.

ਸੁਖਮਈ ਜੀਵਨ ਅਹਿਸਾਸ (ਭਾਗ-5)

(ਸੁਖਜੀਤ ਸਿੰਘ ਕਪੂਰਥਲਾ)

ਅੱਜ ਅਸੀਂ ਅਕਸਰ ਆਪਣੇ-ਆਪਣੇ ਆਲੇ ਦੁਆਲੇ ਜਦੋਂ ਆਮ ਮਨੁੱਖਾਂ ਦੇ ਜੀਵਨ ਵੱਲ ਝਾਤੀ ਮਾਰ ਕੇ ਵੇਖਦੇ ਹਾਂ ਤਾਂ ਪਤਾ ਲਗਦਾ ਹੈ ਕਿ ਹਰ ਕੋਈ ‘ਜਤਨੁ ਬਹੁਤ ਸੁਖ ਕੇ ਕੀਏ ਦੁਖ ਕੋ ਕੀਉ ਨ ਕੋਇ` (੧੪੨੮) ਅਨੁਸਾਰ ਸੁਖਾਂ ਦੀ ਪ੍ਰਾਪਤੀ ਲਈ ਯਤਨਸ਼ੀਲ ਹੈ, ਪਰ ਫਿਰ ਵੀ ਦੁਖੀ ਮਨੁੱਖਾਂ ਦੀਆਂ ਹਰ ਪਾਸੇ ਲੰਮੀਆਂ ਲਾਈਨਾਂ ਹੀ ਲਗੀਆਂ ਕਿਉਂ ਦਿਖਾਈ ਦਿੰਦੀਆਂ ਹਨ? ਇਹ ਕੈਸੀ ਵਿਡੰਬਨਾ ਹੈ ਕਿ ਅਸੀਂ ਸਵੈ-ਪੜਚੋਲ ਕਰਨ ਦੀ ਥਾਂ ਤੇ ਦੂਸਰਿਆਂ ਦੇ ਜੀਵਨ ਦੀ ਪੜਚੋਲ ਕਰਨ ਦੇ ਵਿੱਚ ਸਮਾਂ ਵਿਅਰਥ ਗੁਆ ਰਹੇ ਹਾਂ। ਜਦੋਂ ਕਿ ਗੁਰਬਾਣੀ ਸਾਨੂੰ ‘ਫਲ ਤੇਵੇਹੋ ਪਾਈਐ ਜੇਵੇਹੀ ਕਾਰ ਕਮਾਈਐ` (੪੬੮) ਅਨੁਸਾਰ ਸਪਸ਼ਟ ਕਰਦੀ ਹੈ ਕਿ ਸਾਡੇ ਆਪਣੇ ਬੁਰੇ ਕਰਮਾਂ ਦਾ ਫਲ ਹੀ ਭੋਗਣਾ ਪੈ ਰਿਹਾ ਹੈ, ਇਸ ਵਿੱਚ ਕਿਸੇ ਹੋਰ ਨੂੰ ਦੋਸ਼ ਕਿਵੇਂ ਦਿਤਾ ਜਾ ਸਕਦਾ ਹੈ। ਜੇ ਅਸੀਂ ‘ਸੁਖਮਈ ਜੀਵਨ ਅਹਿਸਾਸ` ਆਪਣੇ ਜੀਵਨ ਵਿੱਚ ਪੈਦਾ ਕਰਨ ਦੇ ਇਛਾਵਾਨ ਹਾਂ ਤਾਂ ਸਾਨੂੰ ਸਭ ਤੋਂ ਪਹਿਲਾਂ ਆਪਣੇ ਕਰਮਾਂ ਵਿਚੋਂ, ਸੋਚ ਵਿਚੋਂ ਦੂਸਰਿਆਂ ਦਾ ਬੁਰਾ ਚਿਤਵਣ ਦੀ ਬੁਰੀ ਆਦਤ ਨੂੰ ਤਿਆਗ ਕੇ ਸਹੀ ਅਰਥਾਂ ਵਿੱਚ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ` ਵਾਲੀ ਸੋਚ ਅਪਨਾਉਣੀ ਪਵੇਗੀ। ਇਸ ਪੱਖ ਉਪਰ ਗੁਰਬਾਣੀ ਸਾਨੂੰ ਅਮਲੀ ਜੀਵਨ ਜੀਊਣ ਦੀ ਪ੍ਰੇਰਣਾ ਦਿੰਦੀ ਹੈ-

-ਜਿਤੁ ਕੀਤਾ ਪਾਈਐ ਆਪਣਾ ਸਾ ਘਾਲ ਬੁਰੀ ਕਿਉ ਘਾਲੀਐ।।

ਮੰਦਾ ਮੂਲਿ ਨ ਕੀਚਈ ਦੇ ਲੰਮੀ ਨਦਰਿ ਨਿਹਾਲੀਐ।।

(ਵਾਰ ਆਸਾ-ਮਹਲਾ ੧-੪੭੪)

- ਪਰ ਕਾ ਬੁਰਾ ਨ ਰਾਖਹੁ ਚੀਤ।।

ਤੁਮ ਕਉ ਦੁਖੁ ਨਹੀ ਭਾਈ ਮੀਤ।।

(ਆਸਾ ਮਹਲਾ ੫-੩੮੬)

-ਫਰੀਦਾ ਬੁਰੇ ਦਾ ਭਲਾ ਕਰਿ ਗੁਸਾ ਮਨ ਨ ਹਢਾਇ।।

ਦੇਹੀ ਰੋਗੁ ਨ ਲਗਈ ਪਲੈ ਸਭੁ ਕਿਛੁ ਪਾਇ।।

(ਸਲੋਕ ਫਰੀਦ ਜੀ- ੧੩੮੨)

-ਮਨ ਅਪੁਨੇ ਤੇ ਬੁਰਾ ਮਿਟਾਨਾ।।

ਪੇਖੈ ਸਗਲ ਸ੍ਰਿਸਟਿ ਸਾਜਨਾ।।

(ਗਉੜੀ ਸੁਖਮਨੀ ਮਹਲਾ ੫- ੨੬੬)

ਜਿੰਨਾ ਚਿਰ ਅਸੀਂ ‘ਜੀਅਹੁ ਮੈਲੇ ਬਾਹਰਹੁ ਨਿਰਮਲ` (੯੧੯) ਦੀ ਥਾਂ ਤੇ ‘ਜੀਅਹੁ ਨਿਰਮਲ ਬਾਹਰਹੁ ਨਿਰਮਲ` (੯੧੯) ਵਾਲੀ ਜੀਵਨ ਜਾਚ ਨਹੀਂ ਅਪਨਾਉਂਦੇ ਉਨ੍ਹਾਂ ਚਿਰ ‘ਸੁਖਮਈ ਜੀਵਨ ਅਹਿਸਾਸ` ਕਦਾਚਿਤ ਸੰਭਵ ਨਹੀਂ ਹੋ ਸਕਦਾ। ਇਸ ਵਿਸ਼ੇ ਨੂੰ ਹੋਰ ਸੁਖਾਲੇ ਢੰਗ ਨਾਲ ਸਮਝਣ ਲਈ ਨਿਮਨਲਿਖਤ ਗਾਥਾ ਵਾਚਣੀ ਲਾਹੇਵੰਦ ਰਹੇਗੀ-

ਕਹਿੰਦੇ -ਦੋ ਸਕੇ ਸਿੱਖ ਭਰਾ ਦਿਨ ਦੇ ਸਮੇਂ ਕਿਸੇ ਵਿਵਾਦ ਵਿੱਚ ਪੈ ਕੇ ਆਪਸ ਵਿੱਚ ਖਹਿਬੜ ਪਏ, ਬੋਲ ਬੁਲਾਰਾ ਹੋਇਆ। ਸ਼ਾਮ ਦੇ ਸਮੇਂ ਛੋਟੇ ਭਰਾ ਨੇ, ਜੋ ਅੰਮ੍ਰਿਤਧਾਰੀ-ਨਿਤਨੇਮੀ ਹੈ, ‘ਸੋ ਦਰੁ ਰਹਰਾਸਿ` ਬਾਣੀ ਦਾ ਪਾਠ ਕਰਨ ਲਈ ਘਰ ਵਿੱਚ ਬੈਠਣ ਸਮੇਂ ਆਪਣੇ ਛੋਟੇ ਪੁੱਤਰ ਨੂੰ ਵੀ ਨਾਲ ਬਿਠਾ ਲਿਆ। (ਜੋ ਕਿ ਬਹੁਤ ਚੰਗੀ ਗੱਲ ਹੈ, ਹਰ ਸਿੱਖ ਪ੍ਰਵਾਰ ਨੂੰ ਇਸ ਪੱਖੋਂ ਆਪਣਾ ਫਰਜ਼ ਨਿਭਾਉਣ ਦੀ ਜ਼ਰੂਰਤ ਹੈ) ਪਾਠ ਦੀ ਸਮਾਪਤੀ ਉਪਰ ਅਰਦਾਸ ਕਰਨ ਲਈ ਬਾਪ ਬੇਟਾ ਖੜੇ ਹੋਏ। ਸਿੱਖ ਜਦੋਂ ਵੀ ਅਰਦਾਸ ਕਰੇਗਾ ਜਾਂ ਸੰਗਤੀ ਅਰਦਾਸ ਦਾ ਹਿਸਾ ਬਣੇਗਾ, ਅਨੁਸਾਰ ਉਸ ਨੇ ਅਰਦਾਸ ਦੀ ਸਮਾਪਤੀ ਨਿਰਧਾਰਤ ਮਰਯਾਦਾ ਅਨੁਸਾਰ ‘ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ` ਉਪਰ ਕੀਤੀ ਤਾਂ ਛੋਟੇ ਜਿਹੇ ਅਨਭੋਲ ਬਾਲਕ ਨੇ ਆਪਣੇ ਪਿਤਾ ਉਪਰ ਸਵਾਲ ਕੀਤਾ - ‘ਪਿਤਾ ਜੀ! ਤੁਸੀਂ ਹੁਣੇ ਅਰਦਾਸ ਦੀ ਸਮਾਪਤੀ ਉਪਰ ਸਰਬੱਤ ਦਾ ਭਲਾ ਮੰਗਿਆ ਹੈ, ਕੀ ਤਾਇਆ ਜੀ ਦਾ ਭਲਾ ਵੀ ਨਾਲ ਹੀ ਮੰਗਿਆ ਹੈ? ` ਬਾਪ ਨੇ ਬਿਨਾ ਕਿਸੇ ਦੀਰਘ ਵਿਚਾਰ ਦੇ ਤੁਰੰਤ ਹੀ ਜਵਾਬ ਦਿਤਾ- ‘ਨਹੀਂ! ਤਾਏ ਦਾ ਭਲਾ ਕਦਾਚਿਤ ਵੀ ਨਹੀਂ, ਉਹ ਅਜ ਮੇਰੇ ਨਾਲ ਲੜਿਆ ਹੈ। ` ਹੁਣ ਸੋਚਣ ਦੀ ਲੋੜ ਹੈ ਕਿ ਜੋ ਆਪਣੇ ਸਕੇ ਵੱਡੇ ਭਰਾ ਨੂੰ ਵੀ ਸਰਬੱਤ ਵਿੱਚ ਮੰਨਣ ਲਈ ਤਿਆਰ ਨਹੀਂ, ਉਸ ਵਲੋਂ ਕੀਤੀ ਅਰਦਾਸ ਪ੍ਰਵਾਨ ਹੋਣ ਦੀ ਆਸ ਕਿਵੇਂ ਕੀਤੀ ਜਾ ਸਕਦੀ ਹੈ? ਇਸ ਗਾਥਾ ਨੂੰ ਸਾਹਮਣੇ ਰੱਖਦੇ ਹੋਏ ਸਵੈ-ਵਿਸ਼ਲੇਸ਼ਣ ਕਰਨ ਦੀ ਜਰੂਰਤ ਹੈ।

ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਦੀਆਂ ਰੁਕਾਵਟਾਂ ਵਿਚੋਂ ਇੱਕ ਦੂਸਰਿਆਂ ਪ੍ਰਤੀ ਆਪਣੇ ਮਨ ਵਿੱਚ ਮੰਦ-ਭਾਵਨਾ ਈਰਖਾ ਵੀ ਹੈ। ਹੈਰਾਨੀ ਉਸ ਸਮੇਂ ਹੁੰਦੀ ਹੈ ਜਦੋਂ ਗੁਰਬਾਣੀ ਨੂੰ ਗੁਰੂ ਆਖ ਕੇ ਮੱਥਾ ਟੇਕਣ ਵਾਲੇ ਸਿੱਖਾਂ ਦੇ ਜੀਵਨ ਅੰਦਰ ਵੀ ਇਹ ਅਉਗਣ ਪ੍ਰਤੱਖ ਰੂਪ ਵਿੱਚ ਵਰਤਦਾ ਦਿਖਾਈ ਦਿੰਦਾ ਹੈ। ਅਜ ਦੇ ਬਹੁ-ਗਿਣਤੀ ਡੇਰੇਦਾਰ, ਆਪਣੇ ਆਪ ਨੂੰ ਸਿੱਖੀ ਦੇ ਠੇਕੇਦਾਰ ਅਖਵਾਉਣ ਵਾਲੇ ਵੀ ਇਸ ਬੁਰਾਈ ਤੋਂ ਨਹੀਂ ਬਚ ਸਕੇ। ਵੱਖ-ਵੱਖ ਡੇਰਿਆਂ ਅੰਦਰ ਵੱਡੇ ਬਾਬੇ ਦੇ ਅਕਾਲ ਚਲਾਣੇ ਉਪਰੰਤ ਸੇਵਕਾਂ ਅੰਦਰ ਹੁੰਦੇ ਲੜਾਈ ਝਗੜੇ, ਗੋਲੀਬਾਰੀ, ਤਲਵਾਰਾਂ, ਡਾਂਗ ਸੋਟਾ, ਗਾਲੀ ਗਲੋਚ ਆਦਿ ਦਾ ਵਰਤਣਾ, ਇਸ ਅਉਗਣ ਦੇ ਸ਼ਿਕਾਰ ਬਣੇ ਹੋਣ ਦੇ ਪ੍ਰਤੱਖ ਸਬੂਤ ਵਜੋਂ ਸਾਡੇ ਸਾਹਮਣੇ ਹਨ। ਅੱਜ ਵੱਖ-ਵੱਖ ਗੁਰਦੁਆਰਿਆਂ ਅੰਦਰ ਪ੍ਰਬੰਧਕਾਂ, ਪਾਠੀਆਂ, ਜਥੇਬੰਦੀਆਂ ਆਦਿ ਦੀਆਂ ਨਿੱਜੀ ਸੁਆਰਥਾਂ ਹਿਤ ਕੀਤੀਆਂ ਜਾ ਰਹੀਆਂ ਸੇਵਾਵਾਂ ਦੇ ਨਾਮ ਉਪਰ ਵੀ ਇਹੀ ਕੁੱਝ ਵਰਤਦਾ ਦਿਖਾਈ ਦੇ ਰਿਹਾ ਹੈ। ਇਸ ਸਭ ਕੁੱਝ ਨੂੰ ਕੀ ਆਖੀਏ?

ਜੇਕਰ ਅਸੀਂ ‘ਸ਼ਬਦ-ਗੁਰਬਾਣੀ` ਨੂੰ ਗੁਰੂ ਆਖਦੇ ਹਾਂ ਤਾਂ ਸਾਡਾ ਫਰਜ਼ ਬਣਦਾ ਹੈ ਕਿ ਇਸ ਅੰਦਰ ਦਿਤੇ ਗਿਆਨ ਨੂੰ ਅਮਲੀ ਜੀਵਨ ਦਾ ਹਿਸਾ ਵੀ ਬਣਾਈਏ। ਗੁਰਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਕਿਸੇ ਦੂਸਰੇ ਦੇ ਸੁੱਖਾਂ ਵਲ ਵੇਖ ਕੇ ਈਰਖਾ ਵਿੱਚ ਸੜਣ-ਭੁੱਜਣ ਦੀ ਥਾਂ ਅਸੀਂ ਵੀ ਉਸ ਤੋਂ ਸਿਖਿਆ ਲੈ ਕੇ ਸ਼ੁਭ ਕਰਮਾਂ ਦੇ ਧਾਰਣੀ ਬਣ ਕੇ ਸੁੱਖਾਂ ਦੀ ਪ੍ਰਾਪਤੀ ਕਰ ਲਈਏ, ਈਰਖਾ ਕਰਨ ਨਾਲ ਤਾਂ ਆਪਣਾ ਹੀ ਨੁਕਸਾਨ ਹੈ। ਜਿਹੜਾ ਕਿਸੇ ਦੂਜੇ ਨਾਲ ਈਰਖਾ ਕਰਕੇ ਉਸਦੇ ਨੁਕਸਾਨ ਦੀ ਲੋਚਾ ਕਰਦਾ ਹੈ ਉਸ ਦਾ ਆਪਣਾ ਭਲਾ ਕਿਵੇਂ ਹੋਣਾ ਸੰਭਵ ਹੋਵੇਗਾ। ਈਰਖਾਲੂ ਮਨੁੱਖ ਤਾਂ ਬੇਵਿਸ਼ਵਾਸ਼ੀ ਹੋ ਜਾਵੇਗਾ। ਇਸ ਅਉਗਣ ਦਾ ਸ਼ਿਕਾਰ ਆਪਣਾ ਦੁਰਲਭ ਮਨੁੱਖਾ ਜਨਮ ਵਿਅਰਥ ਹੀ ਗਵਾ ਲਵੇਗਾ-

- ਕਾਹੂ ਦੀਨੇ ਪਾਟ ਪਟੰਬਰ ਕਾਹੂ ਪਲਘ ਨਿਵਾਰਾ।।

ਕਾਹੂ ਗਰੀ ਗੋਦਰੀ ਨਾਹੀ ਕਾਹੂ ਖਾਨ ਪਰਾਰਾ।।

ਅਹਿਰਖਵਾਦੁ ਨ ਕੀਜੈ ਰੇ ਮਨ।। ਸੁਕ੍ਰਿਤੁ ਕਰਿ ਕਰਿ ਲੀਜੈ ਰੇ ਮਨ।।

(ਆਸਾ-ਕਬੀਰ ਜੀ-੪੭੯)

- ਜਿਸੁ ਅੰਦਰਿ ਤਾਤਿ ਪਰਾਈ ਹੋਵੈ ਤਿਸ ਦਾ ਕਦੇ ਨ ਹੋਵੀ ਭਲਾ।।

ਓਸ ਦੈ ਆਖਿਐ ਕੋਈ ਨ ਲਗੈ ਨਿਤ ਓਜਾੜੀ ਪੁਕਾਰੇ ਖਲਾ।।

(ਵਾਰ ਗਉੜੀ- ਮਹਲਾ-੪- ੩੦੮)

-ਸੁਆਦ ਬਾਦ ਈਰਖ ਮਦ ਮਾਇਆ।।

ਇਨ ਸੰਗਿ ਲਾਗਿ ਰਤਨ ਜਨਮੁ ਗਵਾਇਆ।।

(ਸੂਹੀ ਮਹਲਾ ੫-੭੪੧)

ਭਾਈ ਕਾਨ੍ਹ ਸਿੰਘ ਨਾਭਾ ਗੁਰਮਤਿ ਦੇ ਮਹਾਨ ਵਿਦਵਾਨ ਹਨ, ਉਹਨਾਂ ਵਲੋਂ ‘ਈਰਖਾ-ਹਸਦ` ਦੇ ਸਿਰਲੇਖ ਤਹਿਤ ਬਹੁਤ ਸਰਲ ਸ਼ਬਦਾਂ ਅੰਦਰ ਇਸ ਦੀ ਪ੍ਰੀਭਾਸ਼ਾ ਦਿਤੀ ਗਈ ਹੈ-

ਦੂਸਰੇ ਦੀ ਵਡਿਆਈ ਅਤੇ ਸ਼ੋਭਾ ਨਾ ਸਹਾਰਨੀ, ਇਸ ਦਾ ਨਾਉਂ ਈਰਖਾ ਹੈ ਜਿਸ ਦਾ ਉੱਤਮ ਪੁਰਸ਼ਾਂ ਨੇ ਤਿਆਗ ਕੀਤਾ ਹੈ। `

(ਗੁਰੁਮਤ ਮਾਰਤੰਡ- ਪੰਨਾ ੧੦੫)

ਗੁਰਬਾਣੀ ਨੇ ਜਿਥੇ ਇਸ ਤਾਤ (ਈਰਖਾ) ਰੂਪੀ ਅਉਗਣ ਤੋਂ ਪੈਦਾ ਹੋਣ ਵਾਲੇ ਦੁਖਾਂ ਦਾ ਜ਼ਿਕਰ ਕੀਤਾ ਹੈ ਉਸਦੇ ਨਾਲ-ਨਾਲ ਇਲਾਜ ਵੀ ਦੱਸਿਆ ਹੈ। ਪੂਰੇ ਗੁਰੂ ਦੀ ਸੰਗਤ ਵਿੱਚ ਗੁਰੂ ਉਪਦੇਸ਼ ਦੇ ਧਾਰਣੀ ਬਣ ਕੇ ਜਦੋਂ ਸਾਡੇ ਅੰਦਰ ਇੱਕ ਪ੍ਰਮੇਸ਼ਰ ਨਾਲ ਜੁੜਣ ਦੀ ਚਾਹਤ ਪੈਦਾ ਹੋ ਜਾਂਦੀ ਹੈ ਤਾਂ ਸਾਡੇ ਜੀਵਨ ਵਿਚੋਂ ਆਪਣਾ-ਬੇਗਾਨਾ ਵਾਲਾ ਭਰਮ ਰੂਪੀ ਪਰਦਾ ਹਟ ਜਾਣ ਤੇ ਸਾਰੇ ਆਪਣੇ ਹੀ ਲਗਦੇ ਹਨ, ਜਿਥੇ ਆਪਣਾ ਪਨ ਹੋਵੇ ‘ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਦੀ ਅੜਚਣ ਈਰਖਾ ਕਿਵੇਂ ਟਿਕੀ ਰਹਿ ਸਕਦੀ ਹੈ-

-ਏਕਸੁ ਸਿਉ ਜਾ ਕਾ ਮਨੁ ਰਾਤਾ।। ਵਿਸਰੀ ਤਿਸੈ ਪਰਾਈ ਤਾਤਾ।।

(ਗਉੜੀ ਮਹਲਾ ੫-੧੮੯)

-ਅਚਰਜੁ ਏਕੁ ਸੁਨਹੁ ਰੇ ਭਾਈ।। ਗੁਰਿ ਐਸੀ ਬੂਝ ਬੁਝਾਈ।।

ਲਾਹਿ ਪਰਦਾ ਠਾਕਰੁ ਜਉ ਭੇਟਿਓ ਤਉ ਬਿਸਰੀ ਤਾਤਿ ਪਰਾਈ।।

(ਗਉੜੀ ਮਹਲਾ ੫- ੨੧੫)

-ਬਿਸਰਿ ਗਈ ਸਭ ਤਾਤਿ ਪਰਾਈ।। ਜਬ ਤੇ ਸਾਧ ਸੰਗਤਿ ਮੋਹਿ ਪਾਈ।।

ਨਾ ਕੋ ਬੈਰੀ ਨਹੀ ਬਿਗਾਨਾ ਸਗਲ ਸੰਗਿ ਹਮ ਕਉ ਬਨਿ ਆਈ।।

(ਕਾਨੜਾ ਮਹਲਾ ੫-੧੨੯੯)

==========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.