ਉੱਤੇ ਅਕਾਲ ਪੁਰਖੁ ਨੇ ਪੂਰਨ ਕਿਰਪਾ ਕੀਤੀ, ਉਸ ਮਨੁੱਖ ਨੇ ਅਕਾਲ ਪੁਰਖੁ ਨੂੰ ਆਪਣੇ ਮਨ ਵਿੱਚ ਵਸਾ ਲਿਆ ਤੇ ਆਪਣਾ ਜੀਵਨ ਸੋਹਣਾ ਬਣਾ ਲਿਆ। ਜਿਨ੍ਹਾਂ ਮਨੁੱਖਾਂ ਨੇ ਸਤਿਗੁਰੂ ਨੂੰ ਮਿਲਕੇ ਆਪਣੇ ਅੰਦਰੋਂ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਮਾਰ ਲਿਆ ਹੈ, ਉਨ੍ਹਾਂ ਦਾ ਆਤਮਕ ਜੀਵਨ ਸਫਲ ਹੋ ਜਾਂਦਾ ਹੈ। ਸਾਰੀ ਸ੍ਰਿਸ਼ਟੀ ਦੇ ਮਾਲਕ ਅਕਾਲ ਪੁਰਖੁ ਦਾ ਨਾਮੁ ਅਮੁੱਲ ਹੈ, ਜਿਸ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਵੀ ਚੀਜ਼ ਨਹੀਂ ਦੱਸ ਸਕਦਾ। ਗੁਰੂ ਸਾਹਿਬ ਸਮਝਾਂਦੇ ਹਨ ਕਿ ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਭਾਗ ਜਾਗ ਜਾਂਦੇ ਹਨ, ਉਹ ਅਕਾਲ ਪੁਰਖੁ ਦੇ ਮਿਲਾਪ ਦਾ ਆਨੰਦ ਮਾਣਦੇ ਰਹਿੰਦੇ ਹਨ।

ਡਖਣਾ॥ ਸਾਈ ਨਾਮੁ ਅਮੋਲੁ ਕੀਮ ਨ ਕੋਈ ਜਾਣਦੋ॥ ਜਿਨਾ ਭਾਗ ਮਥਾਹਿ ਸੇ ਨਾਨਕ ਹਰਿਰੰਗੁ ਮਾਣਦੋ॥ ੧॥ (੮੧)

ਅਕਾਲ ਪੁਰਖੁ ਦਾ ਨਾਮੁ ਇੱਕ ਅਜੇਹਾ ਅਨਮੋਲ ਖ਼ਜ਼ਾਨਾ ਹੈ, ਜਿਸ ਨੂੰ ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਵਿੱਚ ਆ ਕੇ ਜਾਣ ਸਕਦਾ ਹੈ, ਸਮਝ ਸਕਦਾ ਹੈ ਤੇ ਉਸ ਨਾਮੁ ਨਾਲ ਸਾਂਝ ਪਾ ਸਕਦਾ ਹੈ। ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।

ਹਰਿ ਕਾ ਨਾਮੁ ਨਿਧਾਨੁ ਹੈ ਕੋਈ ਗੁਰਮੁਖਿ ਜਾਣੈ॥ ਨਾਨਕ ਜਿਨ ਸਤਿਗੁਰੁ ਭੇਟਿਆ ਰੰਗਿ ਰਲੀਆ ਮਾਣੈ॥ ੧੫॥ (੭੨੬)

ਉਸ ਅਕਾਲ ਪੁਰਖੁ ਨੂੰ ਆਪਣੇ ਮਨ ਤੋਂ ਕਦੇ ਵੀ ਭੁਲਾਣਾ ਨਹੀਂ ਚਾਹੀਦਾ, ਜਿਸ ਦਾ ਸਿਮਰਨ ਕੀਤਿਆਂ ਸਾਰੇ ਦੁਖ ਦੂਰ ਹੋ ਜਾਂਦੇ ਹਨ, ਤੇ ਜਿਸ ਦੇ ਵੱਸ ਵਿੱਚ ਦੁਨੀਆਂ ਦੇ ਸਾਰੇ ਪਦਾਰਥ, ਸਾਰੇ ਫਲ ਤੇ ਸਾਰੇ ਆਤਮਕ ਗੁਣ ਹਨ, ਜਿਸ ਦਾ ਆਸਰਾ ਲਿਆਂ ਆਤਮਕ ਜੀਵਨ ਮਿਲ ਜਾਂਦਾ ਹੈ, ਸੰਸਾਰ ਰੂਪੀ ਸਮੁੰਦਰ ਤੋਂ ਪਾਰ ਲੰਘ ਜਾਈਦਾ ਹੈ, ਵਿਕਾਰਾਂ ਤੋਂ ਬਚਾਉ ਹੋ ਜਾਂਦਾ ਹੈ ਤੇ ਅਕਾਲ ਪੁਰਖੁ ਦੀ ਹਜ਼ੂਰੀ ਵਿੱਚ ਸੁਰਖ਼ਰੂ ਹੋ ਜਾਈਦਾ ਹੈ। ਇਸ ਲਈ ਅਕਾਲ ਪੁਰਖੁ ਦਾ ਨਾਮੁ ਹਮੇਸ਼ਾਂ ਜਪਦੇ ਰਹਿੰਣਾ ਚਾਹੀਦਾ ਹੈ, ਤਾਂ ਜੋ ਸਾਡੇ ਸਾਰੇ ਕੰਮ ਸਫਲ ਹੋ ਸਕਣ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪਣ ਨਾਲ, ਮਨੁੱਖ ਦੇ ਅੰਦਰ ਉਸ ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਸਦਕਾ ਮਨੁੱਖ ਦੇ ਮੂੰਹ ਵਿਚੋਂ ਪਵਿਤਰ ਬੋਲ ਨਿਕਲਦੇ ਹਨ। ਦੁਨੀਆਂ ਵਿੱਚ ਅਸਲੀ ਭਰਾ ਜਾਂ ਮਿੱਤਰ ਉਹੀ ਮਨੁੱਖ ਹੈ, ਜਿਸ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣੀ ਜਾਏ।

ਗਉੜੀ ਮਾਝ ਮਹਲਾ ੫॥ ਹਰਿ ਰਾਮ ਰਾਮ ਰਾਮ ਰਾਮਾ॥ ਜਪਿ ਪੂਰਨ ਹੋਏ ਕਾਮਾ॥ ੧॥ ਰਹਾਉ॥ ਰਾਮ ਗੋਬਿੰਦ ਜਪੇਦਿਆ ਹੋਆ ਮੁਖੁ ਪਵਿਤ੍ਰੁ॥ ਹਰਿ ਜਸੁ ਸੁਣੀਐ ਜਿਸ ਤੇ ਸੋਈ ਭਾਈ ਮਿਤ੍ਰੁ॥ ੧॥ (੨੧੮)

ਜਿਸ ਅਕਾਲ ਪੁਰਖੁ ਦਾ ਨਾਮੁ ਜਪਣ ਨਾਲ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਉਤਾਰਾ ਹੋ ਜਾਂਦਾ ਹੈ, ਉਸ ਦੇ ਨਾਮੁ ਨੂੰ ਆਦਰ ਸਤਿਕਾਰ ਨਾਲ ਆਪਣੇ ਹਿਰਦੇ ਵਿੱਚ ਵਸਾਈ ਰੱਖਣਾ ਚਾਹੀਦਾ ਹੈ। ਜਿਸ ਅਕਾਲ ਪੁਰਖੁ ਦੇ ਸਿਮਰਨ ਨਾਲ, ਮਾਇਆ ਦੇ ਝਮੇਲੇ ਮਿਟ ਜਾਂਦੇ ਹਨ, ਵਿਕਾਰ ਮਨ ਉਤੇ ਪ੍ਰਭਾਵ ਨਹੀਂ ਪਾ ਸਕਦੇ, ਪਰਵਾਰਕ ਮੋਹ ਦੇ ਬੰਧਨ ਟੁੱਟ ਜਾਂਦੇ ਹਨ, ਮੂਰਖ ਮਨੁੱਖ ਵੀ ਸਿਆਣੇ ਬਣ ਜਾਂਦੇ ਹਨ, ਸਾਰੀ ਕੁਲ ਦਾ ਹੀ ਪਾਰ ਉਤਾਰਾ ਹੋ ਜਾਂਦਾ ਹੈ, ਉਸ ਅਕਾਲ ਪੁਰਖੁ ਨੂੰ ਸਦਾ ਨਮਸਕਾਰ ਕਰਦੇ ਰਹਿਣਾਂ ਚਾਹੀਦਾ ਹੈ। ਜਿਸ ਅਕਾਲ ਪੁਰਖੁ ਦੇ ਸਿਮਰਨ ਦੀ ਬਰਕਤ ਨਾਲ ਮਨੁੱਖ ਦੇ ਸਾਰੇ ਡਰ ਤੇ ਦੁਖ ਦੂਰ ਹੋ ਜਾਂਦੇ ਹਨ, ਹਰੇਕ ਤਰ੍ਹਾਂ ਦੀ ਬਿਪਤਾ ਮਨੁੱਖ ਦੇ ਸਿਰ ਤੋਂ ਟਲ ਜਾਂਦੀ ਹੈ, ਮਨੁੱਖ ਦੇ ਸਾਰੇ ਪਾਪ ਮੁੱਕ ਜਾਂਦੇ ਹਨ, ਕੋਈ ਦੁਖ ਕਲੇਸ਼ ਮਨੁੱਖ ਨੂੰ ਪੋਹ ਨਹੀਂ ਸਕਦਾ, ਅਜੇਹੇ ਅਕਾਲ ਪੁਰਖੁ ਅੱਗੇ ਸਦਾ ਸਿਰ ਨਿਵਾਂਦੇ ਰਹਿਣਾਂ ਚਾਹੀਦਾ ਹੈ। ਜਿਸ ਅਕਾਲ ਪੁਰਖੁ ਦੇ ਸਿਮਰਨ ਨਾਲ ਹਿਰਦਾ ਖਿੜਿਆ ਰਹਿੰਦਾ ਹੈ, ਮਾਇਆ ਵੀ ਦਾਸੀ ਬਣ ਜਾਂਦੀ ਹੈ, ਮਾਨੋ ਸਾਰੀਆਂ ਨਿਧੀਆਂ ਤੇ ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ, ਤੇ ਅੰਤ ਵੇਲੇ ਮਨੁੱਖ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘ ਜਾਂਦਾ ਹੈ, ਉਸ ਅਕਾਲ ਪੁਰਖੁ ਨੂੰ ਸਦਾ ਸਿਮਰਦੇ ਰਹਿਣਾਂ ਚਾਹੀਦਾ ਹੈ। ਅਕਾਲ ਪੁਰਖੁ ਦਾ ਨਾਮੁ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਕ੍ਰੋੜਾਂ ਭਗਤਾਂ ਦਾ ਉਦਾਰ ਕਰਨ ਵਾਲਾ ਹੈ। ਗੁਰੂ ਸਾਹਿਬ ਬੇਨਤੀ ਕਰ ਕੇ ਸਮਝਾਂਦੇ ਹਨ ਕਿ ਮੇਰਾ ਮੱਥਾ ਵੀ ਅਜੇਹੇ ਗੁਰਮੁਖਾਂ ਦੇ ਚਰਨਾਂ ਉਤੇ ਪਿਆ ਹੈ, ਮੈਂ ਨਿਮਾਣਾ ਵੀ ਅਕਾਲ ਪੁਰਖੁ ਦੇ ਦਾਸਾਂ ਦੇ ਦਾਸਾਂ ਦੀ ਸਰਨ ਵਿੱਚ ਆਇਆ ਹਾਂ, ਤਾਂ ਕਿ ਮੈਂਨੂੰ ਵੀ ਅਕਾਲ ਪੁਰਖੁ ਦਾ ਨਾਮੁ ਮਿਲ ਜਾਏ।

ਮਾਲੀ ਗਉੜਾ ਮਹਲਾ ੫॥ ਰਾਮ ਨਾਮ ਕਉ ਨਮਸਕਾਰ॥ ਜਾਸੁ ਜਪਤ ਹੋਵਤ ਉਧਾਰ॥ ੧॥ ਰਹਾਉ॥ ਜਾ ਕੈ ਸਿਮਰਨਿ ਮਿਟਹਿ ਧੰਧ॥ ਜਾ ਕੈ ਸਿਮਰਨਿ ਛੂਟਹਿ ਬੰਧ॥ ਜਾ ਕੈ ਸਿਮਰਨਿ ਮੂਰਖ ਚਤੁਰ॥ ਜਾ ਕੈ ਸਿਮਰਨਿ ਕੁਲਹ ਉਧਰ॥ ੧॥ ਜਾ ਕੈ ਸਿਮਰਨਿ ਭਉ ਦੁਖ ਹਰੈ॥ ਜਾ ਕੈ ਸਿਮਰਨਿ ਅਪਦਾ ਟਰੈ॥ ਜਾ ਕੈ ਸਿਮਰਨਿ ਮੁਚਤ ਪਾਪ॥ ਜਾ ਕੈ ਸਿਮਰਨਿ ਨਹੀ ਸੰਤਾਪ॥ ੨॥ ਜਾ ਕੈ ਸਿਮਰਨਿ ਰਿਦ ਬਿਗਾਸ॥ ਜਾ ਕੈ ਸਿਮਰਨਿ ਕਵਲਾ ਦਾਸਿ॥ ਜਾ ਕੈ ਸਿਮਰਨਿ ਨਿਧਿ ਨਿਧਾਨ॥ ਜਾ ਕੈ ਸਿਮਰਨਿ ਤਰੇ ਨਿਦਾਨ॥ ੩॥ ਪਤਿਤ ਪਾਵਨੁ ਨਾਮੁ ਹਰੀ॥ ਕੋਟਿ ਭਗਤ ਉਧਾਰੁ ਕਰੀ॥ ਹਰਿ ਦਾਸ ਦਾਸਾ ਦੀਨੁ ਸਰਨ॥ ਨਾਨਕ ਮਾਥਾ ਸੰਤ ਚਰਨ॥ ੪॥ ੨॥ (੯੮੬)

ਅਕਾਲ ਪੁਰਖ ਪਰੇ ਤੋਂ ਪਰੇ ਹੈ, ਅਕਾਲ ਪੁਰਖ ਅਪਹੁੰਚ ਹੈ, ਅਕਾਲ ਪੁਰਖ ਤਕ ਗਿਆਨ ਇੰਦ੍ਰਿਆਂ ਦੁਆਰਾ ਨਹੀਂ ਪਹੁੰਚਿਆ ਜਾ ਸਕਦਾ। ਗੁਰੂ ਦੇ ਸ਼ਬਦ ਦੁਆਰਾ ਕੋਈ ਵਿਰਲਾ ਮਨੁੱਖ ਹੀ ਅਕਾਲ ਪੁਰਖ ਨੂੰ ਮਿਲਦਾ ਹੈ, ਤੇ ਉਸ ਦੇ ਅੰਦਰ ਅਕਾਲ ਪੁਰਖ ਦੇ ਨਾਮੁ ਦੀ ਕਦਰ ਪੈਦਾ ਹੁੰਦੀ ਹੈ। ਅਕਾਲ ਪੁਰਖ ਦੇ ਨਾਮੁ ਤੋਂ ਬਿਨਾ ਮਨੁੱਖ ਦੇ ਸਰੀਰ ਵਿੱਚ ਵਿਕਾਰਾਂ ਕਰਕੇ ਦੁਖ ਦਰਦ ਪੈਦਾ ਹੁੰਦੇ ਰਹਿੰਦੇ ਹਨ। ਜਦੋਂ ਮਨੁੱਖ ਨੂੰ ਗੁਰੂ ਮਿਲਦਾ ਹੈ, ਤਾਂ ਉਸ ਦੇ ਇਹ ਦੁਖ ਦੂਰ ਹੋ ਜਾਂਦੇ ਹਨ। ਗੁਰੂ ਨੂੰ ਮਿਲਣ ਤੋਂ ਬਿਨਾ ਮਨੁੱਖ ਉਹੀ ਕਰਮ ਕਰਦਾ ਹੈ, ਜਿਹੜੇ ਦੁਖ ਪੈਦਾ ਕਰਦੇ ਹਨ। ਇਸ ਤਰ੍ਹਾਂ ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਨੂੰ ਸਦਾ ਸਜ਼ਾ ਮਿਲਦੀ ਰਹਿੰਦੀ ਹੈ। ਅਕਾਲ ਪੁਰਖ ਦਾ ਨਾਮੁ ਇੱਕ ਐਸਾ ਅੰਮ੍ਰਿਤ ਹੈ, ਜੋ ਮਿੱਠਾ ਹੈ, ਤੇ ਬੜੇ ਰਸ ਵਾਲਾ ਹੈ। ਪਰੰਤੂ ਉਹੀ ਮਨੁੱਖ ਇਹ ਨਾਮੁ ਰੂਪੀ ਰਸ ਪੀਂਦਾ ਰਹਿੰਦਾ ਹੈ, ਜਿਸ ਨੂੰ ਅਕਾਲ ਪੁਰਖ ਆਪ ਪਿਲਾਂਦਾ ਹੈ। ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਅਕਾਲ ਪੁਰਖ ਦੇ ਨਾਮੁ ਰੂਪੀ ਅੰਮ੍ਰਿਤ ਦਾ ਆਨੰਦ ਮਾਣਦਾ ਹੈ, ਤੇ ਅਕਾਲ ਪੁਰਖ ਦੇ ਨਾਮੁ ਵਿੱਚ ਆਪਣੇ ਆਪ ਨੂੰ ਰੰਗ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।

ਹਰਿ ਕਾ ਨਾਮੁ ਮੀਠਾ ਅਤਿ ਰਸੁ ਹੋਇ॥ ਪੀਵਤ ਰਹੈ ਪੀਆਏ ਸੋਇ॥ ਗੁਰ ਕਿਰਪਾ ਤੇ ਹਰਿ ਰਸੁ ਪਾਏ॥ ਨਾਨਕ ਨਾਮਿ ਰਤੇ ਗਤਿ ਪਾਏ॥ ੪॥ ੩॥ ੪੨॥ (੩੬੧)

ਸਾਰਾ ਸੰਸਾਰ ਮੂੰਹ ਨਾਲ ‘ਰਾਮ, ਰਾਮ’ ਕਹਿੰਦਾ ਰਹਿੰਦਾ ਹੈ, ਪਰੰਤੂ ਇਸ ਤਰ੍ਹਾਂ ਕਰਨ ਨਾਲ ‘ਰਾਮੁ’ ਨਹੀਂ ਲੱਭਿਆ ਜਾ ਸਕਦਾ। ਉਹ ਰਾਮੁ (ਅਕਾਲ ਪੁਰਖੁ) ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬਹੁਤ ਵੱਡਾ ਹੈ, ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ, ਉਸ ਦੀ ਕੀਮਤਿ ਨਹੀਂ ਪਾਈ ਜਾ ਸਕਦੀ, ਤੇ ਕਿਸੇ ਥਾਂ ਤੋਂ ਮੁੱਲ ਖਰੀਦਿਆ ਨਹੀਂ ਜਾ ਸਕਦਾ। ਪਰੰਤੂ, ਇੱਕ ਤਰੀਕਾ ਹੈ, ਜੇਕਰ ਗੁਰੂ ਦੇ ਸ਼ਬਦ ਨਾਲ ਮਨ ਨੂੰ ਵਿੰਨ੍ਹਿਆ ਜਾਏ ਤਾਂ ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਮਨ ਵਿੱਚ ਆ ਵੱਸਦਾ ਹੈ। ਅਕਾਲ ਪੁਰਖੁ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰੰਤੂ ਸਤਿਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖੁ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ, ਅਕਾਲ ਪੁਰਖੁ ਆਪ ਹੀ ਹਰ ਥਾਂ ਰਮਿਆ ਹੋਇਆ ਹੈ ਤੇ ਜੀਵ ਦੇ ਹਿਰਦੇ ਵਿੱਚ ਆ ਕੇ ਉਹ ਆਪ ਹੀ ਪਰਗਟ ਹੋ ਜਾਂਦਾ ਹੈ।

ਸਲੋਕ ਮਃ ੩॥ ਰਾਮੁ ਰਾਮੁ ਕਰਤਾ ਸਭੁ ਜਗੁ ਫਿਰੈ ਰਾਮੁ ਨ ਪਾਇਆ ਜਾਇ॥ ਅਗਮੁ ਅਗੋਚਰੁ ਅਤਿ ਵਡਾ ਅਤੁਲੁ ਨ ਤੁਲਿਆ ਜਾਇ॥ ਕੀਮਤਿ ਕਿਨੈ ਨ ਪਾਈਆ ਕਿਤੈ ਨ ਲਇਆ ਜਾਇ॥ ਗੁਰ ਕੈ ਸਬਦਿ ਭੇਦਿਆ ਇਨ ਬਿਧਿ ਵਸਿਆ ਮਨਿ ਆਇ॥ ਨਾਨਕ ਆਪਿ ਅਮੇਉ ਹੈ ਗੁਰ ਕਿਰਪਾ ਤੇ ਰਹਿਆ ਸਮਾਇ॥ ਆਪੇ ਮਿਲਿਆ ਮਿਲਿ ਰਹਿਆ ਆਪੇ ਮਿਲਿਆ ਆਇ॥ ੧॥ (੫੫੫)

ਜੇ ਕਰ ਕੋਈ ਮਨੁੱਖ ਸਿਰ ਪਰਨੇ ਹੋ ਕੇ ਸਾਰੀਆਂ ਧਰਤੀਆਂ ਤੇ ਧਰਤੀ ਦੇ ਸਾਰੇ ਹਿੱਸਿਆਂ ਤੇ ਫਿਰਦਾ ਰਹੇ, ਜੇ ਕਰ ਇੱਕ ਪੈਰ ਦੇ ਭਾਰ ਤੇ ਖੜਾ ਹੋ ਕੇ ਧਿਆਨ ਧਰਦਾ ਰਹੇ, ਜੇ ਕਰ ਉਹ ਆਪਣੇ ਪ੍ਰਾਣ ਰੋਕ ਕੇ ਮਨ ਵਿੱਚ ਜਪ ਕਰਦਾ ਰਹੇ, ਜੇ ਕਰ ਆਪਣਾ ਸਿਰ ਧੌਣ ਦੇ ਹੇਠ ਰੱਖੇ, ਭਾਵ, ਜੇ ਸ਼ੀਰਸ਼ਆਸਣ ਕਰ ਕੇ ਸਿਰ ਭਾਰ ਖੜਾ ਰਹੇ, ਤਾਂ ਇਹ ਸਵਾਲ ਵੀ ਪੈਦਾ ਹੁੰਦਾ ਹੈ, ਕਿ ਇਨ੍ਹਾਂ ਸਭ ਕਿਰਿਆਵਾਂ ਵਿੱਚ ਉਹ ਮਨੁੱਖ ਕਿਸ ਉਤੇ ਆਪਣੀ ਟੇਕ ਰੱਖਦਾ ਹੈ? ਕਿਸ ਉੱਦਮ ਨੂੰ ਉਹ ਆਪਣਾ ਤਾਣ ਸਮਝਦਾ ਹੈ? ਕਿਉਂਕਿ ਇਹ ਸਭ ਕੁੱਝ ਅਕਾਲ ਪੁਰਖੁ ਦੇ ਸਾਹਮਣੇ ਤਾਂ ਇੱਕ ਤੁੱਛ ਦੇ ਬਰਾਬਰ ਹਨ। ਜੇ ਕਰ ਇਹ ਮਨੁੱਖਾ ਸਰੀਰ ਹੀ ਉਸ ਅਕਾਲ ਪੁਰਖੁ ਦਾ ਦਿਤਾ ਹੋਇਆ ਹੈ ਤਾਂ ਇਹ ਸਭ ਕਿਰਿਆਵਾਂ ਅਤੇ ਆਸਰੇ ਉਸ ਦੇ ਸਾਹਮਣੇ ਬਹੁਤ ਕਮਜ਼ੋਰ ਹਨ। ਗੁਰੂ ਨਾਨਕ ਸਾਹਿਬ ਸਮਝਾਂਦੇ ਹਨ, ਕਿ ਇਹ ਗੱਲ ਬਿਲਕੁਲ ਨਹੀਂ ਕਹੀ ਜਾ ਸਕਦੀ, ਕਿ ਅਕਾਲ ਪੁਰਖੁ ਕਿਸ ਨੂੰ ਮਾਣ ਬਖ਼ਸ਼ਦਾ ਹੈ। ਅਕਾਲ ਪੁਰਖੁ ਸਭ ਜੀਵਾਂ ਨੂੰ ਆਪਣੇ ਹੁਕਮ ਵਿੱਚ ਰਖਦਾ ਹੈ, ਪਰੰਤੂ ਮੂਰਖ ਮਨੁੱਖ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ ਹੈ।

ਸਲੋਕ ਮਃ ੧॥ ਪੁਰੀਆ ਖੰਡਾ ਸਿਰਿ ਕਰੇ ਇੱਕ ਪੈਰਿ ਧਿਆਏ॥ ਪਉਣੁ ਮਾਰਿ ਮਨਿ ਜਪੁ ਕਰੇ ਸਿਰੁ ਮੁੰਡੀ ਤਲੈ ਦੇਇ॥ ਕਿਸੁ ਉਪਰਿ ਓਹੁ ਟਿਕ ਟਿਕੈ ਕਿਸ ਨੋ ਜੋਰੁ ਕਰੇਇ॥ ਕਿਸ ਨੋ ਕਹੀਐ ਨਾਨਕਾ ਕਿਸ ਨੋ ਕਰਤਾ ਦੇਇ॥ ਹੁਕਮਿ ਰਹਾਏ ਆਪਣੈ ਮੂਰਖੁ ਆਪੁ ਗਣੇਇ॥ ੧॥ (੧੨੪੧)

ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਦੇ ਮੋਹ ਵਿੱਚ ਫਸਿਆ ਰਹਿੰਦਾ ਹੈ, ਉਸ ਮਨੁੱਖ ਨੂੰ ਅਕਾਲ ਪੁਰਖੁ ਦਾ ਨਾਮੁ ਸਦਾ ਭੁੱਲਿਆ ਰਹਿੰਦਾ ਹੈ। ਅਕਾਲ ਪੁਰਖੁ ਦੇ ਭਜਨ ਤੋਂ ਬਿਨਾ ਅਜੇਹੇ ਮਨੁੱਖ ਦਾ ਜੀਊਣਾ ਕਿਸ ਕੰਮ ਆ ਸਕਦਾ ਹੈ? ਮਾਇਆ ਦੇ ਮੋਹ ਵਿੱਚ ਫਸਿਆ ਮਨੁੱਖ ਆਤਮਕ ਜੀਵਨ ਵਲੋਂ ਅੰਨ੍ਹਾ ਹੋਇਆ ਰਹਿੰਦਾ ਹੈ, ਤੇ ਮਨੁੱਖ ਅਕਾਲ ਪੁਰਖੁ ਦਾ ਨਾਮੁ ਚੇਤੇ ਨਹੀਂ ਕਰਦਾ। ਅਕਾਲ ਪੁਰਖੁ ਦੇ ਭਜਨ ਤੋਂ ਬਿਨਾ ਅਜੇਹੇ ਮਨੁੱਖ ਦੇ ਗਲ ਵਿੱਚ ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ।

ਮਨੁ ਮਾਇਆ ਮੈ ਫਧਿ ਰਹਿਓ ਬਿਸਰਿਓ ਗੋਬਿੰਦ ਨਾਮੁ॥ ਕਹੁ ਨਾਨਕ ਬਿਨੁ ਹਰਿ ਭਜਨ ਜੀਵਨ ਕਉਨੇ ਕਾਮ॥ ੩੦॥ ਪ੍ਰਾਨੀ ਰਾਮੁ ਨ ਚੇਤਈ ਮਦਿ ਮਾਇਆ ਕੈ ਅੰਧੁ॥ ਕਹੁ ਨਾਨਕ ਹਰਿ ਭਜਨ ਬਿਨੁ ਪਰਤ ਤਾਹਿ ਜਮ ਫੰਧ॥ ੩੧॥ (੧੪੨੮)

ਸਾਜ਼ਾਂ ਤੋਂ ਬਿਨਾ ਨਾਚ ਫਬਦਾ ਨਹੀਂ। ਗਲੇ ਤੋਂ ਬਿਨਾ ਕੋਈ ਗਵਈਆ ਗਾ ਨਹੀਂ ਸਕਦਾ। ਤੰਦੀ ਤੋਂ ਬਿਨਾ ਰਬਾਬ ਨਹੀਂ ਵੱਜ ਸਕਦੀ। ਇਸੇ ਤਰ੍ਹਾਂ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਦੁਨੀਆਂ ਦਾਰੀ ਵਾਲੇ ਹੋਰ ਸਾਰੇ ਕੰਮ ਵਿਅਰਥ ਚਲੇ ਜਾਂਦੇ ਹਨ। ਜੀਭ ਤੋਂ ਬਿਨਾ ਕੋਈ ਬੋਲ ਨਹੀਂ ਸਕਦਾ, ਕੰਨਾਂ ਤੋਂ ਬਿਨਾ ਕੋਈ ਸੁਣ ਨਹੀਂ ਸਕਦਾ। ਅੱਖਾਂ ਤੋਂ ਬਿਨਾ ਕੋਈ ਵੇਖ ਨਹੀਂ ਸਕਦਾ। ਇਸੇ ਤਰ੍ਹਾਂ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਮਨੁੱਖ ਦੀ ਕੋਈ ਪੁੱਛ ਗਿਛ ਨਹੀਂ ਹੋ ਸਕਦੀ। ਵਿੱਦਿਆ ਪ੍ਰਾਪਤ ਕਰਨ ਤੋਂ ਬਿਨਾ ਕੋਈ ਪੰਡਿਤ ਨਹੀਂ ਬਣ ਸਕਦਾ। ਆਤਮਕ ਜੀਵਨ ਦੀ ਸੂਝ ਤੋਂ ਬਿਨਾ ਮਨੁੱਖ ਦਾ ਮਨ ਕਿਤੇ ਟਿਕ ਨਹੀਂ ਸਕਦਾ। ਇਹੀ ਕਾਰਨ ਹੈ ਕਿ ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਸਾਰਾ ਜਗਤ ਝੱਲਾ ਹੋਇਆ ਫਿਰਦਾ ਹੈ। ਗੁਰੂ ਦੇ ਉਪਦੇਸ਼ ਤੋਂ ਬਿਨਾ ਮਨੁੱਖ ਨੂੰ ਆਤਮਕ ਜੀਵਨ ਦੀ ਸੋਝੀ ਨਹੀਂ ਹੋ ਸਕਦੀ। ਅਕਾਲ ਪੁਰਖੁ ਦਾ ਡਰ ਤੇ ਅਦਬ ਹਿਰਦੇ ਵਿੱਚ ਰੱਖਣ ਤੋਂ ਬਿਨਾ ਮਨੁੱਖ ਦਾ ਕਿਸੇ ਤਰ੍ਹਾਂ ਦਾ ਕਹਿਣਾਂ ਜਾਂ ਪ੍ਰਚਾਰ ਕਰਨਾ ਵਿਅਰਥ ਹੋ ਜਾਂਦਾ ਹੈ। ਅਕਾਲ ਪੁਰਖੁ ਦੇ ਨਾਮੁ ਤੋਂ ਬਿਨਾ ਕੌਣ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘ ਸਕਦਾ ਹੈ? ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਕਿਵੇਂ ਕੋਈ ਇਸ ਭਵ ਸਾਗਰ ਵਿਚੋਂ ਪਾਰ ਲੰਘ ਸਕਦਾ ਹੈ?

ਭੈਰਉ ਮਹਲਾ ੫॥ ਬਿਨੁ ਬਾਜੇ ਕੈਸੋ ਨਿਰਤਿਕਾਰੀ॥ ਬਿਨੁ ਕੰਠੈ ਕੈਸੇ ਗਾਵਨਹਾਰੀ॥ ਜੀਲ ਬਿਨਾ ਕੈਸੇ ਬਜੈ ਰਬਾਬ॥ ਨਾਮ ਬਿਨਾ ਬਿਰਥੇ ਸਭਿ ਕਾਜ॥ ੧॥ ਨਾਮ ਬਿਨਾ ਕਹਹੁ ਕੋ ਤਰਿਆ॥ ਬਿਨੁ ਸਤਿਗੁਰ ਕੈਸੇ ਪਾਰਿ ਪਰਿਆ॥ ੧॥ ਰਹਾਉ॥ (੧੧੪੦)

ਅਕਾਲ ਪੁਰਖੁ ਨੇ ਆਪ ਹੀ ਮਾਇਆ ਦਾ ਮੋਹ ਪੈਦਾ ਕੀਤਾ ਹੈ, ਤੇ ਉਹ ਆਪ ਹੀ ਜੀਵਾਂ ਨੂੰ ਮਾਇਆ ਦੀ ਭਟਕਣਾ ਵਿੱਚ ਪਾ ਦਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਿੱਥੇ ਹੋਏ ਧਾਰਮਿਕ ਕਰਮ ਕਾਂਡ ਕਰਦੇ ਰਹਿੰਦੇ ਹਨ, ਤੇ ਇਹ ਨਹੀਂ ਸਮਝਦੇ ਕਿ ਅਸੀਂ ਕੁਰਾਹੇ ਪਏ ਹੋਏ ਹਾਂ। ਅਜੇਹੇ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ। ਸਤਿਗੁਰੂ ਦੀ ਬਾਣੀ ਇਸ ਮਨੁੱਖਾ ਜੀਵਨ ਦੇ ਰਸਤੇ ਵਿੱਚ ਚਾਨਣ ਦਾ ਕੰਮ ਕਰਦੀ ਹੈ ਤੇ ਇਹ ਬਾਣੀ ਅਕਾਲ ਪੁਰਖੁ ਦੀ ਮਿਹਰ ਨਾਲ ਹੀ ਮਨੁੱਖ ਦੇ ਮਨ ਵਿੱਚ ਵਸਦੀ ਹੈ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦੇ ਚਰਨਾਂ ਵਿੱਚ ਚਿੱਤ ਜੋੜਨ ਨਾਲ ਮਨ ਦੀ ਭਟਕਣਾ ਦੂਰ ਹੋ ਜਾਂਦੀ ਹੈ, ਤੇ ਹਰੇਕ ਕਿਸਮ ਦਾ ਡਰ ਦੂਰ ਹੋ ਜਾਂਦਾ ਹੈ। ਇਸ ਲਈ ਗੁਰੂ ਦੀ ਸਰਨ ਵਿੱਚ ਆ ਕੇ ਗੁਰੂ ਦੇ ਸਬਦ ਦੀ ਕਮਾਈ ਕਰਨੀ ਚਾਹੀਦੀ ਹੈ, ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਦਾ ਨਾਮੁ ਮਨੁੱਖ ਦੇ ਮਨ ਵਿੱਚ ਵੱਸ ਜਾਂਦਾ ਹੈ। ਆਪਣੇ ਮਨ ਨੂੰ ਸਮਝਾਣਾ ਹੈ, ਕਿ ਅਕਾਲ ਪੁਰਖੁ ਦਾ ਨਾਮੁ ਜਪ, ਕਿਉਂਕਿ ਨਾਮੁ ਜਪਣ ਨਾਲ ਹੀ ਆਤਮਕ ਆਨੰਦ ਮਿਲ ਸਕਦਾ ਹੈ। ਅਕਾਲ ਪੁਰਖੁ ਦੀ ਸਿਫਤ ਕਰਨ ਦੀ ਦਾਤਿ ਗੁਰੂ ਕੋਲੋ ਮਿਲਦੀ ਹੈ, ਇਸ ਲਈ ਪੂਰੇ ਗੁਰੂ ਨੂੰ ਧੰਨ ਧੰਨ ਆਖਣਾ ਚਾਹੀਦਾ ਹੈ। ਗੁਰੂ ਦੀ ਸਰਨ ਵਿੱਚ ਆਂਣ ਨਾਲ ਮਨੁੱਖ ਦਾ ਮਨ ਅਡੋਲ ਅਵਸਥਾ ਵਿੱਚ ਟਿਕ ਜਾਂਦਾ ਹੈ, ਤੇ ਉਸ ਮਨੁੱਖ ਨੂੰ ਅਕਾਲ ਪੁਰਖੁ ਮਿਲ ਜਾਂਦਾ ਹੈ। ਭਗਤ ਨਾਮੁ ਦੇਵ ਜੀ ਜਾਤ ਦਾ ਛੀਂਬਾ ਸੀ, ਭਗਤ ਕਬੀਰ ਜੀ ਜੁਲਾਹਾ ਸੀ, ਪਰੰਤੂ ਉਨ੍ਹਾਂ ਨੇ ਪੂਰੇ ਗੁਰੂ ਤੋਂ ਉੱਚੀ ਆਤਮਕ ਅਵਸਥਾ ਹਾਸਲ ਕੀਤੀ, ਤੇ ਉਹ ਅਕਾਲ ਪੁਰਖੁ ਦੇ ਨਾਲ ਸਾਂਝ ਪਾਣ ਵਾਲੇ ਬਣ ਗਏ, ਉਨ੍ਹਾਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਨਾਲ ਡੂੰਘੀ ਸਾਂਝ ਪਾ ਲਈ, ਤੇ ਆਪਣੇ ਅੰਦਰੋਂ ਹਉਮੈ ਦੂਰ ਕਰ ਲਿਆ।

ਮਨ ਰੇ ਨਾਮੁ ਜਪਹੁ ਸੁਖੁ ਹੋਇ॥ ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ॥ ੧॥ ਰਹਾਉ॥ (੬੭)

ਜੇ ਕਰ ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿੱਚ ਕਹਿ ਸਕਦੇ ਹਾਂ ਕਿ ਅਕਾਲ ਪੁਰਖੁ ਦਾ ਨਾਮੁ ਬਹੁਤ ਕੀਮਤੀ, ਅਨਮੋਲਕ ਤੇ ਲਾਭਦਇਕ ਹੈ। ਅਸੀਂ ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪ ਕੇ, ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਅਨੁਸਾਰ ਚਲਣ ਦੀ ਜਾਚ ਸਿਖ ਸਕਦੇ ਹਾਂ, ਤੇ ਆਪਣਾ ਮਨੁੱਖਾ ਜੀਵਨ ਸਫਲ ਕਰ ਸਕਦੇ ਹਾਂ।

  • ਮਨੁੱਖ ਦੇ ਮਨ ਅੰਦਰ ਪਦਾਰਥਾਂ ਦੀ ਦੌੜ ਰਹਿੰਦੀ ਹੈ, ਤੇ ਇਹ ਸਭ ਕੁੱਝ ਦੇਣ ਵਾਲਾ ਦਾਤਾਰ ਉਸ ਨੂੰ ਅਕਸਰ ਭੁਲਿਆ ਰਹਿੰਦਾ ਹੈ।
  • ਜਿਹੜਾ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜ ਜਾਂਦਾ ਹੈ, ਉਹ ਸਦਾ ਆਤਮਕ ਆਨੰਦ ਮਾਣਦਾ ਰਹਿੰਦਾ ਹੈ।
  • ਜਿਹੜਾ ਮਨੁੱਖ ਗੁਰੂ ਦੀ ਮਤਿ ਅਨੁਸਾਰ ਚਲਦਾ ਹੈ, ਉਹ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਦਾ ਨਾਮੁ ਰੂਪੀ ਧਨ ਪ੍ਰਾਪਤ ਕਰ ਲੈਂਦਾ ਹੈ।
  • ਅਕਾਲ ਪੁਰਖੁ ਦਾ ਨਾਮੁ ਬਹੁਤ ਹੈਰਾਨ ਕਰਨ ਵਾਲਾ ਹੈ, ਪਰੰਤੂ ਇਹ ਨਾਮੁ ਅਕਾਲ ਪੁਰਖੁ ਆਪ ਹੀ ਕਿਸੇ ਵਡਭਾਗੀ ਗੁਰਮੁਖਿ ਨੂੰ ਸੁਣਾਂਦਾ ਹੈ।
  • ਗੁਰੂ ਸਾਹਿਬ ਸਮਝਾਂਉਂਦੇ ਹਨ, ਕਿ ਹੇ ਮੇਰੀ ਮਾਂ! ਅਰਦਾਸ ਕਰ ਕਿ ਉਹ ਅਕਾਲ ਪੁਰਖ ਮੈਨੂੰ ਕਦੇ ਵੀ ਨਾ ਭੁੱਲੇ, ਕਿਉਂਕਿ ਅਕਾਲ ਪੁਰਖ ਸਦਾ ਕਾਇਮ ਰਹਿਣ ਵਾਲਾ ਹੈ ਤੇ ਅਕਾਲ ਪੁਰਖ ਦਾ ਨਾਮੁ ਵੀ ਸਦਾ ਕਾਇਮ ਰਹਿਣ ਵਾਲਾ ਹੈ।
  • ਜਿਹੜੇ ਮਨੁੱਖ ਅਕਾਲ ਪੁਰਖੁ ਦਾ ਨਾਮੁ ਉਚਾਰਦੇ ਹਨ, ਉਹ ਪਵਿਤਰ ਜੀਵਨ ਵਾਲੇ ਬਣ ਜਾਂਦੇ ਹਨ।
  • ਜਿਹੜੇ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਦੇ ਹਨ, ਉਹ ਚੰਗੇ ਭਾਗਾਂ ਵਾਲੇ ਹੋ ਜਾਂਦੇ ਹਨ।
  • ਜਿਹੜੇ ਮਨੁੱਖ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਆਪਣੀ ਹੱਥੀਂ ਲਿਖਦੇ ਹਨ, ਉਹ ਆਪਣੇ ਸਾਰੇ ਖ਼ਾਨਦਾਨ ਨੂੰ ਹੀ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘਾ ਲੈਂਦੇ ਹਨ।
  • ਅਕਾਲ ਪੁਰਖੁ ਦਾ ਨਾਮੁ ਅਮੁੱਲ ਹੈ, ਜਿਸ ਦਾ ਅੰਦਾਜਾ ਨਹੀਂ ਲਗਾਇਆ ਜਾ ਸਕਦਾ ਹੈ, ਕੋਈ ਜੀਵ ਉਸ ਦੇ ਬਰਾਬਰ ਦੀ ਕੋਈ ਵੀ ਚੀਜ਼ ਨਹੀਂ ਦੱਸ ਸਕਦਾ।
  • ਜਿਨ੍ਹਾਂ ਮਨੁੱਖਾਂ ਦੇ ਮੱਥੇ ਤੇ ਭਾਗ ਜਾਗ ਜਾਂਦੇ ਹਨ, ਉਹ ਅਕਾਲ ਪੁਰਖੁ ਦੇ ਮਿਲਾਪ ਦਾ ਆਨੰਦ ਮਾਣਦੇ ਰਹਿੰਦੇ ਹਨ।
  • ਅਕਾਲ ਪੁਰਖੁ ਦਾ ਨਾਮੁ ਇੱਕ ਅਜੇਹਾ ਅਨਮੋਲ ਖ਼ਜ਼ਾਨਾ ਹੈ, ਜਿਸ ਨੂੰ ਕੋਈ ਵਿਰਲਾ ਮਨੁੱਖ ਗੁਰੂ ਦੀ ਸਰਨ ਵਿੱਚ ਆ ਕੇ ਜਾਣ ਸਕਦਾ ਹੈ, ਸਮਝ ਸਕਦਾ ਹੈ ਤੇ ਉਸ ਨਾਮੁ ਨਾਲ ਸਾਂਝ ਪਾ ਸਕਦਾ ਹੈ।
  • ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਉਹ ਅਕਾਲ ਪੁਰਖੁ ਦੇ ਨਾਮੁ ਵਿੱਚ ਜੁੜ ਕੇ ਆਤਮਕ ਆਨੰਦ ਮਾਣਦੇ ਰਹਿੰਦੇ ਹਨ।
  • ਅਕਾਲ ਪੁਰਖੁ ਦਾ ਨਾਮੁ ਹਮੇਸ਼ਾਂ ਜਪਦੇ ਰਹਿੰਣਾ ਚਾਹੀਦਾ ਹੈ, ਤਾਂ ਜੋ ਸਾਡੇ ਸਾਰੇ ਕੰਮ ਸਫਲ ਹੋ ਸਕਣ।
  • ਗੁਰਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਜਪਣ ਨਾਲ, ਮਨੁੱਖ ਦੇ ਅੰਦਰ ਉਸ ਅਕਾਲ ਪੁਰਖੁ ਵਰਗੇ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ, ਜਿਸ ਸਦਕਾ ਮਨੁੱਖ ਦੇ ਮੂੰਹ ਵਿਚੋਂ ਪਵਿਤਰ ਬੋਲ ਨਿਕਲਦੇ ਹਨ।
  • ਦੁਨੀਆਂ ਵਿੱਚ ਅਸਲੀ ਭਰਾ ਜਾਂ ਮਿੱਤਰ ਉਹੀ ਹੈ, ਜਿਸ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣੀ ਜਾਏ।
  • ਜਿਸ ਅਕਾਲ ਪੁਰਖੁ ਦੇ ਸਿਮਰਨ ਨਾਲ ਹਿਰਦਾ ਖਿੜਿਆ ਰਹਿੰਦਾ ਹੈ, ਮਾਇਆ ਵੀ ਦਾਸੀ ਬਣ ਜਾਂਦੀ ਹੈ, ਮਾਨੋ ਸਾਰੀਆਂ ਨਿਧੀਆਂ ਤੇ ਸਾਰੇ ਖ਼ਜ਼ਾਨੇ ਮਿਲ ਜਾਂਦੇ ਹਨ, ਤੇ ਅੰਤ ਵੇਲੇ ਮਨੁੱਖ ਸੰਸਾਰ ਰੂਪੀ ਸਮੁੰਦਰ ਵਿਚੋਂ ਪਾਰ ਲੰਘ ਜਾਂਦਾ ਹੈ, ਉਸ ਅਕਾਲ ਪੁਰਖੁ ਨੂੰ ਸਦਾ ਸਿਮਰਦੇ ਰਹਿਣਾਂ ਚਾਹੀਦਾ ਹੈ।
  • ਅਕਾਲ ਪੁਰਖ ਦਾ ਨਾਮੁ ਇੱਕ ਐਸਾ ਅੰਮ੍ਰਿਤ ਹੈ, ਜੋ ਮਿੱਠਾ ਹੈ, ਤੇ ਬੜੇ ਰਸ ਵਾਲਾ ਹੈ। ਪਰੰਤੂ ਉਹੀ ਮਨੁੱਖ ਇਹ ਨਾਮੁ ਰੂਪੀ ਰਸ ਪੀਂਦਾ ਰਹਿੰਦਾ ਹੈ, ਜਿਸ ਨੂੰ ਅਕਾਲ ਪੁਰਖ ਆਪ ਪਿਲਾਂਦਾ ਹੈ।
  • ਗੁਰੂ ਦੀ ਕਿਰਪਾ ਨਾਲ ਹੀ ਮਨੁੱਖ ਅਕਾਲ ਪੁਰਖ ਦੇ ਨਾਮੁ ਰੂਪੀ ਅੰਮ੍ਰਿਤ ਦਾ ਆਨੰਦ ਮਾਣਦਾ ਹੈ, ਤੇ ਅਕਾਲ ਪੁਰਖ ਦੇ ਨਾਮੁ ਵਿੱਚ ਆਪਣੇ ਆਪ ਨੂੰ ਰੰਗ ਕੇ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ।
  • ਸਾਰਾ ਸੰਸਾਰ ਮੂੰਹ ਨਾਲ ‘ਰਾਮ, ਰਾਮ’ ਕਹਿੰਦਾ ਰਹਿੰਦਾ ਹੈ, ਪਰੰਤੂ ਇਸ ਤਰ੍ਹਾਂ ਕਰਨ ਨਾਲ ‘ਰਾਮੁ’ ਨਹੀਂ ਲੱਭਿਆ ਜਾ ਸਕਦਾ।
  • ਅਕਾਲ ਪੁਰਖੁ ਅਪਹੁੰਚ ਹੈ, ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਬਹੁਤ ਵੱਡਾ ਹੈ, ਅਤੁੱਲ ਹੈ ਤੇ ਤੋਲਿਆ ਨਹੀਂ ਜਾ ਸਕਦਾ, ਉਸ ਦੀ ਕੀਮਤਿ ਨਹੀਂ ਪਾਈ ਜਾ ਸਕਦੀ, ਤੇ ਕਿਸੇ ਥਾਂ ਤੋਂ ਮੁੱਲ ਖਰੀਦਿਆ ਨਹੀਂ ਜਾ ਸਕਦਾ।
  • ਅਕਾਲ ਪੁਰਖੁ ਆਪ ਤਾਂ ਮਿਣਤੀ ਤੋਂ ਪਰੇ ਹੈ, ਪਰੰਤੂ ਸਤਿਗੁਰੂ ਦੀ ਕਿਰਪਾ ਨਾਲ ਇਹ ਸਮਝ ਆ ਜਾਂਦੀ ਹੈ ਕਿ ਅਕਾਲ ਪੁਰਖੁ ਸਾਰੀ ਸ੍ਰਿਸ਼ਟੀ ਵਿੱਚ ਵਿਆਪਕ ਹੈ।
  • ਜੇ ਕਰ ਇਹ ਮਨੁੱਖਾ ਸਰੀਰ ਹੀ ਉਸ ਅਕਾਲ ਪੁਰਖੁ ਦਾ ਦਿਤਾ ਹੋਇਆ ਹੈ ਤਾਂ ਸਭ ਸਰੀਰਕ ਕਿਰਿਆਵਾਂ, ਕਰਮਕਾਂਡ ਅਤੇ ਮਨੁੱਖਾਂ ਦੀ ਟੇਕ ਉਸ ਦੇ ਸਾਹਮਣੇ ਬਹੁਤ ਕਮਜ਼ੋਰ ਹਨ।
  • ਅਕਾਲ ਪੁਰਖੁ ਸਭ ਜੀਵਾਂ ਨੂੰ ਆਪਣੇ ਹੁਕਮੁ ਵਿੱਚ ਰਖਦਾ ਹੈ, ਪਰੰਤੂ ਮੂਰਖ ਮਨੁੱਖ ਆਪਣੇ ਆਪ ਨੂੰ ਵੱਡਾ ਸਮਝਣ ਲੱਗ ਪੈਂਦਾ ਹੈ।
  • ਮਾਇਆ ਦੇ ਮੋਹ ਵਿੱਚ ਫਸਿਆ ਮਨੁੱਖ ਆਤਮਕ ਜੀਵਨ ਵਲੋਂ ਅੰਨ੍ਹਾ ਹੋਇਆ ਰਹਿੰਦਾ ਹੈ, ਤੇ ਅਕਾਲ ਪੁਰਖੁ ਦਾ ਨਾਮੁ ਚੇਤੇ ਨਹੀਂ ਕਰਦਾ, ਜਿਸ ਕਰਕੇ ਅਜੇਹੇ ਮਨੁੱਖ ਦੇ ਗਲ ਵਿੱਚ ਜਮਾਂ ਦੀਆਂ ਫਾਹੀਆਂ ਪਈਆਂ ਰਹਿੰਦੀਆਂ ਹਨ।
  • ਗੁਰੂ ਦੀ ਸਰਨ ਵਿੱਚ ਆਉਂਣ ਤੋਂ ਬਿਨਾ ਕਿਵੇਂ ਕੋਈ ਵੀ ਇਸ ਭਵ ਸਾਗਰ ਵਿਚੋਂ ਪਾਰ ਨਹੀਂ ਲੰਘ ਸਕਦਾ ਹੈ।
  • ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਮਿੱਥੇ ਹੋਏ ਧਾਰਮਿਕ ਕਰਮ ਕਾਂਡ ਕਰਦੇ ਰਹਿੰਦੇ ਹਨ, ਤੇ ਇਹ ਨਹੀਂ ਸਮਝਦੇ ਕਿ ਅਸੀਂ ਕੁਰਾਹੇ ਪਏ ਹੋਏ ਹਾਂ, ਅਜੇਹੇ ਮਨੁੱਖ ਆਪਣਾ ਮਨੁੱਖਾ ਜਨਮ ਵਿਅਰਥ ਗਵਾ ਲੈਂਦੇ ਹਨ।
  • ਗੁਰੂ ਦੀ ਸਰਨ ਵਿੱਚ ਆ ਕੇ ਗੁਰੂ ਦੇ ਸਬਦ ਦੀ ਕਮਾਈ ਕਰਨੀ ਚਾਹੀਦੀ ਹੈ, ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਦਾ ਹੈ, ਇਸ ਤਰ੍ਹਾਂ ਕਰਨ ਨਾਲ ਅਕਾਲ ਪੁਰਖੁ ਦਾ ਨਾਮੁ ਮਨੁੱਖ ਦੇ ਮਨ ਵਿੱਚ ਵੱਸ ਜਾਂਦਾ ਹੈ।

ਮਨ ਰੇ ਨਾਮੁ ਜਪਹੁ ਸੁਖੁ ਹੋਇ॥ ਗੁਰੁ ਪੂਰਾ ਸਾਲਾਹੀਐ ਸਹਜਿ ਮਿਲੈ ਪ੍ਰਭੁ ਸੋਇ॥ ੧॥ ਰਹਾਉ॥ (੬੭)

"ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ"

(Dr. Sarbjit Singh)

RH1 / E-8, Sector-8, Vashi, Navi Mumbai - 400703.

Email = [email protected],

Web= http://www.geocities.ws/sarbjitsingh/

http://www.sikhmarg.com/article-dr-sarbjit.html

(ਡਾ: ਸਰਬਜੀਤ ਸਿੰਘ)

ਆਰ ਐਚ ੧/ਈ - ੮, ਸੈਕਟਰ - ੮, ਵਾਸ਼ੀ, ਨਵੀਂ ਮੁੰਬਈ - ੪੦੦੭੦੩.




.