.

ਸਰਬੱਤ ਖਾਲਸਾ-ਇਕ ਦ੍ਰਿਸ਼ਟੀ ਕੋਣ !


ਸਰਬੱਤ ਖਾਲਸਾ ਦਾ ਅਰਥ ਹੈ ਸਾਰੇ ਖਾਲਸਾ ਜੀ ਦਾ ਇੱਕ ਜਗਹ ਇਕੱਤਰ ਹੋਕੇ ਕੌਮੀ ਫੈਸਲੇ ਲੈਣਾ। ਸੋਚਿਆ ਜਾਵੇ ਅਜਿਹਾ ਮੁਸ਼ਕਲ ਹੈ, ਹਾਂ ਜਿਆਦਾ ਸੰਗਤ ਇਕੱਠੀ ਕਰ ਭੁਲੇਖਾ ਸਿਰਜਿਆ ਜਾ ਸਕਦਾ ਹੈ ਉਹ ਵੀ ਸਰਬੱਤ ਦੀ ਭਾਵਨਾ ਦਾ ਭੁਲੇਖਾ ਖੜਾ ਕਰ ,ਸੱਦਣ ਵਾਲਿਆਂ ਦੀ ਨਿੱਜੀ ਸੋਚ ਨੂੰ ਉਭਾਰਨ ਲਈ। ਕੇਵਲ ਭੀੜ ਇਕੱਠੀ ਕਰ ,ਸਰਬੱਤ ਖਾਲਸੇ ਦਾ ਭੁਲੇਖਾ ਸਿਰਜ ,ਕੁਝ ਭਾਸ਼ਣਾ ਨਾਲ ਪਹਿਲਾਂ ਤੋਂ ਹੀ ਮਿਥੇ ਅਤੇ ਲਿਖੇ ਮਤਿਆਂ ਨੂੰ ਜੈਕਾਰੇ ਲਵਾਕੇ ਆਪਣੀ ਬਣ ਚੁੱਕੀ ਨੀਤੀ ਅਨੁਸਾਰੀ ਸਹਿਮਤੀ ਲੈਣਾ ਕਦੇ ਵੀ ਸਰਬੱਤ ਖਾਲਸਾ ਨਹੀਂ ਕਿਹਾ ਜਾ ਸਕਦਾ ।
ਇਹ ਵੀ ਨਹੀਂ ਹੈ ਕਿ ਸਮੂਹ ਖਾਲਸਾ ਕੋਈ ਸਾਂਝੇ ਫੈਸਲੇ ਲੈ ਹੀ ਨਹੀਂ ਸਕਦਾ ਪਰ ਸਮੇ ਅਤੇ ਹਾਲਾਤਾਂ ਅਨੁਸਾਰ ਬਦਲਵੇਂ ਯੋਗ ਤਰੀਕੇ ਅਪਣਾਉਣੇ ਪੈਣਗੇ । ਖਾਲਸਾ ਜੀ ਤਾਂ ਉਹੀ ਹਨ ਪਰ ਸਮੇ ਅਤੇ ਹਾਲਾਤਾਂ ਅਨੁਸਾਰ ਇਕੱਤਰ ਹੋਕੇ ਫੈਸਲਾ ਲੈਣ ਦੇ ਤੌਰ ਤਰੀਕੇ ਅਠਾਰਵੀਂ ਸਦੀ ਨਾਲੋਂ ਬਦਲ ਗਏ ਹਨ। ਜਦ ਸਿੱਖ ਜੰਗਲਾਂ, ਪਹਾੜਾਂ, ਬੇਲਿਆਂ ਵਿੱਚ ਜਾਲਿਮ ਸਰਕਾਰਾਂ ਤੋਂ ਲੁੱਕ-ਛਿਪ ਕੇ ਰਹਿੰਦੇ ਸਨ ਉਦੋਂ ਦੀਵਾਲੀ ਵਰਗੇ ਮਨਾਏ ਜਾ ਰਹੇ ਤਿਓਹਾਰਾਂ ਸਮੇ ਦੀ ਭੀੜ ਨੂੰ ਵਰਤਕੇ ਅਮ੍ਰਿਤਸਰ ਵਰਗੇ ਸ਼ਹਿਰਾਂ ਵਿੱਚ ਆ ਇਕੱਤਰ ਹੁੰਦੇ ਸਨ । ਅਕਾਲ ਬੁੰਗੇ (ਅਜੋਕਾ ਅਕਾਲ ਤਖਤ) ਵਿੱਚ ਪਹੁੰਚੇ ਸਮੂਹ ਜੱਥਿਆਂ ਦੇ ਜੱਥੇਦਾਰ ਬੈਠਕੇ ਸਬੰਧਿਤ ਵਿਸ਼ਿਆਂ ਤੇ ਵਿਚਾਰਾਂ ਕਰਦੇ ਜਿਸਨੂੰ ਗੁਰਮਤਾ ਕਿਹਾ ਜਾਂਦਾ । ਕਿਸੇ ਸਮੱਸਿਆ ਦੇ ਫੈਸਲੇ ਤੇ ਪੁੱਜਣ ਲਈ ਸਮੇ ਅਨੁਸਾਰ ਹਾਜਰ ਹੋਏ ਜੱਥੇਦਾਰਾਂ ਵਿੱਚੋਂ ਕੁਝ ਜੱਥੇਦਾਰਾਂ ਨੂੰ ਇਹ ਸੇਵਾ ਆਮ ਸਹਿਮਤੀ ਨਾਲ ਸੌਂਪ ਦਿੱਤੀ ਜਾਂਦੀ । ਕਿਸੇ ਸਹਿਮਤੀ ਤੇ ਇਕ ਵਕਤੀ ਤੌਰ ਤੇ ਜੱਥੇਦਾਰ ਨੂੰ ਮੁਖੀ ਚੁਣਕੇ ਸੰਗਤ ਵਿੱਚ ਉਸਤੋਂ ਸਬੰਧਿਤ ਫੈਸਲਾ ਸਰਬੱਤ ਖਾਲਸਾ ਜੀ ਲਈ ਅਨਾਊਂਸ ਕਰਵਾ ਦਿੱਤਾ ਜਾਂਦਾ । ਫੈਸਲਾ ਅਨਾਊਂਸ ਕਰਨ ਵਾਲਾ ਜੱਥੇਦਾਰ ਜਾਂ ਵਿਚਾਰ ਵਿੱਚ ਬੈਠੇ ਜੱਥੇਦਾਰ ਮੁੜ ਸੰਗਤ ਦਾ ਰੂਪ ਹੋ ਜਾਂਦੇ । ਉਹਨਾਂ ਖੁਦ ਨੂੰ ਸੰਗਤ ਤੋਂ ਉੱਪਰ ਜਾਂ ਵੱਖਰਾ ਜਾਣ ਕਦੇ ਵੀ ਗੁਰਮਤਾ ਕਰਨ ਵਾਲੇ ਜਾਂ ਸੰਗਤ ਵਿੱਚ ਅਨਾਊਂਸ ਕਰਨ ਵਾਲੇ ਪ੍ਰੋੜ ਜੱਥੇਦਾਰ ਵਜੋਂ ਕਿਸੇ ਅਗਲੇ ਫੈਸਲੇ ਲਈ ਸਦਾ ਲਈ ਜੱਥੇਦਾਰੀ ਦੀ ਪਕੜ ਨਹੀਂ ਬਣਾਈ। ਅਜਿਹੇ ਸਮੇ ਅਨੁਸਾਰੀ ਨੀਤੀ ਗਤ ਫੈਸਲੇ ਖਾਲਸਾ ਅਕਸਰ ਇਕੱਠਾ ਹੋ ਹੋਰਨਾ ਸੁਰੱਖਿਅਤ ਸਥਾਨਾ ਤੇ ਵੀ ਕਰਦਾ ਰਿਹਾ। ਕਈ ਵਾਰ ਅਜਿਹੇ ਇਕੱਠ ਅਤੀ ਗੁਪਤ ਥਾਵਾਂ ਤੇ ਵੀ ਹੋਏ ਅਤੇ ਬਾਅਦ ਵਿੱਚ ਫੈਸਲਾ ਸੰਗਤਾਂ ਤੱਕ ਪਹੁੰਚਾ ਦਿੱਤਾ ਗਿਆ । ਅਸਲ ਮਹੱਤਵ ਜੱਥਿਆਂ ਦੇ ਜੱਥੇਦਾਰਾਂ ਦੇ ਸਰਬਸਾਂਝੇ ਫੈਸਲੇ ਦਾ ਹੋ ਜਾਣਾ ਸੀ ਨਾ ਕਿ ਕਿਸੇ ਖਾਸ ਜਗਹ ਅਰਥਾਤ ਤਖਤ/ਅਕਾਲ ਤਖਤ ਵਰਗੀ ਜਗਹ ਤੇ ਲਏ ਫੈਸਲੇ ਦਾ। ਮਿਸਲਾਂ ਵੇਲੇ ਵੀ ਰਾਜਨੀਤਕ ਫੈਸਲਿਆਂ ਲਈ ਮਿਸਲਾਂ ਦੇ ਸਰਦਾਰ ਅਕਸਰ ਇਕੱਠੇ ਹੋਕੇ ਅਜਿਹੇ ਫੈਸਲੇ ਕਰਦੇ ਰਹੇ ਹਾਂਲਾਂ ਕਿ ਉਹਨਾ ਦੇ ਫੈਸਲੇ ਧਾਰਮਿਕ ਨਾ ਹੋਕੇ ਕੇਵਲ ਆਪੋ ਆਪਣੀਆਂ ਸਰਹੱਦਾਂ ਸਬੰਧੀ ਹੁੰਦੇ ਸਨ।
ਜਦੋਂ ਅਸੀਂ ਅਜੋਕੇ ਇਲੈਕਟਰੌਨਿਕ ਸਮੇ ਵਿੱਚ ਜਦੋਂ ਕਿ ਸਿੱਖ ਕੌਮ ਸਾਰੀ ਦੁਨੀਆਂ ਵਿੱਚ ਫੈਲ ਚੁੱਕੀ ਹੈ, ਸਰਬੱਤ ਖਾਲਸਾ ਲਈ ਕਿਸੇ ਵਿਸ਼ੇ ਦੀ ਸਰਬਸੰਮਤੀ ਲਈ ਇਕੱਤਰ ਹੋਣ ਲਈ ਵਿਚਾਰਾਂ ਕਰਦੇ ਸੁਣਦੇ ਹਾਂ ਤਾਂ ਖਿਆਲ ਆਉਂਦਾ ਹੈ ਕਿ ਨਿਸ਼ਚੇ ਹੀ ਹੁਣ ਅਠਾਰਵੀਂ ਸਦੀ ਵਾਲੇ ਤੌਰ ਤਰੀਕੇ ਅਪਣਾਏ ਨਹੀਂ ਜਾਂ ਸਕਦੇ। ਸਾਨੂੰ ਗੁਰਮਤਿ ਅਨੁਸਾਰੀ ਸਮੇ ਦੇ ਹਾਣੀ ਹੋ ਵਿਚਾਰ ਕਰਨੀ ਪਵੇਗੀ ਵਰਨਾ ਸਾਰੇ ਖਾਲਸਾ ਜੀ ਦੇ ਵਿਚਾਰ ਕਿਸੇ ਵੀ ਵਿਸ਼ੇ ਤੇ ਇਕੱਤਰ ਅਤੇ ਇਕ ਸੁਰ ਨਹੀਂ ਕੀਤੇ ਜਾ ਸਕਣਗੇ। ਧਿਆਨ ਇਸ ਗੱਲ ਦਾ ਰੱਖਣਾ ਪਵੇਗਾ ਕਿ ਨਵੇਂ ਸਮੇ ਦੀਆਂ ਨਵੀਨ ਤਕਨੀਕਾਂ ਅਤੇ ਹਾਲਾਤਾਂ ਨੂੰ ਵਰਤਦਿਆਂ ਗੁਰਮਤਿ ਦੇ ਸਿਧਾਂਤਾਂ ਤੋਂ ਕੁਝ ਵੱਖਰਾ ਨਾ ਹੋ ਜਾਵੇ।
ਜਿਵੇਂ ਕਿ ਆਪਾਂ ਜਾਣਦੇ ਕਿ ਅੱਜ ਸਿੱਖ ਕੌਮ ਦੁਨੀਆਂ ਦੇ ਤਕਰੀਬਨ ਹਰ ਦੇਸ਼ ਵਿੱਚ ਰਹਿ ਰਹੀ ਹੈ। ਹਰ ਦੇਸ਼ ਦੇ ਹਰ ਸ਼ਹਿਰ ਵਿੱਚ ਸਿੱਖਾਂ ਦੇ ਗੁਰਦਵਾਰੇ, ਕਮੇਟੀਆਂ, ਸੰਸਥਾਵਾਂ ਹਨ ਜੋ ਗੁਰਮਤਿ ਦੇ ਪ੍ਰਚਾਰ-ਪ੍ਰਸਾਰ ਵਿੱਚ ਯਤਨਸ਼ੀਲ ਹਨ। ਤਕਰੀਬਨ ਅੱਧੀ ਸਿੱਖ ਕੌਮ ਪੰਜਾਬ ਤੋਂ ਬਾਹਰ ਵਸਦੀ ਹੈ। ਸੋ ਕਿਸੇ ਵੀ ਸੂਰਤ ਵਿੱਚ ਸਾਰੀ ਕੌਮ ਦਾ ਇਕ ਜਗਹ ਪੁੱਜ ਵਿਚਾਰ ਕਰਨਾ ਅਸੰਭਵ ਹੈ। ਪਰ ਨਵੇਂ ਸਮੇ ਦੀਆਂ ਨਵੀਆਂ ਤਕਨੀਕਾਂ ਨਾਲ ਸਭ ਦੇ ਵਿਚਾਰ ਇਕ ਜਗਹ ਜਰੂਰ ਪੁੱਜ ਸਕਦੇ ਹਨ ਜਿਨਾ ਵਿੱਚੋਂ ਵਿਸ਼ਿਆਂ ਨਾਲ ਸਬੰਧਿਤ ਵਧੀਆ ਵਿਚਾਰ ਇਕੱਤਰ ਕਰ ਕੌਮ ਨੂੰ ਵਧੀਆ ਅਤੇ ਸਮੇ ਅਨੁਸਾਰੀ ਸੇਧ ਦਿੱਤੀ ਜਾ ਸਕਦੀ ਹੈ।
ਕੁਝ ਬੰਦੇ ਵਿਚਾਰ ਦਿੰਦੇ ਹਨ ਕਿ ਸ਼ਰੋਮਣੀ ਕਮੇਟੀ ਦੇ ਹਲਕਾ ਵਾਰ ਚੁਣੇ ਹੋਏ ਮੈਂਬਰਾਂ ਦੀ ਆਵਾਜ ਹੀ ਸਰਬੱਤ ਖਾਲਸੇ ਦੀ ਆਵਾਜ ਹੈ ਜੋ ਕਿ ਸਹੀ ਨਹੀਂ ਹੈ ਕਿਓਂਕਿ ਰਾਜਨੀਤਕ ਚੋਣਾਂ ਨਾਲ ਚੁਣੇ ਵਿਅਕਤੀ ਧਾਰਮਿਕ ਸੇਧ ਨਹੀਂ ਦੇ ਸਕਦੇ । ਅਜਿਹੇ ਵਿਅਕਤੀਆਂ ਦਾ ਮਕਸਦ ਹਰ ਜਾਇਜ/ਨਜਾਇਜ ਤਰੀਕੇ ਨੂੰ ਵਰਤ ਕੇਵਲ ਜਿੱਤਣਾ ਹੁੰਦਾ ਹੈ ਜੋ ਕਿ ਗੁਰਮਤਿ ਅਨੁਸਾਰੀ ਨਹੀਂ ਹੈ। ਇਸ ਕਮੇਟੀ ਦਾ ਦਾਇਰਾ ਵੀ ਸਿੱਖ ਸੰਗਤਾਂ ਦੇ ਫੈਲਾਵ ਸਾਹਮਣੇ ਤੁੱਛ ਹੈ। ਅਜੋਕੇ ਸਮੇ ਵਿੱਚ ਸਰਬੱਤ ਖਾਲਸੇ ਦੇ ਵਿਚਾਰਾਂ ਦਾ ਭਾਵ ਦੁਨੀਆਂ ਵਿੱਚ ਫੈਲੀਆਂ ਸਮੂਹ ਸਿੱਖਾਂ ਦੀਆਂ ਸੰਸਥਾਵਾਂ ਦੇ ਵਿਚਾਰਾਂ ਤੋਂ ਹੈ। ਸੋ ਅਜੋਕੇ ਸਮੇ ਵਿੱਚ ਇਹ ਕਿਸ ਤਰਾਂ ਸੰਭਵ ਹੋ ਸਕਦਾ ਹੈ ਇਸ ਵਿਸ਼ੇ ਤੇ ਵਿਚਾਰ ਕਰਨ ਦੀ ਅਤਿਅੰਤ ਲੋੜ ਹੈ।
੧) ਸਭ ਤੋਂ ਪਹਿਲਾਂ ਸਰਬੱਤ ਖਾਲਸਾ ਸੱਦਣ ਵਾਲੀਆਂ ਸੰਸਥਾਵਾਂ ਨੂੰ ਇਕੱਠੇ ਬੈਠ ਵਿਚਾਰ ਕਰ ਜਿਨਾ ਵਿਸ਼ਿਆਂ ਤੇ ਸਰਬੱਤ ਖਾਲਸਾ ਸਦੱਣਾ ਹੈ ਤੇ ਸਹਿਮਤੀ ਕਰਨੀ ਪਵੇਗੀ ।
੨) ਫਿਰ ਆਪਣੇ ਦਾਇਰੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਕੇ ਵਿਚਰ ਰਹੀਆਂ ਸੰਸਥਾਵਾਂ ਨਾਲ ਸਬੰਧਿਤ ਵਿਸ਼ਿਆਂ ਤੇ ਮੀਟਿੰਗਾਂ ਦਾ ਸਿਲਸਿਲਾ ਚਲਾਉਣਾ ਪਵੇਗਾ। ਇਸ ਮਕਸਦ ਲਈ ਦੇਸ਼ ਵਿਦੇਸ਼ ਦੀਆਂ ਸੰਸਥਾਵਾਂ ਦਾ ਸਹਿਯੋਗ ਲਿਆ ਜਾ ਸਕਦਾ ਹੈ।
੩) ਫਿਰ ਕੁਝ ਲੋੜੀਂਦੀਆਂ ਸਮੱਸਿਆਵਾਂ ਤੇ ਸਰਬੱਤ ਖਾਲਸਾ ਲਈ ਇਕ ਆਰਜੀ ਕਮੇਟੀ ਦਾ ਗਠਨ ਕਰਨਾ ਪਵੇਗਾ।
੪) ਫਿਰ ਉਹ ਕਮੇਟੀ ਦੁਨੀਆਂ ਭਰ ਵਿੱਚ ਵਿਚਰ ਰਹੀਆਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਸਿੱਖ ਸੰਸਥਾਂਵਾਂ, ਗੁਰਦਵਾਰਾ ਕਮੇਟੀਆਂ ਖੋਜ ਉਹਨਾ ਨਾਲ ਹਰ ਸੰਭਵ ਤਰੀਕੇ ਰਾਬਤਾ ਬਣਾ ਸਬੰਧਿਤ ਵਿਸ਼ਿਆਂ ਤੇ ਵਿਚਾਰ ਕਰਨ ਅਤੇ ਹੱਲ ਲੱਭਣ ਲਈ ਪ੍ਰਵਾਨਗੀਆਂ ਹਾਸਲ ਕਰੇਗੀ।
੫) ਫਿਰ ਇਹ ਕਮੇਟੀ ਜਿੱਥੇ ਸਭ ਗੁਰਦਵਾਰਾ ਕਮੇਟੀਆਂ, ਸੰਸਥਾਵਾਂ ਤੋਂ ਲਿਖਤੀ ਸਮੱਸਿਆਵਾਂ ਅਤੇ ਉਹਨਾ ਦੇ ਉਹਨਾ ਅਨੁਸਾਰ ਸੁਝਾਏ ਹੱਲ ਪ੍ਰਾਪਤ ਕਰੇਗੀ ਉੱਥੇ ਸਰਬੱਤ ਖਾਲਸਾ ਵਿੱਚ ਪੁੱਜ ਸੰਗਤੀ ਰਾਇ ਸ਼ੁਮਾਰੀ ਅਤੇ ਪ੍ਰਵਾਨਗੀ ਲਈ ਨਿੱਜੀ ਤੌਰ ਤੇ ਨੁਮਾਇਂਦੇ ਦੇ ਪੁੱਜਣ ਦਾ ਸੱਦਾ ਦੇਕੇ ਪ੍ਰਵਾਨਗੀ ਵੀ ਲਵੇਗੀ।
੬) ਜਦੋਂ ਸੰਸਾਰ ਭਰ ਦੀਆਂ ਸਿੱਖ ਸੰਸਥਾਂਵਾਂ ਸਹਿਮਤੀ ਦੇ ਦੇਣ ਤਾਂ ਸਮੱਸਿਆਵਾਂ ਸਬੰਧੀ ਵਿਚਾਰ ਅਤੇ ਸਦੀਵੀ ਹੱਲ ਲੱਭਣ ਲਈ ਸੰਸਾਰ ਭਰ ਚੋਂ ਸਿੱਖ ਵਿਦਵਾਨਾ ਦੀ ਆਰਜੀ ਟੀਮ ਵੀ ਗਠਿਤ ਕੀਤੀ ਜਾ ਸਕਦੀ ਹੈ ਜੋ ਸਾਰੇ ਸੰਸਾਰ ਵਿੱਚੋਂ ਚਿੱਠੀ-ਪੱਤਰਾਂ ਅਤੇ ਈ ਮੇਲਾਂ ਅਤੇ ਹੋਰ ਨਵੇਂ ਸਾਧਨਾ ਰਾਹੀਂ ਆ ਰਹੇ ਨੁਕਤਿਆਂ ਨੂੰ ਗੁਰਮਤਿ ਸਿਧਾਂਤਾਂ ਅਤੇ ਦੂਰ ਦ੍ਰਿਸ਼ਟੀ ਨਾਲ ਵਿਚਾਰਕੇ ਸਰਬੱਤ ਖਾਲਸੇ ਸਾਹਵੇਂ ਰੱਖਣ ਯੋਗ ਬਣਾ ਸਕਣ।
੭) ਵੱਖ ਵੱਖ ਦੇਸ਼ਾਂ ਅਤੇ ਇਲਾਕਿਆਂ ਦੀਆਂ ਸੰਸਥਾਵਾਂ ਆਪੋ ਆਪਣੇ ਏਰੀਏ ਵਿੱਚ ਮੀਟਿੰਗਾਂ, ਕਾਨਫਰੰਸਾਂ ਅਤੇ ਸੈਮੀਨਾਰ ਕਰ ਸਮੱਸਿਆਂਵਾਂ ਦੇ ਆਪਣੀਆਂ ਸਥਾਨਕ ਲੋੜਾਂ ਅਨੁਸਾਰ ਹੱਲ ਪੇਸ਼ ਕਰਨ ਅਤੇ ਹਰ ਸੰਸਥਾ ਵਿੱਚੋਂ ਘੱਟੋ ਘੱਟ ਇਕ ਸੇਵਾਦਾਰ ਦੀ ਹਾਜਰੀ ਨੂੰ ਯਕੀਨੀ ਬਣਾਉਣ ਲਈ ਸਰਬੱਤ ਖਾਲਸਾ ਕਮੇਟੀ ਨਾਲ ਰਾਬਤਾ ਕਾਇਮ ਕਰਕੇ ਰੱਖਣਗੇ।
੮) ਅਜਿਹੇ ਸਰਬੱਤ ਖਾਲਸਾ ਲਈ ਸੁਰੱਖਿਅਤ ਅਤੇ ਸਾਰੇ ਸੰਸਾਰ ਦੀ ਆਸਾਨ ਪਹੁੰਚ ਵਾਲੀ ਜਗਹ ਦਾ ਉਪਲਭਧ ਹੋਣਾ ਲਾਜਮੀ ਹੋਣਾ ਚਾਹੀਦਾ ਹੈ।
੯) ਅਜਿਹੇ ਸਰਬੱਤ ਖਾਲਸਾ ਵਿੱਚੋਂ ਸਾਰੇ ਸੰਸਾਰ ਦੇ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬਉੱਚ ਮੰਨਣ ਵਾਲੇ ਲੋਕਾਂ ਦੀ ਅੰਤਰਾਸ਼ਟਰੀ ਕਮੇਟੀ ਦਾ ਗਠਨ ਵੀ ਨਿਕਲ ਸਕਦਾ ਹੈ ਜੋ ਆਉਣ ਵਾਲੇ ਸਮਿਆਂ ਵਿੱਚ ਵੀ ਸਿੱਖਾਂ ਨੂੰ ਆ ਰਹੀਆਂ ਸਮੱਸਿਆਵਾਂ ਦੇ ਰਾਜਨੀਤੀ ਤੋਂ ਪਰੇ ਅਤੇ ਗੁਰਮਤਿ ਅਨੁਸਾਰੀ ਹੱਲ ਸੁਝਾ ਸਕਣ ਸਮਰੱਥ ਹੋਵੇ।
੧੦) ਅਜਿਹੇ ਸਰਬੱਤ ਖਾਲਸਾ ਲਈ ਮੁਕਰਰ ਕੀਤੀ ਜਗਹ ਤੇ ਦੁਨੀਆਂ ਭਰ ਵਿੱਚ ਵਿਚਰ ਰਹੀਆਂ ਸਿੱਖ ਜੱਥੇਬੰਦੀਆਂ ਨੂੰ ਉਹਨਾਂ ਦੀ ਇੱਛਾ ਮੁਤਾਬਕ ਐਂਟਰੀ ਕਾਰਡ ਇਸ਼ੂ ਕਰਨੇ ਚਾਹੀਦੇ ਹਨ ਤਾਂ ਕਿ ਸਰਬੱਤ ਖਾਲਸੇ ਵਿੱਚ ਪੁੱਜ ਰਹੇ ਡੈਲੀਕੇਟਾਂ ਦੀ ਹੀ ਐਂਟਰੀ ਨਿਯਮਿਤ ਕੀਤੀ ਜਾ ਸਕੇ । ਮਹੌਲ ਖਰਾਬ ਕਰਨ ਵਾਲੇ ਅਨਸਰਾਂ ਦਾ ਦਾਖਲਾ ਨਾ ਹੋਣਾ ਯਕੀਨੀ ਬਣਾਇਆ ਜਾਵੇ।
੧੧) ਸੰਸਥਾਵਾਂ ਤੋਂ ਬਿਨਾ ਸੇਵਾ ਕਰ ਰਹੇ ਪਰਚਾਰਕ, ਲਿਖਾਰੀ, ਮੀਡੀਆ ਮੈਨ ਅਤੇ ਸਮਾਜ ਸੇਵੀ ਏਰੀਏ ਦੀ ਕਿਸੇ ਸੰਸਥਾਂ ਨਾਲ ਸੰਪਰਕ ਕਰ ਸਕਦੇ ਹਨ।
੧੨) ਵਿਸ਼ਵ ਭਰ ਵਿੱਚ ਸਰਬੱਤ ਸੰਸਥਾਵਾਂ ਅਤੇ ਸਿੱਖਾਂ ਦਾ ਸਹਿਮਤੀ ਵਾਲੀਆਂ ਮਦਾਂ ਤੇ ਆਪੋ ਆਪਣੇ ਦਾਇਰੇ ਵਿੱਚ ਲਾਗੂ ਕਰਵਾਉਣ ਲਈ ਬਚਨ ਵਧ ਹੋਣਾ ਲਾਜਮੀ ਕਰਾਉਣਾ ਪਵੇਗਾ ਤਾਂ ਕਿ ਭਵਿੱਖ ਲਈ ਸਰਬੱਤ ਖਾਲਸਾ ਦਾ ਅਸਲ ਮਨੋਰਥ ਸਾਂਭਿਆ ਜਾ ਸਕੇ।
ਗੁਰਮੀਤ ਸਿੰਘ ‘ਬਰਸਾਲ’ (ਕੈਲੈਫੋਰਨੀਆਂ)




.