.

‘ਨਾਮੁ’ ਬਾਰੇ ਸੰਖੇਪ ਵਿਚਾਰ

ਗੁਰੂ ਗ੍ਰੰਥ ਸਾਹਿਬ ਦੇ ਹਰੇਕ ਅੰਕ ਉੱਤੇ ਨਾਮ ਤੇ ਮਨੁੱਖ ਬਾਰੇ ਵਿਸਥਾਰ-ਪੂਰਬਕ ਜ਼ਿਕਰ ਕੀਤਾ ਮਿਲਦਾ ਹੈ। ਮਨੁੱਖ ਦੇ ਭੀ, ਅਕਸਰ, ਮਨ ਬਾਰੇ ਹੀ ਬਾਰ-ਬਾਰ ਵਿਚਾਰ ਪਰਗਟ ਕੀਤੇ ਗਏ ਹਨ, ਕਿਉਂਕਿ ਆਮ ਮਨੁੱਖ ਦਾ ਵਰਤਾਰਾ ਉਸ ਦੀ ਮਾਨਸਿਕ ਦਸ਼ਾ ਤੇ ਦਿਸ਼ਾ ਅਨੁਸਾਰ ਹੀ ਕਾਰਜ਼ਸ਼ੀਲ ਹੁੰਦਾ ਹੈ। ਮਨੁੱਖ ਦੇ ਮਨ ਤੋਂ ਇਲਾਵਾ ਮਨੁੱਖ ਦੇ (ਮਨ ਦੇ ਅਧੀਨ) ਪੰਜ ਗਿਆਨ-ਇੰਦ੍ਰਿਆਂ (ਅੱਖਾਂ, ਕੰਨ, ਜੀਭ, ਨੱਕ ਅਤੇ ਤੁਚਾ ਜਾਂ ਚਮੜੀ) ਅਤੇ ਪੰਜ ਕਰਮ-ਇੰਦਰਿਆਂ (ਹੱਥ, ਪੈਰ, ਜੀਭ, ਗੁਦਾ ਅਤੇ ਜਨਨ-ਅੰਗ) ਬਾਰੇ ਭੀ ਵਿਸਥਾਰ ਨਾਲ ਜ਼ਿਕਰ ਕੀਤਾ ਮਿਲਦਾ ਹੈ ਤਾ ਕਿ ਮਨੁੱਖ ਦੇ ਔਗੁਣਾਂ ਨੂੰ ਦੂਰ ਕਰ ਕੇ ਉਸ ਨੂੰ ਚੰਗਾ ਇਨਸਾਨ (ਸਚਿਆਰਾ, ਰੱਬੀ-ਗੁਣਾਂ ਦਾ ਧਾਰਨੀ) ਬਣਾਇਆ ਜਾ ਸਕੇ ਅਤੇ ਸੰਸਾਰ ਵਿੱਚ ਸੁਖ-ਸ਼ਾਂਤੀ ਕਾਇਮ ਕੀਤੀ ਜਾ ਸਕੇ।

ਜਿਵੇਂ ਬੇਅੰਤ ਪਰਮਾਤਮਾ ਅਤੇ ਉਸ ਦੇ ਬੇਅੰਤ ਗੁਣਾਂ ਨੂੰ ਪ੍ਰੀਭਾਸ਼ਤ ਕਰਨਾ ਅਸੰਭਵ ਹੈ, ਤਿਵੇਂ ‘ਨਾਮ’ ਨੂੰ ਪ੍ਰੀਭਾਸ਼ਤ ਕਰਨਾ ਭੀ ਅਸੰਭਵ ਹੈ। ਪਰ, ਫਿਰ ਭੀ ਨਾਮੁ ਨੂੰ ਸਮਝਣ ਲਈ ‘ਨਾਮੁ’ ਬਾਰੇ ਹੇਠਾਂ ਦਿੱਤੇ ਕੁੱਝ ਕੁ ਹਵਾਲਿਆਂ ਨਾਲ ਗੱਲ, ਕਿਸੇ ਹੱਦ ਤੱਕ, ਸਮਝ-ਗੋਚਰੀ ਹੋ ਸਕਦੀ ਹੈ:-

1. ਨਾਮੁ ਅਤੇ ਨਾਮੀ (ਕਰਤਾ ਪੁਰਖ, ਪ੍ਰਭੂ-ਪਿਤਾ, ਅਕਾਲ ਪੁਰਖੁ) ਅਭੇਦ ਹਨ

ਗੁਰਮਤਿ ਦੇ ਇਸ ਮੁਢਲੇ ਸਿਧਾਂਤ ਨੂੰ ਗੁਰੂ ਗ੍ਰੰਥ ਸਾਹਿਬ ਦੇ ਅਰੰਭ ਵਿੱਚ ਦਰਜ ਕੀਤੇ ਮੰਗਲ (ਮੂਲ-ਮੰਤ੍ਰ) ਵਿੱਚ ਹੀ ਸਪੱਸ਼ਟ ਕੀਤਾ ਜਾ ਚੁੱਕਾ ਹੈ। ਗੁਰਮਤਿ ਫ਼ਲਸਫ਼ੇ ਦੇ ਇਸ ਸਿਧਾਂਤ ਨੂੰ ਸਪੱਸ਼ਟ ਕਰਨ ਲਈ, ਕੁੱਝ ਕੁ ਹਫ਼ਤੇ ਪਹਿਲਾਂ, ਇੱਕ ਵਿਦਵਾਨ ਵੀਰ ਨੇ ਗੁਰਦਵਾਰਾ ਮੰਜੀ ਸਾਹਿਬ (ਅੰਮ੍ਰਿਤਸਰ) ਤੋਂ ਅੰਮ੍ਰਿਤ ਵੇਲੇ ਦੇ ਗੁਰੂ ਗ੍ਰੰਥ ਸਾਹਿਬ ਦੇ ‘ਹੁਕਮਨਾਮੇ’ ਦੀ ਵਿਆਖਿਆ ਕਰਦਿਆਂ ਇੱਕ ਬਹੁਤ ਹੀ ਢੁਕਵੀਂ ਉਦਾਹਰਣ ਦੇ ਕੇ ਦੱਸਿਆ ਸੀ ਕਿ ਜਿਸ ਤਰ੍ਹਾਂ ਸੂਰਜ ਅਤੇ ਸੂਰਜ ਦੀਆਂ ਕਿਰਣਾਂ ਆਪਸ ਵਿੱਚ ਅਭੇਦ ਹਨ (ਯਾਨੀ ਕਿ, ਜਿਵੇਂ ਸੂਰਜ ਅਤੇ ਉਸ ਦੀਆਂ ਕਿਰਣਾਂ ਨੂੰ ਵੱਖ-ਵੱਖ ਕਰ ਕੇ ਨਹੀਂ ਵੇਖਿਆ ਜਾ ਸਕਦਾ) ਠੀਕ ਉਸੇ ਤਰ੍ਹਾਂ ਹੀ ‘ਨਾਮੁ’ ਅਤੇ ‘ਨਾਮੀ’ ਨੂੰ ਵੱਖਰਿਆਂ ਨਹੀਂ ਕੀਤਾ ਜਾ ਸਕਦਾ। ਮੋਟੇ ਤੌਰ `ਤੇ, ਜੇਕਰ ਇੰਜ ਕਹਿ ਲਈਏ ਕਿ ਰੱਬੀ-ਗੁਣਾਂ ਦਾ ਮਨੁੱਖ ਦੇ ਮਨ (ਤੇ ਮਨ ਤੋਂ ਅੱਗੇ ਹਿਰਦੇ) ਵਿੱਚ ਪਰਗਟ ਹੋ ਜਾਣ ਨੂੰ ਨਾਮੁ ਦੀ ਪ੍ਰਾਪਤੀ ਹੋ ਜਾਣਾ ਕਿਹਾ ਜਾ ਸਕਦਾ ਹੈ।

2. ਨਾਮੁ ਦੀ ਪ੍ਰਾਪਤੀ ਕੇਵਲ ਅਤੇ ਕੇਵਲ ਪੂਰੇ ਗੁਰੂ (ਗੁਰੂ ਨਾਨਕ ਸਾਹਿਬ ਤੇ ਉਨ੍ਹਾਂ ਦੇ ਉਤਰਾਧਿਕਾਰੀ ਗੁਰੂ ਜਾਮੇਂ ਅਤੇ ਗੁਰੂ ਗ੍ਰੰਥ ਸਾਹਿਬ) ਤੋਂ ਹੀ ਹੋ ਸਕਦੀ ਹੈ, ਹੋਰ ਕਿਤੋਂ ਨਹੀਂ

ਮੇਰੇ ਪ੍ਰੀਤਮਾ ਹਉ ਜੀਵਾ ਨਾਮੁ ਧਿਆਇ॥ ਬਿਨੁ ਨਾਵੈ ਜੀਵਣੁ ਨਾ ਥੀਐ ਮੇਰੇ ਸਤਿਗੁਰ ਨਾਮੁ ਦ੍ਰਿੜਾਇ॥ 1॥ ਰਹਾਉ॥

(4, 40);

ਨਾਮੁ ਅਮੋਲਕੁ ਰਤਨੁ ਹੈ ਪੂਰੇ ਸਤਿਗੁਰ ਪਾਸਿ॥ ਸਤਿਗੁਰ ਸੇਵੈ ਲਗਿਆ ਕਢਿ ਰਤਨੁ ਦੇਵੈ ਪਰਗਾਸਿ॥ ਧੰਨੁ ਵਡਭਾਗੀ ਵਡਭਾਗੀਆ ਜੋ ਆਇ ਮਿਲੇ ਗੁਰ ਪਾਸਿ॥ 2॥

ਪਦ ਅਰਥ: ਹਉ-ਮੈਂ। ਜੀਵਾ - ਆਤਮਕ ਜੀਵਨ ਹਾਸਲ ਕਰ ਲੈਂਦਾ ਹਾਂ। ਥੀਐ-ਹੋ ਸਕਦਾ। ਜੀਵਣੁ-ਆਤਮਕ ਜੀਵਨ। ਸਤਿਗੁਰ-ਹੇ ਸਤਿਗੁਰੂ ਜੀ! ਦ੍ਰਿੜਾਇ-ਹਿਰਦੇ ਵਿੱਚ ਪੱਕਾ ਕਰ ਦੇ। 1. ਰਹਾਉ।

ਅਮੋਲਕੁ-ਜਿਸ ਵਰਗੀ ਕੀਮਤੀ ਸ਼ੈਅ ਹੋਰ ਨਾ ਹੋਵੇ ਅਤੇ ਜੋ ਕਿਸੇ ਵੀ ਦੁਨਿਆਵੀ ਕੀਮਤ ਨਾਲ ਨਾ ਮਿਲ ਸਕਦਾ ਹੋਵੇ। ਕਢਿ-ਕੱਢ ਕੇ। ਪਰਗਾਸਿ-ਪਰਕਾਸ਼ ਕਰਦੇ, ਆਤਮਕ ਚਾਨਣ ਕਰ ਕੇ। ਧੰਨੁ-ਸ਼ਲਾਘਾਯੋਗ। 2.

ਭਾਵ: ਹੇ ਮੇਰੇ ਪ੍ਰੀਤਮ ਪ੍ਰਭੂ! ਤੇਰਾ ਨਾਮ ਸਿਮਰ ਕੇ ਹੀ ਮੈਂ ਆਤਮਕ ਜੀਵਨ ਜੀਉਂ ਸਕਦਾ ਹਾਂ। ਹੇ ਮੇਰੇ ਸਤਿਗੁਰੂ! (ਮੇਰੇ ਹਿਰਦੇ ਵਿੱਚ ਪਰਮਾਤਮਾ ਦਾ) ਨਾਮ ਪੱਕਾ ਕਰ ਦੇ (ਕਿਉਂਕਿ) ਪ੍ਰਭੂ-ਨਾਮ ਤੋਂ ਬਿਨਾਂ ਆਤਮਕ ਜੀਵਨ ਨਹੀਂ ਬਣ ਸਕਦਾ। 1. ਰਹਾਉ।

ਪਰਮਾਤਮਾ ਦਾ ਨਾਮ ਇੱਕ ਐਸਾ ਰਤਨ ਹੈ, ਜਿਸ ਜਿਹੀ ਕੀਮਤੀ ਸ਼ੈਅ ਹੋਰ ਕੋਈ ਨਹੀਂ ਹੈ। ਇਹ ਨਾਮ ਪੂਰੇ ਗੁਰੂ ਦੇ ਪਾਸ ਹੀ ਹੈ। ਜੇ ਗੁਰੂ ਦੀ ਦੱਸੀ ਸੇਵਾ (ਹੁਕਮਿ ਰਜਾਈ ਚੱਲਣਾ) ਵਿੱਚ ਲੱਗ ਜਾਈਏ, ਤਾਂ ਉਹ ਹਿਰਦੇ ਵਿੱਚ ਗਿਆਨ ਦਾ ਚਾਨਣ ਕਰ ਕੇ (ਆਪਣੇ ਪਾਸੋਂ ਨਾਮ-) ਰਤਨ ਕੱਢ ਕੇ ਦਿੰਦਾ ਹੈ। (ਇਸ ਵਾਸਤੇ) ਉਹ ਮਨੁੱਖ ਭਾਗਾਂ ਵਾਲੇ ਹਨ, ਵੱਡੇ ਭਾਗਾਂ ਵਾਲੇ ਹਨ, ਸ਼ਲਾਘਾ-ਯੋਗ ਹਨ, ਜੇਹੜੇ ਆ ਕੇ ਗੁਰੂ ਦੀ ਸ਼ਰਣ ਪੈਂਦੇ ਹਨ। 2.

ਗੁਰੁ ਨਾਮੁ ਦ੍ਰਿੜਾਏ ਰੰਗ ਸਿਉ ਹਉ ਸਤਿਗੁਰ ਕੈ ਬਲਿ ਜਾਉ॥ ਬਿਨੁ ਸਤਿਗੁਰ ਹਰਿ ਨਾਮੁ ਨਾ ਲਭਈ ਲਖ ਕੋਟੀ ਕਰਮ ਕਮਾਉ॥ 2॥

(ਮ: 4, 40)

ਪਦ ਅਰਥ: ਰੰਗ ਸਿਉ-ਪਿਆਰ ਨਾਲ। ਕੋਟੀ-ਕ੍ਰੋੜਾਂ। 2.

ਭਾਵ: ਹੇ ਭਾਈ! ਗੁਰੂ ਪਿਆਰ ਨਾਲ ਪਰਮਾਤਮਾ ਦਾ ਨਾਮ (ਸ਼ਰਣ ਆਏ ਪ੍ਰਾਣੀ ਦੇ ਹਿਰਦੇ ਵਿੱਚ) ਪੱਕਾ ਕਰ ਦਿੰਦਾ ਹੈ। ਜੇ ਮੈਂ ਲੱਖਾਂ-ਕ੍ਰੋੜਾਂ (ਹੋਰ-ਹੋਰ ਧਾਰਮਕ) ਕੰਮ ਕਰਾਂ ਤਾਂ ਭੀ ਗੁਰੂ ਦੀ ਸ਼ਰਣ ਤੋਂ ਬਿਨਾਂ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ।

ਗੁਰ ਸੇਵਾ ਤੇ ਕਰਣੀ ਸਾਰ॥ ਰਾਮ ਨਾਮੁ ਰਾਖਹੁ ਉਰਿ ਧਾਰ॥

ਗੁਰਬਾਣੀ ਵਰਤੀ ਜਗ ਅੰਤਰਿ ਇਸੁ ਬਾਣੀ ਤੇ ਹਰਿ ਨਾਮੁ ਪਾਇਦਾ॥ 3॥ (ਮ: 3, 1065)

ਪਦ ਅਰਥ: ਤੇ-ਤੋਂ। ਕਰਣੀ - ਕਰਨਯੋਗ ਕੰਮ। ਸਾਰ - ਸ੍ਰੇਸ਼ਟ। ਕਰਣੀ ਸਾਰ - ਸ੍ਰੇਸ਼ਟ ਕਰਨਯੋਗ ਕੰਮ। ਉਰਿ - ਹਿਰਦੇ ਵਿੱਚ। ਉਰਿਧਾਰਿ - ਹਿਰਦੇ ਵਿੱਚ ਟਿਕਾ ਕੇ। ਜਗ ਅੰਤਰਿ - ਜਗਤ ਵਿੱਚ। ਵਰਤੀ - (ਜਿਸ ਦੇ ਹਿਰਦੇ ਵਿੱਚ ਆ ਵਸੀ)। ਇਸੁ ਬਾਣੀ ਤੇ - ਇਸ ਬਾਣੀ ਤੋਂ, ਇਸ ਬਾਣੀ ਦੀ ਰਾਹੀਂ।

ਭਾਵ: ਹੇ ਭਾਈ! {ਪਰਮਾਤਮਾ ਦੀ ਮਿਹਰ ਨਾਲ ਜਿਸ ਨੂੰ ਗੁਰੂ (ਸ਼ਬਦ-ਗੁਰੂ) ਮਿਲ ਪਿਆ} ਗੁਰੂ ਦੀ ਸ਼ਰਣਿ ਪੈਣ ਤੋਂ ਉਸ ਨੂੰ ਇਹ ਸ੍ਰੇਸ਼ਟ ਕਰਨਯੋਗ ਕੰਮ ਮਿਲ ਗਿਆ ਕਿ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਈ ਰੱਖੋ। ਸੋ, ਹੇ ਭਾਈ! ਇਸ ਜਗਤ ਵਿੱਚ (ਜਿਸ ਮਨੁੱਖ ਦੇ ਹਿਰਦੇ ਵਿੱਚ) ਗੁਰੂ ਦੀ ਬਾਣੀ ਆ ਵਸਦੀ ਹੈ, ਉਹ, ਇਸ ਬਾਣੀ ਦੀ ਬਰਕਤਿ ਨਾਲ, ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲੈਂਦਾ ਹੈ (ਉਸ ਦੇ ਮਨ ਵਿੱਚ ‘ਨਾਮ’ ਪਰਗਟ ਹੋ ਜਾਂਦਾ ਹੈ)। ਯਾਨੀ ਕਿ ਨਾਮੁ (ਰੱਬ ਦੇ ਗੁਰੂ ਗੁਣ ਦਾ ਸੰਪੂਰਨ ਪ੍ਰਕਾਸ਼) ਅਤੇ ਨਿਰੰਕਾਰ-ਸਰੂਪ ਗੁਰਬਾਣੀ ਅਭੇਦ ਹਨ।

3. ਨਾਮ ਤੋਂ ਬਿਨਾਂ ਜੀਵ ਦੀ ਆਵਾਗਵਣ ਦੇ ਗੇੜ ਅਤੇ ਵਿਕਾਰਾਂ/ਪਾਪਾਂ ਤੋਂ ਮੁਕਤੀ ਨਹੀਂ ਹੋ ਸਕਦੀ

ਕਹੁ ਕਬੀਰ ਸੁਨਹੁ ਨਰ ਭਾਈ॥ ਰਾਮ ਨਾਮ ਬਿਨੁ ਕਿਤਿ ਗਤਿ ਪਾਈ॥ (ਕਬੀਰ ਜੀ, 324)

ਭਾਵ: ਹੇ ਕਬੀਰ! (ਬੇ-ਸ਼ੱਕ) ਆਖ-ਹੇ ਭਰਾਵੋ! ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾਂ ਕਿਸੇ ਨੂੰ ਮੁਕਤੀ ਨਹੀਂ ਮਿਲੀ।

ਸਲੋਕ॥ ਯਾਰ ਮੀਤ ਸੁਨਿ ਸਾਜਨਹੁ ਬਿਨੁ ਹਰਿ ਛੂਟਨੁ ਨਾਹਿ॥ ਨਾਨਕ ਤਿਹ ਬੰਧਨ ਕਟੇ ਗੁਰ ਕੀ ਚਰਨੀ ਪਾਹਿ॥ 1॥

ਪਵੜੀ॥ ਯਯਾ ਜਤਨ ਕਰਤ ਬਹੁ ਬਿਧੀਆ॥ ਏਕ ਨਾਮ ਬਿਨੁ ਕਹ ਲਉ ਸਿਧੀਆ॥ ਯਾਹੂ ਜਤਨ ਕਰਿ ਹੋਤ ਛੁਟਾਰਾ॥ ਉਆਹੂ ਜਤਨ ਸਾਧ ਸੰਗਾਰਾ॥ ਯਾ ਉਬਰਨ ਧਾਰੈ ਸਭੁ ਕੋਊ। ਉਆਹਿ ਜਪੇ ਬਿਨੁ ਉਬਰ ਨ ਹੋਊ॥ ਯਾਹੂ ਤਰਨ ਤਾਰਨ ਸਮਰਾਥਾ॥ ਰਾਖਿ ਲੇਹੁ ਨਿਰਗੁਨ ਨਰਨਾਥਾ॥ ਮਨ ਬਚ ਕ੍ਰਮ ਜਿਹ ਆਪਿ ਜਨਾਈ॥ ਨਾਨਕ ਤਿਹ ਮਤਿ ਪ੍ਰਗਟੀ ਆਈ॥ 43॥ (ਮ: 5, 259)

ਪਦ ਅਰਥ: ਛੂਟਨੁ-ਮਾਇਆ ਦੇ ਬੰਧ੍ਹਨਾਂ ਤੋਂ ਖਲਾਸੀ। ਤਿਹ-ਉਨ੍ਹਾਂ ਦੇ। ਪਾਹਿ-ਪੈਂਦੇ ਹਨ। 1

ਕਹ ਲਉ-ਕਿਥੋਂ ਤੱਕ। ਸਿਧੀਆ-ਸਫ਼ਲਤਾ। ਯਾਹੂ-ਜੇਹੜੇ। ਯਾ ਉਬਰਨ-ਜੇਹੜਾ ਬਚਾਉ। ਸਭੁ ਕੋਊ-ਹਰ ਕੋਈ। ਧਾਰੈ- (ਮਨ ਵਿੱਚ) ਧਾਰਦਾ ਹੈ। ਨਿਰਗੁਨ-ਗੁਣ-ਹੀਣ।

ਭਾਵ: ਹੇ ਮਿੱਤਰੋ! ਹੇ ਸੱਜਣੋਂ! ਸੁਣੋ। ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ ਮਾਇਆ ਦੇ ਬੰਧਨਾਂ ਤੋਂ ਖ਼ਲਾਸੀ ਨਹੀਂ ਹੁੰਦੀ। ਹੇ ਨਾਨਕ! ਜਿਹੜੇ ਬੰਦੇ ਗੁਰੂ ਦੀ ਚਰਨੀਂ ਪੈਂਦੇ ਹਨ, ਉਨ੍ਹਾਂ ਦੇ (ਮਾਇਆ ਦੇ ਮੋਹ ਦੇ) ਬੰਧਨ ਕੱਟੇ ਜਾਂਦੇ ਹਨ। 1.

ਪਵੜੀ: ਮਨੁੱਖ (ਮਾਇਆ ਦੇ ਮੋਹ ਦੇ ਬੰਧਨਾਂ ਤੋਂ ਖ਼ਲਾਸੀ ਪਾਉਂਣ ਲਈ) ਕਈ ਤਰ੍ਹਾਂ ਦੇ ਯਤਨ ਕਰਦਾ ਹੈ, ਪਰ ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾਂ, ਬਿਲਕੁਲ ਕਾਮਯਾਬੀ ਨਹੀਂ ਹੋ ਸਕਦੀ। ਜੇਹੜੇ ਯਤਨਾਂ ਨਾਲ (ਇਨ੍ਹਾਂ ਬੰਧਨਾਂ ਤੋਂ) ਖ਼ਲਾਸੀ ਹੋ ਸਕਦੀ ਹੈ, ਉਹ ਯਤਨ ਇਹੀ ਹਨ ਕਿ ਸਾਧ ਸੰਗਤਿ ਕਰੋ। ਹਰ ਕੋਈ (ਮਾਇਆ ਦੇ ਬੰਧਨਾਂ ਤੋਂ) ਬਚਣ ਦੇ ਉਪਰਾਲੇ (ਆਪਣੇ ਮਨ ਵਿੱਚ) ਧਾਰਦਾ ਹੈ, ਪਰ ਉਸ ਪ੍ਰਭੂ ਦਾ ਨਾਮ ਜਪਣ ਤੋਂ ਬਿਨਾਂ ਖ਼ਲਾਸੀ ਹੋ ਹੀ ਨਹੀਂ ਸਕਦੀ।

(ਹੇ ਭਾਈ! ਪ੍ਰਭੂ-ਦਰ `ਤੇ ਅਰਦਾਸ ਹੀ ਕਰਨੀ ਚਾਹੀਦੀ ਹੈ ਕਿ) ਹੇ ਜੀਵਾਂ ਦੇ ਨਾਥ! ਸਾਨੂੰ ਗੁਣ-ਹੀਣਾਂ ਨੂੰ ਬਚਾ ਲੈ, ਤੂੰ ਆਪ ਹੀ ਜੀਵਾਂ ਨੂੰ (ਸੰਸਾਰ-ਸਮੁੰਦਰ ਵਿੱਚੋਂ) ਤਾਰਨ ਲਈ ਜਹਾਜ਼ ਹੈਂ, ਤੂੰ ਹੀ ਤਾਰਨ ਲਈ ਸਮਰੱਥ ਹੈਂ।

ਹੇ ਨਾਨਕ! ਜਿਨ੍ਹਾਂ ਬੰਦਿਆਂ ਦੇ ਮਨ ਵਿੱਚ, ਬਚਨਾਂ ਵਿੱਚ ਤੇ ਕੰਮਾਂ ਵਿੱਚ ਪ੍ਰਭੂ ਆਪ (ਮਾਇਆ ਦੇ ਮੋਹ ਤੋਂ ਬਚਣ ਵਾਲੀ) ਸੂਝ ਪੈਦਾ ਕਰਦਾ ਹੈ, ਉਨ੍ਹਾਂ ਦੀ ਮੱਤਿ ਉੱਜਲ ਹੋ ਜਾਂਦੀ ਹੈ (ਤੇ ਉਹ ਬੰਧਨਾਂ ਤੋਂ ਬੱਚ ਨਿਕਲਦੇ ਹਨ)। 43.

ਵਿਣੁ ਨਾਵੈ ਵੇਰੋਧੁ ਸਰੀਰ॥ ਕਿਉਂ ਨ ਮਿਲਹਿ ਕਾਟਹਿ ਮਨ ਪੀਰ॥ ਵਾਟ ਵਟਾਊ ਆਵੈ ਜਾਇ॥ ਕਿਆ ਲੇ ਆਇਆ ਕਿਆ ਪਲੈ ਪਾਇ॥ ਵਿਣੁ ਨਾਵੈ ਤੋਟਾ ਸਭ ਥਾਇ॥ ਲਾਹਾ ਮਿਲੈ ਜਾ ਦੇਇ ਬੁਝਾਇ॥ ਵਣਜੁ ਵਾਪਾਰੁ ਵਣਜੈ ਵਾਪਾਰੀ॥ ਵਿਣੁ ਨਾਵੈ ਕੈਸੀ ਪਤਿ ਸਾਰੀ॥ 16॥

(ਮ: 1, 931)

ਪਦ ਅਰਥ: ਵੇਰੋਧੁ ਸਰੀਰ-ਸਰੀਰ ਦਾ ਵਿਰੋਧ, ਗਿਆਨ-ਇੰਦ੍ਰਿਆਂ ਦਾ ਆਤਮਕ ਜੀਵਨ ਨਾਲ ਵਿਰੋਧ (ਭਾਵ, ਅੱਖਾਂ, ਕੰਨ, ਜੀਭ ਆਦਿਕ ਗਿਆਨ-ਇੰਦ੍ਰੇ ਪਰ-ਤਨ, ਪਰਾਈ ਨਿੰਦਿਆ-ਚੁਗਲੀ ਅਤੇ ਖਾਣ-ਪੀਣ ਦੇ ਚਸਕਿਆਂ ਵੱਲ ਪ੍ਰੇਰਤ ਹੋ ਕੇ ਆਤਮਕ ਜੀਵਨ ਵਿੱਚ ਗਿਰਾਵਟ ਪੈਦਾ ਕਰਦੇ ਹਨ)। ਕਿਉਂ ਨ ਮਿਲਹਿ- (ਹੇ ਪਾਂਡੇ!) ਤੂੰ ਕਿਉਂ (ਗੋਪਾਲ ਭਾਵ, ਪਰਮਾਤਮਾ ਨੂੰ) ਨਹੀਂ ਮਿਲਦਾ? ਕਿਉ ਨ ਕਾਟਹਿ- (ਹੇ ਪਾਂਡੇ!) ਤੂੰ ਕਿਉਂ ਦੂਰ ਨਹੀਂ ਕਰਦਾ? ਵਟਾਊ-ਰਾਹੀ, ਮੁਸਾਫ਼ਿਰ। ਆਵੈ-ਜਗਤ ਵਿੱਚ ਆਉਂਦਾ ਹੈ, ਜੰਮਦਾ ਹੈ। ਜਾਇ-ਮਰ ਜਾਂਦਾ ਹੈ। ਕਿਆ ਲੇ ਆਇਆ-ਕੁੱਝ ਭੀ ਲੈ ਕੇ ਨਹੀਂ ਆਉਂਦਾ। ਕਿਆ ਪਲੈ ਪਾਇ-ਕੁੱਝ ਭੀ ਨਹੀਂ ਖਟਦਾ। ਤੋਟਾ-ਘਾਟਾ। ਜਾ-ਜੇ। ਦੇਇ ਬੁਝਾਈ-ਪਰਮਾਤਮਾ ਸਮਝ ਬਖ਼ਸ਼ੇ। ਕੈਸੀ ਪਤਿ ਸਾਰੀ-ਕੋਈ ਚੰਗੀ ਇੱਜ਼ਤ ਨਹੀਂ (ਮਿਲਦੀ)। ਪੀਰ-ਪੀੜ, ਰੋਗ।

ਭਾਵ: (ਹੇ ਪ੍ਰਾਣੀ! ਤੂੰ ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ ਉੱਤੇ ਕਿਉਂ ਨਹੀਂ ਲਿਖਦਾ?) ਤੂੰ ਕਿਉਂ (ਗੋਪਾਲ ਦੀ ਯਾਦ ਵਿੱਚ) ਨਹੀਂ ਜੁੜਦਾ? ਤੇ, ਕਿਉਂ ਆਪਣੇ ਮਨ ਦਾ ਰੋਗ (ਹਉਮੈ) ਦੂਰ ਨਹੀਂ ਕਰਦਾ? (ਗੋਪਾਲ ਦਾ) ਨਾਮ ਸਿਮਰਨ ਤੋਂ ਬਿਨਾਂ, ਗਿਆਨ-ਇੰਦ੍ਰਿਆਂ ਦਾ ਆਤਮਕ ਜੀਵਨ ਨਾਲ ਵਿਰੋਧ ਪੈ ਜਾਂਦਾ ਹੈ। (ਗੋਪਾਲ ਦਾ ਨਾਮ ਆਪਣੇ ਮਨ ਦੀ ਪੱਟੀ `ਤੇ ਲਿਖਣ ਤੋਂ ਬਿਨਾਂ) ਜੀਵ-ਮੁਸਾਫ਼ਿਰ (ਜਗਤ ਵਿੱਚ ਜਿਹਾ) ਆਉਂਦਾ ਹੈ ਤੇ (ਤਿਹਾ ਹੀ ਇਥੋਂ) ਤੁਰ ਜਾਂਦਾ ਹੈ, (ਨਾਮ ਦੀ ਕਮਾਈ ਤੋਂ) ਸੱਖਣਾ ਹੀ ਇਥੇ ਆਉਂਦਾ ਹੈ, ਤੇ (ਇਥੇ ਰਹਿ ਕੇ ਭੀ) ਕੋਈ ਆਤਮਕ ਖੱਟੀ ਨਹੀਂ ਖਟਦਾ।

ਨਾਮ ਤੋਂ ਵਾਂਝੇ ਰਿਹਾਂ ਹਰ ਥਾਂ ਘਾਟਾ ਹੀ ਘਾਟਾ ਹੁੰਦਾ ਹੈ (ਭਾਵ, ਮਨੁੱਖ ਪ੍ਰਭੂ ਨੂੰ ਵਿਸਾਰ ਕੇ ਜੋ ਵੀ ਕਿਰਤ-ਕਾਰ ਕਰਦਾ ਹੈ ਉਹ ਖੋਟੀ ਹੋਣ ਕਰ ਕੇ ਉੱਚੇ ਆਤਮਕ-ਜੀਵਨ ਵੱਲੋਂ ਹੋਰ-ਹੋਰ ਪਰ੍ਹੇ ਲੈ ਜਾਂਦੀ ਹੈ)। ਪਰ, ਮਨੁੱਖ ਨੂੰ ਪ੍ਰਭੂ ਦੇ ਨਾਮ ਦੀ ਖੱਟੀ ਤਦੋਂ ਹੀ ਪ੍ਰਾਪਤ ਹੁੰਦੀ ਹੈ ਜਦੋਂ ਗੋਪਾਲ ਆਪ (ਸ਼ਬਦ-ਗੁਰੂ ਦੇ ਉਪਦੇਸ਼ ਰਾਹੀਂ) ਇਹ ਸੂਝ ਬਖਸ਼ਦਾ ਹੈ।

ਨਾਮ ਤੋਂ ਸੱਖਣਾ ਰਹਿ ਕੇ ਜੀਵ-ਵਣਜਾਰਾ ਹੋਰ-ਹੋਰ ਵਣਜ-ਵਪਾਰ ਹੀ ਕਰਦਾ ਹੈ, ਤੇ (ਪਰਮਾਤਮਾ ਦੀ ਹਜ਼ੂਰੀ ਵਿੱਚ) ਇਸ ਦੀ ਚੰਗੀ ਸਾਖ ਨਹੀਂ ਬਣਦੀ। 16.

ਸੰਖੇਪ ਵਿੱਚ ਗੱਲ ਮੁਕਾਉਂਣੀ ਹੋਵੇ ਤਾਂ ਇਤਨਾ ਹੀ ਕਹਿਣਾ ਕਾਫ਼ੀ ਹੈ ਕਿ ਪ੍ਰਭੂ-ਪਿਤਾ ਦੀ ਅਗੰਮੀ-ਖੇਡ (ਸ੍ਰਿਸ਼ਟੀ ਦੀ ਸਾਜਨਾ ਕਰਨੀ, ਇਸ ਦੀ ਪਾਲਣਾ ਕਰਨੀ ਤੇ ਫਿਰ ਇਸ ਨੂੰ ਸਮੇਟ ਕੇ, ਆਪਣੇ ਵਿੱਚ ਹੀ ਸਮਾ ਕੇ, ਅੰਤ ਨੂੰ ਸਰਗੁਣ-ਸਰੂਪ ਤੋਂ ਫਿਰ ਨਿਰਗੁਣ-ਸਰੂਪ ਵਿੱਚ ਪ੍ਰਵੇਸ਼ ਕਰ ਜਾਣਾ) ਦਾ ਸੰਪੂਰਨ ਤੌਰ `ਤੇ ਬਿਆਨ ਕਰ ਸਕਣਾ ਸੰਭਵ ਨਹੀਂ। ਪਰ, ਨਿਰੰਕਾਰ-ਸਰੂਪ ਗੁਰਬਾਣੀ ਤੋਂ ਸਪੱਸ਼ਟ ਸੋਝੀ ਮਿਲਦੀ ਹੈ ਕਿ ਪਰਮਾਤਮਾ, ਸ਼ਾਇਦ, ਜੀਵ ਦੇ ਪਿਛਲੇ ਜਨਮਾਂ ਵਿੱਚ ਕੀਤੇ ਚੰਗੇ ਕੰਮਾਂ ਦੇ ਕਾਰਨ, ਜੀਵ `ਤੇ ਰਹਿਮਤ ਕਰ ਕੇ, ਉਸ ਨੂੰ ਦੁਰਲੱਭ ਮਨੁੱਖਾ-ਜੂਨ ਦੀ ਬਖਸ਼ਿਸ਼ ਕਰਦਾ ਹੈ, ਤੇ ਜਿਸ ਜੀਵ ਦੇ ਮਨੁੱਖਾ ਜਨਮ ਵਿੱਚ ਕੀਤੇ ਕੰਮ ਪ੍ਰਭੂ ਨੂੰ ਭਾ ਜਾਣ (ਚੰਗੇ ਲੱਗਣ) ਉਹ ਮਾਲਿਕ ਉਸ ਉੱਤੇ ਰਹਿਮਤ ਕਰ ਕੇ ਉਸ ਦਾ ਮਿਲਾਪ ਪੂਰੇ ਗੁਰੂ (ਸਬਦ-ਗੁਰੂ) ਨਾਲ ਕਰਾ ਦਿੰਦਾ ਹੈ। ਪੂਰਾ ਗੁਰੂ ਉਸ ਮਨੁੱਖ `ਤੇ ਕਿਰਪਾ ਕਰ ਕੇ ਉਸ ਨੂੰ ਜੀਵਨ ਦਾ ਸਹੀ ਰਾਹ (ਪ੍ਰਭੂ-ਮਿਲਾਪ ਦਾ ਰਾਹ) ਦ੍ਰਿੜ ਕਰਵਾ ਦਿੰਦਾ ਹੈ। ਸਿਦਕ-ਭਰੋਸੇ ਵਾਲਾ ਮਨੁੱਖ ਗੁਰੂ ਦੇ ਦੱਸੇ ਰਾਹ `ਤੇ ਦ੍ਰਿੜਤਾ ਅਤੇ ਸ਼ਰਧਾ ਧਾਰਨ ਕਰ ਕੇ (ਗੁਰੂ ਰਾਹੀਂ ਕੇਵਲ ਤੇ ਕੇਵਲ ਪ੍ਰਭੂ-ਪਿਤਾ ਦੀ ਸ਼ਰਣ ਵਿੱਚ ਟਿਕ ਕੇ) ‘ਹੁਕਮਿ ਰਜਾਈ’ ਚਲਦਾ ਹੈ। ਇਸ ਤਰ੍ਹਾਂ ਜੀਵ ਦੀ ਰਹਿਤ (ਨਾਮ ਜਪਣਾ, ਸੱਚੀ-ਸੁੱਚੀ ਕਿਰਤ ਕਰਨੀ ਤੇ ਵੰਡ ਕੇ ਛਕਣਾ, ਪਰਮਾਤਮਾ ਦੇ ਗੁਣ ਗਾਉਣੇ, ਸਾਧ ਸੰਗਤਿ ਵਿੱਚ ਮਿਲ ਕੇ ਇਕਾਗਰ-ਚਿੱਤ ਹੋ ਕੇ ਗੁਰਬਾਣੀ ਦਾ ਕੀਰਤਨ ਕਰਨਾ/ਸੁਣਨਾ, ਸ਼ਬਦ ਦੀ ਵਿਚਾਰ ਕਰਨੀ/ਸੁਣਨੀ, ਪ੍ਰਭੂ ਨੂੰ ਹਮੇਸ਼ਾਂ ਮਨ ਕਰ ਕੇ ਯਾਦ ਕਰਨਾ (ਸਿਮਰਨ ਕਰਨਾ) ਨਿਸ਼ਕਾਮ ਹੋ ਕੇ ਮਨੁੱਖਤਾ ਦੀ ਸੇਵਾ ਕਰਨੀ ਆਦਿ) `ਤੇ ਪ੍ਰਸੰਨ ਹੋ ਕੇ ਗੁਰੂ ਉਸ ਨੂੰ ‘ਨਾਮੁ’ ਦੀ ਅਮੋਲਕੁ ਦਾਤਿ ਬਖ਼ਸ਼ ਦਿੰਦਾ ਹੈ (ਯਾਨੀ ਕਿ, ਉਸ ਦੇ ਮਨ ਦੀ ਮੈਲ ਕੱਟ ਕੇ, ਨਿਰਮਲ ਕਰ ਕੇ, ਉਸ ਨੂੰ ਪ੍ਰਭੂ-ਮਿਲਾਪ ਦੇ ਯੋਗ ਬਣਾ ਦਿੰਦਾ ਹੈ) ਅੰਤ ਵਿੱਚ ਪ੍ਰਭੂ-ਪਿਤਾ ਉਸ ਜੀਵ `ਤੇ ਤਰੁੱਠ ਕੇ ਉਸ ਨੂੰ ਸਦੀਵਕਾਲ ਲਈ ਆਪਣੇ ਵਿੱਚ ਲੀਨ ਕਰ ਕੇ ਸਦੀਵੀ ਅਨੰਦਮਈ ਆਤਮਕ ਅਵੱਸਥਾ ਦੀ ਬਖ਼ਸ਼ਿਸ਼ ਕਰ ਦੇਂਦਾ ਹੈ। ਉਹ ਮਨੁੱਖ ਫਿਰ, ਕਰਮਾਂ ਦਾ ਬੱਧਾ ਹੋਇਆ ਜਨਮ-ਮਰਨ ਦੇ ਗੇੜ ਵਿੱਚ ਨਹੀਂ ਪੈਂਦਾ।

4. ਪ੍ਰਭੂ ਦਾ ਨਾਮੁ ਸਾਰੇ ਹੀ ਰੋਗਾਂ ਦੀ ਦਵਾਈ ਹੈ ਤੇ ਮਨ ਦੀ ਮੈਲ ਨੂੰ ਸਾਫ਼ ਕਰਨ ਲਈ ਤੀਰਥ ਇਸ਼ਨਾਨ ਹੈ

ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ॥ ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ॥ 1॥

(ਮ: 1, 687)

ਭਾਵ: ਜਗਤ (ਮਾਇਆ ਦੇ ਮੋਹ ਕਾਰਨ ਵਿਕਾਰਾਂ ਵਿੱਚ) ਰੋਗੀ ਹੋਇਆ ਪਿਆ ਹੈ, ਪਰਮਾਤਮਾ ਦਾ ਨਾਮ (ਇਨ੍ਹਾਂ ਰੋਗਾਂ ਦਾ) ਇਲਾਜ ਹੈ। ਸਦਾ-ਥਿਰ ਪ੍ਰਭੂ ਦੇ ਨਾਮ ਤੋਂ ਬਿਨਾਂ (ਮਨ ਨੂੰ ਵਿਕਾਰਾਂ ਦੀ) ਮੈਲ ਲੱਗ ਜਾਂਦੀ ਹੈ। ਗੁਰੂ ਦਾ ਪਵਿੱਤ੍ਰ ਸ਼ਬਦ (ਉਪਦੇਸ਼) (ਮਨੁੱਖ ਨੂੰ) ਸਦਾ (ਆਤਮਕ) ਚਾਨਣ (ਦਿੰਦਾ ਹੈ, ਇਹੀ) ਨਿੱਤ ਸਦਾ ਕਾਇਮ ਰਹਿਣ ਵਾਲਾ ਤੀਰਥ ਹੈ, ਇਹੀ ਤੀਰਥ-ਇਸ਼ਨਾਨ ਹੈ ਜਿਸ ਰਾਹੀਂ ਮਨ ਨੂੰ ਵਿਕਾਰਾਂ ਤੇ ਪਾਪਾਂ ਦੀ (ਜਨਮ-ਜਨਮਾਤਰਾਂ ਦੀ) ਲੱਗੀ ਮੈਲ ਧੋ ਕੇ, ਮਨ ਨੂੰ ਨਿਰਮਲ ਕੀਤਾ ਜਾ ਸਕਦਾ ਹੈ। ਇਸੇ ਕਰ ਕੇ ਗੁਰੂ ਗ੍ਰੰਥ ਸਾਹਿਬ ਦੇ ਫ਼ਲਸਫ਼ੇ ਅੰਦਰ ਜਿੱਥੇ ਹਰ ਇੱਕ ਅੰਕ ਉੱਪਰ ‘ਨਾਮੁ’ ਦਾ ਜ਼ਿਕਰ ਕੀਤਾ ਮਿਲਦਾ ਹੈ, ਉਥੇ, ਬਾਰ-ਬਾਰ, ਮਨੁੱਖ ਦੇ ਮਨ ਨੂੰ ਸੰਬੋਧਨ ਕੀਤਾ ਗਿਆ ਹੈ। ਇਸ ਦਾ ਕਾਰਨ ਇਹ ਜਾਪਦਾ ਹੈ ਕਿ ਮਨੁੱਖ ਦਾ ਮਨ, ਮਨੁੱਖ ਵੱਲੋਂ ਪੂਰਬਲੇ ਸਮੇਂ ਦੌਰਾਨ (ਸਮੇਤ ਪਿਛਲੇ ਜਨਮਾਂ ਦੇ), ਕੀਤੇ ਕੰਮਾਂ ਦੇ ਸੰਸਕਾਰਾਂ ਅਨੁਸਾਰ (ਜਿਸ ਨੂੰ ਕਿਰਤਿ-ਕਰਮ ਕਿਹਾ ਗਿਆ ਹੈ) ਵਿਕਾਰਾਂ/ਪਾਪਾਂ ਦੀ ਮੈਲ ਨਾਲ ਮਲੀਨ ਹੋਇਆ ਹੁੰਦਾ ਹੈ। ਇਨ੍ਹਾਂ ਕਿਰਤਿ-ਕਰਮਾਂ ਅਨੁਸਾਰ ਹੀ ਪ੍ਰਭੂ-ਪਿਤਾ ਨੇ ਇਸ ਦੇ ਮੱਥੇ `ਤੇ ਆਪਣੇ ਹੁਕਮ-ਰੂਪੀ ਲੇਖ ਲਿਖ ਦਿੱਤੇ ਹੁੰਦੇ ਹਨ ਅਤੇ ਇਹ ਲੇਖ ਮਿਟਾਏ ਨਹੀਂ ਜਾ ਸਕਦੇ। ਇਨ੍ਹਾਂ ਲੇਖਾਂ ਦੇ ਅਧੀਨ ਹੀ, ਮਨੁੱਖ ਆਪਣੇ ਮਨ ਦੀ ਦਸ਼ਾ ਅਨੁਸਾਰ (ਜੋ ਕਿ ਇਸ ਨੂੰ ਜਨਮਾਂ-ਜਨਮਾਂਤਰਾਂ ਦੀ ਲੱਗੀ ਹੋਈ ਵਿਕਾਰਾਂ ਤੇ ਪਾਪਾਂ ਦੀ ਮੈਲ ਕਾਰਨ ਕਾਲਾ ਸਿਆਹ ਹੋਇਆ ਪਿਆ ਹੁੰਦਾ ਹੈ) ਕੰਮ ਕਰਦਾ ਰਹਿੰਦਾ ਹੈ। ਇਹ ਆਪਣੀ ਮਤਿ-ਬੁੱਧੀ ਅਨੁਸਾਰ ਮਨ ਨੂੰ ਲੱਗੀ ਇਸ ਮੈਲ ਨੂੰ ਸਾਫ਼ ਕਰਨ ਤੋਂ ਅਸਮਰੱਥ ਹੈ। ਇਸ ਮੈਲ ਨੂੰ ਸਾਫ਼ ਕਰਨ ਲਈ ਇਸ ਨੂੰ ਪੂਰੇ ਗੁਰੂ (ਸ਼ਬਦ ਗੁਰੂ) ਦੀ ਅਗੁਵਾਈ ਹਾਸਲ ਕਰ ਕੇ, ਆਪਣੀ ਮਤਿ ਦਾ ਤਿਆਗ ਕਰ ਕੇ, ਪ੍ਰਭੂ-ਪਿਤਾ ਦੀ ਸ਼ਰਣ ਵਿੱਚ ਰਹਿ ਕੇ (ਗੁਰੂ ਵੱਲੋਂ ਇਸ ਨੂੰ ਜੀਵਨ ਜੀਊਂਣ ਦੇ ਦਸੇ ਸਹੀ ਰਾਹ `ਤੇ) ਅਮਲੀ ਤੌਰ `ਤੇ ਚੱਲਣਾ ਬਹੁਤ ਹੀ ਜ਼ਰੂਰੀ ਹੈ। ਇਨ੍ਹਾਂ ਨੁਕਤਿਆਂ ਬਾਰੇ ਵਧੇਰੇ ਵਿਚਾਰ, ਇਸ ਅਧਿਆਇ ਵਿੱਚ, ਅੱਗੇ ਜਾ ਕੇ ਕੀਤੀ ਜਾਵੇਗੀ।

5. ਦੁਨਿਆਵੀ ਧਨ ਦੇ ਉਲਟ, ਨਾਮ-ਧਨ ਨੂੰ ਜਿਤਨਾ ਜ਼ਿਆਦਾ ਵਰਤੀਏ ਇਹ ਸਗੋਂ ਹੋਰ ਵਧਦਾ ਹੀ ਜਾਂਦਾ ਹੈ

ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ (ਗੁਰਮਤਿ) ਫ਼ਲਸਫ਼ੇ ਵਿੱਚ ਨਾਮੁ ਬਾਰੇ ਅਲੱਗ-ਅਲੱਗ ਸ਼ਬਦਾਵਲੀ (ਨਾਮ-ਧਨ, ਨਾਮ-ਜਲ, ਨਉ-ਨਿਧਿ-ਨਾਮ, ਨਾਮ-ਰਤਨ, ਨਾਮ-ਦੀਪਕ, ਜਲ-ਨਿਧਿ, ਨਾਮ-ਅਉਖਦੁ, ਨਾਮ-ਅੰਮ੍ਰਿਤ, ਨਾਮ-ਰਸ, ਹਰਿ-ਰਸ, ਨਾਮ-ਨਿਧਾਨ, ਅਮੋਲਕ-ਰਤਨ ਆਦਿ) ਦੀ, ਥਾਂ-ਪੁਰ ਥਾਂ, ਵਰਤੋਂ ਕੀਤੀ ਮਿਲਦੀ ਹੈ। ਦੁਨਿਆਵੀ ਧਨ ਪਦਾਰਥ ਵਰਤਣ ਨਾਲ ਘਟਦੇ ਜਾਂਦੇ ਹਨ, ਪਰ, ਇਹ ਨਾਮ-ਧਨ ਦੀ ਹੀ ਵਿਸ਼ੇਸ਼ਤਾਈ ਹੈ ਕਿ ਜਿਤਨੀ ਜ਼ਿਆਦਾ ਇਸ ਦੀ ਵਰਤੋਂ ਕੀਤੀ ਜਾਵੇ ਇਹ ਸਗੋਂ ਉਤਨਾ ਹੀ ਹੋਰ-ਹੋਰ ਵਧਦਾ ਚਲਾ ਜਾਂਦਾ ਹੈ।

ਹਮ ਧਨਵੰਤ ਭਾਗਠ ਸਚ ਨਾਇ॥ ਹਰਿ ਗੁਣ ਗਾਵਹ ਸਹਜਿ ਸੁਭਾਇ॥ 1. ਰਹਾਉ॥ ਪੀਊ ਦਾਦੇ ਕਾ ਖੋਲਿ ਡਿਠਾ ਖਜਾਨਾ॥ ਤਾ ਮੇਰੈ ਮਨਿ ਭਇਆ ਨਿਧਾਨਾ॥ 1॥ ਰਤਨ ਲਾਲ ਜਾ ਕਾ ਕਛੂ ਨ ਮੋਲੁ॥ ਭਰੇ ਭੰਡਾਰ ਅਖੂਟ ਅਤੋਲ॥ 2॥

ਖਾਵਹਿ ਖਰਚਹਿ ਰਲਿ ਮਿਲਿ ਭਾਈ॥ ਤੋਟਿ ਨਾ ਆਵੈ ਵਧਦੋ ਜਾਈ॥ 3॥

ਕਹੁ ਨਾਨਕ ਜਿਸ ਮਸਤਕਿ ਲੇਖੁ ਲਿਖਾਇ॥ ਸੁ ਏਤੁ ਖਜਾਨੈ ਲਇਆ ਰਲਾਇ॥ 4॥ (ਮ: 5, 186)

ਪਦ ਅਰਥ: ਧਨਵੰਤ-ਧਨ ਵਾਲੇ, ਧਨਵਾਨ। ਭਾਗਠ-ਭਾਗਾਂ ਵਾਲੇ। ਨਾਇ-ਨਾਮ ਦੀ ਰਾਹੀਂ। ਸਚ ਨਾਇ-ਸਦਾਥਿਰ ਰਹਿਣ ਵਾਲੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ। ਗਾਵਹਿ-ਅਸੀਂ ਗਾਉਂਦੇ ਹਾਂ। ਸਹਜਿ-ਆਤਮਿਕ ਅਡੋਲਤਾ ਵਿੱਚ। ਸੁਭਾਇ-ਸ੍ਰੇਸ਼ਟ ਪ੍ਰੇਮ ਵਿੱਚ। ਰਹਾਉ।

ਖੋਲਿ-ਖੋਲ੍ਹ ਕੇ। ਤਾ-ਤਦੋਂ। ਮਨਿ-ਮਨ ਵਿੱਚ। ਨਿਧਾਨਾ-ਖ਼ਜ਼ਾਨਾ। 2. ਜਾ ਕਾ-ਜਿਨ੍ਹਾਂ ਦਾ। ਅਖੂਟ-ਨਾ ਮੁੱਕਣ ਵਾਲਾ। 2. ਰਲਿ-ਮਿਲਿ-ਇਕੱਠੇ ਹੋ ਕੇ। 3. ਮਸਤਕਿ-ਮੱਥੇ ਉੱਤੇ। ਏਤੁ-ਇਸ ਵਿੱਚ। ਏਤੁ ਖਜਾਨੈ-ਇਸ ਖ਼ਜ਼ਾਨੇ ਵਿੱਚ। 4॥

ਭਾਵ: (ਜਿਉਂ-ਜਿਉਂ) ਅਸੀਂ ਪਰਮਾਤਮਾ ਦੇ ਗੁਣ (ਮਿਲ ਕੇ) ਗਾਉਂਦੇ ਹਾਂ, ਸਦਾ-ਥਿਰ ਪ੍ਰਭੂ ਦੇ ਨਾਮ ਦੀ ਬਰਕਤਿ ਨਾਲ ਅਸੀਂ (ਪਰਮਾਤਮਾ ਦੇ ਨਾਮ-ਧਨ ਦੇ) ਧਨੀ ਬਣਦੇ ਜਾਂਦੇ ਹਾਂ, ਭਾਗਾਂ ਵਾਲੇ ਬਣਦੇ ਜਾ ਰਹੇ ਹਾਂ, ਆਤਮਕ ਅਡੋਲਤਾ ਵਿੱਚ ਟਿਕੇ ਰਹਿੰਦੇ ਹਾਂ, ਪ੍ਰਭੂ-ਪ੍ਰੇਮ ਵਿੱਚ ਮਗਨ ਰਹਿੰਦੇ ਹਾਂ। 1. ਰਹਾਉ।

ਜਦੋਂ ਮੈਂ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਸਾਰੇ ਗੁਰੂ ਸਾਹਿਬਾਨ ਦਾ ਬਾਣੀ ਦਾ ਖ਼ਜ਼ਾਨਾ ਖੋਲ੍ਹ ਕੇ ਵੇਖਿਆ, ਤਦੋਂ ਮੇਰੇ ਮਨ ਵਿੱਚ ਆਤਮਕ ਆਨੰਦ ਦਾ ਭੰਡਾਰ ਭਰਿਆ ਗਿਆ। 1.

ਇਸ ਖ਼ਜ਼ਾਨੇ ਵਿੱਚ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਅਮੋਲਕ ਰਤਨਾਂ ਲਾਲਾਂ ਦੇ ਭੰਡਾਰੇ ਭਰੇ ਹੋਏ (ਮੈਂ ਵੇਖੇ) ਜਿਹੜੇ ਕਦੇ ਮੁੱਕ ਨਹੀਂ ਸਕਦੇ, ਜਿਹੜੇ ਤੋਲੇ ਨਹੀਂ ਜਾ ਸਕਦੇ। 2.

ਹੇ ਭਾਈ! ਜਿਹੜੇ ਮਨੁੱਖ (ਸਤਿ ਸੰਗਤਿ ਵਿੱਚ) ਇਕੱਠੇ ਹੋ ਕੇ ਇਨ੍ਹਾਂ ਭੰਡਾਰਿਆਂ ਨੂੰ ਆਪ ਵਰਤਦੇ ਹਨ ਤੇ ਹੋਰਨਾਂ ਨੂੰ ਭੀ ਵੰਡਦੇ ਹਨ, ਉਨ੍ਹਾਂ ਦੇ ਪਾਸ ਇਸ ਖ਼ਜ਼ਾਨੇ ਦੀ ਕਮੀ ਨਹੀਂ ਹੁੰਦੀ, ਸਗੋਂ ਹੋਰ-ਹੋਰ ਵਧਦਾ ਹੈ। 3.

(ਪਰ) ਹੇ ਨਾਨਕ! ਆਖ-ਜਿਸ ਮਨੁੱਖ ਦੇ ਮੱਥੇ ਉੱਤੇ ਪਰਮਾਤਮਾ ਦੀ ਬਖ਼ਸ਼ਿਸ਼ ਦਾ ਲੇਖ ਲਿਖਿਆ ਹੁੰਦਾ ਹੈ, ਉਹੀ ਇਸ (ਸਿਫ਼ਤਿ-ਸਾਲਾਹ ਦੇ) ਖ਼ਜ਼ਾਨੇ ਵਿੱਚ ਸਾਂਝੀਦਾਰ ਬਣਾਇਆ ਜਾਂਦਾ ਹੈ (ਭਾਵ, ਉਹੀ ਸਾਧ ਸੰਗਤਿ ਵਿੱਚ ਆ ਕੇ ਸਿਫ਼ਤਿ-ਸਾਲਾਹ ਦੀ ਬਾਣੀ ਦਾ ਆਨੰਦ ਮਾਣਦਾ ਹੈ)। 4.

ਗੁਰਬਾਣੀ ਨੂੰ ਅਦਬ-ਸਤਿਕਾਰ (ਪ੍ਰੇਮ) ਨਾਲ ਪੜ੍ਹਨ, ਸੁਣਨ, ਗਾਉਂਣ ਅਤੇ ਲਿਖਣ ਨਾਲ ਅਤੇ ਇਸ ਨੂੰ ਸਮਝ ਕੇ, ਮਨੋਂ ਸਵੀਕਾਰ ਕਰ ਕੇ ਤੇ ਇਸ ਦੇ ਉਪਦੇਸ਼ ਨੂੰ ਜੀਵਨ ਵਿੱਚ ਢਾਲਣ ਨਾਲ ‘ਨਾਮੁ’ ਮਨ ਵਿੱਚ ਵਸ ਜਾਂਦਾ ਹੈ, ਜਿਸ ਦੇ ਫਲ-ਸਰੂਪ, ਮਨ ਵਿਕਾਰਾਂ ਤੇ ਪਾਪਾਂ ਦੀ ਮੈਲ ਤੋਂ ਸਾਫ਼ ਹੋ ਕੇ ਟਿਕ ਜਾਂਦਾ ਹੈ।

ਜੇਕਰ ਬਹੁ-ਸੰਮਤੀ ਸੰਸਾਰ ਦੇ ਮਨੁੱਖਾਂ ਦਾ ਮਨ ਨਿਰਮਲ ਹੋ ਕੇ ਟਿੱਕ ਜਾਵੇਗਾ ਤਾਂ ਮਾਇਆ ਦੇ ਮੋਹ ਦੀ ਖਿੱਚ ਮਿਟ ਜਾਵੇਗੀ ਅਤੇ ਇਸ ਦੇ ਨਾਲ ਹੀ ਮਾਇਆ ਦੇ ਪੰਜ ਪੁੱਤਰ ਤੇ ਇਸ ਦਾ ਹੋਰ ਕੋੜਮਾ-ਕਬੀਲਾ ਮਨੁੱਖੀ ਮਨ `ਤੇ ਅਸਰ-ਅੰਦਾਜ਼ ਨਹੀਂ ਹੋ ਸਕੇਗਾ। ਬਲਕਿ, ਮਾਇਆ ਦਾ ਸਮੁੱਚਾ ਪਰਿਵਾਰ ਮਨੁੱਖ ਦੀ ਸੇਵਾ ਵਿੱਚ ਤਤਪਰ ਹੋ ਜਾਵੇਗਾ, ਉਸ ਦੀ ਦੁਬਿਧਾ ਵਾਲੀ (ਡਾਵਾਂਡੋਲਤਾ ਵਾਲੀ) ਮਾਨਸਕ ਅਵੱਸਥਾ ਭੀ ‘ਛੂਹ-ਮੰਤ੍ਰ’ ਦੀ ਤਰ੍ਹਾਂ ਉੱਡ-ਪੁੱਡ ਜਾਵੇਗੀ, ਹਉਂਮੈ ਦਾ ਨਾਸ਼ ਹੋ ਜਾਵੇਗਾ ਅਤੇ ਸਮੁੱਚੀ ਸ੍ਰਿਸ਼ਟੀ ਵਿੱਚ ਪਰਮਾਤਮਾ ਦੀ ਜੋਤਿ ਹੀ ਜਗਮਗਾਉਂਦੀ ਅਨੁਭਵ ਹੋਵੇਗੀ (ਆਪਣੇ-ਬੇਗਾਨੇ ਦਾ ਭਿੰਨ-ਭੇਦ ਮੁੱਕ ਜਾਵੇਗਾ)। ਅਜਿਹਾ ਮਨੁੱਖ ਸਮੁੱਚੇ ਮਨੁੱਖੀ ਸਮਾਜ ਦੀ ਸੇਵਾ ਕਰਨ ਵਿੱਚ ਆਤਮਕ-ਸੁਖ ਮਹਿਸੂਸ ਕਰਨ ਲੱਗ ਜਾਵੇਗਾ। ਯਾਨੀ ਕਿ, ਵਿਸ਼ਵ-ਸ਼ਾਂਤੀ ਦੀ ਸਥਾਪਨਾ ਲਈ ਰਾਹ ਪੱਧਰਾ ਹੋ ਜਾਵੇਗਾ, ਕਿਉਂਕਿ, ਜਿਵੇਂ-ਜਿਵੇਂ ਅਜਿਹੇ ਚੰਗੇ ਮਨੁੱਖਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਚਲਾ ਜਾਵੇਗਾ, ਸੰਸਾਰ ਵਿੱਚ, ਪੜਾਅ-ਦਰ-ਪੜਾਅ, ਰੱਬੀ-ਰਾਜ ਦੀ ਸਥਾਪਨਾ ਵੱਲ ਭੀ ਵਧਿਆ ਜਾ ਸਕੇਗਾ। ਇਹੀ ਰੱਬੀ-ਰਾਜ (ਕਾਦਿਰ ਦੀ ਕੁਦਰਤਿ ਦੇ ਅਟੱਲ ਨਿਯਮਾਂ, ਕਾਇਦੇ-ਕਾਨੂੰਨਾਂ ਦੀ ਪਾਲਣਾ ਕਰਨ ਵਾਲਾ ਸਮਾਜ-ਪ੍ਰਬੰਧ) ਹੀ ਇੱਕੋ-ਇੱਕ ਜ਼ਰੀਆ ਹੈ ਸੰਸਾਰ ਅੰਦਰ ਸਦੀਵਕਾਲੀ ਸੁੱਖ-ਸ਼ਾਂਤੀ ਤੇ ਖ਼ੁਸ਼ਹਾਲੀ ਸਥਾਪਤ ਕਰਨ ਦਾ। ਸੰਸਾਰ ਅੰਦਰ ਅਜਿਹਾ ਸਮਾਜ ਪ੍ਰਬੰਧ ਸਥਾਪਤ ਕਰਨ ਲਈ ਹੀ ਗੁਰੂ ਨਾਨਕ ਸਾਹਿਬ ਨੇ ਨੌਂ ਸਾਲ ਦੀ ਨਿੱਕੀ ਜਿਹੀ ਉਮਰ ਵਿੱਚ (1478 ਵਿੱਚ) ਮਨੂੰਵਾਦੀਆਂ ਵੱਲੋਂ ਸਮਾਜ `ਚ ਜਾਤ-ਪਾਤ ਦੇ ਆਧਾਰ `ਤੇ ਵੰਡੀਆਂ ਪਾ ਕੇ ਆਪਣੀ ਸਿਰਦਾਰੀ ਕਾਇਮ ਕਰਨ ਲਈ ਪ੍ਰਚੱਲਤ ਕੀਤੀ ਜਨੇਊ ਧਾਰਨ ਕਰਨ ਦੀ ਅਹਿਮ ਕਰਮ-ਕਾਂਡੀ ਰਸਮ ਨੂੰ ਭਰੀ ਸਭਾ ਵਿੱਚ, ਰੱਦ ਕਰ ਕੇ, ਇੱਕ ਵਿਸ਼ਵ-ਪੱਧਰੀ ਤੇ ਸਦੀਵਕਾਲੀ ਇਨਕਲਾਬੀ ਲਹਿਰ ਦਾ ਅਰੰਭ ਕੀਤਾ ਸੀ। ਇਸ ਹਕੀਕਤ ਬਾਰੇ ਗੁਰੂ ਗ੍ਰੰਥ ਸਾਹਿਬ ਦਾ ਫ਼ੁਰਮਾਣੁ ਹੈ -

ਨਾਨਕਿ ਰਾਜੁ ਚਲਾਇਆ ਸਚੁ ਕੋਟੁ ਸਤਾਣੀ ਨੀਵਦੈ। (ਰਾਮਕਲੀ ਦੀ ਵਾਰ)

6. ਗੁਰਮਤਿ-ਨਾਮੁ ਹੀ ਲੋਕ ਤੇ ਪਰਲੋਕ ਵਿੱਚ ਸਹਾਇਤਾ ਕਰਦਾ ਹੈ ਅਤੇ ਮਨ ਨੂੰ ਲੱਗੀ ਜਨਮਾਂ-ਜਨਮਾਂ ਦੀ ਮੈਲ ਨੂੰ ਸਾਫ਼ ਕਰਦਾ ਹੈ

ਜਹ ਮਾਤ ਪਿਤਾ ਸੁਤ ਮੀਤ ਨ ਭਾਈ॥ ਮਨ ਊਹਾ ਨਾਮੁ ਤੇਰੈ ਸੰਿਗ ਸਹਾਈ॥ ਜਹ ਮਹਾਂ ਭਇਆਨ ਦੂਤ ਜਮ ਦਲੈ॥ ਤਹ ਕੇਵਲ ਨਾਮੁ ਸੰਗਿ ਤੇਰੈ ਚਲੈ॥ ਜਹ ਮੁਸਕਲ ਹੋਵੈ ਅਤਿ ਭਾਰੀ॥ ਹਰਿ ਕੋ ਨਾਮੁ ਖਿਨ ਮਾਹਿ ਉਧਾਰੀ॥ ਅਨਿਕ ਪੁਨਹਚਰਨ ਕਰਤ ਨਹੀਂ ਤਰੈ॥ ਹਰਿ ਕੋ ਨਾਮੁ ਕੋਟਿ ਪਾਪ ਪਰਹਰੈ॥ ਗੁਰਮੁਖਿ ਨਾਮੁ ਜਪਹੁ ਮਨ ਮੇਰੇ॥ ਨਾਨਕ ਪਾਵਹੁ ਸੂਖ ਘਨੇਰੇ॥ 1॥

(ਮ: 5, 264)

ਪਦ ਅਰਥ: ਜਹ-ਜਿੱਥੇ (ਭਾਵ ਜੀਵਨ ਦੇ ਇਸ ਸਫ਼ਰ ਵਿੱਚ)। ਸੁਤ-ਪੁੱਤਰ। ਮਨ-ਹੇ ਮਨ! ਊਹਾ-ਓਥੇ। ਮਹਾ-ਵੱਡਾ। ਭਇਆਨ-ਭਿਆਨਕ, ਡਰਾਉਣਾ। ਦੂਤ ਜਮ-ਜਮਦੂਤ। ਦੂਤ ਜਮ ਦਲੈ-ਜਮ ਦੂਤਾਂ ਦਾ ਦਲ। ਤਹ-ਓਥੇ। ਕੇਵਲ-ਸਿਰਫ਼। ਖਿਨ ਮਾਹਿ-ਅੱਖ ਦੇ ਫੋਰ ਵਿੱਚ। ਉਧਾਰੀ-ਬਚਾਉਂਦਾ ਹੈ। ਅਨਿਕ-ਅਨੇਕ, ਬਹੁਤ। ਪੁਨਹਚਰਨ-ਬੀਤੇ ਸਮੇਂ ਵਿੱਚ ਕੀਤੇ ਹੋਏ ਪਾਪਾਂ ਦਾ ਪਛਤਾਵਾ ਕਰ ਕੇ ਪਾਪ ਧੋਣ ਲਈ ਕੀਤੇ ਜਾਂਦੇ ਧਰਮ-ਕਰਮ। ਕੋ-ਕਾ, ਦਾ। ਕੋਟਿ-ਕ੍ਰੋੜ। ਪਰਹਰੈ-ਦੂਰ ਕਰ ਦਿੰਦਾ ਹੈ। ਗੁਰਮੁਖਿ-ਗੁਰੂ ਦੇ ਉਪਦੇਸ਼ਾਂ ਦੀ ਪਾਲਣਾ ਕਰਨ ਨਾਲ।

ਭਾਵ: ਜਿੱਥੇ ਮਾਂ, ਪਿਉ, ਪੁੱਤਰ, ਮਿੱਤਰ, ਭਰਾ ਕੋਈ (ਸਾਥੀ) ਨਹੀਂ (ਬਣਦਾ) ਓਥੇ, ਹੇ ਮਨ! (ਪ੍ਰਭੂ) ਦਾ ਨਾਮ ਤੇਰੇ ਨਾਲ ਸਹਾਇਤਾ ਕਰਨ ਵਾਲਾ ਹੈ।

ਜਿੱਥੇ ਵੱਡੇ ਡਰਾਉਂਣੇ ਜਮਦੂਤਾਂ (ਵਿਕਾਰਾਂ) ਦਾ ਦਲ ਹੈ, ਓਥੇ ਤੇਰੇ ਨਾਲ ਸਿਰਫ਼ ਪ੍ਰਭੂ ਦਾ ਨਾਮ ਹੀ ਜਾਂਦਾ ਹੈ। ਜਿਥੇ ਬੜੀ ਭਾਰੀ ਮੁਸ਼ਕਲ ਹੁੰਦੀ ਹੈ, (ਓਥੇ) ਪ੍ਰਭੂ ਦਾ ਨਾਮ ਅੱਖ ਦੇ ਫੋਰ ਵਿੱਚ ਬਚਾ ਲੈਂਦਾ ਹੈ।

ਅਨੇਕਾਂ ਧਾਰਮਿਕ ਰਸਮਾਂ ਕਰ ਕੇ ਭੀ (ਮਨੁੱਖ ਪਾਪਾਂ ਤੋਂ) ਨਹੀਂ ਬਚਦਾ, (ਪਰ) ਪ੍ਰਭੂ ਦਾ ਨਾਮ ਕ੍ਰੋੜਾਂ ਪਾਪਾਂ ਦਾ ਨਾਸ਼ ਕਰ ਦਿੰਦਾ ਹੈ।

(ਤਾਂ ਤੇ) ਹੇ ਮੇਰੇ ਮਨ! ਗੁਰੂ ਦੀ ਸ਼ਰਣ ਪੈ ਕੇ (ਪ੍ਰਭੁ ਦਾ) ਨਾਮ ਜਪ; ਹੇ ਨਾਨਕ! (ਨਾਮ ਦੀ ਬਰਕਤਿ ਨਾਲ) ਬੜੇ ਸੁਖ ਪਾਵੇਂਗਾ। 1.

7. ਨਾਮ-ਬਾਣੀ ਦੇ (ਪ੍ਰੇਮ ਤੇ ਇਕਾਗਰਚਿੱਤ ਹੋ ਕੇ ਪ੍ਰਭੂ `ਤੇ ਭਰੋਸਾ ਰੱਖ ਕੇ) ਕੀਤੇ ਜਾਪ (ਜਾਂ ਗਾਇਣ) ਨਾਲ ਸਾਰੇ ਰੋਗ, ਦੁੱਖ, ਕਲੇਸ਼, ਪਾਪ, ਅਗਿਆਨਤਾ ਦਾ ਹਨੇਰਾ ਆਦਿ ਮਿਟ ਜਾਂਦੇ ਹਨ ਅਤੇ ਜਨਮ-ਮਰਣ ਦਾ ਗੇੜ (ਆਵਾਗਵਣ) ਭੀ ਮੁੱਕ ਜਾਂਦਾ ਹੈ

ਘੋਰ ਦੁਖÏੰ ਅਨਿਕ ਹਤÏੰ ਜਨਮ ਦਾਰਿਦÏੰ ਮਹਾ ਬਿਖÏਾਦੰ॥ ਮਿਟੰਤ ਸਗਲ ਸਿਮਰੰਤ ਹਰਿ ਨਾਮ ਨਾਨਕ ਜੈਸੇ ਪਾਵਕ ਕਾਸਟ ਭਸਮੰ ਕਰੋਤਿ॥ 18॥ (ਮ: 5, 1355)

ਪਦ ਅਰਥ: ਹਤੰÏ-ਹੱਤਿਆ, ਖ਼ੂਨ, ਕਤਲ। ਦਾਰਿਦੰÏ-ਆਲਸ, ਗ਼ਰੀਬੀ। ਬਿਖÏਾਦੰ-ਬਿਖਾਦ, ਝਗੜੇ, ਪੁਆੜੇ। ਸਗਲ-ਸਾਰੇ। ਪਾਵਕ-ਅੱਗ। ਕਾਸਟ-ਲੱਕੜੀ। ਭਸਮੰ-ਸੁਆਹ। ਘੋਰ-ਭਿਆਨਕ। ਕਰੋਤਿ-ਕਰ ਦਿੰਦੀ ਹੈ।

ਭਾਵ: ਭਿਆਨਕ ਦੁੱਖ-ਕਲੇਸ਼ (ਕੀਤੇ ਹੋਏ) ਖ਼ੂਨ, ਜਨਮਾਂ-ਜਨਮਾਤਰਾਂ ਦੀ ਗ਼ਰੀਬੀ, ਵੱਡੇ-ਵੱਡੇ ਪੁਆੜੇ-ਇਹ ਸਾਰੇ, ਹੇ ਨਾਨਕ! ਪਰਮਾਤਮਾ ਦਾ ਨਾਮ ਸਿਮਰਿਆਂ ਮਿਟ ਜਾਂਦੇ ਹਨ, ਜਿਵੇਂ ਅੱਗ ਲੱਕੜਾਂ ਨੂੰ (ਸਾੜ ਕੇ) ਸੁਆਹ ਕਰ ਦਿੰਦੀ ਹੈ।

ਅੰਧਕਾਰ ਸਿਮਰਤ ਪ੍ਰਕਾਸੰ ਗੁਣ ਰਮੰਤ ਅਘ ਖੰਡਨਹ॥ ਰਿਦ ਬਸੰਤ ਭੈ ਭੀਤ ਦੂਤਹ ਕਰਮ ਕਰਤ ਮਹਾ ਨਿਰਮਲਹ॥ ਜਨਮ ਮਰਣ ਰਹੰਤ ਸ੍ਰੋਤਾ ਸੁਖ ਸਮੂਹ ਅਮੋਘ ਦਰਸਨਹ॥ ਸਰਣ ਜੋਗੰ ਸੰਤ ਪ੍ਰਿ੍ਰਅ ਨਾਨਕ ਸੋ ਭਗਵਾਨ ਖੇਮੰ ਕਰੋਤਿ॥ 19॥

(ਮ: 5, 1355)

ਪਦਅਰਥ: ਅੰਧਕਾਰ- (ਅਗਿਆਨਤਾ ਦਾ) ਹਨੇਰਾ। ਪ੍ਰਕਾਸ- (ਰੱਬੀ ਗਿਆਨ ਦਾ) ਚਾਨਣ। ਅਘ-ਪਾਪ। ਦੂਤਹ-ਜਮ ਦੇ ਦੂਤ। ਸ੍ਰੋਤਾ-ਸੁਣਨ ਵਾਲਾ। ਅਮੋਘ-ਸਫ਼ਲ, ਫ਼ਲ ਦੇਣ ਤੋਂ ਨਾ ਉੱਕਣ ਵਾਲਾ। ਅਮੋਘ ਦਰਸਨਹ-ਉਸ ਦਾ ਦੀਦਾਰ ਸਫ਼ਲ ਹੈ। ਖੇਮੰ-ਕੁਸ਼ਲ, ਸੁਖ। ਰਮੰਤ-ਸਿਮਰਿਆਂ, ਚੇਤੇ ਕੀਤਿਆਂ। ਸਰਣ ਯੋਗ-ਸ਼ਰਣ ਆਏ ਦੀ ਸਹਾਇਤਾ ਕਰਨ ਦੇ ਸਮਰੱਥ। ਸੰਤ ਪ੍ਰਿਅ-ਸੰਤਾਂ (ਸਾਧ ਸੰਗਤਿ) ਦਾ ਪਿਆਰਾ। ਕਰੋਤਿ-ਕਰਦਾ ਹੈ।

ਭਾਵ: ਪਰਮਾਤਮਾ ਦਾ ਨਾਮ ਸਿਮਰਿਆਂ (ਅਗਿਆਨਤਾ ਦਾ) ਹਨੇਰਾ (ਦੂਰ ਹੋ ਕੇ) (ਆਤਮਕ-ਜੀਵਨ ਦੀ ਸੂਝ ਦਾ) ਚਾਨਣ ਹੋ ਜਾਂਦਾ ਹੈ। ਪ੍ਰਭੂ ਦੇ ਗੁਣ ਚੇਤੇ ਕੀਤਿਆਂ ਪਾਪਾਂ ਦਾ ਨਾਸ਼ ਹੋ ਜਾਂਦਾ ਹੈ। ਪ੍ਰਭੂ ਦਾ ਨਾਮੁ ਹਿਰਦੇ ਵਿੱਚ ਵਸਿਆਂ (ਮਾਨੋਂ) ਜਮਦੂਤ ਭੀ ਡਰਦੇ ਹਨ, ਉਹ ਮਨੁੱਖ ਬੜੇ ਪਵਿੱਤ੍ਰ ਕਰਮ ਵਾਲਾ ਹੋ ਜਾਂਦਾ ਹੈ।

ਪ੍ਰਭੂ ਦੀ ਸਿਫ਼ਤਿ-ਸਾਲਾਹ ਸੁਣਨ ਵਾਲੇ ਦਾ ਜਨਮ-ਮਰਨ (ਦਾ ਗੇੜ, ਆਵਾਗਵਣ) ਮੁੱਕ ਜਾਂਦਾ ਹੈ, ਪ੍ਰਭੂ ਦਾ ਦੀਦਾਰ ਫ਼ਲ ਦੇਣ ਤੋਂ ਖੁੰਝਦਾ ਨਹੀਂ, ਅਨੇਕਾਂ ਸੁਖ ਦਿੰਦਾ ਹੈ।

ਹੇ ਨਾਨਕ! ਉਹ ਭਗਵਾਨ ਜੋ ਸਾਧ ਸੰਗਤਿ ਦਾ ਪਿਆਰਾ ਹੈ (ਸਤਿਗੁਰਾਂ ਦਾ ਭੀ ਪਿਆਰਾ ਹੈ) ਸ਼ਰਣ ਆਇਆਂ ਦੀ ਸਹਾਇਤਾ ਕਰਨ ਦੇ ਸਮਰੱਥ ਹੈ (ਭਗਤਾਂ ਨੂੰ ਸਭ) ਸੁਖ ਦਿੰਦਾ ਹੈ। 19.

ਭਾਵ, ਕਿ ਗੁਰਮਤਿ-ਨਾਮ ਸਿਮਰਨ ਦੀ ਬਰਕਤਿ ਨਾਲ, ਸਹੀ ਜੀਵਨ ਜੀਉਂਣ ਦੀ ਜਾਚ ਆ ਜਾਂਦੀ ਹੈ, ਮਨੁੱਖ ਦਾ ਆਚਰਨ ਉੱਚਾ ਹੋ ਜਾਂਦਾ ਹੈ।

8. ਨਾਮ ਦੀ ਪ੍ਰਾਪਤੀ ਤੋਂ ਬਿਨਾਂ ਸਦੀਵੀ ਆਤਮਕ-ਸੁਖ (ਸਹਿਜ ਅਵੱਸਥਾ) ਦੀ ਪ੍ਰਾਪਤੀ ਨਹੀਂ ਹੋ ਸਕਦੀ

ਹਰ ਇੱਕ ਮਨੁੱਖ, ਹਰ ਪੱਖ ਤੋਂ, ਸਦਾ ਵਾਸਤੇ ਸੁਖੀ ਰਹਿਣਾ ਲੋਚਦਾ ਹੈ। ਉਹ ਸਦੀਵੀ ਸੁਖ ਮਾਇਕ-ਪਦਾਰਥਾਂ `ਚੋਂ ਭਾਲਦਾ ਰਹਿੰਦਾ ਹੈ, ਰਾਜ-ਭਾਗ ਤੇ ਐਸ਼ੋ-ਇਸ਼ਰਤ ਵਾਲੀ ਜੀਵਨ-ਸ਼ੈਲੀ ਚੋਂ ਸਦੀਵੀ ਸੁੱਖ ਲੱਭਣ ਦੇ ਯਤਨ ਕਰਦਾ ਹੈ। ਪਰ, ਇਹ ਸਾਰੇ ਯਤਨ ਉਸ ਲਈ ਸੁਖ ਨਹੀਂ, ਬਲਕਿ, ਦੁੱਖ ਦਾ ਕਾਰਨ ਹੋ ਨਿਬੜਦੇ ਹਨ। ਇਸ ਬਾਰੇ ਹੇਠ ਦਿੱਤਾ ਗੁਰ-ਫ਼ੁਰਮਾਣ ਮਨੁੱਖ ਦੀ ਸਦੀਵੀ-ਸੁਖ ਦੀ ਪ੍ਰਾਪਤੀ ਲਈ ਸਹਾਇਤਾ ਕਰ ਸਕਦਾ ਹੈ-

ਜੀਵਨ ਪਦੁ ਨਿਰਬਾਣੁ ਇਕੋ ਸਿਮਰੀਐ॥ ਦੂਜੀ ਨਾਹੀ ਜਾਇ ਕਿਨਿ ਬਿਧਿ ਧੀਰੀਐ॥ ਡਿਠਾ ਸਭੁ ਸੰਸਾਰੁ ਸੁਖੁ ਨ ਨਾਮ ਬਿਨੁ॥ ਤਨੁ ਧਨੁ ਹੋਸੀ ਛਾਰੁ ਜਾਣੈ ਕੋਇ ਜਨੁ॥ ਰੰਗ ਰੂਪ ਰਸ ਬਾਦਿ ਕਿ ਕਰਹਿ ਪਰਾਣੀਆ॥ ਜਿਸੁ ਭੁਲਾਏ ਆਪਿ ਤਿਸੁ ਕਲ ਨਹੀਂ ਜਾਣੀਆ॥ ਰੰਗਿ ਰਤੇ ਨਿਰਬਾਣੁ ਸਚਾ ਗਾਵਹੀ॥ ਨਾਨਕ ਸਰਣਿ ਦੁਆਰਿ ਜੇ ਤੁਧੁ ਭਾਵਹੀ॥ 2॥ (ਮ: 5, 322)

ਪਦ ਅਰਥ: ਜੀਵਨ ਪਦੁ-ਅਸਲੀ ਜਿੰਦਗੀ ਦਾ ਦਰਜਾ। ਨਿਰਬਾਣੁ-ਵਾਸ਼ਨਾ-ਰਹਿਤ ਪ੍ਰਭੂ। ਜਾਇ-ਥਾਂ। ਕਿਨਿ ਬਿਧਿ-ਕਿਸ ਤਰ੍ਹਾਂ। ਧਾਰੀਐ-ਧੀਰਜ ਆਵੇ, ਮਨ ਟਿਕੇ। ਛਾਰੁ-ਸੁਆਹ। ਬਾਦਿ-ਵਿਅਰਥ। ਰਸ-ਚਸਕੇ। ਕਰਹਿ-ਤੂੰ ਕਰਦਾ ਹੈਂ। ਕਲ-ਸ਼ਾਂਤੀ ਦੀ ਸਾਰ। ਰੰਗਿ-ਪਿਆਰ ਵਿੱਚ। ਗਾਵਹੀ-ਗਾਉਂਦੇ ਹਨ। ਦੁਆਰਿ-ਦਰ `ਤੇ। ਭਾਵਹੀ-ਚੰਗੇ ਲੱਗਣ।

ਭਾਵ: ਜੇ ਇੱਕੋ-ਇੱਕ ਵਾਸ਼ਨਾ-ਰਹਿਤ ਪ੍ਰਭੂ ਨੂੰ ਸਿਮਰੀਏ (ਪਿਆਰ ਨਾਲ ਉਸ ਨੂੰ ਮਨ ਵਿੱਚ ਯਾਦ ਕਰੀਏ) ਤਾਂ ਅਸਲੀ ਜੀਵਨ ਦਾ ਦਰਜਾ ਪ੍ਰਾਪਤ ਹੁੰਦਾ ਹੈ, (ਪਰ, ਇਸ ਅਵੱਸਥਾ ਦੀ ਪ੍ਰਾਪਤੀ ਲਈ) ਕੋਈ ਹੋਰ ਥਾਂ ਨਹੀਂ ਹੈ, (ਕਿਉਂਕਿ) ਕਿਸੇ ਹੋਰ ਤਰੀਕੇ ਨਾਲ ਮਨ ਟਿਕ ਨਹੀਂ ਸਕਦਾ (ਟਿਕੇ ਭੀ ਕਿਵੇਂ? ਇਹ ਤਾਂ ਜਨਮ-ਜਨਮ ਦੀ ਵਿਕਾਰਾਂ ਤੇ ਪਾਪਾਂ ਦੀ ਮੈਲ ਨਾਲ ਭਰਿਆ ਪਿਆ ਹੈ।) ਸਾਰਾ ਸੰਸਾਰ (ਟੋਲ ਕੇ) ਵੇਖਿਆ ਹੈ, ਪ੍ਰਭੂ ਦੇ ਨਾਮ ਦੀ ਪ੍ਰਾਪਤੀ ਤੋਂ ਬਿਨਾਂ ਸਦੀਵੀ ਆਤਮਕ-ਸੁਖ ਨਹੀਂ ਮਿਲ ਸਕਦਾ। {ਜਗਤ ਇਸ ਤਨ ਤੇ ਧਨ ਵਿੱਚ ਸੁਖ ਭਾਲਦਾ ਹੈ (ਯਾਨੀ ਕੇ ਝੋਟਿਆਂ ਵਾਲੇ ਘਰੋਂ ਲੱਸੀ ਪ੍ਰਾਪਤ ਕਰਨ ਦੀ ਇੱਛਾ ਰਖਦਾ ਹੈ)}। ਇਹ ਸਰੀਰ ਤੇ ਧਨ ਨਾਸ ਹੋ ਜਾਣਗੇ, ਪਰ ਕੋਈ ਵਿਰਲਾ ਹੀ ਇਸ ਗੱਲ ਨੂੰ (ਮਨੋਂ) ਸਮਝਦਾ ਹੈ।

ਹੇ ਪ੍ਰਾਣੀ! ਤੂੰ ਕੀ ਕਰ ਰਿਹਾ ਹੈਂ? (ਭਾਵ, ਤੂੰ ਕਿਉਂ ਨਹੀਂ ਸਮਝਦਾ ਕਿ ਜਗਤ ਦੇ) ਰੰਗ, ਰੂਪ ਤੇ ਰਸ ਸਭ ਵਿਅਰਥ ਹਨ (ਇਨ੍ਹਾਂ ਦੇ ਪਿੱਛੇ ਲੱਗਿਆਂ ਮਨ ਦਾ ਟਿਕਾਉ ਹਾਸਲ ਨਹੀਂ ਹੁੰਦਾ)। ਪਰ, (ਜੀਵ ਦੇ ਭੀ ਕੀ ਵੱਸ?) ਪ੍ਰਭੂ ਜਿਸ ਮਨੁੱਖ ਨੂੰ (ਉਸ ਦੇ ਕੀਤੇ ਦੇ ਫਲ ਵਜੋਂ) ਆਪ ਕੁਰਾਹੇ ਪਾਉਂਦਾ ਹੈ, ਉਸ ਨੂੰ ਮਨ ਦੀ ਸ਼ਾਂਤੀ ਦੀ ਸਾਰ ਨਹੀਂ ਆਉਂਦੀ। ਜੋ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਰੰਗੇ ਹੋਏ ਹਨ, ਉਹ, ਉਸ ਸਦਾ ਕਾਇਮ ਰਹਿਣ ਵਾਲੇ ਅਤੇ ਵਾਸ਼ਨਾ-ਰਹਿਤ ਪ੍ਰਭੂ ਦੇ ਗੁਣ ਗਾਉਂਦੇ ਹਨ। ਹੇ ਨਾਨਕ! (ਪ੍ਰਭੂ ਅੱਗੇ ਇਹ ਅਰਜ਼ੋਈ ਕਰ-ਹੇ ਪ੍ਰਭੂ!) ਜੇ ਤੈਨੂੰ ਚੰਗੇ ਲੱਗਣ ਤਾਂ ਜੀਵ ਤੇਰੇ ਦਰ `ਤੇ ਤੇਰੀ ਸ਼ਰਣ ਆਉਂਦੇ ਹਨ (ਭਾਵ, ਹੋਰ ਸਾਰੇ ਆਸਰੇ ਤਿਆਗ ਕੇ ਤੇਰੀ ਸਾਜੀ ਕੁਦਰਤਿ ਦੇ ਅਟੱਲ ਨਿਯਮਾਂ ਅਨੁਸਾਰ ਆਪਣਾ ਜੀਵਨ-ਜਿਊਂਣ ਲੱਗ ਜਾਂਦੇ ਹਨ, ਹੁਕਮਿ ਰਜਾਈ ਚੱਲਣ ਲੱਗ ਜਾਂਦੇ ਹਨ) (2)।

9. ਗੁਰਮਤਿ- ਨਾਮ ਤੋਂ ਬਿਨਾਂ ਮਨੁੱਖਾ ਜੀਵਨ ਵਿਅਰਥ ਹੈ

ਭਾਈ ਰੇ ਗੁਰ ਕਿਰਪਾ ਤੇ ਭਗਤਿ ਠਾਕੁਰ ਕੀ॥ ਸਤਿਗੁਰ ਵਾਕਿ ਹਿਰਦੈ ਹਰਿ ਨਿਰਮਲੁ ਨਾ ਜਮ ਕਾਣਿ ਨ ਜਮ ਕੀ ਬਾਕੀ॥ 1॥ ਰਹਾਉ॥ ਹਰਿ ਗੁਣ ਰਸਨ ਰਵਹਿ ਪ੍ਰਭ ਸੰਗੇ ਜੋ ਤਿਸੁ ਭਾਵੈ ਸਹਜਿ ਹਰੀ॥

ਬਿਨੁ ਹਰਿ ਨਾਮ ਬ੍ਰਿਥਾ ਜਗਿ ਜੀਵਨੁ ਹਰਿ ਬਿਨੁ ਨਿਹਫਲ ਮੇਕ ਘਰੀ॥ 2॥

(ਮ: 1, 504-05)

ਪਦ ਅਰਥ: ਤੇ-ਤੋਂ, ਨਾਲ। ਵਾਕਿ-ਵਾਕ ਦੀ ਰਾਹੀਂ, ਸ਼ਬਦ ਦੀ ਰਾਹੀਂ। ਕਾਣਿ-ਮੁਥਾਜੀ। ਜਮ ਕੀ ਬਾਕੀ-ਅਜਿਹਾ ਬਾਕੀ ਲੇਖਾ ਜਿਸ ਕਰ ਕੇ ਜਮਰਾਜ ਦਾ ਜ਼ੋਰ ਪੈ ਸਕੇ। 1. ਰਹਾਉ।

ਰਸਨ-ਜੀਭ (ਨਾਲ)। ਰਵਹਿ-ਜਪਦੇ ਹਨ। ਪ੍ਰਭ ਸੰਗੇ-ਪ੍ਰਭੂ ਦੀ ਸੰਗਤਿ ਵਿੱਚ। ਸਹਜਿ-ਸੁਤੇ-ਸਿੱਧ ਹੀ। ਜਗਿ-ਜਗਤ ਵਿੱਚ। ਮੇਕ-ਇਕ ਭੀ। 2.

ਭਾਵ: ਹੇ ਭਾਈ! ਪਰਮਾਤਮਾ ਦੀ ਭਗਤੀ ਗੁਰੂ ਦੀ ਮਿਹਰ ਨਾਲ ਹੀ ਹੋ ਸਕਦੀ ਹੈ। ਜਿਸ ਮਨੁੱਖ ਨੇ, ਸਤਿਗੁਰੂ ਦੇ ਸ਼ਬਦ ਰਾਹੀਂ, ਆਪਣੇ ਹਿਰਦੇ ਵਿੱਚ ਪ੍ਰਭੂ ਦਾ ਪਵਿੱਤ੍ਰ ਨਾਮ ਵਸਾ ਲਿਆ ਹੈ (ਜਿਸ ਦੇ ਹਿਰਦੇ ਵਿੱਚ ਪ੍ਰਭੂ ਪਰਗਟ ਹੋ ਗਿਆ ਹੈ) ਉਸ ਨੂੰ ਜਮ ਦੀ ਮੁਥਾਜੀ ਨਹੀਂ ਰਹਿੰਦੀ, ਉਸ ਦੇ ਜ਼ਿੰਮੇਂ ਪਿਛਲੇ ਕੀਤੇ ਕਰਮਾਂ ਦਾ ਕੋਈ ਅਜੇਹਾ ਬਾਕੀ ਲੇਖਾ, ਨਹੀਂ ਰਹਿ ਜਾਂਦਾ ਜਿਸ ਕਰ ਕੇ ਜਮਰਾਜ ਦਾ ਉਸ ਉੱਤੇ ਜ਼ੋਰ ਪੈ ਸਕੇ। 1. ਰਹਾਉ।

(ਪਰਮਾਤਮਾ ਦੇ ਭਗਤ) ਪਰਮਾਤਮਾ ਦੀ ਸੰਗਤਿ ਵਿੱਚ ਟਿਕ ਕੇ, ਆਪਣੀ ਜੀਭ ਨਾਲ ਪਰਮਾਤਮਾ ਦੇ ਗੁਣ ਗਾਉਂਦੇ ਹਨ (ਉਹ ਇਹੀ ਸਮਝਦੇ ਹਨ ਕਿ) ਸੁਤੇ ਹੀ (ਜਗਤ ਵਿੱਚ ਉਹੀ ਵਰਤਦਾ ਹੈ) ਜੋ ਉਸ ਪਰਮਾਤਮਾ ਨੂੰ ਭਾਉਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾਂ ਜਗਤ ਵਿੱਚ ਜੀਉਣਾ ਉਨ੍ਹਾਂ ਨੂੰ ਵਿਅਰਥ ਜਾਪਦਾ ਹੈ, ਪਰਮਾਤਮਾ ਦੀ ਭਗਤੀ ਤੋਂ ਬਿਨਾਂ (ਪ੍ਰੇਮਾ-ਭਗਤੀ ਤੋਂ ਬਿਨਾਂ) ਉਨ੍ਹਾਂ ਨੂੰ ਇੱਕ ਭੀ ਘੜੀ ਵਿਅਰਥ ਜਾਪਦੀ ਹੈ। 2.

10. ਨਾਮੁ ਅਮੋਲਕ ਰਤਨ ਹੈ ਜੋ ਕਿਸੇ ਵੀ ਦੁਨਿਆਵੀ ਕੀਮਤ `ਤੇ ਨਹੀਂ ਮਿਲ ਸਕਦਾ

ਜਿਨ ਸਰਧਾ ਰਾਮ ਨਾਮਿ ਲਗੀ ਤਿਨ੍ਹ ਦੂਜੈ ਚਿਤੁ ਨ ਲਾਇਆ ਰਾਮ॥ ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ॥

ਰਾਮ ਨਾਮੁ ਮਨਿ ਭਾਇਆ ਪਰਮ ਸੁਖੁ ਪਾਇਆ ਅੰਤਿ ਚਲਦਿਆ ਨਾਲਿ ਸਖਾਈ॥ ਰਾਮ ਨਾਮ ਧਨੁ ਪੂੰਜੀ ਸੰਚੀ ਨਾ ਡੂਬੈ ਨਾ ਜਾਈ॥ ਰਾਮ ਨਾਮੁ ਇਸੁ ਜੁਗ ਮਹਿ ਤੁਲਹਾ ਜਮਕਾਲੁ ਨੇੜਿ ਨ ਆਵੈ॥

ਨਾਨਕ ਗੁਰਮੁਖਿ ਰਾਮੁ ਪਛਾਤਾ ਕਰਿ ਕਿਰਪਾ ਆਪਿ ਮਿਲਾਵੈ॥ 7॥

(ਮ: 4, 444)

ਪਦ ਅਰਥ: ਨਾਮਿ-ਨਾਮ ਵਿੱਚ। ਸਰਧਾ-ਨਿਸ਼ਚਾ। ਦੂਜੇ-ਕਿਸੇ ਹੋਰ ਪਦਾਰਥ ਵਿੱਚ। ਸਭ-ਸਾਰੀ। ਕੰਚਨੁ-ਸੋਨਾ। ਕਰਿ-ਬਣਾ ਕੇ। ਭਾਇਆ-ਚੰਗਾ ਲੱਗਾ। ਮਨਿ-ਮਨ ਵਿੱਚ। ਪਰਮ-ਸਭ ਤੋਂ ਉੱਚਾ। ਅੰਤਿ-ਅਖੀਰ ਵਿੱਚ (ਸਰੀਰਕ ਮੌਤ ਸਮੇਂ)। ਸਖਾਈ-ਸਾਥੀ। ਪੂੰਜੀ-ਸਰਮਾਇਆ। ਸੰਚੀ-ਇਕੱਠੀ ਕੀਤੀ। ਜਾਈ-ਜਾਇਆ ਹੁੰਦੀ। ਇਸ ਜੁਗ ਮਹਿ-ਮਨੁੱਖਾ ਜਨਮ ਵਿੱਚ, ਜਗਤ ਵਿੱਚ। ਤੁਲਹਾ-ਦਰਿਆ ਤੋਂ ਪਾਰ ਲੰਘਣ ਲਈ ਛਤੀਰੀਆਂ ਆਦਿਕ ਦਾ ਬਣਾਇਆ ਹੋਇਆ ਸਹਾਰਾ। ਜਮਕਾਲੁ-ਮੌਤ, ਆਤਮਕ-ਮੌਤ। ਗੁਰਮੁਖਿ-ਗੁਰੂ ਦੀ ਸ਼ਰਣ ਪੈ ਕੇ। ਪਛਾਤਾ-ਸਾਂਝ ਪਾ ਲਈ। 7.

ਭਾਵ: (ਹੇ ਭਾਈ!) ਜਿਨ੍ਹਾਂ ਮਨੁੱਖਾਂ ਨੇ ਪਰਮਾਤਮਾ ਦਾ ਨਾਮ ਸਿਮਰਨ ਵਿੱਚ ਨਿਸ਼ਚਾ ਪੱਕਾ ਕਰ ਲਿਆ ਹੈ, ਉਹ (ਹਰਿ-ਨਾਮ ਦਾ ਪਿਆਰ ਛੱਡ ਕੇ) ਕਿਸੇ ਹੋਰ ਪਦਾਰਥ ਵਿੱਚ ਆਪਣਾ ਚਿੱਤ ਨਹੀਂ ਜੋੜਦੇ। ਜੇ ਸਾਰੀ ਧਰਤੀ (ਭੀ) ਸੋਨਾ ਬਣਾ ਕੇ ਉਨ੍ਹਾਂ ਦੇ ਅੱਗੇ ਰੱਖ ਦੇਈਏ, ਤਾਂ (ਭੀ) ਪਰਮਾਤਮਾ ਦੇ ਨਾਮ ਤੋਂ ਛੁੱਟ ਹੋਰ ਕੋਈ ਭੀ ਪਦਾਰਥ ਉਨ੍ਹਾਂ ਨੂੰ ਪਿਆਰਾ ਨਹੀਂ ਲਗਦਾ। ਉਨ੍ਹਾਂ ਦੇ ਮਨ ਵਿੱਚ ਪਰਮਾਤਮਾ ਦਾ ਨਾਮ ਪਿਆਰਾ ਲਗਦਾ ਹੈ (ਨਾਮ ਦੀ ਬਰਕਤਿ ਨਾਲ) ਉਹ ਸਭ ਤੋਂ ਸ੍ਰੇਸ਼ਟ ਆਤਮਕ-ਆਨੰਦ ਮਾਣਦੇ ਹਨ, ਅਖੀਰ ਵੇਲੇ (ਸਰੀਰਕ ਮੌਤ ਸਮੇਂ) ਦੁਨੀਆਂ ਤੋਂ ਤੁਰਨ ਲੱਗਿਆਂ ਭੀ ਇਹ ਹਰਿ-ਨਾਮ ਉਨ੍ਹਾਂ ਦੇ ਨਾਲ ਸਾਥੀ ਬਣਦਾ ਹੈ। ਉਹ ਸਦਾ ਪਰਮਾਤਮਾ ਦਾ ਨਾਮ-ਧਨ, ਨਾਮ-ਸਰਮਾਇਆ ਇਕੱਠਾ ਕਰਦੇ ਰਹਿੰਦੇ ਹਨ, ਇਹ ਧਨ ਇਹ ਸਰਮਾਇਆ ਨਾ ਪਾਣੀ ਵਿੱਚ ਡੁਬਦਾ ਹੈ, ਨਾ ਹੀ ਗੁਆਚਦਾ ਹੈ।

ਹੇ ਭਾਈ! (ਸੰਸਾਰ-ਨਦੀ ਤੋਂ ਪਾਰ ਲੰਘਣ ਲਈ) ਪਰਮਾਤਮਾ ਦਾ ਨਾਮ ਇਸ ਜਗਤ ਵਿੱਚ (ਮਾਨੋਂ) ਤੁਲਹਾ ਹੈ। (ਜੇਹੜਾ ਮਨੁੱਖ ਨਾਮ ਸਿਮਰਦਾ ਰਹਿੰਦਾ ਹੈ) ਆਤਮਕ-ਮੌਤ ਉਸ ਦੇ ਨੇੜੇ ਨਹੀਂ ਢੁਕਦੀ। ਹੇ ਨਾਨਕ! ਜਿਸ ਮਨੁੱਖ ਨੇ ਗੁਰੂ (ਸ਼ਬਦ-ਗੁਰੂ, ਗੁਰੂ ਗ੍ਰੰਥ ਸਾਹਿਬ) ਦੀ ਸ਼ਰਣ ਪੈ ਕੇ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲਈ, ਪਰਮਾਤਮਾ ਮੇਹਰ ਕਰ ਕੇ ਆਪ ਉਸ ਨੂੰ ਆਪਣੇ ਚਰਨਾਂ ਵਿੱਚ ਜੋੜ ਲੈਂਦਾ ਹੈ। 7.

11. ਜਿਸ ਮਨ ਵਿੱਚ ਹਉਮੈ ਦਾ ਵਾਸਾ ਹੋਵੇ ਉਥੇ ਨਾਮੁ (ਨਿਰੰਕਾਰ) ਦਾ ਵਾਸਾ ਨਹੀਂ ਹੋ ਸਕਦਾ। ਪ੍ਰਭੂ-ਪਿਤਾ ਦੀ ਇਕਾਗਰ-ਚਿੱਤ ਹੋ ਕੇ ਪ੍ਰੇਮ ਨਾਲ ਸਿਫਤਿ-ਸਾਲਾਹ ਕਰਨ ਨਾਲ ਹਉਮੈ ਦੀ ਜ਼ਹਿਰ ਮਨ ਵਿੱਚੋਂ ਨਿਕਲ ਜਾਂਦੀ ਹੈ ਅਤੇ ਮਨ ਦੀ ਮੈਲ ਉੱਤਰ ਜਾਂਦੀ ਹੈ।

ਗੁਨ ਗਾਵਤ ਤੇਰੀ ਉਤਰਸਿ ਮੈਲੁ॥ ਬਿਨਸਿ ਜਾਇ ਹਉਮੈ ਬਿਖੁ ਫੈਲੁ॥ (ਮ: 5, 289)

ਪਦ ਅਰਥ: ਬਿਖੁ-ਜ਼ਹਿਰ, ਵਿਹੁ। ਫੈਲੁ-ਫੈਲਾਉ, ਖਿਲਾਰਾ।

ਭਾਵ: ਹੇ ਭਾਈ! ਪ੍ਰਭੂ ਦੇ ਗੁਣ ਗਾਉਂਦਿਆਂ (ਤੇਰੇ ਮਨ ਨੂੰ ਲੱਗੀ ਜਨਮ-ਜਨਮਾਤਰਾਂ ਦੇ ਵਿਕਾਰਾਂ ਤੇ ਪਾਪਾਂ ਦੀ ਮੈਲ) ਉੱਤਰ ਜਾਵੇਗੀ ਅਤੇ ਹਉਮੈ-ਰੂਪੀ ਜ਼ਹਿਰ ਦਾ ਖਿਲਾਰਾ ਭੀ ਮਿਟ ਜਾਵੇਗਾ।

ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਹਿ ਇੱਕ ਠਾਇ॥ ਹਉਮੈ ਵਿਚਿ ਸੇਵਾ ਨ ਹੋਵਈ ਤਾ ਮਨੁ ਬਿਰਥਾ ਜਾਇ॥ 1॥ ਹਰਿ ਚੇਤਿ ਮਨ ਮੇਰੇ ਤੂ ਗੁਰ ਕਾ ਸਬਦੁ ਕਮਾਇ॥ ਹੁਕਮੁ ਮੰਨਹਿ ਤਾ ਹਰਿ ਮਿਲੈ ਵਿਚਹੁ ਹਉਮੈ ਜਾਇ॥ ਰਹਾਉ॥ (ਮ: 3, 560)

ਨੋਟ: ‘ਨਾਮੁ’ ਬਾਰੇ ਬਹੁਤ ਹੀ ਸੰਖੇਪ (ਕਿਣਕਾ-ਮਾਤਰ ਤੋਂ ਵੀ ਘੱਟ) ਜਾਣਕਾਰੀ ਉੱਪਰ ਦਰਜ ਕਰਨ ਦਾ ਨਿੱਕਾ ਜਿਹਾ ਉਪਰਾਲਾ ਕੀਤਾ ਗਿਆ ਹੈ। ਪਰ, ਲੇਖਕ ਦੀ ਜਾਣਕਾਰੀ ਮੁਤਾਬਿਕ, ਨਾਮ ਬਾਰੇ ਹੋਰ ਕਿਸੇ ਭੀ ਮੱਤ (ਮਜ਼੍ਹਬ) ਦੇ ਮੁਕੱਦਸ ਧਾਰਮਿਕ ਗ੍ਰੰਥਾਂ ਵਿੱਚ ਅਜਿਹੀ ਅਲੌਕਿਕ, ਵਿਲੱਖਣ ਤੇ ਵਿਸਮਾਦੀ ਜਾਣਕਾਰੀ ਦਰਜ ਨਹੀਂ ਕੀਤੀ ਮਿਲਦੀ।

12. ਨਾਮ ਸਬੰਧੀ ਇੱਕ ਸੱਚੀ ਤੇ ਅਲੌਕਿਕ ਘਟਨਾ

ਕੁੱਝ ਸਮਾਂ ਪਹਿਲਾਂ ਦੀ ਗੱਲ ਹੈ ਕਿ ਇੱਕ ਫ਼ੌਜੀ ਵੀਰ (ਇੰਜੀਨੀਅਰ ਰੈਜਿਮੈਂਟ) ਦਾ ਨਵ-ਜਨਮਿਆਂ ਬੱਚਾ ਜਨਮ ਤੋਂ ਹੀ ਪੱਠਿਆਂ (Muscles) ਦੇ ਨਾ-ਮੁਰਾਦ ਰੋਗ ਦਾ ਸ਼ਿਕਾਰ ਹੋ ਗਿਆ। ਉਦੋਂ ਉਹ ਫ਼ੌਜ ਦੀ ਪੱਛਮੀ ਕਮਾਨ ਵਿਖੇ ਸਰਵਸ ਕਰ ਰਿਹਾ ਸੀ ਅਤੇ ਉਸ ਦੀ ਪਤਨੀ ਚੰਡੀ ਮੰਦਰ ਦੇ ਨਜ਼ਦੀਕ ਹੀ ਸਕੂਲ ਦੀ ਅਧਿਆਪਕਾ ਦੀ ਡਿਊਟੀ ਕਰ ਰਹੀ ਸੀ। ਉਨ੍ਹਾਂ ਨੇ ਆਪਣੇ ਬੱਚੇ ਦਾ ਇਲਾਜ/ਟੈਸਟ ਕਮਾਨ ਦੇ ਫ਼ੌਜੀ ਹਸਪਤਾਲ ਤੋਂ ਕਰਵਾਉਣਾ ਅਰੰਭ ਕਰ ਦਿੱਤਾ। ਪਰ, ਬੱਚੇ ਦੀ ਸਿਹਤ ਵਿੱਚ ਕੋਈ ਸੁਧਾਰ ਨਾ ਹੋਇਆ। ਬੱਚੇ ਨੂੰ ਪੀ. ਜੀ. ਆਈ. ਚੰਡੀਗੜ੍ਹ ਲਿਜਾ ਕੇ, ਡਾਕਟਰਾਂ (ਮਾਹਰ ਡਾਕਟਰਾਂ) ਦੇ ਲਿਖੇ ਸਾਰੇ ਟੈਸਟ ਕਰਵਾਏ ਗਏ, ਇਲਾਜ ਭੀ ਕਰਵਾਇਆ ਗਿਆ। ਪਰ, ਬੱਚੇ ਦੀ ਸਿਹਤ ਵਿੱਚ ਕੋਈ ਵੀ ਸੁਧਾਰ ਹੁੰਦਾ ਨਜ਼ਰ ਨਾ ਆਇਆ। ਅਖੀਰ, ਡਾਕਟਰਾਂ ਨੇ ਕਹਿ ਦਿੱਤਾ ਕਿ ਇਹ ਬੱਚਾ ਸਾਰੀ ਉਮਰ ਚੱਲ-ਫਿਰ ਨਹੀਂ ਸਕੇਗਾ।

ਉਨ੍ਹਾਂ ਨੂੰ ਕਿਸੇ ਨੇ ਦੱਸ ਪਾਈ ਕਿ ਚੰਡੀਗੜ੍ਹ ਵਿੱਚ ਸ਼ਿਵਾਲਕ ਪਬਲਿਕ ਸਕੂਲ ਦੇ ਇੱਕ ਕਮਰੇ ਵਿੱਚ ਹਰ ਰੋਜ਼ (ਸੋਮਵਾਰ ਤੋਂ ਸਨਿੱਚਰਵਾਰ ਤੱਕ) ਸ਼ਾਮ ਨੂੰ 5 ਤੋਂ 7 ਵਜੇ ਤੱਕ, ‘ਸਰਬ ਰੋਗ ਕਾ ਅਉਖਦੁ ਨਾਮ ਮਿਸ਼ਨ’ ਵੱਲੋਂ, ਗੁਰਬਾਣੀ ਕੀਰਤਨ ਤੇ ਜਾਪ ਦੇ, ਕਈ ਸਾਲ ਤੋਂ ਲਗਾਤਾਰ ਕੈਂਪ ਲਗਾਏ ਜਾ ਰਹੇ ਹਨ। ਬੱਚੇ ਦਾ ਪਿਤਾ, ਬੱਚੇ ਨੂੰ ਲੈ ਕੇ ਇਸ ਕੈਂਪ ਵਿੱਚ ਪਹੁੰਚ ਗਿਆ। ਪਰਮਾਤਮਾ ਦੀ ਮਿਹਰ ਨਾਲ ਕੁੱਝ ਦਿਨਾਂ ਵਿੱਚ ਹੀ ਬੱਚੇ ਦੀ ਸਿਹਤ ਵਿੱਚ ਸੁਧਾਰ ਹੋਣਾ ਸ਼ੁਰੂ ਹੋ ਗਿਆ। ਬੱਚੇ ਦੀ ਮਾਂ ਨੇ ਆਪਣੀ ਅਧਿਆਪਕਾ ਦੀ ਨੌਕਰੀ ਛੱਡ ਦਿੱਤੀ ਅਤੇ ਬੱਚੇ ਦੀ ਪੂਰੀ ਤੰਦਰੁਸਤੀ ਲਈ ਮਿਸ਼ਨ ਦੀ ਅਗੁਵਾਈ ਅਨੁਸਾਰ ਨਾਮ-ਬਾਣੀ ਦਾ ਜਾਪ/ਗਾਇਣ ਸ਼ੁਰੂ ਕਰ ਦਿੱਤਾ। ਸਤਿਗੁਰਾਂ ਦੀ ਕਿਰਪਾ ਨਾਲ ਉਹ ਬੱਚਾ ਹੁਣ ਤੰਦਰੁਸਤ ਹੈ ਅਤੇ ਭੱਜਿਆ ਫਿਰਦਾ ਹੈ, ਸਿਰਫ਼ ਅਜੇ ਤੱਕ ਬੋਲਣ ਨਹੀਂ ਲੱਗਿਆ। ਲੇਖਕ ਨੇ ਉਸ ਬੱਚੇ ਦੇ ਪਿਤਾ, ਜੋ ਕਿ ਹੁਣ ਸੇਵਾ-ਮੁਕਤ ਹੋ ਚੁੱਕਾ ਹੈ, ਨਾਲ ਮੋਬਾਈਲ ਫ਼ੋਨ `ਤੇ ਗੱਲ ਕਰ ਕੇ ਉਪਰੋਕਤ ਜਾਣਕਾਰੀ (ਅਪ੍ਰੈਲ 2015 ਦੇ ਦੂਜੇ ਹਫ਼ਤੇ) ਹਾਸਲ ਕੀਤੀ ਹੈ। ਜੇਕਰ ਕੋਈ ਪ੍ਰਾਣੀ ਇਸ ਬਾਰੇ ਹੋਰ ਕਿਸੇ ਕਿਸਮ ਦੀ ਜਾਣਕਾਰੀ ਹਾਸਲ ਕਰਨਾ ਚਾਹੇ ਤਾਂ ਉਸ ਦਾ ਪਤਾ ਹੇਠਾਂ ਦਿੱਤਾ ਜਾ ਰਿਹਾ ਹੈ -

ਸਾਬਕਾ ਹੌਲਦਾਰ ਜਸਵੰਤ ਸਿੰਘ ਪਿੰਡ: ਭਾਗੋਕਾਮਾ (ਨਜ਼ਦੀਕ ਸਰਕਾਰੀ ਕਾਲਜ) ਜ਼ਿਲ੍ਹਾ ਗੁਰਦਾਸਪੁਰ, ਪੰਜਾਬ (ਭਾਰਤ) ਮੋਬਾ. ਫ਼ੋਨ: 94175-49713

ਨੋਟ: ਬੱਚੇ ਦੀ ਜਨਮ ਮਿਤੀ: 5 ਮਾਰਚ 2013, ਬੱਚੇ ਦਾ ਵਜ਼ਨ - ਤਕਰੀਬਨ 16 ਕਿਲੋਗ੍ਰਾਮ।

ਕਰਨਲ ਗੁਰਦੀਪ ਸਿੰਘ




.