.

ਸਿੱਖ ਸੰਸਥਾਵਾਂ ਅਤੇ ਸਰਬੱਤ ਖਾਲਸਾ

ਹਾਕਮ ਸਿੰਘ

ਸਰਬੱਤ ਖਾਲਸਾ ਦੇ ਸੰਕਲਪ ਅਤੇ ਇਸ ਨਾਲ ਸਬੰਧਿਤ ਇਤਿਹਾਸਕ ਤੱਥਾਂ ਬਾਰੇ ਲੇਖਕਾਂ ਵਿਚ ਇੱਕਸੁਰਤਾ ਦੀ ਘਾਟ ਹੈ। ਕਈ ਇਤਿਹਾਸਕ ਵਾਰਦਾਤਾਂ ਨੂੰ ਸਿੱਖ ਲੇਖਕ ਸ਼ਰਧਾ ਭਾਵਨਾ, ਪ੍ਰਭਾਵ ਜਾਂ ਅਭਿਲਾਸ਼ਾ ਵਸ ਸਰਬੱਤ ਖਾਲਸਾ ਦਾ ਨਾਂ ਦੇ ਦਿੰਦੇ ਹਨ। ਇਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਗੁਰਬਾਣੀ ਵਿਚ ਸਰਬੱਤ ਖਾਲਸਾ ਸ਼ਬਦ ਜੋੜ ਦੀ ਵਰਤੋਂ ਨਹੀਂ ਕੀਤੀ ਗਈ ਹੈ। ਸਰਬੱਤ ਖਾਲਸਾ ਦਾ ਅਰੰਭ ਅਠਾਰਵੀਂ ਸਦੀ ਵਿਚ ਹੋਇਆ ਸੀ। ਇਹ ਮੰਨਿਆ ਜਾਂਦਾ ਹੈ ਕਿ ਸਿੱਖ ਮਿਸਲਾਂ ਦੇ ਆਗੂ ਦਰਬਾਰ ਸਾਹਿਬ ਵਿਚ ਵਿਸਾਖੀ ਅਤੇ ਦਿਵਾਲੀ ਨੂੰ ਇਕੱਠੇ ਹੋ ਕਿ ਵਿਚਾਰ ਵਟਾਂਦਰਾ ਕਰਦੇ ਅਤੇ ਸਰਬਸੰਮਤੀ ਨਾਲ ਮੁਗਲ ਸਾਸ਼ਨ ਵਿਰੁਧ ਜੁੱਧ ਨੀਤੀ ਨਿਰਧਾਰਤ ਕਰਦੇ ਸਨ। ਉਨ੍ਹਾਂ ਦੇ ਇਸ ਇਕੱਠ ਨੂੰ ਸਰਬੱਤ ਖਾਲਸਾ ਅਤੇ ਉਨ੍ਹਾਂ ਦੇ ਫੈਸਲਿਆਂ ਨੂੰ ਗੁਰਮਤਾ ਆਖਿਆ ਜਾਂਦਾ ਸੀ। ਅਜਮੇਰ ਸਿੰਘ ਨੇ ਆਪਣੀ ਪੁਸਤਕ "ਸਿੱਖ ਰਾਜਨੀਤੀ ਦਾ ਦੁਖਾਂਤ" ਵਿਚ ਲਿਖਿਆ ਹੈ: "ਹਰ ਸਾਲ ਵਿਸਾਖੀ ਅਤੇ ਦੀਵਾਲੀ ਦੇ ਦਿਹਾੜੇ ਉੱਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਨਮੁੱਖ ਖਾਲਸੇ ਦਾ ਭਾਰੀ ਇਕੱਠ ਸੱਦਿਆ ਜਾਂਦਾ ਸੀ, ਜਿਥੇ ਕੌਮ ਨੂੰ ਦਰਪੇਸ਼ ਚੁਣੌਤੀਆਂ ਬਾਰੇ ਡੂੰਘੀਆਂ ਵਿਚਾਰਾਂ ਹੁੰਦੀਆਂ ਸਨ ਅਤੇ ਸਰਬ-ਸਾਂਝੇ ਫੈਸਲੇ ਲਏ ਜਾਂਦੇ ਸਨ। ਖਾਲਸੇ ਦਾ ਹਰ ਵਰਗ ਇਨ੍ਹਾਂ ਫੈਸਲਿਆਂ, ਜਿਨ੍ਹਾਂ ਨੂੰ 'ਗੁਰਮਤੇ' ਕਿਹਾ ਜਾਂਦਾ ਸੀ, ਨੂੰ ਮੰਨਣ ਅਤੇ ਲਾਗੂ ਕਰਨ ਲਈ ਪਾਬੰਦ ਹੁੰਦਾ ਸੀ" (ਪੰਨਾ: ੨੫)। ਇਹ ਪਰਥਾ ਮਹਾਰਾਜਾ ਰਣਜੀਤ ਸਿੰਘ ਨੇ ਸਿੱਖ ਮਿਸਲਾਂ ਨੂੰ ਆਪਣੇ ਅਧੀਨ ਕਰਕੇ ਖਤਮ ਕਰ ਦਿੱਤੀ ਸੀ।
ਸਰਬੱਤ ਖਾਲਸਾ ਦੇ ਸੰਕਲਪ, ਕਰਤਵ ਅਤੇ ਵਰਤੋਂ ਬਾਰੇ ਕੁੱਝ ਵਿਚਾਰ ਹੇਠ ਦਿੱਤੇ ਜਾਂਦੇ ਹਨ:
੧. ਸਰਬੱਤ ਖਾਲਸਾ ਸੰਕਲਪ ਦਾ ਗੁਰਬਾਣੀ ਦੇ ਅਧਿਆਤਮਿਕ ਉਪਦੇਸ਼ ਨਾਲ ਕੋਈ ਸਬੰਧ ਨਹੀਂ ਹੈ। ਇਹ ਇਕ ਸਮਾਜਕ ਗਤੀਵਿਧੀ ਸੀ ਜਿਸ ਦਾ ਮਨੋਰਥ ਸਿੱਖ ਸ਼ਰਧਾਲੂਆਂ ਦੀ ਸੁਰੱਖਿਆ ਦੇ ਪ੍ਰਬੰਧ ਅਤੇ ਸਿੱਖ ਮਿਸਲਾਂ ਦੀ ਮੁਗਲ ਸਾਸ਼ਨ ਨਾਲ ਜੰਗ ਅਤੇ ਰਾਜਸੀ ਸਬੰਧਾਂ ਬਾਰੇ ਨੀਤੀ ਨਿਰਧਾਰਤ ਕਰਨਾ ਹੁੰਦਾ ਸੀ। ਕਿਉਂਕਿ ਸਰਬੱਤ ਖਾਲਸਾ ਦੇ ਨਿਰਨੇ ਸਿੱਖ ਧਰਮ ਦੇ ਉਪਾਸ਼ਕਾਂ ਦੀਆਂ ਲੋੜਾਂ, ਭਾਵਨਾਵਾਂ ਅਤੇ ਉਦੇਸ਼ਾਂ ਨਾਲ ਸਬੰਧਿਤ ਹੁੰਦੇ ਸਨ ਇਸ ਲਈ ਉਨ੍ਹਾਂ ਨੂੰ ਇਕ ਧਾਰਮਕ ਕਾਰਜ ਵੀ ਸਮਝਿਆ ਜਾਂਦਾ ਸੀ। ਪਰ ਅਸਲ ਵਿਚ ਇਹ ਸਿੱਖ ਧਰਮ ਦੀ ਮੱਧ ਕਾਲ ਵਿਚ ਸੁਰੱਖਿਆ ਅਤੇ ਸਿੱਖ ਮਿਸਲਾਂ ਵੱਲੋਂ ਰਾਜਸੀ ਸ਼ਕਤੀ ਦੀ ਪ੍ਰਾਪਤੀ ਲਈ ਫੌਜੀ ਅਤੇ ਰਾਜਸੀ ਨੀਤੀ ਨਿਰਧਾਰਤ ਕਰਨ ਲਈ ਸਿੱਖ ਮਿਸਲਦਾਰਾਂ ਦੇ ਇਕੱਠ ਦਾ ਨਾਂ ਸੀ।
੨. ਸੰਗਤ ਸਿੰਘ ਨੇ ਆਪਣੀ ਪੁਸਤਕ "ਸਿਖਸ ਇਨ ਹਿਸਟਰੀ" ਵਿਚ ਲਿਖਿਆ ਹੈ ਕਿ ੧੮੪੪ ਵਿਚ ਸਿੱਖ ਸਿਪਾਹੀ ਆਪਣੇ ਆਪ ਨੂੰ "ਪੰਥ ਖਾਲਸਾ ਜੀ" ਜਾਂ "ਸਰਬੱਤ ਖਾਲਸਾ" ਆਖਣ ਲੱਗ ਪਏ ਸਨ। (ਪੰਨਾ: ੧੨੬)
੩. ਸਰਬੱਤ ਖਾਲਸਾ ਮੱਧ ਯੁਗ ਵਿਚ ਸਿੱਖਾਂ ਲਈ ਔਖੇ ਅਤੇ ਭਿਆਨਕ ਹਾਲਾਤ ਵਿਚ ਸਿੱਖ ਮਿਸਲਾਂ ਵੱਲੋਂ ਜੁੱਧ ਨੀਤੀ ਤਿਆਰ ਕਰਨ ਦੀ ਵਿਧੀ ਸੀ। ਅਜੋਕੇ ਸਮੇਂ ਵਿਚ ਸਰਬੱਤ ਖਾਲਸਾ ਦੀ ਕੋਈ ਪ੍ਰਸੰਗਕਤਾ ਨਹੀਂ ਰਹਿ ਗਈ ਹੈ ਕਿਉਂਕਿ ਨਾ ਤੇ ਸਿਖ ਧਰਮ ਨੂੰ ਕਿਸੇ ਬਾਹਰੀ ਸ਼ਕਤੀ ਤੋਂ ਖ਼ਤਰਾ ਹੈ ਅਤੇ ਨਾ ਹੀ ਕਿਸੇ ਵਿਰੁਧ ਜੁੱਧ ਨੀਤੀ ਨਿਰਧਾਰਤ ਕਰਨ ਦੀ ਲੋੜ ਹੈ। ਸਿੱਖ ਧਰਮ ਤੇ ਹੁਣ ਸਾਰੇ ਸੰਸਾਰ ਵਿਚ ਫੈਲ ਚੁੱਕਾ ਹੈ ਅਤੇ ਵੱਧ ਫੁਲ ਰਿਹਾ ਹੈ। ਸਿੱਖਾਂ ਨੂੰ ਆਪਸ ਵਿਚ ਵਿਚਾਰ ਵਟਾਂਦਰਾ ਕਰਨ ਲਈ ਵੀ ਪੱਤਰ, ਫੋਨ, ਇੰਟਰਨੈਟ ਅਤੇ ਵੀ ਡੀ ਓ ਕਾਨਫਰੰਸ ਜਿਹੀਆਂ ਸੁਵਿਧਾਵਾਂ ਉਪਲੱਬਧ ਹਨ ਜਿਨ੍ਹਾਂ ਦੀ ਵਰਤੋਂ ਕਰਕੇ ਵੱਖੋ ਵਖਰੇ ਦੇਸ਼ਾਂ ਵਿਚ ਵਸਦੇ ਸਿੱਖ ਇਕਤਰਤਾਵਾਂ ਆਯੋਜਿਤ ਕਰਕੇ ਆਪਣੇ ਨੁਮਾਇੰਦਿਆਂ ਰਾਹੀਂ ਸਿੱਖ ਧਰਮ ਨਾਲ ਸਬੰਧਿਤ ਧਾਰਮਕ ਅਤੇ ਸਮਾਜਕ ਮਸਲੇ ਵਿਚਾਰ ਸਕਦੇ ਹਨ।
੪. ਇਹ ਆਖਣਾ ਕਿ ਸਰਬੱਤ ਖਾਲਸਾ ਬੁਲਾਉਣ ਦਾ ਅਧਿਕਾਰ ਕੇਵਲ ਅਕਾਲ ਤਖਤ ਦੇ ਜਥੇਦਾਰ ਨੂੰ ਹੀ ਹੈ ਇਕ ਹਾਸੋਹੀਣਾ ਕਥਨ ਹੈ ਕਿਉਂਕਿ ਨਾ ਤੇ ਇਸ ਕਥਨ ਦਾ ਕੋਈ ਇਤਿਹਾਸਕ ਆਧਾਰ ਹੈ ਅਤੇ ਨਾ ਹੀ ਕੋਈ ਤਰਕ। ਅਠਾਰਵੀਂ ਸਦੀ ਵਿਚ, ਜਦੋਂ ਸਰਬੱਤ ਖਾਲਸਾ ਹੋਣੇ ਸ਼ੁਰੂ ਹੋਏ ਸਨ, ਅਕਾਲ ਤਖਤ ਨਾਂ ਦੀ ਕੋਈ ਸੰਸਥਾ ਹੀ ਨਹੀਂ ਸੀ ਅਤੇ ਨਾ ਹੀ ਕੋਈ ਅਕਾਲ ਤਖਤ ਜਥੇਦਾਰ ਦੀ ਪਦਵੀ ਹੁੰਦੀ ਸੀ। ਇਸ ਸਚਾਈ ਦੇ ਸੰਦਰਭ ਵਿਚ ਸਿੱਖ ਸ਼ਰਧਾਲੂਆਂ ਨੂੰ ਅਕਾਲ ਤਖਤ ਦੇ ਸੰਕਲਪ, ਉਸ ਦੇ ਜਥੇਦਾਰ ਦੀ ਪਦਵੀ ਅਤੇ ਹੈਸੀਅਤ ਬਾਰੇ ਪ੍ਰਚਲਤ ਗਲਤ ਬਿਆਨੀਆਂ ਦੀ ਭਰੋਸੇ ਯੋਗ ਇਤਿਹਾਸਕ ਤੱਥਾਂ ਦੇ ਆਧਾਰ ਤੇ ਨਿਰੀਖਣ ਕਰਨ ਦੀ ਸਖ਼ਤ ਲੋੜ ਹੈ।
੫. ਗੁਰਦੁਆਰਾ ਸੁਧਾਰ ਲਹਿਰ ਸਮੇਂ ਦਰਬਾਰ ਸਾਹਿਬ ਭਵਨ ਸਮੂਹ ਵਿਚ ੧੫ ਨਵੰਬਰ, ੧੯੨੦ ਨੂੰ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਜਿਸ ਵਿਚ ਦੇਸ਼ ਵਿਦੇਸ਼ ਦੇ ਨੁਮਾਇੰਦਿਆਂ ਨੇ ਭਾਗ ਲਿਆ ਸੀ ਅਤੇ ੧੭੫ ਮੈਂਬਰੀ ਸ਼੍ਰੋਮਣੀ ਕਮੇਟੀ ਚੁਣੀ ਸੀ। ਉਸੇ ਕਮੇਟੀ ਨੇ ਗੁਰਦੁਆਰਾ ਸੁਧਾਰ ਲਹਿਰ ਦੀ ਅਗਵਾਈ ਕੀਤੀ ਸੀ ਪਰ ਉਹ ਗੁਰਦੁਆਰਿਆਂ ਵਿਚ ਸੁਧਾਰ ਲਿਆਉਣ ਵਿਚ ਸਫਲ ਨਾ ਹੋ ਸਕੀ ਕਿਉਂਕਿ ਅੰਗਰੇਜ਼ਾਂ ਦੇ ਤਾਬੇਦਾਰ ਸਿੱਖ ਆਗੂਆਂ ਨੇ ਗੁਰਦੁਆਰਾ ਸੁਧਾਰ ਲਹਿਰ ਨੂੰ ਗੁਰਦੁਆਰਾ ਐਕਟ ਬਨਾਉਣ ਦੀ ਪ੍ਰਕਿਰਿਆ ਵਿਚ ਬਦਲ ਦਿੱਤਾ ਸੀ ਜਿਸ ਕਰਕੇ ਉਹ ਕਮੇਟੀ ਭੰਗ ਹੋ ਗਈ ਸੀ।
੬. ੨੬ ਜਨਵਰੀ, ੧੯੮੬ ਨੂੰ ਵੀ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਅਤੇ ੨੯ ਅਪ੍ਰੈਲ, ੧੯੮੬ ਨੂੰ ਨਾਟਕੀ ਢੰਗ ਨਾਲ ਖਾਲ਼ਿਸਤਾਨ ਦੇ ਸੰਘਰਸ਼ ਦੀ ਅਰੰਭਤਾ ਦਾ ਐਲਾਨ ਕਰ ਦਿੱਤਾ ਗਿਆ ਸੀ ਜਿਸ ਦੇ ਫਲ ਸਰੂਪ ਪੰਜਾਬ ਸਰਕਾਰ ਨੇ ਪੰਜਾਬ ਦੇ ਸਿੱਖ ਨੌਜਵਾਨਾਂ ਨੂੰ ਮਾਰ ਮੁਕਾਉਣਾ ਸ਼ੁਰੂ ਕਰ ਦਿੱਤਾ ਸੀ।
੭. ੧੦ ਨਵੰਬਰ ੨੦੧੫ ਨੂੰ ਵੀ ਚੱਬਾ ਪਿੰਡ ਵਿਚ ਸਰਬੱਤ ਖਾਲਸਾ ਬੁਲਾਇਆ ਗਿਆ ਸੀ ਜਿਸ ਵਿਚ ਖਾਲ਼ਿਸਤਾਨ ਪੱਖੀ ਅਕਾਲੀ ਦਲਾਂ, ਸੰਤ ਸਮਾਜ ਦੇ ਕੁੱਝ ਆਗੂਆਂ, ਕਈ ਸਿੱਖ ਸੰਪਰਦਾਵਾਂ, ਮਿਸ਼ਨਰੀ ਸੰਸਥਾਵਾਂ, ਜਾਗਰੂਕ ਸਿੱਖਾਂ ਅਤੇ ਵੱਡੀ ਗਿਣਤੀ ਵਿਚ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ ਸੀ। ਇਸ ਦਾ ਮੁੱਖ ਮਨੋਰਥ ਤੇ ਸਿੱਖ ਧਰਮ ਵਿਚ ਪੰਜਾਬ ਸਰਕਾਰ ਦੀ ਦਖ਼ਲ ਅੰਦਾਜ਼ੀ ਖਤਮ ਕਰਨ ਲਈ ਸਾਰਥਕ ਪ੍ਰੋਗਰਾਮ ਉਲੀਕਣਾ ਸੀ ਪਰ ਖਾਲ਼ਿਸਤਾਨ ਪੱਖੀ ਅਕਾਲੀ ਦਲ ਸਿੱਖ ਮਿਸ਼ਨਰੀ ਸੰਸਥਾਵਾਂ ਅਤੇ ਜਾਗਰੂਕ ਧਿਰਾਂ ਤੇ ਭਾਰੂ ਹੋ ਗਏ ਅਤੇ ਉਨ੍ਹਾਂ ਦੇ ਵਿਚਾਰਾਂ ਨੂੰ ਨਜ਼ਰ ਅੰਦਾਜ਼ ਕਰਕੇ ਆਪਣੇ ੧੩ ਮਤੇ ਪਾਸ ਕਰਵਾ ਲਏ। ਅਕਾਲੀ ਦਲਾਂ ਦਾ "ਵਰਲਡ ਸਿੱਖ ਪਾਰਲੀਮੈਂਟ" ਦਾ ਮਤਾ ਨੰ: ੫ ਮਹੱਤਵਪੂਰਨ ਹੈ ਪਰ ਸਿਆਸੀ ਸੋਚ ਦੇ ਪ੍ਰਭਾਵ ਅਧੀਨ ਉਨ੍ਹਾਂ ਪਾਰਲੀਮੈਂਟ ਸ਼ਬਦ ਵਰਤ ਕੇ ਸਿਆਸਤ ਨੂੰ ਧਰਮ ਨਾਲੋਂ ਪ੍ਰਥਮਕਾ ਦੇ ਦਿੱਤੀ ਹੈ। ਉਨ੍ਹਾਂ ਦੀ ਇਹ ਸੋਚ ਸਿੱਖ ਧਰਮ ਲਈ ਹਾਨੀਕਾਰਕ ਹੈ।
੧੦ ਨਵੰਬਰ ੨੦੧੫ ਨੂੰ ਸੱਦੇ ਸਰਬੱਤ ਖਾਲਸਾ ਦਾ ਇਕੱਠ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਦੇ ਵਿਰੋਧ ਦਾ ਪ੍ਰਭਾਵਸ਼ਾਲੀ ਪ੍ਰਗਟਾਵਾ ਸੀ। ਇਸ ਵਿਚ ਸ਼ਾਮਲ ਸੰਸਥਾਵਾਂ ਨੂੰ ਚਾਰ ਮੁੱਖ ਸ਼੍ਰੇਣੀਆਂ ਵਿਚ ਵੰਡਿਆ ਜਾ ਸਕਦਾ ਹੈ, ਜਿਨ੍ਹਾਂ ਦੇ ਮਨੋਰਥਾਂ ਬਾਰੇ ਸੰਖੇਪ ਵਿਚਾਰ ਕਰ ਲੈਣੀ ਵੀ ਉਚਿਤ ਹੋਵੇਗੀ:
੧. ਖਾਲ਼ਿਸਤਾਨ ਪੱਖੀ ਅਕਾਲੀ ਦਲ।
੨. ਸੰਤ ਸਮਾਜ ਅਤੇ ਸਿੱਖ ਸੰਪਰਦਾਵਾਂ ਨਾਲ ਜੁੜੇ ਵਿਅਕਤੀ।
੩. ਮਿਸ਼ਨਰੀ ਸੰਸਥਾਵਾਂ, ਅਤੇ
੪. ਜਾਗਰੂਕ ਵਿਅਕਤੀ।
ਖਾਲ਼ਿਸਤਾਨ ਪੱਖੀ ਅਕਾਲੀ ਦਲ ਪੰਜਾਬ ਵਿਚ ਵਖਰੇ ਸੁਤੰਤਰ ਸਿੱਖ ਰਾਜ, ਖਾਲ਼ਿਸਤਾਨ ਜਾਂ ਅਨੰਦਪੁਰ ਸਾਹਿਬ ਦੇ ਮਤੇ ਅਨੁਸਾਰ ਖ਼ੁਦਮੁਖ਼ਤਾਰੀ ਦੀ ਮੰਗ ਕਰਦੇ ਹਨ। ਅੰਗਰੇਜ਼ਾਂ ਨੇ ਭਾਰਤ ਦਾ ਰਾਜ ਛੱਡਣ ਤੋਂ ਪਹਿਲੋਂ ਸਿੱਖ ਆਗੂਆਂ ਤੋਂ ਸੁਤੰਤਰ ਸਿੱਖ ਰਾਜ ਕਾਇਮ ਕਰਨ ਬਾਰੇ ਰਾਏ ਮੰਗੀ ਸੀ। ਸਿੱਖ ਆਗੂਆਂ ਨੇ ਸੁਤੰਤਰ ਰਾਜ ਦੀ ਥਾਂ ਭਾਰਤ ਦਾ ਭਾਗ ਬਣ ਕੇ ਰਹਿਣ ਦਾ ਫੈਸਲਾ ਕਰ ਲਿਆ ਸੀ। ਉਸ ਫੈਸਲੇ ਤੇ ਕਾਇਮ ਰਹਿ ਕੇ ਉਸ ਦਾ ਸਿਆਸੀ ਲਾਭ ਉਠਾਉਣਾ ਸਿੱਖ ਆਗੂਆਂ ਦੀ ਜ਼ਿੰਮੇਵਾਰੀ ਸੀ ਪਰ ਉਹ ਦੁਚਿੱਤੀ ਅਤੇ ਪੀੜਤ ਮਾਨਸਿਕਤਾ ਦਾ ਸ਼ਿਕਾਰ ਹੋ ਗਏ ਅਤੇ ਆਪਣੇ ਨਿਸ਼ਾਨੇ ਤੋਂ ਭਟਕ ਗਏ। ਸਿਆਸਤ ਸਿਆਣਪ ਅਤੇ ਸ਼ਕਤੀ ਦੇ ਮੁਕਾਬਲੇ ਦੀ ਖੇਡ ਹੈ ਜਿਸ ਵਿਚ ਹਰ ਧਿਰ ਆਪਣਾ ਵੱਧ ਤੋਂ ਵੱਧ ਫਾਇਦਾ ਕਰਨ ਲਈ ਜਤਨਸ਼ੀਲ ਹੁੰਦੀ ਹੈ। ਇਸ ਲਈ ਸਿਆਸੀ ਆਗੂਆਂ ਨੂੰ ਸੂਝਵਾਨ, ਦੂਰ ਅੰਦੇਸ਼, ਦਰਿੜ੍ਹ ਅਤੇ ਧੀਰਜ ਵਾਨ ਹੋਣ ਦੀ ਲੋੜ ਹੁੰਦੀ ਹੈ। ਪਰ ਬਹੁਤੇ ਸਿੱਖ ਆਗੂਆਂ ਵਿਚ ਇਨ੍ਹਾਂ ਗੁਣਾਂ ਦੀ ਘਾਟ ਰਹੀ ਹੈ ਅਤੇ ਉਹ ਆਪਣੀ ਕਮਜ਼ੋਰੀ ਲਈ ਦੂਜਿਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਹਨ। ਜਿਥੋਂ ਤਕ ਖਾਲ਼ਿਸਤਾਨ ਦੀ ਮੰਗ ਦਾ ਸੁਆਲ ਹੈ, ਇਸ ਮੰਗ ਦੀ ਉਚਿੱਤਤਾ ਅਤੇ ਸਫਲਤਾ ਪੰਜਾਬੀਆਂ ਦੀ ਵੱਡੀ ਗਿਣਤੀ ਦੇ ਸਮਰਥਨ ਪਰ ਨਿਰਭਰ ਕਰਦੀ ਹੈ। ਇਹ ਮੰਗ ਰੱਖਣ ਤੋਂ ਪਹਿਲੋਂ ਖਾੜਕੂ ਜਥੇਬੰਦੀਆਂ ਨੂੰ ਸਾਰੇ ਪੰਜਾਬੀਆਂ ਨੂੰ ਖਾਲ਼ਿਸਤਾਨ ਬਨਣ ਨਾਲ ਉਨ੍ਹਾਂ ਨੂੰ ਹੋਣ ਵਾਲੇ ਲਾਭ ਦਾ ਯਕੀਨ ਦੁਆ ਕੇ ਉਨ੍ਹਾਂ ਦਾ ਸਹਿਯੋਗ ਪ੍ਰਾਪਤ ਕਰਨਾ ਚਾਹੀਦਾ ਸੀ। ਪਰ ਉਨ੍ਹਾਂ ਐਸਾ ਕਰਨ ਦੀ ਬਜਾਏ ਆਮ ਲੋਕਾਂ ਨੂੰ ਡਰਾਉਣਾ, ਧਮਕਾਉਣਾ ਅਤੇ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਕਰਕੇ ਚੋਣਾਂ ਵਿਚ ਖਾੜਕੂ ਲਹਿਰ ਦੇ ਹਾਮੀਆਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਲੋਕਾਂ ਦੇ ਵਿਸ਼ਵਾਸ ਅਤੇ ਸਹਿਯੋਗ ਤੋਂ ਬਿਨਾ ਰਾਜ ਕਰਨਾ ਸੰਭਵ ਨਹੀਂ ਹੁੰਦਾ ਇਸ ਲਈ ਜਦੋਂ ਤਕ ਪੰਜਾਬੀਆਂ ਦੀ ਵੱਡੀ ਗਿਣਤੀ ਖਾਲ਼ਿਸਤਾਨ ਦੀ ਸਮਰਥਕ ਨਹੀਂ ਬਣ ਜਾਂਦੀ ਖਾਲ਼ਿਸਤਾਨ ਦੀ ਮੰਗ ਕਰਨ ਦਾ ਕੋਈ ਮੰਨਣਯੋਗ ਆਧਾਰ ਨਹੀ ਹੈ। ਇਸ ਦਾ ਇਹ ਅਰਥ ਨਹੀਂ ਕਿ ਵਖਰੇ ਸੁਤੰਤਰ ਰਾਜ ਦੀ ਮੰਗ ਕਰਨੀ ਜਾਇਜ਼ ਨਹੀਂ ਹੈ। ਸੁਤੰਤਰ ਰਾਜ ਦੀਆਂ ਮੰਗਾਂ ਕਈ ਦੇਸ਼ਾਂ ਵਿਚ ਉਠੀਆਂ ਹਨ। ਚੈਕੋਸਲੋਵਾਕੀਆ ਵਿਚ ਤੇ ਸਲੋਵੈਕਾਂ ਨੇ ਜ਼ੈਚਾਂ ਨਾਲੋਂ ਵਖਰਾ ਰਾਜ ਸਥਾਪਤ ਕਰ ਵੀ ਲਿਆ ਹੈ। ਕੈਨੇਡਾ ਵਿਚ ਕਯੂਬਿਕ ਦੇ ਵਸਨੀਕਾਂ ਵੱਲੋਂ ਵਖਰੇ ਰਾਜ ਦੀ ਮੰਗ ਕੀਤੀ ਗਈ ਸੀ ਜਿਸ ਲਈ ਰਿਫਰੈਂਡਮ ਵੀ ਕੀਤਾ ਗਿਆ ਸੀ। ਸਕਾਟਲੈਂਡ ਨੇ ਵੀ ਇੰਗਲੈਂਡ ਨਾਲੋਂ ਵਖਰਾ ਹੋਣ ਲਈ ਰਿਫਰੈਂਡਮ ਕੀਤਾ ਸੀ। ਸਪੇਨ ਵਿਚ ਕੈਟਾਲੋਨੀਆ ਨੇ ਵਖਰੇ ਹੋਣ ਦਾ ਰਿਫਰੈਂਡਮ ਜਿੱਤ ਲਿਆ ਹੈ। ਕਰੀਮਿਆ ਯੂਕਰੇਨ ਤੋਂ ਟੁੱਟ ਕੇ ਰੂਸ ਨਾਲ ਜਾ ਮਿਲਿਆ ਹੈ। ਕੁਰਦ ਤੁਰਕੀ ਤੋਂ ਖ਼ੁਦਮੁਖ਼ਤਾਰੀ ਦੀ ਮੰਗ ਕਰਦੇ ਹਨ। ਭਾਰਤ ਵਿਚ ਡੀ.ਐਮ.ਕੈ ਨੇ ਭਾਰਤ ਨਾਲੋਂ ਵਖਰਾ ਹੋਣ ਦੀ ਮੰਗ ਰੱਖ ਦਿੱਤੀ ਸੀ। ਰਾਜਸੀ ਸੁਤੰਤਰਤਾ ਦੀ ਮੰਗ ਲੋਕਾਂ ਵੱਲੋਂ ਉਠਣੀ ਚਾਹੀਦੀ ਹੈ ਕਿਉਂਕਿ ਇਸ ਦੀ ਸਫਲਤਾ ਲੋਕਾਂ ਦੇ ਪੂਰਨ ਸਮਰਥਨ ਤੇ ਨਿਰਭਰ ਕਰਦੀ ਹੈ। ਪਰ ਖਾਲ਼ਿਸਤਾਨ ਪੱਖੀ ਅਕਾਲੀ ਆਗੂ ਤੇ ਆਪਣੀ ਸੋਚ ਨੂੰ ਅਦੁੱਤੀ ਸਮਝਦੇ ਹਨ ਅਤੇ ਉਸ ਨੂੰ ਲੋਕਾਂ ਤੇ ਥੋਪਣਾ ਚਾਹੁੰਦੇ ਹਨ ਜੋ ਇੱਕੀਵੀਂ ਸਦੀ ਦੇ ਪੰਜਾਬੀ ਸਮਾਜ ਵਿਚ ਸੰਭਵ ਨਹੀਂ ਹੈ। ਉਨ੍ਹਾਂ ਦਾ ਮਹਾਰਾਜਾ ਰਣਜੀਤ ਸਿੰਘ ਦੇ ਧਰਮ ਨਿਰਪੱਖ ਪੰਜਾਬੀ ਰਾਜ ਨੂੰ ਸਿੱਖ ਰਾਜ ਦਾ ਗਲਤ ਨਾਂ ਦੇਣਾ ਅਤੇ ਇਸ ਕਲਪਿਤ ਸਿੱਖ ਰਾਜ ਨੂੰ ਆਪਣੀ ਵਖਰੇ ਸਿੱਖ ਰਾਜ ਦੀ ਮੰਗ ਦਾ ਆਧਾਰ ਬਣਾਉਣਾ ਬਿਲਕੁਲ ਹੀ ਤਰਕ ਹੀਣ ਹੈ। ਭਾਰਤ ਧਰਮ ਨਿਰਪੱਖ ਰਾਜਾਂ ਦਾ ਸੰਘ ਹੈ। ਇਸ ਵਿਚ ਧਰਮ ਤੰਤਰ ਰਾਜ ਸਥਾਪਤ ਕਰਨ ਦੀ ਮੰਗ ਕਰਨੀ ਇਸ ਦੇ ਸੰਵਿਧਾਨ ਨੂੰ ਚੁਣੌਤੀ ਦੇਣਾ ਹੈ। ਅਜਿਹੀ ਚੁਣੌਤੀ ਦਾ ਪਰਿਣਾਮ ਬਹੁਤ ਭਿਆਨਕ ਹੁੰਦਾ ਹੈ। ਖਾੜਕੂ ਲਹਿਰ ਨੇ ਪੰਜਾਬੀ ਜੁਆਨੀ ਦੀ ਇਕ ਪੀੜ੍ਹੀ ਨੂੰ ਬਰਬਾਦ ਕਰ ਦਿੱਤਾ ਹੈ ਅਤੇ ਉਸ ਬਰਬਾਦੀ ਤੋਂ ਲਾਹਾ ਲੈ ਕੇ ਸਿੱਖ ਧਰਮ ਵਿਰੋਧੀ ਭਰਿਸ਼ਟ ਅਕਾਲੀ ਆਗੂ ਪੰਜਾਬ ਤੇ ਕਾਬਜ਼ ਹੋ ਗਏ ਹਨ। ਸਿੱਖਾਂ ਨੂੰ ਆਪਣੇ ਅਤੇ ਪੰਜਾਬ ਦੇ ਉਤਮ ਭਵਿੱਖ ਅਤੇ ਸ਼ਾਂਤੀ ਲਈ ਮੱਧਕਾਲੀਨੀ ਖਾੜਕੂ ਸੋਚ ਨੂੰ ਤਿਆਗਣਾ, ਧਰਮ ਨੂੰ ਸਿਆਸਤ ਨਾਲੋਂ ਵਖਰਾ ਕਰਨਾ ਅਤੇ ਗੁਰਬਾਣੀ ਉਪਦੇਸ਼ ਦੀ ਰੋਸ਼ਨੀ ਵਿਚ ਆਪਣੇ ਜੀਵਨ ਵਿਚ ਤਬਦੀਲੀ ਲਿਆਉਣਾ ਬਹੁਤ ਜ਼ਰੂਰੀ ਹੋ ਗਿਆ ਹੈ।
ਸਰਬੱਤ ਖਾਲਸਾ ਵਿਚ ਸੰਤ ਸਮਾਜ ਅਤੇ ਸਿੱਖ ਸੰਪਰਦਾਵਾਂ ਦੇ ਕਈ ਪ੍ਰਤੀਨਿਧੀਆਂ ਨੇ ਵੀ ਭਾਗ ਲਿਆ ਸੀ। ਇਨ੍ਹਾਂ ਇਹ ਵਿਚਾਰ ਵੀ ਪ੍ਰਗਟਾਇਆ ਸੀ ਕਿ ਸੰਤ ਸ਼ਬਦ ਦੀ ਥਾਂ ਭਾਈ ਸ਼ਬਦ ਦੀ ਵਰਤੋਂ ਕਰਨੀ ਉਚਿਤ ਹੈ। ਸੰਤਾਂ ਦੇ ਡੇਰੇ ਅਤੇ ਕਈ ਸਿੱਖ ਸੰਪਰਦਾਵਾਂ ਸਿੱਖ ਧਰਮ ਦੀ ਸਿੱਖਿਆ ਲਈ ਪ੍ਰਾਈਵੇਟ ਕੋਚਿੰਗ ਸੈਂਟਰਾਂ ਵਾਲਾ ਕੰਮ ਕਰਦੀਆਂ ਹਨ। ਇਹ ਸਿੱਖ ਧਰਮ ਅਤੇ ਧਾਰਮਕ ਰਹਿਤ ਦੀ ਜਾਣਕਾਰੀ ਪ੍ਰਦਾਨ ਕਰਨ ਵਾਲੇ ਵਪਾਰੀ ਅੱਡੇ ਹਨ। ਕਈ ਡੇਰਿਆਂ ਦੇ ਆਗੂ ਗੁਰਬਾਣੀ ਸੰਚਾਰ ਬਾਰੇ ਸੰਜੀਦਾ ਹਨ। ਡੇਰੇ ਅਕਸਰ ਸ਼ਰਧਾਲੂਆਂ ਦੀਆਂ ਪਰਵਾਰਿਕ ਅਤੇ ਸਮਾਜਕ ਸਮੱਸਿਆਵਾਂ ਹਲ ਕਰਨ ਵਿਚ ਸਹਾਇਤਾ ਵੀ ਕਰਦੇ ਹਨ। ਬਹੁਤੇ ਸਥਾਨਕ ਗੁਰਦੁਆਰਿਆਂ ਵਿਚ ਗੁਰਬਾਣੀ ਸੰਚਾਰ ਦੀ ਸੁਵਿਧਾ ਦੀ ਅਣਹੋਂਦ ਕਾਰਨ ਲੋਕਾਂ ਦੀ ਧਾਰਮਕ ਜਾਣਕਾਰੀ ਦੀ ਲੋੜ ਕਾਫੀ ਹੱਦ ਤਕ ਡੇਰੇ ਪੂਰੀ ਕਰਦੇ ਹਨ। ਡੇਰਿਆਂ ਦੇ ਕੰਮ, ਢੰਗ ਅਤੇ ਮਾਹੌਲ ਦੀ ਸਿੱਖ ਵਿਦਵਾਨ ਭਾਰੀ ਆਲੋਚਨਾ ਕਰਦੇ ਹਨ। ਉਨ੍ਹਾਂ ਦੀ ਅਲੋਚਨਾ ਗਲਤ ਨਹੀਂ ਹੈ ਪਰ ਉਹ ਡੇਰਿਆਂ ਦੇ ਮੁਕਾਬਲੇ ਆਪ ਕੋਈ ਕਾਰਗਰ ਸੰਸਥਾ ਸਥਾਪਤ ਨਹੀਂ ਕਰ ਸਕੇ ਹਨ। ਡੇਰਿਆਂ ਦੀ ਆਲੋਚਨਾ ਕਰਨੀ ਹੀ ਕਾਫੀ ਨਹੀਂ ਉਨ੍ਹਾਂ ਦੇ ਸੁਧਾਰ ਜਾਂ ਉਪਯੁਕਤ ਬਦਲ ਲਈ ਪ੍ਰਤੀਬੰਧ ਸੰਸਥਾ ਦੀ ਸਥਾਪਨਾ ਕਰਨੀ ਵੀ ਜ਼ਰੂਰੀ ਹੈ।
ਇਸ ਸਰਬੱਤ ਖਾਲਸੇ ਵਿਚ ਮਿਸ਼ਨਰੀ ਸੰਸਥਾਵਾਂ ਦੇ ਸਹਿਯੋਗ ਕਾਰਨ ਹੀ ਏਨਾ ਇਕੱਠ ਸੰਭਵ ਹੋ ਸਕਿਆ ਹੈ ਅਤੇ ਇਨ੍ਹਾਂ ਦੀ ਸ਼ਮੂਲੀਅਤ ਨੇ ਸਰਬੱਤ ਖਾਲਸਾ ਦੇ ਮਾਹੌਲ ਨੂੰ ਵੀ ਬਹੁਤ ਪ੍ਰਭਾਵਤ ਕੀਤਾ ਹੈ। ਮਿਸ਼ਨਰੀ ਸੰਸਥਾਵਾਂ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਵਿਚ ਸਰਕਾਰ ਦੀ ਦਖ਼ਲ ਅੰਦਾਜ਼ੀ ਦੇ ਵਿਰੁਧ ਹਨ ਅਤੇ ਤਖ਼ਤਾਂ ਦੇ ਮੌਜੂਦਾ ਜੱਥੇਦਾਰਾਂ ਨੂੰ ਬਦਲਣ ਅਤੇ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਕਰਵਾਉਣ ਦੇ ਹੱਕ ਵਿਚ ਹਨ। ਪਰ ਖਾਲ਼ਿਸਤਾਨ ਪੱਖੀ ਅਕਾਲੀ ਦਲਾਂ ਨੇ ਸਰਬੱਤ ਖਾਲਸਾ ਵਿਚ ਮਿਸ਼ਨਰੀ ਸੰਸਥਾਵਾਂ ਦੇ ਵਿਚਾਰਾਂ ਦੀ ਬਹੁਤੀ ਪ੍ਰਵਾਹ ਨਹੀਂ ਕੀਤੀ। ਅਸਲ ਵਿਚ ਮਿਸ਼ਨਰੀ ਸੰਸਥਾਵਾਂ ਦੇ ਵਿਚਾਰਾਂ ਵਿਚ ਪ੍ਰਤੀਕੂਲਤਾ ਹੈ। ਇਨ੍ਹਾਂ ਸੰਸਥਾਵਾਂ ਦੀ ਲਗਨ ਅਤੇ ਮਿਹਨਤ ਸਦਕਾ ਹੀ ਅਕਾਲ ਤਖਤ ਅਤੇ ਸਿੱਖ ਰਹਿਤ ਮਰਯਾਦਾ ਨੇ ਸਿੱਖ ਜਗਤ ਵਿਚ ਬਹੁਤ ਪ੍ਰਸਿੱਧੀ ਪ੍ਰਾਪਤ ਕੀਤੀ ਹੈ। ਹੁਣ ਇਹੋ ਸੰਸਥਾਵਾਂ ਅਕਾਲ ਤਖਤ ਦੀ ਕਾਰਗੁਜ਼ਾਰੀ ਦੀ ਆਲੋਚਨਾ ਕਰਨ ਲੱਗ ਪਈਆਂ ਹਨ। ਮਿਸ਼ਨਰੀ ਸੰਸਥਾਵਾਂ ਸ਼੍ਰੋਮਣੀ ਕਮੇਟੀ, ਅਕਾਲ ਤਖਤ ਅਤੇ ਸਿੱਖ ਰਹਿਤ ਮਰਯਾਦਾ ਨੂੰ ਗੁਰਮਤਿ ਵਿਚਾਰਧਾਰਾ ਦਾ ਅਤੁੱਟ ਅੰਗ ਸਮਝਦੀਆਂ ਰਹਿਈਆਂ ਹਨ, ਲੰਮੇ ਸਮੇਂ ਤੋਂ ਵਿਦਿਆਰਥੀਆਂ ਨੂੰ ਇਹੋ ਕੁੱਝ ਪ੍ਰਚਾਰਦੀਆਂ ਆ ਰਹਿਈਆਂ ਹਨ ਅਤੇ ਉਨ੍ਹਾਂ ਪ੍ਰਤੀ ਅਥਾਹ ਸ਼ਰਧਾ ਰੱਖਦੀਆਂ ਹਨ। ਇਸ ਸ਼ਰਧਾ ਕਾਰਨ ਮਿਸ਼ਨਰੀ ਵਿਦਵਾਨਾਂ ਲਈ ਸ਼੍ਰੋਮਣੀ ਕਮੇਟੀ ਅਤੇ ਅਕਾਲ ਤਖਤ ਦੀ ਆਲੋਚਨਾ ਸੁਨਣੀ ਅਤੇ ਉਨ੍ਹਾਂ ਦੀ ਅਸਲੀਅਤ ਜਾਨਣੀ ਅਤੇ ਮੰਨਣੀ ਬਹੁਤ ਔਖੀ ਹੋ ਗਈ ਹੈ। ਪਰ ਸਚਾਈ ਨੂੰ ਅਣਡਿੱਠ ਕਰਨ ਨਾਲ ਉਹ ਲੋਪ ਨਹੀਂ ਹੋ ਜਾਂਦੀ ਉਸ ਦਾ ਤੇ ਸਾਹਮਣਾ ਕਰਨਾ ਹੀ ਪੈਂਦਾ ਹੈ। ਸ਼੍ਰੋਮਣੀ ਕਮੇਟੀ, ਅਕਾਲ ਤਖਤ ਅਤੇ ਸਿੱਖ ਰਹਿਤ ਮਰਯਾਦਾ ਬਾਰੇ ਕੁੱਝ ਵਿਚਾਰ ਪੇਸ਼ ਹਨ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ੧੯੨੫ ਦੇ ਐਕਟ ਅਧੀਨ ਗੁਰਦੁਆਰਿਆਂ ਦੀ ਦੇਖ ਰੇਖ ਅਤੇ ਆਮਦਨੀ ਦੇ ਪ੍ਰਬੰਧ ਲਈ ਸਿੱਖਾਂ ਵੱਲੋਂ ਚੁਣੀ ਕਮੇਟੀ ਹੈ। ਇਹ ਕਮੇਟੀ ਸੁਤੰਤਰ ਸੰਸਥਾ ਨਹੀਂ ਹੈ। ਇਸ ਦੀ ਚੋਣ ਭਾਵੇਂ ਸਿੱਖ ਕਰਦੇ ਹਨ ਪਰ ਇਹ ਕੰਮ ਸਰਕਾਰ ਦੇ ਹੁਕਮਾਂ ਅਤੇ ਨਿਯਮਾਂ ਅਨੁਸਾਰ ਕਰਦੀ ਹੈ। ਇਸ ਕਮੇਟੀ ਰਾਹੀਂ ਹੀ ਸਰਕਾਰ ਬਹੁਤੇ ਸਿੱਖ ਧਾਰਮਕ ਮਾਮਲਿਆਂ ਵਿਚ ਦਖ਼ਲ ਅੰਦਾਜ਼ੀ ਕਰਦੀ ਹੈ। ਇਥੇ ਇਹ ਸਪਸ਼ਟ ਕਰਨਾ ਵੀ ਜ਼ਰੂਰੀ ਹੈ ਕਿ ਇਸ ਕਮੇਟੀ ਦਾ ਗੁਰਬਾਣੀ ਦੀ ਵਿਚਾਰਧਾਰਾ ਅਤੇ ਉਪਦੇਸ਼ ਨਾਲ ਕੋਈ ਸਰੋਕਾਰ ਨਹੀਂ ਹੈ ਕਿਉਂਕਿ ਇਸ ਦਾ ਕਾਰਜ ਖੇਤਰ ਗੁਰਦੁਆਰਾ ਬਿਲਡਿੰਗਾਂ ਦੀ ਦੇਖ ਭਾਲ ਅਤੇ ਆਮਦਨੀ-ਖਰਚੇ ਦਾ ਹਿਸਾਬ ਕਿਤਾਬ ਰੱਖਣਾ ਹੈ। ਗੁਰਦੁਆਰਾ ਐਕਟ ਨੇ ਗੁਰਦੁਆਰਾ ਬੋਰਡ ਨੂੰ ਕੇਵਲ ਪ੍ਰਬੰਧਕੀ ਅਧਿਕਾਰ ਦਿੱਤੇ ਹਨ ਜਿਸ ਦੀ ਪ੍ਰੋੜ੍ਹਤਾ ਕਮੇਟੀ ਦੇ ਨਾਂ ਤੋਂ ਹੀ ਹੋ ਜਾਂਦੀ ਹੈ। ਇਸ ਦੀ ਤੁਲਨਾ ਗੁਰੂ ਸਾਹਿਬਾਨ ਵੱਲੋਂ ਚਲਾਈ ਮਸੰਦ ਪ੍ਰਣਾਲੀ ਨਾਲ ਕੀਤੀ ਜਾ ਸਕਦੀ ਹੈ।
ਗੁਰਦੁਆਰਾ, ਗੁਰੂ ਸਾਹਿਬਾਨ ਵੱਲੋਂ ਗੁਰਮਤਿ ਦੀ ਅਧਿਆਤਮਿਕ ਵਿਚਾਰਧਾਰਾ ਦੀ ਸੂਝ ਬਖ਼ਸ਼ਣ ਲਈ ਧਰਮਸ਼ਾਲਾ ਦੇ ਨਾਂ ਹੇਠ ਸਥਾਪਤ ਸੰਸਥਾ ਦਾ ਬਦਲਵਾਂ ਨਾਂ ਹੈ। ਧਰਮਸ਼ਾਲਾ ਗੁਰਬਾਣੀ ਦੀ ਸੰਥਿਆ ਦੇਣ, ਗੁਰਬਾਣੀ ਵਿਚ ਦਿੱਤੇ ਅਧਿਆਤਮਿਕ ਸੰਕਲਪਾਂ ਬਾਰੇ ਵਿਚਾਰ ਵਟਾਂਦਰਾ ਕਰਨ ਅਤੇ ਗੁਰਬਾਣੀ ਸੰਚਾਰ ਲਈ ਕਿਸੇ ਯੋਗ ਗੁਰਮਤਿ ਦੇ ਧਾਰਨੀ ਦੀ ਦੇਖ ਰੇਖ ਹੇਠ ਕੰਮ ਕਰਨ ਵਾਲੀ ਸਿੱਖਿਆ ਸੰਸਥਾ ਸੀ। ਗੁਰਦੁਆਰੇ ਦਾ ਵੀ ਧਰਮਸ਼ਾਲਾ ਵਾਲਾ ਹੀ ਮਨੋਰਥ ਹੈ ਇਸ ਲਈ ਗੁਰਦੁਆਰੇ ਨੂੰ ਵੀ ਗੁਰਮਤਿ ਵਿਦਵਾਨ ਦੀ ਦੇਖ ਰੇਖ ਹੇਠ ਗੁਰਬਾਣੀ ਦੇ ਅਧਿਆਤਮਿਕ ਗਿਆਨ ਦੀ ਸੂਝ ਬਖ਼ਸ਼ਣ ਦਾ ਕਰਤਵ ਨਿਭਾਉਣਾ ਚਾਹੀਦਾ ਸੀ। ਪਰ ਗੁਰਦੁਆਰਾ ਐਕਟ ਨੇ ਇਤਿਹਾਸਕ ਗੁਰਦੁਆਰਿਆਂ ਦੇ ਪ੍ਰਬੰਧ ਦੀ ਜ਼ਿੰਮੇਵਾਰੀ ਵੋਟਾਂ ਰਾਹੀਂ ਚੁਣੇ ਵਿਅਕਤੀਆਂ ਨੂੰ ਸੌਂਪ ਕੇ ਗੁਰਮਤਿ ਵਿਦਵਾਨਾਂ ਨੂੰ ਗੁਰਦੁਆਰਿਆਂ ਵਿਚੋਂ ਬੇਦਖ਼ਲ ਕਰ ਦਿੱਤਾ ਹੈ। ਕਮੇਟੀ ਦੇ ਪ੍ਰਬੰਧਕ ਵੀ ਗੁਰਦੁਆਰਿਆਂ ਵਿਚ ਗੁਰਮਤਿ ਵਿਦਵਾਨਾਂ ਦੀ ਮੌਜੂਦਗੀ ਨੂੰ ਉਨ੍ਹਾਂ ਦੇ ਗੁਰਦੁਆਰਿਆਂ ਦੀ ਅਮਿੱਤ ਆਮਦਨੀ ਅਤੇ ਧਰਮ ਦੀ ਨੈਤਿਕ ਸ਼ਕਤੀ ਪਰ ਕਬਜ਼ੇ ਲਈ ਵੰਗਾਰ ਸਮਝਦੇ ਹਨ। ਪਰ ਕਿਉਂਕਿ ਸਿੱਖਾਂ ਦੀ ਗੁਰਬਾਣੀ ਪ੍ਰਤੀ ਅਥਾਹ ਸ਼ਰਧਾ ਹੈ ਅਤੇ ਉਹ ਗੁਰਦੁਆਰਿਆਂ ਤੋਂ ਧਾਰਮਕ ਪ੍ਰਵਿਰਤੀ ਦੀ ਤ੍ਰਿਪਤੀ ਦੀ ਕਾਮਨਾ ਕਰਦੇ ਹਨ ਇਸ ਲਈ ਕਮੇਟੀ ਪ੍ਰਬੰਧਕਾਂ ਨੇ ਗੁਰਦੁਆਰਿਆਂ ਵਿਚ ਗ੍ਰੰਥੀ ਅਤੇ ਪਾਠੀ ਪੁਜਾਰੀਆਂ ਅਤੇ ਕੀਰਤਨੀਆਂ ਦੀ ਵਿਵਸਥਾ ਕਰਨੀ ਪਈ ਹੈ ਤਾਂ ਜੋ ਸ਼ਰਧਾਲੂਆਂ ਨੂੰ ਗੁਰਬਾਣੀ ਕੀਰਤਨ ਸੁਨਣ ਦੀ ਸੁਵਿਧਾ ਪ੍ਰਾਪਤ ਹੋ ਸਕੇ ਅਤੇ ਗੁਰੂ ਗ੍ਰੰਥ ਸਾਹਿਬ ਦੀ ਪੂਜਾ, ਕਰਮ ਕਾਡਾਂ ਅਤੇ ਮਨੋਰੰਜਕ ਜਲਸੇ ਜਲੂਸਾਂ ਰਾਹੀਂ ਉਨ੍ਹਾਂ ਦੀਆਂ ਧਾਰਮਕ ਇੱਛਾਵਾਂ ਦੀ ਪੂਰਤੀ ਕੀਤੀ ਜਾ ਸਕੇ। ਕਮੇਟੀ ਨੇ ਗੁਰਦੁਆਰਿਆਂ ਨੂੰ ਗੁਰਮਤਿ ਸਿੱਖਿਆ, ਸੂਝ ਅਤੇ ਸੰਚਾਰ ਦੀਆਂ ਸੰਸਥਾਵਾਂ ਦੀ ਥਾਂ ਸ਼ਰਧਾਲੂਆਂ ਦੀਆਂ ਸੰਸਾਰਕ ਇੱਛਾਵਾਂ ਦੀ ਪੂਰਤੀ ਦਾ ਭਰੋਸਾ ਦੇਣ ਵਾਲੀਆਂ ਸੰਸਥਾਵਾਂ ਅਤੇ ਆਪਣੇ ਲਈ ਦੌਲਤ ਕਮਾਉਣ ਦਾ ਸਾਧਨ ਬਣਾ ਲਿਆ ਹੈ। ਪਰ ਕਿਸੇ ਇਮਾਰਤ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਨ ਅਤੇ ਕਰਮ ਕਾਡਾਂ ਦੀ ਵਿਵਸਥਾ ਕਰਨ ਨਾਲ ਉਹ ਇਮਾਰਤ ਗੁਰਮਤਿ ਦੀ ਚਟਸਾਲ ਗੁਰਦੁਆਰਾ ਨਹੀਂ ਬਣ ਜਾਂਦੀ। ਜਿਵੇਂ ਅਧਿਆਪਕ ਤੋਂ ਬਿਨਾ ਸਕੂਲ ਨਹੀਂ ਬਣ ਸਕਦਾ ਉਸੇ ਤਰ੍ਹਾਂ ਵਿਦਵਾਨ ਤੋਂ ਬਿਨਾ ਗੁਰਦੁਆਰਾ ਨਹੀਂ ਬਣ ਸਕਦਾ। ਗੁਰਦੁਆਰੇ ਦਾ ਮਨੋਰਥ ਗੁਰਬਾਣੀ ਦੇ ਅਧਿਆਤਮਿਕ ਵਿਚਾਰਾਂ ਦਾ ਸੰਚਾਰ ਕਰਨਾ ਹੈ ਅਤੇ ਅਧਿਆਤਮਿਕ ਵਿਚਾਰਾਂ ਦਾ ਸੰਚਾਰ ਕੇਵਲ ਧਰਮ ਸ਼ਾਸਤਰੀ ਅਤੇ ਗੁਰਮਤਿ ਵਿਦਵਾਨ ਹੀ ਕਰ ਸਕਦੇ ਹਨ, ਪੁਜਾਰੀ ਨਹੀਂ। ਸ਼੍ਰੋਮਣੀ ਕਮੇਟੀ ਵੱਲੋਂ ਪਾਏ ਪੂਰਨਿਆਂ ਤੇ ਚਲਦੇ ਹੋਏ ਦੁਨੀਆ ਭਰ ਦੇ ਗੁਰਦੁਆਰੇ ਵੀ ਗੁਰਮਤਿ ਦੇ ਵਿਦਵਾਨਾਂ ਨੂੰ ਪਰਾਏ ਸਮਝਦੇ ਹਨ। ਬਹੁਤੇ ਅਜੋਕੇ ਗੁਰਦੁਆਰੇ ਸਿਆਸਤਦਾਨਾਂ, ਸ਼ਕਤੀ ਪ੍ਰੇਮੀਆਂ ਅਤੇ ਘੁਮੰਡੀ ਵਿਅਕਤੀਆਂ ਦੀ ਮਲਕੀਅਤ ਬਣੇ ਹੋਏ ਹਨ ਅਤੇ ਉਨ੍ਹਾਂ ਲਈ ਗੁਰਮਤਿ ਸੰਚਾਰ ਦਾ ਕੋਈ ਮਹੱਤਵ ਨਹੀਂ ਹੈ। ਗੁਰਦੁਆਰਿਆਂ ਵਿਚ ਸੁਧਾਰ ਦੀ ਕਾਮਨਾ ਕਰਨ ਵਾਲੇ ਸ਼ਰਧਾਲੂਆਂ ਦੀ ਗਿਣਤੀ ਬਹੁਤ ਘੱਟ ਹੈ। ਸਿੱਖ ਜਗਤ ਵਿਚ ਸਿੱਖ ਵਿਦਵਾਨਾਂ ਲਈ ਵਿਚਾਰ ਵਟਾਂਦਰਾ ਅਤੇ ਖੋਜ ਦੀਆਂ ਸੁਵਿਧਾਵਾਂ ਦੀ ਘਾਟ ਕਾਰਨ ਹੀ ਗੁਰਮਤਿ ਸਾਹਿਤ ਦਾ ਮਿਆਰ ਉੱਚਾ ਨਹੀਂ ਉੱਠ ਸਕਿਆ ਹੈ।
ਅਠਾਰਵੀਂ ਅਤੇ ਉੱਨ੍ਹੀਵੀਂ ਸ਼ਤਾਬਦੀ ਵਿਚ ਜਦੋਂ ਦਰਬਾਰ ਸਾਹਿਬ ਤੇ ਮੀਣਿਆਂ ਨੇ ਕਬਜ਼ਾ ਕੀਤਾ ਹੋਇਆ ਸੀ ਅਤੇ ਇਤਿਹਾਸਕ ਗੁਰਦੁਆਰਿਆਂ ਤੇ ਉਦਾਸੀ ਅਤੇ ਨਿਰਮਲੇ ਸਾਧੂਆਂ ਦੇ ਕਬਜ਼ੇ ਸਨ ਉਨ੍ਹਾਂ ਸਮਿਆਂ ਵਿਚ ਵੀ ਕਈ ਗੁਰਦੁਆਰਿਆਂ ਵਿਚ ਗੁਰਮੁਖੀ ਦੀ ਸਿੱਖਿਆ, ਗੁਰਬਾਣੀ ਦੀ ਸੰਥਿਆ ਅਤੇ ਗੁਰਬਾਣੀ ਦੀ ਵਿਆਖਿਆ ਦੀ ਵਿਵਸਥਾ ਹੁੰਦੀ ਸੀ, ਭਾਵੇਂ ਉਹ ਵਿਆਖਿਆ ਸਨਾਤਨੀ ਵਿਚਾਰਧਾਰਾ ਦੇ ਪ੍ਰਭਾਵ ਅਧੀਨ ਕੀਤੀ ਜਾਂਦੀ ਸੀ। ਸ਼੍ਰੋਮਣੀ ਕਮੇਟੀ ਬਨਣ ਨਾਲ ਸਾਰੇ ਹੀ ਗੁਰਦੁਆਰਿਆਂ ਵਿਚੋਂ ਗੁਰਬਾਣੀ ਦੀ ਸੰਥਿਆ ਅਤੇ ਵਿਆਖਿਆ ਕਰਨ ਦੀ ਸੁਵਿਧਾ ਸਮਾਪਤ ਕਰ ਦਿੱਤੀ ਗਈ। ਉਦਾਸੀ ਅਤੇ ਨਿਰਮਲੇ ਵਿਦਵਾਨ ਗੁਰਦੁਆਰੇ ਛੱਡ ਕੇ ਹਰਿਦਵਾਰ, ਕਨਖਲ, ਪ੍ਰਯਾਗ, ਆਦਿ ਅਖਾੜਿਆਂ ਵਿਚ ਚਲੇ ਗਏ। ਗੁਰਬਾਣੀ ਦਾ ਜੋ ਵੀ ਅਤੇ ਜੈਸਾ ਵੀ ਥੋੜਾ ਬਹੁਤ ਪ੍ਰਚਾਰ ਗੁਰਦੁਆਰਿਆਂ ਵਿਚ ਹੁੰਦਾ ਸੀ ਬੰਦ ਹੋ ਗਿਆ। ਚੀਫ ਖਾਲਸਾ ਦੀਵਾਨ ਅਤੇ ਸਿੰਘ ਸਭਾਵਾਂ ਨੇ ਖਾਲਸਾ ਸਕੂਲਾਂ ਅਤੇ ਕਾਲਜਾਂ ਵਿਚ ਗੁਰਬਾਣੀ ਉਪਦੇਸ਼ ਦੀ ਸਿੱਖਿਆ ਦੀ ਵਿਵਸਥਾ ਕਰਨ ਦਾ ਜਤਨ ਕੀਤਾ ਸੀ ਜੋ ਸਕੂਲਾਂ ਦੇ ਸਿਲੇਬਸ ਦੀਆਂ ਬੰਦਸ਼ਾਂ, ਵਿਦਵਾਨਾਂ ਦੀ ਘਾਟ ਅਤੇ ਵਿਦਿਆਰਥੀਆਂ ਦੀ ਬੇਰੁਖ਼ੀ ਕਾਰਨ ਸਫਲ ਨਾ ਹੋਇਆ। ਗੁਰਬਾਣੀ ਸੰਚਾਰ ਦੀ ਘਾਟ ਨੂੰ ਪੁਰਾ ਕਰਨ ਲਈ ਡੇਰੇ ਹੋਂਦ ਵਿਚ ਆਏ।
ਕੇਵਲ ਸਿੱਖ ਧਰਮ ਹੀ ਇਕ ਐਸਾ ਧਰਮ ਹੈ ਜਿਸ ਦੇ ਇਤਿਹਾਸਕ ਧਾਰਮਿਕ ਸਥਾਨਾਂ ਦਾ ਪ੍ਰਬੰਧ ਸਰਕਾਰੀ ਕਾਨੂੰਨ ਅਧੀਨ ਕੀਤਾ ਜਾਂਦਾ ਹੈ। ਅਧਿਆਤਮਿਕ ਗਿਆਨ ਅਤੇ ਸਾਸ਼ਨ ਦੋ ਮੁਤਜ਼ਾਦ ਅਸਤਿਤਵ ਹਨ, ਇਨ੍ਹਾਂ ਨੂੰ ਇਕੱਠਾ ਕਰਨ ਨਾਲ ਇਕ ਦਾ ਵਿਮੁਲੱਣ ਹੋ ਜਾਂਦਾ ਹੈ। ਅਸਲ ਵਿਚ ਗੁਰਦੁਆਰਾ ਐਕਟ ਅੰਗਰੇਜ਼ਾਂ ਦੀ ਗੁਰਬਾਣੀ ਦੇ ਅਧਿਆਤਮਿਕ ਗਿਆਨ ਦੇ ਸੰਚਾਰ ਨੂੰ ਖਤਮ ਕਰਨ ਦੀ ਸਾਜ਼ਸ਼ ਦਾ ਸਿੱਟਾ ਸੀ। ਅੰਗ੍ਰੇਜ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਮਾਨਵਵਾਦੀ ਉਪਦੇਸ਼ ਤੋਂ ਬਹੁਤ ਪਰੇਸ਼ਾਨ ਸਨ ਕਿਉਂਕਿ ਗੁਰਮਤਿ ਦੇ ਧਾਰਨੀ ਗਦਰੀ ਬਾਬਿਆਂ ਅਤੇ ਗੁਰਦੁਆਰਾ ਸੁਧਾਰ ਲਹਿਰ ਦੇ ਆਗੂਆਂ ਨੇ ਉਨ੍ਹਾਂ ਦੀ ਸਾਮਰਾਜੀ ਸ਼ਕਤੀ ਨੂੰ ਵੱਡੀ ਚੁਣੌਤੀ ਦੇ ਕੇ ਉਨ੍ਹਾਂ ਨੂੰ ਇਹ ਅਹਿਸਾਸ ਦੁਆ ਦਿੱਤਾ ਸੀ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਮਰਾਜੀ ਸੋਚ ਦੀ ਕੱਟੜ ਵਿਰੋਧੀ ਹੈ ਜਿਸ ਦੇ ਉਹ ਉਪਾਸ਼ਕ ਹਨ। ਇਸ ਲਈ ਅੰਗ੍ਰੇਜ਼ੀ ਸਰਕਾਰ ਸਿੱਖਾਂ ਨੂੰ ਗੁਰਬਾਣੀ ਉਪਦੇਸ਼ ਨਾਲੋਂ ਤੋੜਨ ਲਈ ਤਰਲੋ ਮੱਛੀ ਸੀ। ਗੁਰਦੁਆਰਾ ਸੁਧਾਰ ਲਹਿਰ ਦਾ ਮਨੋਰਥ ਗੁਰਦੁਆਰਿਆਂ ਨੂੰ ਧਰਮਸ਼ਾਲਾ ਬਣਾਉਣਾ ਸੀ ਪਰ ਸ਼ਾਤਰ ਅੰਗ੍ਰੇਜ਼ ਨੇ ਆਪਣੇ ਪਰਸੰਸਕ ਅਤੇ ਤਾਬੇਦਾਰ ਸਿੱਖਾਂ ਦੀ ਮਿਲੀ ਭੁਗਤ ਨਾਲ ਗੁਰਦੁਆਰਾ ਐਕਟ ਬਣਾ ਦਰਬਾਰ ਸਾਹਿਬ ਅਤੇ ਇਤਿਹਾਸਕ ਗੁਰਦੁਆਰਿਆਂ ਨੂੰ ਪ੍ਰਬੰਧਕਾਂ ਦੇ ਅਧੀਨ ਕਰਕੇ ਉਥੋਂ ਗੁਰਮਤਿ ਸੰਚਾਰ ਕੀਤੇ ਜਾਣ ਦੀ ਸੰਭਾਵਨਾ ਨੂੰ ਖਤਮ ਕਰ ਦਿੱਤਾ। ਸ਼ਰਧਾਲੂਆਂ ਦੀ ਇੱਛਾ ਪੂਰਤੀ ਲਈ ਪੁਜਾਰੀ ਗੁਰਦੁਆਰਿਆਂ ਵਿਚ ਗੁਰਬਾਣੀ ਨਾਲ ਕੱਚੀਆਂ ਰਚਨਾਵਾਂ, ਕਰਮ ਕਾਂਡ ਅਤੇ ਮਿਥਿਹਾਸ ਨੂੰ ਰਲਗੱਡ ਕਰਕੇ ਲੋਕਾਂ ਵਿਚ ਗੁਰਬਾਣੀ ਬਾਰੇ ਭਰਮ ਭੁਲੇਖੇ ਪਾਉਣ ਲੱਗ ਪਏ। ਪਰ ਗੁਰਬਾਣੀ ਦੀ ਮਹਿਮਾ ਅਤੇ ਸਿੱਖ ਸ਼ਰਧਾਲੂਆਂ ਦੇ ਸਿਦਕ ਸਦਕਾ ਅੱਜ ਵੀ ਸਿੱਖ ਗੁਰਬਾਣੀ ਉਪਦੇਸ਼ ਨਾਲ ਜੁੜੇ ਹੋਏ ਹਨ ਅਤੇ ਗੁਰਦੁਆਰਿਆਂ ਵਿਚ ਸੁਧਾਰ ਲਿਆਉਣ ਲਈ ਉਤਸੁਕ ਹਨ।
ਅਕਾਲ ਤਖਤ ਸੰਸਥਾ ਗੁਰਦੁਆਰਾ ਐਕਟ ਦੀ ਦੇਣ ਹੈ। ਇਸ ਸੰਸਥਾ ਦਾ ਮਨੋਰਥ ਸਿੱਖ ਸੋਚ ਨੂੰ ਕੰਟ੍ਰੋਲ ਅਤੇ ਸੈਂਸਰ ਕਰਕੇ ਮੱਧ ਕਾਲੀਨ ਵਿਚਾਰਧਾਰਾ ਦੇ ਪੱਧਰ ਤਕ ਸੀਮਤ ਰੱਖਣਾ ਹੈ। ਇਸ ਦਾ ਮਿਥਿਹਾਸ ਰਚਣ ਅਤੇ ਇਸ ਨੂੰ ਸਰਬਉੱਚ ਸਿੱਖ ਸੰਸਥਾ ਪ੍ਰਚਾਰਨ ਵਿਚ ਸ਼੍ਰੋਮਣੀ ਕਮੇਟੀ ਦਾ ਭਾਰੀ ਯੋਗਦਾਨ ਹੈ। ਇਸਾਈ ਪੋਪ ਤੰਤਰ ਦਾ ਵੀ ਇਸ ਸੰਸਥਾ ਤੇ ਕਾਫੀ ਪ੍ਰਭਾਵ ਪਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਮਹਾਨਕੋਸ਼ ਵਿਚ ਅਕਾਲ ਤਖਤ ਦਾ ਕੋਈ ਇੰਦਰਾਜ ਨਹੀਂ ਦਿੱਤਾ ਹੈ। ਜੇਕਰ ਅਕਾਲ ਤਖਤ ਸਿੱਖ ਧਰਮ ਦੀ ਵੱਡੀ ਕੇਂਦਰੀ ਸੰਸਥਾ ਸੀ ਤਾਂ ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਦਾ ਜ਼ਿਕਰ ਜ਼ਰੂਰ ਕਰਨਾ ਸੀ। ਸਿੱਖ ਪੁਜਾਰੀ ਅਕਾਲ ਤਖਤ ਨੂੰ ਸਿੱਖ ਜਗਤ ਪਰ ਕੰਟ੍ਰੋਲ ਕਰਨ ਲਈ ਵਰਤਦੇ ਆ ਰਹੇ ਹਨ। ਸਿੱਖ ਗੁਰਬਾਣੀ ਦਾ ਉਪਾਸ਼ਕ ਹੈ ਕਿਸੇ ਭਵਨ ਜਾਂ ਉਸ ਵਿਚ ਬੈਠੇ ਕਿਸੇ ਵਿਅਕਤੀ ਦਾ ਨਹੀਂ। ਗੁਰਮਤਿ ਵੀ ਮਨੁੱਖੀ ਸੋਚ ਪਰ ਕੰਟ੍ਰੋਲ ਦੀ ਸਮਰਥਕ ਨਹੀਂ ਹੈ ਉਹ ਵੀ ਵਿਚਾਰਾਂ ਦੇ ਖੁੱਲ੍ਹੇ ਪ੍ਰਗਟਾਵੇ ਦੀ ਸਮਰਥਕ ਹੈ।
ਸਿੱਖ ਰਹਿਤ ਮਰਯਾਦਾ ਦੇ ਨਿਯਮ ਗੁਰਬਾਣੀ ਉਪਦੇਸ਼ ਦੇ ਵਿਪਰੀਤ ਹਨ। ਗੁਰਬਾਣੀ ਮਾਨਵਵਾਦੀ ਵਿਚਾਰਧਾਰਾ ਹੈ ਅਤੇ ਮਨੁੱਖੀ ਏਕਤਾ ਅਤੇ ਬਰਾਬਰੀ ਦੀ ਮੁੱਦਈ ਹੈ। ਇਹ ਮਨੁੱਖ ਨੂੰ ਹਲੀਮੀ, ਨਿਰਵੈਰਤਾ, ਸਬਰ ਸੰਤੋਖ, ਸਿਮਰਨ, ਪ੍ਰੇਮ ਅਤੇ ਸੇਵਾ ਭਾਵਨਾ ਵਾਲਾ ਨੈਤਿਕ ਜੀਵਨ ਧਾਰਨ ਕਰਨ ਦਾ ਉਪਦੇਸ਼ ਕਰਦੀ ਹੈ। ਇਸ ਦੇ ਉਲਟ ਸਿੱਖ ਰਹਿਤ ਮਰਯਾਦਾ ਸਿੱਖਾਂ ਨੂੰ ਵਖਰੇ ਅਤੇ ਵਿਸ਼ੇਸ਼ ਬਨਣ ਲਈ ਆਦੇਸ਼ ਦਿੰਦੀ ਹੈ। ਗੁਰਬਾਣੀ ਮਨੁੱਖ ਨੂੰ ਵਖਰਾ ਅਨੁਸ਼ਾਸਨ ਨਹੀਂ ਬਲਕਿ ਮਾਨਵੀ ਗੁਣ ਧਾਰਨ ਲਈ ਪ੍ਰੇਰਿਤ ਕਰਦੀ ਹੈ। ਸਮਾਜ ਤ੍ਰੈਗੁਣੀ ਮਾਇਆ ਦੇ ਪ੍ਰਭਾਵ ਅਧੀਨ ਵਿਚਰਦਾ ਹੈ। ਗੁਰਬਾਣੀ ਅਨੁਸਾਰ ਮਨੁੱਖ ਨੂੰ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋਣ ਲਈ ਪ੍ਰਯਾਸ ਕਰਨਾ ਚਾਹੀਦਾ ਹੈ ਜਿਸ ਲਈ ਉਸ ਨੂੰ ਗੁਰ ਸ਼ਬਦ ਦੀ ਓਟ ਲੈ ਕੇ ਆਪਣੇ ਮਨ ਨੂੰ ਸਾਧਣ ਦੀ ਲੋੜ ਹੁੰਦੀ ਹੈ। ਗੁਰਬਾਣੀ ਵੱਲੋਂ ਬਖਸ਼ੀ ਸੇਧ ਅਨੁਸਾਰ ਸਮਾਜਕ ਰੀਤੀ ਰਿਵਾਜ ਕਰਨੇ ਹੀ ਅਸਲੀ ਰਹਿਤ ਮਰਯਾਦਾ ਹੈ।
ਜਾਗਰੂਕ ਵਿਅਕਤੀ ਵੀ ਭਾਰੀ ਸੰਖਿਆ ਵਿਚ ੧੦ ਨਵੰਬਰ ੨੦੧੫ ਨੂੰ ਹੋਏ ਸਰਬੱਤ ਖਾਲਸਾ ਵਿਚ ਸ਼ਾਮਲ ਹੋਏ ਸਨ। ਲੋਕ ਪੰਜਾਬ ਸਰਕਾਰ ਦੀ ਸਿੱਖਿਆ, ਸਿਹਤ, ਖੇਤੀ ਬਾੜੀ ਅਤੇ ਰੋਜ਼ਗਾਰ ਦੇ ਖੇਤਰਾਂ ਵਿਚ ਅਣਗੈਹਲੀ ਅਤੇ ਸਿੱਖ ਧਾਰਮਕ ਸੰਸਥਾਵਾਂ ਵਿਚ ਦਖ਼ਲ ਅੰਦਾਜ਼ੀ ਤੋਂ ਬਹੁਤ ਦੁਖੀ ਸਨ। ਜਾਗਰੂਕ ਵਿਅਕਤੀਆਂ ਦੇ ਸਰਕਾਰ ਵਿਰੁਧ ਲੋਕਾਂ ਦਾ ਸਾਥ ਦੇਣ ਤੋਂ ਸਰਕਾਰ ਬਹੁਤ ਘਬਰਾ ਗਈ ਸੀ ਕਿਉਂਕਿ ਸਿਆਸਤਦਾਨਾਂ ਦੇ ਉਲਟ ਜਾਗਰੂਕ ਵਿਅਕਤੀ ਸੱਚ ਅਤੇ ਹੱਕ ਦੀ ਪ੍ਰਾਪਤੀ ਲਈ ਡਟ ਕੇ ਖੜ੍ਹਣਯੋਗ ਹੁੰਦੇ ਹਨ। ਖਾੜਕੂ ਸੋਚ ਵਾਲੀਆਂ ਜਥੇਬੰਦੀਆਂ ਵੀ ਲੋਕ ਲਹਿਰਾਂ ਵਿਚ ਉਨ੍ਹਾਂ ਦੇ ਸਹਿਯੋਗ ਨੂੰ ਬਹੁਤ ਅਹਿਮੀਅਤ ਦਿੰਦੀਆਂ ਹਨ ਭਾਵੇਂ ਉਹ ਜਥੇਬੰਦੀਆਂ ਆਪ ਉਨ੍ਹਾਂ ਤੋਂ ਝੇਂਪ ਖਾਂਦੀਆਂ ਹਨ। ਸਿੱਖ ਧਰਮ ਅਤੇ ਸਿਆਸਤ ਦੇ ਜੋੜ ਨੇ ਧਰਮ ਅਤੇ ਸਿਆਸਤ ਦੋਨਾਂ ਦਾ ਬਹੁਤ ਭਾਰੀ ਨੁਕਸਾਨ ਕੀਤਾ ਹੈ। ਸਿਆਸਤ ਇਕ ਸਮਾਜਕ ਗਤੀਵਿਧੀ ਹੈ ਜਦੋਂ ਕਿ ਧਰਮ ਇਕ ਅਧਿਆਤਮਿਕ ਨਿਜੀ ਕਿਰਿਆ ਹੈ। ਇਨ੍ਹਾਂ ਦਾ ਮੇਲ ਸੰਭਵ ਨਹੀਂ। ਸਾਰੇ ਜਾਗਰੂਕ ਵਿਅਕਤੀਆਂ ਨੂੰ ਸਿੱਖ ਧਰਮ ਦਾ ਰੁਖ ਸਿਆਸਤ ਵੱਲੋਂ ਮੋੜ ਕੇ ਗੁਰਬਾਣੀ ਦੇ ਅਧਿਆਤਮਿਕ ਗਿਆਨ ਵਲ ਕੇਂਦਰਤ ਕਰਨ ਲਈ ਜਤਨਸ਼ੀਲ ਹੋਣ ਦੀ ਲੋੜ ਹੈ।




.