.

ਗੁਰੂ ਤੇਗ ਬਹਾਦਰ ਜੀ ਦੀ ਰਚਨਾ ਵਿੱਚ ਮਾਨਵਵਾਦ ਦਾ ਫਲਸਫਾ

ਗੁਰਬਾਣੀ ਵਿੱਚ ਮਾਨਵਵਾਦ ਦੇ ਫਲਸਫੇ ਦੇ ਆਧਾਰ ਨੂੰ ਨਿਰਧਾਰਿਤ ਕਰਨਾ ਗੁਰਬਾਣੀ ਦੀ ਵਿਆਖਿਆ (Hermeneutics/Exegesis) ਵਿੱਚ ਇੱਕ ਨਵਾਂ ਰੁਝਾਨ ਹੈ। ਗੁਰਬਾਣੀ ਛੇ ਗੁਰੂ ਸਾਹਿਬਾਨ ਅਤੇ ਇਕੱਤੀ ਹੋਰ ਸੰਤਾਂ-ਭਗਤਾਂ-ਭੱਟਾਂ ਦੀ ਰਚਨਾ ਨੂੰ ਕਿਹਾ ਜਾਂਦਾ ਹੈ ਜੋ ਉਸ ਪੁਸਤਕ ਰੂਪ ਵਿੱਚ ਸ਼ਾਮਲ ਹੈ ਜਿਸ ਨੂੰ ਆਮ ਕਰਕੇ ‘ਗੁਰੂ ਗ੍ਰੰਥ’ ਕਰਕੇ ਸੰਬੋਧਨ ਕੀਤਾ ਜਾਂਦਾ ਹੈ। ਗੁਰੂ ਤੇਗ ਬਹਾਦਰ ਜੀ ਦੀ ਰਚਨਾ ਇਸ 1429 ਪੰਨੇਂ ਦੇ ਵੱਡ-ਅਕਾਰੀ ਗ੍ਰੰਥ ਦਾ ਇੱਕ ਮਹੱਤਵਪੂਰਨ ਹਿੱਸਾ ਹੈ। ਗੁਰੂ ਜੀ ਦੀ ਇਸ ਰਚਨਾ ਵਿੱਚ 59 ਸ਼ਬਦ ਅਤੇ 57 ਸਲੋਕ ਸ਼ਾਮਲ ਹਨ। ਹੁਣ ਤਕ ਗੁਰਬਾਣੀ ਨੂੰ ਮੁੱਖ ਤੌਰ ਤੇ ਅਧਿਆਤਮਿਕ ਅਤੇ ਨੈਤਿਕ ਪੱਖਾਂ ਤੋਂ ਹੀ ਵਾਚਿਆ ਜਾਂਦਾ ਰਿਹਾ ਹੈ। ਪਰੰਤੂ ਗਹੁ ਨਾਲ ਵੇਖਣ ਤੇ ਪਤਾ ਚੱਲੇਗਾ ਕਿ ‘ਮਾਨਵਵਾਦ’ ਦਾ ਫਲਸਫਾ ਗੁਰਮੱਤ ਭਾਵ ਗੁਰਬਾਣੀ ਵਿਚਲੀ ਵਿਚਾਰਧਾਰਾ ਦੇ ਆਧਾਰ ਦੇ ਰੂਪ ਵਿੱਚ ਉੱਭਰ ਕੇ ਸਾਹਮਣੇ ਆਉਂਦਾ ਹੈ।

ਮਾਨਵਵਾਦ (Humanism) ਮਨੁੱਖੀ ਸਰੋਕਾਰਾਂ ਸਬੰਧੀ ਇੱਕ ਐਸਾ ਧਰਮ-ਨਿਰਪੇਖ ਫਲਸਫਾ ਹੈ ਜੋ ਕਰਾਮਾਤ ਅਤੇ ਧਾਰਮਿਕ ਹਠਧਰਮੀ ਨੂੰ ਪੂਰੀ ਤਰ੍ਹਾਂ ਨਕਾਰਦਿਆਂ ਹੋਇਆਂ ਮਨੁੱਖੀ ਭਲਾਈ ਹਿਤ ਕੇਵਲ ਤਰਕ, ਨੈਤਕਿਤਾ ਅਤੇ ਨਿਆਂ ਦੀ ਵਰਤੋਂ ਤੇ ਬਲ ਦਿੰਦਾ ਹੈ। ਮਾਨਵਵਾਦ ਦੇ ਇਸ ਆਧੁਨਿਕ ਫਲਸਫੇ ਦਾ ਆਧਾਰ ਇਸ ਧਾਰਨਾ ਨੂੰ ਸਵੀਕਾਰਨਾ ਹੈ ਕਿ ਮਨੁੱਖੀ ਸਰੋਕਾਰਾਂ ਨੂੰ ਸਾਹਮਣੇ ਰੱਖਦੇ ਹੋਏ ਮਨੁੱਖ ਖੁਦ ਹੀ ਸਾਰੀ ਸ੍ਰਿਸ਼ਟੀ ਦਾ ਕੇਂਦਰ-ਬਿੰਦੂ ਬਣਦਾ ਹੈ, ਮਨੁੱਖ ਆਪਣੇ ਤੌਰ ਤੇ ਉਸਾਰੂ ਕਾਰਜਾਂ ਲਈ ਸ਼ਕਤੀ ਦੇ ਪਰਯੋਗ ਦਾ ਸਮਰੱਥ ਸਾਧਨ ਹੈ ਅਤੇ ਮਨੁੱਖ ਦੀ ਸਮਰੱਥਾ ਨੂੰ ਮਨੁੱਖੀ ਹਿਤਾਂ ਲਈ ਵਰਤੋਂ ਵਿੱਚ ਲਿਆਉਣ ਵਿੱਚ ਹੀ ਸਮੁੱਚੀ ਮਨੁੱਖਤਾ ਦੀ ਭਲਾਈ ਹੈ। ਮਾਨਵਵਾਦ ਦਾ ਫਲਸਫਾ ਉਨ੍ਹੀਵੀਂ ਅਤੇ ਵੀਹਵੀਂ ਸਦੀ ਈਸਵੀ ਵਿੱਚ ਯੂਰਪ ਅਤੇ ਅਮਰੀਕਾ ਦੇ ਦੇਸ਼ਾਂ ਵਿੱਚ ਪਰਚਲਤ ਹੋਇਆ ਅਤੇ ਹੁਣ ਤਕ ‘ਮਾਨਵਵਾਦ’ ਨੂੰ ਸੰਸਾਰ ਦਾ ਸਰਵਸ੍ਰੇਸ਼ਟ ਫਲਸਫਾ ਮੰਨਿਆਂ ਜਾਣ ਲੱਗਾ ਹੈ। ਅੰਤਰਰਾਸ਼ਟਰੀ ਪੱਧਰ ਉੱਤੇ ਇਸ ਫਲਸਫੇ ਦੇ ਨਿਰਧਾਰਤ ਕੀਤੇ ਗਏ ਪਰਮੁੱਖ ਅੰਗ ਹਨ ਮਨੁੱਖੀ ਭਲਾਈ, ਮਨੁੱਖੀ ਹੱਕ, ਮਨੁੱਖੀ ਸਵੈ-ਸਨਮਾਣ ਅਤੇ ਮਨੁੱਖੀ ਨੈਤਿਕਤਾ।

ਧਿਆਨ ਨਾਲ ਵੇਖਿਆ ਜਾਵੇ ਤਾਂ ਗੁਰਬਾਣੀ ਦਾ ਸਮੁੱਚਾ ਫਲਸਫਾ ਮੁੱਢਲੇ ਤੌਰ ਤੇ ਮਾਨਵਵਾਦ ਦਾ ਹੀ ਫਲਸਫਾ ਹੈ। ਅਸਲ ਵਿੱਚ ਗੁਰੂ ਨਾਨਕ ਜੀ ਨੇ ਮਜ਼ਹਬ/ਰਿਲੀਜਨ ਭਾਵ ਸੰਪਰਦਾਈ ਧਰਮ ਨੂੰ ਨਕਾਰਦੇ ਹੋਏ ਪੰਦਰਵ੍ਹੀਂ ਸਦੀ ਈਸਵੀ ਦੇ ਅੰਤ ਤੋਂ ਮਾਨਵਵਾਦ ਦੀ ਇੱਕ ਐਸੀ ਲਹਿਰ ਚਲਾਈ ਸੀ ਜੋ ਦੋ ਸਦੀਆਂ ਭਾਵ ਗੁਰੂ- ਕਾਲ ਦੌਰਾਨ ਪੂਰੀ ਸਫਲਤਾ ਨਾਲ ਚੱਲੀ ਸੀ ਅਤੇ ਜਿਸਦਾ ਸਾਰੇ ਸੰਸਾਰ ਵਿੱਚ ਕੋਈ ਸਾਨੀ ਨਹੀਂ ਮਿਲਦਾ। ਗੁਰੂ ਸਾਹਿਬਾਨ ਵੱਲੋਂ ਚਿਤਵਿਆ ਮਾਨਵਵਾਦ ਦਾ ਫਲਸਫਾ ਗੁਰਬਾਣੀ ਵਿੱਚ ਸਪਸ਼ਟ ਰੂਪ ਵਿੱਚ ਵਿਅਕਤ ਹੁੰਦਾ ਹੈ। ਕੇਵਲ ਇਤਨਾ ਹੀ ਨਹੀਂ ਗੁਰਬਾਣੀ ਵਿੱਚ ਉੱਪਰ ਦਰਸਾਏ ਮਾਨਵਵਾਦ ਦੇ ਚਾਰ ਅੰਸ਼ਾਂ ਦੇ ਨਾਲ-ਨਾਲ ਛੇ ਹੋਰ ਅੰਸ਼ਾਂ ਦੀ ਵੀ ਪਛਾਣ ਹੁੰਦੀ ਹੈ ਜੋ ਹਨ ਮਨੁੱਖੀ ਬਰਾਬਰੀ, ਮਨੁੱਖੀ ਸਾਂਝੀਵਾਲਤਾ, ਮਨੁੱਖੀ ਵਿਕਾਸ, ਮਨੁੱਖੀ ਸ਼ਾਂਤੀ, ਮਨੁੱਖੀ ਅਧਿਆਤਮਿਕਤਾ ਅਤੇ ਮਨੁੱਖੀ ਸੰਘਰਸ਼। ਮਾਨਵਵਾਦ ਦੇ ਇਹ ਸਾਰੇ ਅੰਸ਼ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਵਿੱਚ ਵਿਅਕਤ ਹੋਏ ਮਿਲਦੇ ਹਨ।

ਗੁਰੂ ਤੇਗ ਬਹਾਦਰ ਜੀ ਦੀ ਰਚਨਾ ਵਿੱਚੋਂ ਉੱਭਰਦੀ ਦਾਰਸ਼ਨਿਕ ਵਿਚਾਰਧਾਰਾ ਨੂੰ ਸੰਖੇਪ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਸਾਇਆ ਜਾ ਸਕਦਾ ਹੈ:

ਸੰਸਾਰ ਦਾ ਸਾਰਾ ਪਾਸਾਰਾ ਮਾਇਆ ਭਾਵ ਧੋਖਾ ਹੈ ਕਿਉਂਕਿ ਪਦਾਰਥਕ ਵਸਤਾਂ ਦੀ ਆਪਣੀ ਕੋਈ ਸਦੀਵੀ ਮਹੱਤਤਾ ਨਹੀਂ ਹੁੰਦੀ। ਉੱਧਰ ਮਨੁਖੀ ਜੀਵਨ ਥੋੜ੍ਹ-ਚਿਰਾ ਹੁੰਦਾ ਹੈ ਪਰੰਤੂ ਆਮ ਮਨੁੱਖ ਪਦਾਰਥਿਕ ਹਿਤਾਂ ਨੂੰ ਪਹਿਲ ਦਿੰਦਾ ਹੋਇਆ ਮਾਇਆ ਦੇ ਜਾਲ ਵਿੱਚ ਇਸ ਤਰ੍ਹਾਂ ਫਸ ਜਾਂਦਾ ਹੈ ਕਿ ਉਹ ਵਿਕਾਰਾਂ ਦਾ ਗੁਲਾਮ ਹੋ ਕੇ ਰਹਿ ਜਾਂਦਾ ਹੈ। ਇਹ ਵਿਕਾਰ ਉਸ ਦੇ ਲਈ ਸਦਾ ਅਸ਼ਾਂਤੀ, ਭਟਕਣ ਅਤੇ ਕਸ਼ਟ ਪੈਦਾ ਕਰਦੇ ਰਹਿੰਦੇ ਹਨ ਅਤੇ ਇਸ ਤਰ੍ਹਾਂ ਉਸ ਦਾ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ। ਮਨੁੱਖ ਲਈ ਮੁਕਤੀ ਦਾ ਭਾਵ ਵਿਕਾਰਾਂ ਤੋਂ ਛੁਟਕਾਰਾ ਪਾਉਣ ਦਾ ਹੈ ਜਿਸ ਲਈ ਇੱਕੋ-ਇਕ ਸਾਧਨ ਪ੍ਰਭੂ-ਪਰਮੇਸ਼ਵਰ ਦਾ ਸਿਮਰਨ ਹੀ ਹੈ ਜਿਸ ਨੂੰ ਧਾਰਨ ਕਰਨ ਨਾਲ ਉਸ ਦਾ ਜੀਵਨ ਸੁਖ, ਸ਼ਾਂਤੀ ਅਤੇ ਅਨੰਦ ਭਰਪੂਰ ਹੋ ਸਕਦਾ ਹੈ। (ਗੁਰਬਾਣੀ ਪ੍ਰਭੂ-ਪਰਮੇਸ਼ਵਰ ਦੀ ਹੋਂਦ ਨੂੰ ਇੱਕ ਅਜਿਹੇ ਨਿਯਮਬੱਧ ਪ੍ਰਬੰਧ ਦੇ ਤੌਰ ਤੇ ਪੇਸ਼ ਕਰਦੀ ਹੈ ਜੋ ਸਮੁੱਚੀ ਸ੍ਰਿਸ਼ਟੀ ਦੇ ਪ੍ਰਤੱਖ ਅਤੇ ਅਪ੍ਰਤੱਖ ਵਰਤਾਰੇ ਰਾਹੀਂ ਵਿਅਕਤ ਹੁੰਦੀ ਹੈ ਜਿਸ ਕਰਕੇ ਉਹ ਗੈਰਸ਼ਖਸੀ ਅਤੇ ਨਿਰੰਕਾਰ ਹੈ ਅਤੇ ‘ਸਿਮਰਨ’ ਤੋਂ ਭਾਵ ਹੈ ਉਸ ਹੋਂਦ ਨੂੰ ਮਹਿਸੂਸ ਕਰਦੇ ਰਹਿਣਾ, ਉਸਨੂੰ ਚੇਤੇ ਵਿੱਚ ਰੱਖਣਾ ਅਤੇ ਉਸਦੇ ਭਾਣੇ ਵਿੱਚ ਰਹਿਣਾ।)

ਗੁਰਬਾਣੀ ਵਿੱਚ ਸ਼ਾਮਲ ਗੁਰੂ ਤੇਗ ਬਹਾਦਰ ਜੀ ਦੀ ਰਚਨਾ ਵਿੱਚੋਂ ਵਿਅਕਤ ਹੁੰਦੀ ਉੱਪਰ ਦਰਸਾਈ ਵਿਚਾਰਧਾਰਾ ਵਿੱਚੋਂ ਮਾਨਵਵਾਦ ਦੇ ਅੰਸ਼ਾਂ ਦੀ ਨਿਸ਼ਾਨਦੇਹੀ ਸਹਿਜੇ ਹੀ ਹੋ ਜਾਂਦੀ ਹੈ ਜੋ ਹੇਠਾਂ ਦਿੱਤੇ ਅਨੁਸਾਰ ਹਨ:

ਮਨੁੱਖੀ ਭਲਾਈ

ਮਨੁੱਖੀ ਭਲਾਈ ਵਿੱਚ ਸਮਾਜ-ਸੇਵਾ ਜਾਂ ਮਾਨਵ-ਕਲਿਆਣ ਦੇ ਉਹ ਕਾਰਜ ਆਉਂਦੇ ਹਨ ਜੋ ਬਗੈਰ ਜਾਤ, ਲਿੰਗ, ਧਰਮ, ਇਲਾਕੇ ਆਦਿਕ ਦੇ ਭੇਦ-ਭਾਵ ਦੇ ਦੂਸਰੇ ਮਨੁੱਖਾਂ ਦੀ ਦਸ਼ਾ ਸੁਧਾਰਨ ਵਾਸਤੇ ਕੀਤੇ ਜਾਣ। ਗੁਰੂ ਤੇਗ ਬਹਾਦਰ ਜੀ ਆਪਣੀ ਰਚਨਾ ਰਾਹੀਂ ਮਨੁੱਖ ਦੇ ਭਲੇ ਦੀ ਲੋਚਾ ਕਰਦੇ ਵਿਖਾਈ ਦਿੰਦੇ ਹਨ। ਉਹ ਚੇਸ਼ਟਾ ਕਰਦੇ ਹਨ ਕਿ ਮਨੁੱਖ ਨੂੰ ਉਸ ਦੇ ਦੁਖਾਂ ਅਤੇ ਕਸ਼ਟਾਂ ਤੋਂ ਛੁਟਕਾਰਾ ਮਿਲੇ ਅਤੇ ਉਹ ਅਨੰਦਮਈ ਜੀਵਨ ਬਤੀਤ ਕਰੇ।

ਸਭ ਸੁਖ ਦਾਤਾ ਰਾਮੁ ਹੈ ਦੂਸਰ ਨਾਹਿਨ ਕੋਇ॥

ਕਹੁ ਨਾਨਕ ਸੁਨੁ ਰੇ ਮਨਾ ਤਿਹ ਸਿਮਰਤ ਗਤਿ ਹੋਇ॥ (ਗੁਰਬਾਣੀ ਗ੍ਰੰਥ, ਪੰਨਾਂ 1426)

ਚਿੰਤਾ ਤਾ ਕੀ ਕੀਜੀਐ ਜੋ ਅਨਹੋਨੀ ਹੋਇ॥

ਇਹੁ ਮਾਰਗੁ ਸੰਸਾਰ ਕੋ ਨਾਨਕ ਥਿਰੁ ਨਹੀ ਕੋਇ॥ (ਗੁਰਬਾਣੀ ਗ੍ਰੰਥ, ਪੰਨਾਂ 1428)

ਮਨੁੱਖੀ ਸਵੈ-ਸਨਮਾਨ

ਸਵੈ-ਸਨਮਾਨ ਇੱਕ ਹਾਂ-ਪੱਖੀ ਮਨੁੱਖੀ ਭਾਵਨਾ ਹੈ ਜਿਸ ਲਈ ਸ਼ਬਦ ‘ਗੌਰਵ’, ‘ਵਕਾਰ’ ਅਤੇ ‘ਸਵੈਮਾਣ’ ਵੀ ਵਰਤੇ ਜਾ ਸਕਦੇ ਹਨ। ਇਸ ਭਾਵਨਾ ਰਾਹੀਂ ਮਨੁੱਖ ਆਪਣੇ ਆਪਣੇ-ਆਪ ਨੂੰ ਸਵੈਮਾਣ ਦੀ ਸਥਿਤੀ ਵਿੱਚ ਰੱਖ ਕੇ ਸਮਾਜ ਵਿੱਚ ਵਿਚਰਦਾ ਹੋਇਆ ਕਮਤਰੀ ਦੇ ਅਹਿਸਾਸ ਤੋਂ ਬਚਿਆ ਰਹਿੰਦਾ ਹੈ। ਗੁਰੂ ਤੇਗ ਬਹਾਦਰ ਜੀ ਵਾਰ-ਵਾਰ ਇਹ ਦ੍ਰਿੜ ਕਰਵਾਉਂਦੇ ਹਨ ਕਿ ਪ੍ਰਭੂ-ਪ੍ਰਮੇਸ਼ਵਰ ਮਨੁੱਖ ਦੇ ਅੰਦਰ ਬ੍ਰਿਜਮਾਨ ਹੈ ਅਤੇ ਮਨੁੱਖ ਵਿੱਚ ਇਤਨੀ ਸਮਰੱਥਾ ਹੈ ਕਿ ਉਹ ਆਤਮ-ਚੀਨਣ ਰਾਹੀਂ ਪ੍ਰਭੂ ਨਾਲ ਮੇਲ ਪਰਾਪਤ ਕਰ ਸਕੇ। ਅਜਿਹੀ ਅਵਸਥਾ ਵਿੱਚ ਪਹੁੰਚਣ ਵਾਲਾ ਵਿਅਕਤੀ ‘ਗੁਰਮੁਖ’ ਹੁੰਦਾ ਹੈ ਅਤੇ ਉਸ ਵਿੱਚ ਅਤੇ ਪ੍ਰਭੂ ਵਿੱਚ ਕੋਈ ਭੇਦ ਨਹੀਂ ਰਹਿੰਦਾ। ਹਰ ਤਰ੍ਹਾਂ ਦੇ ਮਨੁੱਖ ਲਈ ਅਜਿਹੀਆਂ ਸੰਭਾਵਨਾਵਾਂ ਮੌਜੂਦ ਹੁੰਦੀਆਂ ਹਨ। ਇਸ ਤਰ੍ਹਾਂ ਗੁਰੂ ਜੀ ਮਨੁੱਖ ਨੂੰ ਉਸਦੀ ਸਮਰੱਥਾ ਤੋਂ ਜਾਣੂ ਕਰਵਾਕੇ ਮਨੁੱਖੀ ਸਵੈ-ਸਨਮਾਨ ਵਿੱਚ ਵਾਧਾ ਕਰਨ ਦਾ ਉਪਰਾਲਾ ਕਰਦੇ ਹਨ।

ਸਾਧੋ ਗੋਬਿੰਦ ਕੇ ਗੁਨ ਗਾਵਉ॥

ਮਾਨਸ ਜਨਮੁ ਅਮੋਲਕੁ ਪਾਇਓ ਬਿਰਥਾ ਨਹਿ ਗਵਾਵਉ॥

ਤਜਿ ਅਭਿਮਾਨ ਮੋਹ ਮਾਇਆ ਫੁਨਿ ਭਜਨ ਰਾਮ ਚਿਤੁ ਲਾਵਉ॥

ਨਾਨਕ ਕਹਤ ਮੁਕਤਿ ਪੰਥ ਇਹੁ ਗੁਰਮੁਖਿ ਹੋਇ ਤੁਮ ਪਾਵਉ॥ (ਗੁਰਬਾਣੀ ਗ੍ਰੰਥ, ਪੰਨਾਂ 219)

ਜੋ ਪ੍ਰਾਨੀ ਮਮਤਾ ਤਜੈ ਲੋਭ ਮੋਹ ਅਹੰਕਾਰ॥

ਕਹੁ ਨਾਨਕ ਆਪਨ ਤਰੈ ਅਉਰਨ ਲੇਤ ਉਧਾਰ॥ (ਗੁਰਬਾਣੀ ਗ੍ਰੰਥ, ਪੰਨਾਂ 1427)

ਜਉ ਸੁਖ ਕਉ ਚਾਹੈ ਸਦਾ ਸਰਨਿ ਰਾਮ ਕੀ ਲੇਹ॥

ਕਹੁ ਨਾਨਕ ਸੁਨਿ ਰੇ ਮਨਾ ਦੁਰਲਭ ਮਾਨੁਖ ਦੇਹ॥ (ਗੁਰਬਾਣੀ ਗ੍ਰੰਥ, ਪੰਨਾਂ 1427)

ਮਨੁੱਖੀ ਸ਼ਾਤੀ

‘ਮਨੁੱਖੀ ਸ਼ਾਂਤੀ’ ਤੋਂ ਭਾਵ ਹੈ ਮਨ ਦੀ ਅਸ਼ਾਂਤੀ ਤੋਂ ਛੁਟਕਾਰਾ। ਮਨ ਦੇ ਅਸ਼ਾਂਤ ਰਹਿਣ ਦਾ ਕਾਰਨ ਹੁੰਦਾ ਹੈ ਮਾਨਸਿਕ ਤਨਾਅ ਜੋ ਕਿਸੇ ਵਿਅਕਤੀ ਅੰਦਰ ਮੌਜੂਦ ਡਰ, ਚਿੰਤਾ, ਨਿਰਾਸ਼ਾ, ਦਬਾਅ, ਵੈਰ-ਭਾਵ, ਲੋਭ, ਭਟਕਣ ਆਦਿਕ ਨਾਂਹ-ਪੱਖੀ ਭਾਵਨਾਵਾਂ ਵਿੱਚੋਂ ਉਪਜਦਾ ਹੈ। ਮਾਨਸਿਕ ਤਨਾਅ ਮਨੁੱਖ ਲਈ ਅਨੇਕਾਂ ਮਾਨਸਿਕ ਅਤੇ ਸ਼ਰੀਰਕ ਰੋਗਾਂ ਨੂੰ ਲੈ ਕੇ ਆਉਂਦਾ ਹੈ। ਅਜ ਦੇ ਮਨੁੱਖ ਨੂੰ ਸ਼ਾਂਤੀ ਨਸੀਬ ਨਹੀਂ ਕਿਉਂਕਿ ਪਦਾਰਥਕ ਲਾਲਸਾਵਾਂ ਦੇ ਮਗਰ ਲੱਗ ਕੇ ਉਸ ਨੇ ਆਪਣੇ ਮਨ ਨੂੰ ਭਟਕਣ ਦੇ ਰਸਤੇ ਉੱਤੇ ਤੋਰਿਆ ਹੋਇਆ ਹੈ। ਗੁਰੂ ਤੇਗ ਬਹਾਦਰ ਜੀ ਆਪਣੀ ਰਚਨਾ ਰਾਹੀਂ ਸਮਝਾਉਂਦੇ ਹਨ ਕਿ ਪ੍ਰਭੂ ਦੇ ਸਿਮਰਨ ਰਾਹੀਂ ਮਨ ਦੇ ਡਰ, ਮਮਤਾ, ਨਿਰਾਸ਼ਾ, ਚਿੰਤਾ, ਵੈਰ-ਭਾਵ, ਦੂਈ-ਦਵੈਤ ਆਦਿਕ ਤੋਂ ਛੁਟਕਾਰਾ ਹੋ ਜਾਂਦਾ ਹੈ ਅਤੇ ਮਨੁੱਖੀ ਮਨ ਸ਼ਾਂਤ ਅਤੇ ਅਡੋਲ ਅਵਸਥਾ ਵਿੱਚ ਪਹੁੰਚ ਜਾਂਦਾ ਹੈ।

ਰੇ ਮਨ ਓਟ ਲੇਹੁ ਹਰਿਨਾਮਾ॥

ਜਾ ਕੈ ਸਿਮਰਨਿ ਦੁਰਮਤਿ ਨਾਸੈ ਪਾਵਹਿ ਪਦੁ ਨਿਰਬਾਨਾ॥ (ਗੁਰਬਾਣੀ ਗ੍ਰੰਥ, ਪੰਨਾਂ 901)

ਰਾਮਨਾਮੁ ਨਰੁ ਨਿਸਿ ਬਾਸੁਰ ਮਹਿ ਨਿਮਖ ਏਕ ਉਰਿਧਾਰੈ॥

ਜਮ ਕੋ ਤ੍ਰਾਸ ਮਿਟੈ ਨਾਨਕ ਤਿਹ ਅਪੁਨੋ ਜਨਮੁ ਸਵਾਰੈ॥ (ਗੁਰਬਾਣੀ ਗ੍ਰੰਥ, ਪੰਨਾਂ 902)

ਮਨੁੱਖੀ ਵਿਕਾਸ

ਬੇਸ਼ਕ ਮਨੁੱਖ ਜਾਤੀ ਧਰਤੀ ਦੀ ਉੱਤਮ ਜੂਨ ਹੈ ਪਰੰਤੂ ਆਮ ਕਰਕੇ ਮਨੁੱਖੀ ਵਿਵਹਾਰ ਵਿੱਚ ਅਨੇਕਾਂ ਕਮੀਆਂ-ਕਮਜ਼ੋਰੀਆਂ ਨਜ਼ਰ ਆਉਂਦੀਆਂ ਹਨ। ਇਹ ਕਮੀਆਂ-ਕਮਜ਼ੋਰੀਆਂ ਹੀ ਮਨੁੱਖਤਾ ਲਈ ਵੱਖ-ਵੱਖ ਸਮਸਿਆਵਾਂ ਦੇ ਪੈਦਾ ਹੋਣ ਦਾ ਅਧਾਰ ਬਣਦੀਆਂ ਹਨ। ਇਹਨਾਂ ਕਮੀਆਂ-ਕਮਜ਼ੋਰੀਆਂ ਨੂੰ ਦੂਰ ਕਰਨ ਨਾਲ ਮਨੁੱਖ ਦਾ ਮਾਨਸਿਕ ਵਿਕਾਸ ਦਾ ਰਾਹ ਖੁਲ੍ਹ ਜਾਂਦਾ ਹੈ। ਵੱਡੀ ਮਨੁੱਖੀ ਕਮਜ਼ੋਰੀ ਵਿਕਾਰਾਂ ਦਾ ਸ਼ਿਕਾਰ ਹੋਣਾ ਹੈ। ਗੁਰੂ ਤੇਗ ਬਹਾਦਰ ਜੀ ਮਨੁੱਖ ਨੂੰ ਰਸਤਾ ਵਿਖਾਉਂਦੇ ਹਨ ਕਿ ਕਿਵੇਂ ਪ੍ਰਭੂ ਨਾਮ ਦੇ ਸਿਮਰਨ ਰਾਹੀਂ ਮਨੁੱਖ ਆਪਣੇ ਵਿਕਾਰਾਂ ਤੋਂ ਛੁਟਕਾਰਾ ਪਾ ਲੈਂਦਾ ਹੈ ਅਤੇ ਵਿਕਾਸ ਦੇ ਰਸਤੇ ਉੱਤੇ ਤੁਰਨ ਦੇ ਸਮਰੱਥ ਹੋ ਜਾਂਦਾ ਹੈ।

ਸਾਧੋ ਮਨ ਕਾ ਮਾਨੁ ਤਿਆਗਉ॥

ਕਾਮੁ ਕ੍ਰੋਧੁ ਸੰਗਤਿ ਦੁਰਜਨ ਕੀ ਤੇ ਅਹਿਨਿਸਿ ਭਾਗਉ॥ (ਗੁਰਬਾਣੀ ਗ੍ਰੰਥ, ਪੰਨਾਂ 219)

ਕਰ ਸਾਧ ਸੰਗਤਿ ਸਿਮਰੁ ਮਾਧੋ ਹੋਹਿ ਪਤਿਤ ਪੁਨੀਤ॥

ਕਾਲੁ ਬਿਆਲੁ ਜਿਉ ਪਰਿਓ ਡੋਲੈ ਮੁਖੁ ਪਸਾਰੇ ਮੀਤ॥

ਆਜੁ ਕਾਲਿ ਫੁਨਿ ਤੋਹਿ ਗ੍ਰਸਿ ਹੈ ਸਮਝਿ ਰਾਖਹੁ ਚੀਤਿ॥

ਕਹੈ ਨਾਨਕੁ ਰਾਮੁ ਭਜ ਲੈ ਜਾਤ ਅਉਸਰੁ ਬੀਤਿ॥ (ਗੁਰਬਾਣੀ ਗ੍ਰੰਥ, ਪੰਨਾਂ 631)

ਮਨੁੱਖੀ ਅਧਿਆਤਮਿਕਤਾ

ਆਮ ਕਰਕੇ ਮਨੁੱਖ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਦੇ ਨਾਲ-ਨਾਲ ਅਧਿਆਤਮਿਕ ਜਾਗਰੂਕਤਾ ਉੱਤੇ ਵੀ ਜ਼ੋਰ ਦਿੱਤਾ ਜਾਂਦਾ ਹੈ। ਅਧਿਆਤਮਿਕਤਾ ਵਿੱਚ ਦੈਵੀ ਸ਼ਕਤੀਆਂ ਦੀ ਮਾਨਤਾ ਦੇ ਨਾਲ-ਨਾਲ ਨੈਤਿਕਤਾ ਪ੍ਰਤੀ ਉਪਦੇਸ਼ ਸ਼ਾਮਲ ਹੁੰਦੇ ਹਨ। ਗੁਰਬਾਣੀ ਸਬੰਧੀ ਇਹ ਗੱਲ ਵਿਸ਼ੇਸ਼ ਤੌਰ ਤੇ ਸਮਝਣ ਵਾਲੀ ਹੈ ਕਿ ਇਹ ਮਨੁੱਖ

ਨੂੰ ਕਿਸੇ ਸੰਪਰਦਾਈ ਧਰਮ ਨੂੰ ਅਪਣਾਏ ਬਗੈਰ ਸਿੱਧਾ ਪ੍ਰਭੂ ਨਾਲ ਨਾਤਾ ਕਾਇਮ ਕਰਦੇ ਹੋਏ ਮੁਕਤੀ ਪਰਾਪਤੀ ਦਾ ਰਸਤਾ ਦਰਸਾਉਂਦੀ ਹੈ। ਗੁਰੂ ਤੇਗ ਬਹਾਦਰ ਜੀ ਇਸੇ ਪ੍ਰੀਕਿਰਿਆ ਉੱਤੇ ਜ਼ੋਰ ਦਿੰਦੇ ਹੋਏ ਪ੍ਰਭੂ ਦੇ ਸਿਮਰਨ ਨੂੰ ਪਹਿਲ ਦੇਣ ਦਾ ਸੁਝਾ ਦਿੰਦੇ ਹਨ ਤਾਂ ਕਿ ਮਨੁੱਖ ਨੂੰ ਸ਼ਾਂਤੀ ਦੀ ਅਵਸਥਾ ਦੀ ਪਰਾਪਤੀ ਹੋਵੇ, ਉਸਦਾ ਨੈਤਿਕ ਵਿਕਾਸ ਹੋ ਜਾਵੇ ਅਤੇ ਉਸਦਾ ਜੀਵਨ ਕਸ਼ਟ-ਮੁਕਤ ਹੋ ਜਾਵੇ।

ਕਾਹੇ ਰੇ ਬਨ ਖੋਜਨ ਜਾਈ॥

ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ॥ (ਗੁਰਬਾਣੀ ਗ੍ਰੰਥ, ਪੰਨਾਂ 684)

ਜੋ ਦੀਸੈ ਸੋ ਸਗਲ ਬਿਨਾਸੈ ਜਿਉ ਬਾਦਰ ਕੀ ਛਾਈ॥

ਜਨ ਨਾਨਕ ਜਗੁ ਜਾਨਿਓ ਮਿਥਿਆ ਰਹਿਓ ਰਾਮ ਸਰਨਾਈ॥ (ਗੁਰਬਾਣੀ ਗ੍ਰੰਥ, ਪੰਨਾਂ 219)

ਤੀਰਥ ਕਰੈ ਬਰਤ ਫੁਨਿ ਰਾਖੈ ਨਹ ਮਨੂਆ ਬਸ ਜਾ ਕੋ॥

ਨਿਹਫਲ ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਤਾ ਕਉ। (ਗੁਰਬਾਣੀ ਗ੍ਰੰਥ, ਪੰਨਾਂ 831)

ਮਨੁੱਖੀ ਨੈਤਿਕਤਾ

ਨੈਤਿਕਤਾ ਦਾ ਅਰਥ ਹੈ ਜੀਵਨ-ਜਾਚ ਦੇ ਕੁੱਝ ਮੁੱਢਲੇ ਅਸੂਲ ਜੋ ਆਦਰਸ਼ਕ ਮਨੁੱਖੀ ਵਿਵਹਾਰ ਨੂੰ ਸੁਨਿਸਚਤ ਕਰਦੇ ਹਨ। ਮਨੁੱਖੀ ਜੀਵਨ-ਜਾਚ ਦੇ ਅਜਿਹੇ ਮੁੱਢਲੇ ਅਸੂਲਾਂ ਨੂੰ ਅਪਣਾਉਣ ਨਾਲ ਮਨੁੱਖ ਨਾ ਕੇਵਲ ਆਪਣੇ ਜੀਵਨ ਵਿੱਚ ਇੱਕ ਜ਼ਿੰਮੇਵਾਰ ਵਿਅਕਤੀ ਦੇ ਤੌਰ ਤੇ ਵਿਚਰਦਾ ਹੈ ਸਗੋਂ ਸਮਾਜ ਵਿੱਚ ਕਦਰਾਂ-ਕੀਮਤਾਂ ਅਤੇ ਸਿਹਤਮੰਦ ਪ੍ਰੰਪਰਾਵਾਂ ਨੁੰ ਵੀ ਸਿਰਜਦਾ ਹੈ। ਇਸ ਲਈ ਜ਼ਰੂਰੀ ਹੋ ਜਾਂਦਾ ਹੈ ਕਿ ਹਰ ਮਨੁੱਖ ਵਿਕਾਰਾਂ ਦਾ ਤਿਆਗ ਕਰੇ ਅਤੇ ਕਦਰਾਂ-ਕੀਮਤਾਂ ਨੂੰ ਅਪਣਾਉਣ ਵੱਲ ਰੁਚਿਤ ਹੋਵੇ। ਗੁਰੁ ਤੇਗ ਬਹਾਦਰ ਜੀ ਵਾਰ-ਵਾਰ ਮਨੁੱਖ ਨੂੰ ਵਿਕਾਰਾਂ ਤੋਂ ਬਚਣ ਅਤੇ ਚੰਗੇ ਗੁਣ ਧਾਰਨ ਕਰਨ ਦੀ ਪਰੇਰਣਾ ਦਿੰਦੇ ਹਨ ਤਾਂ ਕਿ ਉਸਦਾ ਜੀਵਨ ਸੁਖਮਈ ਹੋ ਸਕੇ ਅਤੇ ਉਹ ਆਪਣੇ ਆਲੇ-ਦੁਆਲੇ ਦੇ ਸਮਾਜ ਨੂੰ ਬਿਹਤਰ ਬਣਾਉਣ ਵਿੱਚ ਯੋਗਦਾਨ ਦੇ ਸਕੇ।

ਜੋ ਨਰੁ ਦੁਖ ਮੈ ਦੁਖੁ ਨਹੀ ਮਾਨੈ॥

ਸੁਖ ਸਨੇਹੁ ਅਰੁ ਭੈ ਨਹੀ ਜਾ ਕੈ ਕੰਚਨ ਮਾਟੀ ਮਾਨੈ॥ ਰਹਾਉ॥

ਨਹ ਨਿੰਦਿਆ ਨਹ ਉਸਤਤਿ ਜਾ ਕੈ ਲੋਭੁ ਮੋਹੁ ਅਭਿਮਾਨਾ॥

ਹਰਖ ਸੋਗ ਤੇ ਰਹੈ ਨਿਆਰਉ ਨਾਹਿ ਮਾਨ ਅਪਮਾਨਾ॥

ਆਸਾ ਮਨਸਾ ਸਗਲ ਤਿਆਗੈ ਜਗ ਤੇ ਰਹੈ ਨਿਰਾਸਾ॥

ਖਾਮੁ ਕ੍ਰੋਧ ਜਿਹ ਪਰਸੈ ਨਾਹਿਨ ਤਿਹ ਘਟ ਬ੍ਰਹਮੁ ਨਿਵਾਸਾ॥ (ਗੁਰਬਾਣੀ ਗ੍ਰੰਥ, ਪੰਨਾਂ 633)

ਗੁਰੂ ਤੇਗ ਬਹਾਦਰ ਜੀ ਅਸਿੱਧੇ ਢੰਗ ਨਾਲ ਮਾਨਵਵਾਦ ਦੇ ਬਾਕੀ ਚਾਰ ਅੰਸ਼ਾਂ ਭਾਵ ਮਨੁੱਖੀ ਬਰਾਬਰੀ, ਮਨੁੱਖੀ ਸਾਂਝੀਵਾਲਤਾ, ਮਨੁੱਖੀ ਹੱਕ ਅਤੇ ਮਨੁੱਖੀ ਸੰਘਰਸ਼ ਦੀ ਵੀ ਪੁਰਜ਼ੋਰ ਪਰੋੜਤਾ ਕਰਦੇ ਹਨ। ਇਸ ਧਰਤੀ ਦੇ ਸਾਰੇ ਮਨੁੱਖ ਬਰਾਬਰ ਹਨ ਕਿਉਂਕਿ ਸਾਰੇ ਸਰੀਰ ਪੰਜਾਂ ਤੱਤਾਂ ਦੀ ਉਪਜ ਹਨ ਅਤੇ ਮੁਕਤੀ ਦਾ ਰਾਹ ਸਾਰਿਆਂ ਲਈ ਖੁਲ੍ਹਾ ਹੈ। ਸਾਰੇ ਵਿਅਕਤੀ ਸਾਂਝੀਵਾਲ ਹਨ ਕਿਉਂਕਿ ਪ੍ਰਭੂ-ਪਰਮੇਸ਼ਵਰ ਸਾਰਿਆਂ ਵਿੱਚ ਬਿਰਾਜਮਾਨ ਹੈ ਭਾਵ ਸਾਰੇ ਹੀ ਇੱਕ ਹੋਂਦ ਦਾ ਹਿੱਸਾ ਹਨ। ਹਰੇਕ ਪ੍ਰਾਣੀ ਦਾ ਇਹ ਮਨੁੱਖੀ ਹੱਕ ਹੈ ਕਿ ਉਹ ਮੁਕਤੀ ਦੀ ਪਰਾਪਤੀ ਕਰੇ ਅਤੇ ਅਨੰਦਮਈ ਜੀਵਨ ਬਤੀਤ ਕਰੇ। ਪਰੰਤੂ ਇਹ ਰਸਤਾ ਸੌਖਾ ਨਹੀਂ। ਇਸ ਰਸਤੇ ਤੇ ਚੱਲਣ ਲਈ ਸੰਘਰਸ਼ ਕਰਨ ਦੀ ਵੀ ਲੋੜ ਪੈਂਦੀ ਹੈ। ਗੁਰੂ ਜੀ ਫੁਰਮਾਉਂਦੇ ਹਨ:

ਜਨ ਨਾਨਕ ਇਹੁ ਖੇਲ ਕਠਨੁ ਹੈ ਕਿਨਹੂੰ ਗੁਰਮੁਖਿ ਜਾਨਾ॥ (ਗੁਰਬਾਣੀ ਗ੍ਰੰਥ, ਪੰਨਾਂ 219)

ਕੁੱਝ ਧਿਰਾਂ ਵੱਲੋਂ ਅਜਿਹਾ ਸੋਚ ਲਿਆ ਜਾਂਦਾ ਹੈ ਜਿਵੇਂ ਕਿ ਗੁਰੂ ਤੇਗ ਬਹਾਦਰ ਜੀ ਦੀ ਵਿਚਾਰਧਾਰਾ ਵਿੱਚ ਕੋਈ ਵੈਰਾਗ, ਉਦਾਸੀਨਤਾ, ਉਪਰਾਮਤਾ ਜਾਂ ਨਿਰਾਸ਼ਾਵਾਦ ਦਾ ਅੰਸ਼ ਮੌਜੂਦ ਹੋਵੇ। ਪਰੰਤੂ ਅਜਿਹੀ ਧਾਰਨਾ ਸਹੀ ਨਹੀਂ ਕਹੀ ਜਾ ਸਕਦੀ ਕਿਉਂਕਿ ਗੁਰੂ ਜੀ ਦੀ ਵਿਚਾਰਧਾਰਾ ਮਨੁੱਖੀ ਜੀਵਨ ਦੇ ਯਥਾਰਥ ਨੂੰ ਪੇਸ਼ ਕਰਦੀ ਹੈ, ਮਨੁੱਖ ਨੂੰ ਉਸਾਰੂ ਦ੍ਰਿਸ਼ਟੀਕੋਣ ਅਪਣਾਉਣ ਦੀ ਪ੍ਰੇਰਨਾ ਦਿੰਦੀ ਹੈ ਅਤੇ ਉਸ ਨੂੰ ਆਦਰਸ਼ਕ ਜੀਵਨ ਜਿਉਣ ਦੀ ਵਿਵਹਾਰਿਕ ਸੇਧ ਦਿੰਦੀ ਹੈ। ਉਂਜ ਵੀ ਮਾਨਵਵਾਦ ਦਾ ਫਲਸਫਾ ਸਦਾ ਆਸ਼ਾਵਾਦੀ, ਜੁਝਾਰੂ ਅਤੇ ਚੜ੍ਹਦੀ-ਕਲਾ ਵਾਲੀ ਪਹੁੰਚ ਅਪਣਾਉਂਦਾ ਹੈ ਅਤੇ ਗੁਰਮੱਤ ਦੀ ਵਿਚਾਰਧਾਰਾ ਅਜਿਹੀ ਹਾਂ-ਪੱਖੀ ਪਹੁੰਚ ਉੱਤੇ ਹੀ ਆਧਾਰਿਤ ਹੈ। ਗੁਰੂ ਤੇਗ ਬਹਾਦਰ ਜੀ ਦੀ ਵਿਚਾਰ-ਅਧੀਨ ਰਚਨਾ ਗੁਰਮੱਤ ਭਾਵ ਗੁਰਬਾਣੀ ਦੇ ਫਲਸਫੇ ਦੀ ਪਹੁੰਚ ਦੇ ਪੂਰੀ ਤਰ੍ਹਾਂ ਅਨੁਰੂਪ ਹੈ।

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।

ਨੋਟ: ਇਹ ਲੇਖ 01 ਦਸੰਬਰ 2015 ਨੂੰ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਆਯੋਜਿਤ ਕਰਵਾਏ ਗਏ ਸੈਮੀਨਾਰ ਵਿੱਚ ਪੇਸ਼ ਕੀਤਾ ਗਿਆ।




.