.

ਸੁਖਮਈ ਜੀਵਨ ਅਹਿਸਾਸ (ਭਾਗ-4)

(ਸੁਖਜੀਤ ਸਿੰਘ ਕਪੂਰਥਲਾ)

ਉਪਰੋਕਤ ਸਿਰਲੇਖ ਅਧੀਨ ਚਲ ਰਹੀ ਲੇਖ ਲੜੀ ਅਧੀਨ ਅਸੀਂ ਸਮਝਣ ਦਾ ਯਤਨ ਕਰ ਰਹੇ ਹਾਂ ਕਿ ਸੰਸਾਰ ਦਾ ਹਰ ਪ੍ਰਾਣੀ ਕਿਸੇ ਨਾ ਕਿਸੇ ਰੂਪ ਵਿੱਚ ਦੁਖੀ ਕਿਉਂ ਹੈ? ਭਾਵੇਂ ਉਹ ਕਿਸੇ ਵੀ ਧਰਮ/ਇਸ਼ਟ ਨੂੰ ਮੰਨ ਕੇ ਪੂਜਾ ਅਰਚਾ ਕਰਦਾ ਹੋਇਆ ਹਮੇਸ਼ਾ ਸੁਖ ਦੀ ਮੰਗ ਹੀ ਕਰਦਾ ਹੈ, ਪਰ ਫਿਰ ਵੀ ਦੁਖੀ ਕਿਉਂ? ਇਸ ਭੇਦ ਦੀ ਸਮਝ ਗੁਰੂ ਦੇ ਸ਼ਬਦ ਨਾਲ ਜੁੜਣ ਵਾਲੇ ਗੁਰਮੁਖਾਂ ਨੂੰ ਹੀ ਆਉਂਦੀ ਹੈ, ਉਹ ਫਿਰ ਦੁਖਾਂ ਨੂੰ ਵੀ ‘ਏਹਿ ਭਿ ਦਾਤਿ ਤੇਰੀ ਦਾਤਾਰ` (੫) ਮੰਨਦੇ ਹੋਏ ਭਾਵੇ ਅੰਦਰ ਵਿਚਰਵਾ ਸਿਖ ਜਾਂਦੇ ਹਨ-

-ਸੁਖ ਕਉ ਮਾਗੈ ਸਭ ਕੋ ਦੁਖੁ ਨ ਮਾਗੈ ਕੋਇ।।

ਸੁਖੈ ਕਉ ਦੁਖੁ ਅਗਲਾ ਮਨਮੁਖਿ ਬੂਝ ਨ ਹੋਇ।।

ਸੁਖ ਦੁਖ ਸਮ ਕਰਿ ਜਾਣੀਅਹਿ ਸਬਦਿ ਭੇਦਿ ਸੁਖ ਹੋਇ।।

(ਸਿਰੀਰਾਗ ਮਹਲਾ ੧-੫੭)

-ਜਬ ਲਗੁ ਹੁਕਮੁ ਨ ਬੂਝਤਾ ਤਬ ਹੀ ਲਉ ਦੁਖੀਆ।।

ਗੁਰ ਮਿਲਿ ਹੁਕਮ ਪਛਾਣਿਆ ਤਬ ਹੀ ਤੇ ਸੁਖੀਆ।।

(ਆਸਾ ਮਹਲਾ ੫- ੪੦੦)

‘ਸੁਖਮਈ ਜੀਵਨ ਅਹਿਸਾਸ` ਤਕ ਪਹੁੰਚਣ ਲਈ ਜ਼ਰੂਰੀ ਹੈ ਪਹਿਲਾਂ ਕੁੱਝ ਤਿਆਗਣਾ ਵੀ ਪੈਣਾ ਹੈ। ਪਰ ਅਫਸੋਸ! ਕਿ ਅਸੀਂ ਪਾਉਣਾ ਤਾਂ ਸਾਰੇ ਚਾਹੁੰਦੇ ਹਾਂ, ਪਰ ਕੁੱਝ ਛੱਡਣਾ ਕਦੀ ਵੀ ਨਹੀਂ ਚਾਹੁੰਦੇ। ਇਸ ਪੱਖ ਨੂੰ ਸਮਝਣ ਲਈ ਨਿਮਨਲਿਖਤ ਗਾਥਾ ਨੂੰ ਵਾਚਣਾ ਲਾਹੇਵੰਦ ਰਹੇਗਾ-

ਕਹਿੰਦੇ ਇੱਕ ਫਕੀਰ ਰੋਜ਼ਾਨਾ ਮੰਦ-ਕਰਮੀ ਔਰਤ ਦੇ ਦਰ ਉਪਰ ਭਿਖਿਆ ਮੰਗਣ ਲਈ ਜਾਂਦਾ ਸੀ। ਇੱਕ ਦਿਨ ਉਸ ਔਰਤ ਨੇ ਫਕੀਰ ਕੋਲੋਂ ਆਪਣੇ ਲਈ ਕੁੱਝ ਉਪਦੇਸ਼ ਦੇਣ ਦੀ ਮੰਗ ਕੀਤੀ। ਫਕੀਰ ਉਸ ਨਾਲ ਅਗਲੇ ਦਿਨ ਦਾ ਵਾਅਦਾ ਕਰਕੇ ਚਲਾ ਗਿਆ। ਅਗਲੇ ਦਿਨ ਜਦੋਂ ਫਕੀਰ ਨੇ ਦਰਵਾਜ਼ੇ ਅੱਗੇ ਆ ਕੇ ਅ-ਲੱਖ ਦੀ ਧੁਨੀ ਅਲਾਪੀ ਤਾਂ ਔਰਤ ਅੰਦਰੋਂ ਦੁਧ ਦਾ ਭਰਿਆ ਗਿਲਾਸ ਲੈ ਕੇ ਦੇਣ ਲਈ ਲਿਆਈ। ਫਕੀਰ ਨੇ ਆਪਣਾ ਕਰਮੰਡਲ ਅੱਗੇ ਕੀਤਾ। ਪਰ ਔਰਤ ਨੇ ਕਰਮੰਡਲ ਅੰਦਰ ਝਾਤੀ ਮਾਰਦੇ ਹੋਏ ਆਪਣਾ ਹੱਥ ਪਿਛੇ ਖਿਚ ਲਿਆ ਅਤੇ ਦੁਧ ਪਾਉਣ ਤੋਂ ਸਪਸ਼ਟ ਇਨਕਾਰ ਕਰ ਦਿੱਤਾ। ਫਕੀਰ ਦੇ ਕਾਰਣ ਪੁੱਛਣ ਤੇ ਉਸ ਨੇ ਦਸਿਆ ਕਿ ਤੁਹਾਡਾ ਕਰਮੰਡਲ ਤਾਂ ਗੋਬਰ/ ਗੰਦਗੀ ਨਾਲ ਭਰਿਆ ਪਿਆ ਹੈ, ਉਹ ਇਸ ਵਿੱਚ ਦੁੱਧ ਕਿਵੇਂ ਪਾ ਦੇਵੇ, ਇਸ ਨਾਲ ਤਾਂ ਅੰਮ੍ਰਿਤ ਰੂਪੀ ਦੁੱਧ ਵੀ ਖਰਾਬ ਹੋ ਜਾਵੇਗਾ। ਫਕੀਰ ਨੇ ਆਖਿਆ ਕਿ ਬੀਬੀ ਤੇਰੇ ਲਈ ਵੀ ਅੱਜ ਦਾ ਉਪਦੇਸ਼ ਇਹੀ ਹੈ, ਜੇਕਰ ਤੂੰ ਸਮਝਦੀ ਹੈ, ਕਿ ਗੰਦਗੀ ਨਾਲ ਭਰੇ ਕਰਮੰਡਲ ਵਿੱਚ ਦੁਧ ਪਾਉਣਾ ਠੀਕ ਨਹੀ ਹੈ, ਇਸ ਨੂੰ ਪਹਿਲਾਂ ਸਾਫ ਕਰਨਾ ਜ਼ਰੂਰੀ ਹੈ, ਠੀਕ ਇਸੇ ਤਰਾਂ ਪ੍ਰਮ-ਪਿਤਾ ਪ੍ਰਮੇਸ਼ਰ ਦੇ ਘਰ ਦਾ ਗਿਆਨ ਹਿਰਦੇ ਰੂਪੀ ਭਾਂਡੇ ਵਿੱਚ ਟਿਕਾਉਣ ਲਈ ਇਸ ਨੂੰ ਸਾਫ ਕਰਨਾ ਤਾਂ ਉਸ ਤੋਂ ਵੀ ਵੱਧ ਜ਼ਰੂਰੀ ਹੈ। ਇਸ ਗਾਥਾ ਤੋਂ ਮਿਲਦੀ ਸਿਖਿਆ ਅਨੁਸਾਰ ਸਾਨੂੰ ਆਪਣੇ ਜੀਵਨ ਦੀ ਸਵੈ-ਪੜਚੋਲ ਕਰਨ ਦੀ ਲੋੜ ਹੈ।

ਸੁਖਮਈ ਜੀਵਨ ਅਹਿਸਾਸ` ਬਣਿਆ ਰਹੇ, ਇਸ ਲਈ ਗੁਰੂ ਦੀ ਮੱਤ ਜੀਵਨ ਵਿੱਚ ਵਸਾਉਣੀ ਪਵੇਗੀ, ਪਰ ਇਹ ਤਾਂ ਹੀ ਸੰਭਵ ਹੋਵੇਗਾ ਜੇਕਰ ਪਹਿਲਾਂ ਮਨ ਦੀ ਮੱਤ ਦਾ ਤਿਆਗ ਕੀਤਾ ਜਾਵੇ। ਐਸਾ ਕਿਵੇਂ ਕੀਤਾ ਜਾਵੇ? ਇਸ ਲਈ ਗੁਰਬਾਣੀ ਤੋਂ ਵਧੀਆ ਗਿਆਨ ਹੋਰ ਕਿਤਿਓ ਵੀ ਨਹੀਂ ਮਿਲ ਸਕਦਾ-

-ਮਨ ਕੀ ਮਤਿ ਤਿਆਗਹੁ ਹਰਿ ਜਨ ਹੁਕਮ ਬੂਝਿ ਸੁਖਿ ਪਾਈਐ ਰੇ।।

ਜੋ ਪ੍ਰਭੁ ਕਰੇ ਸੋਈ ਭਲ ਮਾਨਉ ਸੁਖਿ ਦੁਖਿ ਓਹੀ ਧਿਆਈਐ ਰੇ।।

(ਗਉੜੀ ਮਹਲਾ ੫-੨੦੯)

-ਮਨ ਕੀ ਮਤਿ ਤਿਆਗੀਐ ਸੁਣੀਐ ਉਪਦੇਸੁ।।

(ਬਿਲਾਵਲ ਮਹਲਾ ੫-੮੧੪)

-ਮਨ ਕੀ ਮਤਿ ਤਿਆਗਹੁ ਹਰਿ ਜਨ ਏਹਾ ਬਾਤ ਕਠੈਨੀ।।

ਅਨਦਿਨੁ ਹਰਿ ਹਰਿ ਨਾਮੁ ਧਿਆਵਹੁ ਗੁਰ ਸਤਗਿੁਰ ਕੀ ਮਤਿ ਲੈਨੀ।।

(ਬਿਲਾਵਲ ਮਹਲਾ ੪-੮੦੦)

ਜਦੋਂ ਸਾਡੇ ਜੀਵਨ ਵਿੱਚ ਮਨਮਤਿ ਦੀ ਥਾਂ ਗੁਰਮਤਿ ਆ ਜਾਵੇਗੀ, ਫਿਰ ਗੁਰੂ ਦੀ ਮੱਤ ਵਾਲੇ ਥਰਮਾਮੀਟਰ ਨਾਲ ਅੰਦਰਲੇ ਅਉਗਣਾਂ ਨਾਲ ਚੜੇ ਵਿਸ਼ੇ ਵਿਕਾਰਾਂ ਰੂਪੀ ਤਾਪ ਦੇ ਕਾਰਣਾਂ ਦੀ ਪਹਿਚਾਣ ਵੀ ਹੋ ਜਾਵੇਗੀ।

ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਦੀਆਂ ਰੁਕਾਵਟਾਂ ਦੇ ਵਿਚੋਂ ਇੱਕ ਅਉਗਣ-ਅਹੰਕਾਰ/ਗਰਬ/ ਹਉਮੈ/ ਗੁਮਾਨ ਵੀ ਹੈ। ਗੁਰਬਾਣੀ ਦਸਦੀ ਹੈ ਕਿ ਹਉਮੈ ਦੇ ਕਾਰਣ ਹੀ ਮਨੁੱਖ ਆਪਣੇ ਜੀਵਨ ਮਨੋਰਥ ਰੂਪੀ ਮੰਜ਼ਿਲ ਪ੍ਰਮਾਤਮਾ ਦੀ ਪ੍ਰਾਪਤੀ ਕਰਨ ਤੋਂ ਵਾਂਝਾ ਰਹਿ ਜਾਂਦਾ ਹੈ ਅਤੇ 84 ਲੱਖ ਜੂਨਾਂ ਵਿਚੋਂ ਮਿਲੇ ਸਰਵੋਤਮ ਜੀਵਨ ਦੀ ਬਾਜੀ ਹਾਰ ਕੇ ਫਿਰ ਵੱਖ-ਵੱਖ ਜੂਨਾਂ ਦੇ ਚਕਰ ਵਿੱਚ ਪੈ ਜਾਂਦਾ ਹੈ। ਐਸਾ ਹੋਣ ਦੇ ਕਾਰਣ ਉਪਰ ਗੁਰੂ ਨਾਨਕ ਸਾਹਿਬ ‘ਸਿਧ ਗੋਸਟਿ` ਬਾਣੀ ਰਾਹੀਂ ਸਵਾਲ ਜਵਾਬ ਰੂਪ ਅੰਦਰ ਚਾਨਣ ਪਾਉਂਦੇ ਹਨ-

ਕਿਤੁ ਕਿਤੁ ਬਿਧਿ ਜਗੁ ਉਪਜੈ ਪੁਰਖਾ ਕਿਤੁ ਕਿਤੁ ਦੁਖਿ ਬਿਨਸਿ ਜਾਈ।।

ਹਉਮੈ ਵਿਚਿ ਜਗੁ ਉਪਜੈ ਪੁਰਖਾ ਨਾਮਿ ਵਿਸਰਿਐ ਦੁਖੁ ਪਾਈ।।

(ਰਾਮਕਲੀ ਮਹਲਾ ੧-੯੪੬)

ਪ੍ਰਮੇਸ਼ਰ ਦੀ ਪ੍ਰਾਪਤੀ ਉਸ ਦੇ ਨਾਮ ਨਾਲ ਜੁੜ ਕੇ ਹੀ ਹੋ ਸਕਦੀ ਹੈ, ਪਰ ਜੇਕਰ ਅਸੀਂ ਹਉਮੈ ਅਧੀਨ ਹਾਂ ਤਾਂ ਧਰਮ ਦੇ ਖੇਤਰ ਅੰਦਰ ਵਿਚਰਦੇ ਹੋਏ ਜਿਹੜੇ ਮਰਜ਼ੀ ਕਾਰਜ ਕਰ ਲਈਏ, ਉਹਨਾਂ ਵਿਚੋਂ ਸਫਲਤਾ ਦੀ ਆਸ ਰਖਣੀ ਬਿਲਕੁਲ ਨਿਰਰਥਕ ਹੈ, ਸਾਰੀ ਮਿਹਨਤ ਵਿਅਰਥ ਹੀ ਚਲੀ ਜਾਵੇਗੀ-

-ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ।।

ਹਉਮੈ ਵਿੱਚ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ।।

(ਵਡਹੰਸ ਮਹਲਾ ੩-੫੬੦)

- ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ।।

ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ।।

ਹਉਮੈ ਕਿਥਹੁ ਉਪਜੈ ਕਿਤੁ ਸੰਜਮਿ ਇਹ ਜਾਇ।।

ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ।।

(ਵਾਰ ਆਸਾ- ਮਹਲਾ ੨-੪੬੬)

-ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ।।

ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ।। ੪੬।।

(ਸਲੋਕ ਮਹਲਾ ੯-੧੪੨੮)

ਭਗਤ ਕਬੀਰ ਜੀ ਅਤੇ ਬਾਬਾ ਫਰੀਦ ਜੀ ਬਹੁਤ ਸੁੰਦਰ ਦ੍ਰਿਸ਼ਟਾਂਤ ਦੇ ਕੇ ਇਸ ਵਿਸ਼ੇ ਉਪਰ ਗਿਆਨ ਬਖਸ਼ਿਸ਼ ਕਰਦੇ ਹਨ ਕਿ ਜਿਹੜੇ ਮਨੁੱਖ ਆਪਣੀ ਧਨ ਦੌਲਤ, ਜੋਬਨ, ਜਵਾਨੀ, ਚੌਧਰ, ਪਦਵੀਆਂ ਆਦਿ ਦੇ ਮਾਣ ਅਹੰਕਾਰ ਵਿੱਚ ਦੇਣਹਾਰ ਦਾਤਾਰ ਨੂੰ ਭੁੱਲ ਜਾਂਦੇ ਹਨ, ਇਹ ਸਭ ਕੁੱਝ `ਚਾਰ ਦਿਨ ਕੀ ਚਾਨਣੀ ਫਿਰ ਅੰਧੇਰੀ ਰਾਤ` ਵਾਂਗ ਬਿਨਸਨਹਾਰ ਹੈ, ਸਾਥ ਨਿਭਣ ਵਾਲਾ ਨਹੀਂ। ਜਿਵੇਂ ਦਰਖਤਾਂ ਦੇ ਹਰੇ ਪੱਤੇ ਥੋੜੇ ਸਮੇਂ ਬਾਦ ਹੀ ਆਪਣਾ ਰੰਗ ਬਦਲ ਲੈਂਦੇ ਹਨ ਅਤੇ ਝੜ ਜਾਂਦੇ ਹਨ, ਵਰਖਾ ਤਾਂ ਉਚੇ ਟਿਬਿਆਂ ਉਪਰ ਵੀ ਇੱਕ ਸਮਾਨ ਪੈਂਦੀ ਹੈ, ਪ੍ਰੰਤੂ ਉਚੇ ਟਿਬਿਆਂ ਉਪਰ ਪਾਣੀ ਨਹੀਂ ਠਹਿਰਦਾ, ਉਹ ਫਿਰ ਸੁਕੇ ਦੇ ਸੁਕੇ ਹੀ ਰਹਿ ਜਾਂਦੇ ਹਨ, ਇਸੇ ਤਰਾਂ ਹੰਕਾਰੀ ਜੀਵ ਪ੍ਰਮੇਸ਼ਰ ਦੀ ਕ੍ਰਿਪਾ ਤੋਂ ਹਮੇਸ਼ਾ ਖਾਲੀ ਹੀ ਰਹਿੰਦੇ ਹਨ। ਅੱਜ ਦਾ ਧਨਵਾਨ ਕੱਲ ਨੂੰ ਕੰਗਾਲ ਵੀ ਹੋ ਸਕਦਾ ਹੈ। ਕੀ ਪਤਾ ਪ੍ਰਮੇਸ਼ਰ ਦੀ ਖੇਡ ਕਿਵੇਂ ਅਤੇ ਕਦੋਂ ਵਾਪਰ ਜਾਵੇ-

-ਕਹਾ ਕਰ ਗਰਬਸਿ ਥੋਰੀ ਬਾਤ।।

ਮਨ ਦਸ ਨਾਜੁ ਟਕਾ ਚਾਰ ਗਾਂਠੀ ਐਂਡੋ ਟੇਢੌ ਜਾਤੁ।। ੧।। ਰਹਾਉ।।

ਬਹੁਤ ਪ੍ਰਤਾਪੁ ਗਾਉ ਸਉ ਪਾਏ ਦੁਇ ਲਖ ਟਕਾ ਬਰਾਤ।।

ਦਿਵਸ ਚਾਰਿ ਕੀ ਕਰਹੁ ਸਾਹਿਬੀ ਜੈਸੇ ਬਨ ਹਰ ਪਾਤ।। ੧।।

ਨਾ ਕੋਊ ਕੈ ਆਇਓ ਇਹੁ ਧਨੁ ਨਾ ਕੋਊ ਲੈ ਜਾਤੁ।।

ਰਾਵਨ ਹੂੰ ਤੇ ਅਧਿਕ ਛਤ੍ਰਪਤਿ ਖਿਨ ਮਹਿ ਗਏ ਬਿਲਾਤ।। ੨।। …

(ਰਾਗ ਸਾਰੰਗ-ਕਬੀਰ ਜੀ-੧੨੫੧)

-ਫਰੀਦਾ ਗਰਬੁ ਜਿਨਾ ਵਡਿਆਈਆ ਧਨਿ ਜੋਬਨਿ ਆਗਾਹ।।

ਖਾਲੀ ਚਲੇ ਧਣੀ ਸਿਉ ਟਿਬੇ ਜਿਉ ਮੀਹਾਹੁ।। ੧੦੫।।

(ਸਲੋਕ ਫਰੀਦ ਜੀ-੧੩੮੩)

- ਕਬੀਰ ਗਰਬੁ ਨ ਕੀਜੀਐ ਰੰਕ ਨ ਹਸੀਐ ਕੋਇ।।

ਅਜਹੁ ਸੁ ਨਾਉ ਸਮੁਦ੍ਰ ਮਹਿ ਕਿਆ ਜਾਨਉ ਕਿਆ ਹੋਇ।। ੩੯।।

(ਸਲੋਕ ਕਬੀਰ ਜੀ- ੧੩੬੬)

ਸਾਰੰਗ ਰਾਗ ਦੀ ਵਾਰ ਅੰਦਰ ਗੁਰੂ ਨਾਨਕ ਸਾਹਿਬ ਵਲੋਂ ਆਪਣੇ ਇੱਕ ਸਲੋਕ ਰਾਹੀਂ ਇਸ ਪੱਖ ਉਪਰ ਬਹੁਤ ਹੀ ਸੁੰਦਰ ਤਰੀਕੇ ਨਾਲ ਸਮਝਾਉਂਦੇ ਹੋਏ ਦਰਸਾਇਆ ਹੈ ਕਿ ਕਈ ਮਨੁੱਖਾਂ ਦੇ ਪੱਲੇ ਨਾ ਅਕਲ, ਨਾ ਬੁਧ ਸੁਧ, ਨਾ ਪ੍ਰਮ ਪਿਤਾ ਪ੍ਰਮੇਸ਼ਰ ਦੇ ਨਾਮ ਦੀ ਸਮਝ, ਹੰਕਾਰ ਦੀਆਂ ਟੀਸੀਆਂ ਉਪਰ ਚੜ ਕੇ ਦੂਜੇ ਸਾਰਿਆਂ ਨੂੰ ਆਪਣੇ ਤੋਂ ਛੋਟਾ-ਨੀਵਾਂ ਸਮਝਣ ਵਾਲੇ, ਆਪਣੇ ਆਪ ਨੂੰ ਸਭ ਤੋਂ ਸਿਆਣਾ, ਵਿਦਵਾਨ, ਧਨਵਾਨ ਆਖਣ ਵਾਲੇ ਅਸਲ ਵਿੱਚ ਜੀਵਨ ਵਿਚਲੇ ਲੋੜੀਂਦੇ ਗੁਣਾਂ ਤੋਂ ਖਾਲੀ ‘ਕਹੁ ਕਬੀਰ ਛੂਛਾ ਘਟੁ ਬੋਲੈ।। ਭਰਿਆ ਹੋਇ ਸੁ ਕਬਹੁ ਨ ਡੋਲੈ।। ` (੮੭੦) ਵਾਂਗ ਆਪਣੀ ਵਡਿਆਈ ਦੀਆਂ ਟਾਹਰਾਂ ਮਾਰਣ ਵਾਲੇ ਅਸਲੀ ਖੋਤੇ ਹਨ। ਜਿਵੇਂ ਖੋਤੇ ਉਪਰ ਪੱਥਰਾਂ, ਇੱਟਾਂ, ਮਿੱਟੀ ਆਦਿ ਲੱਦ ਦਿਉ ਭਾਵੇਂ ਚੰਦਨ ਹੀਰੇ ਜਵਾਹਰਾਤ ਲੱਦ ਦਿਉ, ਉਸ ਲਈ ਕੇਵਲ ਭਾਰ ਹੀ ਹੁੰਦਾ ਹੈ। ਅਸੀਂ ਮਨੁੱਖ ਹਾਂ, ਮਨੁੱਖਾਂ ਵਾਲੇ ਕੰਮ ਕਰਦੇ ਹੋਏ ਜੀਵਨ ਵਿੱਚ ਮਨੁੱਖਤਾ ਦੇ ਭਲੇ ਲਈ ਹਮੇਸ਼ਾ ਕਾਰਜ਼ਸ਼ੀਲ ਰਹੀਏ- ਐਸਾ ਕਰਨ ਨਾਲ ਹੀ ਜੀਵਨ ਵਿੱਚ ‘ਸੁਖਮਈ ਜੀਵਨ ਅਹਿਸਾਸ` ਬਣਿਆ ਰਹਿ ਸਕਦਾ ਹੈ-

ਇਕਨਾ ਸੁਧਿ ਨ ਬੁਧਿ ਨ ਅਕਲਿ ਸਰ ਅਖਰ ਕਾ ਭੇਉ ਨ ਲਹੰਤ।।

ਨਾਨਕ ਸੇ ਨਰ ਅਸਲਿ ਖਰ ਜਿ ਬਿਨੁ ਗੁਣ ਗਰਬੁ ਕਰੰਤਿ।।

(ਵਾਰ ਸਾਰੰਗ-ਮਹਲਾ ੧-੧੨੪੬)

ਜਿਥੇ ਗੁਰਬਾਣੀ ਨੇ ‘ਹਉਮੈ ਰੋਗ ਮਾਨੁਖ ਕਉ ਦੀਨਾ` (੧੧੪੦) ਆਖਦੇ ਹੋਏ ਹਉਮੈ ਨੂੰ ਦੀਰਘ ਰੋਗ ਦੀ ਸੰਗਿਆ ਦਿੱਤੀ ਹੈ, ਪਰ ਨਾਲ ਹੀ ਇਹ ਵੀ ਦੱਸਿਆ ਹੈ ਕਿ ਇਹ ਰੋਗ ਲਾ-ਇਲਾਜ ਨਹੀਂ ਹੈ, ਇਸ ਦਾ ਇਲਾਜ ਗੁਰ-ਸ਼ਬਦ ਦੀ ਰੋਸ਼ਨੀ ਵਿੱਚ ਚਲਦੇ ਹੋਏ ਪ੍ਰਮੇਸ਼ਰ ਦੀ ਕ੍ਰਿਪਾ ਦੇ ਪਾਤਰ ਬਣਕੇ ਜੀਵਨ ਨੂੰ ਸਫਲ ਕੀਤਾ ਜਾ ਸਕਦਾ ਹੈ-

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ।।

ਕ੍ਰਿਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ।।

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ।।

(ਵਾਰ ਆਸਾ- ਮਹਲਾ ੨-੪੬੬)

========

(ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.