.

ਸਿੱਖੀ ਦੀ ਲਹਿਰ ਦਾ ਪਤਨ
(ਕਿਸ਼ਤ ਦੂਸਰੀ)

ਪੜਾਅ ਤੀਸਰਾ
ਸਿੱਖੀ ਦੀ ਮਾਨਵਵਾਦੀ ਲਹਿਰ ਦੇ ਪਤਨ ਦਾ ਤੀਸਰਾ ਪੜਾਅ 1758 ਈਸਵੀ ਤੋਂ ਲੈ ਕੇ ਸੰਪਰਦਾਈ ਸਿੱਖਾਂ ਦੀਆਂ ਵੱਖ-ਵੱਖ ਮਿਸਲਾਂ ਵੱਲੋਂ ਰਾਜ ਦੀ ਸਥਾਪਤੀ ਤੋਂ ਸ਼ੁਰੂ ਹੁੰਦਾ ਹੈ ਅਤੇ ਅਠਾਰ੍ਹਵੀਂ ਸਦੀ ਈਸਵੀ ਦੇ ਅੰਤ ਤਕ ਚਲਦਾ ਹੈ। ਸੰਪਰਦਾਈ ਜੁਝਾਰੂ ਸਿੱਖਾਂ ਵੱਲੋਂ ਚਲਾਈ ਜਾ ਰਹੀ ਮੁਹਿੰਮ ਦੇ ਚਲਦਿਆਂ ਇਸ ਕਾਲ ਦੇ ਅਰੰਭ ਵਿੱਚ ਪਹਿਲਾਂ ਤਾਂ ਉਹਨਾਂ ਨੇ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ‘ਰਾਖੀ’ ਪ੍ਰਬੰਧ ਕਾਇਮ ਕੀਤਾ। ‘ਰਾਖੀ’ ਇੱਕ ਅਜਿਹਾ ਸੁਰੱਖਿਆ ਪ੍ਰਬੰਧ ਸੀ ਜਿਸ ਹੇਠ ਸੰਪਰਦਾਈ ਜੁਝਾਰੂ ਸਿੱਖਾਂ ਦੇ ਵੱਖ-ਵੱਖ ਜੱਥੇ ਪੰਜਾਬ ਦੇ ਵੱਖ-ਵੱਖ ਨਿਰਧਾਰਿਤ ਇਲਾਕਿਆਂ ਵਿੱਚ ਹਿੰਦੂ ਅਤੇ ਮੁਸਲਮਾਨ ਜ਼ਿਮੀਦਾਰਾਂ ਨੂੰ ਹਰ ਤਰ੍ਹਾਂ ਦੇ ਹਮਲਿਆਂ ਅਤੇ ਬਾਹਰੀ ਦਖਲਅੰਦਾਜ਼ੀ ਸਮੇਂ ਪੂਰੀ ਸੁਰੱਖਿਆ ਪਰਦਾਨ ਕਰਦੇ ਸਨ ਜਿਸ ਦੇ ਬਦਲੇ ਉਹ ਸਰਕਾਰੀ ਸਾਲਾਨਾ ਕਰ ਵਿੱਚੋਂ ਕੇਵਲ ਪੰਜਵਾਂ ਹਿੱਸਾ ਉਗਰਾਹੁੰਦੇ ਸਨ। ਇਸ ਪ੍ਰਬੰਧ ਰਾਹੀਂ ਇਹਨਾਂ ਜੁਝਾਰੂ ਜੱਥਿਆਂ ਦੇ ਮੋਹਰੀ ਰਾਜਸੀ ਤਾਕਤ ਦਾ ਸੁਆਦ ਪਰਾਪਤ ਕਰਨ ਲੱਗ ਪਏ ਸਨ। ਮੁਗਲ ਰਾਜ ਦੀ ਪ੍ਰਬੰਧਕੀ ਪਕੜ ਦੇ ਕਮਜ਼ੋਰ ਹੋਣ ਨਾਲ ਹੌਲੀ-ਹੌਲੀ ਸਬੰਧਿਤ ਜੱਥੇ ਇਹਨਾਂ ਇਲਾਕਿਆਂ ਉੱਤੇ ਸਿਆਸੀ ਅਧਿਕਾਰ ਸਥਾਪਤ ਕਰਨ ਵੱਲ ਰੁਚਿਤ ਹੋ ਗਏ। ਇੱਸੇ ਸਥਿਤੀ ਵਿੱਚੋਂ ਅੱਗੇ ਜਾ ਕੇ ਮਿਸਲਾਂ ਦਾ ਰਾਜ-ਪ੍ਰਬੰਧ ਪੈਦਾ ਹੋਇਆ। ‘ਮਿਸਲ’ ਫਾਰਸੀ ਦਾ ਸ਼ਬਦ ਹੈ ਜਿਸ ਦਾ ਅਰਥ ਹੈ ‘ਇੱਕੋ ਜਿਹੇ’ ਜਾਂ ‘ਬਰਾਬਰ’। ‘ਮਿਸਲ’ ਦਾ ਸ਼ਬਦੀ ਅਰਥ ਅੰਗਰੇਜ਼ੀ ਸ਼ਬਦ ‘ਫਾਈਲ’
(file) ਤੋਂ ਲੈਣਾ ਸਹੀ ਨਹੀਂ ਕਿਉਂਕਿ ਜੁਝਾਰੂ ਜੱਥਿਆਂ ਦੇ ਸੰਘਰਸ਼ ਦੇ ਸਮੇਂ ਜਦੋਂ ਉਹ ਆਪ ਹੀ ਘੋੜਿਆਂ ਦੀਆਂ ਕਾਠੀਆਂ ਉੱਤੇ ਬਸੇਰਾ ਕਰਦੇ ਸਨ ਉਨਾਂ ਦੀਆਂ ਕਾਰਵਾਈਆਂ ਜਾਂ ਦਰਬਾਰ ਸਾਹਿਬ ਤੇ ਭੇਟਾ ਕੀਤੀ ਧਨ-ਰਾਸ਼ੀ ਦਾ ਕਿਸੇ ਜਗਹ ਤੇ ਫਾਈਲ਼ਾਂ ਵਿੱਚ ਵੇਰਵਾ ਰੱਖਣ ਦੀ ਕੋਈ ਵਿਵਸਥਾ ਨਹੀਂ ਬਣ ਸਕਦੀ ਸੀ। ਨਾ ਹੀ ‘ਮਿਸਲ’ ਦਾ ਅਰਥ ‘ਸੰਘ’ (confederacy) ਬਣ ਸਕਦਾ ਸੀ ਜਿਵੇਂ ਕਿ ਕੁੱਝ ਵਿਦਵਾਨ ਕੱਢ ਲੈਂਦੇ ਹਨ, ਕਿਉਂਕਿ ਹਰ ਮਿਸਲ ਕੇਵਲ ‘ਦਲ ਖਾਲਸਾ’ ਦਾ ਇੱਕ ਸੰਘਟਕ (constituent) ਹੀ ਸੀ। ਜੁਝਾਰੂ ਸਿੱਖਾਂ ਦੇ ਇਸ ਪ੍ਰਬੰਧ ਵਿੱਚ ‘ਮਿਸਲ’ ਦਾ ਭਾਵ ਸੀ ਬਰਾਬਰ ਦੇ ਹੱਕਾਂ ਵਾਲੇ ਜੱਥਿਆਂ ਵਿੱਚੋਂ ਇੱਕ ਜਿਸ ਨੇ ਸੰਭਾਵੀ ਰਾਜ-ਪਰਾਪਤੀ ਦੇ ਸਮੇਂ ਦਲ ਖਾਲਸਾ ਦੇ ਰਾਜ-ਪ੍ਰਬੰਧ ਵਿੱਚ ਬਾਕੀਆਂ ਦੇ ਬਰਾਬਰ ਦਾ ਭਾਈਵਾਲ ਬਣਨਾ ਸੀ। ਇਸ ਪ੍ਰਬੰਧ ਦਾ ਸਪਸ਼ਟ ਭਾਵ ਸੀ ਕਿ ਦਲ ਖਾਲਸਾ ਦਾ ਸੰਭਾਵੀ ਰਾਜ ਨਿਰੁੰਕਸ਼ ਕਿਸਮ ਦਾ ਨਹੀਂ ਹੋਣਾ ਸੀ। 1768 ਈਸਵੀ ਵਿੱਚ ਅਹਿਮਦ ਸ਼ਾਹ ਅਬਦਾਲੀ ਨੂੰ ਪੰਜਾਬ ਵਿੱਚੋਂ ਭਜਾਉਣ ਪਿੱਛੋਂ ਪੰਜਾਬ ਦੇ ਬਹੁਤੇ ਹਿੱਸਿਆਂ ਦਾ ਰਾਜ-ਪ੍ਰਬੰਧ ਮਿਸਲਦਾਰਾਂ ਦੇ ਹੱਥ ਵਿੱਚ ਆ ਗਿਆ ਅਤੇ ਹੁਣ ਮਿਸਲਾਂ ਦੇ ਜੱਥਿਆਂ ਦੇ ਆਗੂ ਰਾਜੇ ਬਣ ਗਏ। ਉਹਨਾਂ ਨੇ ਆਪੂੰ ਕਲਗੀਆਂ ਸਜਾ ਲਈਆਂ ਅਤੇ ‘ਕਲਗੀਆਂ ਵਾਲੇ’ ਦੇ ਆਦਰਸ਼ਾਂ ਵੱਲ ਪਿੱਠ ਕਰ ਲਈ। ਕੁੱਲ ਗਿਆਰਾਂ ਮਿਸਲਾਂ ਨੇ ਪੰਜਾਬ ਦੀ ਧਰਤੀ ਉੱਤੇ ਵੱਖ-ਵੱਖ ਇਲਾਕਿਆਂ ਉੱਤੇ ਆਪਣਾ ਰਾਜ ਸਥਾਪਤ ਕਰ ਲਿਆ। ਰਾਜਸੀ ਤਾਕਤ ਦੇ ਨਸ਼ੇ ਵਿੱਚ ਉਹ ਭਾਈਚਾਰੇ ਅਤੇ ਏਕਤਾ ਦੀ ਭਾਵਨਾਂ ਨੂੰ ਛੱਡਣ ਦੇ ਰਾਹ ਤੇ ਤੁਰ ਪਏ। ਉਹ ‘ਦਲ ਖਾਲਸਾ’ ਵਿਵਸਥਾ ਹੇਠ ਮਿੱਥੇ ਗਏ ‘ਬਰਾਬਰੀ’ ਦੇ ਸੰਘੀ ਰਾਜ-ਪ੍ਰਬੰਧ ਦੇ ਨਿਸ਼ਾਨੇ ਨੂੰ ਭੁਲਾ ਬੈਠੇ ਅਤੇ ਆਪੋ-ਆਪਣੇ ਰਾਜ ਨੂੰ ਫੈਲਾਉਣ ਅਤੇ ਉਸ ਨੂੰ ਮਜ਼ਬੂਤ ਕਰਨ ਦੀਆਂ ਕਾਰਵਾਈਆਂ ਵਿੱਚ ਗਲਤਾਨ ਹੋ ਗਏ। ਮਿਸਲਦਾਰਾਂ ਵੱਲੋਂ ਰਾਜ-ਸੱਤਾ ਦੀ ਪਰਾਪਤੀ ਇੱਕ ਗੁਰਮੱਤ-ਵਿਰੋਧੀ ਕਦਮ ਤਾਂ ਹੈ ਹੀ ਸੀ, 1768 ਈਸਵੀ ਵਿੱਚ ਮਿਲੀ ਪਰਤੱਖ ਰਾਜ-ਪਰਾਪਤੀ ਵੇਲੇ ਆਪਣੇ-ਆਪਣੇ ਜੱਥਿਆਂ ਦੇ ਅਜ਼ਾਦ ਰਾਜ-ਪ੍ਰਬੰਧ ਕਾਇਮ ਕਰਕੇ ਉਹਨਾਂ ਨੇ ਇੱਕ ਪਾਸੇ ਦਲ ਖਾਲਸਾ ਰਾਹੀਂ ਔਖੇ ਸਮਿਆਂ ਵਿੱਚ ਉਲੀਕੇ ਰਾਜ-ਪ੍ਰਬੰਧ ਦੇ ਸੰਕਲਪ ਨੂੰ ਅਣਗੌਲਿਆ ਕਰ ਦਿੱਤਾ ਅਤੇ ਦੂਸਰੇ ਪਾਸੇ ਉਹਂ ਆਪਣੇ-ਆਪਣੇ ਰਾਜ ਦੇ ਇਲਾਕੇ ਦੀਆਂ ਹੱਦਾਂ ਨੂੰ ਲੈ ਕੇ ਭਰਾ-ਮਾਰੂ ਜੰਗਾਂ ਵਿੱਚ ਉਲਝ ਗਏ। ਪਿਸ਼ਾਵਰ ਤੋਂ ਲੈ ਕੇ ਦਿੱਲੀ ਦੇ ਇਲਾਕਿਆਂ ਵਿੱਚ ਕਾਬੂ ਆਏ ਇਲਾਕਿਆਂ ਨੂੰ ਸੰਭਾਲਣ ਅਤੇ ਦੂਸਰੇ ਮਿਸਲਦਾਰਾਂ ਤੋਂ ਬਚਾਉਣ ਦੀ ਸਥਿਤੀ ਵਿੱਚ ਉਪਜੇ ਆਪੋ-ਧਾਪੀ ਅਤੇ ਹਫੜਾਦਫੜੀ ਵਾਲੇ ਮਾਹੌਲ ਵਿੱਚ ਉਹ ਦਿੱਲੀ ਨੂੰ ਫਤਹਿ ਕਰਕੇ ਗੰਗਾ ਦੀ ਵਾਦੀ ਤਕ ਦੇ ਭਾਰਤ ਵਿੱਚ ਦਲ ਖਾਲਸਾ ਦਾ ਸਾਂਝਾ ਰਾਜ ਕਾਇਮ ਕਰਨ ਦਾ ਟੀਚਾ ਮਿੱਥ ਨਾ ਸਕੇ (ਜਿਸ ਦੇ ਹੁਣ ਉਹ ਸਮਰੱਥ ਹੋ ਚੁੱਕੇ ਸਨ)। ਸਗੋ 1767 ਈਸਵੀ ਵਿੱਚ ਬਾਦਸ਼ਾਹ ਸ਼ਾਹ ਆਲਮ ਦੇ ਸਮੇਂ ਸਾਂਝੇ ਤੌਰ ਤੇ ਦਿੱਲੀ ਦੇ ਲਾਲ ਕਿਲੇ ਉੱਤੇ ਕਬਜ਼ਾ ਕਰ ਲੈਣ ਤੇ ਵੀ ਉਹ ਆਪਣੇ-ਆਪਣੇ ਰਾਜ ਨੂੰ ਸੰਭਾਲਣ ਦੀ ਕਾਹਲ ਵਿੱਚ ਦਿੱਲੀ ਦੇ ਗੁਰਦੁਆਰਿਆਂ ਦੇ ਨਾਮ ਜਗੀਰਾਂ ਲਗਵਾ ਕੇ ਆਪਣੇ ਰਾਜਾਂ ਦੇ ਇਲਾਕਿਆਂ ਦੀ ਨਿਗਰਾਨੀ ਕਰਨ ਹਿਤ ਵਾਪਸ ਪਰਤ ਆਏ।
ਸੰਪਰਦਾਈ ਸਿੱਖਾਂ ਵਿੱਚ ਹਕੂਮਤ ਕਾਇਮ ਕਰਨ ਦੀ ਕਿੰਨੀ ਪ੍ਰਬਲ ਲਾਲਸਾ ਸੀ ਉਸ ਦਾ ਅੰਦਾਜ਼ਾ 1748 ਈਸਵੀ ਤੋਂ ਲੈ ਕੇ ਦਲ ਖਾਲਸਾ ਦੇ ਆਗੂ ਬਣੇ ਜੱਸਾ ਸਿੰਘ ਆਹਲੂਵਾਲੀਆ ਦੇ ਵਿਵਹਾਰ ਤੋਂ ਹੀ ਪਤਾ ਲੱਗ ਜਾਂਦਾ ਹੈ। 1733 ਈਸਵੀ ਵਿੱਚ ਨਵਾਬ ਕਪੂਰ ਸਿੰਘ ਵੱਲੋਂ ਕੀਤੀ ਮਜ਼ਾਕੀਆ ਟਿੱਪਣੀ ਦੇ ਆਧਾਰ ਤੇ ਉਸਦੇ ਸਾਥੀ ਉਸ ਨੂੰ ‘ਬਾਦਸ਼ਾਹ’ ਕਹਿ ਕੇ ਬੁਲਾਉਣ ਲੱਗ ਪਏ ਸਨ ਪਰੰਤੂ ਉਸ ਨੇ ਕਦੀ ਇਸ ਗੱਲ ਦਾ ਵਿਰੋਧ ਨਹੀਂ ਕੀਤਾ ਸੀ। 1757 ਈਸਵੀ ਵਿੱਚ ਉਸ ਨੇ ਆਪਣੀ ਮਿਸਲ ਦੇ ਨਾਮ ਥੱਲੇ ਸਭ ਤੋਂ ਪਹਿਲਾ ਰਾਜ ਕਾਇਮ ਕਰਕੇ (ਜਲੰਧਰ ਦੁਆਬ ਵਿਚ) ਬਾਕੀ ਮਿਸਲਦਾਰਾਂ ਵੱਲੋਂ ਆਪਣਾ-ਆਪਣਾ ਰਾਜ ਕਰਨ ਲਈ ਰਾਹ ਖੋਹਲ ਦਿੱਤਾ। 1761 ਈਸਵੀ ਵਿੱਚ ਲਹੋਰ ਤੇ ਕਬਜ਼ਾ ਕਰਨ ਉਪਰੰਤ ਉਸਨੇ ਦਲ ਖਾਲਸਾ ਦੀ ਇਜਾਜ਼ਤ ਲਏ ਬਿਨਾ ਆਪਣੇ ਲਈ ‘ਸੁਲਤਾਨੁਲਕੌਮ’ ਦਾ ਖਿਤਾਬ ਹਾਸਲ ਕਰ ਲਿਆ। 1767 ਈਸਵੀ ਵਿੱਚ ਲਾਲ ਕਿਲੇ ਤੇ ਕਬਜ਼ਾ ਕਰਨ ਉਪਰੰਤ ਉਹ ਹਿੰਦੁਸਤਾਨ ਦੇ ਤਖਤ ਉੱਤੇ ਜਾ ਬੈਠਾ ਸੀ ਅਤੇ ਬਘੇਲ ਸਿੰਘ, ਜੱਸਾ ਸਿੰਘ ਰਾਮਗੜ੍ਹੀਆ ਅਤੇ ਹੋਰ ਜੱਥੇਦਾਰਾਂ ਵੱਲੋਂ ਇਤਰਾਜ਼ ਕੀਤੇ ਜਾਣ ਤੇ ਉਹ ਤਖਤ ਤੋਂ ਹੇਠਾਂ ਉਤਰਿਆ ਸੀ। ਇੱਕ ਹੋਰ ਸ਼ਰਮਨਾਕ ਘਟਨਾ ਜਿਸ ਦਾ ਇੱਥੇ ਵਿਸ਼ੇਸ਼ ਤੌਰ ਤੇ ਜ਼ਿਕਰ ਕਰਨਾ ਬਣਦਾ ਹੈ ਉਹ ਇਹ ਸੀ ਕਿ 1765 ਈਸਵੀ ਵਿੱਚ ਅੰਮ੍ਰਿਤਸਰ ਦਰਬਾਰ ਸਾਹਿਬ ਦੇ ਸਾਹਮਣੇ ਹੋਏ ਦਲ ਖਾਲਸਾ ਦੇ ਜੱਥੇਦਾਰਾਂ ਦੇ ਇਕੱਠ ਨੇ ਫੈਸਲਾ ਕੀਤਾ ਕਿ ਲਹੌਰ ਉੱਤੇ ਕਬਜ਼ਾ ਕੀਤਾ ਜਾਵੇ। ਅਗਲੇ ਹੀ ਦਿਨ ਇੱਕ ਜੱਥੇ ਨੇ ਅਪਹੁੱਦਰੇ ਤੌਰ ਤੇ ਲਹੌਰ ਉੱਤੇ ਹਮਲਾ ਕਰਕੇ ਆਪਣਾ ਕਬਜ਼ਾ ਜਮਾਉਣ ਦਾ ਯਤਨ ਕੀਤਾ ਤਾਂ ਹੋਰ ਜੱਥੇ ਵੀ ਆ ਧਮਕੇ ਅਤੇ ਕਾਬਜ਼ ਹੋਣ ਉਪਰੰਤ ਸ਼ਹਿਰ ਨੂੰ ਲਹਿਣਾ ਸਿੰਘ, ਗੁੱਜਰ ਸਿੰਘ ਅਤੇ ਸੋਭਾ ਸਿੰਘ ਨੇ ਤਿੰਨ ਭਾਗਾਂ ਵਿੱਚ ਵੰਡ ਲਿਆ। 1768 ਈਸਵੀ ਤੋਂ ਬਾਦ ਵੀ ਇਹ ਕੁ-ਪ੍ਰਬੰਧ ਇੱਸੇ ਤਰ੍ਹਾਂ ਚਲਦਾ ਰਿਹਾ ਅਤੇ ਆਖਰ 1799 ਈਸਵੀ ਵਿੱਚ ਸ਼ੁਕਰਚੱਕੀਆ ਮਿਸਲ ਦੇ ਰਣਜੀਤ ਸਿੰਘ ਨੇ ਲਹੌਰ ਉੱਤੇ ਕਬਜ਼ਾ ਕਰਕੇ ਇਸ ਕੁ-ਪ੍ਰਬੰਧ ਦਾ ਖਾਤਮਾ ਕਰ ਦਿੱਤਾ ਅਤੇ ਨਾਲ ਹੀ ਦਲ ਖਾਲਸਾ ਨੂੰ ਇੱਕ ਪਾਸੇ ਕਰਦੇ ਹੋਏ ਨਿਰੁੰਕਸ਼ ਰਾਜ ਦੀ ਸਥਾਪਤੀ ਲਈ ਰਾਹ ਪੱਧਰਾ ਕਰਵਾ ਲਿਆ। ਦਲ ਖਾਲਸਾ ਨੂੰ ਵੀਹ ਸਾਲ ਅਗਵਾਈ ਦੇਣ ਵਾਲਾ ਲਾਮਿਸਾਲ ਬਹਾਦਰੀ ਦਾ ਮੁਜੱਸਮਾ ਜਰਨੈਲ ਜੱਸਾ ਸਿੰਘ ਆਹਲੂਵਾਲੀਆ ਰਾਜਸੀ-ਸੱਤਾ ਦੀ ਪਰਾਪਤੀ ਵੇਲੇ ਮਿਸਲਾਂ ਨੂੰ ਇਕ-ਮੁੱਠ ਨਾ ਰੱਖ ਸਕਿਆ ਅਤੇ ਦਲ ਖਾਲਸਾ ਦੀ ਨਿਗਰਾਨੀ ਹੇਠ ਸੰਸਾਰ ਭਰ ਨੂੰ ਮਿਲਣ ਵਾਲੇ ਇੱਕ ਆਦਰਸ਼ਕ ਸੰਘੀ ਰਾਜ-ਪ੍ਰਬੰਧ ਦਾ ਨਮੂਨਾ ਕਾਇਮ ਕਰਨ ਸੁਪਨਾ ਵੀ ਢਹਿ-ਢੇਰੀ ਹੋ ਗਿਆ ਅਤੇ ਨਾਲ ਹੀ ਗੁਰੂ ਸਾਹਿਬਾਨ ਦੇ ਮਾਨਵਵਾਦੀ ਮਿਸ਼ਨ ਦੇ ਪੁਨਰ-ਸੁਰਜੀਤੀਕਰਨ ਦੀਆਂ ਉਮੀਦਾਂ ਤੇ ਵੀ ਪਾਣੀ ਫਿਰ ਗਿਆ।
ਦੂਸਰੇ ਪਾਸੇ ਮਿਸਲਦਾਰ ਆਗੂਆਂ ਨੇ ਹੁਣ ਖੁਦ ਹੀ ਸਿੱਖੀ ਭੇਸ ਵਾਲੇ ਬ੍ਰਾਹਮਣਵਾਦੀ ਨਿਰਮਲੇ ਮਹੰਤ ਪੁਜਾਰੀ ਸਿਖ ਅਸਥਾਨਾਂ ਵਿੱਚ ਵਾੜ ਲਏ। ਉਦਾਸੀ ਪੁਜਾਰੀ ਜੋ ਹਿੰਦੂ ਭੇਸ ਵਾਲੇ ਸਨ ਇਹ ਨਿਯਮ ਬਣਾ ਗਏ ਸਨ ਕਿ ਕਿਸੇ ਸਿਖ ਕੇਂਦਰ ਵਿੱਚ ਕੇਵਲ ਉਹ ਵਿਅਕਤੀ ਹੀ ਪੁਜਾਰੀ ਵਜੋਂ ਕੰਮ ਕਰ ਸਕੇਗਾ ਜਿਸ ਨੇ ਵਿਆਹ ਨਾ ਕਰਵਾਇਆ ਹੋਵੇ। ਪਰੰਤੂ ਆਪਣਾ ਰਾਜ ਆ ਜਾਣ ਤੇ ਹੁਣ ਸੰਪਰਦਾਈ ਸਿੱਖਾਂ ਨੂੰ ਅਜਿਹੇ ਪੁਜਾਰੀ ਚਾਹੀਦੇ ਸਨ ਜੋ ਸਿੱਖੀ ਭੇਸ ਵਾਲੇ ਵੀ ਵਿਖਾਈ ਦਿੰਦੇ ਹੋਣ। ਇਸ ਪੱਖੋਂ ਨਿਰਮਲੇ ਬ੍ਰਾਹਮਣ ਕਾਫੀ ਠੀਕ ਬੈਠਦੇ ਸਨ ਭਾਵੇਂ ਕਿ ਉਹ ਸਿੱਖੀ ਦੀ ਲਹਿਰ ਲਈ ਉਦਾਸੀਆਂ ਨਾਲੋਂ ਵੀ ਵੱਧ ਖਤਰਨਾਕ ਸਨ ਕਿਉਂਕਿ ਉਹ ਕਾਸ਼ੀ (ਬਨਾਰਸ) ਤੋਂ ਬ੍ਰਾਹਮਣਵਾਦੀ ਵਿਚਾਰਧਾਰਾ ਅਤੇ ਰਹੁਰੀਤਾਂ ਦੀ ਵਿਸ਼ੇਸ਼ ਪੜ੍ਹਾਈ-ਸਿਖਲਾਈ ਪਰਾਪਤ ਕਰਕੇ ਆਉਂਦੇ ਸਨ। ਪਹਿਲਾਂ ਨਿਰਮਲੇ ਚੰਚਲ ਸਿੰਘ ਅਤੇ ਆਤਮਾ ਸਿੰਘ ਅਤੇ ਫਿਰ 1765 ਈਸਵੀ ਵਿੱਚ ਵਿੱਚ ਸੂਰਤ ਸਿੰਘ ਨਿਰਮਲੇ ਦੀ ਅੰਮ੍ਰਿਤਸਰ ਵਿਖੇ ਦਰਬਾਰ ਸਾਹਿਬ ਵਿੱਚ ਮਹੰਤ ਦੇ ਤੌਰ ਤੇ ਨਿਯੁਕਤੀ ਕੀਤੀ ਗਈ।
ਇਸ ਕਾਲ ਵਿੱਚ ਵਾਪਰੇ ਵੱਡੇ ਘੱਲੂਘਾਰੇ (1762 ਈਸਵੀ) ਦੌਰਾਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਤਿਆਰ ਕਰਵਾਈ ਦੱਸੀ ਜਾਂਦੀ ਗੁਰਬਾਣੀ ਦੀ ਦਮਦਮੀ ਬੀੜ ਨਸ਼ਟ ਹੋ ਗਈ। ਕੌਇਰ ਸਿੰਘ (ਬਿਸ਼ਨ ਚੰਦ) ਰਚਿਤ ‘ਗੁਰਬਿਲਾਸ ਪਾਤਿਸ਼ਾਹੀ ਦਸਵੀਂ’ (1751 ਈਸਵੀ), ਸੁੱਖਾ ਸਿੰਘ ਰਚਿਤ ‘ਗੁਰਬਿਲਾਸ ਦਸਵੀਂ ਪਾਤਸ਼ਾਹੀ’ (1767 ਈਸਵੀ), ਕੇਸਰ ਸਿੰਘ ਰਚਿਤ ‘ਬੰਸਾਵਲੀਨਾਮਾ’ (1769 ਈਸਵੀ), ਸਰੂਪ ਚੰਦ ਭੱਲਾ ਰਚਿਤ ਕਵਿਤਾ-ਰੂਪ ‘ਮਹਿਮਾ ਪ੍ਰਕਾਸ਼’ (1776 ਈਸਵੀ), ਕਲਕੱਤੇ ਵਿੱਚ ਨਿਯੁਕਤ ਅੰਗਰੇਜ਼ ਅਧਿਕਾਰੀ ਐਚ. ਟੀ. ਕੋਲਬਰੁਕ ਵੱਲੋਂ 1783 ਈਸਵੀ ਵਿੱਚ ਤਿਆਰ ਕਰਵਾਇਆ ‘ਦਸਮ ਪਾਤਸ਼ਾਹ ਕਾ ਗ੍ਰੰਥ’ (ਜੋ ਮੂਲ ਰੂਪ ਵਿੱਚ ਬ੍ਰਿਟਿਸ਼ ਲਾਇਬ੍ਰੇਰੀ ਲੰਦਨ ਵਿੱਚ ਕੈਟਾਲੌਗ ਨੰਬਰ
MSS D5 Punjabi – H. T. Colebrook ਹੇਠਾਂ ਉਪਲਭਦ ਹੈ), ਐਚ. ਟੀ. ਕੋਲਬਰੱਕ ਵੱਲੋਂ ਇੱਸੇ ਸਮੇਂ ਵਿੱਚ ਕਿਸੇ ਵੇਲੇ ਪੇਸ਼ ਕੀਤੀ ਗਈ ਸੇਵਾਦਾਸ ਰਚਿਤ ‘ਜਨਮਸਾਖੀ’ (1588 ਈਸਵੀ) ਅਤੇ ਸਾਧੂ ਅਨੰਦਘਨ ਵੱਲੋਂ ਤਿਆਰ ਕੀਤਾ ‘ਜਪੁ’ ਬਾਣੀ ਦਾ ਟੀਕਾ (1795 ਈਸਵੀ) ਇਸ ਕਾਲ ਦੀਆਂ ਪ੍ਰਮੁੱਖ ਮਨਮੱਤੀ ਪੁਸਤਕਾਂ ਹਨ।
ਪੜਾਅ ਚੌਥਾ
ਇਸ ਪੜਾਅ ਦਾ ਕਾਲ ਰਣਜੀਤ ਸਿੰਘ ਵੱਲੋਂ 1801 ਈਸਵੀ ਵਿੱਚ ‘ਮਹਾਂਰਾਜਾ’ ਦੀ ਪਦਵੀ ਗ੍ਰਹਿਣ ਕਰਨ ਨਾਲ ਅਰੰਭ ਹੁੰਦਾ ਹੈ। ਰਣਜੀਤ ਸਿੰਘ ਨੇ ਆਪਣਾ ਵਿਸ਼ਾਲ ਰਾਜ ਬਹਾਦਰੀ ਦੇ ਨਾਲ-ਨਾਲ ਅਨੇਕਾਂ ਸਾਜ਼ਿਸ਼ਾਂ ਅਤੇ ਦਾ-ਪੇਚਾਂ ਦੀ ਵਰਤੋਂ ਕਰਦੇ ਹੋਏ ਸਥਾਪਤ ਕੀਤਾ ਸੀ। ਲਹੌਰ ਵਿਖੇ ਸਿੰਘਾਸਣ ਗ੍ਰਹਿਣ ਕਰਨ ਵੇਲੇ ਉਸ ਨੇ ਬ੍ਰਾਹਮਣਵਾਦੀ ਰਵਾਇਤ ਅਨੁਸਾਰ ਮੱਥੇ ਤੇ ਟਿੱਕਾ ਲਗਵਾਇਆ ਅਤੇ ਅਭਿਸ਼ੇਕ (ਜਲ ਛਿੜਕਣ) ਵਰਗੀਆਂ ਹੋਰ ਬ੍ਰਾਹਮਣੀ ਰਸਮਾਂ ਨਿਭਾਈਆਂ। ਉਸਦਾ ਸਾਰਾ ਰਾਜ-ਪ੍ਰਬੰਧ ਕਿਸੇ ਵੀ ਅਰਥਾਂ ਵਿੱਚ ‘ਸਿਖ’ ਰਾਜ ਜਾਂ ‘ਸਰਕਾਰਿ-ਖਾਲਸਾ’ ਨਹੀਂ ਸੀ। ਪਹਿਲਾਂ ਤਾਂ ‘ਮਹਾਂਰਾਜਾ’ ਸ਼ਬਦ ਦੀ ਵਰਤੋਂ ਹੀ ਗੁਰਮੱਤ ਦੀ ਭਾਵਨਾ ਦੇ ਵਿਪਰੀਤ ਜਾਂਦੀ ਸੀ। ਫਿਰ ਉਸ ਦੇ ਵਜ਼ੀਰਾਂ ਵਿੱਚ ਕੋਈ ਵੀ ਸਿਖ ਭਾਈਚਾਰੇ ਵਿੱਚੋਂ ਨਹੀਂ ਸੀ, ਬਹੁਤੇ ਬ੍ਰਾਹਮਣ ਸਨ ਅਤੇ ਕੁੱਝ ਮੁਸਲਮਾਨ ਭਾਈਚਾਰੇ ਵਿੱਚੋਂ। ਇਹੋ ਹਾਲ ਉਸ ਦੇ ਕਰਮਚਾਰੀਆਂ ਦੇ ਸਬੰਧ ਵਿੱਚ ਸੀ। ਉਸਨੇ ਜਾਣ ਬੁਝ ਕੇ ਆਪਣਾ ਰਾਜ ਹਿੰਦੂ ਵਰਗ ਦੇ ਲੋਕਾਂ (ਵਿਸ਼ੇਸ਼ ਕਰਕੇ ਡੋਗਰਿਆਂ) ਦੇ ਹੱਥਾਂ ਵਿੱਚ ਦੇ ਰੱਖਿਆ ਅਤੇ ਆਪਣੇ ਸੰਪਰਦਾਈ ਸਿਖ ਫਿਰਕੇ ਦੇ ਲੋਕਾਂ ਨੂੰ ਹੇਠਲੀਆਂ ਪਦਵੀਆਂ ਤਕ ਹੀ ਸੀਮਿਤ ਰੱਖਿਆ (ਇੱਥੇ ਹਰੀ ਸਿੰਘ ਨਲੂਆ ਦੀ ਉਦਾਹਰਨ ਸੌਖਿਆਂ ਹੀ ਦਿੱਤੀ ਜਾ ਸਕਦੀ ਹੈ ਜਿਸ ਨੇ ਇੱਕ ਸਿਰਲੱਥ ਬਹਾਦਰ ਯੋਧੇ ਹੋਣ ਦੇ ਬਾਵਜੂਦ ਇਸ ਵਿਵਸਥਾ ਨਾਲ ਸਮਝੌਤਾ ਕਰੀ ਰੱਖਿਆ)। ਸਿੱਖ ਭਾਈਚਾਰੇ ਦੇ ਲੋਕਾਂ ਨੂੰ ਅਣਗੌਲਿਆਂ ਕਰਦੇ ਹੋਏ ਰਣਜੀਤ ਸਿੰਘ ਦਾ ਸਾਰਾ ਜ਼ੋਰ ਦੂਸਰੇ ਭਾਈਚਾਰਿਆਂ ਵਿਸ਼ੇਸ਼ ਕਰਕੇ ਹਿੰਦੂਆਂ ਨੂੰ ਖੁਸ਼ ਕਰਨ ਤੇ ਲੱਗਾ। ਉਹ ਨਿਯਮਤ ਤੌਰ ਤੇ ਬ੍ਰਾਹਮਣਾਂ ਨੂੰ ਦਾਨ ਦਿੰਦਾ ਅਤੇ ਮੰਦਰਾਂ ਲਈ ਧਨ ਅਤੇ ਸੋਨੇ ਦੇ ਖੁਲ੍ਹੇ ਗੱਫੇ ਵੰਡਦਾ। ਰਣਜੀਤ ਸਿੰਘ ਵੱਲੋਂ ਭਾਰਤ ਦੇ ਅੱਡ-ਅੱਡ ਮੰਦਰਾਂ ਨੂੰ ਕੁੱਲ ਸੋਲਾਂ ਕੁਇੰਟਲ ਸੋਨਾ ਦਾਨ ਕੀਤਾ ਗਿਆ। ਉਸਨੇ ਆਪਣੇ ਸਿੱਕੇ ਉੱਤੇ ਬ੍ਰਾਹਮਣੀ ਚਿੰਨ ਪਿੱਪਲ ਦਾ ਪੱਤਾ ਉਕਰਾਇਆ ਅਤੇ ਸਿੱਕਿਆਂ ਉੱਤੇ ‘ਅਕਾਲ ਸਹਾਏ’ ਲਿਖਵਾਇਆ ( ‘ਅਕਾਲ’ ਦਾ ਅਰਥ ਵਿਸ਼ਨੂੰ ਦੇਵਤੇ ਤੋਂ ਵੀ ਬਣਦਾ ਹੈ)। ਉਸ ਦੇ ਰਾਜ ਸਮੇਂ ਸਿੱਖੀ ਦੇ ਅਸਥਾਨਾਂ ਤੇ ਬ੍ਰਾਹਮਣਵਾਦੀ ਰਵਾਇਤਾਂ ਖੂਬ ਪਰਫੁੱਲਤ ਹੋਈਆਂ। ਉਸ ਨੇ ਆਪਣੇ ਵਿਸ਼ਾਲ ਨਿਰੁੰਕਸ਼ ਅਧਿਕਾਰਾਂ ਦਾ ਗੁਰੂ ਸਾਹਿਬਾਨ ਦੇ ਮਾਨਵਵਾਦੀ ਲਹਿਰ ਨੂੰ ਪੁਨਰ-ਸੁਰਜੀਤ ਕਰਨ ਲਈ ਪਰਯੋਗ ਕਰਨ ਦਾ ਕੋਈ ਉਪਰਾਲਾ ਨਾ ਕੀਤਾ। ਉਸ ਨੇ ਕੋਈ ਵਿਦਿਅਕ ਇਦਾਰਾ ਸਥਾਪਤ ਨਾ ਕੀਤਾ ਜਦੋਂ ਕਿ ਆਪਣੀਆਂ ਫੌਜਾਂ ਵਿੱਚ ਉਸਨੇ ਵੱਡੀਆਂ ਤਨਖਾਹਾਂ ਦੇ ਕੇ ਕਈ ਪੜ੍ਹੇ-ਲਿਖੇ ਵਿਦੇਸ਼ੀ ਜਰਨੈਲ ਨਿਯੁਕਤ ਕੀਤੇ ਹੋਏ ਸਨ (ਆਪਣੇ ਸੰਪਰਦਾਈ ਸਿਖ ਭਰਾਵਾਂ ਨੂੰ ਥੱਲੇ ਲਾ ਕੇ ਰੱਖਣ ਲਈ)। ਰਣਜੀਤ ਸਿੰਘ ਦੇ ਰਾਜ ਸਮੇਂ ਪੰਜਾਹ ਤੋਂ ਵੱਧ ਬਾਹਰਲੇ ਦੇਸ਼ਾਂ ਨਾਲ ਸਬੰਧਤ ਫੌਜੀ ਅਤੇ ਸਿਵਲ ਅਫਸਰ ਕੰਮ ਕਰਦੇ ਰਹੇ ਜੋ ਅਮਰੀਕਾ, ਫਰਾਂਸ, ਇੰਗਲੈਂਡ, ਰੂਸ, ਇਟਲੀ, ਜਰਮਨੀ, ਯੂਨਾਨ, ਅਸਟਰੀਆ, ਆਇਰਲੈਂਡ ਆਦਿਕ ਤੋਂ ਸਨ। ਰਣਜੀਤ ਸਿੰਘ ਨੇ ਉਹਨਾਂ ਦੀ ਮਦਦ ਨਾਲ ਆਪਣੇ ਰਾਜ ਦੇ ਖਿੱਤੇ ਵਿੱਚ ਕਾਫੀ ਵਾਧਾ ਤਾਂ ਕਰ ਲਿਆ ਪਰੰਤੂ ਉਸ ਨੇ ਉਹਨਾਂ ਕੋਲੋਂ ਇਹ ਸਿੱਖਿਆ ਨਾ ਪਰਾਪਤ ਕੀਤੀ ਕਿ ਆਪਣੇ ਦੇਸ਼ ਵਿੱਚ ਲੋਕ-ਭਲਾਈ ਖਾਤਰ ਕੋਈ ਵਿਦਿਅਕ ਇਦਾਰਾ ਵੀ ਖੋਹਲਣਾ ਚਾਹੀਦਾ ਹੈ। ਗੁਰਮੱਤ ਦੀ ਸਿਖਿਆ ਪਰਦਾਨ ਕਰਨ ਵਾਸਤੇ ਉਸ ਨੇ ਸਿੱਖੀ ਦੇ ਕੇਂਦਰਾਂ ਵਿੱਚ ਜਾਂ ਉਹਨਾਂ ਤੋਂ ਬਾਹਰ ਕੋਈ ਵਿਵਸਥਾ ਨਹੀਂ ਕੀਤੀ। ਇੱਥੋਂ ਤਕ ਕਿ ਉਸਨੇ ਆਪਣੇ ਅੱਠਾਂ ਪੁੱਤਰਾਂ ਨੂੰ ਵੀ ਵਿਦਿਆ ਅਤੇ ਗੁਰਮੱਤ ਤੋਂ ਦੂਰ ਰੱਖਿਆ (ਆਪ ਤਾਂ ਉਹ ਕੋਰਾ ਅਨਪੜ੍ਹ ਹੈ ਹੀ ਸੀ) ਜਦੋਂ ਕਿ ਗੁਰੂ ਸਾਹਿਬਾਨ ਨੇ ਵਿਦਿਆ ਗ੍ਰਹਿਣ ਕਰਨ ਤੇ ਵਿਸ਼ੇਸ਼ ਜ਼ੋਰ ਦਿੱਤਾ ਸੀ। ਉਸ ਨੇ ‘ਕਰਤਾਰਪੁਰੀ ਬੀੜ’ ਦੇ ਮਾਲਕਾਂ ਉੱਤੋਂ ਖੁਲ੍ਹ ਕੇ ਧਨ ਬਰਸਾਇਆ ਪਰੰਤੂ ਉਸ ਨੇ ਇਸ ਗੱਲ ਦੀ ਪੜਤਾਲ ਕਰਵਾਉਣ ਦੀ ਖੇਚਲ ਨਹੀਂ ਸੀ ਕੀਤੀ ਕਿ ਉਹ ਬੀੜ ਅਸਲੀ ‘ਆਦਿ-ਬੀੜ’ ਸੀ ਕਿ ਨਕਲੀ। ਉਸਨੇ ਲੋਕਾਂ ਦੁਆਰਾ ਬੋਲੀ ਜਾਂਦੀ ਅਤੇ ਗੁਰਬਾਣੀ ਵਿੱਚ (ਹੋਰ ਭਾਸ਼ਾਵਾਂ ਦੇ ਨਾਲ-ਨਾਲ) ਵਰਤੀ ਗਈ ਪੰਜਾਬੀ ਭਾਸ਼ਾ ਨੂੰ ਰਾਜ ਦਰਬਾਰ ਤੋਂ ਦੂਰ ਹੀ ਰੱਖਿਆ ਅਤੇ ਬਦੇਸ਼ੀ ਭਾਸ਼ਾ ਫਾਰਸੀ ਨੂੰ ਸਰਕਾਰੀ ਕੰਮ-ਕਾਜ ਦੀ ਭਾਸ਼ਾ ਬਣਾਈ ਰੱਖਿਆ। ਰਣਜੀਤ ਸਿੰਘ ਆਮ ਰਾਜਿਆਂ-ਮਹਾਂਰਾਜਿਆਂ ਵਾਂਗ ਇੱਕ ਨਸ਼ਈ ਅਤੇ ਐਸ਼ਪ੍ਰਸਤ ਵਿਅਕਤੀ ਸੀ ਅਤੇ ਉਸ ਦੀਆਂ ਸਤਾਰਾਂ ਸ਼ਾਦੀਆਂ ਹੋਈਆਂ ਦੱਸੀਆਂ ਜਾਂਦੀਆਂ ਹਨ (ਰਾਣੀ ਜਿੰਦਾਂ ਨਾਲ ਉਸ ਦੀ ਸ਼ਾਦੀ 1835 ਈਸਵੀ ਵਿੱਚ ਪਚਵੰਜਾ ਸਾਲ ਦੀ ਉਮਰ ਵਿੱਚ ਹੋਈ)। ਮੋਰਾਂ ਨਾਮ ਦੀ ਕੰਜਰੀ ਨਾਲ ਉਸਨੇ ਬਾਈ ਸਾਲ ਦੀ ਉਮਰ ਵਿੱਚ ਹੀ ਵਿਆਹ ਕਰਵਾ ਲਿਆ ਸੀ। ਮੋਰਾਂ ਨੂੰ ਉਸਨੇ ਮਹਾਂਰਾਣੀ ਦਾ ਦਰਜਾ ਦਿੱਤਾ ਅਤੇ ਉਸ ਦੇ ਨਾਮ ਦਾ ਸਿੱਕਾ ਵੀ ਜਾਰੀ ਕੀਤਾ। ਉਸ ਦੀ ਮੌਤ ਉਪਰੰਤ ਉਸ ਦੀਆਂ ਚਾਰ ਹਿੰਦੂ ਰਾਣੀਆਂ ਅਤੇ ਸੱਤ ਗੋਲੀਆਂ ਨੂੰ ਸਤੀ ਕਰਵਾਇਆ ਗਿਆ।
ਉਹਨਾਂ ਦਿਨਾਂ ਵਿੱਚ ਅਕਾਲੀ ਫੂਲਾ ਸਿੰਘ ਨੇ ਦਰਬਾਰ ਸਾਹਿਬ ਦੀ ਸਾਂਭ-ਸਭਾਲ ਦੇ ਬਹਾਨੇ ਦਰਬਾਰ ਸਾਹਿਬ ਦੇ ਸਾਹਮਣੇ ਪੈਂਦੀ ਦੋ-ਮੰਜ਼ਿਲੀ ਇਮਾਰਤ ਵਿੱਚ ਆਪਣੀ ਰਿਹਾਇਸ਼ ਰੱਖੀ ਹੋਈ ਸੀ। ਉਹ ਕੋਈ ਅਕਾਲ-ਤਖਤ ਦਾ ਜੱਥੇਦਾਰ ਨਹੀਂ ਸੀ ਕਿਉਂਕਿ ਉਹਨਾਂ ਦਿਨਾਂ ਵਿੱਚ ਕੋਈ ਅਕਾਲ-ਤਖਤ ਵਿਵਸਥਾ ਹੋਂਦ ਵਿੱਚ ਨਹੀਂ ਸੀ ਨਾ ਹੀ ਇਸ ਇਮਾਰਤ ਦਾ ਨਾਮ ‘ਅਕਾਲ-ਬੁੰਗਾ’ ਪਰਚਲਤ ਹੋਇਆ ਸੀ। ਅਕਾਲੀ ਫੂਲਾ ਸਿੰਘ ਮਿਸਲ ਸ਼ਹੀਦਾਂ ਦੇ ਜੱਥੇ ਤੋਂ ਵੱਖ ਹੋਏ ਨੈਣਾ ਸਿੰਘ (ਨਰਾਇਣ ਸਿੰਘ) ਦੇ ‘ਅਕਾਲੀ’ ਦਸਤੇ ਦਾ ਮੁੱਖੀ (ਨੈਣਾ ਸਿੰਘ ਤੋਂ ਅਗਲਾ) ਬਣਿਆਂ ਸੀ। ਰਣਜੀਤ ਸਿੰਘ ਨੇ ਉਸ ਨੂੰ ਬਹਾਨੇ ਨਾਲ ਉੱਥੋਂ ਕੱਢਣ ਲਈ ਨੇੜੇ ਹੀ ਵਿਸ਼ੇਸ਼ ਤੌਰ ਤੇ ‘ਨਿਹੰਗਾਂ ਦੀ ਛਾਉਣੀ’ ਵੀ ਬਣਵਾ ਦਿੱਤੀ ਸੀ। ਗੁਰੂ ਅਰਜਨ ਜੀ ਅਤੇ ਗੁਰੂ ਹਰਿਗੋਬਿੰਦ ਜੀ ਦੇ ਵੇਲੇ ਦਰਬਾਰ ਸਾਹਿਬ ਦੇ ਸਾਹਮਣੇ ਵਾਲੀ ਇਮਾਰਤ ਇੱਕ ਮੰਜ਼ਿਲੀ ਹੀ ਸੀ। ਗੁਰੂ ਹਰਿਗੋਬਿੰਦ ਜੀ ਦੇ ਕੀਰਤਪੁਰ ਚਲੇ ਜਾਣ ਤੋਂ ਪਿੱਛੋਂ ਲਹੌਰ ਸਰਕਾਰ ਵੱਲੋਂ ਮੀਣਿਆਂ ਦੇ ਪਰਿਵਾਰ ਨੂੰ ਦਰਬਾਰ ਸਾਹਿਬ ਦੇ ਪ੍ਰਬੰਧ ਦਾ ਨਿਗਰਾਨ ਥਾਪਿਆ ਗਿਆ। ਇਹਨਾਂ ਨਵੇਂ ਪ੍ਰਬੰਧਕਾਂ ਨੇ ਇਸ ਇਮਾਰਤ ਨੂੰ ਦੋ-ਮੰਜ਼ਿਲੀ ਕਰ ਦਿੱਤਾ ਅਤੇ ਉਹ ਇਸ ਨੂੰ ਆਪਣੇ ਜਾਤੀ ਮਕਸਦਾਂ ਲਈ ਵਰਤੋਂ ਵਿੱਚ ਲਿਆਉਣ ਲੱਗੇ। ਅਠਾਰ੍ਹਵੀਂ ਸਦੀ ਈਸਵੀ ਵਿੱਚ ਬਦੇਸ਼ੀ ਹਮਲਾਵਰਾਂ ਨੇ ਦਰਬਾਰ ਸਾਹਿਬ ਦੀ ਇਮਾਰਤ ਦੇ ਨਾਲ ਇਸ ਨੂੰ ਵੀ ਕਈ ਵਾਰ ਢਾਇਆ ਪਰੰਤੂ ਸੰਪਰਦਾਈ ਜੁਝਾਰੂ ਸਿੱਖਾਂ ਨੇ ਹਰ ਵਾਰੀ ਇਸ ਦੀ ਦਰਬਾਰ ਸਾਹਿਬ ਦੀ ਇਮਾਰਤ ਦੇ ਹਿੱਸੇ ਦੇ ਤੌਰ ਤੇ ਮੁੜ-ਉਸਾਰੀ ਕਰ ਦਿੱਤੀ। ਅਕਾਲੀ ਫੂਲਾ ਸਿੰਘ ਇਸ ਇਮਾਰਤ ਵਿੱਚ 1800 ਈਸਵੀ ਤੋਂ ਲੈਕੇ 1823 ਈਸਵੀ ਵਿੱਚ ਆਪਣੀ ਮੌਤ ਹੋਣ ਤਕ ਟਿਕਿਆ ਰਿਹਾ। ਇੱਸੇ ਸਮੇਂ ਵਿੱਚ ਹੀ ਇਸ ਇਮਾਰਤ ਦਾ ਨਾਮ ਪਹਿਲਾਂ ‘ਅਕਾਲੀਆਂ ਦਾ ਬੁੰਗਾ’ ਅਤੇ ਇਸ ਤੋਂ ਅੱਗੇ ‘ਅਕਾਲ ਬੁੰਗਾ’ ਪਏ ਗਿਆ। ਇਹ ਗੱਲ ਮੂਲੋਂ ਹੀ ਝੂਠੀ ਹੈ ਕਿ ਅਕਾਲੀ ਫੂਲਾ ਸਿੰਘ ਨੇ ਰਣਜੀਤ ਸਿੰਘ ਨੂੰ ਮੋਰਾਂ ਕੰਜਰੀ ਨਾਲ ਸ਼ਾਦੀ ਕਰਨ ਤੇ ਕਦੇ ਅਕਾਲ ਬੁੰਗੇ ਤੇ ਤਲਬ ਕਰ ਕੇ ਸਜ਼ਾ ਦਿੱਤੀ ਸੀ। ਫੂਲਾ ਸਿੰਘ ਤਾਂ ਆਪ ਹੀ ਅਕਾਲ ਬੁੰਗੇ ਵਿੱਚ ਟਿਕੇ ਹੋਣ ਕਰਕੇ ਰਣਜੀਤ ਸਿੰਘ ਦੇ ਰਹਿਮੋ-ਕਰਮ ਤੇ ਸੀ ਅਤੇ ਉਹ ਮੁਲਕ ਦੇ ਮਹਾਂਰਾਜੇ ਨੂੰ ਤਲਬ ਕਰਨ ਦੀ ਸਥਿਤੀ ਵਿੱਚ ਬਿਲਕੁਲ ਨਹੀਂ ਸੀ। ਰਣਜੀਤ ਸਿੰਘ ਨੇ ਮੋਰਾਂ ਨਾਲ ਸ਼ਾਦੀ ਕਰਨ ਨੂੰ ਕਦੀ ਵੀ ਆਪਣੀ ਭੁੱਲ ਸਵੀਕਾਰ ਨਹੀਂ ਸੀ ਕੀਤਾ ਅਤੇ ਉਸ ਨੇ ਆਪਣੀ ਸਾਰੀ ਉਮਰ ਕਦੇ ਮੋਰਾਂ ਨੂੰ ਤਿਆਗਿਆ ਨਹੀਂ। ਸਗੋਂ ਉਸ ਨੇ 1833 ਈਸਵੀ ਵਿੱਚ ਗੁਲਬੇਗਮ ਨਾਮ ਦੀ ਇੱਕ ਹੋਰ ਕੰਜਰੀ ਨਾਲ ਸ਼ਾਦੀ ਕਰ ਲਈ।
ਇਸ ਪੜਾਅ ਦੇ ਕਾਲ ਵਿੱਚ ਦਰਬਾਰ ਸਾਹਿਬ, ਅੰਮ੍ਰਿਤਸਰ ਵਿਖੇ 1800 ਈਸਵੀ ਦੇ ਕਰੀਬ ਮਹੰਤ ਬਣੇ ਸੂਰਤ ਸਿੰਘ ਨਿਰਮਲੇ ਦੇ ਪੁੱਤਰ ਸੰਤ ਸਿੰਘ ਨਿਰਮਲੇ ਦੀ ਨਿਯੁਕਤੀ ਕਾਇਮ ਰਹੀ ਅਤੇ 1832 ਈਸਵੀ ਵਿੱਚ ਉਸਦੀ ਮੌਤ ਹੋਣ ਪਿੱਛੋਂ ਇੱਕ ਹੋਰ ਨਿਰਮਲੇ ਦਰਬਾਰਾ ਸਿੰਘ ਚੌਕੀ ਵਾਲਾ ਨੇ ਉਸ ਦੀ ਥਾਂ ਲਏ ਲਈ। ਉੱਧਰ ਦਰਬਾਰ ਸਾਹਿਬ ਦੇ ਸਾਹਮਣੇ ਪੈਂਦੀ ਦੋ-ਮੰਜ਼ਿਲੀ ਇਮਾਰਤ (ਅਕਾਲੀ ਫੂਲਾ ਸਿੰਘ ਦੇ ਇੱਥੇ ਲੰਬਾ ਸਮਾਂ ਰਹਿਣ ਕਰਕੇ ‘ਅਕਾਲ ਬੁੰਗਾ’ ) ਨੂੰ ਵੀ 1823 ਈਸਵੀ ਵਿੱਚ ਹੋਈ ਅਕਾਲੀ ਫੂਲਾ ਸਿੰਘ ਦੀ ਮੌਤ ਉਪਰੰਤ ਇੱਕ ਪੂਜਾ-ਅਸਥਾਨ ਦਾ ਰੂਪ ਦਿੰਦੇ ਹੋਏ ਉੱਥੇ ਸੰਤ ਸਿੰਘ ਦੇ ਪੁੱਤਰ ਗੁਰਮੁਖ ਸਿੰਘ ਨੂੰ ਮਹੰਤ ਦੇ ਤੌਰ ਤੇ ਨਿਯੁਕਤ ਕਰ ਦਿੱਤਾ ਗਿਆ। ਉਨ੍ਹੀਵੀਂ ਸਦੀ ਈਸਵੀ ਦੇ ਪਹਿਲੇ ਚਾਰ ਦਹਾਕੇ ਪੰਜਾਬ ਵਿੱਚ ਰਣਜੀਤ ਸਿੰਘ ਦਾ ਰਾਜ ਰਿਹਾ। ਇਸ ਦੌਰਾਨ ਮਾਨਵਵਾਦੀ ਸਿੱਖੀ ਦੇ ਪਰਚਾਰ ਲਈ ਸਥਾਪਤ ਕੀਤੇ ਹੋਏ ਕੇਂਦਰਾਂ ਅਤੇ ਇਤਹਾਸਕ ਸਥਾਨਾਂ ਨੂੰ ਜ਼ਮੀਨਾਂ ਅਤੇ ਜਗੀਰਾਂ ਦੇ ਗੱਫੇ ਤਾਂ ਦਿੱਤੇ ਗਏ ਪਰੰਤੂ ਇਹਨਾਂ ਸਭਨਾਂ ਥਾਵਾਂ ਤੇ ਕਬਜ਼ਾ ਬ੍ਰਾਹਮਣਵਾਦੀ ਮਹੰਤਾਂ ਦਾ ਬਣਾ ਦਿੱਤਾ ਗਿਆ ਜਿਹਨਾਂ ਦੀਆਂ ਵਾਗਾਂ ਅੱਗੇ ਡੋਗਰਿਆਂ ਦੇ ਹੱਥਾਂ ਵਿੱਚ ਸਨ। ਰਣਜੀਤ ਸਿੰਘ ਦੇ ਰਾਜ ਸਮੇਂ ਸੰਪਰਦਾਈ ਸਿੱਖਾਂ ਦੇ ਸਮਾਜ ਵਿੱਚ ਅਤੇ ਸਿੱਖੀ ਦੇ ਕੇਂਦਰਾਂ ਵਿੱਚ ਮਨਮੱਤਾਂ ਹੱਦੋਂ ਵੱਧ ਗਈਆਂ ਸਨ। ਦਰਬਾਰ ਸਾਹਿਬ ਦੀ ਇਮਾਰਤ ਉੱਤੇ ਹਿੰਦੂ ਮੰਦਰਾਂ ਵਾਂਗ ਸੋਨੇ ਦਾ ਪਾਣੀ ਫੇਰ ਦਿੱਤਾ ਗਿਆ (ਦਰਬਾਰ ਸਾਹਿਬ ਦੀ ਇਮਾਰਤ ਉੱਤੇ ਛੇ ਕੁਇੰਟਲ ਸੋਨੇ ਦਾ ਪਾਣੀ ਚਾੜ੍ਹਿਆ ਗਿਆ) ਅਤੇ ਇਸ ਇਮਾਰਤ ਦੇ ਬਿਲਕੁਲ ਨੇੜੇ ਅਤੇ ਸਾਹਮਣੇ ਪੈਂਦੇ ਅਕਾਲ ਬੁੰਗੇ ਦੀ ਇਮਾਰਤ ਨੂੰ ਦੋ-ਮੰਜ਼ਿਲੀ ਤੋਂ ਪੰਜ-ਮੰਜ਼ਿਲੀ ਕਰਦੇ ਹੋਏ ਇਸ ਦੇ ਗੁੰਬਦ ਉੱਤੇ ਵੀ ਸੋਨੇ ਦਾ ਪਾਣੀ ਫੇਰ ਦਿੱਤਾ ਗਿਆ (ਧਾਰਮਿਕ ਅਸਥਾਨਾਂ ਦੀਆਂ ਇਮਾਰਤਾਂ ਉੱਤੇ ਸੋਨਾ ਚੜ੍ਹਾਉਣਾ ਬ੍ਰਾਹਮਣਵਾਦੀ ਰਵਾਇਤ ਹੈ)। ਦਰਬਾਰ ਸਾਹਿਬ ਦਾ ਨਾਮ ਵਿਸ਼ਨੂੰ ਦੇਵਤੇ ਦੇ ਨਾਮ ਤੇ ‘ਹਰਿਮੰਦਰ’ ਪਰਚਲਤ ਕਰ ਦਿੱਤਾ ਗਿਆ। ਗੁਰਮੁਖ ਸਿੰਘ ਅਕਾਲ-ਬੁੰਗੀਆ ਅਤੇ ਦਰਬਾਰਾ ਸਿੰਘ ਚੌਕੀਵਾਲਾ ਵੱਲੋਂ ਬਦਨਾਮ ਅਤੇ ਮਨਮੱਤੀ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ 1832 ਈਸਵੀ ਤੋਂ 1844 ਈਸਵੀ ਦੇ ਸਮੇਂ ਵਿੱਚ ਅਕਾਲ ਬੁੰਗੇ ਦੇ ਅਸਥਾਨ ਤੇ ਹੀ ਤਿਆਰ ਕੀਤੀ ਗਈ (ਇਸ ਪੁਸਤਕ ਨੂੰ ਤਿਆਰ ਕਰਨ ਦੀ ਪੁਸਤਕ ਵਿੱਚ ਹੀ ਦਿੱਤੀ ਹੋਈ 1718 ਈਸਵੀ ਦੀ ਤਾਰੀਖ ਸਹੀ ਨਹੀਂ)। ‘ਅਕਾਲ-ਤਖਤ’ ਸ਼ਬਦ-ਜੁੱਟ ਦੀ ਵਰਤੋਂ ਪਹਿਲੀ ਵਾਰ ਇਸ ਪੁਸਤਕ ਵਿੱਚ ਹੀ ਹੋਈ ਹੈ ਪਰੰਤੂ ਇੱਥੇ ‘ਅਕਾਲ’ ਨੂੰ ਵਿਸ਼ਨੂੰ ਦੇਵਤਾ ਦੇ ਨਾਮ ਦੇ ਤੌਰ ਤੇ ਪੇਸ਼ ਕਰਦੇ ਹੋਏ ਅਕਾਲ ਬੁੰਗੇ ਦੀ ਸਾਹਮਣੀ ਕੰਧ ਹੇਠਲੇ ਥੜ੍ਹੇ ਨੂੰ ‘ਅਕਾਲ-ਤਖਤ’ ਦੇ ਤੌਰ ਤੇ ਵਿਖਾਇਆ ਗਿਆ (ਜਦੋਂ ਕਿ ‘ਤਖਤ’ ਇੱਕ ਕੁਰਸੀ-ਨੁਮਾ ਸਿੰਘਾਸਣ ਹੁੰਦਾ ਹੈ ‘ਥੜ੍ਹਾ’ ਨਹੀਂ)। ਗੁਰੂ ਸਾਹਿਬਾਨ ਦੀ ਗੁਰਮੱਤ ਆਧਾਰਿਤ ਮਾਨਵਵਾਦੀ ਲਹਿਰ ਤਾਂ ਅਠਾਰ੍ਹਵੀਂ ਸਦੀ ਈਸਵੀ ਵਿੱਚ ਇੱਕ ਰਿਲੀਜਨ ਭਾਵ ਸੰਸਥਾਗਤ ਧਰਮ ਵਿੱਚ ਵਟ ਚੁੱਕੀ ਸੀ ਪਰੰਤੂ ਰਣਜੀਤ ਸਿੰਘ ਦੇ ਰਾਜ ਦੇ ਸਮੇਂ ਡੋਗਰਿਆਂ ਦੀ ਸਰਪ੍ਰਸਤੀ ਹੇਠਾਂ ਵੱਡੀ ਪੱਧਰ ਤੇ ਹੁੰਦੀਆਂ ਰਹੀਆਂ ਅਨੇਕਾਂ ਮਨਮੱਤੀ ਕਾਰਵਾਈਆਂ ਰਾਹੀਂ ਇਸ ਸੰਪਰਦਾਈ ਧਰਮ ਉੱਤੇ ਹਿੰਦੂ ਮੱਤ ਦਾ ਪਰਭਾਵ ਚਰਮ-ਸੀਮਾਂ ਤਕ ਪਹੁੰਚ ਗਿਆ। 1824 ਈਸਵੀ ਵਿੱਚ ਦਰਬਾਰ ਸਾਹਿਬ ਅਤੇ ਨੇੜੇ ਪੈਂਦੇ ਹੋਰ ਸਿਖ ‘ਧਾਰਮਿਕ’ ਅਸਥਾਨਾਂ ਤੇ ਸਰਕਾਰੀ ਕੰਟਰੋਲ ਸਥਾਪਤ ਕਰ ਲਿਆ ਗਿਆ (ਜਿਸ ਨੇ ਬਾਦ ਵਿੱਚ ਅੰਗਰੇਜ਼ਾਂ ਵੇਲੇ ਸਾਰੇ ਸਿਖ ‘ਧਾਰਮਿਕ’ ਅਸਥਾਨਾਂ ਵਿੱਚ ਸਰਕਾਰੀ ਦਖਲ-ਅੰਦਾਜ਼ੀ ਦਾ ਰਾਹ ਖੋਹਲ ਦਿੱਤਾ)। 1839 ਈਸਵੀ ਵਿੱਚ ਹੋਈ ਰਣਜੀਤ ਸਿੰਘ ਦੀ ਮੌਤ ਤੋਂ ਬਾਦ ਉਸ ਦੇ ਰਾਜ ਵਿੱਚ ਪੈਦਾ ਹੋਏ ਅਰਾਜਿਕਤਾ ਵਾਲੇ ਮਾਹੌਲ ਵਿੱਚ ਸਿਖ ਕੇਂਦਰਾਂ ਤੇ ਕਾਬਜ਼ ਮਹੰਤ ਅਤੇ ਪੁਜਾਰੀ ਹੋਰ ਭੂਏ ਚੜ੍ਹ ਗਏ। ਇਹਨਾਂ ਦਿਨਾਂ ਵਿੱਚ ਦਰਬਾਰ ਸਾਹਿਬ ਦੇ ਸਰੋਵਰ ਦੀਆਂ ਪਰਿਕਰਮਾਂ ਵਿੱਚ ਦੇਵੀ-ਦੇਵਤਿਆਂ ਦੀਆਂ ਮੂਰਤੀਆਂ ਸਥਾਪਤ ਹੋ ਗਈਆਂ ਅਤੇ ਸੰਭਵ ਸੀ ਕਿ ਮੌਕਾ ਮਿਲਣ ਤੇ ਦਰਬਾਰ ਸਾਹਿਬ ਦੇ ਅੰਦਰ ਵਿਸ਼ਨੂੰ ਅਤੇ ਲੱਛਮੀ ਦੀਆਂ ਮੂਰਤੀਆਂ ਸਥਾਪਤ ਕਰ ਦਿੱਤੀਆਂ ਜਾਂਦੀਆਂ ਜਿਹਾ ਕਿ ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਵਿੱਚ ਇਸ ਸਬੰਧੀ ਸਪਸ਼ਟ ਸੰਕੇਤ ਦਿੱਤੇ ਜਾ ਚੁੱਕੇ ਸਨ। ਪਰੰਤੂ ਇਹਨਾਂ ਦਿਨਾਂ ਵਿੱਚ ਹੀ ਗੁਰਮੁਖ ਸਿੰਘ ਅਕਾਲ-ਬੁੰਗੀਏ ਦਾ ਕਤਲ ਹੋ ਗਿਆ ਅਤੇ ਇਸ ਅਣਹੋਣੀ ਤੋਂ ਟਾਲਾ ਹੋ ਗਿਆ।
ਰਤਨ ਸਿੰਘ ਭੰਗੂ ਰਚਿਤ ‘ਪ੍ਰਾਚੀਨ ਪੰਥ ਪ੍ਰਕਾਸ਼’ (1841 ਈਸਵੀ), ਕਵੀ ਸੰਤੋਖ ਸਿੰਘ ਵੱਲੋਂ 1829 ਈਸਵੀ ਵਿੱਚ ਤਿਆਰ ਕੀਤਾ ‘ਜਪੁ’ ਬਾਣੀ ਦਾ ‘ਗਰਬੰਜਨੀ’ ਸਿਰਲੇਖ ਵਾਲਾ ਵੇਦਾਂ ਤੇ ਆਧਾਰਿਤ ਟੀਕਾ, ਕਵੀ ਸੰਤੋਖ ਸਿੰਘ ਵੱਲੋਂ ਹੀ ਰਚਿਤ ‘ਗੁਰਪ੍ਰਤਾਪ ਸੂਰਜ ਗ੍ਰੰਥ’ (1843 ਈਸਵੀ) ਅਤੇ ਗੁਰਮੁਖ ਸਿੰਘ-ਦਰਬਾਰਾ ਸਿੰਘ ਜੋੜੀ ਰਚਿਤ ‘ਗੁਰਬਿਲਾਸ ਪਾਤਸ਼ਾਹੀ 6’ (1844 ਈਸਵੀ) ਇਸ ਕਾਲ ਦੀਆਂ ਪ੍ਰਮੁੱਖ ਵਿਵਾਦਿਤ ਪੁਸਤਕਾਂ ਹਨ ਜਿਹਨਾਂ ਉੱਤੇ ਸਿੱਖੀ ਦੀ ਮਾਨਵਵਾਦੀ ਲਹਿਰ ਦੇ ਅਤੇ ਸੰਪਰਦਾਈ ਸਿੱਖਾਂ ਦੇ ਇਤਹਾਸ ਵਿੱਚ ਵਿਗਾੜ ਪੈਦਾ ਕਰਨ ਦੇ ਗੰਭੀਰ ਦੋਸ਼ ਲਗਦੇ ਹਨ। ‘ਗੁਰਪ੍ਰਤਾਪ ਸੂਰਜ ਗ੍ਰੰਥ’ ਦੇ ਲੇਖਕ ਨੇ ਪੁਸਤਕ ਵਿੱਚ ਹੋਰ ਅਨੇਕਾਂ ਉਕਾਈਆਂ ਸ਼ਾਮਲ ਕਰਨ ਦੇ ਨਾਲ-ਨਾਲ ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂ ਦੇਵੀ ਦੁਰਗਾ ਦਾ ਉਪਾਸ਼ਕ ਸਾਬਤ ਕਰਨ ਤੇ ਪੂਰਾ ਜ਼ੋਰ ਲਗਾ ਦਿੱਤਾ। ਪੁਸਤਕ ‘ਗੁਰਬਿਲਾਸ ਪਾਤਸ਼ਾਹੀ 6’ ਦੇ ਲਿਖਾਰੀਆਂ ਨੇ ਪੁਸਤਕ ਵਿੱਚ ਮਨਮੱਤੀ ਵੇਰਵੇ ਭਰਨ ਦੀ ਕੋਈ ਕਸਰ ਨਹੀਂ ਛੱਡੀ ਜਿਹਨਾਂ ਵਿੱਚ ਗੁਰੂ ਹਰਿਗੋਬਿੰਦ ਜੀ ਨੂੰ ਗੁਰੁ ਅਰਜਨ ਜੀ ਦੀ ਬਜਾਇ ਵਿਸ਼ਨੂੰ ਦਾ ਪੁੱਤਰ ਸਾਬਤ ਕਰਨ ਦਾ ਕੁਕਰਮ ਕਰਨਾ ਅਤੇ ਪਹਿਲੀ ਵਾਰ ‘ਅਕਾਲ-ਤਖਤ’ ਸ਼ਬਦ ਜੁੱਟ ਦੀ ਵਰਤੋਂ ਕਰਨਾ ਸ਼ਾਮਲ ਹਨ।
(ਚਲਦਾ)
ਇਕਬਾਲ ਸਿੰਘ ਢਿੱਲੋਂ
ਚੰਡੀਗੜ੍ਹ।
.