.

ਸੁਖਮਈ ਜੀਵਨ ਅਹਿਸਾਸ (ਭਾਗ-8)

(ਸੁਖਜੀਤ ਸਿੰਘ ਕਪੂਰਥਲਾ)

ਸ੍ਰਿਸ਼ਟੀ ਦੇ ਕਰਤਾ ਅਕਾਲਪੁਰਖ, ਜੋ ਸਾਡੇ ਜੀਵਾਂ ਲਈ ‘ਤੂੰ ਸਾਝਾ ਸਾਹਿਬੁ ਬਾਪੁ ਹਮਾਰਾ (੯੭) ` ਬਣ ਕੇ ਹਰ ਤਰਾਂ ਦੇ ਸੁੱਖ ਸਾਡੀ ਝੋਲੀ ਵਿੱਚ ਪਾਉਣ ਲਈ ਹਰ ਸਮੇਂ ਤਿਆਰ ਹਨ, ਪਰ ਜੀਵ ਆਪਣੇ ਮਨ ਦੀ ਮਤਿ ਪਿਛੇ ਤੁਰ ਕੇ ਪ੍ਰਮੇਸ਼ਰ ਪਿਤਾ ਨਾਲੋਂ ਸਬੰਧ ਤੋੜ ਲੈਣ ਕਾਰਣ ਦੁੱਖਾਂ ਵਿੱਚ ਗਲਤਾਨ ਹੋ ਜਾਂਦਾ ਹੈ। ਪ੍ਰਭੂ ਨੇ ਮਨੁੱਖ ਨੂੰ ਬਾਕੀ ਜੂਨਾਂ ਦਾ ਸਰਦਾਰ ਬਣਾਇਆ ਹੈ, ਅਤੇ ਇਸ ਨੂੰ ਚੰਗੇ ਮਾੜੇ ਦੀ ਪਰਖ ਕਰ ਸਕਣ ਦੇ ਸਮਰੱਥ ਬਣਾਉਂਦੇ ਹੋਏ ਬੁੱਧੀ ਦੀ ਬਖਸ਼ਿਸ਼ ਕੀਤੀ ਹੈ। ਪਰ ਹੁਣ ਇਹ ਮਨੁੱਖ ਤੇ ਨਿਰਭਰ ਹੈ ਕਿ ਉਹ ਇਸ ਬੁੱਧੀ ਦੀ ਸਦਵਰਤੋਂ ਕਰਦਾ ਹੈ ਜਾਂ ਦੁਰਵਰਤੋਂ। ਸਦਵਰਤੋਂ ਵਿੱਚ ਸੁੱਖ ਹੈ-ਦੁਰਵਰਤੋਂ ਵਿੱਚ ਦੁੱਖ ਹੈ, ਚੋਣ ਕਰਨ ਦਾ ਹੱਕ ਇਸ ਕੋਲ ਹੈ।

ਅਸੀਂ ਸਿੱਖ ਹਾਂ। ਗੁਰਬਾਣੀ ਸਾਨੂੰ ਇਹ ਗਿਆਨ ਬਖਸ਼ਿਸ਼ ਕਰਕੇ ਸਹੀ ਚੋਣ ਕਰਨ ਲਈ ਮਾਰਗ ਦਰਸ਼ਨ ਕਰਦੀ ਹੈ। ਜੇਕਰ ਅਸੀਂ ਗੁਰਬਾਣੀ ਦੁਆਰਾ ਦਰਸਾਏ ਉਪਦੇਸ਼ਾਂ ਅਨੁਸਾਰ ਜੀਵਨ ਜਾਚ ਬਣਾ ਕੇ ਚਲਾਂਗੇ ਤਾਂ ‘ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਵਿੱਚ ਕੋਈ ਰੁਕਾਵਟ ਨਹੀਂ ਆਵੇਗੀ। ਸਾਡੇ ਵਲੋਂ ਇਸ ਮਾਰਗ ਦੇ ਪਾਂਧੀ ਨਾ ਬਨਣ ਕਾਰਣ ਹੀ ਅਸੀਂ ਆਪਣਾ ਜੀਵਨ ਕਿਸੇ ਨਾ ਕਿਸੇ ਡਰ ਅਧੀਨ ਬਤੀਤ ਕਰੀ ਜਾ ਰਹੇ ਹਾਂ। ਸਿਆਣਿਆਂ ਦਾ ਕਥਨ ਹੈ ਕਿ ਡਰ ਅਧੀਨ ਮਨੁੱਖ ਕਦੀ ਵੀ ਸੁਖੀ ਨਹੀਂ ਹੋ ਸਕਦਾ। ਮਨੁੱਖ ਦੇ ਜੀਵਨ ਅੰਦਰ ਸਭ ਤੋਂ ਵੱਡਾ ਡਰ, ਜੋ ਹਰ ਸਮੇਂ ਇਸ ਨੂੰ ਪ੍ਰੇਸ਼ਾਨੀ ਵਿੱਚ ਪਾ ਕੇ ਰੱਖਦਾ ਹੈ, ਉਹ ਮੌਤ ਹੈ। ਪਰ ਗੁਰਬਾਣੀ ਤਾਂ ਸਾਨੂੰ ਦੱਸਦੀ ਹੈ ਕਿ ਜਿਸ ਦਾ ਜਨਮ ਹੋ ਗਿਆ, ਮੌਤ ਅਵੱਸ਼ ਇੱਕ ਨਾ ਇੱਕ ਦਿਨ ਆਉਣੀ ਹੀ ਹੈ। ਇਹ ਪ੍ਰਮੇਸ਼ਰ ਦੇ ਹੁਕਮ ਅੰਦਰ ਹੋਣਾ ਅਟੱਲ ਹੈ, ਜੇ ਇਸ ਪੱਖ ਉਪਰ ਮਨੁੱਖ ਦੇ ਆਪਣੇ ਹੱਥ ਵਿੱਚ ਕੁੱਝ ਵੀ ਨਹੀਂ, ਇਸ ਹੋਣੀ ਨੇ ਵਾਪਰਣਾ ਵੀ ਜ਼ਰੂਰ ਹੈ ਤਾਂ ਫਿਰ ਜੀਵਨ ਡਰ-ਡਰ ਕੇ ਦੁੱਖਾਂ ਵਿੱਚ ਰਹਿ ਕੇ ਕਿਉਂ ਬਤੀਤ ਕੀਤਾ ਜਾਵੇ-

- ਜੋ ਉਪਜਿਓ ਸੋ ਬਿਨਸਿ ਹੈ ਪਰੋ ਆਜੁ ਕੈ ਕਾਲਿ।।

ਨਾਨਕ ਹਰਿ ਗੁਨ ਗਾਇ ਲੇ ਛਾਡਿ ਸਗਲ ਜੰਜਾਲ।।

(ਸਲੋਕ ਮਹਲਾ ੯-੧੪੨੯)

-ਪਹਿਲਾ ਮਰਣੁ ਕਬੂਲਿ ਜੀਵਨ ਕੀ ਛਡਿ ਆਸ।।

(ਸਲੋਕ ਮਹਲਾ ੫-੧੧੦੨)

-ਡਰੀਐ ਜੇ ਤਾ ਕਿਛੁ ਆਪਦੂ ਕੀਚੈ ਸਭੁ ਕਰਤਾ ਆਪਣੀ ਕਲਾ ਵਧਾਏ।।

(ਵਾਰ ਗਉੜੀ -ਮਹਲਾ ੪-੩੦੮)

ਮੌਤ ਦੇ ਡਰ ਤੋਂ ਇਲਾਵਾ ਮਨੁੱਖ ਦੇ ਜੀਵਨ ਅੰਦਰ ਹੋਰ ਵੀ ਕਈ ਤਰਾਂ ਦੇ ਡਰ ਹਰ ਸਮੇਂ ਵਿਆਪਦੇ ਰਹਿੰਦੇ ਹਨ। ਪਰ ਗੁਰਮੁਖ ਇਸ ਅਵਸਥਾ ਤੋਂ ਨਿਰਲੇਪ ਹੋ ਜਾਂਦੇ ਹਨ ਕਿਉਂ ਕਿ ਉਹ ਨਾ ਆਪ ਡਰਦੇ ਹਨ, ਅਤੇ ਨਾ ਹੀ ਕਿਸੇ ਨੂੰ ਡਰਾਉਂਦੇ ਹਨ, ਇਹੀ ਗਿਆਨਵਾਨ ਪੁਰਖਾਂ ਦੇ ਲੱਛਣ ਹਨ। ਮਨੁੱਖ ਦੇ ਜੀਵਨ ਅੰਦਰ ਕੀਤੇ ਗਏ ਪਾਪ ਕਰਮ ਵੀ ਉਸ ਨੂੰ ਡਰਾਉਂਦੇ ਹਨ, ਪਰ ਜੇਕਰ ਪੱਲੇ ਧਰਮ ਅਧਾਰਿਤ ਜੀਵਨ ਜਾਚ ਹੋਵੇ ਤਾਂ ਫਿਰ ਡਰ ਜੀਵਨ ਵਿਚੋਂ ਅਲੋਪ ਹੋ ਜਾਂਦੇ ਹਨ, ਇਸ ਅਵਸਥਾ ਦੀ ਪ੍ਰਾਪਤੀ ਲਈ ‘ਨਿਰਭਉ ਜਪੈ ਸਗਲ ਭਉ ਮਿਟੈ (੨੯੨) ` ਵਾਲੇ ਮਾਰਗ ਤੇ ਚਲਣਾ ਜ਼ਰੂਰੀ ਹੈ-

-ਸੋ ਡਰੈ ਜਿ ਪਾਪ ਕਮਾਵਦਾ ਧਰਮੀ ਵਿਗਸੇਤੁ।।

ਤੂੰ ਸਚਾ ਆਪਿ ਨਿਆਉ ਸਚੁ ਤਾ ਡਰੀਐ ਕੇਤੁ।।

(ਵਾਰ ਸਿਰੀਰਾਗ- ਮਹਲਾ ੪-੮੪)

- ਸੋ ਕਤ ਡਰੈ ਜਿ ਖਸਮੁ ਸਮਾਰੈ।।

ਡਰਿ ਡਰਿ ਪਚੇ ਮਨਮੁਖ ਵੇਚਾਰੇ।।

(ਧਨਾਸਰੀ ਮਹਲਾ ੫-੬੭੭)

-ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਨ।।

ਕਹੁ ਨਾਨਕ ਸੁਨਿ ਰੇ ਮਨਾ ਗਿਆਨੀ ਤਾਹਿ ਬਖਾਨ।।

(ਸਲੋਕ ਮਹਲਾ ੯-੧੪੨੭)

- ਹਰਿ ਵੇਖੈ ਸੁਣੈ ਨਿਤ ਸਭੁ ਕਿਛੁ ਮੇਰੀ ਜਿੰਦੁੜੀਏ ਸੋ ਡਰੈ ਜਿਨਿ ਪਾਪ ਕਮਤੇ ਰਾਮ।।

ਜਿਸੁ ਅੰਤਰੁ ਹਿਰਦਾ ਸੁਧੁ ਹੈ ਮੇਰੀ ਜਿੰਦੁੜੀਏ ਤਿਨਿ ਜਨਿ ਸਭਿ ਡਰੁ ਸੁਟਿ ਘਤੇ ਰਾਮ।।

(ਬਿਹਾਗੜਾ ਮਹਲਾ ੪-੫੪੦)

-ਜਿਨ ਨਿਰਭਉ ਜਿਨਿ ਹਰਿ ਨਿਰਭਉ ਧਿਆਇਆ ਜੀ ਤਿਨ ਕਾ ਭਉ ਸਭੁ ਗਵਾਸੀ।।

(ਆਸਾ ਮਹਲਾ ੪-੧੧)

- ਭੈ ਵਿਚਿ ਸਭੁ ਆਕਾਰ ਹੈ ਨਿਰਭਉ ਹਰਿ ਜੀਉ ਸੋਇ।।

ਸਤਿਗੁਰਿ ਸੇਵਿਐ ਹਰਿ ਮਨਿ ਵਸੈ ਤਿਥੈ ਭਉ ਕਦੇ ਨ ਹੋਇ।।

(ਵਾਰ ਵਡਹੰਸ-ਮਹਲਾ ੩-੫੮੬)

‘ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਵਿੱਚ ਡਰ ਪ੍ਰਮੇਸ਼ਰ ਦੇ ਹੁਕਮਾਂ ਤੋਂ ਉਲਟ ਕਰਮ ਕਰਨ ਵਾਲਿਆਂ ਦੇ ਜੀਵਨ ਵਿਚੋਂ ਕਦੀ ਪਾਸੇ ਜਾਂਦਾ ਹੀ ਨਹੀਂ ਕਿਉਂਕਿ ਉਹ ਦੂਸਰਿਆਂ ਦੇ ਸੁਖਮਈ ਜੀਵਨ ਤੋਂ ਸੇਧ ਲੈ ਕੇ ਉਸ ਅਨੁਸਾਰ ਯੋਗ ਕਰਮ ਦੀ ਥਾਂ ਤੇ ਈਰਖਾ ਵੱਸ ਬੁਰੇ ਕਰਮਾਂ ਦੇ ਸ਼ਿਕਾਰ ਹੋ ਜਾਂਦੇ ਹਨ। ਫਿਰ ‘ਜੇਹਾ ਬੀਜੈ ਸੋ ਲੁਣੈ ਕਰਮਾ ਸੰਦੜਾ ਖੇਤੁ’ (੧੩੪) ਅਨੁਸਾਰ ਬੁਰੇ ਕਰਮ ਦਾ ਬੁਰਾ ਫਲ ਤਾਂ ਭੋਗਣਾ ਹੀ ਪੈਣਾ ਹੈ। ਇਹਨਾਂ ਬੁਰੇ ਕਰਮਾਂ ਵਿਚੋਂ ਇੱਕ ਕਰਮ ਪਰਾਈ ਅਮਾਨਤ ਉਪਰ ਆਪਣਾ ਹੱਕ ਜਤਾਉਣਾ ਵੀ ਹੈ। ਗੁਰੂ ਸਾਹਿਬ ਨੇ ਤਾਂ ਸਾਨੂੰ ‘ਕਿਰਤ ਕਰਨ-ਨਾਮ ਜਪਣ, -ਵੰਡ ਛਕਣ` ਦਾ ਉਪਦੇਸ਼ ਦਿਤਾ ਹੈ, ਪਰ ਅਸੀਂ ਕਿਰਤ ਦੀ ਥਾਂ ਤੇ ਵਿਹਲੜ, ਵੰਡਣ ਦੀ ਥਾਂ ਤੇ ਖੋਹਣ, ਨਾਮ ਜਪਣ ਦੀ ਥਾਂ ਤੇ ਮਨਮੁੱਖ ਬਣ ਕੇ ਖਰਮਸਤੀਆਂ ਕਰਨਾ ਆਪਣਾ ਸ਼ੁਗਲ ਬਣਾ ਲਿਆ ਹੈ। ਫਿਰ ਜੀਵਨ ਵਿੱਚ ‘ਸੁਖਮਈ ਜੀਵਨ ਅਹਿਸਾਸ` ਕਿਵੇਂ ਬਣ ਸਕਦਾ ਹੈ? ਲੋੜ ਗੁਰਬਾਣੀ ਸੰਦੇਸ਼ ਨੂੰ ਸਮਝਣ ਦੀ ਹੈ ਕਿ ਜਿਵੇਂ ਦੁਨਿਆਵੀ ਮਾਤਾ-ਪਿਤਾ ਆਪਣੀ ਔਲਾਦ ਨੂੰ ਆਪਣੀ ਸਾਰੀ ਜਮੀਨ-ਜਾਇਦਾਦ ਵਿਰਾਸਤ ਵਿੱਚ ਦੇਣਾ ਚਾਹੁੰਦੇ ਹਨ, ਪਰ ਉਸ ਪੁੱਤਰ ਨੂੰ, ਜੋ ਆਗਿਆਕਾਰੀ ਹੋਵੇ। ਠੀਕ ਇਸੇ ਤਰਾਂ ‘ਗੁਰਦੇਵ ਮਾਤਾ ਗੁਰਦੇਵ ਪਿਤਾ ‘(੨੫੦) ਆਪਣੇ ਉਸ ਸਿੱਖ ਪੁੱਤਰ ਨੂੰ ਹੀ ਆਪਣੀ ਬਖ਼ਸ਼ਿਸ਼ ਨਾਲ ਨਿਵਾਜ ਕੇ ਸੁਖਮਈ ਜੀਵਨ ਦੇਣਗੇ ਜੋ ਗੁਰੂ ਦੇ ਹੁਕਮ ਅੰਦਰ ਰਹਿ ਕੇ ਸਿੱਖੀ ਕਮਾਉਣ ਲਈ ਯਤਨਸ਼ੀਲ ਹੋਵੇ-

-ਵਸਤੁ ਪਰਾਈ ਕਉ ਉਠਿ ਰੋਵੈ।। ਕਰਮ ਧਰਮ ਸਗਲਾ ਈ ਖੋਵੈ।।

(ਧਨਾਸਰੀ ਮਹਲਾ ੫- ੬੪੬)

- ਹਕ ਪਰਾਇਆ ਨਾਨਕਾ ਉਸੁ ਸੂਅਰੁ ਉਸ ਗਾਇ।।

ਗਰੁ ਪੀਰੁ ਹਾਮਾ ਤਾ ਭਰੇ ਜਾ ਮੁਰਦਾਰੁ ਨ ਖਾਇ।।

ਗਲੀ ਭਿਸਤਿ ਨ ਜਾਈਐ ਛੁਟੈ ਸਚੁ ਕਮਾਇ।।

(ਵਾਰ ਮਾਝ-ਮਹਲਾ ੧-੧੪੧)

-ਪਰਾਈ ਅਮਾਣ ਕਿਉ ਰਖੀਐ ਦਿਤੀ ਹੀ ਸੁਖੁ ਹੋਇ।।

(ਵਾਰ ਸਾਰੰਗ -ਮਹਲਾ ੩-੧੨੪੯)

ਜਦੋਂ ਅਸੀਂ ਸਹੀ ਅਰਥਾਂ ਵਿੱਚ ਗੁਰੂ ਮਾਰਗ ਉਪਰ ਚਲ ਪਏ ਤਾਂ ਜੀਵਨ ਅੰਦਰ ਦੁੱਖਾਂ ਦੇ ਕਾਰਣਾਂ ਦੀ ਪਛਾਣ ਹੋ ਜਾਵੇਗੀ, ਮਨ ਦੀ ਭਟਕਣਾ ਖਤਮ ਹੋ ਕੇ ਜੀਵਨ ਅੰਦਰ ਸਦੀਵੀਂ ‘ਸੁਖਮਈ ਜੀਵਨ ਅਹਿਸਾਸ` ਦੀ ਪ੍ਰਾਪਤੀ ਹੋ ਜਾਵੇਗੀ।

=========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.