.

ਲੜੀ ਵਾਰ (ਸੰ: ੨੬ ਤੋਂ ੨੯)

(ਭਾਗ ਛੇਵਾਂ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

ਪ੍ਰਿਂਸੀਪਲ ਗਿਆਨੀ ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿਂਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ, ਦਿੱਲੀ,

ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ ਮਿਸ਼ਨਰੀ ਲਹਿਰ ਸੰਨ 1956

“ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ”

(ਸੰ: ੨੬) ਪਉੜੀ॥ ਮਾਇਆ ਮੋਹੁ ਪਰੇਤੁ ਹੈ ਕਾਮੁ ਕ੍ਰੋਧੁ ਅਹੰਕਾਰਾ॥ ਏਹ ਜਮ ਕੀ ਸਿਰਕਾਰ ਹੈ ਏਨਾੑ ਉਪਰਿ ਜਮ ਕਾ ਡੰਡੁ ਕਰਾਰਾ॥ ਮਨਮੁਖ ਜਮ ਮਗਿ ਪਾਈਅਨਿੑ, ਜਿਨੑ ਦੂਜਾ ਭਾਉ ਪਿਆਰਾ॥ ਜਮ ਪੁਰਿ ਬਧੇ ਮਾਰੀਅਨਿ, ਕੋ ਸੁਣੈ ਨ ਪੂਕਾਰਾ॥ ਜਿਸ ਨੋ ਕ੍ਰਿਪਾ ਕਰੇ ਤਿਸੁ ਗੁਰੁ ਮਿਲੈ, ਗੁਰਮੁਖਿ ਨਿਸਤਾਰਾ॥ ੧੨  {ਪੰ: ੫੧੩}

ਪਉੜੀ `ਚ ਗੁਰਦੇਵ ਫ਼ੁਰਮਾਉਂਦੇ ਹਨ, ਮਨੁੱਖਾ ਜਨਮ ਦੇ ਇਕੋ ਇੱਕ ਮਕਸਦ ਤੋਂ ਅਣਜਾਨ ਹੋਣ ਕਾਰਣ, ਮਨਮੁਖ ਸੰਸਾਰਕ ਮੋਹ ਮਾਇਆ ਨਾਲ ਹੀ ਚਿਪਟਿਆ ਰਹਿੰਦਾ ਅਤੇ ਉਸੇ `ਚ ਖੱਚਤ ਰਹਿੰਦਾ ਹੈ। ਦਰਅਸਲ ਇਹੀ ਹਨ ਉਸਦੇ ਅਮੁੱਲੇ ਮਨੁੱਖਾ ਜਨਮ ਨੂੰ ਬਿਰਥਾ ਕਰਣ ਵਾਲੇ ਭੂਤ ਤੇ ਪ੍ਰੇਤ। ਨਾ ਕਿ ਉਹ ਪ੍ਰਚਲਤ ਬ੍ਰਾਹਮਣੀ ਭੂਤ-ਪ੍ਰੇਤ

(ਜਦਕਿ ਗੁਰਬਾਣੀ ਤਾਂ ਉਨ੍ਹਾਂ ਬ੍ਰਾਹਮਣੀ ਭੂਤਾਂ, ਪ੍ਰੇਤਾਂ ਆਦਿ ਦੀ ਹੋਂਦ ਨੂੰ ਹੀ ਪ੍ਰਵਾਣ ਨਹੀਂ ਕਰਦੀ)

ਇਸ ਤਰ੍ਹਾਂ ਮਨੁੱਖ ਨੂੰ ਜਦੋਂ ਮੋਹ ਮਾਇਆ ਰੂਪ ਇਹ ਭੂਤ-ਪ੍ਰੇਤ ਚਿਮਟੇ ਹੁੰਦੇ ਹਨ ਤਾਂ ਇਥੋਂ ਰਸਤਾ ਮਿਲਦਾ ਹੈ ਮਨੁੱਖ ਦੇ ਜੀਵਨ `ਤੇ ਹਮਲਾ ਕਰਣ ਲਈ ਕਾਮਾਦਿਕ ਵਿਕਾਰਾਂ ਰੂਪ ਜਮਾਂ ਨੂੰ। ਜਿਸ ਤੋਂ ਉਹ ਵਿਕਾਰ ਸੌਖੇ ਹੀ ਮਨੁੱਖ ਨੂੰ ਆਪਣੇ ਰਾਹ ਭਾਵ ਜਮ ਮਗਿ `ਤੇ ਪਾ ਕੇ ਜਮਪੁਰੀ ਪਹੁੰਚਾਉਂਦੇ ਹਨ।

ਜਮਪੁਰੀ ਪਹੁੰਚਾਉਂਦੇ ਹਨਭਾਵ ਵਿਕਾਰ ਜੀਵ ਨੂੰ ਮੁੜ ਜਨਮ-ਮਰਨ ਤੇ ਭਿੰਨ ਭਿੰਨ ਜੂਨਾਂ-ਗਰਭਾਂ ਦੇ ਉਸੇ ਗੇੜ `ਚ ਪਾਉਣ ਦਾ ਕਾਰਣ ਬਣਦੇ ਹਨ।

ਪਉੜੀ `ਚ ਆਏ ਲਫ਼ਜ਼ ਪਰੇਤੁ, ਜਮ ਕਾ ਡੰਡ, ਜਮ ਕੀ ਸਿਰਕਾਰ, ਜਮ ਮਗਿ ਦੇ ਗੁਰਬਾਣੀ ਅਨੁਸਾਰ ਅਰਥ ਕੀ ਹਨ? ਗੁਰਬਾਣੀ ਵਿਚਾਰਧਾਰਾ ਨੂੰ ਸਪਸ਼ਟ ਕਰਣ ਲਈ ਗੁਰਦੇਵ ਨੇ ਇਥੇ ਉਸ ਪ੍ਰਚਲਤ ਬ੍ਰਾਹਮਣੀ ਸ਼ਬਦਾਵਲੀ ਨੂੰ ਅਜਿਹੇ ਰੋਚਕ ਢੰਗ ਨਾਲ ਵਰਤਿਆ ਹੈ, ਜਿਸ ਤੋਂ ਗੁਰਮੱਤ ਦੇ ਪਾਂਧੀ ਲਈ ਇਨ੍ਹਾਂ ਲਫ਼ਜ਼ਾਂ ਦੇ ਗੁਰਬਾਣੀ ਆਧਾਰਤ ਅਰਥਾਂ ਨੂੰ ਸਮਝਣਾ ਸੌਖਾ ਹੋ ਜਾਵੇ।

ਗੁਰਬਾਣੀ ਅਨੁਸਾਰ ਲਫ਼ਜ਼ ਜਮ ਦੇ ਅਰਥ (੧) ਪੰਜ ਵਿਕਾਰ (੨) ਸਰੀਰਕ ਮੌਤ (੩) ਮੌਤ ਤੋਂ ਬਾਅਦ ਜਨਮ-ਮਰਨ ਦਾ ਗੇੜ ਵੀ ਹਨ। ਜਦੋਂ ਮਨੁੱਖ, ਪ੍ਰਭੂ ਦੇ ਸੱਚ ਵਾਲੇ ਮਾਰਗ ਤੋਂ ਖੁੰਝ ਕੇ ਜਮ ਦੀ ਸਿਰਕਾਰ ਭਾਵ ਸੰਸਾਰਕ ਮੋਹ ਮਾਇਆ `ਚ ਖੱਚਤ ਹੋ ਜਾਂਦਾ ਹੈ ਤਾਂ ਜਮ ਰੂਪ ਇਹ ਵਿਕਾਰ ਉਸ ਨੂੰ ਸੌਖਾ ਹੀ ਆਪਣੇ ਰਾਹ ਭਾਵ (ਜਮ-ਮਾਰਗ `ਤੇ ਪਾ ਲੈਂਦੇ ਹਨ।

ਇਸੇ ਤੋਂ ਚੰਗੇ ਭਲੇ ਮਨੁੱਖ ਦਾ ਅਜੋਕਾ ਪ੍ਰਾਪਤ ਮਨੁੱਖਾ ਜਨਮ ਔਖਾ ਤਾਂ ਬਤੀਤ ਹੁੰਦਾ ਹੀ ਹੈ, ਨਾਲ ਉਸ ਲਈ ਸਰੀਰਕ ਮੌਤ ਤੋਂ ਬਾਅਦ ਲਈ ਵੀ ਮੁੜ ਜਨਮ-ਮਰਨ ਤੇ ਭਿੰਨ-ਭਿੰਨ ਜੂਨਾਂ-ਗਰਭਾਂ ਵਾਲਾ ਗੇੜ ਵੀ ਪੱਕਾ ਹੋ ਜਾਂਦਾ ਹੈ। ਉਪ੍ਰੰਤ ਉਸੇ ਨੂੰ ਇਥੇ ਨਾਮ ਦਿੱਤਾ ਹੈ ਮਨਮੁਖ ਦਾ ਜਮਪੁਰੀ `ਚ ਵਾਸਾ ਹੋਣਾ।

ਫ਼ਿਰ ਪ੍ਰਭੂ ਦੀ ਮਿਹਰ ਨਾਲ, ਜੇ ਮਨੁੱਖ ਦਾ ਸ਼ਬਦ-ਗੁਰੂ ਨਾਲ ਮਿਲਾਪ ਹੋ ਜਾਵੇ ਤਾਂ ਉਹੀ ਮਨੁੱਖ, ਕਰਤੇ ਪ੍ਰਭੂ ਦੀ ਸਿਫ਼ਤ ਸਲਾਹ ਨਾਲ ਜੁੜ ਜਾਂਦਾ ਹੈ। ਉਸ ਦਾ ਸੰਸਾਰਕ ਮੋਹ-ਮਾਇਆ ਤੇ ਵਿਕਾਰਾਂ ਤੋਂ ਸਹਿਜੇ ਹੀ ਛੁਟਕਾਰਾ ਹੋ ਜਾਂਦਾ ਹੈ। ਤਾਂ ਉਹ ਮਨੁੱਖ ਵੀ ਸਫ਼ਲ ਜਨਮ ਨੂੰ ਪ੍ਰਾਪਤ ਹੋ ਜਾਂਦਾ, ਉਸ ਦਾ ਉਹ ਜਨਮ-ਮਰਨ ਵਾਲਾ ਗੇੜ ਵੀ ਸਦਾ ਲਈ ਕੱਟ ਜਾਂਦਾ ਹੈ। {ਪੰ: ੫੧੩}

ਫਿਰਿ ਫਿਰਿ ਉਝੜਿ ਪਾਇ”

(ਸੰ: ੨੭) “ਮਃ ੩॥ ਮਨੁ ਕੁੰਚਰੁ, ਪੀਲਕੁ ਗੁਰੂ, ਗਿਆਨੁ ਕੁੰਡਾ, ਜਹ ਖਿੰਚੇ ਤਹ ਜਾਇ॥ ਨਾਨਕ ਹਸਤੀ, ਕੁੰਡੇ ਬਾਹਰਾ, ਫਿਰਿ ਫਿਰਿ ਉਝੜਿ ਪਾਇ” {ਪੰ: ੫੧੬}

ਮਨੁੱਖਾ ਸਰੀਰ ਅੰਦਰ ਮਨ ਹਾਥੀ ਦੀ ਨਿਆਈਂ ਹੈ। ਇਸ ਤਰ੍ਹਾਂ ਇਸ ਮਨ ਹਾਥੀ ਦਾ ਜੇ ਸਤਿਗੁਰੂ ਭਾਵ ਜੇ ਸ਼ਬਦ-ਗੁਰੂ ਆਪ ਮਹਾਵਤ ਹੋਵੇ ਤੇ ਉਸ ਤੋਂ ਗੁਰੂ ਦੀ ਮੱਤ ਦਾ ਇਸ ਮਨ ਹਾਥੀ `ਤੇ ਕੁੰਡਾ ਹੋਵੇ; ਤਾਂ ਉਸ ਦਾ ਨਤੀਜਾ ਹੋਵੇਗਾ ਕਿ ਮਨੁੱਖ ਦਾ ਇਹ ਮਨ ਵੀ ਓਧਰ ਹੀ ਟੁਰੇਗਾ ਜਿੱਧਰ ਇਸ ਦਾ ਮਹਾਵਤ ਸ਼ਬਦ-ਗੁਰੂ ਇਸ ਨੂੰ ਟੋਰੇਗਾ।

ਤੀਜੇ ਨਾਨਕ, ਗੁਰੂ ਅਮਰਦਾਸ ਜੀ ਫ਼ੁਰਮਾਉਂਦੇ ਹਨ, ਜਿਵੇਂ ਕੁੰਡੇ ਤੋਂ ਬਿਨਾ ਹਾਥੀ “ਫਿਰਿ ਫਿਰਿ ਉਝੜਿ ਪਾਇ” ਬਾਰ-ਬਾਰ ਕੁਰਾਹੇ ਪਾਂਦਾ ਹੈ। ਇਸੇ ਤਰ੍ਹਾਂ ਮਨੁੱਖ ਦੇ ਇਸ ਮਨ ਰੂਪ ਹਾਥੀ ਦਾ ਵੀ ਜਦੋਂ ਸ਼ਬਦ-ਗੁਰੂ ਮਹਾਵਤ ਨਹੀਂ ਹੁੰਦਾ ਤੇ ਜਦੋਂ ਤੱਕ ਇਸ ਮਨ ਦੀ ਮੱਤ ਨੂੰ ਸ਼ਬਦ-ਗੁਰੂ ਦੀ ਮੱਤ ਦੇ ਕੁੰਡੇ ਨਾਲ ਕਾਬੂ `ਚ ਨਹੀਂ ਰਖਿਆ ਜਾਂਦਾ, ਮਨੁੱਖ ਦਾ ਇਹ ਮਨ ਵੀ ਮਨੁੱਖਾ ਜੀਵਨ ਨੂੰ ਕੁਰਾਹੇ ਹੀ ਪਾਂਦਾ ਹੈ।

ਇਸੇ ਤੋਂ “ਭਈ ਪਰਾਪਤਿ ਮਾਨੁਖ ਦੇਹੁਰੀਆ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ” (ਪੰ: ੧੨) ਅਨੁਸਾਰ ਲੰਮੇ ਸਮੇਂ ਬਾਅਦ ਫ਼ਿਰ ਤੋਂ ਪ੍ਰਾਪਤ ਜੀਵ ਦਾ ਇਹ ਦੁਰਲਭ ਮਨੁੱਖਾ ਜਨਮ ਵੀ, ਮੁੜ ਬਿਰਥਾ ਹੋ ਜਾਂਦਾ ਹੈ। ਜੀਵ ਆਪਣੇ ਅਸਲੇ ਪ੍ਰਭੂ `ਚ ਅਭੇਦ ਨਹੀਂ ਹੋ ਸਕਦਾ, ਇਸਦਾ ਇਹ ਮਨੁੱਖਾ ਜਨਮ ਵੀ ਨਿਸ਼ਫਲ ਹੋ ਜਾਂਦਾ ਹੈ।

ਫ਼ਿਰ ਬਿਤਾਏ ਗਏ ਇਸ ਮਨਮੁਖੀ ਜਨਮ ਦੌਰਾਨ ਕੀਤੇ ਚੰਗੇ ਤੇ ਮੰਦੇ ਕਰਮਾਂ ਅਨੁਸਾਰ ਜੀਵ ਨੂੰ “ਫਿਰਿ ਫਿਰਿ ਉਝੜਿ ਪਾਇ” ਫ਼ਿਰ ਤੋਂ ਉਨ੍ਹਾਂ ਹੀ ਬਾਰ ਬਾਰ ਦੇ ਔਖੇ ਤੇ ਸੌਖੇ ਜਨਮਾਂ-ਜੂਨੀਆਂ ਤੇ ਭਿੰਨ ਭਿੰਨ ਗਰਭਾਂ ਰੂਪ ਕੋਠੜੀਆਂ ਦੇ ਗੇੜ `ਚ ਹੀ ਪਾਇਆ ਜਾਂਦਾ ਹੈ। {ਪੰ: ੫੧੬}

“ਖਾਦਾ ਪੈਨਦਾ ਮੂਕਰਿ ਪਾਇ…”

(ਸੰ: ੨੮) “ਖਾਦਾ ਪੈਨਦਾ ਮੂਕਰਿ ਪਾਇ॥ ਤਿਸ ਨੋ ਜੋਹਹਿ, ਦੂਤ ਧਰਮਰਾਇ॥ ੧ ॥ ਤਿਸੁ ਸਿਉ ਬੇਮੁਖੁ, ਜਿਨਿ ਜੀਉ ਪਿੰਡੁ ਦੀਨਾ॥ ਕੋਟਿ ਜਨਮ ਭਰਮਹਿ, ਬਹੁ ਜੂਨਾ॥  ॥ ਰਹਾਉ॥

ਸਾਕਤ ਕੀ ਐਸੀ ਹੈ ਰੀਤਿ॥ ਜੋ ਕਿਛੁ ਕਰੈ ਸਗਲ ਬਿਪਰੀਤਿ॥ ੨ ॥ ਜੀਉ ਪ੍ਰਾਣ ਜਿਨਿ ਮਨੁ ਤਨੁ ਧਾਰਿਆ॥ ਸੋਈ ਠਾਕੁਰੁ ਮਨਹੁ ਬਿਸਾਰਿਆ॥ ੩ ॥ ਬਧੇ ਬਿਕਾਰ ਲਿਖੇ ਬਹੁ ਕਾਗਰ …॥ (ਪੰ: ੧੯੫)

ਅਰਥ : —ਹੇ ਭਾਈ ! ਜਿਸ ਪ੍ਰਭੂ ਨੇ ਤੈਨੂੰ ਜਿੰਦ ਦਿੱਤੀ, ਇਹ ਸਰੀਰ ਦਿੱਤਾ। ਤੂੰ ਉਸ ਪ੍ਰਭੂ ਦੀ ਯਾਦ ਵਲੋਂ ਹੀ ਮੂੰਹ ਮੋੜੀ ਬੈਠਾ ਹੈਂ।

ਚੇਤੇ ਰੱਖ! ਇਹ ਮਨੁੱਖਾ ਜਨਮ ਵਾਲਾ ਸਮਾਂ ਖੁੰਝਾ ਕੇ ਤੂੰ ਮੁੜ ਕ੍ਰੋੜਾਂ ਹੀ ਜਨਮਾਂ ਤੇ ਜੂਨਾਂ `ਚ ਭਟਕਦਾ ਫਿਰੇਂਗਾ ਭਾਵ ਤੈਨੂੰ ਫ਼ਿਰ ਤੋਂ ਉਨ੍ਹਾਂ ਹੀ ਜੂਨਾਂ-ਜਨਮਾਂ ਤੇ ਗਰਭਾਂ ਵਾਲੇ ਗੇੜ `ਚ ਹੀ ਪੈਣਾ ਪਵੇਗਾ। ੧। ਰਹਾਉ।

ਕਿਉਂਕਿ ਜਿਹੜਾ ਮਨੁੱਖ ਪ੍ਰਭੂ ਦੀਆਂ ਬਖ਼ਸ਼ੀਆਂ ਅਨੰਤ ਦਾਤਾਂ ਖਾਂਦਾ ਤੇ ਭੁੰਚਦਾ ਹੈ ਪਰ ਇਸ ਗੱਲੋਂ ਮੁਕਰਿਆ ਵੀ ਰਹਿੰਦਾ ਹੈ ਕਿ ਇਹ ਸਮੂਹ ਦਾਤਾਂ ਪ੍ਰਭੂ ਨੇ ਦਿੱਤੀਆਂ ਹੋਈਆਂ ਹਨ।

ਅਜਿਹੇ ਮਨੁੱਖ ਨੂੰ ਧਰਮ-ਰਾਜ ਦੇ ਦੂਤ ਵੀ ਸਦਾ ਆਪਣੀ ਤੱਕ `ਚ ਰੱਖਦੇ ਹਨ ਭਾਵ, ਉਹ ਮਨੁੱਖ ਸਰੀਰ `ਚ ਹੁੰਦਾ ਹੋਇਆ ਵੀ ਆਤਮਕ ਪੱਖੋਂ ਮੁਰਦਾ ਜੀਵਨ ਹੀ ਬਤੀਤ ਕਰਦਾ ਹੈ। ੧।

ਹੇ ਭਾਈ ! ਪ੍ਰਭੂ ਨੂੰ ਵਿਸਾਰ ਕੇ ਮੋਹ ਮਾਇਆ `ਚ ਗ਼ਲਤਾਨ ਮਨੁੱਖ, ਜਿੱਤਨੇ ਵੀ ਕਰਮ ਕਰਦਾ ਹੈ, ਪ੍ਰਭੂ ਦੇ ਸੱਚ ਨਿਆਂ `ਚ, ਉਹ ਸਭ ਬੇਮੁਖਤਾ ਭਰਪੂਰ ਤੇ ਮਨਮੁਖਤਾ ਵਾਲੇ ਕਰਮ ਹੀ ਹੁੰਦੇ ਹਨ। ੨।

ਤਾਂ ਤੇ ਐ ਭਾਈ! ਜਿਸ ਪ੍ਰਭੂ ਨੇ ਮਨੁੱਖ ਦੀ ਜਿੰਦ, ਮਨ ਤੇ ਸਰੀਰ ਨੂੰ ਆਪਣੀ ਜੋਤ ਦਾ ਆਸਰਾ ਦਿੱਤਾ ਹੋਇਆ ਹੈ, ਉਸ ਪਾਲਣਹਾਰ ਪ੍ਰਭੂ ਨੂੰ, ਸਾਕਤ ਆਪਣੇ ਮਨ ਚੋਂ ਹੀ ਵਿਸਾਰੀ ਰੱਖਦਾ ਹੈ। ੩।

ਇਸੇ ਤੋਂ ਉਸ ਦੇ ਜੀਵਨ `ਚ ਵਿਕਾਰ ਇੰਨੇ ਵੱਧ ਜਾਂਦੇ ਹਨ ਮਾਨੋ ਉਨ੍ਹਾਂ ਦੇ ਲਿਖਣ ਲਈ ਬਹੁਤੇਰੇ ਕਾਗਜ਼ ਲੋੜੀਂਦੇ ਹੋਣ ਭਾਵ ਅਜਿਹੇ ਜੀਵਨ `ਤੇ ਅਨੰਤ ਅਉਗੁਣ ਤੇ ਵਿਕਾਰ ਹੀ ਭਾਰੂ ਹੁੰਦੇ ਜਾਂਦੇ ਹਨ। …. .

ਪਦ ਅਰਥ---ਸਾਕਤ- ਇਕੋ ਇੱਕ ਪ੍ਰਭੂ ਦਾ ਦਰ ਤਿਆਗ ਕੇ ਉਸ ਦੀਆਂ ਸ਼ਕਤੀਆਂ ਦਾ ਪੁਜਾਰੀ ਮਨੁੱਖ, ਪ੍ਰਭੂ ਨੂੰ ਭੁਲਿਆ ਹੋਇਆ ਮਾਇਕ ਪਦਾਰਥਾਂ ਤੇ ਉਸ ਦੀਆਂ ਦਾਤਾਂ `ਚ ਖੱਚਤ ਮਨੁੱਖ।

“ਗੁਰਸਬਦੀ ਖੋਲਾਈਅਨਿੑ, ਹਰਿ ਨਾਮੁ ਜਪਾਨੀ”

(ਸੰ: ੨੯) “ਬਜਰ ਕਪਾਟ ਕਾਇਆ ਗੜੑ ਭੀਤਰਿ, ਕੂੜੁ ਕੁਸਤੁ ਅਭਿਮਾਨੀ॥ ਭਰਮਿ ਭੂਲੇ ਨਦਰਿ ਨ ਆਵਨੀ, ਮਨਮੁਖ ਅੰਧ ਅਗਿਆਨੀ॥ ਉਪਾਇ ਕਿਤੈ ਨ ਲਭਨੀ, ਕਰਿ ਭੇਖ ਥਕੇ ਭੇਖਵਾਨੀ॥ ਗੁਰਸਬਦੀ ਖੋਲਾਈਅਨਿੑ, ਹਰਿ ਨਾਮੁ ਜਪਾਨੀ॥ ਹਰਿ ਜੀਉ ਅੰਮ੍ਰਿਤ ਬਿਰਖੁ ਹੈ, ਜਿਨ ਪੀਆ ਤੇ ਤ੍ਰਿਪਤਾਨੀ” (ਪ: ੫੧੪)

ਠੀਕ “ਗੁਰਮੁਖਿ ਲਾਧਾ ਮਨਮੁਖਿ ਗਵਾਇਆ” (ਪੰ: ੧੧) ਅਨੁਸਾਰ

ਮਨੁੱਖਾ ਸਰੀਰ ਰੂਪ ਕਿਲੇ ਅੰਦਰ ਮੋਹ-ਮਾਇਆ ਤੇ ਕੁਸੱਤ ਭਾਵ ਮਨੁੱਖਾ ਜੀਵਨ ਨੂੰ ਕੁਰਾਹੇ ਪਾਉਣ ਵਾਲੇ ਹਊਮੈ ਆਦਿ ਵਿਕਾਰ ਤੇ ਆਪਹੁੱਦਰੇਪਣ ਦੇ ਕਰੜੇ ਫਾਟਕ ਹੁੰਦੇ ਹਨ।

ਹਉਮੈ ਕਾਰਣ ਅਗਿਆਨਤਾ ਦੇ ਹਨੇਰੇ `ਚ ਠੋਕਰਾਂ ਖਾ ਰਿਹਾ ਮਨਮੁਖ, ਇਨ੍ਹਾਂ ਅਗਿਆਨਤਾ ਦੀਆਂ ਠੋਕਰਾਂ ਤੋਂ ਬੱਚਣ ਲਈ, ਧਾਰਮਿਕ ਭੇਖ ਤੇ ਧਾਰਮਿਕ ਕਰਮਕਾਂਡ ਆਦਿ ਤਾਂ ਬਹੁਤੇਰੇ ਕਰਦਾ ਹੈ; ਪਰ ਸੰਸਾਰਕ ਮੋਹ-ਮਾਇਆ ਦੀ ਜੱਕੜਣ `ਚ ਅੰਨੇ ਹੋਏ, ਉਸ ਮਨਮੁਖ ਰਾਹੀਂ ਇਹ ਕਿਵਾੜ ਖੁੱਲਣੇ ਤਾਂ ਦੂਰ, ਆਪਣੀ ਹਉਮੈ ਕਾਰਣ ਉਸ ਨੂੰ ਆਪਣੇ ਅੰਦਰੋਂ ਇਹ ਕੂੜ-ਕਸੁੱਤ ਦੇ ਕਿਵਾੜ ਨਜ਼ਰ ਵੀ ਨਹੀਂ ਆਉਂਦੇ।

ਜਦਕਿ ਸ਼ਬਦ-ਗੁਰੂ ਦੀ ਕਮਾਈ ਕਾਰਣ ਗੁਰਮੁਖ, ਸ਼ਬਦ ਗੁਰੂ ਦੀ ਬਰਕਤ ਨਾਲ ਇਨ੍ਹਾਂ ਕਿਵਾੜਾਂ ਨੂੰ ਸਹਿਜੇ ਹੀ ਖੋਲ ਲੈਂਦਾ ਹੈ। ਇਸੇ ਕਾਰਣ ਉਹ ਪ੍ਰਭੂ ਦੇ ਨਾਮ ਸਿਮਰਨ ਅਥਵਾ ਕਰਤੇ ਦੀ ਸਿਫ਼ਤ ਸਲਾਹ ਵਾਲੇ ਬਿਰਖ ਦਾ ਅੰਮ੍ਰਿਤ ਰਸ ਛੱਕਦਾ ਹੈ ਜਿਸ ਤੋਂ ਉਹ ਸਦਾ ਲਈ ਤ੍ਰਿਪਤ ਵੀ ਰਹਿੰਦਾ ਹੈ।

ਭਾਵ ਸ਼ਬਦ-ਗੁਰੂ ਦੀ ਕਮਾਈ ਤੇ ਪ੍ਰਭੂ ਦੀ ਸਿਫ਼ਤ ਸਲਾਹ ਵਾਲੇ ਜੀਵਨ ਕਾਰਣ, ਗੁਰਮੁਖ ਦੇ ਜੀਵਨ ਅੰਦਰੋਂ ਮੋਹ-ਮਾਇਆ ਤ੍ਰਿਸ਼ਨਾ ਦੀ ਪੱਕੜ ਤੇ ਹਉਮੈ ਆਦਿ ਆਪਣੇ ਆਪ ਸਦਾ ਲਈ ਸ਼ਾਂਤ ਹੋ ਜਾਂਦੀ ਹੈ।

ਇਸੇ ਤੋਂ ਉਸ ਦੇ ਜੀਵਨ ਅੰਦਰੋਂ ਝੂਠ-ਕੁਸੱਤ ਤੇ ਹਉਮੈ ਆਦਿ ਦੇ ਉਹ ਕਰੜੇ ਫਾਟਕ ਵੀ ਆਪਣੇ ਆਪ ਖੁੱਲ ਜਾਂਦੇ ਹਨ ਅਤੇ ਉਸ ਦੇ ਜੀਵਨ `ਚ ਸੰਤੋਖ ਤੇ ਟਿਕਾਅ ਆ ਜਾਂਦਾ ਹੈ, ਇਸ ਤਰ੍ਹਾਂ ਉਸਦਾ ਮਨੁੱਖਾ ਜਨਮ ਸਫ਼ਲ ਹੋ ਜਾਂਦਾ ਹੈ। (ਪੰ: ੫੧੪)

ਸਾਰੇ ਪੰਥਕ ਮਸਲਿਆਂ ਦਾ ਹੱਲ ਅਤੇ ਸੈਂਟਰ ਵੱਲੋਂ ਲਿਖੇ ਜਾ ਰਹੇ ਸਾਰੇ ‘ਗੁਰਮੱਤ ਪਾਠ’ ਪੁਸਤਕਾਂ ਤੇ ਹੋਰ ਲਿਖ਼ਤਾਂ ਜਿਵੇਂ ਹੁਣ ਨਵੀਂ ਅਰੰਭ ਕੀਤੀ ਗਈ ਗੁਰਮੱਤ ਸੰਦੇਸ਼ਾਂ ਵਾਲੀ ਸੀਰੀਜ਼, ਸਭ ਦਾ ਮਕਸਦ ਇਕੋ ਹੀ ਹੈ। ਉਹ ਮਕਸਦ ਹੈ ਕਿ ਹਰੇਕ ਸੰਬੰਧਤ ਪ੍ਰਵਾਰ ਅਰਥਾਂ ਸਹਿਤ “ਗੁਰੂ ਗ੍ਰੰਥ ਸਾਹਿਬ” ਜੀ ਦਾ ਸਹਿਜ ਪਾਠ ਸਦਾ ਚਾਲੂ ਰਖ ਕੇ ਆਪਣੇ ਜੀਵਨ ਨੂੰ ਗੁਰਬਾਣੀ ਸੋਝੀ ਵਾਲਾ ਬਣਾਏ। ਅਰਥਾਂ ਲਈ ਦਸ ਭਾਗ ‘ਗੁਰੂ ਗ੍ਰੰਥ ਦਰਪਣ’ ਪ੍ਰੋ: ਸਾਹਿਬ ਸਿੰਘ ਜਾਂ ਚਾਰ ਭਾਗ ਸ਼ਬਦਾਰਥ ਲਾਹੇਵੰਦ ਹੋਵੇਗਾ ਜੀ।

Including this ਗੁਰਮੱਤ ਸੰਦੇਸ਼ (ਲੜੀ ਵਾਰ ਸੰ: ੨੬ ਤੋਂ ੨੯)

(ਭਾਗ ਛੇਵਾਂ)

ਗੁਰਮੱਤ ਸੰਦੇਸ਼ ਅਥਵਾ

ਗੁਰਬਾਣੀ ਦਾ ਸੱਚ

ਨਿਰੋਲ ਗੁਰਬਾਣੀ ਪ੍ਰਮਾਣਾਂ `ਤੇ ਆਧਾਰਿਤ

For all the Self Learning Gurmat Lessons including recently started “Gurmat Sndesh” Series (Excluding Books) written by ‘Principal Giani Surjit Singh’ Sikh Missionary, Delhi-All the rights are reserved with the writer himself; but easily available in proper Deluxe Covers for

(1) Further Distribution within ‘Guru Ki Sangat’

(2) For Gurmat Stalls

(3) For Gurmat Classes & Gurmat Camps etc

with the intention of Gurmat Parsar, at quite nominal printing cost i.e. mostly Rs 350/-(in rare cases Rs. 450/- per hundred copies (+P&P.Extra) From ‘Gurmat Education Centre, Delhi’, Postal Address- A/16 Basement, Dayanand Colony, Lajpat Nagar IV, N. Delhi-24

Ph 91-11-26236119, 46548789 ® Ph. 91-11-26487315 Cell 9811292808

web sites-

www.gurbaniguru.org

theuniqeguru-gurbani.com

gurmateducationcentre.com




.