.

ਸੁਤੰਤਰਤਾ

ਸੁਤੰਤਰਤਾ ਮਨੁੱਖ ਦਾ ਕੁਦਰਤੀ ਵਿਰਸਾ ਹੈ ਪਰ ਅਗਿਆਨਤਾ ਕਾਰਨ ਇਹ ਆਪਣੇ ਹੀ ਬੁਣੇ ਮੋਹ ਮਾਇਆ ਦੇ ਜਾਲਾਂ ਦੀ ਬੰਧਨਾਂ ਵਿੱਚ ਫਸਿਆ ਰਹਿੰਦਾ ਹੈ। ਆਪਣੀਆਂ ਹੀ ਬਣਾਈਆਂ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਦੇ ਬੰਧਨਾਂ ਵਿੱਚ ਲੰਮੇ ਸਮੇ ਦਾ ਜਕੜਿਆ ਹੋਇਆ ਹੈ ਤੇ ਹੁਣ ਇਸ ਨੂੰ ਇਹ ਬੰਧਨ ਹੀ ਸੁਤੰਤਰਤਾ ਲਗਦੇ ਹਨ ਕਿਉਂਕਿ ਸੁਤੰਤਰਤਾ ਨਾਲੋਂ ਨਾਤਾ ਹੀ ਟੁੱਟ ਚੁੱਕਾ ਹੈ। ਜਿਵੇਂ ਲੰਮੇ ਸਮੇ ਦੇ ਕੈਦੀ ਲਈ ਰਿਹਾਈ ਕੋਈ ਮਹੱਤਾ ਨਹੀ ਰੱਖਦੀ ਤੇ ਉਹ ਮੁੜ ਕੈਦ ਵਿੱਚ ਰਹਿਣਾ ਹੀ ਪਸੰਦ ਕਰੇਗਾ ਕਿਉਂਕਿ ਬਾਹਰ ਦੀ (ਸੁਤੰਤਰ) ਦੁਨੀਆਂ ਨਾਲੋਂ ਨਾਤਾ ਟੁੱਟ ਚੁੱਕਾ ਹੈ। ਹੁਣ ਕੈਦ ਹੀ ਸੁਤੰਤਰਤਾ ਲਗਦੀ ਹੈ। ਬੱਸ, ਇਹੀ ਹਾਲ ਮੌਜੂਦਾ ਧਰਮੀ ਮਨੁੱਖ ਦਾ ਹੈ। ਅਖੌਤੀ ਧਰਮ ਦੇ ਕਰਮ ਕਾਂਡ ਹੀ ਬੰਧਨ ਬਣ ਗਏ ਹਨ ਪਰ ਹੁਣ ਉਹ ਬੰਧਨ ਨਹੀ ਮੁਕਤੀ ਹੀ ਲਗਦੇ ਹਨ ਕਿਉਂਕਿ ਅਸਲ ਧਰਮ ਨਾਲੋਂ ਨਾਤਾ ਟੁੱਟ ਚੁਕਾ ਹੈ। ਗੁਰੂ ਦੀ ਚਿਤਾਵਨੀ ਹੈ ਕਿ: (1) ਕਰਮ ਧਰਮ ਸਭਿ ਬੰਧਨਾ ਪਾਪ ਪੁੰਨ ਸਨਬੰਧੁ ॥ ਮਮਤਾ ਮੋਹੁ ਸੁ ਬੰਧਨਾ ਪੁਤ੍ਰ ਕਲਤ੍ਰ ਸੁ ਧੰਧੁ ॥ 551 (2) ਕਰਮ ਕਾਂਡ ਬਹੁ ਕਰਹਿ ਅਚਾਰ ॥ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਅਹੰਕਾਰ ॥ 162 (3) ਅਨਿਕ ਕਰਮ ਕੀਏ ਬਹੁਤੇਰੇ ॥ ਜੋ ਕੀਜੈ ਸੋ ਬੰਧਨੁ ਪੈਰੇ ॥ 1075 (4) ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥ 747 ਤੇ ਇਹਨਾਂ ਬੰਧਨਾਂ (ਦੀ ਕੈਦ) ਤੋਂ ਮੁਕਤ ਹੋਣ ਲਈ ਗੁਰੂ ਸੁਤੰਤਰ ਜੀਵਨ ਦਾ ਰਾਹ ਤਾਂ ਦਸਦਾ ਹੈ ਪਰ ਮਨੁੱਖ ਉਸ ਦੇ ਵਿਪਰੀਤ ਨਿੱਤ ਨਵੀਆਂ ਨਵੀਆਂ ਰੀਤਾਂ, ਰਸਮਾਂ ਤੇ ਕਰਮ ਕਾਂਡਾਂ ਵਿੱਚ ਉਲਝ ਕੇ ਦੁੱਖਾਂ ਨੂੰ ਸਹੇੜਦਾ ਰਹਿੰਦਾ ਹੈ ਕਿਉਂਕਿ ਇਸ ਦਾ ਗੁਰੂ ਨਾਲੋਂ ਸੰਬੰਧ ਟੁੱਟ ਚੁਕਾ ਹੈ। ਗੁਰੂ ਇਹਨਾਂ ਬੇਕਾਰ ਰੀਤਾਂ ਰਸਮਾਂ ਤੇ ਕਰਮ ਕਾਂਡਾਂ ਤੋਂ ਮੁਕਤ ਕਰਾਉਣਾ ਚਹੁੰਦਾ ਹੈ ਪਰ ਮਨੁੱਖ ਮੁੜ ਮੁੜ ਗੁਲਾਮੀ ਦੇ ਫੰਦਿਆਂ ਨੂੰ ਆਪਣੇ ਗਲ ਪਾ ਲੈਂਦਾ ਹੈ। ਗੁਰੂ ਸੁਚੇਤ ਕਰਦਾ ਹੈ ਕਿ:

ਭਾਈ ਰੇ ਗੁਰਮੁਖਿ ਬੂਝੈ ਕੋਇ ॥ ਬਿਨੁ ਬੂਝੇ ਕਰਮ ਕਮਾਵਣੇ ਜਨਮੁ ਪਦਾਰਥੁ ਖੋਇ ॥ 33 ਹੇ ਭਾਈ, ਜਿਹੜਾ ਕੋਈ ਮਨੁੱਖ (ਜੀਵਨ ਦੀ ਸਹੀ ਜੁਗਤ) ਸਮਝਦਾ ਹੈ, ਉਹ ਗੁਰੂ ਕੋਲੋਂ ਹੀ ਸਮਝਦਾ ਹੈ। ਜੀਵਨ ਦੀ ਸਹੀ ਜੁਗਤ ਸਮਝਣ ਤੋਂ ਬਿਨਾ, (ਮਿਥੇ ਹੋਇ) ਬੇਕਾਰ ਕਰਮ ਧਰਮ ਕਰਨ ਵਿੱਚ ਮਨੁੱਖ ਆਪਣਾ ਜੀਵਨ ਗਵਾ ਲੈਂਦਾ ਹੈ। ਗੁਰੂ ਨਾਲੋਂ ਨਾਤਾ ਤੋੜ ਕੇ ਸਾਰਾ ਜੀਵਨ ਵਿਕਾਰਾਂ ਕਾਰਨ ਆਕਾਰਾਂ ਤੇ ਕਰਮ ਕਾਂਡਾਂ ਦੀ ਗੁਲਾਮੀ ਵਿੱਚ ਗਵਾ ਬੈਠਦਾ ਹੈ। ਪਰ ਦੁਖਾਂਤ ਇਹ ਹੈ ਕਿ ਉਸ ਨੂੰ ਆਪਣੀ ਗੁਲਾਮੀ ਦਾ ਇਹਸਾਸ ਵੀ ਨਹੀ ਹੁੰਦਾ। ਮਸਲਨ ਜਦੋਂ ਕੋਈ ਮਨੁੱਖ ਕਿਸੇ ਵੀ ਤਰਾਂ ਦੇ ਸਰੀਰਕ ਨਸ਼ਿਆਂ ਦਾ ਆਦੀ ਹੋ ਜਾਂਦਾ ਹੈ ਤਾਂ ਉਹ ਉਹਨਾਂ ਦਾ ਬੰਦੀ ਜਾ ਗੁਲਾਮ ਬਣ ਜਾਂਦਾ ਹੈ। ਨਸ਼ਿਆਂ ਦਾ ਆਦੀ ਫਿਰ ਨਸ਼ਿਆਂ ਤੋਂ ਮੁਕਤੀ ਵੀ ਨਹੀ ਚਹੁੰਦਾ ਕਿਉਂਕਿ ਉਸ ਨੂੰ ਉਹ ਬੰਧਨ ਲਗਦੇ ਹੀ ਨਹੀ। ਅਸਲ ਵਿੱਚ ਇਹਨਾਂ ਸਾਰੇ ਬੰਧਨਾਂ ਜਾਂ ਗੁਲਾਮੀ ਦਾ ਕਾਰਨ ਦੁਨਿਆਵੀ ਪਦਾਰਥ ਨਹੀ ਬਲਿਕੇ ਅੰਦਰੂਨੀ ਤੇ ਅਦ੍ਰਿਸ਼ਟ ਵਿਕਾਰ ਹੀ ਹਨ। ਦੁਨਿਆਵੀ ਦ੍ਰਿਸ਼ਟਮਾਨ ਪਦਾਰਥ ਦੇ ਰਸਾਂ ਤੇ ਉਹਨਾਂ ਦੀਆਂ ਸਹੂਲਤਾਂ ਮਨੁੱਖ ਨੂੰ ਪ੍ਰਭਾਵਤ ਕਰ ਦਿੰਦੀਆਂ ਹਨ ਤੇ ਉਹ ਸਾਰਾ ਜੀਵਨ ਇਹਨਾਂ ਦੀ ਪਕੜ (ਮੋਹ) ਵਿੱਚ ਗਵਾ ਦਿੰਦਾ ਹੈ। ਇਹੀ ਕਾਰਨ ਹੈ ਕਿ ਗੁਰਬਾਣੀ ਨਜ਼ਰ ਆਉਣ ਵਾਲੇ ਬਿਨਸਣਹਾਰ ਆਕਾਰਾਂ ਦੀ ਪਕੜ (ਮੋਹ) ਤੋਂ ਵਰਜਦੀ ਹੈ: (1) ਸਗਲ ਪਾਸਾਰੁ ਦੀਸੈ ਪਾਸਾਰਾ ॥ ਬਿਨਸਿ ਜਾਇਗੋ ਸਗਲ ਆਕਾਰਾ ॥ 237 (2) ਨਦਰੀ ਆਵੈ ਤਿਸੁ ਸਿਉ ਮੋਹੁ ॥ ਕਿਉ ਮਿਲੀਐ ਪ੍ਰਭ ਅਬਿਨਾਸੀ ਤੋਹਿ ॥ 801 (3) ਨਦਰੀ ਆਵਦਾ ਸਭੁ ਕਿਛੁ ਬਿਨਸੈ ਹਰਿ ਸੇਤੀ ਚਿਤੁ ਲਾਇ ॥ ਸਤਿਗੁਰ ਨਾਲਿ ਤੇਰੀ ਭਾਵਨੀ ਲਾਗੈ ਤਾ ਇਹ ਸੋਝੀ ਪਾਇ ॥ 909

ਗੁਰਮਤ ਬਿਨਾ ਮਨੁੱਖ ਨੂੰ ਇਹਨਾਂ ਵਿਕਾਰਾਂ ਦੀ ਗੁਲਾਮੀ ਨਜ਼ਰ ਨਹੀ ਆਉਂਦੀ। ਇੱਕ ਮਹਾਂਪੁਰਖ ਆਪਣੇ ਸਾਥੀਆਂ ਨਾਲ ਤੁਰੇ ਜਾ ਰਹੇ ਸਨ ਕਿ ਅਗੋਂ ਦੀ ਇੱਕ ਮਨੁੱਖ ਗਾਂ ਦੇ ਗਲ ਵਿੱਚ ਰੱਸਾ ਪਾਈ ਲੈਜਾ ਰਿਹਾ ਸੀ। ਮਹਾਂਪੁਰਖਾਂ ਨੇ ਖਲੋ ਕੇ ਸਾਥੀਆਂ ਨੂੰ ਪੁਛਿਆ ਕਿ ਇਹਨਾਂ ਵਿਚੋਂ ਕਉਣ ਕਿਸ ਦਾ ਬੰਧੀ ਹੈ? ਜਵਾਬ ਮਿਲਿਆ ਕਿ ਗਾਂ ਬੰਧੀ ਹੈ ਕਿਉਂਕਿ ਗਾਂ ਦੇ ਗਲ ਵਿੱਚ ਰੱਸਾ ਹੈ ਤੇ ਮਨੁੱਖ ਦੇ ਹੱਥ ਵਿੱਚ। ਇਸ ਲਈ ਗਾਂ ਮਨੁੱਖ ਦੀ ਬੰਧੀ ਹੈ। ਮਹਾਂਪੁਰਖਾਂ ਨੇ ਪੁਛਿਆ ਕਿ ਜੇ ਰੱਸਾ ਛੁੱਟ ਜਾਵੇ ਤਾਂ ਕਉਣ ਕਿਸ ਦੇ ਮਗਰ ਭੱਜੇਗਾ? ਸਪਸ਼ਟ ਹੈ ਕਿ ਮਗਰ ਭੱਜਣ ਵਾਲਾ ਮਨੁੱਖ ਹੀ ਅਸਲ ਵਿੱਚ ਬੰਧੀ ਹੈ ਤੇ ਅਗਰ ਗੌਰ ਕੀਤਾ ਜਾਵੇ ਤਾਂ ਸਾਰਾ ਸੰਸਾਰ ਦ੍ਰਿਸ਼ਟਮਾਨ ਦੁਨਿਆਵੀ ਪਦਾਰਥਾਂ ਮਗਰ ਦਿਨ ਰਾਤ ਭੱਜਾ ਫਿਰਦਾ ਹੈ ਕਿਉਂਕਿ ਉਹ ਪਦਾਰਥਾਂ ਦਾ ਬੰਧੀ (ਗੁਲਾਮ) ਹੈ। ਹੈਰਾਨੀ ਦੀ ਗਲ ਤਾਂ ਇਹ ਹੈ ਕਿ ਮਨੁੱਖ ਨੂੰ ਆਪਣੇ ਇਹਨਾਂ ਬੰਧਨਾਂ (ਕੈਦ) ਦਾ ਗਿਆਨ ਹੀ ਨਹੀ ਇਸ ਲਈ ਰਿਹਾਈ (ਮੁਕਤੀ ਜਾਂ ਸੁਤੰਤਰਤਾ) ਦਾ ਤਾਂ ਸਵਾਲ ਹੀ ਪੈਦਾ ਨਹੀ ਹੁੰਦਾ। ਗੁਰ ਫੁਰਮਾਨ ਹੈ ਕਿ ਜਿਨਿ ਮਿਲਿ ਮਾਰੇ ਪੰਚ ਸੂਰਬੀਰ ਐਸੋ ਕਉਨੁ ਬਲੀ ਰੇ ॥ ਜਿਨਿ ਪੰਚ ਮਾਰਿ ਬਿਦਾਰਿ ਗੁਦਾਰੇ ਸੋ ਪੂਰਾ ਇਹ ਕਲੀ ਰੇ ॥ 404 ਕੌਣ ਹੈ ਐਸਾ ਬਲਵਾਨ ਜੋ ਇਹਨਾਂ ਪੰਜਾਂ ਸੂਰਬੀਰਾਂ ਦੀ ਕੈਦ (ਗੁਲਾਮੀ) ਵਿਚੋਂ ਛੁਟ ਜਾਵੇ? ਛੁਟਣਾ ਇਸੇ ਲਈ ਕਠਨ ਹੈ ਕਿਉਂਕਿ ਕੈਦ (ਬੰਧਨਾਂ) ਦੀ ਹੀ ਸੂਝ ਨਹੀ, ਬੰਧਨ ਹੀ ਸੁਤੰਤਰਤਾ ਲਗਦੀ ਹੈ। ਮਨੁੱਖ ਦੀ ਪਕੜ ਹੀ ਕੈਦ ਤੇ ਦੁਖਾਂ ਦਾ ਕਾਰਨ ਹੈ ਤੇ ਇਸ ਤੋਂ ਮੁਕਤੀ ਹੀ ਸੁਤੰਤਰਤਾ ਤੇ ਸੁੱਖ ਹੈ। ਜਿਸ ਮੁਕਤੀ ਦੀ ਸੂਝ ਗੁਰੂ ਪਾਸੋਂ ਮਿਲਨੀ ਸੀ ਉਸ ਨਾਲੋਂ ਤਾਂ ਨਾਤਾ ਹੀ ਟੁੱਟ ਚੁਕਾ ਹੈ ਤੇ ਹੁਣ ਅੰਨ੍ਹੇ ਮਨੁੱਖ ਦੇ ਪੱਲੇ ਕੇਵਲ ਭਟਕਣਾ ਹੀ ਰਹਿ ਗਈ ਹੈ।

ਅੰਧੇ ਅਕਲੀ ਬਾਹਰੇ ਕਿਆ ਤਿਨ ਸਿਉ ਕਹੀਐ ॥ ਬਿਨੁ ਗੁਰ ਪੰਥੁ ਨ ਸੂਝਈ ਕਿਤੁ ਬਿਧਿ ਨਿਰਬਹੀਐ ॥ 229 ਗੁਰੂ ਬਿਨਾ ਇਹਨਾਂ ਬੰਧਨਾਂ ਤੋਂ ਮੁਕਤੀ ਦਾ ਰਾਹ ਨਹੀ ਮਿਲ ਸਕਦਾ, ਇਸ ਲਈ ਗੁਰੂ, ਮਨ ਨੂੰ ਪ੍ਰਭਾਵਤ ਕਰਨ ਵਾਲੇ ਆਕਾਰਾਂ ਦੇ ਬੰਧਨਾਂ ਤੋਂ ਸੁਚੇਤ ਕਰਦਾ ਹੈ:

ਸਭੋ ਸੂਤਕੁ ਜੇਤਾ ਮੋਹੁ ਆਕਾਰੁ ॥ ਮਰਿ ਮਰਿ ਜੰਮੈ ਵਾਰੋ ਵਾਰ ॥ 229

ਏਹੁ ਸਭੁ ਕਿਛੁ ਆਵਣ ਜਾਣੁ ਹੈ ਜੇਤਾ ਹੈ ਆਕਾਰੁ ॥ ਜਿਨਿ ਏਹੁ ਲੇਖਾ ਲਿਖਿਆ ਸੋ ਹੋਆ ਪਰਵਾਣੁ ॥ 516

ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥ ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥ 1091

ਤ੍ਰੈ ਗੁਣ ਮਾਇਆ ਮੋਹੁ ਪਸਾਰਾ ਸਭ ਵਰਤੈ ਆਕਾਰੀ ॥ ਤੁਰੀਆ ਗੁਣੁ ਸਤਸੰਗਤਿ ਪਾਈਐ ਨਦਰੀ ਪਾਰਿ ਉਤਾਰੀ ॥ 1260

ਪਰ ਇਸ ਮਨੁੱਖ ਨੂੰ ਬਿਨਸਣਹਾਰ ਆਕਾਰਾਂ ਦਾ ਇਤਨਾ ਮੋਹ ਹੈ ਕਿ ਮਨੁੱਖ ਦੇ ਸਾਰੇ ਕਰਮ ਧਰਮ ਆਕਾਰਾਂ ਦੀ ਪੂਜਾ ਦੁਆਲੇ ਹੀ ਘੁੰਮ ਰਹੇ ਹਨ। ਕਿਸੇ ਨੂੰ ਤੀਰਥਾਂ ਦੀ ਪਕੜ ਹੈ, ਤੀਰਥ ਯਾਤਰਾ ਹੀ ਮਹਾਨ ਲਗਦੀ ਹੈ, ਕਿਸੇ ਨੂੰ ਤਖਤਾਂ ਦੀ ਪਕੜ ਹੈ ਤੇ ਉਸ ਨੂੰ ਗੁਰੂ ਦੇ ਨਾਮ ਤੇ ਆਪਣੇ ਹੀ ਬਣਾਏ ਤਖਤ ਸਰਬ ਊਚ ਤੇ ਮਹਾਨ ਲਗਦੇ ਹਨ, ਉਹਨੇ ਤਖਤਾਂ ਦੀ ਗੁਲਾਮੀ ਨੂੰ ਪ੍ਰਵਾਨ ਕਰ ਲਿਆ, ਕਿਸੇ ਨੂੰ ਮੜ੍ਹੀਆਂ ਮਸਾਣਾਂ ਤੇ ਮੱਠਾਂ ਦੀ ਪਕੜ ਹੈ ਉਹ ਇਹਨਾਂ ਦੀ ਗੁਲਾਮੀ ਕਰਕੇ ਆਪਣੀਆਂ ਮਨੋਕਾਮਨਾਵਾਂ ਪੂਰਨ ਕਰਨੀਆਂ ਲੋਚਦਾ ਹੈ, ਕਿਸੇ ਨੂੰ ਸਰੀਰਾਂ ਦੀ ਪਕੜ ਹੈ ਤੇ ਉਸ ਨੂੰ ਦੇਹਧਾਰੀ ਪੀਰ, ਫਕੀਰ, ਸੰਤ, ਬਾਬੇ, ਜਾਂ ਜਥੇਦਾਰਾਂ ਦੀ ਗੁਲਾਮੀ ਹੀ ਸ੍ਰੇਸ਼ਟ ਲਗਦੀ ਹੈ, ਕੋਈ ਨਿਰਆਕਾਰ ਗੁਰੂ (ਗੁਰਗਿਆਨ) ਨੂੰ ਛੱਡ ਕੇ ਆਕਾਰ ਗ੍ਰੰਥ (ਜੋ ਇੱਕ ਮਾਧਿਅਮ ਹੈ) ਨੂੰ ਹੀ ਪੂਜੀ ਜਾਂਦਾ ਹੈ, ਕਿਸੇ ਨੂੰ ਧਰਮ ਦੇ ਚਿੰਨਾਂ ਦੀ ਪਕੜ ਹੈ ਤੇ ਉਹ ਇਹਨਾਂ ਦਾ ਹੀ ਪ੍ਰਗਟਾਵਾ ਮਹਾਨ ਸਮਝਦਾ ਹੈ, ਕਿਸੇ ਨੂੰ ਬਾਣੇ ਦੀ ਪਕੜ ਹੈ ਤੇ ਉਹ ਬਾਣੀ ਨਾਲੋਂ ਬਾਣੇ ਨੂੰ ਹੀ ਉਤਮ ਸਮਝਦਾ ਹੈ, ਕਿਸੇ ਨੂੰ ਮੂਰਤੀ ਦੀ ਪਕੜ ਹੈ ਤੇ ਉਹ ਮੂਰਤੀ ਨੂੰ ਹੀ ਦਿਨ ਰਾਤ ਪੂਜੀ ਜਾਂਦਾ ਹੈ। ਕਹਿਣ ਤੋਂ ਭਾਵ ਕਿ ਗੁਰੂ ਨਾਲੋਂ ਟੁੱਟੇ ਮਨੁੱਖ ਦੇ ਕਰਮ ਧਰਮ ਸਭ ਆਕਾਰਾਂ ਦੀ ਨਿਸਫਲ਼ ਪਕੜ ਤੇ ਹੀ ਆਧਾਰਤ ਹਨ। ਉਸ ਦਾ ਕੋਈ ਵੀ ਯਤਨ ਨਿਰੰਕਾਰ ਦੀ ਪਕੜ ਲਈ ਨਹੀ ਹੈ ਕਿਉਂਕਿ ਨਿਰੰਕਾਰ ਨਾਲ ਜੁੜਨ ਲਈ ਆਕਾਰਾਂ ਦੀ ਪਕੜ ਤੇ ਉਹਨਾਂ ਦੀ ਪੂਜਾ ਤੋਂ ਮੁਕਤ ਹੋਣਾ ਪਵੇਗਾ। ਅਦ੍ਰਿਸ਼ਟ ਨਿਰੰਕਾਰ ਜਾਂ ਗੁਰੂ ਨਾਲ ਜੁੜਨ ਲਈ ਅਦ੍ਰਿਸ਼ਟ ਗੁਰਗਿਆਨ (ਗੁਰਬਾਣੀ) ਨਾਲ ਜੁੜਨਾ ਪਵੇਗਾ। ਇਸ ਤੋਂ ਬਿਨਾ ਹੋਰ ਕੋਈ ਚਾਰਾ ਨਹੀ।

ਦ੍ਰਿਸਟਉ ਕਛੁ ਸੰਗਿ ਨ ਜਾਇ ਮਾਨੁ ਤਿਆਗਿ ਮੋਹਾ ॥ ਏਕੈ ਹਰਿ ਪ੍ਰੀਤਿ ਲਾਇ ਮਿਲਿ ਸਾਧਸੰਗਿ ਸੋਹਾ ॥ 1230 ਦ੍ਰਿਸ਼ਟਮਾਨ ਆਕਾਰਾਂ ਦੀ ਪਕੜ (ਮੋਹ) ਛਡ ਦੇ ਕਿਉਂਕਿ ਇਹਨਾਂ ਨੇ ਨਾਲ ਨਹੀ ਨਿਭਣਾ, ਗੁਰੂ (ਗੁਰਬਾਣੀ) ਦੀ ਸੰਗਤ ਦੁਆਰਾ ਅਦ੍ਰਿਸ਼ਟ ਹਰੀ (ਨਿਰੰਕਾਰ) ਦੀ ਪ੍ਰੀਤ ਪ੍ਰਾਪਤ ਹੋ ਜਾਵੇਗੀ (ਜਿਸ ਨਾਲ ਜੀਵਨ ਸੁਖੀ, ਸੁਚੱਜਾ ਤੇ ਸੁਤੰਤਰ ਹੋ ਜਾਵੇਗਾ)। ਆਕਾਰਾਂ ਦੀ ਪਕੜ ਹੀ ਕੈਦ ਹੈ, ਗੁਲਾਮੀ ਹੈ। ਨਦਰੀ ਆਵਦਾ ਨਾਲਿ ਨ ਚਲਈ ਵੇਖਹੁ ਕੋ ਵਿਉਪਾਇ ॥ ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ ॥ ਨਾਨਕ ਸਬਦੀ ਸਚੁ ਹੈ ਕਰਮੀ ਪਲੈ ਪਾਇ ॥ 84 ਬੇਸ਼ੱਕ ਕੋਈ ਨਿਰਨਾ ਕਰਕੇ ਵੇਖ ਲਵੇ, ਨਜ਼ਰ ਆਉਣ ਵਾਲੀ ਕੋਈ ਵੀ ਚੀਜ਼ ਮਨੁੱਖ ਦੇ ਨਾਲ ਨਹੀ ਜਾ ਸਕਦੀ ਤੇ ਸਤਿਗੁਰੂ ਨੇ ਇਹ ਪਰਪੱਕ ਕਰਾਇਆ ਹੈ ਕਿ ਕੇਵਲ ਸੱਚਾ ਨਿਰੰਕਾਰ ਹੀ ਨਾਲ ਨਿਭਣ ਜੋਗ ਹੈ ਜੋ ਗੁਰੂ (ਦੀ ਮਿਹਰ ਨਾਲ) ਉਸਦੇ ਸ਼ਬਦ (ਗੁਰਬਾਣੀ) ਦੁਆਰਾ ਹੀ ਪਾਇਆ ਜਾ ਸਕਦਾ ਹੈ। ਸਪਸ਼ਟ ਹੈ ਕਿ ਦ੍ਰਿਸ਼ਟਮਾਨ ਆਕਾਰਾਂ ਦਾ ਮੋਹ ਗੁਲਾਮੀ ਹੈ ਤੇ ਗੁਰੂ ਦੇ ਸ਼ਬਦ ਦੁਆਰਾ ਇਸ ਮੋਹ ਤੋਂ ਮੁਕਤੀ, ਛੁਟਕਾਰਾ ਜਾਂ ਸੁਤੰਤਰਤਾ ਹੈ। ਇਹੀ ਮਨੁੱਖ ਦੀ ਅਗਿਆਨਤਾ ਹੈ ਕਿ ਜਦੋਂ ਵੀ ਇਹ ਧਰਮ ਪੰਥ ਤੇ ਚਲਦਾ ਆਕਾਰਾਂ ਦੀ ਪਕੜ ਕਰ ਲੈਂਦਾ ਹੈ ਉਦੋਂ ਹੀ ਇਹ ਦੁੱਖਾਂ ਦੇ ਘੇਰੇ ਵਿੱਚ ਫਸ ਜਾਂਦਾ ਹੈ ਤੇ ਇਹੀ ਮੌਜੂਦਾ ਸਮੇ ਦਾ ਦੁਖਾਂਤ ਹੈ ਕਿ ਸਿੱਖ ਜਗਤ ਨੇ ਕੇਵਲ ਧਰਮ ਨੂੰ ਹੀ ਕਰਮ ਕਾਂਡਾਂ ਤੇ ਆਕਾਰਾਂ ਤੇ ਨਿਰਭਰ ਨਹੀ ਕੀਤਾ ਬਲਿਕੇ ਗੁਰੂ ਨੂੰ ਵੀ ਆਕਾਰ ਰੂਪ ਹੀ ਸਮਝ ਲਿਆ ਹੈ। ਸਿੱਖ ਨੂੰ ਅਕਾਲ ਪੁਰਖ (ਜੋ ਨਿਰਆਕਾਰ ਹੈ) ਦਾ ਪੁਜਾਰੀ ਤਾਂ ਕਿਹਾ ਜਾਂਦਾ ਹੈ ਪਰ ਅਸਲ ਵਿੱਚ ਉਹ ਆਕਾਰਾਂ ਦਾ ਹੀ ਪੁਜਾਰੀ ਹੈ। ਉਸ ਦੀਆਂ ਰੀਤਾਂ ਰਸਮਾਂ ਤੇ ਕਰਮ ਕਾਂਡ ਸਭ ਆਕਾਰਾਂ ਤੇ ਹੀ ਆਧਾਰਤ ਹਨ। ਇੱਕ ਪਾਸੇ ਗੁਰੂ ਦੀ ਸਾਰੀ ਸਿਖਿਆ, ਉਪਦੇਸ਼ ਜਾਂ ਗਿਆਨ ਨਿਰੰਕਾਰ ਨਾਲ ਸਾਂਝ ਪਾਉਣ ਲਈ ਹੈ ਪਰ ਦੂਜੇ ਪਾਸੇ ਗੁਰੂ ਦੀ ਸਿਖਿਆ ਦੇ ਬਿਪਰੀਤ, ਕਰਮ ਕਾਂਡਾਂ ਦੁਆਰਾ, ਆਕਾਰਾਂ ਨਾਲ ਜੋੜਨ ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਗੁਰੂ ਦਾ ਅਟੱਲ ਫੈਸਲਾ ਹੈ ਕਿ ਨਜ਼ਰ ਆਉਣ ਵਾਲੇ ਬਿਨਸਣਹਾਰ ਆਕਾਰਾਂ ਦੀ ਪਕੜ ਅਬਿਨਾਸੀ ਨਿਰੰਕਾਰ ਨਾਲ ਸਾਂਝ ਨਹੀ ਪੈਣ ਦੇਵੇਗੀ।

ਜਗ ਮਹਿ ਰਾਮ ਨਾਮੁ ਹਰਿ ਨਿਰਮਲਾ ਹੋਰੁ ਮੈਲਾ ਸਭੁ ਆਕਾਰੁ ॥ ਨਾਨਕ ਨਾਮੁ ਨ ਚੇਤਨੀ ਹੋਇ ਮੈਲੇ ਮਰਹਿ ਗਵਾਰ ॥ 1091 ਜਗਤ ਵਿੱਚ ਕੇਵਲ ਪ੍ਰਭੂ ਦਾ ਨਾਮ (ਹੁਕਮ, ਗੁਰਬਾਣੀ)) ਹੀ ਨਿਰਮਲ (ਪਵਿੱਤ੍ਰ) ਹੈ ਬਾਕੀ ਸਭ ਆਕਾਰ (ਮਨ ਦੀ) ਮੈਲ ਪੈਦਾ ਕਰਦੇ ਹਨ। ਹੇ ਨਾਨਕ ਜੋ ਉਸ ਦਾ ਨਾਮ ਨਹੀ ਸਿਮਰਦੇ (ਭਾਵ ਉਸ ਦੇ ਹੁਕਮ ਵਿੱਚ ਨਹੀ ਚਲਦੇ) ਉਹ ਮੂਰਖ ਅਪਵਿੱਤ੍ਰ ਤੇ ਆਤਮਿਕ ਮੌਤੇ ਮਰਦੇ ਹਨ। ਪ੍ਰਭੂ ਦੇ ਨਾਮ (ਹੁਕਮ) ਨੂੰ ਗੁਰੂ (ਗੁਰਬਾਣੀ) ਦੁਆਰਾ ਹੀ ਸਮਝਿਆ ਜਾ ਸਕਦਾ ਹੈ ਕਿਉਂਕਿ ਗੁਰੂ ਤੇ ਪਰਮੇਸ਼ਰ ਦੋ ਨਹੀ ਇਕੋ ਹੀ ਹਨ: ਗੁਰੁ ਦਾਤਾ ਸਮਰਥੁ ਗੁਰੁ ਗੁਰੁ ਸਭ ਮਹਿ ਰਹਿਆ ਸਮਾਇ ॥ ਗੁਰੁ ਪਰਮੇਸਰੁ ਪਾਰਬ੍ਰਹਮੁ ਗੁਰੁ ਡੁਬਦਾ ਲਏ ਤਰਾਇ ॥ 49 ਜੇ ਪਰਮੇਸ਼ਰ ਨਿਰਆਕਾਰ ਹੈ ਤਾਂ ਗੁਰੂ ਵੀ ਨਿਰਆਕਾਰ ਹੈ, ਜੇ ਨਿਰੰਕਾਰ ਦਾ ਅਦਬ ਜਾਂ ਬੇਅਦਬੀ ਨਹੀ ਕੀਤੀ ਜਾ ਸਕਦੀ ਕਿਉਂਕਿ ਉਹ ਨਿਰਆਕਾਰ ਹੈ ਤਾਂ ਫਿਰ ਨਿਰਆਕਾਰ ਗੁਰੂ ਦਾ ਅਦਬ ਜਾਂ ਬੇਅਦਬੀ ਕਿਵੇਂ ਹੋ ਸਕਦੀ ਹੈ? ਜੇ ਨਿਰੰਕਾਰ ਨੂੰ ਕਿਸੇ ਤਰਾਂ ਵੀ ਵਡਿਆਇਆ ਜਾਂ ਘਟਾਇਆ ਨਹੀ ਜਾ ਸਕਦਾ (ਕਿਉਂਕਿ ਉਹ ਨਿਰਆਕਾਰ ਹੈ) ਜੇ ਸਭਿ ਮਿਲਿ ਕੈ ਆਖਣ ਪਾਹਿ ॥ ਵਡਾ ਨ ਹੋਵੈ ਘਾਟਿ ਨ ਜਾਇ ॥ 9 ਤਾਂ ਗੁਰੂ ਨੂੰ ਕੋਈ ਕਿਵੇਂ ਵਡਿਆ ਘਟਾ ਸਕਦਾ ਹੈ? ਨਿਰ-ਆਕਾਰ ਗੁਰੂ ਦਾ ਨਾ ਸਤਿਕਾਰ ਕੀਤਾ ਜਾਂ ਸਕਦਾ ਹੈ ਤੇ ਨਾ ਹੀ ਬੇਅਦਬੀ। ਇਹ ਸਤਿਕਾਰ ਤੇ ਬੇਅਦਬੀ ਆਕਾਰਾਂ ਦੀ ਤਾਂ ਹੋ ਸਕਦੀ ਹੈ ਪਰ ਨਿਰਆਕਾਰ ਦੀ ਨਹੀ। ਗੁਰੂ ਦੇ ਨਾਮ ਤੇ ਇਹ ਅਦਬ ਤੇ ਬੇਅਦਬੀ ਦੇ ਬੰਧਨ ਮਨੁੱਖ ਦੇ ਹੀ ਬਣਾਏ ਹੋਏ ਹਨ ਤਾਂ ਕੇ ਇਹਨਾਂ ਦੁਆਰਾ ਉਹ ਦੂਜਿਆਂ ਨੂੰ ਆਪਣੇ ਅਧੀਨ ਕਰ ਸਕੇ। ਅਕਾਲ ਦਾ ਪੁਜਾਰੀ ਆਕਾਰਾਂ ਦੀ ਪਕੜ ਵਿੱਚ ਨਹੀ ਆ ਸਕਦਾ ਕਿਉਂਕਿ ਆਕਾਰਾਂ ਦੀ ਪੂਜਾ ਹੀ ਤਾਂ ਮੂਰਤੀ ਪੂਜਾ ਹੈ ਜਿਸ ਨੂੰ ਗੁਰੂ ਖੰਡਣ ਕਰਦਾ ਹੈ। ਬਾਬੇ ਕਬੀਰ ਦੇ ਇਹ ਬਚਨ ਇਕੱਲੇ ਪੰਡਿਤ ਨੂੰ ਸੰਬੋਧਨ ਨਹੀ ਬਲਿਕੇ ਸਾਰੇ ਜਗਤ ਤੇ ਲਾਗੂ ਹੁੰਦੇ ਹਨ: ਕਬੀਰ ਕਾਗਦ ਕੀ ਓਬਰੀ ਮਸੁ ਕੇ ਕਰਮ ਕਪਾਟ ॥ ਪਾਹਨ ਬੋਰੀ ਪਿਰਥਮੀ ਪੰਡਿਤ ਪਾੜੀ ਬਾਟ ॥ 1371 ਭਾਵ: ਹੇ ਕਬੀਰ, ਇਹਨਾਂ ਪੰਡਿਤਾਂ ਦੇ ਸ਼ਾਸ਼ਤਰ (ਧਰਮ ਗ੍ਰੰਥ) ਮਾਨੋ ਕੈਦਖਾਨੇ ਹਨ, ਇਹ ਸਿਆਹੀ ਨਾਲ ਲਿਖੀ ਹੋਈ ਕਰਮ ਕਾਂਡਾਂ ਦੀ ਮਰਯਾਦਾ ਮਾਨੋ ਉਸ ਕੈਦਖਾਨੇ ਦੇ ਦਰਵਾਜੇ ਹਨ। (ਇਸ ਕੈਦਖਾਨੇ ਵਿੱਚ ਰੱਖੀਆਂ) ਪੱਥਰ (ਆਕਾਰਾਂ) ਦੀਆਂ ਮੂਰਤੀਆਂ ਨੇ ਸਾਰੇ ਜਗਤ ਨੂੰ (ਸੰਸਾਰ ਸਮੁੰਦ੍ਰ ਵਿੱਚ) ਡੋਬ ਦਿੱਤਾ ਹੈ। ਪੰਡਿਤ ਡਾਕੇ ਮਾਰ ਰਹੇ ਹਨ (ਭਾਵ ਸਾਦਾ ਦਿਲ ਲੋਕਾਂ ਨੂੰ ਸ਼ਾਸ਼ਤ੍ਰਾਂ ਦੀ ਕਰਮ ਕਾਂਡਾਂ ਦੀ ਮਰਯਾਦਾ ਤੇ ਮੂਰਤੀ ਪੂਜਾ ਵਿੱਚ ਲਾ ਕੇ ਦੱਛਣਾ-ਦਾਨ ਆਦਿ ਦੀ ਰਾਹੀਂ ਲੁੱਟ ਰਹੇ ਹਨ)। ਜ਼ਰਾ ਗੌਰ ਕੀਤਾ ਜਾਵੇ ਤਾਂ ਸਾਫ ਨਜ਼ਰ ਆਵੇਗਾ ਕਿ ਇਹੀ ਸਭ ਕੁਛ ਸਿਖ ਜਗਤ ਵਿੱਚ ਵਾਪਰ ਰਿਹਾ ਹੈ। ਜਿਵੇਂ ਪੰਡਿਤ ਨੇ ਆਕਾਰ ਵਾਲੇ ਪੱਥਰ ਨੂੰ ਦੇਵਤਾ ਮੰਨ ਕੇ ਪੱਥਰ ਦੀ ਪੂਜਾ ਦੇ ਬੰਧਨ ਲੁਕਾਈ ਦੇ ਗਲ ਪਾ ਦਿੱਤੇ ਤਿਵੇਂ ਸਿੱਖ ਨੇ ਆਕਾਰ ਗ੍ਰੰਥ ਨੂੰ ਗੁਰੂ ਮੰਨ ਕੇ ਗ੍ਰੰਥ ਦੀ ਪੂਜਾ ਦੇ ਬੰਧਨਾਂ ਨੂੰ ਸਵੀਕਾਰ ਕਰ ਲਿਆ। ਜਿਵੇਂ ਪੰਡਿਤ ਨੇ ਸ਼ਾਸ਼ਤਰ (ਆਕਾਰੀ ਧਰਮ ਗ੍ਰੰਥ) ਦੀ (ਕਰਮ ਕਾਂਡਾਂ ਦੁਆਰਾ) ਦੁਰਵਰਤੋਂ ਨਾਲ ਲੁਕਾਈ ਨੂੰ ਲੁਟਿਆ ਤਿਵੇਂ ਹੀ ਸਿੱਖ ਧਰਮ ਦੇ ਧਰਮ ਆਗੂਆਂ, ਸਾਧਾਂ, ਸੰਤਾਂ ਤੇ ਬਾਬਿਆਂ ਨੇ ਵੀ ਆਕਾਰੀ ਧਰਮ ਗ੍ਰੰਥ ਦੀ ਰੱਜ ਕੇ ਦੁਰਵਰਤੋਂ (ਕਰਮ ਕਾਡਾਂ) ਦੁਆਰਾ ਲੁਕਾਈ ਦੀ ਲੁੱਟ ਕੀਤੀ (ਜੋ ਅਜੇ ਵੀ ਹੋ ਰਹੀ ਹੈ)। ਸਿੱਖ ਅਕਾਲ ਦਾ ਪੁਜਾਰੀ ਨਹੀ ਬਲਿਕੇ ਆਕਾਰ ਦਾ ਪੁਜਾਰੀ ਬਣ ਕੇ ਹੀ ਰਹਿ ਗਿਆ ਹੈ। ਗੁਰੂ ਸਿਖ ਦੇ ਆਕਾਰੀ ਤੇ ਵਿਕਾਰੀ ਬੰਧਨ ਕੱਟ ਕੇ ਉਸ ਨੂੰ ਸੁਤੰਤਰ ਕਰਨਾ ਚਹੁੰਦਾ ਹੈ ਸਤਿਗੁਰੁ ਸਿਖ ਕੇ ਬੰਧਨ ਕਾਟੈ ॥ ਗੁਰ ਕਾ ਸਿਖੁ ਬਿਕਾਰ ਤੇ ਹਾਟੈ ॥ 286 ਵਿਕਾਰ ਹੀ ਤਾਂ ਬੰਧਨ ਹਨ, ਇਹਨਾਂ ਨੂੰ ਛੱਡੇ ਬਿਨਾ ਸੁਤੰਤਰਤਾ ਨਹੀ ਤੇ ਇਹੀ ਗੁਰੂ ਦੀ ਸ਼ਰਤ ਹੈ। ਪਰ ਦੁਖਾਂਤ ਤਾਂ ਇਹ ਹੈ ਕਿ ਨਾ ਸਿੱਖ ਬਿਕਾਰਾਂ ਤੋਂ ਹਟਦਾ ਹੈ ਤੇ ਨਾ ਇਸ ਦੇ ਬੰਧਨ ਕੱਟੇ ਜਾਂਦੇ ਹਨ। ਇਹ ਵਿਕਾਰ ਤੇ ਮੁਕਤੀ, ਦੋਵਾਂ ਨੂੰ ਹੀ ਲੋਚਦਾ ਹੈ ਜੋ ਸੰਭਵ ਨਹੀ ਕਿਉਂਕਿ ਇਹ ਦੋਨੋ ਹੀ ਆਪਾ ਵਿਰੋਧੀ ਹਨ। ਇਹ ਮਨੁੱਖੀ ਮਨ ਮੁੜ ਮੁੜ ਵਿਕਾਰਾਂ ਦਾ ਗੁਲਾਮ ਬਣ ਜਾਂਦਾ ਹੈ। ਬਿਖੈ ਬਿਖੈ ਕੀ ਬਾਸਨਾ ਤਜੀਅ ਨਹ ਜਾਈ ॥ ਅਨਿਕ ਜਤਨ ਕਰਿ ਰਾਖੀਐ ਫਿਰਿ ਫਿਰਿ ਲਪਟਾਈ ॥ 855

ਹੁਣ ਵਿਕਾਰਾਂ ਦੀ ਆਦਤ ਪੱਕ ਗਈ ਤੇ ਛੁਟਦੀ ਨਹੀ ਤਾਂ ਗੁਰੂ ਅਗੇ ਬੇਨਤੀ ਕਰਦਾ ਹੈ ਕਿਉ ਛੂਟਉ ਕੈਸੇ ਤਰਉ ਭਵਜਲ ਨਿਧਿ ਭਾਰੀ ॥ ਇਹਨਾਂ ਵਿਕਾਰ ਦੇ ਬੰਧਨਾਂ (ਗੁਲਾਮੀ) ਤੋਂ ਮੁਕਤ ਕਿਵੇਂ ਹੋਇਆ ਜਾਵੇ? ਗੁਰੂ ਦਾ ਅਟੱਲ ਫੈਸਲਾ ਹੈ ਕਿ ਮੁਕਤੀ ਦਾ ਇਕੋ ਇੱਕ ਹੀ ਰਾਹ ਹੈ: ਰਾਖੁ ਰਾਖੁ ਮੇਰੇ ਬੀਠੁਲਾ ਜਨੁ ਸਰਨਿ ਤੁਮ੍ਹ੍ਹਾਰੀ ॥ ਇਹ ਤਾਂ ਹੀ ਸੰਭਵ ਹੈ ਅਗਰ ਗੁਰੂ ਦੀ ਸ਼ਰਨ ਆ ਜਾਵੇਂ, ਗੁਰੂ ਨਾਲ ਨਾਤਾ ਜੁੜ ਜਾਵੇ। ਇੱਕ ਕਹਾਵਤ ਹੈ ਕਿ "ਡੁੱਬੀ ਤਾਂ ਤਦ ਜੇ ਸਾਹ ਨਾ ਆਇਆ" ਇਹ ਨਿਰਆਕਾਰ ਗੁਰੂ ਨਾਲ ਜੁੜਨ ਦੀ ਹੀ ਤਾਂ ਮੁਸ਼ਕਿਲ ਹੈ। ਨਜ਼ਰ ਆਉਣ ਵਾਲੇ ਦ੍ਰਿਸ਼ਟਮਾਨ ਨਾਲ ਜੁੜਨਾ ਤਾਂ ਬਹੁਤ ਸੌਖਾ ਹੈ ਤੇ ਜੁੜੇ ਵੀ ਹੋਏ ਹਨ, ਪਰ ਅਦ੍ਰਿਸ਼ਟ ਗੁਰੂ ਨਾਲ ਜੁੜਨਾ ਇਸ ਦੇ ਵੱਸ ਦੀ ਗਲ ਨਹੀ। ਇਥੋਂ ਸਪਸ਼ਟ ਹੁੰਦਾ ਹੈ ਕਿ ਮਨੁੱਖ ਨੂੰ ਸੁਤੰਤਰਤਾ ਰਾਸ ਨਹੀ ਆਉਂਦੀ, ਚੰਗੀ ਨਹੀ ਲਗਦੀ ਕਿਉਂਕਿ ਉਸ ਲਈ ਹੁਣ ਗੁਲਾਮੀ ਹੀ ਸੁਤੰਤਰਤਾ ਬਣ ਚੁੱਕੀ ਹੈ, ਗੁਰੂ ਨਾਲੋਂ ਨਾਤਾ ਟੁੱਟ ਚੁਕਾ ਹੈ ਤੇ ਇਹੀ ਕਾਰਨ ਹੈ ਕਿ ਨਿਰਆਕਾਰ ਗੁਰੂ ਨਾਲ ਜੁੜੇ ਹੋਏ ਮਨੁੱਖ ਦਾ ਜੋੜ ਆਕਾਰਾਂ ਤੇ ਕਰਮ ਕਾਂਡਾਂ ਨਾਲ ਜੁੜੇ ਮਨੁੱਖ ਨਾਲ ਕਦੇ ਨਹੀ ਬਣ ਆਉਂਦਾ (ਭਗਤਾ ਤੈ ਸੈਸਾਰੀਆ ਜੋੜੁ ਕਦੇ ਨ ਆਇਆ ॥ 145)। ਸਿੱਖ ਨਿਰੰਕਾਰ ਦਾ ਨਹੀ ਆਕਾਰ ਦਾ ਪੁਜਾਰੀ (ਗੁਲਾਮ) ਬਣ ਚੁੱਕਾ ਹੈ। ਗੁਰੂ ਨਾਲ ਜੁੜਨ ਦਾ ਦ੍ਹਾਵਾ ਤਾਂ ਬਹੁਤ ਕਰਦੇ ਹਨ ਪਰ ਗੁਰਉਪਦੇਸ਼ ਦੀ ਸੁਤੰਤਰ ਕਰਨ ਵਾਲੀ ਇਹ ਨਿਰਾਲੀ ਚਾਲ ਕੋਈ ਵਿਰਲਾ ਹੀ ਚਲਦਾ ਹੈ: ਉਪਦੇਸੁ ਜਿ ਦਿਤਾ ਸਤਿਗੁਰੂ ਸੋ ਸੁਣਿਆ ਸਿਖੀ ਕੰਨੇ ॥ ਜਿਨ ਸਤਿਗੁਰ ਕਾ ਭਾਣਾ ਮੰਨਿਆ ਤਿਨ ਚੜੀ ਚਵਗਣਿ ਵੰਨੇ ॥ ਇਹ ਚਾਲ ਨਿਰਾਲੀ ਗੁਰਮੁਖੀ ਗੁਰ ਦੀਖਿਆ ਸੁਣਿ ਮਨੁ ਭਿੰਨੇ ॥ 314 ਕੋਈ ਵਿਰਲਾ ਪ੍ਰੀਤ ਵਾਲਾ ਹੀ ਵਿਕਾਰਾਂ ਦੀ ਗੁਲਾਮੀ ਤੋਂ ਸੁਤੰਤਰ ਹੋਣ ਲਈ ਆਪਣੇ ਸਿਰ ਨੂੰ ਤਲੀ ਤੇ ਰੱਖ ਕੇ (ਭਾਵ ਮਨਮਤ ਤਿਆਗ ਕੇ ਗੁਰਮਤ ਅਪਨਾਉਣ ਲਈ) ਗੁਰੂ ਦੀ ਗਲੀ ਵਿੱਚ ਨਿਤਰਦਾ ਹੈ ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰੁ ਧਰਿ ਤਲੀ ਗਲੀ ਮੇਰੀ ਆਉ ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥ 1412 ਕੋਈ ਵਿਰਲਾ ਹੀ ਵਿਕਾਰਾਂ ਦੀ ਕੈਦ ਤੋ ਜਾਣੂ ਹੋ ਕੇ ਰਿਹਾਈ ਦਾ ਚਾਹਵਾਨ ਹੈ ਆਹਰ ਸਭਿ ਕਰਦਾ ਫਿਰੈ ਆਹਰੁ ਇਕੁ ਨ ਹੋਇ ॥ ਨਾਨਕ ਜਿਤੁ ਆਹਰਿ ਜਗੁ ਉਧਰੈ ਵਿਰਲਾ ਬੂਝੈ ਕੋਇ ॥ 965 ਹੇ ਨਾਨਕ, ਹੋਰ ਤਾਂ (ਕਰਮ ਕਾਂਡਾਂ ਦੁਆਰਾ) ਬਹੁਤ ਉੱਦਮ ਕਰਦਾ ਫਿਰਦਾ ਹੈ ਪਰ ਪ੍ਰਭੂ ਦੀ ਸ਼ਰਨ, ਜਿਸ ਰਾਹੀਂ ਇਹ ਵਿਕਾਰਾਂ (ਦੀ ਕੈਦ ਤੋਂ) ਬਚ ਸਕਦਾ ਹੈ, ਵਿੱਚ ਆਉਣ ਦੇ ਉੱਦਮ ਨੂੰ ਕੋਈ ਵਿਰਲਾ ਮਨੁੱਖ ਹੀ ਸਮਝਦਾ ਹੈ।

ਦਰਸ਼ਨ ਸਿੰਘ,

ਵੁਲਵਰਹੈਂਪਟਨ, ਯੂ. ਕੇ.




.