.

ਸਿੱਖੀ ਦੀ ਲਹਿਰ ਦਾ ਪਤਨ

(ਕਿਸ਼ਤ ਤੀਸਰੀ)

ਪੜਾਅ ਪੰਜਵਾਂ

ਅਗਲਾ ਪੜਾਅ 1849 ਈਸਵੀ ਤੋਂ ਪੰਜਾਬ ਵਿੱਚ ਅੰਗਰੇਜ਼ੀ ਰਾਜ ਤੋਂ ਸ਼ੁਰੂ ਹੁੰਦਾ ਹੈ ਜਿਸ ਵਿੱਚ ਅੰਗਰੇਜ਼ਾਂ ਦੀ ਸ਼ਹਿ ਥੱਲੇ ਬ੍ਰਾਹਮਣਵਾਦ ਨੇ ਹੋਰ ਜ਼ੋਰ ਫੜ੍ਹਿਆ। ਪੰਜਾਬ ਵਿਚਲਾ ਰਾਜ-ਪ੍ਰਬੰਧ ਸੰਭਾਲਣ ਤੋਂ ਬਹੁਤ ਸਮਾਂ ਪਹਿਲਾਂ ਹੀ ਅੰਗਰੇਜ਼ ਅਧਿਕਾਰੀ ਗੁਪਤ ਸਰਵੇਖਣਾਂ ਰਾਹੀਂ ਸਿਖ ਜੀਵਨ-ਜਾਚ, ਫਲਸਫੇ ਅਤੇ ਇਤਹਾਸ ਦਾ ਪੂਰਾ ਅਧਿਐਨ ਕਰ ਚੁੱਕੇ ਹੋਏ ਸਨ। ਉਹਨਾਂ ਦੀ ਯੋਜਨਾ ਕੋਲਬਰੁੱਕ ਵਾਲੇ ਅਖੌਤੀ ‘ਦਸਮ ਪਾਤਸ਼ਾਹ ਕਾ ਗ੍ਰੰਥ’ ਨੂੰ ਸਿਖ ਕੇਂਦਰਾਂ ਵਿੱਚ ਸਥਾਪਤ ਕਰਨ ਦੀ ਸੀ ਜਿਸਦਾ ਤਜਰਬਾ ਉਹਨਾਂ ਨੇ ਸਤਲੁਜੋਂ ਪਾਰ ਦੇ ਪੰਜਾਬ ਵਿੱਚ ਕਰਨ ਦਾ ਯਤਨ ਕੀਤਾ ਵੀ ਸੀ। ਪਰੰਤੂ ਸੰਪਰਦਾਈ ਸਿੱਖਾਂ ਦੀ ‘ਗੁਰੂ ਗ੍ਰੰਥ’ ਪ੍ਰਤੀ ਅਟੁੱਟ ਸ਼ਰਧਾ-ਭਾਵਨਾ ਦੇ ਕਾਰਨ ਇਹ ਤਜਰਬਾ ਸਫਲ ਨਹੀਂ ਹੋ ਸਕਿਆ ਸੀ ਅਤੇ ਅੰਗਰੇਜ਼ ਇਹ ਜਾਣਦੇ ਸਨ ਕਿ ਸੰਪਰਦਾਈ ਸਿਖ ਮੂਰਤੀ-ਪੂਜਾ ਦੇ ਉਲਟ ਸਨ। ਇਸ ਲਈ ਉਹਨਾਂ ਨੇ ‘ਗੁਰੂ ਗ੍ਰੰਥ’ ਨੂੰ ਹੀ ਸਿਖ ਕੇਂਦਰਾਂ ਵਿੱਚ ਮੂਰਤੀ ਵਾਂਗ ਟਿਕਾਉਣ ਦਾ ਫੈਸਲਾ ਕਰ ਲਿਆ ਅਤੇ ਅਜਿਹੇ ਸਿਖ ਅਸਥਾਨਾ ਦਾ ਨਾਮ ‘ਗੁਰਦੁਆਰਾ’ ਪਰਚਲਤ ਕਰਵਾ ਦਿੱਤਾ ( ‘ਗੁਰਦੁਆਰਾ’ ਸ਼ਬਦ ਗੁਰਬਾਣੀ ਵਿੱਚ ਆਉਂਦੇ ਸ਼ਬਦ-ਜੁੱਟ ‘ਗੁਰੂ ਦੁਆਰੈ’ ਜਾਂ ‘ਗੁਰਦੁਆਰੈ’ ਵਿਚਲੇ ‘ਦੁਆਰੈ’ ਦੇ ਅਰਥਾਂ ਨੂੰ ਵਿਗਾੜ ਕੇ ਬਣਾਇਆ ਗਿਆ; ਗੁਰੂ ਸਾਹਿਬਾਨ ਨੇ ਤਾਂ ਸਿੱਖੀ ਦੇ ਕੇਂਦਰਾਂ ਲਈ ‘ਧਰਮਸਾਲ’ ਸ਼ਬਦ ਦੀ ਵਰਤੋਂ ਕੀਤੀ ਸੀ ਕਿਉਂਕਿ ਇਹ ਨੈਤਿਕਤਾ ਵਾਲੇ ਧਰਮ ਭਾਵ ਮਾਨਵਵਾਦ ਦੇ ਪਰਚਾਰ-ਪਰਸਾਰ ਲਈ ਸਥਾਪਤ ਕੀਤੇ ਗਏ ਸਨ ਨਾ ਕਿ ਗੁਰਬਾਣੀ ਗ੍ਰੰਥ ਦੀ ਬੀੜ ਨੂੰ ਮੂਰਤੀ ਵਾਂਗ ਪੂਜਦੇ ਹੋਏ ਕਰਮ-ਕਾਂਡ ਕਰਨ ਲਈ)। ਵੇਖੋ-ਵੇਖੀ ਹੋਰ ਗੁਰਦੁਆਰੇ ਵੀ ਖੁਲ੍ਹਦੇ ਗਏ ਅਤੇ ਹੱਥ-ਲਿਖਤ ਬੀੜਾਂ ਦੀ ਮੰਗ ਵੀ ਵੱਧਦੀ ਗਈ। ਦੂਸਰੇ ਪਾਸੇ ਅੰਗਰੇਜ਼ ਸਰਕਾਰ ਨੇ ਸਿਖ ਕੇਂਦਰਾਂ ਅਤੇ ਇਤਿਹਾਸਕ ਸਥਾਨਾਂ ਉੱਤੇ ਕਾਬਜ਼ ਮਹੰਤਾਂ ਨੂੰ ਇੱਥੋਂ ਦੀ ਜਾਇਦਾਦ ਸਬੰਧੀ ਮਾਲਕੀ ਹੱਕ ਦੇ ਦਿੱਤੇ। ਇਸ ਸਮੁੱਚੇ ਪ੍ਰਬੰਧ ਰਾਹੀਂ ਉਹ ਸੰਪਰਦਾਈ ਸਿੱਖਾਂ ਨੂੰ ਵੀ ਪਲੋਸ ਕੇ ਰੱਖਣਾ ਚਾਹੁੰਦੇ ਸਨ ਤਾਂ ਕਿ ਲੋੜ ਪੈਣ ਤੇ ਉਹਨਾਂ ਨੂੰ ਵਰਤਿਆ ਜਾ ਸਕੇ (ਜਿਵੇਂ ਸੈਨਿਕਾਂ ਦੇ ਤੌਰ ਤੇ) ਅਤੇ ਉਹਨਾਂ ਨੇ ਮਹੰਤਾਂ ਨੂੰ ਵੀ ਖੁਸ਼ ਕਰ ਲਿਆ ਤਾਂ ਕਿ ਸੰਪਰਦਾਈ ਸਿੱਖਾਂ ਵਿੱਚ ਮਨਮੱਤਾਂ ਦਾ ਹੋਰ ਵਾਧਾ ਹੁੰਦਾ ਰਵ੍ਹੇ ਅਤੇ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਸੱਚੀ-ਸੁੱਚੀ ਲਹਿਰ ਦਾ ਕਦੀ ਪੁਨਰ-ਸੁਰਜੀਤੀਕਰਨ ਨਾ ਹੋ ਸਕੇ ਜਾਂ ਘਟੋ-ਘਟ ਦਲ ਖਾਲਸਾ ਵਰਗੀ ਜੁਝਾਰੂ ਜੱਥੇਬੰਦੀ ਫਿਰ ਤੋਂ ਕਾਇਮ ਨਾ ਹੋ ਸਕੇ। ਇਸ ਸਥਿਤੀ ਦਾ ਸਿੱਟਾ ਅੰਗਰੇਜ਼ਾਂ ਦੀਆਂ ਆਸਾਂ ਅਨੁਸਾਰ ਹੀ ਹੋਇਆ। ਇਸ ਦੇ ਨਾਲ-ਨਾਲ ਇੱਕ ਪਾਸੇ ਤਾਂ ਆਰੀਆ ਸਮਾਜੀਆਂ ਦਾ ਸੰਪਰਦਾਇਕ ਸਿੱਖੀ ਦੇ ਵਿਰੋਧ ਵਿੱਚ ਪਰਚਾਰ ਸ਼ੁਰੂ ਹੋ ਗਿਆ ਅਤੇ ਦੂਸਰੇ ਪਾਸੇ ਈਸਾਈ ਮਿਸ਼ਨਰੀਆਂ ਵੱਲੋਂ ਅਰੰਭੇ ਪਰਚਾਰ ਦਾ ਪਰਭਾਵ ਵੀ ਵੱਧਣ ਲੱਗਾ। ਈਸਾਈ ਪਰਚਾਰ ਵਿਰੁਧ ਪ੍ਰਤੀਕਰਮ ਵਜੋਂ 1879 ਈਸਵੀ ਵਿੱਚ ਸਿੰਘ ਸਭਾ ਲਹਿਰ ਅੰਮ੍ਰਿਤਸਰ ਦਾ ਉੱਥਾਨ ਹੋਇਆ। ਮੁੱਢ ਵਿੱਚ ਡੱਕੋਡੋਲੇ ਖਾਣ ਮਗਰੋਂ ਇਸ ਲਹਿਰ ਦਾ ਕੇਂਦਰ ਲਹੌਰ ਵਿੱਚ ਬਣਿਆਂ ਜਿਸ ਵਿੱਚ ਭਾਈ ਬੂਟਾ ਸਿੰਘ, ਭਾਈ ਗੁਰਮੁਖ ਸਿੰਘ, ਗਿਆਨੀ ਦਿੱਤ ਸਿੰਘ, ਗਿਆਨੀ ਜਵਾਹਰ ਸਿੰਘ ਅਤੇ ਹੋਰਨਾ ਨੇ ਸੁਹਿਰਦਤਾ ਅਤੇ ਜੋਸ਼ ਨਾਲ ਕੰਮ ਕੀਤਾ। ਇਸ ਲਹਿਰ ਦੇ ਕਾਰਕੁੰਨਾਂ ਨੇ ਜਿੱਥੇ ਇੱਕ ਪਾਸੇ ਵਿਦਿਅਕ ਸੰਸਥਾਵਾਂ ਖੋਲ੍ਹਣ ਦਾ ਉਪਰਾਲਾ ਕਰਕੇ ਸ਼ਲਾਘਾਯੋਗ ਕਾਰਜ ਕੀਤਾ ਉੱਥੇ ਦੂਸਰੇ ਪਾਸੇ ਸੁਧਾਰ ਦੇ ਨਾਮ ਥੱਲੇ ਹਿੰਦੂ ਧਰਮ ਦੇ ਸਮਾਨੰਤਰ ਸੰਪਰਦਾਈ ਸਿੱਖੀ ਦੀਆਂ ਵੱਖਰੀਆਂ ਧਾਰਮਿਕ ਰਹੁਰੀਤਾਂ ਨੂੰ ਪੱਕਿਆਂ ਕਰਨ ਲਈ ਵੀ ਪੂਰੀ ਵਾਹ ਲਾ ਦਿੱਤੀ। ਸਿੰਘ ਸਭਾ ਲਹਿਰ ਦੇ ਆਗੂ ਚੰਗੇ ਪੜ੍ਹੇ-ਲਿਖੇ ਹੋਣ ਦੇ ਬਾਵਜੂਦ ਗੁਰੂ ਸਾਹਿਬਾਨ ਵੱਲੋਂ ਚਲਾਈ ਗਈ ਧਰਮ-ਨਿਰਪੱਖ ਮਾਨਵਵਾਦੀ ਲਹਿਰ ਦੀ ਪਛਾਣ ਨਿਰਧਾਰਿਤ ਨਾ ਕਰ ਸਕੇ। ਉਹ ਇਸਾਈਆਂ ਅਤੇ ਆਰੀਆ-ਸਮਾਜੀਆਂ ਦੇ ਪਰਚਾਰ ਦੇ ਸਾਹਵੇਂ ਆਤਮਰੱਖਿਆ ਦੀ ਭਾਵਨਾ ਥੱਲੇ ਇਸ ਤਰ੍ਹਾਂ ਦਬ ਗਏ ਕਿ ਉਹਨਾਂ ਦੀ ਸਾਰੀ ਤਵੱਜੋਂ ਸਿੱਖੀ ਨੂੰ ਇੱਕ ਨਿਵੇਕਲੇ ਸੰਪਰਦਾਈ ਸਿਖ ਧਰਮ ਦੇ ਤੌਰ ਤੇ ਉਭਾਰਨ ਤੇ ਕੇਂਦ੍ਰਿਤ ਹੋ ਗਈ। ਭਾਈ ਕਾਹਨ ਸਿੰਘ ਦੀ ਪੁਸਤਕ ‘ਹਮ ਹਿੰਦੂ ਨਹੀਂ’ ਦਾ ਸਾਰਾ ਜ਼ੋਰ ਸੰਪਰਦਾਈ ਸਿਖ ਧਰਮ ਨੂੰ ਇੱਕ ਨਿਵੇਕਲੇ ਧਰਮ ਦੇ ਤੌਰ ਤੇ ਪੇਸ਼ ਕਰਨ ਤੇ ਹੈ ਅਤੇ ਇੰਜ ਕਰਦਿਆਂ ਉਸ ਵੱਲੋਂ (ਇਸ ਕਿਤਾਬਚੇ ਰਾਹੀਂ) ਪੇਸ਼ ਕੀਤੇ ‘ਸਿਖ ਧਰਮ’ ਦੀ ਰੂਪ-ਰੇਖਾ ਹਿੰਦੂ ਧਰਮ ਦੇ ਖਾਸੇ ਵਾਲੀ ਇੱਕ ਸੰਪਰਦਾ ਵਾਲੀ ਬਣ ਕੇ ਹੀ ਉਭਰਦੀ ਹੈ। ਅਸਲ ਵਿੱਚ ਸਿੰਘ ਸਭਾ ਲਹਿਰ ਅਤੇ ਇਸ ਦੇ ਸਿੱਟੇ ਵਜੋਂ ਹੋਂਦ ਵਿੱਚ ਆਏ ਖਾਲਸਾ ਦੀਵਾਨਾਂ ਨੇ ਗੁਰੂ ਸਾਹਿਬਾਨ ਦੀ ਮਾਨਵਵਾਦੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਦੀਆਂ ਸਭ ਸੰਭਾਵਨਾਵਾਂ ਖਤਮ ਕਰ ਦਿੱਤੀਆਂ।

ਸਿੰਘ ਸਭਾ ਲਹਿਰ ਮਹੰਤਾਂ ਦੇ ਅਧੀਨ ਚੱਲ ਰਹੇ ਸਿਖ ਧਾਰਮਿਕ ਅਸਥਾਨਾਂ (ਜਿਹਨਾਂ ਲਈ ਹੁਣ ‘ਗੁਰਦੁਆਰਾ’ ਸ਼ਬਦ ਵਰਤਿਆ ਜਾਣ ਲੱਗਾ ਸੀ) ਵਿਚਲੇ ਕੁ-ਪ੍ਰਬੰਧ ਸਬੰਧੀ ਵੀ ਕੋਈ ਠੋਸ ਕਾਰਵਾਈ ਨਾ ਕਰ ਸਕੀ। ਪਰੰਤੂ ਇਹ ਜ਼ਰੂਰ ਹੋਇਆ ਕਿ ਇਸ ਲਹਿਰ ਦੇ ਪਰਭਾਵ ਥੱਲੇ ਗੁਰਦੁਆਰਾ ਪ੍ਰਬੰਧ ਦੇ ਸੁਧਾਰ ਸਬੰਧੀ ਚੇਤਨਤਾ ਪੈਦਾ ਹੋਈ ਜੋ 1921 ਈਸਵੀ ਵਿੱਚ ਗੁਰਦੁਆਰਾ ਸੁਧਾਰ ਲਹਿਰ ਦੇ ਰੂਪ ਵਿੱਚ ਉਭਰ ਕੇ ਸਾਹਮਣੇ ਆਈ। ਗੁਰਦੁਆਰਾ ਸੁਧਾਰ ਲਹਿਰ ਨਾਲ ਮਹੰਤਾਂ ਤੋਂ ਤਾਂ ਛੁਟਕਾਰਾ ਹੋ ਗਿਆ ਪਰੰਤੂ ਇਸ ਲਹਿਰ ਦਾ ਮਾੜਾ ਸਿੱਟਾ ਇਹ ਨਿਕਲਿਆ ਕਿ ‘ਸਿਖ ਗੁਰਦੁਆਰਾਜ਼ ਐਕਟ 1925’ ਹੇਠ ਬਣੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀ ਨਕਾਰਾਤਮਕ ਪਹੁੰਚ ਵਾਲੀ ਸੰਸਥਾ ਹੋਂਦ ਵਿੱਚ ਆ ਗਈ। ਅਸਮਾਨ ਤੋਂ ਡਿੱਗ ਕੇ ਖਜੂਰ ਵਿੱਚ ਅਟਕਣ ਵਾਲੀ ਗੱਲ ਹੋ ਗਈ।

ਇਸ ਕਾਲ ਦੀਆਂ ਮਨਮੱਤੀ ਰਚਨਾਵਾਂ ਵਿੱਚ ਨਿਰਮਲੇ ਗਿਆਨੀ ਗਿਆਨ ਸਿੰਘ ਰਚਿਤ ਪੁਸਤਕਾਂ ਆਉਂਦੀਆਂ ਹਨ ਜਿਹਨਾਂ ਵਿੱਚ ‘ਪੰਥ ਪ੍ਰਕਾਸ਼’ (1880 ਈਸਵੀ) ਪਰਮੁੱਖ ਹੈ। ਇਸ ਪੁਸਤਕ ਰਾਹੀਂ ਪ੍ਰਹਿਲਾਦ ਸਿੰਘ ਦੇ ‘ਰਹਿਤਨਾਮਾ’ ਦੀਆਂ ਵਿਗਾੜ ਕੇ ਪੇਸ਼ ਕੀਤੀਆਂ ਸੱਤਰਾਂ ਨੇ ਸਿਖ ਭਾਈਚਾਰੇ ਦਾ ਬੇਹੱਦ ਨੁਕਸਾਨ ਕੀਤਾ ਹੈ ਜਿਹਨਾਂ ਵਿੱਚ ‘qBI clwieE pMQ, gurU mwinEN gRMQ Aqy prgt gurW kI dyh vrgy totky Swml hn[ ਬਦਨ ਸਿੰਘ ਨਿਰਮਲੇ ਵੱਲੋਂ 1883 ਈਸਵੀ ਵਿੱਚ ਤਿਆਰ ਕੀਤਾ ਵਿਵਾਦਤ ਫਰੀਦਕੋਟ ਵਾਲਾ ਟੀਕਾ ਵੀ ਇੱਸੇ ਕਾਲ ਦੀ ਦੇਣ ਹੈ। ਭਾਈ ਕਾਹਨ ਸਿੰਘ ਨੇ 1898 ਈਸਵੀ ‘ਹਮ ਹਿੰਦੂ ਨਹੀਂ’ ਨਾਮ ਦਾ ਕਿਤਾਬਚਾ ਭਾਵੇਂ ਇਸ ਸੁਹਿਰਦ ਭਾਵਨਾ ਨਾਲ ਤਿਆਰ ਕੀਤਾ ਸੀ ਕਿ ਉਹਨਾਂ ਲੋਕਾਂ ਦਾ ਸੁਧਾਰ ਕੀਤਾ ਜਾਵੇ ‘ਜੋ ਆਪਣੇ ਆਪ ਨੂੰ ਸਿੰਘ ਹੋ ਕੇ ਭੀ ਹਿੰਦੂ ਧਰਮੀ ਮੰਨਦੇ ਹਨ……. .’ ਪਰੰਤੂ ਇਸ ਲਿਖਤ ਦਾ ਅਸਲੀ ਪ੍ਰਯੋਜਨ ਸਿੱਖੀ ਨੂੰ ਹਿੰਦੂ ਮੱਤ ਦੇ ਸਮਾਨੰਤਰ ਹੀ ਇੱਕ ਸੰਸਥਾਗਤ ਧਰਮ ਦੇ ਤੌਰ ਤੇ ਪਰਪੱਕ ਕਰਨ ਦਾ ਬਣ ਗਿਆ ਜਦੋਂ ਕਿ ਸਿੱਖੀ ਨੂੰ ਇੱਕ ਸੰਸਥਾਗਤ ਧਰਮ ਦੇ ਤੌਰ ਤੇ ਕਿਆਸਣਾ ਗੁਰੂ ਸਾਹਿਬਾਨ ਵੱਲੋਂ ਚਲਾਈ ਮਾਨਵਵਾਦੀ ਲਹਿਰ ਦੇ ਵਿਪਰੀਤ ਜਾਂਦਾ ਸੀ। ਇੱਸੇ ਕਾਲ ਵਿੱਚ ਭਾਈ ਗੁਰਮੁਖ ਸਿੰਘ ਅਤੇ ਗਿਆਨੀ ਦਿੱਤ ਸਿੰਘ ਦੀਆਂ ਲਿਖਤਾਂ ਨੇ ਵੀ ਸਿੱਖੀ ਨੂੰ ਇੱਕ ਸੰਸਥਾਗਤ ਧਰਮ ਵਜੋਂ ਹੀ ਪੇਸ਼ ਕਰਨ ਦੀ ਭੂਮਿਕਾ ਨਿਭਾਈ। ਉਨ੍ਹੀਵੀਂ ਸਦੀ ਵਿੱਚ ਸਥਾਪਤ ਹੋਈ ‘ਗੁਰਦੁਆਰਾ’ ਪ੍ਰਣਾਲੀ ਤਹਿਤ ਗੁਰਬਾਣੀ ਬੀੜਾਂ ਦੀ ਮੰਗ ਉੱਠਣ ਲੱਗੀ ਅਤੇ ਵੱਖ-ਵੱਖ ਲਿਖਾਰੀਆਂ ਨੇ ਆਪਣੇ ਤੌਰ ਤੇ ਉਪਲਭਦ ਬੀੜਾਂ ਦੇ ਅਧਾਰ ਤੇ ਹੱਥ-ਲਿਖਤ ਬੀੜਾਂ ਤਿਆਰ ਕਰਨੀਆਂ ਸ਼ੁਰੂ ਕਰ ਦਿੱਤੀਆਂ। ਉਪਲਭਦ ਬੀੜਾਂ ਵਿੱਚ ਲਗ-ਭਗ ਸਾਰੀਆਂ ਹੀ ਭਾਈ ਬੰਨੋ ਵਾਲੀ ਬੀੜ ਦੇ ਉਤਾਰਿਆਂ ਦੇ ਅੱਗੇ ਵਿਗਾੜ ਕੇ ਕੀਤੇ ਗਏ ਉਤਾਰੇ ਸਨ (ਭਾਈ ਬੰਨੋ ਵਾਲੀ ਬੀੜ ਵੀ ‘ਆਦਿ-ਬੀੜ’ ਦਾ ਵਿਗਾੜ ਕੇ ਕੀਤਾ ਗਿਆ ਉਤਾਰਾ ਹੀ ਸੀ)। ਕੁੱਝ ਸੁਹਿਰਦ ਲਿਖਾਰੀਆਂ ਦੇ ਯਤਨਾਂ ਸਦਕਾ ਆਖਿਰ 1430 ਪੰਨਿਆਂ ਵਾਲੀ ਬੀੜ ਬਣੀ ਜਿਸ ਨੂੰ 1911 ਈਸਵੀ ਵਿੱਚ ‘ਲਹੌਰ ਦੀ ਸੰਗਤ ਵਾਲੀ ਬੀੜ’ ਦੇ ਤੌਰ ਤੇ ਛਾਪੇਖਾਨੇ ਰਾਹੀਂ ਤਿਆਰ ਕੀਤਾ ਗਿਆ ਅਤੇ ਇੱਸੇ ਨੂੰ ਹੀ ਟਕਸਾਲੀ ਬੀੜ ਮੰਨ ਲਿਆ ਗਿਆ (ਇਸ ਬੀੜ ਵਿੱਚ ‘ਰਾਗਮਾਲਾ’ ਅਤੇ ਕੁੱਝ ਹੋਰ ਵਾਧੂ ਰਚਨਾਵਾਂ ਸ਼ਾਮਲ ਸਨ)। 1897 ਈਸਵੀ ਵਿੱਚ ਅੰਗਰੇਜ਼ ਸ਼ਾਸਕਾਂ ਦੀ ਸਰਪ੍ਰਸਤੀ ਹੇਠ ਬਣੀ ਇੱਕ ਅਖੌਤੀ ਸੋਧਕ ਕਮੇਟੀ ਰਾਹੀਂ ਕੋਲਬਰੁਕ ਵੱਲੋਂ 1873 ਈਸਵੀ ਵਿੱਚ ਤਿਆਰ ਕੀਤੇ ‘ਦਸਮ ਪਾਤਸਾਹ ਕਾ ਗ੍ਰੰਥ’ ਦੇ ਆਧਾਰ ਤੇ ਅਖੌਤੀ ‘ਦਸਮ ਗ੍ਰੰਥ’ ਨੂੰ ‘ਸ੍ਰੀ ਦਸਮ ਗ੍ਰੰਥ’ ਸਿਰਲੇਖ ਹੇਠ ਮਾਨਤਾ ਦਿਵਾ ਦਿੱਤੀ ਗਈ।

ਇਸ ਦੌਰ ਦੇ ਸਿਰਕੱਢ ਲਿਖਾਰੀ ਭਾਈ ਵੀਰ ਸਿੰਘ ਉੱਤੇ ਆਪਣੀਆਂ ਧਾਰਮਿਕ ਲਿਖਤਾਂ ਵਿੱਚ ਬ੍ਰਾਹਮਣਵਾਦੀ ਪਹੁੰਚ ਅਪਣਾਉਣ ਦੇ ਦੋਸ਼ ਲਗਦੇ ਹਨ। ਸੰਪਰਦਾਈ ਸਿਖ ਭਾਈਚਾਰੇ ਨੂੰ ਹੇਮਕੁੰਡ ਦਾ ਤੋਹਫਾ ਭਾਈ ਵੀਰ ਸਿੰਘ ਦਾ ਹੀ ਦਿੱਤਾ ਹੋਇਆ ਹੈ। ਭਾਈ ਕਾਹਨ ਸਿੰਘ ਨਾਭਾ ਨੇ ਮੱਤਵਪੂਰਨ ਲਿਖਤਾਂ ਦਿੱਤੀਆਂ ਹਨ ਵਿਸ਼ੇਸ਼ ਕਰਕੇ ‘ਮਹਾਨ ਕੋਸ਼’ ਪ੍ਰੰਤੂ ਉਹ ਵਿਵਾਦਤ ਮੁੱਦਿਆਂ ਸਬੰਧੀ ਸਥਿਤੀ ਨੂੰ ਸਪਸ਼ਟ ਕਰਨ ਦੀ ਥਾਂ ਤੇ ਗੱਲ ਨੂੰ ਗੋਲ-ਮੋਲ ਕਰ ਜਾਂਦਾ ਹੈ ਜਿਵੇਂ ਅਕਾਲ-ਤਖਤ, ਕਰਤਾਰਪੁਰੀ ਬੀੜ, ਰਾਗਮਾਲਾ, ਦਸਮ ਗ੍ਰੰਥ, ਸਹਜਧਾਰੀ ਸਿਖ ਆਦਿਕ ਸਬੰਧੀ।

ਪੜਾਅ ਛੇਵਾਂ

ਇਤਹਾਸਿਕ ਸਿਖ ਅਸਥਾਨਾਂ ਤੇ ਕਾਬਜ਼ ਮਹੰਤਾਂ ਦੀਆਂ ਬੇਨਿਯਮੀਆਂ ਵਿਰੁਧ ਗੁਰਦੁਆਰਾ ਸੁਧਾਰ ਲਹਿਰ ਰਾਹੀਂ ਕੀਤੇ ਗਏ ਸੰਘਰਸ਼ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਛੋਟਾ ਕਰਕੇ ‘ਸ਼੍ਰੋਮਣੀ ਕਮੇਟੀ’ ) ਹੋਂਦ ਵਿੱਚ ਆਈ। ਇਹ ਬੜੀ ਅਚੰਭੇ ਵਾਲੀ ਗੱਲ ਸੀ ਕਿ ਸੰਸਾਰ ਭਰ ਦੇ ਧਰਮਾਂ ਵਿੱਚੋਂ ਕੇਵਲ ਸਿਖ ਧਰਮ ਸਬੰਧੀ ਹੀ ਅਜਿਹਾ ਐਕਟ ਪਾਸ ਕੀਤਾ ਗਿਆ ਜਿਸ ਰਾਹੀਂ ਬਣੇ ‘ਗੁਰਦੁਆਰਾ ਸੈਂਟਰਲ ਬੋਰਡ’ (ਬਾਦ ਵਿੱਚ ‘ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ’ ) ਨੇ ਇਸ ਧਰਮ ਦੇ ਪੂਜਾ-ਅਸਥਾਨਾਂ ਦੇ ਪ੍ਰਬੰਧ ਨੂੰ ਚਲਾਉਣਾ ਸੀ। ਇਸ ਐਕਟ ਦਾ ਨਾਮ ‘ਸਿਖ ਗੁਰਦੁਆਰਾਜ਼ ਐਕਟ 1925’ ਸੀ। ਇਸ ਐਕਟ ਅਨੁਸਾਰ ਸ਼੍ਰੋਮਣੀ ਕਮੇਟੀ ਨੇ ਪੰਜਾਬ ਪ੍ਰਾਂਤ ਵਿੱਚ ਸਥਿਤ ਇਤਿਹਾਸਕ ਮਹੱਤਤਾ ਰੱਖਣ ਵਾਲੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਣਾ ਸੀ। ਅੰਗਰੇਜ਼ ਹਕੂਮਤ ਦੀ ਸ਼ਹਿ ਥੱਲੇ ਇਸ ਸ਼੍ਰੋਮਣੀ ਕਮੇਟੀ ਨੇ ਪਹਿਲਾਂ ਤਾਂ ਆਪਣੀ ਪ੍ਰਬੰਧ-ਵਿਵਸਥਾ ਵਿੱਚ ਬ੍ਰਾਹਮਣਵਾਦੀ ਧਿਰਾਂ ਦਾ ਸਿੱਧਾ ਦਖਲ ਪਰਵਾਨ ਕਰ ਲਿਆ ਅਤੇ ਫਿਰ ਸਮਾਂ ਪਾਕੇ ਇਹ ਹਿੰਦੂ ਕੱਟੜਵਾਦੀ ਸੰਸਥਾਵਾਂ ਦੇ ਪਰਭਾਵ ਥੱਲੇ ਬਿੱਪਰਵਾਦ ਨੂੰ ਸੰਸਥਾਗਤ ਸਿਖ ਧਰਮ ਵਿੱਚ ਵਾੜ ਕੇ ਇਸ ‘ਧਰਮ’ ਨੂੰ ਵੀ ਮਲੀਆਮੇਟ ਕਰਨ ਵਿੱਚ ਮੋਹਰੀ ਭੂਮਿਕਾ ਨਿਭਾਉਣ ਲੱਗ ਪਈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਆਉਣ ਵਾਲੇ ਗੁਰਦੁਆਰਿਆਂ ਦੀ ਸੂਚੀ (ਜੋ ਇਸ ਐਕਟ ਦੇ ਹਿੱਸੇ ਦੇ ਤੌਰ ਤੇ ਪੇਸ਼ ਕੀਤੀ ਗਈ ਹੋਈ ਸੀ) ਵਿੱਚ ਦਰਬਾਰ ਸਾਹਿਬ ਦੇ ਸਾਹਵੇਂ ਦਰਸ਼ਨੀ ਡਿਉੜ੍ਹੀ ਦੇ ਕੋਲ ਸਥਿਤ ਗੁਰਦੁਆਰਾ ‘ਅਕਾਲ ਬੁੰਗਾ’ ਨੂੰ ਧੋਖੇ ਨਾਲ ‘ਸ੍ਰੀ ਅਕਾਲ ਤਖਤ ਸਾਹਿਬ’ ਕਰਕੇ ਵਿਖਾ ਦਿੱਤਾ ਗਿਆ। ਇੱਸੇ ਤਰ੍ਹਾਂ ਅਨੰਦਪੁਰ ਦੇ ਗੁਰਦੁਆਰਾ ‘ਕੇਸਗੜ੍ਹ’ ਨੂੰ ਵੀ ਧੋਖੇ ਨਾਲ ‘ਤਖਤ ਕੇਸਗੜ੍ਹ ਸਾਹਿਬ’ ਦੇ ਤੌਰ ਤੇ ਵਿਖਾਇਆ ਗਿਆ। ਐਕਟ ਵਿੱਚ ਇਹ ਸਪਸ਼ਟ ਨਹੀਂ ਕੀਤਾ ਗਿਆ ਕਿ ਇੱਕ ਗੁਰਦੁਆਰੇ ਅਤੇ ਇੱਕ ਤਖਤ ਵਿੱਚ ਕੀ ਅੰਤਰ ਹੁੰਦਾ ਹੈ ਅਤੇ ਕਿਸ ਆਧਾਰ ਤੇ ਉੱਪਰ ਦੱਸੇ ਦੋ ਗੁਰਦੁਆਰਿਆਂ ਨੂੰ ਤਖਤਾਂ ਦੇ ਤੌਰ ਤੇ ਵਿਖਾਇਆ ਗਿਆ ਹੈ (ਇਸ ਨੁਕਤੇ ਨੂੰ ਅਜ ਤਕ ਵੀ ਕਿਸੇ ਨੇ ਸਪਸ਼ਟ ਨਹੀਂ ਕੀਤਾ)। 1930 ਈਸਵੀ ਤੋਂ ਲੈਕੇ ‘ਅਕਾਲ ਤਖਤ ਸਾਹਿਬ’ ਅਤੇ ‘ਤਖਤ ਕੇਸਗੜ੍ਹ ਸਾਹਿਬ’ ਲਈ ‘ਜੱਥਦਾਰ’ ਦੀ ਅਸਾਮੀ ਬਣਾ ਲਈ ਗਈ ਜਦੋਂ ਕਿ ਸਬੰਧਤ ਐਕਟ ਵਿੱਚ ਅਜਿਹੇ ‘ਜੱਥੇਦਾਰ’ ਦੀ ਕੋਈ ਅਸਾਮੀ ਨਹੀਂ ਸੀ ਰੱਖੀ ਗਈ। ਬੜੀ ਹੀ ਅਚੰਭੇ ਵਾਲੀ ਗੱਲ ਹੈ ਕਿ ਸ਼੍ਰੋਮਣੀ ਕਮੇਟੀ ਪਿਛਲੇ ਅੱਸੀ ਸਾਲਾਂ ਤੋਂ ਇੱਕ ਐਸੀ ਨਿਯੁਕਤੀ ਕਰਦੀ ਆ ਰਹੀ ਹੈ ਜਿਸ ਬਾਰੇ ਕਾਨੂੰਨ ਦੀ ਕੋਈ ਮਨਜ਼ੂਰੀ ਨਹੀਂ। ਨਾਲ ਹੀ ਨੰਦੇੜ ਅਤੇ ਪਟਨੇ ਦੇ ਗੁਰਦੁਆਰਿਆਂ ਨੂੰ ਵੀ ਤਖਤ ਘੋਸ਼ਿਤ ਕਰਕੇ ਤਖਤਾਂ ਦੀ ਗਿਣਤੀ ਹਿੰਦੂਆਂ ਦੇ ਚਾਰ ਧਾਮਾਂ ਅਤੇ ਚਾਰ ਮੱਠਾਂ ਦੇ ਸਮਾਨੰਤਰ ਬਣਾ ਦਿੱਤੀ ਗਈ। ਇਹਨਾਂ ਤਖਤਾਂ ਵਿੱਚੋਂ ‘ਅਕਾਲ ਤਖਤ’ ਨੂੰ ਸਰਵਉੱਚ ਕਰ ਦਿੱਤਾ ਗਿਆ ਅਤੇ ਅਕਾਲ-ਤਖਤ ਦੇ ਜੱਥੇਦਾਰ ਨੂੰ ਪਹਿਲੇ ਨੰਬਰ ਤੇ ਰੱਖਦੇ ਹੋਏ ਉਸ ਨੂੰ ਬਾਕੀ ਜੱਥੇਦਾਰਾਂ ਨਾਲ ਮੀਟਿੰਗ ਕਰਕੇ ਸਿਖ ਧਰਮ ਸਬੰਧੀ ‘ਹੁਕਮਨਾਮੇ’ ਜਾਰੀ ਕਰਨ ਦਾ ਹੱਕ ਦੇ ਦਿੱਤਾ ਗਿਆ (ਇਹ ਕਾਰਵਾਈ ਅਸਲ ਵਿੱਚ ਜੱਥੇਦਾਰ ਅਕਾਲ-ਤਖਤ ਨੂੰ ਗਿਆਰ੍ਹਵਾਂ ਗੁਰੂ ਘੋਸ਼ਿਤ ਕਰਨ ਵਾਲੀ ਬਣਦੀ ਸੀ)। ‘ਤਖਤਾਂ’ ਸਬੰਧੀ ਇਹ ਸਾਰੇ ਫੈਸਲੇ ਕਿਸ ਦੇ ਹੁਕਮ ਨਾਲ ਕੀਤੇ ਗਏ ਇਸ ਬਾਰੇ ਕਿਸੇ ਨੂੰ ਕੁੱਝ ਪਤਾ ਨਹੀਂ। ਹੁਕਮਨਾਮਿਆਂ ਨੂੰ ਮਾਨਤਾ ਦੁਆਉਣ ਲਈ ‘ਪੰਜ ਪਿਆਰਾ’ ਸਿਸਟਮ ਦਾ ਸਹਾਰਾ ਲੈਂਦੇ ਹੋਏ ਹੁਕਮਨਾਮੇ ਜਾਰੀ ਕਰਨ ਸਬੰਧੀ ਹੋਣ ਵਾਲੀਆਂ ਮੀਟਿੰਗਾਂ ਵਿੱਚ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਨੂੰ ਪੰਜਵੇਂ ਮੈਂਬਰ ਦੇ ਤੌਰ ਤੇ ਸ਼ਾਮਲ ਕਰਨ ਦੀ ਰਵਾਇਤ ਬਣਾ ਲਈ ਗਈ। (ਬਾਦ ਵਿੱਚ 1968 ਈਸਵੀ ਵਿੱਚ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਦੇ ਗੁਰਦੁਆਰੇ ਨੂੰ ਪੰਜਵਾਂ ਤਖਤ ਘੋਸ਼ਿਤ ਕਰ ਦਿੱਤਾ ਗਿਆ ਅਤੇ ਉੱਥੇ ਜੱਥੇਦਾਰ ਦੀ ਨਿਯੁਕਤੀ ਕਰ ਕੇ ਪੰਜਵਾਂ ‘ਪਿਆਰਾ’ ਖੜ੍ਹਾ ਕਰ ਲਿਆ ਗਿਆ)। 1952 ਈਸਵੀ ਵਿੱਚ ਸ਼੍ਰੋਮਣੀ ਕਮੇਟੀ ਨੇ ਇੱਕ ‘ਪ੍ਰਬੰਧ ਸਕੀਮ’ ਪੇਸ਼ ਕੀਤੀ ਜਿਸ ਰਾਹੀਂ ਅਣਅਧਿਕਾਰਿਤ ਤੌਰ ਤੇ ‘ਅਕਾਲ-ਤਖਤ’ ਤੇ ‘ਤਖਤ ਕੇਸਗੜ੍ਹ’ ਦੇ ਹੈਡ-ਮਿਨਿਸਟਰਾਂ ਭਾਵ ਮੁੱਖ-ਗ੍ਰੰਥੀਆਂ ਦੇ ਅਹੁਦੇ ਨੂੰ ‘ਜੱਥੇਦਾਰ’ ਦਾ ਨਾਮ ਦੇਣ ਦਾ ਫੈਸਲਾ ਜਾਰੀ ਕੀਤਾ ਗਿਆ (ਇਸ ਤੋਂ ਇਹ ਵੀ ਜਾਪਦਾ ਹੈ ਕਿ ਹੁਣ ਤਕ ਇਹਨਾਂ ‘ਤਖਤਾਂ’ ਉੱਤੇ ‘ਮੁੱਖ ਗ੍ਰੰਥੀ’ ਹੀ ਤਾਇਨਾਤ ਸਨ ਅਤੇ ਉਹਨਾਂ ਲਈ ‘ਜੱਥੇਦਾਰ’ ਸ਼ਬਦ ਦੀ ਵਰਤੋਂ ਅਣਅਧਿਕਾਰਿਤ ਤੌਰ ਤੇ ਕੀਤੀ ਜਾ ਰਹੀ ਸੀ ਅਤੇ ਹੁਣ ‘ਪ੍ਰਬੰਧ ਸਕੀਮ’ ਦੇ ਨਾਮ ਤੇ ਇਸ ਤਬਦੀਲੀ ਨੂੰ ਮਾਨਤਾ ਦੁਆਉਣ ਦਾ ਗੈਰ-ਕਾਨੂੰਨੀ ਤਰੀਕਾ ਅਪਣਾਇਆ ਗਿਆ ਸੀ)। ਇਹਨਾਂ ਸਾਰੇ ਫੈਸਲਿਆਂ ਸਬੰਧੀ ਸਿਖ ਗੁਰਦੁਆਰਾਜ਼ ਐਕਟ 1925 ਵਿੱਚ ਕਦੀ ਕੋਈ ਤਰਮੀਮ (Amendment) ਨਹੀਂ ਕੀਤੀ ਗਈ। ਸ਼੍ਰੋਮਣੀ ਕਮੇਟੀ ਰਾਹੀਂ ਦੂਸਰੀ ਘੋਰ ਬੇਨਿਯਮੀ ‘ਰਹਿਤ-ਮਰਯਾਦਾ’ ਬਣਾ ਕੇ ਕੀਤੀ ਗਈ। ਇਸ ‘ਰਹਿਤ-ਮਰਿਯਾਦਾ’ ਨੂੰ ਬਣਾਉਣ ਵਿੱਚ 14 ਸਾਲ ਲੱਗੇ ਅਤੇ ਲੰਬੀ ਸੋਚ-ਵਿਚਾਰ ਤੋਂ ਬਾਦ ਇਸ ਰਾਹੀਂ ‘ਅੰਮ੍ਰਿਤ ਛਕਣ’, ਨਿੱਤਨੇਮ, ਅਰਦਾਸ ਅਦਿਕ ਦੀਆਂ ਰਹੁ-ਰੀਤਾਂ ਵਿੱਚ ਬ੍ਰਾਹਮਣਵਾਦੀ ਅੰਸ਼ ਭਰ ਲਏ ਗਏ ਅਤੇ ਸਹਜ-ਪਾਠ, ਅਖੰਡ-ਪਾਠ, ਨਗਰ ਕੀਰਤਨ, ਸਿਰੋਪੇ ਦੇਣ, ਰੁਮਾਲੇ ਚੜ੍ਹਾਉਣ, ਰੈਣ-ਸਭਾਈਆਂ, ਤੀਰਥ-ਯਾਤਰਾਵਾਂ ਵਰਗੇ ਕਰਮ-ਕਾਂਡ ਚਾਲੂ ਕਰ ਲਏ ਗਏ। ਇਹਨਾਂ ਰਹੁ-ਰੀਤਾਂ ਦੇ ਨਿਭਾ ਵੇਲੇ ਉਚਾਰਨ ਵਾਲੀਆਂ ਰਚਨਾਵਾਂ ਵਿੱਚ ਅਖੌਤੀ ਦਸਮ ਗ੍ਰੰਥ ਦੇ ਕੁੱਝ ਹਿੱਸੇ ਵੀ ਸ਼ਾਮਲ ਕੀਤੇ ਗਏ ਜਦੋਂ ਕਿ ਅਖੌਤੀ ਦਸਮ ਗ੍ਰੰਥ ਵਿਚਲੀ ਕੋਈ ਵੀ ਰਚਨਾ ਗੁਰੂ ਗੋਬਿੰਦ ਸਿੰਘ ਜੀ ਦੀ ਲਿਖੀ ਹੋਈ ਨਹੀਂ ਹੈ। ਇਸ ‘ਰਹਿਤ-ਮਰਿਆਦਾ’ ਨੂੰ ‘ਅਕਾਲ-ਤਖਤ’ ਦੇ ਨਾਮ ਥੱਲੇ ਜਾਰੀ ਕੀਤਾ ਗਿਆ ਅਤੇ ਇਸ ਤਰ੍ਹਾਂ ਅਕਾਲ-ਤਖਤ ਵੱਲੋਂ ਹੀ ਅਖੌਤੀ ਦਸਮ ਗ੍ਰੰਥ ਨੂੰ ਮਾਨਤਾ ਦਿਵਾ ਲਈ ਗਈ। ਤੀਸਰੀ ਬੇਨਿਯਮੀ 1430 ਪੰਨਿਆਂ ਦੀ ਬੀੜ ਨੂੰ ਮਾਨਤਾ ਦੇਣੀ ਹੈ ਜਿਸ ਵਿੱਚ ਅਣਅਧਿਕਾਰਿਤ ਰਚਨਾ ‘ਰਾਗਮਾਲਾ’ ਸ਼ਾਮਲ ਕੀਤੀ ਹੋਈ ਹੈ। ਕਿਉਂਕਿ ਇਹ ਬੀੜ ਸਿੱਧੇ ਤੌਰ ਤੇ ‘ਆਦਿ-ਬੀੜ’ ਜਾਂ ‘ਦਮਦਮੀ ਬੀੜ’ ਉੱਤੇ ਆਧਾਰਿਤ ਨਹੀਂ ਇਸ ਵਿੱਚ ਹੋਰ ਵੀ ਕਈ ਇੰਦਰਾਜ਼ ਐਸੇ ਸਨ ਜਿਹਨਾਂ ਨੂੰ ਸੋਧਣ ਦੀ ਲੋੜ ਸੀ (ਇਹ ਸਥਿਤੀ ਸ਼੍ਰੋਮਣੀ ਕਮੇਟੀ ਵੱਲੋਂ 1977 ਈਸਵੀ ਵਿੱਚ ਪ੍ਰਕਾਸ਼ਿਤ ਕੀਤੀ ਗਈ ਪੁਸਤਕ ‘ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੰਥਾ ਪੋਥੀਆਂ ਅਤੇ ਪੁਰਾਤਨ ਹੱਥ ਲਿਖਤਾਂ ਦੇ ਪਰਸਪਰ ਪਾਠ ਭੇਦਾਂ ਦੀ ਸੂਚੀ’ ਤੋਂ ਵੀ ਪਰਤੱਖ ਹੋ ਜਾਂਦੀ ਹੈ)। ਪਰੰਤੂ ਸ਼੍ਰੋਮਣੀ ਕਮੇਟੀ ਨੇ ਇਸ ਪਾਸੇ ਕੋਈ ਧਿਆਨ ਨਾ ਦਿੱਤਾ ਕਿਉਂਕਿ ਇੱਕ ਆਦਰਸ਼ਕ ਗੁਰਦੁਆਰਾ ਪ੍ਰਬੰਧ ਸੁਨਿਸਚਤ ਕਰਨ ਦੀ ਬਜਾਇ ਇਸ ਦਾ ਸਾਰਾ ਧਿਆਨ ਗੁਰਦੁਆਰਾ ਪ੍ਰਬੰਧ ਰਾਹੀਂ ਸੰਪਰਦਾਈ ਸਿੱਖਾਂ ਦੇ ਜੀਵਨ ਵਿੱਚ ਬ੍ਰਾਹਮਣਵਾਦ ਦੇ ਅੰਸ਼ ਭਰਨ ਵਿੱਚ ਲੱਗਾ ਹੋਇਆ ਸੀ। ਉੱਧਰ ਸੰਪਰਦਾਈ ਸਿਖ ਆਗੂ ਸਿਆਸੀ ਲਾਹੇ ਦੀ ਉਮੀਦ ਵਿੱਚ ਭਾਰਤ ਦੀ ਅਜ਼ਾਦੀ ਦੀ ਲੜਾਈ ਵਿੱਚ ਵਧ-ਚੜ੍ਹ ਕੇ ਹਿੱਸਾ ਲੈ ਰਹੇ ਸਨ (ਅਜ਼ਾਦੀ ਦੀ ਲੜਾਈ ਵਿੱਚ ਅੱਸੀ ਫੀ ਸਦੀ ਕੁਰਬਾਨੀਆਂ ਸੰਪਰਦਾਈ ਸਿਖ ਭਾਈਚਾਰੇ ਦੀਆਂ ਹੀ ਸਨ) ਅਤੇ ਉਹਨਾਂ ਆਗੂਆਂ ਕੋਲ ਨਾ ਤਾਂ ਗੁਰੂ ਸਾਹਿਬਾਨ ਦੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਦੀ ਲੋੜ ਨੂੰ ਮਹਿਸੂਸ ਕਰਨ ਦੀ ਸੂਝ ਸੀ ਅਤੇ ਨਾ ਹੀ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਦੇ ਸੁਧਾਰ ਵੱਲ ਧਿਆਨ ਦੇਣ ਲਈ ਸਮਾ ਸੀ।

1947 ਈਸਵੀ ਤੋਂ ਬਾਦ ਸੰਪਰਦਾਈ ਸਿਖ ਆਗੂਆਂ ਨੂੰ ਕੋਈ ਸਿਆਸੀ ਲਾਭ ਨਾ ਦਿੱਤਾ ਗਿਆ ਸਗੋਂ ਭਾਰਤ ਸਰਕਾਰ ਦਾ ਰਵਈਆ ਸਿਖ ਫਿਰਕੇ ਪ੍ਰਤੀ ਨਫਰਤ, ਦੁਸ਼ਮਣੀ ਅਤੇ ਵਿਤਕਰੇ ਵਾਲਾ ਬਣ ਕੇ ਸਾਹਮਣੇ ਅਇਆ। ਅਸਲ ਵਿੱਚ ਅੰਗਰੇਜ਼ ਸ਼ਾਸਕ ਹੀ ਭਾਰਤ ਦੇ ਉਸ ਵੇਲੇ ਦੇ ਚੋਟੀ ਦੇ ਕਾਂਗਰਸ ਆਗੂਆਂ ਨੂੰ ਇਹ ਪਾਠ ਪੜ੍ਹਾ ਗਏ ਸਨ ਕਿ ਅਜ਼ਾਦੀ ਤੋਂ ਬਾਦ ਸਿਖ ਭਾਈਚਾਰੇ ਪ੍ਰਤੀ ਕੀ ਪਹੁੰਚ ਅਪਣਾਉਣੀ ਠੀਕ ਰਹੇਗੀ। ਸਿੱਟੇ ਦੇ ਤੌਰ ਤੇ ਸਿਖ ਫਿਰਕੇ ਦੇ ਲੋਕ ਅਜ਼ਾਦ ਭਾਰਤ ਵਿੱਚ ਦੂਜੇ ਦਰਜੇ ਦੇ ਸ਼ਹਿਰੀ ਬਣ ਗਏ ਅਤੇ ਬਣੇ ਚਲੇ ਆ ਰਹੇ ਹਨ। ਉਹਨਾਂ ਨੂੰ ਅਜ਼ਾਦ ਭਾਰਤ ਵਿੱਚ ਵੀ ਆਪਣੇ ਹੱਕਾਂ ਲਈ ਸਦਾ ਅੰਦੋਲਨਾਂ ਦਾ ਰਾਹ ਅਪਣਾਉਣਾ ਪਿਆ ਹੈ। ਉਹਨਾਂ ਨੂੰ 1947 ਈਸਵੀ ਦੇ ਵੇਲੇ ਹੋਈ ਵੰਡ ਦਾ ਸੰਤਾਪ, 1984 ਈਸਵੀ ਵਿੱਚ ਹੋਏ ਧਾਰਮਿਕ ਅਸਥਾਨਾਂ ਤੇ ਫੌਜੀ ਹਮਲੇ ਅਤੇ ਇੱਸੇ ਸਾਲ ਹੋਏ ਸਿਖ ਫਿਰਕੇ ਦੇ ਕਤਲੇਆਮ ਵਰਗੇ ਦਿਲ-ਕੰਬਾਊ ਹਾਲਾਤ ਵੀ ਵੇਖਣੇ ਪਏ ਹਨ। ਛੋਟੇ ਪੱਧਰ ਤੇ ਇਹੋ ਜਿਹੀਆਂ ਘਟਨਾਵਾਂ ਆਮ ਹੀ ਹੁੰਦੀਆਂ ਆ ਰਹੀਆਂ ਹਨ। ਇਸ ਤਰ੍ਹਾਂ ਦੀਆਂ ਪ੍ਰਸਥਿਤੀਆਂ ਵਿੱਚ ਸ਼੍ਰੋਮਣੀ ਕਮੇਟੀ ਨੂੰ ਮਨਮਾਨੀਆਂ ਕਰਨ ਦਾ ਮੌਕਾ ਮਿਲਦਾ ਆਇਆ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕਾਂ ਉੱਤੇ ਕੁਰਹਿਤਾਂ, ਬੇਨਿਯਮੀਆਂ ਅਤੇ ਧਾਂਦਲੀਆਂ ਦੇ ਦੋਸ਼ ਆਮ ਹੀ ਲੱਗਦੇ ਰਹਿੰਦੇ ਹਨ। ਸ਼੍ਰੋਮਣੀ ਕਮੇਟੀ ਗੁਰਦੁਆਰਾ ਪ੍ਰਬੰਧ ਰਾਹੀਂ ਸਿਖ ਫਿਰਕੇ ਵਿੱਚ ਬ੍ਰਾਹਮਣਵਾਦ ਦੇ ਦਖਲ ਨੂੰ ਦਿਨਬਦਿਨ ਪਕਿਆਂ ਕਰਨ ਵਿੱਚ ਲੱਗੀ ਹੋਈ ਹੈ। ਇੱਸੇ ਰੁਝਾਨ ਤਹਿਤ ਸ਼੍ਰੋਮਣੀ ਕਮੇਟੀ ਵੱਲੋਂ ਸਿਖ ਗੁਰੂ ਸਾਹਿਬਾਨ ਦਾ ਘੋਰ ਅਪਮਾਨ ਕਰਨ ਵਾਲੀਆਂ ਮਨਮੱਤੀ ਪੁਸਤਕਾਂ ‘ਗੁਰਬਿਲਾਸ ਪਾਤਸ਼ਾਹੀ 6’ (1998 ਈਸਵੀ ਵਿਚ) ਹਿੰਦੀ ਵਿੱਚ ‘ਸਿਖ ਇਤਹਾਸ’ (1999 ਈਸਵੀ ਵਿਚ) ਪ੍ਰਕਾਸ਼ਿਤ ਕੀਤੀਆਂ ਗਈਆਂ। ਸ਼੍ਰੋਮਣੀ ਕਮੇਟੀ ਨੂੰ ਹੋ ਰਹੀ ਸ਼ਰਧਾਲੂਆਂ ਦੇ ਚੜ੍ਹਾਵੇ, ਜਾਇਦਾਦਾਂ ਤੋਂ ਵਸੂਲੀ ਅਤੇ ਸੰਸਥਾਵਾਂ `ਚੋਂ ਮੁਨਾਫੇ ਦੇ ਰੂਪ ਬਹੁ-ਅਕਾਰੀ ਆਮਦਨ ਦੇ ਲੇਖੇ-ਜੋਖੇ ਨੂੰ ਲੈ ਕੇ ਇਸ ਦੀ ਸਿਖ ਭਾਈਚਾਰੇ ਵਿੱਚ ਸਾਖ ਕਾਫੀ ਨਿਰਾਸ਼ਾਜਨਕ ਹੈ। ਸ਼੍ਰੋਮਣੀ ਕਮੇਟੀ ਦੇ ਇਲੈਕਸ਼ਨ ਸਿਆਸੀ ਪਾਰਟੀਆਂ ਦੇ ਦਖਲ ਰਾਹੀਂ ਹੁੰਦੇ ਹਨ ਅਤੇ ਹਰ ਅਜਿਹੇ ਇਲੈਕਸ਼ਨ ਵਿੱਚ ਭਾਰਤ ਦੇ ਸਿਆਸੀ ਇਲੈਕਸ਼ਨਾਂ ਦੇ ਸਾਰੇ ਦੋਸ਼ ਆ ਸ਼ਾਮਲ ਹੁੰਦੇ ਹਨ। ਸ਼੍ਰੋਮਣੀ ਕਮੇਟੀ ਦੇ ਅਧਿਕਾਰ ਹੇਠ ਪੈਂਦੇ ਗੁਰਦੁਆਰਾ ਸਿਸਟਮ ਵਿੱਚ ਫੈਲੇ ਕਰਮਕਾਂਡਾਂ ਅਤੇ ਭਰਿਸ਼ਟਾਚਾਰ ਨੇ ਸਿਖ ਫਿਰਕੇ ਦੇ ਆਮ ਲੋਕਾਂ ਦੇ ਸਭਿਆਚਾਰ ਤੇ ਡੂੰਢਾ ਅਸਰ ਪਾਇਆ ਹੈ ਕਿਉਂਕਿ ਉਹ ਸਮਾਜਕ ਤੌਰ ਤੇ ਗੁਰਦੁਆਰਾ ਪ੍ਰਬੰਧ ਨਾਲ ਜੁੜ ਚੁੱਕੇ ਹੋਏ ਹਨ ਅਤੇ ਇਸ ਵਿਗੜੇ ਹੋਏ ਪ੍ਰਬੰਧ ਨੇ ਸਿਖ ਫਿਰਕੇ ਦੇ ਸਭਿਆਚਾਰ ਨੂੰ ਹੀ ਵਿਗਾੜ ਕੇ ਰੱਖ ਦਿੱਤਾ ਹੈ।

ਅਜੋਕੇ ਸਮੇਂ ਵੱਲ ਧਿਆਨ ਮਾਰਦਿਆਂ ਅਸੀਂ ਵੇਖਦੇ ਹਾਂ ਕਿ ਸ਼੍ਰੋਮਣੀ ਕਮੇਟੀ ਦਾ ਪ੍ਰਬੰਧ ਅਸਿੱਧੇ ਤੌਰ ਤੇ ‘ਪੰਥਕ ਪਾਰਟੀ’ ਹੋਣ ਦਾ ਪਰਪੰਚ ਰਚਾ ਕੇ ਪੰਜਾਬ ਵਿੱਚ ਸੱਤਾ ਤੇ ਕਾਬਜ਼ ਹੋਣ ਵਾਲੀ ਧਿਰ ਦੇ ਹੱਥਾਂ ਵਿੱਚ ਹੀ ਰਹਿੰਦਾ ਹੈ। ਕਿਉਂਕਿ ਪੰਜਾਬ ਸਥਿਤ ਤਖਤਾਂ ਦੇ ਜੱਥੇਦਾਰ ਸ਼੍ਰੋਮਣੀ ਕਮੇਟੀ ਦੇ ਕਰਮਚਾਰੀ ਹੁੰਦੇ ਹਨ (ਉਹ ਵੀ ਜਾਹਲੀ) ਉਹਨਾਂ ਦੀ ਵਾਗ-ਡੋਰ ਪੰਜਾਬ ਵਿੱਚ ਸੱਤਾ ਤੇ ਕਾਬਜ਼ ਹੋਣ ਵਾਲੀ ‘ਪੰਥਕ’ ਧਿਰ ਦੇ ਹੱਥ ਹੁੰਦੀ ਹੈ ਜਿਸ ਕਰਕੇ ਸਾਰੇ ਹੁਕਮਨਾਮੇ ਸਿਆਸੀ ਦਬਾ ਦੇ ਥੱਲੇ ਹੀ ਜਾਰੀ ਕੀਤੇ ਜਾਂਦੇ ਹਨ। ‘ਸਹਜਧਾਰੀ ਸਿਖ ਸਭਾ’ ਵੱਲੋਂ ‘ਸਹਜਧਾਰੀ ਸਿਖ’ ਅਖਵਾਉਂਦੇ ਲੋਕਾਂ ਲਈ ਸ਼੍ਰੋਮਣੀ ਕਮੇਟੀ ਦੇ ਵੋਟਰਾਂ ਵਜੋਂ ਮਾਨਤਾ ਪਰਾਪਤ ਕਰਨ ਲਈ ਕੀਤੀ ਕਾਨੂੰਨੀ ਚਾਰਾਜੋਈ ਕਰਕੇ ਸ਼੍ਰੋਮਣੀ ਕਮੇਟੀ ਦੀ ਕਾਰਗੁਜ਼ਾਰੀ ਤੇ ਰੋਕ ਲੱਗੀ ਹੋਈ ਹੈ ਅਤੇ ਇਸ ਦਾ ਅਗਲਾ ਇਲੈਕਸ਼ਨ ਹੋਣਾ ਵੀ ਅਨਿਸਚਤ ਹੈ। ਸ਼੍ਰੋਮਣੀ ਕਮੇਟੀ ਦੀ ਅੰਤਰਿੰਗ ਕਮੇਟੀ ਮਨਮਾਨੀ ਕਰ ਰਹੀ ਹੈ ਜਿਸ ਦੀ ਤਾਜ਼ਾ ਉਦਾਹਰਨ ਗੈਰਕਾਨੂੰਨੀ ਢੰਗ ਨਾਲ ਚੀਫ ਸੈਕਟਰੀ ਦੀ ਨਿਯੁਕਤੀ ਕਰਨਾ ਹੈ। ਅਖੌਤੀ ਅਕਾਲ ਤਖਤ ਦੇ ਅਖੌਤੀ ਜੱਥੇਦਾਰ ਅਤੇ ਬਾਕੀ ਜੱਥੇਦਾਰਾਂ ਦੀ ਨਿਯੁਕਤੀ ਵੀ ਇਹੋ ਜਿਹੀ ਹੀ ਬੇਨਿਯਮੀ ਹੈ।

ਉੱਧਰ ਪਾਕਿਸਤਾਨ ਗੁਰਦੁਆਰਾ ਪ੍ਰਬੰਧਕ ਕਮੇਟੀ, ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆ ਜਾਣ ਕਰਕੇ ਸ਼੍ਰੋਮਣੀ ਕਮੇਟੀ ਦਾ ਘੇਰਾ ਅਜੋਕੇ ਪੰਜਾਬ ਤਕ ਸੀਮਿਤ ਹੋ ਗਿਆ ਹੈ। ਵੱਡੀ ਗਿਣਤੀ ਵਿੱਚ ਸਿਖ ਫਿਰਕੇ ਦੇ ਲੋਕ ਬਾਹਰਲੇ ਮੁਲਕਾਂ ਰਹਿ ਰਹੇ ਹਨ। ਫਿਰ ਵੀ ਅਕਾਲ-ਤਖਤ ਦੀ ਦੁਰਵਰਤੋਂ ਰਾਹੀਂ ਇਹ ਦੇਸ-ਵਿਦੇਸ ਵਿੱਚ ਵੱਸਦੇ ਸੰਪਰਦਾਈ ਸਿਖ ਭਾਈਚਾਰੇ ਦੇ ਲੋਕਾਂ ਉੱਤੇ ਦਬਦਬਾ ਬਣਾ ਕੇ ਰੱਖਣ ਵਿੱਚ ਕਾਮਯਾਬ ਹੈ। ਜਾਗਰੂਕਤਾ ਦੀ ਘਾਟ ਕਰਕੇ ਸੰਪਰਦਾਈ ਸਿਖ ਭਾਈਚਾਰੇ ਦੇ ਲਗ-ਭਗ ਸਾਰੇ ਲੋਕ ਅਖੌਤੀ ਅਕਾਲ-ਤਖਤ ਵਿਵਸਥਾ ਨੂੰ ਮਾਨਤਾ ਦੇਈ ਜਾ ਰਹੇ ਹਨ ਅਤੇ ਇਸਦੇ ਕਰਕੇ ਅਖੌਤੀ ਜੱਥੇਦਾਰਾਂ ਨੂੰ ਵੀ। ਹੁਣ ਜਦੋਂ ਪੰਜਾਬ ਦੀ ਸਰਕਾਰ ਚਲਾਉਣ ਵਾਲੀ ‘ਪੰਥਕ’ ਸਿਆਸੀ ਪਾਰਟੀ ਆਪ ਹੀ ਸਿੱਖੀ ਨੂੰ ਮੂਲੋਂ ਹੀ ਖਤਮ ਕਰਨ ਦੇ ਏਜੰਡੇ ਤੇ ਕੰਮ ਕਰ ਰਹੀ ਸੰਸਥਾ ਰਾਸ਼ਟਰੀ ਸਵੈਮ-ਸੇਵਕ ਸੰਘ (ਆਰ. ਐਸ. ਐਸ.) ਦੇ ਹੱਥਾਂ ਵਿੱਚ ਖੇਡ ਰਹੀ ਹੈ ‘ਤਖਤਾਂ’ ਦੇ ‘ਜੱਥੇਦਾਰ’ ਵੀ ਹੁਣ ਆਰ. ਐਸ. ਐਸ. ਦੀਆਂ ਕੱਠਪੁਤਲੀਆਂ ਬਣ ਚੁੱਕੇ ਹਨ (ਆਰ. ਐਸ. ਐਸ. ਇੱਕ ਵਿਦੇਸ਼ੀ ਮੂਲ ਦੀ ਦੇਸ਼-ਧਰੋਹੀ ਸੰਸਥਾ ਹੈ ਜਿਸਦਾ ਟੀਚਾ ਹਿੰਦੂਤਵ ਦੇ ਨਾਮ ਹੇਠ ਘੱਟ-ਗਿਣਤੀਆਂ ਨੂੰ ਦਬਾ ਕੇ ਭਾਰਤ ਵਿੱਚ ਅਰਾਜਕਤਾ ਪੈਦਾ ਕਰਨਾ ਹੈ)। ਇਹ ਜੱਥੇਦਾਰ ਆਰ. ਐਸ. ਐਸ. ਦੇ ਨਿਰਦੇਸ਼ਾਂ ਹੇਠ ਅਜੀਬ-ਅਜੀਬ ਹੁਕਮਨਾਮੇ ਜਾਰੀ ਕਰ ਰਹੇ ਹਨ ਜਿਵੇਂ ‘ਸਿੱਖਾਂ’ ਨੂੰ ਲਵ-ਕੁਸ਼ ਦੀ ਔਲਾਦ ਦੱਸਣਾ, ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਕਰਨਾ ਜਾਂ ਰਦ ਕਰਨਾ, ਬੁੱਧੀਜੀਵੀ ਵਰਗ ਦੇ ਲੋਕਾਂ ਨੂੰ ਸਜ਼ਾ ਲਾਉਣੀ ਜਾਂ ਉਹਨਾਂ ਨੂੰ ਸਿਖ ਧਰਮ ਵਿੱਚੋਂ ਛੇਕਣਾ, ਸ਼੍ਰੋਮਣੀ ਕਮੇਟੀ ਦੇ ਪਰਧਾਨ ਨੂੰ ਸਿਖ ਧਰਮ ਵਿੱਚੋਂ ਛੇਕਣਾ, ਬਦੇਸ਼ਾਂ ਵਿੱਚ ਕੁਰਸੀਆਂ ਤੇ ਬੈਠ ਕੇ ਲੰਗਰ ਛਕਣ ਦੀ ਮਨਾਹੀ ਕਰਨਾ, ਸਿਰਸਾ ਦੇ ਡੇਰੇ ਦੇ ਮੁੱਖੀ ਨੂੰ ਗੁਰੂ ਗੋਬਿੰਦ ਸਿੰਘ ਜੀ ਦਾ ਸਾਂਗ ਰਚਣ ਦੇ ਮਾਮਲੇ ਵਿੱਚ ਮੁਆਫੀ ਦੇਣੀ, ਫਿਰ ਮੁਆਫੀ ਵਾਲੇ ਹੁਕਮਨਾਮੇ ਨੂੰ ਰਦ ਕਰਨਾ ਆਦਿਕ।

ਵੀਹਵੀਂ ਸਦੀ ਵਿੱਚ ਰਚੀਆਂ ਗਈਆਂ ਸਿਖ ਇਤਹਾਸ ਸਬੰਧੀ ਪੁਸਤਕਾਂ ਅਤੇ ਸ਼ੋਧ-ਕਾਰਜ ਪਹਿਲੀਆਂ ਚਾਰ ਸਦੀਆਂ ਵਿੱਚ ਤਿਆਰ ਹੋਈਆਂ ਮਨਮੱਤੀ ਪੁਸਤਕਾਂ ਤੇ ਹੀ ਅਧਾਰਿਤ ਹਨ ਅਤੇ ਇਸ ਸਦੀ ਵਿੱਚ ਤਿਆਰ ਹੋਏ ਗੁਰਬਾਣੀ ਦੇ ਟੀਕੇ ਬ੍ਰਾਹਮਣਵਾਦੀ ਪਰਭਾਵ ਤੋਂ ਮੁਕਤ ਨਹੀਂ। ਸਿਖ ਸੰਸਥਾਗਤ ਧਰਮ ਦਾ ਗਲਬਾ ਬਣਿਆਂ ਹੋਣ ਕਰਕੇ ਵਿਦਿਅਕ ਇਦਾਰਿਆਂ ਵਿੱਚ ਆਦਰਸ਼ਕ ਧਾਰਮਿਕ ਸਿਖਿਆ (ਸਿੱਖੀ ਦੇ ਸੰਦਰਭ ਵਿਚ) ਅਤੇ ਯੂਨੀਵਰਸਟੀਆਂ ਵਿੱਚ ਸਿੱਖੀ ਸਬੰਧੀ ਨਿਰਪੱਖ ਖੋਜ ਸੰਭਵ ਨਹੀਂ।

ਪਿਛਲੇ ਕੁੱਝ ਸਮੇਂ ਤੋਂ ਆਪਣੇ-ਆਪ ਨੂੰ ‘ਜਾਗਰੂਕ’ ਅਖਵਾਉਣ ਵਾਲੇ ‘ਸਿਖ’ ਸੱਜਣ ਵੀ ਕਾਰਜਸ਼ੀਲ ਹੋਏ ਹਨ। ਉਹਨਾਂ ਵਿੱਚ ਵਿਸ਼ੇਸ਼ ਕਰਕੇ ਕੁੱਝ ਲੇਖਕ ਹਨ ਅਤੇ ਉਹਨਾਂ ਦੇ ਨਾਲ-ਨਾਲ ਕੁੱਝ ਪੇਸ਼ਾਵਰ ਪਰਚਾਰਕ, ਕਥਾ-ਵਾਚਕ ਅਤੇ ਕੀਰਤਨੀਏ ਸ਼ਾਮਲ ਹਨ। ਪਰੰਤੂ ਉਹ ਵਿਚਾਰੇ ਆਪ ਹੀ ਦੁਬਿਧਾ ਦੇ ਸ਼ਿਕਾਰ ਹਨ। ਆਪਣੇ-ਆਪ ਨੂੰ ਸੰਪਰਦਾਈ ਸਿੱਖਾਂ ਦੇ ਤੌਰ ਤੇ ਪੇਸ਼ ਕਰਦੇ ਹੋਏ ਉਹ ਆਪਣਾ ਪੂਰਾ ਜ਼ੋਰ ਸਿਖ ਸੰਸਥਾਗਤ ਧਰਮ ਦੀਆਂ ਗੁਰਮੱਤ ਪੱਖੋਂ ਨਜ਼ਰ ਆਉਂਦੀਆਂ ਤਰੁੱਟੀਆਂ ਨੂੰ ਦੂਰ ਕਰਨ ਦੀ ਲੋੜ ਅਤੇ ਸਿਆਸੀ/ਧਾਰਮਿਕ ਸਿਖ ਆਗੂਆਂ ਦੀ ਨੁਕਤਾਚੀਨੀ ਕਰਨ ਤੇ ਲਾਉਂਦੇ ਹਨ। ਉਹ ਇਹ ਨਹੀਂ ਸਮਝਦੇ ਕਿ ਕਿਸੇ ਵੀ ਸੰਸਥਾਗਤ ਧਰਮ ਦਾ ਕਦੀ ਕੋਈ ਤਰਕ-ਆਧਾਰਿਤ ਸੁਧਾਰ ਨਹੀਂ ਹੋਇਆ ਕਰਦਾ। ਉਹ ਦੂਸਰਿਆਂ ਨੂੰ ਤਾਂ ਗੁਰਮੱਤ ਦਾ ਪਾਠ ਪੜ੍ਹਾਉਂਦੇ ਨਹੀਂ ਥੱਕਦੇ ਪਰੰਤੂ ਉਹ ਭੁੱਲ ਜਾਂਦੇ ਹਨ ਕਿ ਉਹ ਤਾਂ ਆਪ ਹੀ ਸੰਸਥਾਗਤ ਸਿਖ ਧਰਮ ਨੂੰ ਮਾਨਤਾ ਦਿੰਦੇ ਹੋਏ ਮਨਮੱਤ ਨੂੰ ਅਪਣਾਈ ਬੈਠੇ ਹਨ ਅਤੇ ਇਸ ਸਥਿਤੀ ਵਿੱਚ ਉਹਨਾਂ ਉੱਤੇ ਗੁਰੂ ਸਾਹਿਬਾਨ ਪ੍ਰਤੀ ਅਵੱਗਿਆ ਦਾ ਗੰਭੀਰ ਦੋਸ਼ ਸਾਬਤ ਹੁੰਦਾ ਹੈ। ਉਹ ਇਹ ਨਹੀਂ ਸੋਚਦੇ ਉਹਨਾਂ ਨੂੰ ਪਹਿਲਾਂ ਆਪਣੇ-ਆਪ ਨੂੰ ਦੋਸ਼ ਮੁਕਤ ਕਰਨ ਦੀ ਲੋੜ ਹੈ ਅਤੇ ਉਸ ਤੋਂ ਬਾਦ ਹੀ ਉਹਨਾਂ ਦਾ ਕਿਸੇ ‘ਸੁਧਾਰਵਾਦੀ’ ਲਹਿਰ ਵਿੱਚ ਸ਼ਾਮਲ ਹੋਣਾ ਬਣਦਾ ਹੈ।

ਅਜ ਸਾਰੇ ਸੰਪਰਦਾਈ ਸਿਖ ਭਾਈਚਾਰੇ ਵਿੱਚ ਸਿਆਸੀ ਦਖਲ, ਸਾਧਾਂ-ਸੰਤਾਂ ਦੇ ਡੇਰਿਆਂ/ਟਕਸਾਲਾਂ, ਰਾਸ਼ਟਰੀ ਸਿਖ ਸੰਗਤ, ਅੱਡ-ਅੱਡ ਸਿਖ ਸੰਪਰਦਾਵਾਂ, ਵੱਖ-ਵੱਖ ਜੱਥੇਬੰਦੀਆਂ ਅਤੇ ਜਾਤ-ਪਾਤ ਦੀ ਭਾਵਨਾ ਰਾਹੀਂ ਕਈ ਧੜੇ ਬਣਾ ਦਿੱਤੇ ਗਏ ਹਨ। ਸਿਖ ਫਿਰਕੇ ਦੇ ਲੋਕਾਂ ਨੇ ਆਪਣੇ ‘ਧਰਮ’ ਪ੍ਰਤੀ ਕਈ ਭਰਮ-ਭੁਲੇਖੇ ਪਾਲ ਰੱਖੇ ਹਨ ਜਿਹਨਾਂ ਕਰਕੇ ਉਹ ਸਿਆਸੀ ਪੱਧਰ ਤੇ, ਦੂਸਰੇ ਮੱਤਾਂ ਨਾਲ ਖਹਿਮਖਹਿ ਪੈਦਾ ਹੋਣ ਤੇ ਅਤੇ ਅੰਦਰੂਨੀ ਧੜੇਬਾਜ਼ੀ ਦੀ ਵਜਹ ਕਰਕੇ ਹਮੇਸ਼ਾ ਟਕਰਾਵ ਦੀ ਸਥਿਤੀ ਵਿੱਚ ਉਲਝੇ ਰਹਿੰਦੇ ਹਨ। ਸਿੱਟੇ ਦੇ ਤੌਰ ਤੇ ਅਜੋਕੇ ਮਾਹੌਲ ਵਿੱਚ ਸਾਰਾ ਸੰਪਰਦਾਈ ਸਿਖ ਭਾਈਚਾਰਾ ਵੱਡੇ ਭੰਬਲਭੂਸੇ ਅਤੇ ਤਨਾਅ ਵਿੱਚੋਂ ਗੁਜ਼ਰ ਰਿਹਾ ਹੈ। ਉੱਧਰ ਕੇਂਦਰ ਵਿੱਚ ਸਰਕਾਰ ਬਣਾ ਚੁੱਕੀ ਆਰ. ਐਸ. ਐਸ. ਜੱਥੇਬੰਦੀ ਦਾ ਨਿਸ਼ਾਨਾ ਬੁੱਧ ਅਤੇ ਜੈਨ ਧਰਮਾਂ ਵਾਂਗ ਸੰਪਰਦਾਈ ਸਿਖ ਧਰਮ ਨੂੰ ਵੀ ਹਿੰਦੂ ਫਿਰਕੇ ਵਿੱਚ ਜਜ਼ਬ ਕਰ ਲੈਣ ਦਾ ਹੈ। ਸੰਪਰਦਾਈ ਸਿੱਖਾਂ ਵੱਲੋਂ ਕੀਤਾ ਜਾਂਦਾ ਆਪਣੇ ‘ਨਿਵੇਕਲਾ’ ਹੋਣ ਦਾ ਦਾਵਾ ਕੇਵਲ ਇੱਕ ਭੁਲੇਖਾ (myth) ਹੈ ਕਿਉਂਕਿ ਵਿਵਹਾਰਿਕ ਤੌਰ ਤੇ ਉਹ ‘ਹਿੰਦੂ’ ਬਣ ਹੀ ਚੁੱਕੇ ਹੋਏ ਹਨ। ਆਰ. ਐਸ. ਐਸ. ਇਸ ਸਥਿਤੀ ਤੋਂ ਭਲੀ-ਭਾਂਤ ਜਾਣੂ ਹੈ ਅਤੇ ਉਹ ਕੇਵਲ ਇਸ ਯੋਜਨਾ ਤੇ ਕੰਮ ਕਰ ਰਹੀ ਹੈ ਕਿ ਤਿੰਨ ਕੁ ਦਹਾਕਿਆਂ ਦੇ ਸਮੇਂ ਤੋਂ ਬਾਦ ਭਾਰਤ ਵਿੱਚ ਸਿੱਖੀ ਸਰੂਪ ਵਾਲਾ ਕੋਈ ਵੀ ਐਸਾ ਵਿਅਕਤੀ ਨਾ ਹੋਵੇ ਜੋ ਕਹਿ ਸਕੇ ਕਿ "ਹਮ ਹਿੰਦੂ ਨਹੀਂ"।

(ਚਲਦਾ)

ਇਕਬਾਲ ਸਿੰਘ ਢਿੱਲੋਂ

ਚੰਡੀਗੜ੍ਹ।




.