.

ਅਜੋਕੀ ਅਰਦਾਸ ਰਾਹੀਂ ਹੋ ਰਿਹੈ ਗੁਰੂਆਂ ਦਾ ਨਿਰਾਦਰ!

-ਰਘਬੀਰ ਸਿੰਘ ਮਾਨਾਂਵਾਲੀ

ਸਿੱਖ ਸਮਾਜ ਦੇ ਬੁੱਧੀਜੀਵੀ, ਲੇਖਕਾਂ, ਵਿਦਵਾਨਾਂ ਅਤੇ ਵਿਚਾਰਵਾਨ ਸਿੱਖਾਂ ਵਿੱਚ ਅਜੋਕੀ ਪ਼੍ਰਚਲਿਤ ਸਿੱਖ ਅਰਦਾਸ ਬਾਰੇ ਵਿਚਾਰ-ਚਰਚਾ ਅਤੇ ਵਾਦ-ਵਿਵਾਦ ਚਲਦਾ ਹੀ ਰਹਿੰਦਾ ਹੈ। ਇਹ ਵਾਦ-ਵਿਵਾਦ ਅਤੇ ਵਿਚਾਰ-ਚਰਚਾ ਕੋਈ ਨਵਾਂ ਨਹੀਂ ਹੈ। ਲੰਮੇ ਸਮੇਂ ਤੋਂ ਅਰਦਾਸ ਬਾਰੇ ਸਿੱਖ ਪੰਥ ਵਿੱਚ ਆਪਸੀ ਮਤ-ਭੇਦ ਹਨ। ਅਫਸੋਸ ਹੈ ਕਿ ਜ਼ਿੰਮੇਵਾਰ ਧਿਰਾਂ ਵਲੋਂ ਇਹਨਾ ਮਤੱ-ਭੇਦਾਂ ਨੂੰ ਦੂਰ ਕਰਨ ਦਾ ਯਤਨ ਨਹੀਂ ਕੀਤਾ ਗਿਆ। ਸਗੋਂ ਵਾਦ-ਵਿਵਾਦ ਨੂੰ ਵੱਧਣ ਦਿਤਾ ਜਾ ਰਿਹਾ ਹੈ। ਬਹੁਤੇ ਸਿੱਖ ਚਿੰਤਕਾਂ ਦਾ ਇਹ ਵੀ ਮੱਤ ਹੈ ਕਿ ਅਜੋਕੀ ਅਰਦਾਸ ਗੁਰਮਤਿ ਸਿਧਾਤਾਂ ਅਨੁਸਾਰ ਨਹੀਂ ਹੈ।
ਹੁਣ ਦੁਬਈ ਦੇ ਇੱਕ ਗੁਰਦੁਆਰੇ ਵਿੱਚ ਉਥੋਂ ਦੀ ਗੁਰਦੁਆਰਾ ਕਮੇਟੀ ਨੇ ਅਰਦਾਸ ਵਿੱਚ ਤਬਦੀਲੀ ਕਰਦਿਆਂ ‘ਪ੍ਰਿਥਮ ਭਗੌਤੀ ਸਿਮਰ ਕੈ’ ਦੀ ਬਾਜਾਇ ‘ਪ੍ਰਿਥਮ ਅਕਾਲਪੁਰਖ ਸਿਮਰ ਕੇ’ ਅਰਦਾਸ ਕੀਤੀ ਗਈ। ਇਸ ਨਾਲ ਤਖਤਾਂ ਦੇ ਜਥੇਦਾਰ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਬਹੁਤ ਤਿਲਮਿਲਾਏ। ਦੁਬਈ ਵਾਲੀ ਘਟਨਾ ਕੋਈ ਨਵੀਂ ਨਹੀਂ ਹੈ। ਫਿਨਲੈਂਡ ਅਤੇ ਅਮਰੀਕਾ ਦੇ ਕਈ ਗੁਰਦੁਆਰਿਆਂ ਵਿੱਚ ਅਰਦਾਸ ਵਿੱਚ ਭਗੌਤੀ ਨਹੀਂ ਪੜ੍ਹੀ ਜਾਂਦੀ।
ਸ੍ਰ਼ੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਸਾਹਿਬ ਵੱਲੋਂ ਇੱਕ ‘ਅਕਾਲਪੁਰਖ’ ਦੀ ਪੂਜਾ ਕਰਨ, ਉਹਨੂੰ ਧਿਆਉਣ, ਹਰ ਵਕਤ ਯਾਦ ਕਰਨ ਅਤੇ ਅਕਾਲਪੁਰਖ ਦੀ ਸਿਫ਼ਤ ਸਲਾਹ ਕਰਨ ਦਾ ਹੁਕਮ ਕੀਤਾ ਹੈ। ਫਿਰ ਅਰਦਾਸ ਵਿੱਚ ਭਗੌਤੀ ਨੂੰ ਸਿਮਰਨ ਦਾ ਹੁਕਮ ਕਿਸ ਗੁਰੂ ਸਾਹਿਬ ਨੇ ਕੀਤਾ ਹੈ? ਅਤੇ ਕਿਉਂ …? ਭਗੌਤੀ ਦਾ ਅਰਥ ਅਕਾਲਪੁਰਖ ਨਹੀਂ ਹੈ, ਜੇ ਇਹ ਅਰਥ ਵੀ ਹੋਵੇ ਤਾਂ ਭਗੌਤੀ ਦੀ ਬਜਾਇ ਅਕਾਲਪੁਰਖ ਸ਼ਬਦ ਦੀ ਵਰਤੋਂ ਕਿਉਂ ਨਹੀਂ ਕੀਤੀ ਗਈ?
ਅਰਦਾਸ ਸਬੰਧੀ ਮੇਰੇ ਮਨ ਵਿੱਚ ਕੁੱਝ ਹੋਰ ਸ਼ੰਕਾਵਾਂ ਅਤੇ ਦੁਬਿਧਾਵਾਂ ਬਣੀਆਂ ਹੋਈਆਂ ਹਨ। ਮੈਂ ਸਿੱਖ ਬੁਧੀਜੀਵੀ, ਇਤਿਹਾਸਕਾਰਾਂ, ਵਿਦਵਾਨਾਂ ਅਤੇ ਗੁਰਮਤਿ ਵਿਚਾਰਧਾਰਾ ਵਾਲੇ ਸਿੱਖਾਂ ਅੱਗੇ ਆਪਣੀਆਂ ਸ਼ੰਕਾਵਾਂ ਅਤੇ ਦੁਬਿਧਾਵਾਂ ਨੂੰ ਰੱਖ ਰਿਹਾ ਹਾਂ। ਮੇਰੀ ਉਹਨਾਂ ਅੱਗੇ ਬੇਨਤੀ ਹੈ ਕਿ ਇਸ ਅਖਬਾਰ ਦੇ ਮਧਿਅਮ ਰਾਹੀਂ ਉਹ ਗੁਰਮਤਿ ਸਿਧਾਂਤਾਂ ਦੀ ਰੋਸ਼ਨੀ ਵਿੱਚ ਅਰਦਾਸ ਬਾਰੇ ਬਣੀਆਂ ਇਹਨਾਂ ਸ਼ੰਕਾਵਾਂ ਨੂੰ ਦੂਰ ਕਰਨ ਦਾ ਯਤਨ ਕਰਨ।
‘ਭਗੌਤੀ’ ਵਾਦ-ਵਿਵਾਦ ਵਾਲਾ ਸ਼ਬਦ ਹੈ। ਇਸ ਤੋਂ ਛੁਟਕਾਰਾ ਕਿਵੇਂ ਪਾਇਆ ਜਾ ਸਕਦਾ ਹੈ? ਅਜੋਕੀ ਅਰਦਾਸ ਇੱਕ ਕਮੇਟੀ ਨੇ ਤਿਆਰ ਕੀਤੀ ਸੀ। ਕਿਸੇ ਗੁਰੂ ਸਾਹਿਬ ਨੇ ਨਹੀਂ ਲਿਖੀ। ਇਸ ਲਈ ਵਿਦਵਾਨਾਂ ਨਾਲ ਸਲਾਹ ਮਸ਼ਵਰਾ ਕਰਕੇ ਇਸ ਨੂੰ ਗੁਰਮਤਿ ਸਿਧਾਂਤਾਂ ਅਨੁਸਾਰ ਨਵੇਂ ਸਿਰੇ ਤੋਂ ਲਿਖਿਆ ਜਾ ਸਕਦਾ ਹੈ। ਤੇ ਭਗੌਤੀ ਦੀ ਬਜਾਇ ‘ਅਕਾਲਪੁਰਖ’ ਸ਼ਬਦ ਦਰਜ਼ ਕੀਤਾ ਜਾ ਸਕਦਾ ਹੈ। ਲੰਮੇ ਸਮੇਂ ਤੋਂ ਵਾਦ-ਵਿਵਾਦ ਵਾਲੇ ਮਸਲੇ ਨਾ ਸੁਲਝਾਉਣ ਕਰਕੇ ਸਿੱਖ ਕੌਮ ਵਿੱਚ ਝਗੜੇ, ਅਲਸੇਟਾਂ ਅਤੇ ਵਖਰੇਵੇਂ ਡੂੰਘੇ ਹੁੰਦੇ ਜਾਂਦੇ ਹਨ। ਇਸ ਲਈ ਇਹਨਾਂ ਨੂੰ ਸੁਲਝਾਉਣ ਲਈ ਤਰੁੰਤ ਉਪਰਾਲੇ ਅਤੇ ਯਤਨ ਅਰੰਭ ਕਰਨੇ ਚਾਹੀਦੇ ਹਨ। ਪ੍ਰਚਲਿਤ ਅਜੋਕੀ ਅਰਦਾਸ ਦਾ ਬਹੁਤਾ ਹਿੱਸਾ ਵਿਵਾਦਤ ਕਿਤਾਬ ‘ਦਸਮ ਗ੍ਰੰਥ’ ਵਿਚੋਂ ਲਿਆ ਦੱਸਿਆ ਜਾ ਰਿਹਾ ਹੈ। ਜੋ ਸਰਾਸਰ ਗੁਰਮਤਿ ਸਿਧਾਂਤਾਂ ਦੇ ਵਿਰੁੱਧ ਹੈ।
ਪ੍ਰਚਲਿਤ ਅਜੋਕੀ ਅਰਦਾਸ ਇੱਕ ਸਿੱਖ ਵੱਲੋਂ ਗੁਰੂ ਦੇ ਸਨਮੁੱਖ ਅਦਬ ਤੇ ਸਤਿਕਾਰ ਨੂੰ ਮੁੱਖ ਰੱਖ ਕੇ ਕੀਤੀ ਜਾਂਦੀ ਹੈ। ਪਰ ਬਹੁਤ ਹੈਰਾਨੀ ਭਰੀ ਗੱਲ ਹੈ ਕਿ ਅਰਦਾਸ ਦੇ ਅਰੰਭ ਵਿੱਚ ਅਸੀਂ ਸਾਰੇ ਸਿੱਖ, ਦੁਨੀਆਂ ਭਰ ਦੇ ਗੁਰਦੁਆਰਿਆਂ ਅਤੇ ਹੋਰ ਧਾਰਮਿਕ ਤੇ ਸਮਾਜਿਕ ਸਮਾਗਮਾਂ ਸਮੇਂ ਸਿੱਖ ਗੁਰੂਆਂ ਦਾ ਨਾਮ ਨਿਰਾਦਰੀ ਭਰੇ ਲਹਿਜ਼ੇ ਵਿੱਚ ਲੈਂਦੇ ਹਾਂ। ਸ਼ਾਬਾਸ਼ੇ ਸਿੱਖੋ …! ਆਪਣੇ ਗੁਰੁਆਂ ਦਾ ਆਪ ਹੀ ਨਿਰਾਦਰ ਕਰੀ ਜਾਂਦੇ ਹੋ। ਤੁਸੀਂ ਆਪ ਹੀ ਅਰਦਾਸ ਵੱਲ ਨਜ਼ਰ ਮਾਰ ਕੇ ਵੇਖ ਲਓ … ਕਿ ਗੁਰੂਆਂ ਦਾ ਨਿਰਾਦਰ ਕਿਥੇ ਹੋ ਰਿਹਾ ਹੈ …? “ਪ੍ਰਿਥਮ ਭਗੌਤੀ ਸਿਮਰਿ ਕੈ ਗੁਰ ਨਾਨਕ ਲਈਂ ਧਿਆਇ। ਫਿਰ ਅੰਗਦ ਗੁਰ ਤੇ ਅਮਰਦਾਸੁ ਰਾਮਦਾਸੈ ਹੋਈਂ ਸਹਾਇ। ਅਰਜਨ ਹਰਗੋਬਿੰਦ ਨੋ ਸਿਮਰੌ ਸ੍ਰੀ ਹਰਿਰਾਇ। ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਿਠੇ ਸਭਿ ਦੁਖਿ ਜਾਇ। ਤੇਗ ਬਹਾਦਰ ਸਿਮਰਿਐ ਘਰ ਨਉ ਨਿਧਿ ਆਵੈ ਧਾਇ।” ਅਰਦਾਸ ਨੂੰ ਇਥੋਂ ਤੱਕ ਅਸੀਂ ਨੀਝ ਨਾਲ ਪੜ੍ਹ ਕੇ ਦੇਖ ਸਕਦੇ ਹਾਂ ਕਿ ਦੂਜੀ, ਤੀਜੀ, ਚੌਥੀ, ਪੰਜਵੀਂ, ਛੇਵੀਂ ਤੇ ਨੌਵੀਂ ਪਾਤਿਸ਼ਾਹੀ ਦੇ ਨਾਵਾਂ ਨਾਲ ਅਦਬ ਅਤੇ ਸਤਿਕਾਰ ਵਜੋਂ ਨਾ ਤਾਂ ‘ਸ਼੍ਰੀ’ ਅਤੇ ਨਾ ਹੀ ‘ਗੁਰੂ’ ਪਦ ਲਗਾਇਆ ਗਿਆ ਹੈ। ਸਿਰਫ ਅੰਗਦ, ਅਮਰਦਾਸੁ, ਰਾਮਦਾਸੈ, ਅਰਜਨ, ਹਰਗੋਬਿੰਦ ਤੇ ਤੇਗ ਬਹਾਦਰ ਹੀ ਲਿਖਿਆ ਗਿਆ ਹੈ। ਤੇ ਅਸੀਂ ਹਰ ਰੋਜ਼ ਏਹੀ ਅੱਧ-ਅਧੂਰੇ ਨਾਮ ਅਰਦਾਸ ਰਾਹੀਂ ਪੜ੍ਹ ਕੇ ਗੁਰੁਆਂ ਦਾ ਨਿਰਾਦਰ ਕਰ ਰਹੇ ਹਾਂ। ਜਿਵੇਂ ਅਸੀਂ ਆਮ ਬੋਲ-ਚਾਲ ਦੀ ਭਾਸ਼ਾ ਵਿੱਚ ਕਿਸੇ ਸਧਾਰਨ ਬੰਦੇ ਦਾ ਨਾਮ ਸ੍ਰੀ, ਸਰਦਾਰ ਅਤੇ ਸਿੰਘ ਤੋਂ ਬਿਨ੍ਹਾਂ ਹੀ ਪੁਕਾਰਦੇ ਹਾਂ। ਕੀ ਸਿੱਖ ਕੌਮ ਦੇ ਰਹਿਬਰ ਗੁਰੂ, ਲਾਸਾਨੀ ਸ਼ਹਾਦਤਾਂ ਦਾ ਜਾਮ ਪੀਣ ਵਾਲੇ ਅਤੇ ਧੁਰ ਕੀ ਬਾਣੀ ਦੇ ਰਿਚੈਤਿਆਂ ਦਾ ਨਾਮ ਅਰਦਾਸ ਵਿੱਚ ਅਜਿਹੇ ਨਿਰਾਦਰੀ ਭਰੇ ਲਹਿਜ਼ੇ ਵਿੱਚ ਲੈਣਾ ਉਹਨਾਂ ਦਾ ਘੋਰ ਨਿਰਾਦਰ ਨਹੀਂ ਹੈ? ਜੇ ਮੈਂ ਆਪਣੇ ਕਿਸੇ ਲੇਖ ਵਿੱਚ ਪੰਚਮ ਪਾਤਿਸ਼ਾਹ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਕਿਸੇ ਸ਼ਬਦ ਦੀਆਂ ਤੁਕਾਂ ਲਿਖਾਂ ਅਤੇ ਤੁਕਾਂ ਦੇ ਅੰਤ ਵਿੱਚ ਲਿਖਾਂ ਕਿ ਇਹ ‘ਅਰਜਨ ਦੀ ਬਾਣੀ’ ਹੈ ਤਾਂ ਕੀ ਇਸ ਤਰ੍ਹਾਂ ਮੇਰੇ ਵਲੋਂ ਗੁਰੂ ਸਾਹਿਬ ਦਾ ਨਿਰਾਦਰ ਨਹੀਂ ਕੀਤਾ ਗਿਆ ਹੋਵੇਗਾ? ਕੀ ਆਪ ਮੇਰੇ ਵੱਲੋਂ ਇਸ ਤਰ੍ਹਾਂ ਲਿਖਿਆ ਸਹਿਣ ਕਰ ਲਵੋਗੇ? ਪਰ ਅਰਦਾਸ ਵਿੱਚ ਅਸੀਂ ਸਾਰੇ ਸਿੱਖ ਦੁਨੀਆਂ ਭਰ ਦੇ ਗੁਦੁਆਰਿਆਂ ਵਿੱਚ, ਧਾਰਮਿਕ ਅਤੇ ਸਮਾਜਿਕ ਪ੍ਰੋਗਰਾਮਾਂ ਅਤੇ ਲਾਈਵ ਟੀ. ਵੀ. ਤੇ ਹਰ ਮਿੰਟ ਬਾਅਦ ਅਰਦਾਸ ਵਿੱਚ ਗੁਰੂਆਂ ਦੇ ਨਾਮ ਨਿਰਾਦਰੀ ਭਰੇ ਲਹਿਜ਼ੇ ਵਿੱਚ ਲੈਂਦੇ ਹਾਂ। ਸਿਸ਼ਟਾਚਾਰ ਨੂੰ ਮੁੱਖ ਰੱਖ ਕੇ ਅਸੀਂ ਹਰ ਬੰਦੇ ਦਾ ਨਾਮ ਸਤਿਕਾਰ ਨਾਲ ਲੈਣ ਲਈ ਸ਼੍ਰੀ ਜਾਂ ਸਰਦਾਰ ਲਾ ਕੇ ਲੈਂਦੇ ਹਾਂ। ਪਰ ਅਰਦਾਸ ਰਾਹੀਂ ਸਿਸ਼ਟਾਚਾਰ ਨੂੰ ਛਿੱਕੇ ਟੰਗ ਕੇ ਗੁਰੂਆਂ ਦੀ ਨਿਰਾਦਰੀ ਕਰ ਰਹੇ ਹਾਂ। ਕੋਈ ਸੱਜਣ ਇਸ ਸਬੰਧੀ ਸਪੱਸ਼ਟ ਕਰੇਗਾ? ਕੀ ਗੁਰੂਆਂ ਦੇ ਨਾਮ ਨਿਰਾਦਰੀ ਭਰੇ ਲਹਿਜ਼ੇ ਵਿੱਚ ਲੈਣ ਨਾਲ ਕਿਸੇ ਸਿੱਖ ਦੇ ਮਨ ਨੂੰ ਠੇਸ ਨਹੀਂ ਪੁੱਜਦੀ …? ਕੀ ਇੰਝ ਗੁਰੂਆਂ ਦੀ ਮਹਾਨ ਤੇ ਵਿਲੱਖਣ ਸ਼ਖਸੀਅਤ ਨੂੰ ਅੱਖੋ-ਪਰੋਖੇ ਕਰਨ ਅਤੇ ਮਹਤੱਵ ਨੂੰ ਘੱਟ ਕਰਨ ਦੀ ਚਾਲ ਨਹੀਂ ਹੈ? ਗੁਰੂਆਂ ਦਾ ਅਜਿਹਾ ਨਿਰਾਦਰ ਕਿਉਂ …? ਕੀ ਇੱਕ ਸਿੱਖ ਨੂੰ ਅਰਦਾਸ ਵਿੱਚ ਗੁਰੂਆਂ ਦੇ ਨਾਮ ਬੋਲਦੇ ਸਮੇਂ ਅਦਬ ਅਤੇ ਸਤਿਕਾਰ ਦਾ ਖਿਆਲ ਨਹੀਂ ਰੱਖਣਾ ਚਾਹੀਦਾ? ਅਰਦਾਸ ਵਿੱਚ ਗੁਰੂਆਂ ਲਈ ਅਦਬ ਸਤਿਕਾਰ ਦੇ ਸ਼ਬਦਾਂ ਦੀ ਵਰਤੋਂ ਕਿਉਂ ਨਹੀਂ ਕੀਤੀ ਜਾ ਸਕਦੀ? ਕੀ ਅਰਦਾਸ ਵਿਚਲੀ ਇਹ ਇਬਾਰਤ ਗੁਰੂਆਂ ਪ੍ਰਤੀ ਅਦਬ ਸਤਿਕਾਰ ਵਾਲੀ ਹੈ?
ਆਪਾਂ ਹੁਣ ਅਰਦਾਸ ਦੀਆਂ ਅਗਲੀਆਂ ਪੰਕਤੀਆਂ ਬਾਰੇ ਪਈ ਦੁਬਿਧਾ ਦੀ ਗੱਲ ਕਰਦੇ ਹਾਂ। ਅਰਦਾਸ ਦੀ ਇੱਕ ਪੰਕਤੀ ਹੈ: ‘ਸ਼੍ਰੀ ਹਰਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਇ।’ ਇਸ ਵਿੱਚ ਮੇਰੀ ਜੋ ਦੁਬਿਧਾ ਹੈ … ਉਹ ਹੈ … ਕਿ ਅੱਠਵੇਂ ਗੁਰੂ ਸਾਹਿਬ ਨੇ ਕੋਈ ਬਾਣੀ ਰਚੀ ਹੀ ਨਹੀਂ ਹੈ ਫਿਰ ਉਹਨਾਂ ਨੂੰ ਕਿਵੇਂ ਧਿਆਉਣਾ ਹੈ? ‘ਡਿਠੇ ਸਭਿ ਦੁਖ ਜਾਇ।’ ਗੁਰਮਤਿ ਵਿੱਚ ਮੂਰਤੀ ਪੂਜਾ ਦੀ ਮਨਾਹੀ ਹੈ। ਫਿਰ ਅੱਠਵੇਂ ਪਾਤਿਸ਼ਾਹ ਜੀ ਦੀ ਕਲਪਿਤ ਤਸਵੀਰ ਨੂੰ ਵੇਖ ਕੇ ਦੁਖ ਕਿਵੇਂ ਦੂਰ ਹੋ ਸਕਦੇ ਹਨ? ਜਦੋਂ ਕਿ ਗੁਰਬਾਣੀ ਕਹਿੰਦੀ ਹੈ ਕਿ “ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ॥” ਕੀ ਇਥੇ ਅਰਦਾਸ ਵਿੱਚ ਮੂਰਤੀ ਪੂਜਾ ਨੂੰ ਉਤਸ਼ਾਹਿਤ ਨਹੀਂ ਕੀਤਾ ਜਾ ਰਿਹਾ?
ਇਕ ਹੋਰ ਪੰਕਤੀ ਬਾਰੇ ਮੇਰੀ ਦੁਬਿਧਾ ਹੈ ਕਿ `ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧਿ ਆਵੈ ਧਾਇ।’ ਕੀ ਸਿਰਫ਼ ਨੌਵੇਂ ਪਾਤਿਸ਼ਾਹ ਜੀ ਦੀ ਬਾਣੀ ਨੂੰ ਸਿਮਰਨ ਨਾਲ ਘਰ ਵਿੱਚ ਲਹਿਰਾਂ-ਬਹਿਰਾਂ (ਨਾਉਨਿਧਾਂ) ਆ ਸਕਦੀਆਂ ਹਨ? ਕੀ ਬਾਕੀ ਬਾਣੀ ਪੜ੍ਹਨ ਦਾ ਸਿੱਖ ਨੂੰ ਕੋਈ ਲਾਭ ਨਹੀਂ ਹੋ ਸਕਦਾ? ਕੀ ਬਾਕੀ ਬਾਣੀ ਪੜ੍ਹਨੀ ਤੇ ਵਿਚਾਰਨੀ ਨਹੀਂ ਚਾਹੀਦੀ?
ਅਰਦਾਸ ਦੀ ਅੰਤਲੀ ਲਾਈਨ ਹੈ: ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ।’ ਇਹ ਗੁਰਬਾਣੀ ਨਹੀਂ ਹੈ। ਫਿਰ ਅਰਦਾਸ ਵਿੱਚ ਕੱਚੀ ਬਾਣੀ ਕਿਉਂ ਸ਼ਾਮਲ ਕੀਤੀ ਗਈ ਹੈ? ਤੀਜੇ ਪਾਤਸ਼ਾਹ ਸ਼੍ਰੀ ਗੁਰੂ ਅਮਰਦਾਸ ਜੀ ਨੇ ਫੁਰਮਾਨ ਕੀਤਾ ਹੈ ਕਿ “ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ॥” ਫਿਰ ਇਹ ਕੱਚੀ ਬਾਣੀ ਕਿਉਂ ਪੜ੍ਹੀ ਜਾਂਦੀ ਹੈ? ਹੈਰਾਨੀ ਦੀ ਗੱਲ ਤਾਂ ਇਹ ਵੀ ਹੈ ਕਿ ਸਾਰੀ ਅਰਦਾਸ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਅਰਦਾਸ ਨਾਲ ਸਬੰਧਤ ਇੱਕ ਵੀ ਬਾਣੀ ਦੀ ਪੰਕਤੀ ਦਰਜ਼ ਨਹੀਂ ਕੀਤੀ ਗਈ …। ਅਜਿਹਾ ਕਿਉਂ …?
ਅਜੋਕੀ ਅਰਦਾਸ ਅਤੇ ਇਸ ਦੀ ਮਰਿਆਦਾ ਸਾਰੇ ਗੁਰਦੁਆਰਿਆਂ, ਪੰਜਾਬ ਦੇ ਡੇਰਿਆਂ ਅਤੇ ਪੰਜਾਬ ਤੋਂ ਬਾਹਰਲੇ ਤਖ਼ਤਾਂ ਤੇ ਵੱਖੋ-ਵੱਖਰੀ ਚੱਲ ਰਹੀ ਹੈ। ਇਥੋਂ ਤੱਕ ਕਿ ਹਰਿਮੰਦਰ ਸਾਹਿਬ ਅਤੇ ਅਕਾਲ ਤਖ਼ਤ `ਤੇ ਵੀ ਅਰਦਾਸ ਦੀ ਮਰਿਆਦਾ ਵੱਖੋ-ਵੱਖਰੀ ਹੈ। ਭਾਵੇਂ ਦੋਵੇਂ ਅਸਥਾਨ ਆਮੋ-ਸਾਹਮਣੇ ਹਨ।
ਅੱਜ ਸਮੇਂ ਦੀ ਮੰਗ ਹੈ ਕਿ ਅਰਦਾਸ ਸਬੰਧੀ ਵਾਦ-ਵਿਵਾਦ ਨੂੰ ਦੂਰ ਕਰਨਾ ਚਾਹੀਦਾ ਹੈ। ਅਰਦਾਸ ਗੁਰਮਤਿ ਸਿਧਾਂਤਾਂ ਅਨੁਸਾਰ ਕਰਨ ਲਈ ਸਿੱਖ ਬੁੱਧੀਜੀਵੀ, ਵਿਦਵਾਨਾਂ ਅਤੇ ਖੋਜੀ ਇਤਿਹਾਸਕਾਰਾਂ ਨਾਲ ਸਲਾਹ-ਮਸ਼ਵਰਾ ਕਰਕੇ ਅਤੇ ਗੁਰੂ ਸਾਹਿਬਾਨ ਦੇ ਅਦਬ-ਸਤਿਕਾਰ ਨੂੰ ਮੁੱਖ ਰੱਖ ਕੇ ਲੋੜੀਂਦੀਆਂ ਤਬਦੀਲੀਆਂ ਕਰਨ ਲਈ ਅਰਦਾਸ ਨੂੰ ਨਵੇਂ ਸਿਰੇ ਤੋਂ ਲਿਖਿਆ ਜਾਵੇ। ਅੱਜ ਦੀ ਖੋਜੀ, ਪੜ੍ਹੀ-ਲਿਖੀ ਨੌਜਵਾਨ ਪੀੜ੍ਹੀ ਗੁਰਮਤਿ ਸਿਧਾਂਤਾਂ ਨੂੰ ਮੁੱਖ ਰੱਖ ਕੇ ਸਪੱਸ਼ਟ ਅਤੇ ਸਾਫ਼ ਜੁਆਬ ਚਾਹੁੰਦੀ ਹੈ। ਸ਼੍ਰੀ ਗੁਰੂ ਗ਼੍ਰੰਥ ਸਾਹਿਬ ਦੇ ਸਮੁੱਚੇ ਗੁਰਮਿਤ ਫਲਸਫ਼ੇ ਦੇ ਅਨਸੁਾਰ ਉਹਨਾਂ ਦੀ ਤਸੱਲੀ ਕਰਵਾਉਣੀ ਬਹੁਤ ਜਰੂਰੀ ਹੈ। ਨਹੀਂ ਤਾਂ ਉਹਨਾਂ ਦੇ ਮਨਾਂ ਵਿੱਚ ਸਿੱਖੀ ਦੀ ਅਹਿਮੀਅਤ ਨਹੀਂ ਰਹੇਗੀ।
ਮੋਬਾਇਲ 88728-54500




.