.

ਸੁਖਮਈ ਜੀਵਨ ਅਹਿਸਾਸ (ਭਾਗ-6)

(ਸੁਖਜੀਤ ਸਿੰਘ ਕਪੂਰਥਲਾ)

ਸੰਸਾਰ ਦਾ ਹਰ ਪ੍ਰਾਣੀ ਆਪਣੇ ਲਈ ਹਮੇਸ਼ਾ ਸੁਖ ਹੀ ਲੋੜਦਾ ਹੈ। ਇਸ ਸਬੰਧ ਵਿੱਚ ਗੁਰਬਾਣੀ ਫੁਰਮਾਣ ‘ਜੇ ਲੋੜਹਿ ਸਦਾ ਸੁਖੁ ਭਾਈ।। ਸਾਧੂ ਸੰਗਤਿ ਗੁਰਹਿ ਬਤਾਈ।। (੧੧੮੨) ` ਅਨੁਸਾਰ ਸਾਨੂੰ ਭਲੇ ਪੁਰਸ਼ਾਂ ਦੀ ਸੱਚ ਰੂਪੀ ਸੰਗਤ ਨਾਲ ਜੁੜਣਾ ਪਵੇਗਾ। ਜਦੋਂ ਅਸੀਂ ਇਸ ਮਾਰਗ ਉਪਰ ਚੱਲਾਂਗੇ ਤਾਂ ਸਾਡੇ ਸਾਹਮਣੇ ਤਸਵੀਰ ਸਪਸ਼ਟ ਹੁੰਦੀ ਜਾਵੇਗੀ ਕਿ ਇਹ ਆਪਣੇ ਜੀਵਨ ਅੰਦਰ ਬੁਰਾਈਆਂ ਤੋਂ ਛੁਟਕਾਰਾ ਪ੍ਰਾਪਤ ਕਰਕੇ ਸ਼ੁਭ ਗੁਣਾਂ ਦਾ ਵਾਸਾ ਹੋਣ ਕਰਕੇ ਹੀ ਭਲੇ ਅਖਵਾਉਣ ਦੇ ਹੱਕਦਾਰ ਬਣੇ ਹਨ।

ਜੇਕਰ ਅਸੀਂ ਵੀ ਚਾਹੁੰਦੇ ਹਾਂ ਕਿ ਸਾਡੇ ਜੀਵਨ ਅੰਦਰ ‘ਸੁਖਮਈ ਜੀਵਨ ਅਹਿਸਾਸ` ਬਣਿਆ ਰਹੇ, ਅੰਮ੍ਰਿਤ ਵੇਲੇ ਦੇ ਇੱਕ ਪਹਿਰ ਦਾ ਗੁਰੁ-ਪ੍ਰਮੇਸ਼ਰ ਦੀ ਗੋਦ ਵਿੱਚ ਅਨੰਦ ਮਾਨਣਾ ਚਾਹੁੰਦੇ ਹਾ ਤਾਂ ਦਿਨ ਦੇ ਬਾਕੀ ਬਿਤਾਏ ਸੱਤ ਪਹਿਰਾਂ ਦਾ ਵਿਸ਼ਲੇਸ਼ਣ ਕਰੀਏ-

ਸਤੀ ਪਹਿਰੀ ਸਤੁ ਭਲਾ ਬਹੀਐ ਪੜਿਆ ਪਾਸਿ।।

ਓਥੈ ਪਾਪ ਪੁੰਨ ਵੀਚਾਰੀਐ ਕੂੜੈ ਘਟੈ ਰਾਸਿ।।

(ਸਿਰੀ ਰਾਗ ਮਹਲਾ ੧- ੧੪੬)

ਉਕਤ ਗੁਰਬਾਣੀ ਹੁਕਮਾਂ ਨੂੰ ਮੁੱਖ ਰੂਪ ਵਿੱਚ ਸਾਹਮਣੇ ਰੱਖਦੇ ਹੋਏ ਸਮਝ ਲਈਏ ਕਿ ਸੱਚ ਨਾਲ ਜੁੜਿਆਂ ਦੀ ਸੰਗਤ ਵਿੱਚ ਬੈਠ ਕੇ ਆਪਣੇ ਜੀਵਨ ਦੇ ਚੰਗੇ-ਬੁਰੇ ਕਰਮਾਂ ਦੀ ਵਿਚਾਰ ਕਰਾਂਗੇ, ਜੀਵਨ ਵਿਚਲੀਆਂ ਬੁਰਾਈਆਂ ਪ੍ਰਤੀ ਜਾਣੂ ਹੋ ਕੇ ਉਹਨਾਂ ਨੂੰ ਖਤਮ ਕਰਨ ਲਈ ਯਤਨਸ਼ੀਲ ਹੋਵਾਂਗੇ ਤਾਂ ਹੌਲੀ-ਹੌਲੀ ਅਉਗਣ ਘਟਦੇ-ਘਟਦੇ ਇੱਕ ਦਿਨ ਅਸੀਂ ਵੀ ਭਲੇ ਬਣ ਸਕਣ ਵਿੱਚ ਕਾਮਯਾਬ ਹੋ ਸਕਾਂਗੇ।

ਮਨੁੱਖੀ ਜੀਵਨ ਨੂੰ ਬਰਬਾਦ ਕਰਨ ਵਾਲੇ ਵਿਕਾਰਾਂ/ ਅਉਗਣਾਂ ਦੇ ਵਿਚੋਂ ਇੱਕ ਪਰਾਈ ਨਿੰਦਾ ਵੀ ਹੈ। ਇਸ ਬੁਰਾਈ ਦਾ ਸ਼ਿਕਾਰ ਹਮੇਸ਼ਾਂ ਦੂਜਿਆਂ ਅੰਦਰ ਮਾੜਾ ਪੱਖ ਹੀ ਵੇਖਦਾ ਹੈ, ਚੰਗਾ ਤਾਂ ਉਸਨੂੰ ਦਿਖਾਈ ਦਿੰਦਾ ਹੀ ਨਹੀਂ, ਉਸਦੇ ਸੁਭਾਉ ਅੰਦਰ ਇਹ ਅਉਗਣ ਐਸਾ ਪੱਕਾ ਡੇਰਾ ਲਾ ਕੇ ਬੈਠ ਜਾਂਦਾ ਹੈ ਕਿ ਇਸ ਦਾ ਸ਼ਿਕਾਰ ਬਣੇ ਜੀਵ ਨੂੰ ਆਪਣੇ ਅੰਦਰਲੇ ਇਸ ਰੋਗ ਦੀ ਪਹਿਚਾਣ ਹੀ ਨਹੀਂ ਹੁੰਦੀ। ਪਰ ਕਈ ਵਾਰ ਕੋਈ ਭਲਾ ਪੁਰਸ਼ ਜਦੋਂ ਇਸ ਗਫ਼ਲਤ ਦੀ ਨੀਂਦਰ ਵਿਚੋਂ ਜਗਾਉਂਦਾ ਹੈ ਤਾਂ ਪਤਾ ਲਗਦਾ ਹੈ। ਇਸ ਵਿਸ਼ੇ ਨੂੰ ਸਮਝਣ ਲਈ ਨਿਮਨਲਿਖਤ ਗਾਥਾ ਨੂੰ ਵਾਚਣਾ ਲਾਹੇਵੰਦ ਰਹੇਗਾ-

ਨਿੰਦਾ ਦੀ ਬੁਰਾਈ ਦਾ ਸ਼ਿਕਾਰ ਮਨੁੱਖ ਕਹਿੰਦਾ- ‘ਗੁਲਾਬ ਦਾ ਫੁੱਲ ਸੁੰਦਰ ਤਾਂ ਹੈ ਪਰ ਨਾਲ ਕੰਡੇ ਵੀ ਹਨ, ਕਿੰਨਾਂ ਚੰਗਾ ਹੁੰਦਾ ਜੇ ਕੰਡੇ ਨਾ ਹੁੰਦੇ- ਕੋਇਲ ਦੀ ਆਵਾਜ਼ ਕਿੰਨੀ ਸੁਰੀਲੀ ਹੈ ਹਰ ਕਿਸੇ ਦੇ ਮਨ ਨੂੰ ਮੋਹ ਲੈਂਦੀ ਹੈ, ਪਰ ਕਿੰਨਾ ਚੰਗਾ ਹੁੰਦਾ ਜੇ ਰੰਗ ਕਾਲਾ ਨਾ ਹੁੰਦਾ- ਸਮੁੰਦਰ ਕਿੰਨਾ ਵਿਸ਼ਾਲ ਹੈ ਪਰ ਕਿੰਨਾ ਚੰਗਾ ਹੁੰਦਾ ਜੇ ਉਸਦਾ ਪਾਣੀ ਖਾਰਾ ਨਾ ਹੁੰਦਾ`। ਇੱਕ ਭਲੇ ਪੁਰਸ਼ ਨੇ ਜਦੋਂ ਇਹ ਸਭ ਕੁੱਝ ਸੁਣਿਆ ਤਾਂ ਉਸਨੇ ਕਿਹਾ- ‘ਕਿੰਨਾ ਚੰਗਾ ਹੁੰਦਾ ਜੇ ਤੇਰੇ ਵਿੱਚ ਦੂਜਿਆਂ ਦੇ ਕੇਵਲ ਅਉਗਣ ਹੀ ਵੇਖਣ ਦੀ ਬੁਰੀ ਆਦਤ ਨਾ ਹੁੰਦੀ। ਲੋੜ ਤਾਂ ਗੁਲਾਬ ਦੀ ਸੁੰਦਰਤਾ, ਕੋਇਲ ਦੀ ਮਿੱਠੀ ਆਵਾਜ਼, ਸਮੁੰਦਰ ਦੀ ਵਿਸ਼ਾਲਤਾ ਨੂੰ ਮਾਨਣ ਦੀ ਹੈ। ` ਇਸ ਗਾਥਾ ਨੂੰ ਸਾਹਮਣੇ ਰੱਖਦੇ ਹੋਏ ਸਾਨੂੰ ਆਪਣੇ ਜੀਵਨ ਦੀ ਸਵੈ-ਪੜਚੋਲ ਕਰਕੇ ਵੇਖਣ ਦੀ ਜ਼ਰੂਰਤ ਹੈ ਕਿ ਕਿਤੇ ਅਸੀਂ ਵੀ ਇਸ ਅਉਗਣ ਦੇ ਸ਼ਿਕਾਰ ਤਾਂ ਨਹੀਂ ਬਣੇ ਹੋਏ।

ਅਸੀਂ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹਾਂ। ਸਾਡੇ ਜੀਵਨ ਅੰਦਰ ‘ਸੁਖਮਈ ਜੀਵਨ ਅਹਿਸਾਸ` ਬਣਾਏ ਰੱਖਣ ਲਈ ਜ਼ਰੂਰੀ ਹੈ ਕਿ ਅਸੀਂ ਕੇਵਲ ਮੱਥਾ ਟੇਕਣ, ਪੜਣ-ਸੁਨਣ, ਬਾਹਰੀ ਸਤਿਕਾਰ ਕਰਨ ਦੇ ਨਾਲ-ਨਾਲ ਗੁਰਬਾਣੀ ਅੰਦਰ ਦਰਸਾਏ ਗਏ ਗੁਰੂ ਹੁਕਮਾਂ ਨੂੰ ਸਮਝਣ ਉਪਰੰਤ ਆਪਣੇ ਜੀਵਨ ਵਿੱਚ ਅਮਲੀ ਰੂਪ ਅੰਦਰ ਲਾਗੂ ਕਰੀਏ। ਸਬੰਧਿਤ ਵਿਸ਼ੇ ਉਪਰ ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੋਈ ਇਸ ਨਿੰਦਾ ਰੂਪੀ ਅਉਗਣ ਦੇ ਸ਼ਿਕਾਰ ਜੀਵਾਂ ਨੂੰ ਮਨਮੁਖ-ਮੁਗਧ ਦੀ ਸੰਗਿਆ ਦਿੰਦੇ ਹੋਏ ਮੂੰਹ ਕਾਲਾ ਕਰਕੇ ਨਰਕਾਂ ਦੇ ਵਾਸੀ ਬਣਾਉਣ ਦਾ ਜ਼ਿਕਰ ਕਰਦੀ ਹੈ। ਨਿੰਦਾ ਰੂਪੀ ਬੁਰਾਈ ਕਾਰਣ ਐਸਾ ਮਨੁੱਖ ਆਪਣਾ ਲੋਕ-ਪਰਲੋਕ ਦੋਵੇਂ ਗਵਾ ਕੇ ਬੇਇਜ਼ਤ ਹੋ ਕੇ ਪ੍ਰਮੇਸ਼ਰ ਦੇ ਘਰ ਜਦੋਂ ਪਹੁੰਚੇਗਾ ਤਾਂ ਉਥੇ ਵੀ ਉਸਨੂੰ ਟਿਕਾਣਾ ਮਿਲਣਾ ਅਸੰਭਵ ਹੋਵੇਗਾ। ਫਿਰ ਇਸ ਲਈ ਦੋਸ਼ ਕਿਸਨੂੰ, ਕਿਵੇਂ ਦੇਵੇਗਾ, ਇਹ ਤਾਂ ਉਸਨੂੰ ਆਪਣੇ ਕੀਤੇ ਗਏ ਨਿੰਦਾ ਰੂਪੀ ਕਰਮ ਦਾ ਫਲ ਆਪ ਹੀ ਭੋਗਣਾ ਪੈਣਾ ਹੈ-

-ਨਿੰਦਾ ਭਲੀ ਕਿਸੈ ਕੀ ਨਾਹੀ ਮਨਮੁਖ ਮੁਗਧ ਕਰੰਨਿ।।

ਮੁਹ ਕਾਲੇ ਤਿਨ ਨਿੰਦਕਾ ਨਰਕੇ ਘੋਰਿ ਪਵੰਨਿ।।

ਏ ਮਨ ਜੈਸਾ ਤੈਸਾ ਹੋਵਹਿ ਤੇਹੇ ਕਰਮ ਕਮਾਇ।।

ਆਪਿ ਬੀਜਿ ਆਪੇ ਹੀ ਖਾਵਣਾ ਕਰਣਾ ਕਿਛੂ ਨ ਜਾਇ।।

(ਸੂਹੀ ਮਹਲਾ ੩-੭੫੫)

-ਨਿੰਦਕ ਕਾ ਮੁਖੁ ਕਾਲਾ ਹੋਆ ਦੀਨ ਦੁਨੀਆ ਕੈ ਦਰਬਾਰਿ।।

(ਧਨਾਸਰੀ ਮਹਲਾ ੫-੬੭੪)

- ਮੂੰਹ ਕਾਲੇ ਤਿਨਾ ਨਿੰਦਕਾ ਤਿਤੁ ਸਚੈ ਦਰਬਾਰਿ।।

(ਵਾਰ ਸੋਰਠਿ -ਮਹਲਾ ੩-੬੪੯)

- ਨਿੰਦਕ ਕੀ ਗਤਿ ਕਤਹੂ ਨਾਹਿ।।

ਆਪ ਬੀਜਿ ਆਪੇ ਹੀ ਖਾਹਿ।।

(ਭੈਰਉ ਮਹਲਾ ੫-੧੧੪੫)

‘ਸੁਖਮਈ ਜੀਵਨ ਅਹਿਸਾਸ` ਲਈ ਜਿਥੇ ਅਸੀਂ ਪਰਾਈ ਨਿੰਦਾ ਰੂਪੀ ਅਉਗਣਾਂ ਤੋਂ ਬਚਣਾ ਹੈ ਉਸ ਦੇ ਨਾਲ-ਨਾਲ ਦੂਸਰਿਆਂ ਦੀ ਬਿਨਾਂ ਕਿਸੇ ਮਤਲਬ ਤੋਂ ਫੋਕੀਆਂ ਵਡਿਆਈਆਂ ਕਰਦੇ ਹੋਏ ਆਪਣੇ ਨਿੱਜੀ ਸਵਾਰਥਾਂ ਦੀ ਪੂਰਤੀ ਲਈ ਯਤਨ ਕਰਨੇ ਵੀ ਵਿਕਾਰਾਂ ਦੀ ਸ਼੍ਰੇਣੀ ਵਿੱਚ ਹੀ ਆਉਂਦੇ ਹਨ। ਅਜੋਕੇ ਸਮੇਂ ਅੰਦਰ ‘ਉਸਤਤਿ-ਨਿੰਦਾ` ਪੱਖ ਉਪਰ ਬਹੁਤ ਹੀ ਰੋਲ ਘਚੋਲਾ ਪਿਆ ਹੋਇਆ ਹੈ ਜਿਸ ਨੂੰ ਸਪਸ਼ਟ ਰੂਪ ਵਿੱਚ ਸਮਝਣਾ ਅਤਿਅੰਤ ਜ਼ਰੂਰੀ ਹੈ।

ਭਾਈ ਕਾਨ੍ਹ ਸਿੰਘ ਨਾਭਾ ਵਲੋਂ ਇਸ ਪੱਖ ਨੂੰ ਬਹੁਤ ਹੀ ਭਾਵਪੂਰਤ ਸ਼ਬਦਾਂ ਅੰਦਰ ਸਪਸ਼ਟਤਾ ਦਿਤੀ ਗਈ ਹੈ-

ਨਿੰਦਿਆ ਪਦ ਨਾਲ ਮਿਲਿਆ ਹੋਇਆ ਜਦ ਉਸਤਤਿ ਪਦ ਆਉਂਦਾ ਹੈ, ਤਦ ਇਸ ਦੇ ਅਰਥ ਹੋਂਦੇ ਹਨ, ਔਗੁਣਾਂ ਵਿੱਚ ਗੁਣ ਅਰੋਪਣੇ। ਐਸੇ ਹੀ ਨਿੰਦਾ ਦਾ ਅਰਥ ਗੁਣਾਂ ਵਿੱਚ ਦੋਸ਼ ਥਾਪਣੇ ਹੋਂਦਾ ਹੈ, ਗੁਰੁਮਤ ਵਿੱਚ ਐਸੀ ਉਸਤਤਿ ਅਤੇ ਨਿੰਦਾ ਦਾ ਤਯਾਗ ਕੀਤਾ ਗਿਆ ਹੈ। ਝੂਠੀ ਉਸਤਤਿ ਕਰਨ ਵਾਲੇ ਖੁਸ਼ਾਮਦੀ ਔਰ ਪਰਦੋਸ਼ ਅਤੇ ਛਿਦ੍ਰ ਦੇਖਣ ਵਾਲੇ ਨਿੰਦਕ, ਨਿਰਾਰਥਕ ਪਾਪ ਸਿਰ ਲੈ ਕੇ ਕਲੰਕਿਤ ਹੋਂਦੇ ਹਨ। `

(ਗੁਰੁਮਤ ਮਾਰਤੰਡ-ਪੰਨਾ ੪)

ਇਸ ਵਿਸ਼ੇ ਉਪਰ ‘ਪੰਥ ਰਤਨ ਗਿਆਨੀ ਸੰਤ ਸਿੰਘ ਜੀ ਮਸਕੀਨ` ਵਲੋਂ ਕਥਾ ਰਾਹੀਂ ਕਹੇ ਗਏ ਬਚਨ ਬਹੁਤ ਹੀ ਸਾਰਥਕ ਰੂਪ ਵਿੱਚ ‘ਉਸਤਤਿ-ਨਿੰਦਾ` ਨੂੰ ਪ੍ਰੀਭਾਸ਼ਤ ਕਰਦੇ ਹਨ-

ਫੁੱਲ ਨੂੰ ਫੁੱਲ ਕਹਿਣਾ ਖੁਸ਼ਾਮਦ (ਉਸਤਤਿ) ਨਹੀਂ, ਕੰਡੇ ਨੂੰ ਕੰਡਾ ਕਹਿਣਾ ਬੁਰਾਈ (ਨਿੰਦਾ) ਨਹੀਂ। ਪਰ ਫੁੱਲ ਨੂੰ ਕੰਡਾ ਕਹਿਣਾ ਨਿੰਦਾ ਹੈ, ਕੰਡੇ ਨੂੰ ਫੁੱਲ ਕਹਿਣਾ ਖੁਸ਼ਾਮਦ ਹੈ। `

ਇਸ ਪੱਖ ਉਪਰ ਸਿੱਖ ਇਤਿਹਾਸ ਦੇ ਪੰਨਿਆਂ ਉਪਰੋਂ ਵੀ ਸਾਨੂੰ ਬਹੁਤ ਹੀ ਭਾਵਪੂਰਤ ਜਾਣਕਾਰੀ ਮਿਲਦੀ ਹੈ। ‘ਸਚੁ ਸੁਣਾਇਸੀ ਸਚ ਕੀ ਬੇਲਾ` (੭੨੩) ਦੇ ਧਾਰਨੀ ਗੁਰੂ ਨਾਨਕ ਸਾਹਿਬ ਵਲੋਂ ਕਾਬੁਲ (ਅਫਗਾਨਿਸਤਾਨ) ਦੀ ਧਰਤੀ ਤੋਂ ਚਲ ਕੇ ਹਮਲਾਵਰ ਬਣ ਕੇ ਹਿੰਦੁਸਤਾਨ ਦੀ ਧਰਤੀ ਉਪਰ ਚੜ੍ਹ ਕੇ ਆਏ ਬਾਬਰ ਦੇ ਮੂੰਹ ਉਤੇ ਜਾਬਰ ਅਤੇ ਪਾਪ ਕੀ ਜੰਝ ਦਾ ਲਾੜਾ ਆਦਿ ਸ਼ਬਦ ਕਹਿਣ ਤੋਂ ਰੱਤੀ ਭਰ ਵੀ ਸੰਕੋਚ ਨਹੀਂ ਕੀਤਾ। ਇਹ ਸਭ ਕੁੱਝ ਕਦੀ ਵੀ ਨਿੰਦਾ ਦੀ ਸ਼੍ਰੇਣੀ ਵਿੱਚ ਨਹੀਂ ਆਉਂਦਾ। ਜੇ ਕੋਈ ਐਸਾ ਸਮਝਦਾ ਹੈ ਤਾਂ ਇਹ ਉਸਦੀ ਅਗਿਆਨਤਾ ਤੋਂ ਵਧ ਕੁੱਝ ਵੀ ਨਹੀਂ।

ਸੁਖਮਈ ਜੀਵਨ ਅਹਿਸਾਸ` ਜੀਵਨ ਵਿੱਚ ਬਣਿਆ ਰਹੇ ਇਸ ਲਈ ਗੁਰਬਾਣੀ ਸਾਨੂੰ ਅਗਵਾਈ ਦਿੰਦੀ ਹੈ ਕਿ ਜੇ ਅਸੀਂ ਜੀਵਨ ਮੁਕਤ ਅਵਸਥਾ ਦੇ ਧਾਰਨੀ ਬਨਣਾ ਚਾਹੁੰਦੇ ਤਾਂ ਉਸਤਤਿ ਨਿੰਦਾ ਤੋਂ ਮੁਕਤ ਗੁਰਮੁਖਾਂ ਵਾਲੀ ਜੀਵਨ ਜਾਚ ਅਪਨਾਉਣੀ ਪਵੇਗੀ ਤਾਂ ਚਲਦੇ-ਚਲਦੇ ਇੱਕ ਦਿਨ ਕੂੜ ਦਾ ਸਾਥ ਛੱਡ ਕੇ ਪਤੀ ਪ੍ਰਮੇਸ਼ਰ ਦੀ ਸੱਚੀ ਸੰਗਤ ਰਾਹੀਂ ਪ੍ਰਾਪਤੀ ਹੋ ਜਾਵੇਗੀ, ਫਿਰ ਐਸੀ ਜੀਵਨ ਜਾਚ ਬਣੇਗੀ ਕਿ ਸਹੀ ਅਰਥਾਂ ਵਿੱਚ ਬਣੇ ਗੁਰਸਿੱਖ ਦੁਖ-ਸੁਖ ਦੀ ਹਰ ਅਵਸਥਾ ਵਿੱਚ ਇੱਕ ਸਮਾਨ ਰਹਿੰਦੇ ਹੋਏ ਇਤਿਹਾਸ ਦੇ ਪੰਨਿਆਂ ਦਾ ਮਾਣਾਮੱਤੀ ਸ਼ਿੰਗਾਰ ਬਣ ਜਾਣਗੇ, ਐਸੀ ‘ਸੁਖਮਈ ਜੀਵਨ ਅਹਿਸਾਸ` ਵਾਲੀ ਅਵਸਥਾ ਫਿਰ ਕਿਸੇ ਵੀ ਲੋਭ-ਲਾਲਚ, ਡਰ-ਭੈ, ਵਹਿਮ-ਭਰਮ, ਸ਼ਗਨ-ਅਪਸ਼ਗਨ ਖੁਸ਼ੀ-ਗਮੀ, ਮਾਨ- ਅਪਮਾਨ ਆਦਿ ਨਾਲ ਖੰਡਿਤ ਨਹੀਂ ਹੋ ਸਕੇਗੀ-

-ਉਸਤਤਿ ਨਿੰਦਾ ਦੋਊ ਤਿਆਗੇ ਖੋਜੈ ਪਦੁ ਨਿਰਬਾਨਾ।।

ਜਨ ਨਾਨਕ ਇਹੁ ਖੇਲੁ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ।।

(ਗਉੜੀ ਮਹਲਾ ੯-੨੧੯)

-ਉਸਤਤਿ ਨਿੰਦਿਆ ਨਾਹਿ ਜਿਹ ਕੰਚਨ ਲੋਹ ਸਮਾਨਿ।।

ਕਹੁ ਨਾਨਕ ਸੁਨੁ ਰੇ ਮਨਾ ਮੁਕਤਿ ਤਾਹਿ ਤੈ ਜਾਨਿ।।

(ਸਲੋਕ ਮਹਲਾ ੯-੧੪੨੬)

-ਉਸਤਤਿ ਨਿੰਦਾ ਦੋਊ ਪਰਹਰ ਹਰਿ ਕੀਰਤਿ ਉਰਿ ਆਨੋ।।

ਜਨ ਨਾਨਕ ਸਭ ਹੀ ਮੈ ਪੂਰਨ ਏਕ ਪੁਰਖ ਭਗਵਾਨੋ।।

(ਬਸੰਤ ਹਿੰਡੋਲ ਮਹਲਾ ੯-੧੧੮੬)

- ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ।।

ਹਰਖ ਸੋਗ ਤੈ ਰਹੈ ਨਿਆਰਉ ਨਾਹਿ ਮਾਨ ਅਪਮਾਨਾ।।

(ਸੋਰਠਿ ਮਹਲਾ ੯-੬੩੩)

-ਪਰ ਨਿੰਦਾ ਉਸਤਤਿ ਨਹ ਜਾ ਕੈ ਕੰਚਨ ਲੋਹ ਸਮਾਨੋ।।

ਹਰਖ ਸੋਗ ਤੇ ਰਹੈ ਅਤੀਤਾ ਜੋਗੀ ਤਾਹਿ ਬਖਾਨੋ।।

(ਧਨਾਸਰੀ ਮਹਲਾ ੯-੬੮੫)

- ਉਸਤਿਤ ਨਿੰਦਾ ਨਾਨਕ ਜੀ ਮੈ ਹਭ ਵਞਾਈ ਛੋੜਿਆ ਹਭੁ ਕਿਝੁ ਤਿਆਗੀ।।

ਹਭੇ ਸਾਕ ਕੂੜਾਵੇ ਡਿਠੇ ਤਉ ਪਲੈ ਤੈਡੇ ਲਾਗੀ।।

(ਵਾਰ ਰਾਮਕਲੀ-ਮਹਲਾ ੫-੯੬੩)

=======

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.