.

ਪਉੜੀ 11

ਸੁਣਿਐ ਸਰਾ ਗੁਣਾ ਕੇ ਗਾਹ ॥

ਸਰਾ:ਸਮੁੰਦਰ।

ਗੁਣਾ:ਸਤਿਗੁਰ ਦੀ ਮੱਤ, ਚੰਗੇ ਗੁਣ।

ਗਾਹ:ਗ੍ਰਹਿਣ ਕਰਨਾ, ਪ੍ਰਾਪਤ ਕਰਨਾ।

ਵਿਰਲਾ ਮਨ ਸਤਿਗੁਰ ਦੀ ਮੱਤ ਰੂਪੀ ਸਮੁੰਦਰ ’ਚੋਂ ਗੁਣਾਂ ਰੂਪੀ ਰਤਨ ਜਵਾਹਰ ਵਰਗੀ ਮੱਤ ਪ੍ਰਾਪਤ ਕਰਦਾ ਹੈ।

ਸੁਣਿਐ ਸੇਖ ਪੀਰ ਪਾਤਿਸਾਹ ॥

ਸੇਖ:ਬੁਜ਼ਰਗੀ ਵਾਲੀ ਤਜ਼ਰਬੇਕਾਰ ਮੱਤ ਦਾ ਪ੍ਰਤੀਕ।

ਪੀਰ:ਧਾਰਮਿਕਤਾ ਦਾ ਵਿਦਵਾਨ।

ਵਿਰਲਾ ਮਨ ਮਹਿਸੂਸ ਕਰਦਾ ਹੈ ਕਿ ਸਤਿਗੁਰ ਦੀ ਮੱਤ ਨੂੰ ਸੁਣੋ ਤਾਂ ਤੱਤ ਗਿਆਨ (ਸ਼ੇਖ) ਅਤੇ ਬਿਬੇਕ ਬੁੱਧੀ (ਪੀਰ) ਰਾਹੀਂ ਚੰਗੇ ਗੁਣਾਂ ਦੀ ਪਾਤਸ਼ਾਹੀ ਮਿਲਦੀ ਹੈ।

ਸੁਣਿਐ ਅੰਧੇ ਪਾਵਹਿ ਰਾਹੁ ॥

ਅੰਧੇ:ਅਗਿਆਨਤਾ।ਰਾਹੁ:ਰਾਸਤਾ।

ਅਗਿਆਨਤਾ ਕਾਰਨ ਕੂੜ ਹੀ ਹਨੇਰੇ ਜਾਂ ਅੰਧੇਪਨ ਦਾ ਪ੍ਰਤੀਕ ਹੈ। ਸਤਿਗੁਰ ਦੀ ਮੱਤ ਸੁਣਕੇ ਮਨ ਦਾ ਅੰਧੇਰਾ ਵੀ ਪ੍ਰਕਾਸ਼ਮਾਨ ਹੋ ਜਾਂਦਾ ਹੈ। ਮਨ ਨੂੰ ਅੱਖਾਂ ਪ੍ਰਾਪਤ ਹੋ ਜਾਂਦੀਆਂ ਹਨ, ਭਾਵ ਰਾਹ ਦਿੱਸ ਪੈਂਦਾ ਹੈ।

ਸੁਣਿਐ ਹਾਥ ਹੋਵੈ ਅਸਗਾਹੁ ॥

ਵਿਰਲੇ ਮਨ ਨੂੰ ਸਤਿਗੁਰ ਦੀ ਮੱਤ ਰਾਹੀਂ ਵਿਕਾਰਾਂ ਦੇ ਤੂਫਾਨੀ ਸਮੁੰਦਰ ਵਿਚੋਂ ਲੰਘ ਜਾਣ ਦੀ ਜਾਚ ਆ ਜਾਂਦੀ ਹੈ।

ਨਾਨਕ ਭਗਤਾ ਸਦਾ ਵਿਗਾਸੁ ॥

ਅਦ੍ਵੈਤ ਅਵਸਥਾ ਵਿਚ ਨਾਨਕ ਜੀ ਆਖਦੇ ਹਨ ਕਿ ਵਿਰਲਾ ਮਨ ਸਤਿਗੁਰ ਦੀ ਮੱਤ ਸੁਣਕੇ ਆਪਣੇ ਸਾਰੇ ਜਗ ’ਚ, ਖਿਆਲਾਂ, ਸੁਰਤ, ਮੱਤ, ਮਨ ਅਤੇ ਬੁਧ ਅਤੇ ਰੱਬੀ ਰਜ਼ਾ ’ਚ ਖੇੜਾ ਮਹਿਸੂਸ ਕਰਨ ਜੋਗ ਹੋ ਜਾਂਦਾ ਹੈ।

ਸੁਣਿਐ ਦੂਖ ਪਾਪ ਕਾ ਨਾਸੁ ॥11॥

ਇਸ ਤਰ੍ਹਾਂ ਵਿਰਲੇ ਮਨ ਨੂੰ ਦ੍ਰਿੜ ਹੁੰਦਾ ਹੈ ਕਿ ਅਵਗੁਣੀ ਖਿਆਲਾਂ ਤੋਂ ਖਲਾਸੀ ਹੁੰਦੀ ਹੈ। ਰੱਬੀ ਵਿਛੋੜੇ ਦਾ ਦੁਖ (ਭਾਵ ਵਿਕਾਰੀ ਖਿਆਲ) ਉਪਜਦੇ ਹੀ ਨਹੀਂ, ਨਾਸ ਹੋ ਜਾਂਦੇ ਹਨ।

ਵੀਰ ਭੁਪਿੰਦਰ ਸਿੰਘ




.