.

ਸਿੱਖੀ ਦੀ ਲਹਿਰ ਦਾ ਪਤਨ

(ਕਿਸ਼ਤ ਚੌਥੀ)

ਹੁਣ ਤੱਕ ਦੇ ਪੇਸ਼ ਕੀਤੇ ਗਏ ਬਿਰਤਾਂਤ ਰਾਹੀਂ ਅਸੀਂ ਵੇਖਿਆ ਹੈ ਕਿ ਦਸ ਸਿਖ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਮਾਨਵਵਾਦੀ ਲਹਿਰ ਦੇ ਪਤਨ ਦੀ ਪ੍ਰੀਕਿਰਿਆ 1710 ਈਸਵੀ ਤੋਂ ਲੈਕੇ ਅਰੰਭ ਹੋ ਗਈ ਸੀ। ਗੁਰੂ ਸਾਹਿਬਾਨ ਨੇ ਸੰਸਾਰ ਦੀ ਸਭ ਤੋਂ ਪਹਿਲੀ ਮਾਨਵਵਾਦ ਦੀ ਕਰਾਂਤੀਕਾਰੀ ਲਹਿਰ ਲਗ-ਭਗ 1500 ਈਸਵੀ ਤੋਂ ਲੈ ਕੇ ਚਲਾਈ ਸੀ ਅਤੇ ਇਸ ਨੂੰ ਦੋ ਸੌ ਸਾਲਾਂ ਤੋਂ ਵੱਧ ਦੇ ਸਮੇਂ ਤਕ ਪੂਰੀ ਸਫਲਤਾ ਨਾਲ ਨਿਭਾਇਆ। ਇਹ ਲਹਿਰ ਸਿੱਖੀ ਦਾ ਅਸਲੀ ਰੂਪ ਸੀ ਅਤੇ ਇਸ ਸਮੇਂ ਵਿੱਚ ਗੁਰੂ ਸਾਹਿਬਾਨ ਦੇ ਪੈਰੋਕਾਰ ਮਾਨਵਵਾਦੀ ਸਿਖ ਸਨ। ਅਸੀਂ ਇਹ ਵੀ ਵੇਖਿਆ ਹੈ ਕਿ ਕਿਵੇਂ ਅਠਾਰ੍ਹਵੀਂ ਸਦੀ ਵਿੱਚ ਪਹਿਲਾਂ ਤਾਂ ਸਿੱਖੀ ਦੀ ਇਸ ਲਹਿਰ ਨੂੰ ਸਾਜ਼ਿਸ਼ੀ ਢੰਗ ਨਾਲ ‘ਸਿਖ ਧਰਮ’ ਦੇ ਨਾਮ ਥੱਲੇ ਇੱਕ ਸੰਸਥਾਗਤ ਮੱਤ ਵਿੱਚ ਤਬਦੀਲ ਕਰ ਦਿੱਤਾ ਗਿਆ ਜਿਸ ਨੂੰ ਗੁਰੂ ਸਾਹਿਬਾਨ ਦੇ ਪੈਰੋਕਾਰ ਅਖਵਾਉਂਦੇ ਲੋਕਾਂ ਨੇ ਸਹਿਜੇ ਹੀ ਮਾਨਤਾ ਦੇ ਦਿੱਤੀ ਅਤੇ ਉਹ ‘ਸੰਪਰਦਾਈ ਸਿਖ’ ਬਣ ਗਏ। ਫਿਰ ਸਮੇਂ-ਸਮੇਂ ਵੱਖ-ਵੱਖ ਰੂਪਾਂ ਵਿੱਚ ਉਭਰੀਆਂ ਵਿਰੋਧੀ ਧਿਰਾਂ ਵੱਲੋਂ ਸੰਪਰਦਾਈ ਸਿਖਭਾਈਚਾਰੇ ਵਿੱਚ ਵੀ ਵੱਡੇ-ਵੱਡੇ ਭੰਬਲਭੂਸੇ ਖੜ੍ਹੇ ਕਰਨ ਦਾ ਐਸਾ ਰੁਝਾਨ ਛੇੜਿਆ ਗਿਆ ਕਿ ਅਜੋਕੇ ਸਮੇਂ ਤਕ ਪਹੁੰਚਦਿਆਂ ਸੰਸਥਾਗਤ ਸਿਖ ਧਰਮ ਨੂੰ ਹਿੰਦੂ ਮੱਤ ਵਿੱਚ ਜਜ਼ਬ ਕਰ ਲੈਣ ਦੇ ਮਨਸੂਬਿਆਂ ਰਾਹੀਂ ਇਸ ਦੀ ਹੋਂਦ ਨੂੰ ਵੀ ਖਤਮ ਕਰ ਦੇਣ ਦੀ ਸਥਿਤੀ ਬਣਾ ਦਿੱਤੀ ਗਈ ਹੋਈ ਹੈ।

1710 ਈਸਵੀ ਤੋਂ ਪਿੱਛੋਂ ਹੋਂਦ ਵਿੱਚ ਆਏ ਸੰਪਰਦਾਈ ਸਿਖ ਭਾਈਚਾਰੇ ਦੇ ਲੋਕਾਂ ਦੀ ਭੂਮਿਕਾ ਹੇਠਾਂ ਦਿੱਤੇ ਛੇ ਤਰ੍ਹਾਂ ਦੀ ਰਹੀ ਹੈ:

1. ਉਹਨਾਂ ਵੱਲੋਂ ਗੁਰਮੱਤ ਦੇ ਉਲਟ ਜਾਂਦਿਆਂ ਆਪਣੇ ਅੰਦਰ ਰਾਜ-ਸੱਤਾ ਦੀ ਲਾਲਸਾ ਪੈਦਾ ਕਰ ਲੈਣਾ।

2. ਉਹਨਾਂ ਵੱਲੋਂ ਰਾਜ-ਸੱਤਾ ਦੀ ਲਾਲਸਾ ਦੀ ਪੂਰਤੀ ਦੇ ਯਤਨਾਂ ਉੱਤੇ ਸਾਰਾ ਧਿਆਨ ਕੇਂਦ੍ਰਿਤ ਕਰਦੇ ਹੋਏ ਗੁਰੂ ਸਾਹਿਬਾਨ ਦੇ ਮਿਸ਼ਨ ਵੱਲ ਪਿੱਠ ਕਰ ਲੈਣੀ।

3. ਉਹਨਾਂ ਵੱਲੋਂ ਬਿੱਪਰਵਾਦੀ ਧਿਰਾਂ ਦੇ ਬਣਾਏ ਅਤੇ ‘ਸਿਖ ਧਰਮ’ ਦੇ ਨਾਮ ਹੇਠ ਚਾਲੂ ਕੀਤੇ ਸੰਸਥਾਗਤ ਮੱਤ ਨੂੰ ਅਪਣਾ ਲੈਣ ਦੀ ਗੁਰਮੱਤ ਵਿਰੋਧੀ ਕਾਰਵਾਈ ਕਰਨੀ।

4. ਉਹਨਾਂ ਦਾ ਆਪਣੀ ਬ੍ਰਾਹਮਣਵਾਦੀ ਜੀਵਨ-ਜਾਚ ਨੂੰ ਗੁਰੂ ਸਾਹਿਬਾਨ ਨਾਲ ਜੋੜਦੇ ਹੋਏ ਗੁਰੂ ਸਾਹਿਬਾਨ ਨਾਲ ਧਰੋਹ ਕਮਾਉਣ ਦੀ ਕਾਰਵਾਈ ਦੇ ਭਾਗੀ ਬਣਨਾ।

5. ਉਹਨਾਂ ਵੱਲੋਂ ਸੰਸਥਾਗਤ ਸਿਖ ਧਰਮ ਵਿੱਚ ਅੱਤ ਦੀ ਕੱਟੜਤਾ ਪੈਦਾ ਕਰਦੇ ਹੋਏ ਖੁਦ ਹੀ ਬਿੱਪਰਵਾਦੀ ਅੰਸ਼ਾਂ ਦੀ ਸਥਾਪਤੀ ਨੂੰ ਹੋਰ ਪੱਕਾ ਕਰਨ ਉੱਤੇ ਜ਼ੋਰ ਦੇਈ ਜਾਣਾ।

6. ਉਹਨਾਂ ਵਿੱਚੋਂ ਕੁੱਝ ‘ਜਾਗਰੂਕ’ ਅਖਵਾਉਂਦੇ ਸੱਜਣਾਂ ਵੱਲੋਂ ਆਪੂੰ ਸੰਸਥਾਗਤ ਸਿਖ ਧਰਮ ਨਾਲ ਚਿੰਬੜੇ ਰਹਿਣਾ ਅਤੇ ਨਾਲ ਹੀ ਸੰਪਰਦਾਈ ਸਿੱਖੀ ਦੇ ‘ਸੁਧਾਰ’ ਦਾ ਵਿਖਾਵਾ ਕਰਦੇ ਰਹਿਣਾ।

ਅਠਾਰ੍ਹਵੀਂ ਸਦੀ ਈਸਵੀ ਦੇ ਅਰੰਭ ਤੋਂ ਲੈ ਕੇ ਹੀ ਸਿਖ ਫਿਰਕੇ ਦੇ ਲੋਕਾਂ ਨੂੰ ਢੇਰ ਸਾਰੀਆਂ ਸਮੱਸਿਆਵਾਂ ਦਰਪੇਸ਼ ਹਨ ਜਿਹਨਾਂ ਕਰਕੇ ਉਹਨਾਂ ਦੀ ਸਥਿਤੀ ਤਰਸਯੋਗ ਬਣੀ ਹੋਈ ਹੈ। ਅਸਲ ਵਿੱਚ ਸਿਖ ਫਿਰਕੇ ਨੂੰ ਦਰਪੇਸ਼ ਇਹ ਸਾਰੀਆਂ ਸਮੱਸਿਆਵਾਂ ਉਹਨਾਂ ਦੀਆਂ ਆਪਣੀਆਂ ਉਕਾਈਆਂ ਦਾ ਹੀ ਨਤੀਜਾ ਹਨ ਜੋ ਉੱਪਰ 1. ਤੋਂ 6. ਉੱਤੇ ਦਰਸਾਈਆਂ ਗਈਆਂ ਹਨ। ਜਾਂ ਇਉਂ ਕਹਿ ਲਵੋ ਕਿ ਸੰਪਰਦਾਈ ਸਿਖ ਭਾਈਚਾਰਾ ਪਿਛਲੇ ਤਿੰਨ ਸੌ ਸਾਲ ਤੋਂ ਆਪਣੀਆਂ ਹੀ ਉਕਾਈਆਂ ਦੀ ਸਜ਼ਾ ਭੁਗਤਦਾ ਆ ਰਿਹਾ ਹੈ। ਪਰੰਤੂ ਇਸ ਭਾਈਚਾਰੇ ਨਾਲ ਸਬੰਧਤ ਲੋਕ ਸਦਾ ਹੀ ਆਪਣੀਆਂ ਸਮੱਸਿਆਵਾਂ ਲਈ ਬਾਹਰਲੀਆਂ ਧਿਰਾਂ ਨੂੰ ਹੀ ਜ਼ਿੰਮੇਵਾਰ ਠਹਿਰਾਉਂਦੇ ਆਏ ਹਨ ਅਤੇ ਉਹ ਕਦੇ ਵੀ ਇਹ ਨਹੀਂ ਸੋਚਦੇ ਉਹਨਾਂ ਦੀ ਇਸ ਸਥਿਤੀ ਦੀ ਜ਼ਿੰਮੇਵਾਰੀ ਮੁੱਢਲੇ ਤੌਰ ਤੇ ਖੁਦ ਉਹਨਾਂ ਦੇ ਸਿਰਾਂ ਤੇ ਹੀ ਆਉਂਦੀ ਹੈ। ਅਸੁਰੱਖਿਆ ਦੀ ਭਾਵਨਾ ਅਧੀਨ ਉਹਨਾਂ ਦੀ ਧਾਰਮਿਕ ਕੱਟੜਤਾ ਸਮਾਂ ਬੀਤਣ ਨਾਲ ਵੱਧਦੀ ਹੀ ਗਈ ਹੈ ਜੋ ਉਹਨਾਂ ਦੀਆਂ ਮੁਸੀਬਤਾਂ ਵਿੱਚ ਅੱਗੋਂ ਹੋਰ ਵਾਧੇ ਦਾ ਕਾਰਨ ਬਣਦੀ ਆਈ ਹੈ। ਸਿੱਟੇ ਦੇ ਤੌਰ ਤੇ ਅੱਜ ਸੰਪਰਦਾਈ ਸਿਖ ਭਾਈਚਾਰਾ ਬੁਰੀ ਤਰ੍ਹਾਂ ਲਾਚਾਰੀ ਦੀ ਘੁੰਮਣਘੇਰੀ ਵਿੱਚ ਫਸਿਆ ਹੋਇਆ ਨਜ਼ਰ ਆਉਂਦਾ ਹੈ। ਇਸ ਭਾਈਚਾਰੇ ਦੀ ਮਨੋਬ੍ਰਿਤੀ ਭੰਬਲਭੂਸੇ ਤੋਂ ਅੱਗੇ ਚੱਲ ਕੇ ਸਿਥਲਤਾ ਦੀ ਹਾਲਤ ਵਿੱਚ ਪਹੁੰਚ ਚੁੱਕੀ ਹੈ ਅਤੇ ਹੁਣ ਇਹ ਆਪਣੇ ਭਵਿਖ ਬਾਰੇ ਕੁੱਝ ਸੋਚਣ ਤੋਂ ਅਸਮਰੱਥ ਹੋ ਚੁੱਕਾ ਹੈ। ਫਿਰ ਵੀ ਮਾਨਵਵਾਦੀ ਪਹੁੰਚ ਅਨੁਸਾਰ ਉਹਨਾਂ ਸਮੱਸਿਆਵਾਂ ਦੇ ਹਲ ਸਬੰਧੀ ਸੋਚਣ ਦੀ ਲੋੜ ਹੈ ਜਿਹਨਾਂ ਨਾਲ ਅੱਜ ਸੰਪਰਦਾਈ ਸਿਖ ਭਾਈਚਾਰਾ ਬੁਰੀ ਤਰ੍ਹਾਂ ਜੂਝ ਰਿਹਾ ਹੈ। ਪਰੰਤੂ ਵਡੇਰਾ ਕਾਰਜ ਸੰਸਥਾਗਤ ਸਿਖ ਧਰਮ ਨੂੰ ਬਚਾਉਣ ਦਾ ਨਹੀਂ ਸਗੋਂ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਮਾਨਵਵਾਦੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਦਾ ਹੈ। ਇਸ ਲਈ ਸੰਪਰਦਾਈ ਸਿਖ ਭਾਈਚਾਰੇ ਦੇ ਅੰਦਰ ਅਤੇ ਬਾਹਰਵਾਰ ਗੁਰੂ ਸਾਹਿਬਾਨ ਦੀ ਲਹਿਰ ਦੇ ਪੁਨਰ-ਸੁਰਜੀਤੀਕਰਨ ਦੀਆਂ ਸੰਭਾਵਨਾਵਾਂ ਨੂੰ ਤਲਾਸ਼ਣ ਹਿਤ ਸੁਹਿਰਦ ਯਤਨ ਜ਼ਰੂਰ ਅਰੰਭੇ ਜਾਣੇ ਚਾਹੀਦੇ ਹਨ।

ਇੱਥੇ ਕੁੱਝ ਧਿਰਾਂ ਵੱਲੋਂ ਇਹ ਸਵਾਲ ਖੜ੍ਹਾ ਕੀਤਾ ਜਾ ਸਕਦਾ ਹੈ ਕਿ ਕੀ ਮਾਨਵਵਾਦੀ ਲਹਿਰ ਦੌਰਾਨ ਸਿਖ ਗੁਰੂ ਸਾਹਿਬਾਨ ਨੂੰ ਮੁਸੀਬਤਾਂ ਦਾ ਸਾਹਮਣਾ ਨਹੀਂ ਕਰਨਾ ਪਿਆ ਸੀ? ਇਸ ਸਵਾਲ ਦੇ ਉੱਤਰ ਵਿੱਚ ਇਹ ਕਿਹਾ ਜਾ ਸਕਦਾ ਹੈ ਕਿ ਸਿਖ ਗੁਰੂ ਸਾਹਿਬਾਨ ਨੂੰ ਪਤਾ ਸੀ ਕਿ ਮਾਨਵਵਾਦ ਦੀ ਕਰਾਂਤੀਕਾਰੀ ਲਹਿਰ ਨੂੰ ਚਲਾਉਣ ਵੇਲੇ ਮੁਸੀਬਤਾਂ ਤਾਂ ਆਉਣਗੀਆਂ ਹੀ। ਇੱਸੇ ਲਈ ਗੁਰੂ ਨਾਨਕ ਜੀ ਨੇ ਮਾਨਵਵਾਦੀ ਸੰਘਰਸ਼ ਨੂੰ ‘ਪ੍ਰੇਮ’ ਦਾ ਨਾਮ ਦਿੰਦੇ ਹੋਏ ਉਚਾਰਿਆ ਸੀ, "ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥ ……."। ਪਰੰਤੂ ਗੁਰੂ ਸਾਹਿਬਾਨ ਅਤੇ ਉਹਨਾਂ ਦੇ ਪੈਰੋਕਾਰ ਵਿਰੋਧੀਆਂ ਵੱਲੋਂ ਪੈਦਾ ਕੀਤੀ ਗਈ ਹਰ ਮੁਸੀਬਤ ਨੂੰ ਪ੍ਰਭੂ ਦਾ ਭਾਣਾ ਮੰਨਦੇ ਹੋਏ ਉਸ ਨੂੰ ਖਿੜੇ ਮੱਥੇ ਝੱਲ ਲੈਣ ਦੀ ਸਮਰੱਥਾ ਰੱਖਦੇ ਸਨ। ਉਹ ਤਾਂ ਦੁੱਖਾਂ-ਕਸ਼ਟਾਂ ਦਾ "ਏਹਿ ਭਿ ਦਾਤਿ ਤੇਰੀ ਦਾਤਾਰ॥" ਕਹਿਕੇ ਸਵਾਗਤ ਕਰਦੇ ਸਨ। ਸਿੱਟੇ ਦੇ ਤੌਰ ਤੇ ਉਹ ਕਿਸੇ ਮੁਸੀਬਤ ਵਿੱਚੋਂ ਕੋਈ ਦੁਖ-ਕਸ਼ਟ ਮਹਿਸੂਸ ਹੀ ਨਹੀਂ ਕਰਦੇ ਸਨ। ਇਸ ਲਈ ਉਹ ਨਾ ਤਾਂ ਆਪਣੀਆਂ ਮੁਸੀਬਤਾਂ ਦਾ ਰੋਣਾ ਰੋਂਦੇ ਸਨ ਅਤੇ ਨਾ ਹੀ ਉਹਨਾਂ ਲਈ ਕਿਸੇ ਮਨੁੱਖੀ ਧਿਰ ਦੇ ਸਿਰ ਦੋਸ਼ ਮੜ੍ਹਦੇ ਸਨ। ਅਜਿਹਾ ਦ੍ਰਿਸ਼ਟੀਕੋਣ ਸੰਪਰਦਾਈ ਸਿੱਖਾਂ ਵਿੱਚ ਕਿਧਰੇ ਵੀ ਵੇਖਣ ਨੂੰ ਨਹੀਂ ਮਿਲੇਗਾ ਕਿਉਂਕਿ ਉਹਨਾਂ ਦਾ ਸਾਰਾ ਵਰਤਾਰਾ ਲਾਲਚ, ਸਵਾਰਥ ਅਤੇ ਮੌਕਾਪ੍ਰਸਤੀ ਉੱਤੇ ਆਧਾਰਿਤ ਹੁੰਦਾ ਹੈ, ਮਾਨਵਵਾਦੀ ਆਦਰਸ਼ਾਂ ਉੱਤੇ ਨਹੀਂ।

ਇੱਥੇ ਪਹਿਲਾਂ ਸਾਨੂੰ ਸੰਪਰਦਾਈ ਸਿਖ ਭਾਈਚਾਰੇ ਵਿੱਚ ਸਿੱਖੀ ਸਿਧਾਂਤਾਂ ਅਤੇ ਇਤਿਹਾਸ ਸਬੰਧੀ ਪਰਚਲਤ ਕੁੱਝ ਭਰਮ-ਭੁਲੇਖਿਆਂ ਅਤੇ ਤਰਕਹੀਣ ਸੰਕਲਪਾਂ ਪ੍ਰਤੀ ਸਪਸ਼ਟ ਹੋਣ ਦੀ ਲੋੜ ਹੈ। ਅਜਿਹੇ ਭਰਮ-ਭੁਲੇਖਿਆਂ ਅਤੇ ਤਰਕਹੀਣ ਸੰਕਲਪਾਂ ਦੀ ਸੂਚੀ ਬਹੁਤ ਲੰਬੀ ਹੈ। ਇਸ ਲਈ ਇਹਨਾਂ ਸਾਰਿਆਂ ਦਾ ਵਿਸਥਾਰ ਇੱਥੇ ਦੇਣਾ ਸੰਭਵ ਨਹੀਂ। ਫਿਰ ਵੀ ਕੁੱਝ ਕੁ ਨੁਕਤੇ ਜਿਹਨਾਂ ਦਾ ਸੰਸਥਾਗਤ ਸਿਖ ਧਰਮ ਦੀ ਅੱਧੋਗਤੀ ਅਤੇ ਗੁਰੂ ਸਾਹਿਬਾਨ ਦੀ ਲਹਿਰ ਦੇ ਪੁਨਰ-ਸੁਰਜੀਤੀਕਰਨ ਨਾਲ ਸਿੱਧਾ ਸਬੰਧ ਹੈ ਉਹਨਾਂ ਦਾ ਜ਼ਿਕਰ ਸੰਖੇਪ ਸਪਸ਼ਟੀਕਰਨ ਸਹਿਤ ਹੇਠਾਂ ਕੀਤਾ ਜਾ ਰਿਹਾ ਹੈ।

1. ਗੁਰੂ ਗੋਬਿੰਦ ਸਿੰਘ ਜੀ ਦਾ ਅਗਲੇ ਹੋਣ ਵਾਲੇ ਗੁਰੂ ਸਬੰਧੀ ਆਦੇਸ਼ ਕੀ ਸੀ?

ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੋਂ ਅੱਗੇ ਸ਼ਖਸੀ ਗੁਰੂ ਦੀ ਪਰੰਪਰਾ ਦੀ ਸਮਾਪਤੀ ਕਰਦੇ ਹੋਏ ਆਪਣੇ ਪੈਰੋਕਾਰਾਂ ਦਾ ਧਿਆਨ ਗੁਰਬਾਣੀ ਵਿੱਚ ਸ਼ਾਮਲ ਸਤਰ ‘ਬਾਣੀ ਗੁਰੁ ਗੁਰੂ ਹੈ ਬਾਣੀ………’ ਵੱਲ ਦੁਆਇਆ ਸੀ ਅਤੇ ਗੁਰਬਾਣੀ ਦੇ ਇਸ ਆਦੇਸ਼ ਮੁਤਾਬਿਕ ਗੁਰਬਾਣੀ ਨੂੰ ‘ਗੁਰੂ’ ਕਿਹਾ ਸੀ ਨਾ ਕਿ ਦੇਹ ਰੂਪੀ ਪੁਸਤਕ ਨੂੰ। ‘ਗੁਰੂ ਮਾਨਿਓਂ ਗ੍ਰੰਥ’ ਵਾਲੇ ਸ਼ਬਦ ਨਿਰਮਲੇ ਕਵੀ ਗਿਆਨੀ ਗਿਆਨ ਸਿੰਘ ਵੱਲੋਂ 1867 ਈਸਵੀ ਵਿੱਚ ਤਿਆਰ ਕੀਤੀ ਗਈ ਮਨਮੱਤੀ ਪੁਸਤਕ ‘ਪੰਥ ਪ੍ਰਕਾਸ਼’ ਵਿੱਚ ਲਿੱਖੇ ਹੋਏ ਮਿਲਦੇ ਹਨ ਜਿਵੇਂ ਕਿ ਹੇਠਾਂ ਦਰਸਾਇਆ ਗਿਆ ਹੈ:

ਆਗਿਆ ਭਈ ਅਕਾਲ ਕੀ ਤਭੀ ਚਲਾਇਓ ਪੰਥ।

ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓਂ ਗ੍ਰੰਥ।

ਗੁਰੂ ਗ੍ਰੰਥ ਜੀ ਮਾਨਿਓਂ ਪਰਗਟ ਗੁਰਾਂ ਕੀ ਦੇਹ।

ਜਾਂ ਕਾ ਹਿਰਦਾ ਸੁਧ ਹੈ ਖੋਜ ਸ਼ਬਦ ਮੈ ਲੇਹ।

ਆਮ ਕਰਕੇ ਗਲਤੀ ਨਾਲ ਇਹ ਸਮਝ ਲਿਆ ਜਾਂਦਾ ਹੈ ਕਿ ਇਹ ਸਤਰਾਂ ਹੂਬਹੂ ਰੂਪ ਵਿੱਚ ਦੱਸਵੇਂ ਗੁਰੂ ਜੀ ਦੀਆਂ ਉਚਾਰੀਆਂ ਹੋਈਆਂ ਹਨ। ਇਹਨਾਂ ਸਤਰਾਂ ਵਿਚਲੇ ਗੁਰੂ ਮਾਨਿਓਂ ਗ੍ਰੰਥ ਅਤੇ ਪਰਗਟ ਗੁਰਾਂ ਕੀ ਦੇਹ ਵਾਲੇ ਹਿੱਸਿਆਂ ਨੇ ਹੀ ਗੁਰਬਾਣੀ ਗ੍ਰੰਥ ਨੂੰ ਇੱਕ ਮੂਰਤੀ ਦੇ ਤੌਰ ਤੇ ਕਿਆਸਣ ਦਾ ਰੁਝਾਨ ਪੈਦਾ ਕੀਤਾ ਹੈ ਜਿਸ ਦੀ ਪੂਜਾ-ਅਰਚਨਾ ਦੇ ਅਨੇਕਾਂ ਕਰਮ-ਕਾਂਡ ਗੁਰਦੁਆਰਿਆਂ ਵਿੱਚ ਅਤੇ ਬਾਹਰਵਾਰ ਨਿਭਾਏ ਜਾ ਰਹੇ ਹਨ।

2. ਕੀ ਸੰਪਰਦਾਈ ਸਿੱਖਾਂ ਵੱਲੋਂ ‘ਗੁਰਬਾਣੀ ਗ੍ਰੰਥ’ ਨੂੰ ਸਾਰੇ ਸੰਸਾਰ ਦਾ ਗੁਰੂ ਦਰਸਾਉਣ ਦਾ ਦਾਵਾ ਕਰਨਾ ਤਰਕ-ਸੰਗਤ ਹੈ?

ਸੰਸਾਰ ਦੇ ਸਾਰੇ ਸੰਸਥਾਗਤ ਧਰਮਾਂ ਦੇ ਆਪਣੇ-ਆਪਣੇ ਧਾਰਮਿਕ ਰਹਿਬਰ ਜਾਂ ਗੁਰੂ ਮੌਜੂਦ ਹਨ ਅਤੇ ਸੰਪਰਦਾਈ ਸਿਖ ਭਾਈਚਾਰੇ ਦਾ ਗੁਰੂ ‘ਗੁਰਬਾਣੀ ਗ੍ਰੰਥ’ ਹੈ। ਪਰੰਤੂ ਇਹ ਦਾਵਾ ਕਰਨਾ ਤਰਕ-ਸੰਗਤ ਨਹੀਂ ਕਿ ਇੱਕ ਫਿਰਕੇ ਦੇ ਲੋਕਾਂ ਦਾ ‘ਗੁਰੂ’ ਸਾਰੇ ਸੰਸਾਰ ਦਾ ਹੀ ਗੁਰੂ ਹੋ ਸਕਦਾ ਹੈ। ਸਾਰੇ ਸੰਸਥਾਗਤ ਧਰਮਾਂ ਨੇ ਆਪਣੀ-ਆਪਣੀ ਪਛਾਣ ਕਾਇਮ ਰੱਖਣੀ ਹੁੰਦੀ ਹੈ ਜਿਸ ਕਰਕੇ ਅਜਿਹੇ ਧਰਮਾਂ ਵਿੱਚ ਆਪਸੀ ਸ਼ਰੀਕੇਬਾਜ਼ੀ ਚਲਦੀ ਰਹਿੰਦੀ ਹੈ। ਇਸ ਲਈ ਉਹ ਕਿਸੇ ਦੂਸਰੇ ਫਿਰਕੇ ਨਾਲ ਸਬੰਧਤ ‘ਗੁਰੂ’ ਜਾਂ ਧਾਰਮਿਕ ਪੁਸਤਕ ਨੂੰ ਅਪਣਾਉਣ ਲਈ ਕਦੀ ਰਾਜ਼ੀ ਨਹੀਂ ਹੁੰਦੇ। ਸੰਪਰਦਾਈ ਸਿਖ ਇੱਕ ਪਾਸੇ ਤਾਂ ‘ਗੁਰੂ ਮਾਨਿਓ ਗ੍ਰੰਥ’ ਦੀ ਰੱਟ ਲਗਾਉਂਦੇ ਹੋਏ ਗ੍ਰੰਥ ਭਾਵ ਪੁਸਤਕ ਰੂਪ ਨੂੰ ਹੀ ‘ਗੁਰੂ’ ਮੰਨ ਕੇ ਉਸਦੀ ਪੂਜਾ-ਅਰਚਨਾ ਕਰਦੇ ਹਨ ਅਤੇ ਨਾਲ ਹੀ ਦਾਵਾ ਕਰਦੇ ਹਨ ਉਹਨਾਂ ਦਾ ਗੁਰੂ ਸਾਰੇ ਸੰਸਾਰ ਦਾ ਗੁਰੂ ਹੈ। ਇਸ ਤੋਂ ਅੱਗੇ ਆਪਣੇ ਮੌਜੂਦਾ ‘ਗੁਰੂ’ ਦਾ ਕਹਿਣਾ ਤਾਂ ਸੰਪਰਦਾਈ ਸਿਖ ਆਪ ਹੀ ਨਹੀਂ ਮੰਨਦੇ ਕਿਉਂਕਿ ਪੈਰ-ਪੈਰ ਤੇ ਉਹ ਗੁਰਬਾਣੀ ਗ੍ਰੰਥ ਵਿੱਚ ਸ਼ਾਮਲ ਸਿਖਿਆਵਾਂ ਦੀ ਉਲੰਘਣਾ ਕਰਦੇ ਰਹਿੰਦੇ ਹਨ। ਫਿਰ ਬਾਕੀ ਲੋਕ ਉਨਾਂ ਦੇ ਗ੍ਰੰਥ ਦੀਆਂ ਸਿਖਿਆਵਾਂ ਦੀ ਪਰਵਾਹ ਕਿਉਂ ਕਰਨਗੇ ਜਦੋਂ ਉਹਨਾਂ ਲੋਕਾਂ ਦੇ ਆਪਣੇ-ਆਪਣੇ ‘ਗੁਰੂ’ ਅਤੇ ‘ਗ੍ਰੰਥ’ ਮੌਜੂਦ ਹਨ? ਦੂਸਰੇ ਪਾਸੇ ਸੰਪਰਦਾਈ ਸਿਖ ਤਾਂ ਹਾਲੇ ਆਪ ਹੀ ਸਪਸ਼ਟ ਨਹੀਂ ਕਿ ਉਹਨਾਂ ਦਾ ‘ਗੁਰੂ’ ਪੁਸਤਕ ਰੂਪ ਹੈ ਜਾਂ ਪੁਸਤਕ ਰੂਪ ਵਿੱਚ ਸ਼ਾਮਲ ਸਿਖਿਆਵਾਂ। ਗੁਰਬਾਣੀ ਦੀਆਂ ਸਿਖਿਆਵਾਂ ਦੇ ਅਨੁਸਾਰ ਚੱਲਣ ਲਈ ਤਾਂ ਸਭ ਤੋਂ ਪਹਿਲਾਂ ਉਹਨਾਂ ਨੂੰ ਸੰਸਥਾਗਤ ਧਰਮ ਦਾ ਹੀ ਤਿਆਗ ਕਰਨਾ ਪਵੇਗਾ। ਗੁਰਬਾਣੀ ਗ੍ਰੰਥ ਨੂੰ ਮਾਨਵਵਾਦੀ ਗ੍ਰੰਥ ਦੇ ਤੌਰ ਤੇ ਪੇਸ਼ ਕਰਕੇ ਤਾਂ ਸੰਸਾਰ ਦਾ ‘ਗੁਰੂ’ (ਅਧਿਆਪਕ/ਪੱਥ-ਪ੍ਰਦਰਸ਼ਕ ਦੇ ਅਰਥਾਂ ਵਿਚ) ਬਣਾਇਆ ਜਾ ਸਕਦਾ ਹੈ ਨਾ ਕਿ ਇੱਕ ਫਿਰਕੇ ਵਿਸ਼ੇਸ਼ ਦਾ ਦੇਹਧਾਰੀ ‘ਗੁਰੂ’ ਜਾਂ ਮੂਰਤੀ ਰੂਪ ਬਣਾ ਕੇ।

3. ਕੀ ਗੁਰੂ ਹਰਿਗੋਬਿੰਦ ਜੀ ਨੇ ਕੋਈ ਮੀਰੀ-ਪੀਰੀ ਦਾ ਸਿਧਾਂਤ ਦਿੱਤਾ ਸੀ?

ਗੁਰੂ ਹਰਿਗੋਬਿੰਦ ਜੀ ਨੇ ਕੋਈ ‘ਮੀਰੀ-ਪੀਰੀ’ ਦਾ ਸਿਧਾਂਤ ਨਹੀਂ ਦਿੱਤਾ ਸੀ। ਅਸਲ ਵਿੱਚ ‘ਅਕਾਲ-ਤਖਤ’ ਵਾਂਗ ‘ਮੀਰੀ-ਪੀਰੀ’ ਸ਼ਬਦ-ਜੁੱਟ ਵੀ ਬਦਨਾਮ ਮਨਮੱਤੀ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਦਾ ਦਿੱਤਾ ਹੋਇਆ ਹੈ। ‘ਪੀਰੀ’ ਦੀ ਜੀਵਨ-ਜਾਚ ਤਾਂ ਪਹਿਲੇ ਸਿਖ ਗੁਰੂ ਤੋਂ ਹੀ ਚੱਲੀ ਆ ਰਹੀ ਸੀ ਪਰੰਤੂ ਗੁਰੂ ਹਰਿਗੋਬਿੰਦ ਜੀ ਨੇ ਇਸ ਦੇ ਨਾਲ ‘ਮੀਰੀ’ ਦਾ ਅੰਸ਼ ਵੀ ਜੋੜ ਦਿੱਤਾ। ਇੱਥੇ ‘ਮੀਰੀ’ ਤੋਂ ਭਾਵ ਸੀ ਕਿ ਗੁਰੂ ਸਾਹਿਬਾਨ ਦੀ ਲਹਿਰ ਨੂੰ ਹੋਰ ਅੱਗੇ ਵਧਾਉਣ ਲਈ ਇਸ ਵਿੱਚ ਫੌਜੀ ਅੰਸ਼ ਵੀ ਸ਼ਾਮਲ ਕਰ ਲਿਆ ਜਾਵੇ ਜਿਸ ਲਈ ਸ਼ਸਤਰ ਪਹਿਨਣੇ, ਘੋੜੇ ਰੱਖਣੇ, ਨਗਾਰਾ ਵਜਾਉਣਾ, ਝੰਡਾ ਲਹਿਰਾਉਣਾ, ਸੈਨਿਕ ਭਰਤੀ ਕਰਨੇ, ਦਾੜ੍ਹੀ-ਕੇਸ ਰੱਖਣੇ, ਫੌਜੀ ਲਿਬਾਸ ਧਾਰਨ ਕਰਨਾ, ਸ਼ਿਕਾਰ ਖੇਡਣਾ ਆਦਿਕ ਸ਼ਾਮਲ ਸੀ। ਇਸ ਵਿੱਚ ਗੁਰੂ ਜੀ ਵੱਲੋਂ ਆਗੂ ਦੇ ਤੌਰ ਤੇ ਸ਼ਾਹੀ ਲਿਬਾਸ ਪਹਿਨਣਾ ਅਤੇ ਸਿੰਘਾਸਣ (ਤਖਤ) ਉੱਤੇ ਬੈਠਣਾ ਵੀ ਜੋੜ ਲਿਆ ਗਿਆ। ਇਸ ‘ਮੀਰੀ’ ਦੀ ਜੀਵਨ-ਜਾਚ ਨੂੰ ਅਪਣਾਉਣ ਦਾ ਮਕਸਦ ਸੀ ਇਸ ਨਾਲ ਸਬੰਧਤ ਆਪਣੇ ਮਨੁੱਖੀ ਹੱਕਾਂ ਦੀ ਪਰਾਪਤੀ ਕਰਨ ਦਾ ਐਲਾਨ ਕਰਨਾ ਕਿਉਂਕਿ ਸਮੇਂ ਦੀ ਸਰਕਾਰ ਨੇ ਆਮ ਗੈਰ-ਮੁਸਲਿਮ ਨਾਗਰਿਕਾਂ ਨੂੰ ਇਹਨਾਂ ਸਾਰੇ ਹੱਕਾਂ ਤੋਂ ਵਾਂਝਿਆਂ ਕਰ ਰੱਖਿਆ ਸੀ। ਇਸ ਦਾ ਮਕਸਦ ਇਹ ਵੀ ਸੀ ਕਿ ਮਾਨਵਵਾਦੀ ਟੀਚੇ ਪਰਾਪਤ ਕਰਨ ਲਈ ਪੀਰੀ ਦੇ ਨਾਲ-ਨਾਲ ਮੀਰੀ ਵਾਲੇ ਯਤਨਾਂ ਭਾਵ ਹਥਿਆਰਬੰਦ ਸੰਘਰਸ਼ ਨੂੰ ਵੀ ਸ਼ਾਮਲ ਕੀਤਾ ਜਾਵੇਗਾ। ਗੁਰੂ ਗੋਬਿੰਦ ਸਿੰਘ ਜੀ ਵੱਲੋਂ ‘ਖਾਲਸਾ ਫੌਜ’ ਸਥਾਪਤ ਕਰਨ ਦਾ ਮਕਸਦ ਵੀ ਇਹਯੋ ਹੀ ਸੀ। ਪਰੰਤੂ ਇਸ ਮੀਰੀ ਦੀ ਜੀਵਨ-ਜਾਚ ਦਾ ਅਰਥ ਇਹ ਨਹੀਂ ਕੱਢ ਲੈਣਾ ਚਾਹੀਦਾ ਕਿ ਗੁਰੂ ਸਾਹਿਬਾਨ ਨੇ ਕਿਸੇ ਕਿਸਮ ਦੀ ਸਿਆਸਤ ਨੂੰ ਅਪਣਾਉਣ ਜਾਂ ਕੋਈ ਰਾਜਸੀ ਸੱਤਾ-ਪਰਾਪਤੀ ਦਾ ਨਿਸ਼ਾਨਾ ਮਿੱਥ ਲਿਆ ਸੀ। ਪਰੰਤੂ ਸੰਪਰਦਾਈ ਸਿੱਖਾਂ ਨੇ ‘ਮੀਰੀ-ਪੀਰੀ’ ਦੇ ਗਲਤ ਅਰਥ ਕੱਢਕੇ ਇਸ ਸੰਕਲਪ ਨੂੰ ‘ਰਾਜ ਕਰੇਗਾ ਖਾਲਸਾ’ ਦੀ ਚੇਸ਼ਟਾ ਅਤੇ ‘ਖਾਲਿਸਤਾਨ’ ਦੇ ਨਾਹਰੇ ਨਾਲ ਜੋੜ ਲਿਆ ਹੋਇਆ ਹੈ ਅਤੇ ਇਸ ਗਲਤੀ ਰਾਹੀਂ ਉਹਨਾਂ ਨੂੰ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਪੈ ਚੁੱਕਾ ਹੈ।

4. ਕੀ ਗੁਰੂ ਗੋਬਿੰਦ ਸਿੰਘ ਜੀ ਨੇ ਕੋਈ ਵੱਖਰਾ ਪੰਥ ਚਲਾਇਆ ਸੀ?

ਜਿਵੇਂ ਕਿ ਨਿਰਮਲੇ ਲੇਖਕ ਗਿਆਨੀ ਗਿਆਨ ਸਿੰਘ ਦੀਆਂ ਰਚਨਾਵਾਂ ਨੇ ਸੰਪਰਦਾਈ ਸਿਖ ਭਾਈਚਾਰੇ ਦੇ ਲੋਕਾਂ ਦੇ ਮਨਾਂ ਵਿੱਚ ਕਈ ਗਲਤਫਹਿਮੀਆਂ ਭਰ ਦਿੱਤੀਆਂ ਹੋਈਆਂ ਹਨ ਉਸ ਵੱਲੋਂ ਰਚਿਤ ‘ਪੰਥ ਪ੍ਰਕਾਸ਼’ ਵਿੱਚ ਸ਼ਾਮਲ ਸਤਰ ‘ਆਗਿਆ ਭਈ ਅਕਾਲ ਕੀ ਤਭੈ ਚਲਾਇਓ ਪੰਥ।’ ਨੇ ਵੀ ਵੱਡਾ ਭੰਬਲਭੂਸਾ ਪੈਦਾ ਕੀਤਾ ਹੈ। ਅਠਾਰ੍ਹਵੀਂ ਸਦੀ ਈਸਵੀ ਦੀ ਭਾਈ ਪ੍ਰਹਿਲਾਦ ਸਿੰਘ ਦੇ ਨਾਮ ਨਾਲ ਜੋੜੀ ਜਾਂਦੀ ਰਚਨਾ ‘ਰਹਿਤਨਾਮਾ’ ਵਿੱਚ ਇਹ ਸਤਰ ਇਸ ਪਰਕਾਰ ਆਉਂਦੀ ਹੈ: ‘ਅਕਾਲ ਪੁਰਖ ਕੇ ਬਚਨ ਸਿਉਂ ਪ੍ਰਗਟ ਚਲਾਯੋ ਪੰਥ॥ (ਭਾਵੇਂ ਗੁਰੂ ਮਾਨਿਓਂ ਗ੍ਰੰਥ ਵਾਲੀ ਗੱਲ ਭਾਈ ਪ੍ਰਹਿਲਾਦ ਸਿੰਘ ਦੇ ਨਾਮ ਨਾਲ ਜੋੜੀ ਜਾਂਦੀ ਰਚਨਾ ਵਿੱਚ ਵੀ ਸ਼ਾਮਲ ਹੈ)। ਗੁਰੂ ਗੋਬਿੰਦ ਸਿੰਘ ਜੀ ਨੇ ਖੰਡੇ-ਬਾਟੇ ਦੀ ਪਹੁਲ ਦੇਣ ਦੀ ਪਰੰਪਰਾ ਰਾਹੀਂ ਮਨੁੱਖੀ ਹੱਕਾਂ ਦੀ ਰਖਵਾਲੀ/ਬਹਾਲੀ ਲਈ ਮਾਨਵਵਾਦੀ ਕਾਰਕੁੰਨਾਂ ਦੀ ਇੱਕ ਵਿਸ਼ੇਸ਼ ਪਛਾਣ ਵਾਲੀ ਫੌਜ ਤਿਆਰ ਕੀਤੀ ਸੀ, ਕੋਈ ਵੱਖਰਾ ‘ਪੰਥ’ ਨਹੀਂ। ਗੁਰੂ ਨਾਨਕ ਜੀ ਤੋਂ ਲੈਕੇ ਗੁਰੂ ਗੋਬਿੰਦ ਸਿੰਘ ਜੀ ਤਕ ਸਿੱਖੀ ਦੀ ਲਹਿਰ ਦਾ ਫਲਸਫਾ ਅਤੇ ਟੀਚਾ ਇੱਕੋ ਹੀ ਰਹੇ ਸਨ। ਕੇਵਲ ਸਮੇਂ-ਸਮੇਂ ਤੇ ਵਿਵਹਾਰਿਕ ਪੱਖੋਂ ਉਸ ਵਿੱਚ ਕੁੱਝ ਤਬਦੀਲੀਆਂ ਵੀ ਆਉਂਦੀਆਂ ਗਈਆਂ ਸਨ। ਮਨੁੱਖੀ ਅਧਿਕਾਰਾਂ ਦੀ ਰਖਵਾਲੀ/ਬਹਾਲੀ ਲਈ ਹਥਿਆਰਬੰਦ ਸੰਘਰਸ਼ ਨੂੰ ਹੀ ਗੁਰੂ ਹਰਿਗੋਬਿੰਦ ਜੀ ਨੇ ‘ਮੀਰੀ’ ਦੇ ਪੱਖ ਦੇ ਤੌਰ ਤੇ ਅਪਣਾਇਆ ਸੀ ਅਤੇ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਪੱਖ ਨੂੰ ਹੋਰ ਮਜ਼ਬੂਤ ਕਰਨ ਦਾ ਕਾਰਜ ਕੀਤਾ ਸੀ। ਵੱਖਰਾ ‘ਪੰਥ’ ਚਲਾਉਣ ਦੀ ਗੱਲ ਸੰਸਥਾਗਤ ਧਰਮ ਦੇ ਸੰਦਰਭ ਵਿੱਚ ਤਾਂ ਸੋਚੀ ਜਾ ਸਕਦੀ ਹੈ, ਮਾਨਵਵਾਦ ਦੀ ਲਹਿਰ ਦੇ ਸੰਦਰਭ ਵਿੱਚ ਨਹੀਂ।

5. ਕੀ ਅਜੋਕੇ ਸਿਖ ਅੱਤਵਾਦ ਨੂੰ ਗੁਰਮੱਤ ਪਰਵਾਨਗੀ ਦਿੰਦੀ ਹੈ?

ਅੱਤਵਾਦ (ਖਾੜਕੂਵਾਦ) ਦਾ ਅਰਥ ਹੈ ਦੇਸ਼ ਵਿਚਲੇ ਜਾਂ ਬਦੇਸ਼ੀ ਰਾਜ-ਤੰਤਰ ਪ੍ਰਤੀ ਜਾਂ ਫਿਰਕੂ ਕੱਟੜਤਾ ਦੇ ਪਰਭਾਵ ਹੇਠ ਕਿਸੇ ਦੂਸਰੇ ਫਿਰਕੇ ਪ੍ਰਤੀ ਵਿਰੋਧ ਪਰਗਟ ਕਰਨ ਹਿਤ ਹਿੰਸਕ ਕਾਰਵਾਈਆਂ ਦਾ ਸਹਾਰਾ ਲੈਣਾ। ਅਜਿਹੀਆਂ ਹਿੰਸਕ ਕਾਰਵਾਈਆਂ ਵਿੱਚ ਜਨਤਕ ਥਾਵਾਂ ਤੇ ਗੋਲੀਬਾਰੀ ਕਰਨਾ, ਹੱਥ-ਗੋਲੇ ਬਰਸਾਉਣੇ ਜਾਂ ਬੰਬ-ਧਮਾਕੇ ਕਰਨੇ, ਕਿਸੇ ਵਿਅਕਤੀ ਵਿਸ਼ੇਸ਼ ਜਾਂ ਕਿਸੇ ਸਮੂਹ ਦੇ ਲੋਕਾਂ ਨੂੰ ਜਾਨੋ ਮਾਰਨ ਦੀ ਕਾਰਵਾਈ ਕਰਨਾ, ਕਿਆਸੇ ਗਏ ਵਿਰੋਧੀ ਲੋਕਾਂ ਨੂੰ ਬੰਦੀ ਬਣਾ ਕੇ ਉਹਨਾਂ ਉੱਤੇ ਤਸ਼ਦਦ ਕਰਨਾ, ਕਿਆਸੀਆਂ ਗਈਆਂ ਵਿਰੋਧੀ ਧਿਰਾਂ ਦੀਆਂ ਔਰਤਾਂ ਦੀ ਬੇਪੱਤੀ ਕਰਨੀ, ਕਿਆਸੀਆਂ ਗਈਆਂ ਵਿਰੋਧੀ ਧਿਰਾਂ ਦੀ ਸੰਪਤੀ ਦਾ ਨੁਕਸਾਨ ਕਰਨਾ, ਕਿਆਸੀਆਂ ਗਈਆਂ ਵਿਰੋਧੀ ਧਿਰਾਂ ਦੇ ਹਵਾਈ-ਜਹਾਜ਼ਾਂ, ਸਮੁੰਦਰੀ-ਜਹਾਜ਼ਾਂ, ਜ਼ਮੀਨੀ ਵਾਹਨਾਂ ਆਦਿਕ ਨੂੰ ਸਣੇ ਸਵਾਰੀਆਂ ਧਮਾਕਿਆਂ ਰਾਹੀਂ ਉਡਾਉਣਾ, ਕੇਵਲ ਦਹਿਸ਼ਤ ਫੈਲਾਉਣ ਦੇ ਮਨਸ਼ੇ ਨਾਲ ਸਨਸਨੀ ਪੈਦਾ ਕਰਨ ਦੀਆਂ ਕਾਰਵਾਈਆਂ ਕਰਨਾ ਆਦਿਕ ਸ਼ਾਮਲ ਹਨ। ਸੰਪਰਦਾਈ ਸਿੱਖ ਭਾਈਚਾਰੇ ਵਿੱਚੋਂ ਵੀ ਕੁੱਝ ਲੋਕਾਂ ਨੇ ਪਿਛਲੀ ਸਦੀ ਦੇ ਅੱਠਵੇਂ ਦਹਾਕੇ ਤੋਂ ਲੈਕੇ ਵੱਡੀ ਪੱਧਰ ਤੇ ਅਜਿਹੀਆਂ ਕਾਰਵਾਈਆਂ ਨੂੰ ਅੰਜਾਮ ਦਿੱਤਾ ਹੈ। ਉਹਨਾਂ ਦੀਆਂ ਮੰਗਾਂ ਤਰਕ-ਸੰਗਤ ਹੋ ਸਕਦੀਆਂ ਹਨ ਅਤੇ ਉਹਨਾਂ ਦੇ ਰੋਸ ਦੀ ਭਾਵਨਾ ਜਾਇਜ਼ ਹੋ ਸਕਦੀ ਹੈ ਪਰੰਤੂ ਗੁਰਮੱਤ ਅਜਿਹੀਆਂ ਅੱਤਵਾਦੀ ਕਾਰਵਾਈਆਂ ਨੂੰ ਪਰਵਾਨਗੀ ਨਹੀਂ ਦਿੰਦੀ। ਇਸ ਦੇ ਹੇਠਾਂ ਦਿੱਤੇ ਕਾਰਨ ਲਏ ਜਾ ਸਕਦੇ ਹਨ:

1. ਸੰਪਰਦਾਈ ਸਿੱਖਾਂ ਦੀਆਂ ਖਾੜਕੂ ਕਾਰਵਾਈਆਂ ਧਾਰਮਿਕ ਕੱਟੜਤਾ ਦਾ ਪਰਿਣਾਮ ਹਨ।

2. ਹਰੇਕ ਖਾੜਕੂ ਕਾਰਵਾਈ ਨੂੰ ਲੁਕ-ਛਿਪ ਕੇ ਭਾਵ ਧੋਖਾਬਾਜ਼ੀ ਦੇ ਢੰਗ ਰਾਹੀਂ ਨਿਭਾਇਆ ਜਾਂਦਾ ਹੈ।

3. ਹਰੇਕ ਖਾੜਕੂ ਕਾਰਵਾਈ ਵਿੱਚ ਅਨੇਕਾਂ ਬੇਗੁਨਾਹ ਲੋਕ ਮਾਰੇ ਜਾਂਦੇ ਹਨ ਜਾਂ ਜ਼ਖਮੀ ਹੋ ਜਾਂਦੇ ਹਨ ਅਤੇ ਉਹਨਾਂ ਦਾ ਮਾਲੀ ਨੁਕਸਾਨ ਵੀ ਹੁੰਦਾ ਹੈ।

4. ਬਦਲੇ ਦੀ ਕਾਰਵਾਈ ਨੂੰ ਗੁਰਮੱਤ ਪਰਵਾਨਗੀ ਨਹੀਂ ਦਿੰਦੀ।

5. ਗੁਰਮੱਤ ਨਾ ਸੁਧਰਨ ਵਾਲੀ ਧਿਰ ਨੂੰ ਸਜ਼ਾ ਦੇਣ ਦੀ ਇਜਾਜ਼ਤ ਦਿੰਦੀ ਹੈ ਪਰੰਤੂ ਲੁਕ-ਛਿਪ ਕੇ ਕੀਤੇ ਵਾਰ ਰਾਹੀਂ ਨਹੀਂ ਸਗੋਂ ਸ਼ਰੇ-ਆਮ ਮੈਦਾਨ ਵਿੱਚ ਨਿੱਤਰ ਕੇ ਅਤੇ ਵੰਗਾਰ ਕੇ ਕੀਤੇ ਵਾਰ ਰਾਹੀਂ।

6. ਪ੍ਰਤੀਕਰਮ ਵਜੋਂ ਆਪਣੇ ਹੀ ਗੁੱਟ/ਭਾਈਚਾਰੇ ਦਾ ਭਾਰੀ ਨੁਕਸਾਨ ਹੋ ਜਾਂਦਾ ਹੈ।

7. ਕਿਸੇ ਗੁੱਟ/ਭਾਈਚਾਰੇ ਵਿੱਚ ਖਾੜਕੂਵਾਦ ਦਾ ਪਨਪਣਾ ਕਿਸੇ ਵਿਰੋਧੀ ਧਿਰ ਦੀ ਚਾਲ ਦਾ ਸਿੱਟਾ ਵੀ ਹੋ ਸਕਦਾ ਹੈ ਤਾਂ ਕਿ ਪ੍ਰਤੀਕਰਮ ਵਜੋਂ ਉਸ ਗੁੱਟ/ਭਾਈਚਾਰੇ ਦਾ ਵਧੇਰੇ ਨੁਕਸਾਨ ਕੀਤਾ/ਕਰਵਾਇਆ ਜਾ ਸਕੇ।

ਉੱਪਰ ਪੇਸ਼ ਕੀਤੇ ਨੁਕਤਿਆਂ ਨੂੰ ਧਿਆਨ ਵਿੱਚ ਰੱਖਦੇ ਹੋਏ ‘ਸਿੱਖੀ’ ਦੇ ਨਾਮ ਤੇ ਕੀਤੀਆਂ ਜਾਂਦੀਆਂ ਅੱਤਵਾਦੀ ਕਾਰਵਾਈਆਂ ਅਨੈਤਿਕ ਹੋਣ ਦੇ ਨਾਲ-ਨਾਲ ਧਾਰਮਿਕ ਕੱਟੜਤਾ ਨਾਲ ਵੀ ਸਬੰਧਤ ਸਾਬਤ ਹੁੰਦੀਆਂ ਹਨ। ਇਹ ਕਿਸੇ ਤਰ੍ਹਾਂ ਵੀ ‘ਨਿਰਮਲ ਕਰਮ’ ਦੇ ਘੇਰੇ ਵਿੱਚ ਨਹੀਂ ਆਉਂਦੀਆਂ। ਅਜਿਹੇ ਅਮਾਨਵੀ ਅਤੇ ਫਿਰਕੂ ਕਾਰਜ ਨੂੰ ਕਦੀ ਵੀ ਗੁਰਮੱਤ ਦੀ ਪਰਵਾਨਗੀ ਨਹੀਂ ਹੋ ਸਕਦੀ। ਗੁਰਮੱਤ ਅੱਤਵਾਦੀ ਕਾਰਵਾਈਆਂ ਕਰਨ ਦੀ ਬਜਾਇ ਕੁਰਬਾਨੀ ਦੀ ਭਾਵਨਾ ਵਿਖਾਉਣ ਤੇ ਜ਼ੋਰ ਦਿੰਦੀ ਹੈ (ਮਾਨਵਵਾਦੀ ਸੰਘਰਸ਼ ਨੂੰ ‘ਪ੍ਰੇਮ’ ਦਾ ਨਾਮ ਦਿੰਦੇ ਹੋਏ) ਜਿਵੇਂ

ਜਉ ਤਉ ਪ੍ਰੇਮ ਖੇਲਣ ਕਾ ਚਾਉ॥ ਸਿਰੁ ਧਰਿ ਤਲੀ ਗਲੀ ਮੇਰੀ ਆਉ॥

ਇਤੁ ਮਾਰਗਿ ਪੈਰੁ ਧਰੀਜੈ॥ ਸਿਰੁ ਦੀਜੈ ਕਾਣਿ ਨ ਕੀਜੈ॥ (ਗੁਰਬਾਣੀ ਗ੍ਰੰਥ ਪੰਨਾਂ 1412)

ਸੰਪਰਦਾਈ ਸਿਖ ਭਾਈਚਾਰੇ ਨੇ ਪਿਛਲੇ ਸਮੇਂ ਵਿੱਚ ਅੱਤਵਾਦੀ ਕਾਰਵਾਈਆਂ ਰਾਹੀਂ ਆਪਣੇ ਭਾਈਚਾਰੇ ਦਾ ਵੱਡਾ ਨੁਕਸਾਨ ਕਰਵਾ ਲਿਆ ਹੋਇਆ ਹੈ ਜਿਸ ਦਾ ਇੱਥੇ ਵਿਸਥਾਰ ਦੇਣਾ ਸੰਭਵ ਨਹੀਂ ਅਤੇ ਇਸ ਭਾਈਚਾਰੇ ਨੂੰ ਭਵਿਖ ਵਿੱਚ ਇਸ ਪੱਖੋਂ ਬਹੁਤ ਸੰਭਲ ਕੇ ਚੱਲਣ ਦੀ ਲੋੜ ਹੈ।

6. ਕੀ ਸਿਖ ਭਾਈਚਾਰਾ ਸੰਪਰਦਾਈ ਤੌਰ ਤੇ ਜਾਂ ਮਾਨਵਵਾਦੀ ਤੌਰ ਤੇ ਇੱਕ ‘ਕੌਮ’ ਹੈ?

ਅਜ ਹਰੇਕ ਸੰਪਰਦਾਈ ਸਿਖ ਅਜੋਕੇ ਸਿਖ ਭਾਈਚਾਰੇ ਲਈ ‘ਕੌਮ’ ਦਾ ਸ਼ਬਦ ਵਰਤ ਰਿਹਾ ਹੈ। ਪਰੰਤੂ ਗੁਰੂ ਸਾਹਿਬਾਨ ਨੇ ਆਪਣੇ ਪੈਰੋਕਾਰਾਂ ਨੂੰ ਇੱਕ ‘ਕੌਮ’ ਵਜੋਂ ਕਿਆਸਿਆ ਹੀ ਨਹੀਂ ਸੀ। ਗੁਰੂ ਸਾਹਿਬਾਨ ਨੇ ਤਾਂ ਸਾਰੀ ਮਨੁੱਖਤਾ ਨੂੰ ਇੱਕ ਪਰਿਵਾਰ ਵਜੋਂ ਕਿਆਸਿਆ ਸੀ ਕਿਉਂਕਿ ਉਹਨਾਂ ਦਾ ਸਿਧਾਂਤ ਸੀ ਕਿ ‘ਏਕ ਪਿਤਾ ਏਕਸ ਕੇ ਹਮ ਬਾਰਿਕ……. .’, ‘ਏਕ ਨੂਰ ਤੇ ਸਭ ਜਗ ਉਪਜਿਆ…. .’ ਅਤੇ ‘ਸਭੈ ਸਾਂਝੀਵਾਲ ਸਦਾਇਨ…….’। ਪਰੰਤੂ ਸੰਪਰਦਾਈ ਸਿਖ ਭਾਈਚਾਰਾ ਆਪਣੇ ਆਪ ਨੂੰ ਇੱਕ ਵੱਖਰੀ ਕੌਮ ਦਰਸਾ ਕੇ ਗੁਰਮੱਤ ਦੇ ਵਿਪਰੀਤ ਸੋਚ ਪੇਸ਼ ਕਰਦਾ ਹੈ। ਸਪਸ਼ਟ ਹੈ ਕਿ ‘ਕੌਮ’ ਦਾ ਇਹ ਸੰਕਲਪ ਇਸ ਸਿਖ ਭਾਈਚਾਰੇ ਉੱਤੇ ‘ਸੰਪਰਦਾਈ ਸਿੱਖਾਂ ਦੇ ਸਮੂਹ’ ਦੇ ਤੌਰ ਤੇ ਹੀ ਲਾਗੂ ਹੁੰਦਾ ਹੈ। ਉਂਜ ਮਾਨਵ-ਵਿਗਿਆਨ (Anthropology) ਅਨੁਸਾਰ ‘ਕੌਮ’ ਇੱਕ ਕਬੀਲਾ ਸਮੂਹ (ethnic group) ਦੀ ਉਪਜ ਹੁੰਦੀ ਹੈ ਅਤੇ ਇਹ ਦਾਵਾ ਕੀਤਾ ਜਾਂਦਾ ਹੈ ਕਿ ਕਿਸੇ ਕੌਮ ਵਿੱਚ ਸ਼ਾਮਲ ਲੋਕਾਂ ਦਾ ਡੀ. ਐਨ. ਏ. (D. N. A.) ਤੱਕ ਵੀ ਮਿਲਦਾ-ਜੁਲਦਾ ਹੀ ਹੋਵੇਗਾ। ਇਸ ਤਰ੍ਹਾਂ ਸੰਪਰਦਾਈ ਸਿਖ ਭਾਈਚਾਰੇ ਉੱਤੇ ‘ਕੌਮ’ ਦੀ ਪਰੀਭਾਸ਼ਾ ਕਿਸੇ ਤਰ੍ਹਾਂ ਵੀ ਲਾਗੂ ਨਹੀਂ ਹੁੰਦੀ। ਇਸ ਭਾਈਚਾਰੇ ਵਿੱਚ ਭਿੰਨ-ਭਿੰਨ ਵਰਗਾਂ ਦੇ ਲੋਕ ਸ਼ਾਮਲ ਹੁੰਦੇ ਵੀ ਆਏ ਹਨ ਅਤੇ ਇਸ ਨੂੰ ਛੱਡਦੇ ਵੀ ਆਏ ਹਨ। ‘ਕੌਮ’ ਦੇ ਸੰਕਲਪ ਨੇ ਸੰਪਰਦਾਈ ਸਿਖ ਭਾਈਚਾਰੇ ਨੂੰ ਅਕਾਲ–ਤਖਤ ਵਿਵਸਥਾ, ਖਾਲਿਸਤਾਨ ਦੀ ਮੰਗ, ਸਰਬੱਤ ਖਾਲਸਾ, ਸੰਪਰਦਾਈ ਧਰਮ ਦਾ ਰਾਜਨੀਤੀਕਰਨ, ਖਾੜਕੂਵਾਦ, ਪ੍ਰਾਂਤ ਅਤੇ ਦੇਸ਼ ਪੱਧਰ ਦੀਆਂ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਆਦਿਕ ਵਰਗੀਆਂ ਉਲਝਣਾਂ ਵਿੱਚ ਫਸਾ ਰੱਖਿਆ ਹੈ। ਉੱਧਰ ਜੇਕਰ ਸੰਸਥਾਗਤ ਧਰਮ ਨੂੰ ਤਿਆਗ ਕੇ ਕੁੱਝ ਲੋਕ ਸਿਖ ਗੁਰੂ ਸਾਹਿਬਾਨ ਦੀ ਮਾਨਵਵਾਦੀ ਲਹਿਰ ਨੂੰ ਪੁਨਰ-ਸੁਰਜੀਤ ਕਰ ਲੈਂਦੇ ਹਨ ਤਾਂ ਉਹ ਵੀ ਮਾਨਵਵਾਦੀ ਕਾਰਕੁੰਨਾਂ ਦੀ ਸੰਸਥਾ ਹੀ ਹੋਵੇਗੀ ਨਾ ਕਿ ਕੋਈ ਵਿਸ਼ੇਸ਼ ‘ਕੌਮ’।

7. ਕੀ ਸੰਪਰਦਾਈ ਸਿੱਖਾਂ ਦਾ ਇਹ ਦਾਵਾ ਤਰਕਸੰਗਤ ਹੈ ਕਿ ਉਹਨਾਂ ਦਾ ‘ਸਿਖ ਧਰਮ’ ਨਿਵੇਕਲਾ ਅਤੇ ਆਧੁਨਿਕ ਹੈ?

ਸੰਸਾਰ ਦਾ ਹਰੇਕ ਮੱਤ ਆਪਣੇ ਆਪ ਵਿੱਚ ਨਿਵੇਕਲਾ ਹੁੰਦਾ ਹੈ ਜਿਵੇਂ ਹਰੇਕ ਮਨੁੱਖ ਦਾ ਚਿਹਰਾ, ਸਰੀਰਕ ਬਣਤਰ ਅਤੇ ਇੱਥੋਂ ਤਕ ਕਿ ਉਂਗਲਾਂ ਦੇ ਨਿਸ਼ਾਨ ਵੀ ਵੱਖਰੇ ਹੁੰਦੇ ਹਨ ਪਰੰਤੂ ਜੀਵ-ਵਿਗਿਆਨਕ (biological) ਤੌਰ ਤੇ ਸਾਰੇ ਮਨੁੱਖ ਇੱਕੋ ਜੀਵ-ਵੰਨਗੀ ਨਾਲ ਸਬੰਧ ਰੱਖਦੇ ਹਨ। ਸੰਸਾਰ ਦੇ ਹਰੇਕ ਸੰਸਥਾਗਤ ਧਰਮ ਨੂੰ ਮੰਨਣ ਵਾਲੇ ਆਪਣੇ ਧਰਮ ਨੂੰ ਨਿਵੇਕਲਾ ਹੀ ਮੰਨਦੇ ਹਨ ਕਿਉਂਕਿ ਉਸ ਦੇ ਸਾਰੇ ਅੰਗ-ਅੰਸ਼ ਦੂਸਰੇ ਅਜਿਹੇ ਧਰਮਾਂ ਵਿੱਚ ਸ਼ਾਮਲ ਅੰਗਾਂ-ਅੰਸ਼ਾਂ ਤੋਂ ਭਿੰਨ ਹੁੰਦੇ ਹਨ ਭਾਵੇਂ ਕਿ ਇਹ ਕੇਵਲ ਇੱਕ ਦੂਸਰੇ ਦੇ ਸਮਾਨੰਤਰ ਹੀ ਹੁੰਦੇ ਹਨ ਜਿਸ ਕਰਕੇ ਸਾਰੇ ਅਜਿਹੇ ਧਰਮ ਮਨੁੱਖੀ ਵਰਤਾਰੇ ਦੀ ਇੱਕ ਵਿਸ਼ੇਸ਼ ਵੰਨਗੀ ਦੇ ਘੇਰੇ ਵਿੱਚ ਆਉਂਦੇ ਹਨ। ਸੰਸਾਰ ਵਿੱਚ 4000 ਦੇ ਲਗ-ਭਗ ਸੰਸਥਾਗਤ ਧਰਮ ਚਲਦੇ ਆ ਰਹੇ ਹਨ ਅਤੇ ਹਰੇਕ ਅਜਿਹੇ ਧਰਮ ਦਾ ਵਰਤਾਰਾ ਅਤੇ ਮੂੰਹ-ਮੁਹਾਂਦਰਾ ਦੂਸਰਿਆਂ ਤੋਂ ਵੱਖਰਾ ਹੀ ਨਜ਼ਰ ਆਉਂਦਾ ਹੈ। ਹੋ ਸਕਦਾ ਹੈ ਕਿ ਕਿਸੇ ਵਿਸ਼ੇਸ਼ ਸੰਸਥਾਗਤ ਧਰਮ ਵਿੱਚ ਕੋਈ ਵਿਲੱਖਣ ਲੱਛਣ ਵੀ ਹੋਵੇ ਪਰੰਤੂ ਇਹ ਨਿਯਮ ਸਾਰੇ ਅਜਿਹੇ ਸੰਸਥਾਗਤ ਧਰਮਾਂ ਤੇ ਲਾਗੂ ਹੁੰਦਾ ਹੈ। ਦੂਸਰੇ ਪਾਸੇ ਕੋਈ ਵੀ ਸੰਸਥਾਗਤ ਧਰਮ ਆਧੁਨਿਕ ਨਹੀਂ ਹੁੰਦਾ ਅਤੇ ਸੰਸਥਾਗਤ ਧਰਮ ਵਿੱਚ ਆਸਥਾ ਮਨੁੱਖ ਦੇ ਪਛੜੇਪਨ ਦੀ ਵੱਡੀ ਨਿਸ਼ਾਨੀ ਹੁੰਦੀ ਹੈ ਕਿਉਂਕਿ ਹਰੇਕ ਸੰਸਥਾਗਤ ਧਰਮ ਕਰਾਮਾਤੀ, ਰਹੱਸਵਾਦੀ ਅਤੇ ਪ੍ਰਾਲੌਕਿਕੀ ਵਰਤਾਰੇ ਨੂੰ ਮਾਨਤਾ ਦਿੰਦਾ ਹੈ ਅਤੇ ਤਰਕ, ਬਿਬੇਕ ਅਤੇ ਸਿਰਜਣਾਤਮਿਕਤਾ ਨੂੰ ਨਕਾਰਦਾ ਹੈ। ਇੱਸੇ ਕਰਕੇ ਸੰਸਾਰ ਦਾ ਨਵੀਨਤਮ ਫਲਸਫਾ ਮਾਨਵਵਾਦ ਅਤੇ ਸੰਸਥਾਗਤ ਧਰਮ ਇੱਕ ਦੂਸਰੇ ਤੋਂ ਵਿਪਰੀਤ ਦਿਸ਼ਾ ਵੱਲ ਚੱਲਦੇ ਹਨ। ਹੁਣ, ਗੁਰੂ ਨਾਨਕ ਜੀ ਨੇ ਸੰਸਾਰ ਵਿੱਚ ਸਭ ਤੋਂ ਪਹਿਲਾਂ ਮਾਨਵਵਾਦ ਦਾ ਫਲਸਫਾ ਪੇਸ਼ ਕੀਤਾ ਅਤੇ ਸਾਰੇ ਗੁਰੂ ਸਾਹਿਬਾਨ ਨੇ ਮਾਨਵਵਾਦ ਦੀ ਲਹਿਰ ਨੂੰ ਸਫਲਤਾ ਨਾਲ ਚਲਾਇਆ। ਪਰੰਤੂ ਗੁਰੂ ਸਾਹਿਬਾਨ ਨੇ ਸੰਸਥਾਗਤ ਧਰਮ ਨੂੰ ਮੁੱਢੋਂ ਹੀ ਨਕਾਰ ਦਿੱਤਾ ਸੀ। ਅਸਲ ਵਿੱਚ ਸੰਪਰਦਾਈ ਸਿਖ ਦੰਭ ਦੀ ਦਲਦਲ ਵਿੱਚ ਫਸੇ ਹੋਏ ਹਨ ਕਿਉਂਕਿ ਉਹ ਗੁਰਬਾਣੀ ਵਿਚਲੇ ਮਾਨਵਵਾਦ ਦੇ ਫਲਸਫੇ ਦੇ ਆਧਾਰ ਤੇ ਆਪਣੇ ਸੰਸਥਾਗਤ ਧਰਮ ਨੂੰ ‘ਆਧੁਨਿਕ’ ਬਣਾ ਕੇ ਪੇਸ਼ ਕਰਦੇ ਹਨ ਜਦੋਂ ਕਿ ਵਿਵਹਾਰਿਕ ਪੱਖੋਂ ਉਹ ਉਤਨੇ ਹੀ ਪਛੜੇ ਹੋਏ ਹਨ ਜਿਤਨੇ ਕਿ ਸੰਸਾਰ ਦੇ ਕਿਸੇ ਹੋਰ ਸੰਸਥਾਗਤ ਧਰਮ ਦੇ ਪੈਰੋਕਾਰ।

ਸਿਖ ਗੁਰੂ ਸਾਹਿਬਾਨ ਵੱਲੋਂ ਚਲਾਈ ਅਤੇ ਨਿਭਾਈ ਲਹਿਰ ਦੇ ਸੰਦਰਭ ਵਿੱਚ ਇਹ ਸ਼ੰਕਾ ਪਰਗਟ ਕੀਤਾ ਜਾ ਸਕਦਾ ਹੈ ਕਿ ਕਿਤੇ ਇਸ ਲਹਿਰ ਨੂੰ ਨਿਰੋਲ ਮਾਨਵਵਾਦੀ ਲਹਿਰ ਕਹਿਣ ਨਾਲ ਅਸੀਂ ਗੁਰੂ ਸਾਹਿਬਾਨ ਦੇ ਆਸ਼ੇ ਨੂੰ ਛੁਟਿਆ ਤਾਂ ਨਹੀਂ ਰਹੇ? ਇਸ ਨੁਕਤੇ ਨੂੰ ਸਮਝਣ ਲਈ ਸਾਨੂੰ ਇਹ ਜਾਣਨ ਦੀ ਲੋੜ ਹੈ ਕਿ ਗੁਰੂ ਸਾਹਿਬਾਨ ਦਾ ਅਸਲੀ ਨਿਸ਼ਾਨਾ ਕੀ ਸੀ। ਗੁਰੂ ਨਾਨਕ ਜੀ ਸਬੰਧੀ ਆਮ ਹੀ ਇਹ ਦਾਵਾ ਕੀਤਾ ਜਾਂਦਾ ਹੈ ਕਿ ਕਾਲੀ ਵੇਈਂ ਦੇ ਇਲਾਕੇ ਵਿੱਚ ਕੁੱਝ ਦਿਨ ਦਾ ਇਕਾਂਤਵਾਸ ਕਰਕੇ ਜਦੋਂ ਉਹ ਵਾਪਸ ਪਰਤੇ ਤਾਂ ਉਹਨਾਂ ਦੇ ਮੂੰਹ ਵਿੱਚੋਂ ਕੁੱਝ ਇਹੋ-ਜਿਹੇ ਸ਼ਬਦ ਨਿਕਲ ਰਹੇ ਸਨ: "ਨਾ ਕੋਈ ਹਿੰਦੂ ਨਾ ਮੁਸਲਮਾਨ"। ਇਹ ਕਹਾਣੀ ਤਾਂ ਭਾਵੇਂ ਸਾਖੀਆਂ ਉੱਤੇ ਆਧਾਰਿਤ ਹੈ ਪਰੰਤੂ ਗੁਰਬਾਣੀ ਵਿੱਚ ਤਾਂ ਇਹ ਸਪਸ਼ਟ ਲਿਖਿਆ ਹੋਇਆ ਹੈ:

ਨਾ ਹਮ ਹਿੰਦੂ ਨ ਮੁਸਲਮਾਨ॥

ਅਲਹ ਰਾਮ ਕੇ ਪਿੰਡੁ ਪਰਾਨ॥ (ਗੁਰਬਾਣੀ ਗ੍ਰੰਥ ਪੰਨਾਂ 1136)

ਉਪਰੋਕਤ ਦਾ ਅਰਥ ਇਹ ਨਹੀਂ ਕਿ ਗੁਰੂ ਸਾਹਿਬਾਨ ਨੇ ‘ਹਿੰਦੂ’ ਅਤੇ ‘ਇਸਲਾਮ’ ਨੂੰ ਇਸ ਲਈ ਨਕਾਰਿਆ ਸੀ ਕਿਉਂਕਿ ਉਹਨਾਂ ਨੇ ‘ਸਿਖ ਧਰਮ’ ਚਲਾਉਣਾ ਸੀ। ਇਸ ਦਾ ਅਰਥ ਇਹ ਹੈ ਕਿ ਗੁਰੂ ਸਾਹਿਬਾਨ ਨੇ ਸੰਸਥਾਗਤ ਧਰਮ ਦੇ ਸੰਕਲਪ ਨੂੰ ਮੂਲੋਂ ਹੀ ਨਕਾਰ ਦਿੱਤਾ ਸੀ (ਉਹਨਾਂ ਦੇ ਸਮੇਂ ਉਹਨਾਂ ਦੇ ਇਲਾਕੇ ਵਿੱਚ ਹਿੰਦੂ ਮੱਤ ਅਤੇ ਇਸਲਾਮ ਹੀ ਵੱਡੇ ਸੰਸਥਾਗਤ ਧਰਮਾਂ ਦੇ ਤੌਰ ਤੇ ਪਰਚਲਤ ਸਨ) ਅਤੇ ਉਹਨਾਂ ਦਾ ਆਪਣੇ ਵੱਲੋਂ ਕੋਈ ਨਵਾਂ ਸੰਸਥਾਗਤ ਧਰਮ ਚਲਾਉਣ ਦਾ ਇਰਾਦਾ ਨਹੀਂ ਸੀ। ‘ਧਰਮ’ ਬਾਰੇ ਵੀ ਗੁਰਬਾਣੀ ਵਿੱਚ ਹੇਠਾਂ ਦਿੱਤੇ ਅਨੁਸਾਰ ਦਰਜ ਹੈ:

ਸਰਬ ਧਰਮ ਮਹਿ ਸ੍ਰੇਸਟ ਧਰਮੁ॥

ਹਰਿ ਕੋ ਨਾਮ ਜਪਿ ਨਿਰਮਲ ਕਰਮੁ॥ (ਗੁਰਬਾਣੀ ਗ੍ਰੰਥ ਪੰਨਾਂ 266)

ਜ਼ਾਹਰ ਹੈ ਕਿ ਗੁਰੂ ਸਾਹਿਬਾਨ ਦਾ ਕੋਈ ਨਵਾਂ ਸੰਸਥਾਗਤ ਚਲਾਉਣ ਦਾ ਇਰਾਦਾ ਨਹੀਂ ਸੀ ਕਿਉਂਕਿ ਸਭ ਤੋਂ ਉੱਤਮ ਧਰਮ ਉਹ ‘ਹਰਿ ਕੋ ਨਾਮ ਜਪਿ ਨਿਰਮਲ ਕਰਮੁ’ ਨੂੰ ਹੀ ਸਮਝਦੇ ਸਨ ਅਤੇ ਉਹ ਇਸ ਨੂੰ ਹੀ ਸਮਰਪਿਤ ਸਨ। ਇੱਥੇ ਇਹ ਸੋਚਣ ਦੀ ਲੋੜ ਪਵੇਗੀ ਕਿ ਜੇਕਰ ਗੁਰੂ ਸਾਹਿਬਾਨ ਨੇ ਕੋਈ ਨਵਾਂ ਸੰਸਥਾਗਤ ਧਰਮ ਨਹੀਂ ਸੀ ਚਲਾਇਆ ਤਾਂ ਉਹਨਾਂ ਨੇ ਕੀਤਾ ਕੀ ਸੀ। ਜਦੋਂ ਅਸੀਂ ਸੰਸਾਰ ਪੱਧਰ ਤੇ ਉਨ੍ਹੀਵੀਂ ਅਤੇ ਵੀਹਵੀਂ ਸਦੀ ਈਸਵੀ ਵਿੱਚ ਉੱਭਰੀ ਮਾਨਵਵਾਦ ਦੀ ਲਹਿਰ ਵੱਲ ਧਿਆਨ ਮਾਰਦੇ ਹਾਂ ਤਾਂ ਪਤਾ ਚਲਦਾ ਹੈ ਕਿ ਅਜਿਹੀ ਲਹਿਰ ਤਾਂ ਗੁਰੂ ਨਾਨਕ ਜੀ ਨੇ 1500 ਈਸਵੀ ਤੋਂ ਪਹਿਲਾਂ ਹੀ ਅਰੰਭ ਕਰ ਦਿੱਤੀ ਸੀ। ਇਹ ਲਹਿਰ ਦੋ ਸਦੀਆਂ ਤੋਂ ਵੱਧ ਦੇ ਸਮੇਂ ਤਕ ਪੂਰੀ ਸਫਲਤਾ ਨਾਲ ਚੱਲੀ ਸੀ ਅਤੇ ਇਸਦਾ ਸਾਨੀ ਸੰਸਾਰ ਦੇ ਨਕਸ਼ੇ ਤੇ ਹੋਰ ਕਿਤੇ ਨਹੀਂ ਮਿਲਦਾ। ਇਸ ਤਰ੍ਹਾਂ ਗੁਰੂ ਨਾਨਕ ਜੀ ‘ਮਾਨਵਵਾਦ’ ਦਾ ਅਸਲੀ ਪੈਗੰਬਰ ਬਣ ਕੇ ਉਭਰਦਾ ਹੈ। ਅਜ ਲੋੜ ਹੈ ਕਿ ਸੰਸਾਰ ਨੂੰ ਇਸ ਸਚਾਈ ਤੋਂ ਜਾਣੂ ਕਰਵਾਇਆ ਜਾਵੇ ਅਤੇ ਗੁਰੂ ਨਾਨਕ ਜੀ ਦੀ ਪਛਾਣ ਸੰਸਾਰ ਦੇ ਸਭ ਤੋਂ ਮਹਾਨ ਫਿਲਾਸਫਰ ਦੇ ਤੌਰ ਤੇ ਬਣਾਈ ਜਾਵੇ। ਅਜਿਹਾ ਅਸੀਂ ਸਿੱਖੀ ਨੂੰ ਕੇਵਲ ਸੰਸਥਾਗਤ ਧਰਮ ਦੇ ਤੌਰ ਤੇ ਪੇਸ਼ ਕਰ ਕੇ ਹਰਗਿਜ਼ ਨਹੀਂ ਕਰ ਸਕਦੇ ਹਾਂ। ਸਗੋਂ ਸਿੱਖੀ ਨੂੰ ਕੇਵਲ ਸੰਸਥਾਗਤ ਧਰਮ ਦੇ ਤੌਰ ਤੇ ਪੇਸ਼ ਕਰ ਕੇ ਅਸੀਂ ਗੁਰੂ ਸਾਹਿਬਾਨ ਦੀ ਮਨੁੱਖਤਾ ਨੂੰ ਦਿੱਤੀ ਲਾਸਾਨੀ ਦੇਣ ਨੂੰ ਛੁਟਿਆ ਰਹੇ ਹੁੰਦੇ ਹਾਂ।

ਜੇਕਰ ਉੱਪਰ ਦਿੱਤੇ ਸਪਸ਼ਟੀਕਰਨ ਨੂੰ ਚੰਗੀ ਤਰ੍ਹਾਂ ਸਮਝ ਲਿਆ ਜਾਵੇ ਤਾਂ ਨਿਸਚੇ ਹੀ ਗੁਰੂ ਸਾਹਿਬਾਨ ਦੀ ਲਹਿਰ ਦੇ ਪੁਨਰ-ਸੁਰਜੀਤੀਕਰਨ ਦੀ ਵੱਡੀ ਲੋੜ ਨੂੰ ਮਹਿਸੂਸ ਕੀਤਾ ਜਾ ਸਕਦਾ ਹੈ। ਅਜੋਕੇ ਸਮੇਂ ਵਿੱਚ ਇਹ ਕਾਰਜ ਇਤਨਾ ਮੁਸ਼ਕਿਲ ਵੀ ਨਹੀਂ। ਗੁਰੂ ਸਾਹਿਬਾਨ ਦੇ ਵੇਲੇ ਭਾਰਤ ਵਿੱਚ ਨਿਰੁੰਕਸ਼ ਕਿਸਮ ਦਾ ਬਦੇਸ਼ੀ ਰਾਜ ਸਥਾਪਤ ਸੀ, ਆਵਾਜਾਈ ਅਤੇ ਸੰਚਾਰ ਦੇ ਸਾਧਨ ਮੌਜੂਦ ਨਹੀਂ ਸਨ ਅਤੇ ਆਰਥਿਕ ਸਥਿਤੀ ਅਤੀ ਨਿਰਾਸ਼ਾਜਨਕ ਸੀ। ਪਰੰਤੂ ਅਜੋਕੇ ਸਮੇਂ ਦੇ ਬਦਲੇ ਹੋਏ ਹਾਲਾਤ ਵਿੱਚ ਗੁਰਬਾਣੀ ਆਧਾਰਿਤ ਮਾਨਵਵਾਦੀ ਫਲਸਫੇ ਦਾ ਸੰਸਾਰ ਦੇ ਕੋਨੇ-ਕੋਨੇ ਵਿੱਚ ਪਰਚਾਰ-ਪਰਸਾਰ ਕਰਕੇ ਮਨੁੱਖਤਾ ਦਾ ਭਲਾ ਵੀ ਕੀਤਾ ਜਾ ਸਕਦਾ ਹੈ ਅਤੇ ਸਿਖ ਗੁਰੂ ਸਾਹਿਬਾਨ ਦੇ ਨਾਮ ਨੂੰ ਸੰਸਾਰ ਭਰ ਵਿੱਚ ਉੱਚ-ਕੋਟੀ ਦਾ ਸਥਾਨ ਦਿਵਾਇਆ ਜਾ ਸਕਦਾ ਹੈ।

ਮਾਨਵਵਾਦੀ ਸਿਖ ਲਹਿਰ ਦੇ ਪੁਨਰ-ਸੁਰਜੀਤੀਕਰਨ ਲਈ ਜ਼ਰੂਰੀ ਹੋਵੇਗਾ ਕਿ

1. ਅਠਾਰ੍ਹਵੀਂ ਸਦੀ ਤੋਂ ਅਪਣਾਏ ਗਏ ਸੰਸਥਾਗਤ ਸਿਖ ਧਰਮ ਦਾ ਪੂਰੀ ਤਰ੍ਹਾਂ ਤਿਆਗ ਕੀਤਾ ਜਾਵੇ।

2. ਸਾਰੇ ਭਰਮ-ਭੁਲੇਖੇ ਅਤੇ ਤਰਕਹੀਣ ਸੰਕਲਪ ਵਿਸ਼ੇਸ਼ ਕਰਕੇ ਉਹ ਜਿਹਨਾਂ ਦਾ ਜ਼ਿਕਰ ਉੱਪਰ ਕੀਤਾ ਗਿਆ ਹੈ, ਦੂਰ ਕੀਤੇ ਜਾਣ।

3. ਸੰਪਰਦਾਈ ਸਿੱਖਾਂ ਨੂੰ ਧਾਰਮਿਕ ਦਹਿਸ਼ਤ ਅਤੇ ਮਾਨਸਿਕ ਗੁਲਾਮੀ ਤੋਂ ਮੁਕਤੀ ਦਿਵਾਈ ਜਾਵੇ।

4. ਗੁਰਬਾਣੀ ਦੀ ਬ੍ਰਾਹਮਣਵਾਦੀ ਵਿਆਖਿਆ ਨੂੰ ਨਕਾਰਿਆ ਜਾਵੇ।

5. ਗੁਰਬਾਣੀ ਦੀ ਮਾਨਵਵਾਦੀ ਪੱਖ ਤੋਂ ਵਿਆਖਿਆ ਕੀਤੀ ਜਾਵੇ।

6. ਗੁਰਦੁਆਰਿਆਂ ਵਿੱਚੋਂ ਸਾਰੀਆਂ ਧਾਰਮਿਕ ਰਹੁ-ਰੀਤਾਂ ਅਤੇ ਕਰਮ-ਕਾਂਡ ਬੰਦ ਕਰਵਾ ਕੇ ਹਰੇਕ ਗੁਰਦੁਆਰੇ ਨੂੰ ‘ਧਰਮਸਾਲ’ ਦਾ ਰੂਪ ਦਿੱਤਾ ਜਾਵੇ।

7. ਜੇਕਰ ਕਿਸੇ ਗੁਰਦੁਆਰੇ ਦੀ ਪ੍ਰਬੰਧਕ-ਕਮੇਟੀ ਸਹਿਯੋਗ ਨਾ ਦੇਵੇ ਤਾਂ ਧਰਮਸਾਲ ਦੇ ਮਾਡਲ ਦੇ ਆਧਾਰ ਤੇ ਨਵੇਂ ਪਰਚਾਰ ਕੇਂਦਰ ਸਥਾਪਤ ਕੀਤੇ ਜਾਣ।

8. ਹਰੇਕ ਸਿੱਖ ਅਖਵਾਉਂਦਾ ਵਿਅਕਤੀ ਨਿਰੋਲ ਮਾਨਵਵਾਦੀ ਕਾਰਕੁੰਨ ਅਤੇ ਕਿਰਿਆਵਾਦੀ (activist) ਦੇ ਤੌਰ ਤੇ ਵਿਚਰੇ ਨਾ ਕਿ ਸੰਪਰਦਾਈ ਸਿਖ ਦੇ ਤੌਰ ਤੇ।

9. ਅਖੌਤੀ ‘ਜਾਗਰੂਕ’ ਸੱਜਣ ਪਹਿਲਾਂ ਆਪੂੰ ਸੰਸਥਾਗਤ ਧਰਮ ਦਾ ਤਿਆਗ ਕਰ ਲੈਣ ਅਤੇ ਇਸ ਤੋਂ ਅੱਗੇ ਉਹ ਸਿਖ ਗੁਰੂ ਸਾਹਿਬਾਨ ਦੇ ਮਾਨਵਵਾਦ ਦੇ ਫਲਸਫੇ ਦਾ ਪਰਚਾਰ ਕਰਨ ਵੱਲ ਵਾਜਬ ਯੋਗਦਾਨ ਦੇਣ।

ਸਿਖ ਗੁਰੂ ਸਾਹਿਬਾਨ ਦੀ ਮਾਨਵਵਾਦੀ ਲਹਿਰ ਦੇ ਪੁਨਰ-ਸੁਰਜੀਤੀਕਰਨ ਦੀ ਪ੍ਰੀਕਿਰਿਆ ਨੂੰ ਸੁਨਿਸਚਤ ਕਰਨ ਲਈ ਸੰਸਾਰ ਦੇ ਵੱਖ-ਵੱਖ ਹਿੱਸਿਆਂ ਵਿੱਚ ਆਜ਼ਾਦਾਨਾ ਤੌਰ ਤੇ ਸਿਖ ਮਾਨਵਵਾਦੀ ਸੰਸਥਾਵਾਂ ਸਥਾਪਤ ਕੀਤੀਆਂ ਜਾਣ ਦੀ ਲੋੜ ਹੈ। ਅਜਿਹੀਆਂ ਮਾਨਵਵਾਦੀ ਸੰਸਥਾਵਾਂ ਨੂੰ ਸਾਝੀ ਅੰਤਰ-ਰਾਸ਼ਟਰੀ ਸੰਸਥਾ International Ethical and Humanistic Union (IEHU) ਰਾਹੀਂ ਯੂ. ਐਨ. ਓ. (U. N. O.) ਨਾਲ ਜੁੜਨ ਦੀ ਸਹੂਲਤ ਵੀ ਪਰਾਪਤ ਹੈ। ਵਿਸ਼ਵ ਪੱਧਰ ਤੇ ਸਿਖ ਗੁਰੂ ਸਾਹਿਬਾਨ ਦੇ ਮਾਨਵਵਾਦ ਦੇ ਫਲਸਫੇ ਦੇ ਪਰਚਾਰ ਅਤੇ ਉਹਨਾਂ ਵੱਲੋਂ ਚਲਾਈ ਮਾਨਵਵਾਦੀ ਲਹਿਰ ਦੇ ਪੁਨਰ-ਸੁਰਜੀਤੀਕਰਨ ਨੂੰ ਸਮਰਪਿਤ ਸਭ ਤੋਂ ਪਹਿਲੀ ਸੰਸਥਾ ‘ਨਾਨਕ ਮਿਸ਼ਨ’ ਹੈ ਜੋ ਇੱਕ ਸਾਲ ਪਹਿਲਾਂ ਸਥਾਪਤ ਕੀਤੀ ਗਈ ਸੀ ਅਤੇ ਇਸਦਾ ਮੁੱਖ-ਦਫਤਰ ਲੁਧਿਆਣਾ (ਪੰਜਾਬ) ਵਿਖੇ ਸਥਿਤ ਹੈ। ਸ. ਦਲਜੀਤ ਸਿੰਘ ਲੁਧਿਆਣਾ ਇਸ ਸੰਸਥਾ ਦੇ ਪਰਧਾਨ ਵਜੋਂ ਸੁਹਿਰਦਤਾ ਅਤੇ ਦ੍ਰਿੜਤਾ ਨਾਲ ਸੇਵਾ ਨਿਭਾ ਰਹੇ ਹਨ।

(ਸਮਾਪਤ)

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।




.