.

“ਧਨਿ ਧੰਨਿ ਓ ਰਾਮ ਬੇਨੁ ਬਾਜੈ ...”

"ਧਨਿ ਧੰਨਿ, ਓ ਰਾਮ ਬੇਨੁ ਬਾਜੈ ॥ਮਧੁਰ ਮਧੁਰ ਧੁਨਿ; ਅਨਹਤ ਗਾਜੈ॥੧॥ਰਹਾਉ॥
ਪਦ-ਅਰਥ:
ਧਨਿ ਧੰਨਿ-{ਵਿਸ਼ੇਸ਼ਣ, ਕਰਤਾ ਕਾਰਕ} ਧੰਨਤਾ-ਯੋਗ।ਨੋਟ:ਕਾਵਿਕ-ਪੱਖ ਤੋਂ ਮਾਤ੍ਰਾ ਵੱਧ ਜਾਣ ਕਾਰਨ 'ਧਨਿ''ਤੇ ਟਿੱਪੀ ਨਹੀਂ ਹੈ।ਓ-ਉਸ।ਰਾਮ-{ਸੰਬੰਧ ਕਾਰਕ ਨਾਂਵ} ਅਕਾਲ ਪੁਰਖ ਦੀ।ਬੇਨੁ-{ਸੰਬੰਧਮਾਨ ਨਾਂਵ, ਸੰਸਕ੍ਰਿਤ}ਬੀਨ, ਬੰਸਰੀ, ਹੁਕਮ, ਸਤਿਆ ਰੂਪ ਬੰਸਰੀ।ਬਾਜੈ-{ਕਿਰਿਆ, ਵਰਤਮਾਨ ਕਾਲ, ਅਨਪੁਰਖ ਇਕਵਚਨ}ਵੱਜ ਰਹੀ ਹੈ।ਮਧੁਰ ਮਧੁਰ-{ਭਾਵਵਾਚਕ ਇਸਤਰੀ ਲਿੰਗ ਨਾਂਵ, ਦੋਹਰ ਲਾਉਣ ਦੀ ਪ੍ਰਥਾ ਤਹਿਤ ਦੋ ਵਾਰ ਉਕਤ ਸ਼ਬਦ ਵਰਤਿਆ ਹੈ}ਮਿੱਠੀ-ਮਿੱਠੀ।ਧੁਨਿ-ਧੁਨੀ, ਆਵਾਜ਼।ਅਨਹਤ-{ਇਸਤਰੀ ਲਿੰਗ ਵਿਸ਼ੇਸ਼ਣ}ਇਕ-ਰਸ ਲਗਾਤਾਰ, ਜੋ ਕਿਸੇ ਹਰਕਤ ਤੋਂ ਬਿਨਾਂ ਹੀ ਵੱਜ ਰਹੀ ਹੈ।ਗਾਜੈ-ਗੱਜ ਰਹੀ ਹੈ।
ਅਰਥ:
ਅਕਾਲ-ਪੁਰਖ ਜੀ ਦੀ ਹੁਕਮ, ਸਤਿਆ ਰੂਪ ਬੰਸਰੀ ਧੰਨਤਾ-ਯੋਗ ਹੈ।ਇਹ ਬੰਸਰੀ ਬਲਿਹਾਰੇ ਜਾਣ ਯੋਗ ਹੈ।ਜੋ ਸੰਸਾਰ ਦੇ ਸਾਰੇ ਕਿਰਿਆ-ਕਲਾਪਾਂ ਵਿੱਚ ਇਕਸਾਰ ਗੁੰਜਾਰ ਪਾ ਰਹੀ ਹੈ।ਅਕਾਲ ਪੁਰਖ ਦੀ ਸ਼ਕਤੀ ਸੰਸਾਰ ਦੇ ਸਾਰੇ ਜੜ ਅਤੇ ਚੇਤਨ ਪਦਾਰਥਾਂ ਨੂੰ ਹਰਕਤ ਵਿੱਚ ਰੱਖ ਰਹੀ ਹੈ।ਐਸੀ ਸਤਿਆ ਰੂਪ ਬੰਸਰੀ ਮਿੱਠੀ ਲਗਦੀ ਹੈ ਅਤੇ ਵਾਰਨੇ ਜਾਣ ਯੋਗ ਹੈ।
"ਧਨਿ ਧਨਿ, ਮੇਘਾ ਰੋਮਾਵਲੀ ॥ਧਨਿ ਧਨਿ, ਕ੍ਰਿਸਨ ਓਢੈ ਕਾਂਬਲੀ ॥੧॥
  ਪਦ-ਅਰਥ:
ਮੇਘਾ-{ਸੰਬੰਧ ਕਾਰਕ ਨਾਂਵ}ਬੱਦਲਾਂ ਦੀ।ਰੋਮਾਵਲੀ-{ਸੰਧੀ,ਰੋਮ+ਆਵਲੀ}ਉੱਨ।ਕ੍ਰਿਸਨ-{ਸਤਿਕਾਰ ਬੋਧਕ ਕਾਰਕ,ਬਹੁਵਚਨ}ਅਕਾਲ ਪੁਰਖ ਜੀ।ਓਢੈ-{ਕਿਰਿਆ, ਵਰਤਮਾਨ ਕਾਲ, ਅਨਪੁਰਖ,ਬਹੁਵਚਨ}ਪਹਿਨ ਰਹੇ ਹਨ।ਕਾਂਬਲੀ-ਬੱਦਲਾਂ ਰੂਪੀ ਕੰਬਲੀ।
ਅਰਥ:
ਉਹ ਅਕਾਲ ਪੁਰਖ ਜੀ ਧੰਨ ਧੰਨ ਹਨ ਹਨ।ਉਹ ਬਲਿਹਾਰੇ ਜਾਣ ਯੋਗ ਹਨ,ਜਿਸਨੇ ਆਸਮਾਨ ਉਤੇ ਛਾਏ ਬੱਦਲਾਂ ਰੂਪੀ ਊਨੀ ਕੰਬਲੀ ਪਹਿਨ ਰੱਖੀ ਹੈ।ਬੇਅੰਤ-ਪ੍ਰਭੂ ਦੀ ਰਚਨਾ ਸਦਕੇ ਹੈ।
"ਧਨਿ ਧਨਿ, ਤੂ ਮਾਤਾ ਦੇਵਕੀ ॥ਜਿਹ ਗ੍ਰਿਹ, ਰਮਈਆ ਕਵਲਾਪਤੀ ॥੨॥
   ਨੋਂਟ : 'ਗ੍ਰਿਹ' ਸ਼ਬਦ ਅਧਿਕਰਨ ਕਾਰਕ ਵਾਚੀ ਹੈ ਇਸ ਕਰਕੇ ਅੰਤ ਸਿਹਾਰੀ ਸਹਿਤ ਚਾਹੀਦਾ ਹੈ। ਲਿਖ਼ਤੀ-ਬੀੜਾਂ ਵਿੱਚ ਸ਼ੁੱਧ ਰੂਪ 'ਗ੍ਰਿਹਿ' ਮਿਲਦਾ ਹੈ।
ਉਚਾਰਨ-ਸੇਧ : ਤੂੰ,'ਗ੍ਰਿਹ'ਦਾ ਉਚਾਰਨ ਸਾਵਧਾਨੀ ਨਾਲ ਕਰਨਾ ਚਾਹੀਦਾ ਹੈ 'ਇਕਰਾਂਤ'(ਸਿਹਾਰੀ) ਅਰਧ-'ਰ' ਨੂੰ ਉਚਾਰਨੀ ਹੈ।ਅਸੀਂ ਅਕਸਰ 'ਗ' ਨੂੰ ਨਾ-ਵਾਕਫ਼ੀ ਵਿੱਚ ਉਚਾਰਨ ਕਰ ਦੇਂਦੇ ਹਾਂ। 
ਪਦ-ਅਰਥ:
ਮਾਤਾ ਦੇਵਕੀ-{ਇਸਤਰੀ ਲਿੰਗ ਨਾਂਵ,ਵਿਸ਼ੇਸ਼ਣ}ਅਕਾਲ ਪੁਰਖ ਰੂਪ ਮਾਤਾ ਦੇਵਕੀ (ਭਗਤ ਨਾਮਦੇਵ ਜੀ ਉਕਤ ਲਫ਼ਜ਼ ਅਕਾਲ ਪੁਰਖ, ਨਿਰੰਕਾਰ ਲਈ ਸੰਬੋਧਨ ਰੂਪ 'ਚ ਪ੍ਰਯੋਗ਼ ਕਰਦੇ ਹਨ। ਜਿਹ ਗ੍ਰਿਹਿ-{ਅਧਿਕਰਨ ਕਾਰਕ}ਜਿਸ ਦੇ ਸ੍ਰਿਸ਼ਟੀ ਰੂਪੀ ਘਰ ਵਿੱਚ।ਰਮਈਆ-ਸੋਹਣੇ ਸਰਬ ਵਿਆਪਕ ਰਾਮ ਜੀ।ਕਵਲਾਪਤੀ-ਕਮਲ ਦੇ ਪਤੀ, ਵਿਸ਼ਨੂੰ, ਕ੍ਰਿਸ਼ਨ।
ਅਰਥ:
ਹੇ ਅਕਾਲ ਪੁਰਖ ਰੂਪੀ ਮਾਤਾ ਦੇਵਕੀ ਜੀ ਤੂੰ ਧੰਨ ਧੰਨ ਹੈਂ,ਬਲਿਹਾਰੇ ਜਾਣ ਯੋਗ ਹੈਂ, ਜਿਸਦੇ ਸ੍ਰਿਸ਼ਟੀ ਰੂਪੀ ਘਰ ਵਿੱਚ ਸੁਹਣਾ ਰਾਮ ਵਿਆਪਕ ਹੈ।ਜਿਸ ਸ੍ਰਿਸ਼ਟੀ ਰੂਪੀ ਘਰ ਵਿੱਚ ਕ੍ਰਿਸ਼ਨ, ਵਿਸ਼ਨੂੰ ਆਦਿਕ ਕਈ ਪੁਰਖ ਪੈਦਾ ਹੋਏ।ਤੂੰ ਧੰਨ ਧੰਨ ਹੈਂ।
"ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥ਜਹ ਖੇਲੈ ਸ੍ਰੀ ਨਾਰਾਇਨਾ ॥੩॥
ਉਚਾਰਨ ਸੇਧ : 'ਜਹ' ਦਾ ਉਚਾਰਣ 'ਜ੍ਹਾਂ' ਵਾਂਗ ਕਰਨਾ ਹੈ। 'ਜਹਿਂ' ਕਰਨਾ ਦਰੁਸਤ ਨਹੀਂ।
ਪਦ-ਅਰਥ: ਬਨਖੰਡ-{ਬਹੁਵਚਨ ਨਾਂਵ} ਜੰਗਲ।ਬਿੰਦ੍ਰਾਬਨਾ-ਜੰਗਲ ਰੂਪ ਬਿੰਦ੍ਰਾਬਨ।ਜਹ-{ਸਥਾਨ-ਵਾਚੀ ਕਿਰਿਆ-ਵਿਸ਼ੇਸ਼ਣ}ਜਿੱਥੇ।ਸ੍ਰੀ ਨਾਰਾਇਨਾ-ਅਕਾਲ ਪੁਰਖ ਜੀ।
ਅਰਥ:
ਸੰਸਾਰ ਦੇ ਸਮੂਹ ਜੰਗਲ ਰੂਪ ਬਿੰਦ੍ਰਾਬਨ ਭੀ ਬਲਿਹਾਰੇ ਜਾਣ ਯੋਗ ਹੈ ਜਿਹਨਾਂ ਵਿੱਚ ਅਕਾਲ ਪੁਰਖ ਜੀ ਆਪਣੀਆਂ ਸੁੰਦਰ ਖੇਡਾਂ ਖੇਡ ਰਿਹਾ ਹੈ।ਸੰਸਾਰ ਦੀ ਸਾਰੀ ਬਨਾਸਪਤੀ ਦੇ ਵਿਕਾਸ ਰਾਹੀਂ ਅਕਾਲ ਪੁਰਖ ਦੀ ਸ਼ਕਤੀ ਦਾ ਵਿਕਾਸ ਹੋ ਰਿਹਾ ਹੈ।ਹਰ ਥਾਂ 'ਤੇ ਅਕਾਲ ਪੁਰਖ ਦਾ ਹੁਕਮ,ਸਤਿਆ ਰੂਪ ਬੰਸਰੀ-ਨਾਦ ਸੁਣਾਈ ਦਿੰਦਾ ਹੈ।
"ਬੇਨੁ ਬਜਾਵੈ ਗੋਧਨੁ ਚਰੈ ॥ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥
ਉਚਾਰਨ ਸੇਧ : ਆਨੰਦ। 'ਗੋਧਨੁ' ਸ਼ਬਦ ਵਿੱਚ ਆਏ 'ਧ' ਦਾ ਉਚਾਰਣ ਗਉਣ ਧੁਨੀ ਨਾਲ ਕਰਨਾ ਹੈ।
  ਪਦ-ਅਰਥ :
ਗੋਧਨੁ-{ਇਕੱਠ ਵਾਚਕ} ਗਾਈਆਂ ਰੂਪ ਧਨ,ਜਗਤ,ਸ੍ਰਿਸ਼ਟੀ। ਚਰੈ-{ਕਿਰਿਆ, ਵਰਤਮਾਨ ਕਾਲ, ਅਨਪੁਰਖ, ਇਕਵਚਨ} ਚਰਦੀ ਹੈ, ਕਾਰ-ਵਿਹਾਰ ਵਿੱਚ ਲੱਗੀ ਹੈ। ਨਾਮੇ ਕਾ-{ਸੰਬੰਧ ਕਾਰਕ} ਨਾਮਦੇਵ ਜੀ ਦਾ। ਸੁਆਮੀ-ਮਾਲਕ। ਆਨਦੁ-{ਇਕਵਚਨ ਵਿਸ਼ੇਸ਼ਣ}ਖੁਸ਼ੀ,ਕੌਤਕ।
ਨੋਟ: 'ਆਨਦ' ਸ਼ਬਦ ਦਾ ਸ਼ੁੱਧ ਰੂਪ ਗੁਰਬਾਣੀ ਲਗ-ਮਾਤ੍ਰ ਨਿਯਮਾਂਵਲੀ ਅਨੁਸਾਰ 'ਆਨਦੁ' ਚਾਹੀਦਾ ਹੈ।ਲਿਖ਼ਤੀ-ਬੀੜਾਂ ਵਿੱਚ ਸ਼ੁੱਧ ਰੂਪ ਮਿਲਦਾ ਹੈ।
ਅਰਥ:
ਅਕਾਲ ਪੁਰਖ ਆਪਣੀ ਹੁਕਮ ਰੂਪੀ ਬੰਸਰੀ ਵਜਾ ਰਿਹਾ ਹੈ।ਅਕਾਲ ਪੁਰਖ ਦੀ ਬੰਸਰੀ ਦੇ ਪ੍ਰਭਾਵ ਹੇਠ ਗਊ ਰੂਪ ਸ੍ਰਿਸ਼ਟੀ ਚਰ ਰਹੀ ਹੈ।ਭਾਵ ਹੁਕਮ ਅਧੀਨ ਹੀ ਸਾਰੀ ਸ੍ਰਿਸ਼ਟੀ ਦਾ ਕਾਰ ਵਿਹਾਰ ਚੱਲ ਰਿਹਾ ਹੈ।ਨਾਮਦੇਵ ਜੀ ਦਾ ਮਾਲਕ ਅਕਾਲ ਪੁਰਖ, ਸਾਰੀ ਸ੍ਰਿਸ਼ਟੀ ਤੋਂ ਆਪਣੇ ਹੁਕਮ ਅਨੁਸਾਰ ਕਾਰ ਵਿਹਾਰ ਕਰਵਾ ਕੇ ਆਨੰਦ ਕਰ ਰਿਹਾ ਹੈ।
ਸਾਰਾਂਸ਼:
ਇਸ ਸ਼ਬਦ ਵਿੱਚ 'ਬੇਨੁ, ਮੇਘਾ,ਰੋਮਾਵਲੀ ਤੋਂ ਬਣੀ ਕੰਬਲੀ, ਕ੍ਰਿਸ਼ਨ, ਮਾਤਾ ਦੇਵਕੀ, ਕਵਲਾਪਤੀ, ਬਿੰਦ੍ਰਾਬਨ ਨੂੰ ਧਨਤਾ ਯੋਗ ਕਹਿਣਾ ਸਰਗੁਣ ਉਪਾਸਨਾ ਦਾ ਲਖਾਇਕ ਨਹੀਂ ਹੈ।ਗੁਰਬਾਣੀ ਵਿੱਚ ਅਰਥ ਕਰਨ ਸਮੇਂ ਗੁਰਬਾਣੀ ਦੀ ਲਗ-ਮਾਤ੍ਰੀ ਦਾ ਧਿਆਨ ਰੱਖਣਾ ਜ਼ਰੂਰੀ ਹੈ।ਲਗਾਂ, ਮਾਤ੍ਰਾਂ ਆਦਿ ਦਾ ਅਰਥਾਂ ਵਿੱਚ ਬਹੁਤ ਮਹੱਤਵ ਹੈ।ਲਗ-ਮਾਤ੍ਰੀ ਨਿਯਮਾਂਵਲੀ ਦੇ ਨਾਲ-ਨਾਲ 'ਕਾਵਿ-ਗਿਆਨ' ਦਾ ਧਿਆਨ ਹੋਣਾ ਭੀ ਜ਼ਰੂਰੀ ਹੈ।ਸੰਸਾਰ ਦੀ ਹਰ ਬੋਲੀ ਦੇ ਸਾਹਿਤ ਵਿੱਚ 'ਉਪਮਾ, ਰੂਪਕ, ਬਿਆਜ-ਨਿੰਦਾ, ਬਿਆਜ-ਉਸਤਤਿ, ਅਨੁਪ੍ਰਾਸ, ਉਤਪ੍ਰੇਕਾ, ਪਰਿਣਾਮ' ਆਦਿਕ ਕਈ ਅਲੰਕਾਰ ਵਰਤੇ ਜਾਂਦੇ ਹਨ।ਕਾਵਿ-ਸੰਸਾਰ ਦੀ ਇਸ ਕਲਾ ਤੋਂ ਅਣਜਾਣ ਭੀ ਕਈ ਵੇਰ ਸ਼ਬਦਾਂ ਦੇ ਅਰਥਾਂ ਨੂੰ ਸਮਝਣੋਂ ਅਸਮਰਥ ਹੋ ਜਾਂਦੇ ਹਨ। ਇਸ ਸ਼ਬਦ ਵਿੱਚ ਨਿਰਗੁਣ ਨਿਰੰਕਾਰ ਦੇ ਕੌਤਕਾਂ ਦਾ ਜ਼ਿਕਰ ਅਲੰਕਾਰਿਕ ਬੋਲੀ ਵਿੱਚ ਭਗਤ ਜੀ ਨੇ ਕੀਤਾ ਹੈ। ਪ੍ਰਭੂ-ਹੁਕਮ, ਕੁਦਰਤਿ-ਨਿਯਮਾਂਵਲੀ ਜੋ ਇਕ-ਸਾਰ ਵਰਤ ਰਹੀ ਹੈ ਦਾ ਵਿਸ਼ਾ-ਪ੍ਰਧਾਨ ਉਕਤ ਸ਼ਬਦ ਵਿੱਚ ਮੁੱਖ ਹੈ।
ਭੁੱਲ-ਚੁੱਕ ਦੀ ਖ਼ਿਮਾ
ਹਰਜਿੰਦਰ ਸਿੰਘ 'ਘੜਸਾਣਾ'
[email protected]




.