.

ਸੁਖਮਈ ਜੀਵਨ ਅਹਿਸਾਸ (ਭਾਗ-7)

(ਸੁਖਜੀਤ ਸਿੰਘ ਕਪੂਰਥਲਾ)

ਸੰਸਾਰ ਦਾ ਹਰੇਕ ਪ੍ਰਾਣੀ ਦੁਖਾਂ ਤੋਂ ਨਵਿਰਤੀ ਅਤੇ ਸੁਖਾਂ ਦੀ ਪ੍ਰਾਪਤੀ ਲਈ ਹਰ ਸਮੇਂ ਯਤਨਸ਼ੀਲ ਰਹਿੰਦਾ ਹੈ। ਆਪਣੀ-ਆਪਣੀ ਸਮਝ ਅਨੁਸਾਰ ਬਹੁਗਿਣਤੀ, ਬਹੁਤਾਤ ਵਿੱਚ ਧਨ ਕਮਾ ਲੈਣ ਵਿਚੋਂ ਹੀ ਸੁਖ ਭਾਲਦੀ ਹੈ, ਨਾਟਕ-ਚੇਟਕ ਵੇਖਣ ਮਾਨਣ ਵਿੱਚ ਸੁਖ ਭਾਲਦੀ ਹੈ, ਵੱਖ-ਵੱਖ ਦੇਸ਼ ਦੇਸ਼ਾਂਤਰਾਂ ਦੇ ਭਰਮਣ ਵਿਚੋਂ ਸੁਖ ਲੱਭਦੀ ਹੈ। ਪਰ ਇੰਨੇ ਸਾਰੇ ਯਤਨ ਕਰਨ ਦੇ ਬਾਵਜੂਦ ਵੀ ਫਿਰ ਵੀ ਦੁਖੀ ਕਿਉਂ ਦਿਖਾਈ ਦਿੰਦੇ ਹਨ? ਜਦੋਂ ਅਸੀਂ ਗੁਰਬਾਣੀ ਵਿਚੋਂ ਇਸ ਦਾ ਜਵਾਬ ਲਭਣ ਦਾ ਯਤਨ ਕਰਦੇ ਹਾਂ ਤਾਂ ਗੁਰੂ ਅਰਜਨ ਸਾਹਿਬ ਸਾਡੀ ਰਹਿਨੁਮਾਈ ਕਰਦੇ ਹੋਏ ਦੱਸਦੇ ਹਨ ਕਿ ਅਸਲ ਸੁਖ ਤਾਂ ਉਸ ਦੇ ਭਾਣੇ ਵਿੱਚ ਰਹਿਣ ਨਾਲ ਹੀ ਮਿਲਣਾ ਹੈ ਅਤੇ ਭਾਣਾ ਮੰਨਣ ਦੀ ਜਾਚ ਪਰਮ ਪਿਤਾ ਪ੍ਰਮੇਸ਼ਰ ਦੇ ਗੁਣ ਗਾਉਂਦੇ ਹੋਏ ਉਸ ਦੇ ਗੁਣਾਂ ਨੂੰ ਹਿਰਦੇ ਵਿੱਚ ਵਸਾਉਣ ਵਾਲੇ ਗੁਰਮੁਖਾਂ ਦੇ ਹਿਸੇ ਹੀ ਆਉਂਦੀ ਹੈ-

-ਸੁਖੁ ਨਾਹੀ ਬਹੁਤੈ ਧਨਿ ਖਾਟੈ।। ਸੁਖੁ ਨਾਹੀ ਪੇਖੈ ਨਿਰਤਿ ਨਾਟੇ।।

ਸੁਖ ਨਾਹੀ ਬਹੁ ਦੇਸ ਕਮਾਏ।। ਸਰਬ ਸੁਖਾ ਹਰਿ ਹਰਿ ਗੁਣ ਗਾਏ।।

(ਭੈਰਉ ਮਹਲਾ ੫-੧੧੪੭)

-ਜਿਸੁ ਮਾਨੁਖ ਪਹਿ ਕਰਉ ਬੇਨਤੀ ਸੋ ਅਪਨੈ ਦੁਖਿ ਭਰਿਆ।।

ਪਾਰਬ੍ਰਹਮ ਜਿਨਿ ਰਿਦੈ ਅਰਾਧਿਆ ਤਿਨਿ ਭਉ ਸਾਗਰੁ ਤਰਿਆ।।

ਗੁਰ ਹਰਿ ਬਿਨੁ ਕੋ ਨ ਬ੍ਰਿਥਾ ਦੁਖੁ ਕਾਟੈ।।

ਪ੍ਰਭ ਤਜਿ ਅਵਰ ਸੇਵਕੁ ਜੇ ਹੋਈ ਹੈ ਤਿਤੁ ਮਾਨੁ ਮਹਤੁ ਜਸੁ ਘਾਟੈ।।

(ਗੂਜਰੀ ਮਹਲਾ ੫-੪੯੭)

ਸਿਆਣਿਆਂ ਦਾ ਕਥਨ ਹੈ ਕਿ ਜੇਕਰ ਆਪਣੇ ਸੁਖਾਂ ਦੀ ਸਾਂਝ ਦੂਜਿਆਂ ਨਾਲ ਕੀਤੀ ਜਾਵੇ ਤਾਂ ਸੁਖ ਦਾ ਅਨੰਦ ਦੁਗਣਾ ਹੋ ਜਾਂਦਾ ਹੈ ਅਤੇ ਜੇਕਰ ਦੁਖਾਂ ਦੀ ਸਾਂਝ ਦੂਜਿਆਂ ਨਾਲ ਕੀਤੀ ਜਾਵੇ ਤਾਂ ਦੁੱਖ ਅੱਧਾ ਰਹਿ ਜਾਂਦਾ ਹੈ। ਇਸ ਅਨੁਸਾਰ ਹਰ ਦੁਖੀ ਮਨੁੱਖ ਆਪਣੇ ਦੁਖਾਂ ਦੀ ਪੰਡ ਵਾਲੀ ਗਾਥਾ ਕਿਸੇ ਹੋਰ ਨਾਲ ਖੋਲਦਾ ਹੈ ਤਾਂ ਆਮ ਅਨੁਸਾਰ ਦੁੱਖਾਂ ਤੋਂ ਨਵਿਰਤੀ ਦੀ ਥਾਂ ਤੇ ਉਲਟੀ ਨਿਰਾਸ਼ਤਾ ਪੱਲੇ ਪੈਂਦੀ ਹੈ ਕਿਉਂਕਿ ਅਗਲਾ ਅੱਗੋਂ ਆਪਣੇ ਦੁੱਖਾਂ ਦੀ ਲਿਸਟ ਖੋਲ ਕੇ ਬੈਠ ਜਾਂਦਾ ਹੈ।

ਸੁਖਮਈ ਜੀਵਨ ਅਹਿਸਾਸ` ਜੀਵਨ ਅੰਦਰ ਬਣਿਆ ਰਹੇ, ਇਸ ਲਈ ਸਾਨੂੰ ਸਵੈ-ਪੜਚੋਲ ਕਰਨੀ ਚਾਹੀਦੀ ਹੈ। ਇਹ ਕਿਵੇਂ ਕੀਤੀ ਜਾਵੇ? ਇਸ ਸਵਾਲ ਦਾ ਜਵਾਬ ਗੁਰਬਾਣੀ ਤੋਂ ਵਧੀਆ ਹੋਰ ਕਿਸੇ ਪਾਸੇ ਤੋਂ ਨਹੀਂ ਮਿਲ ਸਕਦਾ। ਸਵੈ-ਪੜਚੋਲ ਕਰਦੇ ਹੋਏ ਸਾਨੂੰ ਆਪਣੇ ਆਲੇ-ਦੁਆਲੇ ਜੁੜੇ ਹੋਏ ਸੱਜਣਾਂ-ਮਿੱਤਰਾਂ ਵਾਲੇ ਪੱਖ ਨੂੰ ਵੀ ਵਾਚਣ ਦੀ ਜ਼ਰੂਰਤ ਹੈ। ਜਿਵੇਂ ਕਬੀਰ ਜੀ ਦੇ ਬਚਨ ‘ਸੋ ਜੈਸੀ ਸੰਗਤਿ ਮਿਲੈ ਸੋ ਤੈਸੋ ਫਲ ਖਾਇ` (੧੩੬੯) ਅਨੁਸਾਰ ਮਨੁੱਖ ਉਪਰ ਸੰਗਤ ਦਾ ਅਸਰ ਜ਼ਰੂਰ ਹੁੰਦਾ ਹੈ ਇਸ ਲਈ ਸਾਨੂੰ ਭਲੇ ਪੁਰਸ਼ਾਂ ਦੀ ਸੰਗਤ ਕਰਨ ਵੱਲ ਹੀ ਤੁਰਣ ਦੀ ਲੋੜ ਹੈ। ਇਸ ਸੰਸਾਰ ਅੱਜ ਮਿੱਤਰਤਾ ਦਾ ਮਾਪਦੰਡ ਬਹੁਗਿਣਤੀ ਅੰਦਰ ਕੇਵਲ ਸਵਾਰਥ ਦੀ ਪੂਰਤੀ ਤੇ ਖੜਾ ਦਿਖਾਈ ਦਿੰਦਾ ਹੈ। ਬਸ ਜਦੋਂ ਇਹ ਲੱਗਦਾ ਹੈ ਕਿ ਹੁਣ ਸਾਡਾ ਨਿੱਜੀ ਸਵਾਰਥ ਇਸ ਮਿੱਤਰਤਾ, ਪ੍ਰਵਾਰਿਕ, ਸਮਾਜਿਕ ਸਬੰਧ ਵਿਚੋਂ ਪੂਰਾ ਨਹੀਂ ਹੋਵੇਗਾ, ਇਹ ਰਿਸ਼ਤੇ ਟੁਟਦਿਆਂ ਵੀ ਦੇਰ ਨਹੀਂ ਲੱਗਦੀ।

ਇਸ ਵਿਸ਼ੇ ਉਪਰ ਭਾਈ ਕਾਨ੍ਹ ਸਿੰਘ ਨਾਭਾ ਵਲੋਂ ਗੁਰਮਤਿ ਸਿਧਾਂਤ ਸਪਸ਼ਟ ਕੀਤਾ ਗਿਆ ਹੈ-

ਸਭ ਨਾਲ ਮਿੱਤ੍ਰਤਾ ਰੱਖਣੀ (ਸੁਲਹ ਕੁਲ ਹੋਣਾ) ਸਿੱਖਾਂ ਦਾ ਮੁੱਖ ਕਰਮ ਹੈ, ਪਰ ਸ੍ਵਾਰਥੀਆਂ ਦੀ ਮਿੱਤ੍ਰਤਾ ਤੋਂ ਕਿਨਾਰੇ ਰਹਿਣਾ ਚਾਹੀਏ। `

(ਗੁਰੁਮਤ ਮਾਰਤੰਡ-ਪੰਨਾ ੭੭੪)

ਇਸ ਪੱਖ ਨੂੰ ਹੋਰ ਸੁਖੈਨ-ਸਪਸ਼ਟ ਤੌਰ ਤੇ ਸਮਝਣ ਲਈ ਕੁੱਝ ਗੁਰਬਾਣੀ ਫੁਰਮਾਣ ਵਾਚਣੇ ਲਾਹੇਵੰਦ ਰਹਿਣਗੇ-

-ਫਰੀਦਾ ਗਲੀ ਸੁ ਸਜਣ ਵੀਹ ਇਕੁ ਢੂੰਢੇਦੀ ਨ ਲਹਾਂ।।

ਧੁਖਾ ਜਿਉ ਮਾਂਲੀਹ ਕਾਰਣਿ ਤਿੰਨਾ ਮਾ ਪਿਰੀ।। ੮੭।।

(ਸਲੋਕ ਫਰੀਦ ਜੀ-੧੩੮੨)

ਭਾਵ- ਗੱਲਾਂ ਨਾਲ ਤਾਂ ਵੀਹ ਸੱਜਣ ਬਣ ਕੇ ਸਾਹਮਣੇ ਆਉਂਦੇ ਹਨ, ਪਰ ਲੋੜ ਪੈਣ ਤੇ ਇਹਨਾਂ ਵਿਚੋਂ ਇੱਕ ਵੀ ਨਾਲ ਖੜਾ ਦਿਖਾਈ ਨਹੀਂ ਦਿੰਦਾ। ਸੱਚੇ ਸੁੱਚੇ ਦੋਸਤਾਂ ਦੀ ਚਿੰਤਾ ਵਿੱਚ ਮਲੀਹ (ਗੋਹਿਆਂ/ ਪਾਥੀਆਂ ਦਾ ਚੂਰਾ) ਦੀ ਅੱਗ ਵਾਂਗ ਮਨ ਧੁੱਖਦਾ ਰਹਿੰਦਾ ਹੈ।

- ਇਹ ਜਗਿ ਮੀਤੁ ਨ ਦੇਖਿਓ ਕੋਈ।।

ਸਗਲ ਜਗਤੁ ਅਪਨੈ ਸੁਖਿ ਲਾਗਿਓ ਦੁਖ ਮੈ ਸੰਗਿ ਨ ਹੋਈ।। ੧।। ਰਹਾਉ।।

ਦਾਰਾ ਮੀਤ ਪੂਤ ਸਨਬੰਧੀ ਸਗਰੇ ਧਨ ਸਿਉ ਲਾਗੇ।।

ਜਬ ਹੀ ਨਿਰਧਨ ਦੇਖਿਓ ਨਰ ਕਉ ਸੰਗੁ ਛਾਡਿ ਸਭ ਭਾਗੇ।। ੧।।

(ਸੋਰਠਿ ਮਹਲਾ ੯-੬੩੩)

- ਸੁਖ ਮੈ ਆਨਿ ਬਹੁਤੁ ਮਿਲਿ ਬੈਠਤ ਰਹਤ ਚਹੂ ਦਿਸ ਘੇਰੈ।।

ਬਿਪਤਿ ਪਰੀ ਸਭ ਹੀ ਸੰਗੁ ਛਾਡਤਿ ਕੋਊ ਨ ਆਵਤ ਨੇਰੈ।।

(ਸੋਰਠਿ ਮਹਲਾ ੯-੬੩੪)

-ਜੋ ਸੰਸਾਰੈ ਕੇ ਕੁਟੰਬ ਮਿਤ੍ਰ ਭਾਈ ਦੀਸਹਿ ਮਨ ਮੇਰੇ ਤੇ ਸਭਿ ਅਪਨੈ ਸੁਆਇ ਮਿਲਾਸਾ।।

ਜਿਤੁ ਦਿਨਿ ਉਨ ਕਾ ਸੁਆਉ ਹੋਇ ਨ ਆਵੈ ਤਿਤੁ ਦਿਨਿ ਨੇੜੈ ਕੋ ਨ ਢੁਕਾਸਾ।।

(ਗੋਂਡ ਮਹਲਾ ੪-੮੬੦)

-ਕਬੀਰ ਸਭੁ ਜਗੁ ਹਉ ਫਿਰਿਓ ਮਾਂਦਲ ਕੰਧ ਚਢਾਇ।।

ਕੋਈ ਕਾਹੂ ਕੋ ਨਹੀ ਸਭ ਦੇਖੀ ਠੋਕਿ ਬਜਾਇ।। ੧੧੩।।

(ਸਲੋਕ ਕਬੀਰ ਜੀ-੧੩੭੦)

ਭਾਵ- ਸੰਸਾਰ ਵਿੱਚ ਜੋ ਵੀ ਰਿਸ਼ਤੇ-ਨਾਤੇ, ਮਿੱਤਰਤਾ ਦੇ ਸਬੰਧ ਹਨ, ਸਾਰੇ ਹੀ ਸਵਾਰਥ ਦੀ ਬੁਨਿਆਦ ਉਤੇ ਖੜੇ ਹਨ, ਜਿੰਨਾ ਚਿਰ ਜੀਵ ਦੂਜਿਆਂ ਨੂੰ ਸੁੱਖ ਦੇਣ ਦੀ ਸਮਰੱਥਾ ਰੱਖਦਾ ਹੈ, ਉਨ੍ਹਾਂ ਚਿਰ ਸਾਰੇ ਨੇੜੇ-ਨੇੜੇ ਹੋ ਕੇ ਆਪਣਾ ਪਣ ਜਤਾਉਂਦੇ ਹਨ, ਪਰ ਜਦੋਂ ਜੀਵ ਆਪ ਦੁੱਖਾਂ ਵਿੱਚ ਘਿਰ ਜਾਂਦਾ ਹੈ ਤਾਂ ਸਵਾਰਥ ਤਹਿਤ ਨਾਲ ਜੁੜੇ ਸਾਰੇ ਹੀ ਸਾਥ ਛੱਡਣ ਲੱਗਿਆ ਰੱਤੀ ਭਰ ਵੀ ਸੰਕੋਚ ਨਹੀਂ ਕਰਦੇ, ਸੁੱਖ ਸਮੇਂ ਅਤੇ ਦੁੱਖ ਸਮੇਂ ਦੇ ਮਿੱਤਰਾਂ ਦੀ ਗਿਣਤੀ ਵਿੱਚ ਜਮੀਨ ਅਸਮਾਨ ਦਾ ਅੰਤਰ ਸਪਸ਼ਟ ਦਿਖਾਈ ਦਿੰਦਾ ਹੈ।

ਸੰਸਾਰ ਨਾਲ ਪਿਆਰ ਪਾ ਕੇ ਪ੍ਰਮੇਸ਼ਰ ਗੁਰੂ ਨੂੰ ਭੁਲਾ ਦੇਣਾ ਹੀ ਦੁੱਖਾਂ ਦਾ ਕਾਰਣ ਬਣਕੇ ‘ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਦੀ ਰੁਕਾਵਟ ਬਣ ਜਾਂਦਾ ਹੈ। ਐਸੇ ਝੂਠੇ ਸੰਸਾਰਕ ਪਿਆਰ ਨੂੰ ਗੁਰਬਾਣੀ ਕੁਮਿਤ੍ਰ, ਇਆਣੇ (ਅਗਿਆਨੀ) ਨੇ ਮਨੁੱਖ ਨਾਲ ਸਾਂਝ ਪਾ ਕੇ ਦੁਖ ਉਠਾਉਣ ਤੋਂ ਬਚਣ ਦੀ ਸਲਾਹ ਦਿੰਦੇ ਹੋਏ ਇਹਨਾਂ ਨਾਲ ਦੋਸਤੀ ਪਾਉਣ ਤੋਂ ਸਪਸ਼ਟ ਤੌਰ ਤੇ ਸੰਕੋਚ ਰੱਖਣ ਲਈ ਕਿਹਾ ਹੈ। ਕਿਉਂ ਕਿ ਐਸੇ ਅਗਿਆਨੀ ਨਾਲ ਮਿੱਤਰਤਾ ਕਦੀ ਪੂਰੀ ਨਿਭ ਹੀ ਨਹੀਂ ਸਕਦੀ, ਜਿਵੇਂ ਪਾਣੀ ਵਿੱਚ ਪਾਣੀ ਪਾਈ ਹੋਈ ਲੀਕ ਦੀ ਕੋਈ ਪਾਂਇਆ ਨਹੀ ਹੁੰਦੀ-

- ਨਾਲਿ ਇਆਣੇ ਦੋਸਤੀ ਕਦੇ ਨ ਆਵੈ ਰਾਸਿ।।

- ਨਾਲਿ ਇਆਣੇ ਦੋਸਤੀ ਵਡਾਰੂ ਸਿਉ ਨੇਹੁ।।

ਪਾਣੀ ਅੰਦਰਿ ਲੀਕ ਜਿਉ ਤਿਸ ਦਾ ਥਾਉ ਨ ਥੇਹੁ।।

(ਵਾਰ ਆਸਾ-ਮਹਲਾ ੨-੪੭੪)

- ਨਾਨਕ ਮਿਤ੍ਰਾਈ ਤਿਸੁ ਸਿਉ ਸਭ ਕਿਛੁ ਜਿਸਕੈ ਹਾਥਿ।।

ਕੁਮਿਤ੍ਰਾ ਸੇਈ ਕਾਂਢੀਅਹਿ ਇੱਕ ਵਿਖ ਨ ਚਲਹਿ ਸਾਥਿ।।

(ਵਾਰ ਗਉੜੀ-ਮਹਲਾ ੫-੩੧੮)

- ਕਿਸ ਨਾਲਿ ਕੀਚੈ ਦੋਸਤੀ ਸਭ ਜਗ ਚਲਣਹਾਰ।।

(ਵਾਰ ਆਸਾ - ਮਹਲਾ ੧-੪੬੮)

ਗੁਰਮਤਿ ਜਿਥੇ ਸਾਨੂੰ ਆਪ ਮਨਮੁੱਖ (ਭਾਵ-ਮਨ ਦੀ ਮਤਿ ਪਿਛੇ ਤੁਰਣ ਵਾਲੇ) ਬਨਣ ਤੋਂ ਵਰਜਦੀ ਹੈ ਉਸ ਦੇ ਨਾਲ-ਨਾਲ ਮਨਮੁੱਖਾਂ ਦੀ ਸੰਗਤ ਕਰਨ ਤੋਂ ਵੀ ਰੋਕਦੀ ਹੈ। ਕਿਉਂਕਿ ਇਹਨਾਂ ਦੀ ਸੰਗਤ ਵਿਚੋਂ ਭਲੇ ਦੀ ਆਸ ਰੱਖਣੀ ਬਿਲਕੁਲ ਨਿਰਰਥਕ ਹੈ, ਇਹ ਤਾਂ ਪ੍ਰਛਾਵੇਂ ਵਾਂਗ ਕਦੀ ਵੀ ਸਦੀਵੀਂ ਸਾਥ ਨਹੀਂ ਨਿਭ ਸਕਦੀ, ਜੋ ਆਪ ਬਿਨਸਣਹਾਰ ਹੈ, ਦੁੱਖਾਂ ਵਿੱਚ ਗਲਤਾਨ ਹੈ, ਉਹ ਸਾਨੂੰ ਸੁਖ ਦੇਣ ਵਿੱਚ ਸਹਾਇਕ ਕਿਵੇਂ ਹੋ ਸਕਦੇ ਹਨ। ਮਨਮੁੱਖਾਂ ਦੀ ਸੰਗਤ ਵਿਚੋਂ ਬਚਣ ਲਈ ਗੁਰਬਾਣੀ ਵਿੱਚ ਕਈ ਫੁਰਮਾਣ ਸਾਡੀ ਅਗਵਾਈ ਕਰਦੇ ਹਨ-

- ਮਨਮੁਖਾ ਕੇਰੀ ਦੋਸਤੀ ਮਾਇਆ ਕਾ ਸਨਬੰਧੁ।।

ਵੇਖਦਿਆ ਹੀ ਭਜਿ ਜਾਨਿ ਕਦੇ ਨ ਪਾਇਨਿ ਬੰਧੁ।।

ਜਿਚਰੁ ਪੈਨਨਿ ਖਾਵਨੇ ਤਿਚਰੁ ਰਖਨਿ ਗੰਢੁ।।

ਜਿਤੁ ਦਿਨਿ ਕਿਛੁ ਨ ਹੋਵਈ ਤਿਤੁ ਦਿਨੁ ਬੋਲਨਿ ਗੰਧੁ।।

(ਵਾਰ ਰਾਮਕਲੀ -ਮਹਲਾ ੫-੯੫੯)

-ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗ ਲਗਾਇ।।

(ਸਲੋਕ ਵਾਰਾ ਤੇ ਵਧੀਕ-ਮਹਲਾ ੩-੧੪੧੭)

- ਮਨਮੁਖ ਸੇਤੀ ਦੋਸਤੀ ਥੋੜੜਿਆ ਦਿਨ ਚਾਰਿ।।

ਇਸ ਪਰੀਤੀ ਤੁਟਦੀ ਵਿਲਮੁ ਨ ਹੋਵਈ ਇਤੁ ਦੋਸਤੀ ਚਲਨਿ ਵਿਕਾਰ।।

(ਵਾਰ ਵਡਹੰਸ- ਮਹਲਾ ੩-੪੮੭)

-ਮਨਮੁਖ ਮੂਲਹੁ ਭੁਲਿਆ ਵਿਚਿ ਲਬੁ ਲੋਭੁ ਅਹੰਕਾਰੁ।।

ਝਗੜਾ ਕਰਦਿਆ ਅਨਦਿਨੁ ਗੁਦਰੈ ਸਬਦਿ ਨ ਕਰਹਿ ਵੀਚਾਰੁ।।

ਸੁਧਿ ਮਤਿ ਕਰਤੈ ਸਭ ਹਿਰਿ ਲਈ ਬੋਲਨਿ ਸਭੁ ਵਿਕਾਰੁ।।

ਦਿਤੈ ਕਿਤੈ ਨ ਸੰਤੋਖੀਅਹਿ ਅੰਤਰਿ ਤਿਸਨਾ ਬਹੁ ਅਗਿਆਨੁ ਅੰਧਾਰੁ।।

ਨਾਨਕ ਮਨਮੁਖਾ ਨਾਲੋ ਤੁਟੀ ਭਲੀ ਜਿਨ ਮਾਇਆ ਮੋਹੁ ਪਿਆਰੁ।।

(ਵਾਰ ਗਉੜੀ-ਮਹਲਾ ੪-੩੧੬)

ਅੱਜ ਲਗਭਗ ਹਰ ਮਨੁੱਖ ਸੁੱਖਾਂ ਦੀ ਤਲਾਸ਼ ਵਿੱਚ ਹੈ, ਇਹ ਸੁੱਖ ਕਿਵੇਂ ਪ੍ਰਾਪਤ ਹੋਵੇ, ਜੇ ਪ੍ਰਾਪਤ ਨਹੀਂ ਹੋ ਰਿਹਾ ਤਾਂ ਕੀ ਕਾਰਣ ਹੈ? ਇਸ ਸਬੰਧ ਵਿੱਚ ‘ਸਲੋਕ ਵਾਰਾ ਤੇ ਵਧੀਕ` ਅੰਦਰ ਦਰਜ਼ ਇੱਕ ਸਲੋਕ ਰਾਹੀਂ ਗੁਰੂ ਅਮਰਦਾਸ ਜੀ ਸਪਸ਼ਟ ਕਰਦੇ ਹਨ ਕਿ ਅਸੀਂ ਮਨਮੁੱਖਾਂ ਨਾਲ ਮਿਤੱਰਤਾ ਪਾ ਕੇ ਬੈਠੇ ਹਾਂ, ਇਸ ਲਈ ਸੁੱਖ ਕਿਵੇਂ ਮਿਲ ਸਕਦਾ ਹੈ। ਜੇ ਅਸੀਂ ਸੁੱਖ ਪ੍ਰਾਪਤ ਕਰਨਾ ਹੈ ਤਾਂ ਗੁਰਮੁੱਖਾਂ ਦੀ ਸੰਗਤ ਕਰਦੇ ਹੋਏ ਸੱਚੇ ਗੁਰੂ ਦੇ ਉਪਦੇਸ਼ ਨਾਲ ਚਿਤ ਜੋੜਣਾ ਪਵੇਗਾ, ਜਿਸ ਦੀ ਬਖਸ਼ਿਸ਼ ਦੁਆਰਾ ਜੀਵਨ ਵਿੱਚ ਜਨਮ ਮਰਣ ਤੋਂ ਛੁਟਕਾਰੇ ਰੂਪੀ ਸਦੀਵੀਂ ਸੁੱਖ ਦੀ ਪ੍ਰਾਪਤੀ ਹੋ ਜਾਵੇਗੀ-

ਮਨਮੁਖ ਸਉ ਕਰਿ ਦੋਸਤੀ ਸੁਖ ਕਿ ਪੁਛਹਿ ਮਿਤ।।

ਗੁਰਮੁਖ ਸਉ ਕਰਿ ਦੋਸਤੀ ਸਤਿਗੁਰ ਸਉ ਲਾਇ ਚਿਤੁ।।

ਜੰਮਣ ਮਰਣ ਕਾ ਮੂਲੁ ਕਟੀਐ ਤਾਂ ਸੁਖੁ ਹੋਵੀ ਮਿਤ।। ੬੬।।

(ਸਲੋਕ ਮਹਲਾ ੩-੧੪੨੧)

ਉਪਰੋਕਤ ਸਾਡੀ ਵਿਚਾਰ ਤੋਂ ਸਪਸ਼ਟ ਰੂਪ ਵਿੱਚ ਸੇਧ ਮਿਲਦੀ ਹੈ ਕਿ ਅਸੀਂ ਮਨਮੁੱਖਾਂ ਦੀ ਸੰਗਤ ਦੀ ਥਾਂ ਤੇ ਗੁਰਮੁੱਖਾਂ ਨਾਲ ਸਾਂਝ ਪਾਈਏ। ਇਹ ਸੱਚੀ ਮਿੱਤਰਤਾ ਦੀ ਪ੍ਰਪੱਕਤਾ ਲਿਆਉਣ ਲਈ ਜਿਵੇਂ ਗੁਰਮੁੱਖਾਂ ਨੇ ਆਪਣੇ ਜੀਵਨ ਅੰਦਰ ਪ੍ਰਮੇਸ਼ਰ ਦੇ ਸ਼ੁਭ ਗੁਣਾਂ ਨਾਲ ਸਾਂਝ ਪਾ ਕੇ ਗੁਰਮੁਖਤਾਈ ਦੀ ਪਦਵੀਂ ਪ੍ਰਾਪਤ ਕੀਤੀ ਹੈ, ਅਸੀਂ ਵੀ ਐਸਾ ਕਰੀਏ। ਸ਼ੁਭ ਗੁਣਾਂ ਰੂਪੀ ਮਿੱਤਰਤਾ ਫਿਰ ਸਾਥ ਨਹੀਂ ਛੱਡੇਗੀ, ਇਹ ਲੋਕ ਅਤੇ ਪਰਲੋਕ ਵਿੱਚ ਸੱਚਾ ਸਾਥੀ ਬਣ ਕੇ ਹਰ ਤਰਾਂ ਦੇ ਵਿਕਾਰਾਂ ਦੇ ਰਸਤੇ ਵਿੱਚ ਰਖਵਾਲਾ ਸਜਣ ਬਣ ਕੇ ਜੀਵਨ ਦੀ ਬੇੜੀ ਨੂੰ ਮੰਝਧਾਰ ਵਿੱਚ ਡੁੱਬਣ ਤੋਂ ਹਰ ਹਾਲਤ ਵਿੱਚ ਬਚਾ ਕੇ ਮੰਜ਼ਿਲ ਤੱਕ ਪਹੁੰਚਾ ਦੇਣਗੇ, ਫਿਰ ਸਾਡੇ ਜੀਵਨ ਵਿੱਚ ਸਦੀਵੀ ‘ਸੁਖਮਈ ਜੀਵਨ ਅਹਿਸਾਸ` ਦੀ ਪ੍ਰਾਪਤੀ ਹੋ ਜਾਵੇਗੀ-

-ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨਿ।।

ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ।। ੧।। ਰਹਾਉ।।

(ਸੂਹੀ ਮਹਲਾ ੧-੭੨੯)

- ਨਾਨਕ ਕਚੜਿਆ ਸਿਉ ਤੋੜਿ ਢੂਢਿ ਸਜਣ ਸੰਤ ਪਕਿਆ।।

ਓਇ ਜੀਵੰਦੇ ਵਿਛੁੜਹਿ ਓਇ ਮੁਇਆ ਨ ਜਾਹੀ ਛੋੜਿ।।

(ਵਾਰ ਮਾਰੂ-ਮਹਲਾ ੫-੧੧੦੨)

=======

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.