.

ਸੁਖਮਈ ਜੀਵਨ ਅਹਿਸਾਸ (ਭਾਗ-3)

(ਸੁਖਜੀਤ ਸਿੰਘ ਕਪੂਰਥਲਾ)

ਉਪਰੋਕਤ ਸਿਰਲੇਖ ਅਧੀਨ ਅਸੀਂ ਭਾਗ-2 ਵਿੱਚ ਸਮਝਣ ਦਾ ਯਤਨ ਕੀਤਾ ਸੀ ਕਿ ਮਨੁੱਖ ਦੇ ਦੁੱਖਾਂ ਦਾ ਕਾਰਣ ਕੋਈ ਬਾਹਰੋਂ ਹੋਰ ਨਹੀਂ ਸਗੋਂ ਉਸਦੇ ਆਪਣੇ ਹੀ ਜੀਵਨ ਵਿਚਲੇ ਅਉਗਣ -ਵਿਕਾਰ ਹੀ ਹਨ। ਜਿਨ੍ਹਾਂ ਤੋਂ ਛੁਟਕਾਰਾ ਪ੍ਰਾਪਤ ਕਰਨ ਲਈ ਪੂਰੇ ਗੁਰੂ ਦੀ ਰਹਿਨੁਮਾਈ ਹੇਠ ਚਲਣ ਦੀ ਜ਼ਰੂਰਤ ਹੈ।

ਵਿਚਾਰਵਾਨਾਂ ਦਾ ਮੱਤ ਹੈ ਕਿ ਸਾਡੇ ਮਨ ਅੰਦਰ ਪਹਿਲਾਂ ਬੁਰੇ ਵਿਚਾਰ ਪੈਦਾ ਹੁੰਦੇ ਹਨ, ਇਹੀ ਬੁਰੇ ਵਿਚਾਰ ਜਦੋਂ ਕਰਮਸ਼ੀਲ ਹੋ ਕੇ ਅਮਲੀ ਰੂਪ ਧਾਰਨ ਕਰਦੇ ਹਨ ਤਾਂ ਪਾਪ ਦਾ ਰੂਪ ਲੈ ਲੈਂਦੇ ਹਨ। ਸੋ ਲੋੜ ਇਸ ਗੱਲ ਦੀ ਹੈ ਕਿ ਬੁਰੇ ਵਿਚਾਰ ਸਫਰ ਨਾ ਕਰਨ ਇਸ ਲਈ ਪਹਿਲੇ ਕਦਮ (step) ਤੇ ਹੀ ਰੋਕਣਾ ਸਹੀ ਉਪਾਉ ਹੈ। ਬੁਰੇ ਵਿਚਾਰਾਂ ਤੋਂ ਬਚਣਾ ਆਸਾਨ ਹੈ ਪਰ ਜਦੋਂ ਇਹੀ ਬੁਰੇ ਵਿਚਾਰ ਪਾਪ ਦਾ ਰੂਪ ਲੈ ਗਏ, ਫਿਰ ਮਨੁੱਖ ਬਾਰ-ਬਾਰ ਪਾਪਾਂ ਦੀ ਘੁੰਮਣਘੇਰੀ ਵਿੱਚ ਫਸ ਕੇ ਆਪਣਾ ਜੀਵਨ ਬਰਬਾਦ ਹੀ ਕਰੀ ਜਾਂਦਾ ਹੈ।

ਸੁਖਮਈ ਜੀਵਨ ਅਹਿਸਾਸ` ਜੀਵਨ ਅੰਦਰ ਬਣਿਆ ਰਹੇ ਇਸ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਸਾਡਾ ਮਾਰਗ ਦਰਸ਼ਨ ਕਰਦੀ ਹੈ। ਪਾਪ ਕਰਮਾਂ ਦੇ ਬਹੁਤ ਭਾਰੀ ਦੁਖ ਉਠਾਉਣ ਰੂਪੀ ਫਲ ਭੋਗਣ ਦੇ ਪੱਖ ਨੂੰ ਸਾਹਮਣੇ ਰੱਖਦੇ ਹੋਏ ਗੁਰਬਾਣੀ ਬਾਰ-ਬਾਰ ਸੁਚੇਤ ਕਰਦੀ ਹੈ-

- ਨਰ ਅਚੇਤ ਪਾਪ ਤੇ ਡਰੁ ਰੇ।।

(ਗਉੜੀ ਮਹਲਾ ੯-੨੨੦)

- ਅਨਕਾਏ ਰਾਤੜਿਆ ਵਾਟ ਦੁਹੇਲੀ ਰਾਮ।।

ਪਾਪ ਕਮਾਵਦਿਆ ਤੇਰਾ ਕੋਇ ਨ ਬੇਲੀ ਰਾਮ।।

(ਬਿਹਾਗੜਾ ਮਹਲਾ ੫-੫੪੬)

- ਪਾਪੀ ਕਰਮ ਕਮਾਵਦੇ ਕਰਦੇ ਹਾਇ ਹਾਇ।।

ਨਾਨਕ ਜਿਉ ਮਥਨਿ ਮਾਧਾਣੀਆ ਤਿਉ ਮਥੇ ਧਰਮਰਾਇ।।

(ਸਲੋਕ ਮਹਲਾ ੫-੧੪੨੫)

-ਕਾਮਣਿ ਲੋੜੈ ਸੋਇਨਾ ਰੂਪਾ ਮਿਤ੍ਰ ਲੁੜੇਨਿ ਸੁ ਖਾਧਾਤਾ।।

ਨਾਨਕ ਪਾਪ ਕਰੇ ਤਿਨ ਕਾਰਣਿ ਜਾਸੀ ਜਮ ਪੁਰਿ ਬਾਧਾਤਾ।।

(ਗਉੜੀ ਮਹਲਾ ੧-੧੫੫)

- ਮ੍ਰਿਗ ਮੀਨ ਭ੍ਰਿੰਗ ਪਤੰਗ ਕੁੰਚਰ ਏਕ ਦੋਖ ਬਿਨਾਸ।।

ਪੰਚ ਦੋਖ ਅਸਾਧ ਜਾ ਮਹਿ ਤਾ ਕੀ ਕੇਤਕ ਆਸ।।

(ਆਸਾ- ਰਵਿਦਾਸ ਜੀ- ੪੮੬)

ਦਸ ਗੁਰੂ ਸਾਹਿਬਾਨ ਦੀ ਸੋਚ ਅਨੁਸਾਰ ਸਿੱਖ ਸਮਾਜ ਦੀ ਬਣਤਰ ਲਈ ਸਿੱਖੀ ਜੀਵਨ ਨਿੱਜੀ-ਪ੍ਰਵਾਰਿਕ -ਸਮਾਜਿਕ ਜੀਵਨ ਰੂਪੀ ਵੱਖ-ਵੱਖ ਪੜਾਵਾਂ ਵਿਚੋਂ ਲੰਘ ਕੇ ਮੁਕੰਮਲ ਹੁੰਦਾ ਹੈ। ਪਰ ਅਫਸੋਸ! ਅੱਜ ਅਸੀਂ ਨਿੱਜੀ -ਪ੍ਰਵਾਰਿਕ ਪੱਖਾਂ ਨੂੰ ਛੱਡ ਕੇ ਸਮਾਜਿਕ ਜੀਵਨ ਦੇ ਸੁਧਾਰ ਦੀ ਆਸ ਲੈ ਕੇ ਬੈਠੇ ਹਾਂ।

ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ। (Man is a social animal) ਜੇਕਰ ਇਸ ਦੇ ਜੀਵਨ ਵਿਚੋਂ ਸਮਾਜਿਕ (Social) ਪੱਖ ਨਿਕਲ ਜਾਵੇ ਤਾਂ ਇਹ ਵੀ ਬਾਕੀ ਜੀਵ-ਜੰਤੂਆਂ ਵਾਂਗ ਕੇਵਲ ਪਸ਼ੂ (Man is a animal) ਹੀ ਬਣ ਕੇ ਰਹਿ ਜਾਂਦਾ ਹੈ। ਸਹੀ ਸਮਾਜ ਬਣਦਾ ਹੀ ਉਦੋਂ ਹੈ ਜਦੋਂ ਪਹਿਲਾਂ ਸਾਡਾ ਨਿੱਜੀ ਜੀਵਨ ਠੀਕ ਹੋਵੇ। ਪਰਿਵਾਰ ਦੇ ਹਰ ਮੈਂਬਰ ਦਾ ਨਿੱਜੀ ਜੀਵਨ ਜੇ ਠੀਕ ਰਹੇਗਾ ਤਾਂ ਹੀ ਉਹ ਸਹੀ ਪਰਿਵਾਰ ਅਖਵਾਉਣ ਦਾ ਹੱਕਦਾਰ ਬਣੇਗਾ। ਪਰਿਵਾਰਾਂ ਦੇ ਸਮੂਹ ਨਾਲ ਹੀ ਸਮਾਜ ਬਣਦਾ ਹੈ। ਸਪਸ਼ਟ ਹੈ ਕਿ ਸਹੀ ਸਮਾਜ ਦੀ ਉਸਾਰੀ ਦੀ ਸ਼ੁਰੂਆਤ ਸਾਨੂੰ ਆਪਣੇ ਨਿੱਜੀ ਜੀਵਨ ਤੋਂ ਹੀ ਕਰਨੀ ਪੈਣੀ ਹੈ।

ਸਾਨੂੰ ‘ਸੁਖਮਈ ਜੀਵਨ ਅਹਿਸਾਸ` ਦੇ ਰਸਤੇ ਅੰਦਰ ਰੁਕਾਵਟਾਂ ਦੀ ਪਹਿਚਾਣ ਕਰਨੀ ਪਵੇਗੀ। ਮਨੁੱਖ ਬੁਰਾ ਕਰਮ ਕਰਦਾ ਹੀ ਉਦੋਂ ਹੈ ਜਦੋਂ ਉਸਦੇ ਮਨ ਅੰਦਰ ਇਹ ਵਿਚਾਰ ਪੈਦਾ ਹੋ ਜਾਂਦੇ ਹਨ ਕਿ ਮੈਨੂੰ ਕੌਣ ਦੇਖ ਰਿਹਾ ਹੈ। ਪਰ ਗੁਰਬਾਣੀ ਦੱਸਦੀ ਹੈ ਕਿ ਹੋ ਸਕਦਾ ਹੈ ਕੋਈ ਦੁਨਿਆਵੀ ਅੱਖ ਤੈਨੂੰ ਨਾ ਵੇਖਦੀ ਹੋਵੇ, ਪਰ ਪ੍ਰਮੇਸ਼ਰ ਤਾਂ ਸਰਵ-ਵਿਆਪਕ ਹੋ ਕੇ, ਤੇਰੇ ਆਪਣੇ ਅੰਦਰ ਵੀ ਜੋਤ ਰੂਪ ਵਿੱਚ ਬਿਰਾਜਮਾਨ ਹੋ ਕੇ ਸਭ ਕੁੱਝ ਵੇਖ ਹੀ ਰਿਹਾ ਹੈ-

ਏ ਮਨ ਮਤ ਜਾਣਹਿ ਹਰਿ ਦੂਰਿ ਹੈ ਸਦਾ ਵੇਖੁ ਹਦੂਰਿ।।

ਸਦ ਸੁਣਦਾ ਸਦ ਵੇਖਦਾ ਸਬਦਿ ਰਹਿਆ ਭਰਪੂਰਿ।।

(ਆਸਾ ਮਹਲਾ ੩-੪੨੯)

ਮਨੁੱਖ ਪਾਪ ਕਰਮ ਕਰਦਾ ਹੀ ਉਸ ਸਮੇਂ ਹੈ ਜਦੋਂ ਉਸਦੇ ਜੀਵਨ ਵਿਚੋਂ ਪ੍ਰਮੇਸ਼ਰ ਦੀ ਸਰਵ-ਵਿਆਪਕਤਾ ਦਾ ਅਹਿਸਾਸ ਅਤੇ ਇਸ ਕੀਤੇ ਜਾਣ ਵਾਲੇ ਬੁਰੇ ਕਰਮ ਤੋਂ ਮਿਲਣ ਵਾਲੇ ਫਲ ਪ੍ਰਤੀ ਸੋਚ ਖਤਮ ਹੋ ਜਾਂਦੀ ਹੈ। ਜਿਵੇਂ ਮਨੁੱਖ ਪਰਾਈ ਇਸਤਰੀ ਨਾਲ ਕਾਮ-ਵਿਭਚਾਰ ਰੂਪੀ ਪਾਪ ਕਰਮ ਕਰਨ ਸਮੇਂ ਆਪਣੇ ਵਲੋਂ ਅਨੇਕਾਂ ਤਰਾਂ ਦੇ ਪਰਦੇ ਕਰਨ ਦੇ ਯਤਨ ਕਰਦਾ ਹੈ। ਕੀ ਐਸਾ ਕਰ ਸਕਣਾ ਸੰਭਵ ਹੈ? ਜੇ ਅਸੀਂ ਸਹੀ ਅਰਥਾਂ ਵਿੱਚ ਸਿੱਖ ਬਨਣਾ ਚਾਹੁੰਦੇ ਤਾਂ ਤਾਂ ਸਾਨੂੰ ਗੁਰਬਾਣੀ ਦਰਸਾਈ ਜੀਵਨ ਜਾਚ ਬਨਾਉਣੀ ਹੀ ਪਵੇਗੀ। ਇਸ ਪੱਖ ਉਪਰ ਗੁਰਬਾਣੀ ਦੇ ਉਪਦੇਸ਼ ਜੇ ਸਾਹਮਣੇ ਰੱਖਦੇ ਹੋਏ ਕੰਠ (ਜਬਾਨੀ ਯਾਦ) ਕਰ ਲਏ ਜਾਣ ਤਾਂ ਨਿਮਨ ਦਰਸਾਏ ਪ੍ਰਮਾਣਾਂ ਵਿਚੋਂ ਕੋਈ ਨਾ ਕੋਈ ਬਾਣੀ ਰੂਪੀ ਗੁਰੂ ਬਚਨ ਸਾਨੂੰ ਬੁਰਾ ਕਰਮ ਕਰਨ ਤੋਂ ਬਚਾ ਹੀ ਲਵੇਗਾ। ਇਹੀ ਗੁਰਬਾਣੀ ਦਾ ਆਸ਼ਾ ਹੈ-

- ਦੇਇ ਕਿਵਾੜ ਅਨਿਕ ਪੜਦੇ ਮਹਿ ਪਰਦਾਰਾ ਸੰਗਿ ਫਾਕੈ।।

ਚਿਤ੍ਰ ਗੁਪਤੁ ਜਬ ਲੇਖਾ ਮਾਗਹਿ ਤਬ ਕਉਣੁ ਪੜਦਾ ਤੇਰਾ ਢਾਕੈ।।

(ਸੋਰਠਿ ਮਹਲਾ ੫- ੬੧੬)

-ਨਿਮਖ ਕਾਮੁ ਸੁਆਦੁ ਕਾਰਣਿ ਕੋਟਿ ਦਿਨਸ ਦੁਖੁ ਪਾਵਹਿ।।

ਘੜੀ ਮੁਹਤ ਰੰਗ ਮਾਣਹਿ ਫਿਰਿ ਬਹੁਰਿ ਬਹੁਰਿ ਪਛੁਤਾਵਹਿ।।

(ਆਸਾ ਮਹਲਾ ੫-੪੦੩)

-ਪਰ ਤ੍ਰਿਅ ਰੂਪੁ ਨ ਪੇਖੈ ਨੇਤ੍ਰ।।

(ਗਉੜੀ ਸੁਖਮਨੀ ਮਹਲਾ ੫-੨੭੪)

- ਜੈਸਾ ਸੰਗ ਬਿਸੀਅਰ ਸਿਉ ਹੈ ਰੇ ਤੈਸੋ ਹੀ ਇਹੁ ਪਰ ਗ੍ਰਿਹੁ।।

(ਆਸਾ ਮਹਲਾ ੫-੪੦੩)

- ਰੇ ਨਰ ਕਾਇ ਪਰ ਗ੍ਰਿਹਿ ਜਾਇ।।

ਕੁਚਲ ਕਠੋਰ ਕਾਮਿ ਗਰਧਭ ਤੁਮ ਨਹੀ ਸੁਨਿਓ ਧਰਮਰਾਇ।।

(ਮਾਰੂ ਮਹਲਾ ੫-੧੦੦੧)

- ਤਕਹਿ ਨਾਰਿ ਪਰਾਈਆ ਲੁਕਿ ਅੰਦਰਿ ਠਾਣੀ।।

ਅਜਰਾਈਲ ਫਰੇਸਤਾ ਤਿਲ ਪੀੜੇ ਘਾਣੀ।।

(ਵਾਰ ਗਉੜੀ -ਮਹਲਾ ੪- ੩੧੫)

- ਪਰਤ੍ਰਿਅ ਰਾਵਣ ਜਾਹਿ ਸੇਈ ਤਾ ਲਾਜੀਅਹਿ।।

ਨਿਤਪ੍ਰਤਿ ਹਿਰਹਿ ਪਰਦਰਬੁ ਛਿਦ੍ਰ ਕਤ ਢਾਕੀਅਹਿ।।

(ਫੁਨਹੇ ਮਹਲਾ ੫-੧੩੬੨)

ਇਸ ਵਿਸ਼ੇ ਉਪਰ ਭਗਤ ਕਬੀਰ ਜੀ ਨੇ ਬਹੁਤ ਸੁੰਦਰ ਦ੍ਰਿਸ਼ਟਾਂਤ ਦੇ ਕੇ ਸਮਝਾਉਣ ਦਾ ਯਤਨ ਕੀਤਾ ਹੈ ਕਿ ਹਾਥੀ ਵਰਗਾ ਵਡ ਆਕਾਰੀ ਜੀਵ ਆਪਣੇ ਜੀਵਨ ਵਿੱਚ ਕਾਮ ਰਸ ਰੂਪੀ ਇੱਕ ਅਉਗਣ ਦੇ ਕਾਰਣ ਕਿਵੇਂ ਸਾਰੀ ਉਮਰ ਗੁਲਾਮੀ ਵਿੱਚ ਬਤੀਤ ਕਰਨ ਲਈ ਮਜਬੂਰ ਹੋ ਜਾਂਦਾ ਹੈ। ਮਹਾਵਤ ਲੋਕ ਹਾਥੀ ਦੇ ਇਸ ਅਉਗਣ ਨੂੰ ਜਾਣਦੇ ਹੋਏ ਉਸ ਨੂੰ ਫੜਣ ਲਈ ਜੰਗਲ ਅੰਦਰ ਇੱਕ ਬਹੁਤ ਵੱਡਾ ਡੂੰਘਾ ਟੋਇਆ ਪੁੱਟਣ ਉਪਰੰਤ ਕੱਖ-ਕਾਨਿਆਂ ਦੀ ਛੱਤ ਪਾ ਕੇ ਉਸ ਉਪਰ ਕਾਗਜ਼ ਦੀ ਹਥਨੀ ਬਣਾ ਕੇ ਖੜੀ ਕਰ ਦਿੰਦੇ ਹਨ। ਕਾਮ ਰਸ ਦਾ ਮਾਰਿਆ ਹਾਥੀ ਬਿਨਾਂ ਸੋਚੇ ਸਮਝੇ ਕਾਗਜ਼ ਦੀ ਹਥਨੀ ਨੂੰ ਅਸਲੀ ਸਮਝ ਕੇ ਉਸ ਕੋਲ ਆ ਜਾਂਦਾ ਹੈ ਤੇ ਰਿਜ਼ਲਟ ਵਜੋਂ ਕੱਖ-ਕਾਨਿਆਂ ਦੀ ਬਣੀ ਛੱਤ ਉਪਰ ਜਿਉਂ ਹੀ ਉਸਦਾ ਭਾਰ ਪੈਂਦਾ ਹੈ, ਉਹ ਡੂੰਘੇ ਟੋਏ ਵਿੱਚ ਡਿੱਗ ਪੈਂਦਾ ਹੈ। ਬਾਹਰ ਨਿਕਲਣ ਲਈ ਬਥੇਰੇ ਯਤਨ ਕਰਦਾ ਹੈ, ਪਰ ਸਭ ਨਿਸਫਲ ਰਹਿ ਜਾਂਦੇ ਹਨ। ਅਖੀਰ ਕਈ ਦਿਨ ਭੁੱਖਾ ਰੱਖਣ ਤੋਂ ਬਾਅਦ ਜਦੋਂ ਉਹ ਕਮਜ਼ੋਰ ਹੋ ਜਾਂਦਾ ਹੈ ਤਾਂ ਮਹਾਵਤ ਲੋਕ ਰੱਸੇ ਪਾ ਕੇ ਉਸਨੂੰ ਟੋਏ ਵਿਚੋਂ ਬਾਹਰ ਕੱਢ ਲੈਂਦੇ ਹਨ। ਫਿਰ ਉਸ ਹਾਥੀ ਨੂੰ ਆਪਣੀ ਬਾਕੀ ਸਾਰੀ ਜਿੰਦਗੀ ਸਿਰ ਉਪਰ ਮਹਾਵਤ ਦੀ ਕੁਹਾੜੀ ਦੇ ਵਾਰ ਸਹਿੰਦੇ ਹੋਏ ਗੁਲਾਮੀ ਝਲਣੀ ਪੈ ਜਾਂਦੀ ਹੈ। ਭਗਤ ਕਬੀਰ ਜੀ ਦਾ ਪਾਵਨ ਬਚਨ ਹੈ-

ਕਾਲਬੂਤ ਕੀ ਹਸਤਨੀ ਮਨ ਬਉਰਾ ਰੇ ਚਲਤੁ ਰਚਿਓ ਜਗਦੀਸ।।

ਕਾਮ ਸੁਆਇ ਗਜ ਬਸਿ ਪਰੇ ਮਨ ਬਉਰਾ ਰੇ ਅੰਕਸੁ ਸਹਿਓ ਸੀਸ।।

(ਗਉੜੀ-ਕਬੀਰ ਜੀ- ੩੩੫)

ਭਗਤ ਕਬੀਰ ਜੀ ਸਾਨੂੰ ਸਮਝਾ ਰਹੇ ਹਨ ਕਿ ਇੰਨੇ ਵੱਡੇ ਸਰੀਰ, ਇੰਨੀ ਜਿਆਦਾ ਤਾਕਤ ਦਾ ਮਾਲਕ ਹੁੰਦਾ ਹੋਇਆ ਹਾਥੀ ਆਪਣੇ ਜੀਵਨ ਵਿਚਲੇ ਇੱਕ ਅਉਗਣ ਕਾਰਣ ਜਿੰਦਗੀ ਭਰ ਦੀ ਗੁਲਾਮੀ ਸਹੇੜ ਲੈਂਦਾ ਹੈ, ਪਰ ਹੇ ਜੀਵ! ਤੇਰੇ ਅੰਦਰ ਤਾਂ ਇੰਨੇ ਵਿਕਾਰ-ਅਉਗਣ ਹਨ ਤੇਰਾ ਕੀ ਹਸ਼ਰ ਹੋਵੇਗਾ? ਕੀ ਕਦੀ ਇਸ ਬਾਬੇ ਸੋਚੇਗਾਂ?

ਗੁਰੂ ਅਰਜਨ ਸਾਹਿਬ ਨੇ ਸੁਖਮਈ ਪ੍ਰਵਾਰਿਕ ਜੀਵਨ ਲਈ ਬਹੁਤ ਹੀ ਸੁੰਦਰ ਹਵਾਲੇ ਨਾਲ ਸਮਝਾਉਣ ਦਾ ਯਤਨ ਕੀਤਾ ਹੈ ਕਿ ਪ੍ਰਮੇਸ਼ਰ ਦੀ ਸਾਜੀ ਸੰਸਾਰ ਰੂਪੀ ਫੁਲਵਾੜੀ ਵਿੱਚ ਵੱਖ-ਵੱਖ ਤਰਾਂ ਦੇ ਨਰ-ਨਾਰ ਰੂਪ ਅੰਦਰ ਬਹੁਤ ਵਧੀਆ ਫੁੱਲ ਖਿੜੇ ਹੋਏ ਹਨ। ਹੇ ਜੀਵ! ਤੈਨੂੰ ਸਿਰਫ ਇੰਨਾਂ ਹੱਕ ਹੈ ਕਿ ਇਸ ਫੁਲਵਾੜੀ ਵਿਚੋਂ ਪਤੀ-ਪਤਨੀ ਰੂਪ ਅੰਦਰ ਕੋਈ ਇੱਕ ਫੁੱਲ ਤੋੜ ਸਕਦਾ ਹੈਂ ਅਤੇ ਇਸ ਤੋਂ ਬਾਅਦ ਜੇ ਫਿਰ ਵੀ ਤੂੰ ਪਰਾਏ ਮਰਦ-ਪਰਾਈ ਇਸਤ੍ਰੀ ਪ੍ਰਤੀ ਮੰਦੀ ਭਾਵਨਾ ਰੱਖਦਾ ਹੈਂ ਤਾਂ ਤੇਰੀ ਹਾਲਤ ਇੱਕ ਭੂਤ ਤੋਂ ਵੱਧ ਕੋਈ ਨਹੀਂ-

ਕਿਆ ਗਲਾਇਓ ਭੂਛ ਪਰ ਵੇਲਿ ਨ ਜੋਹੇ ਕੰਤ ਤੂ।।

ਨਾਨਕ ਫੁਲਾ ਸੰਦੀ ਵਾੜਿ ਖਿੜਿਆ ਹਭੁ ਸੰਸਾਰੁ ਜਿਉ।।

(ਰਾਗ ਮਾਰੂ- ਮਹਲਾ ੫-੧੦੯੫)

‘ਸੁਖਮਈ ਜੀਵਨ ਅਹਿਸਾਸ` ਹਿਤ ਗੁਰਮਤਿ ਸਾਡਾ ਮਾਰਗ ਦਰਸ਼ਨ ਕਰਦੀ ਹੈ ਕਿ ਅਸੀਂ ਸਹੀ ਸਮਾਜ ਦੀ ਬਣਤਰ ਲਈ ਪ੍ਰਵਾਰਿਕ - ਸਮਾਜਿਕ ਰਿਸ਼ਤਿਆਂ ਨੂੰ ਆਪਣੀ-ਆਪਣੀ ਜਗਾ ਉਪਰ ਠੀਕ ਰੱਖੀਏ, ਇਸ ਵਿੱਚ ਹੀ ਸਾਡਾ ਅਤੇ ਸਮਾਜ ਦਾ ਭਲਾ ਹੈ-

-ਏਕਾ ਨਾਰੀ ਜਤੀ ਹੋਇ ਪਰ ਨਾਰੀ ਧੀ ਭੈਣ ਵਖਾਣੈ।

(ਭਾਈ ਗੁਰਦਾਸ ਜੀ- ਵਾਰ ੬ ਪਉੜੀ ੮)

-ਦੇਖਿ ਪਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣੈ।

(ਭਾਈ ਗੁਰਦਾਸ ਜੀ- ਵਾਰ ੨੯ ਪਉੜੀ ੧੧)

- ਹਉ ਤਿਸੁ ਘੋਲਿ ਘੁਮਾਇਆ ਪਰ ਨਾਰੀ ਦੇ ਨੇੜਿ ਨ ਜਾਵੈ।

(ਭਾਈ ਗੁਰਦਾਸ ਜੀ- ਵਾਰ ੧੨ ਪਉੜੀ ੪)

- ਪਰ ਬੇਟੀ ਕੋ ਬੇਟੀ ਜਾਨੈ। ਪਰ ਇਸਤ੍ਰੀ ਕੋ ਮਾਤ ਬਖਾਨੈ।

ਅਪਨੀ ਇਸਤ੍ਰੀ ਸੋ ਰਤ ਹੋਈ। ਰਹਿਤਵਾਨ ਗੁਰੁ ਕਾ ਸਿੰਘ ਸੋਈ।

(ਰਹਿਤਨਾਮਾ-ਭਾਈ ਦੇਸਾ ਸਿੰਘ)

======== (ਚਲਦਾ … …)

ਦਾਸਰਾ

ਸੁਖਜੀਤ ਸਿੰਘ ਕਪੂਰਥਲਾ

ਗੁਰਮਤਿ ਪ੍ਰਚਾਰਕ/ ਕਥਾਵਾਚਕ

201, ਗਲੀ ਨਬੰਰ 6, ਸੰਤਪੁਰਾ

ਕਪੂਰਥਲਾ (ਪੰਜਾਬ)

(98720-76876, 01822-276876)

e-mail - [email protected]
.