.

ਮਨ ਰੇ ਕਉਨੁ ਕੁਮਤਿ ਤੈ ਲੀਨੀ.....

ਬੇਨਤੀ : ਉਪਰੋਕਤ ਸ਼ਬਦ ਦੀ ਵਿਆਖਿਆ ਦੌਰਾਨ ਪ੍ਰਮਾਣਿਕ ਹਸਤ-ਲਿਖ਼ਤ ਬੀੜਾਂ ਅਤੇ ਗੁਰਬਾਣੀ ਲਗ-ਮਾਤ੍ਰੀ ਨਿਯਮਾਂਵਲੀ ਅਨੁਸਾਰ ਸ਼ੁੱਧ ਸ਼ਬਦ-ਸਰੂਪ ਪਦ-ਅਰਥਾਂ ਵਿੱਚ ਅੰਕਤ ਕੀਤੇ ਗਏ ਹਨ। ਵੱਖਰੇ ਤੌਰ 'ਤੇ ਨੋਟ ਰਾਹੀਂ ਭੀ ਦਸਿਆ ਗਿਆ ਹੈ।ਐਪਰ ਮੂਲ ਪਾਠ ਵਿੱਚ ਕੋਈ ਤਬਦੀਲੀ ਨਹੀਂ ਕੀਤੀ ਗਈ ਹੈ।
ਸੋਰਠਿ ਮਹਲਾ ੯ ॥
ਉਚਾਰਨ ਸੇਧ: ੯=ਨਾਵਾਂ।
"ਮਨ ਰੇ! ਕਉਨੁ ਕੁਮਤਿ ਤੈ ਲੀਨੀ ॥ਪਰ ਦਾਰਾ, ਨਿੰਦਿਆ ਰਸ ਰਚਿਓ ; ਰਾਮ ਭਗਤਿ ਨਹਿ ਕੀਨੀ ॥੧॥ ਰਹਾਉ॥
ਉਚਾਰਨ : ਬਿੰਦੀ ਸਹਿਤ :ਤੈਂ,ਨਹਿਂ।
ਨੋਟ: ਹੱਥ-ਲਿਖ਼ਤ ਬੀੜਾਂ ਵਿੱਚ 'ਕਉਨੁ' ਦਾ 'ਕਉਨ','ਰਸ' ਦਾ 'ਰਸਿ' ਅਤੇ 'ਨਹਿ' ਦਾ 'ਨਹੀ' ਸ਼ੁੱਧ-ਸਰੂਪ ਮਿਲਦਾ ਹੈ।ਜੋ ਕਿ ਗੁਰਬਾਣੀ ਲਗ-ਮਾਤ੍ਰੀ ਨਿਯਮਾਂਵਲੀ ਅਨੁਸਾਰ ਦਰੁਸੱਤ ਹੈ।ਪੰਥ ਦੀ ਪ੍ਰਤੀਨਿਧੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੂੰ ਛਪਾਈ ਵੱਲ ਧਿਆਨ ਦੇਣਾ ਬਣਦਾ ਹੈ।
ਪਦ-ਅਰਥ: ਮਨ ਰੇ-{ਸੰਬੋਧਨ ਕਾਰਕ} ਹੇ ਮਨ। ਕਉਨ-{ਪ੍ਰਸ਼ਨਵਾਚੀ ਪੜਨਾਂਵ, ਇਥੇ ਪੜਨਾਵੀਂ ਵਿਸ਼ੇਸ਼ਣ ਵਜੋਂ} ਕਿਹੜੀ।ਕੁਮਤਿ-{ਭਾਵ ਭਾਵਕ ਇਸਤਰੀ ਲਿੰਗ ਨਾਂਵ,'ਕੁ' ਵਿਰੋਧ ਅਰਥਕ ਅਗੇਤਰ ਹੈ}ਖੋਟੀ ਮਤ।ਤੈ-{ਮਧਮ ਪੁਰਖ ਪੜਨਾਂਵ ਕਰਤਾ ਕਾਰਕ}ਤੂੰ।ਪਰਦਾਰਾ-ਪਰਾਈ ਇਸਤ੍ਰੀ।ਰਸਿ-{ਅਧਿਕਰਨ ਕਾਰਕ ਨਾਂਵ}ਰਸ ਵਿੱਚ।ਰਚਿਓ-ਮਸਤ ਹੋਇਆ ਪਿਆ ਹੈਂ।ਰਾਮ ਭਗਤਿ-ਰਾਮ ਦੀ ਭਗਤੀ।ਕੀਨੀ-ਕੀਤੀ।
ਅਰਥ:
ਹੇ ਮਨ! ਤੂੰ ਕਿਹੜੀ ਭੈੜੀ ਸਿਖਿਆ ਲੈ ਲਈ ਹੈ?ਤੂੰ ਪਰਾਈ ਇਸਤ੍ਰੀ ਅਤੇ ਪਰਾਈ ਨਿਦਿਆ ਦੇ ਹੋਛੇ ਰਸ ਵਿੱਚ ਲੰਪਟ ਹੋਇਆ ਪਿਆ ਹੈਂ, ਪਰ ਸਰਬ ਵਿਆਪਕ ਰਮੇ ਰਾਮ ਦੀ ਭਗਤੀ(ਗੁਣਾਂ ਨੂੰ ਚਿਤਾਰਨਾ) ਨਹੀਂ ਕੀਤੀ।੧।ਰਹਾਉ।
"ਮੁਕਤਿ ਪੰਥੁ, ਜਾਨਿਓ ਤੈ ਨਾਹਨਿ; ਧਨ ਜੋਰਨ ਕਉ ਧਾਇਆ ॥ਅੰਤਿ ਸੰਗ, ਕਾਹੂ ਨਹੀ ਦੀਨਾ; ਬਿਰਥਾ ਆਪੁ ਬੰਧਾਇਆ ॥੧॥
ਉਚਾਰਨ: ਬਿੰਦੀ ਸਹਿਤ: ਤੈਂ,ਕਾਹੂਂ,ਨਹੀਂ।
ਨੋਟ: ਲਿਖ਼ਤੀ-ਬੀੜਾਂ ਵਿੱਚ 'ਨਾਹਨਿ' ਦਾ 'ਨਾਹਿਨ','ਧਨ' ਦਾ 'ਧਨੁ' ਅਤੇ 'ਸੰਗ' ਦਾ 'ਸੰਗੁ' ਸ਼ੁੱਧ ਰੂਪ ਮਿਲਦਾ ਹੈ।ਜੋ ਕਿ ਦਰੁਸੱਤ ਹੈ।
ਪਦ-ਅਰਥ:
ਮੁਕਤਿ ਪੰਥ-{ਸਮਾਸ}ਮੁਕਤੀ ਦਾ ਰਸਤਾ,ਵਿਕਾਰਾਂ ਤੋਂ ਖ਼ਲਾਸੀ ਦਾ ਰਸਤਾ।ਨਾਹਿਨ-{ਨਿਰਣੈ ਵਾਚੀ ਕਿਰਿਆ ਵਿਸ਼ੇਸ਼ਣ}ਨਹੀਂ।ਧਾਇਆ-ਧਾਉਂਦਾ ਫਿਰਦਾ ਹੈਂ।ਸੰਗੁ-{ਨਾਂਵ}ਸਾਥ।ਕਾਹੂ-ਕਿਸੇ ਨੇ ਭੀ ਨਹੀਂ।ਬਿਰਥਾ-ਬੇਫ਼ਾਇਦਾ, ਅਜਾਈਂ।ਆਪੁ-{ਨਿਜਵਾਚੀ ਪੜਨਾਂਵ ਕਰਮ ਕਾਰਕ}ਆਪਣੇ ਆਪ ਨੂੰ।ਬੰਧਾਇਆ-ਫਸਾਇਆ ਹੋਇਆ ਹੈ।
ਅਰਥ :
ਹੇ ਮਨ ! ਵਿਕਾਰਾਂ ਦੇ ਗੇੜ ਤੋਂ ਖ਼ਲਾਸੀ ਪਾਉਣ ਦਾ ਰਾਹ ਤੂੰ ਨਹੀਂ ਜਾਣਿਆ, ਕੇਵਲ ਧੰਨ ਜੋੜਨ ਲਈ ਦੌੜਿਆ-ਭੱਜਿਆ ਫਿਰਦਾ ਹੈਂ। ਇਸ ਧੰਨ ਨੇ ਅੰਤ ਨੂੰ, ਕਦੀ ਸਾਥ ਨਹੀਂ ਦਿੱਤਾ ਅਤੇ ਨਾ ਹੀ ਦੇਣਾ ਹੈ।ਤੂੰ ਵਿਅਰਥ ਹੀ ਆਪਣੇ ਆਪ ਨੂੰ ਇਹਨਾਂ ਦੇ ਮੋਹ ਵਿੱਚ ਫਸਾਇਆ ਹੋਇਆ ਹੈ।
"ਨਾ ਹਰਿ ਭਜਿਓ, ਨ ਗੁਰ ਜਨੁ ਸੇਵਿਓ; ਨਹ ਉਪਜਿਓ ਕਛੁ ਗਿਆਨਾ ॥ਘਟ ਹੀ ਮਾਹਿ ਨਿਰੰਜਨੁ ਤੇਰੈ; ਤੈ ਖੋਜਤ ਉਦਿਆਨਾ ॥੨॥
ਉਚਾਰਨ ਸੇਧ : ਬਿੰਦੀ ਸਹਿਤ: ਮਾਹਿਂ,ਤੈਂ।'ਭਜਿਓ' ਦਾ ਉਚਾਰਨ ਪੋਲਾ ਕਰਨਾ ਹੈ, ਬੱਲ ਧੁਨੀ ਦਾ ਪ੍ਰਯੋਗ਼ ਨਹੀਂ ਕਰਨਾ।'ਨਹ' ਸ਼ਬਦ 'ਨਹਾਂ' ਦਾ ਸੰਖਿਪਤ ਰੂਪ ਹੈ।ਇਸਦਾ ਉਚਾਰਣ 'ਨ੍ਹਾਂ' ਵਾਂਗ ਕਰਨਾ ਹੈ।ਅੰਤ 'ਹ' ਨੂੰ ਖੜੀ-ਤੜੀ ਧੁਨੀ ਵਿੱਚ ਉਚਾਰਣਾ ਹੈ, ਦੋਲਾਵਾਂ ਵੱਲ ਉਲ੍ਹਾਰ ਨਹੀਂ ਹੋਣਾ।
ਪਦ-ਅਰਥ:
ਗੁਰਜਨੁ-{ਸਮਾਸ,ਕਰਮ ਕਾਰਕ}ਗੁਰੁ ਪੁਰਖ ਨੂੰ । ਸੇਵਿਓ-{ਕਿਰਿਆ ਭੂਤਕਾਲ ਮਧੱਮ ਪੁਰਖ ਇਕਵਚਨ}ਸੇਵਾ ਕੀਤੀ।ਨਹ-ਨਹੀਂ।ਉਪਜਿਓ-ਪੈਦਾ ਹੋਇਆ।ਨੋਟ:ਕਿਰਿਆ-ਮੂਲ ਦੇ ਅੰਤ 'ਇ+ਓ' ਜੋੜਿਆਂ ਭੂਤਕਾਲ ਦੀ ਕਿਰਿਆ ਬਣਦੀ ਹੈ। ਘਟ-ਹਿਰਦਾ ਹੀ-{ਅੱਵਿਐ}ਹੀ।ਨਿਰੰਜਨੁ-{ਸੰਧੀ}ਨਿਰਲੇਪ।ਤੈ ਖੋਜਤ-{ਕਿਰਦੰਤ} ਤੂੰ ਖੋਜਦਾ ਫਿਰਦਾ ਹੈਂ।ਉਦਿਆਨਾ-{ਅਧਿਕਰਨ ਕਾਰਕ ਨਾਂਵ}ਜੰਗਲ ਵਿੱਚ।
ਅਰਥ:
ਹੇ ਮਨ! ਤੂੰ ਨਾ ਹੀ ਅਕਾਲ ਪੁਰਖ ਨੂੰ ਚਿਤਵਿਆ,ਨਾ ਹੀ ਗੁਰੁ-ਪੁਰਖ ਨੂੰ ਸੇਵਿਆ, ਅਤੇ ਨਾ ਹੀ ਤੇਰੇ ਅੰਦਰ ਆਤਮਕ-ਗਿਆਨ ਪੈਦਾ ਹੋਇਆ।ਤੇਰੇ ਹਿਰਦੇ ਵਿੱਚ ਹੀ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਅਕਾਲ ਪੁਰਖ ਵੱਸਦਾ-ਰਸਦਾ ਹੈ। ਤੂੰ ਐਵੇਂ ਹੀ ਜੰਗਲਾਂ ਵਿੱਚ ਲੱਭਦਾ ਫਿਰਦਾ ਹੈਂ।
"ਬਹੁਤੁ ਜਨਮ ਭਰਮਤ ਤੈ ਹਾਰਿਓ; ਅਸਥਿਰ ਮਤਿ ਨਹੀ ਪਾਈ ॥ਮਾਨਸ ਦੇਹ ਪਾਇ ਪਦ ਹਰਿ ਭਜੁ; ਨਾਨਕ ਬਾਤ ਬਤਾਈ ॥੩॥੩॥
ਉਚਾਰਨ ਸੇਧ:ਬਿੰਦੀ ਸਹਿਤ: ਤੈਂ,ਨਹੀਂ। 'ਭਜੁ' ਦਾ ਉਚਾਰਨ ਪੋਲਾ ਕਰਨਾ ਹੈ।
ਨੋਟ: ਗੁਰਬਾਣੀ ਲਗ-ਮਾਤ੍ਰੀ ਨਿਯਮਾਂਵਲੀ ਅਨੁਸਾਰ 'ਪਦ' ਦਾ 'ਪਦੁ' ਅਤੇ 'ਨਾਨਕ' ਦਾ 'ਨਾਨਕਿ' ਸ਼ੁੱਧ-ਰੂਪ ਚਾਹੀਦਾ ਹੈ, ਜੋ ਲਿਖ਼ਤੀ-ਬੀੜਾਂ ਵਿੱਚ ਉਪਲਬੱਧ ਹੈ।
ਨੋਟ:
ਕਿਸੇ ਭੀ ਵਾਕ ਵਿੱਚ ਕਿਰਿਆ ਆਪਣੇ ਕਰਤੇ ਅਨੁਸਾਰ ਹੁੰਦੀ ਹੈ, ਕਦੇ ਭੀ ਕਰਤਾ, ਕਿਰਿਆ ਅਨੁਸਾਰ ਨਹੀਂ ਹੁੰਦਾ।ਇਸ ਪੰਗਤੀ ਵਿੱਚ ਉਕਤ ਗੱਲ ਨੂੰ ਧਿਆਨ ਵਿੱਚ ਰੱਖਣਾ ਚਾਹੀਦਾ ਹੈ।
ਪਦ-ਅਰਥ:
ਬਹੁਤੁ-{ਅਨਿਸ਼ਚੇਵਾਚੀ ਪੜਨਾਂਵ, ਇਥੇ ਪੜਨਾਵੀਂ ਵਿਸ਼ੇਸ਼ਣ ਵਜੋਂ}ਅਨੇਕ।ਨੋਟ: 'ਬਹੁਤੁ' ਸ਼ਬਦ ਪ੍ਰਾਕ੍ਰਿਤ ਤੋਂ ਤੱਤਸਮ ਰੂਪ ਵਿੱਚ ਹੀ ਗੁਰਬਾਣੀ 'ਚ ਦਰਜ਼ ਹੋਇਆ ਹੈ। ਅੰਤਕ ਔਂਕੜ ਆਪਣੇ ਮੂਲ ਰੂਪ ਚੋਂ ਹੀ ਨਾਲ ਆਇਆ ਹੈ।ਗੁਰਬਾਣੀ ਵਿੱਚ ਜਿੱਥੇ ਉਪਰੋਕਤ ਸ਼ਬਦ ਅੰਤ ਔਂਕੜ ਤੋਂ ਬਿਨਾ ਆਇਆ ਹੈ, ਉਹ ਭੀ ਵੀਚਾਰ-ਅਧੀਨ ਹੈ।ਕਿਉਂਕਿ ਸ਼ੁੱਧ ਰੂਪ ਲਿਖ਼ਤੀ ਬੀੜਾਂ ਵਿੱਚ ਪ੍ਰਾਪਤ ਹੈ।
ਬਹੁਤ ਜਨਮ-{ਬਹੁਵਚਨ,ਅਧਿਕਰਨ ਕਾਰਕ}ਅਨੇਕਾਂ ਜਨਮਾਂ ਵਿੱਚ,ਆਤਮਕ ਤੌਰ 'ਤੇ।ਭਰਮਤ-{ਕਿਰਦੰਤ}ਭਰਮਦਿਆਂ। ਅਸਥਿਰ ਮਤਿ-ਅਸਥਿਰਤਾ ਪ੍ਰਾਪਤ ਕਰਨ ਵਾਲੀ ਬੁੱਧੀ।ਮਾਨਸ ਦੇਹ-{ਸਮਾਸ}ਮਨੁੱਖਾ ਦੇਹੀ।ਪਦ-ਰੁਤਬਾ।ਪਾਇ-{ਪੂਰਬ ਪੂਰਣ ਕਿਰਦੰਤ}ਪਾ ਕੇ। ਨਾਨਕਿ-{ਕਰਤਾ ਕਾਰਕ ਨਾਂਵ ਸੰਬੰਧਕੀ ਰੂਪ}ਨਾਨਕ ਨੇ।ਬਤਾਈ-ਦੱਸੀ ਹੈ।
ਅਰਥ:
ਆਤਮਕ ਤੌਰ 'ਤੇ ਅਨੇਕਾਂ ਜਨਮਾਂ ਵਿੱਚ ਭਟਕਦਾ ਹੋਇਆ ਤੂੰ ਹਾਰ ਹੰਭ ਗਿਆ ਹੈਂ,ਪਰ ਤੂੰ ਅਸਥਿਰ ਹੋਣ ਵਾਲੀ ਮਤ ਨਹੀਂ ਪ੍ਰਾਪਤ ਕੀਤੀ, ਭਾਵ ਐਸੀ ਮਤ ਨਹੀਂ ਪ੍ਰਾਪਤ ਕੀਤੀ ਜਿਸ ਨਾਲ ਤੇਰੀ ਆਤਮਕ ਤੌਰ 'ਤੇ ਭਟਕਣਾ ਖ਼ਤਮ ਹੋ ਜਾਏ।ਨਾਨਕ ਨੇ ਇਹ ਗੱਲ ਦੱਸੀ ਹੈ ਕਿ ਅਸਥਿਰ ਹੋਣ ਦਾ ਭੇਤ ਇਸ ਵਿੱਚ ਹੈ ਕਿ ਮਨੁੱਖਾ ਦੇਹੀ ਵਰਗਾ ਉਚਾ ਰੁਤਬਾ ਪ੍ਰਾਪਤ ਕਰ ਕੇ ਅਕਾਲ ਪੁਰਖ ਦਾ ਸਿਮਰਨ ਕਰ,ਚਿੰਤਨ ਕਰ।੩।੩।
ਸਾਰਾਂਸ਼ :
ਉਪਰੋਕਤ ਸ਼ਬਦ ਵਿੱਚ ਗੁਰੁ ਤੇਗ ਬਹਾਦੁਰ ਸਾਹਿਬ ਜੀ ਮੂਰਖ ਮਨ ਨੂੰ ਸਮਝਾ ਰਹੇ ਹਨ ਕਿ ਓਇ ਮੂਰਖਾ! ਤੂੰ ਕਿਹੜੀ ਖੋਟੀ ਮਤ ਪ੍ਰਾਪਤ ਕਰ ਲਈ।ਪ੍ਰਭੂ-ਚਿੰਤਨ,ਆਪਣੇ ਜੀਵਨ-ਪ੍ਰਯੋਜਨ ਨੂੰ ਨਾ ਸਮਝਿਆ।ਰਸਾਂ-ਕਸਾਂ ਵਿੱਚ ਫਸ ਆਪਣਾ ਅਮੋਲਕ ਜੀਵਨ ਬਰਬਾਦ ਕਰ ਰਿਹਾ ਹੈਂ।ਤੇਰੀ ਸੁਰਤ ਧਨ-ਪਦਾਰਥ ਵਿੱਚ ਗ਼ਲਤਾਨ ਹੋਈ ਪਈ ਹੈ।ਇਸ ਕਰਕੇ ਸੁਰਤ-ਗ਼ਲਤਾਨ ਅਧੀਨ ਅਨੇਕਾਂ ਜਨਮਾਂ ਵਿੱਚ ਭਟਕ ਰਿਹਾਂ ਹੈਂ।ਆਪਣੇ ਜੀਵਨ ਦਾ ਲਕਸ਼ ਸਮਝ ਅਤੇ ਆਪਣੇ ਮੂਲ ਪ੍ਰਭੂ ਨਾਲ ਜੁੜਿਆ ਰਹਿ।
ਭੁੱਲ-ਚੁਕ ਦੀ ਖਿਮਾ
ਹਰਜਿੰਦਰ ਸਿੰਘ 'ਘੜਸਾਣਾ'
[email protected]




.